( 1 )
ਪੂਰੀ ਕਰਨੀ ਪਏ ਗੀ, ਕਹੀ ਆਪਣੀ ।
ਐਵੇਂ ਖੋਲ੍ਹੀ ਨਾ ਹਰ ਥਾਂ ਵਹੀ ਆਪਣੀ ।
ਅਪਣੇ ਦਿਲ ਨੂੰ ਸੰਭਾਲੇ ਗੀ ਉਹ ਕਿਸ ਤਰਾਂ
ਜਿਸ ਤੋਂ ਚੁੰਨੀ ਸੰਭਾਲੀ ਨਾ ਗਈ ਆਪਣੀ ।
ਸਾਂਝ ਦਿਲ ਦੀ ਕਿਸੇ ਨਾਲ ਪੈਣੀ ਹੈ ਕੀ !
ਹਰ ਇੱਕ ਨੂੰ ਹੈ ਏਥੇ ਪਈ ਆਪਣੀ ।
ਗੱਲ ਤੇਰੀ ਸਹੀ ਨੂੰ ਗਲਤ ਕਹਿਣ ਗੇ
ਗੱਲ, ਹਰ ਇੱਕ ਨੂੰ ਲਗਦੀ ਸਹੀ ਆਪਣੀ ।
ਜੰਮੀ, ਪਾਲ਼ੀ , ਪੜ੍ਹਾਈ ਹੈ ਸੰਤਾਨ ਜੋ
ਹੈ ਅਪਣੀ, ਪਰ ਲਗਦੀ ਨਹੀਂ ਆਪਣੀ ।
ਉਮਰ ਸਾਰੀ ਤੂੰ ਹੱਡਾਂ ਨੂੰ ਭੰਨਦਾ ਰਿਹਾ
ਸਾਰ ਮਰ ਕੇ ਵੀ ਤੂੰ ਨਾ ਲਈ ਆਪਣੀ ।
ਉਹਨਾਂ ਸਾਹ ਤੇਰੇ ਸਾਰੇ ਹੀ ਗਿਣ ਲਏ ਨੇ
ਇਹ ਜੋ ਜਿੰਦ ਆਪਣੀ, ਨਾ ਰਹੀ ਆਪਣੀ ।
04--09--2014
( 2 )
ਉਸ ਨਾਲ ਮੇਰਾ ਸਾਹਮਣਾ,ਕੁੱਝ ਇਸਤਰਾਂ ਰਿਹਾ ।
ਮੈ ਵੇਖ ਕੇ ਵੀ ਉਸ ਵੱਲ, ਬਿਲਕੁਲ ਨਾ ਵੇਖਿਆ ।
ਕਾਲ਼ੀ, ਕਲਹਿਣੀ ਰੁੱਤ ਨਿੱਤ ਹੀ ਡੋਬਦੀ ਰਹੀ
ਸੂਰਜ ਸਦਾ ਦਗਦਾ ਰਿਹਾ, ਜੁੱਸਾ ਨਾ ਬਦਲਿਆ ।
ਮੈਂ ਤਾਂ ਗੁਲਾਬ ਹਾਂ, ਸਦਾ ਵੰਡਾਂ ਗਾ ਮਹਿਕ ਹੀ
ਪੈਰਾਂ ਦੇ ਹੇਠਾਂ ਮਸਲ, ਤੂੰ ਕੀ ਜ਼ਾਲਮਾ ! ਲਿਆ ।
” ਐ ! ਨਦੀ ਤੂੰ ਮਿਟ ਗਈ ਮੇਰੇ ਮਿਲਾਪ ਲਈ ”
ਜਫੀ ਚ ਲੈ ਕੇ ਰੋ ਪਿਆ, ਸਾਗਰ ਨੇ ਇਹ ਕਿਹਾ ।
ਜੇ ਤੁਰ ਪਿਆਂ ਇਸ ਰਾਹ ਤੇ ਹੁਣ ਇਸ ਦੀ ਲਾਜ ਰੱਖ
ਨਾ ਲੋਕ ਕੱਲ੍ਹ ਨੂੰ ਕਹਿਣ ਕਿ ਤੂੰ ਨਾਗ ਨਿਕਲਿਆ ।
18--09--2014
( 3 )
ਜ਼ਿੰਦਗੀ ਦੀ ਤੰਦ, ਨਾ-ਸੁਲਝੀ ਰਹੀ ।
ਉਹ ਵਿਚਾਰੀ ਉਮਰ ਭਰ ਉਲਝੀ ਰਹੀ ।
ਹਵਸ ਦੇ ਮਾਰੇ ਦਾ ਦਿਲ ਖੁਸ਼ ਕਰਨ ਲਈ
ਰਾਤ ਭਰ ਜਗਦੀ, ਕਦੀ ਬੁੱਝਦੀ ਰਹੀ ।
ਖੁਰ ਗਈ ਬੇਮੌਸਮੀ ਬਰਸਾਤ ਵਿੱਚ
ਆਪਣੀ ਤੇ ਨਾ ਉਹ ਤੁਝਦੀ ਹੀ ਰਹੀ ।
ਮਹਿਫਲਾਂ ਵਿੱਚ ਨੱਚਦੀ, ਗਾਉਂਦੀ ਬੜਾ
ਘਰ :ਚ ਆਪਣੇ ਆਪ ਤੇ ਖਿਝਦੀ ਰਹੀ ।
ਉਸ ਤੇ ਪਾਇਆ ਗਲਬਾ ਇੰਝ ਹਾਲਾਤ ਨੇ
ਆਪਣੇ ਹਿੱਤ ਦੀ ਗੱਲ ਨਾ ਸੁੱਝਦੀ ਰਹੀ ।
ਵਰਤਿਆ ਦੁਨੀਆਂ ਨੇ ਉਸ ਨੂੰ ਇਸ ਤਰਾਂ
ਨਾ ਉਹ ਪੂਰੀ ਤੇ ਨਾ ਉਹ ਕੁੱਝ ਦੀ ਰਹੀ ।
ਆਹ ! ਜ਼ਮਾਨੇ ਦਾ ਚਲਨ ਨਾ ਸਮਝ ਕੇ
ਅੱਗ ਤੇ ਹਾਂਡੀ ਵਾਂਗ ਹੀ ਰਿੱਝਦੀ ਰਹੀ ।
29--09--2014
-0-
|