ਹੁਣੇ ਐਮਰਜੈਂਸੀ ਰੂਮ
ਵਿਚ ਪੈਰ ਧਰਿਆ ਹੈ। ਮੂਹਰੇ ਤਿੰਨ ਬੰਦਿਆਂ ਦੀ ਕਤਾਰ ਵੇਖ ਕੇ ਬਹੁਤ ਖੁਸ਼ ਹੋ ਰਹੀ ਹਾਂ ।
ਸੋਚ ਰਹੀ ਹਾਂ ਕਿ ਅੱਜ ਤਾਂ ਬੜਾ ਕਿਸਮਤ ਵਾਲਾ ਦਿਨ ਐ, ਛੇਤੀਂ ਹੀ ਕੰਮ ਨਿੱਬੜ ਜਾਣੈ... ।
“ਨੈਕਸਟ ਪਰਸਨ ਇਨ ਲਾਈਨ ਪਲੀਜ਼” ਸਾਹਮਣੇ ਕਾਊਂਟਰ ਤੋਂ ਮੈਨੂੰ ਇਕ ਕੁੜੀ ਬੁਲਾ ਰਹੀ ਹੈ ।
‘ਸ਼ੋਅ ਮੀ ਯੂਅਰ ਹੈਲਥ ਕਾਰਡ...।” ਮੈਂ ਆਪਣਾ ਕਾਰਡ ਕੱਢ ਕੇ ਫੜਾਇਆ ਹੈ ਤੇ ਕਾਰਡ ਦੇਖਕੇ
ਗੋਰੀ ਕੁੜੀ ਸਾਹਮਣੇ ਪਈਆਂ ਕੁਰਸੀਆਂ ਵੱਲ ਇਸ਼ਾਰਾ ਕਰਕੇ ਕਹਿ ਰਹੀ ਹੈ, “ਥੋੜੀ ਦੇਰ ਉਥੇ
ਬੈਠ, ਹੁਣੇ ਤੈਨੂੰ ਰਜਿਸਟਰੇਸ਼ਨ ਲਈ ਬੁਲਾਉਂਦੇ ਹਾਂ ।”
ਮੈਂ ਸੋਚ ਰਹੀ ਹਾਂ, ਵਾਹ ਜੀ ! ਅੱਜ ਤਾਂ ਕਮਾਲ ਹੀ ਹੋ ਗਈ ! ਸਿਰਫ ਤਿੰਨ ਬੰਦੇ ਤੇ ਚੌਥੀ
ਮੈਂ... ! ਐਵੇਂ ਹੀ ਲੋਕ ਊਜਾਂ ਲਾਉਂਦੇ ਰਹਿੰਦੇ ਨੇ ਕਿ ਇਥੇ ਅੱਠ-ਅੱਠ ਘੰਟੇ ਵਾਰੀ ਨਹੀਂ
ਆਉਂਦੀ... ਬੁਰਾ ਹਾਲ ਹੈ ਇਸ ਹਸਪਤਾਲ ਦਾ ! ਆਪਣਾ ਹੈਲਥ ਕਾਰਡ ਪਰਸ ਵਿਚ ਪਾਉਂਦਿਆਂ ਮੈਂ
ਸਾਹਮਣੇ ਪਈ ਕੁਰਸੀ ਤੇ ਬੈਠ ਗਈ ਹਾਂ। ਤੀਹ ਦੇ ਕਰੀਬ ਹੋਰ ਮਰੀਜ਼ ਵੀ ਬੈਠੇ ਹਨ ਆਲੇ
ਦੁਆਲੇ...ਆਹ ਸਾਹਮਣੇ ਦੋ ਪੰਜਾਬੀ ਔੌਰਤਾਂ ਆਕੇ ਬੈਠ ਗਈਆਂ ਹਨ...ਸੋਚ ਰਹੀ ਹਾਂ, ਲਉ ਜੀ
ਬੜਾ ਵਧੀਆ ਹੋ ਗਿਆ...ਇਹਨਾਂ ਨਾਲ ਦੋਸਤੀ ਕਰਦੀ ਹਾਂ... ਗੱਪ ਸੱ਼ਪ ਕਰਦਿਆਂ ਸਮਾਂ ਜਰਾ
ਛੇਤੀ ਨਿਕਲ ਜਾਏਗਾ । ਲੈ ਆਹ ਕੀ ! ਇਹ ਤਾਂ ਮੇਰੇ ਵਲ ਦੇਖਦੀਆਂ ਹੀ ਨਹੀਂ ! ਮੈਂ ਬਾਰ ਬਾਰ
ਚੋਰ ਅੱਖ ਨਾਲ ਉਹਨਾਂ ਵਲ ਵੇਖ ਲੈਂਦੀ ਹਾਂ । ਪੰਜਾਬੀ ਸੂਟ ਪਾਕੇ ਹਸਪਤਾਲ ਆਈਆਂ ਹਨ ।
ਬੜੀਆਂ ਸੁਹਣੀਆਂ ਲਗ ਰਹੀਆਂ ਹਨ । ਇਨ੍ਹਾਂ ਦੇ ਹਾਵ-ਭਾਵ ਤੋਂ ਲਗਦਾ ਹੈ ਕਿ ਪੜ੍ਹੀਆਂ
ਲਿਖੀਆਂ ਹਨ ਤੇ ਚਿਰਾਂ ਤੋਂ ਕੈਨੇਡਾ ਵਿਚ ਰਹਿ ਰਹੀਆਂ ਹਨ । ਇਕ ਤਾਂ ਥੋੜੀ ਬਜ਼ੁਰਗ ਜਾਪਦੀ
ਹੈ ਤੇ ਦੂਜੀ ਅੱਧਖੜ ਜਿਹੀ ਹੈ । ਹ...ਅੰ...ਮਾਂ ਧੀ ਤਾਂ ਨਹੀਂ ਲਗਦੀਆਂ ! ਲਗਦੈ ਕਿਸੇ
ਗਹਿਰੇ ਵਿਸ਼ੇ ਤੇ ਗਲਬਾਤ ਕਰ ਰਹੀਆਂ ਨੇ । ਮੈਂ ਉਨ੍ਹਾਂ ਵਲ ਇਕ ਵਾਰ ਫਿਰ ਵੇਖਦੀ ਹਾਂ,
ਸ਼ਾਇਦ ਕੋਈ ਗਲਬਾਤ ਦਾ ਸਿਲਸਿਲਾ ਸ਼ੁਰੂ ਹੋ ਹੀ ਜਾਵੇ ਤੇ ਵਕਤ ਛੇਤੀ ਕੱਟ ਜਾਵੇ... ਇਹਨਾਂ
ਸਰਸਰੀ ਨਜ਼ਰ ਮੇਰੇ ਵਲ ਸੁੱਟੀ ਹੈ ਤੇ ਫਿਰ ਆਪਣੀ ਗਲਬਾਤ ਵਿਚ ਰੁੱਝ ਗਈਆਂ ਹਨ । ਚਲੋ
ਛਡੋ...! ਨਹੀ ਤਾਂ ਨਾ ਸਹੀ ! ਮੈਂ ਆਲੇ ਦੁਆਲੇ ਨਜ਼ਰ ਘੁਮਾਉਂਦੀ ਹਾਂ ।
ਮੈਨੂੰ ਦੋਸਤ ਬਣਾਉਣੇ ਚੰਗੇ ਲਗਦੇ ਨੇ । ਪਰ ਆਹ ਕੈਨੇਡਾ ਦੇ ਲੋਕ ! ਖੁਸ਼ਕ ਜਿਹੇ ਨਾ ਹੋਣ
ਤਾਂ... ਕਿਸੇ ਨਵੇਂ ਬੰਦੇ ਨਾਲ ਘੱਟ ਹੀ ਖੁੱਲਦੇ ਨੇ... ਖਾਸ ਕਰਕੇ ਨਵੇਂ ਇਮੀਗਰੈਂਟਾਂ
ਨਾਲ... ਇਸੇ ਕਰਕੇ ਮੈਂ ਅਕਸਰ ਇਨ੍ਹਾਂ ਨੂੰ ‘ਕੋਲਡ ਕੈਨੇਡੀਅਨ” ਕਹਿੰਦੀ ਹੁੰਦੀ ਹਾਂ ।
ਮੈਂਨੂੰ ਉਹਨਾਂ ਦੀ ਗਲਬਾਤ ਸੁਣਾਈ ਦੇ ਰਹੀ ਹੈ। ਬਜ਼ਰੁਗ ਔਰਤ ਆਖ ਰਹੀ ਹੈ,
“ਕੈਨੇਡਾ ਵਿਚ ਆਪਣੇ ਪੰਜਾਬੀਆਂ ਦਾ ਇਮੇਜ ਦਿਨ ਪਰ ਦਿਨ ਖਰਾਬ ਹੀ ਹੁੰਦਾ ਜਾ ਰਿਹੈ । ਖਬਰਾਂ
ਸੁਣੋ ਤਾਂ ਡਰੱਗ ਦਾ ਧੰਧਾ ਕਰਦਾ ਫੜਿਆ ਗਿਆ ਬੰਦਾ... ਪੰਜਾਬੀ ! ਉਲਟੇ ਸਿੱਧੇ ਤਰੀਕੇ ਨਾਲ
ਵਿਆਹ ਕਰਵਾ ਕੇ ਇਮੀਗਰੇਸ਼ਨ ਲੈ ਕੇ ਸਾਡੀ ਕੌਮ ਨੂੰ ਬਦਨਾਮ ਕਰਾਉਣ ਵਾਲੇ... ਪੰਜਾਬੀ ...
!” ਹੂੰ... ਇਹ ਅੱਜਕਲ ਦੀਆਂ ਅਖਬਾਰਾਂ ਦੀਆਂ ਸੁਰਖੀਆਂ ਦੀਆਂ ਗੱਲਾਂ ਕਰ ਰਹੀਆਂ ਨੇ । ਅੱਜ
ਦੀ ਅਖਬਾਰ ਪੜ੍ਹ ਕੇ ਆਈਆਂ ਲਗਦੀਆਂ... ।
ਮੈਂ ਅਜੇ ਸਵੇਰੇ ਹੀ ਅਖਬਾਰ ਵਿਚ ਪੜ੍ਹ ਕੇ ਆਈ ਹਾਂ ਤੇ ਉਸਦੀ ਇਕ ਸੁਰਖੀ ਵਿਚ ਗੁਆਚ ਗਈ
ਹਾਂ- ‘ਘਰੋਂ ਜੌਬ ਤੇ ਨਿਕਲੀ ਸਤਾਈ ਸਾਲਾਂ ਦੀ ਇਕ ਪੰਜਾਬਣ ਕੁੜੀ ਗਾਇਬ’। ਕਿੱਥੇ ਗਈ
ਹੋਵੇਗੀ ਉਹ ਕੁੜੀ ਭਲਾ ? ਮੌਸਮ ਵੀ ਖਰਾਬ ਸੀ । ਬਰਫ਼ ਪੈ ਰਹੀ ਸੀ, ਖੌਰੇ ਕੋਈ ਉਸਨੂੰ ਅਗਵਾ
ਹੀ ਕਰਕੇ ਲੈ ਗਿਆ ? ਕਿੰਨੀਆਂ ਗੱਲਾਂ ਸੁਣੀਦੀਆਂ ਨੇ ਕਿ ਪਾਰਕਿੰਗ ਲੌਟ ਵਿਚ ਹੀ ਕੋਈ ਔਰਤ
ਅਗਵਾ ਕਰ ਲਈ ਗਈ ਜਾਂ ਤੁਰੀ ਜਾਂਦੀ ਨੂੰ ਕਾਰ ਵਿਚ ਸੁੱਟ ਲਿਆ ਗਿਆ । ਪਤਾ ਨਹੀਂ ਇਸ ਵਿਚਾਰੀ
ਕੁੜੀ ਨਾਲ ਕੀ ਵਾਪਰਿਆ ?
ਮੇਰਾ ਧਿਆਨ ਫਿਰ ਉਹਨਾਂ ਦੀਆਂ ਗੱਲਾਂ ਵੱਲ ਚਲਾ ਗਿਆ ਹੈ । ਇਕ ਔਰਤ ਕਹਿ ਰਹੀ ਹੈ, “ਪਿਛਲੇ
ਸਾਲ ਮਾਲਟਨ ਵਿਚ ਜਿਹੜੀ ਕੁੜੀ ਮਾਰੀ ਗਈ ਸੀ, ਉਸਦਾ ਕਾਤਲ ਉਸਦਾ ਸਹੁਰਾ ਹੀ ਨਿਕਲਿਆ । ਕੁੜੀ
ਦੇ ਮਾਪੇ ਤੇ ਭੈਣ ਦੇਸੋਂ ਆਏ ਸਨ ਉਸਦੇ ਫਿਊਨਰਲ ਤੇ...ਵਿਚਾਰੇ ! ਉਸਦੀ ਨਿੱਕੀ ਭੈਣ ਨੂੰ ਵੀ
ਇਥੇ ਹੀ ਵਿਆਹ ਗਏ ਤੇ ਆਪ ਵਾਪਸ ਚਲੇ ਗਏ ।” ਦੂਜੀ ਔਰਤ ਨੇ ਆਪਣੇ ਮੂੰਹ ਤੇ ਹੱਥ ਧਰਕੇ
ਆਖਿਆ-“ਵਿਚਾਰੀਆਂ ਕੁੜੀਆਂ”।
ਉਹਦੇ ਨਾਲ ਹੀ ਮੈਂ ਵੀ ਆਪਣੇ ਦਿਲ ਵਿਚ ਹੀ ਆਖਿਆ- ਵਿਚਾਰੀਆਂ ਕੁੜੀਆਂ ।
ਮੇਰੇ ਨਾਲ ਵਾਲੀਆਂ ਕੁਰਸੀਆਂ ਤੇ ਇਕ ਨੌਜਵਾਨ ਜੋੜਾ ਆਕੇ ਬੈਠ ਗਿਐ । ਹੁਣ ਮੇਰਾ ਧਿਆਨ
ਉਹਨਾਂ ਵਲ ਖਿੱਚਿਆ ਗਿਆ ਹੈ। ਕਿਹੜੇ ਦੇਸ ਦੇ ਹੋਣਗੇ ਭਲਾ? ਇਮੀਗਰੇਸ਼ਨ ਖੁੱਲਣ ਕਰਕੇ
ਕੈਨੇਡਾ ਵਿਚ ਕਿੰਨੇ ਤਰ੍ਹਾਂ ਦੇ ਲੋਕ ਆ ਗਏ ਨੇ । ਕਮਾਲ ਹੈ, ਕਿਥੋਂ ਕਿਥੋਂ ਲੋਕ ਕੈਨੇਡਾ
ਨੂੰ ਆਉਂਦੇ ਨੇ ਤੇ ਜਲਦੀ ਹੀ ਇਸ ਗੁਲਦਸਤੇ ਵਿਚ ਰੰਗੇ-ਬਿਰੰਗੇ ਫੁੱਲਾਂ ਵਾਂਗ ਸੱਜ ਜਾਂਦੇ
ਨੇ । ਇਥੇ ਆਕੇ ਸਾਰੇ ਦੇ ਸਾਰੇ ਕੈਨੇਡੀਅਨ ਬਣ ਜਾਂਦੇ ਨੇ ।
ਭਲਾ ਸਾਡੇ ਦੇਸ ਵਿਚ ਇੰਝ ਕਿਉਂ ਨਹੀਂ ਹੁੰਦਾ ! ਉਥੇ ਕਿਉਂ ਜਾਤ-ਪਾਤ, ਰੰਗ-ਨਸਲ ਤੇ ਧਰਮ ਦੇ
ਨਾਂ ਤੇ ਕਤਲਿਆਮ ਹੁੰਦਾ ਰਹਿੰਦਾ ਹੈ ? ਲਉ ਆਹ ਵੀ ਇਕ ਚੰਗਾ ਰਿਵਾਜ ਹੈ ਇਥੇ !...ਇਹਨਾਂ ਨੇ
ਵੀ ਹੱਥਾਂ ਵਿਚ ‘ਟਿਮ ਹੋਰਟਨ’ ਦੀ ਕੌਫ਼ੀ ਦੇ ਗਿਲਾਸ ਤੇ ‘ਕੁੱਕੀਆਂ’ ਫੜੀਆਂ ਹੋਈਆਂ ਨੇ ।
ਹੂੰ...ਕੁੱਕੀਆਂ...! ਜਦੋਂ ਮੈਂ ਨਵੀਂ ਨਵੀਂ ਇਥੇ ਆਈ ਸੀ ਤੇ ‘ਕੁੱਕੀਆਂ’ ਸ਼ਬਦ ਸੁਣ ਕੇ
ਮੈਨੂੰ ਕਿੰਨਾ ਅਜੀਬ ਲਗਦਾ ਹੁੰਦਾ ਸੀ । ਹੁਣ ਤੇ ਮੈਂ ਵੀ ‘ਕੁੱਕੀਆਂ’ ਹੀ ਕਹਿਣ ਲਗ ਪਈ
ਹਾਂ...ਹਾ... ਹਾ... ਹਾ ।
ਕਾਊਂਟਰ ਦੇ ਪਿੱਛੇ ਬੈਠੀ ਕੁੜੀ ਅਜੇ ਵੀ ਹਰ ਆਉਣ ਵਾਲੇ ਦਾ ਹੈਲਥ ਕਾਰਡ ਲੈ ਕੇ ਸਾਹਮਣੇ
ਜਾਕੇ ਬੈਠਣ ਨੂੰ ਕਹੀ ਜਾ ਰਹੀ ਹੈ । ਸੋਚ ਰਹੀ ਹਾਂ -ਅੱਛਾ, ਇਹ ਗੱਲ ਸੀ ! ਹੁਣ ਸਮਝ
ਆਈ...ਇਸੇ ਕਰਕੇ ਕਾਊਂਟਰ ਤੇ ਭੀੜ ਇਕੱਠੀ ਨਹੀਂ ਹੋ ਰਹੀ... ਤਾਂ ਹੀ ਇਹ ਗੋਰੇ ਸਾਥੋਂ ਅੱਗੇ
ਨੇ...ਇਨ੍ਹਾਂ ਕੋਲ ਸਿਸਟਮ ਹੈ ਤੇ ਉਸ ਸਿਸਟਮ ਦੇ ਵਿਸ਼ਾਲ ਸਮੁੰਦਰ ਵਿਚ ਹਰ ਕੋੇਈ ਼ਲਹਿਰ
ਵਾਂਗ ਵਹਿ ਰਿਹਾ ਹੈ...। ਲੋਕ ਕਿੰਨੀ ਖੁਬਸੂਰਤੀ ਨਾਲ ਇਸ ਸਿਸਟਮ ਨੂੰ ਮੰਨਦੇ ਨੇ । ਜਿਹੜੇ
ਲੋਕ ਦੇਸ ਵਿਚ ਲਾਈਨ ਤੋੜ ਕੇ ਅਗਾਂਹ ਲੰਘਦੇ ਹਨ ਇੱਥੇ ਆਕੇ ਕਿਵੇਂ ਚੁੱਪ-ਚਾਪ ਕਤਾਰ ਵਿਚ
ਪਿੱਛੇ ਖੜੇ ਹੋ ਜਾਂਦੇ ਨੇ ।
ਔਹ ਕਾਊਂਟਰ ਦੇ ਠੀਕ ਨੇੜੇ ਆਹ ਮੱਧਰੀ ਜਿਹੀ ਤੀਵੀਂ ਕਿੱਦਾਂ ਖੜੀ ਹੈ ? ਸ਼ਕਲ ਤੋਂ ਤਾਂ
ਮੈਕਸੀਕਨ ਜਾਪਦੀ ਏ...ਕੰਧ ਨਾਲ ਕਿੱਦਾਂ ਢੋਅ ਲਾਇਆ ਹੋਇਐ...ਕਿੰਨੀ ਬੇਚੈਨ ਦਿਸਦੀ ਐ ।
ਕਪੜੇ ਨਹੀਂ ਪਾਉਣੇ ਆਉਂਦੇ ਇਹਨਾਂ ਨੂੰ...ਵੇਖ ਤਾਂ ਸਹੀ ਪਾਇਆ ਕੀ ਏ ... ਬਿਲਕੁਲ ਮਾਡਲ ਈ
ਲਗ ਰਹੀ ਹੈ । ‘ਐਮਰਜੈਂਸੀ’ ‘ਚ ਇੱਦਾਂ ਆਈ ਹੈ ਜਿੱਦਾਂ ਕਿਸੇ ਫੈਸ਼ਨ ਸ਼ੋਅ ਵਿਚ ਚੱਲੀ ਹੋਵੇ
।
ਹਾਇ ! ਐਧਰ ਤਾਂ ਮੈਂ ਵੇਖਿਆ ਹੀ ਨਹੀਂ ! ਉਹ ਵ੍ਹੀਲ ਚੇਅਰ ਤੇ ਬੈਠੀ ਗੋਰੀ ਕੁੜੀ ਦਰਦ ਨਾਲ
ਕਿਵੇਂ ਕਰਾਹ ਰਹੀ ਹੈ ? ਹਾਅਅਅਅ ...ਇਸਦੀ ਤਾਂ ਇਕ ਲੱਤ ਕਿੰਨੀ ਸੁੱਜੀ ਹੋਈ ਹੈ । ਉਸਦੇ
ਲਾਗੇ ਖੜੇ ਫਿਕਰਮੰਦ ਮਰਦ ਤੇ ਔਰਤ... ਸ਼ਾਇਦ ਇਸਦੇ ਮਾਤਾ-ਪਿਤਾ ਹੋਣੇ ਆਂ ! ਉਸਦੀ ਲੱਤ ਨੂੰ
ਬਾਰ ਬਾਰ ਕਿਵੇਂ ਪਰੇਸ਼ਾਨੀ ਨਾਲ ਦੇਖ ਰਹੇ ਨੇ...ਬੱਚਿਆਂ ਦਾ ਕਿੰਨਾ ਦੁਖ ਹੁੰਦੈ...ਸੱਚੀਂ
ਬੱਚਿਆਂ ਨੂੰ ਤਾਂ ਕੁਛ ਨਾ ਹੋਵੇ ।
‘ਐਮਰਜੈਂਸੀ ਰੂਮ’ ਤੇ ਮੈਂ ਇਕੱਲੀ ? ਹਾਇ ! ਅੱਜ ਦੇ ਇਸ ਯੁਗ ਵਿਚ ਆਦਮੀ ਕਿੰਨਾ ਇਕੱਲਾ ਰਹਿ
ਗਿਐ... ਘਰ ਵੀ ਤੇ ਬਾਹਰ ਵੀ । ਤੁਰਨ ਲੱਗੀ ਨੇ ਫੋਨ ਕੀਤਾ ਤਾਂ ਸੀ...ਗੁੰਜਨ ਨੂੰ ! ਅੱਗੇ
ਨਾ ਪਿੱਛੇ ...ਕਹਿੰਦੀ ਅਜ ਮੈਂ ਵਿਹਲੀ ਨਹੀਂ...ਕਰਨਾ ਕੁਰਨਾ ਉਸ ਨੇ ਕੀ ਸੀ...ਬਸ
ਬਹਾਨੇ...ਚਲੋ ਕੋਈ ਨਾ ! ਮੇਰਾ ਆਪਣਾ ਬੇਟਾ...ਕਹਿੰਦਾ ਆਪਣੇ ਦੋਸਤਾਂ ਨਾਲ ਕਿਤੇ ਜਾਣ ਦਾ
ਪ੍ਰੋਗਰਾਮ ਐ...ਚਲੋ ਉਹ ਜਾਣੇ, ਰਾਜੀ ਰਹੇ ਤੇ ਮੈਂ ਉਸਦੇ ਪਾਪਾ ਨੂੰ ਤਾਂ ਪੁੱਛਣਾ ਵੀ ਠੀਕ
ਨਾ ਸਮਝਿਆ ... ਉਹਨਾਂ ਨੂੰ ਵੀ ਵਿਹਲ ਕਿਥੇ ਹੋਣੀ ਸੀ ? ਕਾਹਨੂੰ ਹੋਵੇ ਕਿਸੇ ਦੇ ਕੰਮ ਦਾ
ਹਰਜਾਨਾ...ਬਸ ਇਹ ਸੋਚ ਕੇ ਕਾਰ ਦੀ ਚਾਬੀ ਚੁੱਕੀ ਤੇ ਇਕੱਲੀ ਹੀ ਆ ਗਈ ਹਾਂ ਮੈਂ... ਹਸਪਤਾਲ
ਦੇ ਐਮਰਜੈਂਸੀ ਰੂਮ ਵਿਚ...ਦਿਲ ਤਾਂ ਖਰਾਬ ਹੋ ਰਿਹੈ...ਪਰ ਕਰ ਵੀ ਕੀ ਸਕਦੀ ਹਾਂ ? ਭਲਾ
ਐਮਰਜੈਂਸੀ ਵਿਚ ਕੋਈ ਇਕੱਲਾ ਆਉਂਦਾ ਚੰਗਾ ਲਗਦੈ ?
ਹਾਇ ਰੱਬਾ ! ਉਹ ਪਰੇ ਜਿਹੇ ਵ੍ਹੀਲ ਚੇਅਰ ਤੇ ਇਕ ਅਫ਼ਰੀਕਨ ਔਰਤ ਦਰਦ ਨਾਲ ਕਿਵੇਂ ਡਡਿਆ ਰਹੀ
ਹੈ । ਮੇਰਾ ਤੇ ਕਾਲਜਾ ਰੁੱਗ ਭਰ ਕੇ ਨਿਕਲ ਗਿਐ । ਉਸਦਾ ਦਰਦ ਮੈਂ ਆਪਣੇ ਅੰਦਰ ਮਹਿਸੂਸ ਕਰ
ਰਹੀ ਹਾਂ । ਮੇਰੇ ਰੋਮ ਰੋਮ ਵਿਚ ਉਸਦੀ ਕੁਰਲਾਹਟ ਧੱਸਦੀ ਜਾ ਰਹੀ ਹੈ । ਮੈਂ ਕਿੰਨਾ ਵੀ ਉਸ
ਵਲੋਂ ਧਿਆਨ ਹਟਾਉਣ ਦੀ ਕੋਸਿ਼ਸ਼ ਕਰਦੀ ਹਾਂ ਮੇਰੇ ਕੰਨਾਂ ਨੂੰ ‘ਹੂੰ...ਅ... ਹੂੰ...ਅ’ ਦੀ
ਆਵਾਜ਼ ਨਿਰੰਤਰ ਸੁਣਾਈ ਦੇ ਰਹੀ ਹੈ ।
ਮੈਂ ਕਮਰੇ ਦੇ ਦੂਜੇ ਪਾਸੇ ਧਿਆਨ ਮਾਰਨ ਲਗ ਪਈ ਹਾਂ । ਇਥੇ ਤਾਂ ਹਰ ਕੋਈ ਆਪਣੇ ਧਿਆਨ ਵਿਚ
ਹੀ ਮਸਤ ਹੈ । ਉੱਦਾਂ ਕਮਰਾ ਕਿੰਨਾ ਸਾਫ਼ ਸੁਥਰਾ ਹੈ । ਬੜਾ ਵੱਡਾ ਕਮਰਾ ਹੈ... ਲਉ ਇਹ ਤਾਂ
ਤਿੰਨ ਹਿੱਸਿਆਂ ਵਿਚ ਵੰਡਿਆ ਹੋਇਆ ਹੈ । ਏ. ਸੀ. ਚੱਲ ਰਿਹਾ ਹੈ । ਕਿਤੇ ਵੀ ਕੋਈ ਧੱਬਾ
ਨਿਸ਼ਾਨ ਜਾਂ ਗੰਦਗੀ ਦਾ ਨਾਮ ਨਿਸ਼ਾਨ ਨਹੀਂ । ਸਾਫ ਸੁਥਰੇ ਬੈਂਚ-ਕੁਰਸੀਆਂ ਅਤੇ ਉਪਰ ਬੈਠੇ
ਸਾਫ਼-ਸੁਥਰੇ ਲੋਕ...। ਪਿਛਲੀ ਬਾਰੀਂ ਜਦੋਂ ਦੇਸ ਗਈ ਤਾਂ ਬਿਮਾਰ ਹੋ ਗਈ ਸਾਂ । ਹਸਪਤਾਲ
ਦਾਖਲ ਹੋਣਾ ਪਿਆ । ਅਜੇ ਪਰਾਈਵੇਟ ਹਸਪਤਾਲ ਸੀ ! ਪਰ ਇੰਨਾ ਗੰਦਾ ! ਮੱਛਰ ਵੱਢ ਵੱਢ
ਖਾਵੇ...ਕੀ ਮੁਕਾਬਲਾ ਹੈ ਇਥੇ ਦਾ ਤੇ ਉਥੇ ਦਾ ?
ਉਹ ਪੰਜਾਬੀ ਔਰਤਾਂ ਅਜੇ ਵੀ ਗੱਲਾਂ ਕਰੀ ਜਾ ਰਹੀਆਂ ਹਨ । ਮੇਰੇ ਲਾਗੇ ਬੈਠੇ ਜੋੜੇ ਨੇ ਹਾਲੇ
ਵੀ ਹੱਥ ਵਿਚ ਕੌਫ਼ੀ ਦੇ ਕੱਪ ਉਸੇ ਤਰ੍ਹਾਂ ਫੜੇ ਹੋਏ ਹਨ । ਸਾਰੇ ਚੁੱਪ-ਚਾਪ ਬੈਠੇ
ਨੈ...ਮੈਂਨੂੰ ਕੋਈ ਵੀ ਆਪਣੀ ਵਾਰੀ ਲਈ ਕਾਹਲਾ ਪਿਆ ਨਹੀਂ ਜਾਪ ਰਿਹਾ ।
ਹਾਇ... ਉਹ ਅਫਰੀਕਨ ਔਰਤ...ਉਹ ਤਾਂ ਕਿੰਨੀ ਪੀੜ ‘ਚ ਹੈ...! ਪਰ ਆਹ ਕੀ, ਉਸਦੇ ਕੋਲ ਬੈਠੇ
ਦੋਵੇਂ ਸਾਥੀ ਤਾਂ ਆਰਾਮ ਨਾਲ ਕੌਫ਼ੀ ਪੀਂਈ ਜਾਂਦੇ ਨੇ ਤੇ ‘ਬੇਗਲ’ ਖਾਈ ਜਾਂਦੇ ਨੇ । ਆਪਸ
ਵਿਚ ਹੌਲੀ ਹੌਲੀ ਗੱਲਾਂ ਵੀ ਕਰੀ ਜਾ ਰਹੇ ਨੇ । ਹਾਇ ਰੱਬਾ ! ਕੋਈ ਕਿਸੇ ਦੇ ਦਰਦ ਤੋਂ ਇੰਨਾ
ਬੇਖਬਰ ਕਿਵੇਂ ਹੋ ਸਕਦਾ ਹੈ ? ਮੈਂ ਉਸ ਦਰਦ ਦਰਦ ਹੋਈ ਔਰਤ ਦਾ ਦਰਦ ਮਹਿਸੂਸ ਕਰਕੇ ਇਕ ਕਸੀਸ
ਜਿਹੀ ਵੱਟ ਲਈ ਹੈ ।
ਮੈਂ ਤਾਂ ਨਹੀਂ ਬੈਠ ਸਕਦੀ ਇਥੇ ਹੋਰ ! ਮੈਂ ਉਠ ਕੇ ਸਾਹਮਣੇ ਕਾਊਂਟਰ ਤੇ ਬੈਠੀ ਕੁੜੀ ਕੋਲ
ਜਾ ਕੇ ਅੰਗ੍ਰੇਜ਼ੀ ਵਿਚ ਕਹਿ ਰਹੀ ਹਾਂ, “ਤੁਸੀਂ ਇਸ ਮਰੀਜ਼ ਨੂੰ ਪਹਿਲਾਂ ਅੰਦਰ ਭੇਜ ਦਿਉ,
ਮੇਰੀ ਵਾਰੀ ਉਸ ਨੂੰ ਦੇ ਦਿਉ ਪਲੀਜ਼।”
“ਵ੍ਹੀ ਆਰ ਟੇਕਿੰਗ ਕੇਅਰ ਆਫ਼ ਹਰ, ਸ਼ੀ ਇਜ਼ ਬੀਇੰਗ ਲੁਕਡ ਆਫ਼ਟਰ”, ਕਹਿਕੇ ਉਸਨੇ ਆਪਣਾ
ਧਿਆਨ ਪੇਪਰਾਂ ਵਿਚ ਗੱਡ ਦਿਤਾ ਹੈ । ਉਹ ਮੈਨੂੰ ਭਾਰਤੀ ਲਹਿਜੇ ਵਿਚ ਕਹਿੰਦੀ ਜਾਪਦੀ ਹੈ,
‘ਜਾਹ ਜਾਹ, ਪਰੇ ਜਾਹ ਕੇ ਆਪਣਾ ਕੰਮ ਕਰ । ਵੱਡੀ ਆਈ ਬਹੁਤੀ ਹੇਜਲੀ...!’ ‘ਜਿਸ ਤਨ ਲਾਗੇ
ਸੋਈ ਜਾਣੇ’। ਸ਼ਾਇਦ ਉਹੀ ਜਾਣਦੀ ਹੈ ਕਿ ਉਸ ਤੇ ਕੀ ਬੀਤ ਰਹੀ ਹੈ ਜਿਵੇਂ ਪਿਛਲੇ ਸਾਲ ਮੈਂ
ਸਪਤਾਲ ਵਿਚ ਤੀਹ ਦਿਨ ਕਿਵੇਂ ਕੱਟੇ, ਸਿਰਫ ਮੈਂ ਹੀ ਜਾਣਦੀ ਹਾਂ...।
ਉਫ ! ਉਹ ਟਰੌਮਾ ਹਸਪਤਾਲ ਤੇ ...ਉਹ ਤੀਹ ਦਿਨ !
ਬਿਸਤਰੇ ਤੇ ਪਈ ਨੂੰ ਤਾਰੀਖਾਂ ਤੇ ਜਿਵੇਂ ਭੁੱਲ ਹੀ ਗਈਆਂ ਸਨ... ਕਮਰੇ ਵਿਚ ਦਿਨ ਚੜ੍ਹਦੇ
ਤੇ ਛਿਪ ਜਾਂਦੇ । ਇਸ ਤੋਂ ਇਲਾਵਾ ਜਿ਼ੰਦਗੀ ਦੇ ਹੋਰ ਮਾਇਨੇ ਹੀ ਗੁਆਚ ਗਏ ਸਨ... ਬਹੁਤ
ਕਮਜ਼ੋਰ ਵੀ ਹੋ ਗਈ ਸਾਂ । ਸਾਰਾ ਦਿਨ ਇਕੱਲਿਆਂ ਬਿਸਤਰ ਤੇ...ਬਾਕੀ ਮਰੀਜ਼ਾਂ ਵਾਂਗ ਨੀਂਦ
ਵੀ ਤਾਂ ਨਹੀਂ ਆਉਂਦੀ ਸੀ । ਇੰਨੇ ਦਰਦ ਵਿਚ ਕਿਸੇ ਨੂੰ ਨੀਂਦ ਆ ਵੀ ਕਿਵੇਂ ਸਕਦੀ ਹੈ !
ਬਸ ਇਕ ਮੈਂ ਤੇ ਇਕ ਮੇਰੇ ਸਾਹਮਣੇ ਵਾਲੀ ਕੰਧ ! ਉਸ ਕੰਧ ਨਾਲ ਤਾਂ ਜਿਵੇਂ ਮੇਰਾ ਕੋਈ
ਰਿਸ਼ਤਾ ਹੀ ਕਾਇਮ ਹੋ ਗਿਆ ਸੀ । ਸਾਰਾ ਦਿਨ ਉਸ ਵੱਲ ਹੀ ਵੇਖਦੀ ਰਹਿੰਦੀ ਸਾਂ । ਜਿ਼ੰਦਗੀ
ਦੀਆਂ ਇਬਾਰਤਾਂ ਲਿਖਦੀ ਰਹਿੰਦੀ ਸਾਂ... । ਹੋਰ ਕਮਰੇ ਵਿਚ ਵੇਖਣ ਲਈ ਹੈ ਵੀ ਕੀ ਸੀ ? ਕਮਰੇ
ਵਿਚ ਪਿਆਂ ਪਿਆਂ ਕਦੇ ਕਦੇ ਦਮ ਘੁੱਟਣ ਲਗਦਾ ਸੀ ਤੇ ਜੀਅ ਕਰਦਾ ਕਿ ਇਹ ਕੰਧ ਟੁੱਟ ਜਾਏ ਤੇ
ਇਸ ਕਮਰੇ ਦੀ ਹੋਂਦ ਮਿਟ ਜਾਏ । ਸਾਰੇ ਪਾਸੇ ਖੁੱਲਾ ਆਸਮਾਨ ਤੇ ਮੋਕਲਾ ਜਿਹਾ ਵਿਹੜਾ ਫੈਲ
ਜਾਵੇ । ਮੈਂ ਲੰਮੇ ਲੰਮੇ ਸਾਹਾਂ ਨਾਲ ਆਪਣੇ ਫੇਫੜੇ ਆਕਸੀਜਨ ਨਾਲ ਭਰਨ ਦੀ ਕੋਸਿ਼ਸ਼ ਕਰਦੀ
ਸਾਂ... ਚਾਰ ਕੰਧਾਂ ਵਿਚਕਾਰ ਬਿਸਤਰ ਤੇ ਲੇਟ ਕੇ ਜਿ਼ੰਦਗੀ ਜੀਊਣਾ ਬੜਾ ਔਖਾ ਹੁੰਦੈ ਤੇ
ਇਸਤੋਂ ਭੱਜਣਾ ਵੀ ਕਿੰਨਾ ਔਖਾ ਸੀ !
ਕਹਿਣ ਨੂੰ ਤਾਂ ਕਮਰੇ ਵਿਚ ਬਿਸਤਰੇ ਦੇ ਸੱਜੇ ਪਾਸੇ ਇਕ ਬਹੁਤ ਵੱਡੀ ਖਿੜਕੀ ਵੀ ਸੀ, ਇਸ ਦੀ
ਹੋਂਦ ਨਾਲ ਕਮਰਾ ਰੌਸ਼ਨੀ ਨਾਲ ਭਰਿਆ ਰਹਿੰਦਾ ਸੀ । ਪਰ ਇਸ ਖਿੜਕੀ ਦੀ ਮੇਰੇ ਲਈ ਕੋਈ
ਅਹਿਮੀਅਤ ਨਹੀਂ ਸੀ । ਮੇਰੀਆਂ ਨਜ਼ਰਾਂ ਜਿਵੇਂ ਐਡੇ ਵੱਡੇ ਦ੍ਰਿਸ਼ ਨੂੰ ਵੇਖਣ ਤੋਂ ਇਨਕਾਰ
ਕਰ ਦਿੰਦੀਆਂ ਸਨ । ਸਾਰੇ ਦਸਦੇ ਰਹਿੰਦੇ ਕਿ ਉਸ ਖਿੜਕੀ ਵਿਚੋਂ ਸਾਰਾ ‘ਡਾਊਨ ਟਾਊਨ
ਟੋਰਾਂਟੋ’ ਦਿਸਦੈ । ਨਾ ਪਾਸਾ ਵਟ ਸਕਦੀ ਤੇ ਨਾ ਹੀ ਸਿਰ ਹਿਲਾ ਸਕਦੀ । ਜੇ ਆਪਣੇ ਸਿਰ ਨੂੰ
ਮਾੜਾ ਜਿਹਾ ਮੋੜਕੇ ਵੇਖਣ ਦੀ ਕਿਤੇ ਕੋਸਿ਼ਸ਼ ਕਰ ਹੀ ਲੈਂਦੀ ਤਾਂ ਜਿਵੇਂ ਕਮਰਾ ਜੋਰ ਜੋਰ ਕੇ
ਘੁੰਮਣ ਲਗਦਾ ਸੀ । ਸਾਹਮਣੀ ਕੰਧ ਖਰਾਬ ਹੋਈ ਪਿਕਚਰ ਦੀ ਰੀਲ ਵਾਂਗ ਭੱਜਣ ਲਗਦੀ । ਅੱਖਾਂ
ਨੂੰ ਜਿਵੇਂ ਨਜ਼ਰ ਹੀ ਲਗ ਗਈ ਸੀ ...ਕਿਸੇ ਵੀ ਚੀਜ਼ ਨੂੰ ਸਹਿ ਹੀ ਨਹੀਂ ਸਕਦੀਆਂ
ਸਨ...ਨਜ਼ਰ ਪਾਟਣ ਲਗਦੀ ...ਉਦੋਂ ਵੀ ਇਹੀ ਤਾਂ ਅੱਖਾਂ ਸਨ ਜੋ ਸਾਰੀ ਜਿ਼ੰਦਗੀ ਦੂਰ ਤਕ
ਤੱਕਦੀਆਂ ਰਹੀਆਂ । ਪਰ ਉਦੋਂ ਕਿਸੇ ਚੀਜ਼ ਨੂੰ ਤੱਕਦਿਆਂ ਇੰਨੀ ਜ਼ੋਰ ਕੇ ਚੱਕਰ ਆਉਂਦੇ ਕਿ
ਹੋਸ਼ ਭੁੱਲ ਜਾਂਦੀ । ਸਾਹਮਣੇ ਦਾ ਦ੍ਰਿਸ਼ ਕਿਵੇਂ ਉਪਰ ਉਪਰ ਨੂੰ ਤੁਰਨ ਲਗਦਾ । ਜਦ ਹੋਸ਼
ਪਰਤਦੀ ਤਾਂ ਕੰਨਾਂ ਨੂੰ ਹੱਥ ਲਾਕੇ ਆਖਦੀ ਸਾਂ, ‘ਮੇਰੀ ਤੌਬਾ... ਮੈਂ ਇਸ ਬਾਰੀ ਵੱਲ ਮੁੜਕੇ
ਨਹੀਂ ਵੇਖਦੀ’ । ਇਸ ਬਾਰੀ ਨਾਲੋਂ ਤਾਂ ਕੰਧ ਹੀ ਚੰਗੀ ! ਮੇਰੀ ਨਜ਼ਰ ਦੀ ਸੀਮਾ ਇਹੀ ਰਹਿ ਗਈ
ਸੀ... ਮੈਂ ਬਸ ਇਕੋ ਬਿੰਦੂ ਵਲ ਹੀ ਤੱਕ ਸਕਦੀ ਸਾਂ...।
“ਮਿਸਿਜ਼ ਸਿੰਘ...” ਆਪਣਾ ਨਾਂ ਸੁਣਕੇ ਮੈਂ ਤ੍ਰਬਕੀ । ਹਾਇ ਰੱਬਾ ! ਉਹ ਕੁੜੀ ਤਾਂ ਮੈਂਨੂੰ
ਕਾਂਊਂਟਰ ਤੇ ਬੁਲਾ ਰਹੀ ਹੈ । ਚਲੋ... ਮੇਰੀ ਵਾਰੀ ਤਾਂ ਆ ਗਈ । ਕੁੜੀ ਮੈਨੂੰ ਕਹਿ ਰਹੀ
ਹੈ, ‘ਗਿਵ ਮੀ ਯੂਅਰ ਹੈਲਥ ਕਾਰਡ ਪਲੀਜ਼ ’ । ਉਸਨੇ ਮੇਰਾ ਨਾਂ, ਪਤਾ, ਕਾਰਡ ਨੰਬਰ ਆਦਿ
ਲਿਖਕੇ ਮੈਨੂੰ ਫਿਰ ਵਾਪਸ ਭੇਜ ਦਿਤਾ ਹੈ । ਦਰਦ ਨਾਲ ਨਿਢਾਲ ਹੋਈ ਉਹ ਕਾਲੀ ਔਰਤ ਹੁਣ ਵ੍ਹੀਲ
ਚੇਅਰ ਦੀ ਬਾਂਹ ਤੋਂ ਅੱਧੀ ਬਾਹਰ ਡਿਗੀ ਪਈ ਹੈ । ਉਸਦੀਆਂ ਲੱਤਾਂ ਦੂਜੇ ਪਾਸੇ ਲਟਕ ਰਹੀਆਂ
ਹਨ । ਉਹ ਅਜੇ ਵੀ ਉਸੇ ਤਰ੍ਹਾਂ ਕਰਾਹ ਰਹੀ ਹੈ । ਉਸ ਦੇ ਸਾਥੀ ਆਪਣੇ ਆਪਣੇ ਸੈਲੱ ਫੋਨਾਂ
‘ਤੇ ਗੱਲਾਂ ਕਰਨ ਵਿਚ ਮਸਤ ਹਨ । ਹਾਇ !ਹਾਇ ! ਕਿਸੇ ਨੂੰ ਵੀ ਉਸਦਾ ਕੋਈ ਫਿ਼ਕਰ ਨਹੀਂ !
ਕਾਸ਼ ! ਮੈਂ ਉਸਦੀ ਕੋਈ ਮਦਦ ਕਰ ਸਕਦੀ । ਮੈਂ ਦੂਜੇ ਕਮਰੇ ਵਿਚਲੀ ਸੀਟ ਤੇ ਜਾ ਕੇ ਬੈਠ ਗਈ
ਹਾਂ । ਇਥੋਂ ਮੈਨੂੰ ਉਹ ਨਹੀਂ ਦਿਸਦੀ । ਮੈਂ ਇਕ ਲੰਮਾ ਸਾਹ ਲੈਂਦੀ ਹਾਂ ਤੇ ਸਾਹਮਣੇ ਵੇਖਣ
ਲਗਦੀ ਹਾਂ ।
ਹੁਣੇ ਹੁਣੇ ਇਕ ਪੰਜਾਬੀ ਔਰਤ ਇਕ ਸਿੱਖ ਬਜ਼ੁਰਗ ਨੂੰ ਵ੍ਹੀਲ ਚੇਅਰ ਤੇ ਲੈ ਕੇ ਅੰਦਰ ਆਈ ਹੈ
। ਉਹ ਆ ਕੇ ਇਕ ਕੋਨੇ ਵਿਚ ਖੜੇ ਹੋ ਗਏ ਹਨ । ਲਗਦਾ...ਇਹ ਅਕਸਰ ਇਥੇ ਆਉਂਦੇ ਰਹਿੰਦੇ
ਹਨ...ਇਨ੍ਹਾਂ ਨੂੰ ਇਥੋਂ ਦੇ ਤੌਰ ਤਰੀਕਿਆਂ ਦਾ ਪਤਾ ਹੈ । ਇਕ ਪੰਜਾਬੀ ਕੁੜੀ ਉਨ੍ਹਾਂ ਨੂੰ
ਕੁਛ ਦਸ ਪੁੱਛ ਕੇ ਇਕ ਪਾਸੇ ਬਿਠਾਕੇ ਚਲੀ ਗਈ ਹੈ । ਸੋਚ ਰਹੀ ਹਾਂ ਕਿ ਇਹ ਬਜ਼ੁਰਗ...ਦਸੋ
ਕੀ ਕਰਦੇ ਨੇ ਇਥੇ ਕੈਨੇਡਾ ਆਕੇ ? ਕੀ ਇਹ ਇਥੇ ਆਕੇ ਖੁਸ਼ ਹਨ ? ਇਹ ਇਥੇ ਕਿਉਂ ਆਉਂਦੇ ਨੇ ?
ਦੇਖੋ ਨਾ ਇਨ੍ਹਾਂ ਦੋਹਾਂ ਦੇ ਮੂੰਹ ਕਿਵੇਂ ਮੁਰਝਾਏ ਪਏ ਨੇ । ਕਿੰਨੇ ਓਪਰੇ ਜਿਹੇ ਲਗਦੇ ਨੇ
ਇਸ ਸਾਰੇ ਮਾਹੌਲ ਵਿਚ ।... ਭਾਸ਼ਾ ਵੀ ਤਾਂ ਨਹੀਂ ਆਉਂਦੀ ਵਿਚਾਰਿਆਂ ਨੂੰ... ਦੇਸ ਵਿਚ ਵੀ
ਬਜ਼ੁਰਗਾਂ ਦਾ ਕਿਹੜਾ ਚੰਗਾ ਹਾਲ ਹੈ ? ਧੀਆਂ ਪੁੱਤਰ ਕਿਹੜਾ ਪੁੱਛਦੇ ਨੇ ਉਥੇ ਵੀ ? ਇਥੇ
ਘੱਟੋ ਘੱਟ ਇਹਨਾਂ ਨੂੰ ਸਹੂਲਤਾਂ ਤਾਂ ਹਨ । ਸਰਕਾਰ ਇਨ੍ਹਾਂ ਨੂੰ ‘ਓਲਡ ਏਜ’ ਪੈਨਸ਼ਨਾਂ
ਦਿੰਦੀ ਹੈ । ਮੁਫ਼ਤ ਇਲਾਜ ਹੁੰਦਾ ਹੈ ਤੇ ਸਮਾਜ ਸੇਵਕ ਤੇ ਦੁਭਾਸ਼ੀਏ ਇਨ੍ਹਾਂ ਦੀ ਮਦਦ ਕਰਦੇ
ਹਨ । ਇਸ ਗੱਲੋਂ ਤਾਂ ਚੰਗੇ ਨੇ ਇਥੇ...।
ਜਿ਼ੰਦਗੀ ਵੀ ਕੀ ਬੁਝਾਰਤ ਹੈ... ਬੰਦਾ ਜੀਊਂਦਾ ਹੈ ਇਹ ਸੋਚ ਕੇ ਕਿ ਸ਼ਾਇਦ ਉਹ ਇਥੇ ਹਮੇਸ਼ਾ
ਲਈ ਰਹੇਗਾ ਤੇ ਜਦੋਂ ਤੱਕ ਜਵਾਨ ਹੈ ਸੋਚਦਾ ਹੈ ਉਸਤੇ ਕਦੇ ਬੁੱਢਾਪਾ ਆਉਣਾ ਹੀ ਨਹੀਂ । ਜਦੋਂ
ਤੱਕ ਤੰਦਰੁਸਤ ਹੈ ਸੋਚਦਾ ਹੈ ਬਿਮਾਰ ਤਾਂ ਕੋਈ ਹੋਰ ਹੀ ਲੋਕ ਹੁੰਦੇ ਹਨ । ਜਦੋਂ ਤਕ ਆਪ
ਸੁਖੀ ਹੈ ਤਾਂ ਉਸ ਨੂੰ ਹਰ ਕੋਈ ਸੁਖੀ ਹੀ ਲਗਦਾ ਹੈ । ਸ਼ਾਇਦ ਇਹੀ ਦੁਨੀਆ ਦਾ ਦਸਤੂਰ ਹੈ ।
ਜਿਹੜਾ ਹਰ ਵੇਲੇ ਆਪਣਿਆਂ ਨਾਲ ਘਿਰਿਆ ਹੁੰਦਾ ਹੈ ਉਸਨੂੰ ਕੀ ਪਤਾ ਇਕੱਲਤਾ ਕੀ ਹੁੰਦੀ ਹੈ ।
ਉਸ ਹਸਪਤਾਲ ਦਾ ਉਹ ਕਮਰਾ...ਤੌਬਾ ! ਇਕ ਪਰਦਾ ਲਮਕਦਾ ਰਹਿੰਦਾ ਸੀ ਇਸਦੇ ਦਰਮਿਆਨ...
ਫੁੱਲਾਂ ਵਾਲਾ ਸਾਫ਼-ਸੁਥਰਾ ਨੀਲਾ ਪਰਦਾ...ਕਾਸ਼ ! ਇਹ ਪਰਦਾ ਇਸ ਤਰ੍ਹਾਂ ਇਸ ਕਮਰੇ ਦੇ
ਵਿਚਕਾਰ ਨਾ ਲਟਕਦਾ ਹੁੰਦਾ ਤਾਂ ਉਧਰਲੀ ਮਰੀਜ਼ ਨਾਲ ਕਦੇ ਕਦੇ ਗ਼ਲ ਕਰਨ ਦਾ ਮੌਕਾ ਹੀ ਮਿਲ
ਜਾਂਦਾ । ਸਮਾਂ ਚੰਗੀ ਤਰ੍ਹਾਂ ਲੰਘ ਜਾਂਦਾ । ਗੱਲਾਂ ਭਾਵੇਂ ਨਾ ਵੀ ਕਰੋ... ਕੋਈ ਹਰਕਤ
ਹੁੰਦੀ ਤਾਂ ਦਿਸਦੀ ਹੈ । ਪਰ ਇਹ ਟੋਰਾਂਟੋ ਹੈ, ਇੰਡੀਆ ਨਹੀਂ... ਜਿਥੇ ਸਾਰੇ ਮਰੀਜ਼ਾਂ ਤੇ
ਉਹਨਾਂ ਦੇ ਰਿਸ਼ਤੇਦਾਰਾਂ ਦੀ ਹਸਪਤਾਲ ਵਿਚ ਦਰਦ ਦੀ ਇਕ ਸਾਂਝ ਕਾਇਮ ਹੋ ਜਾਂਦੀ ਹੈ । ਪਰ
ਇਥੇ ....ਵਿਅਕਤੀ ਦੀ ‘ਪਰਾਈਵੇਸੀ’ ਬਰਕਰਾਰ ਰਖਣ ਵੱਲ ਵਧੇਰੇ ਧਿਆਨ ਦਿਤਾ ਜਾਂਦਾ ਹੈ ।
ਅੱਖਾਂ ਮੀਟਦੀ ਤਾਂ ਵਹਿਮ ਹੋਣ ਲਗਦਾ ਸੀ... ਕਿਤੇ ਅੱਖਾਂ ਮੀਟੇ ਮੀਟੇ ਹੀ ਨਾ ਇਸ ਦੁਨੀਆਂ
ਤੋਂ ਚਲੀ ਜਾਵਾਂ । ਸਾਹਮਣੀ ਕੰਧ ਤੇ ਅੱਖਾਂ ਟਿਕਾਉਣ ਨਾਲ ਆਪਣੇ ਜੀਉਂਦੇ ਹੋਣ ਦਾ ਅਹਿਸਾਸ
ਬਣਿਆ ਰਹਿੰਦਾ ਸੀ । ਇਕੱਲਿਆਂ ਕਿਹੋ ਕਿਹੋ ਜਿਹੇ ਖਿਆਲ ਆਉਂਦੇ ਰਹਿੰਦੇ ਸਨ ...ਝੱਟ ਹੀ
ਕਿਤੇ ਦੀ ਕਿਤੇ ਪਹੁੰਚ ਜਾਂਦੀ ਸਾਂ।
ਲਉ ਮੈਨੂੰ ਦੁਬਾਰਾ ਆਵਾਜ਼ ਪਈ ਹੈ... ਇੰਤਜ਼ਾਰ ਕਰਦਿਆਂ ਪੂਰੇ ਦੋ ਘੰਟੇ ਹੋ ਗਏ ਹਨ । ਆਪਣਾ
ਨਾਂ ਸੁਣ ਕੇ ਮੈਂਨੂੰ ਸੁੱਖ ਦਾ ਸਾਹ ਆਇਆ ਹੈ । ਇਸ ਬਾਰ ਉਸ ਕੁੜੀ ਨੇ ਮੈਨੂੰ ਕੁਛ ਕਾਗਜ਼
ਦਿਤੇ ਨੇ ਤੇ ਮੇਰੇ ਗੁੱਟ ਤੇ ਮੇਰੇ ਨਾਂ ਦੀ ਨਿਸ਼ਾਨ-ਪੱਟੀ ਬੰਨ ਦਿਤੀ ਹੈ । ਉਹ ਕਹਿ ਰਹੀ
ਹੈ,
“ਉਸ ਦਰਵਾਜੇ ਵਿਚੋਂ ਲੰਘ ਕੇ ਸੱਜੇ ਮੁੜ ਕੇ ਸਿੱਧਾ ਜਾ ਕੇ ਦੂਜੇ ਵੱਡੇ ਦਰਵਾਜੇ ਵਿਚੋਂ
ਅੰਦਰ ਖੱਬੇ ਪਾਸੇ ਦੇ ਪਹਿਲੇ ਕਮਰੇ ਵਿਚ ਚਲੀ ਜਾਹ ।” ਮੈਂ ਥੋੜਾ ਰੁਕੀ ਹਾਂ, ਪੂਰੀ ਤਰ੍ਹਾਂ
ਗੱਲ ਸਮਝਣਾ ਚਾਹੁੰਦੀ ਹਾਂ ਪਰ ਉਹ ਕੁੜੀ ਮੇਰੇ ਵਲ ਨਹੀਂ ਵੇਖ ਰਹੀ ।
ਚਲੋ ਛੱਡੋ । ਚਲਦੀ ਹਾਂ ਆਪੇ ਪਤਾ ਲਗ ਜਾਊ । ਮਸਾਂ ਵਾਰੀ ਆਈ ਹੈ । ਚਲੋ, ਡਾਕਟਰ ਕੋਲ...
ਗੱਲ ਕਰੋ ਤੇ ਫਿਰ ਛੁੱਟੀ...।
ਕਮਰੇ ਵਿਚ ਪਹੁੰਚ ਗਈ ਹਾਂ । ਬਹੁਤ ਹੈਰਾਨ ਹੋ ਰਹੀ ਹਾਂ ਕਿ ਉਹੀ ਲੋਕ ਜੋ ਮੇਰੇ ਤੋਂ
ਪਹਿਲਾਂ ਉਧਰੋਂ ਅੰਦਰ ਭੇਜੇ ਗਏ ਸਨ, ਸਾਰੇ ਦੇ ਸਾਰੇ ਇਥੇ ਬੈਠੇ ਹਨ । ਠਾਹ ਕਰਕੇ ਇਕ ਪਾਸੇ
ਬੈਠ ਗਈ ਹਾਂ...ਚੱਚ..ਚੱਚ..ਚੱਅ... ਆਹ ਉਹੀ ਅਫ਼ਰੀਕਨ ਔਰਤ ਅਜੇ ਵੀ ਇਥੇ ਉਸੇ ਤਰ੍ਹਾਂ ਤੜਪ
ਰਹੀ ਹੈ । ਉਸ ਨੂੰ ਅਜੇ ਤਕ ਕੋਈ ਸਹਾਇਤਾ ਨਹੀਂ ਦਿਤੀ ਜਾ ਰਹੀ । ਹੁਣ ਤਾਂ ਸਾਰਿਆਂ ਦੇ
ਚਿਹਰੇ ਉੱਤਰੇ ਹੋਏ ਲਗਦੇ ਹਨ ।
ਬੈਠ ਜਾ ਕੁੜੀਏ...ਅਜੇ ਤਾਂ ਹੋਰ ਪਤਾ ਨਹੀਂ ਕਿੰਨਾ ਚਿਰ ਇੰਤਜ਼ਾਰ ਕਰਨਾ ਪੈਣੈ ? ਸੁੱਜੀ
ਹੋਈ ਲੱਤ ਵਾਲੀ ਕੁੜੀ ਮੇਰੇ ਸਾਹਮਣੇ ਹੈ...ਕਾਫ਼ੀ ਤਕਲੀਫ ਵਿਚ ਲਗ ਰਹੀ ਹੈ ਤੇ ਉਸਦੇ
ਮਾਪਿਆਂ ਦੇ ਮੂੰਹ ਤੇ ਪਰੇਸ਼ਾਨੀ ਹੋਰ ਗਹਿਰੀ ਹੋ ਗਈ ਲਗਦੀ ਹੈ । ਉਹ ਮੈਕਸੀਕਨ ਔਰਤ ਵੀ ਆ
ਗਈ ਹੈ । ਸੀਟਾਂ ਸਭ ਭਰ ਗਈਆਂ ਹਨ । ਇਸ ਬਾਰ ਉਸ ਦਾ ਵੀ ਚਿਹਰਾ ਕੁਛ ਉਤਰਿਆ ਜਿਹਾ ਲਗ ਰਿਹਾ
ਹੈ । ਮੈਂ ਉਸਨੂੰ ਆਪਣੀ ਸੀਟ ਵਲ ਇਸ਼ਾਰਾ ਕਰਕੇ ਬੈਠਣ ਨੂੰ ਕਿਹਾ ਹੈ ।
“ਮੈਂ ਬੈਠ ਨਹੀਂ ਸਕਦੀ, ਮੇਰੀ ਕਮਰ ਵਿਚ ਬਹੁਤ ਦਰਦ ਹੋ ਰਿਹੈ ।”
‘ਔ... ਆਈ ਐਮ ਸੌਰੀ !’ ਮੈਂ ਇੰਨਾ ਹੀ ਕਹਿ ਸਕੀ ਹਾਂ। ਮੈਂ ਕਿੰਨਾ ਗਲਤ ਸੋਚ ਰਹੀ ਸੀ ...
ਹਰ ਆਦਮੀ ਹੀ ਕਿਸੇ ਨਾ ਕਿਸੇ ਦੁਖ ਨਾਲ ਪੀੜਿਤ ਹੁੰਦਾ ਹੈ ਤਾਂ ਹੀ ਇਥੇ ਆਉਂਦਾ ਹੈ ।
ਆਹ ਮੇਰੇ ਨਾਲ ਦੀ ਸੀਟ ਤੇ ਇਕ ਗੋਰੀ ਔਰਤ ਬੈਠੀ ਹੋਈ ਹੈ । ਇਸ ਦੀ ਬਹੁਤ ਹੀ ਪਿਆਰੀ ਗੋਰੀ
ਚਿੱਟੀ ਸਾਲ ਕੁ ਦੀ ਬੱਚੀ ਉਸਦੇ ਇਰਦ ਗਿਰਦ ਖੇਡ ਰਹੀ ਹੈ । ਬੱਚੀ ਬਿਮਾਰ ਹੈ ਪਰ ਫਿਰ ਵੀ
ਹੱਸ ਹੱਸ ਕੇ ਸਾਰਿਆਂ ਦਾ ਧਿਆਨ ਆਪਣੇ ਵਲ ਖਿੱਚ ਰਹੀ ਹੈ । ਹੱਸਦੀ ਬੱਚੀ ਨੂੰ ਵੇਖ ਕੇ ਥੋੜਾ
ਜਿਹਾ ਤਨਾਉ ਖਤਮ ਹੋਇਆ ਹੈ । ਬੱਚੇ...ਕਿੰਨੇ ਪਿਆਰੇ ਹੁੰਦੇ ਨੇ ! ਰੋਂਦਿਆਂ ਨੂੰ ਵੀ ਹੱਸਣ
ਲਾ ਦਿੰਦੇ ਨੇ। ਇਥੇ ਤਾਂ ‘ਹਾਇ ਹੈਲੋ’ ਤੇ ਮੁਸਕਣੀ ਤੋਂ ਬਿਨਾ ਕੋਈ ਗੱਲ ਹੀ ਨਹੀਂ ਕਰਦਾ ।
ਸਾਰੇ ਚੁੱਪ ਚਾਪ ਬੈਠੇ ਹਨ, ਬਸ ਉਹ ਬੱਚੀ ਹੀ ਇਧਰ ਉਧਰ ਘੁੰਮ ਕੇ ਖੇਡ ਰਹੀ ਹੈ । ਇਸਦਾ ਕੁਛ
ਦੁੱਖਦਾ ਹੋਣਾ ਹੈ ਤਾਂ ਹੀ ਕਈ ਵਾਰ ਵਿਚੋਂ ਰੋਣ ਵੀ ਲਗਦੀ ਹੈ । ਉਸਦੀ ਗੋਰੀ ਮਾਂ ਉਸਨੂੰ
ਛੇਤੀ ਹੀ ਵਰਾ ਲੈਂਦੀ ਹੈ ਤੇ ਉਹ ਫਿਰ ਖੇਡਣ ਲਗਦੀ ਹੈ । ਮੈਂ ਉਸਨੂੰ ਭਾਰਤੀ-ਆਦਤ ਅਨੁਸਾਰ
ਪੁੱਛਣਾ ਚਾਹੁੰਦੀ ਹਾਂ ਕਿ ਬੱਚੀ ਦਾ ਕੀ ਦੁਖ ਰਿਹਾ ਹੈ ਪਰ ਰਿਵਾਜਨ ਸਰਸਰੀ ਜਿਹਾ ਮੁਸਕੁਰਾ
ਕੇ ਹੱਥ ਹਿਲਾ ਕੇ ਇਸ਼ਾਰੇ ਨਾਲ ਬੱਚੀ ਨੂੰ ‘ਹਾਇ’ ਕਹਿੰਦੀ ਹਾਂ । ਬੱਚੀ ਦੀਆਂ ਨਿੱਕੀਆਂ
ਨਿੱਕੀਆਂ ਕਿਲਕਾਰੀਆਂ ਨਾਲ ਮੈਂ ਵੀ ਮੁਸਕਰਾ ਰਹੀ ਹਾਂ । ਇੰਝ ਜਾਪਦਾ ਹੈ ਸਾਰੇ ਕਮਰੇ ਦਾ
ਮੌਸਮ ਬਦਲ ਗਿਆ ਹੈ ।
ਉਹ ਅਫ਼ਰੀਕਨ ਔਰਤ ਅਜੇ ਵੀ ਹੂੰਘ ਰਹੀ ਹੈ। ਲਗਦਾ ਹੈ, ਹੁਣ ਉਹ ਅੱਗੇ ਨਾਲੋਂ ਵੀ ਵਧੇਰੇ
ਹੇਠਾਂ ਖਿਸਕ ਗਈ ਹੈ । ਹੁਣ ਤਾਂ ਆਲੇ-ਦੁਆਲੇ ਦੇ ਲੋਕਾਂ ਦੀਆਂ ਅੱਖਾਂ ਵਿਚ ਵੀ ਉਸਦਾ ਦਰਦ
ਝਲਕਦਾ ਨਜ਼ਰ ਆ ਰਿਹਾ ਹੈ । ਆਖਿਰ ਪੱਥਰ ਤਾਂ ਕੋਈ ਵੀ ਨਹੀਂ ਹੁੰਦਾ ! ਇਥੇ ਕਿਹੜਾ ਕੋਈ ਸੁਖ
ਨੂੰ ਆਉਂਦਾ ਹੈ ! ਪਤਾ ਨਹੀਂ ਕਿਸਨੂੰ ਕੀ ਤਕਲੀਫ ਹੈ ਜੋ ਐਮਰਜੈਂਸੀ ਵਿਚ ਆਇਆ ਹੈ ।
ਅਫ਼ਰੀਕਨ ਅਜੇ ਵੀ ਤੜਫ਼ ਰਹੀ ਹੈ ...ਕੀ ਪ੍ਰਬੰਧ ਹੈ ਇਸ ਹਸਪਤਾਲ ਦਾ ? ਕਿਹੋ ਜਿਹਾ ਨਿਜਾਮ
ਹੈ ਇਹ ? ਜੇ ਇਸਨੂੰ ਇਥੇ ਹੀ ਕੁਛ ਹੋ ਗਿਆ ਤਾਂ ? ਇਸ ਹਸਪਤਾਲ ਬਾਰੇ ਕਿੰਨੀਆਂ ਹੀ
ਸੁਣੀਆਂ-ਸੁਣਾਈਆਂ ਕਹਾਣੀਆਂ ਯਾਦ ਆ ਰਹੀਆਂ ਹਨ ।
ਆਹ ਕੁਛ ਚਿਰ ਪਹਿਲਾਂ ਤਾਂ ਅਖਬਾਰਾਂ ਦੀਆਂ ਸੁਰਖੀਆਂ ਵਿਚ ਤਰ੍ਹਾਂ ਤਰ੍ਹਾਂ ਦੇ ਸਵਾਲ ਉਠਾਏ
ਗਏ ਸਨ ਇਸ ਹਸਪਤਾਲ ਬਾਰੇ । ਪਿਛਲੇ ਵਰ੍ਹੇ ਕੋਈ ਪੰਜਾਬੀ ਬੰਦਾ ਇਸੇ ਤਰ੍ਹਾਂ ਬਹੁਤ ਹੀ
ਬਿਮਾਰ ਸੀ ਅਤੇ ਇਥੇ ਐਮਰਜੈਂਸੀ ਵਿਚ ਆ ਗਿਆ । ਕਾਇਦੇ ਅਨੁਸਾਰ ਉਸਨੂੰ ਵਾਰੀ ਸਿਰ ਹੀ ਵੇਖਿਆ
ਜਾਣਾ ਸੀ । ਉਹ ਵਿਚਾਰਾ ਆਪਣੀ ਵਾਰੀ ਤਕ ਜਿਉਂਦਾ ਹੀ ਨਾ ਰਹਿ ਸਕਿਆ । ਦਸੋ ਇਸ ਲਈ ਕੌਣ
ਜਵਾਬਦੇਹ ਹੈ ? ਹਸਪਤਾਲ ਨੇ ਤਾਂ ਕਾਇਦੇ ਕਾਨੂੰਨ ਦੀ ਪਾਲਣਾ ਹੀ ਕੀਤੀ ਸੀ...ਕਿਉਂ ਨਹੀਂ ਇਹ
ਵਧੇਰੇ ਤਕਲੀਫ਼ ਵਾਲੇ ਲੋਕਾਂ ਨੂੰ ਕਿਸੇ ਵੱਖਰੀ ਜਗਾ ਵੇਖਦੇ ? ਕਿਉਂ ਨਹੀਂ ਕੋਈ ਹੋਰ
ਇੰਤਜ਼ਾਮ ਕਰਦੇ ਤਾਂ ਕਿ ਕਿਸੇ ਦੀ ਜਾਨ ਬਚਾਈ ਜਾ ਸਕੇ ?
ਮੈਂ ਕਾਹਲੀ ਪੈ ਕੇ ਨਾਲ ਦੀ ਗੋਰੀ ਔਰਤ ਨੂੰ ਕਹਿ ਰਹੀ ਹਾਂ, ‘ਦਿਅਰ ਸ਼ੁਡ ਨੌਟ ਬੀ ਸੋ ਮਚ
ਵੇਟ !’
ਉਹ ਮੋਢੇ ਹਿਲਾ ਕੇ ਕਹਿ ਰਹੀ ਹੈ, “ਦੇ ਹੈਵ ਟੂ ਡੂ, ਵਟ ਦੇ ਹੈਵ ਟੂ ਡੂ !”
ਠੀਕ ਹੀ ਤਾਂ ਹੈ । ਜੋ ਵੀ ਐਮਰਜੈਂਸੀ ਵਿਚ ਆਉਂਦਾ ਹੈ ਉਸ ਨੂੰ ਬਰਾਬਰ ਦੇ ਨਿਯਮਾਂ ਵਿਚੋਂ
ਲੰਘਣਾ ਹੀ ਪੈਂਦਾ ਹੈ । ਹੋ ਸਕਦਾ ਹੈ ਕੋਈ ਵੱਧ ਬਿਮਾਰ ਹੋਣ ਦਾ ਨਾਟਕ ਕਰ ਕੇ ਛੇਤੀ ਵਾਰੀ
ਲੈ ਲਵੇ । ਕਾਨੂੰਨ ਵੀ ਹਮੇਸ਼ਾ ਇਸੇ ਲਈ ਸਖਤ ਹੁੰਦੇ ਹਨ ਕਿਉਂਕਿ ਇਨ੍ਹਾਂ ਦੀ ਕਿਸੇ ਨੇ
ਉਲੰਘਣਾ ਕੀਤੀ ਹੁੰਦੀ ਹੈ । ਪਰ ਫਿਰ ਵੀ ਇਨਸਾਨੀਅਤ ਦੇ ਨਾਤੇ ਇੰਨੇ ਬਿਮਾਰ ਵਿਅਕਤੀ ਨੂੰ
ਪਹਿਲਾਂ ਵੇਖ ਲੈਣਾ ਚਾਹੀਦਾ ਹੈ... ਬਿਮਾਰ ਬੰਦੇ ਦੇ ਸੋਚਣ ਦਾ ਤਰੀਕਾ ਹੀ ਬਦਲ ਜਾਂਦਾ ਹੈ ।
ਸਾਹਮਣੀ ਕੰਧ ਨੂੰ ਦੇਖਦਿਆਂ ਫਿਰ ਟੋਰਾਂਟੋ ਦੇ ਟਰੌਮਾ ਹਸਪਤਾਲ ਦੇ ਬੱੈਡ ਦੀ ਤੇ ਉਸਦੀ ਕੰਧ
ਦੀ ਯਾਦ ਆ ਗਈ ਹੈ ।
ਕਈ ਵੇਰ ਪੀਲੇ ਰੰਗ ਦੀ ਉਹ ਕੰਧ ਮੈਨੂੰ ਭੁਰ ਰਹੀ ਜਾਪਦੀ । ਸੋਚਦੀ ਸਾਂ, ਇਸਦੇ ਪਾਰ ਇਕ
ਬਹੁਤ ਵੱਡਾ ਸੰਸਾਰ ਹੈ ਜੋ ਵਾਹੋ ਦਾਹੀ ਦੌੜ ਰਿਹਾ ਹੈ । ਮੈਂ ਵੀ ਉਸ ਭੀੜ ਵਿਚ ਰਲ ਗਈ ਹਾਂ
। ਕੋਈ ਮੈਨੂੰ ਅੱਗੇ ਨੂੰ ਧੱਕ ਰਿਹਾ ਹੈ ਤੇ ਕੋਈ ਪਿੱਛੇ ਨੂੰ ਧੱਕ ਰਿਹਾ ਹੈ... ਮੈਂ ਖਿੱਦੋ
ਵਾਂਗ ਬਸ ਰਿੜ੍ਹੀ ਜਾ ਰਹੀ ਹਾਂ...ਕਿਸੇ ਦੀ ਖਾਤਿਰ ਰੋਂਦੀ ਤੇ ਕਿਸੇ ਦੀ ਖਾਤਿਰ ਹੱਸਦੀ ।
ਸੋਚਦੀ ਸਾਂ, ਇਹ ਵੀ ਕੀ ਜਿ਼ੰਦਗੀ ਹੈ, ਕੀਤਾ ਤੇ ਮੈਂ ਕੁਛ ਵੀ ਨਹੀਂ, ਬਸ ਖਿੱਦੋ ਵਾਂਗ
ਰਿੜ੍ਹਦਿਆਂ ਹਸਪਤਾਲ ਦੇ ਇਸ ਕਮਰੇ ਵਿਚ ਪਹੁੰਚ ਗਈ ਹਾਂ ... ਤੇ ਹੁਣ ਮੈ ਸ਼ਾਇਦ ਬਿਨਾ ਕੁਛ
ਕੀਤਿਆਂ ਹੀ ਇਥੋਂ ਚਲੀ ਜਾਵਾਂ । ਦੇਖਿਆਂ ਜਾਵੇ ਤਾਂ ਬੰਦਾ ਸਾਰੀ ਉਮਰ ਇਹ ਸੋਚਦਿਆਂ ਹੀ
ਲੰਘਾ ਦਿੰਦਾ ਹੈ ਕਿ ਮੈਂ ਕੁਛ ਕਰਾਂਗਾ ਪਰ ਦਿਨ ਚੜ੍ਹਦੇ ਲਹਿੰਦੇ ਰਹਿੰਦੇ ਹਨ ਤੇ ਜਿ਼ੰਦਗੀ
ਕਦੋਂ ਗੁਜ਼ਰ ਜਾਂਦੀ ਹੈ ਪਤਾ ਹੀ ਨਹੀਂ ਲਗਦਾ’।
ਕਿੰਨੀ ਛੇਤੀ ਗੁਜ਼ਰ ਗਈ ਜਿ਼ੰਦਗੀ !
ਅਜੇ ਕੱਲ ਦੀ ਹੀ ਤਾਂ ਗੱਲ ਹੈ, ਮੈਂ ਨਿੱਕੀ ਜਿਹੀ ਕੁੜੀ ਹੁੰਦੀ ਸਾਂ...ਪੀਘਾਂ ਝੂਟਦੀ,
ਗਿੱਧੇ ਪਾਉਂਦੀ ਨਿੱਕੀ ਜਿੰਨੀ ਕੁੜੀ ! ਕਾਲਜ ਦੇ ਦਿਨ ਤਾਂ ਮੈਨੂੰ ਕਦੇ ਭੁੱਲੇ ਹੀ ਨਹੀਂ ।
ਉਦੋਂ ਮੈਂ ਸੋਚਦੀ ...ਬਹੁਤ ਪੜ੍ਹਾਂਗੀ, ਲੈਕਚਰਾਰ ਬਣਾਂਗੀ, ਫਿਰ ਕਿਸੇ ਦਿਨ, ਕਿਸੇ ਕਾਲਜ
ਦੀ ਪ੍ਰਿੰਸੀਪਲ ਬਣਾਂਗੀ ਤੇ ਇਹ ਸੋਚਕੇ ਤਾਂ ਮੈਂਨੂੰ ਜਿਵੇਂ ਪਰ ਹੀ ਲਗ ਜਾਂਦੇ ਸਨ... ਫੇਰ
ਮਾਰੋ ਮਾਰ ਕਰਦੀ ਜਵਾਨੀ ਆ ਗਈ । ਕੁਛ ਵਲਵਲਿਆਂ ਦਾ ਜੋਸ਼ ਤੇ ਕੁਛ ਰਸਮੋ-ਰਿਵਾਜਾਂ਼ ਦਾ
ਜ਼ੋਰ ...ਘਰ ਬਨਾਉਣ ਤੇ ਵਸਾਉਣ ਦੀਆਂ ਰੁੱਤਾਂ ਵਿਚ ਮੈਂ ਇੰਨਾ ਗੁਆਚ ਗਈ ਕਿ ਘਰ ਤੋਂ ਬਾਹਰ
ਦੀ ਦੁਨੀਆਂ ਦੇ ਸੁਪਨੇ ਮੈਂਨੂੰ ਕਦੇ ਚੇਤੇ ਹੀ ਨਾ ਆਏ । ਭਲਾ ਮੈਂ ਇਸ ਦੁਨੀਆਂ ਵਿਚ ਆਕੇ ਕੀ
ਕੀਤਾ ? ਪਰ ਜੇ ਮੈਂਨੂੰ ਥੋੜੀ ਜਿਹੀ ਮੁਹਲਤ ਹੋਰ ਮਿਲ ਜਾਵੇ ਤਾਂ ਮੈਂ ਆਪਣੀ ਜਿ਼ੰਦਗੀ ਨੂੰ
ਕਿਸੇ ਉਸਾਰੂ ਕੰਮ ਦੇ ਲੇਖੇ ਲਾਵਾਂਗੀ । ਹਾਂ...!
ਹਸਪਤਾਲ ਦੇ ਕਮਰੇ ਦੀ ਉਸੇ ਕੰਧ ਤੇ ਇਕ ਬੋਰਡ ਲਗਿਆ ਹੋਇਆ ਸੀ । ਇਸ ਬੋਰਡ ਤੇ ਰੋਜ ਤਾਰੀਖ,
ਡਿਉਟੀ ਡਾਕਟਰ ਦਾ ਨਾਂ ਤੇ ਡਿਉਟੀ ਨਰਸ ਦਾ ਨਾਂ...ਬਦਲ ਜਾਂਦੇ ਪਰ ਹੋਰ ਕੁਛ ਨਹੀਂ ਸੀ
ਬਦਲਦਾ । ਡਾਕਟਰ ਮੇਰੇ ਤੋਂ ਰੋਜ ਉਹੀ ਸਵਾਲ ਪੁੱਛਦੇ ਸਨ,
ਅਜ ਕਿੰਨੀ ਤਾਰੀਖ ਹੈ ? ਤਾਰੀਖ...ਇਹ ਤਾਰੀਖ ਕੀ ਹੁੰਦੀ ਏ...ਕਾਲ ਦਾ ਤਾਂ ਕੋਈ ਸਿਰਾ ਹੀ
ਨਹੀਂ ਹੁੰਦਾ...ਕਿਹੜੇ ਸਿਰੇ ਦਾ ਨਾਂ ਹੈ ਤਾਰੀਖ ਹੈ ?...ਤਾਰੀਖਾਂ ਗੁਜਰਦੀਆਂ ਹਨ...ਆਦਮੀ
ਜੰਮਦੇ ਹਨ, ਮਰਦੇ ਹਨ...ਸਮਾਂ ਚਲਦਾ ਰਹਿੰਦਾ ਹੈ...ਦੁਨੀਆ ਚਲਦੀ ਰਹਿੰਦੀ ਹੈ, ਤਾਰੀਖ
ਬਦਲਦੀ ਰਹਿੰਦੀ ਹੈ, ਸਮਾਂ ਤਾਂ ਇਸ ਕਾਇਨਾਤ ਦਾ ਰਿਦਮ ਹੈ ਜੋ ਆਪਣੀ ਲੈਅ ਤੇ ਥਿਰਕਦਾ
ਰਹਿੰਦਾ ਹੈ...।
ਤੇਰੇ ਡਾਕਟਰ ਦਾ ਕੀ ਨਾਂ ਹੈ ? ‘ਕੌਣ ਹੁੰਦੈ ਡਾਕਟਰ ? ਇਕ ਮਸੀਹਾ ? ਰੱਬ ਦਾ ਭੇਜਿਆ ਕੋਈ
ਫਰਿਸ਼ਤਾ ? ਤੁਹਾਨੂੰ ਨਵਾਂ ਜੀਵਨ ਦੇਣ ਵਾਲਾ ਜੀਵਨ-ਦਾਤਾ? ਆਖਿਰ ਕੌਣ ਹੁੰਦੈ ਡਾਕਟਰ...?
ਕੌਣ ਹੁੰਦੀਆਂ ਨੇ ਇਹ ਨਰਸਾਂ ? ਦਇਆ ਦੀਆਂ ਦੇਵੀਆਂ ? ਸੇਵਾ ਦਾ ਪੁੰਜ ? ਨਾਈਟਿੰਗੇਲ ਦੀਆਂ
ਭੈਣਾਂ ?
ਬੋਰਡ ਤੇ ਰੋਜ ਇਹਨਾਂ ਡਾਕਟਰਾਂ ਤੇ ਨਰਸਾਂ ਦੇ ਬਦਲਦੇ ਨਾਂ ਮੈਂ ਪੜ੍ਹਦੀ ਸਾਂ । ਇਹੀ ਇਕੋ
ਇਕ ਕਰੀਏਟਿਵ ਕੰਮ ਮੈਂ ਕਰਦੀ ਸਾਂ ਸਾਰੇ ਦਿਨ ਵਿਚ । ਹੁਣ ਤਾਂ ਮੈਨੂੰ ਉਹਨਾਂ ਦੀ ਪਹਿਚਾਣ
ਵੀ ਹੋ ਗਈ ਸੀ । ਸਾਰੇ ਡਾਕਟਰ ਤੇ ਨਰਸਾਂ ਇਕੋ ਜਿਹੇ ਲਗਦੇ ਸਨ ਜਿਵੇਂ ਰੋਬੋਟ ਹੁੰਦੇ ਹੋਣ ।
ਮਸ਼ੀਨਾਂ ਘਸੀਟਦੀਆਂ ਆੳਂੁਦੀਆਂ ਨਰਸਾਂ ਮੈਨੂੰ ਮਸ਼ੀਨਾਂ ਹੀ ਲਗਦੀਆਂ ਸਨ । ਉਹੀ ਰਟੇ ਰਟਾਏ
ਸਵਾਲ ਰੋਜ ਪੁੱਛਦੀਆਂ -
“ਮਿਸ ਸਿੰਘ ਵਟ ਇਜ਼ ਯੂਓਰ ਨੇਮ ?
ਵਟ ਇਜ਼ ਯੂਓਰ ਡੇਟ ਆਫ ਬਰਥ ?
ਵਟ ਇਜ਼ ਯੂਓਰ ਹੋਮ ਐਡਰੈਸ ?
ਵੇਅਰ ਆਰ ਯੂ ਰਾਈਟ ਨਾਓ ?”
ਇਹ ਸਵਾਲ ਕਦੇ ਨਹੀਂ ਬਦਲੇ । ਸਿਰਫ ਬੋਰਡ ਤੇ ਲਿਖੇ ਨਰਸਾਂ ਦੇ ਨਾਂ ਹੀ ਬਦਲਦੇ ਸਨ । ਕਮਰੇ
ਦਾ ਮਾਹੌਲ ਵੀ ਹਮੇਸ਼ਾ ਉਹੀ ਰਹਿੰਦਾ । ਨਵੀਂ ਨਰਸ ਆਉਂਦੀ, ਬਲਡ ਪ੍ਰੈਸ਼ਰ ਵੇਖਦੀ, ਨਬਜ਼
ਵੇਖਦੀ , ਬਿਨਾ ਨਜ਼ਰਾਂ ਮਿਲਾਇਆਂ, ਬਿਨਾ ਮੁਸਕਰਾਇਆਂ ਤੇ ਬਿਨਾ ਕੋਈ ਹਮਦਰਦੀ ਦਿਖਾਇਆਂ
ਫਾਈਲ ਤੇ ਕੁਛ ਲਿਖਦੀ ਤੇ ਚਲੀ ਜਾਂਦੀ । ਕੋਈ ਆਉਂਦੀ ਖੂਨ ਦੀਆਂ ਸ਼ੀਸ਼ੀਆਂ ਕੱਢ ਕੇ ਇਉਂ
ਤੁਰ ਜਾਂਦੀ ਜਿਵੇਂ ਕਿਸੇ ਨਲਕੇ ਚੋਂ ਪਾਣੀ ਕੱਢ ਕੇ ਲੈ ਕੇ ਗਈ ਹੋਵੇ !
ਨਾਈਟਿੰਗੇਲ ਵੀ ਤਾਂ ਇਕ ਨਰਸ ਹੀ ਸੀ । ਕਿੱਥੇ ਹੈ ਇਨਸਾਨੀਅਤ ਦਾ ਉਹ ਜਜ਼ਬਾ ! ਕਿੱਥੇ ਹੈ
ਭਾਈ ਘਨੱਈਏ ਵਾਲੀ ਇਨਸਾਨੀਅਤ ? ਦੂਜੇ ਦੇ ਦੁਖ ਨੂੰ ਵੰਡਾਉਣ ਦਾ ਦਰਦ !
ਸੋਚਦੀ ਸਾਂ, ਪਰ...ਇਹ ਵਿਚਾਰੇ ਕਰਨ ਵੀ ਕੀ... ਰੋਜ਼ ਕਿੰਨੇ ਮਰੀਜਾਂ ਨਾਲ ਤਾਂ ਵਾਹ ਪੈਂਦਾ
ਏ । ਇਨਸਾਨ ਸ਼ਾਇਦ ਦੁਖ ਵੇਖ ਵੇਖ ਕੇ ਪੱਥਰ ਹੋ ਜਾਂਦਾ ਹੈ ਜਿਵੇਂ ਇਹ ਲੋਕ ਹੋ ਗਏ ਹਨ ।
ਹਾਂ...ਮੈਨੂੰ ਹੁਣ ਪੱਕਾ ਵਿਸ਼ਵਾਸ ਹੋ ਗਿਆ ਸੀ ਕਿ ਇਹਨਾਂ ਲੋਕਾਂ ਨੂੰ ਚੈੱਕ ਲੈਣ ਤੇ ਆਪਣੀ
ਜੌਬ ਕਰਨ ਤੱਕ ਹੀ ਮਤਲਬ ਹੈ – ਸਭ ਪੁਲੀਟੀਕਲੀ ਕੁਰੈਕਟ ਹਨ ! ਨਹੀਂ ਤਾਂ ਉਹ ਜੋ ਤਿੰਨਾਂ
ਘੰਟਿਆਂ ਤੋਂ ਤੜਪ ਰਹੀ ਹੈ, ਉਸਨੂੰ ਕੋਈ ਝੱਟ ਦੇਣੀ ਦਰਦ ਘੱਟ ਕਰਨ ਦਾ ਟੀਕਾ ਹੀ ਲਾ ਜਾਂਦਾ
!
ਟੀਕਾ ! ਹੰਅ...ਟੀਕੇ ਕਿੱਥੇ ਲੱਗਦੇ ਆ ਇਥੇ...ਇਥੇ ਤਾਂ ਅਗਲੇ ਪੇਨ ਕਿਲਰ ਵੀ ਮਸਾਂ ਹੀ
ਦਿੰਦੇ ਆ...!
ਡਾਕਟਰਾਂ ਦੀ ਇਹ ਦੁਨੀਆ, ਇਹ ਸਾਰਾ ਨਿਜਾਮ ਵੀ ਅਜੀਬ ਹੈ... ਚਿੱਟੇ ਕਪੜੇ ਪਾਈ ਆਲੇ ਦੁਆਲੇ
ਦੌੜੇ ਫਿਰ ਰਹੇ ਹਨ । ਦੋ ਆਪਸ ਵਿਚ ਗੱਲਾਂ ਕਰ ਰਹੇ ਹਨ । ਜੇ ਇਹ ਗੱਲਾਂ ਨਾ ਕਰਦੇ ਹੁੰਦੇ
ਤਾਂ ...? ਕੋਈ ਤਾਂ ਵਿਚਾਰੀ ਇਸ ਔਰਤ ਨੂੰ ਵੇਖਦਾ ! ਕਿੱਥੇ ਵੇਖਦੇ ਨੇ ਇਹ...?
ਉਸ ਦਿਨ ਟੋਰਾਂਟੋ ਵਾਲੇ ਹਸਪਤਾਲ ਵਿਚ ਅਚਾਨਕ ਮੇਰੀ ਅੱਖ ਲਗ ਗਈ ਸੀ । ਉਸ ਦਿਨ ਦੀ ਡਿਊਟੀ
ਨਰਸ ਨੇ ਆਕੇ ‘ਵਾਜ ਮਾਰੀ, “ਮਿਸ ਸਿੰਘ ਮਾਈ ਨੇਮ ਇਜ਼ ਐਨੀ, ਡੂ ਯੂ ਨੀਡ ਐਨੀ ਹੈਲਪ ?” ਮੈਂ
ਅੱਵੜਵਾਹੇ ਉੱਠੀ, ਹੈਰਾਨ ਹੋ ਕੇ ਸਹਾਇਕ ਨਰਸ ਵੱਲ ਤੱਕਣ ਲਗੀ । ਕੋਈ ਨਵੀਂ ਹੀ ਫਿਲੀਪੀਨੋ
ਕੁੜੀ ਆਈ ਸੀ, ਦੇਖਣ ਨੂੰ ਬੜੀ ਸਾਊ ਜਿਹੀ ਲਗਦੀ ਸੀ । ਮੈਂ ਉਸਦੇ ਇਸ ਤਰ੍ਹਾਂ ਪੁੱਛਣ ਤੇ
ਖੁਸ਼ੀ ਵਿਚ ਆਕੇ ਉਸਨੂੰ ਕਹਿ ਬੈਠੀ,
“ਮੇਰਾ ਸ਼ਾਵਰ ਲੈਣ ਨੂੰ ਜੀਅ ਕਰਦਾ ਏ, ਮੈਂ ਬੜੇ ਦਿਨਾਂ ਤੋਂ ਸ਼ਾਵਰ ਨਹੀਂ ਲਿਆ । ਜੇ ਤੂੰ
ਮੇਰੀ ਮਦਦ ਕਰ ਦੇਵੇਂ ਤਾਂ...?”
“ਆਫ਼ ਕੋਰਸ ਮਿਸ ਸਿੰਘ ...ਮੈਂ ਥੋੜਾ ਜਿਹਾ ਕੰਮ ਨਿਬੇੜ ਕੇ ਹੁਣੇ ਆਈ,” ਕਹਿਕੇ ਉਹ ਚਲ਼ੀ
ਗਈ ਸੀ ।
ਆਪਣੇ ਆਪ ਕੁਛ ਵੀ ਕਰਨ ਦੀ ਮੇਰੇ ਵਿਚ ਹਿੰਮਤ ਨਹੀਂ ਸੀ । ਖੌਰੇ ਤਾਕਤ ਕਿੱਥੇ ਚਲੀ ਗਈ ਸੀ,
ਚੰਗੀ ਭਲੀ ਤਾਂ ਸਾਂ ਕੁਛ ਦਿਨ ਪਹਿਲਾਂ ! ਦਿਮਾਗ ਦੀ ਇਕ ਨਿੱਕੀ ਜਿਹੀ ਨਾੜੀ ਫਟ ਜਾਣ ਨਾਲ
ਸਾਰਾ ਸ਼ਰੀਰ ਕੰਮ ਕਰਨ ਦੀ ਸਮਰੱਥਾ ਗੁਆ ਬੈਠਾ ਸੀ । ਘੜੀ ‘ਚ ਕਦੋਂ ਕੀ ਹੋ ਜਾਂਦੈ, ਪਤਾ ਹੀ
ਨਹੀਂ ਲਗਦਾ ! ਸ਼ਾਵਰ ਦੇ ਖਿਆਲ ਨਾਲ ਮੈਨੂੰ ਜਿਵੇਂ ਚਾਅ ਚੜ੍ਹ ਗਿਆ ਸੀ ।
ਹੁਣ ਮੈਂ ਐਨੀ ਨੂੰ ਉਡੀਕ ਰਹੀ ਸਾਂ । ‘ਗਿਆਰਾਂ ਵਜੇ ਆਵਾਂਗੀ’ ਉਹ ਕਹਿ ਗਈ ਸੀ, ਹੁਣ ਤੇ
ਤਕਰੀਬਨ ਤਿੰਨ ਵਜ ਗਏ ਸਨ ...ਕੰਮ ਜੁ ਬਹੁਤ ਹੈ ਭੁੱਲ ਗਈ ਹੋਣੀ ਆ । ਵਿਚਾਰੀਆਂ ਕੀ ਕਰਨ
ਕਿੰਨੇ ਪਾਸੇ ਤਾਂ ਹੋਣਾ ਪੈਂਦੈ । ਮੈਂ ਆਪਣੇ ਆਪ ਨੂੰ ਦਲੀਲਾਂ ਦੇ ਰਹੀ ਸਾਂ ਕਿ ਉਹ ਆ ਗਈ ।
“ ਲੈਟਸ ਗੋਅ ਮਿਸ ਸਿੰਘ ...ਕੈਨ ਯੂ ਵੌਕ ?”
“ਆਈ ਕੈਨ ਵੌਕ ਸਲੋਲੀ ਵਿਦ ਦ ਹੈਲਪ ਆਫ ਦੈਟ ਵਾਕਰ”, ਮੈਂ ਹੌਲੀ ਜਿਹੀ ਕਿਹਾ ਸੀ।
“ਉਹ ਨੋਅ...” ਐਨੀ ਲਮਕਾਕੇ ਬੋਲੀ, “ਲੈਟ ਮੀ ਬਰਿੰਗ ਏ ਵ੍ਹੀਲ ਚੇਅਰ”। ਲੈ ਇਹ ਤਾਂ ਫਿਰ
ਚਲੀ ਗਈ...।
ਮੈਂ ਤਾਂ ਤੁਰਕੇ ਜਾਣਾ ਚਾਹੁੰਦੀ ਸਾਂ ਪਰ ਐਨੀ ਸ਼ਾਇਦ ਵਕਤ ਬਚਾਉਣਾ ਚਾਹੁੰਦੀ ਸੀ । ਕਹਿੰਦੀ
ਹੋਣੀ ਆ ਹੌਲੀ ਹੌਲੀ ਚਲਾ ਕੇ ਕਿਹੜਾ ਲਿਜਾਵੇਗਾ ਇਹਨੂੰ । ਉਹ ਵ੍ਹੀਲ ਚੇਅਰ ਲੈਕੇ ਆ ਗਈ ਤੇ
ਮੈਂਨੂੰ ਹਸਪਤਾਲ ਦੇ ਕਾਮਨ ਵਾਸ਼ਰੂਮ ਵਿਚ ਲੈ ਗਈ, ਜਿਹੜਾ ਕਿ ਕਮਰੇ ਤੋਂ ਥੋੜੀ ਦੂਰ ਵਾਰਡ
ਦੇ ਇਕ ਕੋਨੇ ਵਿਚ ਸੀ । ਇਸਨੇ ਮੈਨੂੰ ਕਮੋਡ ਚੇਅਰ ਤੇ ਬਿਠਾਕੇ ਨਲਕਾ ਚਲਾ ਦਿਤਾ ਤੇ ਆਪ
ਬਾਹਰ ਨੂੰ ਚਲੀ ਗਈ । ਮੇਰਾ ਤਾਂ ਦਿਲ ਬੈਠ ਗਿਆ... ਪਰ...ਕੋਈ ਨਾ ਹੁਣੇ ਆ ਜਾਵੇਗੀ ਸੋਚ ਕੇ
ਹੌਲੀ ਹੌਲੀ ਸ਼ਾਵਰ ਨਾਲ ਪਿੰਡੇ ਤੇ ਪਾਣੀ ਪਾਉਣ ਲਗ ਪਈ ।
ਮੈਂ ਉੱਥੇ ਬੈਠੀ ਬੈਠੀ ਥੱਕ ਚੁੱਕੀ ਸਾਂ । ਸਮਝ ਨਹੀਂ ਆ ਰਹੀ ਸੀ ਕਿ ਕੀ ਕਰਾਂ ! ਕਿੰਨਾ
ਸਮਾਂ ਹੋ ਗਿਆ ਸੀ ਮੈਨੂੰ ਉਥੇ ਬੈਠੀ ਨੂੰ । ਮੈਂ ਸਮਝ ਗਈ ਸਾਂ ਕਿ ਉਹ ਜਰੂਰ ਭੁੱਲ ਗਈ
ਹੈ...ਹੰਝੂ ? ਨਹੀਂ...ਨਹੀਂ ਮੈਂ ਕਮਜ਼ੋਰ ਨਹੀਂ ਹੋਣਾ...ਪਰ ਸਵਾਲ ਇਹ ਹੈ ਕਿ ਤੁਰ ਮੈਂ
ਸਕਦੀ ਨਹੀਂ ਤੇ ਵਾਸ਼ਰੂਮ ‘ਚੋਂ ਬਾਹਰ ਕਿਵੇਂ ਨਿਕਲਾਂ ? ਐਨੀ ਦਾ ਕਿਧਰੇ ਨਾਂ ਨਿਸ਼ਾਨ ਨਹੀਂ
ਸੀ । ਐਨੀ...ਕਿੱਥੇ ਗਈ...ਆਖਿਰ ਭੁੱਲ ਕਿਵੇਂ ਗਈ...ਉਸਨੂੰ ਪਤਾ ਤਾਂ ਹੈ ਮੈਂ ਇੰਨੀ
ਕਮਜ਼ੋਰ ਹੋ ਚੁੱਕੀ ਹਾਂ ਤੇ ਬਰੇਨ ਐਨੋਰਿਜ਼ਮ ਨੇ ਮੇਰਾ ਸੰਤੁਲਨ ਵਿਗਾੜ ਦਿਤਾ ਹੈ ...ਬਿਨਾ
ਸਹਾਰੇ ਮੈਂ ਖੜੀ ਵੀ ਨਹੀਂ ਹੋ ਸਕਦੀ । ਇਸ ਤਰ੍ਹਾਂ ਦੇ ਮਰੀਜ਼ ਨੂੰ ਐਨੀ ਵਾਸ਼ਰੂਮ ਵਿਚ
ਇਕੱਲਿਆਂ ਛੱਡ ਕੇ ਕਿਵੇਂ ਭੁਲ ਸਕਦੀ ਹੈ...ਇਸ ਤਰ੍ਹਾਂ ਪਾਣੀ ਵਿਚ ਬੈਠੀ ਤਾਂ ਮੈਂ ਹੋਰ
ਬਿਮਾਰ ਹੋ ਜਾਵਾਂਗੀ... ਸੋਚਿਆ ਕਿ ਘਟੋ ਘੱਟ ਪਾਣੀ ਹੀ ਬੰਦ ਕਰ ਲਵਾਂ...ਪਰ ਕਿਵੇਂ ਉੱਠਦੀ
? ਸ਼ਾਵਰ ਨੂੰ ਬੰਦ ਕਰਣ ਦੀ ਕੋਸਿ਼ਸ਼ ਕਰਦੀ ਸਾਂ ਤੇ ਉਹ ਬੰਦ ਨਹੀਂ ਹੋ ਰਿਹਾ ਸੀ,
ਰਿਫਲੈਕਸਿਜ਼ ਕਮਜ਼ੋਰ ਹੋ ਗਏ ਸਨ...ਜਿਵੇਂ ਮੈਨੂੰ ਸ਼ਾਵਰ ਬੰਦ ਕਰਨਾ ਹੀ ਭੁੱਲ ਗਿਆ ਹੋਵੇ,
ਕਦੇ ਗਰਮ ਪਾਣੀ ਆ ਜਾਂਦਾ ਹੈ ਤੇ ਕਦੇ ਠੰਢਾ । ਖੁੱਲ਼ਾ ਸ਼ਾਵਰ ਮੈਂ ਮਸਾਂ ਵ੍ਹੀਲ ਕੁਰਸੀ ਦੇ
ਹੇਠਾਂ ਸੁੱਿਟਆ । ਸੋਚ ਰਹੀ ਸਾਂ ਕਿ ਹੁਣ ਕੀ ਕਰਾਂ ? ਇਹ ਬਿਮਾਰੀ ਵੀ ਕੀ ਬਲਾ ਹੈ ਮਨੁੱਖ
ਨੂੰ ਕਿੰਨਾ ਬੇਬਸ ਕਰ ਦਿੰਦੀ ਹੈ ।
ਸਾਹਮਣੇ ਲਾਲ ਰੰਗ ਦੀ ਹੈਲਪ ਰੱਸੀ ਲਟਕ ਰਹੀ ਸੀ । ਉਸ ਤੇ ਨਜ਼ਰ ਪਈ । ਔਖਿਆਂ ਸੌਖਿਆਂ ਰੱਸੀ
ਖਿੱਚ ਦਿਤੀ । ਲਉ ਹੁਣ ਕੋਈ ਆ ਜਾਏਗਾ...ਥੋੜਾ ਚੈਨ ਆਇਆ । ਪਰ ਤਾ ਵੀ ਕੋਈ ਨਾ ਬਹੁੜਿਆ ...
ਹੁਣ ਕੀ ਕਰਾਂ... ਮੈਂ ਅੰਤਾਂ ਦੀ ਡਰ ਗਈ ਸਾਂ । ਆਹ ! ਕਿਸੇ ਨੇ ਬੂਹਾ ਖੋਲ ਕੇ ਆਵਾਜ਼
ਲਗਾਈ ਹੈ, “ਡੂ ਯੂ ਨੀਡ ਐਨੀ ਹੈਲਪ” ।
“ਉਹ ਯੈਸ ਕੈਨ ਯੂ ਪਲੀਜ਼ ਹੈਲਪ ਮੀ ਟੂ ਗੈਟ ਆਊਟ ਆਫ਼ ਹੇਅਰ” ਮੈਂ ਤਰਲੇ ਨਾਲ ਕਿਹਾ ।
“ਜਸਟ ਵੇਟ” ਕਹਿ ਕੇ ਉਹ ਵੀ ਚਲੀ ਗਈ ਤੇ ਕੁਛ ਕੁ ਮਿਨਟਾਂ ਬਾਅਦ ਵਾਪਸ ਆਕੇ ਪੁੱਛਣ ਲਗੱੀ, “
ਐਨੀ ਬੌਡੀ ਕੇਮ ਟੂ ਹੈਲਪ ਯੂ ?”
“ਨੋ...”
ਜਿਉਂ ਹੀ ਉਸਨੇ ਕਿਹਾ, “ਆਈ ਵਿਲ ਸੈਂਡ ਸਮ ਬੌਡੀ” ਮੈਂ ਇਕ ਦਮ ਤਰਲੇ ਜਿਹੇ ਨਾਲ ਕਿਹਾ,
“ਐਟਲੀਸਟ ਪਾਸ ਮੀ ਦਿਸ ਟਾਵਲ, ਪਲੀਜ਼ !”
ਹੁਣ ਉਸਨੇ ਮੈਂਨੂੰ ਤੌਲੀਆ ਫੜਾ ਦਿਤਾ ਤੇ ਆਪ ਚਲੀ ਗਈ । ਉਹ ਵਾਸ਼ਰੂਮ ਸੀ ਅਤੇ ਅੱਧੀ ਅਧੂਰੀ
ਮੈਂ ! ਮੈਂ ਜਿਵੇਂ ਕਿਵੇਂ ਤੌਲੀਆ ਆਪਣੇ ਦੁਆਲੇ ਵਲੇਟ ਲਿਆ ਤੇ ਸੋਚਣ ਲਗੀ ਇਥੋਂ ਕਿਵੇਂ
ਨਿਕਲਾਂ ? ਜੇ... ਮੈਂ ਡਿਗਦੀ ਹਾਂ ਤੇ ਡਿਗ ਪਵਾਂ... ਪਰ ਇਥੇ ਹੁਣ ਹੋਰ ਨਹੀਂ ਬੈਠ ਹੁੰਦਾ
। ਕੁਰਸੀ ਦਾ ਸਹਾਰਾ ਲੈ ਕੇ ਮੈਂ ਉਠੀ ਤੇ ਦੂਜੇ ਪਾਸਿਉਂ ਹਿੰਮਤ ਕਰਕੇ ਪਾਣੀ ਦੇ ਪਾਈਪ ਨੂੰ
ਫੜ੍ਹਣ ਵਿਚ ਕਾਮਯਾਬ ਹੋ ਗਈ । ਪੈਰ ਰੱਖਣ ਲਈ ਹੁਣ ਦੂਜੇ ਸਹਾਰੇ ਦੀ ਲੋੜ ਸੀ ਪਰ ਉਥੇ ਕੰਧ
ਤੋਂ ਸਿਵਾਇ ਕੁਛ ਹੋਰ ਹੈ ਹੀ ਨਹੀਂ ਸੀ । ਹੇਠਾਂ ਲੌਂਡਰੀ ਬਾਸਕੈਟ ਪਈ ਸੀ...ਹੌਸਲਾ ਕਰਕੇ
ਉਸਤੇ ਹੱਥ ਰਖ ਲਿਆ ਤੇ ਡੂੰਘੇ ਗਿੱਲੇ ਥਾਂ ਤੋਂ ਸੁੱਕੇ ਥਾਂ ਤੇ ਆਉਣ ਵਿਚ ਕਾਮਯਾਬ ਹੋ ਗਈ ।
ਉਥੇ ਪਏ ਇਕ ਬੈਂਚ ਤੇ ਬੈਠ ਕੇ ਮੈਂ ਆਪਣਾ ਹਸਪਤਾਲ ਵਾਲਾ ਗਾਊਨ ਪਾ ਲਿਆ । ਹੁਣ ਮੈਂਨੂੰ ਸੁਖ
ਦਾ ਸਾਹ ਆਇਆ । ਵਾਕਰ ਦੀ ਸਹਾਇਤਾ ਨਾਲ ਹੌਲੀ ਹੌਲੀ ਵਾਸ਼ਰੂਮ ਤੋਂ ਬਾਹਰ ਨਿਕਲ ਆਈ । ਕੋਈ
ਬੰਦਾ ਆਪਣੇ ਮਰੀਜ਼ ਨੂੰ ਵੇਖ ਕੇ ਆ ਰਿਹਾ ਸੀ ।
“ਮੈਂਨੂੰ ਮੇਰੇ ਕਮਰੇ ਤੱਕ ਛੱਡ ਆਓ ਪਲੀਜ਼...।” ਕਮਰੇ ਵਿਚ ਪਹੁੰਚੀ ਤਾਂ ਉਹੀ ਕਮਰਾ ਜੋ
ਕਦੇ ਮੈਂਨੂੰ ਚੰਗਾ ਨਹੀਂ ਲਗਦਾ ਸੀ ਉਸੇ ਕਮਰੇ ਵਿਚ ਆਕੇ ਸਕੂਨ ਮਿਲਿਆ । ਇਹ ਕਮਰਾ ਹੀ ਮੇਰੀ
ਪਹਿਚਾਣ ਸੀ । ਮੈਂ ਸੋਚ ਲਿਆ ਸੀ ਕਿ ਹੁਣ ਨਹੀਂ ਕਦੇ ਕਿਸੇ ਨੂੰ ਸ਼ਾਵਰ ਦੁਆਉਣ ਬਾਰੇ
ਕਹਿੰਦੀ । ਜਿਹੜਾ ਆਦਮੀ ਮੈਨੂੰ ਕਮਰੇ ਵਿਚ ਛੱਡਣ ਆਇਆ ਸੀ ਉਹ ਦਸ ਰਿਹਾ ਸੀ ਕਿ ਇਕ ਵਾਰ ਇਕ
ਔਰਤ ਇਸੇ ਤਰ੍ਹਾਂ ਸ਼ਾਵਰ ਵਿਚ ਕਈ ਘੰਟੇ ਬੈਠੀ ਰਹੀ ਸੀ ਤੇ ਉਸਨੂੰ ਨਮੋਨੀਆਂ ਹੋ ਗਿਆ...ਮੈ
ਬਹੁਤ ਸਹਿਮ ਗਈ ਸਾਂ । ਬੰਦੇ ਨੂੰ ਜਾਨ ਕਿੰਨੀ ਪਿਆਰੀ ਹੁੰਦੀ ਹੈ...। ਉਹ ਸਾਰਾ ਸੀਨ ਇਕ ਦਮ
ਂ ਮੇਰੀਆਂ ਅੱਖਾਂ ਅੱਗਿਉਂ ਘੁੰਮ ਗਿਆ । ਇਕ ਝੁਣਝੁਣੀ ਜਿਹੀ ਆ ਗਈ !
ਮਾੜੀ ਜਿਹੀ ਤਕਲੀਫ ਹੁੰਦੀ ਹੈ, ਐਮਰਜੈਂਸੀ ਰੂਮ ਦੌੜੇ ਆਉਂਦੇ ਹਾਂ ਅਸੀਂ...ਬੈਂਚ ਤੇ ਬੈਠੀ
ਥੱਕ ਗਈ ਹਾਂ । ਉਸ ਦਿਨ ਉਹ ਦੁਖ ਮੈਂ ਸਾਹਮਣੀ ਕੰਧ ਨਾਲ ਹੀ ਸਾਂਝਾ ਕੀਤਾ ਸੀ । ਉਹ ਕੰਧ
ਤਾਂ ਜਿਵੇਂ ਮੇਰੀ ਹੋਂਦ ਦਾ ਇਕ ਹਿੱਸਾ ਹੋ ਗਈ ਸੀ । ਉਂਝ ਤਾਂ ਜਿ਼ੰਦਗੀ ਵੀ ਕੀ ਹੈ ? ਇੰਨਾ
ਕੁ ਹੀ ਖੇਲ ਹੈ ਬਸ ! ਅਸੀਂ ਤਾਂ ਬਸ ਐਵੇਂ ਆਪਣੇ ਵਜੂਦ ਤੇ ਫਜੂਲ ਦਾ ਬੋਝ ਚੁੱਕੀ ਫਿਰਦੇ
ਹਾਂ ...ਜਿ਼ੰਦਗੀ ਜੀਉਣੀ ਚਾਹੀਦੀ ਹੈ... ਬਿਤਾਉਣੀ ਨਹੀਂ ਚਾਹੀਦੀ । ਉਂਝ ਵੀ ਮੈਂ ਹਾਂ ਤਾਂ
ਇਹ ਦੁਨੀਆ ਹੈ, ਮੈਂ ਨਹੀਂ ਤੇ ਦੁਨੀਆ ਨਹੀਂ...ਮੈਂ ਹਾਂ ਤਾਂ ਰਿਸ਼ਤੇ ਹਨ...ਮੈਂ ਨਹੀਂ ਤਾਂ
ਰਿਸ਼ਤੇ ਨਹੀਂ...!
ਮੈਨੂੰ ਆਵਾਜ ਪੈ ਗਈ ਹੈ ।
ਇਕ ਨਰਸ ਮੈਨੂੰ ਇਕ ਛੋਟੇ ਜਿਹੇ ਕਮਰੇ ਵਿਚ ਲੈ ਆਈ ਹੈ । ਇਥੇ ਇਕ ਬੈਡ ਪਿਆ ਹੋਇਆ ਹੈ ।
ਦੁੱਧ ਚਿੱਟੀ ਚਾਦਰ ਤੇ ਸਾਫ਼-ਸੁਥਰਾ ਕਮਰਾ । ਆਖਿਰ ਮੇਰੀ ਵਾਰੀ ਆ ਹੀ ਗਈ !
ਨਰਸ ਨੇ ਮੇਰਾ ਬਲੱਡ ਪ੍ਰੈਸ਼ਰ ਤੇ ਟੈਂਪਰੇਚਰ ਚੈਕੱ ਕਰ ਲਿਆ ਹੈ । ਇਹ ਮੈਨੂੰ ਕਹਿ ਰਹੀ ਹੈ,
“ਇਥੇ ਇੰਤਜ਼ਾਰ ਕਰ, ਡਾਕਟਰ ਹੁਣੇ ਆ ਕੇ ਵੇਖੇਗਾ ਤੈਨੂੰ”।
ਕਮਰਾ ਕੁਛ ਜਾਣਿਆ ਪਛਾਣਿਆ ਲਗ ਰਿਹਾ ਹੈ...ਉਹ ਮਾਈ ਗੌਡ...ਇਹ ਤਾਂ ਉਹੀ ਕਮਰਾ ਹੈ ਜਿੱਥੇ
ਪਿਛਲੇ ਸਾਲ ਮੈਨੂੰ ਐਂਬੂਲੈਂਸ ਵਿਚ ਲੈ ਕੇ ਆਏ ਸਨ...ਥੋੜੀ ਥੋੜੀ ਹੋਸ਼ ਸੀ ਉਦੋਂ...ਇੱਦਾਂ
ਦਾ ਹੀ ਸੀ ਕਮਰਾ...ਸ਼ਾਇਦ ਇਹੀ ਸੀ...। ਉਹ ਵੀ ਕੀ ਦਿਨ ਸੀ...!
ਸਵੇਰੇ ਛੇ ਵਜੇ ਜਾਗ ਆ ਗਈ ...ਅਬੱੜਵਾਹੇ ਉੱਠੀ ਸਾਂ...ਅਜੀਬ ਜਿਹੀ ਹਾਲਤ ਸੀ ...ਕੰਧ ਤੇ
ਜਿਵੇਂ ਤਾਰੇ ਨੱਚ ਰਹੇ ਹੋਣ...ਇਹ ਕੀ ਹੋ ਗਿਆ ਸੀ ਮੈਨੂੰ...ਐਸੀਡਿਟੀ ਹੈ ਸ਼ਾਇਦ...ਪਾਣੀ
ਦਾ ਗਿਲਾਸ ਪੀ ਲਿਆ ਪਰ...ਕੁਛ ਹੋਰ ਹੀ ਤਰ੍ਹਾਂ ਲਗ ਰਿਹਾ ਸੀ ...। ਮੈਂ ਘਬਰਾ ਕੇ ਪਤੀ ਨੂੰ
ਕਿਹਾ,
“ ਉਠੋ ਮੈਨੂੰ ਕੁਛ ਹੋ ਗਿਆ ਹੈ...।”
ਉਹ ਘਬਰਾ ਕੇ ਉਠੇ ਸਨ...ਮੇਰੀਆਂ ਅੱਖਾਂ ਵਲ ਵੇਖ ਕੇ ਕਹਿੰਦੇ, “ਤੇਰੀਆਂ ਤਾਂ ਅੱਖਾਂ ਹੀ
ਟੇਡੀਆਂ ਹੋਈਆਂ ਪਈਆਂ ਨੇ”।
“ਛੇਤੀ ਐਂਬੂਲੈਂਸ ਬੁਲਾਉ...।
ਪੰਜ ਮਿਨਟ ਵਿਚ ਐਂਬੂਲੈਂਸ ਆ ਗਈ ਸੀ...ਮੈਨੂੰ ਐਂਬੂਲੈਂਸ ਵਿਚ ਪਾ ਲਿਆ ਗਿਆ...ਮੱਧਮ ਜਿਹੀ
ਹੋਸ਼ ਬਾਕੀ ਸੀ । ਐਂਬੂਲੈਂਸ ਵਿਚ ਮੇਰੇ ਆਸ ਪਾਸ ਬੈਠੇ ਦੋ ਜਣੇ ਕੁਛ ਗੱਲਾਂ ਕਰ ਰਹੇ
ਸਨ...ਸ਼ਾਇਦ ਉਨ੍ਹਾਂ ਵਿਚੋਂ ਕਿਸੇ ਦੇ ਵਿਆਹ ਦੀਆਂ...ਪਰ ਮੇਰੀ ਸਮਝ ਨਹੀਂ ਆ ਰਹੀਆਂ
ਸਨ...ਪਰ ਅੰਦਰ ਅਜੇ ਚੇਤਨਾ ਜਾਗ ਰਹੀ ਸੀ...ਮੈਂ ‘ਤਾਤੀ ਵਾਉ ਨਾ ਲਗਈ’ ਦਾ ਪਾਠ ਕਰ ਰਹੀ
ਸਾਂ...ਹੁਣ ਚੌਪਈ ਦਾ...ਥੋੜਾ ਹੋਸ਼ ਆਇਆ... ਹੁਣ ਇਕ ਬੈੱਡ ਤੇ ਸਾਂ...ਸ਼ਾਇਦ ਇਹੀ ਕਮਰਾ
ਸੀ । ਸਾਹਮਣੇ ਮੇਰਾ ਬੇਟਾ ਖੜਾ ਸੀ...ਕੁਛ ਕਹਿ ਰਿਹਾ ਸੀ...ਪਤਾ ਨਹੀਂ ਕੀ...ਕਿਸੇ ਨੇ
ਕਿਹਾ ਸੀ...ਤੈਨੂੰ ਟਰੌਮਾ ਹਸਪਤਾਲ ਲਿਜਾ ਰਹੇ ਹਾਂ...ਮੈਂਨੂੰ ਕੁਝ ਸਮਝ ਨਹੀਂ ਆਈ ਸੀ ।
ਇਹੀ ਕਮਰਾ ਲਗਦਾ ਸੀ...। ਬਾਅਦ ਵਿਚ ਮੈਨੂੰ ਪਤਾ ਲਗਿਆ ਸੀ ਕਿ ਇੱਥੋਂ ਹੀ ਮਂੈਨੂੰ ਟਰੌਮਾ
ਸੈਂਟਰ ਲੈ ਗਏ ਸਨ । ਜਦੋਂ ਹੋਸ਼ ਆਈ ਤਾਂ ਮੇਰੇ ਪਤੀ ਨੇ ਮੈਨੂੰ ਪੁੱਛਿਆ ਸੀ,
“ਤੈਨੂੰ ਪਤਾ ਐ ਤੈਨੂੰ ਕੀ ਹੋਇਐ ?” ।
“ਨਹੀਂ” ਮੈਂ ਨਾਂਹ ਵਿਚ ਮਾੜਾ ਜਿਹਾ ਸਿਰ ਹਿਲਾਇਆ ਸੀ।
“ਇਹਨੂੰ ਐਨੋਰਿਜ਼ਮ ਕਹਿੰਦੇ ਆ ।”
“ਕੀ” ਮੈਂ ਹੈਰਾਨੀ ਨਾਲ ਕਿਹਾ ।
“ ਐਨੋਰਿਜ਼ਮ”
“ ਐਨੋਰਿਜ਼ਮ !” ਮੈਂ ਹੈਰਾਨੀ ਨਾਲ ਦੁਹਰਾਇਆ ।
“ਹਾਂ ਐਨੋਰਿਜ਼ਮ” ।“ਪਤਾ ਕੀ ਹੁੰਦਾ ਹੈ ਇਹ” ਉਨ੍ਹਾਂ ਫਿਰ ਪੁੱਛਿਆ।
“ਕੀ” ਮੇਰੀ ਮਰੀ ਜਿਹੀ ਆਵਾਜ਼ ਨਿਕਲੀ ਸੀ ।
ਉਹਨਾਂ ਦਸਿਆ, “ਤੇਰੇ ਸਿਰ ਵਿਚ ਦਰਖਤ ਦੀਆਂ ਜੜ੍ਹਾਂ ਵਰਗੀਆਂ ਬਹੁਤ ਸਾਰੀਆਂ ਵਾਧੂ ਨਾੜੀਆਂ
ਵੱਧਕੇ ਇਕ ਗੁੱਛਾ ਜਿਹਾ ਬੱਝ ਗਿਆ ਸੀ । ਉਨ੍ਹਾਂ ਵਿਚੋਂ ਹੀ ਇਕ ਨਾੜ ਅਚਾਨਕ ਫੱਟ ਗਈ ਸੀ ਤੇ
ਜਿਸਦਾ ਖੂਨ ਤੇਰੇ ਸਿਰ ਵਿਚ ਜੰਮ ਗਿਆ ਹੈ ਜਿਹੜਾ ਤੈਨੂੰ ਤਕਲੀਫ ਦੇ ਰਿਹਾ ਹੈ”।
“ਇਹ ਕਿਵੇਂ ਹੋ ਗਿਆ” ਮੈਂ ਹੈਰਾਨ ਸਾਂ ।
“ਮੈਂ ਇੰਟਰਨੈੱਟ ਤੇ ਵੇਖਿਆ ਹੈ, ਨਾੜਾਂ ਦਾ ਇਹ ਗੁੱਛਾ ਜਿਹਾ । ਉਹ ਕਹਿੰਦੇ ਨੇ ਕਿ ਇਸਦਾ
ਕੋਈ ਕਾਰਣ ਨਹੀਂ ਹੁੰਦਾ । ਕਈ ਵਾਰ ਇਹ ਜਮਾਂਦਰੂ ਹੀ ਤੁਹਾਡੇ ਅੰਦਰ ਹੁੰਦਾ ਹੈ । ਨਾਲੇ ਇਹ
ਸ਼ਰੀਰ ਦੇ ਕਿਸੇ ਵੀ ਹਿੱਸੇ ਵਿਚ ਹੋ ਸਕਦਾ ਹੈ । ਜੇ ਇਸਨੇ ਫੱਟਣਾ ਹੋਵੇ ਤਾਂ ਅਕਸਰ ਇਹ
ਚਾਲੀ ਸਾਲ ਦੀ ਉਮਰ ਤੋਂ ਪਹਿਲਾਂ ਪਹਿਲਾਂ ਫਟ ਜਾਂਦਾ ਹੈ । ਕਈਆਂ ਦੇ ਤਾਂ ਇਵੇਂ ਹੀ ਸਾਰੀ
ਉਮਰ ਬਿਨਾ ਤਕਲੀਫ ਦਿਤਿਆਂ ਅੰਦਰੇ ਪਿਆ ਰਹਿੰਦਾ ਹੈ” । ਉਹ ਡਾਕਟਰਾਂ ਵਾਂਗ ਮੈਨੂੰ ਸਮਝਾ
ਰਹੇ ਸਨ ਤੇ ਨਾਲੇ ਇੰਟਰਨੈਟ ਤੋਂ ਪ੍ਰਿੰਟ ਕੀਤੀ ਤਸਵੀਰ ਵੀ ਵਿਖਾ ਰਹੇ ਸਨ ।
ਉਹ ਫੇਰ ਬੋਲੇ, “ਇੰਟਰਨੈਟ ਭਰਿਆ ਪਿਆ ਇਸ ਸੰਬੰਧੀ ਹਜ਼ਾਰਾਂ ਕਹਾਣੀਆਂ ਨਾਲ । ਇਕ ਔਰਤ
ਲਿਖਦੀ ਆ ਕਿ ਇਕ ਦਿਨ ਉਸਨੂੰ ਅਚਾਨਕ ਇੰਜ ਜਾਪਿਆ ਕਿ ਜਿਵੇਂ ਕਿਸੇ ਨੇ ਉਸਦੇ ਸਿਰ ਤੇ ਜੋਰ
ਨਾਲ ਹਥੌੜਾ ਮਾਰਿਆ ਹੋਵੇ ਤੇ ਉਹ ਬੇਹੋਸ਼ ਹੋ ਗਈ । ਹਸਪਤਾਲ ਵਿਚ ਡਾਕਟਰਾਂ ਨੇ ਓਪਰੇਸ਼ਨ
ਕਰਕੇ ਐਨੋਰਿਜ਼ਮ ਕੱਢ ਦਿਤਾ ਤੇ ਹੁਣ ਉਹ ਬਿਲਕੁਲ ਠੀਕ ਹੈ ।”
“ਤੇ ਹੁਣ ਮੇਰੇ ਬਰੇਨ ਦੀ ਸਰਜਰੀ ਕਰਨਗੇ ਇਹ ? ਮੈਂ ਨਹੀਂ ਕਰਾਉਣੀ...” ਮੈਂ ਬੋਲਦੀ ਬੋਲਦੀ
ਚੁੱਪ ਹੋ ਗਈ ।
“ਹਾਲੇ ਤਾਂ ਡਾਕਟਰ ਸੋਚਦੇ ਪਏ ਆ...ਦੇਖੋ ...” ਹਰਿੰਦਰ ਵੀ ਚੁੱਪ ਕਰ ਗਏ ਸਨ ।
ਮੈਂ ਵੀ ਚੁੱਪ ਸਾਂ । ਕਮਰੇ ਵਿਚ ਕਿੰਨਾ ਚਿਰ ਚੁੱਪ ਪਸਰੀ ਰਹੀ ਸੀ । ਹਰਿੰਦਰ ਨੇ ਮੈਨੂੰ ਇਹ
ਵੀ ਦਸਿਆ ਕਿ ਮੈਨੂੰ ਆਈ ਸੀ ਯੂ ਵਿਚ ਉਸ ਦਿਨ ਤੀਜਾ ਦਿਨ ਸੀ ਤੇ ਤੀਜੇ ਦਿਨ ਮੈਨੂੰ ਹੋਸ਼
ਆਇਆ ਸੀ । ਮੈਂ ਕੁਦਰਤ ਦਾ ਧੰਨਵਾਦ ਕੀਤਾ ਕਿ ਮੈਨੂੰ ਦੁਬਾਰਾ ਜਿ਼ੰਦਗੀ ਮਿਲੀ ਸੀ ।
“ਕੀ ਇਹ ਸਰਜਰੀ ਲਾਈਫ਼ ਥਰੈਟਿਨਿੰਗ ਹੁੰਦੀ ਹੈ ?” ਮੈਂ ਅਚਾਨਕ ਸਵਾਲ ਕੀਤਾ ਸੀ ।
“ਨਹੀਂ, ਜਸਪਾਲ ਦਸਦਾ ਸੀ ਕਿ ਉਹਨਾਂ ਦੇ ਰਿਸ਼ਤੇਦਾਰਾਂ ‘ਚ ਇਕ ਬੁੜ੍ਹੀ ਦੀ ਬਰੇਨ ਸਰਜਰੀ
ਹੋਈ ਸੀ ਤੇ ਉਹ ਹੁਣ ਚੰਗੀ ਭਲੀ ਆ...” ਉਹ ਗੱਲ ਕਰਦੇ ਕਰਦੇ ਚੁੱਪ ਕਰ ਗਏ ਸਨ ।
ਮੈਂ ਇਸ ਕਮਰੇ ਦੀਆਂ ਚੀਜ਼ਾਂ ਵਲ ਵੇਖਣ ਲਗਦੀ ਹਾਂ । ਕੰਧਾਂ ਤੇ ਤਰ੍ਹਾਂ ਤਰ੍ਹਾਂ ਦੀਆਂ
ਬਿਮਾਰੀਆਂ ਨਾਲ ਸੰਬੰਧਤ ਪੋਸਟਰ ਵੇਖ ਰਹੀ ਹਾਂ । ਨਾੜਾਂ ਦੀਆਂ ਤਸਵੀਰਾਂ ਵੇਖ ਮੈ ਆਪਣੇ
ਹੱਥਾਂ ਦੀਆਂ ਨਾੜਾਂ ਵੱਲ ਵੇਖਣ ਲੱਗੀ ਹਾਂ ।
ਉਸ ਦਿਨ ਜਦੋਂ ਹਰਿੰਦਰ ਅੰਦਰ ਆਏ ਤਾਂ ਮੈਂ ਪੁੱਛਿਆ, “ਕਿਸਦੇ ਨਾਲ ਗੱਲੀਂਂ ਪੈ ਗਏ ਸੀ ?
ਨਾਲੇ ਆਹ ਡਰਿੱਪ ਵਾਲਾ ਸਟੈਂਡ ਨੇੜੇ ਕਰ ਦਿਉ, ਪਲੀਜ਼ ! ਸੂਈ ਨੂੰ ਬੜੀ ਖਿੱਚ ਪੈ ਰਹੀ ਆ ।
ਦੇਖੋ ਇਨ੍ਹਾਂ ਨਰਸਾਂ ਦੇ ਕੰਮ, ਮੇਰੀਆਂ ਸਾਰੀਆਂ ਨਾੜਾਂ ਵਿੰਨ੍ਹ ਵਿੰਨ੍ਹ ਸੁੱਟ ਦਿਤੀਆਂ ।
ਇਕ ਜਗ੍ਹਾ ਸੂਈ ਈ ਨਹੀਂ ਲਗਦੀ ਇਨ੍ਹਾਂ ਤੋਂ ! ਪਤਾ ਨਹੀਂ ਰਹਿਮ ਨਾਂ ਦੀ ਤਾਂ ਚੀਜ਼ ਹੈ ਹੀ
ਨਹੀਂ ਇਨ੍ਹਾਂ ਵਿਚ ! ਮੇਰੀਆਂ ਸਾਰੀਆਂ ਬਾਹਾਂ ਸੁੱਜ ਗਈਆਂ ਨੇ ।”
“ਕੋਈ ਨਾ ਠੀਕ ਹੋ ਜਾਣਗੀਆਂ । ਉਹ ਹਾਂ, ਬਾਹਰ ਵੇਟਿੰਗ ਰੂਮ ਵਿਚ ਕਿੰਨੇ ਲੋਕ ਬੈਠੇ ਆ
ੳਨ੍ਹਾਂ ਦੀਆਂ ਗੱਲਾਂ ਸੁਣ ਰਿਹਾ ਸੀ”। ਹਰਿੰਦਰ ਨੇ ਗੁਲੂਕੋਸ਼ ਵਾਲੇ ਸਟੈਂਡ ਨੂੰ ਮੇਰੇ
ਨੇੜੇ ਕਰਦਿਆਂ ਆਪਣੀ ਗੱਲ ਜਾਰੀ ਰੱਖੀ, “ਉੱਦਾਂ ਬੰਦਾ ਭਾਂਵੇਂ ਕਿਤੇ ਦਾ ਵੀ ਹੋਵੇ ਅੰਦਰੋਂ
ਤਾਂ ਸਾਰੇ ਇਕੋ ਤਰ੍ਹਾਂ ਦੇ ਹੁੰਦੇ ਨੇ । ਵੇਟਿੰਗ ਰੂਮ ਵਿਚ ਜਾ ਕੇ ਦੇਖ ਸਾਰੇ ਉਸੇ ਤਰ੍ਹਾਂ
ਰੋ ਰਹੇ ਹਨ, ਉਸੇ ਤਰ੍ਹਾਂ ਅਰਦਾਸਾਂ ਕਰ ਰਹੇ ਹਨ ਜਿਵੇਂ ਅਸੀਂ ਕਰਦੇ ਹਾਂ । ਮੈਂ ਇਕ ਗੋਰੇ
ਨੂੰ ਪੁੱਛਿਆ ਕਿ ਤੇਰਾ ਕੌਣ ਹੈ ਇਸ ਹਸਪਤਾਲ ਵਿਚ ? ਉਸਨੇ ਦਸਿਆ ਕਿ ਉਸਦੀ ਛੱਬੀ ਸਾਲ ਦੀ
ਬੇਟੀ ਆਪਣੀ ਰੈਂਚ ਵਿਚ ਘੋੜੇ ਤੋਂ ਡਿਗ ਪਈ ਸੀ ਤੇ ਦਸ ਦਿਨਾਂ ਤੋਂ ਕੋਮਾ ਵਿਚ ਹੈ । ਉਹ,
ਉਸਦੀ ਪਤਨੀ ਤੇ ਕੁੜੀ ਦਾ ਮੰਗੇਤਰ ਸਾਰੇ ਕੰਮ ਛੱਡ ਕੇ ਦਸਾਂ ਦਿਨਾਂ ਤੋਂ ਇਥੇ ਬੈਠੇ ਨੇ ਤੇ
ਰੋ ਰੋ ਕੇ ਉਸਦੇ ਜਾਗਣ ਦੀਆਂ ਅਰਦਾਸਾਂ ਕਰ ਰਹੇ ਹਨ”।
“ਚ...ਚਚ...ਚਚ” ਮੈਂ ਉਦਾਸ ਹੋ ਗਈ ਸਾਂ, “ਕਿੰਨੀ ਕੁ ਉਮੀਦ ਹੈ ਉਸਦੇ ਬਚਣ ਦੀ”।
“ਡਾਕਟਰ ਕੁਛ ਨਹੀਂ ਦਸਦੇ, ਤੈਨੂੰ ਪਤੈ ਤੂੰ ਇਸੇ ਕੁੜੀ ਦੇ ਨਾਲ ਹੀ ਆਈ. ਸੀ. ਯੂ. ਵਿਚ ਸੀ”
ਹਰਿੰਦਰ ਨੇ ਦਸਿਆ ।
“ਮੈਨੂੰ ਬੜਾ ਸੁਰਤ ਸੀ ਉਦੋਂ । ਮੈਨੂੰ ਤਾਂ ਕੁਛ ਵੀ ਯਾਦ ਨਹੀਂ” ਮੈ ਥੋੜਾ ਉਦਾਸ ਹੋ ਗਈ
ਸਾਂ ।
ਹਰਿੰਦਰ ਨੇ ਮਾਹੌਲ ਨੂੰ ਬਦਲਣ ਲਈ ਕਿਹਾ, “ਦਸ ਕੀ ਖਾਣੈ, ਤੇਰੇ ਲਈ ਕੀ ਲਿਆਵਾਂ ?
“ਸ਼ੁਗਰ ਫਰੀ ਆਈਸ ਕਰੀਮ” ਮੈਂ ਝੱਟ ਦੇਣੀ ਕਿਹਾ ।
“ਚਲ ਮੈਂ ਲੈ ਕੇ ਆਇਆ” ਕਹਿ ਹਰਿੰਦਰ ਫੇਰ ਬਾਹਰ ਤੁਰ ਗਿਆ ।
ਥੋੜੇ ਚਿਰ ਵਿਚ ਹੀ ਹਰਿੰਦਰ ਹੱਥ ਵਿਚ ਤਿੰਨ ਆਈਸ ਕਰੀਮ ਦੀਆਂ ਡੱਬੀਆਂ ਫੜੀ ਕਮਰੇ ਵਿਚ ਦਾਖਲ
ਹੋਇਆ । ਮੇਰੀ ਡੱਬੀ ਮੈਨੂੰ ਫੜਾਕੇ ਪਰਦੇ ਦੇ ਦੂਜੇ ਪਾਸੇ ਵਾਲੀ ਮਰੀਜ਼ ਨੂੰ ਉਹ ਮੁਖਾਤਿਬ
ਹੋਇਆ, “ਦਿਸ ਇਜ਼ ਫਾਰ ਯੂ”। ਇੰਜ ਨਾਲ ਵਾਲਿਆਂ ਨਾਲ ਸਾਡੀ ਮੁਲਾਕਾਤ ਦਾ ਸਿਲਸਿਲਾ ਅੱਗੇ
ਤੁਰ ਪਿਆ ਸੀ ।
ਇਕ ਰਾਤ ਮੈਨੂੰ ਸੁਪਨਾ ਆਇਆ ਕਿ ਮੇਰੇ ਕੁਛ ਦੋਸਤ ਮੈਨੂੰ ਚਿੱਟੀ ਵੈਨ ਵਿਚ ਲੈਣ ਆਏ ਹਨ ।
ਜਦੋਂ ਟੁਰਨ ਲੱਗੇ ਤਾਂ ਮੈਂ ਉਨ੍ਹਾਂ ਨੂੰ ਕਿਹਾ ਤੁਸੀਂ ਡਰਾਈਵ ਕਰੋ ਮੈਂ ਉਡ ਕੇ ਆਉਂਦੀ ਹਾਂ
ਤੇ ਮੈਂ ਸੱਚੀਂ ਮੁੱਚੀ ਵੈਨ ਨਾਲੋਂ ਤੇਜ਼ ਉਡਦੀ ਜਾ ਰਹੀ ਸੀ । ਅਚਾਨਕ ਮੇਰੇ ਸਾਹਮਣੇ ਲੌਸ-
ਐਂਜਲੇਸ ਦੀਆਂ ਪਹਾੜੀਆਂ ਆ ਗਈਆ ਤੇ ਮੈਂ ਘਬਰਾ ਗਈ । ਮੇਰੀ ਅੱਖ ਖੁੱਲ੍ਹ ਗਈ ਤੇ ਮੈਂ ਸੋਚਣ
ਲਗੀ ਇਹ ਕੀ ਸੀ ? ਇਸਦਾ ਮਤਲਬ ਕੀ ਸੀ ? ਮੇਰੇ ਕੋਲੋਂ ਤਾਂ ਤੁਰ ਵੀ ਨਹੀਂ ਹੁੰਦਾ ਤੇ ਸੁਪਨੇ
ਵਿਚ ਮੈਂ ਉਡ ਰਹੀ ਸਾਂ । ਮੈਂਨੂੰ ਫ਼ਰਾਇਡ ਯਾਦ ਆਇਆ ਜਿਹੜਾ ਕਹਿੰਦਾ ਹੈ ਕਿ ਸੁਪਨੇ ਮਨੁੱਖ
ਦੀਆਂ ਦੱਬੀਆ ਘੁੱਟੀਆ ਭਾਵਨਾਵਾਂ ਦਾ ਪਰਗਟਾਵਾ ਹੁੰਦੇ ਹਨ । ਫਿਰ ਇਕ ਵਾਰ ਮੈਂਨੂੰ ਖਿਆਲ
ਆਇਆ ਕਿਧਰੇ ਇਹ ਮੌਤ ਦਾ ਸੱਦਾ ਤਾਂ ਨਹੀਂ ਤੇ ਇਕਦਮ ਮੈਂ ਆਪਣੇ ਆਪਨੂੰ ਸੰਭਾਲਦਿਆਂ ਆਖਿਆ ਜੋ
ਹੋਣਾ ਹੈ ਸੋ ਹੋਣਾ ਹੈ ਐਵੇਂ ਸੋਚਣ ਦਾ ਕੀ ਫਾਇਦਾ’ ਤੇ ਮੈਂ ਹੌਲੀ ਹੌਲੀ ਪਾਸਾ ਬਦਲਣਾ
ਸ਼ੁਰੂ ਕਰ ਦਿਤਾ ।
ਨਾਲ ਦੇ ਬੈਡ ਤੋਂ ਸਾਹਾਂ ਦੀ ਆਵਾਜ ਸਾਫ਼ ਸੁਣਾਈ ਦੇ ਰਹੀ ਸੀ । ਕੁਛ ਚਿਰ ਉਹ ਨਾਲ ਵਾਲੀ
ਮਰੀਜ ਬਾਰੇ ਸੋਚਦੀ ਰਹੀ ਤੇ ਉਸਦੀ ਤਕਲੀਫ ਮਹਿਸੂਸ ਕਰਦੀ ਰਹੀ । ਪਤਾ ਨਹੀਂ ਕੌਣ ਹੈ ਤੇ ਕੀ
ਤਕਲੀਫ਼ ਹੈ ਉਸਨੂੰ, ਵਿਚਾਰੀ !
ਉਸ ਰਾਤ ਬੂਟੀਦਾਰ ਪਜਾਮਾ ਤੇ ਕੁੜਤਾ ਪਾਈ ਇਕ ਗੋਰੀ ਨਰਸ ਡਿਉਟੀ ਤੇ ਆਈ । ਉਹ ਜ਼ੋਰ ਜ਼ੋਰ
ਨਾਲ ਉਬਾਸੀਆਂ ਲੈ ਰਹੀ ਸੀ । ਉਸਨੇ ਇਕ ਜ਼ੋਰ ਦੀ ਅੰਗੜਾਈ ਲਈ ਤੇ ਫਿ਼ਰ ਉਬਾਸੀ ਲੈਂਦਿਆਂ
ਕਹਿੰਦੀ, “ਰਾਤ ਦੀ ਡਿਊਟੀ ਕਰਨੀ ਬੜੀ ਔੌਖੀ ਹੁੰਦੀ ਐ । ਮੈਂ ਦਿਨ ਦੀ ਨੌਕਰੀ ਲੱਭ ਰਹੀ ਹਾਂ
। ਮੈਂ ਆਪਣੀ ਏਜੈਂਸੀ ਨੂੰ ਬੇਨਤੀ ਕੀਤੀ ਹੈ ਕਿ ਮੇਰੀ ਉਮਰ ਦਾ ਹੁਣ ਲਿਹਾਜ ਕੀਤਾ ਜਾਵੇ ਤੇ
ਮੈਨੂੰ ਦਿਨ ਦਾ ਕੰਮ ਦਿਤਾ ਜਾਵੇ।”
“ਵਿਚਾਰੀ...” ਮੈਂ ਉਸ ਬਾਰੇ ਸੋਚਦੀ ਰਹੀ ।
ਉਸਨੇ ਵਿਚਕਾਰ ਵਾਲਾ ਪਰਦਾ ਜਰਾ ਕੁ ਖਿਸਕਾਇਆ । ਉਥੇ ਤੀਹ ਕੁ ਸਾਲਾਂ ਦੀ ਗੋਰੀ ਔਰਤ ਲੇਟੀ
ਹੋਈ ਸੀ । ਉਸਦੇ ਮੱਥੇ ਤੇ ਪੱਟੀ ਸੀ ਤੇ ਉਸਦਾ ਹਸਪਤਾਲ ਗਾਊਨ ਉਘੜ-ਦੁਗੜਾ ਹੋਇਆ ਹੋਇਆ ਸੀ
ਜਿਸ ਵਿਚੋਂ ਉਸਦੀਆਂ ਚਿੱਟੀਆਂ ਪਿੰਨੀਆਂ ਵਾਲੀਆ ਲੱਤਾਂ ਇਕਦਮ ਪਲਾਸਟਿਕ ਦੀਆਂ ਹੋਣ ਦਾ
ਭੁਲੇਖਾ ਪਾਉਂਦੀਆਂ ਸਨ । ਮੈਨੂੰ ਉਸਦਾ ਪੇਟ ਵੀ ਜਰਾ ਫੁੱਲਿਆ ਹੋਇਆ ਲਗਿਆ । ‘ਵਿਚਾਰੀ’ ਮੈਂ
ਸੋਚਣ ਲਗ ਪਈ ।
ਬੈਠਿਆਂ ਬੈਠਿਆਂ ਮੈਨੂੰ ਕਮਰੇ ਵਿਚ ਠੰਡ ਲੱਗਣ ਲੱਗ ਪਈ ਹੈ । ਸੋਚ ਹੀ ਰਹੀ ਸਾਂ ਕਿ ਡਾਕਟਰ
ਅਜੇ ਤੱਕ ਮੇਰੇ ਕਮਰੇ ਵਿਚ ਨਹੀਂ ਆਇਆ ਕਿ ਅਚਾਨਕ ਇਕ ਹਰਕਤ ਜਿਹੀ ਹੋਈ । ਡਾਕਟਰ ਸੱਚਮੁਚ
ਕਮਰੇ ਵਿਚ ਆ ਗਿਆ ਹੈ । ਉਹ ਮੈਨੂੰ ਪੁੱਛ ਰਿਹਾ ਹੈ,
“ ਕਿਸ ਸੰਬੰਧ ਵਿਚ ਅੱਜ ਹਸਪਤਾਲ ਆਏ ਹੋ ?”
“ਕੱਲ ਤੋਂ ਮੇਰੀਆਂ ਅੱਖਾਂ ਵਿਚ ਅਜੀਬ ਜਿਹੀ ਖਿੱਚ ਪੈ ਰਹੀ ਹੈ । ਮੈਨੂੰ ਨਾਰਮਲ ਜਿਹਾ ਨਹੀਂ
ਦਿਸਦਾ ।”
ਉਹ ਮੇਰੀ ਫਾਈਲ ਦੇਖਦਾ ਹੈ । ਇਕਦਮ ਹੈਰਾਨ ਹੁੰਦਾ ਹੋਇਆ ਆਖਦਾ ਹੈ, “ਯੂ ਸਰਵਾਈਵਡ
ਐਨਿਉਰਿਜ਼ਮ ? ਡੂ ਯੂ ਨੋਅ ਯੂ ਆਰ ਸੋ ਲੱਕੀ !”
ਮੈਂ ਸਿਰ ਹਿਲਾਉਂਦੀ ਹਾਂ । ਉਹ ਮੇਰੀਆਂ ਅੱਖਾਂ ਚੈੱਕ ਕਰਦਾ ਹੈ ਤੇ ਆਖਦਾ ਹੈ, “ਥੋੜੀਆਂ
ਮਾਂਸਪੇਸ਼ੀਆਂ ਕਮਜ਼ੋਰ ਹੋ ਗਈਆਂ ਹਨ, ਫਿ਼ਕਰ ਦੀ ਗੱਲ ਨਹੀਂ। ਇਸਦਾ ਤੇਰੇ ਆਪਰੇਸ਼ਨ ਨਾਲ
ਕੋਈ ਸੰਬੰਧ ਨਹੀਂ । ਦੋ ਤਿੰਨ ਹਫ਼ਤਿਆਂ ਵਿਚ ਆਪੇ ਠੀਕ ਹੋ ਜਾਵੇਂਗੀ ।”
ਮੈਂ ਥੈਂਕਸ ਕਰਦੀ ਹਾਂ ।
ਡਾਕਟਰ ਆਖਦਾ ਹੈ, “ਸੱਚਮੁਚ ਹੀ ਤੂੰ ਬਹੁਤ ਲੱਕੀ ਏਂ । ਡਾਕਟਰਾਂ ਨੇ ਵੀ ਬਹੁਤ ਵਧੀਆ ਇਲਾਜ
ਕੀਤਾ ਹੈ ਤੇਰਾ । ਤੂੰ ਬਿਲਕੁਲ ਠੀਕ ਹੈਂ । ਫਿ਼ਕਰ ਦੀ ਕੋਈ ਗੱਲ ਨਹੀਂ ।”
ਮੈਂ ਕਮਰੇ ‘ਚੋਂ ਬਾਹਰ ਆਉਂਦੀ ਹਾਂ । ਬਾਹਰ ਨੂੰ ਜਾਂਦਿਆਂ ਦੂਜੀ ਵੇਰ ਜਿ਼ੰਦਗੀ ਬਖ਼ਸ਼ਣ
ਵਾਲੇ ਡਾਕਟਰਾਂ ਨੂੰ ਅਸੀਸਾਂ ਦਿੰਦੀ ਤੇ ਮਨ ਹੀ ਮਨ ਉਨ੍ਹਾਂ ਦਾ ਧੰਨਵਾਦ ਕਰਦੀ ਮੈਂ
ਐਮਰਜੈਂਸੀ ਰੂਮ ਵਿਚ ਪੂਰੇ ਅੱਠ ਘੰਟੇ ਬਿਤਾ ਕੇ ਮੁੜ ਕਾਰ ਦੇ ਸਟੀਅਰਿੰਗ ਵ੍ਹੀਲ ਪਿੱਛੇ ਆ
ਬੈਠਦੀ ਹਾਂ ।
-0-
|