ਇਹ ਬਹੁਤ ਹੀ ਪਿਆਰੀ
ਯਾਦਗਾਰ ਅਮਰੀਕਾ ਦੇ ਸ਼ਕਤੀਸ਼ਾਲੀ 16ਵੇਂ ਰਾਸ਼ਟਰਪਤੀ ਅਬਰਾਹਮ ਲਿੰਕਨ ਨੂੰ 1922 ਵਿਚ
ਸਮਰਪਿਤ ਕੀਤੀ ਗਈ ਸੀ। 36 ਥਮ੍ਹਲਿਆਂ ਵਿਚ ਘਿਰੇ ਇਸ ਸਮਾਰਕ-ਚਿੰਨ੍ਹ ਦੇ ਤਿੰਨ ਚੈਂਬਰ ਹਨ।
ਉੱਤਰੀ ਚੈਂਬਰ ਦੀ ਕੰਧ ਤੇ ਉਸ ਦੇ ਦੂਸਰੀ ਪਾਰੀ ਦੇ ਉਦਘਾਟਨੀ ਸਮਾਰੋਹ ਦੀ ਤਕਰੀਰ ਦੇ ਅੰਸ਼
ਦਿਸਦੇ ਹਨ। ਦੱਖਣੀ ਕੰਧ ਤੇ ਉਸ ਦੇ ਗੈੱਟਸਬਰਗ ਵਿਖੇ ਦਿੱਤੇ ਗਏ ਮਹੱਤਵਪੂਰਨ ਭਾਸ਼ਣ ਉੱਕਰੇ
ਗਏ ਹਨ। ਅੰਦਰਲੇ ਕੇਂਦਰੀ ਹਾਲ ਵਿਚ ਅਬਰਾਹਮ ਲਿੰਕਨ {ਬੁੱਤ} ਆਪਣੀ ਲੰਬੀ ਸੋਚ ਦੀ ਮੁਦਰਾ
ਵਿਚ ਕੁਰਸੀ ਤੇ ਬੈਠਾ ਕੁੱਝ ਸੋਚ ਰਿਹਾ ਹੈ। ਇਹ ਬੁੱਤ 19 ਫੁੱਟ ਛੇ ਇੰਚ ਉੱਚਾ ਹੈ। ਇਹ
ਤਸਵੀਰ ਤੁਸੀਂ ਅਮਰੀਕੀ ਕਰੰਸੀ ਦੇ ਪੰਜ ਡਾਲਰ ਨੋਟ ਅਤੇ ਸੈਂਟ {ਪੈਸੇ} ਦੇ ਸਿੱਕੇ ਤੇ ਵੀ
ਵੇਖ ਸਕਦੇ ਹੋ।
ਗ਼ੁਲਾਮਾਂ ਦਾ ਛੁਟਕਾਰਾ ਕਰਾਉਣ ਵਾਲਾ ਅਬਰਾਹਮ ਲਿੰਕਨ ਬਹੁਤ ਗ਼ਰੀਬ ਘਰਾਣੇ ਵਿਚ 12 ਫਰਵਰੀ
1809 ਨੂੰ ਜਨਮ ਲੈ ਕੇ ਬੁਲੰਦੀਆਂ ਤੱਕ ਪਹੁੰਚਣ ਵਾਲੀ ਇੱਕ ਅੰਤਰਰਾਸ਼ਟਰੀ ਵਿਲੱਖਣ ਸ਼ਖ਼ਸੀਅਤ
ਬਣ ਗਿਆ। ਜਦ ਉਹ ਰਾਸ਼ਟਰਪਤੀ ਬਣਨ ਦੇ ਪਹਿਲੇ ਦਿਨ ਪ੍ਰਧਾਨਗੀ ਭਾਸ਼ਣ ਲਈ ਸੈਨੇਟ ਪਹੁੰਚਿਆ
ਤਾਂ ਕਿਸੇ ਇੱਕ ਨੇ ਉਸ ਨੂੰ ਮਿਹਣਾ ਮਾਰਿਆ ਕਿ ਤੇਰਾ ਬਾਪ ਸਾਡੀ ਫੈਮਲੀ ਦੀਆਂ ਜੁੱਤੀਆਂ
ਬਣਾਉਂਦਾ ਹੁੰਦਾ ਸੀ। ਇਸ ਤੇ ਸਾਰੇ ਸੈਨੇਟ ਵਿਚ ਹਾਸੜ ਮੱਚ ਗਈ ਪਰ ਲਿੰਕਨ ਨੇ ਬੜੇ ਠਰੰ੍ਹਮੇ
ਨਾਲ ਜੁਆਬ ਦੇ ਕੇ ਉਸ ਦੀ ਤਸੱਲੀ ਕਰਵਾ ਦਿੱਤੀ ਕਿ ਜੋ ਜੁੱਤੀਆਂ ਉਨ੍ਹਾਂ ਨੇ ਬਣਾਈਆਂ ਹੋਰ
ਕੋਈ ਅਜੇਹੀਆਂ ਨਹੀਂ ਬਣਾ ਸਕਿਆ। ਤੁਸੀਂ ਵੀ ਅਜੇਹੇ ਕੰਮ ਕਰੋ ਜੋ ਨਾ ਕਿਸੇ ਨੇ ਕੀਤੇ ਹੋਣ
ਤੇ ਨਾ ਹੋਰ ਕੋਈ ਕਰ ਸਕੇ। ਇਹ ਬਿਲਕੁਲ ਅਟੱਲ ਹਕੀਕਤ ਬਣ ਗਈ। ਬਚਪਨ ਵੇਲੇ ਗ਼ੁਰਬਤ ਕਾਰਨ ਉਸ
ਨੂੰ ਘਰ ਵਿਚ ਬਲਬ ਦੀ ਰੌਸ਼ਨੀ ਨਸੀਬ ਨਹੀਂ ਸੀ। ਉਹ ਮਜ਼ਦੂਰੀ ਕਰ ਕੇ ਆਪਣੀ ਪੜ੍ਹਾਈ ਦਾ ਖ਼ਰਚ
ਚਲਾਉਂਦਾ ਤੇ ਰਾਤ ਨੂੰ ਆਪਣੀ ਪੜ੍ਹਾਈ ਸੜਕਾਂ ਦੇ ਕੰਢੇ ਖੰਭਿਆਂ ਦੀ ਰੌਸ਼ਨੀ ਵਿਚ ਪੂਰੀ ਕਰ
ਲੈਂਦਾ। ਆਪਣੇ ਮਾਂ ਬਾਪ ਦਾ ਹੱਥ ਵਟਾਉਣ ਵਾਸਤੇ ਉਸ ਨੇ ਅਮੀਰ ਲੋਕਾਂ ਦੀ ਬੂਟ ਪਾਲਿਸ਼ ਵੀ
ਕੀਤੀ। ਉਸ ਨੇ ਵਕਾਲਤ ਕੀਤੀ ਤੇ ਅਮਰੀਕੀ ਫ਼ੌਜ ਵਿਚ ਨੌਕਰੀ ਵੀ ਕੀਤੀ। ਬੜੀਆਂ ਮੁਸ਼ਕਲ ਘੜੀਆਂ
ਸੰਗ ਜੂਝਦਾ, ਪੌੜੀਆਂ ਚੜ੍ਹਦੇ ਉਸ ਰਾਜਨੀਤੀ ਵਿਚ ਪ੍ਰਵੇਸ਼ ਕੀਤਾ। ਗ਼ੁਰਬਤ ਤੇ ਗ਼ੁਲਾਮੀ ਉਸ
ਨੇ ਹੱਡਾਂ ਤੇ ਹੰਢਾਈ ਸੀ। ਉਸ ਨੇ ਹਰ ਪ੍ਰਾਣੀ ਦੇ ਜੀਵਨ ਵਿਚ ਸੁਤੰਤਰਤਾ ਦੇ ਅਧਿਕਾਰ ਲਾਗੂ
ਕਰਾਉਣ ਦਾ ਤਹੱਈਆ ਕਰ ਲਿਆ। ਇਸ ਲਈ ਉਸ ਨੇ ਗ਼ੁਲਾਮੀ ਪ੍ਰਥਾ ਖ਼ਤਮ ਕਰ ਕੇ ਹਰ ਮਨੁੱਖ ਨੂੰ
ਬਰਾਬਰੀ ਦੇ ਅਧਿਕਾਰ ਦੇਣ ਵਾਸਤੇ ਪਲੈਨਿੰਗ ਸ਼ੁਰੂ ਕਰ ਦਿੱਤੀ। ਉਹ ਖੁੱਲ੍ਹੇ ਦਰਬਾਰ ਵਿਚ
ਆਪਣੇ ਮਾਲਕਾਂ ਦੇ ਅੱਤਿਆਚਾਰ ਦੇ ਸਤਾਏ ਭੁੱਖੇ, ਪਿਆਸੇ, ਨੰਗੇ ਪਛੜੇ ਗ਼ੁਲਾਮ ਸ਼੍ਰੇਣੀ ਦੇ
ਦੁਖੜੇ ਸੁਣ ਕੇ ਉਨ੍ਹਾਂ ਦੀ ਮਦਦ ਕਰਨ ਦੇ ਪ੍ਰਬੰਧ ਕਰਦਾ ਰਹਿੰਦਾ। ਅਬਰਾਹਮ ਲਿੰਕਨ ਨੇ
ਅਮਰੀਕੀ ਜਨਤਾ ਦੇ ਸੁਤੰਤਰਤਾ ਸੰਗਰਾਮ ਵਿਚ ਵਿਸ਼ੇਸ਼ ਯੋਗਦਾਨ ਪਾਇਆ। ਉਸ ਨੇ ਗ਼ੁਲਾਮਾਂ ਦੇ ਗਲ
ਦੀ ਫਾਹੀ ਕੱਟਣ ਤੇ ਉਨ੍ਹਾਂ ਨੂੰ ਸਮਾਜਵਾਦੀ ਲੀਹਾਂ ਤੇ ਤੋਰਨ ਲਈ ਸਰਮਾਏਦਾਰੀ ਤੇ ਜਗੀਰਦਾਰੀ
ਤੋਂ ਨਿਜਾਤ ਦਿਵਾਈ। ਪ੍ਰਧਾਨ ਅਬਰਾਹਮ ਲਿੰਕਨ ਨੇ ਪਰਜਾ ਨੂੰ ਇੱਕ ਨਿਵੇਕਲੀ ਕਿਸਮ ਦੀ ਸਰਕਾਰ
ਦੇਣ ਦੀ ਪ੍ਰਤਿੱਗਿਆ ਕੀਤੀ ਸੀ। ‘ਲੋਕਾਂ ਦੀ ਸਰਕਾਰ, ਲੋਕਾਂ ਵੱਲੋਂ ਸਰਕਾਰ ਤੇ ਲੋਕਾਂ
ਵਾਸਤੇ ਸਰਕਾਰ’ ਦਾ ਅਮਰੀਕੀ ਸਿਧਾਂਤ ਦੁਨੀਆ ਨੇ ਸਵੀਕਾਰ ਕੀਤਾ ਹੈ ਤੇ ਇਹ ਕਦੇ ਖ਼ਤਮ ਨਹੀਂ
ਹੋਵੇਗਾ। ਇਸੇ ਕਾਰਨ ਗ਼ੁਲਾਮਾਂ ਤੇ ਹਕੂਮਤ ਚਲਾਉਣ ਵਾਲੀਆਂ ਦੱਖਣੀ ਰਿਆਸਤਾਂ ਦੇ ਹਾਕਮਾਂ ਨੂੰ
ਇਹ ਹਜ਼ਮ ਨਹੀਂ ਹੋਇਆ ਤੇ ਕਾਤਲਾਂ ਨੇ ਉਸ ਨੂੰ ਹੀ ਖ਼ਤਮ ਕਰ ਦਿੱਤਾ।
ਚਾਰ ਮਾਰਚ 1861 ਤੋਂ ਲੈ ਕੇ ਚੌਦਾਂ ਅਪ੍ਰੈਲ 1865 ਤੱਕ ਉਹ ਅਮਰੀਕਾ ਦਾ ਰਾਸ਼ਟਰਪਤੀ ਬਣਿਆ
ਰਿਹਾ ਤੇ ਘਰੇਲੂ ਯੁੱਧ ਵਿਚ ਉਸ ਨੇ ਅਮਰੀਕਾ ਦੀ ਸੁਯੋਗ ਅਗਵਾਈ ਕੀਤੀ। ਇਸ ਸਮੇਂ ਸੰਘੀ
ਫ਼ੌਜਾਂ ਨਾਲ ਭਿਆਨਕ ਹਥਿਆਰਬੰਦ ਟੱਕਰ ਹੁੰਦੀ ਰਹੀ। ਇੱਕ ਸਮੇਂ ਵਾਸਿ਼ੰਗਟਨ ਦੇ ਸਾਰੇ ਗਲੀਆਂ
ਬਾਜ਼ਾਰ, ਸਕੂਲ ਹਸਪਤਾਲ ਜ਼ਖਮੀਆਂ ਤੇ ਬਿਮਾਰਾਂ ਨਾਲ ਭਰ ਗਏ। ਇਸ ਲੜਾਈ ਵਿਚ ਲਗ-ਪਗ ਦੋ ਲੱਖ
ਅਫਰੀਕਨ-ਅਮਰੀਕਨ ਲੋਕਾਂ ਨੇ ਅਬਰਾਹਮ ਲਿੰਕਨ ਦੀ ਸਰਕਾਰ ਦਾ ਸਾਥ ਦਿੱਤਾ। ਇੱਕ ਵੇਰਾਂ ਤਾਂ
ਵਿਰੋਧੀ ਫ਼ੌਜਾਂ ਦੀ ਗੋਲੀ ਦਾ ਸਿ਼ਕਾਰ ਬਣਦਾ ਬਣਦਾ ਅਬਰਾਹਮ ਲਿੰਕਨ ਬੜੀ ਮੁਸ਼ਕਲ ਨਾਲ ਬਚਿਆ।
ਉਹ ਸਟੀਵਨ ਕਿਲ੍ਹੇ ਤੇ ਖਲੋ ਕੇ ਦੁਸ਼ਮਣ ਫ਼ੌਜਾਂ ਦੀਆਂ ਹਰਕਤਾਂ ਤਾੜ ਰਿਹਾ ਸੀ। ਟੀਂਅਅ ਕਰਦੀ
ਗੋਲੀ ਆਈ ਤੇ ਉਸ ਦੇ ਨਾਲ ਖੜ੍ਹੇ ਸਿਪਾਹੀ ਦਾ ਸੀਨਾ ਵਿੰਨ੍ਹ ਗਈ ਤੇ ਉਹ ਉਸ ਦੀਆਂ ਅੱਖਾਂ
ਸਾਹਮਣੇ ਤੜਫ਼ਦਾ ਲੜਖੜਾਉਂਦਾ ਡਿਗ ਕੇ ਦਮ ਤੋੜ ਗਿਆ। ਇੱਕ ਫ਼ੌਜੀ ਅਫ਼ਸਰ ਉਲੀਵਰ ਨੇ ਚਿੱਲਾ ਕੇ
ਪ੍ਰਧਾਨ ਨੂੰ ਥੱਲੇ ਲਿਟਣ ਲਈ ਚੇਤਨ ਕੀਤਾ।
‘ਓ ਮੂਰਖ ਥੱਲੇ ਲਿਟ ਜਾਹ।’ ਤਾਂ ਉਹ ਟੇਢਾ ਹੋ ਗਿਆ। ਦੂਜੀ ਗੋਲੀ ਉਸ ਦੇ ਸਿਰ ਉੱਤੋਂ ਲੰਘ
ਗਈ ਤੇ ਉਹ ਵਾਲ ਵਾਲ ਬਚ ਗਿਆ। ਉਲੀਵਰ ਵੈਂਡਲ ਹੋਲਮਜ਼ ਨੂੰ ਬਾਦ ਵਿਚ ਸੁਪਰੀਮ ਕੋਰਟ ਦਾ ਚੀਫ਼
ਜਸਟਿਸ ਬਣਾ ਦਿੱਤਾ ਗਿਆ।
ਲਿੰਕਨ ਦੀ ਅੜੀਅਲ ਤੇ ਸਪਸ਼ਟ ਨੀਤੀ ਅਨੁਸਾਰ ਸਰਕਾਰ ਨੇ ਨਵੰਬਰ 1863 ਵਿਚ ਗੈਟਸਬਰਗ
ਪੈਨਸਲਵੇਨੀਆ ਵਿਖੇ ਗ਼ੁਲਾਮੀ ਦੀਆਂ ਜ਼ੰਜੀਰਾਂ ਕੱਟਣ ਦਾ ਪ੍ਰਸਤਾਵ ਪਾਸ ਕਰਵਾਇਆ ਤੇ
ਇਮੈਂਸੀਪੇਸ਼ਨ ਐਕਟ ਦੀ ਘੋਸ਼ਣਾ ਕਰ ਕੇ ਗ਼ੁਲਾਮੀ ਨੂੰ ਨੱਥ ਪਾ ਦਿੱਤੀ।
ਅਮਰੀਕੀ ਸੰਵਿਧਾਨ ਦੇ 13ਵੇਂ ਸੰਸ਼ੋਧਨ ਅਨੁਸਾਰ ਅਮਰੀਕਾ ਵਿਚੋਂ ਗ਼ੁਲਾਮੀ ਪ੍ਰਥਾ ਦਾ ਅੰਤ ਹੋ
ਗਿਆ ਤੇ ਇਹ ਕਾਨੂੰਨੀ ਤੌਰ ਤੇ ਵਿਵਰਜਿਤ ਤੇ ਅਣਅਧਿਕਾਰਤ ਘੋਸਿ਼ਤ ਕੀਤੀ ਗਈ। ਉਸ ਨੂੰ ਇਹ
ਨੇਕਨਾਮੀ ਬਹੁਤ ਮਹਿੰਗੀ ਪਈ ਤੇ ਆਪਣੀ ਜ਼ਿੰਦਗੀ ਤੋਂ ਹੱਥ ਧੋਣੇ ਪੈ ਗਏ। ਗ਼ੁਲਾਮੀ ਦੇ ਮੁਦਈਆਂ
ਨੇ ਉਸ ਦਾ ਪਿੱਛਾ ਨਹੀਂ ਛੱਡਿਆ। 14 ਅਪ੍ਰੈਲ 1865 ਨੂੰ ਉਸ ਦੀ ਦੂਸਰੀ ਟਰਮ ਵੇਲੇ ਜਦ ਉਹ
ਵਾਸ਼ਿੰਗਟਨ ਵਿਖੇ ਫੋਰਡ ਸਿਨੇਮਾ-ਘਰ ਵਿਚ ਆਪਣੀ ਪਤਨੀ ਨਾਲ ਡਰਾਮਾ ਵੇਖਣ ਗਿਆ, ਉਸ ਦਾ ਕਾਤਲ
ਜੌਹਨ ਵਿਲਕ ਬੂਥ ਉਸ ਦੀ ਪੈੜ ਨੱਪਦਾ ਉਸ ਦੇ ਪਿੱਛੇ ਨੇੜੇ ਦੀ ਸੀਟ ਤੇ ਬੈਠ ਗਿਆ। ਮੌਕਾ ਤਾੜ
ਕੇ ਉਸ ਨੇ ਪਸਤੌਲ ਕੱਢਿਆ ਤੇ ਲਿੰਕਨ ਦੇ ਸਿਰ ਪਿੱਛੋਂ ਗੋਲੀਆਂ ਮਾਰ ਕੇ ਮੁੱਦਾ ਖ਼ਤਮ ਕਰਨ ਦੀ
ਕੋਝੀ ਕਾਰਵਾਈ ਕੀਤੀ। ਇੱਕ ਗੋਰੇ ਦੀ ਵਹਿਸ਼ੀ ਜ਼ਹਿਨੀਅਤ ਅਤੇ ਨਫ਼ਰਤ ਦਾ ਇਜ਼ਹਾਰ ਕਰਦੀ ਗੋਲੀ ਉਸ
ਦੀ ਕੰਨਪਟੀ ਪਾੜ ਕੇ ਲੰਘ ਗਈ। ਜੋਹਨ ਬੂਥ ਗ਼ੁਲਾਮ ਰੱਖਣ ਦੇ ਮੁੱਦਈ ਰਿਆਸਤਾਂ ਦੇ ਮਹਾਸੰਘ ਦਾ
ਸਮਰਥਕ ਸੀ।
ਮਹਾਤਮਾ ਗਾਂਧੀ ਤੇ ਨੱਥੂ ਰਾਮ ਗਾਡਸੇ ਵਾਲੀ ਕਹਾਣੀ ਇੱਥੇ ਪਹਿਲਾਂ ਹੀ ਵਾਪਰ ਚੁੱਕੀ ਸੀ ਜਿਸ
ਤੋਂ ਪ੍ਰੇਰਨਾ ਲੈ ਕੇ ਸ਼ਾਇਦ ਨੱਥੂ ਰਾਮ ਗਾਡਸੇ ਨੇ ਮਹਾਤਮਾਂ ਗਾਂਧੀ ਤੇ ਇਹ ਵਾਰ ਚਲਾ
ਦਿੱਤਾ।
ਲਿੰਕਨ ਦਾ ਹਤਿਆਰਾ ਜਾਹਨ ਵਿਲਕ ਬੂਥ ਜਦ ਉਸ ਨੂੰ ਮਾਰਨ ਤੋਂ ਬਾਅਦ ਸਟੇਜ ਵਲ ਦੌੜਿਆ ਤਾਂ
ਡਿੱਗਣ ਕਾਰਨ ਉਸ ਦੀ ਇੱਕ ਲੱਤ ਟੁੱਟ ਗਈ। ਲੋਕਾਂ ਦੀ ਭਗਦੜ ਵਿਚ ਉਹ ਮੌਕਾ ਪਾ ਕੇ ਘੋੜੇ ਤੇ
ਸਵਾਰ ਹੋ ਕੇ ਨਿਕਲ ਗਿਆ ਤੇ ਪੋਟੋਮੈਕ ਦਰਿਆ ਪਾਰ ਕਰ ਗਿਆ। ਉਹ ਵਰਜਿਨੀਆ ਦੇ ਇੱਕ ਅਸਤਬਲ
ਵਿਚ ਜਾ ਲੁਕਿਆ। ਆਖ਼ਰਕਾਰ ਸਰਕਾਰੀ ਫ਼ੌਜਾਂ ਨੇ ਉਸ ਦੀ ਖੋਜ ਕਰ ਲਈ ਤੇ 26 ਅਪ੍ਰੈਲ 1865 ਨੂੰ
ਜਾ ਦਬੋਚਿਆ। ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਫ਼ੌਜਾਂ ਦੀ ਗੋਲੀ ਦਾ ਸ਼ਿਕਾਰ ਹੋ ਗਿਆ।
ਲਿੰਕਨ ਦੀ ਮੌਤ ਨਾਲ ਦੇਸ਼ ਦੀਆਂ ਕੰਧਾਂ ਲੜਖੜਾ ਗਈਆਂ। ਵਾਸ਼ਿੰਗਟਨ ਦੀਆਂ ਸੜਕਾਂ ਤੇ ਉਸ ਦੇ
ਜਨਾਜ਼ੇ ਵਿਚ ਹਜ਼ਾਰਾਂ ਲੱਖਾਂ ਲੋਕਾਂ ਨੇ ਸਿੱਲ੍ਹੀਆਂ ਅੱਖਾਂ ਨਾਲ ਸਿ਼ਰਕਤ ਕੀਤੀ। ਉਸ ਮਹਾਨ
ਆਤਮਾ ਨੂੰ ਇਲੀਨੋਇਸ ਦੇ ਸਪਰਿੰਗਫੀਲਡ ਵਿਖੇ ਦਫ਼ਨਾਇਆ ਗਿਆ।
ਇਹ ਉਸ ਦੀਆਂ ਸਕੀਮਾਂ ਦੀ ਹੀ ਕਰਾਮਾਤ ਸੀ ਕਿ 1866 ਵਿਚ ਕਾਂਗਰਸ ਨੇ ਚੌਧਵੀਂ ਅਮੈਂਡਮੈਂਟ
ਕਰ ਕੇ ਅਫਰੀਕਨ-ਅਮੈਰੀਕਨ ਨੂੰ ਸਿਟੀਜ਼ਨ ਬਣਨ ਦਾ ਰਾਹ ਪੱਧਰਾ ਕਰ ਦਿੱਤਾ।
ਉਸ ਦੇ ਮੈਮੋਰੀਅਲ ਵਿਚ ਸੁੰਦਰ ਬਗੀਚੇ, ਵੰਨ-ਸੁਵੰਨੇ ਫੁੱਲਾਂ ਦੀਆਂ ਕਿਆਰੀਆਂ ਅਤੇ ਮਸਨੂਈ
ਝਰਨੇ, ਉੱਚੇ ਉੱਚੇ ਚੱਲਦੇ ਫੁਹਾਰੇ ਉਸ ਦੇ ਕਾਰਨਾਮੇ ਯਾਦ ਕਰਾਉਂਦੇ ਹਨ।
ਇਸ ਮਨਹੂਸ ਦੁਰਘਟਨਾ ਤੋਂ ਬਾਦ ਫੋਰਡ ਥੀਏਟਰ ਬੰਦ ਕਰ ਦਿੱਤਾ ਗਿਆ। ਇੱਕ ਸਦੀ ਬਾਦ 1968 ਵਿਚ
ਇਹ ਇਮਾਰਤ ਇੱਕ ਮਹਾਨ ਸ਼ਹਾਦਤ ਦਾ ਪ੍ਰਮਾਣ ਇਤਿਹਾਸਕ ਯਾਦਗਾਰ ਵਜੋਂ ਉਭਾਰਨ ਦੇ ਯਤਨ ਹੋਏ।
ਹੁਣ ਅਜਾਇਬਘਰ ਵਾਂਗ ਇੱਥੇ ਲਿੰਕਨ ਦੇ ਕ੍ਰਾਂਤੀਕਾਰੀ ਜੀਵਨ, 1964 ਦੀ ਮੁਹਿੰਮ ਦੇ ਪੋਸਟਰ
ਅਤੇ ਉਸ ਦੇ ਜੀਵਨ ਕਾਲ ਅਤੇ ਹੱਤਿਆ ਨਾਲ ਸੰਬੰਧਿਤ ਅਖ਼ਬਾਰੀ ਖ਼ਬਰਾਂ ਦੀ ਕਟਿੰਗ ਅਤੇ
ਫੋਟੋਗ੍ਰਾਫ/ਦਸਤਾਵੇਜ਼ ਪ੍ਰਦਰਸ਼ਿਤ ਕੀਤੇ ਗਏ ਹਨ।
☬ਡਾ. ਮਾਰਟਨ ਲੂਥਰ ਕਿੰਗ ਜੂਨੀਅਰ ਮੈਮੋਰੀਅਲ
ਸਿਵਲ ਰਾਈਟਸ ਲੀਡਰ ਮਾਰਟਨ ਲੂਥਰ ਕਿੰਗ ਜੂਨੀਅਰ ਨੇ ਹਰੇਕ ਅਮਰੀਕਨ ਵਾਸਤੇ ਇਕਸਾਰ ਆਜ਼ਾਦੀ,
ਅਵਸਰ ਅਤੇ ਇਨਸਾਫ਼ ਦੀ ਵਕਾਲਤ ਕੀਤੀ। ਉਨ੍ਹਾਂ ਸਮਾਜ ਵਿਚ ਕਾਣੀ ਵੰਡ ਤੇ ਨਾ-ਬਰਾਬਰੀ ਦੇ
ਖ਼ਿਲਾਫ਼ ਸੰਘਰਸ਼ ਆਰੰਭਿਆ ਤੇ ਅਖੀਰ ਆਪਣੇ ਹੱਕ ਲੈਣ ਤੱਕ ਇਹ ਘੋਲ ਜਾਰੀ ਰੱਖਿਆ। ਭੂਮੀਪਤੀਆਂ
ਦੀ ਅੱਯਾਸ਼ੀ ਭਰਪੂਰ ਜੀਵਨ-ਸ਼ੈਲੀ ਦੇ ਪੋਤੜੇ ਫੋਲਣ ਤੇ ਨੰਗੇ ਕਰਨ ਵਾਲੇ ਰੋਹਿਲੇ ਲੈਕਚਰ ਦੇਣ
ਵਿਚ ਸਮਰੱਥ ਉਹ ਉੱਚਤਮ ਬੁਲਾਰਾ ਮੰਨਿਆ ਜਾਂਦਾ ਸੀ। ਉਸ ਦੀਆਂ ਤਕਰੀਰਾਂ ਨੇ ਸਾਮਰਾਜੀਆਂ ਦੇ
ਸੀਨੇ ਛਲਨੀ ਕਰ ਦਿੱਤੇ।
ਸਮਾਜ ਦੇ ਬੁੱਧੀਜੀਵੀ ਵਰਗ ਦਾ ਇੱਕ ਬਹੁਤ ਵੱਡਾ ਭਾਗ ਉਸ ਨੂੰ ਗਹੁ ਨਾਲ ਸੁਣਦਾ ਉਸ ਦਾ
ਅਨੁਆਈ ਫੈਨ ਬਣ ਗਿਆ। ਉਹ ਏਨਾ ਹਰਮਨ ਪਿਆਰਾ ਹੋ ਗਿਆ ਕਿ ਲੋਕ ਇਸ਼ਟ ਵਾਂਗ ਉਸ ਦੇ ਮੂੰਹੋਂ
ਨਿਕਲਣ ਵਾਲੇ ਪ੍ਰਵਚਨ ਸੁਣਨ ਦੇ ਅਮਲੀ ਹੋ ਗਏ। ਉਸ ਦੀ ਅਗਵਾਈ ਵਿਚ ਅਗਸਤ 28, 1963 ਨੂੰ
ਢਾਈ ਲੱਖ ਲੋਕ ਆਪਣੀਆਂ ਨੌਕਰੀਆਂ ਅਤੇ ਆਜ਼ਾਦੀ ਦੀ ਬਰਾਬਰੀ ਦੇ ਹੱਕ ਵਾਸਤੇ ਮੁਜ਼ਾਹਰਾ ਕਰਦੇ
ਇਕੱਠੇ ਹੋਏ। ਅਬਰਾਹਮ ਲਿੰਕਨ ਦੀ ਸਮਾਧ ਤੇ ਦਿੱਤਾ ਉਸ ਦਾ ਭਾਸ਼ਣ ‘ਮੇਰਾ ਇੱਕ ਸੁਪਨਾ ਹੈ’
ਅਮਰੀਕੀ ਇਤਿਹਾਸ ਦਾ ਯਾਦਗਾਰੀ ਦਸਤਾਵੇਜ਼ ਬਣ ਗਿਆ। ਕਾਵਿਕ ਭਾਸ਼ਾ ਵਿਚ ਉਸ ਨੇ ਕਿਹਾ,
‘ਮੇਰਾ ਇੱਕ ਸੁਪਨਾ ਹੈ ਕਿ ਮੇਰਾ ਇਹ ਰਾਸ਼ਟਰ ਤਰੱਕੀਆਂ ਦੀਆਂ ਪੁਲਾਂਘਾਂ ਪੁੱਟੇ ਤੇ ‘ਸਭ
ਲੋਕ ਰੱਬ ਵੱਲੋਂ ਬਰਾਬਰ ਪੈਦਾ ਕੀਤੇ ਗਏ ਹਨ’ ਦੇ ਸਿਧਾਂਤ ਨੂੰ ਸਮਝੇ ਤੇ ਅਪਣਾਏ। ਮੇਰਾ ਇਹ
ਸੁਪਨਾ ਹੈ ਕਿ ਮੇਰੇ ਚਾਰੇ ਬੱਚੇ ਆਉਣ ਵਾਲੇ ਦਿਨਾਂ ਵਿਚ ਚਮੜੀ ਦੇ ਰੰਗ, ਭੇਦ ਦੇ ਵਿਤਕਰੇ
ਤੋਂ ਨਹੀਂ ਬਲਕਿ ਉਨ੍ਹਾਂ ਦੀ ਸਮਰੱਥਾ ਤੇ ਲਿਆਕਤ ਤੋਂ ਜਾਣੇ ਪਛਾਣੇ ਜਾਣ।’ ਉਸ ਦੀ
ਭਵਿੱਖਬਾਣੀ ਸੱਚੀ ਹੋ ਰਹੀ ਹੈ। ਹੁਣ ਛੂਤ-ਛਾਤ ਤੇ ਜਾਤੀ ਵਿਤਕਰੇ ਦੀ ਬੰਦਿਸ਼ ਏਨੀ ਸਖ਼ਤੀ ਨਾਲ
ਲਾਗੂ ਕੀਤੀ ਜਾਂਦੀ ਹੈ ਕਿ ਕੋਈ ਵੀ ਹੰਕਾਰੀ ਭੱਦਰ ਪੁਰਖ ਕਿਸੇ ਬਾਰੇ ਮੰਦਭਾਵਨਾ ਭਰਪੂਰ
ਮੰਦਾ ਨਫ਼ਰਤ ਵਾਲਾ ਸ਼ਬਦ ਨਹੀਂ ਬੋਲ ਸਕਦਾ। ਬਾਸਕਟ ਬਾਲ ਕਲਿੱਪਰ ਲੀਗ ਲਾਸਏਂਜਲਸ ਦਾ ਮਾਲਕ ਤੇ
ਸੀ. ਈ. ਓ. ਡੋਨਾਲਡ ਸਟਾਲਿੰਗ ਜਿਸ ਨੇ ਅਫਰੀਕਨ-ਅਮਰੀਕਨ ਖਿਡਾਰੀਆਂ ਵਾਸਤੇ ਜਾਤੀ ਟਿੱਪਣੀ
ਕੀਤੀ ਸੀ ਨੂੰ ਸਜਾ ਵਜੋਂ ਇਸ ਅਹੁਦੇ ਤੋਂ ਜ਼ਿੰਦਗੀ ਭਰ ਸਦਾ ਲਈ ਮੁਕਤ ਕਰ ਦਿੱਤਾ ਗਿਆ ਤੇ
ਦੋਬਾਰਾ ਕਿਤੇ ਵੀ ਅਜਿਹੇ ਅਹੁਦੇ ਵਾਸਤੇ ਨਾਅਹਿਲ ਕਰਾਰ ਦਿੱਤਾ ਗਿਆ ਹੈ।
ਸਿਵਲ ਰਾਈਟਸ ਤੇ ਕੀਤੇ ਉਸ ਦੇ ਕੰਮ ਨੇ ਅਧਿਕਾਰੀਆਂ ਨੂੰ ਏਨਾ ਪ੍ਰਭਾਵਿਤ ਕੀਤਾ ਕਿ ਉਹ
ਕਦਰਦਾਨਾਂ ਦੀਆਂ ਨਜ਼ਰਾਂ ਵਿਚ ਚੜ੍ਹ ਗਿਆ। ਪੈਂਤੀ ਸਾਲ ਦੀ ਛੋਟੀ ਜਿਹੀ ਆਯੂ ਵਿਚ ਉਸ ਦੀਆਂ
ਸੇਵਾਵਾਂ ਦੀ ਸਲਾਮੀ ਵਜੋਂ 1963 ਵਿਚ ਉਸ ਨੂੰ ‘ਨੋਬਲ ਪ੍ਰਾਈਜ਼’ ਇਨਾਮ ਨਾਲ ਨਿਵਾਜਿਆ ਗਿਆ।
ਇਹ ਮਾਨਤਾ ਸਰਮਾਏਦਾਰਾਂ ਨੂੰ ਹਜ਼ਮ ਨਾ ਹੋਈ। ਉਹ ਸਾਮਰਾਜ ਦੀਆਂ ਮੁੱਛਾਂ ਵਿਚ ਰੜਕਣ ਲੱਗਾ।
ਚਾਰ ਅਪ੍ਰੈਲ 1968 ਨੂੰ ਇਨਸਾਫ਼ ਤੇ ਸਮਾਜਿਕ ਬਰਾਬਰੀ ਦੇ ਦੋਖੀ ਹਤਿਆਰਿਆਂ ਵੱਲੋਂ ਆਪਣੀਆਂ
ਕਰੂਰ ਕਾਰਸਤਾਨੀਆਂ ਦੇ ਰਸਤੇ ’ਚੋਂ ਹਟਾਉਣ ਵਾਸਤੇ ਉਸ ਨੂੰ ਕਤਲ ਕਰ ਦਿੱਤਾ ਗਿਆ। ਨਿਰਸੰਦੇਹ
ਇਹ ਨਸਲੀ ਕਤਲ ਸੀ ਜਿਸ ਦਾ ਅਮਰੀਕਾ ਦੀ ਪਬਲਿਕ ਨੂੰ ਬੜਾ ਭਾਰਾ ਮੁੱਲ ਤਾਰਨਾ ਪਿਆ। ਇਸ
ਘਿਣਾਉਣੀ ਵਾਰਦਾਤ ਤੋਂ ਬਾਦ ਅਮਰੀਕਾ ਭਰ ਦੇ ਅਫ਼ਰੀਕਣ-ਅਮੈਰੀਕਨ ਭੜਕ ਉੱਠੇ ਤੇ ਮਸ਼ਾਲਾਂ ਲੈ
ਕੇ ਸੜਕਾਂ ਤੇ ਉੱਤਰ ਆਏ। ਰੋਹ ਵਿਚ ਆਏ ਲੋਕਾਂ ਨੇ ਜ਼ੋਰਦਾਰ ਮੁਜ਼ਾਹਰੇ ਤੇ ਹੁੱਲੜਬਾਜ਼ੀ ਮਚਾਈ
ਰੱਖੀ। ਤਿੰਨ ਦਿਨਾਂ ਤੱਕ ਮੱਚੇ ਅੱਗ ਦੇ ਭਾਂਬੜਾਂ ਨਾਲ ਅਮਰੀਕਾ ਵਿਚ ਭਿਆਨਕ ਤਬਾਹੀ ਹੁੰਦੀ
ਰਹੀ।
ਵਾਸਿ਼ੰਗਟਨ ਡੀ. ਸੀ. ਵਿਖੇ ਵੀਹ ਹਜ਼ਾਰ ਲੋਕਾਂ ਦੇ ਹਜੂਮ ਨੇ ਘਰਾਂ, ਬਾਜ਼ਾਰਾਂ, ਦਫ਼ਤਰਾਂ ਦੀ
ਰੱਜ ਕੇ ਤੋੜ ਭੰਨ ਕੀਤੀ ਤੇ ਖ਼ੂਬ ਲੁੱਟ ਮਾਰ ਕੀਤੀ। ਸਰਕਾਰੀ ਤੇ ਗੈਰ-ਸਰਕਾਰੀ ਜਾਇਦਾਦ,
ਇਮਾਰਤਾਂ ਦੇ ਦਰਵਾਜ਼ੇ ਸ਼ੀਸ਼ੇ, ਖਿੜਕੀਆਂ ਭੰਨ ਕੇ ਅੱਗ ਦੇ ਹਵਾਲੇ ਕਰ ਦਿੱਤੇ। ਸਟੋਰ ਮਾਲ
ਲੁੱਟ ਲਏ। ਬਾਰਾਂ ਮਨੁੱਖੀ ਜਾਨਾਂ ਦਾ ਨੁਕਸਾਨ ਹੋਇਆ ਤੇ ਸੈਂਕੜੇ ਜ਼ਖਮੀ ਹੋਏ। ਮੱਧ ਵਰਗ ਦੇ
ਸ਼ਰੀਫ਼ ਲੋਕ ਹੁੱਲੜਬਾਜ਼ਾਂ ਤੋਂ ਡਰਦੇ ਇੱਥੋਂ ਪਲਾਇਨ ਕਰ ਗਏ। ਸਿਵਲ ਲੋਕਾਂ ਨੂੰ ਕੰਟਰੋਲ ਕਰਨ
ਵਾਸਤੇ ਪ੍ਰੈਜ਼ੀਡੈਂਟ ਲਿੰਡਨ ਜਾਹਨਸਨ ਨੇ ਫ਼ੌਜ ਬੁਲਾਈ ਪਰ ਉਹ ਵੀ ਉਨ੍ਹਾਂ ਨੂੰ ਸ਼ਾਂਤ ਕਰਨ
ਜਾਂ ਦਬਾਉਣ ਵਿਚ ਕਾਮਯਾਬ ਨਾ ਹੋ ਸਕੀ। ਅਖੀਰ ਉਹ ਆਪਣੀ ਮਨਮਰਜ਼ੀ ਨਾਲ ਪੂਰੀ ਵਾਹ ਲਾਹ ਕੇ
ਠੱਲ੍ਹ ਗਏ। 1814 ਦੇ ਬਰਤਾਨਵੀ ਹਮਲੇ ਵਾਂਗ ਵਾਸਿ਼ੰਗਟਨ ਡੀ. ਸੀ. ਇਕੇਰਾਂ ਫੇਰ ਅੱਗ ਦੇ
ਛੁਹਲ਼ਿਆਂ ਨਾਲ ਢਹਿ ਢੇਰੀ ਹੋ ਗਿਆ। ਇਸ ਉਪੱਦਰ ਵਿਚ ਪੰਦਰਾਂ ਮਿਲੀਅਨ ਡਾਲਰਾਂ ਦਾ
ਨਾਪੂਰਨਯੋਗ ਨੁਕਸਾਨ ਹੋਇਆ। ਪਹਿਲਾਂ ਹੀ ਆਰਥਿਕ ਮਜਬੂਰੀਆਂ ਥੱਲੇ ਪਿਸਿਆ ਅਮਰੀਕਨ ਸਿਸਟਮ ਇਸ
ਭਿਅੰਕਰ ਤਬਾਹੀ ਨੇ ਖੋਖਲਾ ਤੇ ਖੋਲ਼ਾ ਖੋਲ਼ਾ ਕਰ ਦਿੱਤਾ। 6300 ਅਪਰਾਧੀਆਂ ਨੂੰ ਗ੍ਰਿਫ਼ਤਾਰ
ਕੀਤਾ ਗਿਆ। ਸਰਕਾਰੀ ਮਸ਼ੀਨਰੀ ਨੂੰ ਮੁੜ ਲੀਹਾਂ ਤੇ ਲਿਆਉਣ ਤੇ ਪੈਰਾਂ ਤੇ ਖੜ੍ਹਾ ਕਰਨ
ਵਾਸਤੇ ਕਈ ਸਾਲ ਲੱਗ ਗਏ।
ਏਸੇ ਲੜੀ ਵਿਚ ਅਮਰੀਕਾ ਭਰ ਵਿਚ ਹੋਰ ਮਜ਼ਦੂਰ ਜਥੇਬੰਦੀਆਂ ਨੇ ਵੀ ਆਪਣੇ ਹੱਕਾਂ ਪ੍ਰਤੀ ਸੁਚੇਤ
ਹੋ ਕੇ ਸਰਕਾਰ ਦੇ ਕੰਨ ਖੋਲ੍ਹਣ ਵਾਸਤੇ ਰੋਸ ਮਾਰਚ ਕੀਤੇ। ਇੱਕ ਮਈ 1986 ਨੂੰ ਸਿ਼ਕਾਗੋ ਦੇ
ਰੇ ਚੌਕ ਵਿਖੇ ਕਮਿਊਨਿਸਟ ਤੇ ਹੋਰ ਜਥੇਬੰਦੀਆਂ ਵੱਲੋਂ ਕੰਮ ਦੇ ਅੱਠ ਘੰਟੇ ਦੀ ਸ਼ਿਫ਼ਟ
ਨਿਰਧਾਰਿਤ ਕਰਾਉਣ ਵਾਸਤੇ ਸਰਕਾਰ ਤੇ ਦਬਾ ਪਾਉਣ ਹਿਤ ਜ਼ਬਰਦਸਤ ਮੁਜ਼ਾਹਰਾ ਕੀਤਾ ਗਿਆ। ਕੁੱਝ
ਉਪੱਦਰੀ ਸ਼ਰਾਰਤੀਆਂ ਨੇ ਪੁਲਸ ਤੇ ਹੈਂਡ-ਗਰਨੇਡ ਸੁੱਟ ਮਾਰੇ ਜਿਸ ਕਾਰਨ ਕੁੱਝ ਪੁਲਸ ਕਰਮੀਂ
ਮਾਰੇ ਗਏ ਤੇ ਬਹੁਤ ਫੱਟੜ ਹੋ ਗਏ। ਉਨ੍ਹਾਂ ਦੀ ਜਵਾਬੀ ਕਾਰਵਾਈ ਵਿਚ ਪੁਲਸ ਵੱਲੋਂ ਵੀ
ਫਾਇਰਿੰਗ ਕੀਤੀ ਗਈ ਜਿਸ ਵਿਚ ਇੱਕ ਔਰਤ ਮਾਰੀ ਗਈ ਜਿਸ ਦੇ ਕੁੱਛੜ ਦੁੱਧ ਚੁੰਘਦਾ ਬੱਚਾ ਸੀ।
ਬਾਦ ਵਿਚ ਸਰਕਾਰ ਨੇ ਇਸ ਚੌਕ ਵਿਚ ਸ਼ਹੀਦ ਪੁਲਸੀਆਂ ਦੇ ਬੁੱਤ ਲਗਾ ਦਿੱਤੇ। ਇਹ ਬੁੱਤ ਵੇਖ
ਕੇ ਗ਼ੁੱਸੇ ਵਿਚ ਆਏ ਲੋਕ ਉਨ੍ਹਾਂ ਦੀ ਭੰਨ ਤੋੜ ਕਰਨ ਲੱਗੇ। ਲੋਕ ਪੁਲਸ ਬੁੱਤਾਂ ਦੀ ਹਰ ਰੋਜ਼
ਕਾਲਖ ਮਲ ਕੇ ਬੇਇੱਜ਼ਤੀ ਕਰਦੇ ਸਨ। ਇਸ ਲਈ ਪੁਲਸ-ਬੁੱਤਾਂ ਨੂੰ ਉੱਥੋਂ ਹਟਾ ਕੇ ਪੁਲਸ ਥਾਣੇ
ਅੰਦਰ ਤਬਦੀਲ ਕਰ ਦਿੱਤਾ ਗਿਆ। ਪਹਿਲੀ ਮਈ ਨੂੰ ਹਰ ਸਾਲ ਇਨ੍ਹਾਂ ਸ਼ਹੀਦਾਂ ਨੂੰ ਸਾਂਝੀ
ਸ਼ਰਧਾਂਜਲੀ ਦਿੱਤੀ ਜਾਂਦੀ ਹੈ। ਸਰਕਾਰ ਪੁਲਸੀਆਂ ਨੂੰ ਸ਼ਰਧਾਂਜਲੀ ਦਿੰਦੀ ਹੈ ਤੇ ਲੋਕ ਉਸ
ਮਾਂ ਤੇ ਬੱਚੇ ਨੂੰ ਯਾਦ ਕਰਦੇ ਹਨ। ਹੁਣ ਇਹ ਇੱਕ ਕਿਸਮ ਦਾ ਸਾਂਝਾ ਉਤਸਵ ਬਣ ਗਿਆ ਹੈ।
ਡਾ. ਮਾਰਟਨ ਲੂਥਰ ਕਿੰਗ ਦੀਆਂ ਰਾਸ਼ਟਰੀ ਤੇ ਅੰਤਰਰਾਸ਼ਟਰੀ ਪ੍ਰਾਪਤੀਆਂ ਕਰ ਕੇ ਉਸ ਦੇ
ਸਨਮਾਨ ਵਜੋਂ ਇਹ ਯਾਦਗਾਰ ਸਥਾਪਤ ਕੀਤੀ ਗਈ ਹੈ। ਇਸ 30 ਫੁੱਟ ਉੱਚੇ ਦੇਅ ਕੱਦ ਬੁੱਤ ‘ਸਟੋਨ
ਆਫ਼ ਹੋਪ’ ਤੇ ਉਸ ਦੀਆਂ ਚੋਣਵੀਂਆਂ ਤਕਰੀਰਾਂ ਤੇ ਪ੍ਰਵਚਨ ਉੱਕਰੇ ਹੋਏ ਹਨ। ਇਹ ਯਾਦਗਾਰ
ਫਰੈਂਕਲਿਨ ਰੂਜ਼ਵੈੱਲਟ ਦੇ ਨੇੜੇ, ਅਬਰਾਹਮ ਲਿੰਕਨ ਅਤੇ ਜੈਫਰਸਨ ਦੀਆਂ ਸਮਾਧੀਆਂ ਦੇ ਵਿਚਕਾਰ
ਨੈਸ਼ਨਲ ਮਾਲ ਦੀ ਕੇਂਦਰੀ ਜਗ੍ਹਾ ਤੇ ਸਥਿਤ ਹੈ। ਉਨ੍ਹਾਂ ਦੀਆਂ ਪ੍ਰਾਪਤੀਆਂ ਨੂੰ ਮੁੱਖ ਰੱਖ
ਕੇ ਕਾਂਗਰਸ ਨੇ ਉਨ੍ਹਾਂ ਦੀ ਢੁਕਵੀਂ ਯਾਦਗਾਰ ਬਣਾਉਣ ਦੇ ਪ੍ਰਸਤਾਵ ਨੂੰ 1996 ਵਿਚ ਮਨਜ਼ੂਰੀ
ਦੇ ਦਿੱਤੀ। ‘ਬਿਲਡ ਦੀ ਡਰੀਮ’ ਯਾਨੀ ਕਿ ਸੁਪਨੇ ਸਿਰਜੋ ਜੈਕਾਰੇ ਵਾਲੇ ਇਸ ਪ੍ਰੋਜੈਕਟ ਵਾਸਤੇ
ਇੱਕ ਸੌ ਵੀਹ ਮਿਲੀਅਨ ਡਾਲਰਾਂ ਦਾ ਬਜਟ ਪਾਸ ਕੀਤਾ ਗਿਆ।
ਇਸ ਮਾਲ ਖੇਤਰ ਵਿਚ ਇਹ ਇਕੱਲੀ ਹੀ ਇੱਕ ਨਾਨ-ਪ੍ਰੈਜ਼ੀਡੈਂਟ ਸ਼ਖ਼ਸੀਅਤ ਹੈ ਜਿਸ ਨੂੰ ਸਾਰੇ
ਪ੍ਰਧਾਨਾ ਦੇ ਵਿਚਕਾਰ ਬਿਠਾ ਕੇ ਸਨਮਾਨ ਦਿੱਤਾ ਗਿਆ ਹੈ। ਇਹ 22 ਅਗਸਤ 2011 ਨੂੰ ਲੋਕ ਅਰਪਣ
ਕੀਤਾ ਗਿਆ ਸੀ।
(ਨਵੀਂ ਛਪੀ ਸਫ਼ਰਨਾਮਾ
ਪੁਸਤਕ ‘ਮੇਰੀ ਵਾਈਟ ਹਾਊਸ ਫੇਰੀ’ ਵਿਚੋਂ)
-0-
|