ਸਾਡੇ ਪ੍ਰਾਇਮਰੀ ਸਕੂਲ ਦੇ
ਉਸਤਾਦਾਂ ਚੋਂ ਬੁੱਢਾ ਮਾਸਟਰ ਮਸ਼ਹੂਰ ਸੀ। ਇਹਦਾ ਅਸਲੀ ਨਾਂ ਤਾਂ ਭਾਵਂੇ ਮਿਲਾਪ ਚੰਦ ਸੀ, ਪਰ
ਅੱਲ ਪੈ ਗਈ - ਬੁੱਢਾ ਮਾਸਟਰ; ਇਹੋ ਨਿਭ ਗਿਆ। ਬਹੁਤਿਆਂ ਨੂੰ ਏਸੇ ਨਾਂ ਦਾ ਪਤਾ ਸੀ। ਸਾਰੇ
ਮੂੰਹ 'ਤੇ ਮਾਸਟਰ ਜੀ ਕਹਿੰਦੇ ਸੀ। ਇਹ ਨਕੋਦਰ ਦੇ ਭੱਲਿਆਂ ਮੁਹੱਲੇ ਦਾ ਬਸ਼ਿੰਦਾ ਸੀ। ਜ਼ਿਆਦਾ
ਇਕਹਿਰੇ-ਜਿਹੇ ਸਰੀਰ ਦਾ ਉਸਤਾਦ ਜੀ ਪੰਜਾਹ-ਪਚਵੰਜਾ ਸਾਲ ਦਾ ਹੋਣਾ। ਬਹੁਤ ਮਾੜਕੂ ਜਿਹਾ।
ਬਾਹਲ਼ਾ ਹੀ ਹੰਭਿਆ ਹੋਇਆ। ਸਿਰ 'ਤੇ ਕੁੱਲੇ ਵਾਲ਼ੀ ਚਿੱਟੀ ਪੱਗ ਸਜਾਈ ਹੋਣੀ - ਮਾਂਡੀ ਦਿੱਤੀ
ਹੋਈ ਹੁੰਦੀ। ਕੁੱਲਾ ਸੁਨਿਹਰੀ ਤਾਰਾਂ ਨਾਲ ਮੜ੍ਹਿਆ ਹੁੰਦਾ ਸੀ ਤੇ ਪੱਗ ਹਮੇਸ਼ਾ ਚਿੱਟੀ ਹੀ
ਹੁੰਦੀ। ਉੱਪਰ ਛੋਟਾ ਜਿਹਾ ਡਿਗੂੰ ਡਿਗੂੰ ਕਰਦਾ ਤੁਰਲਾ ਹੋਣਾ। ਪਿੱਛੇ ਲੰਮਾ ਸਾਰਾ ਲੜ
ਛੱਡਿਆ ਹੋਣਾ: ਹੇਠਾਂ ਤਿੱਕ ਤੀਕ ਪਹੁੰਚਿਆ ਹੁੰਦਾ। ਸਾਦਾ ਕਾਜਾਂ ਵਾਲਾ ਲੰਮਾ ਝੱਗਾ। ਸੱਜੇ
ਪਾਸੇ ਵੱਖੀ ਤੇ ਜੇਬ ਹੁੰਦੀ, ਤੇ ਖੱਬੇ ਪਾਸੇ ਛਾਤੀ ਤੇ ਵੀ; ਜੇਬਾਂ ਉੱਤੇ ਕਾਜ ਚ ਬਟਨ। ਤੇੜ
ਖੁੱਲ੍ਹਾ ਪਜਾਮਾ ਹੁੰਦਾ। ਦਾਹੜੀ ਸਫ਼ਾਚੱਟ ਹੁੰਦੀ। ਇਹ ਨਕੋਦਰੋਂ ਸਾਈਕਲ 'ਤੇ ਪੜ੍ਹਾਉਣ
ਆਉਂਦਾ ਸੀ। ਰੋਜ਼ ਨੌ ਕੁ ਮੀਲਾਂ ਦਾ ਪੈਂਡਾ ਤੈਹ ਕਰਕੇ। ਪੈਡਲ ਦੱਬਦੇ ਦਾ ਇਹਦਾ ਏਨਾ ਜ਼ੋਰ
ਲੱਗਦਾ ਸੀ ਕਿ ਸਰੀਰ ਅੜਿੰਗ-ਵੜਿੰਗ ਹੋਈ ਜਾਂਦਾ ਦਿਸਦਾ ਹੁੰਦਾ ਸੀ। ਏਦਾਂ ਲੱਗਦਾ ਹੁੰਦਾ ਸੀ
ਕਿ ਅਗਲੀ ਵਾਰੀ ਇਹਤੋਂ ਪੈਡਲ ਦੱਬਿਆ ਹੀ ਨਹੀਂ ਜਾਣਾ। ਇਹਦਾ ਸਾਇਕਲ ਖੜ ਜਾਣਾ ਤੇ ਇਹਨੇ ਆਪ
ਡਿੱਗ ਪੈਣਾ। ਹੁਣ ਲੱਗਦਾ ਕਿ ਉਮਰ ਸ਼ਾਇਦ ਏਨੀ ਨਾ ਵੀ ਹੋਵੇ ਪਰ ਓਸ ਉਮਰੇ ਸਾਨੂੰ ਨਿਆਣ ਪੁਣੇ
ਇਹ ਬਹੁਤਾ ਬੁੱਢਾ ਲਗਦਾ ਸੀ। ਇਹੀ ਇਹਦਾ ਨਾਂ ਪੱਕ ਗਿਆ। ਪਿੰਡ ਵਾਲੇ ਵੀ ਬੁੱਢਾ-ਮਾਸਟਰ,
ਬੁੱਢਾ-ਮਾਸਟਰ ਹੀ ਕਹਿੰਦੇ ਸੀ।
ਇਹਦੀ ਬੋਲੀ ਤੋਂ ਹੀ ਸਾਫ਼ ਪਤਾ ਲਗਦਾ ਸੀ ਕਿ ਇਹ ਪਿੱਛਿਓਂ ਝੰਗ ਦਾ ਸੀ। ਜਰੂਰ ਵੱਡੇ ਰੌਲ਼ਿਆਂ
ਚ ਉੱਜੜ ਕੇ ਆਇਆ ਹੋਣਾ। ਕਈ ਨਿਆਣੇ ਇਹਦੀ ਝਾਂਘੀ ਬੋਲੀ ਦੀਆਂ ਨਕਲਾਂ ਵੀ ਉਤਾਰਦੇ। ਇਹਦੀਆਂ
ਲਾਲ਼ਾ ਵੀ ਵਗਦੀਆਂ ਰਹਿੰਦੀਆਂ ਸੀ - ਇਹ ਇਹਦੇ ਵੱਸ ਤਾਂ ਨਹੀਂ ਸੀ। ਲਾਲ਼ਾਂ ਸਾਂਭਣ ਲਈ ਇਹ
ਵਿਚ ਵਿਚ ਸੜ੍ਹਾਕੇ ਮਾਰ ਲੈਦਾਂ ਸੀ। ਪਰ ਫਿਰ ਵੀ ਕਦੀ-ਕਦੀ ਵਿੱਚੋਂ ਡਿੱਗ ਹੀ ਪੈਂਦੀਆਂ।
ਮੁੰਡਿਆਂ ਨੇ ਇਹ ਵਕੁਆ ਦੇਖ ਕੇ ਹਾਸਾ ਮਸੀਂ ਰੋਕਣਾ। ਜਿਹੜਾ ਤਾਂ ਹਾਸਾ ਰੋਕ ਲੈਂਦਾ ਉਹ ਬਚ
ਜਾਂਦਾ; ਜਿਹਦਾ ਹਾਸਾ ਨਿਕਲ਼ ਜਾਂਦਾ, ਉਹਦੀ ਸ਼ਾਮਤ ਆ ਜਾਂਦੀ ਸੀ। ਸਹਿ ਸੁਭਾਅ ਗੱਲਾਂ ਕਰਦਾ
ਵੀ ਕਈ ਵਾਰੀ ਇਹ ਮੂੰਹ ਚੋਂ ਥੁੱਕ ਦੇ ਫ਼ੁਹਾਰੇ ਚਲਾ ਦਿੰਦਾ ਸੀ ਤੇ ਜਦੋਂ ਗੁੱਸੇ ਚ ਹੁੰਦਾ,
ਫਿਰ ਤਾਂ ਮੂਹਰੇ ਖੜੇ ਜਣੇ ਦਾ ਰੱਬ ਹੀ ਰਾਖਾ ਸੀ। ਇਸੇ ਕਰਕੇ ਵੀ ਬਹੁਤੇ ਨਿਆਣੇ ਇਹਦੇ ਲਾਗੇ
ਨਹੀਂ ਸੀ ਖੜੋਂਦੇ। ਦੂਸਰੇ ਮਾਸਟਰ ਵੀ ਚੌਕਸੀ ਵਰਤਦੇ ਤੇ ਰਤਾ ਦੂਰ ਖੜ੍ਹੋ ਕੇ ਗੱਲ ਕਰਦੇ
ਸੀ। ਉਮਰ ਦੇ ਹਿਸਾਬ ਸਾਰੇ ਮੂੰਹ 'ਤੇ ਇਹਦੀ ਇੱਜ਼ਤ ਕਰਦੇ ਸੀ। ਇਹ ਉਰਦੂ ਫ਼ਾਰਸੀ ਵੀ ਜਾਣਦਾ
ਸੀ। ਪੰਜਾਬੀ ਵਲੋਂ ਹੱਥ ਤੰਗ ਸੀ। ਬੱਸ, ਬੁੱਤਾ ਹੀ ਸਾਰਦਾ ਰਿਹਾ।
ਪੜ੍ਹਾਉਣ ਲੱਗਾ ਇਹ ਦੋ ਕੁਰਸੀਆਂ ਲਾਗੇ-ਲਾਗੇ ਰੱਖ ਲੈਂਦਾ ਸੀ। ਇਕ ਤੇ ਆਪ ਬਹਿੰਦਾ ਦੂਜੇ ਤੇ
ਅਪਣੇ ਪੈਰ ਰੱਖ ਲੈਂਦਾ ਸੀ। ਗਰਮੀਆਂ ਨੂੰ ਦੂਜੀ ਕੁਰਸੀ ਤੇ ਸਿਰੋਂ ਪੱਗ ਲਾਹ ਕੇ ਵੀ ਰੱਖ
ਦਿੰਦਾ। ਕਦੇ ਕਦੇ ਕਿਸੇ ਨਿਆਣੇ ਨੂੰ ਪੈਰ ਨੱਪਣ ਨੂੰ ਵੀ ਕਹਿ ਦਿੰਦਾ। ਉਮਰੋਂ ਹੀ ਸਿਆਣਾ ਸੀ
ਜਾਂ ਸਾਨੂੰ ਨਿਆਣਿਆਂ ਨੂੰ ਹੀ ਓਦੋਂ ਵੱਧ ਸਿਆਣਾ ਲੱਗਦਾ ਸੀ। ਨੌਂ ਦਸ ਮੀਲ ਸਾਈਕਲ ਤੇ
ਆਉਂਦਾ ਥੱਕ ਜਾਂਦਾ ਹੋਣਾ। ਕਈ ਵਾਰੀ ਲੇਟ ਵੀ ਹੁੰਦਾ ਤੇ ਕਲਾਸ ਚ ਲੇਟ ਆਉਂਦਾ ਸੀ।
ਇਹਦੀ ਕੁੱਟ ਬਹੁਤੀ ਮਾੜੀ ਸੀ। ਨਿਆਣਿਆਂ ਨੂੰ ਇਹ ਕਸਾਈਆਂ ਵਾਂਗੂੰ ਕੋਂਹਦਾ ਸੀ। ਜੇ ਇਹਦਾ
ਵੱਸ ਚਲਦਾ ਤਾਂ ਜਾਨ ਹੀ ਕੱਢ ਲੈਂਦਾ। ਤਿੰਨ ਚਾਰ ਬਦਨਾਮ (ਮਸ਼ਹੂਰ) ਤਰੀਕੇ ਸੀ ਇਹਦੇ: ਮੇਜ਼
ਕੋਲ ਹਰ ਵੇਲੇ ਸੋਟੀ ਪਈ ਹੁੰਦੀ ਸੀ। ਕਦੇ ਕਦੇ ਵਗਾ੍ਹਵੀਂ ਸੋਟੀ ਮਾਰਦਾ। ਜੇ ਕਿਸੇ ਤੋਂ
ਸੁਆਲ ਹੱਲ ਨਾ ਹੋਣਾ ਤਾਂ ਪਹਿਲਾਂ ਲਾਗੇ-ਲਾਗੇ ਫਿਰਦਾ ਰਹਿਣਾ, ਜਦੋਂ ਨਿਆਣੇ ਨੇ ਸੋਚਣਾ ਕਿ
ਲੈ ਬਈ, ਐਤਕੀਂ ਤਾਂ ਬਚ ਗਏ ਤਾਂ ਇਹਨੇ ਵਿਸਾਹ ਕੇ ਚਿੱਤੜਾਂ 'ਤੇ ਪੂਰੇ ਜ਼ੋਰ ਨਾਲ਼ ਸੋਟੀ
ਮਾਰਨੀ - ਵੱਟਕੇ। ਬੱਚੇ ਨੇ ਸੋਟੀ ਖਾ ਕੇ ਦਰਦ ਨਾਲ ਭੱਜੇ ਫਿਰਨਾ - ਨਾਲ਼ੇ ਚਿੱਤੜਾਂ ਨੂੰ
ਪਲੋਸੀ ਜਾਣਾ। ਜਾਂ ਨਿਆਣਿਆਂ ਨੂੰ ਅਵੇਸਲੇ ਕਰਨ ਲਈ ਸੋਟੀ ਪਰ੍ਹੇ ਸੁੱਟ ਦੇਣੀ ਤੇ ਫਿਰ ਇਹਨੇ
ਘਸੁੰਨ ਵੱਟ ਕੇ ਜ਼ੋਰ ਦੇਣੀ ਵੱਖੀ ਚ ਠੋਕ ਦੇਣਾ। ਬੋਟਾਂ ਵਰਗੇ ਨਿਆਣਿਆਂ ਨੂੰ ਇੱਕ ਦੂਜੇ ਦੇ
ਚਪੇੜਾਂ ਮਾਰਨ ਨੂੰ ਕਹਿੰਦਾ; ਜੇ ਉਹ ਹੌਲ਼ੀ ਹੌਲ਼ੀ ਮਾਰਦੇ ਤਾਂ ਇਹ ਆਪ ਦੋਹਾਂ ਦੇ ਮਾਰ ਮਾਰ
ਕੇ ਉਨ੍ਹਾਂ ਨੂੰ ਚੰਗੀ ਤਰਾਂ ਮਾਰਨ ਦੀ ਜਾਚ ਦੱਸਦਾ। ਇਹਦੀਆਂ ਖਿੱਝ ਕੇ ਕੰਨਾਂ ਤੇ ਮਾਰੀਆਂ
ਚਪੇੜਾਂ ਨਾਲ਼ ਸਾਂਅ ਸਾਂਅ ਹੋਣ ਲੱਗ ਪੈਣੀ ਤੇ ਕਿੰਨਾ ਕਿੰਨਾ ਚਿਰ ਹੁੰਦੀ ਰਹਿੰਦੀ ਸੀ। ਇਹਦਾ
ਬਹੁਤਾ ਕਹਿਰੀ ਤਰੀਕਾ, ਲੱਤਾਂ ਹੇਠ ਦੀ ਕੰਨ ਫੜਾ ਕੇ ਧੁੱਪੇ ਖੜੇ ਕਰਨਾ ਸੀ ਤੇ ਜਦੋਂ ਇਹਦੇ
ਬਾਲਕੇ ਥੱਕ ਕੇ ਹਿੱਲਣ-ਜੁੱਲਣ ਲਗਦੇ ਤਾਂ ਇਹ ਮਲਕੜੇ ਦੇਣੀ ਕੋਲ ਜਾ ਕੇ ਖੜੋ ਜਾਂਦਾ ਤੇ
ਉੱਤੋਂ ਪੱਕੀ ਇੱਟ ਸੁੱਟ ਦਿੰਦਾ। ਕੋਡੇ ਹੋਇਆਂ ਤੋਂ ਨਿਆਣਿਆਂ ਦੀ ਰੀੜ੍ਹ ਦੀ ਹੱਡੀ ਉੱਭਰੀ
ਹੋਈ ਹੁੰਦੀ ਸੀ। ਜਦੋਂ ਪੱਕੀ ਇੱਟ ਕੰਗਰੋੜ ਤੇ ਵੱਜਦੀ ਤਾਂ ਏਦਾਂ ਲਗਦਾ ਜਿਵੇਂ ਕਿਸੇ ਨੇ
ਗੋਲ਼ੀ ਮਾਰੀ ਹੋਵੇ। ਕਈਆਂ ਦੇ ਜਖ਼ਮ ਵੀ ਹੋ ਜਾਂਦੇ। ਬੱਚੇ ਦਰਦ ਨਾਲ ਕਰਾਹ ਉੱਠਦੇ, ਤੜਫਦੇ।
ਕਈ ਬੁੜ੍ਹਕ ਬੁੜ੍ਹਕ ਕੇ ਪਰ੍ਹੇ ਜਾ ਡਿੱਗਦੇ। ਅੜ੍ਹਾਟ ਪਾਉਂਦੇ; ਕਈ ਤਾਂ ਜਾਨ ਬਚਾਉਣ ਲਈ
ਉੱਠ ਕੇ ਭੱਜ ਵੀ ਜਾਂਦੇ। ਕਈ ਉੱਚੀ ਉੱਚੀ ਰੋਣ ਲਗਦੇ; ਚੀਕਾਂ ਲੇਰਾਂ ਮਾਰਦੇ। ਕਈ ਵਿਰਲੇ
ਕਸੀਸ ਵੱਟ ਕੇ ਜਰ ਲੈਂਦੇ। ਇਹ ਸਾਰੇ ਸੀਨ ਮੇਰੇ ਅੱਖਾਂ ਅੱਗੇ ਘੁੰਮਦੇ ਨੇ। ਇਸ ਕਸਾਈ ਪੁਣੇ
ਕਰਕੇ ਕਈ ਵਾਰੀ ਬਾਲਕੇ ਵੀ ਕਹਿੰਦੇ, ਇਹ ਬੁੱਢਾ ਮਾਸਟਰ ਨਾ ਮਰਦਾ ਨਾ ਸਾਡੀ ਜਾਨ ਛੱਡਦਾ।
ਮਾਸਟਰ ਜੀ ਦਾ ਇਹ ਜ਼ਾਲਮਾਨਾ ਵਰਤਾਅ ਕਿਸੇ ਦਾ ਕੀ ਸੁਆਰਦਾ ਸੀ, ਮਾਸਟਰ ਜਾਣੇ ਜਾਂ ਉਹਦਾ
ਭਗਵਾਨ। ਹੁਣ ਮਨ ਚ ਆਉਂਦਾ ਹੈ ਕਿ ਮਾਂ-ਬਾਪ ਹਾਰ ਗੁਰੂਦੇਵ ਬੱਚਿਆਂ ਨੂੰ ਬੋਟਾਂ ਵਾਂਗ ਪਰਾਂ
ਹੇਠ ਸਾਂਭਣ ਦੀ ਬਜਾਏ ਕਸਾਈਆਂ ਵਾਂਗ ਕਿਵੇਂ ਕੋਹ ਲੈਂਦੇ ਸੀ।
ਇਕ ਦੋ ਹੋਰ ਮਾਸਟਰਾਂ ਵਾਂਗ ਇਹ ਵੀ ਕਿਹਾ ਕਰਦਾ ਸੀ: ਮੈਂਅ ਕਿਤਨੀ ਦਫਾ ਆਖਿਆ ਏ ਪਈ ਜੇ ਕੋਈ
ਗੱਲ ਸਮਝ ਵੱਤ ਨਹੀਂ ਪੈਂਦੀ, ਤਾਂ ਜਾ ਕੇ ਗੱਅਰ ਬੈਅਠੋ। ਮੈਂਡਾ ਸਿਰ ਪਏ ਖਾਂਦੇ ਓ; ਸਮਾਂ
ਕਿਉਂ ਬਰਬਾਦ ਕਰੇਂਦੇ ਹੋ। ਕੋਈ ਹੋਅਰ ਬੰਦੋ ਬਸਤ ਕਰੋ ਚਾ। ਜਾ ਕੇ ਗੱਅਰ ਦਿਆਂ ਦਾ ਹੱਥ
ਵਟਾਓਅ ਚਾ। ਹੁਣ ਸੋਚੀਦਾ ਹੈ, ਬਈ ਭਲਾ ਜੇ ਅਸੀਂ ਸਕੂਲੇ ਨਾ ਜਾਂਦੇ ਤਾਂ ਮਾਸਟਰ ਜੀ ਦੀ
ਨੌਕਰੀ ਕਿਵੇਂ ਰਹਿੰਦੀ; ਦੇਖੋ, ਰਿਜ਼ਕ ਨੂੰ ਲੱਤ ਮਾਰਨ ਵਾਲੇ ਬੰਦੇ ਵੀ ਦੁਨੀਆਂ ਚ ਬੈਠੇ ਨੇ।
ਜਾਂ ਤਾਂ ਮਾਸਟਰ ਜੀ ਸਰਾਸਰੀ ਇਹ ਗੱਲ ਕਹਿ ਦਿੰਦੇ ਸੀ ਪਰ ਅਸਲੋਂ ਨਹੀਂ ਸੀ ਚਾਹੁੰਦੇ ਜਾਂ
ਸੱਚੀਓਂ ਹੀ ਚਾਹੁੰਦਾ ਸੀ ਕਿ ਇਹ ਘਰੇ ਹੀ ਬੈਠ ਜਾਣ ਤੇ ਮੇਰੀ ਜਾਨ ਛੱਡਣ। ਪਰ ਇਹਦਾ ਉਹਨੂੰ
ਕੀ ਫ਼ਾਇਦਾ ਹੋਣਾ ਸੀ? ਉਹੀ ਜਾਣੇ। ਬਾਅਦ ਚ ਸਾਡੇ ਚੋਂ ਕਈਆਂ ਨੇ ਕਾਲਜਾਂ-ਯੂਨੀਵਰਸਿਟੀਆਂ
ਦੀਆਂ ਪੜ੍ਹਾਈਆਂ ਕੀਤੀਆਂ। ਕਈ ਤਾਂ ਆਪ ਵੀ ਮਾਸਟਰ ਲੱਗੇ। ਕਈ ਹੋਰ ਕਈ ਚੰਗੇ ਚੰਗੇ ਕੰਮੀਂ
ਵੀ ਲੱਗੇ। ਜਦੋਂ ਮੈਂ ਨਕੋਦਰ ਪੜ੍ਹਨੇ ਪਿਆ ਤਾਂ ਇਹ ਕਦੇ-ਕਦੇ ਮੈਨੂੰ ਮਿਲ ਪੈਂਦਾ ਸੀ। ਜਦੋਂ
ਪਹਿਲੀ ਵਾਰ ਮੈਂ ਇਹਨੂੰ ਦੱਸਿਆ ਕਿ ਮੈਂ ਹੁਣ ਕਾਲਜ ਪੜ੍ਹਦਾ ਹਾਂ, ਤਾਂ ਇਹ ਚੁੱਪ ਹੀ ਹੋ
ਗਿਆ। ਕੁਛ ਨਹੀਂ ਬੋਲਿਆ। ਬੱਸ ਜਿੱਦਾਂ ਕੋਈ ਸੱਪ ਹੀ ਸੁੰਘ ਗਿਆ।
ਇਸ ਮਾਸਟਰ ਜੀ ਦੇ ਸਿਰ ਚੋਰੀ ਦਾ ਇਲਜ਼ਾਮ ਵੀ ਲੱਗਦਾ ਰਿਹਾ। ਉਨ੍ਹਾਂ ਦਿਨਾਂ ਚ ਬੱਚਿਆਂ ਲਈ
ਸਰਕਾਰ ਸੁੱਕਾ ਦੁੱਧ ਸਕੂਲਾਂ ਚ ਘੱਲਦੀ ਸੀ - ਬਾਲਕਾਂ ਦੀ ਸਿਹਤਯਾਬੀ ਲਈ। ਦੁਪਹਿਰ ਨੂੰ ਇਸ
ਦੁੱਧ ਨੂੰ ਘੋਲ਼ ਕੇ ਤੱਤਾ ਕਰੀਦਾ ਸੀ। ਫਿਰ ਬੱਚਿਆਂ ਨੂੰ ਪੀਣ ਲਈ ਵਰਤਾਇਆ ਜਾਂਦਾ ਸੀ। ਇਹ
ਜ਼ਿੰਮੇਵਾਰੀ ਨਿਆਣਿਆਂ ਨੂੰ ਆਪੇ ਨਿਭਾਉਣ ਦਾ ਹੁਕਮ ਸੀ। ਮਾਸਟਰਾਂ ਦਾ ਹੁਕਮ ਉਸ ਵੇਲੇ ਰੱਬ
ਦੇ ਹੁਕਮ ਬਰਾਬਰ ਹੁੰਦਾ ਸੀ। ਉਨ੍ਹਾਂ ਨੇ ਤਾਂ ਓਨਾ ਹੀ ਤਿਆਰ ਕਰਨਾ ਸੀ, ਜਿੰਨਾ ਮਾਸਟਰ ਜੀ
ਦਿੰਦੇ। ਇਲਜ਼ਾਮ ਇਹ ਸੀ ਕਿ ਬੱਚਿਆਂ ਲਈ ਆਏ ਸੁੱਕੇ ਦੁੱਧ ਚੋਂ ਬੁੱਢਾ ਮਾਸਟਰ ਚੋਰੀ ਕਰਕੇ ਘਰ
ਲੈ ਜਾਂਦਾ ਸੀ ਤੇ ਅਪਣੀ ਹੱਟੀ 'ਤੇ ਵੇਚ ਲੈਂਦਾ ਸੀ। ਲੈ ਕੇ ਜਾਂਦਾ ਸੀ ਜਾਂ ਨਹੀਂ, ਮੈਨੂੰ
ਤਾਂ ਪਤਾ ਨਹੀਂ , ਇਹਦਾ ਭਗਵਾਨ ਜਾਣਦਾ ਹੋਊ, ਪਰ ਘਰ ਨੂੰ ਜਾਂਦੇ ਦਾ ਇਹਦਾ ਥੈਲਾ ਕਦੇ ਕਦੇ
ਵਾਹਵਾ ਭਾਰਾ ਹੁੰਦਾ ਸੀ ਤੇ ਵੱਧ ਫੁੱਲਿਆ ਹੋਇਆ ਵੀ। ਇਹਦੀ ਹੱਟੀ ਕੋਈ ਬਹੁਤੀ ਵੱਡੀ ਵੀ
ਨਹੀਂ ਸੀ। ਐਵੇਂ ਬੁੱਤਾ ਸਾਰ ਹੀ ਸੀ, ਦੋ-ਚਾਰ ਚੀਜਾਂ ਹੀ ਰੱਖੀਆਂ ਹੁੰਦੀਆਂ ਸੀ।
ਹੋਰ ਇਲਜ਼ਾਮ ਇਹ ਸੀ ਕਿ ਇਹ ਨਿਆਣਿਆਂ ਨੂੰ ਪਾਸ ਕਰਨ ਦੇ ਲਾਰੇ ਲਾ ਕੇ, ਨਿਆਣਿਆਂ ਦੀਆਂ
ਮਾਵਾਂ ਤੋਂ ਜਾਂ ਕੁੱਕੜ ਲੈਂਦਾ ਸੀ ਜਾਂ ਮੁਰਗੀਆਂ ਦੇ ਆਂਡੇ। ਇਹ ਆਂਡੇ ਵੀ ਦੁਕਾਨ 'ਤੇ ਜਾ
ਵੇਚਦਾ ਸੀ। ਛੱਲੀਆਂ, ਮਿਰਚਾਂ, ਗੰਨੇ, ਗੁੜ ਤਾਂ ਆਮ ਸੁਣੀਂਦੇ ਸੀ ਪਰ ਕੁੱਕੜ ਵਾਲੀ ਗੱਲ
ਵੱਡੀ ਸੀ। ਪਤਾ ਨਹੀਂ ਕਿੱਦਾਂ ਘਰ ਨੂੰ ਲਿਜਾਂਦਾ ਹੋਊਗਾ? ਇਹ ਗੱਲਾਂ ਇਹਦੇ ਨਾਲ਼ ਚੁੱਭਦੇ
ਮਾਸਟਰ ਵੀ ਉਡਾਉਂਦੇ ਸੀ। ਕੰਨ ਰਸੀਏ ਨਿਆਣੇ ਫਿਰ ਗੱਲ ਏਦਾਂ ਚੱਕ ਲੈਂਦੇ ਕਿ ਸਾਰੇ ਪਹੁੰਚਦੀ
ਕਰਕੇ ਛੱਡਦੇ।
ਇਕ ਵਾਰ ਕਲਾਸ ਚ ਇਹ ਮਾਸਟਰ ਜੀ ਪੜ੍ਹਾਉਣ ਦੀ ਕੋਈ ਮਸ਼ਕ ਕਰਾਉਂਦਾ ਸੀ। ਜਿਸ ਬਾਲੜੀ ਨੂੰ
ਇਹਨੇ ਪੰਜਾਬੀ ਦਾ ਸਬਕ ਪੜ੍ਹਨ ਲਈ ਕਿਹਾ, ਉਹ ਵਿਚਾਰੀ ਬਹੁਤੀ ਸੰਗਾਊ ਸੀ। ਪੇਂਡੂ ਸਮਾਜ ਦੀ
ਦਬਾਈ ਹੋਈ ਬੱਚੀ ਸੀ। ਕਿਸੇ ਨਾਲ ਬੋਲਦੀ ਵੀ ਘੱਟ ਹੀ ਸੀ। ਵਿਚਾਰੀ ਪੜ੍ਹਨ ਨੂੰ ਵੀ ਵੱਤੇ ਈ
ਸੀ। ਮਾਸਟਰ ਕਹੀ ਜਾਵੇ: ਮੈਂ ਆਖੀ ਜਾਨਾਂ eਂੇ, ਮੁੜ ਦੀਅਹ ਜਾਅਵੀਏ, ਜੋ ਵੀ ਚਾ ਬੋਲਣਾ ਏਂ,
ਹੁੱਚੀ ਬੋਲ, ਹੁੱਚੀ ਬੋਲ; ਮੂੰਅ ਇੱਚ ਕੀ ਪਈ ਮਿਣ ਮਿਣ ਕਰਨੀ ਏ। ਕਿਸੀ ਕੋ ਸੁਣੇ ਵੀ ਤਾਂ
ਸਈ। ਕੁੜੀ ਵਿਚਾਰੀ ਦੀ ਤਾਂ ਜੀਭ ਤਾਲੂ ਨਾਲ ਲੱਗੀ ਹੋਈ ਸੀ। ਕੁਛ ਕਹੇ ਹੀ ਨਾ। ਲੱਤਾਂ ਕੰਬੀ
ਜਾਣ। ਰੋਣ ਹਾਕੀ ਹੋਈ ਸਿਰ ਨੀਵਾਂ ਕਰੀ ਖੜ੍ਹੀ ਸੀ। ਡਰ ਤੇ ਨਿਮੋਸ਼ੀ ਨਾਲ਼ ਰੰਗ ਲਾਲ ਹੋਈ
ਜਾਵੇ। ਮਾਸਟਰ ਲਾਗੇ ਬੈਠੇ, ਹਿਣ ਹਿਣ ਕਰਦੇ ਮਨੀਟਰ ਨੇ ਅਪਣੇ ਕੋਲੋਂ ਹੀ ਬਣਾ ਕੇ ਐਵੇਂ ਹੀ
ਕਹਿ ਦਿੱਤਾ: ਜੀਅ ਇਹ ਕਹਿੰਦੀ ਆ, ਰਾਰੇ ਨੂੰ ਬਿਹਾਰੀ ਬਣਿਆ- ਸੀ। ਸਾਰੇ ਹੱਸ ਪਏ। ਜਿਹੜੇ
ਆਪ ਕਦੇ ਕੁਸਕਦੇ ਵੀ ਨਹੀਂ ਸੀ, ਉਹ ਵੀ ਹਿੜ ਹਿੜ ਕਰਨ ਲੱਗ ਪਏ। ਕੁੜੀ ਦੀ ਹਾਲਤ ਬਦ ਤੋਂ
ਬਦਤਰ ਹੋ ਗਈ। ਵਿਚਾਰੀ ਪਾਣੀਓ-ਪਾਣੀ ਹੋ ਗਈ। ਮਾਸਟਰ ਬਿਨਾਂ ਪੁੱਛ-ਪੜਤਾਲ ਕਰਨ ਤੋਂ ਗੁੱਸੇ
ਚ ਧੀ-ਧਿਆਣੀ ਨੂੰ ਮਾਰਨ ਲੱਗ ਪਿਆ। ਕੁੜੀ ਸਿਰ ਨੀਵਾਂ ਕਰੀ, ਬਚਾਅ ਲਈ ਮੋਢੇ 'ਤਾਂਹ ਨੂੰ
ਕਰਕੇ ਡੁਸਕਣ ਲੱਗ ਪਈ। ਮਾਸਟਰ ਨੂੰ ਹੋਰ ਗੁੱਸਾ ਚੜ੍ਹੀ ਜਾਵੇ। ਬਾਲੜੀ ਧੀ ਧਿਆਣੀ ਨੂੰ
ਕਹਿੰਦਾ: ਕੰਨ ਪਕੜ, ਚੱਵਲੇ ਕੰਨ ਪਕੜ, ਮੈਂ ਆਹਨਾਂ ਫੁਰਤੀ ਨਾਲ ਪਕੜ ਕੰਨ। ਮੈਂ ਹੁਣੇ
ਦੱਸਸਾਂ ਤੈਨੂੰ - ਰਾਅਰੇ ਨੂੰ ਬਿਆਰੀ ਸੀ, ਕੀਅ ਓਂਅਦੀ ਏ; ਏਅਹ ਤੈਂਅਨੂੰ ਕੇਅਸ ਕੰਜਰ ਨੇ
ਸਿੱਖਾਇਆ ਏ, ਮੁੜ ਮੈਨੂੰ ਵੀ ਪਤਾ ਲੱਗੇ ਚਾ? ਗੁੱਸੇ ਚ ਅੱਗ ਬਬੂਲਾ ਹੋਏ ਮਾਸਟਰ ਜੀ ਨੂੰ ਇਹ
ਸੁਧ-ਬੁਧ ਵੀ ਨਾ ਰਹੀ ਕਿ ਕੁੜੀਆਂ ਦੇ ਕੰਨ ਫੜਾਏ ਜਾਣੇ ਜਾਇਜ਼ ਨਹੀਂ ਸੀ ਜਾਣੇ ਜਾਂਦੇ। ਜੇ
ਇਸ ਧੀ-ਧਿਆਣੀ ਦੇ ਮਾਪਿਆਂ ਨੂੰ ਪਤਾ ਲੱਗ ਜਾਂਦਾ ਤਾਂ ਉਨ੍ਹਾਂ ਮਾਸਟਰ ਜੀ ਦੀ ਐਸੀ ਅe੍ਹੀ
ਤe੍ਹੀ ਫੇਰਨੀ ਸੀ, ਕਿ ਇਹਦੀਆਂ ਕਈ ਪੁਸ਼ਤਾਂ ਨਾ ਭੁੱਲ ਸਕਦੀਆਂ: ਵਾਹਵਾ ਸਰਦੇ ਪੁੱਜਦੇ ਘਰ
ਦੀ ਧੀ ਸੀ, ਇਹ ਬੀਬੀ। ਉਹ ਮਾਸਟਰ ਜੀ ਨੂੰ ਕੁਝ ਵੀ ਕਰ ਸਕਦੇ ਸੀ। ਪਰ ਸਭ ਤੋਂ ਵੱਡੇ ਸਿਤਮ
ਦੀ ਗੱਲ ਤਾਂ ਇਹ ਸੀ ਕਿ ਉਸ ਵਿਚਾਰੀ ਨੇ ਤਾਂ ਕਿਹਾ ਹੀ ਕੁਝ ਨਹੀਂ ਸੀ। ਸਾਰੀ ਕਾਰਸ਼ੈਤਾਨੀ
ਤਾਂ ਚੌਧਰ ਦੀ ਭੂੱਖ ਦੇ ਮਾਰੇ ਮਨੀਟਰ ਦੀ ਸੀ; ਜਿਹਨੇ ਅਪਣੀ ਫੋਕੀ ਪੈਂਠ ਬਨਾਉਣ ਲਈ ਰਾਰੇ
ਨੂੰ ਬਿਹਾਰੀ 'ਸੀ' ਬਣਾ ਕੇ ਕੁੜੀ ਲਈ ਡਾਢੀ ਮੁਸ਼ਕਿਲ ਖੜੀ ਕਰ ਦਿੱਤੀ ਸੀ। ਨਿਓਟੀ ਧੀ-ਧਿਆਣੀ
ਬਹੁਤੀ ਨਿਮੋਸ਼ੀ ਮੰਨ ਗਈ। ਉਸੇ ਸਾਲ ਸਕੂਲੋਂ ਹੱਟ ਗਈ। ਅਪਣੇ ਗੁਰੂਦੇਵ ਮਹਾਰਾਜ ਦੀ
'ਮਿਹਰਬਾਨੀ' ਸਦਕਾ ਵਿਚਾਰੀ ਗਿਆਨ-ਵਿੱਦਿਆ ਤੋਂ ਊਣੀ ਰਹੀ। ਬੱਸ ਘਰ ਦਾ ਰੋਟੀ ਟੁੱਕ ਕਰਨ
ਜੋਗੀ ਰਹਿ ਗਈ।
-0-
|