ਪਿਆਰ ਅਤੇ ਲਾਲਚ ਦੀ
ਆਪਸ 'ਚ ਬੜੀ ਦੁਸ਼ਮਣੀ ਹੈ।ਬਾਬਾ ਫਰੀਦ ਜੀ ਦਾ ਕਥਨ ਹੈ ਕਿ ਜਿਥੇ ਲੋਭ ਲਾਲਚ ਹੋਵੇਗਾ ਉਥੇ
ਪ੍ਰੇਮ ਪਿਆਰ ਨਹੀਂ ਹੋ ਸਕਦਾ।ਕਿਸੇ ਲਾਲਚ ਵੱਸ ਕੀਤਾ ਜਾਣ ਵਾਲਾ ਪਿਆਰ ਝੂਠਾ ਹੁੰਦਾ ਹੈ:
ਫਰੀਦਾ ਜਾ ਲਬੁ ਤਾ ਨੇਹੁ ਕਿਆ ਲਬੁ ਤ ਕੂੜਾ ਨੇਹੁ ॥
ਕਿਚਰੁ ਝਤਿ ਲਘਾਈਐ ਛਪਰਿ ਤੁਟੈ ਮੇਹੁ ॥
ਇਸ ਸਲੋਕ ਵਿਚ ਲਬੁ ਖੁਦਗਰਜ਼ੀ ਦੇ ਅਰਥਾਂ ਵਿਚ ਵਰਤਿਆ ਜਾਪਦਾ ਹੈ ਪਰ ਇਸ ਨੂੰ ਲੋਭ ਦੇ
ਅਰਥਾਂ ਨਾਲ ਸਮਝਣ ਨਾਲ ਇਹ ਸਲੋਕ ਸਮਕਾਲੀ ਮਨੁੱਖ ਦੀ ਸਥਿਤੀ ਦੀ ਵਡੇਰੇ ਰੂਪ 'ਚ
ਤਸਵੀਰਕਸ਼ੀ ਕਰਦਾ ਹੈ। ਇਸ ਲੋਭ ਨੇ ਹੀ ਅੱਜ ਕੱਲ੍ਹ ਦੇ ਬੰਦੇ ਨੂੰ ਬੇਹਿਸਾਬ ਤੇਜ਼ ਰਫਤਾਰੀ
ਬਖਸ਼ੀ ਹੈ। ਇਸ ਕਰਕੇ ਚੂਹਾ ਦੌੜ ਵਾਲੇ ਮਾਰੀ ਮਾਰੀ ਦੇ ਮਾਹੌਲ ਵਿਚ ਬੰਦੇ ਅੰਦਰੋਂ ਮੁਹੱਬਤ
ਤਹਿਸ ਨਹਿਸ ਹੋ ਰਹੀ ਹੈ। ਬੰਦੇ ਦਾ ਚਿੱਤ ਆਪਣੇ ਅੰਦਰਲੇ ਸੰਤੁਲਨ ਬਿੰਦੂ ਤੋਂ ਹਿੱਲ ਗਿਆ
ਹੈ। ਜਿਸ ਕਰਕੇ ਉਹ ਆਪਣੀ ਪ੍ਰੇਮ-ਪ੍ਰਾਪਤੀ ਜਾਂ ਪਿਆਰ-ਪੂਰਤੀ ਲਈ ਅੱਕੀਂ-ਪਲ਼ਾਹੀਂ ਹੱਥ
ਮਾਰਦਾ ਫਿਰਦਾ ਹੈ।
ਜਿਹਨਾਂ ਮਹਾਂਪੁਰਸ਼ਾਂ ਨੇ ਪ੍ਰੇਮ ਪਿਆਰ ਦਾ ਸਬਕ ਪੜਾ੍ਹਇਆ ਉਹਨਾਂ ਲਾਲਚ ਨੂੰ ਬੜਾ ਭੰਡਿਆ
ਹੈ। ਲਾਲਚ ਦੀ ਬਜਾਏ ਸਬਰ ਸੰਤੋਖ ਦਾ ਉਪਦੇਸ਼ ਦਿੱਤਾ।ਗੁਰੂ ਗਰੰਥ ਸਾਹਿਬ ਦੇ ਬਾਣੀਕਾਰਾਂ
ਨੇ ਲੋਭ ਨੂੰ ਮਨੁੱਖ ਦੇ ਪੰਜ ਵਿਕਾਰਾਂ (ਦੁਸ਼ਮਣਾਂ) ਦੀ ਸੂਚੀ ਵਿਚ ਤੀਜੇ ਨੰਬਰ ਤੇ ਰੱਖਿਆ
ਹੈ, ਯਾਨੀ ਪੰਜਾਂ ਦੇ ਐਨ ਵਿਚਕਾਰ। ਗੁਰਬਾਣੀ ਵਿਚ ਲਾਲਚ ਨੂੰ ਕਈ ਥਾਈਂ ਕੁੱਤਾ ਕਿਹਾ ਗਿਆ
ਯਾਨੀ ਲੋਭ ਸੁਆਨ ਲਿਖਿਆ ਗਿਆ ਹੈ। ਜਾਨਵਰਾਂ ਦਾ ਲਾਲਚ ਸਿਰਫ ਆਪਣੇ ਜਿਉਂਦੇ ਰਹਿਣ (ਹੋਂਦ
ਬਚਾਉਂਣ) ਦੇ ਸੰਘਰਸ਼ ਤੱਕ ਸੀਮਤ ਹੁੰਦਾ। ਪਰ ਬੰਦੇ ਦਾ ਲਾਲਚ ਬਹੁਤ ਵੱਡਾ ਹੁੰਦਾ, ਇਕ
ਤਰ੍ਹਾਂ ਨਾਲ ਅਸੀਮਤ ਹੀ ਹੁੰਦਾ। ਉਹ ਸਿਰਫ ਜਿਉਂਦਾ ਹੀ ਨਹੀਂ ਰਹਿਣਾ ਚਾਹੁੰਦਾ ਸਗੋਂ
ਆਪਣੇ ਜੀਵਨ ਢੰਗ ਨੂੰ ਲਗਾਤਾਰ ਬਦਲਦਾ (ਆਪਣੇ ਚਿੱਤੋਂ ਸੁਧਾਰਦਾ) ਵੀ ਰਹਿਣਾ ਚਾਹੁੰਦਾ।
ਉਸ ਦੀ ਇਸ ਪ੍ਰਵਿਰਤੀ ਕਾਰਨ ਹੀ ਮਨੁੱਖੀ ਸੱਭਿਆਚਾਰ ਲਗਾਤਾਰ ਤਬਦੀਲ ਹੁੰਦਾ ਰਹਿੰਦਾ ਹੈ।
ਪਰ ਮਨੁੱਖ ਨੇ ਵਰਤਮਾਨ ਪੂੰਜੀਵਾਦੀ ਪ੍ਰਬੰਧ ਦੇ ਤਹਿਤ ਜਿਸ ਕਦਰ ਆਪਣੇ ਲੋਭ ਦੇ ਰੱਸੇ
ਖੋਲ਼੍ਹ ਦਿੱਤੇ ਹਨ ਉਸ ਨਾਲ ਵਾਪਰਨ ਵਾਲੀ ਤਬਦੀਲੀ ਦੀ ਰਫਤਾਰ ਨੇ ਬੰਦੇ ਦੇ ਪੈਰ ਉਖਾੜ
ਦਿੱਤੇ ਹਨ। ਤਬਦੀਲੀ ਦੀ ਤੇਜ਼ ਰਫਤਾਰੀ ਨਾਲ ਬੰਦੇ ਤੋਂ ਸ਼ਾਇਦ ਰਲਿਆ ਨਹੀਂ ਜਾ ਰਿਹਾ। ਇਸ
ਲਈ ਸਭ ਕੁਝ ਹੁੰਦਿਆਂ ਸੁੰਦਿਆਂ ਬਹੁਤੇ ਲੋਕ ਥੱਕੇ ਹੋਏ ਅਤੇ ਹਫ਼ੇ ਹੋਏ ਮਿਲਦੇ ਹਨ। ਬੰਦੇ
ਨੇ ਕਦਰਤੀ ਸਰੋਤਾਂ ਦੀ ਖਪਤ ਜਿਸ ਰਫਤਾਰ ਨਾਲ ਵਧਾ ਦਿੱਤੀ ਹੈ ਲਗਦਾ ਹੈ ਕਿ ਇਕ ਦੋ ਸਦੀਆਂ
ਵਿਚ ਹੀ ਬੰਦਾ ਸਭ ਚਟਮ ਕਰ ਜਾਵੇਗਾ। ਜਿਸ ਤਰ੍ਹਾਂ ਡਾਇਨਾਸੌਰਾਂ ਵਾਂਗ ਬੰਦਾ ਆਪਣੀ ਹੋਂਦ
ਨੂੰ ਆਪ ਹੀ ਖਤਰੇ 'ਚ ਪਾ ਲਵੇਗਾ। ਦੂਜੇ ਸ਼ਬਦਾਂ 'ਚ ਕਹਿਣਾ ਹੋਵੇ ਕਿ ਬੰਦੇ ਦੇ ਲੋਭ ਕਰਕੇ
ਵਗੀ ਹਨੇਰੀ ਨੇ ਜਿਸ ਕਦਰ ਬੰਦੇ ਦੇ ਪੈਰ ਉਖਾੜ ਦਿੱਤੇ ਹਨ ਇਹ ਜ਼ਰੂਰ ਕਿਸੇ ਖੂਹ ਖਾਤੇ 'ਚ
ਡਿੱਗਣ ਵਾਲਾ ਹੈ। ਇਸ ਲਈ ਅੱਜ ਕੱਲ੍ਹ ਦੇ ਬੰਦੇ ਦੇ ਲਾਲਚ ਦੀ ਮਿਸਾਲ ਬੰਦਾ ਆਪ ਹੀ ਹੈ।
ਉਂਜ ਭਾਵੇਂ ਲਾਲਚ ਨਾ ਕਰਨ ਦਾ ਉਪਦੇਸ਼ ਦੇਣ ਲਈ ਸਾਨੂੰ ਬਚਪਨ ਵਿਚ ਕੁੱਤੇ ਦੇ ਲਾਲਚ ਦੀ
ਮਿਸਾਲ ਨਾਲ ਸਬਕ ਦਿੱਤਾ ਜਾਂਦਾ ਸੀ, ਜੋ ਵਾਜਿਬ ਨਹੀਨ ਹੈ। ਇਸ ਦਾ ਜਿਕਰ ਮੈਂ ਆਪਣੀ ਇਕ
ਕਵਿਤਾ ਵਿਚ ਵੀ ਕੀਤਾ ਹੈ:
ਨਿੱਕੇ ਹੁੰਦੇ ਪੜ੍ਹਦੇ ਸਾਂ ਇਕ ਕਹਾਣੀ-
ਪਿਆਸਾ ਕਾਂ
ਇਕ ਹੋਰ ਕਹਾਣੀ-
ਲਾਲਚੀ ਕੁੱਤਾ
ਕਾਂ ਦੀ ਪਿਆਸ ਤਾਂ ਠੀਕ ਸੀ
ਪਰ ਕੁੱਤਾ ਕਦੋਂ ਲਾਲਚੀ ਹੁੰਦਾ
ਆਪਣੀ ਖਾਧੇ ਬਿਨਾਂ
ਦੂਜੇ ਦੀ ਨਾਂ ਖੋਂਹਦਾ
ਅਗਲੇ ਡੰਗ ਲਈ ਨਹੀਂ ਜੋੜਦਾ
ਇਹ ਗਲਤ ਕਹਾਣੀ ਹੈ
ਮਨਘੜਤ ਕਹਾਣੀ ਹੈ
ਇਕ ਹੋਰ ਉਦਾਹਰਨ ਤੋਂ ਬਾਅਦ ਇਸ ਕਵਿਤਾ ਨੂੰ ਇਸ ਤਰ੍ਹਾਂ ਸਮੇਟਿਆ ਗਿਆ ਹੈ:
ਆਦਮ ਦਾ ਅਪਮਾਨ ਕਰਨ ਲਈ
ਪਸ਼ੂਆਂ ਨੂੰ ਬਦਨਾਮ ਨਾ ਕਈਏ
ਆਦਮੀ ਨੂੰ ਆਦਮੀ ਹੋਣ ਦਾ ਇਲਜ਼ਾਮ ਦੇਈਏ
ਆਦਮੀ ਹੋਣ ਦੀ ਅਸੀਸ ਦੇਈਏ
ਤੇ ਆਦਮੀ ਹੋਣ ਦਾ ਵਿਸ਼ਵਾਸ ਦੇਈਏ
ਇਸ ਪਿਆਸੇ ਕਾਂ ਅਤੇ ਲਾਲਚੀ ਕੁੱਤੇ ਦੇ ਹਵਾਲੇ ਨਾਲ ਇਕ ਹਾਸੇ ਵਾਲੀ ਗੱਲ ਸੁਣਾਉਂਨਾ।ਇਹ
ਸੰਨ ੨੦੦੬ ਦੀ ਗੱਲ ਹੈ।ਤਿੰਨ ਆਦਮੀ ਯਾਨੀ ਸ. ਅਮਰਜੀਤ ਸਿੰਘ ਗਰੇਵਾਲ, ਪ੍ਰੋ. ਸੰਤੋਖ
ਸਿੰਘ ਅੋਜਲਾ ਅਤੇ ਮੈਂ ਚੰਡੀਗੜ੍ਹ ਗਏ ਇਕੱਠੇ। ਪ੍ਰੋ. ਸੰਤੋਖ ਸਿੰਘ ਨੇ ਕਿਸੇ ਕੇਸ ਦੇ
ਸਬੰਧ 'ਚ ਹਾਈਕੋਰਟ ਵਿਚ ਆਪਣੇ ਵਕੀਲ ਨੂੰ ਮਿਲਣਾ ਸੀ। ਮੈਂ ਬਿਜਲੀ ਬੋਰਡ ਦੇ ਚੇਅਰਮੈਨ
ਨਾਲ ਇੰਜਨੀਅਰਜ਼ ਅੇਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਹੋਣ ਵਾਲੀ ਮੀਟਿੰਗ ਵਿਚ ਸ਼ਾਮਲ ਹੋਣਾ
ਸੀ, ਸ. ਅਮਰਜੀਤ ਸਿੰਘ ਗਰੇਵਾਲ ਨੇ ਕਿਸੇ ਪਰਿਵਾਰਕ ਮਸਲੇ ਲਈ ਆਪਣੀ ਭੂਆ ਦੇ ਪੁੱਤਰ ਸ.
ਜਸਜੀਤ ਸਿੰਘ ਰੰਧਾਵਾ ਨੂੰ ਮਿਲਣਾ ਸੀ ਜੋ ਉਹਨਾਂ ਦਿਨਾਂ ਵਿਚ ਪੰਜਾਬ ਦੇ ਪਬਲਿਕ ਹੈਲਥ
ਮਹਿਕਮੇ ਦੇ ਵਜ਼ੀਰ ਸਨ।ਪ੍ਰੋ. ਸੰਤੋਖ ਸਿੰਘ ਅਤੇ ਮੈਂ ਵੀ ਆਪੋ ਆਪਣੇ ਕੰਮਾਂ ਤੋਂ ਵਿਹਲੇ
ਹੋ ਕੇ ਸ਼ਾਮ ਨੂੰ ਰੰਧਾਵਾ ਸਹਿਬ ਦੇ ਘਰ ਆ ਗਏ ਜਿਥੇ ਗਰੇਵਾਲ ਸਾਹਿਬ ਉਹਨਾਂ ਨਾਲ ਗੱਲੀਂ
ਰੁੱਝੇ ਹੋਏ ਸਨ। ਇਕ ਦੋ ਬੰਦੇ ਹੋਰ ਵੀ ਸਨ। ਸੇਵਾ ਪਾਣੀ ਸ਼ੁਰੂ ਹੋ ਗਿਆ। ਸਭ ਦੀ ਲੋੜ ਅਤੇ
ਪਸੰਦ ਮੁਤਾਬਕ ਪੀਣ ਵਾਲੀਆਂ ਚੀਜ਼ਾਂ ਪੇਸ਼ ਹੋਈਆਂ। ਪੀਣ-ਪਦਾਰਥਾਂ ਦਾ ਗੁਜ਼ਾਰੇ ਲਾਇਕ ਸੇਵਨ
ਕਰਕੇ ਦੋ ਕੁ ਘੰਟੇ ਦੀ ਬੈਠਕ ਮਗਰੋਂ ਅਸੀਂ ਤੁਰਨ ਲੱਗੇ ਤਾਂ ਸ. ਜਸਜੀਤ ਸਿੰਘ ਅਤੇ ਉਹਨਾਂ
ਦੇ ਪਰਿਵਾਰ ਦੇ ਜੀਆਂ ਨੇ ਰੋਟੀ ਖਾ ਕੇ ਜਾਣ ਲਈ ਬੜਾ ਕਿਹਾ, ਪਰ ਸਾਡੇ ਮੋਹਰੀ ਪ੍ਰੋ.
ਸੰਤੋਖ ਸਿੰਘ ਨਾ ਮੰਨੇ। ਪ੍ਰੋ. ਸਾਹਿਬ ਖਾਧੀ ਪੀਤੀ ਤੇ ਜਿਹੜੀ ਗੱਲ ਤੇ ਅੜ ਜਾਣ ਤਾਂ ਬੱਸ
ਅੜ ਹੀ ਜਾਂਦੇ ਹਨ। ਬਾਹਰ ਨਿਕਲਕੇ ਕਹਿਣ ਲੱਗੇ, "ਆਪਾਂ ਰੋਟੀ ਖਾਵਾਂਗੇ ਮੋਰਿੰਡੇ ਵਾਲੇ
ਮਿੱਤਰਾਂ ਦੇ ਢਾਬੇ 'ਤੇ।" ਅਮਰਜੀਤ ਗਰੇਵਾਲ ਕਹਿੰਦੇ, "ਯਾਰ ਸੰਤੋਖ, ਇਥੇ ਸਾਰੇ ਮੀਟ
ਮੁਰਗੇ ਬਣੇ ਪਏ ਸੀ ਆਪਾਂ ਇਥੇ ਰੋਟੀ ਖਾ ਲੈਂਦੇ ਫੇਰ ਕੀ ਸੀ?" ਇਸ ਦੇ ਜੁਆਬ ਵਿਚ ਸੰਤੋਖ
ਸਿੰਘ ਦੀ ਦਲੀਲ ਕਮਾਲ ਦੀ ਸੀ, "ਕੀ ਗੱਲ ਬਈ, ਆਪਾਂ ਕੋਈ ਗਰੀਡੀ ਡੌਗ ਆਂ ਜੋ ਮੀਟ ਮੁਰਗੇ
ਖਾਣ ਬਹਿ ਜਾਂਦੇ, ਆਪਾਂ ਤਾਂ ਬੱਸ ਥਰਸਟੀ ਕ੍ਰੋ ਆਂ, ਇਸ ਕਰਕੇ ਪੀਣ ਵਾਲੀ ਚੀਜ਼ ਪੀ ਲਈ।"
ਉਹਨਾਂ ਦੀ ਇਸ ਸ਼ੇਅਰ ਵਰਗੀ ਸਟੇਟਮੈਂਟ ਤੇ ਮੈਂ ਉਹਨਾਂ ਨੂੰ ਅਣਗਿਣਤ ਵਾਰ ਦਾਦ ਦੇ ਚੁੱਕਾ
ਹਾਂ।ਇਸ ਗੱਲ ਨੂੰ ਉਹਨਾਂ ਆਪਣੇ ਨਾਵਲ 'ਰੌਸ਼ਨੀਆਂ ਦਾ ਬਾਗਬਾਨ' ਵਿਚ ਯਾਰਾਂ ਦੀ ਇਕ
ਮਹਿਫਿਲ਼ ਦੀ ਗੱਲਬਾਤ ਵਿਚ ਵੀ ਵਰਤਿਆ ਹੈ।ਇਸ ਗੱਲ ਦਾ ਮੇਰੇ ਦਿਲ ਨੂੰ ਜ਼ਿਆਦਾ ਟੁੰਬਣ ਦਾ
ਸ਼ਾਇਦ ਇਕ ਕਾਰਨ ਇਹ ਵੀ ਹੈ ਕਿ ਇਹ ਮੇਰੀ ਇਕ ਕਾਵਿ ਸਤਰ ਦੀ ਸਚਿੱਤਰ ਵਿਆਖਿਆ ਹੈ:
ਜਿੰਨੀ ਕੁ ਦੇਣੀ ਜ਼ਿੰਦਗੀ ਜਿਊਣ ਦਾ ਅਹਿਸਾਸ ਦਈਂ
ਥੋੜ੍ਹੀ ਤੋਂ ਥੋੜ੍ਹੀ ਭੁੱਖ ਤੇ ਬਹੁਤੀ ਤੋਂ ਬਹੁਤੀ ਪਿਆਸ ਦਈਂ
ਜੇ ਅਸੀਂ ਮਾਇਆ, ਚੀਜ਼ਾਂ–ਵਸਤਾਂ ਅਤੇ ਸ਼ੁਹਰਤਾਂ ਦੀ ਭੁੱਖ ਨੂੰ ਥੋੜ੍ਹਾ ਬਹੁਤ ਕਾਬੂ 'ਚ
ਰੱਖਾਂਗੇ ਅਤੇ ਪ੍ਰੇਮ ਪਿਆਰ ਦੀ ਪਿਆਸ ਨੂੰ ਵਧਾਵਾਂਗੇ ਤਾਂ ਚੰਗੇ ਰਹਾਂਗੇ। ਪ੍ਰੋ. ਸੰਤੋਖ
ਸਿੰਘ ਦੇ ਸ਼ਬਦਾਂ 'ਚ: ਗਰੀਡੀ ਡੌਗ ਨਾ ਬਣੀਏਂ, ਥਰਸਟੀ ਕ੍ਰੋ ਬਣੀਏਂ।
੨੮, ਬਸੰਤ ਵਿਹਾਰ, ਜਵੱਦੀ, ਲੁਧਿਆਣਾ-੧੩. ਫੋਨ: ੯੬੪੬੧-੧੮੨੦੮
-0- |