( ਗੁਰਦੀਪ ਵਿਨੀਪੈਗ ਦੇ
ਨਾਂ )
ਉਠ ! ਬਾਲ਼ ਤੂੰ ਬਨੇਰੇ ਉੱਤੇ ਮੋਮਬੱਤੀਆਂ ।
ਕੋਈ ਗੱਲ ਨਹੀਂ ਜੇ ਵਗਣ ਹਵਾਵਾਂ ਤੱਤੀਆਂ ।
ਕੰਮ ਯੋਧਿਆਂ ਦਾ, ਨੇਰ੍ਹ ਨੂੰ ਹੈ ਲਲਕਾਰਨਾ
ਲੁਕ ਛਿਪ ਕੇ ਨਹੀਂ ਹੁੰਦਾ ਵਕਤ ਗੁਜ਼ਾਰਨਾ
ਟੁੱਟੇ ਚਰਖਿਆਂ ਕਦੇ ਪੂਣੀਆਂ ਨਾ ਕੱਤੀਆਂ ।
ਉਠ ! ਬਾਲ਼ .............................
ਕਦੋਂ ਤਕ ਸਾਡੇ ਬਾਗ ਨੂੰ ਜਲਾਉਂਦੇ ਰਹਿਣ ਗੇ
ਕਦੋਂ ਤਕ ਜੜ੍ਹਾਂ ਉੱਤੇ ਤੇਲ ਪਾਉੱਦੇ ਰਹਿਣ ਗੇ
ਵੇਖ ! ਕਿਵੇਂ ਅੱਜ ਸੜ ਰਹੀਆਂ ਫੁੱਲ-ਪੱਤੀਆਂ ।
ਉਠ! ਬਾਲ਼..................................
ਐਨ ਮੌਕੇ ਉੱਤੇ ਆ ਕੇ ਜੇ ਸੀ ਠਰ ਜਾਵਣਾ
ਵੇਖ ਕਾਲ਼ੀ ਰਾਤ ਜੇ ਸੀ ਏਨਾ ਡਰ ਜਾਵਣਾ
ਕਾਹਨੂੰ ਕਾਫ਼ਲੇ ਦੇ ਵੱਲ ਸੀ ਵਹੀਰਾਂ ਘੱਤੀਆਂ ।
ਉੱਠ ਬਾਲ਼...................................
ਜਿੱਤ ਹੋਂਣ ਪਿੱਛੋਂ ਜਣਾ ਖਣਾ ਬਣੇ ਸੂਰਮਾ
ਛਾਤੀ ਉੱਤੇ ਹੱਥ ਮਾਰ ਮਾਰ ਤਣੇ ਸੂਰਮਾ
ਗੱਲਾਂ ਪਰ੍ਹੇ ਵਿੱਚ ਬਹਿ ਕੇ ਕਰੇ ਮਾਣ-ਮੱਤੀਆਂ ।
ਉੱਠ ਬਾਲ਼....................................
ਕੋਈ ਗੱਲ....................................
ਉੱਠ ਬਾਲ਼....................................
ਉੱਠ ਬਾਲ਼....................................
-0- |