( 1 )
ਸਾਹਮਣੇ ਬੈਠੇ ਨੇ, ਮੁਸਕਰਾਈ ਜਾਂਦੇ ਨੇ
ਸਾੜੀ ਜਾਂਦੇ ਨੇ,ਕਪਕਪਾਈ ਜਾਂਦੇ ਨੇ ।।
ਰੱਬ ਜਾਣੇ, ਉਹ ਸ਼ਾਮੀ ਕਰਨਗੇ ਕੀ ?
ਜੋ ਦੁਪਿਹਰੇ ਹੀ ,ਚੜ੍ਹਾਈ ਜਾਂਦੇ ਨੇ ।।
ਕੱਲ੍ਹ ਜਿਹਨਾਂ ਦੇ ਗਲ਼ :ਚ ਪਾਏ ਸੀ ਹਾਰ
ਬਿਨਾਂ ਧੌਣੋਂ , ਉਹ ਸਿਰ ਹਿਲਾਈ ਜਾਂਦੇ ਨੇ ।।
ਉਹ ਕੀ ਜਾਨਣ ,ਪੀੜਾਂ ਦੀ ਚੀਸ ਭਲਾ
ਜੋ ਹਵਾਵਾਂ :ਚ ਕਿਲ੍ਹੇ ਬਣਾਈ ਜਾਂਦੇ ਨੇ ।।
ਤੇਰੇ ਸ਼ਹਿਰ ਜੋ ਦਿਨ ਗੁਜ਼ਾਰੇ ਰਲ ਕੇ
ਉਹੀ ਦਿਲ ਦਾ ਹੁਜਰਾ ਸਜਾਈ ਜਾਂਦੇ ਨੇ ।।
ਕਦੇ ਮਿਲੀ ਨਾ ਰਾਂਝੇ ਨੂੰ ਹੀਰ ਸਿਆਲੀ
ਐਵੇਂ ਸ਼ਾਇਰ ਹੀ ਸਿਰ ਖਪਾਈ ਜਾਂਦੇ ਨੇ ।।
ਵਿਹਲੇ ਮਿਲੇ ,ਤਾਂ ਝੁੱਗੀਆਂ ਦਿਖਾ ਦੇਵੋ
ਜੋ ਤਰੱਕੀ ਦੇ ਕਿੱਸੇ ਸੁਣਾਈ ਜਾਂਦੇ ਨੇ ।।
ਰੋਸ਼ਨੀ ਖ਼ਾਤਰ ,ਤੇਰੇ ਹੁਣ ਸ਼ਹਿਰ ਦੇ ਲੋਕ
ਝੌਂਪੜੀਆਂ ਨੂੰ ਲਾਂਬੂ ਲਗਾਈ ਜਾਂਦੇ ਨੇ ।।
ਪਾੜ ਦਿੱਤੇ ਨੇ ,ਤੇਰੇ ਮੈਂ ਖ਼ਤ ”ਮੁਸ਼ਤਾਕ”
ਯਾਰ ਫੇਰ ਵੀ ਕਿੱਸੇ ਬਣਾਈ ਜਾਂਦੇ ਨੇ ।।
( 2 )
ਕੋਇਲ ਕੂ ਕੂ ਕਰਦੀ ਹੈ, ਤੇ ਰਾਗ ਸੁਣਾਂਦੀ ਹੈ
ਐਨੀ ਹੈ ਉਹ ਮਸਤ, ਕਿਤੇ ਨਾ ਘਰ ਬਣਾਂਦੀ ਹੈ ।।
ਸਾਰੀ ਰਾਤ ਜਿਓਂ ਟੁੱਟਦੇ ਨੇ ਤੇ ਰੁੜ੍ਹਦੇ ਨੇ ਤਾਰੇ
ਯਾਦ ਤੇਰੀ ਵੀ ਐਦਾਂ ਹੀ ਆਉਂਦੀ ਤੇ ਜਾਂਦੀ ਹੈ ।।
ਚੁੱਪ ਚਪੀਤੀ ਤੂੰ ਤਾਂ ਆਪਣੇ ਘਰ ਨੂੰ ਤੁਰਦੀ ਹੋਈ
ਕਾਲੀ ਸੜਕ ਤਾਂ ਮੇਰੇ ਪੈਰੀਂ ,ਅਜੇ ਤੁਰੀ ਜਾਂਦੀ ਹੈ ।।
ਕਦੋਂ ਤਾਈਂ ਇਹ ਬੇਰੁਖ਼ੀ ,ਬਰਦਾਸ਼ਾਤ ਕਰਨੀ ਹੈ ?
ਰੂਹ ਦੀ ਤਿਤਲੀ ਫੁੱਲਾਂ ਨੂੰ ਪੁੱਛਦੀ ਪੁਛਾਂਦੀ ਹੈ ।।
ਤੀਲ੍ਹੀ ਲੈ ਕੇ ਘਰ ਮੇਰਾ ਜੋ ਸਾੜਨ ਆਏ ਸੀ
ਤੱਕ ਕੇ ਬੂਹਾ ਮੁੜ ਗਏ ,ਜਾਂ ਜ਼ਮੀਰ ਸ਼ਰਮਾਂਦੀ ਹੈ ।।
ਉਸ ਚਿੱਠੀ ਦੀ ਲੰਮੀ ਇਕ ਕਹਾਣੀ ਬਣ ਗਈ ਹੈੇ
ਜੋ ਤੁਸਾਂ ਨਾ ਲਿਖੀ, ਨਾ ਕਬੂਤਰੀ ਲਿਆਂਦੀ ਹੈ ।।
ਜੇ ਆਉਣਾ ਤਾਂ ਆ ਜਾਇਓ, ਸ਼ਾਮ ਢਲੀ ਯਾਰੋ !
ਦਿਨੇ ਤਾਂ ਚੰਚਲ ਤਨਹਾਈ ਮਹਿਫ਼ਲ ਸਜਾਂਦੀ ਹੈ ।
ਬੁੜ ਬੁੜ ਕਰਦੇ ਉਹ ਵੀ ਆਪਣੇ ਘਰ ਨੂੰ ਮੁੜ ਗਏ
”ਓਏ ! ਤੇਰੇ ਘਰ ਉਦਾਸੀ, ਵੱਢ ਵੱਢ ਖਾਂਦੀ ਹੈ” ।।
ਸੱਚੀਂ,ਤੂੰ ਤਾਂ ਉਸ ਵੇਲੇ ,ਯਾਦ ਬੜੀ ਹੈਂ ਆਉਂਦੀ
ਤੜਕਸਾਰ ਜਿਸ ਵੇਲੇ ਘੁੱਗੀ ਸ਼ੋਰ ਮਚਾਂਦੀ ਹੈ
ਗਲੀ ਮੁਹੱਲੇ ਹੁਣ ਨਹੀਂ ਉਹ ,ਗੇੜੇ ਲਾਇਆ ਕਰਦੀ
ਹੁਣ ਤਾਂ ਨਿੱਕੀਆਂ ਭੈਣਾਂ ਦਾ ਉਹ ਦਾਜ ਬਣਾਂਦੀ ਹੈ ।।
ਮਸਤਾਨੇ ਲੋਕਾਂ ਨੂੰ ਦੁਨੀਆਂ ਰਾਸ ਕਦੇ ਨਾ ਆਵੇ
ਪਿਆਰ ਮੁਹੱਬਤ ਦੀ :ਵਾ ਦੂਰੋਂ ਦੂਰੋਂ ਲੰਘ ਜਾਂਦੀ ਹੈ ।।
ਉੱਠ ”ਮੁਸ਼ਤਾਕ” ਬੇਲੇ ਨੂੰ ਚੱਲੀਏ, ਦਾਣਾ ਦੁਣਕਾ ਪਾਈਏ
ਭੁੱਖ ਭਾਣੀ ਘੁੱਘੀ ,ਬੱਚਿਆਂ ਸੰਗ ਕੁਰਲਾਂਦੀ ਹੈ ।।
-0-
|