(‘ਸੀਰਤ’ ਦੇ ਪਾਠਕਾਂ
ਦੀ ਮੰਗ 'ਤੇ ਵਰਿਆਮ ਸਿੰਘ ਸੰਧੂ ਦੇ ਪਾਕਿਸਤਾਨੀ ਸਫ਼ਰਨਾਮੇ ‘ਵਗਦੀ ਏ ਰਾਵੀ’ ਦਾ ਬਾਕੀ
ਹਿੱਸਾ ਛਾਪਣਾ ਸ਼ੁਰੂ ਕਰ ਰਹੇ ਹਾਂ। ਕੁਝ ਸਮਾਂ ਪਹਿਲਾਂ ਇਹ ਸਫ਼ਰਨਾਮਾ ਲੜੀਵਾਰ ‘ਸੀਰਤ’ ਵਿਚ
ਛਪ ਰਿਹਾ ਸੀ। ਨਵੇਂ ਪਾਠਕ ਇਸਦੀਆਂ ਪਿਛਲੀਆਂ ਲੜੀਆਂ ਪੁਰਾਣੇ ਅੰਕਾਂ ਵਿਚੋਂ ਪੜ੍ਹ ਸਕਦੇ
ਹਨ। ਹੁਣ ਇਸਦੀ ਅਗਲੀ ਲੜੀ ਛਾਪੀ ਜਾ ਰਹੀ ਹੈ। -ਸੰਪਾਦਕ)
ਉਮਰ ਗਨੀ ਤੇ ਰਿਜ਼ਵਾਨ ਪਿਛਲੀ ਰਾਤ ਉਮਰ ਗਨੀ ਦੇ ਪੁਰਾਣੇ ਬੇਲੀਆਂ ਨੂੰ ਮਿਲਣ
ਗੁਜਰਾਂਵਾਲੇ ਚਲੇ ਗਏ ਸਨ। ਕੱਲ੍ਹ ਲਾਹੌਰ ਦਾ ਸ਼ਾਹੀ ਕਿਲ੍ਹਾ ਤੇ ਸ਼ਾਹੀ ਮਸਜਿਦ ਵੇਖਣੋਂ ਰਹਿ
ਗਏ ਸਾਂ, ਇਸ ਲਈ ਉਮਰ ਗਨੀ ਹੁਰੀਂ ਸਵੇਰੇ ਅੱਠ ਵਜੇ ਹੀ ਸਾਡੇ ਕੋਲ 'ਸ਼ਾਹਤਾਜ ਹੋਟਲ' ਵਿਚ
ਪਹੁੰਚ ਗਏ। ਥੋੜ੍ਹੀ ਦੇਰ ਬਾਅਦ ਜਗਤਾਰ ਦਾ ਇਕ ਹੋਰ ਪ੍ਰਸੰਸਕ ਸ਼ਾਇਰ ਨਵੀਦ ਸ਼ਹਿਜ਼ਾਦ ਵੀ
ਪਹੁੰਚ ਗਿਆ। ਨਵੀਦ ਹੁਰੀਂ ਜਲੰਧਰ ਦੀ ਬਾਲੋਕੀ ਬਸਤੀ ਦੇ ਰਹਿਣ ਵਾਲੇ ਸਨ।
ਗੱਲਾਂ ਦੇਸ਼ ਦੀ ਵੰਡ ਦੇ ਸੰਤਾਪ ਤੋਂ ਲੈ ਕੇ ਚੱਲਦੀਆਂ ਚੱਲਦੀਆਂ ਕਸ਼ਮੀਰ ਤੱਕ ਪੁੱਜੀਆਂ, ਫਿਰ
ਪਾਕਿਸਤਾਨ ਦੀ ਹਕੂਮਤ ਤਕ ਤੇ ਉਸ ਤੋਂ ਬਾਅਦ ਇਲਾਕੇ ਅਤੇ ਜ਼ਬਾਨਾਂ ਦੇ ਆਧਾਰ ਉਤੇ ਪਾਕਿਸਤਾਨ
ਵਿਚ ਪੈਦਾ ਹੋ ਰਹੇ ਵਖਰੇਵਿਆਂ ਬਾਰੇ ਚੱਲ ਪਈਆਂ। ਕਾਨਫ਼ਰੰਸ ਦੇ ਪਹਿਲੇ ਦਿਨ ਸਮਾਗਮ ਸ਼ੁਰੂ
ਹੋਣ ਤੋਂ ਪਹਿਲਾਂ ਇਕ ਨੌਜਵਾਨ ਮੇਰੇ ਕੋਲ ਆਇਆ ਤੇ ਉਸ ਨੇ ਅੰਗਰੇਜ਼ੀ ਤੇ ਉਰਦੂ ਵਿਚ ਲਿਖੀ ਇਕ
ਦੁਵਰਕੀ ਮੇਰੇ ਹੱਥ ਫੜਾਉਂਦਿਆਂ ਕਿਹਾ, ''ਜਨਾਬ! ਅਸੀਂ ਸਰਾਇਕੀ ਜ਼ਬਾਨ ਦੇ ਹਵਾਲੇ ਨਾਲ ਇਕ
ਤਹਿਰੀਕ ਚਲਾ ਰਹੇ ਹਾਂ ਪਾਕਿਸਤਾਨ ਵਿਚ। ਇਹ ਪੈਂਫਲਿਟ ਉਸੇ ਹਵਾਲੇ ਨਾਲ ਈ ਏ।''
''ਇਹ ਸਰਾਇਕੀ ਦਾ ਕੀ ਰੌਲਾ ਏ ਏਧਰ'', ਮੈਂ ਪੁੱਛਿਆ ਤਾਂ ਨਵੀਦ ਕਹਿਣ ਲੱਗਾ, ''ਉਹ ਕਹਿੰਦੇ
ਨੇ ਅਸੀਂ ਸਰਾਇਕੀ ਜ਼ਬਾਨ ਦੇ ਨਾਂ ਉਤੇ ਆਪਣਾ ਦੇਸ਼ ਬਣਾਵਾਂਗੇ। ਉਨ੍ਹਾਂ ਨੇ ਇਸ ਦੇਸ਼ ਦਾ ਨਕਸ਼ਾ
ਵੀ ਬਣਾ ਕੇ ਵੰਡਿਐ।''
''ਉਹ ਅਜਿਹਾ ਕਿਉਂ ਕਰ ਰਹੇ ਨੇ?''
''ਉਹ ਆਖਦੇ ਨੇ ਕਿ ਅਸੀਂ ਪੰਜਾਬੀ ਨਹੀਂ। ਸਾਡਾ ਅਲੱਗ ਸਰਾਇਕ ਵਸੇਬ ਏ। ਸਰਾਇਕੀ ਜ਼ਬਾਨ ਨਾਲ
ਬਹੂੰ ਧ੍ਰੋਹ ਹੋਇਐ, ਅਜਿਹਾ ਉਨ੍ਹਾਂ ਦਾ ਮੰਨਣਾ ਏ।''
ਨਵੀਦ ਸ਼ਾਹਿਜ਼ਾਦ ਆਪਣੀ ਮੁਲਾਜ਼ਮਤ ਦੇ ਸਿਲਸਿਲੇ ਵਿਚ ਪਿਛਲੇ ਸਮੇਂ ਉਸ ਇਲਾਕੇ 'ਚ ਰਿਹਾ ਹੈ
ਜਿਸ ਨੂੰ ਉਹ ਲੋਕ 'ਸਰਾਇਕਸਤਾਨ' ਆਖਦੇ ਨੇ। ਸ਼ਾਇਰ ਹੋਣ ਕਰਕੇ ਜਦੋਂ ਉਹਦਾ ਕੋਈ ਜਾਣੂ ਕਿਸੇ
ਹੋਰ ਨਾਲ ਉਸ ਦੀ ਜਾਣ-ਪਚਾਣ ਕਰਾਉਣ ਲੱਗਾ ਤਾਂ ਅਗਲੇ ਨੇ ਪੁੱਛਿਆ ਕਿ ਕੀ ਨਵੀਦ ਸ਼ਹਿਜ਼ਾਦ
ਸਥਾਨਕ ਇਲਾਕੇ ਨਾਲ ਹੀ ਸਬੰਧ ਰੱਖਦਾ ਹੈ ਤਾਂ ਉਹ ਅੱਗੋਂ ਕਹਿਣ ਲੱਗਾ, ''ਨਹੀਂ, ਇਹ ਤਾਂ
ਸ਼ੁਹਦਾ ਮੁਹਾਜਰ ਹੈ।''
ਪਾਕਿਸਤਾਨ ਦਾ ਹੀ ਇਕ ਪੰਜਾਬੀ ਉਨ੍ਹਾਂ ਲਈ ਮੁਹਾਜਰ (ਸ਼ਰਨਾਰਥੀ) ਹੀ ਸੀ ਉਹ 'ਪੰਜਾਬੀ' ਨੂੰ
ਆਪਣਾ ਮੰਨਣ ਲਈ ਤਿਆਰ ਨਹੀਂ ਸਨ।
''ਉਹ ਤਾਂ ਸਰਾਇਕੀ ਦੀ ਤਹਿਰੀਕ ਬੜੇ ਜ਼ੋਰ ਸ਼ੋਰ ਨਾਲ ਚਲਾ ਰਹੇ ਨੇ। ਮੇਰਾ ਗੀਤ ਰੇਡੀਓ ਲਈ
ਮਨਜ਼ੂਰ ਹੋ ਗਿਆ ਤਾਂ ਉਹ ਕਹਿੰਦੇ ਅਸੀਂ ਆਪਣੇ ਰੇਡੀਓ 'ਤੇ ਪੰਜਾਬੀ ਗੀਤ ਚੱਲਣ ਨਹੀਂ
ਦੇਣਾ।'' ਨਵੀਦ ਨੇ ਦੱਸਿਆ।
''ਅਸਲ ਵਿਚ ਉਹ ਜ਼ਬਾਨ ਦੇ ਆਧਾਰ 'ਤੇ ਭਾਰਤ ਵਾਂਗ ਸੂਬਿਆਂ ਦੀ ਮੁੜ ਹੱਦਬੰਦੀ ਚਾਹੁੰਦੇ ਨੇ।
ਉਹ ਇਸ ਲਈ ਭਾਰਤ ਦੀ ਮਿਸਾਲ ਵੀ ਦਿੰਦੇ ਨੇ। ਉਨ੍ਹਾਂ ਮੁਤਾਬਕ ਪੰਜਾਬ ਦੀ ਤਾਕਤਵਾਰ ਸ਼੍ਰੇਣੀ,
ਜੋ ਮਜ਼ਬੂਤ ਸੈਂਟਰ ਦੇ ਹੱਕ ਵਿਚ ਹੈ, ਹਮੇਸ਼ਾ ਭਾਸ਼ਾਈ ਆਧਾਰ 'ਤੇ ਨਵੀਂ ਹੱਦਬੰਦੀ ਦਾ ਵਿਰੋਧ
ਕਰਦੀ ਹੈ, ਇਸੇ ਕਰਕੇ ਉਹ ਪੰਜਾਬੀਆਂ ਦੇ ਜ਼ਿਆਦਾ ਖ਼ਿਲਾਫ਼ ਨੇ।'' ਡਾਕਟਰ ਜਗਤਾਰ ਨੇ ਗੱਲ ਹੋਰ
ਸਾਫ਼ ਕੀਤੀ।
''ਉਨ੍ਹਾਂ ਮੁਤਾਬਕ ਪੰਜਾਬ ਵਿਚ ਪੰਜਾਬੀ ਬੋਲਦਾ ਇਲਾਕਾ ਕਿਹੜਾ ਹੈ?''
''ਉਹ ਤਾਂ ਪੰਜਾਬ ਦੇ ਸਾਰੇ ਜ਼ਿਲਿਆਂ ਵਿੱਚੋਂ ਸਿਰਫ ਲਾਹੌਰ, ਸ਼ੇਖ਼ੂਪੁਰਾ, ਗੁਜਰਾਂਵਾਲਾ,
ਕਸੂਰ, ਫ਼ੈਸਲਾਬਾਦ ਅਤੇ ਗੁਜਰਾਤ ਜ਼ਿਲੇ ਦੇ ਕੁਝ ਹਿੱਸੇ ਨੂੰ ਖ਼ਾਲਸ ਪੰਜਾਬੀ ਬੋਲਦਾ ਇਲਾਕਾ
ਮੰਨਦੇ ਨੇ।''
ਨਵੀਦ ਸ਼ਹਿਜ਼ਾਦ ਨੇ ਮੇਰੇ ਮਨ ਵਿਚ ਨਵਾਂ ਸੁਆਲ ਪੈਦਾ ਕਰ ਦਿੱਤਾ, ''ਤਾਂ ਕੀ ਰਾਵਲਪਿੰਡੀ ਦਾ
ਪੋਠੋਹਾਰ ਵਾਲਾ ਇਲਾਕਾ ਵੀ ਉਹ ਪੰਜਾਬੀ-ਭਾਸ਼ੀ ਨਹੀਂ ਮੰਨਦੇ?''
''ਹਾਂ, ਰਾਵਲਪਿੰਡੀ, ਜਿਹਲਮ, ਅਟਕ ਤੇ ਚਕਵਲ ਦੇ ਇਲਾਕੇ ਨੂੰ ਉਹ ਵੱਖਰੀ ਪੋਠੋਹਾਰੀ ਤਹਿਜ਼ੀਬ
ਮੰਨਦੇ ਨੇ। ਬਾਕੀ 19 ਜ਼ਿਲਿਆਂ ਵਿਚੋਂ ਮੁਲਤਾਨ ਡਿਵੀਜ਼ਨ ਦੇ ਛੇ ਜ਼ਿਲੇ, ਬਹਾਵਲਪੁਰ ਡਿਵੀਜ਼ਨ
ਦੇ ਤਿੰਨ ਜ਼ਿਲੇ, ਡੇਰਾ ਗਾਜ਼ੀ ਖਾਨ ਤੇ ਸਰਗੋਧਾ ਡਿਵੀਜ਼ਨਾਂ ਦੇ ਚਾਰ ਚਾਰ ਜ਼ਿਲੇ ਅਤੇ ਓਕਾੜਾ
ਤੇ ਝੰਗ ਦੇ ਜ਼ਿਲਿਆਂ ਵਿਚ ਉਨ੍ਹਾਂ ਮੁਤਾਬਕ ਬਹੁ-ਗਿਣਤੀ ਸਰਾਇਕੀ ਭਾਸ਼ੀ ਲੋਕ ਵਸਦੇ ਨੇ। ਉਹ
ਤਾਂ ਇਹ ਵੀ ਆਖਦੇ ਨੇ ਕਿ ਡੇਰਾ ਇਸਮਾਈਲ ਖਾਂ, ਜੋ ਸਰਹੱਦੀ ਸੂਬੇ ਦੀ ਡਿਵੀਜ਼ਨ ਹੈ, ਤਾਰੀਖ਼ੀ
ਤੌਰ 'ਤੇ ਸਰਾਇਕੀ ਬੋਲਣ ਵਾਲਿਆਂ ਦੀ ਹੀ ਜ਼ਮੀਨ ਹੈ।''
ਕਿਸੇ ਨੇ ਹਾਸੇ ਨਾਲ ਆਖਿਆ, ''ਇਸ ਹਿਸਾਬ ਨਾਲ ਅੱਧਾ ਪਾਕਿਸਤਾਨ ਤਾਂ ਉਨ੍ਹਾਂ ਦਾ ਹੀ ਹੋ
ਗਿਆ।''
''ਇਹ ਮਜ਼ਾਕ ਨਹੀਂ, ਹਕੀਕਤ ਜੇ।'' ਨਵੀਦ ਨੇ ਗੰਭੀਰ ਹੁੰਦਿਆਂ ਆਖਿਆ, ''ਉਹ ਇਹੋ ਹੀ ਆਖਦੇ
ਨੇ ਕਿ ਪਾਕਿਸਤਾਨ ਦੀ ਪੰਜਾਹ ਫੀਸਦੀ ਆਬਾਦੀ ਸਰਾਇਕੀ ਭਾਸ਼ੀ ਹੈ। ਉਹ ਆਪਣੇ ਹੱਕ ਵਿਚ
ਜਿਹੜੀਆਂ ਦਲੀਲਾਂ ਦਿੰਦੇ ਹਨ, ਉਨ੍ਹਾਂ ਵਿਚੋਂ ਇਕ ਇਹ ਹੈ ਕਿ ਸਰਾਇਕੀ ਨੂੰ ਸਕੂਲਾਂ ਵਿਚ ਨਾ
ਪੜ੍ਹਾਏ ਜਾਣ ਦੇ ਬਾਵਜੂਦ ਉਰਦੂ ਤੋਂ ਪਿੱਛੋਂ ਛਪੀਆਂ ਸਭ ਤੋਂ ਵੱਧ ਕਿਤਾਬਾਂ ਦੀ ਗਿਣਤੀ
ਸਰਾਇਕੀ ਜ਼ਬਾਨ ਦੀਆਂ ਕਿਤਾਬਾਂ ਦੀ ਹੈ। ਉਹ ਦਾਅਵਾ ਕਰਦੇ ਹਨ ਕਿ ਉਸ ਇਲਾਕੇ ਵਿਚ ਸਰਾਇਕੀ
ਮੁਸ਼ਾਇਰੇ ਤੇ ਸਰਾਇਕੀ ਗੀਤ-ਸੰਗੀਤ ਦੇ ਤਾਂ ਸੈਂਕੜੇ ਪ੍ਰੋਗਰਾਮ ਹੁੰਦੇ ਹਨ ਜਦ ਕਿ ਉਰਦੂ ਅਤੇ
ਪੰਜਾਬੀ ਦੇ ਅਜਿਹੇ ਕਾਮਯਾਬ ਪ੍ਰੋਗਰਾਮ ਹੋਣੇ ਨਾਮੁਮਕਿਨ ਹਨ ਜਿਨ੍ਹਾਂ ਵਿਚ ਸ਼ਿਰਕਤ ਕਰਨ
ਵਾਲਿਆਂ ਦੀ ਗਿਣਤੀ ਹਜ਼ਾਰਾਂ ਵਿਚ ਹੋਵੇ।''
ਨਵੀਦ ਸ਼ਾਹਿਜ਼ਾਦ ਉਸ ਖਿੱਤੇ ਵਿਚ ਰਿਹਾ ਹੋਣ ਕਰਕੇ ਸਰਾਇਕੀ ਵਾਲਿਆਂ ਦੇ ਦ੍ਰਿਸ਼ਟੀਕੋਣ ਤੋਂ
ਪੂਰੀ ਤਰ੍ਹਾਂ ਵਾਕਿਫ ਸੀ।
''ਉਹ ਤਾਂ ਇਸ ਗੱਲ ਦਾ ਵੀ ਮਾਣ ਕਰਦੇ ਨੇ ਕਿ ਬਹੁਤੇ ਪਾਕਿਸਤਾਨੀ ਗਾਇਕ ਵੀ ਸਰਾਇਕੀ ਬੋਲਣ
ਵਾਲੇ ਹਨ ਜਿਵੇਂ ਪਠਾਣੇ ਖਾਂ, ਹੁਸੈਨ ਬਖ਼ਸ਼ ਖਾਨ, ਅਤਾ-ਉਲਾ ਖਾਨ ਈਸੇਖੇਲਵੀ, ਸ਼ਹਿਜ਼ਾਦਾ
ਸਖ਼ਾਵਤ ਹੁਸੈਨ, ਜ਼ਾਹਿਦਾ ਪ੍ਰਵੀਨ, ਸੁਰੱਈਆ ਮੁਲਤਾਨੀਕਰ, ਆਬਿਦਾ ਪ੍ਰਵੀਨ, ਗੁਲ ਬਹਾਰ ਬਾਨੋ,
ਸ਼ਾਜ਼ੀਆ ਖੁਸ਼ਕ, ਇਕਬਾਲ ਬਾਨੋ ਤੇ ਸੁਰੱਈਆ ਖਾਨਮ ਸਭ ਨੂੰ ਉਹ ਆਪਣੇ ਖਾਤੇ ਵਿਚ ਹੀ ਪਾਉਂਦੇ
ਨੇ।''
ਸਰਾਇਕੀ ਵਾਲਿਆਂ ਦਾ ਲਾਇਆ ਇਹ ਟੀਕਾ ਅਸਰ-ਅੰਦਾਜ਼ ਹੋ ਰਿਹਾ ਸੀ। ਰਾਤੀਂ ਪੰਜਾਬੀ ਗੀਤ ਗਾਉਣ
ਲੱਗਿਆਂ ਤਸੱਵਰ ਖਾਨਮ ਇਹ ਆਖਣਾ ਨਹੀਂ ਸੀ ਭੁੱਲੀ, ''ਉਂਜ ਮੇਰੀ ਆਪਣੀ ਜ਼ਬਾਨ ਸਰਾਇਕੀ ਹੈ।''
''ਇੰਜ ਉਹ ਪੰਜਾਹ ਮਿਲੀਅਨ ਸਰਾਇਕੀ ਬੋਲਣ ਵਾਲਿਆਂ ਲਈ ਪੰਜਵੇਂ ਸੂਬੇ ਸਰਾਇਕਸਤਾਨ ਦੀ ਮੰਗ
ਕਰਦੇ ਹਨ।'' ਨਵੀਦ ਸ਼ਹਿਜ਼ਾਦ ਲੰਮੀ ਜਾਣਕਾਰੀ ਦੇਣ ਤੋਂ ਬਾਅਦ ਠੰਢੀ ਹੋ ਚੁੱਕੀ ਚਾਹ ਦੀਆਂ
ਚੁਸਕੀਆਂ ਭਰਨ ਲੱਗਾ।
ਗੱਲਬਾਤ ਦੀ ਵਾਗਡੋਰ ਜਗਤਾਰ ਨੇ ਸੰਭਾਲੀ।
''ਅਸਲ ਵਿਚ ਇਹ ਸਾਰਾ ਸਿਆਪਾ ਗਰੀਅਰਸਨ ਦਾ ਪਾਇਆ ਹੋਇਆ। ਉਸ ਨੇ ਹੀ ਕਿਹਾ ਸੀ ਕਿ ਇਹ ਭਾਸ਼ਾ
ਪੰਜਾਬੀ ਦਾ ਹਿੱਸਾ ਨਹੀਂووو 'ਖਾਣ' ਨੂੰ 'ਖਾਵਣ' ਕਹਿਣ ਨਾਲ ਪੰਜਾਬੀ ਸਰਾਇਕੀ ਨਹੀਂ ਹੋ
ਜਾਂਦੀ। ਹਿੰਦਕੋ ਵੀ ਪੰਜਾਬੀ ਹੈ ਤੇ ਪੋਠੋਹਾਰੀ ਵੀ।''
ਮੇਰੇ ਮਨ ਵਿਚ ਖ਼ਿਆਲ ਆਇਆ ਕਿ ਕੱਲ੍ਹ ਨੂੰ ਪੋਠੋਹਾਰ ਵਾਲੇ ਵੀ ਆਖ ਸਕਦੇ ਹਨ ਕਿ ਸਾਨੂੰ
ਵੱਖਰਾ ਸੂਬਾ ਚਾਹੀਦਾ ਹੈ।
''ਹਾਂوووਹਾਂوو ਏਦਾਂ ਦੀ ਗੱਲ ਵੀ ਚਲ ਸਕਦੀ ਹੈ।''
ਨਵੀਦ ਨੇ ਚਾਹ ਦਾ ਖ਼ਾਲੀ ਕੱਪ ਟਰੇ ਵਿਚ ਰੱਖਦਿਆਂ ਕਿਹਾ, ''ਮੁਲਤਾਨ ਵਿਚ ਨੀਲੀ-ਬਾਰ ਦੇ
ਇਲਾਕੇ ਦੀ ਜ਼ਬਾਨ ਨੂੰ ਜਾਂਗਲੀ ਜ਼ਬਾਨ ਵੀ ਆਖਦੇ ਨੇ। 'ਨਵਾਏ-ਵਕਤ' ਵਾਲੇ ਉਸ ਜ਼ਬਾਨ ਨੂੰ
'ਰਚਨਾਵੀਂ' ਆਖਦੇ ਹਨ। ਉਹ ਵੀ ਆਖਦੇ ਨੇ, ''ਹਮਾਰਾ ਸਰਾਇਕੀ ਤੇ ਪੰਜਾਬੀ ਨਾਲ ਕੋਈ ਤਾਅਲੁੱਕ
ਨਹੀਂ।''
ਜਗਤਾਰ ਨੇ ਕਿਹਾ ''ਇਹ ਅੰਗਰੇਜ਼ਾਂ ਦੇ ਝਗੜੇ ਪਾਏ ਹੋਏ ਹਨ। ਉਨ੍ਹਾਂ ਨੇ ਹੀ ਲਹਿੰਦੀ ਦੀ
ਵੱਖਰੀ ਡਿਕਸ਼ਨਰੀ ਤਿਆਰ ਕਰਵਾਈ।''
ਇਨ੍ਹਾਂ ਝਗੜਿਆਂ ਅਤੇ ਵੰਡੀਆਂ ਦੇ ਅੱਗੇ ਤੋਂ ਅੱਗੇ ਵਧਦੇ ਜਾਣ ਬਾਰੇ ਨਵੀਦ ਸ਼ਹਿਜ਼ਾਦ ਨੇ
ਕਿਹਾ, ''ਸਰਾਇਕੀ ਖ਼ੁਦ ਚਾਰ ਪੰਜ ਛੋਟੀਆਂ ਬੋਲੜੀਆਂ ਦਾ ਮਜਮੂਆ ਹੈ। ਡੇਹਰਣੀ (ਡੇਰਾ ਗ਼ਾਜ਼ੀ
ਖਾਂ), ਰਿਆਸਤੀ (ਬਹਾਵਲਪੁਰ), ਮੁਲਤਾਨ ਦੀ ਮੁਲਤਾਨੀ, ਨੀਲੀ ਬਾਰ ਵਾਲੀ ਜਟਕੀ ਜਾਂ ਰਚਨਾਵੀ
ਰਲ ਕੇ ਸਰਾਇਕੀ ਮੰਨਦੇ ਹਨ।''
ਗੱਲਬਾਤ ਵਿਚੋਂ ਇਕ ਨੁਕਤਾ ਹੋਰ ਉਭਰ ਕੇ ਸਾਹਮਣੇ ਆਇਆ ਕਿ ਉਹ ਲੋਕ ਪੰਜਾਬੀਆਂ ਨੂੰ ਨਫ਼ਰਤ
ਨਾਲ ਵੇਖਦੇ ਨੇ। ਉਨ੍ਹਾਂ ਨੂੰ ਲੱਗਦਾ ਹੈ ਕਿ ਪੰਜਾਬੀ ਉਨ੍ਹਾਂ ਦੀ ਹੱਕੀ ਮੰਗ ਨੂੰ ਦਬਾ ਰਹੇ
ਹਨ। ਨਵੀਦ ਸ਼ਹਿਜ਼ਾਦ ਨੇ ਕਿਸੇ ਸਰਾਇਕੀ ਸ਼ਾਇਰ ਦਾ ਹਵਾਲਾ ਦਿੱਤਾ, ''ਪੰਜਾਬੀਆਂ ਦੀ
'ਬਾਲਾਦਸਤੀ' ਬਾਰੇ ਉਸ ਨੇ ਲਿਖਿਐ, ਅਸੀ ਕੈਦੀ ਤਖ਼ਤ ਲਾਹੌਰ ਦੇ।''
ਮੈਂ ਨਵੀਦ ਸ਼ਹਿਜ਼ਾਦ ਤੋਂ ਇਸ ਮਸਲੇ ਬਾਰੇ ਅੰਤਿਮ ਰਾਇ ਮੰਗੀ ਤਾਂ ਉਸ ਦੁਖੀ ਮਨ ਨਾਲ ਕਿਹਾ,
''ਹਕੀਕਤ ਇਹ ਹੈ ਕਿ ਪੰਜਾਬੀਆਂ ਨੂੰ ਦਬਾ ਕੇ ਰੱਖਿਆ ਜਾ ਰਿਹੈ। ਪਾਣੀਆਂ ਦਾ ਝਗੜਾ ਹੋਵੇ
ਤਾਂ ਵੀ ਪੰਜਾਬੀਆਂ 'ਤੇ ਦਬਾਅووو। ਪੰਜਾਬੀ ਰਾਈਟਰ ਵੀ ਲਤਾੜਿਆ ਪਿਐ। ਜਿਵੇਂ ਉਰਦੂ ਵਾਲਿਆਂ
ਪੰਜਾਬੀ ਨੂੰ ਲਤਾੜਿਐ ਤਿਵੇਂ ਸਰਾਇਕੀ ਵਾਲੇ ਪੰਜਾਬੀ ਨੂੰ ਲਤਾੜ ਰਹੇ ਨੇ।''
ਫਿਰ ਨਵੀਦ ਨੇ ਹੱਸਦਿਆਂ ਹੋਇਆਂ ਗੰਭੀਰ ਸੱਚ ਕਿਹਾ, ''ਅਗਰ ਪਾਕਿਸਤਾਨ ਵਿਚ ਕੋਈ ਤਿਲਕ ਕੇ
ਡਿਗ ਪਵੇ ਤਾਂ ਕਹਿੰਦੇ ਨੇ ਕਿ ਇਹ ਇੰਡੀਆ ਨੇ ਕੇਲਾ ਸੁਟਿਆ ਸੀ। ਇੰਜ ਹੀ ਸਰਾਇਕੀ ਵਾਲੇ
ਆਖਦੇ ਨੇ ਪੰਜਾਬ ਨੂੰووو ਤੇ ਪੰਜਾਬੀ ਇਸੇ ਸ਼ਰਮ ਦੇ ਮਾਰੇ ਹੁਣ ਤਕ ਚੁੱਪ ਰਹੇ।''
ਫਿਰ ਉਸ ਨੇ ਦੁੱਖ ਨਾਲ ਆਪਣੀ ਗੱਲ ਮੁਕਾਈ, ''ਪੰਜਾਬੀਆਂ ਵਿਚ ਤੁਅੱਸਬ ਨਹੀਂ। ਦੂਜੇ ਪਾਸੇ
ਭਾਵੇਂ ਪਠਾਣ ਹੋਣ ਤੇ ਭਾਵੇਂ ਬਲੋਚ ਤੇ ਭਾਵੇਂ ਹੋਰ ਲੋਕ, ਜਦੋਂ ਮਿਲਦੇ ਨੇ ਤਾਂ ਮਨ ਵਿਚ
ਕਸਰ ਰੱਖਦੇ ਨੇ।''
ਮਨਾਂ ਦੀਆਂ ਇਨ੍ਹਾਂ ਕਸਰਾਂ ਬਾਰੇ, ਜ਼ਬਾਨਾਂ ਦੇ ਆਧਾਰ 'ਤੇ ਇਕ ਦੂਜੇ ਨੂੰ ਦਬਾਉਣ ਅਤੇ
ਵੰਡੀਆਂ ਪਾਉਣ ਬਾਰੇ ਅੰਤਿਮ ਫੈਸਲਾ ਤਾਂ ਸਾਡੇ ਪਾਕਿਸਤਾਨੀ ਭਰਾਵਾਂ ਨੇ ਆਪ ਹੀ ਕਰਨਾ ਹੈ ਪਰ
ਇਸ ਗ਼ੁਫਤਗ਼ੂ ਵਿਚੋਂ ਪਾਕਿਸਤਾਨ ਦੇ ਭਾਸ਼ਾਈ ਮਸਲੇ ਦੇ ਕੁਝ ਹੋਰ ਪਸਾਰਾਂ ਤੇ ਪਰਤਾਂ ਉਤੇ ਸਾਡੀ
ਝਾਤ ਪੁਆਉਣ ਲਈ ਅਸੀਂ ਨਵੀਦ ਸ਼ਹਿਜ਼ਾਦ ਦੇ ਧੰਨਵਾਦੀ ਸਾਂ।
-0- |