ਜਦੋਂ ਮੇਰਾ
ਕਹਾਣੀ-ਸੰਗ੍ਰਹਿ ‘ਭੱਜੀਆਂ ਬਾਹੀਂ’ ਪ੍ਰਕਾਸ਼ਿਤ ਹੋਇਆ, ਮੇਰਾ ਬੇਟਾ ਸੁਪਨਦੀਪ ਉਦੋਂ ਦਸ ਕੁ
ਸਾਲ ਦਾ ਸੀ। ਉਹ ਮੇਰੇ ਨਾਲ ਉਸਤਰ੍ਹਾਂ ਹੀ ਜੁੜਿਆ-ਤੁਰਿਆ ਰਹਿੰਦਾ, ਜਿਵੇਂ ਮੈਂ ਹਰ ਵੇਲੇ
ਆਪਣੇ ਪਿਤਾ ਦੀ ਉਂਗਲੀ ਫੜ੍ਹੀ ਤੁਰਿਆ-ਫਿਰਦਾ ਹੁੰਦਾ ਸਾਂ। ਸਾਹਿਤਕ-ਸਮਾਗ਼ਮਾਂ ‘ਤੇ ਮੇਰੇ
ਨਾਲ ਜਾਂਦਾ। ਫਿਰ ਉਹਨਾਂ ਸਮਾਗ਼ਮਾਂ ਦੀਆਂ ਰੀਪੋਰਟਾਂ ਅਖ਼ਬਾਰਾਂ ਵਿੱਚ ਛਪੀਆਂ ਵੇਖਦਾ।
ਅਖਬਾਰਾਂ ਵਿੱਚ ‘ਬੱਚਿਆਂ ਵਾਸਤੇ’ ਲਿਖੇ ਕਾਲਮ ਤਾਂ ਧਿਆਨ ਨਾਲ ਪੜ੍ਹਦਾ ਹੀ ਸਗੋਂ ਸਾਰੀ
ਅਖ਼ਬਾਰ ਵਿਚੋਂ ਅਤੇ ਘਰ ਆਉਂਦੇ ਮੈਗ਼ਜ਼ੀਨਾਂ ਵਿਚੋਂ ਉਹਨਾਂ ਲੇਖਕਾਂ ਦੀ ਛਪੀ ਕੋਈ ਰਚਨਾ ਵੀ
ਪੜ੍ਹਨ ਬੈਠ ਜਾਂਦਾ ਜਿਨ੍ਹਾਂ ਨੂੰ ਘਰ ਆਇਆਂ ਨੂੰ ਜਾਂ ਕਿਸੇ ਸਾਹਿਤਕ ਸਮਾਗ਼ਮ ‘ਤੇ ਮਿਲ-ਵੇਖ
ਚੁੱਕਾ ਹੁੰਦਾ। ਸ਼ਾਇਦ ਮੇਰਾ ਲੇਖਕ ਹੋਣਾ ਉਹਨੂੰ ਅੰਦਰੇ-ਅੰਦਰ ਚੰਗਾ ਲੱਗਦਾ ਹੋਵੇ! ਉਸਨੇ ਵੀ
ਆਪਣੀ ਨਿੱਕੀ ਜਿਹੀ ਕਾਪੀ ਲਾਈ ਹੋਈ ਸੀ ਜਿਸ ‘ਤੇ ਉਹ ਮਨੋ-ਜੋੜੀਆਂ ਨਿੱਕੀਆਂ ਨਿੱਕੀਆਂ
ਕਵਿਤਾਵਾਂ ਲਿਖਦਾ। ਪਰ ਉਹ ਤਾਂ ‘ਪਿਓ ਦੇ ਮੁਕਾਬਲੇ ਦਾ ਲੇਖਕ’ ਬਣਨਾ ਚਾਹੁੰਦਾ ਸੀ। ਉਸਨੇ
ਸੋਚਿਆ ਇਸ ਲਈ ਸ਼ਾਇਦ ‘ਕਹਾਣੀ ਲਿਖਣਾ’ ਜ਼ਰੂਰੀ ਹੁੰਦਾ ਹੋਵੇ!
ਉਸਨੇ ਇੱਕ ਕਹਾਣੀ ਲਿਖੀ ਤੇ ਸਾਡੇ ਤੋਂ ਚੋਰੀ ਸਿੱਧੀ ‘ਪੰਜਾਬੀ ਟ੍ਰਿਬਿਊਨ’ ਦੇ ਸੰਪਾਦਕ
ਹਰਭਜਨ ਹਲਵਾਰਵੀ ਨੂੰ ਭੇਜ ਦਿੱਤੀ। ਉਸਨੂੰ ਵਿਸ਼ਵਾਸ਼ ਸੀ ਕਿ ਉਸਦੀ ਕਹਾਣੀ ‘ਛਪਣ-ਯੋਗ’ ਹੀ
ਹੋਵੇਗੀ। ਨਾਲੇ ਹਰਭਜਨ ਹਲਵਾਰਵੀ ਉਸਦਾ ‘ਅੰਕਲ’ ਹੈ; ਭਲਾ ਛਾਪੇਗਾ ਕਿਵੇਂ ਨਹੀਂ! ਕਹਾਣੀ ਵੀ
ਬੱਚਿਆਂ ਵਾਲੀ ਨਹੀਂ ਸੀ ਸਗੋਂ ਉਸ ਵੇਲੇ ਦੇ ਪੰਜਾਬ ਸੰਕਟ ਨਾਲ ਸੰਬੰਧਿਤ ਸੀ। ਉਹ ‘ਬਾਲ
ਲੇਖਕ’ ਨਹੀਂ ਸੀ ਬਣਨਾ ਚਾਹੁੰਦਾ, ਸਗੋਂ ਦਸਾਂ ਸਾਲਾਂ ਦੀ ਛੋਟੀ ਜਿਹੀ ਉਮਰ ਵਿੱਚ ‘ਗੰਭੀਰ
ਲੇਖਕ’ ਬਣਨ ਦੀ ਇੱਛਾ ਰੱਖਦਾ ਸੀ। ਪੁੱਛਣ ਵਾਲੇ ਨੂੰ ਵੀ ਆਪਣੀ ਉਮਰ ਸਦਾ ਦੋ ਸਾਲ ਵਧਾ ਕੇ
ਦੱਸਦਾ। ਮੇਰੀ ਕਹਾਣੀ ‘ਭੱਜੀਆਂ ਬਾਹੀਂ’ ਵੀ ਪੰਜਾਬ ਸੰਕਟ ਨਾਲ ਹੀ ਤਾਂ ਸੰਬੰਧਿਤ ਸੀ ਜਿਸਦੇ
ਪਾਤਰ ਵੀ ਸਾਡੇ ਆਂਢ-ਗਵਾਂਢ ਵਿੱਚ ਸਨ ਤੇ ਸੁਪਨ ਦੇ ਵੇਖੇ-ਸੁਣੇ ਹੋਏ ਸਨ। ਉਸਨੇ ਵੀ ਪਿੰਡ
ਵਿੱਚ ਵਾਪਰ ਰਹੀਆਂ ਤੇ ਆਪਣੀ ਜਾਣਕਾਰੀ ਵਿੱਚ ਆਈਆਂ ਘਟਨਾਵਾਂ ਨੂੰ ਆਧਾਰ ਬਣਾ ਕੇ ਆਪਣੀ
ਕਹਾਣੀ ਲਿਖੀ। ਸਾਨੂੰ ਤਾਂ ਇਸ ਗੱਲ ਦਾ ਪਤਾ ਉਦੋਂ ਲੱਗਾ ਜਦੋਂ ਕੁੱਝ ਦਿਨਾਂ ਬਾਅਦ ਹਲਵਾਰਵੀ
ਦੀ ਚਿੱਠੀ ਆਈ।
ਚਿੱਠੀ ਸੁਪਨਦੀਪ ਦੇ ਨਾਂ ਸੀ ਤੇ ਹਲਵਾਰਵੀ ਨੇ ਕੁੱਝ ਇਸਤਰ੍ਹਾਂ ਲਿਖਿਆ ਸੀ, ‘ਸੁਪਨ ਮੈਨੂੰ
ਬੜੀ ਹੀ ਖ਼ੁਸ਼ੀ ਹੋਈ ਕਿ ਤੂੰ ਬੜੇ ਹੀ ਗੰਭੀਰ ਮਸਲੇ ‘ਤੇ ਏਨੀ ਛੋਟੀ ਉਮਰ ਵਿੱਚ ਕਹਾਣੀ ਲਿਖੀ
ਹੈ। ਇਸ ਉਮਰ ਵਿੱਚ ਮੈਂ ਤੇ ਤੇਰਾ ਪਿਓ ਤਾਂ ਅਜੇ ਚੰਗੀ ਤਰ੍ਹਾਂ ਨੱਕ ਪੂੰਝਣਾ ਵੀ ਨਹੀਂ ਸਾਂ
ਸਿੱਖੇ! ਤੈਨੂੰ ਇਸਦੀ ਬਹੁਤ ਸਾਰੀ ਸ਼ਬਾਸ਼! ਪਰ ਅਜੇ ਤੂੰ ਬਹੁਤ ਛੋਟਾ ਏਂ ਤੇ ਤੈਨੂੰ
ਇਹੋ-ਜਿਹੀਆਂ ਕਹਾਣੀਆਂ ਲਿਖਣ ਲਈ ਅਜੇ ਕੁੱਝ ਹੋਰ ਵੱਡਾ ਹੋਣ ਤੇ ਹੋਰ ਬਹੁਤ ਜ਼ਿਆਦਾ ਪੜ੍ਹਨ
ਦੀ ਲੋੜ ਹੈ। ਮੈਂ ਅਗਲੇ ਮਹੀਨੇ ਪਿੰਡ ਆਵਾਂਗਾ ਤੇ ਮਿਲ ਕੇ ਤੈਨੂੰ ਸ਼ਾਬਾਸ਼ ਦਿਆਂਗਾ।’
‘ਵੱਡਾ ਲੇਖਕ’ ਹੀ ਨਹੀਂ ਸਗੋਂ ‘ਵੱਡਾ ਸੰਪਾਦਕ’ ਬਣਨ ਦੀ ਰੀਝ ਵੀ ਉਸ ਅੰਦਰ ਕਰਵਟ ਲੈ ਰਹੀ
ਸੀ। ਉਸਦੇ ਜਾਣ-ਪਛਾਣ ਵਾਲੇ ਅੰਕਲਾਂ ਵਿਚੋਂ ਰਘਬੀਰ ਸਿੰਘ ‘ਸਿਰਜਣਾ’ ਦਾ ਤੇ ਹਰਭਜਨ
ਹਲਵਾਰਵੀ ‘ਪੰਜਾਬੀ ਟ੍ਰਿਬਿਊਨ’ ਦਾ ਸੰਪਾਦਕ ਹੋ ਸਕਦਾ ਸੀ ਤਾਂ ਉਹ ਭਲਾ ਕਿਸੇ ਮੈਗ਼ਜ਼ੀਨ ਦਾ
ਸੰਪਾਦਕ ਕਿਉਂ ਨਹੀਂ ਬਣ ਸਕਦਾ! ਉਸਨੇ ਇਹਨਾਂ ਦਿਨਾਂ ਵਿੱਚ ਹੀ ਇੱਕ ਵੱਡੇ ਰਜਿਸਟਰ ਨੂੰ
ਆਪਣਾ ‘ਮੈਗ਼ਜ਼ੀਨ’ ਬਣਾ ਲਿਆ ਤੇ ਇਸਦੇ ਪਹਿਲੇ ਸਫ਼ੇ ‘ਤੇ ਸੰਪਾਦਕ ਵਜੋਂ ਆਪਣਾ ਨਾਂ ਲਿਖਿਆ
ਹੋਇਆ ਸੀ। ਵਿਚਕਾਰ ਅਖ਼ਬਾਰਾਂ ਵਿਚੋਂ ਕੱਟ ਕੇ ਉਹ ਫੋਟੋ ਲਾਈਆਂ ਹੋਈਆਂ ਸਨ ਜਿਨ੍ਹਾਂ ਵਿੱਚ
ਮੇਰੀ ਫੋਟੋ ਵੀ ਹੁੰਦੀ ਸੀ। ਹੇਠਾਂ ਆਪਣੇ ਵੱਲੋਂ ਟਿੱਪਣੀਆਂ ਕੀਤੀਆਂ ਹੁੰਦੀਆਂ ਸਨ। ਵਿੱਚ
ਵਿਚ ਆਪਣੀਆਂ ਕਵਿਤਾਵਾਂ ਵੀ ‘ਛਾਪੀਆਂ’ ਹੋਈਆਂ ਸਨ। ਉਹ ਲਿਖਣ ਵਾਲਾ ਤੇ ‘ਸੰਪਾਦਕੀ ਕਾਰਜ’
ਸਾਡੇ ਤੋਂ ਸਦਾ ਚੋਰੀ ਕਰਦਾ ਸੀ ਤੇ ਆਪਣੇ ‘ਮੈਗ਼ਜ਼ੀਨ’ ਨੂੰ ਵੱਖਰੇ ਥਾਂ ‘ਲੁਕਾ ਕੇ’ ਰੱਖਦਾ
ਸੀ।
ਮਹੀਨੇ ਕੁ ਬਾਅਦ ਹਲਵਾਰਵੀ ਆਇਆ। ਉਹ ਸੁਪਨ ਦੀ ਕਹਾਣੀ ਵੀ ਨਾਲ ਲੈ ਕੇ ਆਇਆ। ਬੜੀ ਸ਼ਬਾਸ਼ ਵੀ
ਦਿੱਤੀ। ਪਰ ਸੁਪਨ ਘੁੱਟਿਆ-ਵੱਟਿਆ ਹੀ ਰਿਹਾ। ਹਫ਼ਤੇ ਕੁ ਬਾਅਦ ਮੈਂ ਜੁਗਿਆਸਾ ਵੱਸ ਉਸਦਾ
ਲੁਕਾ ਕੇ ਰੱਖਿਆ ਹੋਇਆ ‘ਮੈਗ਼ਜ਼ੀਨ’ ਕੱਢਕੇ ਪੜ੍ਹਨ ਲੱਗਾ। ਉਸਨੇ ਬੜੀ ਹੀ ਦਿਲਚਸਪ
‘ਸੰਪਾਦਕੀ-ਟਿੱਪਣੀ’ ਲਿਖੀ ਹੋਈ ਸੀ:
‘ਇਹ ਹਰਭਜਨ ਹਲਵਾਰਵੀ ਵੀ ਜਦੋਂ ਤੋਂ ‘ਪੰਜਾਬੀ ਟ੍ਰਿਬਿਊਨ’ ਦਾ ਸੰਪਾਦਕ ਬਣ ਗਿਆ ਹੈ ਉਦੋਂ
ਦਾ ਪਤਾ ਨਹੀਂ ਆਪਣੇ ਆਪ ਨੂੰ ਕੀ ਸਮਝਣ ਲੱਗ ਪਿਆ ਹੈ! ਮੈਨੂੰ ਕਹਿੰਦਾ ਹੈ ਕਿ ‘ਤੇਰੀ ਕਹਾਣੀ
ਅਜੇ ਛਪਣ-ਯੋਗ ਨਹੀਂ ਕਿਉਂਕਿ ਤੂੰ ਅਜੇ ਬੱਚਾ ਏਂ।’ ਜੇ ਭਲਾ ਵਰਿਆਮ ਸਿੰਘ ਸੰਧੂ ਦੀ ਕਹਾਣੀ
‘ਭੱਜੀਆਂ ਬਾਹੀਂ’ ਛਪ ਸਕਦੀ ਹੈ ਤਾਂ ਮੇਰੀ ਕਿਉਂ ਨਹੀਂ ਛਪ ਸਕਦੀ! ਉਂਜ ਵੇਖਿਆ ਜਾਏ ਤਾਂ
‘ਭੱਜੀਆਂ ਬਾਹੀਂ’ ਵਿੱਚ ਵੀ ਕਿਹੜੀ ਏਡੀ ਵੱਡੀ ਗੱਲ ਹੈ! ਸਾਡੇ ਪਿੰਡ ਵਿੱਚ ਤੇ ਸਾਡੇ ਗਵਾਂਢ
ਵਿੱਚ ਮੰਗੇ ਨੂੰ ਮਾਰ ਕੇ ਅੱਤਵਾਦੀ ਭੱਜ ਗਏ। ਵਰਿਆਮ ਸੰਧੂ ਨੇ ਉਸ ਬਾਰੇ ਕਹਾਣੀ ਲਿਖ ਦਿੱਤੀ
ਹੈ ਤਾਂ ਉਹਦੇ ਬਾਰੇ ਲੇਖ ਛਪ ਰਹੇ ਹਨ ਤੇ ਮੇਰੀ ਕਹਾਣੀ ਛਪਣਯੋਗ ਵੀ ਨਹੀਂ ਸਮਝੀ ਗਈ! ਮੈਂ
ਵੀ ਤਾਂ ਪਿੰਡ ਬਾਰੇ ਤੇ ਅੱਤਵਾਦ ਬਾਰੇ ਹੀ ਕਹਾਣੀ ਲਿਖੀ ਹੈ।’
ਅਸੀਂ ਦੋਵਾਂ ਜੀਆਂ ਨੇ ਉਸਦੀ ਟਿੱਪਣੀ ਪੜ੍ਹਨ ਤੋਂ ਬਾਅਦ ਉਸਨੂੰ ਹੌਸਲਾ ਦਿੱਤਾ ਕਿ ਕੋਈ
ਨਹੀਂ ਉਸਦੀਆਂ ਵੀ ਕਹਾਣੀਆਂ ਕਿਸੇ ਦਿਨ ਜ਼ਰੂਰ ਛਪਣਗੀਆਂ! ਉਸਨੂੰ ਹੈਰਾਨੀ ਤੇ ਰੋਸ ਹੋਇਆ ਕਿ
ਅਸੀਂ ਉਸਦਾ ਲੁਕਾ ਕੇ ਰੱਖਿਆ ਮੈਗ਼ਜ਼ੀਨ ਕਿਉਂ ਪੜ੍ਹ ਲਿਆ ਸੀ! ਗੁੱਸੇ ਵਿੱਚ ਆ ਕੇ ਉਸਨੇ ਉਹ
ਰਜਿਸਟਰ ਹੀ ਪਾੜ ਸੁੱਟਿਆ। ਇਸ ਨਾਲ ਉਸਦੀ ‘ਸੰਪਾਦਨਾ’ ਦਾ ਹੀ ਭੋਗ ਨਾ ਪਿਆ ਸਗੋਂ ਉਸਨੇ
ਅੱਗੇ ਤੋਂ ਕੁੱਝ ਵੀ ਨਾ ਲਿਖਣ ਦਾ ਪ੍ਰਣ ਕਰ ਲਿਆ। ਲੇਖਕ ਬਣਨ ਦਾ ਉਸਦਾ ਸ਼ੌਕ ਮੇਰੇ ਵੱਲੋਂ
ਸਮੇਂ ਸਿਰ ਲੋੜੀਂਦੀ ਪ੍ਰੇਰਨਾ ਤੇ ਉਤਸ਼ਾਹ ਨਾ ਮਿਲ ਸਕਣ ਕਰਕੇ ਅਸਲੋਂ ਖ਼ਤਮ ਹੋ ਗਿਆ। ਫੇਰ ਕਈ
ਸਾਲ ਉਸਨੇ ਕੁੱਝ ਵੀ ਨਾ ਲਿਖਿਆ। ਉਹ ਤਾਂ ਸਗੋਂ ਲੇਖਕਾਂ ਦਾ ਮਖ਼ੌਲ ਉਡਾਉਣ ਲੱਗਾ।
ਉਸਦੇ ਲਿਖਣ-ਸ਼ੌਕ ਨੂੰ ਖ਼ਤਮ ਕਰਨ ਵਿੱਚ ਰੋਲ ਨਿਭਾਉਣ ਵਾਲਾ ਹਰਭਜਨ ਹਲਵਾਰਵੀ ਹੀ ਉਸਨੂੰ ਮੁੜ
ਲਿਖਣ ਵੱਲ ਪਰਤਾਉਣ ਦਾ ਕਾਰਨ ਬਣਿਆਂ। ਉਹ ਉਹਨੀਂ ਦਿਨੀਂ ‘ਪੰਜਾਬੀ ਟ੍ਰਿਬਿਊਨ’ ‘ਚੋਂ ਵਿਹਲਾ
ਹੋ ਕੇ ਜਲੰਧਰ ਵਿੱਚ ‘ਅੱਜ ਦੀ ਆਵਾਜ਼’ ਦਾ ਸੰਪਾਦਕ ਬਣ ਕੇ ਆ ਗਿਆ ਸੀ। ਜਿਨ੍ਹਾਂ ਚਿਰ ਉਸਦੇ
ਦਫ਼ਤਰ ਨੇੜੇ ਰਿਹਾਇਸ਼ ਦਾ ਪ੍ਰਬੰਧ ਨਾ ਹੋ ਗਿਆ, ਉਹ ਤਿੰਨ ਕੁ ਮਹੀਨੇ ਸਾਡੇ ਘਰ ਹੀ ਰਿਹਾ।
ਆਪਣੇ ਮੋਟਰ ਸਾਈਕਲ ‘ਤੇ ਸੁਪਨਦੀਪ ਉਸਨੂੰ ਸਵੇਰੇ ਦਫ਼ਤਰ ਲੈ ਜਾਂਦਾ ਤੇ ਸ਼ਾਮ ਨੂੰ ਵਾਪਸ ਲੈ
ਆਉਂਦਾ। ਉਸ ਨਾਲ ਆਪਣੇ ਭਵਿੱਖ ਦੇ ਸੁਪਨੇ ਸਾਂਝੇ ਵੀ ਕਰਦਾ ਤੇ ਜਵਾਨੀ ਨਾਲ ਜੁੜੇ ਮਸਲਿਆਂ
ਬਾਰੇ ਉਸਦੀ ਰਾਇ ਵੀ ਲੈਂਦਾ। ਹਲਵਾਰਵੀ ਵੀ ਉਸ ਨਾਲ ਉਹਦੇ ਹਾਣ ਦਾ ਬਣਕੇ ਗੱਪਾਂ ਮਾਰਦਾ।
ਸੁਪਨ ਉਸਨੂੰ ਆਪਣਾ ‘ਯਾਰ ਅੰਕਲ’ ਆਖਦਾ। ਰਾਤ ਨੂੰ ਘਰ ਬੈਠੇ ਜਦੋਂ ਗੱਲਾਂ-ਬਾਤਾਂ ਹੋ ਰਹੀਆਂ
ਹੁੰਦੀਆਂ ਤਾਂ ਸੁਪਨਦੀਪ ਸਾਨੂੰ ਪਿਛਲੇ ਮਹੀਨਿਆਂ ਵਿੱਚ ਕੀਤੀ ਆਪਣੀ ਇੰਗਲੈਂਡ ਯਾਤਰਾ ਦੇ
ਅਨੁਭਵ ਬੜੇ ਮਸਾਲੇ ਲੈ ਲੈ ਕੇ ਸੁਣਾਉਂਦਾ। ਉਸ ਕੋਲ ਗੱਲ ਸੁਨਾਉਣ ਦਾ ਪ੍ਰਭਾਵਸ਼ਾਲੀ ਹੁਨਰ
ਹੈ।
ਹਲਵਾਰਵੀ ਨੇ ਉਸਨੂੰ ਪੇਸ਼ਕਸ਼ ਕੀਤੀ ਕਿ ਜੇ ਉਹ ਆਪਣੇ ਇੰਗਲੈਂਡ ਵਿੱਚ ਬਿਤਾਏ ਦਿਨਾਂ ਦਾ ਹਾਲ
ਲਿਖ ਕੇ ਦੇਵੇ ਤਾਂ ਉਹ ਆਪਣੀ ਅਖ਼ਬਾਰ ਵਿੱਚ ਉਸਨੂੰ ਕਿਸ਼ਤਵਾਰ ਛਾਪੇਗਾ। ਸੁਪਨ ਨੇ ਸ਼ਰਤ ਰੱਖੀ
ਕਿ ਜੇ ਨਾਲ ਤਸਵੀਰਾਂ ਛਾਪੀਆਂ ਜਾਣਗੀਆਂ ਤਾਂ ਹੀ ਉਹ ਇਹ ਹਾਲ ਲਿਖੇਗਾ। ਹਲਵਾਰਵੀ ਨੇ ਅਗਲੀ
ਸ਼ਰਤ ਰੱਖ ਦਿੱਤੀ ਕਿ ਉਹ ਉਸਨੂੰ ਛਾਪਣਾ ਤਦ ਹੀ ਸ਼ੁਰੂ ਕਰੇਗਾ ਜੇ ਉਹ ਘੱਟੋ-ਘੱਟ ਛੇ ਕਿਸ਼ਤਾਂ
ਪਹਿਲਾਂ ਲਿਖ ਕੇ ਸੌਂਪ ਦੇਵੇ। ਉਸਦਾ ਕੀ ਇਤਬਾਰ ਕਿ ਇੱਕ ਕਿਸ਼ਤ ਲਿਖ ਕੇ ਅੱਗੋਂ ਲਿਖੇ ਹੀ
ਨਾ! ਛੇ ਕਿਸ਼ਤਾਂ ਲਿਖੀਆਂ ਹੋਣਗੀਆਂ ਤਾਂ ਬਾਕੀ ਦੀਆਂ ਕਿਸ਼ਤਾਂ ਲਿਖਣਾ ਸ਼ਾਇਦ ਉਹ ਅਧਵਾਟੇ
ਨਹੀਂ ਛੱਡੇਗਾ!
ਸੁਪਨਦੀਪ ਨੇ ਛੇ ਕਿਸ਼ਤਾਂ ਲਿਖ ਕੇ ਉਸਦੇ ਹੱਥ। ਉਸਦਾ ਸਫ਼ਰਨਾਮਾ ‘ਜਾਣੇ ਅਣਜਾਣੇ ਸਫ਼ਰ’ ‘ਅੱਜ
ਦੀ ਆਵਾਜ਼ ਵਿੱਚ ਛਪਣ ਲੱਗਾ। ਉਸਦੀ ਪਰਸੰਸਾ ਹੋਣ ਲੱਗੀ। ਪਰਸੰਸਾ ਨੇ ਸੁਪਨ ਕੋਲੋਂ ਪੂਰਾ
ਸਫ਼ਰਨਾਮਾ ਲਿਖਵਾ ਦਿੱਤਾ। ਫਿਰ ਇਸਨੂੰ ਪੁਸਤਕ ਰੂਪ ਵਿੱਚ ‘ਕੁਕਨਸ ਪ੍ਰਕਾਸ਼ਨ ਜਲੰਧਰ’ ਨੇ
ਪ੍ਰਕਾਸ਼ਿਤ ਕੀਤਾ। ਸੁਪਨਦੀਪ ਨੇ ਜਿਵੇਂ ਆਪਣੇ ਅਨੁਭਵ ਵਿਚੋਂ ਨੌਜਵਾਨਾਂ ਦੀ ਅਕਾਂਖਿਆਵਾਂ ਤੇ
ਸੁਪਨਿਆਂ ਨੂੰ ਜ਼ਬਾਨ ਦਿੱਤੀ ਤੇ ਜਿਵੇਂ ‘ਕਬੂਰਤਰਬਾਜ਼ੀ’ ਦੀਆਂ ਅੰਦਰਲੀਆਂ ਗੱਲਾਂ ਨੂੰ ਆਪਣੀ
ਸਾਦਾ ਬਿਆਨੀ ਰਾਹੀਂ ਖੋਲ੍ਹਿਆ, ਉਸਦੀ ਸਾਹਿਤਕ ਜਗਤ ਵਿੱਚ ਚੰਗੀ ਚਰਚਾ ਹੋਈ। ਮੇਰੇ ਕੁੱਝ
ਸਾਹਿਤਕ-ਮਿੱਤਰਾਂ ਨੇ ਤਾਂ ਇਹ ਵੀ ਕਿਹਾ ਕਿ ਮੇਰੇ ਸਫ਼ਰਨਾਮੇ ਨਾਲੋਂ ਸੁਪਨਦੀਪ ਦਾ ਸਫ਼ਰਨਾਮਾ
‘ਵਧੀਆ’ ਹੈ। ਮੈਨੂੰ ਮੰਨਣ ਵਿੱਚ ਇਤਰਾਜ਼ ਨਹੀਂ ਸੀ। ਉਸਦਾ ਵਧੀਆ ਹੋਣਾ ਵੀ ਮੇਰੇ ਖ਼ਾਤੇ ਵਿੱਚ
ਹੀ ਜਾਂਦਾ ਸੀ। ਸੁਪਨਦੀਪ ਵੀ ਤਾਂ ਮੇਰੀ ਹੀ ‘ਸਿਰਜਣਾ’ ਸੀ।
ਫਿਰ ਹਾਲਾਤ ਦਾ ਧੱਕਿਆ ਸੁਪਨਦੀਪ ਕਨੇਡਾ ਜਾ ਪਹੁੰਚਿਆ। ਏਥੇ ਉਹ ਕਨੇਡਾ ਦੇ ਪੰਜਾਬੀ
ਅਖ਼ਬਾਰਾਂ ਵਿੱਚ ਛੋਟੇ ਛੋਟੇ ਆਰਟੀਕਲ ਲਿਖਣ ਲੱਗਾ। ਉਹਨਾਂ ਦੀ ਸਰਾਹਨਾ ਹੋਣ ਲੱਗੀ। ਜਲੰਧਰ
ਤੋਂ ਛਪਣ ਵਾਲੀ ਹਿੰਦੀ ਅਖ਼ਬਾਰ ‘ਦੈਨਿਕ ਭਾਸਕਰ’ ਲਈ ਸਾਲ ਭਰ ਉਹ ‘ਕਨੇਡਾ ਡਾਇਰੀ’ ਦਾ ਕਾਲਮ
ਲਿਖਦਾ ਰਿਹਾ। ਕਨੇਡਾ ਵਿੱਚ ਹੀ ਮੀਡੀਆ ਨਾਲ ਜੁੜੇ ਇੱਕ ਵਿਅਕਤੀ ਨੇ ਉਸਨੂੰ ‘ਸੰਪਾਦਕ’ ਵਜੋਂ
ਨਾਲ ਲੈ ਕੇ ਮੈਗ਼ਜ਼ੀਨ ਸ਼ੁਰੂ ਕਰਨ ਲਈ ਸੱਦਾ ਦਿੱਤਾ। ਪਰ ਮੈਗ਼ਜ਼ੀਨ ਸ਼ੁਰੂ ਕਰਨ ਤੋਂ ਹੀ ਪਹਿਲਾਂ
ਸੁਪਨ ਨੇ ਇਹ ਅਨੁਮਾਨ ਲਾ ਲਿਆ ਕਿ ਉਸ ਸੱਜਣ ਨਾਲ ਸ਼ਾਇਦ ਵਿਚਾਰਧਾਰਕ ਪੱਧਰ ‘ਤੇ ਉਸਦੀ ਮੀਚਾ
ਨਾ ਮਿਲ ਸਕੇ। ਉਸਨੇ ‘ਸੰਪਾਦਕ’ ਬਣਨਾ ਅਪ੍ਰਵਾਨ ਕਰ ਦਿੱਤਾ। ਪਰ ਕੁੱਝ ਚਿਰ ਬਾਅਦ ਆਪਣੇ
ਸਨੇਹੀ ਹਰਚਰਨ ਸਿੰਘ ਰਾਮੂਵਾਲੀਆ ਦੇ ਸਹਿਯੋਗ ਨਾਲ ਉਸਨੇ ਖ਼ੁਦ ਆਪਣੀ ਸੰਪਾਦਨਾ ਅਧੀਨ ਮਾਸਿਕ
ਪੱਤਰ ‘ਸੀਰਤ’ ਦੀ ਸ਼ੁਰੂਆਤ ਕਰ ਲਈ ਤੇ ਮੈਨੂੰ ਕਿਹਾ ਕਿ ਮੈਂ ਭਾਰਤ ਵਿੱਚ ਰਹਿੰਦੇ ਆਪਣੇ
ਸਾਹਿਤਕ-ਮਿੱਤਰਾਂ ਤੋਂ ਇਸ ਪਰਚੇ ਵਾਸਤੇ ਲਿਖਤੀ ਸਹਿਯੋਗ ਮੰਗਾਂ।
ਜੁਲਾਈ 2006 ਨੂੰ ਸ਼ੁਰੂ ਕੀਤੇ ‘ਸੀਰਤ’ ਨੇ ਕਨੇਡਾ ਅਤੇ ਭਾਰਤ ਵਿੱਚ ਛੇਤੀ ਹੀ ਆਪਣੀ ਵਿਸ਼ੇਸ਼
ਪਛਾਣ ਬਣਾ ਲਈ। ਸੁਪਨਦੀਪ ਨੇ ਇਸਨੂੰ ‘ਔਨ-ਲਾਈਨ’ ਵੀ ਚਾਲੂ ਕਰ ਦਿੱਤਾ ਤੇ ਦੁਨੀਆਂ ਦੇ ਕੋਨੇ
ਕੋਨੇ ਵਿੱਚ ਵੱਸੇ ਪੰਜਾਬੀ ਇਸਨੂੰ ਕੰਪਿਊਟਰ ‘ਤੇ ਪੜ੍ਹਨ ਤੇ ਇਸਦੀ ਪਰਸੰਸਾ ਕਰਨ ਲੱਗੇ।
ਅਸੀਂ ਆਮ ਸਾਹਿਤਕ ਪਰਚਿਆਂ ਨਾਲੋਂ ਇਸਦੀ ਵੱਖਰੀ ਨੁਹਾਰ ਬਨਾਉਣਾ ਚਾਹੁੰਦੇ ਸਾਂ। ਆਮ ਸਾਹਿਤਕ
ਪਰਚਿਆਂ ਵਿੱਚ ਪਹਿਲਾਂ ਦਸ ਬਾਰਾਂ ਕਵਿਤਾਵਾਂ ਹੁੰਦੀਆਂ ਹਨ; ਫਿਰ ਦੋ ਤਿੰਨ ਕਹਾਣੀਆਂ, ਇੱਕ
ਅੱਧਾ ਆਲੋਚਨਾਮਕ ਲੇਖ, ਕਿਤਾਬਾਂ ਦੇ ਰੀਵੀਊ ਤੇ ਪਾਠਕਾਂ ਦੀਆਂ ਚਿੱਠੀਆਂ! ਪਰਚੇ ਨੂੰ ਆਮ
ਪਾਠਕਾਂ ਦੀ ਦਿਲਚਸਪੀ ਵਾਲਾ ਬਨਾਉਣ ਲਈ ਅਸੀਂ ਲੇਖਕਾਂ ਕੋਲੋਂ ਉਹਨਾਂ ਦੇ ਨਿੱਜੀ ਅਨੁਭਵ ਨਾਲ
ਜੁੜੇ ਸਾਹਿਤਕ, ਸਮਾਜੀ ਤੇ ਸਿਆਸੀ ਮਸਲਿਆਂ ਬਾਰੇ ਆਰਟੀਕਲ ਲਿਖਵਾਉਣੇ ਸ਼ੁਰੂ ਕੀਤੇ। ਭਾਵੇਂ
ਕਦੀ ਕਦੀ ਕਵਿਤਾ ਤੇ ਕਹਾਣੀ ਵੀ ਛਾਪ ਦਿੰਦੇ ਪਰ ਮੁਖ ਤੌਰ ‘ਤੇ ਪਰਚਾ ਵਾਰਤਕ ਨੂੰ ਸਮਰਪਿਤ
ਕਰ ਦਿੱਤਾ। ਪਿਛਲੇ ਦੋ-ਢਾਈ ਸਾਲਾਂ ਵਿੱਚ ‘ਸੀਰਤ’ ਛਪੀਆਂ ਲਿਖਤਾਂ ਵਿਚੋਂ ਅੱਜ-ਕੱਲ੍ਹ
ਦੇਸ਼-ਵਿਦੇਸ਼ ਵਿੱਚ ਲਿਖੀ ਵਾਰਤਕ ਦੇ ਬਿਹਤਰੀਨ ਨਮੂਨੇ ਵੇਖੇ ਜਾ ਸਕਦੇ ਹਨ।
ਇਸ ਵਿੱਚ ਦੇਸ਼-ਵਿਦੇਸ਼ ਵਿੱਚ ਵੱਸਦੇ ਨਾਮਵਰ ਲੇਖਕ ਤਾਂ ਛਪ ਹੀ ਰਹੇ ਹਨ ਸਗੋਂ ਦਿੱਖ ਤੇ
ਪੇਸ਼ਕਾਰੀ ਦੇ ਪੱਖੋਂ ਵੀ ‘ਸੀਰਤ’ ਅਸਲੋਂ ਨਿਵੇਕਲਾ ਹੈ। ਪਰਚਾ ਸੋਹਣੇ ਤੇ ਮਹਿੰਗੇ ਮੋਮੀ
ਕਾਗ਼ਜ਼ ‘ਤੇ ਛਪਦਾ। ਰੰਗਦਾਰ ਸਫ਼ਿਆਂ ਤੇ ਤਸਵੀਰਾਂ ਵਾਲਾ ਇਹ ਪੰਜਾਬੀ ਦਾ ਪਹਿਲਾ ਸਾਹਿਤਕ
ਮਾਸਿਕ-ਪੱਤਰ ਬਣ ਗਿਆ ਜਿਹੜਾ ਉੱਤਮ ਲੇਖਕਾਂ ਦੀਆਂ ਬਿਹਤਰੀਨ ਲਿਖਤਾਂ ਨਾਲ ਸ਼ਿੰਗਾਰਿਆ
ਹੁੰਦਾ। ਮੈਂ ‘ਸੀਰਤ’ ਦੇ ‘ਨਿਗ਼ਰਾਨ’ ਵਜੋਂ ਕੰਮ ਕਰਨ ਲੱਗਾ। ਇਸ ਵਿੱਚ ਛਪਣ ਵਾਲੀ ਹਰੇਕ
ਰਚਨਾ ਪਹਿਲਾਂ ਮੇਰੀ ਨਜ਼ਰ ਵਿਚੋਂ ਲੰਘਦੀ ਫਿਰ ਸੁਪਨ ਆਪਣੀ ‘ਸੰਪਾਦਕੀ’ ਨਜ਼ਰ ਵਿਚੋਂ ਰਚਨਾਵਾਂ
ਨੂੰ ਛਾਣਦਾ। ਕਈ ਵਾਰ ਕਿਸੇ ਰਚਨਾ ਨੂੰ ਛਾਪਣ ਜਾਂ ਨਾ ਛਾਪਣ ਨੂੰ ਲੈ ਕੇ ਸਾਡੀ ਪਿਓ-ਪੁੱਤਾਂ
ਦੀ ਝੜਪ ਵੀ ਹੋ ਜਾਂਦੀ ਹੈ ਪਰ ਆਖ਼ਰਕਾਰ ਪਰਚੇ ਦਾ ‘ਸੰਪਾਦਕ’ ਹੋਣ ਕਰਕੇ ਉਸਦਾ ਹੀ ਅੰਤਿਮ
ਫ਼ੈਸਲਾ ਮੰਨਣਾ ਪੈਂਦਾ ਹੈ। ਸੁਰਜੀਤ ਪਾਤਰ ਜਿਹਾ ਸਿਰਮੌਰ ਸ਼ਾਇਰ ਤਾਂ ਪਿਛਲੇ ਦੋ ਸਾਲ ਤੋਂ
ਲਗਾਤਾਰ ‘ਸੀਰਤ’ ਲਈ ਕਾਲਮ ਲਿਖ ਰਿਹਾ ਹੈ। ਇਸਤੋਂ ਇਲਾਵਾ, ਗੁਰਬਚਨ ਸਿੰਘ ਭੁੱਲਰ, ਅਜਮੇਰ
ਔਲਖ, ਕਿਰਪਾਲ ਕਜ਼ਾਕ, ਬਲਦੇਵ ਸੜਕਨਾਮਾ, ਪਿਆਰਾ ਸਿੰਘ ਭੋਗਲ, ਸਾਧੂ ਸਿੰਘ, ਅਮੀਨ ਮਲਿਕ,
ਹਰਨੇਕ ਸਿੰਘ ਘੜੂੰਆਂ, ਅਤਰਜੀਤ, ਬੂਟਾ ਸਿੰਘ ਚੌਹਾਨ, ਹਰਪ੍ਰੀਤ ਸੇਖਾ, ਇਕਬਾਲ ਰਾਮੂਵਾਲੀਆ,
ਬਲਵਿੰਦਰ ਗਰੇਵਾਲ, ਬਲਦੇਵ ਧਾਲੀਵਾਲ, ਸਵਰਨ ਚੰਦਨ, ਦੇਵਿੰਦਰ ਕੌਰ, ਸੰਤੋਖ ਧਾਲੀਵਾਲ, ਮੇਜਰ
ਮਾਂਗਟ, ਜਰਨੈਲ ਸਿੰਘ ਸੇਖਾ ਤੇ ਸੁਰਿੰਦਰ ਮੰਡ ਜਿਹੇ ਚਰਚਿਤ ਲੇਖਕ ਅਕਸਰ ਹੀ ‘ਸੀਰਤ’ ਵਾਸਤੇ
ਲਗ਼ਾਤਾਰ ਆਪਣੀਆਂ ਲਿਖਤਾਂ ਰਾਹੀਂ ਸਹਿਯੋਗ ਦਿੰਦੇ ਰਹਿੰਦੇ ਹਨ। ਇਹਨਾਂ ਦੀਆਂ ਸਮੇਂ ਸਮੇਂ
‘ਸੀਰਤ’ ਵਿੱਚ ਛਪਦੀਆਂ ਲਿਖਤਾਂ ਨੇ ‘ਸੀਰਤ’ ਦੀ ਪੈਂਠ ਇੰਟਰਨੈੱਟ ਦੇ ਮਾਧਿਅਮ ਰਾਹੀਂ ਕੁੱਲ
ਦੁਨੀਆਂ ਦੇ ਪੰਜਾਬੀ ਪਾਠਕਾਂ ਦੇ ਮਨਾਂ ਵਿੱਚ ਬਿਠਾ ਦਿੱਤੀ ਹੈ।
ਸੁਪਨਦੀਪ ਨਾਲ ਮਿਲ ਕੇ ਕਨੇਡਾ ਦੀ ਧਰਤੀ ‘ਤੇ ‘ਸੀਰਤ’ ਵਰਗਾ ਸਾਹਿਤਕ-ਸਭਿਆਚਾਰਕ ਮੈਗ਼ਜ਼ੀਨ
ਚਲਾਉਣਾ ਵੀ ਸਾਡੀ ਵਿਲੱਖਣ ਪਹਿਲ-ਕਦਮੀ ਹੈ। ਇਸਦੇ ਪ੍ਰਕਾਸ਼ਨ ਨਾਲ ਕਨੇਡਾ ਵਿੱਚ
ਸਾਹਿਤਕ-ਸਭਿਆਚਾਰਕ ਪੱਤਰਕਾਰੀ ਦੇ ਇਤਿਹਾਸ ਦਾ ਮਹੱਤਵਪੂਰਨ ਕਾਂਡ ਲਿਖਿਆ ਗਿਆ ਹੈ।
-0- |