ਮੇਰੇ ਤੇ ਤਰਸ ਨਾ ਖਾਓ
ਮੈਂ ਕਮਜ਼ੋਰ ਨਹੀਂ ਸਾਂ
ਆਖਰੀ ਦਮ ਤੱਕ ਮੈਂ ਲੜੀ
ਤਰਸ ਕਰ ਕੇ ਮੈਨੂੰ ਨੀਵਾਂ ਨਾ ਦਿਖਾਓ
ਤਰਸ ਹੁਣ ਤੁਸੀਂ ਖੁਦ ਤੇ ਕਰੋ
ਕਿਓਂਕਿ ਕਲ ਨੂੰ ਤੁਹਾਡੇ ' ਚੋਂ
ਹੀ ਕਿਸੇ ਦੀ ਮਾਂ , ਧੀ ਤੇ ਭੈਣ ਦੀ ਬਾਰੀ ਹੈ
ਬਸ ਵਕਤ ਦੀ ਗੱਲ ਹੈ
ਮੈਂ ਕਦੀ ਵੀ ਕਮਜ਼ੋਰ ਨਹੀਂ ਸਾਂ
ਸੂਰਜ ਨਾਲ ਅੱਖ ਲੜਾ ਕੇ
ਜੀਣ ਦੀ ਹਿੰਮਤ ਰਖਦੀ ਸਾਂ
ਤਾਂ ਹੀ ਤਾਂ ਜੋਤੀ ਮੇਰਾ ਨਾਂ ਸੀ
ਕੁਝ ਸ਼ਰਮ ਹੈ ਤੁਹਾਨੂੰ ਤਾਂ
ਸ਼ਾਇਦ ਕਦੀ ਮੈਂ ਥੋੜ੍ਹਾ ਜਿਹਾ
ਤੁਹਾਨੂੰ ਮੁਆਫ ਕਰ ਸਕਾਂ
ਮਾਂ ਵੱਲ ਗੌਰ ਨਾਲ ਤੱਕੋ
ਉਹ ਤੁਹਾਡੇ ਹੁੰਦਿਆ ਵੀ ਹਿਫ਼ਾਜ਼ਤ ਵਿੱਚ ਨਹੀਂ ਹੈ
ਧੀ ਨਾਲ ਤੁਰਦਿਆਂ ਚੇਤੇ ਰੱਖਣਾ
ਤੁਹਾਡੇ ਆਲੇ ਦੁਆਲੇ
ਤੁਹਾਡੇ ਹੀ ਪਾਲੇ ਪੋਸੇ ਦਰਿੰਦੇ ਹਨ
ਭੈਣ ਦੇ ਚਿਹਰੇ ਵੱਲ ਤੱਕੋ
ਉਸ ਦੇ ਉਲ੍ਹਾਮੇ ਵਿੱਚ ਮੈਂ ਵੱਸਦੀ ਹਾਂ
ਮੇਰੇ ਤੇ ਤਰਸ ਨਾ ਕਰੋ
ਖੁਦ ਤੇ ਤਰਸ ਕਰੋ
ਹੁਣ ਖੁਦ ਤੋਂ ਤੁਹਾਨੂੰ
ਕੋਈ ਨਹੀਂ ਬਚਾ ਸਕਦਾ
ਨਾਹਰਿਆਂ ਤੇ ਜਲਸਿਆਂ ਦਾ ਕੀ ਫਾਇਦਾ
ਇਨ੍ਹਾਂ ਨਾਲ ਕਦ ਤੁਸੀਂ ਕਿਸੇ ਨੂੰ
ਇਨਸਾਫ਼ ਦੁਆਇਆ ਹੈ
ਇਸ ਤਰ੍ਹਾਂ ਕਰ ਖੁਦ ਨੂੰ ਧੋਖਾ ਨਾ ਦਿਓ
ਰੱਬ ਦੇ ਵਾਸਤੇ ਚੁੱਪ ਹੋ ਜਾਓ
ਮੈਂਨੂੰ ਆਪਣੇ ਖੁਦਾ ਦੀਆਂ ਬਾਹਾਂ ਵਿੱਚ
ਸੌਂ ਜਾਣ ਦਿਓ
ਮੈਂਨੂੰ ਛੱਡ ਆਪਣੇ ਆੳਣ ਵਾਲੇ
ਕੱਲ ਤੇ ਤਰਸ ਕਰੋ
ਕਿਓਂਕਿ ਮੇਰੇ ਨਾਲ ਨਹੀਂ -
ਬਲਾਤਕਾਰ ਤੁਹਾਡੇ ਨਾਲ ਹੋਇਆ ਹੈ
-0-
|