ਪੰਜਾਬ ਪੁਲਿਸ਼…………………..
ਇਹ ਦੋ ਸ਼ਬਦ ਸੁਣ ਕੇ ਮਾੜੇ ਧੰਦੇ ਕਰਨ ਵਾਲਿਆਂ ਦੀਆਂ ਲੱਤਾਂ ਕੰਬਣ ਲੱਗ ਜਾਂਦੀਆਂ ਸਨ। ਹੁਣ
ਤੱਕ ਇਹੀ ਕਹਿੰਦੇ ਸੁਣਦੇ ਆਏ ਹਾਂ ਕਿ ਘੋੜੇ ਦੇ ਪਿੱਛੋਂ ਦੀ ਤੇ ਥਾਣੇਦਾਰ ਦੇ ਅੱਗੋਂ ਦੀ
ਨਹੀਂ ਲੰਘੀਦਾ, ਪਤਾ ਨਹੀਂ ਕਦੋਂ ਘੋੜਾ ਦੁਲੱਤਾ ਮਾਰ ਦੇਵੇ ਤੇ ਪਤਾ ਨਹੀਂ ਕਦੋਂ ‘ਅਪਸਰ’
ਖੰਭ ਝਾੜ ਦੇਵੇ? ਪੁਲਸ ਸ਼ਬਦ ਦੇ ਡਰ ਕਾਰਨ ਹੀ ਤਾਂ ਇਹ ਤੁਕ ਵੀ ਕਿਸੇ ਗਾਇਕ ਵੀਰ ਦੇ ਮੂੰਹੋਂ
ਗਾਣਾ ਬਣ ਕੇ ਗਾਈ ਗਈ ਹੈ ਕਿ
"ਹਸਪਤਾਲ, ਕਚਿਹਰੀ, ਥਾਣਾ ਰੱਖੀਂ ਦੂਰ ਵਿਧਾਤਾ"। ਮਤਲਬ ਕਿ ਪੁਲਸ ਹੀ ਅਜਿਹੀ ਉਂਗਲ ‘ਸੀ’
ਜਿਹੜੀ ਟੇਢੀ ਉਂਗਲ ਨਾਲ ਹੋਣ ਵਾਲਾ ਕੰਮ ਵੀ ਸਿੱਧੀ ਉਂਗਲ ਨਾਲ ਕਰ ਸਕਦੀ ‘ਸੀ’। ਹੁਣ ਤੁਸੀਂ
ਵੀ ਸੋਚਦੇ ਹੋਵੋਗੇ ਕਿ ਆਹ ਬੰਦਾ ਪੁਲਸ ਨੂੰ ‘ਸੀ’ ਜਾਂ ‘ਸਨ’ ਕਿਉਂ ਲਿਖੀ ਜਾਂਦੈ? ਇਹ ਉਸ
ਤੌਖਲੇ ‘ਚੋਂ ਨਿੱਕਲੇ ਸ਼ਬਦ ਹਨ ਕਿ ਪੰਜਾਬ ਪੁਲਸ ਜੇ ਇਸੇ ਤਰ੍ਹਾਂ ਹੀ ਮੀਣੀ ਮੱਝ ਵਾਂਗ ਸਿਰ
ਨਿਵਾ ਕੇ ਸਿਆਸਤ ਦੀ ਸਤਰੰਜ ਦਾ ਮੋਹਰਾ ਬਣੀ ਫਿਰਦੀ ਰਹੀ ਤਾਂ ‘ਹੈ’ ਤੋਂ ‘ਸੀ’ ਤੱਕ ਦਾ ਸਫ਼ਰ
ਵੀ ਦੂਰ ਨਹੀਂ ਹੈ ਕਿਉਂਕਿ ਪੰਜਾਬ ਪੁਲਸ ਦਾ ਇਸ ਰਾਹ ‘ਤੇ ਪੈਰ ਪੁੱਟਿਆ ਜਾ ਚੁੱਕਾ ਹੈ।
ਪੁਲਸ ਨਾਲ ਪੰਗਾ ਲੈਣਾ ਸ਼ੇਰ ਦੀ ਮੁੱਛ ‘ਚੋਂ ‘ਧੌਲਾ’ ਪੁੱਟਣ ਵਰਗਾ ਔਖਾ ਕੰਮ ਸਮਝਿਆ ਜਾਂਦਾ
ਸੀ ਪਰ ਜੇ ਸ਼ੇਰ ਹੀ ਦੋਵੇਂ ਹੱਥ ਜੋੜ ਕੇ ਆਖੇ ਕਿ "ਲਓ ਜੀ ਜਨਾਬ ਭਾਵੇਂ ‘ਸ਼ੇਵ’ ਈ ਕਰ ਦਿਓ"
ਤਾਂ ਉਹ ਦਿਨ ਵੀ ਦੂਰ ਨਹੀਂ ਜਦੋਂ ਖੜ੍ਹੀ ਮੁੱਛ ਵਾਲਾ ਸ਼ੇਰ ਅਮਰੀਕਾ ਵਾਲੇ ਬੁਸ਼ ਵਰਗਾ
ਸਫਾਚੱਟ ਮੂੰਹ ਕੱਢੀ ਫਿਰਦਾ ਹੋਵੇਗਾ। ਪੁਲਸ ਦੀ ਹਾਲਤ ‘ਤੇ ਉਸ ਸਮੇਂ ਤਰਸ ਵੀ ਆਉਂਦਾ ਹੈ
ਜਦੋਂ ਸਿਆਸਤ ਦੇ ਘੱਚਘਚੋਲੇ ‘ਚ ਸਿਆਸਤੀ ਪਿਆਦੇ ਹੀ ਲੋਕਾਂ ਦੀ ਰਾਖੀ ਕਰਨ ਵਾਲੀ ਪੁਲਸ ਦੀਆਂ
ਲੱਤਾਂ ਬਾਹਾਂ ਤੋੜਨ ਜਾਂ ਫਿਰ ਵਰਦੀਆਂ ਪਾੜਨ ਦੇ ਰਾਹ ਤੁਰ ਪੈਣ। ਜਾਂ ਫਿਰ ਪੁਲਸ ਵੱਲੋਂ
ਕਾਨੂੰਨਨ ਕੀਤੀ ਜਾਣ ਵਾਲੀ ਭਵਿੱਖੀ ਕਾਰਵਾਈ ਨੂੰ ਮਨੋਂ ਵਿਸਾਰ ਕੇ ਪ੍ਰਭਾਵੀ ਲੋਕ ਪੁਲਸ ਨੂੰ
ਵੀ ‘ਟੁੱਕ ‘ਤੇ ਡੇਲਾ’ ਈ ਸਮਝਣ ਲੱਗ ਪੈਣ। ਇਸਤੋਂ ਬਦਤਰ ਦਿਨ ਵੀ ਦੇਖਣੇ ਪੈਣਗੇ ਪੰਜਾਬ
ਪੁਲਸ ਨੂੰ ਕਿ ਪੰਜਾਬ ਦੇ ਗਾਇਕ ਕਲਾਕਾਰ ਪੁਲਸ ਦੇ ਨਾਂ ਨਾਲ "ਮਾਮਾ" ਸ਼ਬਦ ਜੋੜਨ ਦੀ ਜੁਅਰਤ
ਕਰ ਸਕਣ? ਪੰਜਾਬ ਦਾ ਬਾਸ਼ਿੰਦਾ ਬੱਚਾ ਬੱਚਾ ਜਾਣਦੈ ਕਿ ਮਾਮਾ ਪਿਓ ਦੇ ਸਾਲੇ ਨੂੰ ਕਹਿੰਦੇ
ਹੁੰਦੇ ਹਨ। ਪੰਜਾਬ ਵਿੱਚ ਗਾਇਕੀ ਦੇ ਨਾਂ ‘ਤੇ ਪਿਛਲੇ ਕੁਝ ਕੁ ਸਾਲਾਂ ਤੋਂ ਫੈਲਾਏ ਜਾ ਰਹੇ
ਸੱਭਿਆਚਾਰਕ ਅੱਤਵਾਦ ਵਿੱਚ ਭਾਈਵਾਲ ਗਾਇਕ ਗੀਤਕਾਰਾਂ ਦੀਆਂ ਲਗਾਮਾਂ ਢਿੱਲੀਆਂ ਛੱਡਣ ਦਾ ਹੀ
ਨਤੀਜਾ ਹੈ ਕਿ ਉਹੀ ਗਾਇਕ ਹੁਣ ਚਿਮਟੇ ਢੋਲਕੀਆਂ ਛੈਣਿਆਂ ਨਾਲ ਪੂਰੀਆਂ ਸੁਰਾਂ ਲਾ ਕੇ ਪੰਜਾਬ
ਦੀ ਪੁਲਸ ਨੂੰ "ਪਿਓ ਦਾ ਸਾਲਾ" ਕਹਿਣ ਤੋਂ ਵੀ ਗੁਰੇਜ਼ ਨਹੀਂ ਕਰ ਰਹੇ। ਜੇ ਇਸ ਸੰਬੰਧੀ
ਪੁਖਤਾ ਸਬੂਤ ਲੈਣਾ ਹੈ ਤਾਂ ਬੀਤੇ ਦਿਨੀਂ ਪੰਜਾਬੀ ਨੌਜ਼ਵਾਨੀ ਨੂੰ ਨਵੇਂ ਸਾਲ ਦਾ ਤੋਹਫਾ ਦੇਣ
ਵਜੋਂ ਜੋ ਗੀਤ ਗਾਇਕ ਜੈਜੀ ਬੀ ਅਤੇ ਹਨੀ ਸਿੰਘ ਡੋ ਡੋ ਵੱਲੋਂ ਪੇਸ਼ ਕੀਤਾ ਹੈ, ਤੋਂ ਲਿਆ ਜਾ
ਸਕਦਾ ਹੈ। ਉਕਤ ਗੀਤ ਦਾ ਟੀਜ਼ਰ ਅਤੇ ਵੀਡੀਓ ਪੰਜਾਬ ਪੁਲਸ ਦੀਆਂ ਸਮੱਸਿਆਵਾਂ ਵਿੱਚ ਘੋਰ ਵਾਧਾ
ਕਰਨ ਦੀ ਸਮਰੱਥਾ ਰੱਖਦਾ ਹੈ। ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਰੋਕਣ ਸੰਬੰਧੀ ਪੈਦਾ
ਹੋਏ ਰਾਜੋਆਣਾ ਪੱਖੀ ਲੋਕ ਰੋਹ ਵਿੱਚ ਧਾਰਮਿਕ ਵਾਰਾਂ ਗਾਉਣ ਵਾਲੇ ਜੈਜੀ ਬੀ ਦੀ ਕੀ ਮਜ਼ਬੂਰੀ
ਹੋਵੇਗੀ ਕਿ ਉਸਨੇ ਐਨਾ ਘਟੀਆ ਪੱਧਰ ਦਾ ਗੀਤ/ ਫਿਲਮਾਂਕਣ ਕੀਤਾ? ਇਹ ਤਾਂ ਉਹ ਹੀ ਜਾਣਦਾ ਹੈ
ਪਰ ਇਸ ਗੀਤ ਦੀ ਵੀਡੀਓ ਤੋਂ ਸਿੱਖਿਆ ਲੈ ਕੇ ਆਪਣੇ ਮਹਿਬੂਬ ਕਲਾਕਾਰਾਂ ਦੀ ਨਕਲ ਕਰਕੇ ਪੰਜਾਬ
ਦੇ ‘ਭੁਲੱਕੜ’ ਨੌਜ਼ਵਾਨ ਜਰੂਰ ਪੰਜਾਬ ਪੁਲਸ ਨੂੰ ਮਾਮਾ-ਮਾਮਾ ਕਹਿ ਕੇ ਬੁਲਾਉਣ ਲੱਗ ਜਾਣਗੇ।
ਭੁਲੱਕੜ ਨੌਜ਼ਵਾਨ ਇਸ ਕਰਕੇ ਕਿਹੈ ਕਿਉਂਕਿ ਪੰਜਾਬ ਦੀ ਬੇਰੁਜ਼ਗਾਰ ਨੌਜ਼ਵਾਨੀ ਦੀਆਂ ਨਸਾਂ ‘ਚ
ਅਣਖੀ ਖੂਨ ਦੀ ਜਗ੍ਹਾ ਭਰੇ ਜਾ ਰਹੇ ‘ਅਸੱਭਿਆਚਾਰਕ ਖੂਨ’ ਦਾ ਨਤੀਜਾ ਹੀ ਹੈ ਕਿ ਨੌਜ਼ਵਾਨ
ਭੁੱਲ ਰਹੇ ਹਨ ਕਿ ਇਹੀ ਗਾਇਕ ਤਾਂ ਉਹਨਾਂ ਨੂੰ ਰੁਜ਼ਗਾਰ ਮੰਗਣ ਦੇ ਰਾਹ ਤੁਰਨ ਤੋਂ ਰੋਕਣ ਲਈ
ਸਰਕਾਰਾਂ ਦਾ ਸਾਥ ਦੇ ਰਹੇ ਹਨ। ਇਹੀ ਗਾਇਕ ਤਾਂ ਉਹਨਾਂ ਦੀਆਂ ਧੀਆਂ ਭੈਣਾਂ ਨੂੰ ਕਦੇ
‘ਸੈਕੰਡ ਹੈਂਡ" ਦੱਸਦੇ ਹਨ ਤੇ ਕਦੇ ਉਹਨਾਂ ਲਈ ‘ਬਲੂ’ ਸ਼ਬਦ ਵਰਤਦੇ ਹਨ, ਜਿਹਨਾਂ ਦੇ ਉਹ ਫੈਨ
ਬਣੇ ਫਿਰਦੇ ਹਨ। ਕਿਉਂ ਹੈ ਨਾ ਭੁਲੱਕੜ ਨੌਜ਼ਵਾਨ?.................. ਓ ਹੋ ਯਾਰ ਤੁਸੀਂ
ਵੀ ਕਿਹੜੇ ਪਾਸੇ ਨੂੰ ਖਿੱਚ ਕੇ ਲੈ ਗਏ? ਆਪਾਂ ਤਾਂ ਵਿਚਾਰੀ ਪੰਜਾਬ ਪੁਲਸ ਦੀ ਗੱਲ ਕਰ ਰਹੇ
ਸੀ। ਪੁਲਸ ਨੂੰ ਵਿਚਾਰੀ ਵੀ ਹੁਣ ਇਸ ਕਰਕੇ ਕਿਹੈ ਕਿਉਂਕਿ ਕੋਈ ਵੇਲਾ ਸੀ ਜਦੋਂ ਮੇਰੇ ਵਰਗਾ
ਡਰਪੋਕ ਬੰਦਾ ਦੀਵਾਲੀ ਵੇਲੇ ‘ਭੜਾਕੇ’ ਚਲਾਉਣ ਵਾਲਾ ਪਿਸਤੌਲ ਵੀ ਲੁਕੋ ਲੁਕੋ ਰੱਖਦਾ ਹੁੰਦਾ
ਸੀ ਕਿ ਕਿਤੇ ‘ਜਾਂਦੀ ਬਲਾਅ ਦੁਪਹਿਰਾ ਨਾ ਕੱਟ ਜਾਵੇ’ ਪਰ ਇਸ ਗੀਤ ‘ਚ ਤਾਂ ਹਨੀ ਸਿਉਂ ਪੁਲਸ
ਨੂੰ ਡਰਾਉਣ ਲਈ ਰਾਕਟ ਲਾਂਚਰ ਵਰਗਾ ਯੰਤਰ ਚੱਕੀ ਫਿਰਦੈ। ਜੇ ਇਸ ਗੀਤ ਦੇ ਟੀਜਰ ਤੇ ਵੀਡੀਓ
ਰਾਹੀਂ ਇਹਨਾਂ ਗਾਇਕਾਂ ਵੱਲੋਂ ਪੰਜਾਬ ਪੁਲਸ ਦੇ ਮੂੰਹ ‘ਤੇ ਹੁਣ ਤੱਕ ਦੀ ਸਭ ਤੋਂ ਵੱਡੀ
ਚਪੇੜ ਕਹਿ ਲਿਆ ਜਾਵੇ ਤਾਂ ਕੋਈ ਵੱਡੀ ਗੱਲ ਵੀ ਨਹੀਂ। ਟੀਜ਼ਰ ਦੇ ਫਿਲਮਾਂਕਣ ਅਨੁਸਾਰ ਜੈਜੀ
ਬੀ ਪੰਜਾਬ ਪੁਲਸ ਦੀ ਅਪਰਾਧੀਆਂ ਨੂੰ ਲਿਜਾਣ ਵਾਲੀ ਬੱਸ ‘ਚ ਕੈਦ ਹੈ। ਹਨੀ ਸਿੰਘ ਜੈਜੀ ਬੀ
ਦੀ ਲੱਖਪਤੀ ਗੱਡੀ ਦੀ ਛੱਤ ਉੱਪਰ ਰਾਕਟ ਲਾਂਚਰ ਸਮੇਤ ਸਵਾਰ ਹੋ ਕੇ ਪੁਲਸ ਦੀ ਗੱਡੀ ਨੂੰ
ਰੋਕਦਾ ਹੈ ਤੇ ਸਪੀਕਰ ਰਾਹੀਂ ਹੋਕਾ ਦਿੰਦੈ ਕਿ "ਸਾਡਾ ਬੰਦਾ ਬਾਹਰ
ਕੱਢੋ".................. ਥੋੜ੍ਹੀ ਜਿਹੀ ਦੇਰੀ ਹੋਣ ‘ਤੇ "ਓ ਮਾਮਾ ਸੁਣਿਆ ਨਹੀਂ?" ਸ਼ਬਦ
ਨਾਲ ਸੰਬੋਧਨ ਕਰਦੈ। ਪੁਲਸ ਦੀ ਗੱਡੀ ਦੀ ਤਾਕੀ ਬੀਬਿਆਂ ਰਾਣਿਆਂ ਵਾਂਗ ਖੋਲ੍ਹ ਦਿੱਤੀ ਜਾਂਦੀ
ਹੈ ਤੇ ਗਾਇਕ ਸਾਬ੍ਹ ਅੰਗੜਾਈਆਂ ਲੈਂਦੇ ਹਨੀ ਸਿੰਘ ਨਾਲ ਪੁਲਸ ਨੂੰ ‘ਡੋ-ਡੋ’ ਕਹਿੰਦੇ
ਫੁਰਰਰਰਰ ਹੋ ਜਾਂਦੇ ਹਨ। ਅਤੇ ਗੀਤ ਦੀ ਵੀਡੀਓ ਵਿੱਚ ਵੀ ਸਾਜ਼ਾਂ ਦੀ ਬਜਾਏ ‘ਏ-ਕੇ’ ਲੜੀ ਦੇ
ਹਥਿਆਰ ਦੀ ਨੁਮਾਇਸ਼ ਦੀ ਕੀ ਤੁਕ ਬਣਦੀ ਹੈ? ਸ਼ਾਇਦ ਪੰਜਾਬ ਪੁਲਸ ਜੀ ਨੂੰ ਵੀ ਸਮਝ ਨਾ ਆਵੇ।
ਪਰ ਇੱਕ ਗੱਲ ਸਾਫ ਹੈ ਕਿ ਜੇ ਕੱਲ੍ਹ ਨੂੰ ਕਿਸੇ ਖੂੰਖਾਰ ਕੈਦੀ ਨੂੰ ਪੰਜਾਬ ਪੁਲਸ ਦੀ
ਗ੍ਰਿਫਤ ਵਿੱਚੋਂ ਛੁਡਵਾਉਣਾ ਹੋਵੇ ਤਾਂ ਸ਼ਾਇਦ ਉਸ ਅਪਰਾਧੀ ਦੇ ਸਾਥੀ ਵੀ ਇਹੀ ਫਾਰਮੂਲਾ ਅਪਣਾ
ਲੈਣ। ਪੰਜਾਬ ਵਿੱਚ ਹਥਿਆਰ ਕਲਚਰ ਨੂੰ ਮਿਲ ਰਿਹਾ ਬੜਾਵਾ ਜਿੱਥੇ ਸਰਕਾਰ ਵੱਲੋਂ ਛੱਡੀਆਂ
ਢਿੱਲੀਆਂ ਲਗਾਮਾਂ ਦਾ ਨਤੀਜਾ ਕਿਹਾ ਜਾ ਸਕਦਾ ਹੈ ਉੱਥੇ ਸੱਭਿਆਚਾਰ ਦੀ ਪਾਟੋਧਾੜ ਕਰਨ ਵਾਲੇ
ਇਹਨਾਂ ਕਲਾਕਾਰਾਂ ਲਈ ਕਿਸੇ ਬੰਦਿਸ਼ ਦਾ ਨਾ ਹੋਣਾ ਵੀ ਹੈ। ਜੋ ਮੂੰਹ ਆਇਆ, ਬਕਿਆ ਜਾ ਰਿਹਾ
ਹੈ। ਪਰ ਜੋ ਵੀ ਹੈ ਫਿਲਹਾਲ ਇਹ ਪੰਜਾਬ ਪੁਲਿਸ ਲਈ ਚੁਣੌਤੀ ਦੀ ਘੜੀ ਹੈ ਕਿ ਉਸਨੇ ਆਪਣਾ
ਵੱਕਾਰ ਬਹਾਲ ਰੱਖਣਾ ਹੈ ਜਾਂ ਫਿਰ "ਪਿਓ ਦੇ ਸਾਲੇ" ਤੋਂ ਅਗਾਂਹ ਵਾਲੇ ਲਫ਼ਜ਼ ਵੀ ਚੁੱਪ ਚਾਪ
ਇਹਨਾਂ ਅਖੌਤੀ ਕਲਾਕਾਰਾਂ ਕੋਲੋਂ ਸਿਰ ਨਿਵਾ ਕੇ ਝੋਲੀ ‘ਚ ਪਵਾ ਲੈਣੇ ਹਨ?
ਮੋਬਾ:- 0044 75191
12312
-0-
|