ਪਤਝਡ਼ ਦੀ ਕੁਖ ਅੰਦਰ
ਮੋਈਆਂ,
ਚਿੰਤਾ ਸ਼ੋਖ ਬਹਾਰਾਂ ਦੀ.
ਫੈਲਣ ਦੀ ਥਾਂ ਪਥਰ ਬਣ ਗਏ,
ਮੌਲਣ ਵਾਲੇ ਅਧਾਰਾਂ ਦੀ.
ਕਿਰਤੀ ਦੇ ਲਈ ਤੰਗ ਹੋ ਗਿਆ,
ਵਿਹਡ਼ਾ ਸਾਰੇ ਧਰਮਾਂ ਦਾ,
ਕਟਡ਼ ਵਾਦ ਦੇ ਪੇਡ਼ੇ ਪੈ ਗਈ,
ਮਿੱਟੀ ਫਿਰ ਘੁਮਿਆਰਾਂ" ਦੀ.
ਵਰਦੀ ਧਾਰੀ ਫੌਜ ਦੇ ਅੰਦਰ,
ਘੋਰ ਵਿਤਕਰਾ ਹੁੰਦਾ ਹੈ,
ਪੈਦਲ ਫੌਜੀ ਹਉਕੇ ਭਰਦੇ,
ਚਾਂਦੀ "ਘੋਡ਼ ਸਵਾਰਾਂ" ਦੀ.
ਔਰਤ ਨੂੰ ਜਦ ਘੇਰ ਲੈਦੇ ਨੇ,
ਸ਼ਿਕਰੇ ਵਿਚ ਬਜਾਰਾਂ ਦੇ,
ਗਭਰੂ ਨਹੀਂ ਹਿਫਾਜਤ ਕਰਦੇ,
ਭਰ ਜੋਬਨ ਮੁਟਿਆਰਾਂ ਦੀ.
ਹਿੰਦੂ ਧਰਮ ਦੀ ਰੀਸੋ ਰੀਸੀ,
ਸਿਖ ਵੀ ਮੰਤਰ ਪਡ਼ਦੇ ਨੇ,
ਤੱਤ ਸਾਰ ਨੂੰ ਛਿੱਕੇ ਟੰਗ ਕੇ,
ਪੂਜਾ ਕਰਨ ਕਕਾਰਾਂ ਦੀ .
ਆਪੇ ਸਿਰਜੇ ਖਤਰੇ ਵਿਚੋਂ,
ਹਰ ਇੱਕ ਧਰਮ ਨੂੰ ਕਢਣ ਲਈ,
ਧਰਮ ਦੀਖਸ਼ਾ ਦਿੱਤੀ ਜਾਂਦੀ,
ਵਖੋ ਵਖ ਹਥਿਆਰਾਂ ਦੀ .
ਸਦਾਚਾਰ ਤੋਂ ਸਖਣੀ ਵਿਦਿਆ,
ਦਿੱਤੀ ਜਾਂਦੀ ਬਚਿਆਂ ਨੂੰ,
ਚੌਕਾਂ ਦੇ ਵਿਚ ਹੋਏ ਨੀਲਾਮੀ,
ਸਾਰੇ ਚੱਜ ਆਚਾਰਾਂ ਦੀ .
ਕਡ਼ੀਆਂ ਵਰਗੇ ਗਭਰੂ ਮੁੰਡੇ,
ਧੱਕੇ ਖਾ ਖਾ ਤੁਰਦੇ ਨੇ,
ਮਾਪਿਆਂ ਅੱਗੇ ਫਿਸਲੇ ਬੋਲੀ,
ਤਾਹਿਓੰ ਬਰਖੁਰਦਾਰਾਂ ਦੀ.
ਮੈਚਾਂ ਦੇ ਵਿਚ ਦਰਸ਼ਕਾਂ ਅੱਗੇ,
ਖੇਡ ਤਮਾਸ਼ਾ ਬਣ ਜਾਵੇ,
ਸੌਦੇ ਬਾਜੀ ਤਹਿ ਹੁੰਦੀ ਜਦ,
ਪਹਿਲਾਂ , ਜਿੱਤਾਂ ਹਾਰਾਂ ਦੀ.
ਮੰਡੀ ਦੀ ਇੱਕ ਵਸਤ ਬਣਾਈ,
ਔਰਤ ਧੰਨ ਕੁਬੇਰਾਂ ਨੇ.
ਉਹਦੇ ਉੱਤੇ ਚਿੱਕਡ਼ ਸੁਟਣ,
ਕਰਕੇ ਗੱਲ ਬਦਕਾਰਾਂ ਦੀ.
ਹਰ ਇੱਕ ਚੋਣ ਚ ਨੇਤਾ ਜਿਤਦੇ,
ਵੋਟਰ ਬਾਦਸ਼ਾਹ ਹਰ ਜਾਂਦੇ,
ਆਮ ਬੰਦੇ ਨੂੰ ਸਮਝ ਨੀ ਲਗਦੀ,
ਬਦਲਦੀਆਂ ਸਰਕਾਰਾਂ ਦੀ.
ਹਥ ਵਢਵਾ ਕੇ ਗਿਰਵੀ ਰਖੇ,
ਲਾਕਰ ਦੇ ਵਿਚ ਬੈੰਕਾਂ ਨੇ,
ਹੱਦ ਕਰਜੇ ਦਾ ਫੰਦਾ ਸੁੱਟਿਆ,
ਕਰਕੇ ਗੱਲ ਉਪਕਾਰਾਂ ਦੀ.
ਹਰਜਿੰਦਰ ਸਿੰਘ ਗੁਲਪੁਰ
8146563065
ਤਖਤ ਨੂੰ ਢਾਹਾਂਗੇ
ਤੈਨੂੰ ਮਾਣ ਹੈ ਆਪਣੀ ਮਿਹਨਤ ਤੇ,
ਉਹ ਮਾਣ ਨੇ ਕਰਦੇ "ਬਾਹਾਂ" ਤੇ.
ਸ਼ਾਹ ਉਹਨਾਂ ਦੀ ਅਰਦਲ ਬੈਠੇ ਨੇ,
ਤੂੰ ਬਾਰ ਚ ਬੈਠਾ ਸ਼ਾਹਾਂ ਦੇ.
ਜਿਹੜੇ ਰਾਹ ਜਾਂਦੇ ਤੇਰੇ ਖੇਤਾਂ ਨੂੰ,
ਉਥੇ ਛੱਡਿਆ ਪਹਿਲਾਂ ਨਾਗਾਂ ਨੂੰ,
ਫੇਰ ਸੱਦ ਸਪੇਰੇ ਖਾਕੀ ਦੇ,
ਉਹਨਾ ਕਬਜੇ ਲੈ ਲਏ ਰਾਹਾਂ ਦੇ.
ਉਹ ਦੁਧ ਤੇ ਕਾਬਜ ਹੋ ਗਏ ਨੇ,
ਤੇਰੇ ਕਿੱਲੇ ਬੰਨ ਕੇ ਡੰਗਰਾਂ ਨੂੰ,
ਉਹਨਾਂ ਰੈਸਟੋਰੈਂਟ ਉਸਾਰ ਲਏ,
ਤੈਨੂੰ ਲਾਰੇ ਲਾ ਕੇ ਚਾਹਾਂ ਦੇ.
ਉਹਨਾਂ ਹਾਸੇ ਤੇਰੇ ਉਧਾਲ ਲਏ,
ਸੱਕ ਦੇ ਕੇ ਤੈਨੂੰ ਦਮੜੀ ਦਾ,
ਤੈਨੂੰ ਮਕਤਲ ਵਿਚ ਵੀ ਲੈ ਗਏ ਨੇ,
ਨਾਲੇ ਸੌਦੇ ਕੀਤੇ ਆਹਾਂ ਦੇ.
ਉਹਨਾਂ ਸਬਸਿਡੀਆਂ ਦੀ ਆੜ ਥੱਲੇ,
ਸਭ ਕਰਜੇ ਮਾਫ਼ ਕਰਾ ਲਏ ਨੇ,
ਤੇਰੇ ਸਿਰ ਤੇ ਅਜੇ ਵੀ ਬੋਲਦੇ ਨੇ.
ਰਿਣ ਚੱਕੇ ਹੋਏ ਕਪਾਹਾਂ ਦੇ.
ਨੈੱਟ ਉੱਤੇ ਡਰਾਮੇ ਹੋਣੇ ਨੇ,
ਤੇਰੇ ਵੱਸ ਦਾ ਰੋਗ ਵੀ ਨਹੀਂ ਰਿਹਾ,
ਤੇਰੀ ਚਲਦੀ ਖੇਡ ਉਕਾਵਣ ਲਈ ,
ਟੁੱਕ ਦੇਣੇ ਤੈਨੂੰ ਮਾਹਾਂ ਦੇ.
ਤੇਰੇ ਹਥ ਵਢਵਾ ਕੇ ਲੈ ਜਾਂਦੇ,
ਤੂੰ ਆਨਾ ਕਾਨੀ ਕਰਦਾ ਨੀ,
ਤੈਨੂੰ ਮੁੱਲ ਦਿੰਦੇ ਓਹ ਜਿਣਸਾਂ ਦਾ,
ਜਿਹਨਾ ਭਾ ਲਾਣੇ ਤੇਰੇ ਸਾਹਾਂ ਦੇ.
ਲੋਕੀਂ ਸਾਫ਼ ਸਫਾਈਆਂ ਕਰ ਕਰ ਕੇ,
ਜਦੋਂ ਕੁੱਲੀ ਕੋਈ ਬਣਾਉਂਦੇ ਨੇ,
ਬੇ ਘਰ ਕਰਨੇ ਲਈ ਧਰਤੀ ਤੋਂ,
ਆ ਜਾਂਦੇ ਲੋਕ "ਉਤਾਹਾਂ"ਦੇ.
ਤੂੰ ਅੱਗਾ ਅੱਗਾ ਕਰਦਾ ਏਂ,
ਪਰ ਪਿਛੇ ਪਿਛੇ ਰਹਿੰਦਾ ਐਂ,
ਜੇ ਮੱਲ ਲਿਆ ਸਾਰੀਆਂ ਥਾਵਾਂ ਨੂੰ,
ਅਸੀਂ ਮੰਜੇ ਕਿਥੇ ਡਾਹਾਂਗੇ.
ਉਹ ਵਾਰ ਦੁੱਲੇ ਦੀ "ਰੰਗ"ਕਰਕੇ,
ਦਿੱਲੀ ਦਾ ਕਿਲਾ ਸ਼ਿੰਗਾਰ ਦਿੰਦੇ,
ਅਸੀਂ ਕਠੇ ਕਰਕੇ "ਦੁੱਲਿਆਂ"ਨੂੰ,
ਜਾਬਰ ਦੇ ਤਖਤ ਨੂੰ ਢਾਹਾਂਗੇ.
ਹਰਜਿੰਦਰ ਸਿੰਘ ਗੁਲਪੁਰ
8146563065
-0- |