(ਡਾ ਦੇਵਿੰਦਰ ਕੌਰ, ਡਾ ਅਮਰ ਜਿਉਤੀ, ਕੁਲਵੰਤ ਢਿੱਲੋਂ, ਯਸ਼ ਸਾਥੀ, ਭਿੰਦਰ ਜਲਾਲਾਬਾਦੀ,
ਮਨਜੀਤ ਕੌਰ)
ਦੇਵਿੰਦਰ ਕੌਰ: ਅਜ ਕਲ ਵੱਧ ਰਹੀ ਤਕਨਾਲੋਜੀ ਦੇ ਦੌਰ ਵਿਚ ਦੁਨੀਆ ਦੀ ਰਫ਼ਤਾਰ ਏਨੀ ਤੇਜ਼ ਹੋ
ਗਈ ਹੈ ਕਿ ਮਨੁੱਖ ਦੇ ਭਵਿੱਖ ਦੇ ਬਚਾਅ ਦਾ ਮਸਲਾ ਉਭਰ ਕੇ ਸਾਹਮਣੇ ਆ ਰਿਹਾ ਹੈ।ਇਸ ਗੱਲ ਨੇ
ਸਾਡੀਆਂ ਔਰਤ ਲੇਖਿਕਾਵਾਂ ਨੂੰ ਵੀ ਸੋਚਣ ਤੇ ਮਜਬੂਰ ਕੀਤਾ ਹੈ ਅਤੇ ਇਨ੍ਹਾਂ ਲੇਖਿਕਾਵਾਂ ਨੇ
ਔਰਤ ਦੇ ਮਸਲਿਆਂ ਦੇ ਨਾਲ ਨਾਲ ਗਲੋਬਲ ਮਸਲਿਆਂ ਬਾਰੇ ਸੋਚਿਆ ਵੀ ਹੈ ਅਤੇ ਉਨ੍ਹਾਂ ਬਾਰੇ
ਲਿਖਿਆ ਵੀ ਹੈ ਭਾਵੇਂ ਕਿ ਉਨ੍ਹਾਂ ਦੀਆਂ ਰਚਨਾਵਾਂ ਦੀ ਪਰਖ ਵੇਲੇ ਔਰਤ ਵਾਲੇ ਪਹਿਲੂ ਤੋਂ ਹੀ
ਗੱਲ ਸ਼ੁਰੂ ਕਰ ਕੇ ਓਥੇ ਹੀ ਖ਼ਤਮ ਕਰ ਦਿੱਤੀ ਜਾਂਦੀ ਹੈ।ਜਿਉਤੀ ਜੀ ਤੁਹਾਡਾ ਇਸ ਬਾਰੇ ਕੀ
ਵਿਚਾਰ ਹੈ?
ਅਮਰ ਜਿਉਤੀ: ਜਿਵੇਂ ਤੁਸਾਂ ਕਿਹਾ ਹੈ ਕਿ ਦੁਨੀਆ ਬਦਲ ਚੁੱਕੀ ਹੈ, ਵਾਕਿਆ ਹੀ ਦੁਨੀਆ ਬੜੀ
ਬਦਲ ਗਈ ਹੈ।ਦੁਨੀਆ ਜਿਸ ਤਰ੍ਹਾਂ ਕਿਹਾ ਜਾਂਦਾ ਹੈ ਕਿ ਗਲੋਬਲ ਵਿਲੇਜ ਬਣ ਗਈ ਹੈ ਤੇ ਦੇਸ਼ ਇਕ
ਦੂਜੇ ਦੇ ਨੇੜੇ ਆ ਗਏ ਹਨ। ਪਹਿਲਾਂ ਕੋਈ ਸਮੱਸਿਆ ਇਕ ਮੁਲਕ ਦੀ ਹੁੰਦੀ ਸੀ, ਹੁਣ ਵੱਖ ਵੱਖ
ਦੇਸ਼ਾਂ ਦੀਆਂ ਸਮੱਸਿਆਵਾਂ ਇਕ ਦੂਜੇ ਨਾਲ ਜੁੜੀਆਂ ਹੋਈਆਂ ਹਨ।ਦੇਸ਼ਾਂ ਦੀ ਰਾਜਨੀਤਿਕ ਸੋਚ
ਬਦਲੀ ਹੈ ਅਤੇ ਵੱਖ ਵੱਖ ਦੇਸ਼ਾਂ ਦੀਆਂ ਜ਼ਰੂਰਤਾਂ ਇਕ ਦੂਜੇ ਤੇ ਨਿਰਭਰ ਹੋ ਰਹੀਆਂ ਹਨ। ਇਹਦਾ
ਕਾਰਨ ਇੰਟਰਨੈ¥ਟ, ਕੰਪਿਊਟਰ ਅਤੇ ਹੋਰ ਸੋਸ਼ਲ ਸਾਈਟਸ ਦਾ ਹੋਂਦ ਵਿਚ ਆ ਜਾਣਾ ਹੈ। ਇਹਦੇ ਨਾਲ
ਲੇਖਕਾਂ ਦੇ ਲਿਖਣ ਦੇ ਵਿਸ਼ੇ ਵੀ ਬਦਲ ਗਏ ਹਨ।ਬਹੁਤ ਸਾਲ ਪਹਿਲਾਂ ਮੈਂ ਕੰਪਿਊਟਰ ਦੇ ਅਸਰ
ਅੰਦਾਜ਼ ਹੋਣ ਬਾਰੇ ਮੈਂ ਇਕ ਨਜ਼ਮ ਲਿਖੀ ਸੀ:
ਪਹਿਲਾਂ ਇੰਦਰ ਜਾਲ ਸੀ/ ਫੇਰ ਸ਼ਬਦ ਜਾਲ / ਤੇ ਹੁਣ ਕੰਪਿਊਟਰ ਜਾਲ ਵਿਚ ਫਸ ਗਿਆ ਹੈ ਮਨੁੱਖ/
ਮੁਕਤੀ ਦੀ ਖੋਜ ਵਿਚ/ ਖੋਜ ਗਵਾਚ ਗਈ ਕੰਪਿਊਟਰ ਦੇ ਚੱਕਰਵਿਯੂ ਵਿਚ, ਇਸੇ ਤਰਾਂ ਪਿੱਛੇ ਜਿਹੇ
ਮੇਰੀ ਇਕ ਨਜ਼ਮ, 'ਸਵਪਨ ਸੁੰਦਰੀ' ਸਿਰਜਣਾ ਵਿਚ ਛਪੀ ਹੈ- ਉਸ ਵਿਚ ਵੀ ਪਿਛਲੇ ਕੁਝ ਸਮੇਂ ਵਿਚ
ਨਵੇਂ ਹਾਲਾਤ ਮੁਤਾਬਿਕ ਮਨੁੱਖੀ ਵਰਤਾਰਿਆਂ ਵਿਚ ਆਈ ਤਬਦੀਲੀ ਦਾ ਵਰਣਨ ਹੈ। ਮੈਨੂੰ ਲਗਦਾ ਹੈ
ਕਿ ਆਦਮੀ ਹੁਣ ਕੰਨਫਿਊਜ਼ ਹੋ ਰਿਹਾ ਹੈ।ਉਹਦੀਆਂ ਸਮੱਸਿਆਵਾਂ ਬਦਲ ਰਹੀਆਂ ਹਨ।ਪਹਿਲਾਂ
ਅਖ਼ਬਾਰਾਂ ਰਾਹੀਂ ਕੋਈ ਖ਼ਬਰ ਲੋਕਾਂ ਤੱਕ ਪਹੁੰਚਦਿਆਂ ਵਕਤ ਲਗਦਾ ਸੀ, ਅੱਜ ਜੋ ਵੀ ਖ਼ਬਰ ਹੁੰਦੀ
ਹੈ, ਓਸੇ ਵੇਲੇ ਸੋਸ਼ਲ ਸਾਈਟਸ ਜਾਂ ਟੀ ਵੀ ਉ¥ਤੇ ਡਿਸਕਸ ਹੋ ਕੇ ਲੋਕਾਂ ਤੱਕ ਪਹੁੰਚ ਜਾਂਦੀ
ਹੈ। ਕਹਿਣ ਤੋਂ ਭਾਵ ਸਮੱਸਿਆਵਾਂ ਦਾ ਰੂਪ ਬਦਲ ਗਿਆ ਹੈ, ਲੋਕਾਂ ਦੇ ਸੋਚਣ ਦਾ ਸਾਰਾ ਤਰੀਕਾ
ਬਦਲ ਗਿਆ ਹੈ। ਇਸ ਕਰਕੇ ਲੇਖਕਾਂ ਦੇ ਲਿਖਣ ਦੇ ਵਿਸ਼ੇ ਵੀ ਬਦਲ ਰਹੇ ਹਨ।
ਦੇਵਿੰਦਰ: ਤੁਹਾਨੂੰ ਲਗਦਾ ਏ ਕਿ ਆਲੋਚਕਾਂ ਦਾ ਨਜ਼ਰੀਆ ਵੀ ਬਦਲਿਐ।
ਅਮਰ ਜਿਉਤੀ: ਜਦ ਲੇਖਕ ਵੇਲੇ ਦੀਆਂ ਸਮੱਸਿਆਵਾਂ ਆਪਣੀਆਂ ਰਚਨਾਵਾਂ ਵਿਚ ਪੇਸ਼ ਕਰਨਗੇ, ਉਹਦੇ
ਮੁਤਾਬਿਕ ਹੀ ਆਲੋਚਕ ਅਲੋਚਨਾ ਕਰਨਗੇ।
ਦੇਵਿੰਦਰ: ਯਸ਼ ਜੀ, ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ?
ਯਸ਼ ਸਾਥੀ: ਦੇਵਿੰਦਰ ਜੀ ਜਿਵੇਂ ਕਿ ਤੁਸਾਂ ਫ਼ੋਨ ਤੇ ਮੈਨੂੰ ਕਿਹਾ ਸੀ ਕਿ ਬਹੁਤੀ ਵਾਰੀ
ਆਲੋਚਕ ਔਰਤ ਲੇਖਕਾਂ ਤੇ ਇਹ ਇਲਜ਼ਾਮ ਲਾਉਂਦੇ ਹਨ ਕਿ ਉਹ ਆਪਣੇ ਜ਼ਾਤੀ ਮਸਲਿਆਂ ਦੀ ਪੇਸ਼ਕਾਰੀ
ਤਕ ਹੀ ਸੀਮਤ ਰਹਿੰਦੀਆਂ ਹਨ ਤੇ ਸੰਸਾਰ ਦੇ ਮਸਲਿਆਂ ਬਾਰੇ ਘੱਟ ਲਿਖਦੀਆਂ ਹਨ ਜਾਂ ਲਿਖਣ ਦੇ
ਕਾਬਿਲ ਨਹੀਂ। ਮੈਂ ਨਹੀਂ ਸਮਝਦੀ ਕਿ ਇਹ ਠੀਕ ਹੈ।। ਮੈਂ ਸਮਝਦੀ ਹਾਂ ਔਰਤ ਲੇਖਿਕਾਵਾਂ ਵਿਚ
ਏਨੀ ਯੋਗਤਾ ਹੈ ਕਿ ਉਹ ਦੁਨੀਆ ਦੇ ਕਿਸੇ ਵੀ ਮਸਲੇ ਬਾਰੇ ਲਿਖ ਸਕਦੀਆਂ ਹਨ। ਸਗੋਂ ਉਹ ਕਿਸੇ
ਵੀ ਸਮੱਸਿਆ ਨੂੰ ਇਕ ਧੀ ਦੇ, ਇਕ ਪਤਨੀ ਦੇ ਅਤੇ ਇਕ ਮਾਂ ਦੇ ਰੂਪ ਵਿਚ ਵਧੇਰੇ ਯੋਗ ਤਰੀਕੇ
ਨਾਲ ਨਜਿੱਠ ਸਕਦੀਆਂ ਹਨ। ਜਿਵੇਂ ਕਿ ਜਿਉਤੀ ਜੀ ਨੇ ਕਿਹਾ ਹੈ ਕਿ ਫੇਸਬੁੱਕ, ਈਮੇਲ ਵਗ਼ੈਰਾ
ਔਣ ਦੇ ਨਾਲ ਦੁਨੀਆ ਬਦਲ ਰਹੀ ਹੈ, ਮੈਂ ਸਮਝਦੀ ਹਾਂ ਕਿ ਔਰਤ ਉਪਰ ਇਸ ਗੱਲ ਦਾ ਵਧੇਰੇ ਅਸਰ
ਹੋ ਰਿਹਾ ਹੈ ਕਿਉਂਕਿ ਉਹਦਾ ਸੰਸਾਰ ਦੇ ਨਾਲ ਰਾਬਤਾ ਜ਼ਿਆਦਾ ਹੈ। ਇਹ ਗੱਲ ਵੱਖਰੀ ਹੈ ਕਿ ਇਕ
ਪਤਨੀ ਦੇ ਰੂਪ ਵਿਚ ਜਾਂ ਇਕ ਧੀ ਦੇ ਰੂਪ ਵਿਚ ਸਾਡੀ ਏਸ਼ੀਅਨ ਸੁਸਾਇਟੀ ਵਿਚ ਉਸਦਾ ਸਥਾਨ
ਵੈ¥ਸਟਰਨ ਸੁਸਾਇਟੀ ਦੇ ਮੁਕਾਬਲੇ ਵੱਖਰਾ ਹੈ। ਪਰ ਜਦੋਂ ਵੀ ਕੋਈ ਔਰਤ ਲੇਖਿਕਾ ਦੇ ਰੂਪ ਵਿਚ
ਕੁਝ ਲਿਖਣਾ ਚਾਹੁੰਦੀ ਹੈ ਤਾਂ ਜ਼ਰੂਰੀ ਨਹੀਂ ਕਿ ਉਹ ਸਿਰਫ਼ ਔਰਤ ਦੇ ਮਸਲਿਆਂ ਬਾਰੇ ਲਿਖਣ ਦੇ
ਕਾਬਿਲ ਹੀ ਹੁੰਦੀ ਹੈ, ਉਹ ਸਮਾਜ ਦੇ ਭਖਦੇ ਮਸਲਿਆਂ ਬਾਰੇ ਜਾਂ ਦੁਨੀਆ ਦੇ ਮਸਲਿਆਂ ਬਾਰੇ ਵੀ
ਲਿਖ ਸਕਦੀ ਹੈ। ਮੈਨੂੰ ਉਮੀਦ ਹੈ ਕਿ ਆਲੋਚਕ ਵੀ ਉਸਨੂੰ ਓਸੇ ਨਜ਼ਰ ਨਾਲ ਹੀ ਪੜ੍ਹਣਗੇ ਅਤੇ
ਉਸਦੀ ਰਚਨਾ ਦਾ ਮੁਲਾਂਕਣ ਕਰਨਗੇ।
ਦੇਵਿੰਦਰ; ਯਸ਼ ਜੀ ਕਿਸੇ ਕਿਤਾਬ ਦਾ ਜ਼ਿਕਰ ਕਰਨਾ ਚਾਹੋਗੇ ਕਿਉਂਕਿ ਮੈਨੂੰ ਪਤਾ ਹੈ ਕਿ ਤੁਸੀਂ
ਸਾਹਿਤ ਦੀਆਂ ਬਹੁਤ ਕਿਤਾਬਾਂ ਪੜ੍ਹਦੇ ਰਹਿੰਦੇ ਹੋ, ਖ਼ਾਸ ਕਰਕੇ ਏਥੋਂ ਦੇ ਏਸ਼ੀਅਨ ਰਾਈਟਰਜ਼ ਜੋ
ਕੁਝ ਲਿਖ ਰਹੇ ਨੇ?
ਯਸ਼ ਸਾਥੀ: ਹਾਂ ਜੀ ਜਿਹੜੀ ਕਿਤਾਬ ਮੈਂ ਇਨ੍ਹਾਂ ਦਿਨਾਂ ਵਿਚ ਪੜ੍ਹੀ ਹੈ। ਉਹ ਹੈ ਸਤਨਾਮ
ਸੰਘੇੜਾ ਦੀ, 'ਦ ਬੁਆਏ ਵਿਦ ਏ ਟਾਪ ਨੌਟ' ਜਿਹੜੀ ਮੈਨੂੰ ਬਹੁਤ ਚੰਗੀ ਲੱਗੀ। ਇਸ ਵਿਚ ਲੇਖਕ
ਨੇ ਆਪਣੇ ਮਾਪਿਆਂ ਬਾਰੇ ਲਿਖਿਆ ਹੈ ਜਿਹੜੇ 60ਵਿਆਂ ਵਿਚ ਆਏ। ਆਪਣੇ ਪਿਤਾ ਬਾਰੇ ਜਿਹੜੇ ਕਿ
ਬਿਲਕੁਲ ਪੜ੍ਹੇ ਲਿਖੇ ਨਹੀਂ ਸਨ। ਉਹ ਮਾਨਸਿਕ ਬੀਮਾਰੀ ਨਾਲ ਪੀੜਤ ਸਨ ਜਿਸਦਾ ਪਰਿਵਾਰ ਵਿਚ
ਕਿਸੇ ਨੂੰ ਪਤਾ ਨਹੀਂ ਸੀ। ਏਥੋਂ ਤਕ ਕਿ ਲੇਖਕ ਨੂੰ ਇਕ ਬੇਟੇ ਦੇ ਰੂਪ ਵਿਚ ਵੀ ਨਹੀਂ। ਲੇਖਕ
ਪੱਤਰਕਾਰ ਵੀ ਬਣ ਗਿਆ ਲੇਕਿਨ ਤਾਂ ਵੀ ਉਸਨੂੰ ਆਪਣੇ ਪਿਤਾ ਦੀ ਬੀਮਾਰੀ ਬਾਰੇ ਪਤਾ ਨਹੀਂ
ਲੱਗਾ। ਪਰ ਜਦੋਂ ਉਸਨੇ ਸੋਚਣਾ ਸ਼ੁਰੂ ਕੀਤਾ ਕਿ ਮਰੇ ਪਿਤਾ ਜੀ ਜ਼ਿੰਦਗੀ ਵਿਚ ਕਦੇ ਕੰਮ ਕਰਨ
ਕਿਉਂ ਨਹੀਂ ਗਏ? ਤਾਂ ਉਨ੍ਹਾਂ ਨੂੰ ਸਮਝ ਆਈ ਕਿ ਉਨ੍ਹਾਂ ਦੀ ਸਮੱਸਿਆ ਬੜੀ ਗਹਿਰੀ ਹੈ। ਸੋ
ਉਸ ਕਿਤਾਬ ਨੇ ਮੈਨੂੰ ਇਕ ਪਾਠਕ ਦੇ ਤੌਰ ਤੇ ਬੜੇ ਤਰੀਕਿਆਂ ਨਾਲ ਪ੍ਰਭਾਵਿਤ ਕੀਤਾ, ਖ਼ਾਸ
ਕਰਕੇ ਇਸ ਗੱਲ ਨੇ ਕਿ ਸਾਡੇ ਪੁਰਾਣੇ ਅਣਪੜ੍ਹ ਲੋਕ ਕਿਸ ਤਰ੍ਹਾਂ ਇਸ ਮੁਲਕ ਵਿਚ ਆਏ, ਕੰਮ
ਕੀਤਾ ਅਤੇ ਖ਼ਾਸ ਤੌਰ ਤੇ ਉਸ ਲੇਖਕ ਦੀ ਮਾਂ ਕਿਵੇਂ ਉਹ ਆਪਣੇ ਪਤੀ ਨਾਲ ਰਹਿ ਤੇ ਉਨ੍ਹਾਂ ਦੇ
ਕੰਮ ਨਾ ਕਰਨ ਦੇ ਬਾਵਜੂਦ ਆਪ ਕੰਮ ਕੀਤਾ ਅਤੇ ਆਪਣੇ ਪਰਿਵਾਰ ਨੂੰ ਚਲਾਇਆ। ਮੇਰਾ ਖ਼ਿਆਲ ਹੈ
ਕਿ ਉਸ ਔਰਤ ਨੇ ਤਿੰਨ ਜਾਂ ਚਾਰ ਬੱਚਿਆਂ ਦੀ ਦੇਖ ਭਾਲ ਕੀਤੀ, ਘਰ ਖ਼ਰੀਦਿਆ, ਧੀਆਂ ਦੇ ਵਿਆਹ
ਕੀਤੇ। ਇਹੋ ਜਿਹੀਆਂ ਘਟਨਾਵਾਂ ਬਹੁਤ ਲੋਕਾਂ ਨਾਲ ਘਟੀਆਂ ਹੋਣਗੀਆਂ, ਏਸ਼ੀਅਨ ਸਮਾਜ ਵਿਚ,
ਜਿਨ੍ਹਾਂ ਬਾਰੇ ਸਾਨੂੰ ਪਤਾ ਨਹੀਂ, ਸੋ ਉਨ੍ਹਾਂ ਨੂੰ ਲੇਖਕ ਨੇ ਬੜੀ ਅੱਛੀ ਤਰ੍ਹਾਂ ਰਚਨਾ
ਵਿਚ ਨਿਭਾਇਆ।
ਦੇਵਿੰਦਰ: ਏਥੇ ਮੈਂ ਇਕ ਗੱਲ ਕਹਿਣਾ ਚਾਹਵਾਂਗੀ ਕਿ ਆਮ ਤੌਰ ਤੇ ਮਰਦ ਲੇਖਕਾਂ, ਪਾਠਕਾਂ
ਵੱਲੋਂ ਹੀ ਇਹ ਸਵਾਲ ਉਠਾਇਆ ਜਾਂਦਾ ਹੈ ਤੇ ਉਹ ਵੀ ਮਰਦ ਆਲੋਚਕਾਂ ਬਾਰੇ ਕਿ ਔਰਤ ਲੇਖਿਕਾਵਾਂ
ਨੂੰ ਕਈ ਵਾਰ ਔਰਤ ਹੋਣ ਦੀ ਰਿਆਇਤ ਦਿੱਤੀ ਜਾਂਦੀ ਹੈ ਅਤੇ ਉਨ੍ਹਾਂ ਦੀਆਂ ਰਚਨਾਵਾਂ ਨੂੰ
ਪਰਖਣ ਦੇ ਪੈਮਾਨੇ ਉਨ੍ਹਾਂ ਦੀਆਂ ਰਚਨਾਵਾਂ ਦੀ ਪੱਧਰ ਤੇ ਘੱਟ ਤੇ ਉਨ੍ਹਾਂ ਦੀ ਜ਼ਾਤ ਦੀ ਪੱਧਰ
ਤੇ ਵਧੇਰੇ ਹੁੰਦੇ ਹਨ।
ਅਮਰ ਜਿਉਤੀ: ਇਹ ਸਵਾਲ ਅੱਜ ਦੀ ਗੱਲਬਾਤ ਵਾਲੇ ਵਿਸ਼ੇ ਤੋਂ ਵੱਖਰਾ ਹੈ ਅਤੇ ਬੜਾ ਅਹਿਮ ਹੈ।
ਇਸ ਤੇ ਵੀ ਲੰਬੀ ਬਹਿਸ ਹੋ ਸਕਦੀ ਹੈ। ਚੰਗਾ ਹੈ ਇਸ ਵਿਚ ਮਰਦ ਲੇਖਕਾਂ ਨੂੰ ਵੀ ਸ਼ਾਮਿਲ ਕੀਤਾ
ਜਾਏ। ਜਿਹੜੀ ਅੱਜ ਦੀ ਸਮੱਸਿਆ ਹੈ, ਉਹ ਵੀ ਬੜੀ ਸੰਜੀਦਾ ਹੈ। ਏਥੇ ਮੈਂ ਇਕ ਗੱਲ ਕਰਨੀ
ਚਾਹਵਾਂਗੀ ਕਿ ਔਰਤ ਲੇਖਿਕਾਵਾਂ ਦੀਆਂ ਰਚਨਾਵਾਂ ਤੇ ਜਦੋਂ ਯੂਨੀਵਰਸਿਟੀਆਂ ਕੰਮ ਕਰਵਾਉਂਦੀਆਂ
ਹਨ ਤਾਂ ਉਨ੍ਹਾਂ ਦੀਆਂ ਪੁਸਤਕਾਂ ਵਿਚੋਂ ਕੇਵਲ ਉਨ੍ਹਾਂ ਮਸਲਿਆਂ ਨੂੰ ਹੀ ਉਭਾਰਿਆ ਜਾਂਦਾ
ਹੈ, ਜੋ ਕੇਵਲ ਔਰਤਾਂ ਦੀਆਂ ਸਮੱਸਿਆਵਾਂ ਨਾਲ ਸੰਬੰਧ ਰੱਖਦੇ ਹਨ। ਜਦੋਂ ਉਹਦੀ ਕਿਤਾਬ ਦਾ
ਲੇਖਾ ਜੋਖਾ ਹੁੰਦਾ ਹੈ ਤਾਂ ਉਦੋਂ ਵੀ ਉਹੀ ਵਰਤਾਰਾ ਵਾਪਰਦਾ ਹੈ।ਔਰਤ ਲੇਖਿਕਾਵਾਂ ਨੇ ਔਰਤਾਂ
ਦੀਆਂ ਸਮੱਸਿਆਵਾਂ ਤੇ ਲਿਖਣ ਤੋਂ ਬਿਨਾਂ ਸਮਾਜਿਕ ਕੁਰੀਤੀਆਂ ਅਤੇ ਅੰਤਰ ਰਾਸ਼ਟਰੀ ਪੱਧਰ ਦੀਆਂ
ਸਮੱਸਿਆਵਾਂ ਨਾਲ ਸੰਬੰਧਿਤ ਵਿਸ਼ਿਆਂ ਤੇ ਵੀ ਲਿਖਿਆ ਹੈ, ਉਨ੍ਹਾਂ ਰਚਨਾਵਾਂ ਬਾਰੇ ਵੀ
ਵਿਚਾਰਿਆ ਜਾਣਾ ਚਾਹੀਦਾ ਹੈ। ਜਿਵੇਂ ਮੇਰੀ ਇਕ ਨਜ਼ਮ, 'ਤੱਲਿਸਮੀ ਤੀਜੀ ਦੁਨੀਆ' ਹੈ, ਇਸ ਨਜ਼ਮ
ਵਿੱਚ ਅੰਤਰ ਰਾਸ਼ਟਰੀ ਪੱਧਰ ਤੇ ਰਾਜਨੀਤੀ ਦੀ ਖੇਡ ਦੇ ਕਾਰਨਾਮਿਆਂ ਤੋਂ ਬਿਨਾਂ ਬੰਬ,
ਕਾਰਤੂਸ, ਗੋਲਾ ਬਾਰੂਦ ਨਾਲ ਧਰਤੀ ਦੀ ਬਾਂਝ ਹੋ ਰਹੀ ਕੁੱਖ ਦਾ ਵਰਣਨ ਹੈ। ਇਹ ਨਜ਼ਮ ਸਾਡੇ
ਮਾਨਯੋਗ ਸ਼ਾਇਰ ਸੰਤੋਖ ਸਿੰਘ ਧੀਰ ਹੋਰਾਂ ਬੜੀ ਪਸੰਦ ਕੀਤੀ ਸੀ ਪਰ ਮੇਰਾ ਖ਼ਿਆਲ ਹੈ ਕਿ ਕਿਸੇ
ਆਲੋਚਕ ਨੇ ਅੱਜ ਤੱਕ ਉਸਦਾ ਜ਼ਿਕਰ ਨਹੀਂ ਕੀਤਾ।
ਦੇਵਿੰਦਰ: ਏਥੇ ਮੈਂ ਇਕ ਗੱਲ ਹੋਰ ਕਰਨੀ ਚਾਹਵਾਂਗੀ, ਜਿਸ ਨੂੰ ਤੁਸੀਂ ਵੇਗ ਕਿਹਾ ਹੈ, ਕਿ
ਸਾਡੀਆਂ ਔਰਤ ਲੇਖਿਕਾਵਾਂ ਵੀ ਕਈ ਵਾਰ ਰਾਤੋ ਰਾਤ ਮਸ਼ਹੂਰ ਹੋਣ ਲਈ ਕਈ ਐਸੇ ਹੱਥ ਕੰਡੇ
ਅਪਣਾਉਂਦੀਆਂ ਨੇ ਜਿਨ੍ਹਾਂ ਦਾ ਸਾਹਿਤ ਨਾਲ ਤੁਆਲੁਕ ਨਹੀਂ ਹੁੰਦਾ।ਇਸ ਚੱਕਰ ਵਿਚ ਕਈ ਵਾਰੀ
ਉਚੇਰੀ ਪੱਧਰ ਦਾ ਸਾਹਿਤ ਪਿੱਛੇ ਰਹਿ ਜਾਂਦਾ ਹੈ ਤੇ ਸਾਧਾਰਣ ਕਿਸਮ ਦੀਆਂ ਰਚਨਾਵਾਂ ਪਾਠਕਾਂ
ਵਿਚ ਵਧੇਰੇ ਮਸ਼ਹੂਰ ਹੋ ਜਾਂਦੀਆਂ ਹਨ।
ਕੁਲਵੰਤ ਢਿੱਲੋਂ: ਇਸ ਤਰ੍ਹਾਂ ਸਿਰਫ਼ ਔਰਤ ਲੇਖਿਕਾਵਾਂ ਹੀ ਨਹੀਂ ਕਰਦੀਆਂ, ਮਰਦ ਲੇਖਕ ਵੀ
ਕਰਦੇ ਹਨ। ਉਹ ਵੀ ਰਚਨਾ ਨੂੰ ਮਸ਼ਹੂਰ ਕਰਨ ਲਈ ਕਈ ਤਰ੍ਹਾਂ ਦੇ ਹੱਥ ਕੰਡੇ ਅਪਣਾਉਂਦੇ ਨੇ। ਕਈ
ਵਾਰੀ ਉਨ੍ਹਾਂ ਦੀਆਂ ਰਚਨਾਵਾਂ ਵੀ ਸਾਧਾਰਣ ਪੱਧਰ ਦੀਆਂ ਹੁੰਦੀਆਂ ਨੇ ਪਰ ਉਨ੍ਹਾਂ ਨੂੰ ਬੜਾ
ਹਾਈ ਲਾਈਟ ਕੀਤਾ ਜਾਂਦੈ।
ਦੇਵਿੰਦਰ: ਉਹਦਾ ਕੀ ਕਾਰਨ ਹੋ ਸਕਦੈ?
ਭਿੰਦਰ ਜਲਾਲਾਬਾਦੀ: ਮੈਨੂੰ ਇਸ ਦਾ ਕੋਈ ਜ਼ਿਆਦਾ ਤਜੁਰਬਾ ਤੇ ਨਹੀਂ ਪਰ ਏਥੇ ਮੈਂ ਇਕ ਗੱਲ
ਕਰਨੀ ਚਾਹਵਾਂਗੀ ਕਿ ਜਦੋਂ ਮੇਰੀ ਪਹਿਲੀ ਕਿਤਾਬ, 'ਕੁੜੀਆਂ ਨਹੀਂ ਚਿੜੀਆਂ ਮਾਏ' ਰਿਲੀਜ਼ ਹੋਈ
ਤਾਂ ਆਲੋਚਕਾਂ ਬਾਰੇ ਮੇਰਾ ਤਜੁਰਬਾ ਏਨਾ ਮਾੜਾ ਸੀ ਕਿ ਮੈਨੂੰ ਆਲੋਚਕਾਂ ਵੱਲੋਂ ਬਿਲਕੁਲ
ਹੌਸਲਾ ਨਹੀਂ ਮਿਲਿਆ।ਮੈਂ ਪਹਿਲਾਂ ਵੀ ਡਰ ਕੇ ਲਿਖਿਆ ਸੀ ਲੇਕਿਨ ਜਦੋਂ ਕਿਤਾਬ ਆਈ ਤਾਂ ਉਸ
ਵਕਤ ਕੁੜੀਆਂ
ਬਾਰੇ ਜੋ ਮੈਂ ਲਿਖਿਆ ਸੀ, ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦਾ ਤੇ ਕੁਝ ਹੋ ਹੀ ਨਹੀਂ ਰਿਹਾ,
ਜਿਸ ਤਰ੍ਹਾਂ ਦਾ ਤੁਸੀਂ ਲਿਖਿਆ ਹੈ।ਕੀ ਤੁਸੀਂ ਮੰਨ ਸਕਦੇ ਹੋ ਕਿ ਇਕ ਆਲੋਚਕ ਉ¥ਠ ਕੇ ਮੈਨੂੰ
ਇਹ ਗੱਲ ਕਹਿ ਰਿਹਾ ਸੀ।
ਦੇਵਿੰਦਰ: ਏਸ ਮਸਲੇ ਬਾਰੇ ਮਨਜੀਤ ਜੀ ਤੁਸੀਂ ਕੁਝ ਕਹਿਣਾ ਚਾਹੋਗੇ?
ਮਨਜੀਤ: ਨਹੀਂ।
ਦਵਿੰਦਰ: ਕੁਲਵੰਤ ਤੁਸੀਂ?
ਕੁਲਵੰਤ: ਮੇਰਾ ਖ਼ਿਆਲ ਏ ਕਿ ਜਦੋਂ ਕੋਈ ਆਲੋਚਕ ਏਹੋ ਜਿਹੀ ਗੱਲ ਕਰਦੈਂ, ਉਹ ਇਸ ਨੂੰ ਵਿਅਕਤੀ
ਗਤ ਤੌਰ ਤੇ ਲੈਂਦਾ ਹੈ, ਇਕ ਸਾਹਿਤਕਾਰ ਦੇ ਤੌਰ ਤੇ ਨਹੀਂ। ਇਸ ਨੂੰ ਨਿੱਜੀ ਤੌਰ ਤੇ ਲੈਂਦਾ
ਹੈ ਕਿਉਂਕਿ ਉਹ ਉਸਨੂੰ ਨਿਜੀ ਤੌਰ ਤੇ ਜਾਣਦਾ ਹੁੰਦੈ। ਉਹ ਇਹ ਦੇਖਦੈ ਕਿ ਇਹਦੇ ਨਾਲ ਕਿੱਦਾਂ
ਹੋਇਆ,ਇਹ ਨਹੀਂ ਦੇਖਦਾ ਕਿ ਕੋਈ ਵੀ ਔਰਤ ਰਚਨਾ ਸਿਰਜਦੀ ਹੈ ਆਪਣੀ ਜ਼ਿੰਦਗੀ ਨਹੀਂ।ਜਦੋਂ ਕੋਈ
ਅਲੋਕਾਰੀ ਘਟਨਾ ਰਚਨਾ ਦਾ ਰੂਪ ਧਾਰਦੀ ਹੈ ਤਾਂ ਉਹ ਸੋਚਦੈ, ਤੇਰੇ ਕੱਲੀ ਨਾਲ ਹੀ ਹੋਇਆ ਹੋਊ,
ਹੋਰ ਤਾਂ ਕਿਸੇ ਨਾਲ ਹੋਇਆ ਨਹੀਂ।
ਅਮਰ ਜਿਉਤੀ: ਜਾਂ ਉਹਦੇ ਗਿਆਨ ਦਾ ਘੇਰਾ ਵਸੀਹ ਨਹੀਂ ਹੁੰਦਾ।ਜਾਂ ਉਹਨੇ ਉਸ ਕਿਤਾਬ ਨੂੰ
ਚੰਗੀ ਤਰਾਂ ਪੜ੍ਹਿਆ ਨਹੀਂ ਹੁੰਦਾ ਅਤੇ ਪੇਸ਼ ਕੀਤੇ ਮਸਲਿਆਂ ਬਾਰੇ ਸੋਚਿਆ ਨਹੀਂ ਹੁੰਦਾ।ਚੰਗਾ
ਲੇਖਕ ਮਿਥਿਹਾਸ, ਇਤਿਹਾਸ ਅਤੇ ਆਲੇ ਦਵਾਲੇ ਵਾਪਰ ਰਹੇ ਨੂੰ ਪੜ੍ਹਦਾ ਪਰਖਦਾ ਹੈ। ਮਿਆਰੀ
ਰਚਨਾ ਵਿਚ ਇਹ ਕਿਤੇ ਨਾ ਕਿਤੇ ਸ਼ਾਮਲ ਹੁੰਦਾ ਹੈ ਅਤੇ ਉਸ ਵਿਚ ਗੁਣਾਤਮਕ ਵਾਧਾ ਕਰਦਾ ਹੈ।
ਇਸੇ ਤਰ੍ਹਾਂ ਚੰਗਾ ਆਲੋਚਕ ਲੇਖਕ ਤੋਂ ਵੀ ਵੱਧ ਪੜ੍ਹਦਾ ਪਰਖਦਾ ਹੈ। ਤੁਸੀਂ ਆਪ ਦੇਵਿੰਦਰ ਜੀ
ਆਲੋਚਕ ਹੋ, ਇਸ ਬਾਰੇ ਤੁਸੀਂ ਵੱਧ ਜਾਣਦੇ ਹੋ।
ਮਨਜੀਤ: ਜੋ ਕੁਝ ਤੁਹਾਡੇ ਨਾਲ ਜਾਂ ਕਿਸੇ ਹੋਰ ਨਾਲ ਵਪਰਦੈ, ਉਨ੍ਹਾਂ ਬਾਰੇ ਪੜ੍ਹਨ ਲਿਖਣ ਦੀ
ਤਾਂ ਲੋੜ ਨਹੀਂ, ਉਹ ਤਾਂ ਆਪ ਮੁਹਾਰੇ ਹੀ ਤੁਹਾਡੇ ਸਾਹਮਣੇ ਆ ਜਾਂਦੈ। ਜਾਂ ਉਹ ਤੁਹਾਡੇ ਨਾਲ
ਵਾਪਰਦੈ, ਜਾਂ ਖ਼ਬਰਾਂ ਦੀ ਸ਼ਕਲ ਵਿਚ ਤੁਹਾਡੇ ਸਾਹਮਣੇ ਆ ਜਾਂਦੈ, ਆਪ ਮੁਹਾਰੇ ਹੀ ਤੁਹਾਨੂੰ
ਪਤਾ ਲਗਦਾ ਜਾਂਦੈ।ਇਹ ਤਾਂ ਆਪਣੀ ਆਪਣੀ ਸੋਚ ਹੈ ਕਿ ਤੁਸੀਂ ਕਿਸੇ ਗੱਲ ਨੂੰ ਕਿਸ ਤਰ੍ਹਾਂ
ਲੈਂਦੇ ਹੋ।ਅੱਜ ਵੀ ਜੋ ਕੁਝ ਆਲੇ ਦਵਾਲੇ ਔਰਤਾਂ ਨਾਲ ਵਾਪਰਦੈ, ਉਸ ਬਾਰੇ ਸੋਚਣ ਦੀ ਲੋੜ ਹੈ,
ਹਾਲਾਂਕਿ ਜਿਵੇਂ 80% ਔਰਤਾਂ ਨਹੀਂ, 20% ਔਰਤਾਂ ਐਸੀਆਂ ਵੀ ਨੇ ਜੋ ਔਰਤਾਂ ਤੇ ਹੀ ਜ਼ੁਲਮ
ਕਰੀ ਜਾਂਦੀਆਂ ਨੇ।ਆਦਮੀ ਵੀ ਔਰਤਾਂ ਦੇ ਜ਼ੁਲਮ ਦੇ ਸ਼ਿਕਾਰ ਨੇ।ਕਿਉਂਕਿ ਔਰਤ ਵੀ ਜ਼ੁਲਮ ਕਰਨੋਂ
ਘੱਟ ਨਹੀਂ ਕਰਦੀ।
ਕੁਲਵੰਤ ਢਿੱਲੋਂ: ਔਰਤਾਂ ਆਦਮੀ ਤੇ ਵੀ ਜ਼ੁਲਮ ਕਰਦੀਆਂ ਨੇ।
ਮਨਜੀਤ: ਕੁਝ % ਆਦਮੀ ਵੀ ਔਰਤ ਦੇ ਜ਼ੁਲਮ ਦੇ ਸ਼ਿਕਾਰ ਨੇ ਕਿਉਂਕਿ ਔਰਤ ਵੀ ਮਰਦ ਤੇ ਜ਼ੁਲਮ
ਕਰਨੋਂ ਘੱਟ ਨਹੀਂ ਕਰਦੀ। ਪਰ ਅਜੇ ਵੀ % ਦੇ ਹਿਸਾਬ ਨਾਲ ਦੇਖੀਏ ਤਾਂ ਅਜੇ ਵੀ ਔਰਤ ਹੀ ਮਰਦ
ਦੇ
ਜ਼ੁਲਮ ਦੀ ਸ਼ਿਕਾਰ ਹੁੰਦੀ ਹੈ ਅਤੇ ਹੁੰਦੀ ਆਈ ਹੈ। ਹੁਣ ਪਾਕਿਸਤਾਨ ਵਿਚ ਹੀ ਛੋਟੀ ਜਿਹੀ ਕੁੜੀ
ਮਲਾਲਾ ਦੀ ਗੱਲ ਹੀ ਲਓ, ਉਹ ਬੱਚੀ ਹੈ, ਪੜ੍ਹਣਾ ਚਾਹੁੰਦੀ ਹੈ, ਇੱਕ ਆਵਾਜ਼ ਉਠਾਈ ਹੈ, ਸਿਰਫ਼
ਪੜ੍ਹਣ ਵਾਸਤੇ, ਅਜ ਦਾ ਯੁੱਗ ਪੜ੍ਹਾਈ ਦਾ ਯੁੱਗ ਹੈ, ਪੜ੍ਹਣ ਤੋਂ ਬਗ਼ੈਰ ਤੁਸੀਂ ਕੁਝ ਨਹੀਂ
ਕਰ ਸਕਦੇ, ਵਿਚਾਰੀ ਨੂੰ ਗੋਲੀ ਮਾਰ ਦਿੱਤੀ ਗਈ।ਜਨ ਜੀਵਨ ਹਰਿਆਣਾ ਵਿਚ ਰੇਪ ਦੀ ਖ਼ਬਰ ਨਾਲ
ਓਥੋਂ ਦੇ ਮਨਿਸਟਰ ਨੇ ਕਿਹਾ ਕਿ ਕੁੜੀਆਂ ਦੀ 16 ਸਾਲ ਦੀ ਉਮਰ ਵਿਚ ਸ਼ਾਦੀ ਕਰ ਦੇਣੀ ਚਾਹੀਦੀ
ਹੈ।
ਦੇਵਿੰਦਰ: ਸੋ ਏਥੋਂ ਜ਼ਾਹਿਰ ਹੈ ਕਿ ਅੱਜ ਭਾਵੇਂ ਦੁਨੀਆ ਬਦਲ ਗਈ ਹੈ, ਲੇਕਿਨ ਅਜੇ ਵੀ ਔਰਤ
ਦੇ ਆਪਣੇ ਕੁਝ ਐਸੇ ਮਸਲੇ ਨੇ ਜਿਨ੍ਹਾਂ ਬਾਰੇ ਉਸਨੂੰ ਗੰਭੀਰਤਾ ਨਾਲ ਸੋਚਣ ਅਤੇ ਉਨ੍ਹਾਂ ਲਈ
ਜਦੋ ਜਹਿਦ ਕਰਨ ਦੀ ਲੋੜ ਹੈ।ਦੁਨੀਆ ਭਾਵੇਂ ਬਦਲ ਗਈ ਹੈ ਜਾਂ ਬਦਲ ਰਹੀ ਹੈ ਪਰ ਉਨ੍ਹਾਂ ਨੂੰ
ਅਜੇ ਵੀ ਪਹਿਲਾਂ ਆਪਣੇ ਮਸਲਿਆਂ ਬਾਰੇ ਗੱਲ ਕਰਨ ਦੀ ਲੋੜ ਹੈ, ਕਿਉਂਕਿ ਜੇ ਉਹ ਨਹੀਂ
ਕਰਨਗੀਆਂ ਤਾਂ ਕੌਣ ਕਰੇਗਾ?
ਯਸ਼ ਸਾਥੀ: ਸੋ ਜੋ ਜੋ ਕੁਝ ਵੀ ਸੰਸਾਰ ਵਿਚ ਵਾਪਰ ਰਿਹੈ,ਲੀਬੀਆ ਵਿਚ ਲੜਾਈ ਹੋਈ, ਏਨੇ ਲੋਕ
ਮਰੇ ਔਰਤ ਨੂੰ ਉਨ੍ਹਾਂ ਸਾਰੇ ਮਸਲਿਆਂ ਬਾਰੇ ਲਿਖਣ ਦੀ ਲੋੜ ਹੈ।ਜਿਵੇਂ ਮਨਜੀਤ ਹੋਰਾਂ ਰੇਪ
ਦੀ ਖ਼ਬਰ ਬਾਰੇ ਮਨਿਸਟਰ ਦੇ ਵਿਚਾਰਾਂ ਦੀ ਗੱਲ ਕੀਤੀ। ਇਸ ਬਾਰੇ ਵੀ ਔਰਤ ਪੂਰੀ ਸ਼ਕਤੀ ਨਾਲ
ਲਿਖ ਸਕਦੀ ਹੈ। ਔਰਤ ਆਪਣੇ ਮਸਲਿਆਂ ਬਾਰੇ ਅਤੇ ਹੋਰ ਔਰਤਾਂ ਦੇ ਸਾਂਝੇ ਮਸਲਿਆਂ ਬਾਰੇ ਵੀ
ਲਿਖ ਸਕਦੀ ਹੈ।
ਅਮਰ ਜਿਉਤੀ: ਮੈ ਏਥੇ ਅਮ੍ਰਿੰਤਾ ਪ੍ਰੀਤਮ ਦਾ ਜ਼ਿਕਰ ਕਰਨਾ ਚਾਹਵਾਂਗੀ। ਉਨ੍ਹਾਂ ਦੀ ਬੜੀ
ਮਸ਼ਹੂਰ ਨਜ਼ਮ ਹੈ 'ਅੱਜ ਆਖਾਂ ਵਾਰਸ ਸ਼ਾਹ ਨੂੰ', ਜਿਸ ਵਿਚ ਜਦੋਂ ਉਹ ਲਿਖਦੇ ਹਨ, 'ਅੱਜ ਬੇਲੇ
ਲਾਸ਼ਾਂ ਵਿੱਛੀਆਂ, ਤੇ ਲਹੂ ਦੀ ਭਰੀ ਝਨਾਬ' ਤਾਂ ਓਥੇ ਉਹ ਕਿਸੇ ਔਰਤ ਦੀ ਲਾਸ਼ ਦਾ ਜ਼ਿਕਰ ਨਹੀਂ
ਕਰ ਰਹੇ, ਉਹ ਦੋ ਦੇਸ਼ਾਂ ਦੀ ਵੰਡ ਹੋਣ ਕਰਕੇ ਜੋ ਮਨੁੱਖਤਾ ਦਾ ਘਾਣ ਹੋ ਰਿਹਾ ਹੈ ਉਸਦਾ ਜ਼ਿਕਰ
ਕਰ ਰਹੇ ਹਨ। ਇਹ ਨਜ਼ਮ ਉਨ੍ਹਾਂ ਕੋਈ ਔਰਤ ਹੋਣ ਕਰਕੇ ਨਹੀਂ ਲਿਖੀ, ਇਹ ਨਜ਼ਮ ਕੋਈ ਆਦਮੀ ਵੀ
ਲਿਖ ਸਕਦਾ ਸੀ।
ਯਸ਼ ਸਾਥੀ: ਮੈਂ ਤੁਹਾਥੋਂ ਇਕ ਸਵਾਲ ਪੁੱਛ ਸਕਦੀ ਹਾਂ ਕਿ ਇਹ ਸਭ ਜਿਸ ਦਾ ਤੁਸਾਂ ਜ਼ਿਕਰ ਕੀਤਾ
ਹੈ, ਇਹ ਸਿਰਫ਼ ਸਾਡੇ ਏਸ਼ੀਅਨ ਸਮਾਜ ਵਿਚ ਹੀ ਤਾਂ ਨਹੀਂ ਵਾਪਰਦਾ, ਜਾਂ ਜੇ ਤੁਸੀਂ ਵੈਸਟ ਵਿੱਚ
ਬੈਠ ਕੇ ਲਿਖਦੇ ਹੋ ਤਾਂ ਚੀਜ਼ਾਂ ਵੱਖਰੀਆਂ ਹੋ ਜਾਂਦੀਆਂ ਨੇ?
ਦੇਵਿੰਦਰ: ਮੈਂ ਸਮਝਦੀ ਹਾਂ ਕਿ ਏਸ਼ੀਅਨ ਸਮਾਜ ਵਿਚ ਤੇ ਏਥੋਂ ਦੇ ਸਮਾਜ ਵਿਚ ਬੜਾ ਅੰਤਰ ਹੈ।
ਕਈ ਵਾਰੀ ਕਈ ਗੱਲਾਂ ਐਸੀਆਂ ਹੁੰਦੀਆਂ ਨੇ ਜੋ ਕੋਈ ਲੇਖਿਕਾ ਆਪਣੇ ਮੁਲਕ ਵਿਚ ਬੈਠਿਆਂ ਓਨੀ
ਦਲੇਰੀ ਨਾਲ ਨਹੀਂ ਲਿਖ ਸਕਦੀ ਜਿੰਨੀ ਦਲੇਰੀ ਨਾਲ ਉਹ ਵੈਸਟ ਵਿੱਚ ਬੈਠਿਆਂ ਲਿਖ ਸਕਦੀ
ਹੈ।ਏਥੇ ਮੈਂ ਕੁਲਵੰਤ ਜੀ ਤੁਹਾਨੂੰ ਪੁੱਛਣਾ ਚਾਹੁੰਦੀ ਹਾਂ ਕਿ ਤੁਸੀਂ ਆਪਣੀ ਨਜ਼ਮ ਲਿਖਣ ਲਈ
ਕਿਸ ਗੱਲ ਤੋਂ ਪ੍ਰੇਰਨਾ ਲੈਂਦੇ ਹੋ ਜਾਂ ਤੁਹਾਡੀ ਨਜ਼ਮ ਦੀ ਸਿਰਜਣਾ ਦਾ ਆਧਾਰ ਕੀ ਹੈ?
ਕੁਲਵੰਤ: ਮੇਰੇ ਆਲੇ ਦਵਾਲੇ ਜੋ ਕੁਝ ਵੀ ਵਾਪਰਦੈ, ਮੈਂ ਉਹ ਮਸਲੇ ਲੈਂਦੀ ਹਾਂ। ਮੇਰੀ ਅੱਖ
ਦੇਖਦੀ ਹੈ, ਮੇਰੇ ਕੰਨ ਖੁੱਲ੍ਹੇ ਨੇ। ਜਦੋਂ ਮੈਂ ਦੇਖਦੀ ਹਾਂ ਮੇਰੇ ਗਵਾਂਢ ਵਿਚ ਕੋਈ ਚੀਜ਼
ਗ਼ਲਤ ਹੋ ਰਹੀ ਹੈ, ਉਹ ਮਸਲੇ ਵੀ ਮੇਰੇ ਆਪਣੇ ਹੁੰਦੇ ਨੇ। ਏਸੇ ਤਰ੍ਹਾਂ ਜਿਹੜੀ ਭਿੰਦਰ ਹੁਰਾਂ
ਆਲੋਚਕਾਂ ਦੀ ਗੱਲ ਕੀਤੀ ਹੈ, ਇਹ ਮੈਂ
ਕਈ ਵਾਰ ਦੇਖਿਆ ਹੈ ਕਿ ਉਹ ਤੁਹਾਡੀ ਰਚਨਾ ਨੂੰ ਤੁਹਾਡੀ ਜ਼ਿੰਦਗੀ ਨਾਲ ਲਾ ਕੇ ਦੇਖਦੇ ਨੇ। ਸੋ
ਜਦੋਂ ਮੈਂ ਕੋਈ ਵੀ ਮਸਲਾ ਲੈ ਕੇ ਜੇ ਨਜ਼ਮ ਲਿਖੀ ਹੈ ਤਾਂ ਉਨ੍ਹਾਂ ਇਹ ਨਹੀਂ ਸੋਚਣਾ ਕਿ ਇਹ
ਇਕ ਸੰਵੇਦਨਸ਼ੀਲ ਔਰਤ ਹੈ, ਇਹ ਲਿਖਦੀ ਹੈ, ਇਹ ਆਸੇ ਪਾਸੇ ਦਾ ਵੀ ਲਿਖ ਸਕਦੀ ਹੈ, ਜੋ ਸਮਾਜ
ਵਿਚ ਹੁੰਦੈ, ਉਹ ਵੀ ਇਸ ਦਾ ਵਿਸ਼ਾ ਬਣ ਸਕਦਾ ਹੈ।
ਦੇਵਿੰਦਰ: ਜਿਉਤੀ ਜੀ ਇਸ ਤਰ੍ਹਾਂ ਨਹੀਂ ਲਗਦਾ ਕਿ ਜਦੋਂ ਕਿਸੇ ਸਮਾਜ ਵਿਚ ਵਾਪਰਨ ਵਾਲੇ
ਮਸਲਿਆਂ ਬਾਰੇ ਔਰਤ ਲਿਖਦੀ ਹੈ ਤਾਂ ਉਸ ਵਿਚਲੀ ਸੰਵੇਦਨਸ਼ੀਲਤਾ ਮਰਦ ਦੇ ਮੁਕਾਬਲੇ ਔਰਤ ਦੀ
ਰਚਨਾ ਵਿਚ ਵਧੇਰੇ ਗਹਿਰੀ ਹੁੰਦੀ ਹੈ?
ਅਮਰ ਜਿਉਤੀ: ਸ਼ਾਇਦ! ਇਹ ਮਨੋ ਵਿਗਿਆਨ ਦਾ ਸਵਾਲ ਹੈ, ਇਸ ਦਾ ਜਵਾਬ ਡਾæਜਸਵੰਤ ਸਿੰਘ ਨੇਕੀ
ਜ਼ਿਆਦਾ ਅੱਛੇ ਤਰੀਕੇ ਨਾਲ ਦੇ ਸਕਦੇ ਨੇ ਕਿਉਂਕਿ ਉਹ ਵਧੀਆ ਸ਼ਾਇਰ ਅਤੇ ਮਨੋਵਿਗਿਆਨੀ ਵੀ ਹਨ।
ਦੇਵਿੰਦਰ: ਜਿਉਤੀ ਜੀ ਮੈਂ ਤੁਹਾਡੇ ਕੋਲੋਂ ਪੁੱਛਦੀ ਹਾਂ ਕਿ ਤੁਸੀਂ ਇਸ ਬਾਰੇ ਕਿਸ ਤਰ੍ਹਾਂ
ਸੋਚਦੇ ਹੋ?
ਅਮਰ ਜਿਉਤੀ: ਜਿਵੇਂ ਕਿ ਯਸ਼ ਹੋਰਾਂ ਵੀ ਕਿਹਾ ਹੈ ਕਿ ਉਹ ਪਰਿਵਾਰ ਵਿਚ ਘਿਰੀ ਹੁੰਦੀ ਹੈ।
ਜਨਮ ਤੋਂ ਲੈ ਕੇ ਸਾਰੀ ਜ਼ਿੰਦਗੀ ਉਹ ਪਰਿਵਾਰ ਨਾਲ, ਬੱਚਿਆਂ ਨਾਲ, ਭੈਣਾਂ ਭਰਾਵਾਂ ਨਾਲ
ਰਹਿੰਦੀ ਹੈ ਇਸ ਕਰਕੇ ਉਹ ਜ਼ਿਆਦਾ ਸੰਵੇਦਨਸ਼ੀਲ ਹੋ ਜਾਂਦੀ ਹੈ ਲੇਕਿਨ ਇਹਦਾ ਅਰਥ ਇਹ ਨਹੀਂ ਕਿ
ਆਦਮੀ ਸੰਵੇਦਨਸ਼ੀਲ ਨਹੀਂ ਹੁੰਦਾ। ਆਦਮੀ ਦਾ ਵੀ ਏਸੇ ਤਰ੍ਹਾਂ ਹੀ ਸਾਰਾ ਜੀਵਨ ਬੀਤਦਾ ਹੈ।
ਦੇਵਿੰਦਰ: ਇਹ ਠੀਕ ਹੈ ਪਰ ਜੇਕਰ ਜੀਵ ਵਿਗਿਆਨਕ ਦ੍ਰਿਸ਼ਟੀ ਤੋਂ ਦੇਖੀਏ ਤਾਂ ਜਿਵੇਂ ਮਰਦ
ਕਿਸੇ ਵੀ ਘਟਨਾ ਬਾਰੇ ਜਾਂ ਸੰਸਾਰ ਦੇ ਮਸਲਿਆਂ ਬਾਰੇ ਵਿਸਤਾਰ ਨਾਲ ਸੋਚਦੈ, ਔਰਤ ਉਨ੍ਹਾਂ
ਬਾਰੇ ਗਹਿਰਾਈ ਨਾਲ ਸੋਚਦੀ ਹੈ।
ਯਸ਼ ਸਾਥੀ: ਕੁਝ ਹੱਦ ਤੱਕ ਮੈਂ ਇਸ ਗੱਲ ਨਾਲ ਸਹਿਮਤ ਹਾਂ। ਮੇਰਾ ਏਨੇ ਸਾਲਾਂ ਦਾ ਅਨੁਭਵ ਜੋ
ਇਕ ਟੀਚਰ ਅਤੇ ਇਕ ਬਿਜਨੈ¥ਸ ਵੂਮੈ¥ਨ ਦੇ ਤੌਰ ਤੇ ਰਿਹਾ ਹੈ, ਮੈਂ ਇਹ ਮਹਿਸੂਸ ਕਰਦੀ ਹਾਂ ਕਿ
ਜਦੋਂ ਵੀ ਸੰਸਾਰ ਦੇ ਵਡੇਰੇ ਮਸਲਿਆਂ ਦੀ ਗੱਲ ਆਉਂਦੀ ਹੈ, ਮਰਦ ਜ਼ਿਆਦਾ ਅੱਛੇ ਤਰੀਕੇ ਨਾਲ
ਸੋਚਦਾ ਹੈ। ਸ਼ਾਇਦ ਔਰਤ ਉਸ ਵਕਤ ਇਸ ਤਰ੍ਹਾਂ ਸੋਚਦੀ ਹੈ ਕਿ ਉਹ ਆਪਣੇ ਆਲੇ ਦਵਾਲੇ ਦਾ ਧਿਆਨ
ਵੀ ਰੱਖਦੀ ਹੈ, ਉਸਨੂੰ ਲਗਦਾ ਹੈ ਕਿ ਕਿਸੇ ਵੀ ਕਰਮ ਲਈ ਉਸਨੇ ਸਮਾਜ ਸਾਹਵੇਂ ਜਵਾਬਦੇਹ ਹੋਣਾ
ਹੈ। ਇਹ ਉਹਦੇ ਕਾਰਨ ਹੋ ਸਕਦੇ ਨੇ। ਇਹ ਨਹੀਂ ਕਿ ਉਹ ਸੁਹਿਰਦ ਨਹੀਂ।
ਦੇਵਿੰਦਰ: ਤੁਹਾਡਾ ਕੀ ਮਤਲਬ ਕਿ ਉਹਦੀ ਸੋਚ ਵਿਚ ਉਹ ਖੁੱਲ੍ਹ ਨਹੀਂ ਜੋ ਮਰਦ ਦੀ ਸੋਚ ਵਿਚ
ਹੋ ਸਕਦੀ ਹੈ ਜਾਂ ਹੁੰਦੀ ਹੈ?
ਯਸ਼ ਸਾਥੀ: ਉਹ ਸੰਕੋਚ ਭਾਵਨਾ ਜਾਂ ਸੰਵੇਦਨਾ ਕਰਕੇ ਵੀ ਹੋ ਸਕਦਾ ਹੈ। ਏਸੇ ਕਰਕੇ ਜਦੋਂ ਵੀ
ਕਿਸੇ ਦਫ਼ਤਰ ਲਈ ਜਾਂ ਸੰਸਥਾ ਲਈ ਇਹ ਪੁੱਛਿਆ ਜਾਂਦਾ ਹੈ ਕਿ ਉਸਦਾ ਬੌਸ ਕੌਣ ਹੋਣਾ ਚਾਹੀਦਾ
ਹੈ ਤਾਂ
ਔਰਤਾਂ, ਏਥੋਂ ਤੱਕ ਕਿ ਪੱਛਮ ਦੀਆਂ ਔਰਤਾਂ ਵੀ ਇਹ ਕਹਿੰਦੀਆਂ ਨੇ ਕਿ ਮਰਦ ਬੌਸ ਹੋਣਾ
ਚਾਹੀਦਾ ਹੈ।ਕਿਉਂਕਿ ਉਹ ਸਮਝਦੀਆਂ ਨੇ ਕਿ ਔਰਤਾਂ ਜ਼ਿਆਦਾ ਨੁਕਸ ਵੇਖਦੀਆਂ ਨੇ ਤੇ ਮਰਦ ਵਡੇਰੀ
ਪੱਧਰ ਤੇ ਸੋਚਦਿਆਂ ਛੇਤੀ ਮੁਆਫ਼ ਕਰਨ ਵਾਲੇ ਹੁੰਦੇ ਨੇ।
ਦੇਵਿੰਦਰ: ਇਸ ਤਰ੍ਹਾਂ ਨਹੀਂ ਹੁੰਦਾ ਕਿ ਫੇਰ ਮਰਦ ਔਰਤਾਂ ਨੂੰ ਔਰਤਾਂ ਦੇ ਖ਼ਿਲਾਫ਼ ਵਰਤ ਸਕਦੇ
ਨੇ, ਕਿਸੇ ਨੂੰ ਜ਼ਿਆਦਾ ਸਹੂਲਤ ਦੇ ਕੇ, ਕਿਸੇ ਨੂੰ ਘੱਟ। ਇਸ ਤਰ੍ਹਾਂ ਔਰਤ ਫੇਰ ਜਾਂ ਤਾਂ
ਉਸਦੇ ਜ਼ੁਲਮ ਦਾ ਸ਼ਿਕਾਰ ਹੁੰਦੀ ਹੈ ਤੇ ਜਾਂ ਜ਼ਿਆਦਾ ਹਾਸਿਲ ਕਰਨ ਲਈ ਦੂਜੀ ਔਰਤ ਦੀ ਦੁਸ਼ਮਣ ਹੋ
ਜਾਂਦੀ ਹੈ। ਏਥੇ ਇਸ ਤਰ੍ਹਾਂ ਜਾਪਦਾ ਹੈ ਕਿ ਔਰਤ ਦੇ ਔਰਤ ਦੇ ਖ਼ਿਲਾਫ਼ ਹੋਣ ਵਿਚ ਵੀ ਮਰਦ ਦਾ
ਕਿਧਰੇ ਨਾ ਕਿਧਰੇ ਹੱਥ ਹੁੰਦਾ ਹੈ।
ਅਮਰ ਜਿਉਤੀ: ਮੈਂ ਪਹਿਲਾਂ ਵੀ ਕਿਹਾ ਹੈ ਕਿ ਅਜਿਹੇ ਗੰਭੀਰ ਵਿਸ਼ਿਆਂ ਉਤੇ ਔਰਤ ਲੇਖਿਕਾਵਾਂ
ਦੇ ਨਾਲ ਨਾਲ ਮਰਦ ਲੇਖਕਾਂ ਨੂੰ ਵੀ ਸ਼ਾਮਿਲ ਕਰਕੇ ਸੰਵਾਦ ਰਚਾਇਆ ਜਾ ਸਕਦਾ ਹੈ ਕਿਉਂਕਿ ਇਹ
ਦੋਹਾਂ ਦੇ ਸਾਂਝੇ ਵਿਸ਼ੇ ਹਨ।
ਦੇਵਿੰਦਰ: ਤੁਸੀਂ ਏਸ ਗੱਲ ਨੂੰ ਤੇ ਸਵੀਕਾਰ ਕੀਤਾ ਹੈ ਕਿ ਔਰਤ ਲੇਖਿਕਾ ਨੂੰ ਔਰਤ ਦੇ
ਮਸਲਿਆਂ ਤੇ ਲਿਖਣ ਵਾਲੀ ਹੀ ਮੰਨਿਆ ਜਾਂਦਾ ਹੈ, ਇਸ ਦਾ ਕੀ ਕਾਰਨ ਹੋ ਸਕਦੈ?
ਅਮਰ ਜਿਉਤੀ: ਇਸ ਵਿਚ ਮੇਰੇ ਸਵੀਕਾਰ ਕਰਨ ਵਾਲੀ ਕੋਈ ਗੱਲ ਨਹੀਂ, ਤੁਸੀਂ ਆਪ ਹੀ ਅੱਜ ਦੀ
ਗੱਲਬਾਤ ਦਾ ਵਿਸ਼ਾ ਏਹੋ ਨਿਰਧਾਰਿਤ ਕੀਤਾ ਸੀ ਅਤੇ ਤੁਹਾਡੇ ਵੱਲੋਂ ਟੈਲੀਫ਼ੋਨ ਤੇ ਗੱਲਬਾਤ
ਦੌਰਾਨ ਏਹੋ ਵਿਸ਼ਾ ਸੁਝਾਇਆ ਗਿਆ ਸੀ। ਹੁਣ ਤੁਹਾਡੇ ਸਵਾਲ ਦੇ ਜਵਾਬ ਵਿਚ ਮੇਰਾ ਖ਼ਿਆਲ ਹੈ ਕਿ
ਇਹਦਾ ਕਾਰਨ ਸਾਡੇ ਸਮਾਜ ਵਿਚ ਹੀ ਪਿਆ ਹੋਇਆ ਹੈ। ਜਿਵੇਂ ਕਿ ਦਲਿਤ ਸਾਹਿਤ-ਰਚਨਾ ਦਾ ਮਸਲਾ
ਹੈ, ਉਨ੍ਹਾਂ ਦੀਆਂ ਸਮੱਸਿਆਵਾਂ ਹਨ, ਮੈਂ ਕਈ ਵਾਰੀ ਸੋਚਦੀ ਹਾਂ ਕਿ ਜਸਵੰਤ ਸਿੰਘ ਕੰਵਲ,
ਗੁਰਦਿਆਲ ਸਿੰਘ ਅਤੇ ਹੋਰ ਲੇਖਕਾਂ ਨੇ ਦਲਿਤ ਮਸਲਿਆਂ ਤੇ ਸਾਹਿਤ ਰਚਨਾ ਕੀਤੀ ਹੈ। ਪਰ ਜਦ
ਦਲਿਤ ਰਚਨਾ ਦੀ ਲਹਿਰ ਚੱਲੀ, ਉਨ੍ਹਾਂ ਵੱਲੋਂ ਲਿਖੀਆਂ ਕੁਝ ਸਵੈ ਜੀਵਨੀਆਂ ਜਦ ਪੜ੍ਹੀਆਂ, ਉਹ
ਚਾਹੇ ਪੰਜਾਬੀ ਲੇਖਕਾਂ ਵਲੋਂ, ਜਾਂ ਦੂਜੀਆਂ ਭਾਰਤੀ ਭਾਸ਼ਾਵਾਂ ਦੇ ਦਲਿਤ ਲੇਖਕਾਂ ਵਲੋਂ
ਲਿਖੀਆਂ ਗਈਆਂ ਤਾਂ ਪਤਾ ਲੱਗਾ ਕਿ ਜਿੰਨੀ ਸੰਵੇਦਨਾ ਨਾਲ ਉਨ੍ਹਾਂ ਸਭ ਨੇ ਦਲਿਤ ਸਮਾਜ ਨਾਲ
ਵਾਪਰੇ ਹਾਦਸਿਆਂ, ਦੁੱਖਾਂ, ਸਮੱਸਿਆਵਾਂ ਦਾ ਵਰਣਨ ਕੀਤਾ ਹੈ, ਸ਼ਾਇਦ ਹੋਰ ਕੋਈ ਨਹੀਂ ਪੇਸ਼ ਕਰ
ਸਕਦਾ। ਇਸੇ ਤਰ੍ਹਾਂ ਔਰਤਾਂ ਦੀਆਂ ਸਮੱਸਿਆਵਾਂ ਨੂੰ ਔਰਤਾਂ ਸ਼ਾਇਦ ਵਧੇਰੇ ਸੰਵੇਦਨਾ ਨਾਲ
ਆਪਣੀਆਂ ਰਚਨਾਵਾਂ ਵਿਚ ਪੇਸ਼ ਕਰ ਸਕਦੀਆਂ ਹਨ, ਪਰ ਇਸ ਦਾ ਅਰਥ ਇਹ ਨਹੀਂ ਕਿ ਉਹ ਸਮਾਜ ਜਾਂ
ਦੁਨੀਆ ਦੀਆਂ ਹੋਰ ਸਮੱਸਿਆਵਾਂ ਬਾਰੇ ਜਾਗਰੂਕ ਨਹੀਂ ਜਾਂ ਉਨ੍ਹਾਂ ਬਾਰੇ ਲਿਖਦੀਆਂ ਨਹੀਂ।
ਦੇਵਿੰਦਰ: ਕਿਉਂਕਿ ਇਹ ਉਨ੍ਹਾਂ ਦਾ ਹੰਢਾਇਆ ਹੋਇਆ ਸੱਚ ਅਤੇ ਉਸ ਸੱਚ ਦਾ ਦੁੱਖ ਹੈ। ਏਸੇ
ਤਰ੍ਹਾਂ ਔਰਤਾਂ ਬਾਰੇ ਵੀ ਕਿਹਾ ਜਾ ਸਕਦਾ ਹੈ ਕਿ ਔਰਤ ਜਦੋਂ ਸੰਵੇਦਨਸ਼ੀਲ ਹੁੰਦੀ ਹੈ, ਉਹ
ਆਪਣੇ ਹੰਢਾਏ ਹੋਏ ਦੁੱਖ ਬਾਰੇ ਜ਼ਿਆਦਾ ਸ਼ਿੱਦਤ ਨਾਲ ਲਿਖ ਸਕਦੀ ਹੈ।
ਅਮਰ ਜਿਉਤੀ: ਪਰ ਮੈਂ ਇਹ ਵੀ ਮੰਨਦੀ ਹਾਂ ਕਿ ਔਰਤ ਜਿਸ ਸਮਾਜ ਵਿਚ ਰਹਿੰਦੀ ਹੈ। ਉਸ ਵਿਚ
ਜਾਂ ਉਸ ਦੇ ਆਲੇ ਦਵਾਲੇ ਜੋ ਕੁਝ ਵੀ ਵਾਪਰਦਾ ਹੈ ਉਸ ਬਾਰੇ ਵੀ ਓਨੀ ਹੀ ਸ਼ਿੱਦਤ ਨਾਲ ਲਿਖ
ਸਕਦੀ ਹੈ।
ਮੈਨੂੰ ਕਈ ਵਾਰੀ ਪਾਠਕਾਂ ਦੇ ਖ਼ਤ ਔਂਦੇ ਹਨ ਕਿ ਜੋ ਨਜ਼ਮ ਤੁਸਾਂ ਲਿਖੀ ਹੈ, ਇਸ ਤਰ੍ਹਾਂ
ਜਾਪਦਾ ਹੈ ਉਹ ਸਾਡੇ ਬਾਰੇ ਲਿਖੀ ਹੋਵੇ।ਸੋ ਜਿਵੇਂ ਕੁਲਵੰਤ ਹੋਰਾਂ ਵੀ ਕਿਹਾ ਕਿ ਆਲੇ ਦਵਾਲੇ
ਜੋ ਵਾਪਰਦਾ ਹੈ ਜਾਂ ਟੀਵੀ, ਹੋਰ ਸੋਸ਼ਲ ਸਾਈਟਸ ਤੇ ਜੋ ਕੁਝ ਦੇਖਣ ਨੂੰ ਮਿਲਦਾ ਹੈ, ਉਹ ਵੀ
ਤੁਹਾਡੇ ਅਹਿਸਾਸ ਦਾ ਹਿੱਸਾ ਬਣ ਸਕਦਾ ਹੈ।
ਦੇਵਿੰਦਰ ਕੌਰ: ਇਹ ਹੈ ਕਿ ਤੁਸੀਂ ਜਦੋਂ ਵੀ ਆਪਣੇ ਦੁੱਖ ਨੂੰ ਸਮਾਜਿਕ ਪੱਧਰ ਤੇ ਸਭ ਦਾ
ਸਾਂਝਾ ਦੁੱਖ ਬਣਾ ਕੇ ਲਿਖੋਗੇ ਤਾਂ ਉਹ ਤੁਹਾਡੇ ਤੋਂ ਸਿਵਾ ਹੋਰ ਲੋਕਾਂ ਦਾ ਦੁੱਖ ਵੀ ਬਣ
ਜਾਂਦਾ ਹੈ। ਕੋਈ ਵੀ ਕਲਾ ਉਦੋਂ ਹੀ ਮਹਾਨ ਬਣਦੀ ਹੈ ਜਦੋਂ ਉਹ ਸਾਰਿਆਂ ਨਾਲ ਜਾਂ ਬਹੁਤਿਆਂ
ਨਾਲ ਆਪਣਾ ਰਿਸ਼ਤਾ ਜੋੜ ਲੈਂਦੀ ਹੈ।
ਅਮਰ ਜਿਉਤੀ: ਤੁਸੀਂ ਬਿਲਕੁਲ ਠੀਕ ਕਿਹਾ ਹੈ।
ਦੇਵਿੰਦਰ ਕੌਰ: ਅੱਛਾ ਜਿਉਤੀ ਜੀ, ਤੁਸੀਂ ਆਪਣੇ ਤੋਂ ਇਲਾਵਾ ਕਿਸੇ ਹੋਰ ਔਰਤ ਲੇਖਕ ਦਾ ਨਾਂ
ਲੈ ਸਕਦੇ ਹੋ ਜਿਸ ਨੇ ਗਲੋਬਲ ਮਸਲਿਆਂ ਬਾਰੇ ਲਿਖਿਆ ਹੋਵੇ?
ਅਮਰ ਜਿਉਤੀ: ਹਾਂ ਜੀ,ਅੰਮ੍ਰਿਤਾ ਪ੍ਰੀਤਮ ਨੇ ਸਮਾਜ, ਸੰਸਾਰ ਦੀਆਂ ਬਹੁਤ ਸਾਰੇ ਮਸਲਿਆਂ
ਬਾਰੇ ਲਿਖਿਆ ਹੈ, ਅਜੀਤ ਕੌਰ ਨੇ ਕਈ ਕਹਾਣੀਆਂ ਵਿਚ ਸਮਾਜਿਕ ਕੁਰੀਤੀਆਂ ਬਾਰੇ ਲਿਖਿਆ।
ਪੰਜਾਬ ਦੇ ਸੰਤਾਪ ਬਾਰੇ ਇਕ ਕਹਾਣੀ ਲਿਖੀ, 'ਨਾ ਮਾਰੋ'ਜਿਸ ਤੇ ਆਧਾਰਿਤ ਟੀ ਵੀ ਸੀਰੀਅਲ ਵੀ
ਬਣੀ, ਜਿਸ ਵਿਚ ਅੱਜ ਦੇ ਨਾਮਵਰ ਐਕਟਰ ਸ਼ਾਹਰੁਖ਼ ਖ਼ਾਨ ਨੇ ਨਾਇਕ ਦੀ ਭੂਮਿਕਾ ਨਿਭਾਈ ਸੀ।। ਇਸੇ
ਤਰ੍ਹਾਂ 'ਫ਼ਾਲਤੂ ਔਰਤ' ਵਿਚ ਉਨ੍ਹਾਂ ਇਹ ਨਹੀਂ ਕਿਹਾ ਕਿ ਔਰਤ ਵਿਚਾਰੀ ਹੈ ਸਗੋਂ ਇਹ ਦੱਸਿਆ
ਕਿ ਸਮਾਜ ਨੇ ਔਰਤ ਵਾਸਤੇ ਕਿਸ ਤਰ੍ਹਾਂ ਮਰਦ ਨਾਲੋਂ ਵੱਖਰੇ ਮਾਪਦੰਡ ਨਿਸ਼ਚਿਤ ਕੀਤੇ ਹਨ। ਇਸੇ
ਤਰ੍ਹਾਂ ਚੰਦਨ ਨੇਗੀ, ਬਲਜੀਤ ਬੱਲੀ ਨੇ ਵੀ ਵਧੀਆ ਲਿਖਿਆ ਹੈ।।
ਦੇਵਿੰਦਰ ਕੌਰ: ਜਿੰਨੀ ਸੰਵੇਦਨਾ ਨਾਲ ਸਾਡੀਆਂ ਇਨ੍ਹਾਂ ਚਾਰ ਲੇਖਿਕਾਵਾਂ ਨੇ ਲਿਖਿਆ ਹੈ,
ਅੱਜ ਏਨੀ ਹੀ ਸੰਵੇਦਨਾ ਨਾਲ ਲਿਖਣ ਵਾਲੀਆਂ ਵਿਚੋਂ ਕਿਸ ਦਾ ਨਾਂ ਲਿਆ ਜਾ ਸਕਦਾ ਹੈ ਜੋ ਔਰਤ
ਦੇ ਮਸਲਿਆਂ ਤੋਂ ਇਲਾਵਾ ਗਲੋਬਲ ਮਸਲਿਆਂ ਬਾਰੇ ਵੀ ਲਿਖ ਰਹੀਆਂ ਨੇ?
ਅਮਰ ਜਿਉਤੀ: ਵਨੀਤਾ, ਅਮੀਆ ਕੁੰਵਰ, ਨੀਤੁ ਅਰੋੜਾ,ਬਿਪਨ ਪ੍ਰੀਤ, ਅਮਰਜੀਤ ਘੁੰਮਣ ਆਦਿ ਦਾ
ਦਾ ਜ਼ਿਕਰ ਵੀ ਕੀਤਾ ਜਾ ਸਕਦਾ ਹੈ।ਬਹੁਤੀ ਵਾਰੀ ਏਥੇ ਯੂਰੋਪ ਵਿਚ ਸਾਡੇ ਪਾਸ ਬਹੁਤ ਸਾਰੇ
ਲੇਖਕਾਂ ਦਾ ਲਿਖਿਆ ਹੋਇਆ ਪਹੁੰਚਦਾ ਨਹੀਂ।
ਭਿੰਦਰ ਜਲਾਲਾਬਾਦੀ: ਅੱਜ ਬਾਬਾ ਵਾਦ ਦਾ ਮਸਲਾ ਬੜਾ ਭਖ਼ਦਾ ਮਸਲਾ ਹੈ। ਮੈਂ ਇਸ ਵਿਸ਼ੇ ਤੇ ਦੋ
ਕਹਾਣੀਆਂ ਲਿਖੀਆਂ ਹਨ।ਕਈ ਵਾਰੀ ਕਈ ਮਸਲਿਆਂ ਬਾਰੇ ਲਿਖਣ ਲਈ ਸੋਚਣਾ ਪੈਂਦਾ ਹੈ, ਡਰ ਲਗਦਾ
ਹੈ ਕਿਉਂਕਿ ਲਿਖਣ ਤੋਂ ਬਾਅਦ ਬੜਾ ਕੁਝ ਇਹੋ ਜਿਹੇ ਦਾ ਸਾਹਮਣਾ ਕਰਨਾ ਪੈਂਦਾ ਹੈ ਜੋ ਖ਼ਤਰਨਾਕ
ਵੀ ਹੋ ਸਕਦਾ ਹੈ।
ਅਮਰ ਜਿਉਤੀ: ਦੇਵਿੰਦਰ ਜੀ, ਇਸ ਬਾਰੇ ਤੁਸੀਂ ਆਪਣੇ ਵਿਚਾਰ ਦੱਸੋ, ਤੁਸੀਂ ਪੰਜਾਬੀ ਸਾਹਿਤ
ਵਿਚ ਸ਼ਾਇਰਾ ਅਤੇ ਆਲੋਚਕ ਦੇ ਤੌਰ ਤੇ ਵਿਸ਼ੇਸ਼ ਸਥਾਨ ਰੱਖਦੇ ਹੋ ਇਸ ਲਈ ਔਰਤ ਲੇਖਿਕਾਵਾਂ
ਵੱਲੋਂ ਜੋ ਸਾਹਿਤ ਰਚਨਾ ਕੀਤੀ ਜਾ ਰਹੀ ਹੈ ਉਸ ਬਾਰੇ ਵੀ ਰੌਸ਼ਨੀ ਪਾਓ?
ਦੇਵਿੰਦਰ ਕੌਰ: ਜਿਵੇਂ ਕਿ ਤੁਸੀਂ ਅੱਜ ਦੀਆਂ ਔਰਤ ਲੇਖਿਕਾਵਾਂ ਦੀਆਂ ਰਚਨਾਵਾਂ ਬਾਰੇ ਗੱਲ
ਕੀਤੀ। ਦਰ ਅਸਲ ਜਦੋਂ ਅੰਮ੍ਰਿਤਾ ਪ੍ਰੀਤਮ ਨੇ ਲਿਖਣਾ ਸ਼ੁਰੂ ਕੀਤਾ ਉਦੋਂ ਔਰਤ ਦੇ ਦਿਲ ਦੀ
ਆਵਾਜ਼ ਨੂੰ ਸ਼ਬਦ ਮਿਲੇ। ਇਸ ਤੋਂ ਪਹਿਲਾਂ ਜੋ ਕੁਝ ਵੀ ਲਿਖਿਆ ਗਿਆ, ਮਰਦ ਦੀ ਦ੍ਰਿਸ਼ਟੀ ਤੋਂ
ਲਿਖਿਆ ਗਿਆ। ਏਥੋਂ ਤੱਕ ਕਿ ਔਰਤ ਦੀਆਂ ਸਮੱਸਿਆਵਾਂ ਬਾਰੇ ਵੀ ਮਰਦ ਲੇਖਕਾਂ ਵਲੋਂ ਲਿਖਿਆ
ਗਿਆ। ਏਸੇ ਲਈ ਔਰਤ ਦੇ ਦਿਲ ਦੀ ਗੱਲ ਕਰਨ ਦੀ ਥਾਂ ਉਸਦੇ ਮਹਿਜ਼ ਸਮਾਜਿਕ ਰੋਲ ਨੂੰ ਉਭਾਰਨ ਦਾ
ਯਤਨ ਹੋਇਆ। ਜਦੋਂ ਔਰਤ ਲੇਖਿਕਾਵਾਂ ਦੀ ਗਿਣਤੀ ਵਧਦੀ ਗਈ, ਉਨ੍ਹਾਂ ਆਪਣੇ ਦਿਲ ਦੀਆਂ ਅੰਤਰੀਵ
ਪਰਤਾਂ ਨੂੰ ਆਪਣੀਆਂ ਰਚਨਾਵਾਂ ਵਿਚ ਖੋਲ੍ਹਿਆ ਜਿਸ ਨਾਲ ਪੰਜਾਬੀ ਸਾਹਿਤ ਦੇ ਵਿਸ਼ਾ ਸੰਸਾਰ
ਨੂੰ ਇਕ ਤਾਜ਼ਗੀ ਮਿਲੀ। ਕਈ ਲੇਖਿਕਾਵਾਂ ਨੇ ਨਾਰੀਵਾਦੀ ਸੋਚ ਅਧੀਨ ਐਸੀਆਂ ਰਚਨਾਵਾਂ ਲਿਖੀਆਂ
ਜੋ ਮਰਦ ਦੇ ਖ਼ਿਲਾਫ਼ ਜਾਂ ਉਸ ਉਪਰ ਇਲਜ਼ਾਮ ਲਗਾਉਣ ਵਾਲੀਆਂ ਸਾਬਿਤ ਹੋਈਆਂ। ਜੇ ਕਿਸੇ ਵੇਲੇ
ਮਰਦ ਨੇ ਔਰਤ ਨੂੰ ਪੈਰ ਦੀ ਜੁੱਤੀ ਕਿਹਾ, ਔਰਤ ਨੇ ਉਸਨੂੰ ਭੇੜੀਆ ਕਹਿ ਦਿੱਤਾ। ਇਸ ਤਰ੍ਹਾਂ
ਸਾਹਿਤ ਇਕ ਦੂਜੇ ਨੂੰ ਇਲਜ਼ਾਮ ਦੇਣ ਵਾਲਾ ਮਾਧਿਅਮ ਬਣਿਆ। ਲੇਕਿਨ ਹੌਲੀ ਹੌਲੀ ਇਕ ਪਾਸੜ ਸੋਚ
ਵਿਚ ਸੰਤੁਲਨ ਪੈਦਾ ਹੋਣਾ ਸ਼ੁਰੂ ਹੋਇਆ ਅਤੇ ਰਚਨਾਵਾਂ ਵਿਚ ਭਾਵੁਕਤਾ ਦੀ ਥਾਂ ਚੇਤਨਾ ਸ਼ਾਮਿਲ
ਹੋਈ ਅਤੇ ਔਰਤ ਦੀਆਂ ਸਮੱਸਿਆਵਾਂ ਨੂੰ ਸਮਾਜਿਕ ਸਿਸਟਮ ਦੇ ਪਿਛੋਕੜ ਵਿਚ ਰੱਖ ਕੇ ਵਿਚਾਰਿਆ
ਅਤੇ ਪੇਸ਼ ਕੀਤਾ ਜਾਣ ਲੱਗਾ। ਇਸ ਤਰ੍ਹਾਂ ਔਰਤ ਲੇਖਿਕਾਵਾਂ ਵੱਲੋਂ ਹੁਣ ਤੱਕ ਜੋ ਸਾਹਿਤ ਰਚਿਆ
ਗਿਆ ਉਸ ਵਿਚ ਵਿਚਾਰਧਾਰਕ ਤਬਦੀਲੀ ਵਾਪਰੀ। ਇਸ ਤਬਦੀਲੀ ਨੇ ਔਰਤ ਦੀ ਸੋਚ ਦੇ ਘੇਰੇ ਨੂੰ
ਮਹਿਜ਼ ਔਰਤ ਤੱਕ ਸੀਮਤ ਰੱਖਣ ਦੀ ਥਾਂ ਸਮੁੱਚੇ ਵਿਸ਼ਵ ਨਾਲ ਜੋੜਿਆ। ਪਰ ਬੜੇ ਦੁੱਖ ਨਾਲ ਕਹਿਣਾ
ਪੈਂਦਾ ਹੈ ਕਿ ਅੱਜ ਦੀ ਇੱਕੀਵੀਂ ਸਦੀ ਵਿਚ ਵੀ ਮਲਾਲਾ ਵਰਗੀਆਂ ਨੂੰ ਪੜ੍ਹਣ ਦੀ ਇੱਛਾ ਰੱਖਣ
ਖਾਤਰ ਗੋਲੀਆਂ ਦਾ ਸ਼ਿਕਾਰ ਹੋਣਾ ਪੈਂਦਾ ਹੈ ਅਤੇ ਅੱਜ ਵੀ ਲੜਕੀ ਨੂੰ ਗੈਂਗ ਰੇਪ ਦਾ ਸ਼ਿਕਾਰ
ਹੋ ਕੇ ਆਪਣੀ ਜਾਨ ਗਵਾਨੀ ਪੈਂਦੀ ਹੈ।ਫੇਰ ਇਥੇ ਉਹੀ ਗੱਲ ਆਉਂਦੀ ਹੈ ਕਿ ਨਿਤ ਦਿਨ ਸਮਾਜ ਵਿਚ
ਇਹੋ ਜਿਹੀਆਂ ਘਿਨਾਉਣੀਆਂ ਵਾਰਦਾਤਾਂ ਹੁੰਦੀਆਂ ਹਨ ਕਿ ਔਰਤ ਲੇਖਿਕਾਵਾਂ ਨੂੰ ਔਰਤ ਦੇ
ਇਨ੍ਹਾਂ ਵਿਸ਼ੇਸ਼ ਮਸਲਿਆਂ ਬਾਰੇ ਲਿਖਣ ਲਈ ਮਜਬੂਰ ਹੋਣਾ ਪੈਂਦਾ ਹੈ। ਇਸ ਲਈ ਮੈਂ ਇਹ ਸਮਝਦੀ
ਹਾਂ ਕਿ ਅੱਜ ਵੀ ਔਰਤ ਦੇ ਆਪਣੇ ਏਨੇ ਮਸਲੇ ਹਨ ਕਿ ਜੇ ਉਹ ਇਨ੍ਹਾਂ ਮਸਲਿਆਂ ਬਾਰੇ ਈਮਾਨਦਾਰੀ
ਨਾਲ ਸੋਚ ਕੇ, ਔਰਤ ਦੀ ਜਦੋ ਜਹਿਦ ਨੂੰ ਹੀ ਆਪਣੀ ਰਚਨਾ ਦਾ ਵਿਸ਼ਾ ਬਣਾਉਂਦੀ ਹੈ ਤਾਂ ਇਹ ਇਕ
ਸੁਹਿਰਦ ਸੋਚ ਵਿਚੋਂ ਨਿਕਲਿਆ ਵਿਹਾਰ ਹੈ। ਸੋ ਔਰਤ ਦੀ ਲੜਾਈ ਕਦੇ ਨਾ ਖ਼ਤਮ ਹੋਣ ਵਾਲੀ ਲੜਾਈ
ਹੈ ਅਤੇ ਇਸ ਲੜਾਈ ਨੂੰ ਲੜਣਾ ਉਸ ਦੀ ਪਹਿਲੀ ਪ੍ਰਤੀ ਬੱਧਤਾ ਬਣਦੀ ਹੈ।
-0-
|