Welcome to Seerat.ca
Welcome to Seerat.ca

ਸੰਪਾਦਕੀ

 

- ਗੁਰਨਾਮ ਢਿੱਲੋਂ

ਸ਼ੁਰੂਆਤੀ ਦੌਰ ਦੀ ਗ਼ਦਰੀ ਕਵਿਤਾ (1915 ਦੇ ਅੱਧ ਤੋਂ ਪਹਿਲਾਂ ਵਾਲੀ ਕਵਿਤਾ) ਦੇ ਸਰੋਕਾਰ ਤੇ ਪ੍ਰੇਰਨਾ ਸਰੋਤ

 

- ਸਵਰਾਜਬੀਰ

ਢਾਹਾਂ ਅੰਤਰਰਾਸ਼ਟਰੀ ਪੰਜਾਬੀ ਗਲਪ-ਪੁਰਸਕਾਰ ਸਮੇਂ ਕੀਤਾ ਮੁਢਲਾ ਭਾਸ਼ਨ

 

- ਵਰਿਆਮ ਸਿੰਘ ਸੰਧੂ

ਅਲ੍ਹੜ ਬਲ੍ਹੜ ਬਾਵੇ ਦਾ

 

- ਜਸਬੀਰ ਭੁੱਲਰ

ਡੂੰਘੇ ਪਾਣੀ

 

- ਹਰਜੀਤ ਅਟਵਾਲ

ਸ਼ਾਹਕਾਰ ਕਹਾਣੀ / ਗਡੱਰੀਆ

 

- ਅਸ਼ਫ਼ਾਕ਼ ਅਹਮਦ

ਐਮਰਜੈਂਸੀ ਰੂਮ

 

- ਸੁਰਜੀਤ

ਦੋ ਗ਼ਜ਼ਲਾਂ

 

- ਮੁਸ਼ਤਾਕ

ਦੋ ਗ਼ਜ਼ਲਾਂ

 

- ਗੁਰਦਾਸ ਪਰਮਾਰ

ਸੰਤ ਰਾਮ ਉਦਾਸੀ ਦੀ 28ਵੀਂ ਬਰਸੀ ‘ਤੇ / ਲੋਕ ਕਾਵਿ ਦਾ ਮਘਦਾ ਸੂਰਜ ਸੰਤ ਰਾਮ ਉਦਾਸੀ

 

- ਪਿੰ੍. ਸਰਵਣ ਸਿੰਘ

ਮੁਲਾਕਾਤ : ਜਸਵੰਤ ਦੀਦ

 

- ਸੁਖਿੰਦਰ

ਗੁਰਦਿਆਲ ਸਿੰਘ ਦੇ ਖ਼ਤ

 

- ਬਲਦੇਵ ਸਿੰਘ ਧਾਲੀਵਾਲ

ਅੰਧ-ਵਿਸ਼ਵਾਸ ਦੀ ਪੌੜੀ ‘ਚ ਲਟਕੇ ਲੋਕ

 

- ਐਸ. ਅਸ਼ੋਕ ਭੌਰਾ

ਓਵਰ-ਟਾਈਮ

 

- ਚਰਨਜੀਤ ਸਿੰਘ ਪੰਨੂ

ਬੀਬੀ ਕੌਲਾਂ, ਕਾਜ਼ੀ ਤੇ ਕੌਲਸਰ

 

- ਗੱਜਣਵਾਲਾ ਸੁਖਮਿੰਦਰ ਸਿੰਘ

ਇਕ ਦੂਜੇ ਨੂੰ ਜਾਣੀਏਂ

 

- ਗੁਲਸ਼ਨ ਦਿਆਲ

ਆਦੀਵਾਸੀ ਭਾਸ਼ਾਵਾਂ ਅੱਗੇ ਹੀ ਹੋਂਦ ਬਣਾਈ ਰੱਖਣ ਦਾ ਗੰਭੀਰ ਸੰਕਟ

 

- ਡਾ. ਵੀਰ ਭਾਰਤ ਤਲਵਾਰ

ਖੇਤਰੀ ਭਾਸ਼ਾਵਾਂ ਦੇ ਮਸਲੇ ਉਰਦੂ ਦੇ ਸੰਦਰਭ ਵਿਚ

 

- ਡਾ. ਅਲੀ ਜਾਵੇਦ

ਆਪਣਾ ਹਿੱਸਾ-3

 

- ਵਰਿਆਮ ਸਿੰਘ ਸੰਧੂ

.....ਕਰਜੇ ਦਾ ਫੰਦਾ

 

- ਹਰਜਿੰਦਰ ਸਿੰਘ ਗੁਲਪੁਰ

ਦੋ ਕਵਿਤਾਵਾਂ

 

- ਦਿਲਜੋਧ ਸਿੰਘ

ਉੱਡਕੇ ਜਾਵੀਂ ਵੇ ਤੋਤਿਆ

 

- ਗੁਰਮੇਲ ਬੀਰੋਕੇ

ਔਰਤ

 

- ਅਮਰਦੀਪ ਸਿੰਘ ‘ਗੁਰੂ‘

ਸੱਚ । ਸਰੂਪਾ । ਰੰਗ

 

- ਉਂਕਾਰਪ੍ਰੀਤ

ਜੱਟ ਮਰ ਗਏ ਕਮਾਈਆਂ ਕਰਦੇ ਨੀ ਜੱਟੀਏ ਤੇਰੇ ਬੰਦ ਨਾ ਬਣੇ।

 

- ਕਰਨ ਬਰਾੜ

ਤਿੰਨ ਗ਼ਜ਼ਲਾਂ

 

-  ਗੁਰਨਾਮ ਢਿੱਲੋਂ

ਗੀਤ

 

- ਬੇਤਾਬ ਸੁਰਖਪੁਰੀ

 

Online Punjabi Magazine Seerat


ਬੀਬੀ ਕੌਲਾਂ, ਕਾਜ਼ੀ ਤੇ ਕੌਲਸਰ
- ਗੱਜਣਵਾਲਾ ਸੁਖਮਿੰਦਰ ਸਿੰਘ
 

 

ਗੁਰੁ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ  ਗੁਰੂ ਹਰਿਗੋਬਿੰਦ ਜੀ ਦੇ ਆਗਮਨ ਤੇ  ਵੱਡੀ ਸਿੱਖ ਕਰਾਂਤੀ ਦਾ ਆਵੇਸ਼ ਹੋਇਆ। ਗੁਰੂ ਸਾਹਿਬ ਨੇ ਪੀਰੀ ਦੇ ਨਾਲ ਮੀਰੀ ਦਾ ਸੰਕਲਪ  ਧਾਰਨ ਕਰਦਿਆਂ  ਅਧਿਆਤਮਕ- ਪਰਮਾਰਥਕ ਰੂਪੀ ਕਿਰਪਾਨ  ਦੇ ਨਾਲ , ਦੁਨਿਆਵੀ ਤੌਰ ‘ਤੇ ਜ਼ੁਲਮ ਦਾ ਟਾਕਰਾ ਕਰਨ ਲਈ ਸ਼ਕਤੀ ਦੀ ਪ੍ਰਤੀਕ ਮੀਰੀ ਦੀ ਕਿਰਪਾਨ ਸਜਾ ਲਈ।ਫਲਸਰੂਪ ਸ੍ਰੀ  ਅਕਾਲ ਤਖਤ ਦੀ ਸਥਾਪਨਾ ਹੋਈ ਤੇ   ਸ਼ਸਤਰਬੱਧ ਫੌਜ ਦੀ ਤਿਆਰੀ ਹੋਣ ਲੱਗੀ   , ਸੂਰਮੇ ਸ਼ਿਕਾਰ ਤੇ ਜਾਣ ਲੱਗੇ ; ਸ੍ਰੀ ਅੰਮ੍ਰਿਤਸਰ ਦੀ ਧਰਤੀ ‘ਤੇ ਘੋੜ ਸਵਾਰ ਘੁੰਮਣ ਫਿਰਨ ਲੱਗੇ ।ਛੇਂਵੇ ਪਾਤਸ਼ਾਹ ਨੇ ਗਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ , ਫਿਲਾਸਫੀ ਨੂੰ ਪਹਿਲੇ ਗੁਰੁ ਸਹਿਬਾਨ ਵਾਂਗ ਹੀ ਦ੍ਰਿੜ ਨਿਸ਼ਚੇ ਸਹਿਤ ਕਾਇਮ ਰੱਖਿਆ ਸੀ  ਪਰ ਮੀਰੀ  ਦਾ ਸੰਕਲਪ ਧਾਰਨ ਕਰਨਾ ਉਨ੍ਹਾ ਲਈ  ਸਮੇਂ ਦੀ ਲੋੜ, ਵਕਤ ਦੀ ਵੰਗਾਰ  ਦੀ ਉਪਜ ਬਣ ਗਈ ਸੀ ।ਮੁਗਲ ਸਾਮਰਾਜ ਨੂੰ ਇਹ  ਪਰਕਿਰਿਆ ਨਵੇਂ ਉਪਜਦੇ ਖਤਰੇ ਦਾ ਅਭਾਸ ਜਾਪੀ , ਨਤੀਜੇ ਵਜੋਂ  ਗੁਰੂ ਘਰ ਨੂੰ  ਮੁਗਲ ਸਾਮਰਾਜ ਦਾ ਭਾਰੀ ਵਿਰੋਧ ਸਹਿਣਾ ਪਿਆ।ਸਮੇਂ ਦਾ  ਸਮਕਾਲੀ ਲੇਖਕ ਜੁਲਫਕਾਰ ਅਰਧਿਸਤਾਨੀ ਲਿਖਦਾ ਹੈ -ਗੁਰੂ ਜੀ ਨੂੰ ਬਹੁਤ  ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਉਨ੍ਹਾਂ ਵਿਚੋਂ ਇਕ ਕਾਰਨ ਇਹ ਸੀ ਕਿ (ਗੁਰੂ ਜੀ ਨੇ) ਇਕ ਸਿਪਾਹੀ ਦਾ ਜੀਵਨ ਅਪਨਾ ਲਿਆ ਸੀ ; ਤਲਵਾਰ ਪਹਿਨ ਲਈ ਸੀ , ਹਥਿਆਰਬੰਦ ਸੈਨਿਕ ਰੱਖ ਲਏ ਸਨ  ਅਤੇ ਸ਼ਿਕਾਰ ਖੇਡਣਾ ਸ਼ੁਰੂ ਕਰ ਦਿੱਤਾ ਸੀ -।
 
ਸ੍ਰੀ ਅਕਾਲ ਤਖਤ ਦੀ ਰਚਨਾ ਤੋਂ ਬਾਅਦ ਗੁਰੂ ਸਾਹਿਬ ਨੇ ਭਰੇ ਦਰਬਾਰ  ਅੰਦਰ ਤਮਾਮ ਮਸੰਦਾਂ ਅਤੇ ਮੁਖੀ ਸਿੱਖਾਂ ਵੱਲ ਹੁਕਮਨਾਮਾ ਨਸ਼ਰ ਕਰ ਦਿੱਤਾ ਸੀ ਕਿ ਆਉਣ ਵਾਲੇ ਕੱਲ੍ਹ ਦਾ ਰੂਪ ਹੋਰ ਹੋਵੇਗਾ ; ਅੱਗੇ ਤੋਂ ਹਥਿਆਰ, ਘੋੜੇ ਸਿੱਖੀ ਦੀ ਸ਼ਾਨ ਹੋਣਗੇ  ; ਇਸ ਲਈ ਜੰਗੀ ਭੇਟਾਵਾਂ ਨੂੰ ਪਹਿਲ ਦਿੱਤੀ ਜਾਵੇ।
ਜੋ ਸਿਖ ਆਨਹਿ ਸ਼ਸਤ੍ਰ ਤੁਰੰਗਾ। ਹੋਏ ਖੁਸ਼ੀ ਗੁਰ ਕੀ ਸੁਖ ਸੰਗਾ ॥18॥ (1)
 
ਤਵਾਰੀਖ  ਗੁਰੂ ਖਾਲਸਾ ਦਾ ਕਰਤਾ  ਲਿਖਦਾ ਹੈ ਕਿ ਉਨਾਂ ਦਿਨਾਂ ਵਿਚ ਕਾਬਲ ਦਾ ਇਕ ਭਾਗ ਮੱਲ ਪਸ਼ੌਰੀਆ ਘੋੜਿਆਂ ਦਾ ਸੁਦਾਗਰ ਸੀ। ਉਹ ਕਾਬਲ ਵੱਲੋਂ ਘੋੜੇ ਖਰੀਦ ਕੇ ਲਿਆਂਉਂਦਾ ਤੇ ਅੱਗੇ ਮੁਗਲ  ਸਰਦਾਰਾਂ ਨੂੰ ਵੇਚ ਦਿੰਦਾ। ਇਸ ਵਾਰ ਉਸ ਨੇ ਕੁਝ ਘੋੜੇ ਖਰੀਦੇ ਸਨ  ਜਿਨ੍ਹਾ ਚੋਂ ਇਕ ਘੋੜਾ ਬਹੁਤ ਹੀ ਚੰਚਲ , ਵਧੀਆ ਨਸਲ  ਦਾ ਤੇ ਬਹੁਤ ਅਣਮੁੱਲਾ  ਸੀ ।ਉਸ ਨੇ ਮਨ ਵਿਚ ਧਾਰ ਲਿਆ ਕਿ ਇਹ ਘੋੜਾ ਮੈਂ ਗੁਰੂ ਸਾਹਿਬ ਦੇ ਦਰਬਾਰ ‘ਚ ਅਰਪਣ ਕਰਾਂਗਾ। ਜਦ ਉਹ ਘੋੜੇ ਲੈ ਕੇ ਕਾਬਲ ਵਲੋਂ ਚਲਦਾ ਚਲਦਾ  ਲਾਹੌਰ ਪਹੁੰਚਿਆ  ਤਾਂ  ਉਥੋਂ ਦੇ ਸੂਬੇਦਾਰ ਨੇ ਦੂਜੇ ਘੋੜਿਆਂ ਸਮੇਤ  ਉਹ ਘੋੜਾ ਵੀ ਜ਼ਬਰਦਸਤੀ ਮੁੱਲ ਲੈ ਲਿਆ ਜੋ ਉਚੇਚੇ ਤੌਰ ‘ਤੇ ਉਹ  ਗੁਰੂ ਜੀ ਵਾਸਤੇ ਲੈ ਕੇ ਚੱਲਿਆ ਸੀ। ਸੁਦਾਗਰ  ਦਾ ਕੋਈ ਵੱਸ ਨਾ ਚੱਲਿਆ ਤਾਂ  ਉਦਾਸ ਚਿਤ ਹੋਏ ਨੇ ਗੁਰੂ ਜੀ ਪਾਸ ਆਕੇ  ਅਰਜ਼ ਰੱਖੀ ਤੇ ਸਾਰੀ ਅਸਲੀਅਤ ਦੱਸ ਦਿਤੀ ।ਕੁਝ ਦਿਨਾਂ ਬਾਅਦ ਐਸਾ ਸਬੱਬ ਬਣਿਆ ਕਿ ਉਹ ਘੋੜਾ ਬਿਮਾਰ ਪੈ ਗਿਆ ਤੇ ਰਾਜ਼ੀ ਨਾ ਹੁੰਦਾ ਵੇਖ ਕੇ ਸੂਬੇਦਾਰ ਨੇ ਉਹ ਘੋੜਾ ਉਥੋਂ ਦੇ ਲਾਹੌਰ ਦੇ  ਕਾਜ਼ੀ ਰੁਸਤਮ ਖਾਨ ਕੋਲ ਠੀਕ ਹੋਣ ਲਈ ਛੱਡ ਦਿੱਤਾ।ਕਾਜ਼ੀ ਨੇ ਬਹੁਤ ਉਪਾਅ ਕੀਤੇ ਪਰ ਉਹ ਤੰਦਰੁਸਤ ਨਾ ਹੋ ਸਕਿਆ।(2)
 
ਉਨ੍ਹੀਂ ਦਿਨੀਂ ਗੁਰੂ ਹਰਿਗੋਬਿੰਦ ਸਾਹਿਬ ਗਵਾਲੀਅਰ  ਦੀ ਕੈਦ ਚੋਂ ਰਿਹਾ ਹੋ ਕੇ ਲਾਹੌਰ ਆਏ ਹੋਏ ਸਨ ਤੇ ਉਨ੍ਹਾ ਨੇ ਸ਼ਹਿਰ ਦੇ ਕੋਲ ਹੀ ਮੁਜੰਗ ਪਿੰਡ ਵਿਚ ਆਪਣੇ ਸੂਰਮਿਆ ਸਮੇਤ ਡੇਰਾ ਕੀਤਾ ਹੋਇਆ ਸੀ। ਕਾਜ਼ੀ ਰੁਸਤਮ ਖਾਨ ਜੋ ਕੌਲਾਂ ਦਾ ਪਿਤਾ ਸੀ ਉਸ ਦਾ ਘਰ ਵੀ ਗੁਰੂ ਸਾਹਿਬ ਦੇ ਡੇਰੇ ਦੇ ਲਾਗੇ ਹੀ  ਮੁਜੰਗ ਪਿੰਡ ਵਿਚ  ਸੀ ।  
 
ਕਾਜ਼ੀ ਨੇ ਉਸ ਬਿਮਾਰ ਘੋੜੇ ਦਾ ਬਹੁਤ ਇਲਾਜ ਕੀਤਾ ਪਰ ਉਹ ਕੀਮਤੀ ਘੋੜਾ  ਰਾਜ਼ੀ ਨਾ ਹੋਇਆ।ਇਕ ਦਿਨ ਉਹ ਘੋੜੇ ਨੂੰ  ਲੈ ਕੇ ਗੁਰੂ ਸਾਹਿਬ ਦੇ ਡੇਰੇ ਅੱਗੋਂ ਦੀ ਲੰਘ ਰਿਹਾ ਸੀ ਤਾਂ ਗੁਰੂ ਸਾਹਿਬ ਨੇ ਲੰਗੜਾ ਕੇ ਚਲਦੇ ਘੋੜੇ ਨੂੰ ਵੇਖ ਕੇ ਜਾਣਿਆ ਕਿ ਘੋੜਾ ਬਹੁਤ ਵਧੀਆ ਨਸਲ ਦਾ ਹੈ ਤੇ  ਡੀਲ ਡੋਲ ਵੀ ਬਹੁਤ ਸੁੰਦਰ ਹੈ। ਤਾਂ ਉਨ੍ਹਾ ਨੇ ਕਾਜ਼ੀ ਨੂੰ ਰੋਕ ਲਿਆ ਤੇ ਉਸ ਨੂੰ ਘੋੜਾ ਮੁੱਲ ਦੇਣ ਬਾਰੇ ਆਖਿਆ। ਕਾਜ਼ੀ ਨੇ ਸੋਚਿਆ ਇਸ ਘੋੜੇ ਨੇ ਬਚਣਾ ਤਾਂ ਹੈ ਨਹੀਂ। ਗੁਰੂ ਇਸ ਦੇ ਰੋਗ ਨੂੰ ਜਾਣ ਨਹੀਂ ਸਕੇ ਹਨ ਚਲੋ ਜਿੰਨੇ ਰੁਪਏ ਇਹ ਦਿੰਦੇ ਹਨ ਉਤਨੇ ਹੀ ਲੈ ਲੈਂਦੇ ਹਾਂ ਨਹੀਂ ਤਾਂ ਇਹ ਰਕਮ ਵੀ ਜਾਂਦੀ ਰਹੇਗੀ। ਉਹ ਘੋੜਾ ਗੁਰੂ ਜੀ ਨੂੰ ਦੇਣ ਲਈ ਰਾਜ਼ੀ ਹੋ ਗਿਆ।ਇਤਿਹਾਸ ਮੁਤਾਬਕ ਘੋੜੇ ਦਾ ਮੁੱਲ ਦਸ ਹਜ਼ਾਰ ਰੁਪਏ ਤਹਿ ਹੋ ਗਿਆ। ਗੁਰੁ ਜੀ ਨੇ ਰਕਮ ਬਾਅਦ ਵਿਚ ਅੰਮ੍ਰਿਤਸਰ ਜਾਣ ਤੇ ਦੇਣ ਦਾ ਇਕਰਾਰ  ਕਰ ਲਿਆ।
ਸੁਨਿ ਕਾਜ਼ੀ ਮਨਿ ਕੀਨਿ ਬਿਚਾਰ।-ਪ੍ਰਾਪਤਿ ਹਵੈ ਖਟ ਚਾਰ ਹਜ਼ਾਰ।
            ਬਚੈ ਨ ਘੋਰਾ ਰੋਗ ਦਬਾਯੋ।ਨਹੀਂ ਗੁਰ ਨੇ ਰੁਜ ਲਖਿ ਪਾਯੋ।37/16 (3)
 
ਮੁਗਲ ਪ੍ਰਸ਼ਾਸਨ ਵਿਚ ਕਾਜ਼ੀ ਦਾ ਰੋਲ ਬੜੇ ਉੱਚੇ ਮੁਰਾਤਬੇ ਵਾਲਾ ਹੁੰਦਾ ਸੀ। ਹਰ ਸੂਬੇ ਵਿਚ ਇਕ ਕਾਜ਼ੀ ਹੋਇਆ ਕਰਦਾ ਜੋ  ਲੋਕਾਂ ਦੇ ਫੈਸਲੇ ਕਰਦਾ।  ਉਸ ਦੀ ਸਹਾਇਤਾ ਲਈ ਮੁਫਤੀ ਨਿਯਤ ਹੁੰਦਾ ਸੀ ਜੋ  ਇਸਲਾਮੀ ਸਰ੍ਹਾ ਦੀ ਵਿਆਖਿਆ ਕਰਦਾ। ਅਕਬਰ ਰਾਜ ਵੇਲੇ  ਸਦਰ ਤੇ ਕਾਜ਼ੀ ਦਾ ਅਹੁਦਾ ਇਕੋ ਵਿਆਕਤੀ ਕੋਲ ਹੁੰਦਾ ਸੀ ; ਉਹ ਹੀ ਇਨਸਾਫ ਕਰਦਾ ਅਤੇ ਉਹ ਹੀ ਧਰਮ ਦੇ ਕਾਰਜ ਕਰਦਾ ਸੀ।(4)
 
ਕਾਜ਼ੀ ਰੁਸਤਮ ਖਾਨ ਦੀ ਬੇਟੀ ਜਿਸ ਦਾ ਨਾਮ ਕੌਲਾਂ ਸੀ  ਉਹ ਆਪਣੀ ਮਾਂ ਸਮੇਤ ਘਰੇ ਰਹਿੰਦੀ ਸੀ , ਉਹ ਜਵਾਨ ਉਮਰ ਵਿਚ ਸੀ।ਉਸ ਦੀ ਜ਼ਿਆਦਾਤਰ ਰੁਚੀ ਅਧਿਆਤਮਕਤਾ ਵੱਲ ਸੀ , ਉਹ  ਰੱਬ ਦੀ ਭਗਤੀ ਵਿਚ ਰੰਗੀ ਹੋਈ , ਕੁਰਾਨ  ਅਤੇ ਦੀਵਾਨ ਹਾਫਿਜ਼ ਆਦਿ ਦੀਆਂ ਕਿਤਾਬਾਂ ਪੜ੍ਹਦੀ ਰਹਿੰਦੀ ।ਸ. ਕਰਮ ਸਿੰਘ ਹਿਸਟੋਰੀਅਨ ਆਦਿ ਇਤਿਹਾਸਕਾਰਾਂ ਦਾ ਮੱਤ ਹੈ ਕਿ ਇਹ ਕੌਲਾਂ ਲਾਹੌਰ ਦੇ ਇਸ ਕਾਜ਼ੀ ਰੁਸਤਮ ਖਾਨ  ਦੀ ਅਸਲ ਲੜਕੀ ਨਹੀਂ ਸੀ ।ਉਸ ਨੇ ਛੋਟੀ ਉਮਰ ਦੀ ਲੜਕੀ   ਕੌਲਾਂ ਨੂੰ ਕਨੀਜ਼ ਵਜੋਂ  ਰੱਖਿਆ ਹੋਇਆ ਸੀ ਜੋ ਹਿੰਦੂ ਘਰਾਣੇ ਨਾਲ ਸੰਬੰਧਤ ਸੀ ।ਮੁਗਲ ਕਾਲ ਵੇਲੇ  ਵੱਡੇ ਅਹੁਦੇਦਾਰ ਤੇ ਕਾਜ਼ੀ ਵਗੈਰਾ ,ਲੜਕੀਆਂ  ਨੂੰ ਗੋਲੀ ,ਬਾਂਦੀ ਜਾਂ ਕਨੀਜ਼  ਵਜੋਂ ਆਪਣੇ ਕੋਲ ਰੱਖ ਲੈਂਦੇ ਸਨ। ਉਸ ਵੇਲੇ ਦੇ ਇਸਲਾਮੀ ਕਨੂੰਨ ਅਨੁਸਾਰ ਕਿਸੇ ਗੋਲੀ , ਬਾਂਦੀ ਨੂੰ ਆਪਣੇ ਮਾਲਕ ਨੂੰ ਛੱਡ ਜਾਣ ਦੀ ਆਗਿਆ ਨਹੀ ਸੀ।ਕੌਲਾਂ ਬੀਬੀ ਨੂੰ  ਕਾਜ਼ੀ  ਨੇ ਹਿੰਦੂ ਪਰਿਵਾਰ ਚੋਂ ਚੁਰਾ ਕੇ ਜ਼ਬਰਦਸਤੀ ਆਪਣੇ ਘਰ ਰੱਖਿਆ ਸੀ।ਇਹ ਵੀ ਧਾਰਨਾ ਪਾਈ ਜਾਂਦੀ ਹੈ ਕਿ ਕਾਜ਼ੀ ਨੇ  ਛਲ ਕਪਟ ਨਾਲ  ਹਿੰਦੂ ਲੜਕੀ ਕੌਲਾਂ ਨੂੰ ਗੋਦ ਲਿਆ ਸੀ ਪਰ ਉਸ ਨੇ ਉਸ ਨਾਲ  ਬੱਚੀ(ਧੀ) ਵਰਗਾ ਵਿਹਾਰ ਨਹੀ ਕੀਤਾ ਸੀ ਸਗੋਂ ਕੁੱਟਮਾਰ ਕੀਤੀ ਅਤੇ ਤਸੀਹੇ  ਦਿਤੇ। ਕੌਲਾਂ ਜਦ ਛੋਟੀ ਉਮਰ ਦੀ ਬੱਚੀ ਸੀ ਤਾਂ ਕਾਜ਼ੀ ਨੇ ਉਸ ਨੂੰ ਇਸਲਾਮ ਦੀ ਤਾਲੀਮ ਦਿੱਤੀ ਤੇ ਫਿਰ ਉਚੀ ਵਿਦਿਆ ਹਾਸਲ ਕਰਨ ਲਈ ਉਸ ਵੇਲੇ ਦੇ ਬਹੁਤ ਹੀ ਮਕਬੂਲ ਦਰਵੇਸ਼ ਸੂਫੀ ਸੰਤ ਸਾਈ ਮੀਆਂ ਮੀਰ  ਕੋਲ ਭੇਜਣਾ ਸ਼ੁਰੂ ਕੀਤਾ।ਸਾਈਂ ਮੀਆਂ ਮੀਰ ਜੋ ਸਭ ਧਰਮਾਂ ਦੀ ਕਦਰ ਕਰਨ ਵਾਲੇ ਸਨ ਉਨ੍ਹਾਂ ਦੀਆਂ ਗੁਰੂ ਅਰਜਨ ਦੇਵ ਜੀ ਨਾਲ ਬਹੁਤ  ਮਜਲਸਾਂ ਹੋਈਆਂ ਤੇ ਧਰਮ ਸਬੰਧੀ ਗਹਿਰੇ ਵਿਚਾਰ ਵਿਟਾਂਦਰੇ ਹੋਏ  ਸਨ ।ਉਨ੍ਹਾ ਦੀ ਗੁਰੂ ਘਰ ਨਾਲ ਲਗਾਉ   ਤੇ  ਨਿਸ਼ਠਾ ਬਹੁਤ ਵਧ ਚੁੱਕੀ ਸੀ। ਗੁਰੂ ਸਾਹਿਬ ਨਾਲ ਅਧਿਆਤਮਕ  ਚਰਚਾਵਾਂ ਕਰਕੇ ਤੇ ਗੁਰਬਾਣੀ ਸੁਣ ਸੁਣ ਕੇ  ਸਾਈਂ ਜੀ  ਦੇ ਮੁੱਖ ‘ਤੇ ਵੀ ਗੁਰਬਾਣੀ ਦੇ ਸ਼ਬਦ  ਚੜ੍ਹ ਗਏ ਸਨ।  ਜਦ  ਉਹ ਗੁਰਬਾਣੀ ਦੇ ਹਵਾਲੇ ਨਾਲ ਆਪਣੇ ਮੁਰੀਦਾਂ ਸ਼ਗਿਰਦਾਂ ਨੂੰ ਉਪਦੇਸ਼ ਦਿੰਦੇ ਤਾਂ ਕੌਲਾਂ ਜੋ ਉਨ੍ਹਾ ਦੇ ਦਰਬਾਰ ਵਿਚ ਬੈਠੀ ਹੁੰਦੀ ਉਸ ਨੂੰ ਵੀ ਸਾਈਂ ਮੀਆਂ ਮੀਰ ਜੀ ਦੇ ਮੁੱਖੋਂ ਉਚਰੀਆਂ ਗੁਰਬਾਣੀ ਦੀਆਂ ਤੁਕਾਂ ਜ਼ੁਬਾਨੀ ਚੇਤੇ ਹੋ ਗਈਆਂ ਸਨ। ਕੌਲਾਂ, ਸਾਈ ਮੀਆਂ ਮੀਰ ਦੀ ਪੱਕੀ ਸ਼ਰਧਾਲੂ ਸ਼ਗਿਰਦ ਬਣ ਚੁੱਕੀ ਸੀ।                   
 
ਉਧਰ ਗੁਰੂ ਸਾਹਿਬ ਦਾ  ਉਤਾਰਾ ਮੁਜੰਗ ਦੇ ਇਲਾਕੇ ਵਿਚ ਸੀ ਜੋ ਕਾਜ਼ੀ ਦੇ ਘਰ ਦੇ ਨੇੜੇ ਹੀ ਸੀ । ਬੀਬੀ ਕੌਲਾਂ ਨੇ  ਉਦੋਂ ਸਿੱਖਾਂ ਨੂੰ ਉਥੇ ਰੋਗੀਆਂ ਦੀ ਸੇਵਾ ਕਰਦੇ ਹੋਏ ਵੇਖਿਆ ਤਾਂ ਉਹ ਸਿੱਖਾਂ ਦੀ ਘਨੇਰੀ ਸ਼ਰਧਾ ਵੇਖ ਕੇ  ਬਹੁਤ ਪ੍ਰਭਾਵਿਤ ਹੋਈ ।ਸਾਈਂ ਮੀਆਂ ਮੀਰ ਜੀ ਗੁਰੂ ਸਾਹਿਬ ਕੋਲ ਆਉਂਦੇ ਤਾਂ ਬੀਬੀ ਕੌਲਾਂ ਵੀ ਸਾਈਂ ਜੀ ਨਾਲ ਜਾਇਆ ਕਰਦੀ ਤੇ  ਗੁਰੂ ਦੀ ਸੰਗਤ ਵਿਚ ਬੈਠਦੀ।ਉਧਰ ਕਾਜ਼ੀ ਰੁਸਤਮ ਖਾਨ ਨੂੰ ਜਦ ਪਤਾ ਲੱਗਾ  ਕਿ ਲੜਕੀ ਕੌਲਾਂ,  ਗੁਰੂ ਦਰਬਾਰ ਵਿਚ ਨਿਰੰਤਰ ਜਾਂਦੀ ਹੈ ,ਉਨ੍ਹਾਂ ਦੇ ਉਪਦੇਸ਼ ਗ੍ਰਹਿਣ ਕਰਦੀ ਹੈ, ਗੁਰਬਾਣੀ ਦਾ ਇਸ ਉਪਰ ਗਹਿਰਾ ਅਸਰ ਹੈ  ਤਾਂ ਉਸ ਨੂੰ ਕੌਲਾਂ ਦਾ  ਉਥੇ ਜਾਣਾ ਚੰਗਾ ਨਾ ਲੱਗਿਆ।ਤਵਾਰੀਖ ਗੁਰੂ ਖਾਲਸਾ ਦਾ ਕਰਤਾ ਲਿਖਦਾ ਹੈ ; ਕੌਲਾਂ ਨੂੰ  ਗੁਰੂ ਸਾਹਿਬ ਦੇ ਦਰਬਾਰ  ‘ਚ ਜਾਂਦਿਆ ਵੇਖ ਕੇ ਕਾਜ਼ੀ ਵਧੇਰੇ ਖਿਝ ਗਿਆ ਤੇ ਕੌਲਾਂ ਨੂੰ ਵਰਜਦੇ  ਹੋਏ ਉਸ ਨੇ ਆਖਿਆ -ਤੂੰ ਹਿੰਦੂਆਂ ਦੀ ਬਾਣੀ ਨਾ ਪੜ੍ਹਿਆ ਕਰ, ਇਹ ਸ਼ਰ੍ਹਾ ਦੇ ਉਲਟ ਹੈ ਇਸਲਾਮ ਦੇ ਵਿਰੁੱਧ ਹੈ-। ਤੁੰ ਸ਼ਰਾ ਮੁਹੰਮਦੀ ਦੇ ਅਨੁਸਾਰ  ਕਤਲ ਕਰਨ ਯੋਗ ਹੋਵੇਂਗੀ। ਸ਼ਰਾ ਦਾ ਹੁਕਮ ਹੈ ਜੋ ਕੋਈ ਹਿੰਦੂ ਦੀ ਬਾਣੀ ਪੜ੍ਹਦਾ ਹੈ  ਉਹ ਕਤਲ ਕਰਨ ਦੇ ਯੋਗ ਹੈ।(5) ਪਰ ਕੌਲਾਂ ਦੀ ਗੁਰੂ ਘਰ ਨਾਲ  ਅਥਾਹ ਸ਼ਰਧਾ ਸੀ , ਪਰਮ ਪ੍ਰੀਤੀਵਾਨ ਸੀ।
ਕਾਜ਼ੀ ਸੁਤਾ ਕਵਲ ਦੇ ਨਾਮ।ਗੁਰ ਕੋ ਸਿਮਰੈ ਆਠੌ ਜਾਮ। 184 (6)
 
ਉਹ ਕਾਜ਼ੀ ਦੇ ਆਖੇ ਨਾ ਲੱਗੀ। ਕਾਜ਼ੀ ਨੇ ਜਦ ਆਪਣੇ ਆਪ ਨੁੰ ਬੇਵੱਸ ਹੋਇਆ ਜਾਣਿਆ ਅਤੇ ਗੱਲ ਬਹੁਤ ਹੀ ਵਧ ਗਈ ਜਾਣੀ ਤਾਂ ਗੁੱਸੇ ‘ਚ ਆ ਕੇ ਉਸ ਨੇ  ਹੋਰਨਾਂ ਕਾਜ਼ੀਆਂ ਕੋਲੋਂ ਕੌਲਾਂ ਨੂੰ ਗੈਰ ਇਸਲਾਮੀ ਧਰਮ ਨੂੰ ਮੰਨਣ ਕਰਕੇ , ਉਸ ਨੂੰ ਮਾਰਨ ਦਾ ਫਤਵਾ ਜਾਰੀ ਕਰਵਾ ਦਿੱਤਾ। ਇਸ ਫਤਵੇ ਦੀ ਖਬਰ ਸੁਣ ਕੇ ਕੌਲਾਂ ਦੀ ਮਾਂ ਦਾ ਦਿਲ ਦਹਿਲ ਗਿਆ ਤੇ ਉਸ ਨੇ ਕੌਲਾਂ ਨੂੰ ਸਾਈਂ ਮੀਆਂ ਮੀਰ  ਪਾਸ ਪਹੁੰਚਾ ਦਿੱਤਾ।ਤਵਾਰੀਖ ਗੁਰੂ ਖਾਲਸਾ ਦਾ ਕਰਤਾ  ਲਿਖਦਾ ਹੈ ਕਿ ਜਦ ਕੌਲਾਂ ਨੂੰ ਸਾਈਂ ਜੀ ਪਾਸ ਭੇਜ ਦਿਤਾ ਤਾਂ  ਸਾਈ ਮੀਆਂ ਮੀਰ ਜੀ ਨੂੰ ਫਤਵੇ ਤੋਂ ਬਚਾਉਣ  ਵਾਸਤੇ ਕੌਲਾਂ ਲਈ  ਸੱਭ ਤੋਂ ਸੁਰੱਖਿਅਤ ਤੇ ਸ਼੍ਰੇਸ਼ਟ ਸਥਾਨ ਗੁਰੂ ਸਾਹਿਬ ਦੀ ਸ਼ਰਨ ਲੱਗਿਆ।ਉਨਾਂ ਨੇ ਆਪਣੇ ਚੇਲੇ ਅਬਦੁੱਲਾ ਖਾਨ ਦੀ ਡਿਉਟੀ ਲਾ ਦਿਤੀ।ਕੌਲਾਂ ਨੇ ਤੁਰੰਤ ਆਪਣੀਆਂ ਕੀਮਤੀ ਵਸਤਾਂ ਜਵਾਹਰਾਤ ਆਦਿ ਸੰਭਾਲੀਆਂ ਤੇ ਜਾਣ ਲਈ ਤਿਆਰ ਹੋ ਗਈ ।(7)।ਸਾਈਂ ਮੀਆਂ ਮੀਰ ਦਾ ਹੁਕਮ ਮੰਨ ਕੇ ਅਬਦੁੱਲਾ ਯਾਰ ਖਾਨ, ਘੋੜੇ ਤੇ ਬਿਠਾ ਕੇ ਬੜੀ ਹਿਫਾਜਤ ਸਹਿਤ  ਬੀਬੀ ਕੌਲਾਂ ਨੂੰ ਲੈ ਕੇ,  ਗੁਰੂ ਸਾਹਿਬ ਪਾਸ ਅੰਮ੍ਰਿਤਸਰ ਪਹੁੰਚ ਗਿਆ ਤੇ ਜਾ ਬੇਨਤੀ ਕੀਤੀ - ਗੁਰੂ ਜੀ !ਸਾਈਂ ਮੀਆਂ ਮੀਰ ਜੀ ਦਾ ਪੈਗਾਮ  ਹੈ - ਕੌਲਾਂ ਤੁਹਾਡੀ ਸ਼ਰਨ ਵਿਚ ਆਈ ਹੈ ;ਇਸ ਦੀ ਜਾਨ ਬਚਾਉਣਾ ਤੁਹਾਡਾ,ਸਾਡਾ ਧਰਮ ਹੈ ; ਮੈਂ ਕੌਲਾਂ ਨੂੰ ਆਪਣੇ ਪਾਸ ਨਹੀਂ ਰੱਖ ਸਕਦਾ ਕਿਉਂਕਿ ਕਾਜ਼ੀਆਂ ਦਾ ਫਤਵਾ ਲੱਗ ਚੁੱਕਾ ਹੈ। ਮੇਰੇ ਕੋਲੋਂ ਬੀਬੀ ਕੌਲਾਂ ਨੂੰ ਬਾਦਸ਼ਾਹ ਦੇ ਆਦਮੀ ਲੈ ਜਾਣਗੇ। ਜਦਕਿ ਆਪ ਉਪਰ ਬਾਦਸ਼ਾਹ ਦਾ ਕੋਈ ਵੱਸ ਨਹੀਂ  ਚੱਲੇਗਾ-।(8)
 
ਕੌਲਾਂ ਜਦ ਗੁਰੂ ਸਾਹਿਬ ਪਾਸ ਅ੍ਰੰਮਿਤਸਰ ਪਹੁੰਚ ਗਈ ਤਾਂ ਸਾਈ ਮੀਆਂ ਮੀਰ ਦੇ ਸੰਦੇਸ਼ ਨੂੰ ਸਿਰ ਮੱਥੇ ਮੰਨਦੇ  ਹੋਏ ਗੁਰੂ ਸਾਹਿਬ ਨੇ ਕੌਲਾਂ ਦੇ ਰਹਿਣ ਅਤੇ ਖਾਣ ਪੀਣ ਦੇ ਉਚਿੱਤ ਪ੍ਰਬੰਧ ਕਰ ਦਿੱਤੇ। ਉਨ੍ਹਾਂ ਨੇ ਆਪਣੇ ਨਿਜੀ ਮਹਿਲਾਂ ਤੋ ਕੁਝ ਦੂਰੀ ‘ਤੇ  ਫੁੱਲਾਂ ਵਾਲੀ ਢਾਬ ਕੋਲ ਰਹਿਣ ਲਈ ਸਿੱਖਾਂ ਨੂੰ ਕਹਿ ਕੇ ਨਿਵਾਸ ਸਥਾਨ  ਤਿਆਰ ਕਰਵਾ ਦਿਤਾ ਅਤੇ ਸੁਰੱਖਿਆ ਵਜੋਂ ਸੂਰਮਿਆਂ ਦਾ ਪਹਿਰਾ ਬਿਠਾ ਦਿਤਾ। ਤਾਵਰੀਖ ਗੁਰੂ ਖਾਲਸਾ ਦੇ ਕਰਤਾ ਅਨੁਸਾਰ ਬੀਬੀ ਕੌਲਾਂ ਦੀ ਰਖਵਾਲੀ ਆਪਣੇ ਬਹੁਤ ਹੀ ਬਲਵਾਨ ਜਰਨੈਲ ਪੈਂਦੇ ਖਾਨ ਪਠਾਣ ਦੇ ਸਪੁਰਦ  ਕਰ ਦਿੱਤੀ ਗਈ (9)।ਗੁਰੂ ਸਾਹਿਬ ਨੇ ਕੌਲਾਂ ਨੂੰ ਧੀਰਜ ਧਰਵਾ ਦਿਤਾ ਕਿ ਉਹ  ਬੇਖੌਫ ਹੋ ਕੇ ਰਹੇ, ਉਸ ਦੀ ਜਾਨ ਨੂੰ ਇਥੇ ਕੋਈ ਖਤਰਾ ਨਹੀਂ  ਹੈ।
 
ਗੁਰੂ ਸਾਹਿਬ ਵਾਸਤੇ ਇਕ ਪਰਉਪਕਾਰੀ ਕਾਰਜ ਕਰਨ ਦੇ ਨਾਲ ਨਾਲ  ਸਾਈਂ ਮੀਆਂ ਮੀਰ ਜੀ ਦੇ ਸੰਦੇਸ਼ ਨੂੰ ਸਵੀਕਾਰ ਕਰਨਾ ਬਹੁਤ ਹੀ ਅਵੱਸ਼ਅਕ  ਬਣਦਾ ਸੀ ਕਿਉਂ ਕਿ ਸਾਈਂ ਜੀ ਦਾ  ਗੁਰੁ ਘਰ ਨਾਲ ਬਹੁਤ ਹੀ ਗਹਿਰਾ ਤੇ ਪਵਿੱਤਰ ਰਿਸਤਾ  ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੇ ਵੇਲੇ ਤੋਂ ਹੀ ਸਥਾਪਤ ਹੋ ਚੁੱਕਿਆ ਸੀ।ਦੋਨਾਂ ਦਾ ਆਪਸੀ ਅਧਿਆਤਮਕ ਸਨੇਹ ਰਿਹਾ ਸੀ ।ਗੁਰੂ ਸਾਹਿਬ ਤੇ ਸਾਈਂ ਜੀ ਲਾਹੌਰ ,ਅੰਮ੍ਰਿਤਸਰ ਇਕ ਦੂਜੇ ਨੂੰ ਮਿਲਦੇ  ਤੇ ਧਾਰਮਿਕ ਵਿਚਾਰਾਂ ਕਰਦੇ ਰਹਿੰਦੇ ।ਸੰਨ 1588  ਨੂੰ ਜਦ ਗੁਰੂ ਅਰਜਨ ਦੇਵ ਜੀ ਦੇ ਮਨ ਵਿਚ ਅਧਿਆਤਮਕ ਮੁਕੱਦਸ  ਸਥਲ ਸ੍ਰੀ ਹਰਿਮੰਦਰ ਸਾਹਿਬ ਦੀ ਰਚਨਾ ਕਰਨ ਦਾ ਖਿਆਲ ਆਇਆ ਸੀ ਤਾਂ ਉਨ੍ਹਾ ਨੇ  ਇਸ ਸ਼ਰੇਸ਼ਟ ਮੁਕਾਮ ਦਾ ਨੀਂਹ ਪੱਥਰ ਰੱਖਣ ਲਈ ਇਸਲਾਮੀ ਤਸੱਵੁਫ ਦੇ ਅਹਲ ਏ  ਇਲਮ ਹਜ਼ਰਤ ਸਾਈਂ ਮੀਆਂ ਮੀਰ  ਦਾ ਨਾਮ ਪ੍ਰਥਮ ਸਥਾਨ ਤੇ ਜਾਣਿਆ ਸੀ ਤੇ  ਇਸ ਕਾਰਜ ਲਈ ਗੁਰੂ ਸਾਹਿਬ ਖੁਦ ਸਾਈਂ ਮੀਆਂ ਮੀਰ ਜੀ ਨੁੰ ਲੈਣ ਲਈ ਲਾਹੌਰ ਗਏ।ਉਨਾਂ ਨੇ ਆ ਕੇ ਆਪਣੇ ਮੁਬਾਰਕ ਹੱਥਾਂ ਨਾਲ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਰੱਖੀ।(10)
 
ਏਸੇ ਤਰ੍ਹਾਂ ਜਦ ਗੁਰੂ ਅਰਜਨ ਦੇਵ ਜੀ ਨੂੰ  ਮੁਗਲ ਸਰਕਾਰ ਦੁਆਰਾ  ਤਸੀਹੇ ਦਿੱਤੇ ਜਾ ਰਹੇ  ਸਨ  ਤਾਂ ਉਸ ਵੇਲੇ ਸਾਈਂ ਮੀਆਂ ਮੀਰ ਜੀ ਨੇ  ਬਹੁਤ ਦੁੱਖ ਮੰਨਿਆ ਸੀ ।  ਅਤਿ ਦੁਖਦਾਈ ਖਬਰ ਸੁਣ ਕੇ ਸਾਈਂ ਮੀਆਂ ਮੀਰ  ਉਸੀ ਵਕਤ ਉਠ ਖਲੋਤੇ ਤੇ ਲੱਗੀਆਂ ਪਬੰਦੀਆਂ ਦੀ  ਪ੍ਰਵਾਹ ਨਾ ਕਰਦੇ ਹੋਏ  ਓਥੇ ਗਏ ਜਿਥੇ ਗੁਰੂ ਸਾਹਿਬ ਨੂੰ ਤਸੀਹੇ ਦਿਤੇ ਜਾ ਰਹੇ ਸਨ। ਜਾ ਕੇ ਮੀਆਂ ਮੀਰ ਜੀ ਨੇ ਆਪਣੀ ਸਮਰਥਾ ਅਨੁਸਾਰ ਮਦਦ ਕਰਨ ਦੀ  ਗੁਰੂ ਸਾਹਿਬ ਅੱਗੇ ਅਰਜ਼  ਕੀਤੀ । ਆਪ ਜੀ ਦਾ ਹੁਕਮ ਹੋਵੇ ਮੈਂ ਦੁਸ਼ਟਾਂ ਨੂੰ ਇਸ ਕੁਕਰਮ ਦਾ ਫਲ ਦੇਵਾਂ (11)- ਗੁਰੂ ਜੀ ਤੁਸੀਂ ਕਿਉਂ ਐਨਾ ਦੁਖ ਸਹਿਨ ਕਰ ਰਹੇ ਹੋ ?
 
ਹਤਹਿ ਦੁਸਟ ਕੋ ਬਿਲਮ ਨ ਲਾਵੈਂ।ਆਗਯਾ ਤਨਕ ਆਪ ਕੀ ਪਾਵੈਂ ।
ਕਯੌਂ ਇਤਨੇ ਦੁਖ ਸਹਹੁ ੁਸਾਈ। ਗੁਰੂ ਜੀ ਤੁਸੀਂ ਕਿਉਂ ਐਨਾ ਦੁਖ ਸਹਿਨ ਕਰ ਰਹੇ ਹੋ ? (12)
 
ਪਰ ਗੁਰੂ ਜੀ ਨੇ ਫਰਮਾਇਆ - ਆਪ ਸਾਡੀ ਚਿੰਤਾਂ ਛੱਡੋ  ਜੋ ਕੁਝ  ਹੋ ਰਿਹਾ ਰੱਬ ਦੀ ਰਜ਼ਾ ਵਿਚ ਹੈ  ਆਪ ਰੱਬੀ ਭਾਣੇ ਨੂੰ ਵਾਪਰਨ ਦਿਉ ।
 
ਫਿਰ ਗੁਰੂ ਅਰਜਨ ਦੇਵ ਜੀ ਸ਼ਹਾਦਤ ਤੋਂ ਬਾਅਦ ਛੇਵੇਂ ਗੁਰੂ ਸਾਹਿਬ ਜੀ ਜਦ ਛੋਟੀ ਉਮਰ ਦੇ ਸਨ ਤਾਂ ਉਨ੍ਹਾਂ  ਨਾਲ ਉਸ ਵੇਲੇ ਵੀ ਸਾਈਂ ਮੀਆਂ ਮੀਰ ਜੀ ਦੀ ਨਿੱਘੀ ਨੇੜਤਾ ਅਤੇ ਮਿਲਾਪੜੇ ਸਬੰਧ ਨਿਰੰਤਰ ਬਣੇ ਰਹੇ। ਗੁਰੂ ਹਰਿਗੋਬਿੰਦ  ਜੀ ਨੂੰ ਜਦ ਜਹਾਂਗੀਰ ਬਾਦਸ਼ਾਹ ਨੇ ਗ੍ਰਿਫਤਾਰ ਕਰ ਕੇ ਗਵਾਲੀਅਰ ਦੇ ਕਿਲ੍ਹੇ ਵਿਚ ਸਾਜ਼ਿਸ ਹਿਤ ਚਾਲੀ ਦਿਨ ਵਾਸਤੇ ਕੈਦ ਕਰ ਦਿਤਾ ਸੀ ਤੇ ਫਿਰ ਛੱਡ ਹੀ ਨਹੀਂ ਰਿਹਾ ਸੀ ਤਾਂ ਸਾਈਂ ਮੀਆਂ ਮੀਰ ਜੀ ਦਿੱਲੀ ਗਏ ਤੇ   ਬਾਦਸ਼ਾਹ ਜਹਾਂਗੀਰ ਦੇ ਦਰਬਾਰ ਵਿਚ ਖੁਦ ਪੇਸ਼  ਹੋਏ ਸਨ। ਉਹ ਓਨਾਂ ਚਿਰ ਦਿਲੀ ਹੀ ਰਹੇ  ਤੇ ਲਾਹੌਰ ਵਾਪਸ ਨਹੀਂ ਸਨ ਆਏ ਜਦ ਤਕ ਗੁਰੂ ਹਰਿਗੋਬਿੰਦ  ਜੀ ਦੇ ਬਾਦਸ਼ਾਹ ਨੇ ਰਿਹਾਈ ਦੇ ਹੁਕਮ ਜਾਰੀ ਨਹੀਂ ਸਨ  ਕਰ ਦਿੱਤੇ।ਫਿਰ  ਕੈਦ ਚੋਂ ਰਿਹਾਅ ਹੋ ਕੇ ਗੁਰੂ ਸਾਹਿਬ ਜਦ ਪਹਿਲੀ ਵਾਰ ਲਾਹੌਰ ਗਏ ਤਾਂ ਸਾਈਂ ਮੀਆਂ ਮੀਰ ਜੀ ਗੁਰੂ ਜੀ ਦੇ ਆਗਮਨ ਤੇ ਖੁਦ  ਸਤਿਕਾਰ ਵਜੋਂ ਗੁਰੂ ਜੀ ਨੂੰ ਅੱਗੋਂ ਲੈਣ ਆਏ ਸਨ।
 
ਪਕੜ ਰਬਾਬ ਗੁਰ ਦਿਆਲ ਉਤਾਰਾ । ਨਿਜ ਆਸਨ ਪਰ ਜਾਇ ਬੈਠਾਰਾ ।(13)   
 
ਇਸ ਤਰ੍ਹਾਂ  ਸਾਈਂ ਮੀਆਂ ਮੀਰ ਜੀ ਦਾ ਗੁਰੂ ਪਿਤਾ ਜੀ ਤੋਂ ਲੈ ਕੇ  ਹੀ ਗੁਰੂ ਘਰ ਨਾਲ ਘਣਾ  ਸਬੰਧ ਬਣਿਆ ਹੋਣ ਕਰਕੇ   ਉਤਮ ਪੁਰਖ ਸਾਈਂ ਮੀਆਂ ਮੀਰ ਜੀ ਦੇ  ਪੈਗਾਮ ਨੂੰ ਗੁਰੂ ਸਾਹਿਬ ਲਈ ਸਿਰ ਮੱਥੇ ਮੰਨਣਾ ਬਹੁਤ ਹੀ ਵਾਜਬ ਬਣਦਾ ਸੀ। ਗੁਰੂ ਜੀ ਲਈ ਤਸੀਹੇ , ਅਜ਼ਾਬ ,ਮਾਨਸਿਕ ਪੀੜਾ ਝੱਲ ਰਹੀ ਬੀਬੀ ਕੌਲਾਂ ਨੂੰ ਆਪਣੀ ਹਿਫਾਜ਼ਤ ਪਨਾਹ ‘ਚ ਰੱਖਣਾ ਹਰ ਤਰਾਂ ਨਾਲ ਉਨ੍ਹਾਂਾ ਦਾ ਇਖਲਾਕੀ ਫਰਜ਼ ,ਇਕ ਬਿਰਦ ਬਣ ਗਿਆ ਸੀ।
 
ਕਾਜ਼ੀ ਰੁਸਤਮ ਖਾਨ ਨੂੰ ਜਦ ਪਤਾ ਚੱਲਿਆ ਕਿ ਕੌਲ਼ਾਂ  ਗੁਰੂ ਸਾਹਿਬ ਪਾਸ ਅ੍ਰੰਮਿਤਸਰ ਚਲੀ ਗਈ ਹੈ ਤਾਂ ਉਸ ਨੇ ਕੌਲਾਂ ਤੇ ਗੁਰੁ ਸਾਹਿਬ ਦੇ  ਗੁਰੂ-ਸਿੱਖ ਦੇ ਰਿਸ਼ਤੇ ਨੂੰ ਗਲਤ ਰੰਗਤ ਦੇ ਕੇ ਲਾਹੌਰ ਬਾਦਸ਼ਾਹ ਕੋਲ ਗੁਹਾਰ ਲਾਈ ।ਚਾਹੇ ਬਾਦਸ਼ਾਹ ਦੇ ਉਚੇ ਮੁਰਾਤਬੇ ਵਾਲੇ ਮੰਤਰੀ ਵਜ਼ੀਰ ਖਾਨ ਨੇ ਬਾਦਸ਼ਾਹ ਨੂੰ ਅਸਲੀਅਤ ਤੋਂ ਜਾਣੂ ਕਰਵਾਇਆ ਸੀ ਕਿ ਅਸਲ ਸਚਾਈ ਇਹ ਹੈ ਕਿ ਕੌਲਾਂ ਜਵਾਨ ਹੈ ਉਹ ਇਸ ਵੇਲੇ ਨਿਕਾਹ ਦੇ ਕਾਬਲ  ਹੈ ਇਹ ਕਾਜ਼ੀ ਉਸ ਦਾ ਨਿਕਾਹ ਨਹੀਂ ਕਰ ਰਿਹਾ ,ਇਸ ਦੀ ਕੁਚਾਲ ਨੀਤੀ ਹੈ  ਸਗੋਂ ਉਸ ਤੇ ਤਸੱਦਦ ,ਕੁਟਮਾਰ ਕਰਦਾ ਸੀ, ਉਸ ਨੂੰ ਆਪਣੇ ਜਨਾਨਖਾਨੇ ਵਿਚ ਬਾਂਦੀ ਬਣਾ ਕੇ ਰੱਖਣਾ ਚਾਹੁੰਦਾ  ਸੀ।ਲੜਕੀ  ਜਲਾਲਤ ਦੇ ਦੁੱਖੋਂ ਘਰੋਂ ਚਲੀ ਗਈ ਹੈ।ਮੈਕਾਲਫ ਲਿਖਦਾ ਹੈ ; ਵਜ਼ੀਰ ਖਾਨ ਨੇ ਕਿਹਾ  ਹਜ਼ੂਰ ਇਹ ਕਾਜ਼ੀ ਹੁਣ ਬਾਕੀਆਂ ਵਾਂਗ ਮੰਦਾ ਨਜ਼ਰ ਆ ਰਿਹਾ ਹੈ ਇਸ ਨੇ ਲੜਕੀ ਦੀ ਹਾਲਤ  ਤਰਸਯੋਗ ਬਣਾ ਦਿਤੀ ਸੀ । ਉਸ ਨੂੰ ਰੋਜ਼ ਮਾਰਿਆ ਕਰਦਾ ਸੀ । ਇਸ ਪ੍ਰਕਾਰ  ਬੇਚਾਰ-ਓ-ਮਦਦਗਾਰ ਹੋ ਕੇ ਉਹ ਘਰ ਛੱਡ ਕੇ ਚਲੀ ਗਈ ਹੈ । ਗੁਰੂ ਸਾਹਿਬ ਬਹੁਤ ਦਿਆਲੂ  ਪੁਰਸ਼ ਹਨ । ਮੀਆਂ ਮੀਰ ਤੇ ਹੋਰ ਪਾਵਨ  ਪੁਰਖ  ਉਨ੍ਹਾਂ ਨੂੰ  ਮਿਲਣ ਜਾਂਦੇ ਹਨ , ਸਤਿਕਾਰ ਕਰਦੇ ਹਨ ।ਗੁਰੂ ਸਾਹਿਬ ਨਾਲ ਦਖਲ ਅੰਦਾਜ਼ੀ ਕੀਤੀ ਠੀਕ ਨਹੀਂ ।ਲੜਕੀ ਕੌਲਾਂ ਦੀ ਘਰੋਂ ਜਾਣ ਦੀ ਸ਼ਰ੍ਹਾ ਅਥਵਾ ਧਰਮ ਵਿਰੋਧੀ  ਕੋਈ ਗਲਤ ਭਾਵਨਾ ਨਹੀਂ ਹੈ ।(14 ))
 
ਉਸ ਸਮੇਂ ਦੌਰਾਨ ਹੀ  ਬਾਦਸ਼ਾਹ ਸ਼ਾਂਹਜਹਾਂ ਜਦ  ਆਪਣੀ ਕਸ਼ਮੀਰ ਫੇਰੀ ਤੋਂ ਵਾਪਸ ਪਰਤਿਆ ਸੀ ਤਾਂ ਉਸ ਨੇ ਇਸਲਾਮ ਵਿਚ ਆਈਆਂ ਕੁਰੀਤੀਆਂ ਨੂੰ ਦੂਰ ਕਰਨ ਤੇ ਇਸਲਾਮ ਦੇ ਫੈਲਾਅ ਲਈ ਕਈ ਤਾਜੇ ਤਾਜੇ ਹੁਕਮ ਜਾਰੀ ਕੀਤੇ ਸਨ । ਬਾਦਸ਼ਾਹ ਸ਼ਾਂਹਜਹਾਂ ਦੀ ਧਾਰਮਿਕ ਨੀਤੀ  ਅਕਬਰ ਤੇ ਜਹਾਂਗੀਰ ਬਾਦਸ਼ਾਹ ਨਾਲੋਂ ਵਧੇਰੇ ਇਸਲਾਮ ਵੱਲ ਉਲਾਰ  ਸੀ। ਉਸ ਦਾ ਇਕ ਖਾਸ ਹੁਕਮ ਜਾਰੀ ਇਹ ਹੋਇਆ  ਸੀ ਕਿ ਜਿਨ੍ਹਾਂ ਮੁਸਲਮਾਨ ਔਰਤਾਂ ਨੇ  ਹਿੰਦੂਆਂ ਜਾਂ ਗੈਰ-ਮੁਸਲਮਾਨਾਂ ਨਾਲ ਵਿਆਹ ਕੀਤੇ ਹਨ ਉਨ੍ਹਾਂ ਔਰਤਾਂ ਦੇ ਪਤੀਆਂ ਨੂੰ ਮੁਸਲਮਾਨ ਬਣਾਇਆ ਜਾਵੇ ਨਹੀਂ ਤਾਂ ਉਹ ਔਰਤਾਂ ਗ੍ਰਿਫਤਾਰ ਕੀਤੀਆਂ ਜਾਣ।  ਜੇ ਕੋਈ ਮੁਸਲਮਾਨ ਕੁੜੀ ਹਿੰਦੂ ਨਾਲ ਵਿਆਹ ਕਰੇਗੀ ਤਾਂ ਉਹ  ਮੌਤ ਦੀ ਸਜ਼ਾ ਪਾਏਗੀ ।(15) ਬਾਦਸ਼ਾਹ ਦੇ ਆਦੇਸ਼ ਨੂੰ ਮੰਨਣ ਵਾਲੇ  ਇਸਲਾਮੀ ਕੱਟੜਪੰਥੀਆਂ ਨੇ ਇਹ ਨਹੀਂ ਜਾਣਿਆ ਕਿ ਬੀਬੀ ਕੌਲਾਂ ਅਤੇ ਗੁਰੁ ਸਾਹਿਬ ਦਾ ਕੋਈ ਗ੍ਰਿਹਸਤੀ ਜੀਵਨ ਵਾਲਾ ਦੁਨਿਆਵੀ ਰਿਸ਼ਤਾ ਨਹੀਂ ਹੈ,  ਇਕ ਗੁਰੂ ਤੇ ਸ਼ਰਧਾਲੂ ਸਿੱਖ ਦਾ ਹੈ। ਉਹ  ਬਾਦਸ਼ਾਹ ਦੇ ਨਵੇਂ ਇਸਲਾਮੀ ਕਾਨੂੰਨ ਦੀ ਟੇਕ ਲੈ ਕੇ  ਅੰਮ੍ਰਿਤਸਰ , ਗੁਰੂ ਸਾਹਿਬ ਤੇ ਹਮਲਾ ਕਰਾਉਣ ਵਿਚ ਸਫਲ ਹੋ ਗਏ ਤੇ ਜੰਗ ਦੀ ਤਿਆਰੀ ਅਰੰਭ ਕਰਵਾ ਦਿਤੀ।
 
ਉਧਰ ਅ੍ਰੰਮਿਤਸਰ ਵਿਖੇ ਗੁਰੂ ਸਾਹਿਬ ਅਤੇ ਸਿੱਖ ਪਹਿਲਾਂ ਹੀ  ਚੌਕਸ  ਸਨ , ਉਨ੍ਹਾਂ ਨੂੰ ਸੂਹ ਮਿਲ ਚੁੱਕੀ ਸੀ ਕਿ ਨਵੇਂ ਬਾਦਸ਼ਾਹੀ ਹੁਕਮ  ਤਹਿਤ ਕਾਜ਼ੀ ,ਬਾਦਸ਼ਾਹ ਅੱਗੇ ਬਹੁਤ ਚੁੱਕ-ਪਹੁ ਕਰ ਰਿਹਾ ਤੇ ਕਿਸੇ ਵੇਲੇ ਵੀ  ਅ੍ਰੰਮਿਤਸਰ  ਦਾ ਇਲਾਕਾ ਜੰਗ ਦਾ ਮੈਦਾਨ ਬਣ ਸਕਦਾ ਹੈ। ਫਿਰ ਜਦ ਗੁਰੂ ਸਾਹਿਬ ਪਾਸ ਸ਼ਾਹੀ ਫੌਜ  ਦੇ ਚੜ੍ਹ ਕੇ  ਆਉਣ ਦੀ ਖਬਰ ਪਹੁੰਚੀ ਤਾਂ ਉਨ੍ਹਾਂ ਨੇ ਲੜਾਈ ਲੱਗਣ ਤੋਂ ਪਹਿਲਾਂ ਹੀ ਸੁਰੱਖਿਆ ਸਹਿਤ ਬੀਬੀ ਕੌਲਾਂ ਨੂੰ  ਅ੍ਰੰਮਿਤਸਰ ਤੋਂ  ਕਰਤਾਰਪੁਰ ਭੇਜ ਦਿਤਾ ਸੀ।(16)   ਉਨ੍ਹਾਂ  ਨੂੰ ਉਸ ਵੇਲੇ ,ਕੌਲਾਂ ਨੂੰ ਵਾਪਸ ਕਰਨਾ ਉਚਿਤ ਨਹੀਂ ਜਾਪਿਆ  ਕਿਉਂਕਿ ਮਜ਼ਲੂਮ ਦੀ ਰੱਖਿਆ ਕਰਨ ਦੇ ਨਾਲ ਨਾਲ ,ਸਾਈਂ ਮੀਆਂ ਮੀਰ ਦੇ ਬਚਨਾਂ ਦਾ ਪਾਲਣ ਕਰਨਾ ਉਨ੍ਹਾਂ ਵਾਸਤੇ ਅਤਿ ਜਰੂਰੀ ਸੀ ।ਕੌਲਾਂ ਨੂੰ ਓਟ ਆਸਰਾ ਦੇਣਾ   ਉਨ੍ਹਾਂ ਦਾ ਬਿਰਦ ਬਣ ਗਿਆ ਸੀ। ਲੜਾਈ ਵਾਲੇ ਦਿਨ ਹੀ ਗੁਰੂ ਹਰਿਗੋਬਿੰਦ ਸਾਹਿਬ ਦੀ ਬੇਟੀ  ਬੀਬੀ ਵੀਰੋ ਦਾ ਵਿਆਹ ਧਰਿਆ ਹੋਇਆ ਸੀ। ਸ਼ਾਹੀ ਫੌਜਾਂ ਦੇ ਅ੍ਰੰਮਿਤਸਰ ਦਾਖਲ ਹੋਣ ਤੋਂ ਪਹਿਲਾਂ ਤੁਰੰਤ ਹੀ ਉਨ੍ਹਾਂ ਨੇ ਫੈਸਲਾ ਲੈਕੇ ਬੀਬੀ ਵੀਰੋ ਤੇ ਹੋਰ ਪਰਿਵਾਰ ਨੂੰ ਝਬਾਲ ਭੇਜ ਦਿਤਾ ਸੀ ।ਇਸ  ਤਰਾਂ ਕੁਝ ਵਿਦਵਾਨਾਂ ਦਾ ਮੱਤ ਹੈ ਕਿ ਬਾਦਸ਼ਾਂਹ ਦੇ ਬਾਜ਼ ਨੂੰ ਨਾ ਮੋੜਨਾ ਤਾਂ ਲੜਾਈ ਦਾ ਕਾਰਨ ਹੈ ਹੀ ਸੀ  , ਇਸ ਦੇ ਨਾਲ ਨਾਲ ਉਸ ਵੇਲੇ ਜਾਰੀ ਹੋਏ ਇਸਲਾਮੀ ਹੁਕਮ ਹੇਠ ਕੌਲਾਂ ਦਾ ਗੁਰੂ ਘਰ ਵਿਚ ਰਹਿਣਾ  ਵੀ ਅ੍ਰੰਮਿਤਸਰ  ਦੀ ਲੜਾਈ ਦਾ ਵੱਡਾ ਕਾਰਨ ਬਣਿਆ ਸੀ।
 
ਫਿਰ ਅ੍ਰੰਮਿਤਸਰ  ਕੋਲ ਲੋਹਗੜ੍ਹ ਦੇ ਸਥਾਨ ਤੇ ਸ਼ਾਹੀ ਫੌਜ ਦੀ ਗੁਰੁ ਸਾਹਿਬ ਨਾਲ ਜੋ ਲੜਾਈ ਹੋਈ  ਜਿਸ ਨੂੰ ਅੰ੍ਰਿਮਤਸਰ ਦੀ ਲੜਾਈ ਕਹਿੰਦੇ ਹਨ , ਉਥੇ ਸ਼ਾਹੀ  ਫੌਜ ਦਾ ਬਹੁਤ ਭਾਰੀ ਨੁਕਸਾਨ ਹੋਇਆ ਸੀ ਤੇ ਜਿਥੇ ਮੁਖਲ਼ਸ ਖਾਂ ਵਰਗੇ ਮੁਗਲ ਜਰਨੈਲ ਮਾਰੇ ਗਏ ਸਨ ।

ਗੁਰੂ ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਤੋਂ ਬਾਅਦ ਜਦ  ਮੁਗਲ ਸਾਮਰਾਜ ਦਾ ਰਵੱਈਆ ਬਹੁਤ ਤਲਖ ਹੋ ਗਿਆ  ਸੀ ਤਾਂ  ਉਸ ਵੇਲੇ  ਸੂਝਵਾਨ ਸਿੱਖਾਂ ਨੇ ਛੇਂਵੇ ਗੁਰੂ ਸਾਹਿਬ ਅੱਗੇ ਵਿਚਾਰ ਰੱਖਿਆ ਕਿ ਆਪ ਨੂੰ ਕੁਝ ਚਿਰ ਲਈ  ਅੰੰਿਮ੍ਰਤਸਰ ਤੋਂ ਪਾਸੇ ਹੋ ਜਾਣਾ ਚਾਹੀਦਾ ਹੈ ।ਤਾਂ ਗੁਰੂ ਜੀ ਨੇ  ਆਪਣੇ ਪਰਵਾਰ ਨੂੰ  ਸਿੱਖ ਸੂਰਮਿਆਂ ਸਹਿਤ ਆਪਣੇ ਸਾਢੂੰ ਸਾਈਂ ਦਾਸ ਕੋਲ ਮਾਲਵੇ ਦੇ ਇਲਾਕੇ ‘ਚ ਡਰੋਲੀ ਭਾਈ  ਵੱਲ ਤੋਰ ਦਿੱਤਾ ਸੀ ਤੇ ਆਪ ਨਾਨਕਮੱਤਾ ਜਾਣ ਤੋਂ ਪਹਿਲਾਂ ਸ਼ਰਧਾਵਾਨ ਬੀਬੀ ਕੌਲਾਂ  ਨੂੰ ਧਰਵਾਸ ਦੇਣ ਲਈ ਦੇ ਉਸ ਦੇ ਨਿਵਾਸ ਸਥਾਨ ‘ਤੇ ਗਏ ਸਨ।  ਜਾ ਕੇ ਉਸ ਨੂੰ ਭਰੋਸਾ ਤੇ ਹੌਸਲਾ ਦਿਤਾ ਸੀ,  ਤੁਸੀਂ ਇਥੇ ਸੁਖ ਧਾਰਨ ਕਰਕੇ ਰਹੋ  ਅਸੀ ਜਲਦੀ ਵਾਪਸ ਆਵਾਂਗੇ।
 
ਕੌਲਾਂ ਗ੍ਰਿਹ  ਗੁਰ ਕੀਨੁ ਪਯਾਨਾ।ਧੀਰਜ ਤਾ ਕੋ ਦੀਨ ਮਹਾਨਾ ।
ਨਾਨਕ ਮਤੇ ਦਰਸ  ਕਰਿ ਆਵੋਂ। ਰਹੋ ਇਹਾ  ਤੁਮ ,ਮਨਿ ਸੁਖ ਪਾਵੋ। ਅੰਕ 88, ਅਧਿ 9,(17)
 
ਕਾਫੀ ਚਿਰ ਬੀਤਣ ‘ਤੇ ਜਿਸ ਵੇਲੇ ਗੁਰੂ ਸਾਹਿਬ ਅੰਮ੍ਰਿਤਸਰ ਰਹਿ ਰਹੇ ਸਨ ਤਾਂ ਉਹ ਸੋਚਣ ਲੱਗੀ -  ਮੇਰਾ ਵੀ ਇਸ ਜਗਤ ਵਿਚ  ਨਾਮ ਰਹਿ ਜਾਂਦਾ ।ਰੱਬ  ਮੇਰੇ  ਉਤੇ ਵੀ ਬਖਸ਼ਸ਼ ਕਰ ਦਿੰਦਾ । ਉਹ ਸੋਚਾਂ ‘ਚ ਪਈ ਵਿਆਕੁਲ ਹੋਈ ਬੈਠੀ ਸੀ ਤਾਂ  ਗੁਰੂ ਸਾਹਿਬ ਨੇ  ਕੌਲਾਂ ਨੂੰ ਪੁੱਛਿਆ- ਕੌਲਾਂ! ਇਹ ਕੀ ਅਜਬ ਅਵਸਥਾ ਧਾਰਨ ਕੀਤੀ ਹੈ? ਅੱਜ  ਐਨੀ ਉਦਾਸ ਚਿੱਤ ਕਿਉਂ ਹੈ  -ਤਾਂ ਸੁਣ ਕੇ ਬੀਬੀ ਕੌਲਾਂ ਨੇ ਬਹੁਤ ਹੀ ਨਿਮਰ ਹੋ ਕੇ ਅਰਜ਼  ਕੀਤੀ – ਗੁਰੂ ਜੀ ਆਪ ਸੰਸਾਰ ਨੂੰ ਮੁਰਾਦਾਂ ਬਖਸ਼ਣਹਾਰੇ ਹੋ ; ਲੋਕ ਝੋਲੀਆਂ ਭਰ ਭਰ ਆਪਣੇ ਘਰੀਂ ਲਿਜਾਦੇ ਹਨ।ਕਾਸ਼ ਮੇਰਾ ਵੀ ਇਸ ਜਗਤ ਵਿਚ  ਨਾਮ ਰਹਿ ਜਾਂਦਾ । ਆਪ ਦੀ ਸ਼ਰਨ ‘ਚ ਆਈ ਦਾ , ਗੁਰੂ ਦੇ  ਲੜ ਲੱਗੀ ਦਾ  ਜਗਤ  ਵਿਚ ਨਾਮ ਰਹਿ ਜਾਂਦਾ । ਕੌਲਾਂ ਨੇ ਆਪਣੇ ਨਾਲ ਲਿਆਦੇ ਜੋ ਜਵਾਹਰਾਤ ਆਦਿ ਸਨ ਉਹ ਵੀ ਗੁਰੂ ਸਾਹਿਬ ਅੱਗੇ ਰੱਖ ਦਿਤੇ  ਤੇ ਅਰਜ਼ ਕੀਤੀ ਗਰੀਬ ਨਿਵਾਜ਼  ਇਨ੍ਹਾਂ ਨੂੰ ਵੀ ਕਿਸੇ ਧਰਮ ਅਰਥ ਲਾ ਦਿਉ । ਗੁਰੂ ਸਾਹਿਬ  ਨੇ ਕੌਲਾ ਦੀ ਬੇਨਤੀ ਪਰਵਾਨ ਕਰਦਿਆਂ ਆਖਿਆ - ਕੌਲਾਂ! ਆਪ ਨੇ ਗੁਰੂ ਘਰ ਨਾਲ ਸੱਚੇ ਸਿੱਖ ਵਜੋਂ ਬਹੁਤ ਹੀ  ਸ਼ਰਧਾ ਸਹਿਤ ਪ੍ਰੇਮ ਕੀਤਾ ; ਹੈ ।ਅਨਿਨ ਸਿੱਖ ਦੀ ਮਨੋਕਾਮਨਾ ਪੂਰੀ ਕਰਨਾ ਗੁਰੂ ਦਾ ਬਿਰਦ  ਹੈ । ਤੇਰੇ  ਨਾਮ ‘ਤੇ  ਇਕ ਸਰੋਵਰ ਬਣਾਵਾਂਗੇ।ਉਸ ਦਾ ਨਾਂ ਤੇਰੇ ਨਾਂ ‘ਤੇ ‘ਕੌਲਸਰ‘ ਹੋਵੇਗਾ । ਰਹਿੰਦੀ ਦੁਨੀਆ ਤਕ ਸੰਗਤਾਂ  ਤੇਰਾ  ਨਾਂ ਲੈ ਕੇ ਇਸ਼ਨਾਨ ਕਰਿਆ ਕਰਨਗੀਆਂ।ਇਸ ਸਰੋਵਰ ਦੀ ਦੁਨੀਆ ਦੇ ਪ੍ਰਸਿੱਧ  ਸਰੋਵਰਾਂ ਵਿਚ ਗਿਣਤੀ ਹੋਇਆ ਕਰੇਗੀ।
 
ਨਾਮ ਤੋਹਿ ਪਰਿ ਤਾਲ ਲਗਾਵੌਂ। ਹੋਹਿ ਕੌਲਸਰ ਬਹੁ ਬਿਦਤਾਵੌਂ।
ਕਰਹਿਂ ਸ਼ਨਾਨ ਨਾਮ ਤੁਹਿ ਲੈਹੈਂ। ਸਰ ਜਬਿ ਗਿਨਹਿਂ ਤਹਾਂ ਗਿਨ ਲੈਹੈਂ। ਅਧਿਆਇ 58 ਅੰਕ 25. (18)
 
ਤਵਾਰੀਖ ਗੁਰੂ ਖਾਲਸਾ ਦਾ ਕਰਤਾ  ਲਿਖਦਾ ਹੈ ਕਿ ਬੀਬੀ ਕੌਲਾਂੰ ਜਦ ਤੋਂ ਅੰਮ੍ਰਿਤਸਰ ਤੋਂ  ਕਰਤਾਰਪੁਰ ਆਈ ਸੀ ਤਾਂ ਉਹ ਆਪਣੇ ਆਪ ਨੂੰ ਗੁਰੂ ਘਰ ‘ਤੇ ਬਣੀ ਬਿਪਤਾ ਦਾ ਕਾਰਨ ਸਮਝ ਕੇ ਇਕ ਤਰਾਂ ਨਾਲ ਮਾਨਸਿਕ ਰੋਗ ਦਾ ਸ਼ਿਕਾਰ ਹੋ ਗਈ ਸੀ। ਉਸ ਦੀ ਦੇਹੀ  ਦਿਨ ਪ੍ਰਤੀ ਦਿਨ ਘਟਦੀ ਘਟਦੀ  ਬਹੁਤ ਹੀ ਨਿਰਬਲ ਹੋ ਗਈ ਸੀ।ਉਧਰ ਗੁਰੂ ਜੀ ਜਦ ਆਪਣੇ ਸਾਰੇ ਕੰਮ ਸੰਪਨ ਕਰਕੇ  ਕਰਤਾਰਪੁਰ ਪਹੁੰਚੇ ਸਨ ਤਾਂ ਉਸ ਵੇਲੇ ਬੀਬੀ ਕੌਲਾਂ ਆਪਣਾ ਜੀਵਨ ਪੰਧ ਪੂਰਾ ਕਰਨ ਦੇ ਅੰਤਿਮ ਮੁਕਾਮ ‘ਤੇ ਸੀ। ਉਸ ਦੇ ਅੰਦਰ ਬੋਲਣ ਦੀ ਵੀ ਸ਼ਕਤੀ ਨਹੀਂ ਰਹੀ ਸੀ। ਉਸ ਵੇਲੇ ਉਹ  ਇਕ ਫਕੀਰ ਬੇਟੀ  ਬੰਦਸ਼ਾਂ ਤੋਂ ਪਾਰ , ਗੁਰੂ ਸਾਹਿਬ ਦੇ ਆਖਰੀ  ਦੀਦਾਰ  ਦੀ ਸਿੱਕ ਦੀ ਤ੍ਰਿਖਾਵੰਤ  ਅਵਸਥਾ ਵਿਚ ਸੀ ।ਗੁਰੂ ਸਾਹਿਬ ਪਾਸ ਪਹੁੰਚੇ ਤਾਂ ਦਾਸੀ ਨੇ ਉਸ ਨੂੰ ਹਲੂਣਿਆ ਤਾਂ ਉਹ ਛਿਨ ਪਲ ਲਈ  ਹੋਸ਼ ‘ਚ ਆਈ ਤਾਂ ਉਸ ਦੀਆਂ ਅੱਖਾਂ ਖਿਨ  ਭਰ ਲਈ ਖਿਲੀਆ ਤੇ ਫਿਰ ਮੁੰਦ ਹੋ ਗਈਆਂ ।ਫਿਰ  ਵੇਖਦੇ ਵੇਖਦੇ ਹੀ ਕੁਝ ਪਲਾਂ ‘ਚ ਗੁਰੂ ਸਾਹਿਬ ਦੇ ਸਨਮੁੱਖ  ਉਸ ਦੇ ਸਵਾਸ ਪੂਰੇ ਹੋ ਗਏ  ।
 
ਬੋਲਨਿ ਸ਼ਕਤਿ ਰਹੀ ਪੁਨ ਨਾਂਹੀ। ਚਖਨ ਪਲਕ ਗੁਰ ਦਰਸ਼ਨਿ ਮਾਂਹੀ।
ਹੇਰਤਿ ਹੇਰਤਿ ਨਿਕਸੇ ਪ੍ਰਾਨਾ । ਭਈ ਧੰਨ  ਪਦ ਪਾਇ ਮਹਾਨਾ ।ਅੰਕ 8 , ਰਾਸ 24 ॥(19)
 
ਬੀਬੀ ਕੌਲਾਂ  ਵਫਾਤ ਪਾ ਗਈ ਤਾਂ ਮਿਰਤਕ ਦੇਹੀ ਨੂੰ  ਮਾਣ ਮਰਯਾਦਾ ਸਹਿਤ ਸੂੰਦਰ ਬਾਗ ਵਿਚ ਲਿਜਾਇਆ ਗਿਆ ।ਗੁਰੂ ਸਾਹਿਬ ਨੇ ਆਪਣੀ ਸਿਪਰਦਾਰੀ ਹੇਠ  ਉਸ ਦੇ ਇਸਲਾਮੀ ਦੀਨ ਦੀ ਮਰਯਾਦਾ ਦਾ ਪਾਲਣ ਕਰਦਿਆਂ ,ਸਿਪੁਰਦੇ ਏ ਖਾਕ  ਜ਼ਮੀਨ ਵਿਚ  ਦਫਨਾ ਦਿੱਤਾ ਤੇ ਉਥੇ  ਬੀਬੀ ਕੌਲਾਂ ਦੀ  ਕਬਰ ਦੇ ਰੂਪ ਵਿਚ ਸਦੀਵੀਂ  ਯਾਦਗਰ  ਸਥਾਪਤ ਕਰ  ਦਿਤੀ।
 
ਸਹਾਇਕ ਸ੍ਰੋਤ :
(1.) ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ, ਸੰ: ਡਾ ਕਿਰਪਾਲ ਸਿੰਘ ,ਪੋਥੀ 11ਵੀ,
*2। ਤਵਾਰੀਖ ਗੁਰੂ ਖਾਲਸਾ ਪੰਨਾ 456-57
(3). ਸ੍ਰੀ ਗੁਰ ਪ੍ਰਤਾਪ ਸੁਰਜ ਗ੍ਰੰਥ, ਸੰ: ਡਾ ਕਿਰਪਾਲ ਸਿੰਘ ,ਪੋਥੀ 11ਵੀਂ,
(4). ਮੁਗਲ ਐਡਮਿਨਸਟ੍ਰੇਸ਼ਨ, ਜਾਦੂ ਨਾਥ ਸਰਕਾਰ  ਪੰਨਾ 97.
(5) ਸਿੱਖ ਧਰਮ , ਗੁਰੂ ਸਹਿਬਾਨ , ਪਵਿਤਰ ਰਚਨਾਵਾਂ ਤੇ ਰਚਨਾਕਾਰ , ਮੈਕਾਲਫ , ਅਧਿਆਏ ਚੌਥਾ, ਪੰਨਾ 27
(6).ਗੁਰਕੀਰਤ ਪ੍ਰਕਾਸ਼ ,ਵੀਰ ਸਿੰਘ ਬੱਲ, ਪੰਨਾ 177.
(7) ਸਿੱਖ ਧਰਮ , ਗੁਰੂ ਸਹਿਬਾਨ , ਪਵਿਤਰ ਰਚਨਾਵਾਂ ਤੇ ਰਚਨਾਕਾਰ , ਮੈਕਾਲਫ , ਅਧਿਆਏ ਚੌਥਾ, ਪੰਨਾ 27
(8). ਤਵਾਰੀਖ ਗੁਰੂ ਖਾਲਸਾ ,ਭਾਗ ਪਹਿਲਾ , 459 
(9) ਤਵਾਰੀਖ ਗੁਰੂ ਖਾਲਸਾ , ਭਾਗ ਪਹਿਲਾ , 479
(10) ਸਹਜੇ ਰਚਿਓ ਖਾਲਸਾ, ਹਰਿੰਦਰ ਸਿੰਘ ਮਹਿਬੂਬ, ਪੰਨਾ 166.
(11). ਤਵਾਰੀਖ ਗੁਰੂ ਖਾਲਸਾ ,ਭਾਗ ਪਹਿਲਾ ਪੰਨਾ 437-38
(12) ਸ੍ਰੀ ਗੁਰ ਪ੍ਰਤਾਪ ਸੁਰਜ ਗੰਥ ,ਜਿਲਦ 11ਵੀਂ  ਸੰਪਾਦਕ ਡਾ ਕਿਰਪਾਲ ਸਿੰਘ ,
(13). ਮਹਿਮਾ ਪ੍ਰਕਾਸ਼,ਭਾਗ ਤੀਜਾ , ਰਾਮ ਸਰੂਪ ਭੱਲਾ ਪੰਨਾ 454 
(14) ਸਿੱਖ ਧਰਮ , ਗੁਰੂ ਸਹਿਬਾਨ , ਪਵਿਤਰ ਰਚਨਾਵਾਂ ਤੇ ਰਚਨਾਕਾਰ , ਮੈਕਾਲਫ , ਅਧਿਆਏ ਚੌਥਾ, ਪੰਨਾ 29
(15) ਸ੍ਰੀ ਗੁਰ ਪ੍ਰਤਾਪ ਸੁਰਜ ਗੰਥ ,ਜਿਲਦ 11ਵੀਂ  ਸੰਪਾਦਕ ਡਾ ਕਿਰਪਾਲ ਸਿੰਘ , ਪੰਨਾ 42 (ਪ੍ਰਸਤਾਵਨਾ)
(16) ਸ੍ਰੀ ਗੁਰ ਪ੍ਰਤਾਪ ਸੁਰਜ ਗ੍ਰੰਥ, ਸੰਪਾਦਕ ਡਾ ਕਿਰਪਾਲ ਸਿੰਘ , ਪੋਥੀ 12ਵੀਂ
         ਪੁਰਿ ਕਰਤਾਰ ਬਸਹੁ ਅਬਿ ਜਾਇ। ਜਬਿ ਲਗ ਹਮ ਨ ਮਿਲਹਿਂ ਢਿਗ ਆਇ।
         ਈਹਾਂ ਸੰਗ ਨ ਬਨਹਿਂ ਬਿਚਾਰ। ਪਰਹਿ ਜੁੱਧ ਜੋਧਾ ਬਰਿਆਰਿ।42॥ਅਧਿਆਇ 8॥
(17) ਗੁਰ ਬਿਲਾਸ ਪਾਤਸ਼ਾਹੀ ਛੇਵੀਂ, ਸੰਪਾਦਕ ਜੱਥੇਦਾਰ ਗਿ. ਜੋਗਿੰਦਰ ਸਿੰਘ ਵੇਦਾਂਤੀ, ਪੰਨਾ317
(18) ਸ੍ਰੀ ਗੁਰ ਪ੍ਰਤਾਪ ਸੁਰਜ ਗ੍ਰੰਥ, ਸੰਪਾਦਕ ਡਾ ਕਿਰਪਾਲ ਸਿੰਘ ,ਪੋਥੀ 13 ਵੀਂ 
(19) ਸ੍ਰੀ ਗੁਰ ਪ੍ਰਤਾਪ ਸੁਰਜ ਗ੍ਰੰਥ, ਸੰਪਾਦਕ ਡਾ ਕਿਰਪਾਲ ਸਿੰਘ ,ਪੋਥੀ 13 ਵੀਂ
 
ਗੱਜਣਵਾਲਾ ਸੁਖਮਿੰਦਰ ਸਿੰਘ                                                  
ਰਿਸਰਚ ਸਕਾਲਰ
3076 , 44 ਡੀ, ਚੰਡੀਗੜ੍ਹ
ਮੋਬਾਈਲ  9915106449

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346