ਅੱਜ ਕਲ ਕੈਲੀਫੋਰਨੀਆ ਦੇ
ਵਿਦਿਅਕ ਅਦਾਰਿਆਂ ਵਿੱਚ ਜੋ ਕਰੀਕੁਲਮ ਸਟੈਂਡਰਡ ਅਪਣਾਏ ਗਏ ਨੇ -ਉਨ੍ਹਾਂ ਵਿੱਚ ਜਿਨ੍ਹਾਂ
ਖਾਸ ਗੱਲਾਂ ਤੇ ਜੋਰ ਦਿੱਤਾ ਗਿਆ ਹੈ ਕਿ ਜੋ ਵੀ ਵਿਸ਼ਾ ਤੇ ਸਟੈਂਡਰਡ ਪਢ਼ਾਇਆ ਜਾਵੇ ਉਸ
ਵਿੱਚ reasoning ਤੇ logic ਦੇ ਤੱਤ ਜ਼ਰੂਰ ਨਜ਼ਰ ਆਉਣ ਤੇ ਇਹ ਵੀ ਕਿ ਪੜ੍ਹਾਈ ਗਈ ਗੱਲ
ਨੂੰ ਉਹ ਆਪਣੇ ਰੋਜ਼ ਮਰਾ ਦੀ ਜ਼ਿੰਦਗੀ ਵਿੱਚ ਕਿਵੇਂ ਵਰਤ ਸਕਦੇ ਹਨ। ਦਿਨ -ਬ- ਦਿਨ
ਪੜ੍ਹਾਉਣ ਬਾਰੇ ਪੁਰਾ ਨਜ਼ਰੀਆ ਬਦਲ ਰਿਹਾ ਹੈ, ਤੇ ਇਸ ਤਰ੍ਹਾਂ ਕਿੰਡਰ ਜਮਾਤ ਤੋਂ ਸ਼ੁਰੂ ਹੋ
ਰਿਹਾ ਹੈ ,ਤੇ ਹਰ ਗੱਲ ਤੇ ਉਨ੍ਹਾਂ ਨੂੰ ਪੁੱਛਿਆ ਜਾਂਦਾ ਹੈ ਕਿ ਉਨ੍ਹਾਂ ਦਾ ਇਸ ਜਾਂ ਉਸ
ਬਾਰੇ ਕੀ ਖਿਆਲ ਹੈ ਤੇ ਉਨ੍ਹਾਂ ਨੂੰ ਕੁਝ ਮਿੰਟ ਆਪਸ ਵਿੱਚ ਸਲਾਹ ਕਰ ਕੇ ਜੁਆਬ ਦੇਣਾ
ਸਿਖਾਇਆ ਜਾ ਰਿਹਾ ਹੈ । ਮੈਂ ਇਨ੍ਹਾਂ ਦਿਨਾਂ ਵਿੱਚ ਆਪਣੇ ਕੰਮ ਵਿੱਚ ਨਿੱਤ ਨਵੀਆਂ ਗੱਲਾਂ
ਸਿੱਖ ਰਹੀ ਹਾਂ ਤੇ ਪਿਛਲੇ ਹਫਤੇ ਤੋਂ ਆ ਰਹੇ ਨਵੰਬਰ ਮਹੀਨੇ ਬਾਰੇ ਵੀ ਸੋਚ ਰਹੀ ਸੀ ਕਿ ਕੁਝ
ਲਿਖਾਂ। ਇਸ ਸਾਲ 84 ਨੂੰ ਪੂਰੇ 30 ਸਾਲ ਹੋ ਜਾਣੇ ਹਨ ਤੇ ਅਚਾਨਕ ਖਿਆਲ ਆਇਆ ਕਿ ਸਾਡੇ ਦੇਸ਼
ਵਿੱਚ ਸਕੂਲਾਂ ਤੇ ਕਾਲਜਾਂ ਵਿੱਚ ਇਸ ਵੇਲੇ ਪੜ੍ਹ ਰਹੇ ਵਿਦਿਆਰਥੀ ਤਾਂ ਸਾਰੇ ਹੀ ਬਾਅਦ ਵਿੱਚ
ਪੈਦਾ ਹੋਏ ਹੋਣਗੇ। ਸਾਡੇ ਦੇਸ਼ ਤੇ ਉਨ੍ਹਾਂ ਤਿੰਨ ਦਿਨਾਂ ਬਾਰੇ ਤੇ ਪੰਜਾਬ ਦੇ ਕਈ ਕਾਲੇ
ਵਰ੍ਹਿਆਂ ਬਾਰੇ ਉਨ੍ਹਾਂ ਨੂੰ ਇੰਝ ਅਹਿਸਾਸ ਨਹੀਂ ਹੁੰਦਾ ਹੋਵੇਗਾ ਜਿਵੇਂ ਅਸੀਂ ਵੱਡੀ ਉਮਰ
ਵਾਲੇ ਇਸ ਬਾਰੇ ਮਹਿਸੂਸ ਕਰ ਸਕਦੇ ਹਾਂ।
ਅਸੀਂ ਸਿੱਖ ਤਾਂ ਉਨ੍ਹਾਂ ਤਿੰਨ ਦਿਨਾਂ ਬਾਰੇ ਇੱਕ ਦੂਜੇ ਨਾਲ ਗੱਲ ਕਰ ਕੇ ਦੁੱਖ ਸਾਂਝਾ ਕਰ
ਲੈਂਦੇ ਹਾਂ ਤੇ ਅਕਸਰ ਉਨ੍ਹਾਂ ਕੁਝ ਨਾਨ ਸਿੱਖਾਂ ਨੂੰ ਭੁੱਲ ਜਾਂਦੇ ਹਾਂ ਜਿਨ੍ਹਾਂ ਨੇ ਸਾਡੇ
ਨਾਲ ਉਵੇਂ ਹੀ ਇਹ ਸੰਤਾਪ ਭੋਗਿਆ ਹੈ। ਅਸੀਂ ਉਨ੍ਹਾਂ ਬਾਰੇ ਘੱਟ ਜਾਣਦੇ ਹਾਂ ਤੇ ਨਾ ਹੀ
ਕਿਸੇ ਨੇ ਜਾਨਣਾ ਚਾਹਿਆ। ਅਸੀਂ ਉਨ੍ਹਾਂ ਹਿੰਦੂਆਂ ਬਾਰੇ ਵੀ ਭੁੱਲ ਜਾਂਦੇ ਹਾਂ ਜੋ ਪੰਜਾਬ
ਵਿੱਚ ਬੱਸਾਂ ਤੋਂ ਕੱਢ ਕੱਢ ਕੇ ਮਾਰੇ ਗਏ। ਇੱਕ ਤੇ ਇਹੋ ਜਿਹੀਆਂ ਗੱਲਾਂ ਵੱਲ ਧਿਆਨ ਦੇਣ
ਵਾਲੇ ਲੋਕਾਂ ਦੀ ਗਿਣਤੀ ਘੱਟ ਹੈ ਤੇ ਦੂਜਾ ਸਾਡਾ ਮੀਡਿਆ ਇੰਨਾਂ ਸਿਆਣਾ ਤੇ ਇਨਸਾਫ਼ ਕਰਨ
ਵਾਲਾ ਨਹੀਂ ਹੋਇਆ, ਕਿ ਇਨ੍ਹਾਂ ਲੋਕਾਂ ਦੀ ਗੱਲ ਕਰੇ , ਦੂਜਾ ਉਨ੍ਹਾਂ ਦਿਨਾਂ ਵਿੱਚ ਪੰਜਾਬ
ਤੋਂ ਬਾਹਰ ਸਿੱਖਾਂ ਦੇ ਹੱਕ ਦੀ ਗੱਲ ਕਰਨੀ ਤੇ ਪੰਜਾਬ ਵਿੱਚ ਹਿੰਦੂਆਂ ਦੇ ਹੱਲ ਦੀ ਗੱਲ
ਕਰਨੀ - ਸਰਕਾਰ ਦੇ ਵਿੱਰੁਧ ਸਾਜਿਸ਼ ਸਮਝੀ ਜਾਂਦੀ ਸੀ, ਤੇ ਗੱਲ ਕਰਨ ਵਾਲੇ ਨੂੰ ਸ਼ੱਕ ਦੀ
ਨਜ਼ਰ ਨਾਲ ਦੇਖਿਆ ਜਾਂਦਾ ਸੀ । ਉਥੇ ਤੱਕ ਅਜੇ ਸਾਡੀ ਸੋਚ ਘੱਟ ਹੀ ਜਾਂਦੀ ਹੈ। ਉੰਝ ਵੀ
ਸਾਡੀ ਕੌਮ ਅਜੇ ਇੰਨੀ ਸਿਆਣੀ ਨਹੀਂ ਹੋਈ ਕਿ ਅਸੀਂ ਆਪਣੀ ਜਾਤ, ਆਪਣੀ ਕਮਿਉਨਿਟੀ , ਆਪਣੇ
ਧਰਮ ਤੋਂ ਉੱਪਰ ਉੱਠ ਕੇ ਗੱਲ ਕਰ ਸਕੀਏ।
ਮੈਂ ਜੋ ਗੱਲ ਕਰਨ ਲੱਗੀ ਹਾਂ ਜਿਥੇ ਇਹ ਨਵੰਬਰ ਬਾਰੇ ਹੈ ਉਥੇ ਇਹ ਇਸ ਬਾਰੇ ਵੀ ਹੈ ਕਿ
ਕਿਵੇਂ ਦਿੱਲੀ ਦੇ ਖਾਲਸਾ ਕਾਲਜ ਵਿੱਚ ਪਢ਼ਾ ਰਹੀ ਇੱਕ ਅੰਗਰੇਜ਼ੀ ਦੀ ਪ੍ਰੋਫੈਸਰ ਨੇ ਆਪਣੇ
ਵਿਦਿਆਰਥੀਆਂ ਦੇ ਦਿਲਾਂ ਤਲ ਪੁੱਜਣ ਲਈ ਸਾਹਿਤ ਦਾ ਸਹਾਰਾ ਹੀ ਨਹੀਂ ਲਿਆ ਬਲਕਿ ਉਸ ਨੇ
ਪਢ਼ਾਉਣ ਦੀ ਅਦਾ ਨੂੰ ਵੀ ਖੂਬਸੂਰਤ ਬਣਾਇਆ ਤੇ ਉਸ ਦੀ ਇਸ ਕੋਸ਼ਿਸ਼ ਵਿੱਚ ਸਾਫ਼ ਨਜ਼ਰ
ਆਉਂਦਾ ਹੈ ਕਿ ਉਹ ਕਿੰਨੀ ਸੁਹਣੀ ਰੂਹ ਦੀ ਮਾਲਿਕ ਹੈ , ਤੇ ਉਸ ਨੇ ਹਰ ਗੱਲ ਨੂੰ ਉੱਪਰ ਉੱਠ
ਕੇ ਜਾਨਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਬਲਕਿ ਉਸ ਨੂੰ ਜਿਉਣ ਦੀ ਵੀ ਕੋਸ਼ਿਸ਼ ਕੀਤੀ ਹੈ -
ਜਦ ਤੱਕ ਇਹੋ ਜਿਹੇ ਇਨਸਾਨ ਜਿਉਂਦੇ ਹਨ ਉਦੋਂ ਤੱਕ ਆਸ ਹੈ।
ਉਨ੍ਹਾਂ ਦਿਨਾਂ ਦੀਆਂ ਯਾਦਾਂ ਦੀ ਕੁੜੱਤਣ ਭਾਵੇਂ ਕਦੀ ਵੀ ਜਾਣੀ ਨਹੀਂ ਪਰ ਜਦ ਵੀ ਨਵੰਬਰ
ਸਮੇਂ ਦੀਆਂ ਬਰੂਹਾਂ ਤੇ ਦਸਤਕ ਦਿੰਦਾ ਹੈ ਤਾਂ ਇਹ ਯਾਦਾਂ ਹੋਰ ਵੀ ਦੁਖਾਂਦੀਆਂ ਹਨ। ਪੂਰੇ
ਸਿੱਖ ਭਾਈਚਾਰੇ ਲਈ ਇਹ ਅੱਤ ਦਾ ਘਿਣਾਉਣਾ ਤੇ ਜ਼ਲੀਲ ਕਰਨ ਵਾਲਾ ਵਕਤ ਸੀ ਤੇ ਕੁਝ ਪਰਿਵਾਰਾਂ
ਲਈ ਇੱਕੋ ਸਦੀ ਵਿੱਚ ਦੂਜੀ ਵਾਰ ਬੇਘਰ ਤੇ ਬੇਵਤਨ ਹੋ ਜਾਣ ਵਰਗਾ ਵੀ ਸੀ। ਇਹ ਦਰਦ ਹੋਰ ਵੀ
ਸੰਘਣਾ ਲੱਗਦਾ ਹੈ ਜਦ ਅਸੀਂ ਦੇਖਦੇ ਹਾਂ ਕਿ ਅਜੇ ਤੱਕ ਇਨਸਾਫ਼ ਦੇ ਬੂਹੇ ਇਨ੍ਹਾਂ ਲੋਕਾਂ ਲਈ
ਖੁਲ੍ਹੇ ਨਹੀਂ। ਇਸ ਤਰ੍ਹਾਂ ਦੇ ਅੱਗ ਵਰ੍ਹਦੇ ਦੁੱਖ ਵਿੱਚ ਜਦ ਰਸ਼ਮੀ ਭਟਨਾਗਰ ਵਰਗੇ ਲੋਕ
ਮਿਲਦੇ ਹਨ ਤਾਂ ਜ਼ਖਮਾਂ ਨੂੰ ਇੱਕ ਠੰਡੀ ਮਲ੍ਹਮ ਵਾਂਗ ਲੱਗਦੇ ਹਨ , ਜਿਵੇਂ ਕਿਸੇ ਨੇ ਤਪਦੇ
ਦਿਲ ਤੇ ਠੰਡੇ ਪਾਣੀ ਦੀਆਂ ਬੂੰਦਾ ਦੀ ਫੁਹਾਰ ਬਰਸਾ ਦਿੱਤੀ ਹੋਵੇ।
ਰਸ਼ਮੀ ਬਾਰੇ ਮੈਂ ਉਮਾ ਚਕਰਾਵਰਤੀ ਦੀ 1986 ਵਿੱਚ ਲਈ ਗਈ ਇੱਕ ਇੰਟਰਵਿਊ ਵਿੱਚ ਪੜ੍ਹਿਆ ਸੀ।
31 ਅਕਤੂਬਰ ਨੂੰ ਉਹ ਦਿੱਲੀ ਦੇ ਰੇਡਿਉ ਸਟੇਸ਼ਨ ਤੇ ਇੱਕ ਲਿਖਾਰੀ ਦੀ ਇੰਟਰਵਿਊ ਲੈਣ ਗਈ ਹੋਈ
ਸੀ। ਤੇ ਉਸ ਨੂੰ ਕੁਝ ਦੇਰ ਬਾਅਦ ਹੀ ਵਾਪਰੇ ਹੋਏ ਭਾਣੇ ਬਾਰੇ ਪਤਾ ਲੱਗ ਗਿਆ ਸੀ ਤੇ ਫਿਰ ਉਸ
ਨੇ ਅਸਲ ਖਬਰ ਸੁਣ ਵੀ ਲਈ ਸੀ ਪਰ ਹਰ ਕੋਈ ਇਸ ਨੂੰ ਖੁਲ੍ਹ ਕੇ ਆਖਣ ਤੋਂ ਡਰ ਰਿਹਾ ਸੀ, ਉਂਝ
ਉਹ ਸਾਰੇ ਮੌਤ ਦੀ ਖਬਰ ਨੂੰ ਨਸਰ ਕਰਣ ਦੀਆਂ ਤਿਆਰੀਆਂ ਕਰ ਰਹੇ ਸਨ - ਰੇਡਿਉ ਸਟੇਸ਼ਨ ਤੇ
ਕੰਮ ਕਰਨ ਵਾਲੇ ਸਾਰੇ ਹੀ ਘਬਰਾਏ ਹੋਏ ਸਨ , ਸਹਿਮੇ ਹੋਏ ਸਨ ਤੇ ਉਨ੍ਹਾਂ ਦੇ ਸਦਮੇ ਵਿੱਚ
ਇੱਕ ਅਜੀਬ ਕਿਸਮ ਦਾ ਖੌਫ਼ ਸੀ। ਉਸ ਨੂੰ ਅਜੇ ਤੱਕ ਇਹੀ ਗੱਲ ਸਮਝ ਨਹੀਂ ਸੀ ਆਈ ਕਿ ਇੰਦਿਰਾ
ਗਾਂਧੀ ਦੀ ਮੌਤ ਦੀ ਖਬਰ ਨੂੰ ਆਖਿਰ ਕਰ ਸ਼ਾਮ ਦੇ ਛੇ ਵਜੇ ਰਾਜੀਵ ਗਾਂਧੀ ਦੇ ਪਰਧਾਨ ਮੰਤਰੀ
ਬਣਨ ਤੋਂ ਬਾਅਦ ਹੀ ਕਿਓਂ ਨਸਰ ਕੀਤਾ ਗਿਆ ਸੀ ? ਤੇ ਇਹ ਹੈਰਾਨੀ ਵੀ ਕਿ ਕਿਸੇ ਨੇ ਇਸ ਪ੍ਰੈਸ
ਸੈਂਸਰਸ਼ਿਪ ਬਾਰੇ ਸੁਆਲ ਵੀ ਨਹੀਂ ਕੀਤਾ ?
ਦੁਪਹਿਰ ਬਾਅਦ ਜਦ ਰਸ਼ਮੀ ਆਪਣੇ ਘਰ ਪੁੱਜੀ ਤਾਂ ਉਸ ਦੀ ਤਿੰਨ ਸਾਲਾਂ ਦੀ ਧੀ ਨੇ ਉਸ ਦਾ
ਸੁਆਗਤ ਬਹੁਤ ਉਤੇਜਨਾ ਵਿੱਚ ਇਹ ਆਖ ਕੇ ਕੀਤਾ , " ਸਰਦਾਰ ਨੇ ਮਾਰ ਦੀਆ !" ਉਸ ਦੇ ਮੂੰਹੋਂ
ਇਹ ਬੋਲ ਸੁਣ ਕੇ ਰਸ਼ਮੀ ਅਵਾਕ ਰਹਿ ਗਈ। ਖ਼ਬਰ ਸੁਣ ਕੇ ਨਹੀਂ, ਬਲਕਿ ਆਪਣੀ ਬੱਚੀ ਦੇ ਬੋਲਾਂ
ਵਿੱਚ ਸਿੱਖਾਂ ਬਾਰੇ ਨਫਰਤ ਸੁਣ ਕੇ, ਜੋ ਉਸ ਨੇ ਇੰਨੀ ਛੇਤੀ ਆਪਣੇ ਆਲੇ ਦੁਆਲੇ ਤੋਂ ਗ੍ਰਹਿਣ
ਕਰ ਲਈ ਸੀ। ਬੱਚੀ ਨੇ ਆਪਣਿਆਂ ਵੱਡਿਆਂ ਤੋਂ ਜੋ ਕੁਝ ਮਿਲਿਆ ਉਹ ਆਪਣਾ ਲਿਆ - ਉਸ ਦੇ ਘਰ
ਸਾਰਿਆਂ ਦਾ ਹੀ ਇਸ ਤਰ੍ਹਾਂ ਦਾ ਰਵਈਆ ਸੀ - ਰਸ਼ਮੀ ਗੁੱਸੇ ਵਿੱਚ ਤਿਲਮਿਲਾ ਗਈ ਸੀ - ਉਸ ਦੇ
ਆਪਣੇ ਹੀ ਘਰ ਦੇ ਸਾਰੇ ਜਾਣੇ ਸਿੱਖਾਂ ਪ੍ਰਤੀ ਨਫਰਤ ਉਗ੍ਗਲ ਰਹੇ ਸਨ । ਕਿਸੇ ਨੂੰ ਵੀ ਇਹ
ਫਿਕਰ ਨਹੀਂ ਸੀ ਕਿ ਇਹੋ ਜਿਹੀਆਂ ਗੱਲਾਂ ਬੱਚਿਆਂ ਸਾਹਮਣੇ ਕਰਨੀਆਂ ਨਹੀਂ ਚਾਹੀਦੀਆਂ। ਚਾਰੇ
ਪਾਸੇ ਇਹ ਨਫਰਤ ਦਾ ਮਾਹੌਲ ਦੇਖ ਰਸ਼ਮੀ ਆਪਣੇ ਹੀ ਪਰਿਵਾਰ ਵਿੱਚ ,ਆਪਣੇ ਹੀ ਲੋਕਾਂ ਵਿੱਚ
ਇਕਦੰਮ ਇੱਕਲੀ ਹੋ ਗਈ- ਉਸ ਨੂੰ ਆਪਣਾ ਆਪ ਬੇਸਹਾਰਾ, ਤੇ ਬੇਆਸ ਲੱਗਿਆ - ਲੋਕਾਂ ਦੀ ਸਮਝ ਤੇ
ਗੁੱਸਾ ਤੇ ਤਰਸ ਆਉਂਦਾ ਕਿ ਉਨ੍ਹਾਂ ਨੂੰ ਇੱਕ ਆਮ ਕਾਤਲ ਤੇ ਇੱਕ ਆਮ ਬੇਕਸੂਰ ਸਿੱਖ ਵਿਚਲਾ
ਫਰਕ ਭੁੱਲ ਗਿਆ ਸੀ। ਦੇਸ਼ ਦੇ ਲੋਕਾਂ ਨੇ ਸਾਰੇ ਸਿੱਖਾਂ ਨੂੰ ਹੀ ਕਾਤਲ ਕਰਾਰ ਕਰ ਦਿੱਤਾ ਸੀ
? ਜਿਥੇ ਰਸ਼ਮੀ ਦੇ ਇਹ ਸੁਆਲ ਹਨ ਉਥੇ ਮੇਰੇ ਦਿਲ ਵਿੱਚ ਵੀ ਕਈ ਸੁਆਲ ਉਠ ਰਹੇ ਹਨ - ਕੀ
ਉਨ੍ਹਾਂ ਲੋਕਾਂ ਦਾ ਉਸ ਨੂੰ ਇੰਝ ਧੋਖੇ ਨਾਲ ਮਾਰਨਾ ਜਾਇਜ਼ ਸੀ ਜਿਨ੍ਹਾਂ ਤੇ ਉਸ ਦੀ
ਹਿਫ਼ਾਜ਼ਤ ਦਾ ਜੁੰਮਾ ਸੀ ? ਕੀ ਸਿੱਖ ਧਰਮ ਦਾ ਭਾਈ ਘਨੀਈਆ ਇਸ ਗੱਲ ਦੀ ਇਜਾਜ਼ਤ ਦੇਵੇਗਾ ?
ਕੀ ਕਿਤੇ ਇੰਦਿਰਾ ਗਾਂਧੀ ਜੇ ਚਾਹੁੰਦੀ ਤਾਂ ਉਹ ਸਿੱਖ ਗਾਰਡਾਂ ਨੂੰ ਹਟਾ ਨਹੀਂ ਸਕਦੀ ਸੀ ਪਰ
ਉਸ ਨੇ ਇਸ ਤਰ੍ਹਾਂ ਦਾ ਕਦਮ ਦੂਜਿਆਂ ਦੇ ਆਖਣ ਤੇ ਵੀ ਨਹੀਂ ਸੀ ਚੁੱਕਿਆ ? ਜਾਂ ਫਿਰ ਬਦਲਾ
ਲੈਣ ਵਾਲਿਆਂ ਨੇ ਉਸ ਦੀ ਹਿਫ਼ਾਜ਼ਤ ਲਈ ਲੱਗੇ ਹੋਏ ਲੋਕਾਂ ਨੂੰ ਕਿਓਂ ਚੁਣਿਆ ? ਤੇ ਜੋ ਕੁਝ
ਹੋਇਆ ਸੀ ਇਸ ਵਿੱਚ ਦਿੱਲੀ ਦੇ ਬੇਕਸੂਰੇ ਨਿੱਹਥੇ ਬੇਕਸੂਰੇ ਸਿੱਖਾਂ ਦਾ ਕੀ ਕਸੂਰ ਸੀ ?
ਰਾਜੀਵ ਗਾਂਧੀ ਦੇ ਕਤਲ ਵੇਲੇ ਉਸ ਕਮਿਉਨਿਟੀ ਦੇ ਲੋਕਾਂ ਤੋਂ ਇਸ ਤਰ੍ਹਾਂ ਦਾ ਬਦਲਾ ਨਹੀਂ
ਲਿਆ ਗਿਆ ? ਇਹੋ ਜਿਹੇ ਕਈ ਸੁਆਲ ਮੇਰੇ ਮਨ ਵਿੱਚ ਆ ਰਹੇ ਹਨ।
ਉਨ੍ਹਾਂ ਦਿਨਾਂ ਦੀਆਂ TV ਦੀਆਂ ਖਬਰਾਂ ਬਾਰੇ ਰਸ਼ਮੀ ਦਾ ਖਿਆਲ ਸੀ ਕਿ ਲੋਕਾਂ ਨੂੰ ਖਬਰਾਂ
ਦੀ ਲੋੜ ਸੀ ਤੇ ਲੋਕ ਘਰਾਂ ਵਿੱਚ TV ਨਾਲ ਜੁੜੇ ਬੈਠੇ ਸਨ - ਪਰ ਲੋਕਾਂ ਨੂੰ ਖਬਰਾਂ ਘੱਟ ਤੇ
ਪ੍ਰੋਪੇਗੰਡਾ ਜ਼ਿਆਦਾ ਮਿਲ ਰਿਹਾ ਸੀ - ਉਸ ਨੂੰ TV ਦੀਆਂ ਖਬਰਾਂ ਦੀ ਪੇਸ਼ਕਾਰੀ ਇੱਕ ਵੱਡੇ
ਕਨਸਰਟ ( concert ) ਵਾਂਗ ਲੱਗ ਰਹੀ ਸੀ ਜਿਸ ਵਿੱਚ ਲੋਕ ਆਪਣੇ ਘਰਾਂ ਦੇ drawing rooms
ਵਿੱਚ ਬੈਠੇ ਹਿੱਸਾ ਲੈ ਰਹੇ ਸਨ ਤੇ ਇਸ ਕਨਸਰਟ ਦੀ ਇੱਕ ਹੀ ਧੁਨ ਸੀ, ਇੱਕ ਹੀ ਥੀਮ ਸੀ
-'ਸਿੱਖ ਕਾਤਲ ਹਨ' - TV ਤੋਂ ਹੀ ਲੋਕਾਂ ਨੇ ਆਪਣੇ ਘਰਾਂ ਵਿੱਚ ਬੈਠਿਆਂ ਪਹਿਲੀ ਬਾਰ, "
ਖੂਨ ਕਾ ਬਦਲਾ ਖੂਨ " ਦਾ ਨਾਹਰਾ ਸੁਣਿਆ ਸੀ - ਬਾਅਦ ਵਿੱਚ ਭਾਵੇਂ ਇਸ ਨਾਹਰੇ ਨੂੰ ਚੁੱਪ
ਕਰਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਇਹ TV ਹੀ ਸੀ ਜਿਸ ਰਾਹੀਂ ਇਹ ਨਾਹਰਾ ਲੋਕਾਂ ਦੇ ਕੰਨਾਂ
ਤੱਕ ਪੁੱਜਣ ਦਿੱਤਾ ਗਿਆ। ਰਸ਼ਮੀ ਦਾ ਸੋਚਣਾ ਸੀ ਕਿ ਇਸ ਤਰ੍ਹਾਂ ਦਾ ਨਾਹਰਾ ਜਾਣ ਬੁੱਝ ਕੇ
ਨਸਰ ਕੀਤਾ ਗਿਆ ਜਿਸ ਦਾ ਮਤਲਬ ਸੀ ਲੋਕਾਂ ਨੂੰ ਸਿੱਖਾਂ ਵਿਰੁੱਧ ਭੜ੍ਹਕਾਉਣਾ ਤੇ ਇੱਕ ਕਿਸਮ
ਦਾ ਲੋਕਾਂ ਲਈ ਇਹ ਸਰਕਾਰੀ ਸਿਗਨਲ ਸੀ ਕਿ ਉਹ ਖੂਨ ਦਾ ਬਦਲਾ ਖੂਨ ਨਾਲ ਲੈ ਸਕਦੇ ਹਨ। ਇੱਕ
ਕਿਸਮ ਦੀ ਹਰੀ ਝੰਡੀ ਕਿ 'ਜਾਉ ਸਿੱਖਾਂ ਨਾਲ ਕੁਝ ਮਰਜ਼ੀ ਕਰੋ !' ਉਸ ਦੇ ਮਨ ਵਿੱਚ ਇਹ ਸੁਆਲ
ਬਾਰ ਬਾਰ ਆ ਰਿਹਾ ਸੀ ਕਿ ਆਖਿਰ ਕਰ ਮੱਧ ਸ਼ਰੇਣੀ ਦੇ ਲੋਕਾਂ ਦੀ ਬੋਲੀ ਵਿੱਚ ਅਜਿਹੇ ਹਿੰਸਕ
ਲਫਜ਼ ਕਿਥੋਂ ਤੇ ਕਿਵੇਂ ਆਏ ਤੇ ਉਹ ਇਲਜ਼ਾਮ ਮੀਡਿਆ ਤੇ ਦਿੰਦੀ ਹੈ- ਉਸ ਨੂੰ ਲੱਗਿਆ ਕਿ ਲੋਕ
ਆਪਣੇ ਘਰਾਂ ਵਿੱਚ ਬੈਠੇ TV ਰਾਹੀਂ ਇੱਕ ਵੱਡੇ ਕਤਲੇ ਆਮ ਵਿੱਚ ਹਿੱਸਾ ਲੈ ਰਹੇ ਸਨ।
ਰਸ਼ਮੀ ਜਦ ਕਾਲਜ ਵਾਪਿਸ ਗਈ ਤਾਂ ਉਹ ਹੋਰ ਵੀ ਇਕ੍ਕਲੀ ਹੋ ਗਈ। ਉਸ ਦੇ ਤੇ ਉਸ ਦੇ ਸਿੱਖ
ਵਿਦਿਆਰਥੀਆਂ ਤੇ ਸਿੱਖ ਸਾਥੀਆਂ ਵਿਚਕਾਰ ਇੱਕ ਚੁੱਪ ਦੀ ਦੀਵਾਰ ਖੜ੍ਹੀ ਹੋ ਗਈ ਸੀ ਤੇ ਜਿਸ
ਨੂੰ ਤੋੜਨਾ ਦੋਹਾਂ ਧਿਰਾਂ ਲਈ ਇੱਕ ਮੁਸ਼ਕਿਲ ਕੰਮ ਸੀ। ਉਸ ਦੇ ਜ਼ਿਆਦਾ ਵਿਦਿਆਰਥੀ ਸਿੱਖ ਸਨ
ਤੇ ਸਿੱਖ ਕਤਲੇ ਆਮ ਦਾ ਭਿਆਨਕ ਅਸਰ ਉਨ੍ਹਾਂ ਦੇ ਚਿਹਰਿਆਂ ਤੋਂ ਸਾਫ਼ ਨਜਰ ਆ ਰਿਹਾ ਸੀ।
ਉਨ੍ਹਾਂ ਦੇ ਦਿਲਾਂ ਤੱਕ ਪੁੱਜਣ ਲਈ ਉਸ ਨੇ ਜਮਾਤ ਤੋਂ ਬਾਹਰ ਡਰਦਿਆਂ ਡਰਦਿਆਂ ਛੋਟੇ ਛੋਟੇ
ਕਦਮਾਂ ਨਾਲ ਉਨ੍ਹਾਂ ਦੇ ਨੇੜੇ ਜਾਣ ਦੀ ਕੋਸ਼ਿਸ਼ ਕੀਤੀ। ਉਸ ਦੇ ਤੇ ਉਨ੍ਹਾਂ ਵਿਚਕਾਰ ਆਈ ਇਸ
ਦੀਵਾਰ ਨੂੰ ਤੋੜਨਾ ਕੋਈ ਇੰਨਾਂ ਆਸਾਨ ਨਹੀਂ ਸੀ - ਇਹ ਦੀਵਾਰ ਨੂੰ ਨਾ ਉਸ ਆਪ ਖੜ੍ਹਾ ਕੀਤਾ
ਸੀ ਤੇ ਨਾ ਹੀ ਇਸ ਵਿੱਚ ਉਸ ਦੇ ਵਿਦਿਆਰਥੀਆਂ ਦਾ ਕਸੂਰ ਸੀ। ਉਹ ਉਨ੍ਹਾਂ ਨਾਲ ਗੱਲ ਕਰਨ ਦੀ
ਕੋਸ਼ਿਸ਼ ਕਰਦੀ ਪਰ ਕੋਈ ਵੀ ਉਸ ਦੇ ਜੁਆਬ ਵਿੱਚ ਕੁਝ ਨਾ ਬੋਲਦਾ ਤੇ ਹਰ ਕੋਈ ਆਪਣਾ ਮੂੰਹ
ਬੰਦ ਰੱਖਦਾ - ਉਸ ਨੂੰ ਲੱਗਦਾ ਕਿ ਉਹ ਬੰਦ ਮੂੰਹਾਂ ਤੇ ਬੰਦ ਚਿਹਰਿਆਂ ਨਾਲ ਗੱਲ ਕਰ ਰਹੀ
ਹੈ। ਤੇ ਰਸ਼ਮੀ ਨੂੰ ਪਤਾ ਨਾ ਲੱਗਦਾ ਕਿ ਉਨ੍ਹਾਂ ਤੀਕ ਉਹ ਕਿਵੇਂ ਪੁੱਜੇ।
ਇੱਕ ਦਿਨ ਇੰਗਲੈੰਡ ਤੋਂ ਇੱਕ reasearch student ਉਨ੍ਹਾਂ ਦੇ ਕਾਲਜ ਆਇਆ ਜੋ ਪੰਜਾਬ ਬਾਰੇ
ਲਿਖ ਰਿਹਾ ਸੀ - ਉਸ ਨੇ ਉਨ੍ਹਾਂ ਦੇ ਕਾਲਜ ਆਕੇ ਉਥੋਂ ਦੇ ਵਿਦਿਆਰਥੀਆਂ ਨੂੰ ਮਿਲਣਾ ਚਾਹਿਆ
- ਸਾਰੀ ਜਮਾਤ ਬਾਹਰ ਘਾਹ ਤੇ ਸਰਦੀ ਦੀ ਧੁੱਪ ਵਿੱਚ ਬੈਠ ਕੇ ਉਸ ਨਾਲ ਗੱਲਾਂ ਕਰ ਰਹੀ ਸੀ -
ਰਸ਼ਮੀ ਨੇ ਮਹਿਸੂਸ ਕੀਤਾ ਕੇ ਉਸ ਦੇ ਵਿਦਿਆਰਥੀ ਉਸ ਨਾਲ ਖੁਲ੍ਹ ਰਹੇ ਸਨ ਤੇ ਉਹ ਕੁਝ ਆਸਵੰਦ
ਹੋਈ - ਉਨ੍ਹਾਂ ਦਾ ਉਸ ਗੋਰੇ ਤੇ ਇੰਝ ਵਿਸ਼ਵਾਸ਼ ਕਰਨਾ ਸੁਭਾਵਿਕ ਸੀ - ਉਨ੍ਹਾਂ ਦਿਨਾਂ
ਵਿੱਚ ਉਹ ਦਿੱਲੀ ਦੀਆਂ ਖਬਰਾਂ ਦੀ ਵਜਾਏ BBC ਦੀਆਂ ਖਬਰਾਂ ਤੇ ਵਧੇਰੇ ਯਕੀਨ ਕਰਦੇ ਸਨ - ਪਰ
ਰਸ਼ਮੀ ਨੂੰ ਇਸ ਗੱਲ ਦਾ ਫਾਇਦਾ ਹੋਇਆ - ਹੁਣ ਉਹ ਸਾਰੇ ਸਾਹਿਤਿਕ ਗੱਲਾਂ ਤੇ ਹੋ ਰਹੀਆਂ
ਬਹਿਸਾਂ ਵਿੱਚ ਭਾਗ ਲੈਣ ਲੱਗੇ ਤੇ ਇਨ੍ਹਾਂ ਗੋਸ਼ਟੀਆਂ ਵਿੱਚ ਜਾਨ ਪੈਣ ਲੱਗੀ।
ਉਨ੍ਹਾਂ ਦਿਨਾਂ ਵਿੱਚ ਉਹ Alexander Pope ਦੀ ਮਸ਼ਹੂਰ ਕਵਿਤਾ "The Rape of Lock" ਨੂੰ
ਪੜ੍ਹ ਰਹੇ ਸਨ। ਇਹ ਕਾਵਿ ਨੂੰ ਪੋਪ ਨੇ ਮਹਾਂ ਕਾਵਿ ਵਾਂਗ ਲਿਖਿਆ ਹੈ ਅਸਲ ਵਿੱਚ ਤਾਂ ਇਹ
ਮਹਾਂ ਕਾਵਿ ਦੀ ਪੈਰੋਡੀ ਹੈ - ਅਰਿਸਟੋਕ੍ਰੈਟਿਕ ਲੋਕਾਂ ਦੇ ਜੀਵਨ ਢੰਘ ਦਾ ਮਖੌਲ ਉਡਾਇਆ ਹੈ
ਕਿ ਕਿਵੇਂ ਇਨ੍ਹਾਂ ਦੀ ਜ਼ਿੰਦਗੀ ਵਿੱਚ ਨੈਤਿਕ ਕਦਰਾਂ ਕੀਮਤਾਂ ਬਾਰੇ ਵੱਡੀਆਂ ਵੱਡੀਆਂ
ਗੱਲਾਂ ਤਾਂ ਜ਼ਰੂਰ ਹੁੰਦੀਆਂ ਸਨ ਪਰ ਅਸਲ ਵਿੱਚ ਇਨ੍ਹਾਂ ਲੋਕਾਂ ਦੀ ਜ਼ਿੰਦਗੀ ਵਿੱਚ ਸਿਰਫ
ਦੋਗਲਾਪਣ ਹੀ ਪਾਇਆ ਜਾਂਦਾ ਸੀ। - ਇਸ ਦੀ ਹੀਰੋਇਨ ਬਲਿੰਡਾ ਖੂਬਸੂਰਤ ਹੈ - ਉਸ ਵਿੱਚ ਨਖਰਾ
ਹੈ - ਰਾਤ ਨੂੰ ਸੁੱਤਿਆਂ ਪਿਆਂ ਉਸ ਦੀਆਂ ਗਾਰਡੀਅਨ ਰੂਹਾਂ ਉਸ ਨੂੰ ਸੁਫਨੇ ਵਿੱਚ ਖਬਰ
ਕਰਦੀਆਂ ਹਨ ਕਿ ਉਸ ਨਾਲ ਕੋਈ ਬੁਰੀ ਘਟਨਾ ਵਾਪਰਨ ਵਾਲੀ ਹੈ - ਪਰ ਜਾਗਦਿਆਂ ਹੀ ਉਹ ਇਸ
ਚੇਤਾਵਨੀ ਨੂੰ ਭੁੱਲ ਜਾਂਦੀ ਹੈ ਤੇ ਹਾਰ ਸ਼ਿੰਗਾਰ ਕਰ ਕੇ ਸ਼ਾਹੀ ਕੋਰਟ ਵਿੱਚ ਪੁੱਜ ਜਾਂਦੀ
ਹੈ - ਉਸ ਦੀਆਂ ਸੇਵਾਦਾਰਨੀਆਂ ਉਸ ਦੇ ਵਾਲਾਂ ਨੂੰ ਦੋ ਲੱਛੇਦਾਰ ਜ਼ੁਲਫ਼ਾਂ ਵਿੱਚ ਸਜਾ
ਦਿੰਦੀਆਂ ਹਨ - ਇਧਰ ਜਦ ਬਲਿੰਡਾ ਹਾਰ ਸ਼ਿੰਗਾਰ ਕਰ ਰਹੀ ਹੁੰਦੀ ਹੈ ਉਧਰ Baron Petre ਵੀ
ਇਹ ਸੋਚ ਰਿਹਾ ਹੁੰਦਾ ਹੈ ਕੇ ਉਹ ਕਿਵੇਂ ਉਸ ਦੇ ਵਾਲਾਂ ਦੇ ਇੱਕ ਗੁੱਛੇ ਨੂੰ ਕੱਟ ਆਪਣੀਆਂ
ਅਨੇਕਾ ਪ੍ਰੇਮਿਕਾਵਾਂ ਦੀਆਂ ਪਿਆਰ ਨਿਸ਼ਾਨੀਆਂ ਵਜੋਂ ਇੱਕ ਜਿੱਤ ਦੇ ਤਗਮੇ ਵਜੋਂ ਸਜਾ ਲਵੇ।
ਔਰਤ ਉਸ ਲਈ ਇੱਕ ਜਿੱਤਣ ਵਾਲੀ ਸ਼ੈਅ ਹੈ। ਉਹ ਉਸ ਦੇ ਵਾਲ ਕੱਟ ਲੈਂਦਾ ਹੈ ਤੇ ਬਾਕੀ ਦੀ
ਕਵਿਤਾ ਵਿੱਚ ਇਸ ਗੱਲ ਨੂੰ ਲੈ ਕੇ ਉਨ੍ਹਾਂ ਦੇ ਵਿਚਲੀ ਆਪਸੀ ਲੜਾਈ ਨੂੰ ਦਰਸਾਇਆ ਗਿਆ ਹੈ।
ਵਾਲਾਂ ਦਾ ਇੰਝ ਕੱਟਿਆ ਜਾਣਾ, ਬਲਿੰਡਾ ਨੂੰ ਆਪਣੀ ਹੱਤਕ ਲੱਗਦੀ ਹੈ।
ਬਲਿੰਡਾ ਨੇ Baron Petre ਦੇ ਵਿਆਹ ਪ੍ਰਸਤਾਵ ਨੂੰ ਠੁਕਰਾਇਆ ਹੁੰਦਾ ਹੈ ਤੇ ਪੋਪ ਨੂੰ ਇਹ
ਗੱਲ ਹਜ਼ਮ ਕਰਨੀ ਔਖੀ ਲੱਗਦੀ ਹੈ ਕਿ ਭਲਾ ਇੱਕ ਔਰਤ ਇੰਨੇ ਚੰਗੇ ਸ਼ਾਹੀ ਘਰਾਣੇ ਵਿਚੋਂ ਆਏ
ਪ੍ਰਸਤਾਵ ਨੂੰ ਕਿਵੇਂ ਠੁਕਰਾ ਸਕਦੀ ਹੈ। ਟੀਚਰ ਨੇ ਇਸ ਕਾਵਿ ਨੂੰ ਕੁੜੀਆਂ ਨਾਲ ਸਮਾਜ ਵਿੱਚ
ਹੋ ਰਹੀ ਛੇੜ੍ਹਖਾਨੀ ਦੀ ਪਰੇਸ਼ਾਨੀ ਨਾਲ ਜੋੜ ਕੇ ਪੜ੍ਹਣ ਤੇ ਸੋਚਣ ਲਈ ਆਖਿਆ । ਇਸ ਕਵਿਤਾ
ਵਿੱਚ - ਇਨ੍ਹਾਂ ਵਾਲਾਂ ਦੇ ਕੱਟਣ ਨੂੰ ਬਲਾਤਕਾਰ ਦੇ ਬਿੰਬ ਨਾਲ ਜੋੜਿਆ ਹੋਇਆ ਹੈ - ਜਮਾਤ
ਦੇ ਮੁੰਡਿਆਂ ਕੁੜੀਆਂ ਦੀਆਂ ਅੱਡ ਅੱਡ ਰਾਏ ਸੀ ਇਸ ਬਾਰੇ - ਮੁੰਡਿਆਂ ਦਾ ਆਖਣਾ ਸੀ ਕਿ
ਬਲਿੰਡਾ ਦਾ ਹਾਰ ਸ਼ਿੰਗਾਰ ਕਰ ਕੇ ਖੂਬਸੂਰਤੀ ਨਾਲ ਸਜਣਾ ਉਤੇਜਨਾ ਭਰਿਆ ਸੀ - ਉਹ ਚਾਹੁੰਦੀ
ਸੀ ਕਿ ਉਸ ਨਾਲ ਇਸ ਤਰ੍ਹਾਂ ਹੋਵੇ ਤੇ ਕੁੜੀਆਂ ਦਾ ਆਖਣਾ ਸੀ ਕਿ ਬਲਿੰਡਾ ਭੋਲੀ ਤੇ ਕਮਜ਼ੋਰ
ਕੁੜੀ ਸੀ - ਪਰ ਕਿਸੇ ਤਰ੍ਹਾਂ ਕਵਿਤਾ ਤੇ ਹੋ ਰਹੀ ਬਹਿਸ ਦਾ ਰੁੱਖ ਬਦਲ ਗਿਆ - ਤੇ ਇਸ ਬਹਿਸ
ਤੇ ਸਿੱਖ ਕਤਲੇਆਮ ਦਾ ਰੰਗ ਤੇ ਅਸਰ ਸਾਫ਼ ਨਜ਼ਰ ਆ ਰਿਹਾ ਸੀ। ਕੀ ਬਲਿੰਡਾ ਦੇ ਵਾਲਾਂ ਦਾ
ਬਲਾਤਕਰ ਤੇ ਉਸ ਨਾਲ ਹੋਇਆ ਬੇਇਜ਼ਤੀ ਵਾਲਾ ਹਿੰਸਕ ਵਿਉਹਾਰ ਸਿਰਫ ਔਰਤਾਂ ਨਾਲ ਹੀ ਹੋ ਸਕਦਾ
ਹੈ ? ਕੀ ਇਸ ਤਰ੍ਹਾਂ ਦਾ ਹਿੰਸਕ ਵਿਉਹਾਰ ਆਦਮੀਆਂ ਨਾਲ ਮੁਮਕਿਨ ਨਹੀਂ ? ਬਹਿਸ ਵਾਲਾਂ ਤੇ
ਗਈ ਤਾਂ ਹੁਣ ਇਹ ਖੋਜ ਸ਼ੁਰੂ ਹੋ ਗਈ ਕਿ ਅੱਡ ਅੱਡ ਸਮਾਜ ਤੇ ਵੱਖ ਵੱਖ ਕਲਚਰ ਵਿੱਚ ਵਾਲਾਂ
ਦੀ ਕੀ ਅਹਿਮੀਅਤ ਸੀ ਜਦ ਅਚਾਨਕ ਹੀ ਉਸ ਦਾ ਇੱਕ ਸਟੂਡੇੰਟ ਬੋਲਿਆ ਕਿ ਉਸ ਲਈ ਇਸ ਦਾ ਮਤਲਬ
ਹੈ , ਸਵੈਮਾਣ , ਗੌਰਵ , ਖੁਦ ਦੀ ਪੱਛਾਣ , ਗੁਮਾਨ ਤੇ ਉਸ ਦਾ ਮਰਦਾਉਪੁਣਾ - ਹੁਣ ਇਹ ਬਹਿਸ
ਕਵਿਤਾ ਤੱਕ ਨਹੀਂ ਸੀ ਰਹੀ - ਹੁਣ ਉਹ ਸਾਰੇ ਨਿੱਜ ਦੇ ਦੁੱਖ ਤੇ ਆ ਗਏ ਸਨ - ਉਹ ਸਾਰੇ ਆਪਣੀ
ਗੱਲ , ਆਪਣੀ ਕਮਿਉਨਿਟੀ ਦੇ ਉਸ ਦੁੱਖ ਦੀ ਗੱਲ ਕਰ ਰਹੇ ਸਨ ਜੋ ਉਨ੍ਹਾਂ ਹੰਢਾਇਆ ਸੀ ਤੇ ਇਸ
ਕਵਿਤਾ ਰਾਹੀਂ ਰਸ਼ਮੀ ਉਨ੍ਹਾਂ ਦੇ ਦਿਲਾਂ ਤੱਕ ਪੁੱਜਣ ਵਿੱਚ ਸਫਲ ਹੋਈ।
ਇਸ ਕਹਾਣੀ ਨੇ ਮੇਰੇ ਦਿਲ ਤੇ ਬਹੁਤ ਅਸਰ ਪਾਇਆ, ਜਿਸ ਤਰ੍ਹਾਂ ਰਸ਼ਮੀ ਨੇ ਸਾਰੇ ਹਾਲਾਤਾਂ
ਨੂੰ ਪਰੱਖਿਆ ਸੀ ਹਰ ਗੱਲ ਤੋਂ ਉੱਪਰ ਉੱਠ ਕੇ ਉਹ ਕਾਬਿਲੇ ਤਾਰੀਫ਼ ਹੈ। ਇਸ ਪੂਰੀ ਗੱਲ ਬਾਤ
ਵਿੱਚ ਉਹ ਕਿਤੇ ਵੀ ਹਿੰਦੁਆਂ ਵਾਂਗ ਨਹੀਂ ਸੋਚਦੀ ਉਸ ਦੀ ਪੂਰੀ ਸੋਚ ਇੱਕ ਇਨਸਾਨ ਦੀ ਸੋਚ ਹੈ
ਤੇ ਧਰਮ ਦਾ ਤਾਂ ਵੀ ਇਹੀ ਕੰਮ ਹੁੰਦਾ ਹੈ ਇਨਸਾਨੀਅਤ ਨੂੰ ਜੋੜ ਇਨਸਾਨਾਂ ਵਾਂਗ ਵਿਚਰਨਾ।
ਸਾਹਿਤ ਹੁਣ ਸਿਰਫ ਸਾਹਿਤ ਹੀ ਨਹੀਂ ਸੀ ਰਹਿ ਗਿਆ - ਹੁਣ ਇਹ ਨਿੱਜ ਦੀ ਕਹਾਣੀ ਸੀ - ਨਿੱਜ
ਦਾ ਦਰਦ ਸੀ। ਉਸ ਕਵਿਤਾ ਨੂੰ ਲੈ ਕੇ ਹੁਣ ਹਰ ਕੋਲ ਆਪਣੇ ਆਪਣੇ ਨਵੇਂ ਸੁਆਲ ਸਨ। ਹੁਣ ਉਹ
ਬਾਰ ਬਾਰ ਪੁੱਛਦੇ ਆਖਿਰ ਕਰ ਕਵੀ ਨੇ ਬਲਿੰਡਾ ਤੇ ਬਲਾਤਕਾਰ ਨੂੰ ਇੰਨਾ ਮਾਮੂਲੀ ਕਿਓਂ ਲਿਆ ?
ਇਹ ਸਿਰਫ ਇੱਕ ਮਖੌਲ ਵਜੋਂ ਹੀ ਕਿਓਂ ਜਾਣਿਆ ਜਾਂਦਾ ਹੈ ? ਕੀ ਕਵੀ ਬਲਿੰਡਾ ਨਾਲ ਹੋ ਰਹੀ
ਹਿੰਸਾ ਨੂੰ ਸੁਭਾਵਿਕ ਦਿਖਾ ਕੇ ਇਸ ਨੂੰ ਜਾਇਜ਼ ਨਹੀਂ ਸੀ ਬਣਾ ਰਿਹਾ ? ਬਿਲਕੁਲ ਉਵੇਂ ਹੀ
ਜਿਵੇਂ ਸਰਕਾਰ ਨੇ ਸਿੱਖਾਂ ਨਾਲ ਹੋਈ ਹਿੰਸਾ ਨੂੰ ਸੁਭਾਵਿਕ ਆਖ ਕੇ ਜਾਇਜ਼ ਬਣਾ ਦਿੱਤਾ ਸੀ ।
ਤੇ ਸਭ ਤੋਂ ਵੱਡਾ ਸੁਆਲ ਉਨ੍ਹਾਂ ਦੇ ਸਾਹਮਣੇ ਜੋ ਉੱਭਰ ਕੇ ਆਇਆ ਸੀ ਉਹ ਇਹ ਸੀ ਕਿ , "
What is the role of poetic authority here ? What is the role of state
authority here ? ' ਤੇ ਉਨ੍ਹਾਂ ਦੇ ਇੰਨਾਂ ਸੁਆਲਾਂ ਨਾਲ ਮੈਂ ਆਪਣੇ ਬਾਰੇ ਸੋਚਣ ਲੱਗੀ
ਆਪਣੇ ਕਿੱਤੇ ਬਾਰੇ ਕਿ ਇਸ ਵਿੱਚ ਕਿੰਨੀ ਸ਼ਕਤੀ ਹੈ - ਤੇ ਕਿਵੇਂ ਇੱਕ ਟੀਚਰ ਆਪਣੇ ਬੱਚਿਆਂ
ਦੀ ਜ਼ਿੰਦਗੀ ਨੂੰ ਜਿਸ ਤਰ੍ਹਾਂ ਚਾਹੇ ਉਸੇ ਤਰ੍ਹਾਂ ਬਣਾ ਸਕਦਾ ਹੈ। ਤੇ ਇਹ ਵੀ ਕਿ ਇਹ
ਕਿੰਨੀ ਵੱਡੀ ਰੂਹਾਨੀ ਜ਼ੁੰਮੇਵਾਰੀ ਹੈ। ਇੱਕ ਪਲ ਲਈ ਤਾਂ ਇਸ ਸੋਚ ਤੇ ਮਾਣ ਜਿਹਾ ਵੀ ਆਇਆ
ਕਿ ਇੱਕ ਅਧਿਆਪਕ ਸਮਾਜ ਨੂੰ ਕਿਵੇਂ ਸੇਧ ਦੇ ਸਕਦਾ ਹੈ।
ਉਨ੍ਹਾਂ ਕੋਲ ਬਹੁਤ ਸੁਆਲ ਸਨ - ਭਾਵੇਂ ਸਾਰੇ ਜੁਆਬ ਉਨ੍ਹਾਂ ਕੋਲ ਨਹੀਂ ਸਨ। ਪਰ ਜੋ ਕੁਝ
ਵਾਪਰਿਆ ਤੇ ਜੋ ਸੁਆਲ ਜਾਂ ਜੁਆਬ ਉਨ੍ਹਾਂ ਨੂੰ ਮਿਲੇ, ਉਹ ਰਸ਼ਮੀ ਲਈ ਸ਼ਾਇਦ ਬਹੁਤ ਕੀਮਤੀ
ਸਨ । ਉਸ ਨੇ ਸਾਹਿਤ ਦਾ ਪੱਲਾ ਫੜ੍ਹ ਕੇ ਆਪਣੇ ਵਿਦਿਆਰਥੀਆਂ ਦੇ ਚਿਹਰਿਆਂ ਤੇ ਬੁੱਲ੍ਹਾਂ ਤੇ
ਜੰਮੀ ਹੋਈ ਚੁੱਪ ਨੂੰ ਕੁਝ ਪਿਘਲਾ ਲਿਆ ਸੀ ਤੇ ਸ਼ਾਇਦ ਉਸ ਦੇ ਆਪਣੇ ਦਰਦ ਨੂੰ ਵੀ ਕੁਝ ਰਾਹਤ
ਮਿਲ ਗਈ ਸੀ। ਲੋੜ ਹੈ ਅਸੀਂ ਆਪਸੀ ਫਰਕਾਂ ਨੂੰ ਸਮਝੀਏ, ਤੇ ਧਰਮਾਂ ਤੇ ਸਿਆਸੀ ਪ੍ਰੋਪੇਗੰਡੇ
ਤੋਂ ਉੱਚਾ ਉੱਠ ਸਹੀ ਸੁਆਲ ਕਰਨਾ ਸਿਖੀਏ। ਦੇਸ਼ ਦੇ ਕਿਸੇ ਵੀ ਕੋਨੇ ਵਿੱਚ ਜਦ ਕੋਈ ਮਾਸੂਮ
ਸਿਆਸੀ ਤੇ ਧਾਰਮਿਕ ਕਾਰਨਾਂ ਕਰ ਕੇ ਹਿੰਸਾ ਦੀ ਭੇਟਾ ਚੜ੍ਹਦਾ ਹੈ ਉਸ ਸਾਡੇ ਹੀ ਹੁੰਦੇ ਹਨ
ਤੇ ਉਹ ਅਸੀਂ ਹੀ ਹਾਂ ਤੇ ਅਸੀਂ ਹੀ ਮਰ ਰਹੇ ਹੁੰਦੇ ਹਾਂ।
ਇਸ ਸਾਰੇ ਕੁਝ ਤੋਂ ਅਸੀਂ ਬਹੁਤ ਕੁਝ ਸਿੱਖ ਸਕਦੇ ਹਾਂ - ਪਢ਼ਾਉਣ ਬਾਰੇ ਇੱਕ ਨਜ਼ਰੀਆ ਕਿ
ਕਿਵੇਂ ਕੋਈ ਚੰਗਾ ਟੀਚਰ ਅਜੋਕੇ ਸਮਾਜ ਵਿੱਚ ਹੋ ਰਹੀਆਂ ਗੱਲਾਂ ਨੂੰ ਸਾਹਿਤ ਨਾਲ ਜੋੜ ਕੇ
ਬੱਚਿਆਂ ਨੂੰ ਸੋਚਣ ਦਾ ਇੱਕ ਨਵਾਂ ਢੰਘ ਦੇ ਸਕਦਾ ਹੈ , ਕਿਵੇਂ ਅਸੀਂ ਇੱਕ ਦੂਜੇ ਦੇ ਨੇੜੇ
ਹੋ ਸਕਦੇ ਹਾਂ ਤੇ ਆਪਸੀ ਮਜ਼ਹਬੀ ਵਿਤਕਰੇ ਤੇ ਹੋਰ ਕਿਸਮਾਂ ਦੇ ਵਿਤਕਰੇ ਘਟਾ ਸਕਦੇ ਹਾਂ -
ਰਸ਼ਮੀ ਦੇ ਕਈ ਸੁਆਲਾਂ ਨੇ ਮੈਂਨੂੰ ਖੁਦ ਨੂੰ ਕਈ ਸੁਆਲ ਦਿੱਤੇ - ਅਸੀਂ 84 ਦੀਆਂ ਗੱਲਾਂ
ਕਰਨ ਵੇਲੇ ਉਨ੍ਹਾਂ ਹਿੰਦੂਆਂ ਨੂੰ ਭੁੱਲ ਜਾਂਦੇ ਹਨ ਜੋ ਪੰਜਾਬ ਵਿੱਚ ਬੇਕਸੂਰੇ ਮਾਰੇ ਗਏ -
47 ਵਿੱਚ ਵੀ ਕਤਲੇਆਮ ਹੋਇਆ ਸੀ ਕਿ ਇੱਕ ਇਲਾਕੇ ਵਿਚੋੰ ਇੱਕ ਮਜ਼ਹਬ ਦੇ ਲੋਕਾਂ ਨੂੰ ਮਾਰ ਕੇ
ਆਪਣਾ ਇੱਕ ਧਰਮ ਦਾ ਹੀ ਰਾਜ ਪੱਕਾ ਕਰੋ ਤੇ ਇਹੀ ਕੋਸ਼ਿਸ਼ ਫਿਰ 84 ਵਿੱਚ ਸਿਆਸੀ ਲੋਕਾਂ ਨੇ
ਪੈਦਾ ਕੀਤੀ ਹਾਲਾਂਕਿ ਇਹ ਲੋਕਾਂ ਦੀ ਮੰਗ ਨਹੀਂ ਸੀ - ਬਹੁਤ ਲੋੜ ਹੈ ਤੇ ਸਮੇਂ ਦੀ ਮੰਗ ਹੈ
ਕਿ ਅਸੀਂ ਸਾਰੇ ਰਸ਼ਮੀ ਵਾਂਗ ਹਰ ਤੰਗ ਦਿੱਲੀ ਤੋਂ ਉੱਪਰ ਉੱਠ ਕੇ ਸੋਚਣਾ ਸਿਖੀਏ।
ਨੋਟ : ਇਹ ਮੈਂ ਰਸ਼ਮੀ ਭਟਨਾਗਰ ਨਾਲ ਹੋਈ ਉਮਾ ਚਕਰਾਵਰਤੀ ਦੀ ਇੰਟਰਵਿਊ ਨੂੰ ਪੜ੍ਹ ਕੇ
ਲਿਖਿਆ ਹੈ। ਭਾਵੇਂ ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਕਿ ਰਸ਼ਮੀ ਦੇ ਮਾਨਸਿਕ ਸੰਤਾਪ
ਨੂੰ ਪੂਰੀ ਤਰ੍ਹਾਂ ਦਰਸ਼ਾ ਸਕਾਂ ਪਰ ਸ਼ਾਇਦ ਕਿਸੇ ਦੂਜੇ ਦੇ ਦਰਦ ਨੂੰ ਆਖ ਸਕਣਾ ਤੇ ਸਮਝ
ਸਕਣਾ ਇੰਨਾਂ ਆਸਾਨ ਨਹੀਂ ਹੁੰਦਾ। ਬੱਸ ਇੱਕ ਨਿਮਾਣੀ ਜਿਹੀ ਕੋਸ਼ਿਸ਼ ਕੀਤੀ ਹੈ। ਜਦ ਤੱਕ
ਰਸ਼ਮੀ ਵਰਗੇ ਲੋਕ ਹਨ ਉਦੋਂ ਤੱਕ ਆਸ ਹੈ।
-0- |