ਸਾਹਿਤ ਨਾਲ ਸਬੰਧਿਤ
ਕਾਫ਼ੀ ਅਵਾਰਡ ਅਤੇ ਪ੍ਰਾਈਜ਼ ਹਨ ਜਿਹੜੇ ਕੈਨੇਡਾ ਵਿੱਚ ਸਾਹਿਤ ਦੀ ਅਲੱਗ ਅਲੱਗ ਵਿਧਾ ਲਈ
ਦਿੱਤੇ ਜਾਂਦੇ ਹਨ, ਭਾਵੇਂ ਉਹ ਕਵਿਤਾ, ਕਹਾਣੀ, ਨਾਵਲ, ਜਿੰੰਦਗੀ ਦੀਆਂ ਸੱਚੀਆਂ ਘਟਨਾਵਾਂ
ਹੀ ਹੋਣ। ਸਾਹਿਤ ਦੀ ਇਸ ਵਧ ਰਹੀ ਜਾਣ ਪਛਾਣ ਵਿੱਚ ਗਿੱਲਰ ਪ੍ਰਾਈਜ਼ ਦਾ ਬਹੁਤ ਵੱਡਾ ਯੋਗਦਾਨ
ਹੈ।
ਸੰਨ 1993 ਵਿੱਚ ਕੈਨੇਡਾ ਦੀ ਇੱਕ ਜਰਨਲਿਸਟ - ਡੌਰਿਸ ਗਿੱਲਰ ਦਾ ਦਿਹਾਂਤ ਹੋ ਗਿਆ ਅਤੇ
1994 ਵਿੱਚ ਉਸ ਦੇ ਪਤੀ ਜੈਕ ਰੁਬੀਨੋਵਿੱਚ ਨੇ ਸਾਹਿਤ ਲਈ ਗਿੱਲਰ ਪ੍ਰਾਈਜ਼ ਦੀ ਸਥਾਪਨਾ
ਕੀਤੀ। ਕੈਨੇਡਾ ਦੇ ਉਹ ਸ਼ਹਿਰੀ ਜਾਂ ਪਰਮਾਨੈਂਟ ਰੈਜ਼ੀਡੈਂਟ ਜਿਹੜੇ ਇੰਗਲਿਸ਼ ਵਿੱਚ ਕਹਾਣੀਆਂ
ਜਾਂ ਨਾਵਲ ਲਿਖਦੇ ਹੋਣ, ਇਸ ਲਈ ਆਪਣੀ ਲਿਖਤ ਭੇਜ ਸਕਦੇ ਹਨ। ਸ਼ੁਰੂ ਵਿੱਚ ਇਨਾਮ ਦੀ ਰਕਮ
ਕੈਨੇਡਾ ਦੇ ਬਾਕੀ ਇਨਾਮਾਂ ਵਿੱਚੋਂ ਸਭ ਤੋਂ ਵੱਧ 25,000 ਡਾਲਰ ਮਿੱਥੀ ਗਈ।
ਕਨੇਡੀਅਨ ਮਸ਼ਹੂਰ ਲੇਖਕ ਐਲਿਸ ਮਨਰੋਅ, ਮਾਰਗਰੇਟ ਐਟਵੁੱਡ, ਮਾਈਕਲ ਓਂਦਾਤੇਜੀ ਅਤੇ ਮੌਰਡੀਕਾਇ
ਰਿਚਲਰ ਨੇ ਦੁਨੀਆਂ ਵਿੱਚ ਆਪਣੇ ਨਾਂ ਸਥਾਪਿਤ ਕੀਤੇ। ਪ੍ਰਾਈਜ਼ ਸ਼ੁਰੂ ਹੋਣ ਤੋਂ ਦੱਸ ਸਾਲ
ਅੰਦਰ ਹੀ 2æ5 ਮਿਲੀਅਨ ਤੋਂ ਵੀ ਵੱਧ ਕਿਤਾਬਾਂ ਗਿੱਲਰ ਸੰਸਥਾ ਵੱਲੋਂ ਨਾਮਜ਼ਦ ਹੋ ਕੇ
ਵਿਕੀਆਂ। ਗਿੱਲਰ ਪ੍ਰਾਈਜ਼ ਪ੍ਰਾਪਤ ਕਿਤਾਬਾਂ ਅੱਜ ਤੱਕ 60 ਮਿਲੀਅਨ ਡਾਲਰ ਤੋਂ ਵੀ ਵੱਧ ਧਨ
ਕਮਾ ਚੁੱਕੀਆਂ ਹਨ। ਪੂਰਬ ਤੋਂ ਪੱਛਮ ਤੱਕ ਪੂਰੇ ਕੈਨੇਡਾ ਵਿੱਚ ਗਿੱਲਰ ਪ੍ਰਾਈਜ਼ ਨਾਲ ਨਿਵਾਜੇ
ਲੇਖਕਾਂ ਨੂੰ ਪੰਜ ਲੱਖ ਡਾਲਰ ਦੀ ਆਮਦਨ ਹੋ ਚੁੱਕੀ ਹੈ।
ਸੰਨ 2005 ਤੋਂ ਸਕੋਸ਼ੀਆ ਬੈਂਕ ਵੀ ਗਿੱਲਰ ਪ੍ਰਾਈਜ਼ ਸੰਸਥਾ ਨਾਲ ਜੁੜ ਚੁੱਕਾ ਹੈ ਅਤੇ ਹੁਣ
ਨਾਮ ਹੋ ਗਿਆ ਹੈ - ਸਕੋਸ਼ੀਆ ਗਿੱਲਰ ਪ੍ਰਾਈਜ਼ - ਕੈਨੇਡਾ ਦੇ ਇਤਿਹਾਸ ਵਿੱਚ ਇਸ ਤਰ੍ਹਾਂ ਦੀ
ਸਪੌਂਸਰਸ਼ਿਪ ਪਹਿਲੀ ਵਾਰ ਹੋਈ। ਬਾਕਾਇਦਾ ਇਕਰਾਰਨਾਮਾ ਕੀਤਾ ਗਿਆ ਜਿਸ ਅਨੁਸਾਰ ਇਨਾਮ ਦੀ
ਰਾਸ਼ੀ ਦੁਗਣੀ ਕਰ ਦਿੱਤੀ ਗਈ। ਇਨਾਮ ਲਈ ਪਹੁੰਚੀਆਂ ਕਿਤਾਬਾਂ ਵਿੱਚੋਂ 15 ਕੁ ਕਿਤਾਬਾਂ ਦੀ
ਲੰਮੀ ਲਿਸਟ ਤਿਆਰ ਕੀਤੀ ਜਾਂਦੀ ਹੈ ਜਿਸ ਵਿੱਚੋਂ ਪੰਜ ਕਿਤਾਬਾਂ ਚੁਣ ਕੇ ਫਾਈਨਲ ਲਿਸਟ ਤੱਕ
ਪਹੁੰਚਦੀਆਂ ਹਨ। ਇਨਾਮ ਦੀ ਕੁੱਲ ਰਾਸ਼ੀ 70,000 ਡਾਲਰ ਹੈ ਜਿਸ ਵਿਚੋਂ 50,000 ਡਾਲਰ ਉਸ
ਲੇਖਕ ਲਈ ਜਿਸ ਦੀ ਕਿਤਾਬ ਸਭ ਤੋਂ ਵਧੀਆ ਮੰਨੀ ਗਈ ਅਤੇ ਬਾਕੀ ਦੀਆਂ ਚਾਰਾਂ ਕਿਤਾਬਾਂ ਲਈ ਹਰ
ਲੇਖਕ ਨੂੰ 5,000 ਡਾਲਰ ਦਿੱਤੇ ਜਾਂਦੇ ਹਨ।
ਸਕੋਸ਼ੀਆ ਬੈਂਕ ਦੇ ਸੀਈਓ ਅਤੇ ਪ੍ਰੈਜ਼ੀਡੈਂਟ ਰਿੱਕ ਵੌਘ ਦਾ ਕਹਿਣਾ ਹੈ ਕਿ ਗਿੱਲਰ ਪ੍ਰਾਈਜ਼
ਸੰਸਥਾ ਵਿੱਚ ਹਿੱਸਾ ਪਾਉਣਾ ਬੈਂਕ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ, "ਕੈਨੇਡਾ ਵਿੱਚ
ਆਰਟ ਅਤੇ ਕਲਚਰ ਲਈ ਸਾਹਿਤ ਇੱਕ ਮੀਲ-ਪੱਥਰ ਹੈ ਅਤੇ ਬੈਂਕ ਨੂੰ ਫ਼ਖਰ ਹੈ ਕਿ ਉਹ ਕਨੇਡੀਅਨ
ਲੇਖਕਾਂ ਦੀਆਂ ਸਾਹਿਤਿਕ ਉਪਲੱਭਦੀਆਂ ਲਈ ਮਾਨਤਾ ਦੇਣ ਵਿੱਚ ਸਾਥ ਦੇ ਰਿਹਾ ਹੈ। ਅਸੀਂ
ਪਹਿਲਾਂ ਵੀ ਕਈ ਤਰ੍ਹਾਂ ਦੀਆਂ ਸਪੌਂਸਰਸ਼ਿਪ ਅਤੇ ਡੋਨੇਸ਼ਨਜ਼ ਉਹਨਾਂ ਕਮਿਊਨਿਟੀਜ਼ ਲਈ ਦਿੰਦੇ
ਹਾਂ ਜਿਨ੍ਹਾਂ ਨਾਲ ਅਸੀਂ ਰਹਿੰਦੇ ਤੇ ਵਰਤਦੇ ਹਾਂ।"
ਗਿੱਲਰ ਪ੍ਰਾਈਜ਼ ਵਾਸਤੇ ਲਿਖਤਾਂ ਭੇਜਣ ਲਈ ਕੁਝ ਸ਼ਰਤਾਂ ਹਨ -
- ਕਿਤਾਬ ਕਿਸੇ ਕਨੇਡੀਅਨ ਪਬਲਿਸ਼ਰ ਵੱਲੋਂ ਭੇਜੀ ਹੋਈ ਹੋਣੀ ਚਾਹੀਦੀ ਹੈ।
- ਕਿਸੇ ਕਨੇਡੀਅਨ ਸਿਟੀਜ਼ਨ ਜਾਂ ਪਰਮਾਨੈਂਟ ਰੈਜ਼ੀਡੈਂਟ ਦੀ ਲਿਖੀ ਹੋਈ ਪਹਿਲੀ ਐਡੀਸ਼ਨ ਹੋਵੇ।
- ਜਿਸ ਸਾਲ ਦੇ ਇਨਾਮ ਲਈ ਮੁਕਾਬਲੇ ਵਿੱਚ ਭੇਜਣੀ ਹੋਵੇ, ਉਸ ਲਈ ਲਿਖਤ ਭੇਜਣ ਦੀ ਆਖਿਰੀ
ਤਾਰੀਖ ਤੱਕ ਪਿਛਲੇ ਇੱਕ ਸਾਲ ਦੇ ਵਿੱਚ ਵਿੱਚ ਛਪੀ ਹੋਵੇ।
- ਲੇਖਕ ਆਪਣੀ ਖੁਦ ਦੀ ਛਪਵਾਈ ਕਿਤਾਬ ਨਹੀਂ ਭੇਜ ਸਕਦਾ, ਪਬਲਿਸ਼ਰ ਕੋਈ ਹੋਰ ਹੋਣਾ ਚਾਹੀਦਾ
ਹੈ।
1994 ਤੋਂ ਹੁਣ ਤੱਕ ਇਨਾਮ ਲੈਣ ਵਾਲੇ ਜਾਂ ਜਿਨ੍ਹਾਂ ਦੀਆਂ ਕਿਤਾਬਾਂ ਫ਼ਾਈਨਲ ਲਿਸਟ ਤੱਕ
ਪਹੁੰਚੀਆਂ, ਕੁੱਲ ਮਿਲਾ ਕੇ ਬਹੁਤ ਸਾਰੇ ਲੇਖਕ ਹੋ ਜਾਂਦੇ ਨੇ ਇਸ ਲਈ ਮੈਂ ਸਿਰਫ਼ ਉਨ੍ਹਾਂ ਹੀ
ਲੇਖਕਾਂ ਦਾ ਜ਼ਿਕਰ ਕਰਨ ਬਾਰੇ ਸੋਚਿਆ ਜਿਹੜੇ ਸਾਊਥ ਏਸ਼ੀਆਈ ਹੈਰੀਟੇਜ ਨਾਲ ਤਾਅਲੁੱਕ ਰੱਖਦੇ
ਹਨ। ਗਿੱਲਰ ਪ੍ਰਾਈਜ਼ ਹਾਸਿਲ ਕਰਨ ਵਾਲੇ ਉਹ ਲੇਖਕ ਹਨ -
- ਐਮæਜੀæਵਸਨਜੀ - 1994 ਵਿੱਚ ਉਨ੍ਹਾਂ ਦੀ ਕਿਤਾਬ 'ਦਾ ਬੁੱਕ ਔਫ ਸੀਕਰਟਸ' ਲਈ ਅਤੇ ਸੰਨ
2007 ਵਿੱਚ 'ਦਾ ਇਨ-ਬਿਟਵੀਨ ਵਰਲਡ ਔਫ਼ ਵਿਕਰਮ ਲਾਲ' ਲਈ ਗਿੱਲਰ ਪ੍ਰਾਈਜ਼ ਮਿਲਿਆ।
- ਰੋਹਿੰਤਨ ਮਿਸਤਰੀ - 'ਏ ਫਾਈਨ ਬੈਲੈਂਸ' ਲਈ 1995 ਵਿੱਚ ਗਿੱਲਰ ਪ੍ਰਾਈਜ਼ ਹਾਸਿਲ ਕੀਤਾ।
ਜਿਹੜੀਆਂ ਕਿਤਾਬਾਂ ਸ਼ੌਰਟ-ਲਿਸਟ ਹੋਈਆਂ ਮਤਲਬ ਕਿ ਫਾਈਨਲ ਲਿਸਟ ਤੱਕ ਪਹੁੰਚੀਆਂ ਪਰ ਗਿੱਲਰ
ਪ੍ਰਾਈਜ਼ ਨਾ ਲੈ ਸਕੀਆਂ, ਉਹ ਹਨ -
- 1997 ਵਿੱਚ ਸ਼ਾਨੀ ਮੁੱਟੂ ਦੀ ਕਿਤਾਬ 'ਸਿਰੀਅਸ ਬਲੂਮਜ਼ ਐਟ ਨਾਈਟ'।
- 2000 ਵਿੱਚ ਮਾਈਕਲ ਓਂਦਾਤੇਜੀ ਦੀ ਕਿਤਾਬ 'ਅਨਿਲ'ਜ਼ ਘੋਸਟ'।
- 2004 ਵਿੱਚ ਸ਼ੌਨਾ ਸਿੰਘ ਬਾਲਦਵਿਨ ਦੀ ਕਿਤਾਬ 'ਦਾ ਟਾਈਗਰ ਕਲਾਅ'।
- 2007 ਵਿੱਚ ਮਾਈਕਲ ਓਂਦਾਤੇਜੀ ਦੀ ਕਿਤਾਬ 'ਡਿਨਿਸਡੈਰੋ' ਅਤੇ ਐਮæਜੀæਵਸਨਜੀ ਦੀ ਕਿਤਾਬ
'ਦਾ ਅਸੈਸਿਨ'ਜ਼ ਸੌਂਗ' ਫਾਈਨਲ ਲਿਸਟ ਤੱਕ ਪਹੁੰਚੀਆਂ ਅਤੇ ਸਕੋਸ਼ੀਆ ਬੈਂਕ ਗਿੱਲਰ ਪ੍ਰਾਈਜ਼ ਦੀ
ਨਵੀਂ ਨੀਤੀ ਅਨੁਸਾਰ ਦੋਹਾਂ ਨੂੰ 5,000 ਡਾਲਰ ਦਾ ਇਨਾਮ ਵੀ ਮਿਲਿਆ।
- 2011 ਵਿੱਚ ਮਾਈਕਲ ਓਂਦਾਤੇਜੀ ਦਾ ਨਾਵਲ 'ਦਾ ਕੈਟ'ਸ ਟੇਬਲ' ਵੀ ਸ਼ੌਰਟ-ਲਿਸਟ ਹੋਇਆ।
ਹੁਣ ਥੋੜ੍ਹਾ ਜਿਹਾ ਉਹਨਾਂ ਲੇਖਕਾਂ ਅਤੇ ਉਹਨਾਂ ਦੀਆਂ ਕਿਤਾਬਾਂ ਬਾਰੇ ਗੱਲਾਂ ਕਰ ਲਈਏ -
ਆਪਣਾ ਦੇਸ਼ ਛੱਡ ਕੇ ਬਾਹਰਲੇ ਮੁਲਕਾਂ ਵਿੱਚ ਵੱਸਣ ਵਾਲੇ ਲੋਕ ਭਾਵੇਂ ਜਿੰਨੀ ਦੇਰ ਵੀ ਪਰਦੇਸ
'ਚ ਰਹਿ ਲਈਏ, ਆਪਣੇ ਦੇਸ਼ ਦੀ ਤਹਿਜ਼ੀਬ ਤੋਂ ਜ਼ਿਆਦਾ ਦੂਰ ਨਹੀਂ ਰਹਿ ਸਕਦੇ। ਸਾਡੀ ਕਲਚਰ ਸਾਡੇ
ਖ਼ੂਨ ਵਿੱਚ ਰਚੀ ਹੋਈ ਹੈ ਅਤੇ ਪਹਿਲੀ, ਦੂਜੀ ਤਾਂ ਛੱਡੋ, ਤੀਜੀ ਪੀੜ੍ਹੀ ਜਾਂ ਇਸ ਤੋਂ ਵੀ
ਪਰ੍ਹੇ ਇਹ ਦਿਲ ਦੇ ਕਿਸੇ ਕੋਨੇ ਵਿੱਚ ਕਿਤੇ ਨਾ ਕਿਤੇ ਟਿਕੀ ਹੁੰਦੀ ਹੈ। ਕੁਝ ਇਸੇ ਤਰ੍ਹਾਂ
ਦੇ ਇਹ ਲੇਖਕ ਹਨ -
ਐਮæਜੀæਵਸਨਜੀ - ਇਹਨਾਂ ਨੂੰ ਇੰਡੋ-ਅਫਰੀਕਨ ਕਨੇਡੀਅਨ ਰਾਈਟਰ ਕਹਿ ਸਕਦੇ ਹਾਂ। ਵਸਨਜੀ ਦਾ
ਜਨਮ ਕੀਨੀਆ ਵਿੱਚ ਹੋਇਆ ਅਤੇ ਬਚਪਨ ਤੇਨਜ਼ੈਨੀਆ ਵਿੱਚ ਬੀਤਿਆ। ਕੈਨੇਡਾ ਵਿੱਚ 1978 ਵਿੱਚ
ਆਏ, ਉਸ ਤੋਂ ਪਹਿਲਾਂ ਯੂæਐਸ਼ਏæ ਵਿੱਚ ਨਿਊਕਲਰ ਫਿਜ਼ਿਕਸ ਵਿੱਚ ਸਪੈਸ਼ਲਾਈਜ਼ੇਸ਼ਨ ਕੀਤੀ। ਕੈਨੇਡਾ
ਵਿੱਚ ਉਹ ਅਟੌਮਿਕ ਅਨੱਰਜੀ ਦੇ ਪੋਸਟ-ਡੌਕਟਰੱਲ ਫੈਲੋ ਅਤੇ ਟੋਰੌਂਟੋ ਯੂਨੀਵਰਸਿਟੀ ਵਿੱਚ
ਰਿਸਰਚ ਅਸਿਸਟੈਂਟ ਰਹੇ। ਇਸੇ ਸਮੇਂ ਤੱਕ ਉਹਨਾਂ ਨੂੰ ਇੰਡੀਆ ਦੇ ਇਤਿਹਾਸ ਅਤੇ ਸਾਹਿਤ ਵਿੱਚ
ਦਿਲਚਸਪੀ ਹੋ ਗਈ ਸੀ। ਉਹਨਾਂ ਦਾ ਪਹਿਲਾ ਨਾਵਲ 'ਦਾ ਗੰਨੀ ਸੈਕ' ਛਪਿਆ ਅਤੇ ਆਇਓਵਾ
ਯੂਨੀਵਰਸਿਟੀ ਨੇ ਉਹਨਾਂ ਨੂੰ ਇੰਟਰਨੈਸ਼ਨਲ ਰਾਈਟਿੰਗ ਪ੍ਰੋਗ੍ਰਾਮ ਲਈ ਸੱਦਾ ਦਿੱਤਾ। ਇਸ ਤੋਂ
ਬਾਅਦ ਨਿਊਕਲਰ ਫਿਜ਼ਿਕਸ ਨੂੰ ਉਹਨਾਂ ਤਿਲਾਂਜਲੀ ਦੇ ਦਿੱਤੀ ਅਤੇ ਪੂਰਾ ਸਮਾਂ ਲੇਖਣੀ ਨੂੰ ਦੇਣ
ਲੱਗੇ।
ਵਸਨਜੀ ਨੇ ਸੱਤ ਨਾਵਲ ਅਤੇ ਦੋ ਕਹਾਣੀ ਸੰਗ੍ਰਹਿ ਲਿਖੇ ਹਨ। ਉਹਨਾਂ ਦਾ ਨਾਵਲ 'ਦਾ ਅਸੈਸਿਨ'ਜ਼
ਸੌਂਗ' ਗਿੱਲਰ ਪ੍ਰਾਈਜ਼ ਅਤੇ ਗਵਰਨਰ ਜਨਰਲ ਵੱਲੋਂ ਦਿੱਤੇ ਜਾਣ ਵਾਲੇ ਪ੍ਰਾਈਜ਼ ਲਈ ਸ਼ੌਰਟ-ਲਿਸਟ
ਹੋਇਆ। ਉਨ੍ਹਾਂ ਨੂੰ ਦੋ ਵਾਰ ਗਿੱਲਰ ਪ੍ਰਾਈਜ਼, ਹਾਰਬਰਫਰੰਟ ਫੈਸਟੀਵਲ ਪ੍ਰਾਈਜ਼, ਕੌਮਨਵੈਲਥ
ਫਰਸਟ ਬੁੱਕ ਪ੍ਰਾਈਜ਼ (ਅਫਰੀਕਾ) ਅਤੇ ਬ੍ਰੇਸਾਨੀ ਪ੍ਰਾਈਜ਼ ਮਿਲੇ। ਵਸਨਜੀ ਨੂੰ ਗਵਰਨਰ ਜਨਰਲ
ਤੋਂ ਔਰਡਰ ਔਫ ਕੈਨੇਡਾ ਵੀ ਮਿਲਿਆ ਹੈ। 1989 ਵਿੱਚ 'ਦਾ ਗੰਨੀ ਸੈਕ' ਛਪਿਆ ਜਿਸ ਬਾਰੇ
ਖੁਸ਼ਵੰਤ ਸਿੰਘ ਨੇ ਵੀ ਪ੍ਰਸ਼ੰਸਾ ਭਰਪੂਰ ਲੇਖ ਲਿਖਿਆ। ਸੰਨ 1990 ਵਿੱਚ ਕਹਾਣੀ ਸੰਗ੍ਰਹਿ
'ਉਹੂਰੂ ਸਟ੍ਰੀਟ' ਛਪਿਆ, ਜੋ ਦਾਰ-ਏ-ਸਲਾਮ ਵਿੱਚ ਇਸੇ ਨਾਂ ਦੀ ਸਟ੍ਰੀਟ ਬਾਰੇ ਹੈ ਜਿੱਥੇ ਉਹ
ਰਹਿੰਦੇ ਸਨ। ਨਾਵਲ 'ਨੋ ਨਿਊ ਲੈਂਡ' ਟੋਰੌਂਟੋ ਵਿੱਚ ਨਵੇਂ ਆਏ ਪਰਵਾਸੀ ਦੀ ਕਹਾਣੀ ਹੈ।
ਸੰਨ 1993 ਵਿੱਚ 'ਦਾ ਬੁੱਕ ਔਫ ਸੀਕਰਟਸ' ਛਪੀ - ਇਹ ਉਸ ਵਕਤ ਲਿਖੀ ਡਾਇਰੀ ਦੇ ਪੰਨਿਆਂ ਦਾ
ਜ਼ਿਕਰ ਹੈ ਜਦੋਂ ਫਸਟ ਵਰਲਡ ਵਾਰ ਈਸਟ ਅਫਰੀਕਾ ਵਿੱਚ ਸ਼ੁਰੂ ਹੋ ਚੁੱਕੀ ਸੀ। ਸੰਨ 2000 ਵਿੱਚ
'ਅਮਰੀਕਾ' ਲਿਖਿਆ ਜਿਸ ਵਿੱਚ ਸਵਾਲ ਉਠਾਇਆ ਹੈ ਕਿ ਬੁਨਿਆਦੀ ਮੱਤਭੇਦ ਅਤੇ ਰਾਜਨੀਤਕ
ਵਚਨਬੱਧਤਾ ਕਿਥੋਂ ਤੱਕ ਜਾ ਸਕਦੀ ਹੈ? ਤੁਸੀਂ ਕਿੰਨਾ ਕੁ ਹੋਰ ਪੱਛਮ ਵੱਲ ਜਾ ਸਕਦੇ ਓ? ਇਸ
ਨਾਵਲ ਦੀ ਕਹਾਣੀ ਵੀਅਤਨਾਮ ਜੰਗ ਵੇਲੇ ਬੌਸਟਨ-ਕੈਂਬ੍ਰਿਜ ਤੋਂ ਸੂਰੂ ਹੋਈ। ਉਸ ਸਮੇਂ ਵੀ
ਪਰਵਾਸੀਆਂ ਨੂੰ ਉਵੇਂ ਹੀ ਮਾੜੇ ਹਾਲਾਤਾਂ ਵਿੱਚੋਂ ਨਿਕਲਣਾ ਪਿਆ ਜਿਵੇਂ ਕਈਆਂ ਨੂੰ 9/11
ਤੋਂ ਬਾਅਦ ਗੁਜ਼ਰਨਾ ਪਿਆ ਹੈ।
ਸੰਨ 2003 ਅਤੇ 2004 ਵਿੱਚ 'ਇਨ-ਬਿਟਵੀਨ ਵਰਲਡ ਔਫ ਵਿਕਰਮ ਲਾਲ' ਜੋ ਕੈਨੇਡਾ, ਯੂæਐਸ਼ਏæ,
ਯੂæਕੇæ ਅਤੇ ਇੰਡੀਆ ਵਿੱਚ ਛਪਿਆ। ਜਦੋਂ ਉਹ ਤਿੰਨ ਸਾਲ ਦੇ ਸਨ, ਕੀਨੀਆ ਵਿੱਚ 'ਮਾਓ-ਮਾਓ
ਐਮਰਜੈਂਸੀ' ਲੱਗੀ, ਉਨ੍ਹਾਂ ਨੇ ਇੱਕ ਭਾਰਤੀ ਦੇ ਨਜ਼ਰੀਏ ਤੋਂ ਉਸ ਵਕਤ ਦੇ ਹਾਲਾਤ ਬਾਰੇ ਝਾਤ
ਮਾਰੀ ਹੈ ਅਤੇ ਦਿਖਾਇਆ ਹੈ - ਦੋ ਥਾਵਾਂ, ਦੋ ਹਾਲਾਤਾਂ ਵਿੱਚ ਵੰਡਿਆ ਹੋਇਆ, ਜਕੜਿਆ ਹੋਇਆ
ਇਨਸਾਨ। ਕੀਨੀਆ ਵਿੱਚ ਜਦੋਂ ਵੀ ਇਤਿਹਾਸ ਬਾਰੇ ਕੁਝ ਦੱਸਿਆ ਜਾਂ ਦਿਖਾਇਆ ਜਾਂਦਾ ਹੈ, ਤਾਂ
ਅੰਗ੍ਰੇਜ਼ੀ ਤਾਨਾਸ਼ਾਹੀ ਦੇ ਨਜ਼ਰੀਏ ਤੋਂ, ਭਾਰਤੀਆਂ ਦਾ ਤਾਂ ਜ਼ਿਕਰ ਵੀ ਨਹੀਂ ਆਉਂਦਾ ਜਿਨ੍ਹਾਂ
ਨੇ ਨੈਰੋਬੀ ਨੂੰ ਸ਼ਿੰਗਾਰਨ ਵਿੱਚ ਹਿੱਸਾ ਪਾਇਆ ਜਾਂ ਰੇਲਵੇ ਦੇ ਬਣਨ ਵੇਲੇ ਅਤੇ ਰਾਜਨੀਤੀ
ਵਿੱਚ ਵੀ ਹਿੱਸਾ ਪਾਇਆ। ਕਿਉਂਕਿ ਉਹ ਨਾ ਤਾਂ ਕਾਲੇ ਸਨ ਤੇ ਨਾ ਹੀ ਗੋਰੇ, ਉਹ ਏਸ਼ੀਅਨ ਅਤੇ
ਅਫਰੀਕਨ ਸਨ। ਪੰਜਾਬੀ ਰੇਲਵੇ ਵਰਕਰਜ਼ ਦੇ ਜੀਵਨ ਬਾਰੇ ਲਿਖਿਆ ਹੈ। ਕਹਾਣੀ ਸੰਗ੍ਰਹਿ 'ਵੈੱਨ
ਸ਼ੀ ਵਾਜ਼ ਕੁਈਨ' 2005 ਵਿੱਚ ਛਪਿਆ। ਇਹ ਕਹਾਣੀਆਂ ਕੈਨੇਡਾ, ਇੰਡੀਆ ਅਤੇ ਈਸਟ ਅਫਰੀਕਾ ਵਿੱਚ
ਰਹਿੰਦੇ ਪਾਤਰਾਂ ਦੀਆਂ ਕਹਾਣੀਆਂ ਹਨ। 2007 ਵਿੱਚ 'ਦਾ ਅਸੈਸਿਨ'ਜ਼ ਸੌਂਗ' ਲਿਖਿਆ, ਇਹ
ਤੇਰਵ੍ਹੀਂ ਸਦੀ ਵਿੱਚ ਹੋਏ ਇੱਕ ਸੂਫ਼ੀ ਦੀ ਦਰਗਾਹ ਬਾਰੇ ਹੈ ਜਦ ਉਹ ਸੂਫ਼ੀ ਸੈਂਟਰਲ ਏਸ਼ੀਆ ਦੇ
ਲੜਾਈ ਵਾਲੇ ਇਲਾਕੇ ਵਿੱਚੋਂ ਗੁਜਰਾਤ ਵਿੱਚ ਇੱਕ ਰਿਫਿਊਜੀ ਦੇ ਤੌਰ ਤੇ ਪਹੁੰਚਦਾ ਹੈ। ਆਜ਼ਾਦ
ਭਾਰਤ ਵਿੱਚ 2002 ਦੇ ਕਮਿਊਨਲ ਦੰਗਿਆਂ ਵੇਲੇ ਦੀ ਗੱਲ ਦੱਸੀ ਗਈ ਹੈ ਜਦੋਂ ਉਸ ਦਰਗਾਹ ਨੂੰ
ਤਹਿਸ ਨਹਿਸ ਕਰ ਦਿੱਤਾ ਗਿਆ ਸੀ।
ਸੰਨ 2008 ਵਿੱਚ 'ਏ ਪਲੇਸ ਵਿਦਿਨ: ਰੀਡਿਸਕਵਰਿੰਗ ਇੰਡੀਆ' ਅਤੇ 2009 ਵਿੱਚ ਇੱਕ
ਬਾਇਓਗ੍ਰਾਫੀ 'ਮੌਰਡੀਕਾਇ ਰਿਚਲਰ' ਦੀ ਛਪੀ। ਕੁਝ ਮਹੀਨੇ ਪਹਿਲਾਂ ਹੀ, 2012 ਵਿੱਚ 'ਦਾ
ਮੈਜਿਕ ਔਫ਼ ਸਾਇਦਾ' ਨਾਵਲ ਛਪਿਆ ਹੈ। ਇਹ ਕਹਾਣੀ ਹੈ ਅੱਧਖੜ ਉਮਰ ਦੇ ਕਨੇਡੀਅਨ ਡਾਕਟਰ ਕਮਲ
ਦੀ ਜੋ ਇੱਕ ਇੰਡੀਅਨ ਪਿਤਾ ਅਤੇ ਅਫ਼ਰੀਕਨ ਮਾਤਾ ਦੀ ਔਲਾਦ ਹੈ। ਜਵਾਨੀ ਵਿੱਚ ਇੱਕ ਲੜਕੀ
ਸਾਇਦਾ ਖ਼ਾਨ ਨੂੰ ਟਿਊਸ਼ਨ ਪੜ੍ਹਾਉਂਦਾ ਸੀ, ਹਾਲਾਤ ਦੀ ਮਜਬੂਰੀ ਕਾਰਨ ਉਸ ਨੂੰ ਦੇਸ਼ ਛੱਡਣਾ
ਪਿਆ ਪਰ ਉਹ ਸਾਇਦਾ ਨੂੰ ਕਦੀ ਨਾ ਭੁੱਲ ਸਕਿਆ। ਦਿਲ ਵਿੱਚ ਪਸ਼ੇਮਾਨੀ ਅਤੇ ਉਮੀਦ ਦੀ ਮਿਲੀ
ਜੁਲੀ ਭਾਵਨਾ ਲੈ ਕੇ ਉਸ ਨੂੰ ਲੱਭਣ ਲਈ ਕੈਨੇਡਾ ਛੱਡ ਵਾਪਸ ਈਸਟ ਅਫ਼ਰੀਕਾ ਚਲਾ ਜਾਂਦਾ ਹੈ
ਜਿੱਥੇ ਜਾ ਕੇ ਕਮਲ ਨੂੰ ਦੰਗਿਆਂ ਵਕਤ ਸਾਇਦਾ ਨਾਲ ਬੀਤੀ ਬਾਰੇ ਪਤਾ ਲੱਗਦਾ ਹੈ।
ਰੋਹਿੰਤਨ ਮਿਸਤਰੀ - ਦਾ ਜਨਮ 1952 ਵਿੱਚ ਬੰਬਈ ਵਿੱਚ æਹੋਇਆ। ਉਥੋਂ ਗਣਿਤ ਦੀ ਡਿਗਰੀ ਤੋਂ
ਬਾਅਦ ਉਹ ਕੈਨੇਡਾ ਆ ਗਏ। ਟੋਰੌਂਟੋ ਵਿੱਚ ਬੈਂਕ ਵਿੱਚ ਕਲੱਰਕ ਰਹੇ, ਟੋਰੌਂਟੋ ਯੂਨੀਵਰਸਿਟੀ
ਵਿੱਚ ਇੰਗਲਿਸ਼ ਅਤੇ ਫ਼ਿਲਾਸਫੀ ਦੀ ਡਿਗਰੀ ਲਈ। ਉਹਨਾਂ ਨੇ ਪਹਿਲੀ ਕਹਾਣੀ 'ਵੰਨ ਸੰਡੇ' ਲਿਖੀ
ਜਿਸ ਲਈ 1983 ਵਿੱਚ ਕਨੇਡੀਅਨ ਹਾਰਟ ਹਾਊਸ ਲਿਟਰੇਰੀ ਮੁਕਾਬਲੇ ਵਿੱਚ ਜਿੱਤ ਹਾਸਿਲ ਕੀਤੀ
ਅਤੇ ਅਗਲੇ ਸਾਲ ਫਿਰ ਇਹੀ ਇਨਾਮ ਕਹਾਣੀ 'ਔਸਪੀਸ਼ੀਅਸ ਓਕੱਈਯਨ' ਲਈ ਮਿਲਿਆ। 1985 ਵਿੱਚ
ਕਨੇਡੀਅਨ ਫਿਕਸ਼ਨ ਸੁਸਾਇਟੀ ਵੱਲੋਂ 'ਐਨੂਅਲ ਕੰਟਰੀਬਿਊਟਰ'ਜ਼ ਅਵਾਰਡ'। ਕੈਨੇਡਾ ਕਾਊਂਸਿਲ
ਗ੍ਰਾਂਟ ਲੈਣ ਤੋਂ ਬਾਅਦ ਉਹ ਬੈਂਕ ਦੀ ਨੌਕਰੀ ਛੱਡ ਕੇ ਪੂਰਨ ਤੌਰ ਤੇ ਲਿਖਣ ਵਿੱਚ ਜੁਟ ਗਏ।
ਉਨ੍ਹਾਂ ਦੀਆਂ ਕੁੱਲ 16 ਲਿਖਤਾਂ ਹਨ। ਅੱਜਕਲ੍ਹ ਉਹ ਬਰੈਂਪਟਨ ਵਿੱਚ ਰਹਿੰਦੇ ਹਨ।
ਉਹਨਾਂ ਦਾ ਪਹਿਲਾ ਕਹਾਣੀ ਸੰਗ੍ਰਹਿ 'ਟੇਲਜ਼ ਫਰੌਮ ਫਿਰੋਜ਼ਸ਼ਾਹ ਬਾਗ਼' 1987 ਵਿੱਚ ਕੈਨੇਡਾ
ਵਿੱਚ ਛਪਿਆ ਅਤੇ 1992 ਵਿੱਚ ਯੂæਕੇæ ਵਿੱਚ। ਬਹੁਤ ਹੀ ਬਾਰੀਕੀ ਨਾਲ ਬੰਬਈ ਵਿੱਚ ਰਹਿੰਦੇ
ਲੋਕਾਂ ਦੇ ਜੀਵਨ ਨੂੰ ਪੇਸ਼ ਕੀਤਾ ਹੈ। ਉਹਨਾਂ ਦੇ ਤਿੰਨ ਮੁੱਖ ਨਾਵਲ ਹਨ:
'ਸੱਚ ਏ ਲੌਂਗ ਜਰਨੀ' (1992) ਵਿੱਚ ਲਿਖਿਆ ਨਾਵਲ ਹੈ - ਬੰਬਈ ਦੇ ਇੱਕ ਬੈਂਕ ਕਲੱਰਕ ਦੀ
ਕਹਾਣੀ ਜੋ ਇੱਕ ਸਰਕਾਰੀ ਘਪਲੇ ਵਿੱਚ ਕਾਬੂ ਆ ਜਾਂਦਾ ਹੈ। ਇਸ ਲਈ ਸਭ ਤੋਂ ਵਧੀਆ ਕਿਤਾਬ ਹੋਣ
ਦਾ ਕੌਮਨਵੈਲਥ ਰਾਈਟਰਜ਼ ਪ੍ਰਾਈਜ਼ ਮਿਲਿਆ, ਗਵਰਨਰ ਜਨਰਲ'ਜ਼ ਅਵਾਰਡ, ਬੁੱਕਰ ਅਤੇ ਟ੍ਰਿਲੀਅਮ
ਪ੍ਰਾਈਜ਼ ਲਈ ਸ਼ੌਰਟਲਿਸਟ ਹੋਇਆ। ਇਸ ਤੇ ਆਧਾਰਿਤ ਫਿਲਮ ਵੀ 1998 ਵਿੱਚ ਬਣੀ।
'ਏ ਫਾਈਨ ਬੈਲੈਂਸ' (1995)- ਇਹ 1975 ਵਿੱਚ 21 ਮਹੀਨਿਆਂ ਲਈ ਇੰਡੀਆ ਵਿੱਚ ਲੱਗੀ
ਐਮਰਜੈਂਸੀ ਦੇ ਦਿਨਾਂ ਦੀ ਦਾਸਤਾਂ ਹੈ। ਗਿੱਲਰ ਪ੍ਰਾਈਜ਼ ਲੈਣ ਤੋਂ ਅਗਲੇ ਹੀ ਸਾਲ ਇਸ ਨਾਵਲ
ਨੂੰ ਲੌਸ ਏਂਜਲੱਸ ਟਾਈਮਜ਼ ਦਾ ਬੁੱਕ ਪ੍ਰਾਈਜ਼ ਮਿਲਿਆ ਅਤੇ 1996 ਦੇ ਬੁੱਕਰ ਪ੍ਰਾਈਜ਼ ਲਈ ਵੀ
ਚੁਣਿਆ ਗਿਆ। ਸੰਨ 2001 ਵਿੱਚ ਓਪਰ੍ਹਾ ਵਿੰਫਰੀ ਦੀ ਬੁੱਕ ਕਲੱਬ ਵਿੱਚ ਚੁਣੇ ਜਾਣ ਤੇ ਸਾਰੀ
ਦੁਨੀਆਂ ਵਿੱਚ ਬਹੁਤ ਪਸੰਦ ਕੀਤਾ ਗਿਆ।
'ਫੈਮਿਲੀ ਮੈਟਰਜ਼' (2002) - ਬੰਬਈ ਵਿੱਚ ਰਹਿੰਦੇ ਇੱਕ ਪਾਰਸੀ ਬਜ਼ੁਰਗ ਦੀ ਕਹਾਣੀ ਹੈ ਜੋ
ਆਪਣੇ ਮਤਰੇਏ ਬੱਚਿਆਂ ਨਾਲ ਰਹਿੰਦਾ ਹੈ। ਇਸ ਨਾਵਲ ਲਈ ਰੋਹਿੰਤਨ ਮਿਸਤਰੀ ਨੇ ਯੂæਐਸ਼ਏæ ਦਾ
ਟੂਰ ਕੈਂਸਲ ਕੀਤਾ ਕਿਉਂਕਿ ਉਨ੍ਹਾਂ ਦੀ ਸ਼ਕਲ ਮੁਸਲਮਾਨ ਦੀ ਲੱਗਦੀ ਹੋਣ ਕਾਰਨ ਸਿਕਿਓਰਿਟੀ
ਚੈੱਕ ਬਹੁਤ ਹੀ ਵਧ ਗਏ ਸਨ। ਹਰ ਏਅਰਪੋਰਟ ਤੇ ਸਪੈਸ਼ਲ ਚੈਕਿੰਗ ਕੀਤੀ ਜਾਂਦੀ ਸੀ।
ਸੰਨ 2012 ਦਾ ਨਿਊਸਟੈੱਟ ਇੰਟਰਨੈਸ਼ਨਲ ਪ੍ਰਾਈਜ਼ ਜਿਸ ਨੂੰ ਅਮਰੀਕਾ ਦਾ ਨੋਬਲ ਪ੍ਰਾਈਜ਼ ਵੀ
ਕਿਹਾ ਜਾਂਦਾ ਹੈ, ਰੋਹਿੰਤਨ ਮਿਸਤਰੀ ਨੂੰ ਮਿਲਿਆ ਹੈ। ਰਾਜਾ ਰਾਓ ਤੋਂ ਬਾਅਦ ਇਹ ਇਨਾਮ
ਹਾਸਿਲ ਕਰਨ ਵਾਲੇ ਉਹ ਦੂਸਰੇ ਇੰਡੀਅਨ ਹਨ। ਸੰਨ 2011 ਵਿੱਚ ਵੀ ਉਨ੍ਹਾਂ ਦਾ ਨਾਂ ਮੈਨ
ਬੁੱਕਰ ਪ੍ਰਾਈਜ਼ ਲਈ ਸ਼ੌਰਟ-ਲਿਸਟ ਹੋਇਆ।
ਮਾਈਕਲ ਓਂਦਾਤੇਜੀ - ਦਾ ਜਨਮ 1943 ਵਿੱਚ ਸ੍ਰੀ ਲੰਕਾ ਦੇ ਸ਼ਹਿਰ ਕੋਲੰਬੋ ਵਿੱਚ ਹੋਇਆ ਅਤੇ
1954 ਵਿੱਚ ਆਪਣੀ ਮਾਤਾ ਨਾਲ ਇੰਗਲੈਂਡ ਗਏ ਅਤੇ 1962 ਵਿੱਚ ਕੈਨੇਡਾ ਆਏ। ਉਹ ਕੁਬੈਕ ਦੇ
ਸ਼ਹਿਰ ਲੈਂਕਸਵਿੱਲ ਵਿੱਚ ਬਿਸ਼ਪ ਕਾਲਜ ਅਤੇ ਯੂਨੀਵਰਸਿਟੀ ਵਿੱਚ ਪੜ੍ਹਦੇ ਰਹੇ। ਉਹਨਾਂ
ਟੋਰੌਂਟੋ ਯੂਨੀਵਰਸਿਟੀ ਤੋਂ ਬੀæਏæ ਅਤੇ ਕੁਈਨ'ਜ਼ ਯੂਨੀਵਰਸਿਟੀ ਤੋਂ ਐਮæਏæ ਕੀਤੀ ਅਤੇ ਲੰਡਨ
(ਔਨਟੈਰੀਓ) ਦੀ ਵੈਸਟਰੱਨ ਓਨਟੈਰੀਓ ਯੂਨੀਵਰਸਿਟੀ ਵਿੱਚ ਪੜ੍ਹਾਉਂਦੇ ਰਹੇ ਅਤੇ ਯੌਰਕ
ਯੂਨੀਵਰਸਿਟੀ ਅਤੇ ਗਲੈਂਡਨ ਕਾਲਜ ਵਿੱਚ 1971 ਤੋਂ 1988 ਤੱਕ। ਉਹ ਆਪਣੀ ਨਾਵਲਿਸਟ ਪਤਨੀ
ਲਿੰਡਾ ਸਪਾਲਡਿੰਗ ਨਾਲ ਕਈ ਮੈਗਜ਼ੀਨ ਵੀ ਐਡਿਟ ਕਰਦੇ ਰਹੇ। ਉਨ੍ਹਾਂ ਦੇ ਕਾਫ਼ੀ ਕਾਵਿ-ਸੰਗ੍ਰਹਿ
ਵੀ ਹਨ ਜਿਵੇਂ 'ਡੇਂਟੀ ਮੌਂਸਟਰਜ਼' (1967), 'ਦਾ ਮੈਨ ਵਿੱਦ ਸੈਵਨ ਟੋਜ਼' (1969), 'ਰੈਟ
ਜੈਲੀ' (1973) ਅਤੇ ਹੋਰ ਵੀ ਕਈ।
ਉਨ੍ਹਾਂ ਦੇ ਨਾਵਲ 'ਅਨਿਲ'ਜ਼ ਘੋਸਟ' ਨੂੰ ਸੰਨ 2000 ਵਿੱਚ ਗਿੱਲਰ ਪ੍ਰਾਈਜ਼ ਮਿਲਿਆ। ਇਸ
ਕਹਾਣੀ ਵਿੱਚ ਇੱਕ ਐਂਥਰੋਪੌਲੋਜਿਸਟ ਅਨਿਲ ਟਿਸੀਰਾ 15 ਸਾਲਾਂ ਬਾਅਦ ਆਪਣੇ ਦੇਸ਼ ਸ੍ਰੀ ਲੰਕਾ
ਵਿੱਚ ਪਹੁੰਚਦੀ ਹੈ। 1980 ਤੋਂ 1990 ਦੇ ਸਮੇਂ ਦੀ ਲੜਾਈ ਤੋਂ ਬਾਅਦ ਦੀ ਬਰਬਾਦੀ ਦੇ ਦ੍ਰਿਸ਼
ਅਤੇ ਲੋਕਾਂ ਦੇ ਡਿੱਗੇ ਹੋਏ ਹੌਂਸਲੇ ਦਿਖਾਏ ਹਨ। ਹਿਊਮਨ ਰਾਈਟਸ ਲਈ ਮੁੱਖ ਪਾਤਰ ਆਪਣੀ ਵਾਹ
ਲਾਉਂਦੀ ਹੈ। ਇਤਿਹਾਸਕ, ਰਾਜਨੀਤਕ ਅਤੇ ਲੋਕਾਂ ਦੇ ਟੁੱਟੇ ਦਿਲਾਂ ਦੀਆਂ ਕਹਾਣੀਆਂ ਰੋਚਕ
ਅੰਦਾਜ਼ ਵਿੱਚ ਲਿਖੀਆਂ ਹਨ ਅਤੇ ਇਨਸਾਨੀਅਤ ਦੀਆਂ ਕਦਰਾਂ ਕੀਮਤਾਂ ਤੇ ਕਈ ਸਵਾਲ ਖੜੇ ਕਰਦੀਆਂ
ਹਨ। 'ਡਿਵਿਸਡੈਰੋ' 2007 ਵਿੱਚ ਛਪੀ। ਸੰਨ 2011 ਵਿੱਚ ਉਨ੍ਹਾਂ ਦਾ ਨਾਵਲ 'ਦਾ ਕੈਟ'ਸ
ਟੇਬਲ' ਵੀ ਸ਼ੌਰਟਲਿਸਟ ਹੋਇਆ।
ਸ਼ਾਨੀ ਮੁੱਟੂ - ਦਾ ਜਨਮ ਆਇਰਲੈਂਡ ਦੇ ਸ਼ਹਿਰ ਡਬਲਿਨ ਵਿੱਚ ਹੋਇਆ ਪਰ ਉਨ੍ਹਾਂ ਦਾ ਬਚਪਨ
ਟ੍ਰਿਨੀਡਾਡ ਵਿੱਚ ਬੀਤਿਆ। 19 ਸਾਲ ਦੀ ਉਮਰ ਵਿੱਚ ਕੈਨੇਡਾ ਆਈ ਅਤੇ ਵੈਸਟਰੱਨ ਯੂਨੀਵਰਸਿਟੀ
ਵਿੱਚ ਪੜ੍ਹ ਕੇ ਪੇਂਟਰ ਅਤੇ ਵਿਡੀਓ ਪ੍ਰੋਡਿਊਸਰ ਬਣੀ। ਅੱਜਕਲ੍ਹ ਉਹ ਰਾਈਟਰ ਇਨ ਰੈਜ਼ੀਡੈਂਸ
ਹੈ ਅਤੇ ਗੁਅਲਫ਼ ਵਿੱਚ ਰਹਿੰਦੀ ਹੈ।
ਸੰਨ 1993 ਵਿੱਚ ਉਨ੍ਹਾਂ ਦਾ ਕਹਾਣੀ ਸੰਗ੍ਰਹਿ 'ਆਊਟ ਔਨ ਮੇਨ ਸਟਰੀਟ' ਛਪਿਆ। ਮੁੱਟੂ ਦੇ
ਆਪਣੇ ਪਰਿਵਾਰ ਦੇ ਇੰਡੀਆ, ਆਇਰਲੈਂਡ, ਟ੍ਰਿਨੀਡਾਡ ਅਤੇ ਕੈਨੇਡਾ ਵਿਚਲੇ ਇੱਕ ਪਰਵਾਸੀ ਦੇ
ਤੌਰ ਤੇ ਹੋਏ ਤਜਰਬਿਆਂ ਨੂੰ ਉਸ ਨੇ ਇਹਨਾਂ ਕਹਾਣੀਆਂ ਵਿੱਚ ਸਾਂਝਿਆਂ ਕੀਤਾ ਹੈ ਅਤੇ ਇਹ ਵੀ
ਕਿ ਬਹੁਤੇ ਧਰਾਤਲਾਂ ਨਾਲ ਜੁੜੇ ਹੋਏ ਇਨਸਾਨ ਨੂੰ ਕੀ ਕੁਝ ਸਹਿਣਾ ਪੈ ਸਕਦਾ ਹੈ ਅਤੇ
ਮਲਟੀਕਲਚਰ ਵਿੱਚ ਰਹਿੰਦੇ ਹੋਏ ਆਪਣੀ ਕਲਚਰ ਦੀਆਂ ਕਦਰਾਂ-ਕੀਮਤਾਂ ਨੂੰ ਸਾਂਭਣਾ ਕਿਵੇਂ
ਮੁਸ਼ਕਿਲ ਹੋ ਜਾਂਦਾ ਹੈ।
ਉਨ੍ਹਾਂ ਦਾ ਪਹਿਲਾ ਨਾਵਲ - 'ਸਿਰੀਅਸ ਬਲੂਮਜ਼ ਐਟ ਨਾਈਟ' 1997 ਵਿੱਚ ਗਿੱਲਰ ਪ੍ਰਾਈਜ਼ ਲਈ
ਸ਼ੌਰਟਲਿਸਟ ਹੋਇਆ ਸੀ। ਵੱਖਰੇ ਵੱਖਰੇ ਕਲਚਰ ਦੇ ਮਿਲਾਪ ਵਿੱਚੋਂ ਪੈਦਾ ਹੋਏ ਬੱਚਿਆਂ ਦੇ ਅਲੱਗ
ਜਿਹੇ ਰੂਪ ਦੇ ਅਤੇ ਉਹਨਾਂ ਦੇ ਮਾਨਸਿਕ ਦਵੰਦ ਦਿਖਾਏ ਹਨ ਇੱਕ ਪਾਤਰ ਮਾਲਾ ਦੇ ਰੂਪ ਵਿੱਚ,
ਜਿਸ ਦਾ ਬਚਪਨ ਅਤੇ ਜਵਾਨੀ ਵਕਤ ਆਪਣੇ ਪਿਤਾ ਦੇ ਹੱਥੀਂ ਸ਼ੋਸ਼ਨ ਹੋਇਆ। ਉਸ ਦੀ ਮਾਤਾ ਆਪਣੇ
ਪਤੀ ਨੂੰ ਛੱਡ ਜਾਂਦੀ ਹੈ ਅਤੇ ਇੱਕ ਹੋਰ ਔਰਤ ਵੀ ਉਸ ਦੇ ਪਿਤਾ ਦਾ ਤ੍ਰਿਸਕਾਰ ਕਰਦੀ ਹੈ ਤਾਂ
ਉਹ ਔਰਤਾਂ ਦਾ ਬਦਲਾ ਆਪਣੀਆਂ ਦੋਵਾਂ ਬੱਚੀਆਂ ਤੋਂ ਲੈਣ ਦਾ ਫੈਸਲਾ ਕਰਦਾ ਹੈ। ਪਿਤਾ ਹੱਥੋਂ
ਸਰੀਰਕ ਤੌਰ ਤੇ ਸ਼ੋਸ਼ਨ ਕੀਤੇ ਜਾਣ ਤੇ ਅਖੀਰ ਮਾਲਾ ਆਪਣੇ ਪਿਤਾ ਨੂੰ ਭੁੱਖਿਆਂ ਰੱਖਦੀ ਹੈ ਜਦ
ਤੱਕ ਉਸ ਦੀ ਮੌਤ ਨਹੀਂ ਹੋ ਜਾਂਦੀ। ਔਰਤ-ਮਰਦ ਦੇ ਅਤੇ ਮਰਦ-ਮਰਦ ਦੇ ਆਪਸੀ ਸਬੰਧਾਂ ਨੂੰ
ਝੁਠਲਾਉਂਦੇ ਪਿਆਰ ਦੀ ਕਹਾਣੀ ਹੈ ਅਤੇ ਔਰਤ ਜਾਂ ਮਰਦ ਹੋਣ ਦੇ ਸੱਚ ਤੇ ਇੱਕ ਵੱਡਾ ਸਵਾਲ ਖੜਾ
ਕਰਦੀ ਹੈ।
ਫਿਰ ਆਇਆ ਨਾਵਲ 'ਹੀ ਡਰਾਊਨਜ਼ ਸ਼ੀ ਇਨ ਦਾ ਸੀ', ਇਸ ਵਿੱਚ ਦੋ ਭਾਰਤੀ ਮੂਲ ਦੇ ਬਚਪਨ ਦੇ
ਦੋਸਤਾਂ, ਰੋਜ਼ ਸੰਘਾ ਅਤੇ ਉਨ੍ਹਾਂ ਦੇ ਨੌਕਰ ਦੇ ਬੇਟੇ ਹੈਰੀ ਦੀ ਇੱਕ ਕਲਪਿਤ ਕਰਿਬੀਅਨ
ਆਈਲੈਂਡ ਵਿੱਚ ਨਸਲਵਾਦ, ਰਾਜਨੀਤਕ ਅਤੇ ਪਰਿਵਾਰਕ ਉਲਝਣਾਂ ਨੂੰ ਲੈ ਕੇ ਸਿਰਜੀ ਕਹਾਣੀ ਹੈ।
ਸੰਨ 2009 ਵਿੱਚ ਨਾਵਲ 'ਵਾਲਮੀਕੀ'ਜ਼ ਡੌਟਰ' ਵੀ ਇਨਾਮ ਲਈ ਚੁਣਿਆ ਗਿਆ ਸੀ। ਟਰਿੱਨੀਡਾਡ ਦੇ
ਜਾਣੇ ਮਾਣੇ ਡਾਕਟਰ ਪਾਤਰ ਕਮਲ ਵੱਲੋਂ ਬੱਚਿਆਂ ਲਈ ਬਣਾਏ ਸੁਰੱਖਿਅਤ ਮਾਹੌਲ ਨੂੰ ਉਸ ਦੀ
ਬੇਟੀ ਵਿਵੇਕਾ ਪਿੰਜਰਾ ਸਮਝਣ ਲੱਗ ਪੈਂਦੀ ਹੈ ਅਤੇ ਉਸ ਨੂੰ ਤੋੜਣ ਦੀ ਕੋਸ਼ਿਸ਼ ਕਰਦੀ ਹੈ।
ਸ਼ੌਨਾ ਸਿੰਘ ਬਾਲਦਵਿਨ - ਉੱਤਰੀ ਭਾਰਤ ਵਿੱਚ ਪਲੀ ਹੋਈ ਪੰਜਾਬੀ ਪਰਿਵਾਰ ਦੀ ਬੱਚੀ, ਸ਼ੌਨਾ
ਸਿੰਘ ਬਾਲਦਵਿਨ ਦਾ ਜਨਮ ਮੌਂਟ੍ਰੀਆਲ ਵਿੱਚ ਹੋਇਆ ਪਰ ਬਚਪਨ ਇੰਡੀਆ ਵਿੱਚ ਬੀਤਿਆ। ਉਸ ਨੇ
ਮਾਰਕੁਇ ਯੂਨੀਵਰਸਿਟੀ ਤੋਂ ਐਮਬੀਏ ਅਤੇ ਬ੍ਰਿਟਿਸ਼ ਕੋਲੰਬੀਆ ਤੋਂ ਐਮਐਫਏ ਦੀਆਂ ਡਿਗਰੀਆਂ ਵੀ
ਲਈਆਂ। ਉਹ ਮੌਟ੍ਰੀਆਲ ਵਿੱਚ ਰੇਡੀਓ ਪ੍ਰੋਡਿਊਸਰ ਅਤੇ ਹੋਸਟ ਵੀ ਰਹੀ ਅਤੇ ਈ-ਕੌਮਰਸ ਸਲਾਹਕਾਰ
ਵੀ। ਉਹ 1991 ਤੋਂ 1994 ਤੱਕ 'ਸੁਣੋ' ਨਾਂ ਦਾ ਰੇਡੀਓ ਪ੍ਰੋਗ੍ਰਾਮ ਹੋਸਟ ਕਰਦੀ ਰਹੀ।
ਅੱਜਕਲ੍ਹ ਯੂæਐਸ਼ਏæ ਵਿੱਚ ਰਹਿੰਦੀ ਹੈ।
ਉਸ ਨੇ ਕਹਾਣੀ ਸੰਗ੍ਰਹਿ 'ਇੰਗਲਿਸ਼ ਲੈਸਨਜ਼ ਐਂਡ ਅਦਰ ਸਟੋਰੀਜ਼' ਲਿਖਿਆ। ਉਸ ਦੀਆਂ ਕਹਾਣੀਆਂ
ਪੰਜਾਬੀ ਪਰਿਵਾਰਾਂ ਦੇ ਇੰਡੀਆ ਅਤੇ ਕੈਨੇਡਾ ਦੋਹਾਂ ਥਾਵਾਂ ਵਿੱਚ ਰਹਿੰਦੇ, ਵਿਚਰਦੇ ਪਾਤਰਾਂ
ਦੀਆਂ ਦਿਲ ਖਿੱਚਵੇਂ ਅੰਦਾਜ਼ ਵਿੱਚ ਲਿਖੀਆਂ ਹੋਈਆਂ ਕਹਾਣੀਆਂ ਹਨ। ਉਸ ਦੇ ਇਸ ਕਹਾਣੀ
ਸੰਗ੍ਰਹਿ ਨੂੰ 1996 ਵਿੱਚ 'ਫ੍ਰੈਂਡਜ਼ ਔਫ਼ ਅਮੈਰਿਕਨ ਰਾਈਟਰਜ਼' ਵੀ ਹਾਸਿਲ ਹੋਇਆ।
ਜਦੋਂ ਉਹ ਇੰਡੀਆ ਵਿੱਚ ਸੀ, ਉਸ ਨੇ ਪਬਲਿਕ ਸਪੀਕਿੰਗ ਲਈ ਇੰਡੀਆ ਦੇ ਅੰਤਰ ਰਾਸ਼ਟਰੀ ਨਹਿਰੂ
ਅਵਾਰਡ ਦਾ ਗੋਲਡ ਮੈਡਲ ਜਿੱਤਿਆ। ਇੰਗਲਿਸ਼ ਵਿੱਚ ਵਾਰਤਿਕ ਲਿਖਣ ਲਈ ਭਾਰਤ ਦਾ ਸ਼ਾਸਤਰੀ ਅਵਾਰਡ
ਜਿੱਤਿਆ। ਉਸ ਨੇ ਛੋਟੇ ਵਾਰਤਿਕ ਲਿਖਣ ਲਈ 1995 ਵਿੱਚ 'ਰਾਈਟਰਜ਼ ਯੂਨੀਅਨ ਔਫ਼ ਕੈਨੇਡਾ'
ਅਵਾਰਡ ਹਾਸਿਲ ਕੀਤਾ ਅਤੇ 1997 ਵਿੱਚ 'ਕਨੇਡੀਅਨ ਲਿਟਰੇਰੀ ਅਵਾਰਡ'।
ਉਸ ਦਾ ਪਹਿਲਾ ਨਾਵਲ 'ਵੱਟ ਦਾ ਬੌਡੀ ਰਿਮੈਂਬਰਜ਼' 1921 ਵੇਲੇ ਦੇ ਭਾਰਤ ਵਿੱਚ ਇੱਕ ਐਕਸੀਅਨ
ਵੱਲੋਂ ਨਹਿਰਾਂ ਬਣਾਏ ਜਾਣ ਬਾਰੇ ਰੁਝੇਵਿਆਂ ਦੇ ਨਾਲ ਉਸ ਦੇ ਘਰੇਲੂ ਮਾਹੌਲ ਬਾਰੇ ਲਿਖਿਆ
ਗਿਆ ਹੈ। ਉਸ ਦੀ ਰੋਅਬਦਾਰ ਪਤਨੀ ਸਤਿਆ ਦੇ ਕੋਈ ਬੱਚਾ ਨਾ ਹੋਣ ਤੇ ਉਹ ਨੌਜਵਾਨ ਲੜਕੀ ਰੂਪ
ਨਾਲ ਵਿਆਹ ਕਰ ਲੈਂਦਾ ਹੈ। ਐਨੇ ਦਿਲ ਖਿਚਵੇਂ ਅੰਦਾਜ਼ ਵਿੱਚ ਉਹਨਾਂ ਨੇ ਇਹ ਪਾਤਰ ਚਿੱਤਰੇ ਹਨ
ਕਿ ਅਸੀਂ ਆਪਣੇ ਆਪ ਨੂੰ ਉਸ ਸਮੇਂ ਵਿੱਚ, ਉਸ ਹਾਲਾਤ ਵਿੱਚ ਵਿਚਰਦੇ ਮਹਿਸੂਸ ਕਰ ਸਕਦੇ ਹਾਂ।
ਸੰਨ 1947 ਵੇਲੇ ਦੀ ਵੰਡ ਦਾ ਵੀ ਦਿਲ ਟੁੰਬਵਾਂ ਨਕਸ਼ਾ ਖਿੱਚਿਆ ਹੈ। ਇਹ ਨਾਵਲ 1999 ਵਿੱਚ
ਕੈਨੇਡਾ, ਯੂæਕੇæ ਅਤੇ ਯੂæਐਸ਼ਏ ਵਿੱਚ ਛਪਿਆ ਜਿਸ ਨੂੰ 2000 ਵਿੱਚ ਕੈਨੇਡਾ-ਕ੍ਰਿਬੀਅਨ ਖੇਤਰ
ਦੀ ਸਭ ਤੋਂ ਵਧੀਆ ਕਿਤਾਬ ਵਜੋਂ 'ਕੌਮਨਵੈਲਥ ਰਾਈਟਰਜ'æ ਪ੍ਰਾਈਜ਼ ਮਿਲਿਆ ਅਤੇ ਚੌਦਾਂ
ਜ਼ੁਬਾਨਾਂ ਵਿੱਚ ਅਨੁਵਾਦ ਹੋਇਆ। ਉਸ ਨੂੰ 2003 ਵਿੱਚ ਵਿਸਕੌਂਸਿਨ ਆਰਟ ਬੋਰਡ ਵੱਲੋਂ
ਲਿਟਰੇਰੀ ਆਰਟ ਫੈਲੋਸ਼ਿਪ ਵੀ ਹਾਸਿਲ ਹੋਇਆ।
ਉਸ ਦਾ ਦੂਸਰਾ ਨਾਵਲ 'ਟਾਈਗਰ ਕਲਾਅ' ਇੱਕ ਸੂਫ਼ੀ ਮੁਸਲਿਮ ਸੀਕਰਟ ਏਜੰਟ ਦੀ ਮੁਹੱਬਤ ਅਤੇ
ਜਾਸੂਸੀ ਬਾਰੇ ਕਹਾਣੀ ਹੈ। ਜਦੋਂ ਪਾਤਰ ਨੂਰ ਇਨਾਇਤ ਖਾਂ ਦੇ ਪਿਤਾ ਜੋ ਸੂਫ਼ੀ-ਇਜ਼ਮ ਦੇ ਟੀਚਰ
ਸਨ, ਦੀ ਮੌਤ ਹੋ ਜਾਂਦੀ ਹੈ ਤਾਂ ਉਸ ਨੂੰ ਮਜਬੂਰਨ ਆਪਣੇ ਪਰਿਵਾਰ ਨਾਲ ਆਪਣੇ ਤੰਗ ਨਜ਼ਰੀਏ
ਵਾਲੇ ਅੰਕਲ ਕੋਲ ਰਹਿਣਾ ਪੈਂਦਾ ਹੈ। । ਉਸ ਨੂੰ ਸੌਰਬੋਨ ਵਿੱਚ ਇੱਕ ਜਿਊ ਸੰਗੀਤਕਾਰ ਆਰਮੈਂਡ
ਨਾਲ ਪਿਆਰ ਹੋ ਜਾਂਦਾ ਹੈ। ਜਰਮਨੀ ਵੱਲੋਂ 1940 ਵਿੱਚ ਹਮਲੇ ਵਕਤ ਆਰਮੰਡ ਉਸ ਨੂੰ ਉਥੋਂ
ਹਿਫ਼ਾਜ਼ਤ ਲਈ ਚਲੇ ਜਾਣ ਨੂੰ ਕਹਿੰਦਾ ਹੈ। ਨੂਰ ਪਰਿਵਾਰ ਨਾਲ ਇੰਗਲੈਂਡ ਚਲੀ ਤਾਂ ਜਾਂਦੀ ਹੈ
ਪਰ ਸਪੈਸ਼ਲ ਇੰਟੈਲੀਜੈਂਸ ਏਜੰਸੀ ਨਾਲ ਵਲੰਟੀਅਰ ਕਰਨ ਲੱਗ ਪੈਂਦੀ ਹੈ। ਗਰੁੱਪ ਦੀ ਰੇਡੀਓ
ਓਪਰੇਟਰ ਦੇ ਤੌਰ ਤੇ ਉਸੇ ਹੀ ਇਲਾਕੇ ਵਿੱਚ ਭੇਜ ਦਿੱਤੀ ਜਾਂਦੀ ਹੈ, ਨਾਲ ਹੀ ਉਹ ਆਰਮੰਡ ਦੀ
ਤਲਾਸ਼ ਕਰਦੀ ਹੈ। ਆਪਣੇ ਨਾਲ ਤਲਿਸਮੇ ਦੇ ਤੌਰ ਤੇ ਆਪਣੀ ਦਾਦੀ ਵੱਲੋਂ ਮਿਲਿਆ ਹੋਇਆ ਸੋਨੇ
ਜੜਿਆ ਸ਼ੇਰ ਦਾ ਪੰਜਾ (ਟਾਈਗਰ'ਜ਼ ਕਲਾਅ) ਲੈ ਜਾਂਦੀ ਹੈ। 1943 ਵਿੱਚ ਨੂਰ ਕੈਦ ਕੀਤੀ ਜਾਂਦੀ
ਹੈ ਅਤੇ ਕੈਦ ਵਿੱਚ ਛੁਪ ਕੇ ਆਪਣੇ ਫੜੇ ਜਾਣ ਦੀ ਪੂਰੀ ਦਾਸਤਾਂ ਲਿਖਦੀ ਰਹਿੰਦੀ ਹੈ। ਇਹ
ਨਾਵਲ 2004 ਦੇ ਗਿੱਲਰ ਪ੍ਰਾਈਜ਼ ਲਈ ਫਾਈਨਲ ਲਿਸਟ ਤੱਕ ਪਹੁੰਚਿਆ।
2007 ਵਿੱਚ ਉਸ ਦਾ ਕਹਾਣੀ ਸੰਗ੍ਰਹਿ 'ਵੀ ਆਰ ਨੌਟ ਇਨ ਪਾਕਿਸਤਾਨ' ਛਪਿਆ। ਇਸ ਵਿੱਚ ਸੈਂਟਰਲ
ਅਮਰੀਕਾ ਤੋਂ ਯੂæਐਸ਼ਏ ਦੇ ਦੱਖਣੀ ਹਿੱਸੇ ਤੱਕ ਅਤੇ ਮੈਟਰੋ ਟੋਰੌਂਟੋ ਤੋਂ ਯੂਕਰੇਨ ਤੱਕ
ਪਰਵਾਸ ਕਰਨ ਵਾਲੇ ਪਾਤਰਾਂ ਦੀਆਂ ਦੱਸ ਕਹਾਣੀਆਂ ਹਨ। 'ਵੀ ਆਰ ਨੌਟ ਇਨ ਪਾਕਿਸਤਾਨ' ਕਹਾਣੀ
ਵਿੱਚ 16 ਸਾਲਾਂ ਦੀ ਮੇਗਨ ਭਾਵੇਂ ਆਪਣੀ ਗ੍ਰੈਂਡ-ਮਾਂ ਨੂੰ ਨਫ਼ਰਤ ਕਰਦੀ ਹੈ ਪਰ ਉਸ ਦੇ ਗ਼ਾਇਬ
ਹੋ ਜਾਣ ਤੇ ਉਸੇ ਲਈ ਅੰਦਰੂਨੀ ਖਿੱਚ ਮੇਗਨ ਨੂੰ ਕਿਵੇਂ ਪਰੇਸ਼ਾਨ ਕਰਦੀ ਹੈ, ਦਿਖਾਇਆ ਗਿਆ
ਹੈ। 'ਨੈਣਾਂ' ਕਹਾਣੀ ਵਿੱਚ ਇੱਕ ਇੰਡੋ-ਕਨੇਡੀਅਨ ਔਰਤ ਇੱਕ ਬੱਚੀ ਦੀ ਮਾਂ ਬਣਨ ਵਾਲੀ ਹੈ ਜੋ
ਪੈਦਾ ਹੋਣ ਤੋਂ ਨਾਂਹ ਕਰ ਰਹੀ ਹੈæææ 'ਦਾ ਵਿਊ ਫਰੌਮ ਦਾ ਮਾਊਂਟੇਨ' ਵਿੱਚ ਵਿਲਸਨ ਆਪਣੇ
ਨਵੇਂ ਬੌਸ ਟੈੱਡ ਗ੍ਰੈਂਡ ਨਾਲ ਦੋਸਤੀ ਕਰਦਾ ਹੈ ਪਰ 9/11 ਤੋਂ ਬਾਅਦ ਕਿਵੇਂ ਟੈੱਡ ਦੀਆਂ
ਨਜ਼ਰਾਂ ਵਿੱਚ ਵਿਲਸਨ ਬਾਰੇ ਸ਼ੱਕ ਪੈਦਾ ਹੁੰਦਾ ਹੈ ਅਤੇ ਉਹਨਾਂ ਦੀ ਦੋਸਤੀ ਟੁੱਟ ਜਾਂਦੀ ਹੈ।
ਉਸ ਦਾ ਲਿਖਿਆ ਨਾਟਕ 'ਵੀ ਆਰ ਸੋ ਡਿਫਰੈਂਟ ਨਾਓ' ਪਸਰੀਚ ਪ੍ਰੋਡਕਸ਼ਨਜ਼ ਵੱਲੋਂ ਮਾਰਚ 2010
ਵਿੱਚ ਖੇਡਿਆ ਗਿਆ।
2012 ਵਿੱਚ ਉਸ ਦਾ ਨਾਵਲ 'ਸਿਲੈਕਟਰ ਔਫ਼ ਸੋਲਜ਼' ਛਪਿਆ ਹੈ। ਪਿਛਲੇ ਦੋ ਦਹਾਕਿਆਂ ਵਿੱਚ 90
ਮਿਲੀਅਨ ਬੱਚੀਆਂ ਦੇ ਭਰੂਣ-ਹੱਤਿਆ ਰਾਹੀਂ ਖ਼ਤਮ ਹੋ ਜਾਣ ਬਾਰੇ ਕਹਾਣੀ ਹੈ। ਦੋ ਪਾਤਰ ਹਨ,
ਦਾਮਿਨੀ- ਹਿੰਦੂ ਦਾਈ ਅਤੇ ਅਨੂੰ - ਪਤੀ ਹੱਥੋਂ ਬਹੁਤ ਤੰਗ ਆ ਕੇ ਤਲਾਕ ਲੈਣ ਦਾ ਮਨ ਬਣਾ
ਲੈਂਦੀ ਹੈ ਅਤੇ ਬੇਟੀ ਨੂੰ ਕੈਨੇਡਾ ਭੇਜਣ ਤੋਂ ਬਾਅਦ ਖ਼ੁਦ ਨੰਨ ਬਣ ਕੇ ਅਤੇ ਦਾਮਿਨੀ ਨਾਲ
ਮਿਲ ਕੇ ਲੋਕਾਂ ਦੀ ਸੇਵਾ ਹਿੱਤ ਅਬੌਰਸ਼ਨ, ਮੁੰਡੇ-ਕੁੜੀ ਦੇ ਲਿੰਗ-ਜਾਂਚ ਟੈਸਟ ਅਤੇ ਜਨਮ ਦੇਣ
ਦੇ ਅਧਿਕਾਰਾਂ ਬਾਰੇ ਜੁਟ ਜਾਂਦੀ ਹੈ।
ਇਨ੍ਹਾਂ ਲਿਖਤਾਂ ਵਿੱਚ ਦੁਨੀਆਂ ਦੇ ਅਲੱਗ ਅਲੱਗ ਹਿੱਸਿਆਂ ਵਿੱਚ ਸਾਊਥ ਏਸ਼ੀਅਨ ਪਰਵਾਸੀਆਂ ਦੀ
ਜ਼ਿੰਦਗੀ ਬਾਰੇ, ਉਨ੍ਹਾਂ ਥਾਵਾਂ ਦੇ ਰਹਿਣ ਸਹਿਣ ਅਤੇ ਕਲਚਰ ਬਾਰੇ ਬਹੁਤ ਕੁਝ ਪਤਾ ਲੱਗਦਾ
ਹੈ। ਇਸ ਜਾਣਕਾਰੀ ਨਾਲ ਸ਼ਾਇਦ ਹੋਰ ਵੀ ਸਾਊਥ ਏਸ਼ੀਅਨ ਲੇਖਕ ਪ੍ਰਭਾਵਿਤ ਹੋਣ ਅਤੇ ਗਿੱਲਰ
ਪ੍ਰਾਈਜ਼ ਜਾਂ ਹੋਰ ਕਿਸੇ ਅਵਾਰਡ ਲਈ ਸਾਡੇ ਜਾਣੇ ਪਛਾਣੇ ਲੇਖਕਾਂ ਦੀਆਂ ਕਿਤਾਬਾਂ ਵੀ ਚੁਣੀਆਂ
ਜਾਣ। ਸਾਡੇ ਲਈ ਹੋਰ ਵੀ ਮਾਣ ਦੀ ਗੱਲ ਹੋਵੇਗੀ।
-0-
|