ਜਲੰਧਰ, 21 ਜਨਵਰੀ: ਦੇਸ਼
ਭਗਤ ਯਾਦਗਾਰ ਕਮੇਟੀ ਜਲੰਧਰ ਵੱਲੋਂ ਗ਼ਦਰ ਸ਼ਤਾਬਦੀ ਨੂੰ ਸਮਰਪਤ 28 ਸਫ਼ਿਆਂ ਦਾ ਜਾਰੀ ਕੀਤਾ
ਕੈਲੰਡਰ ਮਹਿਜ਼ ਤਾਰੀਖਾਂ ਦਾ ਵਰਨਣ ਨਹੀਂ ਸਗੋਂ ਸੰਗਰਾਮ ਨੂੰ ਹਰ ਘਰ ਪਰਿਵਾਰ, ਲਾਇਬ੍ਰੇਰੀ,
ਖੋਜ਼ ਕੇਂਦਰਾਂ ਅਤੇ ਲੋਕ ਹਿੱਤਾਂ ਨੂੰ ਸਮਰਪਤ ਕੇਂਦਰਾਂ, ਦਫ਼ਤਰਾਂ ਅਤੇ ਸਰਗਰਮੀਆਂ ਦੌਰਾਨ
ਸਾਂਭਣਯੋਗ ਅਮੁੱਲੀ ਇਤਿਹਾਸਕ ਦਸਤਾਵੇਜ਼ ਹੈ।
ਦੇਸ਼ ਭਗਤ ਯਾਦਗਾਰ ਕਮੇਟੀ
ਦੇ ਟਰੱਸਟੀ ਡਾ. ਵਰਿਆਮ ਸਿੰਘ ਸੰਧੂ ਦੇ ਲੇਖਨ ਅਤੇ ਨਿਰਦੇਸ਼ਨ ‘ਚ ਕੁਲਵਿੰਦਰ ਖਹਿਰਾ
ਟੋਰਾਂਟੋ, ਗੁਰਦੀਪ ਸਿੰਘ ਦੇਸ਼ ਭਗਤ ਯਾਦਗਾਰ ਹਾਲ ਜਲੰਧਰ, ਸਹਾਇਕ ਉਕਾਰਪ੍ਰੀਤ ਟੋਰਾਂਟੋ,
ਸੀਤਾ ਰਾਮ ਬਾਂਸਲ ਅਤੇ ਵਿਸ਼ੇਸ਼ ਕਰਕੇ ਗ਼ਦਰ ਸ਼ਤਾਬਦੀ ਕਮੇਟੀ ਟੋਰਾਂਟੋ ਦੇ ਸਹਿਯੋਗ ਨਾਲ ਗ਼ਦਰ
ਸ਼ਤਾਬਦੀ ਮੁਹਿੰਮ ਲਈ ‘ਕੁੱਜੇ ‘ਚ ਬੰਦ ਸਮੁੰਦਰ‘ ਜਿਹੀ ਬਹੁਰੰਗੀ ਦਸਤਾਵੇਜ਼ ਰਵਾਇਤੀ
ਕੈਲੰਡਰਾਂ ਦੇ ਬੇਢੱਬੇਪਣ ਅਤੇ ਬਾਜ਼ਾਰੂ ਨਜ਼ਰੀਏ ਦੇ ਸਮਾਨਅੰਤਰ ਬਦਲਵੀਂ ਸਾਂਭਣਯੋਗ ਨਿਸ਼ਾਨੀ
ਹੈ।
ਇਹ ਕੈਲੰਡਰ ਮੁੱਢਲੀ ਪ੍ਰਕਾਸ਼ਨਾ ਵਜੋਂ ਪੰਜਾਬੀ ਅਤੇ ਅੰਗਰੇਜ਼ੀ ਦੋ ਭਾਸ਼ਾਵਾਂ ਵਿੱਚ ਇਕੋਂ
ਸਮੇਂ ਪ੍ਰਕਾਸ਼ਿਤ ਕੀਤਾ ਗਿਆ ਹੈ। ਪਰ ਅਜ਼ਾਦੀ ਸੰਗਰਾਮ ਦੀ ਤਵਾਰੀਖ਼ ਨੂੰ ਪ੍ਰਣਾਈ ਸਾਂਝੀ
ਧਰਤੀ, ਸਾਂਝੀ ਵਿਰਾਸਤ ਦੀ ਦ੍ਰਿਸ਼ਟੀ ਤੋਂ ਇਸ ਦੀ ਪ੍ਰਕਾਸ਼ਨਾ ਲਈ ਪਾਕਿਸਤਾਨ ‘ਚ ਵੀ ਉੱਦਮ
ਜੁਟਾਏ ਜਾ ਰਹੇ ਹਨ। ਇਸ ਤੋਂ ਇਲਾਵਾ ਕੈਨੇਡਾ, ਅਮਰੀਕਾ, ਇੰਗਲੈਂਡ ਆਦਿ ਦੇਸ਼ਾਂ ਅੰਦਰ ਵੀ ਇਸ
ਦੀ ਪ੍ਰਕਾਸ਼ਨਾ ਲਈ ਗ਼ਦਰ ਸ਼ਤਾਬਦੀ ਮੁਹਿੰਮ ਕਮੇਟੀਆਂ ਦੇ ਗਠਨ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ
ਹੈ।
ਅੱਜ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਦੇ ਦੁਆਰ ਅੱਗੇ ਬਣੇ ਗ਼ਦਰ ਪਾਰਟੀ ਦੇ ਬਾਲ ਜਰਨੈਲ ਸ਼ਹੀਦ
ਕਰਤਾਰ ਸਿੰਘ ਸਰਾਭਾ ਮੰਚ ਤੋਂ ਇਹ ਕੈਲੰਡਰ ਜਾਰੀ ਕਰਕੇ ਲੋਕ ਹੱਥਾਂ ਤੱਕ ਪਹੁੰਚਾਉਣ ਦੀ
ਮੁਹਿੰਮ ਦਾ ਆਗਾਜ਼ ਕੀਤਾ ਗਿਆ। ਇਸ ਮੌਕੇ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਜਨਰਲ ਸਕੱਤਰ
ਡਾ. ਰਘਬੀਰ ਕੌਰ, ਉਪ ਪ੍ਰਧਾਨ ਅਤੇ ਗ਼ਦਰ ਸ਼ਤਾਬਦੀ ਮੁਹਿੰਮ ਕਮੇਟੀ ਕੋਆਰਡੀਨੇਟਰ ਨੌਨਿਹਾਲ
ਸਿੰਘ, ਕੋ-ਕੋਆਰਡੀਨੇਟਰ ਗੁਰਮੀਤ, ਇਸ ਕੈਲੰਡਰ ਦੇ ਲੇਖਕ, ਨਿਰਦੇਸ਼ਕ ਅਤੇ ਟਰੱਸਟੀ ਡਾ.
ਵਰਿਆਮ ਸਿੰਘ ਸੰਧੂ, ਵਿੱਤ ਸਕੱਤਰ ਰਘਬੀਰ ਸਿੰਘ ਛੀਨਾ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ
ਸਿੰਘ ਤੋਂ ਇਲਾਵਾ ਚਰੰਜੀ ਲਾਲ ਕੰਗਣੀਵਾਲ ਤੇ ਹਰਬੀਰ ਕੌਰ ਬੰਨੂਆਣਾ ਵੀ ਹਾਜ਼ਰ ਸਨ।
ਇਸ ਕੈਲੰਡਰ ਦਾ ਮੁੱਖ ਪੰਨਾ ਹੀ ਬੀਤੇ ਸੌ ਵਰ੍ਹਿਆਂ ਦੇ ਇਤਿਹਾਸ ਦੀਆਂ ਅਭੁੱਲ ਪੈੜ੍ਹਾਂ ਦਾ
ਸੰਗਮ ਅਤੇ ਲਹੂ ਵੀਟਵੇਂ ਅਜ਼ਾਦੀ ਸੰਗਰਾਮ ਦੀ ਸਰਗਮ ਹੈ। ਗ਼ਦਰ ਪਾਰਟੀ ਦੇ ਝੰਡਿਆਂ ਦੀ ਲੋਅ
‘ਚੋਂ ਉਭਰਦਾ ਸੁਨੇਹਾ ਸਾਡੇ ਸਮਿਆਂ ਲਈ ਤਿੱਖੀ ਵੰਗਾਰ ਹੈ:
ਹਿੰਦ ਵਾਸੀਓ ਰੱਖਣਾ ਯਾਦ ਸਾਨੂੰ,
ਕਿਤੇ ਦਿਲਾਂ ‘ਚੋਂ ਨਾ ਭੁਲਾ ਜਾਣਾ।
ਜਨਵਰੀ 2013 ਤੋਂ ਦਸੰਬਰ 2013 ਤੱਕ ਮਹੀਨੇਵਾਰ ਢੁਕਵੇਂ ਇਤਿਹਾਸਕ ਕਾਲ, ਤਸਵੀਰਾਂ, ਤੱਥਾਂ
ਅਤੇ ਉਪਲੱਭਧ ਵੇਰਵਿਆਂ ਦੀ ਵਰਨਣਯੋਗ ਤਸਵੀਰ ਦਾ ਗੁਲਦਸਤਾ ਤਿਆਰ ਕਰਨ ਲਈ ਜੁਟਾਈ ਮਿਹਨਤ
ਕੈਲੰਡਰ ਵੇਖਿਆ ਹੀ ਬਣਦੀ ਹੈ। ਮੂੰਹੋਂ ਬੋਲਦਾ ਇਤਿਹਾਸਕ ਵੇਰਵਾ, ਧੁਰ ਮਨੋਂ ਝੰਜੋੜਦੇ
ਵਲਵਲੇ, ਅੰਤਰ-ਝਾਤ, ਸਵੈ-ਮੰਥਨ ਅਤੇ ਅਜੋਕੀਆਂ ਵੰਗਾਰਾਂ ਦੇ ਸਨਮੁੱਖ ਕੀ ਕਰਨਾ ਲੋੜੀਏ?
ਵਰਗੇ ਸਵਾਲਾਂ ਦਾ ਝੁਰਮਟ ਖੜ੍ਹਾ ਕਰਦਾ ਹੈ ਇਹ ਇਤਿਹਾਸਕ ਕੈਲੰਡਰ।
ਜਨਵਰੀ (ਗ਼ਦਰ ਪਾਰਟੀ ਸਥਾਪਨਾ), ਫਰਵਰੀ (ਯੁਗਾਂਤਰ ਆਸ਼ਰਮ), ਮਾਰਚ (ਗੁਰਦੁਆਰਾ ਸਿੱਖ
ਟੈਂਪਲ), ਅਪ੍ਰੈਲ (ਕਾਮਾਗਾਟਾ ਮਾਰੂ), ਮਈ (ਕਾਗਦ ਨਹੀਂ ਇਹ ਝੰਡਾ ਹੈ), ਜੂਨ (ਸਾਜ਼ਿਸ਼
ਕੇਸਾਂ ਅਤੇ ਸਜ਼ਾਵਾਂ ਦਾ ਸਿਲਸਿਲਾ), ਜੁਲਾਈ (ਗ਼ਦਰੀਆਂ ਦਾ ਗੜ੍ਹ ਗੁਰਦੁਆਰਾ ਝਾੜ ਸਾਹਿਬ),
ਅਗਸਤ (ਜਿਨ੍ਹਾਂ ਦਾ ਕਦੇ ਕਿਸੇ ਗੀਤ ਨਾ ਗਾਇਆ), ਸਤੰਬਰ (ਸੈਲੂਲਰ ਜੇਲ੍ਹ ਕਾਲੇ ਪਾਣੀ),
ਅਕਤੂਬਰ (ਗ਼ਦਰ ਦੇ ਹਿੰਦੁਸਤਾਨੀ ਹੀਰੇ), ਨਵੰਬਰ (ਦੇਸ਼ ਭਗਤ ਯਾਦਗਾਰ ਕੇਂਦਰ), ਦਸੰਬਰ
(ਲਾਹੌਰ ਸੈਂਟਰਲ ਜੇਲ੍ਹ ‘ਚ ਫਾਂਸੀ ਦਾ ਫੰਦਾ) ਦੀਆਂ ਦੁਰਲੱਭ ਮੌਲਿਕ ਤਸਵੀਰਾਂ ਅਤੇ
ਪ੍ਰਮਾਣਿਕ ਵੇਰਵਾ ਮੁੱਲਵਾਨ ਕਿਤਾਬਚੇ ਨੂੰ ਕੈਲੰਡਰ ਦੇ ਲਿਬਾਸ ‘ਚ ਪੇਸ਼ ਕਰਨ ਦੀ ਜੁਗਤ ਦਾ
ਖੂਬਸੂਰਤ ਪ੍ਰਮਾਣ ਹੈ।
ਇਹ ਕੈਲੰਡਰ ਜਾਰੀ ਕਰਦਿਆਂ ਕਮੇਟੀ ਨੇ ਦੇਸ਼-ਬਦੇਸ਼ ਦੀਆਂ ਸਮੂਹ ਸੰਸਥਾਵਾਂ ਅਤੇ ਵਿਅਕਤੀਆਂ
ਨੂੰ ਲੋਕ ਹੱਥਾਂ ਤੱਕ ਪਹੁੰਚਾਉਣ ਲਈ ਅਪੀਲ ਕੀਤੀ ਹੈ।
ਜਾਰੀ ਕਰਤਾ: ਅਮੋਲਕ ਸਿੰਘ
ਕਨਵੀਨਰ, ਸਭਿਆਚਾਰਕ ਵਿੰਗ
94170 76735
-0- |