ਕਈ ਸਾਲਾਂ ਤੱਕ,
ਮੈਂ ਤਾਂ ਸੋਚਦਾ ਰਿਹਾ,
ਅੱਖਾਂ ਦਾ ਕੰਮ,
ਸਿਰਫ ਦੇਖਣਾ ਹੀ ਨਹੀਂ,
ਪਰਖਣਾ ਵੀ ਹੁੰਦਾ ਹੈ...
ਜਿਵੇਂ ਕੰਨਾ ਦਾ ਕੰਮ,
ਸੁਣਨਾ ਹੀ ਨਹੀਂ,
ਸੁਣੀ ਸੁਣਾਈ ਨੂੰ,
ਸਮਝਣਾ ਵੀ ਹੁੰਦਾ ਹੈ,
ਰੌਲੇ ਰੱਪੇ ਤੋਂ ਵੱਖਰਾ ਰੱਖ ਕੇ...
ਚਮਕਦਾ ਹੋਇਆ ਦੰਦਾਸਾ,
ਖਾਣ ਦਾ ਕੰਮ ਤਾਂ ਕਰਦਾ ਹੈ,
ਪਰ ਕਦੇ ਕਦੇ ਤਾਂ,
ਖਰਾ ਤੇ ਸੁੱਚਾ,
ਹਾਸਾ ਵੀ ਹਸਦਾ ਹੈ ਸ਼ਾਇਦ....
ਜੀਭ ਦਾ ਵੀ,
ਕੁਫ਼ਰ ਤੋਲਣ ਤੋਂ ਇਲਾਵਾ,
ਸ਼ਾਇਦ ਕੋਈ ਮਕਸਦ ਹੋਵੇਗਾ,
ਰੋਟੀ ਤਾਂ,
ਬਿਨਾ ਸਵਾਦ ਤੋਂ ਵੀ ਖਾਧੀ ਜਾਂਦੀ ਹੈ...
ਘਮੰਡ ਤੇ ਗੁੱਸੇ 'ਚ,
ਨੱਕ ਨੂੰ ਚੜਾਉਣਾ ਤਾਂ,
ਬਹੁਤ ਸੌਖਾ ਹੈ,
ਪਰ ਇਹਨੂੰ ਉੱਚਾ ਰੱਖਣਾ,
ਹਰ ਐਰੇ ਗੈਰੇ ਦਾ ਕੰਮ ਨਹੀਂ...
ਨਾਲੇ ਇਹ ਵੀ ਸੁਣਿਆ ਸੀ,
ਫਿਲਮਾਂ ਤੇ ਗੀਤਾਂ ਵਿੱਚ,
ਦਿਲ ਤਾਂ ਡੂੰਘਾ ਸਮੁੰਦਰ ਹੁੰਦਾ ਹੈ,
ਵਿੰਗ ਵਲੇਵੇਂ ਖਾਂਦਾ,
ਸੌੜਾ ਜਿਹਾ ਖਾਲ ਨਹੀਂ...
ਸਾਰਾ ਸੁਣਿਆ ਸੁਣਾਇਆ ਤਾਂ,
ਚਾਹੇ ਅੱਜ ਝੂਠਾ ਹੋ ਗਿਆ,
ਪਰ ਅੱਖ, ਨੱਕ ਤੇ ਕੰਨ,
ਜਾਂ ਜੀਭ ਤੇ ਦਿਲ,
ਸ਼ਾਇਦ ਅਜੇ ਵੀ,
ਕੰਮ ਦੇ ਹੀ ਲਗਦੇ ਨੇ,
ਨਿਕੰਮੇ ਤਾਂ,
ਇਰਾਦੇ ਹੀ ਹੁੰਦੇ ਨੇ...
Kanwal Sailbrahi
Kanwal.
Kanwaldeep Sidhu, M.D.
Staff Psychiatrist,
Community Health Network,
Indianapolis, IN
317-626-4422
-0- |