ਔਰਤ ਮਹਾਂ – ਦਲਿਤ ਹੁੰਦੀ
ਹੈ
ਜਮਾਨੇ ਦੇ ਬਦਲਣ ਦਾ ਭਾਵ
ਸਾਧਨਾਂ ਦੀ ਬਹੁਤਾਤ ਨਹੀਂ ਹੁੰਦਾ
ਜਮਾਨੇ ਦੇ ਬਦਲਣ ਦਾ ਭਾਵ
ਲੋਕ ਮਾਨਸਿਕਤਾ ਹੁੰਦੀ ਹੈ ।
ਜੰਗਲਾਂ ਤੋਂ ਚੱਲਿਆ
ਮਨੁੱਖ ਦਾ ਇਹ ਸਫਰ
ਜਿਥੇ ਅੱਜ ਹੈ
ਕੱਲ ਨਹੀਂ ਸੀ ।
ਨਸਲਾਂ ਬਦਲ ਜਾਂਦੀਆਂ ਨੇ
ਜੀਵ-ਜੰਤੂ , ਬਨਸਪਤੀ , ਹੱਦਾਂ- ਸਰਹੱਦਾਂ
ਮੌਸਮ ਤੱਕ ਬਦਲ ਗਏ ਨੇ ।
ਮਨੁੱਖ ਐਸਾ ਪ੍ਰਾਣੀ
ਜਿਸਨੂੰ ਬੋਧ ਹੋਇਆ ਕਿ
ਮਨੁੱਖ ਇੱਕ ਕਿਸਮ ਨਹੀਂ
ਸਗੋਂ ਦੋ ਕਿਸਮਾਂ ਹਨ
ਔਰਤ ਤੇ ਮਰਦ
ਮਰਦ ਸਰਵ-ਉੱਚ ਮਨੁੱਖ
ਔਰਤ ਦਲਿਤ ਤੋਂ ਵੱਧ ਕੁਛ ਨਹੀਂ
ਦਲਿਤ ਕੌਣ ਹੁੰਦੇ ਨੇ ?
ਕੀ ਓਹ ਮਨੁੱਖ ਹੁੰਦੇ ਨੇ ?
ਨਹੀਂ ਓਹ “ ਹੁੰਦੇ “ ਤੋਂ ਵੱਧ
ਕੁਝ ਨਹੀਂ ਹੁੰਦੇ ।
ਜੇ ਹੁੰਦੇ ਤੋਂ ਵੱਧ ਕੁਛ ਹੁੰਦੇ ਨੇ
ਤਾਂ ਦੁੱਖ ਹੁੰਦੇ ਨੇ ,
ਜਾਂ ਸੁੱਕੇ ਰੁੱਖ ਹੁੰਦੇ ਨੇ
ਹੋਰਾਂ ਦੀ ਅੱਗ ਵਿੱਚ ਸੜਨ ਲਈ ।
ਪਰ ਔਰਤ ਇਸ ਵਿੱਚ
ਨਹੀਂ ਸਮਾਉਂਦੀ ,
ਕਿਓਂਕਿ ਔਰਤ ਦਲਿਤ ਨਹੀਂ
ਮਹਾਂ-ਦਲਿਤ ਹੁੰਦੀ ਹੈ ।
ਜਿਸਨੂੰ ਜਿਸਮਾਨੀ ਤੌਰ ਤੇ
ਨਿਹਾਰਿਆ ਜਾ ਸਕਦਾ ਹੈ ,
ਮਾਣਿਆ ਜਾ ਸਕਦਾ ਹੈ ,
ਨੋਚਿਆ ਜਾ ਸਕਦਾ ਹੈ ,
ਦੁਰਕਾਰਿਆ ਜਾ ਸਕਦਾ ਹੈ ,
ਬੱਸ ਰੂਹਾਨੀ ਤੌਰ ਤੇ
ਸਵੀਕਾਰਿਆ ਨਹੀਂ ਜਾ ਸਕਦਾ ।
ਦੁਨੀਆਂ ਦੀ ਸਭ ਤੋਂ ਪਹਿਲੀ
ਦਲਿਤ ਔਰਤ “ ਸੀਤਾ “ ਹੋ ਸਕਦੀ ਹੈ ।
ਜਿਸਨੂੰ ਉਸ ਸਮੇ ਦੇ ਅਵਤਾਰ ਨੇ
ਇਹ ਕਹਿ ਕੇ ਨਕਾਰ ਦਿੱਤਾ
ਕੇ ਤੂੰ ਭਿੱਟੀ ਗਈ ਏਂ ,
ਲੰਕਾ ਦੇ ਰਾਜੇ ਹਥੋਂ ।
ਔਰਤ ਦੀ ਭਿੱਟ
ਜਿਸਮਾਨੀ ਬੁਰੀ ਜਾਂ ਰੂਹਾਨੀ
ਸੋਚਾਂ ਤੋਂ ਪਰੇ ਦੀ ਗੱਲ ।
ਸਮਾਂ ਬਦਲਦਾ ਹੈ
ਜਮੀਰਾਂ ਬਦਲਦੀਆਂ ਨੇ
ਪਰ ਤਕਦੀਰਾਂ ਨਹੀਂ ਬਦਲਦੀਆਂ ।
ਤਕਦੀਰ ਸਿਰਫ ਮਰਦ ਦੀ ਹੁੰਦੀ ਹੈ ,
ਔਰਤ ਦੀ ਨਹੀਂ ।
ਲੇਖ ਧਰਮਰਾਜ ਨਹੀਂ ਲਿਖਦਾ
ਮਰਦ ਲਿਖਦਾ ਹੈ
ਔਰਤ ਦੇ ।
ਔਰਤ ਦੇ ਔਰਤ ਹੋਣ ਦਾ ਦੁੱਖ ਮਨਾਉਣਾ
ਰੱਬ ਨੂੰ ਤਾਨਾ ਦੇਣਾ ਹੋਵੇਗਾ ,
ਤੇ ਔਰਤ ਦਾ ਦਲਿਤ ਹੋਣਾ
ਸਭਿਅਤਾ , ਸਭਿਆਚਾਰ
ਅਤੇ ਸਮਾਜ ਦੇ ਫਾਇਦੇ ਦੀ ਗੱਲ
ਮਰਦ ਸਮਾਜ ਲਈ । (ਬਠਿੰਡਾ )
ਮੋਬਾਇਲ – 9464924300
-0-
|