ਮਹਾਂਰਾਜੇ ਦੇ ਦੋਸਤਾਂ ਨੇ
ਉਸ ਨੂੰ ਆਪਣੇ ਹਿੰਦੁਸਤਾਨ ਜਾਣ ਦੇ ਇਰਾਦੇ ਨੂੰ ਅਗੇ ਪਾਉਣ ਲਈ ਮਨਾ ਲਿਆ। ਉਹ ਸੋਚ ਰਹੇ ਸਨ
ਕਿ ਸ਼ਾਇਦ ਕੋਈ ਹੱਲ ਮਿਲ ਜਾਵੇ। ਸੋ ਮਹਾਂਰਾਜੇ ਦਾ ਹਿੰਦੁਸਤਾਨ ਜਾਣ ਦੇ ਐਲਾਨ ਦੀ ਤਰੀਕ
ਨਿਕਲ ਗਈ। ਸੰਨ 1886 ਸ਼ੁਰੂ ਹੋ ਗਿਆ। ਇੰਡੀਆ ਆਫਿਸ ਵਾਲੇ ਖੁਸ਼ ਸਨ ਕਿ ਮਹਾਂਰਾਜਾ ਟਲ਼
ਗਿਆ ਸੀ ਤੇ ਉਸ ਦੀ ਧਮਕੀ ਫੋਕੀ ਹੀ ਨਿਕਲੀ ਸੀ। ਇੰਡੀਆ ਹਾਊਸ ਦੇ ਕੁਝ ਅਧਿਕਾਰੀ ਇਕ ਵਾਰ
ਮਸਲੇ ਦਾ ਹੱਲ ਲੱਭਣ ਲਈ ਤਿਆਰ ਹੋ ਗਏ। ਇਕ ਵਿਸ਼ੇਸ਼ ਮਟਿੰਗ ਬੁਲਾਈ ਗਈ। ਮੀਟਿੰਗ ਵਿਚ
ਮਹਾਂਰਾਜੇ ਦੇ ਵਿਰੋਧੀਆਂ ਨੇ ਉਹੀ ਪੁਰਾਣੀ ਗੱਲ ਅਲਾਪਣੀ ਸ਼ੁਰੂ ਕਰ ਦਿਤੀ ਕਿ ਮਹਾਂਰਾਜਾ ਇਕ
ਵਾਰ ਤਾਂ ਮੰਨ ਜਾਵੇਗਾ ਪਰ ਕੱਲ ਨੂੰ ਮੁੜ ਨਵੀਂ ਮੰਗ ਲੈ ਕੇ ਖੜਾ ਹੋ ਜਾਵੇਗਾ। ਚਰਚਿਲ ਨੇ
ਆਪਣੇ ਇਕ ਬਿਆਨ ਵਿਚ ਕਹਿ ਦਿਤਾ ਕਿ ਮਹਾਂਰਾਜੇ ਦਾ ਦਿਮਾਗ ਹਿੱਲ ਗਿਆ ਸੀ। ਪੈਸੇ ਦੀ ਘਾਟ ਨੇ
ਉਸ ਦੇ ਦਿਮਾਗ ਉਪਰ ਡੂੰਘੀ ਸੱਟ ਮਾਰੀ ਸੀ। ਉਸ ਦੇ ਹਿੱਲੇ ਹੋਏ ਦਿਮਾਗ ਦੀ ਹੀ ਕਾਢ ਸੀ
ਦਸਵੇਂ ਗੁਰੂ ਵਾਲੀ ਕਹਾਣੀ। ਕਿਸੇ ਹੋਰ ਨੇ ਇਹ ਵੀ ਬਿਆਨ ਦੇ ਦਿਤਾ ਕਿ ਹਿੰਦੁਸਤਾਨੀ ਲੋਕ
ਤਾਂ ਪਹਿਲਾਂ ਹੀ ਬਹੁਤ ਵਹਿਮੀ ਸਨ ਤੇ ਹੋ ਸਕਦਾ ਸੀ ਕਿ ਮਹਾਂਰਾਜੇ ਦੀ ਗਿਆਰਵਾਂ ਗੁਰੂ ਹੋਣ
ਵਾਲੀ ਗੱਲ ਉਪਰ ਯਕੀਨ ਵੀ ਕਰ ਲੈਣ ਜਿਸ ਨਾਲ ਹਿੰਦੁਸਤਾਨ ਦੇ ਅੰਦਰੂਨੀ ਹਾਲਾਤ ਵਿਗੜ ਸਕਦੇ
ਸਨ।
ਜੋ ਵੀ ਸੀ ਮਹਾਂਰਾਜਾ ਧੀਰਜ ਦਾ ਪੱਲਾ ਨਹੀਂ ਸੀ ਛੱਡਿਆ ਕਰਦਾ। ਉਸ ਖਿਲਾਫ ਹਮੇਸ਼ਾ ਹੀ
ਉਕਸਾਊ ਬਿਆਨਬਾਜ਼ੀ ਹੁੰਦੀ ਰਹੀ ਸੀ ਪਰ ਉਹ ਚੁੱਪ ਰਹਿੰਦਾ। ਅਖ਼ਬਾਰਾਂ ਵਾਲੇ ਵੀ ਕਈ ਵਾਰ ਉਸ
ਤੋਂ ਕੋਈ ਗੱਲ ਕਹਿਲਵਾਉਣ ਦੀ ਕੋਸਿ਼ਸ਼ ਕਰਦੇ ਪਰ ਉਹ ਚੁੱਪ ਰਹਿੰਦਾ। ਬਹੁਤ ਗਿਣਵਾਂ-ਮਿਣਵਾਂ
ਬਿਆਨ ਦਿੰਦਾ। ਸਰ ਪੌਨਸਨਬੀ ਇਸ ਬਾਰੇ ਬਹੁਤ ਚੰਗੀ ਤਰ੍ਹਾਂ ਜਾਣਦਾ ਸੀ। ਉਹ ਉਸ ਨਾਲ
ਖਤੋ-ਖਿਤਾਬਤ ਸਮੇਂ ਕਈ ਉਕਸਾਊ ਸ਼ਬਦ ਵਰਤ ਕੇ ਦੇਖ ਚੁਕਿਆ ਸੀ। ਹੁਣ ਵੀ ਉਹ ਕਈ ਵਾਰ ਗਲਤ
ਸ਼ਬਦ ਵਰਤ ਜਾਂਦਾ ਕਿ ਮਹਾਂਰਾਜਾ ਗੁੱਸੇ ਵਿਚ ਆ ਕੇ ਕੋਈ ਗਲਤ ਬਿਆਨਬਾਜ਼ੀ ਕਰੇ। ਉਸ ਨੂੰ
ਪਤਾ ਸੀ ਕਿ ਗੁੱਸਾ ਤੁਹਾਨੂੰ ਉਲਟੀ ਦਿਸ਼ਾ ਵਲ ਲੈ ਤੁਰਦਾ ਹੈ। ਉਸ ਦੇ ਦੋਸਤ ਵੀ ਕਿਹਾ ਕਰਦੇ
ਸਨ ਕਿ ਮਹਾਂਰਾਜੇ ਦੀ ਜਗਾਹ ਜੇ ਕੋਈ ਹੋਰ ਹੁੰਦਾ ਤਾਂ ਕਦੋਂ ਦਾ ਟੁੱਟ ਗਿਆ ਹੁੰਦਾ।
ਇਕ ਰਾਤ ਮਹਾਂਰਾਜੇ ਨੂੰ ਅਜੀਬ ਜਿਹਾ ਸੁਫਨਾ ਆਇਆ। ਇਹ ਸੁਫਨਾ ਉਸ ਨੂੰ ਬਚਪੱਨ ਵਿਚ ਆਇਆ
ਕਰਦਾ ਸੀ। ਉਸ ਦੇ ਹੱਥ ਵਿਚ ਇਕ ਟੋਕਰੀ ਫੜੀ ਹੁੰਦੀ ਤੇ ਟੋਕਰੀ ਇਕ ਰੁਮਾਲ ਜਿਹੇ ਨਾਲ ਢਕੀ
ਹੋਈ ਹੁੰਦੀ। ਇਹ ਟੋਕਰੀ ਉਹ ਕਿਸੇ ਨੂੰ ਭੇਂਟ ਕਰਨ ਜਾ ਰਿਹਾ ਹੁੰਦਾ। ਇਸ ਟੋਕਰੀ ਵਿਚ ਕੀ ਸੀ
ਇਸ ਦਾ ਉਸ ਨੂੰ ਨਹੀਂ ਸੀ ਪਤਾ। ਬਚਪੱਨ ਵਿਚ ਆਉਂਦੇ ਵਿਚ ਜਦ ਉਹ ਇਸ ਬਾਰੇ ਜਾਣਨ ਦੀ
ਕੋਸਿ਼ਸ਼ ਕਰਦਾ ਤਾਂ ਉਸ ਦੀ ਜਾਗ ਖੁਲ੍ਹ ਜਾਂਦੀ। ਅਜ ਇਹ ਸੁਫਨਾ ਅਗੇ ਚਲਦਾ ਗਿਆ। ਉਹ ਹੱਥ
ਵਾਲੀ ਟੋਕਰੀ ਲੈ ਕੇ ਉਹ ਇਕ ਹਾਲ ਵਿਚ ਪੁਜ ਗਿਆ ਜਿਥੇ ਇਕ ਔਰਤ ਚਮਕਦੇ ਜਿਹੇ ਕਪੜੇ ਪਾਈ
ਬੈਠੀ ਸੀ। ਜਦ ਉਹ ਹੋਰ ਅਗੇ ਹੋਇਆ ਤਾਂ ਦੇਖਿਆ ਕਿ ਇਹ ਤਾਂ ਲੇਡੀ ਲੋਗਨ ਸੀ। ਉਸ ਨੇ ਹੱਥ
ਵਾਲੀ ਟੋਕਰੀ ਲੇਡੀ ਲੋਗਨ ਨੂੰ ਫੜਾ ਦਿਤੀ। ਲੇਡੀ ਲੋਗਨ ਨੇ ਟੋਕਰੀ ਉਪਰੋਂ ਕਪੜਾ ਹਟਾਇਆ ਤਾਂ
ਦੇਖਿਆ ਕਿ ਇਹ ਤਾਂ ਉਸ ਦੇ ਵਾਲ ਸਨ ਜਿਹਨਾਂ ਨੂੰ ਬੀਬੀ ਜੀ ਨੇ ਬੜੀ ਮੁਸ਼ਕਲ ਨਾਲ ਪਾਲ ਕੇ
ਵੱਡੇ ਕੀਤਾ ਸੀ ਤੇ ਨਾਈ ਨੇ ਇਕ ਪਲ ਵਿਚ ਕੱਟ ਧਰੇ ਸਨ। ਮਹਾਂਰਾਜਾ ਉਠ ਕੇ ਬੈਠ ਗਿਆ। ਉਸ
ਨੂੰ ਹੌਂਕਣੀ ਚੜੀ ਹੋਈ ਸੀ। ਇਹ ਤਾਂ ਚੰਗਾ ਸੀ ਕਿ ਉਸ ਦੇ ਨੇੜੇ ਮਹਾਂਰਾਣੀ ਬਾਂਬਾ ਨਹੀਂ
ਸੀ। ਉਸ ਨੇ ਉਠ ਕੇ ਪਾਣੀ ਪੀਤਾ ਤੇ ਬਾਕੀ ਦੀ ਸਾਰੀ ਰਾਤ ਉਸ ਨੇ ਬੈਠ ਕੇ ਹੀ ਕੱਢੀ। ਉਸ ਨੂੰ
ਸਾਫ ਯਾਦ ਸੀ ਕਿ ਉਸ ਨੇ ਆਪਣੇ ਵਾਲ ਕਟਾ ਕੇ ਮਿਸਜ਼ ਲੋਗਨ ਨੂੰ ਹੀ ਭੇਂਟ ਕੀਤੇ ਸਨ। ਉਸ ਦਾ
ਆਪਣੀ ਹੋਣੀ ਉਪਰ ਯਕੀਨ ਹੋਰ ਵੀ ਪੱਕਾ ਹੋ ਗਿਆ।
ਅਗਲੇ ਦਿਨ ਹੀ ਉਸ ਨੇ ਬਿਆਨ ਦੇ ਦਿਤਾ ਕਿ ਉਹ ਬਹੁਤ ਜਲਦੀ ਇਸਾਈ ਧਰਮ ਛੱਡ ਕੇ ਆਪਣਾ ਪਿਤਰੀ
ਧਰਮ ਅਪਣਾ ਰਿਹਾ ਹੈ। ਇਸਾਈ ਧਰਮ ਨੂੰ ਛੱਡਣ ਦਾ ਮਹਾਂਰਾਜੇ ਦਾ ਜਨਤਕ ਤੌਰ ‘ਤੇ ਇਹ ਪਹਿਲਾ
ਬਿਆਨ ਸੀ। ਇਸ ਤੋਂ ਪਹਿਲਾਂ ਜਿੰਨੀਆਂ ਵੀ ਗੱਲਾਂ ਹੋਈਆਂ ਸਨ ਉਹ ਅੰਦਰਖਾਤੇ ਹੀ ਸਨ। ਇਸ
ਬਿਆਨ ਨਾਲ ਇੰਡੀਆ ਔਫਿਸ ਵਿਚ ਖਲਬਲੀ ਜਿਹੀ ਮਚ ਗਈ। ਇੰਡਆ ਔਫਿਸ ਮਹਾਂਰਾਜੇ ਦੇ ਕਲੇਮ ਨੂੰ
ਲੈ ਕੇ ਤੇ ਉਸ ਦੇ ਹਿੰਦੁਸਤਾਨ ਜਾਣ ਦੇ ਪ੍ਰੋਗਰਾਮ ਕਾਰਨ ਹੀ ਪਰੇਸ਼ਾਨ ਸੀ, ਮਹਾਂਰਾਜੇ ਨੇ
ਇਸਾਈ ਮੱਤ ਛੱਡਣ ਦਾ ਐਲਾਨ ਕਰਕੇ ਇੰਡੀਆ ਔਫਿਸ ਦੀਆਂ ਮੁਸੀਬਤਾਂ ਹੋਰ ਵਧਾ ਦਿਤੀਆਂ। ਇਸ ਦੇ
ਜਵਾਬ ਵਿਚ ਮਹਾਂਰਾਜੇ ਖਿਲਾਫ ਬਿਆਨਬਾਜ਼ੀ ਹੋਰ ਵੀ ਤਿੱਖੀ ਹੋ ਗਈ।
ਸ਼ਾਹੀ ਮਹਿਲਾਂ ਵਿਚ ਵੀ ਮਹਾਂਰਾਜੇ ਨੂੰ ਲੈ ਕੇ ਤਣਾਵ ਖੜਾ ਹੋ ਗਿਆ ਸੀ। ਸਰ ਹੈਨਰੀ
ਪੌਨਸਨਬੀ ਦਾ ਮੱਤ ਸੀ ਕਿ ਮਹਾਂਰਾਣੀ ਵਿਕਟੋਰੀਆ ਸਾਰੀ ਸਥਿਤੀ ‘ਤੇ ਸਹਿਜੇ ਹੀ ਕਾਬੀ ਪਾ
ਸਕਦੀ ਸੀ। ਮਹਾਂਰਾਜਾ ਉਸ ਦਾ ਏਨਾ ਆਗਿਆਕਾਰ ਸੀ ਕਿ ਉਸ ਨੂੰ ਵਿੰਡਸਰ ਕੈਸਲ ਸੱਦ ਕੇ ਇਕ
ਝਿੜਕ ਮਾਰਦੀ ਜਾਂ ਪਿਆਰ ਨਾਲ ਕੁਝ ਆਖਦੀ ਤਾਂ ਮਹਾਂਰਾਜੇ ਦੀ ਹਿੰਮਤ ਹੀ ਨਹੀਂ ਸੀ ਕਿ ਉਸ ਦੀ
ਗੱਲ ਨੂੰ ਉਲੱਦ ਜਾਵੇ। ਮਹਾਂਰਾਜੇ ਨੇ ਮਹਾਂਰਾਣੀ ਦੀ ਹਰ ਗੱਲ ‘ਤੇ ਫੁੱਲ ਚੜ੍ਹਾਉਣੇ ਸਨ।
ਮਹਾਂਰਾਣੀ ਦੇ ਇਸ ਮਾਮਲੇ ਬਾਰੇ ਅਲੱਗ ਵਿਚਾਰ ਸਨ। ਉਹ ਮਨੋ-ਮਨ ਸਰਕਾਰ ਨਾਲ ਗੁੱਸੇ ਵਿਚ ਸੀ।
ਇਸ ਗੱਲ ਦਾ ਵੱਡਾ ਗੁੱਸਾ ਸੀ ਕਿ ਉਸ ਦੀ ਮਹਾਂਰਾਜੇ ਲਈ ਕੀਤੀ ਕੋਈ ਵੀ ਸਿਫਾਰਸ਼ ਨਹੀਂ ਸੀ
ਮੰਨੀ ਜਾ ਰਹੀ। ਮਹਾਂਰਾਜੇ ਦੇ ਕੇਸ ਨੂੰ ਲੈ ਕੇ ਉਹ ਜਿਹੜਾ ਵੀ ਸੁਝਾਅ ਦਿੰਦੀ ਉਸ ਨੂੰ ਨਕਾਰ
ਦਿਤਾ ਜਾਂਦਾ ਤੇ ਉਸ ਦੀ ਹਾਲਤ ਮਨਫੀ ਕਰ ਦਿਤੀ ਜਾਂਦੀ। ਅਜਿਹੀ ਸਥਿਤੀ ਵਿਚ ਉਹ ਮਹਾਂਰਾਜੇ
ਉਪਰ ਕਿਸੇ ਕਿਸਮ ਦਾ ਪ੍ਰਭਾਵ ਨਹੀਂ ਸੀ ਪਾਉਣਾ ਚਾਹੁੰਦੀ। ਉਸ ਨੂੰ ਯਕੀਨ ਸੀ ਕਿ ਮਹਾਂਰਾਜੇ
ਦਾ ਕੇਸ ਵਿਚਾਰਨਯੋਗ ਸੀ ਤੇ ਜੋ ਕੁਝ ਮਹਾਂਰਾਜਾ ਮੰਗ ਰਿਹਾ ਸੀ ਉਹ ਉਸ ਦਾ ਹੱਕਦਾਰ ਸੀ।
ਗਰੈਫਟਨ ਤੇ ਹੈਨੀਕਰ ਵਲੋਂ ਮਹਾਂਰਾਜੇ ਦੇ ਕਲੇਮ ਨੂੰ ਲੈ ਕੇ ਲਿਖੀ ਚਿੱਠੀ ਕਾਰਨ ਸਰਕਾਰ ਦਾ
ਰੁੱਖ਼ ਜ਼ਰਾ ਨਰਮ ਪੈ ਗਿਆ। ਹੁਣ ਲਿਬਰਲ ਪਾਰਟੀ ਦੀ ਸਰਕਾਰ ਆਉਣ ਕਰਕੇ ਲੌਰਡ ਕਿੰਬਰਲੇ ਫਿਰ
ਸੈਕਟਰੀ ਔਫ ਸਟੇਟ ਬਣ ਗਿਆ ਸੀ ਤੇ ਹੁਣ ਇਕ ਵਾਰ ਫਿਰ ਸਭ ਨੂੰ ਕੋਈ ਹੱਲ ਨਿਕਲਣ ਦੀ ਆਸ ਬੱਝਣ
ਲਗੀ ਸੀ। ਸ਼ਾਇਦ ਸਾਲਸ ਵਿਚਕਾਰ ਲਿਆ ਕੇ ਕੋਈ ਨਤੀਜਾ ਨਿਕਲ ਸਕੇ। ਪਰ ਕੁਝ ਨਾ ਹੋ ਸਕਿਆ।
ਮਹਾਂਰਾਜੇ ਨੇ ਆਪਣੇ ਕੇਸ ਬਾਰੇ ਲੌਰਡ ਕਿੰਬਰਲੇ ਨੂੰ ਚਿੱਠੀ ਲਿਖਦਿਆਂ ਕਿਸੇ ਦੀ ਸ਼ਾਨ ਵਿਚ
ਕਹਿ ਹੋ ਗਈਆਂ ਗਲਤ ਗੱਲਾਂ ਬਾਰੇ ਮੁਆਫੀ ਵੀ ਮੰਗ ਲਈ ਪਰ ਇਸ ਦਾ ਕੋਈ ਫਾਇਦਾ ਨਹੀਂ ਹੋਇਆ।
ਮਹਾਂਰਾਜੇ ਨੂੰ ਪਤਾ ਸੀ ਕਿ ਇੰਡੀਅਨ ਗੌਰਮਿੰਟ ਜਾਂਚ ਦੇ ਮੁਆਮਲੇ ਨੂੰ ਜਾਣ ਬੁਝ ਕੇ ਇਸ ਲਈ
ਛੇੜਨਾ ਨਹੀਂ ਚਾਹੁੰਦੀ ਕਿ ਇਸ ਤਰ੍ਹਾਂ ਸਰਕਾਰ ਦੀਆਂ ਬਹੁਤ ਸਾਰੀਆਂ ਲਾਹਪਰਵਾਹੀਆਂ ਸਾਹਮਣੇ
ਆ ਜਾਣਗੀਆਂ ਤੇ ਇਸ ਤਰ੍ਹਾਂ ਸਰਕਾਰ ਦੀ ਬਹੁਤ ਬੇਇਜ਼ਤੀ ਹੋਵੇਗੀ, ਸਰਕਾਰ ਨੂੰ ਸ਼ਰਮਿੰਦੇ
ਕਰਨ ਵਾਲੇ ਸਵਾਲ ਵੀ ਸਾਹਮਣੇ ਆਉਣਗੇ ਇਸ ਲਈ ਸਰਕਾਰ ਇਸ ਸਭ ਨੂੰ ਢਕੇ ਰਹਿਣ ਦੇਣਾ ਚਾਹੁੰਦੀ
ਸੀ। ਮਹਾਂਰਾਜਾ ਸੋਚਦਾ ਸੀ ਕਿ ਗਰੈਫਟਨ ਤੇ ਹੈਨੀਕਰ ਵੀ ਜੋ ਉਸ ਲਈ ਕਰ ਰਹੇ ਹਨ ਬੁਰਾ ਨਹੀਂ
ਹੈ, ਜੇਕਰ ਕੋਈ ਸਾਲਸੀ-ਫੈਸਲਾ ਵੀ ਹੁੰਦਾ ਹੋਵੇ ਤਾਂ ਠੀਕ ਹੈ। ਗਰੈਫਟਨ ਨੇ ਮਹਾਂਰਾਜੇ ਵਲੋਂ
ਸ਼ਾਅਦੀ ਭਰੀ ਕਿ ਉਹ ਉਸ ਨੂੰ ਹਰ ਤਰ੍ਹਾਂ ਦੇ ਸਾਲਸੀ-ਫੈਸਲੇ ਬਾਰੇ ਮਨਾ ਲਵੇਗਾ। ਸਰ
ਪੌਨਸਨਬੀ ਨੇ ਕੁਝ ਹੌਂਸਲੇ ਵਿਚ ਆਉਂਦਿਆ ਸਾਰੀ ਗੱਲ ਕਿੰਬਰਲੇ ਨੂੰ ਲਿਖੀ ਤੇ ਕਿੰਬਰਲੇ ਨੇ
ਜਵਾਬ ਵਿਚ ਕਿਹਾ ਕਿ ਇਸ ਸਾਰੇ ਮਸਲੇ ਵਿਚ ਬਹੁਤ ਡੂੰਘੇ ਇਤਰਾਜ਼ ਪਏ ਹਨ। ਇਤਰਾਜ਼ ਉਹੀ ਸਨ
ਕਿ ਹਿੰਦੁਸਤਾਨ ਸਰਕਾਰ ਦਾ ਮਹਾਂਰਾਜੇ ਦੀ ਜਾਇਦਾਦ ਬਾਰੇ ਨਿਕੰਮਾਪਨ ਸਾਹਮਣੇ ਆਉਣ ਦਾ ਡਰ
ਸੀ। ਇਹ ਮਸਲਾ ਇਕ ਵਾਰ ਫਿਰ ਪ੍ਰਧਾਨ ਮੰਤਰੀ ਗਲੈਡਸਟੋਨ ਦੇ ਮੇਜ਼ ‘ਤੇ ਜਾ ਟਿਕਿਆ। ਪਹਿਲਾਂ
ਵੀ ਜਦ ਉਹ ਪਰਧਾਨ ਮੰਤਰੀ ਸੀ ਤਾਂ ਮਹਾਂਰਾਜੇ ਦੀ ਫਾਈਲ ਉਸ ਦੀ ਨਜ਼ਰ ਵਿਚ ਆਈ ਸੀ। ਫਾਈਲ
ਦੇਖ ਕੇ ਤੇ ਹੋਰ ਸਾਰੇ ਹਾਲਾਤ ਨੂੰ ਦੇਖਦਿਆਂ ਉਹ ਲੌਰਡ ਸੇਲਜ਼ਬਰੀ ਜੋ ਕਿ ਟੋਰੀ ਪਾਰਟੀ ਦਾ
ਪਰਧਾਨ ਮੰਤਰੀ ਰਿਹਾ ਸੀ ਨਾਲੋਂ ਵੀ ਸਖਤ ਹੁੰਦਿਆਂ ਆਪਣੇ ਵਿਚਾਰ ਦਿਤੇ;
‘...ਪੰਜ ਸਾਲ ਦੇ ਵਕਫੇ ਨਾਲ ਮਹਾਂਰਾਜੇ ਦੇ ਕੇਸ ਨੂੰ ਦੇਖਿਆ ਹੈ, ਇਹ ਸਾਰੀ ਬਹੁਤ ਹੀ
ਬਦਕਿਸਮਤ ਹਾਲਾਤ ਵਿਚ ਘਿਰਿਆ ਕੇਸ ਹੈ, ...ਇੰਡੀਆ ਔਫਿਸ ਤੇ ਗੌਰਮਿੰਟ ਨੇ ਇਸ ਬਾਰੇ ਕਾਫੀ
ਕੁਝ ਕੀਤਾ ਹੈ ਪਰ ਗਲਤੀ ਮਹਾਂਰਾਜੇ ਵਲੋਂ ਕੁਝ ਗੱਲਾਂ ਨਾ ਸਮਝ ਸਕਣ ਵਿਚ ਹੋਈ ਹੈ।
...ਸਾਲਸੀ ਫੈਸਲੇ ਬਾਰੇ ਕੁਝ ਸਿਧਾਂਤਕ ਨੁਕਤੇ ਹਨ ਜਿਹਨਾਂ ਕਰਕੇ ਕੁਝ ਮੁਸ਼ਕਲਾਂ ਦਰਪੇਸ਼ ਆ
ਰਹੀਆਂ ਹਨ। ...ਦੂਜੇ ਪਾਸੇ ਮਹਾਂਰਾਜੇ ਦੇ ਵੱਡੇ ਰੁਤਬੇ ਤੋਂ ਹੇਠਾਂ ਡਿਗਣ ਕਰਕੇ ਉਸ ਦੇ ਮਨ
ਵਿਚ ਪੱਖਪਾਤ ਪੈਦਾ ਹੋ ਗਏ ਹਨ। ਮੈਨੂੰ ਖੁਸ਼ੀ ਹੈ ਕਿ ਵੋਇਸਰਾਏ ਨੇ ਮਹਾਂਰਾਜੇ ਨੂੰ ਕੁਝ
ਵਾਧੂ ਰਿਆਇਤਾਂ ਦੇਣੀਆਂ ਮੰਨ ਲਈਆਂ ਹਨ।’
ਲਿਬਰਲ ਪਾਰਟੀ ਦੀਆਂ ਖੁਲ੍ਹਦਿਲੀ ਵਾਲੀਆਂ ਪੌਲਸੀਆਂ ਦੇ ਬਾਵਜੂਦ ਗਲੈਡਸਟੋਨ ਸਿਧਾਂਤਕ
ਨੁਕਤਿਆਂ ਕਾਰਨ ਪੈਦਾ ਹੋਈਆਂ ਮੁਸ਼ਕਲਾਂ ਦੀ ਗੱਲ ਕਰਦਾ ਰਿਹਾ। ਸਿਧਾਂਤਕ ਮਸਲੇ ਹੋਰ ਕੁਝ
ਨਹੀਂ ਸਨ ਇਹ ਪੰਜਾਬ ਨੂੰ ਹਿੰਦੁਸਤਾਨ ਨਾਲ ਮਿਲਾਉਣ ਸਮੇਂ ਬੋਲੇ ਝੂਠ ਤੇ ਹੇਰਾ-ਫੇਰੀਆਂ ਹੀ
ਸਨ ਜਿਹਨਾਂ ਦੇ ਹੁਣ ਲੋਕਾਂ ਵਿਚ ਆ ਜਾਣ ਦਾ ਡਰ ਪੈਦਾ ਹੋਇਆ ਖੜਾ ਸੀ। ਇਹ ਜੋ ਵਾਧੂ
ਰਿਆਇਤਾਂ ਦੀ ਗੱਲ ਗਲੈਡਸਟੋਨ ਕਰ ਰਿਹਾ ਸੀ ਅਸਲ ਵਿਚ ਕੁਝ ਦਿਨ ਪਹਿਲਾਂ ਹੀ ਹਿੰਦੁਸਤਾਨ ਤੋਂ
ਟੈਲੀਗਰਾਮ ਆਈ ਸੀ ਕਿ ਜਿਵੇਂ ਵੀ ਹੋਵੇ ਮਹਾਂਰਾਜੇ ਨੂੰ ਹਿੰਦੁਸਤਾਨ ਨਾ ਆਉਣ ਦਿਤਾ ਜਾਵੇ ਤੇ
ਇਹ ਵਾਧੂ ਰਿਆਇਤਾਂ ਇਕ ਲਾਲਚ ਸਨ। ਇਹ ਚਾਲ ਕਾਮਯਾਬ ਨਾ ਹੁੰਦੇ ਦੇਖ ਕੇ ਮਹਾਂਰਾਜੇ ਨੂੰ
ਖਰੀਦਣ ਦੀ ਗੱਲ ਹੋਣ ਲਗੀ। ਨਾਲ ਹੀ ਇਹ ਸਵਾਲ ਵੀ ਉਠਦਾ ਕਿ ਕੀ ਮਹਾਂਰਾਜਾ ਖਰੀਦਿਆ ਜਾ ਸਕਦਾ
ਹੈ ਤੇ ਜੇ ‘ਹਾਂ’ ਤਾਂ ਕਿਸ ਕੀਮਤ ਵਿਚ। ਪ੍ਰਧਾਨ ਮੰਤਰੀ ਸਕੀਮਾਂ ਲੜਾਉਣ ਲਗਿਆ ਕਿ ਕਿਸੇ
ਤਰ੍ਹਾਂ ਮਹਾਂਰਾਜੇ ਨੂੰ ਟੋਹਿਆ ਜਾਵੇ ਕਿ ਉਹ ਕਿਥੋਂ ਕੁ ਤਕ ਵਿਕਣ ਲਈ ਤਿਆਰ ਹੈ। ਇਸ ਲਈ
ਕੋਈ ਤੇਜ਼ ਬੰਦਾ ਚਾਹੀਦਾ ਸੀ ਜੋ ਕਿ ਮਹਾਂਰਾਜੇ ਤਕ ਇਵੇਂ ਪਹੁੰਚ ਕਰੇ ਕਿ ਮਹਾਂਰਜੇ ਨੂੰ
ਕੁਝ ਪਤਾ ਨਾ ਚੱਲ ਸਕੇ। ਕਾਫੀ ਦੇਰ ਸੋਚਦਿਆਂ ਆਖਰ ਸਰ ਓਇਨ ਬਰਨ ਦਾ ਨਾਂ ਸਾਹਮਣੇ ਆਇਆ। ਸਰ
ਬਰਨ ਦੇ ਮਹਾਂਰਾਜੇ ਨਾਲ ਸਬੰਧ ਤਾਂ ਸਦਾ ਹੀ ਖਰਾਬ ਰਹੇ ਸਨ ਪਰ ਉਹ ਤੇਜ਼ ਤਰਾਰ ਬੰਦਾ ਸੀ।
ਉਸ ਦੀ ਜ਼ੁਬਾਨ ਵਿਚ ਮਿਠਾਸ ਸੀ। ਉਸ ਨੇ ਇਸ ਮਸਲੇ ਨੂੰ ਸਹਿਜੇ ਹੀ ਸੁਲਝਾ ਲੈਣਾ ਸੀ। ਸਰ
ਬਰਨ ਨੂੰ ਪਤਾ ਚਲਿਆ ਤਾਂ ਉਸ ਨੇ ਇਕ ਦਮ ਥੈੱਟਫੋਰਡ ਲਈ ਗੱਡੀ ਫੜ ਲਈ ਤੇ ਐੱਲਵੇਡਨ ਹਾਲ ਜਾ
ਪੁੱਜਿਆ। ਮਹਾਂਰਾਜੇ ਨਾਲ ਉਸ ਨੇ ਬੈਠਕ ਦਾ ਇੰਤਜ਼ਾਮ ਕੀਤੀ ਤੇ ਵਾਰਤਾਲਾਪ ਅਰੰਭ ਕਰ ਦਿਤਾ।
ਉਸ ਨੇ ਆਖਿਆ,
“ਯੋਅਰ ਹਾਈਨੈੱਸ, ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਮੈਨੂੰ ਆਪਣਾ ਸੱਚਾ ਦੋਸਤ ਸਮਝੋ।”
“ਸਰ ਬਰਨ, ਮੈਨੂੰ ਵੀ ਆਪਣਾ ਦੁਸ਼ਮਣ ਨਾ ਸਮਝੋ ਜਿਵੇਂ ਕਿ ਅਫਸਰਸ਼ਾਹੀ ਦੇ ਬਹੁਤ ਸਾਰੇ
ਹਲਕਿਆਂ ਵਿਚ ਮੈਨੂੰ ਲਿਆ ਜਾਂਦਾ ਏ। ਮੈਂ ਹਰ ਮੈਜਿਸਟੀ ਦਾ ਵਫਾਦਾਰ ਸ਼ਹਿਰ ਹਾਂ।”
“ਇਸ ਵਿਚ ਕੋਈ ਸ਼ੱਕ ਨਹੀਂ। ...ਮੈਂ ਤੁਹਾਡਾ ਲੌਰਡ ਸੇਲਜ਼ਬਰੀ ਨੂੰ ਭੇਜਿਆ ਮੈਮੋਰੀਅਲ ਪੜਿਆ
ਏ, ਇਸ ਵਿਚ ਕੋਈ ਵੀ ਨਵੀਂ ਗੱਲ ਨਹੀਂ ਜਿਹੜੀ ਤੁਸੀਂ ਆਪਣੇ ਪਹਿਲੇ ਚਿੱਠੀ ਪੱਤਰ ਵਿਚ ਨਾ
ਕਹੀ ਹੋਵੇ। ਤੁਹਾਡੇ ਮਨ ਵਿਚ ਉਹੀ ਦਲੀਲਾਂ ਪੱਕ ਚੁੱਕੀਆਂ ਨੇ ਇਸ ਲਈ ਮੈਂ ਉਹਨਾਂ ਬਾਰੇ
ਦੁਬਾਰਾ ਗੱਲ ਕਰਕੇ ਵਕਤ ਖਰਾਬ ਨਹੀਂ ਕਰਾਂਗਾ। ...ਮੈਂ ਨਹੀਂ ਸੋਚਦਾ ਕਿ ਤੁਹਾਡੇ ਜਿਹੇ
ਅਕਲਵੰਦ ਬੰਦੇ ਨੂੰ ਸਰਕਾਰ ਤੋਂ ਇੰਨੇ ਜਿ਼ਆਦਾ ਦੀ ਆਸ ਰੱਖਣੀ ਚਾਹੀਦੀ ਏ ਜਿੰਨਾ ਕਿ ਸਰਕਾਰ
ਦੇਣ ਲਈ ਬਿਲਕੁਲ ਤਿਆਰ ਨਾ ਹੋਵੇ।”
“ਸਰ ਬਰਨ, ਮੈਂ ਤੁਹਾਡੀ ਸਪੱਸ਼ਟਤਾ ਦੀ ਕਦਰ ਕਰਦਾ ਹਾਂ ਪਰ ਮੈਨੂੰ ਕਈ ਵੀ ਰਕਮ ਤਸੱਲੀ ਨਹੀਂ
ਦੇ ਸਕਦੀ, ਮੈਨੂੰ ਆਪਣੇ ਮਾਮਲੇ ਵਿਚ ਪੂਰੀ ਜਾਂਚ ਚਾਹੀਦੀ ਏ, ਫੈਸਲਾ ਬੇਸ਼ੱਕ ਮੇਰੇ ਖਿਲਾਫ
ਹੀ ਹੋਵੇ, ਪਰਿਵੀ ਕੌਂਸਲ ਜਾਂ ਹਾਊਸ ਔਫ ਲੌਰਡ ਮੇਰੇ ਕੇਸ ਨੂੰ ਆਪਣੇ ਹੱਥ ਵਿਚ ਲੈ ਲੈਣ ਤੇ
ਠੀਕ ਰਹੇਗਾ।”
“ਯੋਅਰ ਹਾਈਨੈੱਸ, ਇਹ ਅਸੰਭਵ ਏ। ...ਕੋਈ ਵੀ ਸਰਕਾਰ ਇਸ ਵਿਚ ਸਿਧਾ ਦਖਲ ਨਹੀਂ ਦੇਵੇਗੀ
ਕਿਉਂਕਿ ਇਹ ਝਗੜਾ ਹਿੰਦੁਸਤਾਨ ਦੀ ਸਰਕਾਰ ਤੇ ਇਹ ਇਕ ਹਿੰਦੁਸਤਾਨੀ ਰਾਜਕੁਮਾਰ ਦੀ ਪੈਨਸ਼ਨ
ਬਾਰੇ ਏ, ...ਇਹ ਪੰਜਾਹ ਸਾਲ ਪੁਰਾਣੀ ਸੰਧੀ ਬਾਰੇ ਏ ਤੇ ਜਿਸ ਦੇ ਖੁਲ੍ਹਣ ਨਾਲ ਹਿੰਦੁਸਤਾਨ
ਸਰਕਾਰ ਦੇ ਤੇ ਈਸਟ ਇੰਡੀਆ ਕੰਪਨੀ ਦੇ ਕਈ ਭੇਦ ਖੁਲ੍ਹ ਸਕਦੇ ਨੇ।”
“ਸਰ ਬਰਨ, ਮੈਨੂੰ ਪਤਾ ਏ, ਮੈਂ ਇਸ ਨੂੰ ਛੱਡ ਦਿੰਦਾ ਹਾਂ ਪਰ ਇੰਡੀਅਨ ਗੌਰਮਿੰਟ ਆਪ ਹੀ
ਮੈਨੂੰ ਪੂਰੀ ਜਾਂਚ ਕਿਉਂ ਨਹੀਂ ਕਰ ਦਿੰਦੀ, ...ਉਹ ਮੈਨੂੰ ਇਕ ਜਾਨਵਰ ਦੀ ਤਰ੍ਹਾਂ ਵਰਤ ਰਹੇ
ਨੇ, ਉਹ ਮੈਨੂੰ ਇਵੇਂ ਦਬਾਅ ਰਹੇ ਨੇ ਕਿ ਭੁੱਲ ਹੀ ਜਾਂਦੇ ਨੇ ਕਿ ਮੈਂ ਇਕ ਰਾਜਾ ਹਾਂ,
...ਉਹ ਮੇਰੀ ਵਫਾਦਾਰੀ ‘ਤੇ ਦੋਸ਼ ਲਾ ਰਹੇ ਨੇ, ਕਿਉਂ?”...
“ਯੋਅਰ ਹਾਈਨੈੱਸ, ਤੁਹਾਡੇ ਮਨ ਵਿਚ ਕੋਈ ਆਸਾਧਾਰਣ ਗੱਲ ਅੜ ਗਈ ਹੋਈ ਏ, ਕੋਈ ਫਤੂਰ ਜਿਹਾ ਭਰ
ਗਿਆ ਏ ਜਿਸ ਨਾਲ ਤੁਹਾਡੀ ਮਹਿਸੂਸ ਕਰਨ ਦੀ ਸ਼ਕਤੀ ਬਦਲ ਚੁੱਕੀ ਏ। ...ਚਲੋ ਹੁਣ ਆਪਾਂ ਇਸ
ਸਭ ਕੁਝ ਨੂੰ ਕਾਰੋਬਾਰੀ ਨਜ਼ਰ ਨਾਲ ਦੇਖੀਏ ਤੇ ਸ਼ਾਇਦ ਇਸ ਦਾ ਕੋਈ ਹੱਲ ਕੱਢ ਸਕੀਏ।
...ਸੱਚਾਈ ਇਹ ਵੇ ਕਿ ਤੁਸੀਂ ਆਪਣਾ ਰਾਜ-ਭਾਗ ਦਸਤਖਤ ਕਰਕੇ ਦੇ ਚੁੱਕੇ ਹੋ ਤੇ ਸਾਲਾਂ ਦੇ
ਸਾਲ ਇਸ ਸੱਚ ਨੂੰ ਮਨਜ਼ੂਰ ਵੀ ਕਰਦੇ ਰਹੇ ਹੋ। ਫਿਰ ਰਾਤੋ-ਰਾਤ ਕੋਈ ਅਜਿਹੀ ਗੱਲ ਹੋਈ ਕਿ
ਤੁਸੀਂ ਬਦਲ ਗਏ। ਤੀਹ-ਪੈਂਤੀ ਸਾਲ ਤਕ ਇਕ ਸੱਚ ਵਿਚ ਰਹਿ ਕੇ ਉਸ ਨੂੰ ਮੰਨਣ ਤੋਂ ਮੁਨਕਰ ਹੋ
ਗਏ। ਇਕ ਸੁਫਨਾ ਆਉਣ ਵਾਂਗ ਤੁਹਾਨੂੰ ਪਤਾ ਚੱਲਿਆ ਕਿ ਇੰਡੀਅਨ ਗੌਰਮਿੰਟ ਨੇ ਇਹ ਸਭ ਤੁਹਾਡੇ
ਨਾਲ ਕੀਤਾ ਏ। ਇਸ ਤੋਂ ਵੀ ਉਪਰ ਤੁਸੀਂ ਐਕਟ ਔਫ ਪਾਰਲੀਮੈਂਟ ਨੂੰ ਮਨਜ਼ੂਰ ਕਰਕੇ ਉਹਨੂੰ ਹੀ
ਖਰਾਬ ਕਰ ਰਹੇ ਓ, ਇਹ ਸਭ ਕਿਓਂ?”
“ਸਰ ਬਰਨ, ਬੰਦੇ ਨੂੰ ਚੇਤੰਨਤਾ ਉਮਰ ਦੇ ਕਿਸੇ ਪੜ੍ਹਾਅ ‘ਤੇ ਵੀ ਆ ਸਕਦੀ ਏ। ਜਦੋਂ ਮੈਨੂੰ
ਸਮਝ ਆਈ ਕਿ ਮੈਨੂੰ ਕਿਵੇਂ ਗੁੰਮਰਾਹ ਕੀਤਾ ਗਿਆ ਏ ਤਾਂ ਮੈਂ ਆਪਣੇ ਹੱਕਾਂ ਲਈ ਉਠ ਖੜਾ ਹੋਇਆ
ਹਾਂ। ਮੈਂ ਹੁਣ ਜਿਹੇ ਹੀ ਆਪਣੇ ਅਸਲੀ, ਰਾਜੇ ਵਾਲੇ ਰੁਤਬੇ ਨੂੰ ਸਮਝਿਆ ਹਾਂ।”
“ਯੋਅਰ ਹਾਈਨੈੱਸ, ਚਲੋ, ਕਲਪਨਾ ਕਰੋ ਕਿ ਮੈਂ ਬਹੁਤ ਵਧੀਆ ਸੁਭਾਅ ਵਾਲਾ ਸੈਕਟਰੀ ਔਫ ਸਟੇਟ
ਹਾਂ ਤੇ ਤੁਹਾਡੇ ਤੇ ਤਰਸ ਖਾ ਰਿਹਾਂ ਤੇ ਦੱਸੋ ਕਿ ਕਿੰਨੇ ਕੁ ਪੈਸੇ ਤੁਹਾਨੂੰ ਤਸੱਲੀ ਦੇ
ਸਕਦੇ ਨੇ? ...ਮੰਨ ਲਓ ਕਿ ਪੱਚੀ ਹਜ਼ਾਰ ਸਲਾਨਾ ਸਾਰੇ ਚਾਰਜ ਬਗੈਰਾ ਤੋਂ ਬਿਨਾਂ?”
“ਸਰ ਬਰਨ, ਬਿਲਕੁਲ ਨਹੀਂ। ਮੈਂ ਆਪਣੇ ਕਲੇਮ ਦੀ ਜਾਂਚ ਚਾਹੁੰਦਾ ਹਾਂ ਤੇ ਜਾਇਜ਼ ਮੁਆਵਜ਼ਾ।”
“ਯੋਅਰ ਹਾਈਨੈੱਸ, ਮੰਨ ਲਓ ਕਿ ਮੈਂ ਅਜਿਹਾ ਅਫਸਰ ਹਾਂ ਜੋ ਤੁਹਾਡੇ ਤੋਂ ਬਾਅਦ ਤੁਹਾਡੇ ਵੱਡੇ
ਬੇਟੇ ਦੇ ਅਲਾਊਂਸ ਵਧਾ ਦੇਵੇ ਤੇ ਇਕ ਵਧੀਆ ਜਿਹੇ ਘਰ ਦਾ ਵੀ ਇੰਤਜ਼ਾਮ ਕਰ ਦੇਵੇ ਤਾਂ?”
“ਬਿਲਕੁਲ ਨਹੀਂ ਸਰ ਬਰਨ, ਮੈਂ ਇਕ ਰਾਜਾ ਹਾਂ, ਰਾਜੇ ਕੋਲ ਇਹ ਚੀਜ਼ਾਂ ਤਾਂ ਹੁੰਦੀਆਂ ਹੀ
ਨੇ। ਜੋ ਕੁਝ ਮੇਰੇ ਕੋਲ ਹੋਏਗਾ ਮੇਰਾ ਪੁੱਤਰ ਉਸ ਦਾ ਹੱਕਦਾਰ ਤਾਂ ਬਣੇਗਾ ਹੀ, ਤੁਸੀ ਤਾਂ
ਕੁਝ ਨਾ ਦੇਣਾ ਹੋਇਆ ਨਾ। ਅਸਲ ਵਿਚ ਹਿੰਦੁਸਤਾਨ ਦੀ ਸਰਕਾਰ ਮੇਰੇ ਤੋਂ ਪਿੱਛਾ ਛੁਡਾਉਣਾ
ਚਾਹੁੰਦੀ ਤੇ ਮੇਰੇ ਪਰਿਵਾਰ ਨੂੰ ਖਤਮ ਕਰਨਾ ਚਾਹੁੰਦੀ ਏ।”
“ਠੀਕ ਏ, ਤੁਸੀਂ ਮੈਨੂੰ ਖੁਲ੍ਹਦਿਲਾ ਨਹੀਂ ਦੇਖਣਾ ਚਾਹੁੰਦੇ, ਮਨ ਲਓ ਕਿ ਮੈਂ ਇਕ ਸਖਤ
ਸੈਕਟਰੀ ਔਫ ਸਟੇਟ ਹਾਂ ਤੇ ਤੁਹਾਡੇ ਹਿੰਦੁਸਤਾਨ ਜਾਣ ਨੂੰ ਲੈ ਕੇ ਹੁਕਮ ਅਦੂਲੀ ਵਿਚ ਅੰਦਰ
ਕਰ ਦੇਵਾਂ ਤੇ ਤੁਹਾਡੀ ਪੈਨਸ਼ਨ ਬੰਦ ਹੋ ਜਾਵੇ ਤਾਂ...?”
“ਤਾਂ ਸਰ ਬਰਨ, ਮੈਂ ਤੁਹਾਡੇ ‘ਤੇ ਬਹੁਤ ਹੱਸਾਂਗਾ, ਬਿਲਕੁਲ ਇਹੋ ਮੈਂ ਚਾਹੁੰਦਾ ਹਾਂ,
...ਤੁਹਾਨੂੰ ਮੈਨੂੰ ਕਪੜਾ ਤੇ ਰੋਟੀ ਤਾਂ ਦੇਣੀ ਹੀ ਪਵੇਗੀ, ਮੇਰੇ ਪਰਿਵਾਰ ਨੂੰ ਵੀ, ਤੇ
ਮੇਰੀ ਆਮਦਨ ਪੰਜਾਬ ਦੇ ਹਰ ਘਰੋਂ ਆਵੇਗੀ, ਪੰਜਾਬ ਹੀ ਨਹੀਂ ਪੂਰੇ ਹਿੰਦੁਸਤਾਨ ਦੇ ਘਰ ਘਰ
ਤੋਂ ਆਵੇਗੀ, ਮੈਨੂੰ ਪਤਾ ਏ ਕਿ ਇਹ ਹਾਲਤ ਕੋਈ ਸਰਕਾਰ ਨਹੀਂ ਦੇਖਣੀ ਚਾਹੇਗੀ, ਬ੍ਰਤਾਨਵੀ
ਲੋਕ ਰਾਏ ਵੀ ਮੇਰੇ ਨਾਲ ਹੋਵੇਗੀ...।”
“ਠੀਕ ਏ, ਨਰਮੀ ਨਹੀਂ ਸਖਤੀ ਨਾਲ ਹੀ ਨਿਪਟਿਆ ਜਾਵੇਗਾ ਤੁਹਾਡੇ ਨਾਲ ਪਰ ਮੈਨੂੰ ਇਕ ਗੱਲ
ਨਹੀਂ ਸਮਝ ਆ ਰਹੀ ਕਿ ਤੁਹਾਡੇ ਵਰਗਾ ਅਕਲਵੰਦ ਭੱਦਰਪੁਰਸ਼ ਹਿੰਦੁਸਤਾਨ ਜਾਣ ਦੀ ਜਿ਼ਦ ਕਿਉਂ
ਕਰ ਰਿਹਾ ਏ। ...ਇਕ ਉਚੇ ਰੁਤਬੇ ਵਾਲਾ ਤੇ ਇਸਾਈ ਵਰਗੇ ਵਧੀਆ ਧਰਮ ਦਾ ਅਨੁਆਈ, ਇਸ ਮੁਲਕ ਦੀ
ਅਰਾਮ ਭਰੀ ਜਿ਼ੰਦਗੀ ਛੱਡ ਕੇ ਹਿੰਦੁਸਤਾਨ ਜਾਣ ਬਾਰੇ ਕਿਉਂ ਸੋਚ ਰਿਹਾ ਏ!”...
“ਸਰ ਬਰਨ, ਸ਼ਾਇਦ ਤੁਹਾਨੂੰ ਪਤਾ ਨਹੀਂ ਇਸਾਈ ਧਰਮ ਤਿਆਗਣ ਲਈ ਮੈਂ ਪਹਿਲਾ ਕਦਮ ਲੈ ਚੁਕਿਆ
ਹਾਂ, ਮੈਨੂੰ ਤੁਹਾਡੀ ਇਸ ਅਖੌਤੀ ਇਸਾਈ ਸਰਕਾਰ ਵਿਚ ਭਰੋਸਾ ਹੀ ਨਹੀਂ ਰਿਹਾ, ...ਮੈਂ ਦਿੱਲੀ
ਜਾ ਕੇ ਰਹਾਂਗਾ, ਦੇਸੀ ਆਦਤਾਂ ਮੁੜ ਕੇ ਸਿਖਾਂਗਾ, ਆਪਣੇ ਬੱਚਿਆਂ ਨੂੰ ਉਥੇ ਰਸਮੋ-ਰਿਵਾਜ
ਸਿਖਾਵਾਂਗਾ, ਬੱਚੇ ਉਥੇ ਕੰਮ ਕਰਨਗੇ, ਮੈਂ ਸਿ਼ਕਾਰ ਖੇਡਾਂਗਾ, ਹਿੰਦੁਸਤਾਨ ਦੀ ਸਰਕਾਰ
ਮੈਨੂੰ ਇਹ ਸਭ ਕਰਨ ਦੇਵੇਗੀ, ਜੇ ਨਹੀਂ ਤਾਂ ਮੈਂ ਪੰਜਾਬ ਹਿਲਾ ਕੇ ਰੱਖ ਦੇਵਾਂਗਾ, ...ਮੈਂ
ਵਾਪਸ ਜਾਣ ਦਾ ਮਨ ਬਣਾ ਚੁਕਿਆ ਹਾਂ। ...17 ਫਰਵਰੀ ਮੇਰੇ ਜਾਣ ਦੀ ਤਰੀਕ ਏ, ਸ਼ਾਇਦ ਦੋਸਤਾਂ
ਦੇ ਕਹਿਣ ਤੇ ਹਫਤਾ-ਖੰਡ ਬਦਲ ਲਵਾਂ...।”
ਬਹੁਤਾ ਸ਼ੋਹਦਾ ਬਣਦਾ ਬਰਨ ਮਹਾਂਰਾਜੇ ਮੁਹਰੇ ਚੁੱਪ ਬੈਠਾ ਸੀ। ਉਹਨਾਂ ਨੇ ਕੁਝ ਹੋਰ ਗੱਲਾਂ
ਕੀਤੀਆਂ ਤੇ ਫਿਰ ਦੋਵੇਂ ਹੀ ਉਠ ਖੜੇ ਹੋਏ। ਦੋਵਾਂ ਨੇ ਹੀ ਇਕ ਦੂਜੇ ਦਾ ਧੰਨਵਾਦ ਕੀਤਾ। ਸਰ
ਬਰਨ ਦੇ ਜਾਣ ਤੋਂ ਪਹਿਲਾਂ ਮਹਾਂਰਾਜੇ ਨੇ ਇਕ ਵਾਰ ਫਿਰ ਜਾਂਚ ਕਰਾਉਣ ਦੀ ਮੰਗ ਦੁਹਰਾਈ।
ਬਦਲੇ ਵਿਚ ਬਰਨ ਮੁਸਕਰਾਇਆ ਤੇ ਉਸ ਦੇ ਨਾਲ ਹੀ ਮਹਾਂਰਾਜੇ ਚਿਹਰੇ ‘ਤੇ ਵੀ ਮੁਸਰਾਹਟ ਉਠੀ ਤੇ
ਫਿਰ ਉਸ ਦੀਆਂ ਸੰਘਣੀਆਂ ਮੁੱਛਾਂ ਵਿਚ ਗਵਾਚ ਗਈ।
ਇਕ ਦਿਨ ਮਹਾਂਰਾਜੇ ਦਾ ਪੁਰਾਣਾ ਦੋਸਤ ਰੌਨਲਡ ਲੈਜ਼ਲੇ-ਮੈਲਵਿਲ ਉਸ ਨੂੰ ਮਿਲਣ ਐੱਲਵੇਡਨ ਆ
ਗਿਆ। ਮਹਾਂਰਾਜੇ ਦਾ ਕਈ ਵਾਰ ਪਤਾ ਨਹੀਂ ਸੀ ਹੁੰਦਾ ਕਿ ਲੰਡਨ ਵਾਲੇ ਆਪਣੇ ਘਰ ਹੋਵੇਗਾ ਕਿ
ਐੱਲਵੇਡਨ। ਮਿਲਣ ਲਈ ਸਮਾਂ ਪਹਿਲਾਂ ਤੈਅ ਕਰਨਾ ਪੈਂਦਾ ਸੀ। ਰੌਨਲਡ ਨੇ ਐੱਲਵੇਡਨ ਹੀ ਮਿਲਣਾ
ਚਾਹਿਆ। ਹੌਲੈਂਡ ਪਾਰਕ ਵਾਲਾ ਘਰ ਛੋਟਾ ਸੀ ਤੇ ਕੋਈ ਨਾ ਕੋਈ ਆਇਆ ਹੀ ਰਹਿੰਦਾ ਸੀ।
ਮਹਾਂਰਾਜੇ ਨੇ ਦੋ ਘੋੜੇ ਤਿਆਰ ਕਰਵਾਏ ਤੇ ਦੋਨੋਂ ਦੋਸਤ ਸੈਰ ਲਈ ਨਿਕਲ ਤੁਰੇ। ਮਹਾਂਰਾਜਾ
ਤਾਂ ਸਦਾ ਹੀ ਇਵੇਂ ਕਰਦਾ ਕਿ ਕੁਝ ਸੋਚਣਾ ਹੁੰਦਾ ਜਾਂ ਮਨ ਸੋਚਾਂ ਵਿਚ ਘਿਰਿਆ ਹੁੰਦਾ ਤਾਂ
ਘੋੜ ਸਵਾਰੀ ਲਈ ਨਿਕਲ ਜਾਂਦਾ। ਦੋਵੇਂ ਘੋੜੇ ਆਮ ਚਾਲੇ ਚਲਦੇ ਬਰੋ-ਬਰਾਬਰ ਜਾ ਰਹੇ ਸਨ।
ਰੌਨਲਡ ਨੇ ਪੁੱਛਿਆ,
“ਯੋਅਰ ਹਾਈਨੈੱਸ, ਹੁਣ ਕੀ ਸੋਚ ਰਹੇ ਓ?”
“ਰੌਨੀ, ਕੁਝ ਨਹੀਂ ਸੋਚ ਰਿਹਾ, ਮੈਂ ਤਾਂ ਦੇਖ ਰਿਹਾਂ ਕਿ ਹੋ ਕੀ ਰਿਹੈ!”
“ਯੌਅਰ ਹਾਈਨੈੱਸ, ਤੁਹਾਨੂੰ ਵੀ ਪਤਾ ਤੇ ਮੈਨੂੰ ਵੀ ਕਿ ਹੁਣ ਉਹ ਜਾਂਚ ਤਾਂ ਕਦੇ ਵੀ ਨਹੀਂ
ਕਰਾਉਣੇ। ਕਿਹੜੀ ਸਰਕਾਰ ਆਪਣੇ ਪਾਜ ਖੋਹਲਣੇ ਚਾਹੇਗੀ? ਇਹ ਦੋਵੇ ਪਾਰਟੀਆਂ ਚਾਹੇ ਟੋਰੀ ਹੋਵੇ
ਜਾਂ ਲਿਬਰਲ ਇਕੋ ਜਿਹੀਆਂ ਨੇ ਤੇ ਇਕ ਦੂਜੇ ਦੀ ਮੱਦਦ ਕਰਦੀਆਂ ਨੇ ਸੋ ਜਾਂਚ ਕਦੇ ਨਹੀਂ
ਹੋਣੀ।”
“ਇਹ ਤੈਨੂੰ ਵੀ ਪਤਾ ਏ ਕਿ ਪੰਜਾਬ ਨਾਲ, ਮੇਰੇ ਨਾਲ, ਮੇਰੇ ਲੋਕਾਂ ਨਾਲ ਬਹੁਤ ਜਿ਼ਆਦਤੀ ਹੋਈ
ਏ, ਜਾਂਚ ਹੋਈ ਤੇ ਸਭ ਕੁਝ ਸਾਹਮਣੇ ਆ ਜਾਵੇਗਾ।”
“ਇਸੇ ਲਈ ਤਾਂ ਇਹ ਜਾਂਚ ਕਦੇ ਨਹੀਂ ਹੋਏਗੀ।”
ਰੌਨਲਡ ਨੇ ਕਿਹਾ ਤੇ ਮਹਾਂਰਾਜੇ ਨੇ ਅੱਡੀ ਲਾ ਕੇ ਘੋੜਾ ਦੁੜਾ ਲਿਆ। ਰੌਨਲਡ ਵੀ ਆਪਣਾ ਘੋੜਾ
ਭਜਾ ਕੇ ਉਸ ਦੇ ਨਾਲ ਜਾ ਰਲਿ਼ਆ ਤੇ ਫਿਰ ਪੁੱਛਣ ਲਗਿਆ,
“ਫਿਰ ਆਖਰ ਤੁਸੀਂ ਚਾਹੁੰਦੇ ਕੀ ਹੋ? ਵੱਡੀ ਪੈਨਸ਼ਨ? ...ਜਾਂਚ? ਜਾਂ ਹਿੰਦੁਸਤਾਨ ਵਾਪਸ
ਜਾਣਾ ਜਾਂ ਗਿਆਰਵਾਂ ਗੁਰੂ ਬਣਨਾ?”
“ਮੇਰੇ ਪਿਆਰੇ ਦੋਸਤ ਰੌਨਲਡ, ਹੁਣ ਮੈਂ ਸਭ ਕੁਝ ਚਾਹੁੰਨਾ, ਕਦੇ ਸਮਾਂ ਸੀ ਕਿ ਮੈਂ ਸਿਰਫ
ਵੱਡੀ ਪੈਨਸ਼ਨ ਹੀ ਮੰਗ ਰਿਹਾ ਸਾਂ ਤੇ ਫਿਰ ਜਾਂਚ ਵਾਲੀ ਮੰਗ ਆ ਗਈ ਪਰ ਨਾਲ ਦੀ ਨਾਲ ਮੈਂ
ਹਿੰਦੁਸਤਾਨ ਆਪਣੇ ਲੋਕਾਂ ਵਿਚ ਜਾਣਾ ਚਾਹੁੰਨਾ ਤੇ ਗਿਆਰਾਵਾਂ ਗੁਰੂ ਤਾਂ ਜੇ ਮੈਂ ਹਾਂ ਤਾਂ
ਹਾਂ। ਨਾ ਮੈਨੂੰ ਕੋਈ ਬਣਾ ਸਕਦਾ ਏ ਤੇ ਨਾ ਹੀ ਬਣਨੋਂ ਰੋਕ ਸਕਦਾ ਏ। ..ਹੁਣ ਮੈਂ ਸਭ ਕੁਝ
ਚਾਹੁੰਨਾ, ਵਕਤ ਨੇ ਮੇਰੀਆਂ ਅੱਖਾਂ ਖੋਹਲ ਦਿਤੀਆਂ ਨੇ।”
ਗੱਲ ਕਰਕੇ ਮਹਾਂਰਾਜਾ ਚੁੱਪ ਹੋ ਗਿਆ। ਰੌਨਡਲ ਇਸ ਗੱਲੋਂ ਵੱਖਰੀ ਆਦਤ ਦਾ ਸੀ ਕਿ ਚੁੱਪ
ਰਹਿੰਦਾ ਤੇ ਅਗਲੇ ਨੂੰ ਗੱਲ ਕਰਨ ਦਿੰਦਾ। ਕੁਝ ਦੇਰ ਬਾਅਦ ਮਹਾਂਰਾਜਾ ਫਿਰ ਬੋਲਿਆ,
“ਰੌਨਲਡ, ਜੋ ਮੰਜ਼ਰ ਮੈਂ ਦੇਖਿਆ ਏ ਤੂੰ ਨਹੀਂ ਦੇਖਿਆ, ਤੂੰ ਦੇਖ ਵੀ ਨਹੀਂ ਸਕਦਾ। ...ਆਪਣੇ
ਦੋਨਾਂ ਦੇ ਤਜਰਬੇ ਵੱਖਰੇ ਨੇ, ਮੇਰੀ ਹੋਣੀ ਵਿਚ ਇਹ ਸਭ ਦੇਖਣਾ ਸੀ, ਮੈਂ ਆਪਣੇ ਲੋਕਾਂ ਦੇ
ਚਿਹਰੇ ਦੇਖੇ ਨੇ, ਉਹਨਾਂ ਉਪਰ ਆਪਣੇ ਪ੍ਰਤੀ ਪਿਆਰ ਦੇਖਿਆ ਏ, ਅਜਿਹਾ ਕੁਝ ਕਿ ਮੈਂ ਬਿਆਨ
ਨਹੀਂ ਕਰ ਸਕਦਾ।” ਮਹਾਂਰਾਜਾ ਕੁਝ ਦੇਰ ਲਈ ਗਵਾਚਿਆ ਰਹਿ ਕੇ ਫਿਰ ਆਖਣ ਲਗਿਆ,
“ਇਕ ਵਾਕਿਆ ਏ ਹਰਦਵਾਰ ਦਾ, ਮੈਂ ਬਹੁਤ ਛੋਟਾ ਸਾਂ, ਅਸੀਂ ਫਤਹਿਗੜ੍ਹ ਤੋਂ ਮਸੂਰੀ ਜਾ ਰਹੇ
ਸਾਂ, ਰਾਹ ਵਿਚ ਹਰਦਵਾਰ ਪੈਂਦਾ ਸੀ ਜੋ ਕਿ ਹਿੰਦੂਆਂ ਦੀ ਧਾਰਮਿਕ ਜਗਾਹ ਏ, ਜਿਥੇ ਬਹੁਤ
ਸਾਰੇ ਹਿੰਦੁਸਤਾਨੀ ਹਰ ਵੇਲੇ ਹਾਜ਼ਰ ਰਹਿੰਦੇ ਨੇ, ਮੈਂ ਹਰ ਕੀ ਪੌੜੀ ਵਲ ਜਾ ਰਿਹਾ ਸਾਂ ਕਿ
ਲੋਕਾਂ ਦਾ ਇਕ ਹਜ਼ੂਮ ਮੈਨੂੰ ਦੇਖਣ ਲਈ ਉਮੜ ਪਿਆ, ਉਹ ਮੇਰੀ ਲੰਮੀ ਉਮਰ ਦੀ ਦੁਆ ਮੰਗ ਰਹੇ
ਸਨ, ਉਹ ਮੇਰੇ ਹੱਕ ਵਿਚ ਨਾਹਰੇ ਲਾ ਰਹੇ ਸਨ, ਏਨੇ ਲੋਕ ਕਿ ਫੌਜ ਨੂੰ ਦਖਲ ਦੇਣਾ ਪਿਆ ਤੇ
ਮੈਨੂੰ ਹੋਰ ਰਸਤੇ ਕੱਢ ਕੇ ਬਾਹਰ ਲੈ ਗਏ।”
ਅਗੇ ਜਾ ਕੇ ਉਹਨਾਂ ਨੇ ਘੋੜੇ ਵਾਪਸ ਮੋੜ ਲਏ। ਮਹਾਂਰਾਜੇ ਆਪਣੀ ਗੱਲ ਕਰਦਾ ਗਿਆ,
“ਇਕ ਵਾਕਿਆ ਕਲਕੱਤੇ ਦਾ ਏ ਜਦ ਮੈਂ ਬੀਬੀ ਜੀ ਨੂੰ ਲੈਣ ਗਿਆ ਸਾਂ, ...ਲੋਕ ਮੇਰੇ ਹੋਟਲ ਦੇ
ਬਾਹਰ ਆ ਕੇ ਬੈਠ ਜਾਂਦੇ, ਚੁੱਪ ਚਾਪ। ਓਨਾ ਚਿਰ ਬੈਠੇ ਰਹਿੰਦੇ ਜਦ ਤਕ ਮੈਂ ਖਿੜਕੀ ਰਾਹੀਂ
ਉਹਨਾਂ ਨੂੰ ਜਾਣ ਲਈ ਨਹੀਂ ਸਾਂ ਕਹਿੰਦਾ। ...ਰੌਨਲਡ, ਅਜਿਹੇ ਲੋਕ ਨੇ ਮੇਰੇ, ਏਨਾ ਪਿਆਰ
ਕਰਦੇ ਨੇ ਮੈਨੂੰ। ...ਹੁਣ ਉਹ ਉਡੀਕ ਰਹੇ ਨੇ, ਇਸ ਲਈ ਮੈਨੂੰ ਸਭ ਕੁਝ ਚਾਹੀਦਾ ਏ।”
ਰੌਨਲਡ ਲੇਜ਼ਲੇ-ਮੈਲਵਿਲ ਨੂੰ ਵੀ ਸਰਕਾਰ ਵਲੋਂ ਹੀ ਬੇਨਤੀ ਆਈ ਸੀ ਕਿ ਮਹਾਂਰਾਜੇ ਨੂੰ ਕੁਰੇਦ
ਕੇ ਦੇਖੇ। ਕਿੰਬਰਲੇ ਨੇ ਅਗਲੇ ਦਿਨ ਹੀ ਵੋਇਸਰਾਏ ਨੂੰ ਟੈਲੀਗਰਾਮ ਕਰ ਦਿਤੀ ਕਿ ਸਾਰੀ ਵਾਹ
ਲਾ ਲਈ ਹੈ, ਮਹਾਂਰਾਜਾ ਜਾਂਚ ਕਰਾਉਣ ਤੋਂ ਹੇਠਾਂ ਨਹੀਂ ਆ ਰਿਹਾ। ਸਾਰੇ ਇਹੋ ਗੱਲ ਜਾਨਣ ਦੀ
ਕੋਸਿ਼ਸ਼ ਵਿਚ ਸਨ ਕਿ ਮਹਾਂਰਾਜਾ ਆਪਣੀ ਕੀ ਕੀਮਤ ਲਾਈ ਬੈਠਾ ਹੈ। ਉਸ ਦੀਆਂ ਦੂਜੀਆਂ
ਇਛਿਆਵਾਂ ਬਾਰੇ ਹਾਲੇ ਵੀ ਕਿਸੇ ਨੂੰ ਯਕੀਨ ਨਹੀਂ ਸੀ ਹੋ ਰਿਹਾ। ਕਿੰਬਰਲੇ ਨੇ ਮਹਾਂਰਾਜੇ
ਨੂੰ ਆਪ ਮਿਲਣ ਦਾ ਪ੍ਰੋਗਰਾਮ ਬਣਾਇਆ। ਮਹਾਂਰਾਜੇ ਨਾਲ ਉਸ ਦੀ ਮੁਲਾਕਾਤ ਹੋਈ। ਲੰਮਾ ਚਿਰ
ਗੱਲਬਾਤ ਚਲਦੀ ਰਹੀ। ਸਾਰੀਆਂ ਗੱਲਾਂ ਖੁਲ੍ਹ ਕੇ ਹੋਈਆਂ ਪਰ ਸਭ ਉਹੀ ਸਨ। ਉਹੀ ਮਸਲੇ ਤੇ ਉਹੀ
ਰੁਕਾਵਟਾਂ। ਗੱਲ ਉਥੇ ਦੀ ਉਥੇ ਹੀ ਅੜੀ ਰਹੀ। ਜਦ ਮਹਾਂਰਾਜਾ ਕਿੰਬਰਲੇ ਕੋਲੋਂ ਤੁਰਨ ਲਗਿਆ
ਤਾਂ ਉਸ ਨੇ ਆਖਿਆ,
“...ਕੁਝ ਦਿਨ ਹੋਰ ਇੰਤਜ਼ਾਰ ਕਰਾਂਗਾ, ਮੇਰੀ ਤਸੱਲੀ ਹੋਈ ਤਾਂ ਠੀਕ ਨਹੀਂ ਤਾਂ ਮੈਂ ਟੁੱਟੇ
ਦਿਲ ਨਾਲ ਹਿੰਦੁਸਤਾਨ ਲਈ ਚਾਲੇ ਪਾ ਦੇਵਾਂਗਾ।”
ਉਸ ਦਿਨ ਤੋਂ ਬਾਅਦ ਮਹਾਂਰਾਜੇ ਨੇ ਕਿਸੇ ਨਾਲ ਬਹੁਤੀ ਗੱਲ ਨਾ ਕੀਤੀ। ਉਹ ਆਪਣੀ ਤਿਆਰੀ ਵਿਚ
ਰੁਝਿਆ ਰਿਹਾ। ਹਿੰਦੁਸਤਾਨ ਵਿਚ ਬੈਠਾ ਲੌਰਡ ਡੁਫਰਿਨ ਮਹਾਂਰਾਜੇ ਦੀ ਹਿੰਦੁਸਤਾਨ ਜਾਣ ਦੀ
ਤਿਆਰੀ ਬਾਰੇ ਸੁਣ ਕੇ ਚਿੰਤਾ ਵਿਚ ਡੁਬਿਆ ਬੈਠਾ ਸੀ। ਉਸ ਦੀ ਦਿਤੀ ਤਾਰ 18 ਮਾਰਚ ਨੂੰ ਲੰਡਨ
ਪੁੱਜੀ ਜਿਸ ਵਿਚ ਉਸ ਨੇ ਮਹਾਂਰਾਜੇ ਦੀ ਅਗਲੀ ਕਾਰਵਾਈ ਬਾਰੇ ਪੁੱਛਿਆ ਸੀ। ਉਸ ਦੇ ਜਵਾਬ ਵਿਚ
ਇੰਡੀਆ ਹਾਊਸ ਨੇ ਤਾਰ ਦੇ ਦਿਤੀ;
-“31 ਮਾਰਚ, ਵੈਰੋਨਾ ਵਿਚ ਮਹਾਂਰਾਜਾ ਤੁਰਨਾ ਚਾਹ ਰਿਹਾ ਹੈ।”
ਲੌਰਡ ਡੁਫਰਿਨ ਨੇ ਤਾਰ ਮਿਲਦਿਆਂ ਹੀ ਜਵਾਬ ਦਿਤਾ;
-“ਉਸ ਲਈ ਨਕਦ ਰਕਮ ਪੰਜਾਹ ਹਜ਼ਾਰ ਪੌਂਡ ਕਰ ਦਿਓ, ਤੇ ਕਰਜ਼ੇ ਪ੍ਰਤੀ ਕੁਝ ਹੋਰ ਮੱਦਦ ਵੀ ਕਰ
ਦਿਓ, ਨਾਲ ਹੀ ਸ਼ਰਤ ਰੱਖੋ ਕਿ ਨਿਜੀ ਜਾਇਦਾਦ ਤੇ ਲੂਣ ਦੀਆਂ ਖਾਣਾਂ ਵਾਲੀ ਮੰਗ ਸਦਾ ਲਈ ਛੱਡ
ਦੇਵੇ।”
ਮਹਾਂਰਾਜੇ ਦੀ ਕੀਮਤ ਪੰਜਾਹ ਹਜ਼ਾਰ ਪੌਂਡ ਪਾ ਦਿਤੀ ਗਈ। ਜਿੰਨਾ ਕੁ ਉਸ ਨੇ ਬੈਂਕ ਦਾ ਓਵਰ
ਡਰਾਫਟ ਦੇਣਾ ਸੀ ਉਸ ਤੋਂ ਜ਼ਰਾ ਕੁ ਵੱਧ। ਇਸ ਕੀਮਤ ਦੇ ਨਾਲ ਹੀ ਨਾਲ ਡਰਾਵੇ ਵਾਲੀ ਨੀਤੀ
ਕਾਇਮ ਰੱਖਦਿਆਂ ਸਰ ਬਰਨ ਹੋਰ ਪਾਸੇ ਖੜ ਕੇ ਧਮਕੀ ਵੀ ਦੇਣ ਲਗਿਆ। ਉਸ ਨੇ ਬਿਆਨ ਦਿਤਾ,
“1818 ਦੇ ਐਕਟ ਦੇ ਰੈਗੂਲੇਸ਼ਨ 111 ਅਨੁਸਾਰ ਹਿੰਦੁਸਤਾਨ ਦੀ ਸਰਕਾਰ ਕੋਲ ਕਿਸੇ ਨੂੰ ਬਿਨਾਂ
ਕਿਸੇ ਮੁਕੱਦਮੇ ਦੇ ਫੜ ਕੇ ਅੰਦਰ ਦੇਣ ਦੀ ਸ਼ਕਤੀ ਵੀ ਹੈ।”
ਮਹਾਂਰਾਜਾ ਹਾਲੇ ਵੀ ਸਥਿਰ ਸੀ। ਇਕ ਵਾਰ ਫਿਰ 24 ਮਾਰਚ ਨੂੰ ਮਹਾਂਰਾਜਾ ਤੇ ਬਰਨ ਇਕ ਦੂਜੇ
ਦੇ ਸਾਹਮਣੇ ਆ ਗਏ। ਬਰਨ ਨੇ ਇਕ ਵਾਰ ਫਿਰ ਉਹ ਸਾਰੀਆਂ ਗੱਲਾਂ ਜਾਂ ਉਸ ਨੂੰ ਦਿਤੀਆਂ ਜਾਣ
ਵਾਲੀਆਂ ਰਿਆਇਤਾਂ ਤੇ ਹਿੰਦੁਸਤਾਨ ਵਿਚ ਸੰਭਾਵਤ ਹੋਣ ਵਾਲੇ ਸਲੂਕ ਬਾਰੇ ਦਸਿਆ ਤਾਂ ਜੋ
ਮਹਾਂਰਾਜਾ ਕਿਸੇ ਸ਼ੱਕ ਜਾਂ ਗਲਤ ਫਹਿਮੀ ਵਿਚ ਨਾ ਰਹੇ। ਮਹਾਂਰਾਜੇ ਨੇ ਉਸ ਦੀਆਂ ਸਾਰੀਆਂ
ਗੱਲਾਂ ਆਮ ਵਾਂਗ ਸੁਣੀਆਂ ਤੇ ਫਿਰ ਆਪਣੇ ਸੁਭਾਅ ਅਨੁਸਾਰ ਸ਼ਾਂਤ ਲਹਿਜੇ ਵਿਚ ਕਹਿਣ ਲਗਿਆ,
“ਸਰ ਬਰਨ, ਇਹਦੇ ਵਿਚ ਕੋਈ ਸ਼ੱਕ ਨਹੀਂ ਮੈਂ ਹਰ ਮੈਜਿਸਟੀ ਪ੍ਰਤੀ ਵਫਾਦਾਰ ਹਾਂ, ...ਮੈਨੂੰ
ਹਿੰਦੁਸਤਾਨ ਦੀ ਸ਼ਕਤੀ ਤੇ ਜ਼ੁਲਮ ਕਰ ਸਕਣ ਦੀ ਸਮਰਥਾ ਦਾ ਵੀ ਪਤਾ ਹੈ, ...ਤੁਸੀਂ ਮੈਨੂੰ
ਥੋੜੇ ਜਿਹੇ ਪੈਸੇ ਦੇਣ ਦੀ ਗੱਲ ਕਰਦੇ ਹੋ, ਮੇਰੀ ਜਾਇਦਾਦ ਦੀ ਸਲਾਨਾ ਆਮਦਨ ਚਾਰ ਲੱਖ ਪੌਂਡ
ਹੈ, ...ਮੇਰਾ ਹਿੰਦੁਸਤਾਨ ਜਾਣਾ ਵੀ ਯਕੀਨੀ ਹੈ, ਆਪਣੇ ਮੁਲਕ ਨੂੰ ਵਾਪਸ ਜਾਣਾ ਕੋਈ ਜ਼ੁਰਮ
ਨਹੀਂ ਹੁੰਦਾ, ...ਮੈਂ ਕਿਸੇ ਕਿਸਮ ਦੇ ਕਾਗਜ਼ ‘ਤੇ ਦਸਤਖਤ ਕਰਨ ਲਈ ਤਿਆਰ ਨਹੀਂ ਹਾਂ।
...ਇਹ ਜਿਹੜੀ ਅਨਿਸਚਤਾ ਤੇ ਨਿਸਚਤਾ ਦੀ ਗੱਲ ਕਰਦੇ ਹੋ ਇਸ ਵੇਲੇ ਮੈਂ ਤੇ ਮੇਰਾ ਪਰਿਵਾਰ ਇਸ
ਵਿਚ ਪਿਸ ਰਹੇ ਹਾਂ, ਹਿੰਦੁਸਤਾਨ ਜਾ ਕੇ ਦੁਬਿਧਾ ਖਤਮ ਹੋ ਜਾਵੇਗੀ। ...ਮੈਨੂੰ ਜੇਲ੍ਹ ਵਿਚ
ਸੁੱਟਣ ਦੀ ਜਾਂ ਹੋਰ ਤਕਲੀਫਾਂ ਦੀ ਗੱਲ ਹੈ ਇਹੋ ਤਾਂ ਮੇਰੀ ਹੋਣੀ ਹੈ, ਇਸੇ ਗੱਲ ਨੇ ਮੈਨੂੰ
ਗੁਰੂ ਬਣਾਉਣਾ ਹੈ ਤੇ ਮੈਂ ਸਿੱਖ ਕੌਮ ਦੀ ਅਗਵਾਈ ਕਰਨੀ ਹੈ, ...ਫਿਰ ਰੂਸ ਤੇ ਇੰਗਲੈਂਡ ਵਿਚ
ਭਿਆਨਕ ਲੜਾਈ ਹੋਵੇਗੀ, ਮੈਂ ਕਿਹੜੇ ਪਾਸੇ ਹੋਵਾਂਗਾ ਇਸ ਦਾ ਹਾਲੇ ਪਤਾ ਨਹੀਂ, ...ਹੁਣ
ਮੈਨੂੰ ਆਪਣੇ ਕਿਸੇ ਰੁਤਬੇ ਦੀ ਪ੍ਰਵਾਹ ਨਹੀਂ ਹੈ, ਮੈਂ ਇਕ ਫਕੀਰ ਦੇ ਤੌਰ ਤੇ ਹਿੰਦੁਸਤਾਨ
ਵਿਚ ਦਾਖਲ ਹੋਵਾਂਗਾ। ...ਨਹੀਂ, ਮੈਂ ਕਿਸੇ ਸੁਫਨੇ ਵਿਚ ਨਹੀਂ ਹਾਂ, ...ਹੁਣ ਕੋਈ ਵੀ
ਸਮਝੌਤਾ ਮੇਰੇ ਵੱਸ ਵਿਚ ਨਹੀਂ ਹੈ, 31 ਮਾਰਚ ਮੇਰੇ ਜਾਣ ਦੀ ਤਹਿ ਹੋ ਚੁੱਕੀ ਹੈ।”
ਘੰਟਾ ਭਰ ਹੋਈਆਂ ਗੱਲਾਂ ਵਿਚੋਂ ਬਹੁਤੀਆਂ ਭਾਵੇਂ ਦੁਹਰਾਵ ਹੀ ਸਨ ਫਿਰ ਵੀ ਮਹਾਂਰਾਜਾ ਪੂਰੀ
ਗਰਮਜੋਸ਼ੀ ਨਾਲ ਬੋਲਦਾ ਰਿਹਾ ਤੇ ਅਖੀਰ ਵਿਚ ਉਸ ਨੇ ਬਰਨ ਨਾਲ ਭਰਵਾਂ ਤੇ ਨਿੱਘਾ ਹੱਥ
ਮਿਲਾਇਆ ਤੇ ਵਿਦਾਇਗੀ ਲਈ। ਬਰਨ ਨੂੰ ਮਿਲ ਕੇ ਹੌਲੈਂਡ ਪਾਰਕ ਪੁਜਦਿਆਂ ਹੀ ਮਹਾਂਰਾਜੇ ਨੇ ਇਕ
ਚਿੱਠੀ ਬਰਨ ਦੇ ਨਾਂ ਲਿਖੀ;
‘...ਅਜ ਸੈਕਟਰੀ ਔਫ ਸਟੇਟ ਫਾਰ ਇੰਡੀਆ ਦੇ ਨਿਰਦੇਸ਼ ਮੁਤਾਬਕ ਜਿਹੜੀ ਗੱਲਬਾਤ ਤੁਸੀਂ ਮੇਰੇ
ਨਾਲ ਕੀਤੀ ਹੈ, ਉਸ ਵਿਚ ਜੇ ਤੁਸੀਂ ਮੈਨੂੰ ਪੰਜ ਲੱਖ ਸਲਾਨਾ ਵੀ ਪੇਸ਼ ਕੀਤਾ ਹੁੰਦਾ ਤਾਂ
ਮੈਂ ਆਪਣਾ ਕਲੇਮ ਨਹੀਂ ਸੀ ਛੱਡਣਾ। ...ਪੰਜਾਹ ਹਜ਼ਾਰ ਪੌਂਡ ਦੀ ਪੇਸ਼ਕਸ਼ ਕਰ ਕੇ ਤੁਸੀਂ
ਮੇਰੀ ਬੇਇਜ਼ਤੀ ਕੀਤੀ ਹੈ। ...ਮੈਂ ਆਪਣੇ ਪਿੱਤਰਾਂ ਦਾ ਸਿੱਖ ਧਰਮ ਮੁੜ ਕੇ ਕਬੂਲ ਕਰ
ਲਵਾਂਗਾ, ਹਿੰਦੁਸਤਾਨ ਦੀ ਸਰਕਾਰ ਨੂੰ ਮੈਨੂੰ ਕੈਦ ਕਰਨ ਦੀ ਸਲਾਹ ਬਹੁਤ ਬੁਰੀ ਹੋਵੇਗੀ,
...ਦੇਰ-ਸਵੇਰ ਇਸ ਦੇ ਨਤੀਜੇ ਬਹੁਤ ਬੁਰੇ ਨਿਕਲਣਗੇ। ...ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ
ਬ੍ਰਤਾਨਵੀ ਫੌਜ ਵਿਚ ਵੀ ਵਿਚਾਰਨਯੋਗ ਗਿਣਤੀ ਸਿੱਖ ਸਿਪਾਹੀਆਂ ਦੀ ਹੈ,... ਮੇਰੇ ਲਈ ਇਹ
ਗੱਲਾਂ ਕਹਿਣਾ ਚੰਗੀ ਗੱਲ ਨਹੀਂ ਹੈ ਪਰ ਵਫਾਦਾਰ ਪਰਜਾ ਦੇ ਤੌਰ ਤੇ ਮੇਰਾ ਫਰਜ਼ ਹੈ ਕਿ ਮੈਂ
ਦੱਸਾਂ ਕਿ ਹਰ ਮੈਜਿਸਟੀ ਦੀ ਸਰਕਾਰ ਕਿੰਨੀਆਂ ਘਾਤਕ ਪਾਲਸੀਆਂ ਅਪਣਾਈ ਫਿਰਦੀ ਹੈ, ...ਸਰਕਾਰ
ਇਹ ਵੀ ਭੁੱਲ ਗਈ ਹੈ ਕਿ ਮੈਂ ਉਹਨਾਂ ਦੇ ਕਿਸੇ ਵੇਲੇ ਰਹਿ ਚੁੱਕੇ ਦੋਸਤ ਦਾ ਪੁੱਤਰ ਹਾਂ।
...ਅਜ ਦੁਪਿਹਰ ਵਾਲੀ ਆਪਣੀ ਗੱਲਬਾਤ ਸੋਚਦਿਆਂ ਮੇਰਾ ਯਕੀਨ ਪੱਕਾ ਹੋ ਰਿਹਾ ਹੈ ਕਿ ਮੇਰੇ
ਕਦਮ ਗੁਰੂ ਬਣਨ ਵਲ ਚਲ ਚੁੱਕੇ ਹਨ, ਹੁਣ ਮੇਰੇ ਨਾਲ ਕੀ ਬੀਤਦੀ ਹੈ ਇਸ ਦੀ ਮੈਨੂੰ ਪਰਵਾਹ
ਨਹੀਂ, ਮੈਂ ਆਪਣੇ ਬਿਜ਼ੁਰਗਾਂ ਦੇ ਰੱਬ ‘ਤੇ ਆਪਣੀ ਹੋਣੀ ਦੇ ਹੱਥ ਵਿਚ ਛੱਡਦਾ ਹਾਂ। ਪਿਆਰੇ
ਸਰ ਓਇਨ ਬਰਨ, ਅਲਵਿਦਾ, ਗੁਰੂ ਨਾਨਕ ਦੀ ਅਸ਼ੀਰਵਾਦ ਤੇਰੇ ਨਾਲ ਹੋਵੇ!’ (ਦਲੀਪ ਸਿੰਘ)
ਮਹਾਂਰਾਜੇ ਨੇ ਐੱਲਵੇਡਨ ਇਸਟੇਟ ਵਿਕਰੀ ‘ਤੇ ਲਾ ਦਿਤੀ। ਇਸ ਦੀਆਂ ਹਜ਼ਾਰਾਂ ਕੈਟਾਲੌਗ ਛਪਵਾ
ਕੇ ਵੰਡ ਵੀ ਦਿਤੀਆਂ ਗਈਆਂ। ਜਿਸ ਵਿਚ ਕੀਮਤੀ ਲਕੜੀ ਦਾ ਹਾਥੀ-ਦੰਦ ਜੜਿਆ ਸਾਜ਼ੋ-ਸਮਾਨ ਵੀ
ਸੀ ਤੇ ਸਜਾਵਟ ਦਾ ਹੋਰ ਵੀ ਬਹੁਤ ਕੁਝ। ਵਿਕਰੀ ਦੀਆਂ ਤਰੀਕਾਂ 27 ਅਪਰੈਲ ਤੋਂ ਲੈ ਕੇ 5 ਮਈ
ਤਕ ਦੀਆਂ ਨੀਯਤ ਹੋ ਗਈਆਂ ਸਨ। ਸਾਰੇ ਇੰਤਜ਼ਾਮ ਏਜੰਟਾਂ ਦ ਹੱਥ ਵਿਚ ਦੇ ਦਿਤੇ ਗਏ। ਜਿਹੜੇ
ਲੋਕ ਮਹਾਂਰਾਜੇ ਦੇ ਹਿੰਦੁਸਤਾਨ ਜਾਣ ਉਪਰ ਜਾਂ ਐੱਲਵੇਡਨ ਵੇਚਣ ਉਪਰ ਯਕੀਨ ਨਹੀਂ ਸਨ ਕਰਦੇ
ਹੁਣ ਕਰਨ ਲਗੇ ਸਨ।
25 ਮਾਰਚ, 1886; ਮਹਾਂਰਾਜੇ ਨੇ ਆਪਣੇ ਦੇਸ਼ ਵਾਸੀਆਂ ਦੇ ਨਾਂ ਪਹਿਲਾ ਸੰਦੇਸ਼ ਲਿਖ ਕੇ
ਪਰੈੱਸ ਰਲੀਜ਼ ਲਈ ਭੇਜਿਆ;
‘ਮੇਰੇ ਪਿਆਰੇ ਦੇਸ਼ ਵਾਸੀਓ, ਮੇਰੀ ਹਿੰਦੁਸਤਾਨ ਆਉਣ ਦੀ ਕੋਈ ਇਛਿਆ ਨਹੀਂ ਸੀ ਪਰ ਸਤਿਗੁਰੂ
ਜਿਸ ਦੇ ਹੱਥ ਵਿਚ ਸਾਰੀ ਹੋਣੀ ਹੈ ਜੋ ਮੇਰੇ ਨਾਲੋਂ ਜਿ਼ਆਦਾ ਤਾਕਤਵਰ ਹੈ, ...ਸਤਿਗੁਰੂ ਦੀ
ਮਰਜ਼ੀ ਨਾਲ, ਮੇਰੀ ਮਰਜ਼ੀ ਦੇ ਖਿਲਾਫ, ਅਜਿਹੇ ਹਾਲਾਤ ਪੈਦਾ ਹੋ ਗਏ ਹਨ ਕਿ ਮੈਨੂੰ ਆਪਣੇ
ਪਿਆਰੇ ਦੇਸ਼ ਜਾਣ ਲਈ ਇੰਗਲੈਂਡ ਛੱਡਣਾ ਪੈ ਰਿਹਾ ਹੈ। ਮੈਂ ਸਤਿਗੁਰੂ ਦੀ ਮਰਜ਼ੀ ਮੁਹਰੇ ਸਿਰ
ਝੁਕਾਉਂਦਾ ਹਾਂ ਤੇ ਉਸ ਦੀ ਰਜ਼ਾ ਵਿਚ ਰਾਜ਼ੀ ਹਾਂ।
...ਹੁਣ ਮੈਂ ਤੁਹਾਡੇ ਸਭ ਤੋਂ ਮੁਆਫੀ ਦੀ ਭੀਖ ਮੰਗਦਾ ਹਾਂ, ਖਾਲਸਾ ਜੀ ਮੈਂ ਆਪਣੇ ਵਡੇਰਿਆਂ
ਦਾ ਧਰਮ ਜਿਉਂ ਤਿਆਗਿਆ ਹੈ ਪਰ ਖਾਲਸਾ ਜੀ ਉਸ ਵੇਲੇ ਮੈਂ ਬਹੁਤ ਹੀ ਛੋਟਾ ਸਾਂ ਜਦੋਂ
ਇਸਾਈਮੱਤ ਕਬੂਲਿਆ ਸੀ।
...ਮੇਰੀ ਤਮੰਨਾ ਹੈ ਕਿ ਬੰਬੇ ਪੁੱਜ ਕੇ ਪਹੁਲ ਲਵਾਂ, ਅੰਮ੍ਰਿਤਪਾਨ ਕਰਾਂ ਤੇ ਇਸ ਪਵਿਤਰ
ਮੌਕੇ ਤੇ ਸਤਿਗੁਰੂ ਮੁਹਰੇ ਪ੍ਰਾਰਥਨਾ ਕਰਾਂ, ਪਰ ਖਾਲਸਾ ਜੀ ਮੇਰਾ ਅਜਿਹਾ ਕੋਈ ਇਰਾਦਾ ਨਹੀਂ
ਕਿ ਸਿੱਖ ਧਰਮ ਤੇ ਮੈਂ ਕੋਈ ਨਵੀਂ ਪਬੰਦੀ ਆਇਦ ਕਰਾਂ ਜਿਵੇਂ ਕਿ ਮੀਟ ਖਾਣ ਜਾਂ ਸ਼ਰਾਬ ਪੀਣ
ਬਾਰੇ, ਇਹ ਜਿਵੇਂ ਵੀ ਸਤਿਗੁਰੂ ਦਾ ਤੁਹਾਨੂੰ ਹੁਕਮ ਹੈ ਉਸ ਨੂੰ ਉਸ ਦਾ ਧੰਨਵਾਦ ਕਰਦਿਆਂ
ਮਨਜ਼ੂਰ ਕਰਨਾ ਚਾਹੀਦਾ ਹੈ ਪਰ ਬਾਬਾ ਨਾਨਕ ਦੀਆਂ ਸਿਖਿਆਵਾਂ ਨੂੰ ਮੰਨਣਾ ਬਹੁਤ ਜ਼ਰੂਰੀ ਹੈ
ਤੇ ਗੁਰੂ ਗੋਬਿੰਦ ਸਿੰਘ ਦੇ ਹੁਕਮਨਾਮੇ ਨੂੰ ਵੀ।
...ਮੈਂ ਇਹ ਲਿਖਣ ਲਈ ਵੀ ਮਜਬੂਰ ਹਾਂ ਕਿ ਮੈਨੂੰ ਪੰਜਾਬ ਨਹੀਂ ਆਉਣ ਦਿਤਾ ਜਾਵੇਗਾ ਤੇ ਮੈਂ
ਹਿੰਦੁਸਤਾਨ ਦੀ ਮਹਾਂਰਾਣੀ, ਵਿਕਟੋਰੀਆ ਦੀ ਵਫਾਦਾਰੀ ਕਾਇਮ ਰਖਾਂਗਾ ਪਰ ਸਤਿਗੁਰੂ ਮੇਰਾ
ਸਹਾਈ ਹੋਵੇਗਾ।
...ਵਾਹਿਗੁਰੂ ਜੀ ਦੀ ਫਤਿਹ ਦੇ ਨਾਲ ਨਾਲ ਇਕ ਵਾਰ ਫਿਰ ਦਸ ਦੇਵਾ ਕਿ ਮੇਰੇ ਦੇਸ਼ ਵਾਸੀਓ,
ਮੈਂ ਤੁਹਾਡਾ ਹਾਂ, ਤੁਹਾਡੇ ਹੀ ਲਹੂ ਮਾਸ ਤੋਂ ਬਣਿਆਂ।’ (ਦਲੀਪ ਸਿੰਘ)
ਮਹਾਰਾਜੇ ਦੇ ਸੰਦੇਸ਼ ਨੇ ਹਿੰਦੁਸਤਾਨ ਦੀ ਸੁਰੱਖਿਆ ਉਪਰ ਕੁਝ ਨਾ ਕੁਝ ਅਸਰ ਤਾਂ ਹੋਣਾ ਹੀ
ਸੀ। ਹਿੰਦੁਸਤਾਨ ਵਿਚੋਂ ਹੀ ਨਿਕਲਦੇ ਇਕ ਅਖਬਾਰ ‘ਦ ਪੌਆਈਨਰ’ ਨੇ ਐਡੀਟੋਰੀਅਲ ਵਿਚ ਲਿਖਿਆ;
...‘ਸੰਖੇਪ ਵਿਚ ਇਸਦਾ ਮਤਲਵ ਹੋਇਆ ਕਿ ਹਿੱਜ ਹਾਈਨੈੱਸ ਦਾ ਗਾਂ ਦਾ ਮਾਸ ਤੇ ਬਰਾਂਡੀ-ਪਾਣੀ
ਛੱਡਣ ਦਾ ਕੋਈ ਇਰਾਦਾ ਨਹੀਂ ਹੈ। ਬਾਕੀ ਦੇ ਮੈਨੀਫੈਸਟੋ ਦੇ ਕੀ ਅਸਰ ਨਿਕਲਦੇ ਹਨ ਇਹ ਵਕਤ
ਦੱਸੇਗਾ। ਜੇ ਮਹਾਂਰਾਜਾ ਕੋਈ ਗੜਬੜ ਕਰੇਗਾ ਤਾਂ ਉਸ ਨੂੰ ਇਸ ਦੇ ਨਤੀਜੇ ਭੁਗਤਣੇ ਪੈਣਗੇ। ਉਸ
ਨੂੰ ਇਹ ਵੀ ਜਲਦੀ ਹੀ ਪਤਾ ਚਲ ਜਾਵੇਗਾ ਕਿ ਦੇਸੀ ਦਿਖਾਵੇ ਦੇ ਮੁਕਾਬਲੇ ਅੰਗਰੇਜ਼ੀ
ਜੈਂਟਲਮੈਨ ਹੋਣਾ ਕਿੰਨਾ ਅਰਾਮਦੇਹ ਹੁੰਦਾ ਹੈ।’...
ਮਹਾਂਰਾਜੇ ਦਾ ‘ਦ ਸਟੈਂਡਰਡ’ ਵਿਚ ਛਪਿਆ ਇਹ ਸੰਦੇਸ਼ ਕਿੰਬਰਲੇ ਲਈ ਕਾਫੀ ਹੈਰਾਨੀਜਨਕ ਸੀ।
ਉਸ ਨੇ ਉਸੇ ਵੇਲੇ ਸਰ ਬਰਨ ਨੂੰ ਇਸ ਦੀ ਅਸਲੀਅਤ ਜਾਣਨ ਲਈ ਕਿਹਾ। ਉਸ ਦੇ ਭੇਜੇ ਏਲਚੀ ਨੂੰ
ਮਹਾਂਰਾਜੇ ਨੇ ਆਖਿਆ,
“ਇਹ ਖਤ ਬਿਲਕੁਲ ਸਹੀ ਹੈ, ਅਸੀਂ ਦਸ ਵਜੇ ਘਰੋਂ ਜਾ ਰਹੇ ਹਾਂ ਤੇ ਲਿਵਰਪੂਲ ਸਰਟੀਟ ਦੇ
ਈਸਟਰਨ ਹੋਟਲ ਵਿਚ ਸੌਵਾਂਗੇ ਤਾਂ ਜੋ ਸਵੇਰੇ ਵੇਲੇ ਸਿਰ ਇੰਗਲੈਂਡ ਛੱਡਣ ਲਈ ਤਿਆਰ ਹੋ
ਸਕੀਏ।”
ਉਸ ਦਿਨ ਮਹਾਂਰਾਣੀ ਵਿਕਟੋਰੀਆ ਵਿੰਡਸਰ ਕੈਸਲ ਵਿਚ ਸੀ। ਉਸ ਕੋਲ ਵਿਦੇਸ਼ੀ ਮਹਿਮਾਨ ਆਏ ਹੋਏ
ਸਨ। ਉਸ ਦੀਆਂ ਸਰਕਾਰੀ ਮੁਲਾਕਾਤਾਂ ਪਹਿਲਾਂ ਹੀ ਤੈਅ ਸਨ। ਉਸ ਦਾ ਵਿਦੇਸ਼ ਸਕੱਤਰ ਆਪਣੇ
ਜਰਨਲ ਵਿਚ ਲਿਖਦਾ ਹੈ ਕਿ ਮਹਾਂਰਾਣੀ ਮਹਿਮਾਨਾਂ ਵਿਚ ਘਿਰੀ ਰਹੀ ਪਰ ਉਸ ਦੇ ਵਤੀਰੇ ਤੋਂ
ਲਗਦਾ ਸੀ ਕਿ ਜਿਵੇਂ ਉਹ ਬਿਮਾਰ ਹੁੰਦੀ ਹੈ। ਮਹਾਂਰਾਜੇ ਬਾਰੇ ਲੋਕ ਗੱਲਾਂ ਵੀ ਕਰ ਰਹੇ ਸਨ
ਤੇ ਵੱਡੀ ਅਵਾਜ਼ ਇਹੋ ਸੀ ਕਿ ਮਹਾਂਰਾਜੇ ਨਾਲ ਚੰਗਾ ਵਰਤਾਵ ਨਹੀਂ ਕੀਤਾ ਗਿਆ। ਉਸ ਨੂੰ ਹੋਰ
ਪੈਸੇ ਦੇ ਦੇਣੇ ਚਾਹੀਦੇ ਸਨ ਪਰ ਹੁਣ ਬਹੁਤ ਦੇਰ ਹੋ ਚੁੱਕੀ ਸੀ।
ਅਗਲੇ ਦਿਨ ਮਹਾਂਰਾਜਾ, ਮਹਾਂਰਾਣੀ ਬਾਂਬਾ, ਛੇ ਬੱਚੇ, ਨੌਕਰ ਅਰੂੜ ਸਿੰਘ, ਇਕ ਹੋਰ ਦੇਸੀ
ਨੌਕਰ, ਇਕ ਯੌਰਪੀਅਨ ਨਰਸ ਤੇ ਇਕ ਆਇਆ ਇਹਨਾਂ ਸਭ ਨੇ ਗਰੇਵਜ਼ੈਂਡ ਤੋਂ ਪੀ. ਐਂਡ ਓ. ਕੰਪਨੀ
ਦਾ ਵਿਰੋਨਾ ਨਾਂ ਦਾ ਸਟੀਮਰ ਬੰਬੇ ਲਈ ਫੜ ਲਿਆ। ਸਭ ਤੋਂ ਪਹਿਲਾਂ ਮਹਾਂਰਾਜੇ ਨੇ ਆਪਣੇ
ਚਚੇਰੇ ਭਰਾ ਠਾਕੁਰ ਸਿੰਘ ਨੂੰ ਤਾਰ ਦਿਤੀ ਜਿਸ ਵਿਚ ਸਿਰਫ ਏਨਾ ਹੀ ਲਿਖਿਆ, ‘ਤੁਰ ਪਿਆ’।
ਭਾਵੇਂ ਇਹ ਲੁਕਵਾਂ ਜਿਹਾ ਸੁਨੇਹਾ ਸੀ ਪਰ ਸਰਕਾਰ ਸਮਝਦੀ ਸੀ। ਮਹਾਂਰਾਜੇ ਨੇ ਮਹਾਂਰਾਣੀ
ਵਿਕਟੋਰੀਆ ਦੇ ਨਾਂ ਵੀ ਇਕ ਚਿੱਠੀ ਲਿਖੀ;
‘ਯੋਅਰ ਮੈਜਿਸਟੀ, ਇੰਗਲੈਂਡ ਛੱਡਣ ਤੋਂ ਪਹਿਲਾਂ ਮੈਂ ਯੋਅਰ ਮੈਜਿਸਟੀ ਤੁਹਾਨੂੰ ਬਹੁਤ ਹੀ
ਨਿਮਰਤਾ ਨਾਲ ਸੰਬੋਧਨ ਹੋਣਾ ਚਾਹੁੰਦਾ ਹਾਂ ਤੇ ਦਸਣਾ ਚਾਹੁੰਦਾ ਹਾਂ ਕਿ ਮੈਂ ਆਪਣੀ ਦਿਆਲੂ
ਹਰ ਮੈਜਿਸਟੀ ਨੂੰ ਆਪਣਾ ਬਿਆਨ ਨਾ ਕਰ ਸਕਣ ਵਾਲਾ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਹਾਂ, ਜੋ
ਮੁਹੱਬਤ ਤੇ ਇਜ਼ਤ ਮੈਨੂੰ ਇੰਗਲੈਂਡ ਵਿਚ ਤੀਹ ਸਾਲ ਰਹਿੰਦੇ ਮਿਲੀ ਉਹ ਅਥਾਹ ਸੀ। ਮੈਂ ਜਿੰਨਾ
ਚਿਰ ਵੀ ਜੀਵਾਂਗਾ ਹਰ ਮੈਜਿਸਟੀ ਦੀ ਆਪਣੇ ਪ੍ਰਤੀ ਨਜ਼ਰੇ ਇਨਾਇਤ ਨੂੰ ਕਦੇ ਨਹੀਂ ਭੁਲਾਂਗਾ।
...ਯੋਅਰ ਮੈਜਿਸਟੀ ਮੈਂ ਤੁਰਨ ਤੋਂ ਪਹਿਲਾਂ ਤੁਹਾਨੂੰ ਆਪਣੀ ਆਖਰੀ ਸ਼ਰਧਾ ਇਸ ਕਰਕੇ ਭੇਂਟ
ਕਰਨ ਨਹੀਂ ਆ ਸਕਿਆ ਕਿ ਇਸ ਨਾਲ ਜੋ ਮੈਨੂੰ ਤਕਲੀਫ ਹੋਣੀ ਸੀ ਉਹ ਮੇਰੇ ਲਈ ਅਸਹਿ ਰਹਿਣੀ ਸੀ
ਸੋ ਯੋਅਰ ਮੈਜਿਸਟੀ ਇਸ ਬਾਰੇ ਮੈਨੂੰ ਮੁਆਫ ਕਰ ਦਿਤਾ ਜਾਵੇ। ...ਰੱਬ ਤੁਹਾਨੂੰ ਇਸ ਜਹਾਨ
ਵਿਚ ਤੇ ਅਗਲੇ ਜਹਾਨ ਵਿਚ ਲੰਮੀ ਉਮਰ ਤੇ ਹਰ ਖੁਸ਼ੀ ਦੇਵੇ, ਇਹ ਯੋਅਰ ਮੈਜਿਸਟੀ ਦੇ ਇਕ ਨਿਮਰ
ਤੇ ਵਫਾਦਾਰ ਤੇ ਟੁੱਟੇ ਦਿਲ ਵਾਲੇ ਸ਼ਹਿਰੀ ਦੀ ਦੁਆ ਹੈ।’ (ਦਲੀਪ ਸਿੰਘ)
ਅਗਲੇ ਦਿਨ ਦੀਆਂ ਅਖ਼ਬਾਰਾਂ ਦੀਆਂ ਸੁਰਖੀਆਂ ਵਿਚ ਮਹਾਂਰਾਜੇ ਦੇ ਮੁਲਕ ਛੱਡ ਜਾਣ ਵਾਲੀ ਖ਼ਬਰ
ਛਾਈ ਹੋਈ ਸੀ। ਮਹਾਂਰਾਜੇ ਦੇ ਦੋਸਤ ਇਸ ਗੱਲ ਦਾ ਬਹੁਤ ਦੁਖ ਮਨਾ ਰਹੇ ਸਨ। ਜਿਹੜੀਆਂ
ਅਖ਼ਬਾਰਾਂ ਸਦਾ ਉਸ ਦੇ ਖਿਲਾਫ ਰਹੀਆਂ ਸਨ ਹੁਣ ਉਹ ਵੀ ਹਮਦਰਦੀ ਦਿਖਾ ਰਹੀਆਂ ਸਨ ਤੇ ਸਰਕਾਰ
ਦੀਆਂ ਨੀਤੀਆਂ ਨੂੰ ਕੋਸ ਰਹੀਆਂ ਸਨ ਪਰ ਮਹਾਂਰਜਾ ਇਹਨਾਂ ਖ਼ਬਰਾਂ ਤੋਂ ਦੂਰ ਜਾ ਰਿਹਾ ਸੀ।
ਵਿਰੋਨਾ ਹੌਲੀ ਹੌਲੀ ਹਿੰਦੁਸਤਾਨ ਵਲ ਵਧ ਰਿਹਾ ਸੀ। ਸਮੁੰਦਰਾਂ ਤੋਂ ਪਾਰ ਬੰਬੇ ਵਿਚ ਬਹੁਤ
ਸਾਰੇ ਲੋਕ ਮਹਾਂਰਾਜੇ ਦੇ ਸਵਾਗਤ ਲਈ ਇਕੱਠੇ ਹੋ ਰਹੇ ਸਨ।
(ਤਿਆਰੀ ਅਧੀਨ ਨਾਵਲ ‘ਆਪਣਾ’ ਵਿਚੋਂ)
-0-
|