Welcome to Seerat.ca
|
|
ਗਲੀਆਂ
ਦੇ ਕੁੱਤੇ (ਕੈਨੇਡੀਅਨ ਪਰਿਪੇਖ)
- ਗੁਰਦੇਵ ਚੌਹਾਨ
|
ਕੈਨੇਡਾ ਬਾਰੇ ਗਲਾਂ ਤਾਂ
ਬਹੁਤ ਕੀਤੀਆਂ ਜਾ ਸਕਦੀਆਂ ਹਨ ਪਰ ਸਭ ਤੋਂ ਵੱਧ ਇਥੇ ਆਏ ਹਰ ਵਿਦੇਸ਼ੀ, ਖਾਸ ਕਰ ਕੇ ਭਾਰਤੀ
ਅਤੇ ਪੰਜਾਬੀ ਲਈ ਜਿਹੜੀ ਗਲ ਉਸ ਨੂੰ ਵੇਖਣ ਨੂੰ ਬਹੁਤ ਵੱਖਰੀ ਲਗਦੀ ਹੈ ਉਹ ਹੈ ਇੱਥੇ ਦੀਆਂ
ਗਲੀਆਂ ਦੀ ਸੁੰਨੀਆਂ ਅਤੇ ਖੁੱਲਾਪਣ। ਜੇਕਰ ਮਿਰਜਾ ਅੱਜਕੱਲ੍ਹ ਜਿਉਂਦਾ ਹੋਵੇ ਅਤੇ ਉਸ ਦੀ
ਸਾਹਿਬਾਂ ਦਾ ਪਿੰਡ ਬਰੈਂਪਟਨ ਦੀ ਕਿਸੀ ਗਲੀ ਵਿਚ ਹੋਵੇ ਤਾਂ ਉਹ ਆਪਣੀ ਸਾਹਿਬਾਂ ਨੂੰ ਮਿਲਣ
ਦੇ ਮੌਕਿਆਂ ਲਈ ਕਦੇ ਇੰਨੀਆਂ ਸੁੰਨੀਆਂ ਗਲੀਆਂ ਨਾ ਮੰਗੇ। ਵੱਧ ਤੋਂ ਵੱਧ ਉਹ ਚਾਹੇਗਾ ਕਿ
ਉਸਦੀ ਗਲੀ ਦੀ ਨੁੱਕਰ ਤੇ ਇਕ ਟਿਮ ਹੌਰਟਨ ਹੋਵੇ। ਨਾ ਹੀ ਕੋਈ ਪੀਲੂ ਉਸ ਲਈ ਇਹ ਲਾਈਨ ਲਿਖੇ
" ਉਹ ਗਲੀਆਂ ਹੋ ਜਾਣ ਸੁੰਨੀਆਂ ਜਿੱਥੇ ਮਿਰਜਾ ਯਾਰ ਫਿਰੇ।"
ਖ਼ੈਰ ਕੈਨੇਡਾ ਦੀਆਂ ਗਲੀਆਂ ਮੁਕਾਬਲਤਨ ਇਸ ਕਰ ਕੇ ਵੀ ਪੰਜਾਬੀਆਂ ਨੂੰ ਸੁੰਨੀਆਂ ਲਗਦੀਆਂ ਹਨ
ਕਿ ਇਹਨਾਂ ਵਿਚ ਢੋਰ ਡੰਗਰ ਪਿਸ਼ਾਬ ਨਾਲ ਆਪਣੀਆਂ ਲਿੱਬੜੀਆਂ ਪੂਛਾਂ ਹਿਲਾਂਦੇ ਫਿਰਦੇ ਨਹੀਂ
ਦਿੱਸਦੇ। ਨਾ ਹੀ ਅੱਧਖੜ ਝੋਟੇ ਅਤੇ ਤੋਕੜ ਅਤੇ ਵੇਲਾ ਵਿਹਾ ਗਈਆਂ ਗਾਈਆਂ ਇੱਥੇ ਚਲਦੀ ਸੜਕ
ਵਿਚਕਾਰ ਦੁਪਿਹਰ ਦੀ ਰੋਟੀ ਖਾਣ ਤੋਂ ਬਾਅਦ ਦੀ ਤਸੱਲੀ ਨਾਲ ਬੈਠੀਆਂ ਨਜ਼ਰ ਆਉਂਦੀਆਂ ਹਨ।
ਪਿਛਲੇ ਪੌਣੇ ਡੇਢ ਸਾਲ ਵਿਚ ਮੈਂ ਇੱਥੇ ਦੀ ਕਿਸੀ ਸੜਕ ਅਤੇ ਗਲੀ ਵਿਚ ਅਵਾਰਾ ਕੁੱਤਾ ਅਤੇ
ਘਰੇਲੂ ਅਤੇ ਅਵਾਰਾ ਡੰਗਰ ਨਹੀਂ ਵੇਖਿਆ। ਇਹ ਨਹੀਂ ਹੈ ਕਿ ਇਥੇ ਡੰਗਰ ਅਤੇ ਪਾਲਤੂ ਕੱਤੇ
ਨਕਾਰਾ ਹੁੰਦੇ ਹੀ ਨਹੀਂ ਪਰ ਉਹਨਾਂ ਨੂੰ ਕਦੇ ਵੀ ਨਕਾਰਾ ਸਮਝ ਕੇ ਸੜਕਾਂ ਤੇ ਰੁਲਣ ਲਈ ਨਹੀਂ
ਛੱਡ ਦਿੱਤਾ ਜਾਂਦਾ। ਇੱਥੇ ਜਿਹੜੇ ਡੰਗਰ ਬਿਮਾਰ ਹੋ ਜਾਂਦੇ ਹਨ ਉਹਨਾਂ ਦਾ ਇਲਾਜ ਕਰਾਇਆ
ਜਾਂਦਾ ਹੈ ਅਤੇ ਬੀਮਾਰੀ ਨਾਲ ਮਰ ਜਾਣ ਤੇ ਉਹਨਾਂ ਨੂੰ ਬਾਕਾਇਦਾ ਦੱਬਿਆ ਜਾਂਦਾ ਹੈ ਤਾਂ ਕਿ
ਸਿਹਤਮੰਦ ਮਵੈਸ਼ੀਆਂ ਨੰ ਇਸ ਬੀਮਾਰੀ ਤੋਂ ਵੇਲੇ ਸਿਰ ਬਚਾਇਆ ਜਾ ਸਕੇ। ਅਸਲ ਡੰਗਰ-ਪਿਆਰ ਇਸ
ਨੂੰ ਕਹਿੰਦੇ ਹਨ। ਜੇਕਰ ਕਿਸੇ ਨੇ ਆਦਰਸ਼ੱਕ ਕੁੱਤਾ-ਪਿਆਰ ਜਾਂ ਬਿੱਲੀ ਪਿਆਰ ਵੇਖਣਾ ਹੋਵੇ
ਤਾਂ ਉਹ ਸਕਾਰ ਰੂਪ ਵਿਚ ਇੱਥੇ ਵੇਖ ਸਕਦਾ ਹੈ। ਇੱਥੇ ਕੁੱਤੇ ਰਖਣ ਅਤੇ ਪਾਲਣ ਦਾ ਬਹੁਤ ਸ਼ੌਕ
ਹੈ, ਬੱਚਿਆਂ ਨੂੰ ਪਾਲਣ ਤੋਂ ਵੀ ਵੱਧ। ਇਥੋਂ ਦੀਆਂ ਔਰਤਾਂ ਅਧਿਕਤਰ ਵਿਆਹ ਤੋਂ ਬਾਅਦ ਆਪਣੇ
ਖਾਂਵੰਦ ਨੂੰ ਤਲਾਕ ਦੇ ਦਿੰਦੀਆਂ ਹਨ ਕਿਊਂਕਿ ਪਤੀ ਦਾ ਕੰਮ ਉਹ ਉਹਨਾਂ ਨੂੰ ਬੱਚੇ ਦੇਣ ਤੀਕ
ਹੀ ਸੀਮਤ ਰਖਣਾ ਚਾਹੁੰਦੀਆਂ ਹਨ। ਅਧਿਕਤਰ ਮੇਮਾਂ ਮਰਦ ਦੀ ਗੁਲਾਮੀ ਤੋਂ ਭੱਜਦੀਆਂ ਹਨ। ਇਸੇ
ਕਰੇ ਇਥੇ ਲੈਸਵੀਅਨ ਕਲਚਰ ਵੀ ਪਿਛਲੀ ਅੱਧੀ ਸਦੀ ਤੋਂ ਬਹੁਤ ਵਧਿਆ ਫੁੱਲਿਆ ਹੈ। ਇਸਨੂੰ ਲੋੜ
ਕਾਢ ਦੀ ਮਾਂ ਵਰਗੀ ਗਲ ਆਖਿਆ ਜਾ ਸਕਦਾ ਹੈ।
ਪਿਛਲੇ ਹਫਤੇ ਇੱਥੇ ਕਿਸੀ ਦੇ ਪਾਲਤੂ ਕੁੱਤੇ ਨੇ ਕਿਸੇ ਨੂੰ ਕੱਟ ਲਿਆ ਸੀ। ਲਖਾਂ ਡਾਲਰ ਦਾ
ਹਰਜਾਨਾ ਵੀ ਮਾਲਕ ਨੂੰ ਦੇਣਾ ਪਿਆ ਹੋਵੇਗਾ, ਪਰ ਮੇਰਾ ਉਸ ਨਾਲ ਇਤਨਾ ਵਾਸਤਾ ਇੱਥੇ ਨਹੀਂ,
ਮੈਂ ਤਾਂ ਇਹ ਦੱਸਣਾ ਚਾਹੁੰਦਾ ਹਾਂ ਕਿ ਜਦ ਇਸ ਕੁੱਤੇ ਨੁੰ ਸਰਕਾਰੀ ਅਧਿਕਾਰੀ ਵਲੋਂ ਗੋਲੀ
ਮਾਰ ਦਿੱਤੀ ਗਈ ਤਾਂ ਇਸ ਸੀਨ ਨੂੰ ਇਕ ਟੈਲੀਵਿਯਨ ਚੈਨਲ ਨੇ ਉਸ ਦਿਨ ਕਈ ਕਈ ਵਾਰ ਦਿਖਾਇਆ
ਖਾਸ ਕਰ ਕੇ ਗੋਲੀ ਮਾਰਨ ਦੇ ਛਿਣ ਵੇਲੇ ਕੁੱਤੇ ਦੀਆਂ ਅੱਖਾਂ ਦੇ ਸੀਨ ਨੂੰ। ਇਸੇ ਤਰਾਂ੍ਹ
ਇੰਗਲੈਂਡ ਦੇ ਇਕ ਮੰਦਰ ਵਿਚ ਬਿਮਾਰ ਸਾਨ੍ਹ ਨੂੰ ਮਾਰਨ ਦਾ ਸੀਨ ਵੀ ਵਾਰ ਵਾਰ ਵਿਖਾਇਆ ਗਿਆ
ਜਿਸਨੂੰ ਮਾਰਨ ਦੇ ਖਿਲਾਫ ਇੰਗਲੈਂਡ ਅਤੇ ਭਾਰਤ ਵਿਚ ਕਈ ਮਜ਼ਾਹਰੇ ਹੋਏ ਸਨ।
ਹੁਣ ਅਸੀਂ ਅੱਜ ਦੇ ਮਜ਼ਬੂਨ ਵੱਲ ਆਉਂਦੇ ਹਾਂ। ਇਹ ਹੈ ਗਲੀਆਂ ਦੇ ਕੁੱਤੇ। ਖੈਰ ਕੈਨੇਡਾ ਵਿਚ
ਤਾਂ ਅਜੇਹੇ ਕੁੱਤੇ ਹੁੰਦੇ ਹੀ ਨਹੀਂ ਹਨ। ਇਥੇ ਜੇ ਕਰ ਕਿਸੇ ਕੁੱਤੇ ਨੂੰ ਕੋਈ ਅਵਾਰਾ ਸੜਕ
ਤੇ ਘੁੰਮਦਾ ਜਾਂ ਲੱਤ ਚੁੱਕ ਕੇ ਪਿਸ਼ਾਬ ਕਰਦਾ ਵੇਖੇ ਤਾਂ ਝੁੱਟ 911 ਦੇ ਫੋਨ ਖੜਕ ਜਾਂਦੇ
ਹਨ। ਪੁਲਿਸ ਇਸ ਘਟਨਾਂ ਦਾ ਮੁਆਇਨਾ ਇਤਨੀ ਮਹੀਨਤਾ ਨਾਲ ਕਰਦੀ ਹੈ ਕਿ ਇਤਨੇ ਕਾਗ਼ਜ਼ ਇਸ ਦੀ
ਇੰਨਕੁਆਰੀ ਨਾਲ ਭਰ ਜਾਂਦੇ ਹਨ ਜਿਤਨੇ ਪੰਜਾਬ ਵਿਚ ਕਿਸੀ ਦੇ ਖੂਨ ਦੀ ਇੰਨਕੁਆਰੀ ਦੇ ਵੀ
ਨਹੀਂ ਭਰਦੇ ਹੋਣਗੇ। ਲੋਕੀਂ ਆਪਣੇ ਕੁੱਤਿਆਂ ਨੂੰ ਇੱਥੇ ਵੀ ਸੈਰ ਕਰਾਉਂਦੇ ਹਨ ਪਰ ਉਹਨਾਂ ਨੇ
ਆਪਣੇ ਕੁੱਤਿਆਂ ਨੂੰ ਕੁੱਤਾ ਜੰਜੀਰਾਂ ਨਾਲ ਬੰਨਿਆ ਹੁੰਦਾ ਹੈ। ਉਹ ਕਦੇ ਖੁੱਲਾ੍ਹ ਛੱਡ ਕੇ
ਕੁੱਤੇ ਨੂੰ ਸੈਰ ਨਹੀਂ ਕਰਾਉਂਦੇ ਬੇਸ਼ਕ ਉਹ ਆਪ ਵੀ ਕਿਉਂ ਨਾ ਨਾਲ ਚਲ ਰਹੇ ਹੋਣ। ਸਾਨੂੰ
ਪਰੋਫੈਸਰ ਲੇਕ 'ਤੇ ਰੋਜ਼ਾਨਾ ਸੈਰ ਕਰਦਿਆਂ ਨੂੰ ਇਕ ਛੇ ਫੁੱਟੀ ਜਵਾਨ ਸੁੰਦਰੀ ਮਿਲਦੀ ਹੈ
ਜਿਹੜੀ ਦੋ ਕੁੱਤਿਆਂ ਨੂੰ ਪਕੜ ਕੇ ਦੌੜ ਰਹੀ ਹੁੰਦੀ ਹੈ। ਇੱਥੇ ਮਜ਼ਾਲ ਹੈ ਕਿ ਕੋਈ ਕੁੱਤਾ
ਤੁਹਾਡੇ ਵਲ ਅੱਖ ਪੁੱਟ ਕੇ ਵੀ ਵੈਖੇ। ਕੁੱਤਿਆਂ ਨੂੰ ਰਖਣ ਤੋਂ ਪਹਿਲਾਂ ਇਹਨਾਂ ਦੀ ਖੁਰਾਕ,
ਪਾਲਣ ਪੋਸਣ ਅਤੇ ਚਾਲ ਚਲਣ ਬਾਰੇ ਜਾਣਕਾਰੀ ਲਈ ਜਾਂਦੀ ਹੈ। ਇਹਨਾਂ ਦੀ ਸਿਖਲਾਈ ਦੇ ਇੱਥੇ
ਇੰਨੇ ਸਕੂਲ ਹਨ ਕਿ ਕੋਈ ਪੰਜਾਬੀ ਐਮ ਏ ਪਾਸ ਪਰ ਵੈਸੇ ਡਲ ਵਿਦਿਆਰਥੀ ਇਸ ਇਸ ਵਿਸ਼ੇ ਉਪਰ
ਪੀਐਚਡੀ ਵੀ ਕਰ ਸਕਦਾ ਹੈ।
ਹੁਣ ਮੈਂ ਤੁਹਾਨੂੰ ਆਪਣੇ ਦੇਸ਼ ਭਾਰਤ ਦੇ ਪੰਜਾਬ ਦੇ ਸਿਰਕੱਢ ਸ਼ਹਿਰ ਮੁਹਾਲੀ ਦੇ ਗਿਆਰਾਂ
ਸੈਕਟਰ ਦੇ ਉਸ ਖੂੰਜੇ ਵਿਚ ਲੈ ਜਾਂਦਾ ਹਾਂ ਜਿੱਥੇ ਮੈ ਰਹਿੰਦਾ ਆਇਆ ਹਾਂ ਅਤੇ ਜਿੱਥੇ ਅਜੇ
ਵੀ ਮੇਰੀ ਲੜਕੀ ਰਹਿੰਦੀ ਹੈ। ਇੱਥੇ ਕੋਈ ਦੋ ਕੁ ਸੌ ਘਰ ਇਸ ਗੁੱਠ ਵਿਚ ਹੋਣਗੇ। ਸਾਰੇ
ਮੁਹੱਲੇ ਵਿਚ ਆਪਸ ਵਿਚ ਬੜਾ ਪਿਆਰ ਹੈ। ਸਾਰੇ ਰਲ ਕੇ ਦਿਵਾਲੀ ਅਤੇ ਗੁਰਪੁਰਬ ਮਨਾਂਦੇ ਹਨ।
ਇਕ ਦਿਨ ਮੈਂ ਫੋਨ ਕਰਦਾ ਹਾਂ। ਮੈਂ ਆਪਣੇ ਦੋਹਤੇ ਬਾਰੇ ਪੁਛਦਾ ਹਾਂ। ਬੇਟੀ ਕਹਿੰਦੀ ਹੈ ਉਸ
ਨੂੰ ਇਕ ਅਵਾਰਾ ਕੁੱਤੇ ਨੇ ਕੱਟ ਲਿਆ ਸੀ; ਟੀਕੇ ਲਗੇ ਹਨ ਅਤੇ ਹੁਣ ਠੀਕ ਹੈ। ਮੈਂ ਪੁਛਿਆ
ਤਾਂ ਪਤਾ ਲਗਾ ਕਿ ਇੱਥੇ ਕਈ ਅਵਾਰਾ ਕੁੱਤੇ ਗਲੀਆਂ ਵਿਚ ਘੁੰਮਦੇ ਰਹਿੰਦੇ ਹਨ; ਕਈਆਂ ਨੂੰ
ਕੱਟ ਵੀ ਚੁੱਕੇ ਹਨ ਪਰ ਕੋਈ ਇਹਨਾਂ ਨੂੰ ਨਹੀਂ ਮਾਰਦਾ। ਉਸ ਨੇ ਦੱਸਿਆ ਕਿ ਕਈ ਵਾਰ ਇਹੀ
ਵਾਢੂ ਕੁੱਤੇ ਸਾਡੀ ਕਾਰ ਦੇ ਹੇਠਾਂ ਦੁਪਿਹਰ ਨੂੰ ਸੁੱਤੇ ਹੁੰਦੇ ਹਨ ਇਸ ਲਈ ਬਹੁਤ ਡਰ ਲੱਗਾ
ਰਹਿੰਦਾ ਹੈ। ਮੈਨੂੰ ਯਾਦ ਹੈ ਪਿਛਲੇ ਦੋ ਸਾਲ ਤੋਂ ਮੇਰੇ ਉੱਥੇ ਹੁੰਦਿਆਂ ਤੋਂ ਹੀ ਕੁਝ
ਕੁੱਤਿਆਂ ਨੂੰ ਲੋਕਾਂ ਨੂੰ ਵੱਢਣ ਦੀ ਅਤੇ ਵੱਢਣ ਤੋਂ ਬਾਅਦ ਇਸੇ ਇਲਾਕੇ ਵਿਚ ਸਿਰ ਉੱਚਾ
ਚੁੱਕ ਕੇ ਘੁੰਮਣ ਦੀ ਆਦਤ ਪੈ ਗਈ ਸੀ। ਬੇਟੀ ਨੇ ਦੱਸਿਆ ਕਿ ਕੋਈ ਇਹਨਾਂ ਕੁੱਤਿਆਂ ਨੂੰ ਕੁਝ
ਕਹਿੰਦਾ ਹੀ ਨਹੀਂ। ਮੇਰੀ ਦੋਹਤੀ ਦੋਹਤਾ ਟਿਊਸ਼ਨ ਅਤੇ ਪਲਾਜ਼ੇ ਤੀਕ ਵੀ ਇਸੇ ਡਰ ਕਾਰਨ ਲਗਦੀ
ਵਾਹ ਕਾਰ ਤੇ ਹੀ ਜਾਣ ਵਿਚ ਭਲਾਈ ਸਮਝਦੇ ਹਨ। ਮੈਂ ਕਿਹਾ ਕਿ -- ਸਾਹਿਬ ਨੂੰ ਕਹਿਣਾ ਸੀ ਉਹ
ਸਾਡੀ ਕਾਲੋਨੀ ਦੇ ਨੇਤਾ ਹਨ। ਉਸ ਨੇ ਦੱਸਿਆ ਕਿ ਕਈਆਂ ਨੇ ਉੁਹਨਾਂ ਨੂੰ ਵੀ ਕਿਹਾ ਹੈ ਪਰ ਉਹ
ਕਹਿੰਦੇ ਹਨ ਕਿ ਜਿਸ ਦੇ ਕਰਮਾਂ ਵਿਚ ਕੁੱਤੇ ਕੋਲੋਂ ਵੱਢ ਹੋਣਾ ਲਿਖਿਆ ਹੈ ਤਾਂ ਕੋਈ ਕੀ ਕਰ
ਸਕਦਾ ਹੈ। ਸਾਡੇ ਘਰ ਪਾਸ ਇਕ ਭੈਣ ਜੀ ਵੀ ਰਹਿੰਦੇ ਹਨ ਜਿਹੜੇ ਬਹੁਤ ਮਿਲਣਸਾਰ ਹਨ ਅਤੇ
ਸਮਾਜਕ ਕੰਮਾਂ ਵਿਚ ਹਮੇਸ਼ਾ ਅੱਗੇ ਆਉਂਦੇ ਹਨ। ਮੇਨੂੰ ਪਤਾ ਲੱਗਾ ਕਿ ਇਕ ਵਾਰ ਉਨ੍ਹਾਂ ਨੂੰ
ਵੀ ਇਹਨਾਂ ਵਿਚੋਂ ਇਕ ਕੁੱਤੇ ਨੇ ਕੱਟ ਲਿਆ ਸੀ। ਬੇਟੀ ਨੇ ਕਿਹਾ ਕਿ ਇਹਨਾਂ ਕੁੱਤਿਆਂ ਨੂੰ
ਮਾਰਨ ਲਈ ਕੋਈ ਅੱਗੇ ਨਹੀਂ ਆ ਰਿਹਾ। ਸਾਰੇ ਲੋਕ ਸਰਕਾਰ ਤੋਂ ਡਰਦੇ ਹਨ ਜਿਹੜੀ ਜਾਨਵਰਾਂ ਨੂੰ
ਮਾਰਨ ਤੇ ਸ਼æਖਤ ਸਜਾ ਦਿੰਦੀ ਹੈ ਅਤੇ ਜਾਂ ਫਿਰ ਕੁੱਤਿਆਂ ਤੋਂ ਵੀ ਜਿਹੜੇ ਰਾਤ ਬਰਾਤੇ
ਤੁਹਾਨੂੰ ਕੱਟ ਵੀ ਸਕਦੇ ਹਨ ਅਤੇ ਫਿਰ ਵੱਢੀਖੋਰ ਨੇਤਾਵਾਂ ਵਾਂਗ ਸਜ਼ਾ ਤੋਂ ਬੱਚ ਵੀ ਜਾਂਦੇ
ਹਨ। ਲੋਕੀਂ ਇਸੇ ਕਰਕੇ ਨੇਤਾਵਾਂ ਨਾਲ ਪੰਗਾਂ ਨਹੀਂ ਲੈਂਦੇ ਕਿ ਉਹਨਾਂ ਦਾ ਕੋਈ ਬਿਗੜਣਾ
ਨਹੀਂ ਅਤੇ ਤੁਸੀਂ ਮੁਫ਼ਤ ਵਿਚ ਰਗੜੇ ਜਾਣਾ ਹੈ। ਹੁਣ ਨੇਤਾਵਾਂ ਦੀ ਇਸ ਫਰਿਸਤ ਵਿਚ ਗਲੀਆਂ ਦੇ
ਅਵਾਰਾ ਕੁੱਤੇ ਵੀ ਸ਼ਾਮਿਲ ਹੋ ਗਏ ਹਨ। ਮੈਂ ਇੱਥੇ ਕੈਨੇਡਾ ਵਿਚ ਬੈਠਾ ਵੀ ਪੰਜਾਬ ਦੀਆਂ
ਗਲੀਆਂ ਦੇ ਕੁੱਤਿਆਂ ਦੀ ਕੱਟਣ ਤੋਂ ਪਹਿਲਾਂ ਵਾਲੀ ਘੁਰਘੁਰ ਬਾਖ਼ੂਬੀ ਸੁਣ ਸਕਦਾ ਹਾਂ।
-0-
|
|