ਸਕੂਲ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਕੁਲਦੀਪ ਨੇ ਆਪਣੇ ਹੀ ਸ਼ਹਿਰ ਦੇ ਕਾਲਿਜ ਵਿੱਚ ਬੀ.ਏ
ਲਈ ਦਾਖਲਾ ਲੈ ਲਿਆ । ਸ਼ੁਰੂ ਦੇ ਦਿਨਾਂ ਵਿੱਚ ਹੀ ਕੁਲਦੀਪ ਦੀ ਦੋਸਤੀ ਇੱਕੋ ਹੀ ਪਿੰਡ ਦੇ
ਹਰਜੀਤ ਤੇ ਮਨਿੰਦਰ ਨਾਲ ਹੋ ਗਈ ।ਦੋਸਤ ਬੇਸ਼ੱਕ ਹੋਰ ਵੀ ਬਥੇਰੇ ਸਨ ਪਰ ਕੁਲਦੀਪ ਦਾ ਹਰਜੀਤ
ਤੇ ਮਨਿੰਦਰ ਨਾਲ ਜਿਆਦਾ ਹੀ ਮੋਹ ਪੈ ਗਿਆ । ਕੁਲਦੀਪ ਹਰ ਵੇਲੇ ਹਰਜੀਤ ਜਾਂ ਮਨਿੰਦਰ ਤੇ ਜਾਂ
ਫਿਰ ਦੋਹਾਂ ਨਾਲ ਕਿਤੇ ਤੁਰਦਾ ਫਿਰਦਾ ਜਾ ਬੈਠਿਆ ਦਿਸਦਾ । ਇਹਨਾਂ ਸ਼ੂਰੂ ਦੇ ਦਿਨਾਂ ਵਿੱਚ
ਹੋਈ ਤਿੰਨਾਂ ਜਾਣਿਆਂ ਦੀ ਦੋਸਤੀ ਬਿਨਾਂ ਕਿਸੇ ਗਿਲੇ ਸ਼ਿਕਵੇ ਦੇ ਤਿੰਨ ਸਾਲਾਂ ਤੱਕ ਪਿਆਰ ਭਰ
ਭਰਕੇ ਨਿਭੀ ਤੇ ਇਸ ਦੋਸਤੀ ਨੂੰ ਸਾਰੀ ਜਿੰਦਗੀ ਏਸੇ ਤਰਾਂ ਕਾਇਮ ਰੱਖਣ ਦਾ ਵਾਅਦਾ ਕੀਤਾ ਤੇ
ਵਾਅਦੇ ਨੂੰ ਮਨ ਵਿੱਚ ਵਸਾਕੇ ਕੁਲਦੀਪ ਤੇ ਹਰਜੀਤ ਹੋਰ ਪੜ੍ਹਾਈ ਕਰਨ ਲੱਗ ਗਏ ਤੇ ਮਨਿੰਦਰ
ਉਸੇ ਹੀ ਕਾਲਿਜ ਵਿੱਚ ਐੱਮ.ਏ ਕਰਨ ਲੱਗ ਗਿਆ ।
ਬੇਸ਼ੱਕ ਹੁਣ ਤਿੰਨਾਂ ਦੇ ਮੇਲ ਦਾ ਸਮਾਂ ਪਹਿਲਾਂ ਦੇ ਮੁਕਾਬਲੇ ਨਾ ਮਾਤਰ ਹੀ ਰਹਿਗਿਆ ਸੀ ਪਰ
ਸਾਇੰਸ ਦੀਆਂ ਸਹੂਲਤਾਂ ਨੂੰ ਵਰਤਦੇ ਹੋਏ ਮੋਬਾਇਲ ਜਾਂ ਫੇਸਬੁੱਕ ਤੇ ਤਿੰਨੇ ਜਾਣੇ ਇੱਕ ਦੂਜੇ
ਨਾਲ ਗੱਲਬਾਤ ਕਰਦੇ ਰਹਿੰਦੇ । ਕੁਲਦੀਪ ਹਰ ਵਾਰ ਹਰਜੀਤ ਤੇ ਮਨਿੰਦਰ ਨੂੰ ਇਹੀ ਗੱਲ ਆਖਦਾ ਕਿ
"ਬਾਈ ਆਪਾਂ ਸਾਰੀ ਜਿੰਦਗੀ ਏਸੇ ਤਰਾਂ ਦੋਸਤ ਬਣਕੇ ਰਹਿਣਾ " ਤੇ ਅੱਗਿਉਂ ਵੀ ਇਹੀ ਜਵਾਬ
ਮਿਲਦਾ । ਸਮਾਂ ਚੱਲਦਾ ਗਿਆ ਤੇ ਉਮਰ ਦੇ ਸਾਲ ਬੀਤਦਿਆਂ ਮਨਿੰਦਰ ਦਾ ਵਿਆਹ ਕੈਨੇਡਾ ਦੀ ਕੁੜੀ
ਨਾਲ ਹੋ ਗਿਆ । ਕੁਲਦੀਪ ਤੇ ਹਰਜੀਤ ਨੇ ਆਪਣੇ ਯਾਰ ਦੇ ਵਿਆਹ ਦੀ ਖੁਸ਼ੀ ਨੂੰ ਦਿਲੋਂ ਮਾਣਿਆ ।
ਮਨਿੰਦਰ ਆਪਣੇ ਵਿਆਹ ਤੋਂ ਬਾਅਦ ਹਰਜੀਤ ਤੇ ਕੁਲਦੀਪ ਨੂੰ ਇੱਕ ਦੋ ਵਾਰ ਹੀ ਮਿਲ ਸਕਿਆ ।
ਕੁਲਦੀਪ ਉਸਨੂੰ ਹਾਸੇ ਹਾਸੇ ਵਿੱਚ ਕਹਿ ਜਾਂਦਾ ਕਿ "ਦੇਖੀਂ ਕਿਤੇ ਕੈਨੇਡਾ ਜਾਕੇ ਭੁੱਲ ਨਾ
ਜਾਈਂ" "ਲੈ ਥੋਨੂੰ ਕਿਤੇ ਬਿਨਾਂ ਦੱਸੇ ਜਾਣ ਲੱਗਾ " ਅਗਿੱਉ ਮਨਿੰਦਰ ਦਾ ਜਵਾਬ ਹੁੰਦਾ ।
ਸਾਲ ਕੁ ਬੀਤ ਗਿਆ ਤੇ ਮਨਿੰਦਰ ਕੈਨੇਡਾ ਨੂੰ ਚੜ੍ਹ ਗਿਆ ਪਰ ਇਸ ਗੱਲ ਦੀ ਖਬਰ ਕੁਲਦੀਪ ਨੂੰ
ਤਾਂ ਕੀ ਸਗੋਂ ਪਿੰਡ ਦੇ ਹਰਜੀਤ ਨੂੰ ਵੀ ਨਾ ਲੱਗੀ । ਕੁਲਦੀਪ ਦੇ ਸੀਨੇ ਜਿਵੇਂ ਕਿਸੇ ਨੇ
ਤਿੱਖਾ ਖੰਜਰ ਮਾਰ ਦਿੱਤਾ ।"ਐਨਾ ਲਕੋ ,ਉਵ੍ਹੀ ਦੋਸਤਾਂ ਤੋਂ ,ਛੇ ਸਾਲਾਂ ਦੀ ਦੋਸਤੀ ਖੂਹ ਚ
ਪਾਤੀ " ਆਪਣੇ ਹੀ ਮਨ ਬੁੜਬੜਾਉਂਦਾ ਕੁਲਦੀਪ ਅੰਦਰੇ ਅੰਦਰ ਰੋ ਪਿਆ ।
ਮਹੀਨੇ ਕੁ ਬਾਅਦ ਹਰਜੀਤ ਤੇ ਕੁਲਦੀਪ ਦੇ ਹੋਏ ਮੇਲ ਤੇ ਵੀ ਇਹੀ ਗੱਲ ਛਿੜੀ ਤੇ ਇਸਦਾ ਜ਼ਿਕਰ
ਇੱਕ ਦੋ ਵਾਰ ਫੋਨ ਤੇ ਵੀ ਹੋ ਚੁੱਕਾ ਸੀ ।"ਹਰਜੀਤ ਯਾਰ ਉਹਨੇ ਤਾਂ ਜਵਾਂ ਈ ਗਾਲਤੀ ….ਮੈਂ
ਯਾਰ ਉਹਨੂੰ ਮੂੰਹੋਂ ਕਹਿੰਦਾ ਹੁੰਦਾ ਸੀ ਕਿ ਬਾਈ ਆਪਾਂ ਦੋਸਤੀ ਸਾਰੀ ਉਮਰ ਨਿਭਾਉਣੀ ਆਂ
,ਸਾਰੀ ਜਿੰਦਗੀ ਥੋਡੇ ਵਰਗੇ ਯਾਰ ਨੀ ਮਿਲਣੇ…ਪਰ ਉਹਨੇ ਕੰਜਰ ਨੇ ਤਾਂ ਭੁਲਾ ਈ ਦਿੱਤਾ ਸਾਨੂੰ
"..ਚੱਲ ਜਾਣ ਲੱਗਾ ਨਹੀਂ ਤਾਂ ਜਾ ਕੇ ਈ ਫੋਨ ਕਰ ਦਿੰਦਾ ਕਿ ਭਾਈ ਕੈਨੇਡਾ ਪਹੁੰਚਗਿਆਂ,
ਨਾਲੇ ਮੈਂ ਕਿਹੜਾ ਉਹਨੂੰ ਜ਼ਹਾਜੋਂ ਫੜਕੇ ਖਿੱਚਣ ਲੱਗਾ ਸੀ ,ਯਾਰ ਸੀ ਦੁਸ਼ਮਣ ਤਾਂ ਨੀ ਸੀ ।"
" ਕੁਲਦੀਪ ਯਾਰ ਤੈਨੂੰ ਤਾਂ ਛੇ ਸਾਲ ਹੋਏ ਉਹਨੂੰ ਜਾਣਦੇ ਨੂੰ , ਮੈਨੂੰ ਤਾ ਬਾਈ ਅਠਾਰਾਂ
ਸਾਲ ਹੋਗੇ ਸੀ ਇਹਦੇ ਨਾਲ ਰਹਿੰਦੇ ਨੂੰ ,ਜਾਂ ਤਾਂ ਇਹ ਸਾਡੇ ਘਰ ਹੁੰਦਾ ਸੀ ਤੇ ਜਾਂ ਮੈਂ
ਇਹਦੇ ਘਰ ,ਏਨੀ ਦੋਸਤੀ ਸੀ ।" " ਪਰ ਬਾਈ ਜੇ ਦੱਸ ਜਾਂਦਾ ਤਾਂ ਕੀ ਘਸ ਜਾਣਾ ਸੀ ।" ਹੁਣ
ਬਾਈ ਉਹ ਕੈਨੇਡਾ ਵਾਲਾ ਹੋ ਗਿਆ ,ਹੁਣ ਉਹਨੇ ਸਾਨੂੰ ਕਿਉਂ ਦੱਸਣਾ ਪੁੱਛਣਾ "। " ਕੀ ਕਨੇਡਾ
ਵਾਲਾ ਹੋ ਗਿਆ ?ਯਾਰ ਸੀ ਉਹਦੇ ਅਸੀਂ ਹਰਜੀਤ ਸਿਆਂ ,ਜਣਾ ਖਣਾ ਕਨੇਡਾ ਨੂੰ ਤੁਰਿਆ ਜਾਂਦਾ ਏਹ
ਕੋਈ ਅਲੋਕਾਰ ਗਿਆ "। " ਚੱਲ ਤੂੰ ਤਾਂ ਬਾਈ ਪਿੰਡ ਦਾ ਸੀ ,ਪਿੰਡ ਚ ਅਗਲਾ ਨਈ ਵੀ ਦੱਸਦਾ ਪਰ
ਮੈਂ ਤਾਂ ਏਨੀ ਦੂਰ ਬੈਠਾ ਸੀ ਮੈਨੂੰ ਤਾਂ ਦੱਸ ਜਾਂਦਾ ,ਮੈਂ ਕਿਹੜਾ ਉਹਦੀ ਲੱਤ ਫੜਨ ਲੱਗਾ
ਸੀ ,ਪਤੰਦਰ ਨੇ ਜਾ ਜਕੇ ਵੀ ਫੌਨ ਨੀ ਕੀਤਾ।" "ਕੋਈ ਨਾ ਬਾਈ ਉਹਨੇ ਤਾਂ ਆਵਦੀ ਔਕਾਤ ਦਿਖਾਤੀ
,ਹੁਣ ਆਪਾਂ ਉਹਨੂੰ ਦੋਸਤੀ ਨਿਭਾਕੇ ਦਿਖਾਵਾਂਗੇ ।
ਕੁਲਦੀਪ ਤੇ ਹਰਜੀਤ ਭਾਵੇਂ ਨਸ਼ੇਂ ਤੋਂ ਹਮੇਸ਼ਾ ਦੂਰ ਰਹਿੰਦੇ ਸਨ ਪਰ ਅੱਜ ਉਹ ਯਾਰ ਵੱਲੋਂ
ਕੀਤੀ ਗੱਦਾਰੀ ਦੇ ਨਸ਼ੇ ਵਿੱਚ ਨਸ਼ੇ ਵਿੱਚ ਸ਼ਰਾਬੀਆਂ ਵਾਂਗ ਬੋਲ ਰਹੇ ਸਨ । " ਛੱਡ ਯਾਰ
ਕੁਲਦੀਪ ਉਹ ਰਹੇ ਕਨੇਡਾ ਵਾਲਾ ਪਾਸੇ ,ਆਪਾਂ ਤਾਂ ਇੱਕ ਹਾਂ ਨਾ ,ਆਪਣੀ ਦੋਸਤੀ ਰਹੂਗੀ ਹਮੇਸ਼ਾ
,ਜਿੱਥੇ ਮਰਜੀ ਰਹੀਏ ਪਰ ਆਪਾਂ ਨੀ ਭੁੱਲਦੇ ਇੱਕ ਦੂਜੇ ਨੂੰ ।" ਜਾਣ ਵੇਲੇ ਕੁਲਦੀਪ ਤੇ
ਹਰਜੀਤ ਘੁੱਟਕੇ ਇਕ ਦੂਸਰੇ ਨੂੰ ਮਿਲੇ ਅੱਖਾਂ ਹੀ ਅੱਖਾਂ ਵਿੱਚ ਪਿਆਰ ਜਤਾਉਂਦੇ ਵੱਖਰੇ ਹੋ
ਗਏ ।
94649-56457
-0- |