ਉਜਾੜ
ਮੈਨੂੰ ਕਰ ਹੁਣ ਸੁਪਨਿਆ ਦੀ ਕੈਦ ਤੋਂ ਅਜਾਦ
ਬੜੀ ਲੰਬੀ ਹੋ ਗਈ ਉਡੀਕ
ਖੋਲ ਦੇ ਮੇਰਾ ਪਿੰਜਰਾ ਹੁਣ
ਸੀਖਾਂ ਚੁਭਦੀਆਂ ਹਨ
ਇਸ ਬੰਧਨ ਦੀਆ
ਮੇਰੀ ਚੁੰਝ ਵੀ ਭੁਰ ਗਈ ਹੈ
ਠਕੋਰ ਠੋਕਰ ਕੇ
ਤੂੰ ਪਿੰਜਰਾ ਖੋਲਿਆ
ਮੈ ਚੋਗ ਵੇਖੀ
ਕੌਲੀ ਵਿਚ ਪਿਆ ਪਾਣੀ ਵੇਖਿਆ
ਬਾਹਰ ਅੰਤਾਂ ਦਾ ਕੋਰ੍ਹਾ
ਯਖ ਠੰਡੀ ਹਵਾ ਦਾ ਰੁਦਨ
ਦਿਲ ਨੂ ਵਿੰਨਦੀਆਂ ਚੀਖਾਂ
ਲੀਰੋ ਲੀਰ ਵਸਤਰ
ਸੜਕਾਂ ਤੇ ਰੁਲਦੀ ਅਸਮਤ
ਲੈ ਵੇਖ ਤੇਰੇ ਦਿਤੇ
ਸੁਖਾਂ ਦੀ ਕੈਦ
ਤੇ ਬਦਲੇ ਮੌਸਮ ਦਾ ਮਿਜ਼ਾਜ਼
ਮੇਰੇ ਖੰਭ ਉਡਣਾ ਭੁਲ ਗਏ
ਤੇ ਮੈ ਮਿਠੀ ਕੈਦ
ਦੀ ਆਦੀ ਹੋ ਗਈ..........
ਨਾ ਕੋਈ ਉੜਾਨ ਬਾਕੀ
ਨਾ ਕੋਈ ਆਕਾਸ਼ ਮੇਰੇ ਹਿੱਸੇ ਦਾ
ਪਰ ਤੈਨੂ ਕੀ ਫਰਕ ਪੈਂਦਾ ਹੈ......
2. ਚੁੱਪ
ਚੁੱਪ ਭਲੀ ਹੁੰਦੀ ਹੈ ਜਾ ਬੁਰੀ
ਨਹੀ ਜਾਣਦੀ
ਪਰ ਚੁਪ ਦੇ ਮੌਸਮ ਵਿਚ
ਸਭ ਕੁਝ ਠਰਿਆ ਜਿਹਾ
ਅਧੂਰੇ ਜਿਹੇ ਸ਼ਬਦ ,
ਦਬੇ ਭੇਤ, ਰੇਤ ਦੀ ਕੰਧਾਂ
ਅੰਤਹੀਣ ਪੈਂਡੇ
ਗੋਡਿਆਂ ਵਿਚ ਦਿਤਾ ਸਿਰ
ਮਣਾਂ ਮੂਹੀ ਭਾਰ
ਗੁੰਗੇ ਸ਼ਿਕਵੇ
ਘਸ੍ਮੇਲੇ ਸ਼ੀਸ਼ੇ
ਬੇਖਬਰ ਜਿਹਾ ਅਕਸ
ਜਾਣਦਾ ਹੈ ਕਿ
ਹੰਝੂਆਂ ਭਿਜੀਆਂ ਅਖਾਂ
ਨੂੰ ਸਮਰਥ ਦੇਖਣ ਲਈ
ਪਲਕਾਂ ਨੂ ਪਲੋਸਣ ਵਾਲੇ
ਹਥਾਂ ਦਾ ਸਾਬਤ ਹੋਣਾ ਲਾਜ਼ਮੀ ਹੁੰਦਾ ਹੈ ।
3. ਕਣ
ਮੈ ਨਿਕਾ ਜਿਹਾ ਧਰਤੀ ਦਾ ਕਣ
ਐ ਹਵਾ ! ਵਾਸਤਾ ਮੇਰੀ ਹੋਂਦ ਦਾ
ਮੈਨੂੰ ਲੈ ਜਾਵੀਂ ਨਾ ਅਸਮਾਨ ਤੇ
ਮੈ ਆਪਣੀ ਮਾਂ ਤੋਂ ਦੂਰ ਨਹੀ ਜਾਣਾ
ਤੂ ਬੇਸ਼ਕ ਬਹੁਤ ਤਾਕ਼ਤਵਰ ਹੈ
ਪਰ ਮੇਰੀ ਅਰਜੋਈ ਹੈ
ਮੈ ਜੁਦਾ ਹੋਇਆ ਨਾ ਮੁੜ ਸਕਾਂਗਾ
ਫਿਰ ਕੌਣ ਕਰੇਗਾ ਮੇਰੀ ਪਹਚਾਨ
ਜਿਹਨਾ ਦੀ ਹੋਂਦ ਨਹੀ ਹੁੰਦੀ
ਓਹ ਬੇਗਾਨੀ ਜੁਹ੍ਹਾਂ ਵਿਚ ਪਲਦੇ ਹਨ
ਮੈਨੂ ਮੇਰੀ ਜੜਾ ਵਿਚ ਰਹਿਣ ਦੇ
ਮੈ ਰੁਖਾਂ ਦੀ ਖੁਰਾਕ ਬਨਾਗਾ
ਫਿਰ ਤੂ ਫੁਲ ਪਤਿਆ ਨੂ ਚੁਮੀਂ
ਮਹਿਕ ਨੂੰ ਪਰਵਾਜ ਦੇਵੀਂ
ਇੰਜ ਸਾਰਾ ਲੋਕਾਈ ਸੁਗੰਧਿਤ ਹੋ ਜਾਵੇਗੀ
ਇੰਜ ਮੈ ਸਭ ਦੇ ਕਮ ਆਵਾਂਗਾ
ਫਿਰ ਕੋਈ ਗਿੱਲਾ ਨਹੀ ਹੋਵੇਗਾ
ਮੇਰੀ ਆਖਰੀ ਇਛਾ ਹੈ
ਮੈਨੂੰ ਮੇਰੀ ਰੂਹ ਦੇ ਹਾਣ ਦਾ ਹੋ ਲੈਣ ਦੇ
ਭੋਲੀਏ ! ਆਖਰੀ ਨੂੰ ਤਾ ਪੂਰੀ ਕਰ ਦੇ !!!!!
-0- |