”ਸੀਰਤ”,ਸਤੰਬਰ 2014 ਦੇ
ਸੰਪਾਦਕੀ ਸਤੰਭ ਵਿੱਚ ਕੁੱਝ ਬ੍ਰਤਾਨਵੀ ਪੰਜਾਬੀ ਲੇਖਕਾਂ ਦੇ ਆਪਣੇ ਅਸਲੀ ਰਸਤੇ ਤੋਂ
ਉਖੜ ਜਾਣ ਅਤੇ ਸਾਹਿਤਕ ਪ੍ਰਦੂਸ਼ਨ ਅਤੇ ਬੌਧਿਕ ਭਰਿਸ਼ਟਾਚਾਰ ਿਵੱਚ ਕਰ ਰਹੇ ਵਾਧੇ ਦਾ
ਜ਼ਿਕਰ ਕੀਤਾ ਗਿਆ ਸੀ।ਇਸ ਰੁਝਾਨ ਦੇ ਕਾਰਨਾਂ/ਕਾਰਕਾਂ ਦਾ ਹਥਲੇ ਨਿਬੰਧ ਵਿੱਚ ਬਹੁਤ ਹੀ
ਸੰਖੇਪ ਰੂਪ ਵਿੱਚ ਬੋਧ ਕਰਨ ਦਾ ਪ੍ਰਯਾਸ ਕੀਤਾ ਜਾਵੇਗਾ।ਇਸ ਵਿਵਹਾਰ/ਵਰਤਾਰੇ ਨੂੰ ਸਮਝਣ
ਲਈ ਭਾਰਤ ਦੇ ਉਤਰ-ਸੁਤੰਤਰਤਾ ਵਿਕਾਸ ਮਾਡਲ ਦਾ ਵਿਵੇਚਨ ਕਰਨਾ ਪਵੇਗਾ।
ਦੇਸ਼ ਦੀ ਸਵਤੰਰਤਾ ਦਾ ਸੰਗਰਾਮ ਭਾਰਤੀ ਰਾਸ਼ਟਰੀ ਕਾਂਗਰਸ ਪਾਰਟੀ ਦੇ ਨੇਤ੍ਰਤਵ ਵਿੱਚ
ਲੜਿਆ ਗਿਆ ਭਾਵੇਂ ਕਿ ਕਈ ਹੋਰ ਕ੍ਰਾਂਤੀਕਾਰੀ ਸੰਘ ਅਤੇ ਗਰਮ ਦਲ ਇਸ ਦੀਆਂ ਚਰਖਾਕੱਤੂ
ਦਾਅਪੇਚਕ ਨੀਤੀਆਂ ਨਾਲ ਅਸਹਿਮਤ ਸਨ ਅਤੇ ਵੱਖਰੇ ਵੱਖਰੇ ਢੰਗ-ਤਰੀਕਿਆਂ ਨਾਲ ਬ੍ਰਤਾਨਵੀ
ਸਾਮਰਾਜ ਵਿਰੁੱਧ ਇਸ ਕੌਮੀ ਮੁਕਤੀ ਘੋਲ ਵਿੱਚ ਯੋਗਦਾਨ ਪਾ ਰਹੇ ਸਨ ।ਇਹ ਸ੍ਰਬ-ਪ੍ਰਵਾਨਤ
ਤੱਥ ਹੈ ਕਿ ਕਾਂਗਰਸ ਪਰਟੀ ਨੇ ਦੇਸ਼ ਦੀ ਵੰਡ ਨੂੰ ਸਵੀਕਾਰ ਕੀਤਾ ਅਤੇ ਬ੍ਰਤਾਨਵੀ
ਸਾਮਰਾਜ ਨਾਲ ਸਮਝੌਤਾ ਕਰ ਕੇ ਇਹ ਸੁਤੰਤਰਤਾ ਪ੍ਰਾਪਤ ਕੀਤੀ ।ਇਹ ਵੀ ਸ੍ਰਬ-ਪ੍ਰਵਾਨਤ
ਤੱਥ ਹੈ ਕਿ ਸੱਤਾ ਹਥਿਆਉਣ ਉਪਰੰਤ ਕਾਂਗਰਸ ਪਾਰਟੀ ਨੇ ਪੂੰਜੀਵਾਦੀ ਵਿਕਾਸ ਮਾਡਲ ਨੂੰ
ਆਪਣਾ ਆਦਰਸ਼ ਚਿਤਵਿਆ ਅਤੇ ਪੰਜ ਸਾਲਾ ਯੋਜਨਾਵਾਂ ਰਾਹੀਂ ਇਸ ਦਾ ਆਗਾਜ਼ ਕੀਤਾ ਭਾਵੇਂ ਕਿ
ਸੋਵੀਅਤ ਯੂਨੀਅਨ ਨਾਲ ਦੋਸਤੀ ਅਤੇ ਸਾਂਝੀ ਰੱਖਿਆ ਦੇ ਸਮਝੌਤੇ ਵੀ ਕੀਤੇ ਗਏ ।ਰਾਜ-ਸੱਤਾ
ਉੱਤੇ ਕਬਜਾ ਰੱਖਣ ਲਈ ਕਦੇ-ਕਦਾਈਂ ”ਗਰੀਬੀ ਦੂਰ ਕਰੋ” ਆਦਿ ਦੇ ਓਪਰੇ ਜਹੇ ਨਾਅਰੇ ਵੀ
ਘੜੇ ਗਏ ।ਇਹ ਤੱਥ ਵੀ ਪ੍ਰਵਾਨ ਕਰਨਾ ਪਵੇਗਾ ਕਿ ਬ੍ਰਤਾਨਵੀ ਸਾਮਰਾਜ ਦੀ ਚਹੇਤੀ
ਰਜਵਾੜਾਸ਼ਾਹੀ ਵਿਰੁੱਧ ਭਾਰਤੀ ਕਿਮਊਨਿਸਟ ਪਾਰਟੀ (ਸਾਂਝੀ ) ਵੱਲੋਂ ਵਿੱਢੇ ਅੰਦੋਲਨਾਂ
ਦੇ ਦਬਾਅ ਕਾਰਨ ਉਸ ਵਿਰੁੱਧ ਕੁੱਝ ਕਦਮ ਵੀ ਚੁੱਕੇ ਜਿਸ ਨਾਲ ਸਾਮੰਤਵਾਦੀ ਪ੍ਰਵਿਰਤੀਆਂ
ਨੂੰ ਕੁੱਝ ਠਲ ਪਈ ਅਤੇ ਆਮ ਜੰਤਾ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਈ ।ਦੂਜੇ ਪਾਸੇ ਇਹ
ਵੀ ਮੰਨਣਾ ਪਵੇਗਾ ਕਿ ਕਾਂਗਰਸ ਪਾਰਟੀ ਦੀ ਨੇਤ੍ਰਤਵ ਜਗੀਰਦਾਰੀ/ਸਰਮਾਏਦਾਰੀ ਜਮਾਤ ਦੇ
ਪ੍ਰਤੀਨਿਧ ਵਰਗ ਦੇ ਹੱਥਾਂ ਵਿੱਚ ਹੀ ਸੀ ਜਿਸ ਦੇ ਫਲਸਰੂਪ ਇਸ ਨੇ ਆਪਣੇ ਹਿੱਤਾਂ ਦੇ
ਅਨੁਕੂਲ ਹੀ ਅਰਥਵਿਵਸਥਾ ਨੂੰ ਉਸਾਰਿਆ । ਏਥੇ ਧਿਆਨਯੋਗ ਨੁਕਤਾ ਇਹ ਹੈ ਕਿ ਉਸ ਸਮੇਂ
ਭਾਰਤੀ ਸਰਮਾਏਦਾਰੀ, ਵਿਸ਼ਵ ਸਰਮਾਏਦਾਰੀ ਦੇ ਮੁਕਾਬਲੇ ਵਿੱਚ ਕਮਜ਼ੋਰ ਸਥਿਤੀ ਵਿਚ ਸੀ ਅਤੇ
ਉਹ ਦੇਸ਼ ਦੇ ਵਿਕਾਸ ਲਈ ਅਧਾਰਭੂਤ ਉਦਯੋਗ ਵਿੱਚ ਪੂੰਜੀ ਲਗਾਉਣ ਦੀ ਸਥਿਤੀ ਵਿੱਚ ਨਹੀਂ
ਸੀ ।ਉਸ ਨੂੰ ਖੜਾ ਕਰਨ ਲਈ ਅਤੇ ਉਸ ਦੀ ਪੂੰਜੀ ਵਿੱਚ ਬੇਬਹਾ ਵਾਧਾ ਕਰਨ ਲਈ ਇਹਨਾਂ
ਯੋਜਨਾਵਾਂ ਵਿੱਚ ਉਸ ਨੂੰ ਵਿਸ਼ੇਸ਼ ਸੁਵਿਧਾਵਾਂ ਪਰਦਾਨ ਕੀਤੀਆਂ ਗਈਆਂ ।ਆਧਾਰਭੂਤ
ਉਦਯੋਗਾਂ ਨੂੰ ਜੰਤਾ ਦੇ ਧਨ ਨਾਲ ਖੜੇ ਕੀਤਾ ਗਿਆ ਅਤੇ ਤਤਕਾਲ ਲਾਭ ਦੇਣ ਵਾਲੇ ਉਦਯੋਗਾਂ
ਨੂੰ ਪੂੰਜੀਪਤੀਆਂ ਦੇ ਹਵਾਲੇ ਕੀਤਾ ਗਿਆ । ਇਸ ਤਰਾਂ ਦੇਸ਼ ਦੀ ਜੰਤਾ ਦੀ ਖੂਨ ਪਸੀਨੇ ਦੀ
ਕਮਾਈ ਨਾਲ ਉਸਾਰੇ ਸਰਬਜਨਕ ਪ੍ਰਤਿਸ਼ਠਾਨਾਂ ਰਾਹੀਂ ਨਿਜੀ ਪ੍ਰਤਿਸ਼ਠਾਨਾਂ ਨੂੰ ਸੁਬਿਧਾ
ਪਰਦਾਨ ਕੀਤੀ ਗਈ ਜਿਸ ਨਾਲ ਉਹਨਾਂ ਦਿਨ ਦੁਗਣਾ ਅਤੇ ਰਾਤ ਚੌਗਣਾ ਧਨ ਇਕੱਠਾ ਕੀਤਾ ।ਤੱਥ
ਸਾਬਤ ਕਰਦੇ ਹਨ ਕਿ ਸੁਤੰਤਰਤਾ ਉਪਰੰਤ ਨਿਜੀ ਪੂੰਜੀਪਤੀ ਘਰਾਣਿਆਂ ਦੀ ਪੂੰਜੀ ਵਿੱਚ ਕਈ
ਹਜਾਰਾਂ ਗੁਣਾਂ ਵਾਧਾ ਹੋਇਆ ਅਤੇ ਇਹਨਾਂ ਦੀ ਗਿਣਤੀ ਵੀ ਵਧੀ ।ਅੱਜ ਟਾਟਾ ਮੋਟਰਜ ਇਕ
ਬਹੁ-ਰਾਸ਼ਟਰੀ ਕੰਪਨੀ ਬਣ ਚੁੱਕੀ ਹੈ।ਇਹ ਉਹ ਹੀ ਪੂੰਜੀਪਤੀ ਘਰਾਣੇ ਹਨ ਜਿਹੜੇ ਅਜੋਕੇ
ਵਿਸ਼ਵੀਕਰਣ,ਉਦਾਰੀਕਰਣ (ਮੁਕਤ ਬਾਜ਼ਾਰ) ਅਤੇ ਨਿਜੀਕਰਣ ਦੀਆਂ ਨੀਤੀਆਂ ਦੇ ਢੰਡੋਰਚੀ ਅਤੇ
ਲਾਭਪਾਤਰੀ ਹਨ ਜਿਹਨਾਂ ਵਿੱਚ ਮੱਧਵਰਗੀ ਲੇਖਕਾਂ ਦਾ ਇਕ ਉਹ ਧੜਾ ਵੀ ਸ਼ਾਮਲ ਹੈ ਜਿਹੜਾ
ਸਰਕਾਰੇ/ਦਰਬਾਰੇ ਮਾਨਤਾ ਪ੍ਰਾਪਤ ਸੰਸਥਾਨਾਂ ਅਤੇ ਸੰਸਥਾਵਾਂ ਵਿੱਚ ਕਾਰਜਸ਼ੀਲ ਹੋ ਕੇ
ਇਹਨਾਂ ਨੀਤੀਆਂ ਦੀ ਹਮਾਇਤ ਕਰਦਾ ਹੈ ਅਤੇ ਉਹਨਾਂ ਵਿੱਚੋਂ ਹੀ ਕਦੇ ਕਦੇ ਰਾਜ ਸਭਾ ਦੇ
ਸਦੱਸ ਨਾਮਜ਼ਦ ਕੀਤੇ ਜਾਂਦੇ ਹਨ ।ਇਹ ਧੜਾ ਲੋਕਾਂ ਦੇ ਹੱਕ ਵਿੱਚ ਲਿਖਣ ਵਾਲੇ ਲੇਖਕਾਂ ਦੀ
ਰਚਨਾ ਉੱਤੇ ਕਈ ਤਰਾਂ ਦੇ ਮਨਘੜਤ ਦੋਸ਼ ਲਾ ਕੇ ਪ੍ਰਗਤੀਵਾਦੀ ਲੇਖਕਾਂ ਨੂੰ ਛੁਟਆਉਂਦਾ ਵੀ
ਹੈ । ਵਿਸ਼ਵੀਕਰਣ ਦੀਆਂ ਨੀਤੀਆਂ ਦਾ ਸੰਖੇਪ ਰੂਪ ਵਿੱਚ ਵਿਸ਼ਲੇਸ਼ਣ ਕਰਨਾ ਵੀ ਅਣਉਚਿਤ
ਨਹੀਂ ਹੋਵੇਗਾ ਪਰੰਤੂ ਇਹ ਦਸਣਾ ਵੀ ਜਰੂਰੀ ਹੈ ਕਿ ਦੇਸ਼ ਦੀਆਂ ਸਾਰੀਆਂ ਗਤੀਵਿਧੀਆਂ ਦੇ
ਕੇਂਦਰ ਵਿੱਚ ਧੱਨ ਇਕੱਠਾ ਕਰਨਾ ਹੀ ਰਿਹਾ ।ਸਰਵਜਨਕ ਖੇਤਰ ਅੰਦਰ ਵੀ ਧਨ ਕਮਾਉਣ ਦੀ
ਪ੍ਰਵਿਰਤੀ ਹੀ ਕਾਰਜਸ਼ੀਲ ਰਹੀ ।ਇਸ ਦੇ ਪ੍ਰਸ਼ਾਸਕਾਂ,ਨੌਕਰਸ਼ਾਹਾਂ ਅਤੇ ਨੀਤੀ-ਨਿਰਮਾਤਾਵਾਂ
ਨੇ ਘੂਸ ਅਤੇ ਕਮਿਸ਼ਨਖੋਰੀ ਦੇ ਰੂਪ ਵਿੱਚ ਖੂਬ ਧਨ ਕਮਾਇਆ ਜਿਸ ਨਾਲ ਵੱਡੀ ਮਾਤਰਾ ਵਿੱਚ
ਮੱਧ-ਵਰਗ ਵੀ ਉਤਪਨ ਹੋਇਆ ।ਕਾਲ਼ਾ ਧਨ ਵੀ ਇਕੱਠਾ ਹੋਂਣਾ ਆਰੰਭ ਹੋ ਗਿਆ।ਸਿੱਟੇ ਵਜੋਂ
ਅੱਜ ਕਾਲ਼ੇ ਧਨ ਦੀ ਮੰਡੀ ਨਿਰੰਤਰ ਅਤੇ ਸਮਾਂਨੰਤਰ ਕਾਰਜਸ਼ੀਲ ਹੈ ਜਿਸ ਨੂੰ ਦੋ ਨੰਬਰ ਦੇ
ਸਭਿਅਕ ਨਾਮ ਨਾਲ ਜਾਣਿਆ ਜਾਂਦਾ ਹੈ ।ਇਹ ਕਾਲ਼ਾ ਧਨ ”ਹਵਾਲਾ” ਦੀ ਪ੍ਰਕਿਰਿਆ ਰਾਹੀਂ
ਵਿਦੇਸ਼ੀ ਬੈਂਕ ਖ਼ਾਤਿਆਂ ਵਿੱਚ ਵੀ ਗਿਆ। ਇਹਨਾਂ ਆਰਥਿਕ ਨੀਤੀਆਂ ਕਾਰਨ ਉਪਭੋਗਵਾਦੀ
ਪ੍ਰਵਿਰਤੀਆਂ ਉਤਸ਼ਾਹਤ ਹੋਈਆਂ ਜਿਹੜੀਆਂ ਹੁਣਵੇਂ ਵਿਸ਼ਵੀਕਰਣ ਦੇ ਦੌਰ ਵਿੱਚ ਉਪਭੋਗਵਾਦੀ
ਸਭਿਆਚਾਰ/ਸੰਸਕ੍ਰਿਤੀ ਦੇ ਰੂਪ ਪ੍ਰਗਟ ਹੋ ਗਈਆਂ ਹਨ ।
ਇਹਨਾਂ ਆਰਥਿਕ ਨੀਤੀਆਂ ਨੇ ਦੇਸ਼ ਦੀ ਪਚਾਸੀ ਪ੍ਰਤੀਸ਼ਤ ਤੋਂ ਵੱਧ ਜਨਸੰਖਿਆ ਨੂੰ ਖੁਸ਼ਹਾਲ
ਤਾਂ ਕੀ ਬਣਾਉਣਾ ਸੀ, ਮੁੱਢਲੀਆਂ ਸਹੂਲਤਾਂ ਜਿਵੇਂ
ਰੋਟੀ,ਕਪੜਾ,ਮਕਾਨ,ਸਿਹਤ,ਵਿਦਿਆ,ਬੁਢਾਪਾ ਪੈਨਸ਼ਨ ਆਦਿ ਸੁਵਿਧਾਵਾਂ, ਏਥੋਂ ਤਕ ਕਿ ਕੁਦਰਤ
ਦੀਆਂ ਬਖਸ਼ੀਆਂ ਨਿਆਮਤਾਂ ਸਵੱਸ਼ ਹਵਾ ਅਤੇ ਪਾਣੀ ਪਰਦਾਨ ਕਰਨ ਵਿੱਚ ਵੀ ਬੁਰੀ ਤਰਾਂ ਅਸਫਲ
ਰਹੀਆਂ । ਇਹਨਾਂ ਨੀਤੀਆਂ ਕਾਰਨ ਦੇਸ਼ ਦਾ ਆਰਥਿਕ ਸੰਕਟ ਲਗਾਤਾਰ ਵਧਦਾ ਗਿਆ।ਇਹ ਵੀ
ਸਵੀਕਾਰ ਕਰਨਾ ਪਏਗਾ ਕਿ ਗਲਤੀਆਂ ਕਰਨ ਦੇ ਬਾਵਜੂਦ, ਵਾਮ-ਪੰਥੀ ਰਾਜਸੀ ਪਾਰਟੀਆਂ ਨੇ
ਮੋਟੇ ਤੌਰ ਤੇ ਇਹਨਾਂ ਨੀਤੀਆਂ ਦੇ ਵਿਰੁੱਧ ਜੰਤਾ ਨੂੰ ਲਾਮਬੰਦ ਅਤੇ ਜਾਗਰੂਕ ਕਰਦੇ ਹੋਏ
ਵੰਡਵਾਦੀ ਅਤੇ ਫਿਰਕਾਪ੍ਰਸਤ ਸ਼ਕਤੀਆਂ ਦਾ ਡਟ ਕੇ ਵਿਰੋਧ ਕੀਤਾ ਅਤੇ ਮਹਾਨ ਕੁਰਬਾਨੀਆਂ
ਕੀਤੀਆਂ ।
ਇਹਨਾਂ ਨੀਤੀਆਂ ਵਿੱਚ ਨਵਾਂ ਮੋੜ ਵੀਹਵੀਂ ਸਦੀ ਦੇ ਆਖਰੀ ਦਹਾਕੇ ਵਿੱਚ ਆਉਂਦਾ ਹੈ ਜਦੋਂ
ਸੋਵੀਅਤ ਯੂਨੀਅਨ ਦਾ ਵਿਖੰਡਨ ਅਤੇ ਪੂਰਬੀ ਯੂਰਪ ਵਿੱਚ ਸਮਾਜਵਾਦ ਦਾ ਪਤਨ ਹੋ ਜਾਂਦਾ
ਹੈ।ਇਸ ਸਮੇਂ ਵਿਸ਼ਵ-ਸ਼ਕਤੀਆਂ ਦਾ ਸੰਤੁਲਨ ਅਮਰੀਕਾ ਅਤੇ ਉਸ ਦੇ ਸਹਿਯੋਗੀਆਂ ਦੇ ਹੱਕ
ਵਿੱਚ ਇਕਧਰੁਵੀ ਹੋ ਜਾਂਦਾ ਹੈ ਜਿਸ ਨਾਲ ਇਸ ਜੁੱਟ ਦੀ ਪ੍ਰਭੂਤਵ ਨੂੰ ਚਣੌਤੀ ਦੇਣ ਵਾਲੀ
ਕੋਈ ਸਤਾ ਨਹੀਂ ਰਹਿੰਦੀ ।
ਸੋਵੀਅਤ ਯੂਨੀਅਨ ਵਿੱਚ ਮਾਰਕਸਵਾਦ ਨੂੰ ਵਿਗਆਨਕ ਢੰਗ ਨਾਲ ਲਾਗੂ ਕਰਨ ਵਿੱਚ ਊਣਤਾਈਆਂ
ਖਰੁਸ਼ਚੋਵ ਦੇ ਸਤਾ ਹਥਿਆਉਣ ਉਪਰੰਤ 1955ਵਿਆਂ ਵਿੱਚ ਹੀ ਆਰੰਭ ਹੋ ਗਈਆਂ ਸਨ ਭਾਵੇਂ ਕਿ
ਇਸ ਤੋਂ ਪਹਿਲੇ ਸਤਾਲਨ ਦੌਰ ਵਿੱਚ ਵੀ ਜਮਹੂਰੀ ਕੇਂਦਰੀਵਾਦ ਨੂੰ ਛਿੱਕੇ ਉੱਤੇ ਟੰਗ ਕੇ
ਵਿਰੋਧੀ ਵਿਚਾਰ ਰਖਣ ਵਾਲੇ ਨੇਤਾਵਾਂ ਉੱਤੇ ਜ਼ੁਲਮ ਢਾਇਆ ਗਿਆ ।ਮੋਟੇ ਤੌਰ ਤੇ ਇਹ
ਨੀਤੀਆਂ ਸਨ:(1) ਪ੍ਰੋਲੇਤਾਰੀ ਸ਼੍ਰੇਣੀ ਦੀ ਡਿਕਟਟੇਰਸ਼ਿਪ ਦੇ ਸਿਧਾਂਤ ਨੂੰ ਤਿਲਾਂਜਲੀ
(2) ਸ਼ਾਂਤਮਈ ਸਹਿਹੋਂਦ (3) ਜਮਾਤੀ ਸਾਂਝ-ਭਿਆਲੀ ਅਤੇ ਸਮੁੱਚੀਆਂ ਨੀਤੀਆਂ ਵਿੱਚ
ਸੱਜੇ-ਸੋਧਵਾਦ ਨੂੰ ਅਪਨਾ ਲੈਣਾ ।ਪੂਰਬੀ ਯੂਰਪ ਦੇ ਦੇਸ਼ ਵੀ ਗਵਾਰੂ ਮਾਰਕਸਵਾਦ ਉਪਰ
ਅਧਾਰਤ ਇਸ ਅਸ਼ੁੱਧ ਸੋਵੀਅਤ ਯੂਨੀਅਨ ਦੇ ਸਮਾਜਵਾਦੀ ਮਾਡਲ ਨੂੰ ਹੀ ਅਪਨਾ ਰਹੇ ਸਨ
।ਪਰਿਣਾਮ- ਸਰੂਪ ਸਮਾਜਵਾਦ ਦੇ ਖੋਲ ਅੰਦਰ ਪੂੰਜੀਵਾਦੀ ਰੁਚੀਆਂ ਦਾ ਪ੍ਰਚਲਨ ਜ਼ੋਰ ਫੜਦਾ
ਗਿਆ ।ਇਸ ਦਾ ਸਿੱਟਾ ਇਹ ਨਿਕਲਿਆ ਕਿ ਕਿਮਿਊਨਿਸਟ ਪਾਰਟੀਆਂ ਵਿੱਚ ਵੱਡੇ ਪੈਮਾਨੇ ਉੱਤੇ
ਭਰਿਸ਼ਟਾਚਾਰ ਫੈਲ ਗਿਆ ਜਿਸ ਨਾਲ ਜਨ-ਸਧਾਰਣ ਤੋਂ ਦੂਰੀ ਸਿਰਜੀ ਗਈ ।ਸਰਕਾਰੀ ਤੰਤਰ ਵਿੱਚ
ਲੁੱਟ,ਵਿਕਾਰ ਅਤੇ ਵਿਭਚਾਰ ਨੇ ਪੈਰ ਪਸਾਰ ਲਏ ।ਸੋਵੀਅਤ ਯੂਨੀਅਨ ਸਮੇਤ ਇਹਨਾਂ ਦੇਸ਼ਾਂ
ਦੀ ਅਰਥਵਿਵਸਥਾ ਅੰਦਰੋਂ ਖੋਖਲੀ ਅਤੇ ਸੰਕਟਗ੍ਰਸਤ ਹੋ ਗਈ ।ਹੋਰ ਸਿਤਮ ਇਹ ਕਿ ਇਸ
ਵਿਰੁੱਧ ਆਵਾਜ਼ ਉੱਚੀ ਕਰਨ ਵਾਲੇ ਬੁੱਧੀਜੀਵੀਆਂ ਨੂੰ ਸੀ ਆਈ ਏ ਦੇ ਏਜੰਟ ਗਰਦਾਨ ਕੇ ਜੇਲ
ਵਿੱਚ ਸੁੱਟ ਦਿੱਤਾ ਜਾਂਦਾ ਜਾਂ ਦੇਸ਼ ਦੇ ਗ਼ਦਾਰ ਕਹਿ ਕੇ ਦੇਸ਼ ਨਿਕਾਲਾ ਦਿੱਤਾ ਜਾਂਦਾ
।ਫਲਸਰੂਪ ਉਤਪਾਦਨ ਤੰਤਰ ਵਿੱਚ ਖੜੋਤ ਆ ਗਈ ਅਤੇ ਜੰਤਾ ਇਸ ਤੋਂ ਨਿਰਾਸ਼ ਅਤੇ ਬੇਮੁੱਖ ਹੋ
ਗਈ ।ਇਸ ਗਤੀਰੋਧ ਤੋਂ ਛੁਟਕਾਰਾ ਪਾਉਣ ਲਈ ਗਰੁਵਚੋਵ ਨੇ ਪਹਿਲਾਂ ਗਲਾਸਨੋਸਤਰ (
ਖੁੱਲ੍ਹਾ ਸਮਾਜਵਾਦ )ਅਤੇ ਪਿੱਛੋਂ ਪੈਰਿਸਤੋਰਿਕਾ (ਪੁਨਰ-ਗਠਨ ) ਦਾ ਨਾਅਰਾ ਤਾਂ ਦਿੱਤਾ
ਪਰ ਉਹ ਪੂੰਜੀਵਾਦ ਦੀ ਪੁਨਰ-ਸਥਾਪਤੀ ਦਾ ਕਾਰਜਕਰਮ ਹੋ ਨਿਬੜਿਆ ।ਉਪਰੰਤ ਯੈਲਸਤਨ ਨੇ
ਸੋਵੀਅਤ ਯੂਨੀਅਨ ਦਾ ਵਿਖੰਡਨ ਕਰ ਦਿੱਤਾ ।ਯਾਦ ਰਹੇ ਸੋਵੀਅਤ ਯੂਨੀਅਨ ਦੇ ਵਿਖੰਡਨ ਦੇ
ਮੋਟੇ ਤੌਰ ਤੇ ਸੱਤ/ਅੱਠ ਕਾਰਨ ਸਨ ਪਰੰਤੂ ਆਪਣੀ ਦਲੀਲ ਨੂੰ ਸਪਸ਼ਟ ਕਰਨ ਲਈ ਉਪਰੋਕਤ
ਕੁੱਝ ਕੁ ਦਾ ਹੀ ਜ਼ਿਕਰ ਕੀਤਾ ਗਿਆ ਹੈ ।
ਦੂਜੇ ਪਾਸੇ ਅਮਰੀਕਾ ਅਤੇ ਪਛਮੀ ਦੇਸ਼ 1970 ਅਤੇ 1980 ਦੇ ਆਰਥਕ ਸੰਕਟ ਵਿੱਚ ਬੁਰੀ
ਤਰਾਂ ਘਿਰ ਗਏ।ਬੇਅੰਤ ਯਤਨਾਂ ਦੇ ਬਾਵਜੂਦ ਇਹ ਅੱਜ ਤਕ ਇਸ ਸੰਕਟ ਵਿੱਚੋਂ ਬਾਹਰ ਨਹੀਂ
ਨਿਕਲ ਸਕੇ ।ਇਰਾਕ,ਅਫਗਾਨਿਸਤਾਨ ਅਤੇ ਹੋਰ ਮੱਧਪੂਰਬ ਦੇ ਦੇਸ਼ਾਂ ਵਿੱਚ ਸੈਨਿਕ ਹਸਤਸ਼ੇਪ
ਨੇ ਇਸ ਵਿੱਚ ਹੋਰ ਵਾਧਾ ਕੀਤਾ।20ਵੀਂ ਸਦੀ ਦੇ ਆਖਰੀ ਦਹਾਕੇ ਵਿੱਚ ਉਪਜ ਦੇ ਸਾਧਨਾਂ
ਵਿੱਚ ਉਨਤੀ ਅਤੇ ਨਵਂੇ ਅਵਸ਼ਕਾਰਾਂ ਰਾਹੀਂ, ਅਮਰੀਕੀ ਸਾਮਰਾਜ ਦੀ ਅਗਵਾਈ ਵਿੱਚ
ਪਛਮੀ ਦੇਸ਼ ਵਿਸ਼ਵੀਕਰਣ ਦੀ ਪ੍ਰਕਿਰਿਆ ਅਧੀਨ ਇਸ ਸੰਕਟ ਵਿੱਚੋਂ ਬਾਹਰ ਨਿਕਲਣ ਲਈ ਨਵੀਆਂ
ਆਰਥਕ ਨੀਤੀਆਂ ਦਾ ਦੌਰ ਆਰੰਭ ਦਿੰਦੇ ਹਨ ।ਭਾਰਤਵਰਸ਼ ਦੀਆਂ ਸਰਕਾਰਾਂ ਨੇ ਵੀ ਆਪਣੇ ਆਰਥਕ
ਸੰਕਟ ਵਿੱਚੋ ਬਾਹਰ ਨਿਕਲਣ ਲਈ ਇਹ ਨੀਤੀਆਂ ਉਸ ਸਮੇਂ ਤੋਂ ਅਪਨਾ ਲਈਆਂ ਹਨ ।
ਵਿਸ਼ਵੀਕਰਣ ਦੀ ਪ੍ਰਕਿਰਿਆ ਕੋਈ ਨਵੀਂ ਨਹੀਂ ।ਬ੍ਰਤਾਨਵੀ ਉਪਨਿਵੇਸ਼ਕ ਕਾਲ ਵਿੱਚ ਦੁਨੀਆਂ
ਇਕ ਵਿਸ਼ਵੀਕਰਣ ਦੇ ਦੌਰ ਵਿੱਚੋਂ ਗੁਜ਼ਰ ਚੁੱਕੀ ਹੈ ।ਭਾਰਤ ਵਿੱਚ ਪਹਿਲਾਂ 1757 ਤੋਂ ਲੈ
ਕੇ 1858 ਤਕ ਈਸਟ ਇੰਡੀਆ ਕੰਪਨੀ ਅਤੇ ਪਿੱਛੋਂ ਬਾਦਸ਼ਾਹਤ ਹੇਠ ਬ੍ਰਤਾਨਵੀ ਸਰਕਾਰ ਨੇ
1947 ਤਕ ਲਗਭਗ ਦੋ ਸੌ ਸਾਲ ਰਾਜ ਕੀਤਾ । ਇਸ ਸਮੇਂ ਦੌਰਾਨ ਇਸ ਨੇ
ਵਿਧਾਨ,ਸ਼ਾਸਨ,ਨਿਆਂ,ਸੰਚਾਰ,ਵਿਦਿਆ ਅਤੇ ਸੈਨਾ ਨੂੰ ਆਪਣੀਆਂ ਸਾਮਰਾਜੀ ਲੋੜਾਂ ਅਨੁਸਾਰ
ਢਾਲ ਕੇ ਨਿਯਮਤ ਕੀਤਾ । ਲੱਖਾਂ ਭਾਰਤ ਵਾਸੀਆਂ ਨੂੰ ਫੌਜ ਵਿੱਚ ਭਰਤੀ ਕਰਕੇ ਦੋ ਵਿਸ਼ਵ
ਯੁੱਧਾਂ ਵਿੱਚ ਮਰਵਾਇਆ ।ਅੱਜ ਇਹ ਉਦਾਰੀਕਰਣ (ਮੁਕਤ ਬਾਜ਼ਾਰ )ਦੀ ਅੰਤਰ-ਰਾਸ਼ਟਰੀ ਦੌੜ ਦੇ
ਰੂਪ ਵਿੱਚ ਸਾਡੇ ਸਨਮੁੱਖ ਹੈ।ਭਾਰਤ ਦੀਆਂ ਸਰਕਾਰਾਂ ਇਸ ਵਿਸ਼ਵੀਕਰਣ, ਉਦਾਰੀਕਰਣ ਅਤੇ
ਨਿਜੀਕਰਣ ਨੂੰ ਦੇਸ਼ ਦੇ ਵਿਕਾਸ ਨਾਲ ਜੋੜ ਕੇ ਲਾਗੂ ਕਰ ਰਹੀਆਂ ਹਨ ।ਇਸ ਦੀ ਗਤੀ ਏਨੀ
ਤੇਜ ਹੈ ਕਿ ਇਸ ਨੇ ਸਾਡੀ ਸ਼ੰਸਕ੍ਰਿਤੀ/ਸਭਿਆਚਾਰ ਉੱਤੇ ਇਕ ਦਮ ਹਮਲਾ ਕਰਕੇ ਸਾਡੇ
ਸਦਾਚਾਰਕ ਮੁਲਾਂ,ਮਾਨਤਾਵਾਂ,ਧਾਰਨਾਵਾਂ,ਵਿਸ਼ਵਾਸਾਂ,ਵਿਚਾਰਾਂ ਅਤੇ ਲਕਸ਼ਾਂ ਨੂੰ ਉਲਟ
ਪੁਲਟ ਕਰ ਛੱਡਿਆ ਹੈ।ਸਾਹਿਤ ਵਿੱਚ ਇਹ ਉਤਰਆਧੁਨਿਕਤਾ ( ਦੇਹੀਵਾਦ,ਲ਼ਚਰਵਾਦ, ਨਿਜਵਾਦ,
ਨੰਗੇਜ਼ਵਾਦ, ਭੁਲੇਖਾਵਾਦ, ਊਲ- ਜਲੂਲਵਾਦ,ਇੰਦਰਜੰਜਾਲਯੁਕਤਵਾਦ ਅਤੇ ਛਲ-ਕਪਟਵਾਦ ਆਦਿ )
ਦੇ ਰੂਪ ਵਿੱਚ ਪ੍ਰਗਟ ਹੋ ਰਿਹਾ ਹੈ ।ਇਸ ਭੰਨਤੋੜ ਦੀ ਘੜਮੱਸ ਵਿੱਚ, ਜਨਸਧਾਰਣ ਲਈ ਇਸ
ਦੇ ਸਾਮਰਾਜੀ ਚਰਿਤਰ ਦਾ ਬੋਧ ਕਰਨਾ ਕਠਿਨ ਹੋ ਰਿਹਾ ਹੈ ।
ਮਾਰਕਸਵਾਦੀ ਦ੍ਰਿਸ਼ਟੀ ਅਨੁਸਾਰ,ਸਮਾਜਕ ਵਿਕਾਸ ਦੀ ਰੂਪਰੇਖਾ ਵਿੱਚ ਜਦੋਂ ਉਤਪਾਦਨ ਪਧਤੀ
ਵਿੱਚ ਉਪਜ ਦੇ ਸਾਧਨ ਤੇਜੀ ਨਾਲ ਉਨਤੀ ਕਰਦੇ ਹਨ ਜਿਵੇਂ ਅਜੋਕੇ ਦੌਰ ਵਿੱਚ
ਡਿਜ਼ੀਟਾਈਜੇਸ਼ਨ ਅਤੇ ਕੰਪਿਊਟੀਕਰਣ ਆਦਿ ਤਾਂ ਇਹ ਸਮੂਹ ਅਵਸਥਾਵਾਂ ਵਿੱਚ ਉਥਲ-ਪੁਥਲ
,ਅਨਿਸ਼ਚਤਾ ਅਤੇ ਹਲਚਲ ਪੈਦਾ ਕਰ ਦਿੰਦੇ ਹਨ।ਜੋ ਕੁੱਝ ਵੀ ਠੋਸ ਹੈ ਉੇਹ ਹਵਾ ਵਿੱਚ ਉਡਦਾ
ਪ੍ਰਤੀਤ ਹੁੰਦਾ ਹੈ ਅਤੇ ਨਵਾਂ ਅਜੇ ਬਣਿਆ ਨਹੀਂ ਹੁੰਦਾ । ਇਸ ਵਿਸ਼ੇਸ਼ ਸਮੇ ਸਾਮਰਾਜੀ
ਸ਼ਕਤੀਆਂ ਅਤੇ ਉਹਨਾਂ ਦੀਆਂ ਸਹਿਯੋਗੀ ਰਾਸ਼ਟਰੀ ਹਾਕਮਰਾਨ ਜਮਾਤਾਂ ਇਹਨਾਂ ਅਵਸਥਾਵਾਂ ਨੂੰ
ਆਪਣੇ ਆਰਥਕ ਹਿੱਤਾਂ ਦੀਆਂ ਲੋੜਾਂ ਅਨੁਸਾਰ ਢਾਲ ਅਤੇ ਨਿਯਮਤ ਕਰ ਲੈਂਦੀਆਂ ਹਨ ।ਅਸਾਡੇ
ਪ੍ਰਗਤੀਸ਼ੀਲ ਲੇਖਕਾਂ ਅਤੇ ਬੁਧੀਜੀਵੀਆਂ ਨੂੰ ਵਿਸ਼ਵੀਕਰਣ ਦੀ ਪ੍ਰਕਿਰਿਆ ਨੂੰ ਇਸ ਸੰਦਰਭ
ਵਿੱਚ ਹੀ ਸਮਝਣਾ ਪਵੇਗਾ ਜਿਸ ਦੀਆਂ ਵਿਸ਼ੇਸ਼ਤਾਈਆਂ ਕੁੱਝ ਇਸ ਪ੍ਰਕਾਰ ਹਨ ।
ਜਿਵੇਂ ਉਪਰ ਲਿਖਿਆ ਗਿਆ ਹੈ,ਇਸ ਦੌਰ ਵਿੱਚ ਵਿਸ਼ਵ ਪੱਧਰ ਉੱਤੇ ਬੜੀ ਤੇਜ ਗਤੀ ਨਾਲ
ਪਰੀਵਰਤਨ ਆਉਂਦੇ ਹਨ ਜਿਹਨਾਂ ਦਾ ਵਿਕਾਸਸ਼ੀਲ ਦੇਸ਼ਾਂ ਦੇ ( 1 ) ਆਰਥਕ ( 2 ) ਰਾਜਨੀਤਕ
( 3 ) ਸਮਾਜਕ (4 )ਸੰਸਕ੍ਰਿਤਕ/ਸਭਿਆਚਾਰਕ ( 5 ) ਮਾਨਸਿਕ/ਰੂਹਾਨੀ (6 ) ਸੈਨਕ ਆਦਿ
ਖੇਤਰਾਂ ਉੱਤੇ ਇਤਨਾ ਡੂੰਘਾ ਪ੍ਰਭਾਵ ਪੈਂਦਾ ਹੈ ਕਿ ਸਾਮਰਾਜੀ ਦੇਸ਼ ਆਪਣੀਆਂ ਨਿਯਮਤ ਅਤੇ
ਨਿਰਦੇਸ਼ਤ ਸੰਸਥਾਵਾਂ ਜਿਵੇਂ ਵਿਸ਼ਵ ਵਿਉਪਾਰ ਕੇਂਦਰ, ਵਿਸ਼ਵ ਬੈਂਕ, ਅੰਤਰ-ਰਾਸ਼ਟਰੀ
ਮੁਦਰਾਕੋਸ਼ ਫੰਡ ਅਤੇ ਬਹੁ-ਰਾਸ਼ਟਰੀ ਨਿਗਮਾਂ ਰਾਹੀਂ ਉੋਹ ਇਹਨਾਂ ਨੂੰ ਆਪਣੇ ਤੰਦੂਆ ਜਾਲ
ਵਿੱਚ ਫਸਾ ਲੈਂਦੇ ਹਨ ।ਇਕ ਵਾਰ ਇਸ ਜਾਲ ਵਿੱਚ ਫਸਣ ਪਿੱਛੋਂ ਬਾਹਰ ਨਿਕਲਣਾ ਅਤਿ ਕਠਿਨ
ਹੋ ਜਾਂਦਾ ਹੈ ।ਇਤਿਹਾਸ ਵੱਲ ਨਜ਼ਰ ਮਾਰੀਏ ਤਾਂ ਅਸੀਂ ਵੇਖਦੇ ਹਾਂ ਕਿ ਭਾਰਤ ਵਿੱਚ ਇਕ
ਈਸਟ ਇੰਡੀਆ ਕੰਪਨੀ ਵਿਉਪਾਰ ਕਰਨ ਆਈ ਸੀ ਜਿਸ ਨੇ ਭਾਰਤਵਾਸੀਆਂ ਨੂੰ ਦੋ ਸੌ ਸਾਲ ਸਰੀਰਕ
ਅਤੇ ਮਾਨਸਿਕ ਤੌਰ ਤੇ ਗੁਲਾਮ ਰੱਖ ਕੇ ਕੁੱਟਿਆ ਅਤੇ ਲੁੱਟਿਆ ਅਤੇ ਜਿਸ ਤੋਂ ਆਜ਼ਾਦੀ
ਪ੍ਰਾਪਤ ਕਰਨ ਲਈ ਦੇਸ਼ ਵਾਸੀਆਂ ਨੇ ਬੇਬਹਾ ਕੁਰਬਾਨੀਆਂ, ਕੀਤੀਆਂ, ਹੱਸ ਹੱਸ ਕੇ
ਫਾਂਸੀਆਂ ਦੇ ਰੱਸੇ ਚੁੰਮੇਂ ।ਅੱਜ ਭਾਰਤ ਦੀ ਹਾਕਮ ਜਮਾਤ ਦੇਸ਼ ਨੂੰ ਲੁਟਾਉਣ ਲਈ ਖ਼ੁਦ ਆਪ
ਸੈਕੜੇ ਬਹੁ-ਰਾਸ਼ਟਰੀ ਨਿਗਮਾਂ ਨੂੰ,ਉਦਾਰੀਕਰਣ (ਮੁਕਤ ਬਾਜ਼ਾਰ ) ਦੀ ਨੀਤੀ ਰਾਹੀਂ,
ਉਹਨਾਂ ਦੀਆਂ ਸ਼ਰਤਾਂ ਪਰਵਾਨ ਕਰਕੇ ਨਿਮੰਤਰਣ ਦੇ ਰਹੀ ਹੈ ।ਉਹ ਆਪਣੀ ਸੰਸਕ੍ਰਿਤੀ/
ਸਭਿਆਚਾਰ ਵੀ ਨਾਲ ਲਿਆ ਰਹੀਆਂ ਹਨ ਜਿਸ ਦੇ ਹਮਲੇ ਨਾਲ ਅਸਾਡੀਆਂ ਕਦਰਾਂ ਕੀਮਤਾਂ ਨੂੰ
ਬੁਰੀ ਤਰਾਂ ਢਾਅ ਲਗ ਰਹੀ ਹੈ ।ਇਸ ਨਿਬੰਧ ਦੇ ਅਗਲੇ ਭਾਗ ਵਿੱਚ ਸੰਸਕ੍ਰਿਤਕ/ਸਭਿਆਚਾਰਕ
ਖੇਤਰ ਵਿੱਚ ਪੈ ਰਹੇ ਦੁਰਪ੍ਰਭਾਵ ਦਾ ਹੀ ਸੰਖੇਪ ਰੂਪ ਵਿੱਚ ਵਿਵੇਚਨ ਕੀਤਾ ਜਾਵੇਗਾ ।
ਇਹਨਾਂ ਬਹੁ-ਰਾਸ਼ਟਰੀ ਨਿਗਮਾਂ ਦਾ ਸੱਭ ਤੋਂ ਮਹੱਤਵਪੂਰਨ ਉਦੇਸ਼ ਵੱਧ ਤੋਂ ਵੱਧ ਮੁਨਾਫ਼ਾ
ਕਮਾਉਣਾ ਹੁੰਦਾ ਹੈ ।ਇਸ ਮੰਤਵ ਲਈ ਕਈ ਰਾਸ਼ਟਰੀ ਕੰਪਨੀਆਂ ਵੀ ਇਹਨਾਂ ਨਾਲ ਸਾਂਝ-ਭਿਆਲੀ
ਪਾ ਲੈਂਦੀਆਂ ਹਨ ।ਇਹ ਆਪਣੀ ਉਪਜ ਅਥਵਾ ਜਿਣਸ ਨੂੰ ਵੇਚਣ ਲਈ ਮੰਡੀ ਤਿਆਰ ਕਰਦੀਆਂ ਹਨ ।
ਪੈਸੇ ਦੇ ਜ਼ੋਰ ਨਾਲ ਇਹ ਆਧੁਨਿਕ ਸੰਚਾਰ ਸਾਧਨਾਂ ਨੂੰ ਖਰੀਦ ਕੇ ,ਆਪਣੀਆਂ ਜਿਣਸਾਂ ਨੂੰ
ਖਰੀਦਣ ਲਈ ਜੰਤਾ ਦੇ ਦਿਲਾਂ ਵਿੱਚ ਲਾਲਸਾ ਪੈਦਾ ਕਰਦੀਆਂ ਹਨ ।ਟੈਲੀਵੀਜਨ,
ਰੇਡਿਓ,ਇੰਟਰਨੈਟ,ਫਿਲਮਾਂ, ਸੀਰੀਅਲ,ਮੋਬਾਈਲ ਫੋਨ,ਅਤੇ ਪਰਿੰਟ ਮੀਡੀਆ ,ਆਦਿ ਦੀ ਭਰਪੂਰ
ਵਰਤੋਂ ਕੀਤੀ ਜਾਂਦੀ ਹੈ।ਇਹਨਾਂ ਵਿੱਚ ਰਾਤ ਦਿਨ ਮਨੁੱਖ ਦੀਆਂ ਪੰਜੇ ਇੰਦਰੀਆਂ ਵਿੱਚ
ਉਤੇਜਨਾ ਉਤਪਨ ਕਰਨ ਵਾਲੇ ਵਿਗਿਆਪਨ ਪ੍ਰਸਤੁਤ ਕੀਤੇ ਜਾਂਦੇ ਹਨ ।ਇਹ ਵਿਉਪਾਰਕ ਕੰਪਨੀਆਂ
ਇਸ ਉਤੇਜਨਾ ਨੂੰ ਆਪਣੀਆਂ ਜਿਣਸਾਂ ਲਈ ਮੰਡੀ ਤਿਆਰ ਕਰਨ ਲਈ ਵਰਤਦੀਆਂ ਹਨ ।ਉਹ ਇਤਨੀ
ਦੇਰ ਤਕ ਇਸ ਸੰਚਾਰ-ਤੰਤਰ ਨੂੰ ਦੁਹਰਾਉਂਦੀਆਂ ਰਹਿੰਦੀਆਂ ਹਨ ਜਿਤਨੀ ਦੇਰ ਤਕ ਉਹ ਮਨੁੱਖ
ਦੇ ਮਨ,ਧਨ ਅਤੇ ਤਨ ਨੂੰ ਆਪਣੇ ਵੱਸ ਵਿੱਚ ਨਹੀਂ ਕਰ ਲੈਦੀਆਂ ।ਇਸ ਵਿਧੀ ਨਾਲ ਜਿੱਥੇ
ਉਹਨਾਂ ਲਈ ਉਪਭੋਗਤਾਵਾਦੀ ਮੰਡੀ ਤਿਆਰ ਹੋ ਜਾਂਦੀ ਹੈ ਓਹਥੇ ਉਪਭੋਗਤਾਵਾਦੀ
ਸੰਸਕ੍ਰਿਤੀ/ਸਭਿਆਚਾਰ ਵੀ ਪੈਦਾ ਹੋ ਜਾਂਦਾ ਹੈ। ਤਤਕਾਲੀ ਆਯੋਜਤ ਫੈਸ਼ਨ ਸ਼ੋਅ,ਬਿਊਟੀ
ਕਾਨਟੈਸਟ,ਵਪਾਰਕ ਮੇਲੇ, ਰੋਡ ਸ਼ੋਅ ,ਤਥਾਕਥਿਤ ਸਭਿਆਚਾਰਕ ਮੇਲਿਆਂ ਅਤੇ ਸਰਕਾਰੀ ਕਬੱਡੀ
ਟੂਰਨਾਮੈਂਟਾਂ ਦੇ ਤੱਤ-ਸਾਰ ਦੇ ਯਥਾਰਥ ਨੂੰ ਇਸ ਪ੍ਰਸੰਗ ਵਿੱਚ ਹੀ ਸਮਝਿਆ ਜਾ ਸਕਦਾ
ਹੈ। ਮਨੁੱਖ- ਜਨਨੀ ਨਾਰੀ ਨੂੰ ਤਾਂ ਇਸ ਮੁਕਤ ਬਾਜ਼ਾਰ ਨੇ ਇਕ ਸੈਕਸ ਸਿੰਬਲ ਬਣਾ ਛੱਡਿਆ
ਹੈ ।ਡਰ ਲਗਦਾ ਹੈ ਕਿ ਇਹ ਮੁਕਤ ਬਾਜ਼ਾਰ ਸਾਡੀਆਂ ਮਾਵਾਂ, ਭੈਣਾਂ,ਬੱਚੀਆਂ ਅਤੇ ਪਤਨੀਆਂ
ਨੂੰ ਕਿਤੇ ਵਸਤਰ-ਮੁਕਤ ਹੀ ਨਾ ਬਣਾ ਦੇਵੇ। ਇਹ ਵੀ ਤੱਥ ਰੂਪਮਾਨ ਹੋ ਚੁੱਕਾ ਹੈ ਕਿ ਇਹ
ਵਿਉਪਾਰੀ, ਕਾਵਿ ਸਾਮੇਲਨ,ਸਾਹਿਤਕ ਗੋਸ਼ਟੀਆਂ,ਕਲ਼ਾ ਨੁਮਾਇਸ਼ਾਂ ਅਤੇ ਪੁਸਤਕ ਮੇਲੇ ਵੀ
ਆਪਣੀ ਦਿਸ਼ਾ ਨਿਰਦੇਸ਼ਨਾ ਅਧੀਨ ਪ੍ਰਯੋਜਿਤ ਕਰਦੇ ਹਨ ।ਇਹਨਾਂ ਨੇ ਆਪਣੇ ਚਹੇਤੇ
ਲੇਖਕਾਂ/ਕਲਾਕਾਰਾਂ ਲਈ ਕਈ ਕਿਸਮ ਦੇ ਪੁਰਸਕਾਰ ਵੀ ਸਥਾਪਤ ਕਰ ਰੱਖੇ ਹਨ ।ਇਹਨਾਂ
ਸਾਧਨਾਂ ਰਾਹੀਂ ਇਹ ਆਪਣੀਆਂ ਮੰਡੀਗਤ ਲੋੜਾਂ ਅਨੁਸਾਰ ਸਾਹਿਤਕ ਰੁਚੀਆਂ ਦਾ ਪ੍ਰੋਤਸਾਨ
ਕਰ ਕੇ ਉਪਭੋਗਵਾਦੀ ਸਾਹਿਤ ਸੰਸਕ੍ਰਿਤੀ/ਸਭਿਆਚਾਰ ਪੈਦਾ ਕਰ ਦਿੰਦੀਆਂ ਹਨ । ਪੰਜਾਬੀ
ਸਾਹਿਤ ਵਿੱਚ ਪ੍ਰਚਲਤ ਉਤਰ-ਆਧੁਨਿਕਤਾ ਦਾ ਰੁਝਾਨ ਇਹਨਾਂ ਪ੍ਰਸਿਥਿਤੀਆਂ ਦਾ ਹੀ ਸਿੱਟਾ
ਹੈ ।
ਬ੍ਰਤਾਨਵੀ ਸਮਾਜ ਵਿਗਿਆਨੀ ਸਟੂਅਰਟ ਹਾਲ ਨੇ ਵਿਸ਼ਵੀਕਰਣ ਅਤੇ ਸੰਸਕ੍ਰਿਤੀ ਦੇ ਪ੍ਰਸਪਰ
ਸੰਬੰਧ ਪ੍ਰਤੀ ਬੜਾ ਡੁੰਘਾ ਅਧਿਅਨ ਅਤੇ ਮੰਥਨ ਕੀਤਾ ਹੈ।ਉਸ ਦਾ ਨਿਰਣਾ ਹੈ ਵਿਸ਼ਵੀਕਰਣ
ਦੀ ਪ੍ਰਕਿਰਿਆ ਰਾਹੀਂ ਉਤਪਨ ਹੋ ਰਹੀ ਵਿਸ਼ਵ-ਸੰਸਕ੍ਰਿਤੀ ਦੀ ਸਰਵਾਧਿਕ ਮਹੱਤਵਪੂਰਨ
ਵਿਸ਼ੇਸ਼ਤਾ ਇਸ ਦੀ ਇਕ ਰੂਪੀਕਰਣ ਦੀ ਸ਼ਮਤਾ ਹੈ ।ਇਸ ਦਾ ਅਰਥ ਇਹ ਕਿ ਦੁਨੀਆਂ ਦੇ ਇਕ-
ਧਰੁਵੀ ਹੋਂਣ ਉਪਰੰਤ ਦੁਨੀਆਂ ਦੀਆਂ ਸੰਸਕ੍ਰਿਤਕ/ਸਭਿਆਚਾਰਕ ਭਿੰਨਤਾਵਾਂ ਇਕ ਅਜਿਹੇ
ਵੱਡੇ ਢਾਂਚੇ ਵਿੱਚ ਸਮਾਹਿਤ ਹੋ ਰਹੀਆਂ ਹਨ ਜਿਹੜਾ ਅਮਰੀਕੀ ਅਤੇ ਪਛਮੀ ਸ਼ਕਤੀਆਂ ਦੀ
ਵਿਸ਼ਵ-ਦ੍ਰਿਸ਼ਟੀ ਰਾਹੀਂ ਨਿਯਮਤ ਹੋ ਰਿਹਾ ਹੈ ।ਪੰਜਾਬੀ ਭਾਸ਼ਾ ਅਤੇ ਅਜਿਹੀਆਂ ਹੋਰ
ਅਲਪ-ਸੰਖਿਅਕ ਖੇਤਰੀ ਭਾਸ਼ਾਵਾਂ ਦੇ ਦੁਨੀਆਂ ਦੇ ਨਕਸ਼ੇ ਤੋਂ ਮਿਟ ਜਾਣ ਦੇ ਡਰ ਨੂੰ ਵੀ ਇਸ
ਪ੍ਰਸੰਗ ਵਿੱਚ ਹੀ ਸਮਝਿਆ ਜਾ ਸਕਦਾ ਹੈ ਭਾਵੇਂ ਕਿ ਅਜਿਹੀਆਂ ਕੌਮੀ/ਖੇਤਰੀ ਭਾਸ਼ਾਵਾਂ
ਪ੍ਰਤੀ ਰਾਸ਼ਟਰੀ ਸਰਕਾਰਾਂ ਦੀ ਨੀਤੀ ਦੇ ਦਖਲ ਦੀ ਵੀ ਚੋਖੀ ਸੰਭਾਵਨਾ ਹੈ ।
ਉਪਰੋਕਤ ਨੀਤੀਆਂ ਦੇ ਭਾਰਤੀ ਹਮਾਇਤੀ, ਸਾਹਿਤ ਵਿੱਚ ਉਤਰਆਧੁਨਿਕਤਾ ਜਾਂ
ਅਤਿਉਤਰਧਾਨਿਕਤਾ ਦ੍ਰਿਸ਼ਟੀ ਰਾਹੀਂ ਐਲਾਨ ਕਰ ਰਹੇ ਹਨ ਕਿ ਮਾਰਕਸਵਾਦ ਖ਼ਤਮ ਹੋ ਗਿਆ ਹੈ
ਅਤੇ ਮਾਨਵ ਮੁਕਤੀ ਲਈ ਰਾਜਸੀ ਅੰਦੋਲਨ ਮਾਨਵੀ ਇਤਿਹਾਸ ਵਿੱਚੋਂ ਖਾਰਜ ਹੋ ਗਿਆ ਹੈ।ਉਹ
ਵਿਦੇਸ਼ੀ ਬਹੁ-ਰਾਸ਼ਟਰੀ ਨਿਗਮਾਂ ਦੇ ਪੂੰਜੀ ਨਿਵੇਸ਼ ਰਾਹੀਂ ਦੇਸ਼ ਦੀ ਖੁਸ਼ਹਾਲੀ,ਹਰੇਕ
ਸਮੱਸਿਆ ਦਾ ਹੱਲ ਅਤੇ ਕੌਮ ਦੀ ਮੁਕਤੀ ਸਿਰਜ ਰਹੇ ਹਨ।ਉਹ ਇਹ ਤੱਥ ਸਮਝਣ ਵਿੱਚ ਟਪਲਾ ਖਾ
ਰਹੇ ਹਨ ਕਿ ਨਵ-ਉਦਾਰਵਾਦੀ ਅਤੇ ਨਿਜੀਕਰਣ ਦੀਆਂ ਨੀਤੀਆਂ ਨਾਲ ਮਨੁੱਖ ਦਾ ਵੀ ਨਿਜੀਕਰਣ
ਹੋ ਰਿਹਾ ਹੈ ।ਮਨੁੱਖ ਵੀ ਦਿਨੋ-ਦਿਨ ਲਾਲਚੀ, ਸਵਾਰਥੀ ਅਤੇ ਪੈਸੇ ਦਾ ਪੁੱਤ ਬਣ
ਰਿਹਾ/ਬਣ ਗਿਆ ਹੈ ।ਮਨੁੱਖ ਦਾ ਮਨੁੱਖ ਨਾਲ ਕੇਵਲ ਅਤੇ ਕੇਵਲ ਰਿਸ਼ਤਾ ਪੈਸੇ ਦਾ ਹੀ ਰਹਿ
ਗਿਆ ਹੈ ।ਬਾਕੀ ਸਮਾਜਕ ਅਤੇ ਨੈਤਿਕ ਰਿਸ਼ਤੇ ਖੀਣ ਹੋ ਗਏ ਹਨ ।ਸੁਤੰਤਰਤਾ ਉਪਰੰਤ ਉਤਪਨ
ਹੋਈ ਇਹ ਪ੍ਰਵਿਰਤੀ ਭਵਿੱਖ ਵਿੱਚ ਹੋਰ ਵੀ ਪ੍ਰਬਲ ਹੋਵੇਗੀ । ਉਪਭੋਗਵਾਦੀ ਸੱਭਿਆਚਾਰ
ਪੈਸੇ ਦੇ ਸੱਭਿਆਚਾਰ ਵਿੱਚ ਰੂਪਾਂਤਰਿਤ ਹੁੰਦਾ ਜਾਵੇਗਾ ।ਜੀਵਨ ਦੇ ਹਰੇਕ ਖੇਤਰ ਵਿੱਚ
ਪੈਸੇ ਦਾ ਹੀ ਬੋਲਬਾਲਾ ਹੋਵੇਗਾ ।ਸਾਹਿਤ ਵੀ ਇਸ ਵਾਤਾਵਰਣ ਵਿੱਚ ਅਣਭਿੱਜ ਨਹੀਂ ਰਹਿ
ਸਕਦਾ ।ਸੋ ਬ੍ਰਤਾਨਵੀ,ਪੰਜਾਬੀ ਭਾਸ਼ਾ ਦੇ ਉਹਨਾਂ ਲੇਖਕਾਂ ਦੇ ਵਿਵਹਾਰ, ਪ੍ਰਵਿਰਤੀਆਂ
ਅਤੇ ਮਾਨਸਿਕਤਾ ਨੂੰ ਉਪਰੋਕਤ ਸੰਦਰਭ ਵਿੱਚ ਹੀ ਸਮਝਿਆ ਜਾ ਸਕਦਾ ਹੈ ਜਿਹਨਾਂ ਮਿੱਤਰਾਂ
ਦਾ ਜ਼ਿਕਰ ”ਸੀਰਤ” ਦੇ ਸਤੰਬਰ ਅੰਕ ਦੇ ਸੰਪਾਦਕੀ ਵਿੱਚ ਕੀਤਾ ਗਿਆ ਸੀ ।
ਇਹ ਪ੍ਰਸੰਗ ਏਥੇ ਹੀ ਸਮਾਪਤ ਨਹੀਂ ਹੁੰਦਾ । ਇਸ ਤੋਂ ਅੱਗੇ ਪ੍ਰਗਤੀਸ਼ੀਲ ਲੇਖਕਾਂ ਦੇ
ਫਰਜ਼ ਪੂਰੇ ਕਰਨ ਦਾ ਅਤਿ-ਅਵਿੱਸ਼ਅਕ ਪ੍ਰਸੰਗ ਸ਼ੁਰੂ ਹੁੰਦਾ ਹੈ । ਇਹ ਕੇਵਲ
ਗੱਲਾਂ/ਗੋਸ਼ਟੀਆਂ ਰਾਹੀਂ, ਸਸਤੀ ਸ਼ੁਹਰਤ ਪ੍ਰਾਪਤ ਕਰਕੇ ਆਪਣੀ ਹਉਮੇਂ ਨੂੰ ਪੱਠੇ ਪਾਉਣ
ਨਾਲ ਨਹੀਂ, ਸਿਧਾਂਤ ਨੂੰ ਅਮਲ ਵਿੱਚ ਢਾਲ ਕੇ ਹੀ ਸੰਪੂਰਨ ਹੋਵੇਗਾ ਕਿਉਂਕਿ ਸਿਧਾਂਤ
ਬਿਨਾਂ ਅਮਲ ਅੰਨਾ ਅਤੇ ਅਮਲ ਬਿਨਾਂ ਸਿਧਾਂਤ ਬਾਂਝ ਹੁੰਦਾ ਹੈ ।
-0- |