(ਲਿਖੀ-ਜਾ-ਰਹੀ ਸਵੈਜੀਵਨੀ ਭਾਗ-2, ‘ਬਰਫ਼ ਵਿੱਚ ਉਗਦਿਆਂ’ ਵਿੱਚੋਂ)
ਆਪਣੇ ਅਖ਼ੀਰਲੇ ਸਾਹ 'ਤੇ ਸੀ ਸੰਨ 1977 ਦਾ ਅਗਸਤ ਮਹੀਨਾ! ਐਤਵਾਰ ਸੀ ਉਸ ਦਿਨ: ਮੈਂ ਤੇ
ਮੇਰੀ ਟੈਕਸੀ ਇਸ ਦਿਨ ਨੂੰ ਪੂਰਾ ਹਫ਼ਤਾ ਉਡੀਕਦੇ ਰਹਿੰਦੇ। ਇਸ ਦਿਨ ਉਹ ਤੜਕੇ-ਤੜਕੇ ਤੀਹ ਕੁ
ਡਾਲਰ ਮੇਰੀ ਜੇਬ 'ਚ ਉਤਾਰਦੀ ਅਤੇ ਅਗਲੇ ਤੜਕੇ ਤੀਕਰ, ਸਾਡੀ ਅਪਾਰਟਮੈਂਟ ਬਿਲਡਿੰਗ ਦੇ
ਤਹਿਖ਼ਾਨੇ 'ਚ ਬਣੀ ਵਿਸ਼ਾਲ ਪਾਰਕਿੰਗ 'ਚ, ਕਾਰਾਂ ਦੀ ਪੈਟਰੋਲੀਆ-ਚੁੱਪ ਨੂੰ ਸੁੰਘਦੀ ਰਹਿੰਦੀ!
ਉਸ ਐਤਵਾਰ ਤੋਂ ਤਿੰਨ ਕੁ ਮਹੀਨੇ ਪਹਿਲਾਂ, ਜੂਨ, 1977, ਦੇ ਪਹਿਲੇ ਹਫ਼ਤੇ ਦੀ ਇਕ ਸਵੇਰ
ਮੇਰੇ ਜ਼ਿਹਨ 'ਚ ਖੰਭ ਹਿਲਾਉਣ ਲੱਗੀ: ਸਾਗਰ ਬੈੱਡ ਤੋਂ ਇੱਕ ਦਮ ਛਾਲ਼ ਮਾਰ ਕੇ ਉੱਠੀ ਸੀ ਉਸ
ਸਵੇਰ, ਜਿਵੇਂ ਸਾਡੇ ਕੰਬਲ਼ ਹੇਠ ਚੂਹਾ ਆ ਵੜਿਆ ਹੋਵੇ।
-ਕੀ ਹੋ ਗਿਆ? ਮੇਰਾ ਸੁੱਤ-ਨੀਂਦਾ ਬੁੜਬੁੜਾਇਆ ਸੀ।
ਸੁਖਸਾਗਰ ਦੀ ਦਗੜ-ਦਗੜ ਬੈੱਡਰੂਮ 'ਚੋਂ ਬਾਹਰ ਵੱਲ ਨੂੰ ਦੌੜ ਗਈ ਸੀ।
-ਕੀ ਗੱਲ ਹੋਗੀ ਸਾਗਰ ਨੂੰ? ਮੇਰੀ ਅਧਸੁਰਤ ਸੋਚਣ ਲੱਗੀ ਸੀ।
ਤੇ ਅਗਲੇ ਪਲੀਂ ਵਾਸ਼ਰੂਮ 'ਚ 'ਉਅੱਕ! ਉਅੱਕ!' ਤੇ 'ਓਅਅੱਫ਼! ਓਅਅੱਫ਼!' ਹੋਣ ਲੱਗ ਪਈ ਸੀ।
ਅੱਖਾਂ ਮਲ਼ਦਾ ਹੋਇਆ ਜਦੋਂ ਮੈਂ ਵਾਸ਼ਰੂਮ ਵਿੱਚ ਵੜਿਆ ਸੀ, ਸਾਗਰ ਦਾ ਚਿਹਰਾ ਸਿੰਕ ਉੱਤੇ
ਝੁਕਿਆ ਹੋਇਆ ਸੀ: ਖੱਬਾ ਹੱਥਾ ਢਾਕ ਉੱਤੇ ਤੇ ਸੱਜੇ ਦਾ ਅੰਗੂਠਾ ਤੇ ਉਂਗਲ਼ ਉਸਦੇ ਗਲ਼ ਉਦਾਲ਼ੇ!
-ਇਹ ਕੀ ਹੋ ਗਿਆ ਤੈਨੂੰ ਨਿਰਨੇ ਕਾਲ਼ਜੇ? ਮੇਰੇ ਮੱਥੇ ਉੱਪਰਲੀ ਚਮੜੀ 'ਚ ਸੁਆਲੀਆ ਨਿਸ਼ਾਨ
ਇੱਕਠਾ ਹੋ ਗਿਆ ਸੀ। -ਅੱਗੇ ਨਾ ਪਿੱਛੇ! ਕੀ ਖਾ ਲਿਆ ਰਾਤੀਂ?
"ਉਅੱਕ-ਉਅੱਕ" ਤੇ "ਊਹਾਅਅਅ, ਊਹਾਅਅ" ਵਾਸ਼ਰੂਮ 'ਚੋਂ ਨਿਕਲ਼ ਕੇ ਬੇਬੇ ਜੀ ਵਾਲ਼ੇ ਬੈੱਡਰੂਮ ਦੇ
ਦਰਵਾਜ਼ੇ ਨੂੰ ਥਪਥਪਾਉਣ ਲਗੀਆਂ ਸਨ।
ਤੇ ਉਸ ਸਵੇਰ ਤੋਂ ਤਿੰਨ ਮਹੀਨੇ ਬਾਅਦ ਅੱਜ ਅਗਸਤ ਦੇ ਅੰਤ ਦਾ ਆਹ ਐਤਵਾਰ:
ਦੋ ਕੁ ਹਫ਼ਤੇ ਪਹਿਲਾਂ ਸਾਗਰ ਨੇ ਤਿੰਨ-ਚਾਰ ਮੋਕਲ਼ੇ ਕਮੀਜ਼ ਖ਼ਰੀਦੇ ਸਨ: ਇਸ ਹਾਲਤ ਵਿੱਚ
ਖ਼ਰੀਦਣੇ ਹੀ ਪੈਣੇ ਸਨ। ਉਨ੍ਹਾਂ ਨੂੰ ਉਸਨੇ ਵਾਸ਼ਰੂਮ ਵਾਲ਼ੇ ਸਿੰਕ 'ਚ ਘਚੱਲਿਆ ਤੇ ਬਾਲਕੋਨੀ
ਦੇ ਜੰਗਲੇ ਉੱਤੇ ਖ਼ਿਲਾਰ ਕੇ ਉਹ ਕਿਚਨ-ਕੈਬਨਿਟਾਂ ਦੇ ਦਰਵਾਜ਼ਿਆਂ ਨੂੰ ਖੋਲ੍ਹਣ-ਮੁੰਦਣ ਲੱਗੀ।
-ਚਾਰ ਕੌਲੀਆਂ, ਦੋ ਚੀਨੀ ਦੀਆਂ ਵੱਡੀਆਂ ਪਲੇਟਾਂ, ਚਾਰ ਕੁ ਚਮਚੇ ਤੇ ਚਾਰ ਪੰਜ ਛੋਟੀਆਂ
ਪਲੇਟਾਂ, ਉਹ ਆਪਣੇ-ਆਪ ਸਲਾਹ ਕਰਨ ਲੱਗੀ।
-ਕੱਚ ਦੇ ਗਲਾਸ ਵੀ ਪਾ ਦੇ ਚਾਰ ਕੁ! ਮੈਂ ਬੋਲਿਆ।
ਕਰਾਕਰੀ ਦੀ ਇਹ ਵਿਰਲੀ ਜਿਹੀ ਪਰਜਾ ਕੈਬਨਿਟਾਂ ਤੋਂ ਕਿਚਨ-ਕਾਊਂਟਰ ਉੱਪਰ ਉੱਤਰ ਆਈ ਤਾਂ ਇਕ
ਦਰਾਜ਼ 'ਚੋਂ ਤਵੇ ਨੂੰ, ਵੇਲਣੇ ਨੂੰ ਤੇ ਪਲਾਸਟਿਕ ਦੇ ਤਸਲੇ ਨੂੰ ਉਠਾਲ਼ ਕੇ ਉਸਨੇ ਸਿੰਕ ਦੀ
ਟੂਟੀ ਹੇਠ ਕਰ ਦਿੱਤਾ; ਆਪ ਉਹ ਸਟੋਰੇਜ ਰੂਮ ਵਿੱਚੋਂ ਗੱਤੇ ਦੇ ਬਾਕਸ ਲੱਭਣ ਚਲੀ ਗਈ।
ਕਿਚਨ 'ਚ ਸਾਗਰ ਦੀ ਤੇ ਮੇਰੀ ਗੁਫ਼ਤਗੂ, ਕਿਚਨ-ਕਾਊਂਟਰ ਉੱਪਰ ਪਿਆਲੀਆਂ-ਪਲੇਟਾਂ ਦੀ
ਖੜੱਕ-ਖੜੱਕ, ਤੇ ਸਿੰਕ 'ਚ ਟੂਟੀ ਦੀ ਸੂੰ-ਸੂੰ: ਬੇਬੇ ਜੀ ਦੀ ਖੂੰਡੀ ਦੀ ਜਾਗ ਖੁਲ੍ਹ ਗਈ।
-ਸਾਗਰ ਨੂੰ ਨੀ, ਕਾਕਾ, ਮੈਂ ਜਾਣ ਦੇਣਾ ਤੇਰੇ ਨਾਲ਼! ਖੂੰਡੀ ਨੂੰ ਕਾਫ਼ੀਟੇਬਲ ਉੱਤੇ ਲਿਟਾਅ
ਕੇ ਬੇਬੇ ਜੀ ਨੇ ਹੁਕਮ ਸੁਣਾਅ ਦਿੱਤਾ।
ਮੇਰੀ ਨਜ਼ਰ ਸੁਖਸਾਗਰ ਦੇ ਚਿਹਰੇ ਵੱਲ ਗਿੜੀ।
'ਵਿਚਾਰੀ ਦੀਆਂ ਜਾਭਾਂ!' ਮੇਰਾ ਸਰੀਰ ਤ੍ਰਭਕਿਆ। 'ਅੰਦਰ ਤਾਂ ਇਹਨਾਂ ਨੇ ਧਸਣਾ ਈ ਸੀ;
ਜਿਹੜੀਆਂ ਦੋ ਚਾਰ ਬੁਰਕੀਆਂ ਖਾਂਦੀ ਐ ਉਹ ਢਿੱਡ 'ਚ ਜਾਣ ਸਾਰ ਬਾਹਰ ਆ ਜਾਂਦੀਐਂ!'
-ਤੈਥੋਂ 'ਕੱਲੇ ਤੋਂ, ਕਾਕਾ, ਸੰਭਾਲ਼ ਨੀ ਹੋਣੀ ਇਹ ਓਥੇ! ਬੇਬੇ ਜੀ ਦੇ ਬੋਲ ਸੋਫ਼ੇ ਤੋਂ ਉੱਠ
ਕੇ ਕਿਚਨ ਵੱਲ ਨੂੰ ਤੁਰ ਆਏ।
***
ਬਕਸਿਆਂ 'ਚ ਬੰਦ ਕੌਲੀਆਂ-ਪਲੇਟਾਂ ਤੇ ਤਵੇ-ਵੇਲਣੇ, ਕਾਰ ਦੀ ਡਿੱਕੀ 'ਚ: ਉਨ੍ਹਾਂ ਦੇ
ਆਲ਼ੇ-ਦੁਆਲ਼ੇ ਤਹਿ ਕਰ ਕੇ ਟਿਕਾਏ ਸਿਰਹਾਣਿਆਂ-ਗੁਦੈਲਿਆਂ ਤੋਂ ਬੇਖ਼ਬਰ!
ਹਾਈਵੇਅ ਫ਼ੋਰ-ਓ-ਵਨ ਉੱਪਰ ਆਉਣ ਵਾਲ਼ੇ ਸ਼ਹਿਰਾਂ ਦੇ ਨਾਮ ਤੇ ਫ਼ਾਸਲੇ ਸਾਈਨਬੋਰਡਾਂ ਤੋਂ ਪੜ੍ਹਦੀ
ਸਾਡੀ ਕਾਰ, ਹਾਈਵੇਅ ਉੱਪਰ ਦਰਜਣਾਂ ਪੁਲ਼ਾਂ ਹੇਠ ਦੀ ਮੱਥਾ ਝੁਕਾਅ ਕੇ ਅੱਗੇ ਲੰਘ ਜਾਂਦੀ!
ਇਕ ਵੱਡ-ਆਕਾਰੀ ਬੋਰਡ ਦੀ ਹਰੀ ਪਿੱਠਭੂਮੀ ਉੱਪਰ ਮੋਟੇ ਮੋਟੇ ਚਿੱਟੇ ਅੱਖਰ: ਵੌਟਰਲੂਅ!
-ਸੁਖਸਾਗਰ ਤ੍ਰਭਕੀ:ਪਹੁੰਚ ਵੀ ਗਏ?
ਪੰਦਰਾਂ ਕੁ ਮਿੰਟਾਂ ਬਾਅਦ ਸਾਡੀ ਕਾਰ ਦੀ ਬੂਥੀ, ਇਕ ਚਾਰ-ਮੰਜ਼ਲੀ ਬਿਲਡਿੰਗ ਦੀ ਪਾਰਕਿੰਗ
ਵੱਲ ਨੂੰ ਮੁੜ ਗਈ। ਡਰਾਈਵੇਅ ਦੇ ਕੋਨੇ ਉੱਪਰ 'ਮੈਰੀਡ ਸਟੂਡੈਂਟਸ ਅਪਾਰਮੈਂਟਸ' ਦਾ
ਸਾਈਨਬੋਰਡ ਦੇਖਦਿਆਂ ਹੀ ਮੇਰੇ ਮਨ 'ਚ ਕਿਤਾਬਾਂ ਖੁਲ੍ਹਣ ਲੱਗੀਆਂ।
ਪਹਿਲੀ ਫ਼ਲੋਰ 'ਤੇ ਸੁਪਰਡੈਂਟ ਦਾ ਦਫ਼ਤਰ! ਪੀਲ਼ੇ ਰੰਗ ਦੀ ਚੱਪਾ ਕੁ ਲਿਫ਼ਾਫ਼ੀ ਨੂੰ ਮੇਰੇ ਵੱਲ
ਵਧਾਉਂਦਿਆਂ ਸੁਪਰਡੈਂਟ ਮੁਸਕ੍ਰਾਇਆ: ਔਹ ਪੌੜੀਆਂ ਦਿਸਦੀਆਂ ਸਾਹਮਣੇ? ਦੂਜੀ ਫ਼ਲੋਰ 'ਤੇ ਫ਼ਲੈਟ
ਨੰਬਰ ਦੋ ਸੌ ਤਿੰਨ ਨੂੰ ਖੋਲ੍ਹ ਲਵੋ!
ਫ਼ਲੈਟ ਦੇ ਦਰਵਾਜ਼ੇ ਨੂੰ ਧੱਕ ਕੇ ਅੰਦਰ ਵੱਲ ਨੂੰ ਝਾਕੇ ਤਾਂ ਇੰਝ ਜਾਪਿਆ ਜਿਵੇਂ ਸੁਖਸਾਗਰ ਦੇ
ਚਿਹਰੇ ਉੱਪਰਲੀ ਖ਼ਾਲੀਅਤ ਸਾਨੂੰ ਇਸ ਲਿਵਿੰਗਰੂਮ ਅੰਦਰ ਵੀ ਉਡੀਕ ਰਹੀ ਸੀ।
-ਹਾਏ, ਹਾਏ! ਸਾਗਰ ਆਪਣੇ ਸਿਰ ਨੂੰ ਖੱਬੇ-ਸੱਜੇ ਫੇਰਨ ਲੱਗੀ। -ਲਿਵਿੰਗਰੂਮ'ਚ ਸਿਰਫ਼ ਆਹ ਦੋ
ਈ ਕੁਰਸੀਆਂ?
ਸੱਜੇ ਪਾਸੇ ਕਿਚਨ 'ਚ ਖਲੋਤੇ ਫ਼ਰਿੱਜ 'ਚੋਂ ਲਗਾਤਾਰ ਨਿੱਕਲ਼ ਰਹੀ 'ਹੂੰਅੰਅੰਅੰਅੰਅੰ' ਤੋਂ
ਅਗਾਹਾਂ ਡਾਈਨਿੰਗ ਏਰੀਏ 'ਚ ਮੇਜ਼ ਦੇ ਉਦਾਲ਼ੇ ਲੱਕੜ ਦੀਆਂ ਚਾਰ ਕੁਰਸੀਆਂ! ਮੇਜ਼ ਦਾ ਉੱਪਰਲਾ
ਪਾਸਾ ਬੁੜਬੁੜਾਇਆ: ਮੇਰੇ ਉੱਪਰ ਤਾਂ ਮੁਸ਼ਕਿਲ ਨਾਲ਼ ਚਾਰ ਪਲੇਟਾਂ ਈ ਟਿਕਣਗੀਆਂ, ਉਹ ਵੀ ਛੋਟੇ
ਆਕਾਰ ਦੀਆਂ!
-ਔਹ ਬੈੱਡਰੂਮਾਂ ਨੂੰ ਵੀ ਦੇਖ ਲੋ ਖੋਲ੍ਹ ਕੇ! ਸਾਗਰ ਨੇ ਆਪਣਾ ਪੰਜਾ ਪਿਛਲੇ ਪਾਸੇ ਵਾਲ਼ੇ
ਦਰਵਾਜ਼ਿਆਂ ਵੱਲ ਨੂੰ ਸੇਧਿਆ। -ਕਿਤੇ ਲਿਵਿੰਗਰੂਮ ਵਾਲ਼ੀ ਭਾਂ-ਭਾਂ ਈ ਨਾ ਹੋਵੇ ਦੋਹਾਂ ਦੇ
ਅੰਦਰ ਵੀ!
ਸੱਜੇ ਪਾਸੇ ਵਾਲ਼ੇ ਕਮਰੇ ਦਾ ਗੋਲਾਈਦਾਰ ਹੈਂਡਲ ਸੱਜੇ ਪਾਸੇ ਨੂੰ ਗਿੜਿਆ: ਅੰਦਰ ਲੱਕੜ ਦੇ
ਬੈੱਡ ਉੱਪਰ ਵਿਛਾਉਣੇ, ਚਾਦਰ, ਤੇ ਸਿਰਹਾਣੇ ਦੀ ਉਡੀਕ ਕਰ ਰਿਹਾ ਖ਼ਾਕੀ ਰੰਗ ਦਾ ਗਿਲਾਫ਼!
ਸਾਗਰ ਨੇ ਆਪਣੇ ਨੱਕ ਨੂੰ ਗਿਲਾਫ਼ ਦੇ ਐਨ ਨਾਲ਼ ਜੋੜ ਕੇ ਸੁੰਘਿਆ: ਗਿਲਾਫ਼ ਤਾਂ ਧੋਤਾ ਹੋਇਆ
ਲਗਦੈ, ਉਹਦੇ ਬੁੱਲ੍ਹਾਂ ਉੱਪਰ ਜਾਗੀ ਹਲਕੀ ਜੇਹੀ ਮੁਸਕ੍ਰਾਹਟ ਉਹਦੀਆਂ ਜਾਭਾਂ ਵਿਚਲੇ
ਚਿੱਬਾਂ ਵੱਲ ਨੂੰ ਰੁੜ੍ਹ ਗਈ!
ਟਰਾਂਟੋ ਤੋਂ ਲਿਆਂਦੇ ਚਾਦਰਾਂ ਤੇ ਕੰਬਲ਼ਾਂ ਨੂੰ ਦੋਹਾਂ ਕਮਰਿਆਂ ਵਿੱਚਲੇ ਬੈੱਡਾਂ ਉੱਪਰ
ਲਿਟਾਅ ਕੇ, ਸੁਖਾਗਰ ਲੂਣਦਾਨੀ, ਪਲੇਟਾਂ-ਪਿਆਲੀਆਂ ਅਤੇ ਤਵੇ-ਤਸਲ਼ੇ ਉਦਾਲ਼ੇ ਹੋ ਗਈ। ਆਟੇ
ਵਾਲ਼ੇ ਡੱਬੇ ਸਮੇਤ ਆਪਣੀ-ਆਪਣੀ ਵਾਰੀ ਉਡੀਕ ਰਹੇ ਚਕਲ਼ਾ-ਵੇਲਣਾ, ਸਟੋਵ ਦੇ ਨਾਲ਼ ਲਗਦੇ ਦਰਾਜ਼ਾਂ
'ਚ ਉੱਤਰ ਗਏ।
ਪੋਲੀਥੀਨ ਦੇ ਲਿਫ਼ਾਫ਼ਿਆਂ 'ਚੋਂ ਆਜ਼ਾਦ ਹੋਈ ਬਟਰ-ਟਿੱਕੀ, ਪਿਆਜ਼, ਅਧਰਕ ਤੇ ਲੱਸਣ ਨੇ ਫ਼ਰਿੱਜ
ਵਿਚਲੇ ਖਾਨਿਆਂ ਵਿੱਚ ਵਾਸ ਕਰ ਲਿਆ ਸੀ।
-ਕੋਰਨਰ-ਸਟੋਰ ਤਾਂ ਹੋਊ ਕਿਤੇ ਨੇੜੇ-ਤੇੜੇ? ਫਰਿੱਜ ਦਾ ਦਰਵਾਜ਼ਾ ਬੰਦ ਕਰ ਕੇ ਸੁਖਸਾਗਰ ਨੇ
ਆਪਣਾ ਚਿਹਰਾ ਮੇਰੇ ਵੱਲੀਂ ਗੇੜਿਆ।
-ਕੀ ਚਾਹੀਦੈ?
-ਤੁਸੀਂ ਆਂਡੇ ਤੇ ਦੁੱਧ ਫੜ ਲਿਆਓ, ਸਵੇਰੇ ਲੋੜ ਪਊ ਤੁਹਾਨੂੰ ਬ੍ਰੇਕਫ਼ਾਸਟ ਵੇਲੇ!
***
ਅਗਲੀ ਸਵੇਰ ਨੌਂ ਵਜੇ ਯੂਨੀਵਰਸਿਟੀ ਅੱਪੜਨਾ ਸੀ। ਬੀਤੀ ਸ਼ਾਮ ਚਾਰ ਵਜੇ ਸੁਖਸਾਗਰ ਨੂੰ
ਟਰਾਂਟੋ ਵਾਲ਼ੀ ਬੱਸ ਦੀ ਸਵਾਰੀ ਬਣਾ ਕੇ ਜਦੋਂ ਮੈਂ ਫ਼ਲੈਟ 'ਚ ਵਾਪਿਸ ਮੁੜਿਆ ਸਾਂ ਤਾਂ ਖ਼ਾਲੀ
ਕੰਧਾਂ ਕਹਿਣ ਲੱਗੀਆਂ ਸਨ: ਚਾਰ ਮਹੀਨੇਂ ਹੁਣ ਤੈਨੂੰ ਸਾਡੇ ਵਾਂਗ ਚੁੱਪ ਨਾਲ਼ ਗੱਲਾਂ ਕਰਦਿਆਂ
ਈ ਕੱਟਣੇ ਪੈਣੇ ਐਂ, ਮੁੰਡਿਆ!
ਨੀਂਦਰ ਸਵੇਰੇ ਸਵਖ਼ਤੇ ਹੀ ਪਿਘਲ਼ ਗਈ।
-ਮੈਨੂੰ ਫ਼ਿਕਰ ਰਹਿਣੈ ਤੁਹਾਡਾ, ਮੇਰੇ ਮੱਥੇ 'ਚ ਬੱਸ ਦੇ ਦਰਵਾਜ਼ੇ ਦੇ ਅੰਦਰ ਹੋ ਰਹੀ ਸਾਗਰ
ਦੀ ਹਦਾਇਤ ਆ ਲੱਥੀ। -ਖਾਣ-ਪੀਣ ਦੀ ਘਾਲ਼ੋਂ ਨਾ ਕਰਿਓ!
ਸ਼ਾਵਰ ਦੀ ਕਿਣਮਿਣ ਤੋਂ ਵਿਹਲਾ ਹੋ ਕੇ ਮੈਂ ਆਪਣੀ ਇਕਲੌਤੀ ਜੀਨ ਦੀ ਤਹਿ ਖੋਲ੍ਹਣ ਲੱਗਾ, ਤਾਂ
ਬ੍ਰੇਕਫ਼ਾਸਟ ਦਾ ਖ਼ਿਆਲ ਗਠੜੀ ਵਾਂਙਣ ਖੁਲ੍ਹ ਗਿਆ: ਬੋਲਿਆ, 'ਡਰੈੱਸ ਅੱਪ ਹੋਣ ਤੋਂ ਪਹਿਲਾਂ
ਆਂਡਿਆਂ ਨੂੰ ਫੈਂਟ ਲਾ!'
ਫ਼ਰਿੱਜ ਦੇ ਦਰਵਾਜ਼ੇ ਨੂੰ ਖਿੱਚਿਆ: ਪਹਿਲੀ ਨਜ਼ਰ, ਸਾਹਮਣੇ ਬੈਠੀ ਚੀਨੀ ਦੀ ਇਕ ਕੌਲੀ ਉੱਪਰ,
ਮੂਧੇ-ਮੂੰਹ ਹੋਈ ਪਲੇਟ ਉੱਤੇ ਵੱਜੀ। ਠਰੀ ਹੋਈ ਪਲੇਟ ਨੂੰ ਜਗਾਇਆ ਤਾਂ ਹੇਠੋਂ ਕੱਟੇ ਹੋਏ
ਪਿਆਜ਼ ਦੀ ਤੇ ਹਰੇ ਧਨੀਏਂ ਤੇ ਮਿਰਚਾਂ ਦੀ ਗੰਧ ਫਰਿੱਜ ਵਿੱਚੋਂ ਬਾਹਰ ਵੱਲ ਨੂੰ ਉੱਡਣ ਲੱਗੀ।
'ਵਾਹ ਨੀ ਸਾਗਰ ਕੁਰੇ!' ਮੇਰੀਆਂ ਅੱਖਾਂ 'ਚ ਉੱਭਰ ਆਈ ਨਮੀ ਮੁਸਕਰਾਈ। 'ਇਨ੍ਹਾਂ ਨੂੰ ਵੀ
ਕੱਟਗੀ ਕੱਲ੍ਹ ਈ?'
***
ਅੰਗਰੇਜ਼ੀ ਵਿਭਾਗ ਦੀ ਰਸੈਪਸ਼ਨਿਸਟ ਨੇ ਮੇਰੀ 'ਗੁਡ ਮੋਰਨਿੰਗ' ਸੁਣਦਿਆਂ ਹੀ, ਗੋਰੀ ਮੁਸਕਾਣ
ਦਾ ਰੁੱਗ ਮੇਰੀ ਹਿਚਕਚ੍ਹਾਟ ਦੇ ਸਾਹਮਣੇ ਖੋਲ੍ਹ ਦਿੱਤਾ!
-ਇਫ਼ ਆ'ਮ ਨਾਟ ਰਾਂਅਅਗ, ਇੱਕਬਲ ਗਿੱਲ ਐਂ ਤੂੰ? ਉਹ ਬੋਲੀ।
-ਬਿਲਕੁਲ! ਮੈਂ ਯੂਨੀਵਰਸਿਟੀ ਵੱਲੋਂ ਕੁਝ ਦਿਨ ਪਹਿਲਾਂ ਮੇਰੇ ਨਾਮ ਆਈ ਚਿੱਠੀ ਉਸ ਵੱਲੀਂ
ਵਧਾਅ ਦਿੱਤੀ। -ਪਰ ਤੂੰ ਇਹ ਕਿੱਦਾਂ ਪਹਿਚਾਣ ਲਿਆ ਪਈ ਮੈਂ... ਇਕਬਾਲ ਆਂ?
-ਤੇਰੇ ਨਾਲ਼ ਪਿਛਲੇ ਨੌਂ ਮਹੀਂਨਿਆਂ ਤੋਂ ਅੰਗਰੇਜ਼ੀ ਡਪਾਅਟਮੈਂਟ ਦਾ ਚਿੱਠੀ-ਪੱਤਰ ਮੇਰੇ
ਰਾਹੀਂ ਹੀ ਹੁੰਦਾ ਆਇਐ!
-ਮੈਂ... ਮੀਟਿੰਗ ਬਾਰੇ ਪੁੱਛਣਾ ਸੀ!
ਮੁੱਠੀ 'ਚੋਂ ਨਿੱਕਲ਼ੀ ਗੁਲਾਬੀ ਉਂਗਲ਼ ਦੀ ਨੇਲਪਾਲਸ਼ ਨੂੰ ਦਫ਼ਤਰ ਦੇ ਬਿਲਕੁਲ ਸਾਹਮਣੇ ਵੱਲ ਸੇਧ
ਕੇ, ਉਨ੍ਹੇ ਆਪਣੀਆਂ ਭੂਰੀਆਂ ਨੈਣ-ਗੋਲੀਆਂ ਵੀ ਓਧਰ ਨੂੰ ਉਲਾਰ ਦਿੱਤੀਆਂ।
ਮੀਟਿੰਗ ਵਾਲ਼ੇ ਕਮਰੇ 'ਚ ਹਰ ਕੁਰਸੀ ਉੱਤੇ, ਜੀਨਾਂ ਤੇ ਟੀ-ਸ਼ਰਟਾਂ ਪਹਿਨ ਕੇ ਬੈਠਾ,
ਕਿਰੇ-ਹੋਏ ਆੜੂਆਂ ਦਾ ਰੰਗ! ਕਈਆਂ ਸਿਰਾਂ ਨੂੰ ਉਨ੍ਹਾਂ ਦੇ ਮੋਢਿਆਂ ਤੀਕਰ, ਮੱਕੀ ਦੀਆਂ
ਹਰੀਆਂ ਛੱਲੀਆਂ 'ਚੋਂ ਨਿੱਕਲ਼ਦੇ ਵਾਲ਼ਾਂ ਨੇ ਮੱਲਿਆ ਹੋਇਆ ਸੀ।
ਮੇਰੀ 'ਕਣਕ-ਵੰਨੀ' ਝਿਜਕ ਮੈਨੂੰ ਪਿਛਲੇ ਪਾਸਿਓਂ ਦੂਸਰੀ ਕਤਾਰ 'ਚ ਖਲੋਤੀ ਖ਼ਾਲੀ ਕੁਰਸੀ ਵੱਲ
ਖਿੱਚਣ ਲੱਗੀ।
ਮੇਰੇ ਗਵਾਂਢ ਵਾਲ਼ੇ ਡੈਸਕ ਉੱਤੇ, ਆਪਣੇ ਪੈੱਨ ਨਾਲ਼ ਨੋਟਬੁੱਕ ਦੇ ਵਰਕਿਆਂ ਨੂੰ ਪਰਚਾਅ ਰਹੀ,
ਹਲਕੀ ਜਿਹੀ ਲਿਪਸਟਿਕ ਮੇਰੇ ਵੱਲ ਗਿੜੀ, ਤੇ 'ਮੋਰਨਿੰਗ' ਆਖ ਕੇ ਆਪਣੀ ਦੁਨੀਆਂ 'ਚ ਗਵਾਚ
ਗਈ।
-ਗੋਰਡਨ ਸਲੇਥਾਗ! ਮੈਂ ਸੋਚਣ ਲੱਗਾ। -ਐਮ. ਏ., ਪੀ ਐਚ. ਡੀ.! ਐਡੀ ਵੱਡੀ ਯੂਨੀਵਰਸਿਟੀ ਦੇ
ਅੰਗਰੇਜ਼ੀ ਵਿਭਾਗ ਦਾ ਹੈੱਅਡ ਆਫ਼ ਦ ਡਪਾਅਰਟਮੈਂਟ!
ਮੈਂ ਪੰਜਾਬ ਦੇ ਕਾਲਜਾਂ 'ਚ ਜਾ ਉੱਤਰਿਆ: ਕਲਾਸਾਂ ਦੇ ਕਮਰਿਆਂ ਵੱਲ ਨੂੰ ਜਾ ਰਹੇ ਪ੍ਰਫ਼ੈਸਰ,
ਠੋਡੀਆਂ ਹੇਠ ਲਟਕਦੀਆਂ ਨੈਕਟਾਈਆਂ, ਤੇੜ ਕਰੀਜ਼ਦਾਰ ਪੈਂਟਾਂ, ਤੇ ਪੈਰਾਂ 'ਚ ਫ਼ਰਸ਼ ਤੋਂ
ਤਿਲਕਦੀ ਹੋਈ ਬੂਟਾਂ ਦੀ ਲਿਸ਼ਕੋਰ!
ਪਰ ਆਹ ਤਾਂ ਯੂਨੀਵਰਸਿਟੀ ਐ, ਮੈਂ ਸੋਚਣ ਲੱਗਾ;ਯੂਨੀਵਰਸਿਟੀ ਅਵ ਵੌਅਅਟਰਲੂਅ! ਤੇ ਗੋਰਡਨ ਐ
ਇੱਥੇ ਹੈੱਡ ਅਵ ਦ ਡਪਾਅਰਟਮੈਂਟ! ਵਾਹ, ਵਾਹ! 50-55 ਤੋਂ ਘੱਟ ਨੀ ਹੋਣਾ, ਮਿਸਟਰ ਸਲੇਥਾਗ,
ਉੱਚਾ-ਲੰਮਾ, ਸੂਟਡ-ਬੂਟਡ ਗੋਰਡਨ!
ਹੁਣ ਇਕ ਮਰਦਾਵਾਂ ਸਰੀਰ ਦਰਵਾਜ਼ੇ ਉੱਪਰ ਪਰਗਟ ਹੋਇਆ: ਜਿਸਮ ਦੀ ਸਾਰੀ ਫੈਟ ਨੂੰ
ਕਸਰਤੀ-ਮਸ਼ੀਨਾਂ ਦੇ ਹਵਾਲੇ ਕਰ ਕੇ ਜਿਵੇਂ ਜਿੰਮ 'ਚੋਂ ਸਿੱਧਾ ਇਸ ਮੀਟਿੰਗ ਵਿੱਚ ਆ ਵੜਿਆ
ਹੋਵੇ। ਉਡੀਕਵਾਨਾਂ ਵੱਲ ਮੁਸਕ੍ਰਾਹਟ ਦਾ ਹਲਕਾ ਜਿਹਾ ਛਿੱਟਾ ਸੁੱਟ ਕੇ ਆਪਣੇ ਹੱਥ 'ਚ ਫੜੇ
ਫ਼ਾਇਲ-ਫ਼ੋਲਡਰ ਨੂੰ ਉਸ ਨੇ ਮੇਜ਼ ਉੱਤੇ ਟਿਕਾਅ ਦਿੱਤਾ। ਟਰੈਕ ਸੂਟ ਦੀ ਜੇਬ 'ਚੋਂ ਕੱਢੇ
ਨੈਪਕਿਨ ਨੂੰ ਉਹਨੇ ਜਦ ਆਪਣੀ ਐਨਕ ਦੇ ਸ਼ੀਸ਼ੇ ਉਦਾਲ਼ੇ ਲਪੇਟ ਕੇ ਮਲ਼ਿਆ, ਮੈਂ ਸੋਚਿਆ ਇਹ ਗੋਰਡਨ
ਦਾ ਸਹਾਇਕ ਹੋਣਾ ਐਂ, 'ਬਾਸ' ਦੀ ਆਮਦ ਤੋਂ ਪਹਿਲਾਂ ਕਲਾਸਰੂਮ ਦਾ ਜਾਇਜ਼ਾ ਲੈਣ ਆਇਆ ਸਹਾਇਕ!
ਫਿਰ ਉਹਨੇ ਆਪਣੀ ਮੁਸਕ੍ਰਾਹਟ ਨੂੰ ਸਾਡੇ ਵੱਲ ਘੁੰਮਾਇਆ: ਗੁਡ ਮੋਰਨਿੰਗ ਫ਼ੋਅਕਸ! ਵੈੱਲਕਮ ਟੂ
ਦ ਇੰਗਲਿਸ਼ ਡਪਾਰਟਮੈਂਟ ਐਟ ਵੌਟਰਲੂਅ! ਮੈਂ ਮੁਖੀ ਆਂ ਅੰਗਰੇਜ਼ੀ ਡਪਾਰਟਮੈਂਟ ਦਾ!
-ਗੋਅਅਰਡਨ? ਬੇਯਕੀਨੀ ਮੇਰੇ ਮੱਥੇ 'ਚ ਮੁੱਠੀ ਵਾਂਗਣ ਇਕੱਠੀ ਹੋ ਗਈ। -ਆਹ ਐ ਗੋਰਡਨ
ਸਲੇਥਾਗ?
ਬੇਝਿਜਕ ਹੋ ਕੇ ਉਸ ਤੀਕ ਪਹੁੰਚ ਕਰਨ ਦੇ ਸੱਦੇ ਨੂੰ ਮੁਕਾਅ ਕੇ, ਗੋਰਡਨ ਨੇ ਹਰ ਵਿਦਿਆਰਥੀ
ਨੂੰ ਆਪਣੇ ਬਾਰੇ ਕੁਝ ਦੱਸਣ ਲਈ ਆਖ ਦਿੱਤਾ।
-ਅੱਛਾਅਅ? ਮੇਰੀ ਛਾਤੀ 'ਚ ਟੋਆ ਫੈਲਣ ਲੱਗਾ। -ਮੈਨੂੰ ਵੀ ਦੱਸਣਾ ਪੈਣੈ ਕੁਝ ਆਪਣੇ ਬਾਰੇ
ਗੋਰਿਆਂ ਦੇ ਐਡੇ ਵੱਡੇ ਇਕੱਠ 'ਚ?'
ਪਹਿਲੀ ਕਤਾਰ ਤੋਂ ਸ਼ੁਰੂ ਹੋ ਕੇ, ਇਕੱਲੇ ਇੱਕਲੇ ਵਿਦਿਆਰਥੀ ਦੇ ਬੁੱਲ੍ਹਾਂ 'ਚੋਂ ਉਹਦੀ
ਵਾਕਫ਼ੀ ਕਿਰਨ ਲੱਗੀ: ਕੋਈ ਵਿਨਜ਼ਰ ਤੋਂ ਆਇਆ ਪੀਟਰ ਸੀ, ਕੋਈ ਮਿਸੀਸੌਗਾ ਤੋਂ ਲਿੰਡਾ! ਕੋਈ
ਹੈਮਿਲਟਨ ਦੀ ਮਾਰਗਰਿਟ, ਕੋਈ ਵੌਟਰਲੂ ਦਾ ਗਰੈੱਗ ਤੇ ਕੋਈ ਐਡਮੰਟਨ ਤੋਂ ਸਟੀਵਨ ਜਾਂ ਡੈਬਰਾ!
ਫ਼ਿਰ ਇਕ ਡੈਸਕ ਤੋਂ ਦੋ ਸਕੀਆਂ ਭੈਣਾਂ ਉੱਠੀਆਂ: ਉਹ ਜੋ ਵੀ ਬੋਲੀਆਂ, ਉਹ ਮੇਰੇ ਕੰਨਾਂ 'ਚ
ਮਿਆਂਊਂ-ਮਿਆਂਊਂ ਕਰ ਕੇ ਫਰਸ਼ ਉੱਪਰ ਕਿਰ ਗਿਆ; ਸਿਰਫ਼ ਦੋ ਸ਼ਬਦ ਹੀ ਮੇਰੇ ਹੱਥ ਲੱਗੇ: ਇਕ
'ਸਕਾਟਲੈਂਡ' ਤੇ ਦੂਸਰਾ 'ਸਕਾਲਾਸ਼ਿਪ'।
ਆਪਣੀ-ਆਪਣੀ ਵਾਕਫ਼ੀਅਤ ਕਰਾਉਣ ਵਾਲ਼ਿਆਂ ਦੀ ਵਾਰੀ ਮੇਰੇ ਵੱਲੀਂ ਦੌੜੀ ਆ ਰਹੀ ਸੀ, ਤੇ ਮੈਂ
ਦਿਮਾਗ਼ ਵਿੱਚ ਫ਼ਰੋਲ਼ਾ-ਫ਼ਰੋਲ਼ੀ ਕਰਦਾ ਹੋਇਆ ਸ਼ਬਦਾਂ ਨੂੰ ਆਪਣੀ ਜੀਭ ਉੱਤੇ ਇਕੱਠੇ ਕਰਨ ਵਿੱਚ
ਰੁੱਝਿਆ ਹੋਇਆ ਸਾਂ। ਪਰ ਜੀਭ ਉੱਪਰ ਜੁੜੇ ਲਫ਼ਜ਼ 'ਡਿਗੂੰ-ਉੱਠੂੰ, ਡਿਗੂੰ-ਉਠੂੰ' ਕਰਨ ਲੱਗ ਪਏ
ਸਨ। ਹੁਣ ਤੀਕ ਦੇ ਤਮਾਮ ਬੁਲਾਰਿਆਂ ਦੀ ਅੰਗਰੇਜ਼ੀ, ਜੰਮੀ ਹੋਈ ਝੀਲ ਉੱਪਰ ਸੁੱਟੀ ਡੀਟੀ
ਵਾਂਙਣ, ਇਕਸਾਰ ਰੁੜ੍ਹ ਰਹੀ ਸੀ, ਪਰ ਮੈਂ ਜਿਹੜੇ ਵੀ ਲਫ਼ਜ਼ ਨੂੰ ਪਕੜਨ ਲਗਦਾ, ਉਹ ਲੰਙੜਾਉਂਦਾ
ਹੋਇਆ ਪਰਲੇ ਪਾਸੇ ਨੂੰ ਖਿਸਕ ਜਾਂਦਾ।
ਹੁਣ ਮੇਰੇ ਅੰਦਰ ਅੰਗਰੇਜ਼ੀ ਦੇ ਸ਼ਬਦ ਮੈਨੂੰ ਮਿਹਣੇ ਦੇਣ ਲੱਗੇ: ਓਏ, ਸਾਡੇ ਉਚਾਰਣ ਨੂੰ ਤਾਂ
ਸੁਧਾਰ ਲੈ ਪਹਿਲਾਂ!
-ਕੀ ਸੋਚਣਗੇ ਇਹ ਗੋਰੇ ਤੇਰੇ ਮੂੰਹ 'ਚੋਂ ਡਿੱਗ ਰਹੇ ਸ਼ਬਦਾਂ ਦੇ 'ਚਿੱਬਾਂ' ਨੂੰ ਦੇਖ-ਸੁਣ
ਕੇ? ਮੇਰੇ ਅੰਦਰ ਭੈਅ ਬੋਲਣ ਲੱਗਾ।
ਲਾਗਲੀ ਗੋਰੀ ਕੁੜੀ ਕਦੋਂ ਉੱਠੀ ਤੇ ਆਪਣੀ ਵਾਰੀ 'ਚ ਉਹ ਕੀ ਕਹਿ ਗਈ, ਮੈਨੂੰ ਸੁਣਿਆਂ ਈ
ਨਹੀਂ; ਮੈਂ ਤਾਂ ਆਪਣੀ ਜੀਭ ਨੂੰ ਗੋਲ਼ਾਈ 'ਚ ਰੱਖਣ ਦੀ ਕੋਸ਼ਿਸ਼ 'ਚ ਸਾਂ। ਮੇਰੀ ਕਮੀਜ਼ ਦੀਆਂ
ਬਗ਼ਲਾਂ ਤਾਂ ਗਵਾਂਢਣ ਕੁੜੀ ਦੇ ਉਠਦਿਆਂ ਹੀ ਗਿੱਲੀਆਂ ਹੋ ਗਈਆਂ ਸਨ; ਹੁਣ ਜਦੋਂ ਉਹ ਬੈਠ ਗਈ
ਤਾਂ ਮੇਰਾ ਮੱਥਾ ਵੀ ਤਰ ਹੋਣ ਲੱਗਾ। ਮੈਨੂੰ ਜਾਪਿਆ ਕਲਾਸਰੂਮ 'ਚ ਬੈਠੇ ਤਮਾਮ ਚਿਹਰੇ ਮੇਰੇ
ਵੱਲੀਂ ਗਿੜ ਗਏ ਸਨ! ਮੇਰੇ ਗਲ਼ੇ 'ਚੋਂ ਹਲਕਾ ਜਿਹਾ ਖੰਘੂਰਾ ਰੀਂਗਿਆ: ਸ਼ਾਇਦ ਯਕੀਨੀ ਬਣਾਉਣ
ਲਈ ਕਿ ਮੇਰੇ ਸੰਘ 'ਚ ਆਵਾਜ਼ ਸੀ ਵੀ ਕਿ ਨਹੀਂ!
-ਮਾਈ... ਮਾਈ ਨੇਮ ਇਜ਼ਅਅ ਇਕਬਾਅਲ ਗਿੱਲ਼... ਆਈ ਐਮਅਅ... ਫ਼ਰੌਮ... ਇੰਡੀਆ... ਆਈ
ਕੇਮਅਅ... ਫ਼ਰੌਮ ਇੰਡੀਆ ਐਜ਼ਅਅ... ਇੰਮੀਗਰੈਂਟ... ਟੂਅ ਯੀਅਰਜ਼ ਬੈਕਅਅ...
'ਕਹਿ ਅੱਗੇ ਹੁਣ ਬਈ ਲੈਕਚਰਰ ਸੀ ਅੰਗਰੇਜ਼ੀ ਦਾ?' ਮੇਰੇ ਸਿਰ 'ਚ ਮੇਰੀ ਹੀ ਆਵਾਜ਼ ਹੱਸੀ।
'ਢਕਿਆ ਰਹਿ, ਢਕਿਆ!' ਦੂਜੀ ਆਵਾਜ਼ ਵਿਲਕ ਉੱਠੀ।
***
ਅਗਲੇ ਦਿਨ ਐਮæ ਏæ ਦੇ ਤਿੰਨ ਕੋਰਸ ਆਪਣੇ ਆਪਣੇ ਹਥਿਆਰ ਲੈ ਕੇ ਮੋਰਚਿਆਂ 'ਚੋਂ ਬਾਹਰ ਆ ਗਏ।
ਪਹਿਲੀ ਕਲਾਸ 'ਰੀਸਰਚ ਦੀਆਂ ਵਿਧੀਆਂ': ਸਾਹਿਤਿਕ ਵਿਸ਼ਲੇਸ਼ਣ ਦੀਆਂ ਪੁਰਾਣੀਆਂ ਤੇ ਨਵੀਆਂ
ਥੀਅਰੀਆਂ ਕਲਾਸਰੂਮ ਵਿੱਚ ਇੱਕ-ਦੂਜੀ ਨਾਲ਼ ਸਿੰਗ ਫਸਾਉਣ ਲੱਗੀਆਂ! ਪ੍ਰੋਫ਼ੈਸਰ ਮਲਕੜੇ ਜੇਹੇ
ਇੱਕ ਨੁਕਤਾ ਰੋੜ੍ਹਦਾ, ਤਾਂ ਵਿਦਿਆਰਥੀ ਦੀਆਂ ਜੀਭਾਂ ਹਾਕੀਆਂ 'ਚ ਬਦਲ ਜਾਂਦੀਆਂ: 'ਠਾਹ
ਠਾਹ' ਟੋਣੇ ਵਰ੍ਹਨ ਲਗਦੇ। ਇੱਕ ਜਣਾ ਕਿਸੇ ਨੁਕਤੇ ਨੂੰ ਰੋਕਦਾ, ਤਾਂ ਚਾਰ-ਪੰਜ ਸਹਿਪਾਠੀ
'ਅਲੀ-ਅਲੀ' ਕਰ ਉੱਠਦੇ।
ਮੇਰੀਆਂ ਅੱਖਾਂ, ਮੇਰੇ ਬੁੱਲ੍ਹਾਂ ਅੰਦਰ ਭਿੜੇ ਹੋਏ ਫਾਟਕ ਨੂੰ ਮੁਖ਼ਾਤਿਬ ਹੋਣ ਲੱਗੀਆਂ: ਤੂੰ
ਵੀ ਖੁਲ੍ਹ ਝੀਥ ਕੁ ਭਰ!
ਅਗਲੇਰੇ ਦਿਨ ਸ਼ੈਕਸਪੀਰੀਅਨ ਡਰਾਮੇ ਦਾ ਕੋਰਸ! ਪ੍ਰੋਫ਼ੈਸਰ ਜੋਰਜ ਹਿਬਅਰਡ ਕਲਾਸ ਵਿੱਚ ਦਾਖ਼æਲ
ਹੋਣ ਲੱਗਾ ਤਾਂ ਉਦ੍ਹੇ ਸਿਰ ਉੱਪਰਲਾ ਟੋਅਕæ (ਟੋਪਾ) ਚੁਗਾਠ ਦੇ Aੱਪਰਲੇ ਹਿੱਸੇ ਨੂੰ ਛੂਹ
ਰਿਹਾ ਸੀ! ਉਦ੍ਹੀਆਂ ਗੱਲ੍ਹਾਂ ਦੇ ਢਿਲ਼ਕਾਅ 'ਚ ਮੂਲੋਂ ਈ ਬਰੀਕ-ਬਰੀਕ ਧਾਰੀਆਂ ਦੀ ਲਾਲੀ, ਤੇ
ਛਾਤੀ ਤੀਕਰ ਲਮਕੀ ਹੋਈ ਠੋਡੀ ਨੇ ਹੇਠਲੇ ਬੁੱਲ੍ਹ ਨੂੰ ਹੇਠਾਂ ਵੱਲ ਖਿੱਚਿਆ ਹੋਇਆ! ਉਹਦੇ
ਦਸਤਾਨਿਆਂ ਵਰਗੇ ਹੱਥਾਂ ਨੇ ਉਹਦੇ ਸਿਰ ਨੂੰ ਟੋਪੇ ਤੋਂ ਆਜ਼ਾਦ ਕਰਾਇਆ ਤਾਂ ਪੰਜਿਆਂ
ਜੇਡੇ-ਜੇਡੇ ਕੰਨਾਂ ਦੀ ਬਜ਼ੁਰਗੀ 'ਡਿੱਗੂੰ-ਡਿੱਗੂੰ' ਕਰਨ ਲੱਗੀ। ਉਂਗਲ਼ਾਂ ਦੀ ਹਲਕੀ ਜਿਹੀ
ਕੰਬਣੀ 'ਚ ਫੜੀਆਂ ਐਨਕਾਂ, ਉਹਦੇ ਲੰਬੂਤਰੇ ਨੱਕ ਦੀ ਬੰਨ ਉੱਪਰ ਟਿਕ ਗਈਆਂ, ਤੇ ਜੌਰਜ
ਹਿਬਅਰਡ ਦਾ ਚਿਹਰਾ ਵਿਦਿਆਰਥੀਆਂ ਵੱਲ ਨੂੰ ਸੇਧਿਤ ਹੋ ਗਿਆ।
-ਐਜ਼ ਯੂ ਨੋਅਅਅ, ਉਹਦੀ ਡੁੱਬਦੀ-ਉੱਭਰਦੀ ਆਵਾਜ਼ 'ਚੋਂ ਬੁਢਾਪੇ ਦਾ ਘੁਣ ਝੜਨ ਲੱਗਾ। -ਆ'ਮ
ਨੋਅਨ ਐਜ਼ ਜੋਰਜ ਹਿਬਅਅਰਡ ਇਨ ਦਿਸ ਯੂਨਾਵਰਸਿਟੀ, ਰਗੜਵੀਂ ਆਵਾਜ਼ 'ਚ ਆਪਣਾ ਵਿਖਿਆਨ ਜਾਰੀ
ਰਖਦਿਆਂ ਉਹ ਆਪਣੇ ਬੁੱਲ੍ਹਾਂ ਉਦਾਲਿਓਂ 'ਡਿਗਪੀ-ਡਿਗਪੀ' ਕਰਦੀ ਮੁਸਕਾਣ ਨੂੰ ਕਾਬੂ 'ਚ ਰੱਖਣ
ਦੀ ਕੋਸ਼ਿਸ਼ ਕਰ ਰਿਹਾ ਸੀ: ਆਈ ਵੈੱਲਕਮ ਯੂ ਔਅਅਲ ਟੂ ਮਾਈ ਕਲੈਅਅਸ਼...
ਫ਼ਿਰ ਉਹ ਦੱਸਣ ਲੱਗਾ, ਉਹ ਕਈ ਸਾਲ ਪਹਿਲਾਂ ਐਕਟਿਵ ਟੀਚਿੰਗ ਤੋਂ ਰਟਾਇਰ ਹੋ ਗਿਆ ਸੀ, ਪਰ
"ਯੂਨਾਵਰਸਿਟੀ ਫੋਅਕਸ ਮੈਨੂੰ ਅਰਾਅਅਮ ਨਹੀਂ ਕਰਨ ਦਿੰਦੇਅਅ: ਕਹਿੰਦੇ 'ਸ਼ੇਕਸਪੀਅਅਰ ਵਿਲ
ਫ਼ੀਅਲ ਓਰਫੰਅਅਡ ਵਿਦਆਊਟ ਮੀਅਅ, ਹਾਅਅ ਹਾਅਅ ਹਾਅਅ!'
ਹੁਣ ਉਸਨੇ ਆਪਣੀਆਂ ਐਨਕਾਂ ਨੂੰ ਆਪਣੇ ਹੱਥ ਵਿਚਲੀ ਸ਼ੀਟ ਵੱਲ ਨੂੰ ਗੇੜ ਲਿਆ।
'ਕੱਲੇ-'ਕੱਲੇ ਵਿਦਿਆਥੀ ਦਾ ਨਾਮ ਉਹਦੇ ਬੁਲ੍ਹਾਂ 'ਚੋਂ ਕਿਰਨ ਲੱਗਾ: ਉਹ ਆਪਣੀ ਠੋਡੀ ਨੂੰ
ਛਾਤੀ ਵੱਲ ਨੂੰ ਖਿਚ ਕੇ ਆਪਣੀਆਂ ਅੱਖਾਂ ਨੂੰ ਐਨਕਾਂ ਦੇ ਫਰੇਮ ਉੱਪਰੋਂ ਦੀ ਲਿੰਡਾ, ਜਾਨ੍ਹ
ਜਾਂ ਪੀਟਰ ਦੇ ਚਿਹਰੇ ਉੱਪਰ ਸੇਧਦਾ, ਤੇ ਫ਼ਿਰ ਪੰਦਰਾਂ ਵੀਹ ਸਕਿੰਟਾਂ ਲਈ ਸੇਧੀ ਰਖਦਾ। ਮੇਰਾ
ਨਾਮ ਪੁਕਾਰ ਕੇ ਉਹਨੇ ਆਪਣੀਆਂ ਅੱਖਾਂ 'ਚ ਉੱਗ-ਆਈ ਬੁੱਢੀ ਮੁਸਕ੍ਰਾਹਟ ਨੂੰ ਮੇਰੇ ਚਿਹਰੇ
ਵੱਲ ਫ਼ੈਲਾਅ ਦਿੱਤਾ: ਠੀਕ ਈ ਪੁਕਾਰਿਐ ਤੇਰਾ ਨਾਮ ਮੈਂ ਇਕਬਾਅਲ?
ਮੇਰੇ ਵੱਲੋਂ 'ਪਰਫ਼ੈਕਟ' ਕਹੇ ਜਾਣ ਤੋਂ ਬਾਅਦ ਉਹ ਬੋਲਿਆ: ਇਕਬਾਅਅਲ! ਆਈ ਵੁਡ ਲਾਈਅਅਕ ਟੂ
ਸਪੈਂਡ ਅ ਫ਼ਿਊ ਮੋਮੈਂਟਸ ਵਿਦ ਯੂਅਅ ਐਫ਼ਟਰ ਦ ਕਲੈਅਅਸ!
ਹੁਣ ਉਹਦੇ ਬੈਗ਼ ਵਿਚਲੀ 'ਪਰਜਾ' ਜਾਗਣ ਲੱਗੀ: ਪਹਿਲਾਂ ਇਕ ਸਮੋਕਿੰਗ-ਪਾਈਪ ਤੇ ਫ਼ਿਰ ਇਕ
ਗੋਲਾਈਦਾਰ ਡੱਬੀ ਪਰਗਟ ਹੋਈਆਂ: ਡੱਬੀ ਵਿੱਚੋਂ ਭੂਰੇ ਰੰਗ ਦੇ ਰੇਸ਼ੇ, ਉਹਦੀਆਂ ਉਂਗਲ਼ਾਂ ਦੀ
ਕੰਬਣੀ 'ਚ, ਇਕ-ਦੂਜੇ ਤੋਂ ਜੁਦਾ ਹੋਣ ਲੱਗੇ। ਰੇਸ਼ਿਆਂ ਦੀ ਭਰਵੀਂ ਚੂੰਢੀ ਪਾਈਪ ਦੇ
ਗੋਲਾਈਦਾਰ ਮੂੰਹ ਦੀ ਸਖਣੱਤ 'ਚ ਟਿਕਾਉਣ ਤੋਂ ਬਾਅਦ, ਪਾਈਪ ਦੇ ਪਤਲੇ ਪਾਸੇ ਨੂੰ ਦੰਦਾਂ ਹੇਠ
ਕਰ ਕੇ ਉਹਨੇ ਤੀਲਾਂ ਵਾਲ਼ੀ ਡੱਬੀ ਨੂੰ ਹਲੂਣਿਆਂ।
ਅਗਲੇ ਛਿਣਾਂ 'ਚ ਧੂੰਏਂ ਦੀ ਸੰਘਣੱਤ 'ਚੋਂ ਨਿਕਲ਼ੀ ਤੰਬਾਖੂਆ-ਗੰਧ ਸਾਰੇ ਕਮਰੇ 'ਚ ਗਸ਼ਤ ਕਰਨ
ਲੱਗੀ। ਚੰਦ ਕੁ ਛਿਣਾਂ ਬਾਅਦ ਉਹਦੇ ਕਸ਼ਾਂ 'ਚੋਂ ਸ਼ੇਕਸਪੀਰ ਦੇ ਪਾਤਰ ਪਰਗਟ ਹੋਣ ਲੱਗੇ: ਕਦੇ
'ਓਥੈਲੋ' ਦੀਆਂ ਤਿਊੜੀਆਂ 'ਚੋਂ ਈਰਖਾ ਝੜਦੀ ਤੇ ਕਦੇ ਕਿੰਗ ਲੀਅਰ ਦੇ ਹੰਝੂ ਕਿਰਨ ਲਗਦੇ ਤੇ
ਕਦੇ ਜੂਲੀਅਟ ਸਿਸਕਣ ਲਗਦੀ। ਇਹ ਸੀ ਜੋਰਜ ਹਿਬਅਰਡ: ਨਾ ਹੱਥ 'ਚ ਕੋਈ ਕਿਤਾਬ ਤੇ ਨਾ ਕੋਈ
ਨੋਟਬੁੱਕ! ਸਿਰਫ਼ ਸੱਜੇ ਅੰਗੂਠੇ ਤੇ ਉਂਗਲ਼ਾਂ ਵਿਚਕਾਰ ਟਿਕਿਆ ਹੋਇਆ ਪਾਈਪ ਦਾ ਸਿਰ ਅਤੇ ਵਾਰ
ਵਾਰ ਉਸਦੇ ਬੁੱਲ੍ਹਾਂ ਵੱਲ ਨੂੰ ਉੱਲਰਦੀ ਉਸਦੀ ਸਮੋਕਿੰਗ-ਪਾਈਪ ਦੀ ਚੁੰਝ! ਹਿਬਅਰਡ ਸੂਟਾ
ਖਿਚਦਾ ਤੇ ਉਸਦੇ ਬੁਲ੍ਹਾਂ 'ਚੋਂ ਨਿਕਲ਼ਦੇ ਵਰੋਲਿਆਂ ਵਿੱਚੋਂ ਸ਼ੈਕਸਪੀਅਰ ਦੀਆਂ ਸਤਰਾਂ ਬਰਸਣ
ਲਗਦੀਆਂ, ਤੇ ਰੁਕਣ ਦਾ ਨਾਮ ਹੀ ਨਾ ਲੈਂਦੀਆਂ।
ਮੈਨੂੰ ਯਕੀਨ ਹੋਣ ਲੱਗਾ ਕਿ ਸ਼ੇਕਸਪੀਅਰ ਨੇ ਵਾਕਿਆ ਹੀ ਹਿਬਅਰਡ ਬਿਨਾ ਇਸ ਯੂਨਾਵਰਸਿਟੀ ਵਿੱਚ
ਯਤੀਮ ਹੋ ਜਾਣਾ ਸੀ।
ਪਰ ਮੇਰੇ ਅੰਦਰ ਸੁੰਗੜ ਰਹੇ 'ਇਕਬਾਲ' ਨੂੰ ਸਲ੍ਹਾਬ ਚੜ੍ਹੀ ਜਾ ਰਹੀ ਸੀ; ਬਾਕੀ ਸਹਿਪਾਠੀ
ਕੁਤਰ-ਕੁਤਰ ਕਰਦੀ ਅੰਗਰੇਜ਼ੀ 'ਚ ਹਿਬਅਰਡ ਨਾਲ਼ ਤੇ ਇੱਕ-ਦੂਜੇ ਨਾਲ਼ ਸ਼ਬਦੋ-ਸ਼ਬਦੀ ਹੁੰਦੇ,
ਇੱਕ-ਦੂਜੇ ਦੀਆਂ ਦਲੀਲਾਂ ਦਾ ਕੁਤਰਾ ਕਰ ਰਹੇ ਸਨ, ਤੇ ਮੈਂ ਹਰ ਪਲ ਗੁੰਗਾ ਹੋਈ ਜਾ ਰਿਹਾ
ਸਾਂ।
ਵਿਦਿਆਰਥੀਆਂ ਨੇ ਆਪਣੀਆਂ ਕਿਤਾਬਾਂ ਤੇ ਨੋਟਬੁੱਕਾਂ ਨੂੰ ਆਪਣੇ ਬੈਕਪੈਕਾਂ 'ਚ ਟਿਕਾਅ
ਦਿੱਤਾ। ਹਿਬਅਰਡ ਨੇ ਆਪਣੀ ਪਾਈਪ ਦੇ ਸਿਰ ਨੂੰ ਕਾਫ਼ੀ ਮੱਗ ਦੇ ਮੂੰਹ 'ਤੇ ਪੁੱਠੇ-ਰੁਖ਼ ਕਰ ਕੇ
ਦੋ-ਤਿੰਨ ਵਾਰੀ ਠੋਲਿਆ: ਪਾਤਰਾਂ ਦੇ ਡਾਇਲਾਗਾਂ ਦੀ ਧੂੜ, ਮੱਗ ਵਿੱਚ ਝੜਨ ਲੱਗੀ।
-ਇਕਬਾਅਅਲ, ਉਸ ਨੇ ਆਪਣੀਆਂ ਨੈਣ-ਗੋਲ਼ੀਆਂ ਵਿੱਚ ਥਰਕਦੀ ਨੀਲੱਤਣ ਮੇਰੇ ਵੱਲ ਫ਼ੈਲਾਅ ਦਿੱਤੀ।
-ਬਰਿਟਿਸ਼ ਨੇਵੀ 'ਚ ਸੀ ਉਹ ਵੌਟਰਲੂਅ ਆਉਣ ਤੋਂ ਪਹਿਲਾਂ... 'ਬੰਬਾਏ' ਤੇ 'ਡਾ੍ਹਕਾ' ਤੇ
'ਕਰੈਚੀ'... ਪੋਸਟਡ ਰਿਹਾਂ ਉਹ ਇਨ੍ਹਾਂ ਸਾਰੀਆਂ ਬੰਦਰਗਾਹਾਂ 'ਤੇ!
-ਆਈ ਵਾ'ਨਾ ਗਿਵ ਯੂ ਸਮ ਅਡਵਾਇਅਅਸ; ਹੋਪ ਯੂ ਵੌਂ'ਟ ਮਾਈਂਅਅਡ, ਇਕਬਾਅਅਲ!
ਤੇ ਫ਼ਿਰ ਉਹਨੇ ਭਾਰਤੀ ਲੋਕਾਂ ਦੇ ਉਚਾਰਣ ਤੇ ਗਰੈਮਰ ਤੇ ਪੰਕਚੂਏਸ਼ਨ ਦੀ ਵਰਤੋਂ ਵਿੱਚ ਕੀਤੀਆਂ
ਜਾਂਦੀਆਂ ਗ਼ਲਤੀਆਂ ਦੀ ਪੋਟਲੀ ਖੋਲ੍ਹ ਲਈ: 'ਇੰਡੀਅਨ ਪੀਅਪਲ ਟੈਂਡ ਟੂ ਹੈਅਵ ਰਿਚ
ਵੋਕੈਵਿਊਲੈਅਰੀਅ, ਬਟ... ਯੂਅਰ ਲੈਂਗੂਇਜ ਡਜ਼'ਅੰਟ ਹੈਵ ਦ ਆਰਟੀਕਲਜ਼ 'ਦ' ਐਂਡ 'ਅ'; ਐਂਡ ਆਈ
ਅੰਡਰਸਟੈਂਅਡ ਵ੍ਹਾਏ ਦੇਅ ਲੈਅਕ ਓਰਲ ਫ਼ਲੂਐਂਸੀਅਅ!'
ਉਹੀ ਸਮੋਕਿੰਗ ਪਾਈਪ ਤੇ ਤੰਬਾਖੂ ਵਾਲੀ ਡੱਬੀ ਉਹਦੇ ਬੈਗ਼ ਅੰਦਰ ਹੋਣ ਲੱਗੀਆਂ।
-ਤੂੰ ਬਹੁਤ ਵੱਡੀ ਯੂਨਾਵਰਸਿਟੀ ਵਿੱਚੋਂ ਮਾਸਟਰ'ਜ਼ ਡਿਗਰੀ ਲੈਣੀ ਹੈ, ਇਕਬਾਅਅਲ,' ਉਦ੍ਹੇ
ਬੁੱਲ੍ਹਾਂ ਉੱਪਰ ਮੁਸਕ੍ਰਾਟ੍ਹ ਦੀ ਛਾਂ ਜਿਹੀ ਹਿੱਲਣ ਲੱਗੀ। -ਤੇ ਉਹ ਵੀ ਇੰਗਲਿਅਸ਼ 'ਚ!
ਉਹਨੇ ਆਪਣੀਆਂ ਐਨਕਾਂ ਦੀਆਂ ਬਾਹਾਂ ਇਕ-ਦੂਜੀ ਵੱਲ ਝੁਕਾਅ ਦਿੱਤੀਆਂ। -ਰੀਸਰਚ ਪੇਪਰ ਦੀਆਂ
ਤਕਨੀਕਾਂ ਤੇ ਜੁਗਤਾਂ... ਇਹ ਸਭ ਕੁਝ ਅਗਰ ਤੇਰੀ ਪਕੜ 'ਚ ਨਾ ਆਇਆ ਤਾਂ...
ਹਿਬਅਅਡ ਦੇ ਮਖਣਈ ਲਫ਼ਜ਼ਾਂ ਅੰਦਰਲੀ ਰਗੜ ਮੇਰੇ ਮੱਥੇ 'ਚ ਝਰੀਟਾਂ ਖੋਦਣ ਲੱਗੀ।
-ਐਨੀ ਰੀਜ਼ੋਰਸ ਆਈ ਸ਼ੁਡ ਬੀ ਕਨਸਲਟਿੰਗ ਟੂ ਲਰਨ ਆਲ ਦੀਜ਼ ਥਿੰਗਜ਼? ਮੈਂ ਆਪਣੀ ਥਥਲਾਹਟ ਨੂੰ
ਕਾਬੂ ਕਰਦਿਆਂ ਪੁੱਛਿਆ।
-ਓ ਯਾਅ! ਹਿੱਬਅਰਡ ਆਪਣੀਆਂ ਐਨਕਾਂ ਦੀਆਂ ਬਾਹਾਂ ਨੂੰ ਖੋਲ੍ਹਦਿਆਂ ਬੋਲਿਆ। -'ਯੂਨਾਵਰਸਿਟੀ'
ਦੇ ਬੁੱਕਸਟੋਰ ਤੋਂ ਆਹ ਕਿਤਾਬ ਖ਼ਰੀਦ ਲਾ ਹੁਣੇ ਈ, ਉਹਨੇ ਆਪਣੇ ਬੈਗ਼ 'ਚੋਂ ਚਾਲ਼ੀ ਕੁ ਸਫ਼ੇ ਦੀ
ਇਕ ਕਿਤਾਬ ਮੇਰੇ ਸਾਹਮਣੇ ਟਿਕਾਅ ਦਿੱਤੀ।
ਪਹਿਲੇ ਦਿਨ 'ਰੀਸਰਚ ਦੀਆਂ ਵਿਧੀਆਂ' ਵਾਲ਼ੀ ਕਲਾਸ 'ਚ ਵੱਜੇ ਸ਼ਬਦਾਂ ਦੇ ਟੋਣੇ, ਤੇ ਫ਼ਿਰ ਹੁਣੇ
ਹੀ ਹਿਬਅਰਡ ਦੇ ਕੂਲ਼ੇ ਸ਼ਬਦਾਂ 'ਚ ਲਿਪਟੀ ਚਿਤਾਵਨੀ! ਇਹ ਸਭ ਮੇਰੇ ਦਿਮਾਗ਼ 'ਚ ਰੋੜ ਖੜਕਾਈ ਜਾ
ਰਹੇ ਸਨ। ਫ਼ਲੈਟ ਵੱਲ ਜਾਂਦਿਆਂ ਮੈਨੂੰ ਇੰਝ ਜਾਪਣ ਲੱਗਾ ਜਿਵੇਂ ਮੇਰੇ ਅੰਦਰੋਂ ਕੋਈ ਤੰਬੂ
ਉੱਖੜ ਗਿਆ ਹੋਵੇ ਤੇ ਉਹਦੇ ਵਿੱਚੋਂ ਨਿੱਕਲ਼ੀ ਜ਼ਖ਼ਮੀ ਅੰਗਰੇਜ਼ੀ ਲੜਖੜਾਉਂਦੀ ਹੋਈ ਮੇਰੇ ਪਿੱਛੇ
ਆ ਰਹੀ ਹੋਵੇ।
ਫ਼ਲੈਟ ਦਾ ਦਰਵਾਜ਼ਾ ਖੋਲ੍ਹਿਆ: ਅੰਦਰਲੀ ਖ਼ਾਮੋਸ਼ੀ ਨੇ, ਮੇਰੇ ਅੰਦਰ ਜਮ੍ਹਾਂ ਹੋ ਗਈ ਖ਼ਾਲੀਅਤ
ਨੂੰ ਹੰਗਾਲਣ ਲੱਗੀ।
ਡਾਈਨਿੰਗ ਟੇਬਲ ਉਦਾਲ਼ੇ ਖਲੋਤੀਆਂ ਖਾਲੀ ਕੁਰਸੀਆਂ ਦੀ ਚੁੱਪ ਬੋਲੀ, ਐਧਰ ਆ, ਤੈਨੂੰ ਦਿਲਾਸਾ
ਦੇਈਏ!
ਮੇਰੀਆਂ ਕੂਹਣੀਆਂ ਮੇਜ਼ ਉੱਤੇ ਤੇ ਮੱਥਾ ਦੋਹਾਂ ਹੱਥਾਂ ਦੀਆਂ ਤਲ਼ੀਆਂ ਨੇ ਥੰਮਿਆਂ ਹੋਇਆ!
- ਮੈਨੂੰ ਤਾਂ ਭੈਅ ਆਉਣ ਲੱਗ ਪਿਐ ਹਰੇਕ ਲਫ਼ਜ਼ ਤੋਂ ਈ! ਮੇਰੇ ਮੱਥੇ 'ਚ ਮੈਂ ਬੁੜਬੁੜਾਆਿ।
-ਪਰ ਕੋਸ਼ਿਸ਼ ਕਰ, ਕੋਸ਼ਿਸ਼! ਮੇਰਾ ਦਿਲ ਬੋਲਿਆ। -ਸਭ ਕੁਝ ਸਿਖੱਜੇਂਗਾ
ਤਲ਼ੀਆਂ ਉੱਤੇ ਟਿਕਿਆ ਹੋਇਆ ਮੇਰਾ ਚਿਹਰਾ ਸੱਜੇ-ਖੱਬੇ ਗਿੜਨ ਲੱਗਾ, ਤੇ ਗਿੜੀ ਹੀ ਗਿਆ।
-ਰੀਸਰਚ ਪੇਪਰ ਦੀਆਂ ਤਕਨੀਕਾਂ... ਗ੍ਰੈਮਰ ਤੇ ਪੰਕਚੂਏਸ਼ਨ ਦੀਆਂ ਬ੍ਰੀਕੀਆਂ... ਮੇਰੇ
ਬੁਲ੍ਹਾਂ ਦਾ ਘੁੱਟਣ-ਖੁਲ੍ਹਣ ਮੇਰੇ ਦੰਦਾਂ ਵਿਚਕਾਰ ਸਹਾਰਾ ਲੱਭਣ ਲੱਗਾ।
-ਅੰਗਰੇਜ਼ੀ ਦੇ ਉਚਾਰਣ 'ਚ ਐਨੇ ਸੰਘਣੇ ਚਿੱਬ!
ਮੇਰੀਆਂ ਅੱਖਾਂ 'ਚੋਂ ਸਿੰਮਣ ਲੱਗਾ ਡਰ ਮੇਰੇ ਨੱਕ ਦੀ ਕੋਂਪਲ਼ ਉੱਪਰ ਆ ਕੇ ਕੰਬਣ ਲੱਗਾ।
-ਦੋ ਸਾਲ ਦਾ ਕੋਰਸ ਐ ਐਮæ ਏæ ਦਾ, ਸਿਰ ਬੋਲਿਆ। -ਕਿਵੇਂ ਲੰਘਾਵੇਂਗਾ ਏਡਾ ਲੰਮਾਂ ਸਮਾਂ
ਤੂੰ ਆਪਣੇ ਟੁੱਟੇ-ਫੁੱਟੇ ਉਚਾਰਣ ਨਾਲ?
ਹਲਕੀ-ਹਲਕੀ ਸੁਰੜ-ਸੁਰੜ ਮੇਰੀਆਂ ਨਾਸਾਂ ਰਾਹੀਂ ਅੰਦਰ-ਬਾਹਰ ਹੋਣ ਲੱਗੀ, ਤੇ ਮੇਜ਼ ਉੱਤੇ
ਹੌਕਿਆਂ ਦੀ ਢੇਰੀ ਉਸਰਨ ਲੱਗੀ।
-ਛੱਡ ਪਰ੍ਹੇ ਐਮæ ਏæ ਸ਼ੈਮæ ਏæ ਨੂੰ: ਪੈਸੇ ਦੀ ਬਰਬਾਦੀ ਤੇ ਲੋਕਾਂ ਦੀਆਂ ਮਸ਼ਕਰੀਆਂ!
ਮੱਥੇ ਉੱਪਰ ਗੁੱਛਾ ਬਣੀ ਪ੍ਰੇਸ਼ਾਨੀ ਮੈਨੂੰ ਵਾਸ਼ਰੂਮ ਵੱਲ ਖਿੱਚ ਲਿਆਈ।
ਸ਼ੀਸ਼ੇ ਦੇ ਸਾਹਮਣੇ ਹੁਣ ਦੋ ਇਕਬਾਲ ਖਲੋਤੇ ਸਨ ਇੱਕ-ਦੂਜੇ ਦੇ ਸਾਹਮਣੇ: ਭਰਵੱਟਿਆਂ ਵਿਚਕਾਰ
ਉੱਘੜ ਆਈਆਂ ਖਾਲ਼ੀਆਂ ਨਾਲ, ਨਮੀ 'ਚ ਭਿੱਜੀਆਂ ਇੱਕ-ਦੂਜੇ ਦੀਆਂ ਨੈਣ-ਗੋਲ਼ੀਆਂ ਉੱਪਰ ਉੱਘੜ
ਰਹੀ ਲਾਲੀ ਨੂੰ ਪੜ੍ਹਦੇ ਹੋਏ!
-ਲੱਗ ਗਿਆ ਪਤਾ ਆਪਣੀ ਔਕਾਤ ਦਾ... ਬੋਲ ਹੁਣ! ਸ਼ੀਸ਼ੇ ਵਿਚਲਾ ਇਕਬਾਲ ਬੋਲਿਆ।
ਮੈਂ ਆਪਣੇ ਮਨ 'ਚ ਕਮਰਿਆਂ ਦੀਆਂ ਚਾਦਰਾਂ-ਵਿਛਾਉਣਿਆਂ ਨੂੰ ਇਕੱਠੇ ਕਰ ਕੇ ਗਾਰਬੇਜ ਬੈਗ
ਵਿੱਚ ਪੈਕ ਕਰਨ ਲੱਗਾ; ਕਿਚਨ ਦੇ ਦਰਾਜ਼ਾਂ 'ਚ ਸੁੱਤੇ ਤਵੇ, ਚਕਲ਼ੇ-ਵੇਲਣੇ, ਤੇ ਤਸਲੇ ਨੂੰ
ਹਲੂਣ ਕੇ ਮੈਂ ਪੋਲੀਥੀਨ ਦੇ ਲਿਫ਼ਾਫ਼ਿਆਂ ਨੂੰ ਢੂੰਡਣ ਲੱਗਾ, ਜਿਨ੍ਹਾਂ ਨੂੰ ਬੀਤੇ ਦਿਨੀਂ
ਸੁਖਸਾਗਰ ਨੇ ਕਿਸੇ ਦਰਾਜ਼ ਦੇ ਹਵਾਲੇ ਕਰ ਦਿੱਤਾ ਸੀ।
-ਠਹਿਰ ਜਾ, ਠਹਿਰ ਜਾ! ਸ਼ੀਸ਼ੇ ਵਿਚਲੇ ਇਕਬਾਲ ਦੀ ਗਰਜ ਸੁਣ ਕੇ ਸਾਰਾ ਫ਼ਲੈਟ ਕੰਬ ਉੱਠਿਆ। -ਕੀ
ਕਰੇਂਗਾ ਐਥੋਂ ਦੌੜ ਕੇ? ਸਿਗਰਟਾਂ ਦੀ ਬੋਅ ਈ ਝਾੜੀ ਜਾਵੇਂਗਾ ਟੈਕਸੀ 'ਚ ਸਾਰੀ ਉਮਰ, ਪੰਜਾਬ
ਤੋਂ ਲਿਆਂਦੀਆਂ ਡਿਗਰੀਆਂ ਨਾਲ਼?
-ਪਰ...
-ਕੋਈ ਪਰ-ਪੁਰ ਨੀ ਚੱਲਣੀ ਤੇਰੀ! ਸ਼ੀਸ਼ੇ ਵਿਚਲਾ ਇਕਬਾਲ ਕੜਕਿਆ। ਪਿੰਡ ਦੀਆਂ ਗਲੀਆਂ ਨੂੰ ਯਾਦ
ਕਰ ਜਿੰਨ੍ਹਾਂ ਉੱਤੇ ਨਿੱਕੀਆਂ-ਨਿੱਕੀਆਂ ਤਲ਼ੀਆਂ ਨੂੰ ਸਾੜਦਾ-ਸਾੜਦਾ ਕਿਵੇਂ ਸੁਧਾਰ ਕਾਲਜ 'ਚ
ਲੈਕਚਰਾਰੀ ਤੀਕ ਅੱਪੜ ਗਿਆ ਸੀ; ਓਸ ਇਕਬਾਲ ਨੂੰ ਜਗਾਅ!
ਅਗਲੇ ਦਿਨ ਤੋਂ ਯੂਨੀਵਰਸਿਟੀ ਦੀ ਲਾਇਬਰੇਰੀ ਦੀਆਂ ਸ਼ੈਲਫ਼ਾਂ ਅੱਧੀ ਰਾਤ ਤੀਕਰ ਮੈਨੂੰ ਮੇਜ਼
ਉੱਤੇ ਝੁਕਾਈ ਰੱਖਣ ਲੱਗੀਆਂ। ਹਿਬਅਰਡ ਵੱਲੋਂ ਸੁਝਾਈ ਕਿਤਾਬ ਮੇਰੇ ਹੱਥਾਂ 'ਚੋਂ ਖਿਸਕਣ ਲਈ
ਤਰਸਣ ਲੱਗੀ। ਪੰਕਚੂਏਸ਼ਨ ਦੇ ਨਿਯਮ, ਪ੍ਰਭਾਵਸ਼ਾਲੀ ਵਾਕ-ਸਿਰਜਣਾ ਦੀਆਂ ਵਿਧੀਆਂ, ਤੇ ਰੀਸਰਚ
ਪੇਪਰ ਲਿਖਣ ਦੇ ਢੰਗ-ਤਰੀਕੇ: ਸਭ ਕੁਝ ਉਸ ਕਿਤਾਬ 'ਚੋਂ ਨਿੱਕਲ਼ ਕੇ ਮੇਰੇ ਮੱਥੇ ਅੰਦਰ ਪੈੜਾਂ
ਛੱਡਣ ਲੱਗਾ। ਨਾਲ਼ ਦੀ ਨਾਲ਼ ਸ਼ੈਕਸਪੀਅਰ ਦੇ ਪਾਤਰ ਮੈਨੂੰ ਉਂਗਲ਼ੀ ਲਾ ਕੇ ਇੱਕ-ਦੂਜੇ ਦੀ ਵਾਕਫ਼ੀ
ਕਰਾਉਣ ਲੱਗੇ।
ਫ਼ਿਰ ਇਕ ਭਾਣਾ ਵਰਤ ਗਿਆ-ਬੜਾ ਹੀ ਅਜੀਬ: ਅੰਗਰੇਜ਼ੀ ਡਪਾਰਟਮੈਂਟ ਵਾਲ਼ੇ ਏਰੀਏ ਦੀ ਬੁੱਕਲ਼ 'ਚ
ਹੀ ਇਕ ਵਿਸ਼ਾਲ ਕਮਰਾ ਸੀ, ਹਾਲਵੇਅ ਦੇ ਐਨ ਅਖ਼ੀਰ ਉੱਤੇ। ਕਮਰੇ ਦਾ ਦਰਵਾਜ਼ਾ ਉਸ ਹਾਲਵੇਅ ਵੱਲ
ਖੁਲ੍ਹਦਾ ਸੀ ਜਿਸ ਥਾਣੀ ਗੁਜ਼ਰ ਕੇ ਅਸੀਂ ਲਾਬਿਰੇਰੀ ਵੱਲ ਜਾਂਦੇ ਸਾਂ। ਕਮਰੇ 'ਚ ਵੱਡੇ ਮੇਜ਼
ਦੇ ਪਿਛਾੜੀ ਬੈਠਾ ਅਰਧ-ਗੋਰਾ ਵਿਅਕਤੀ, ਇਸ ਹਾਲਵੇਅ 'ਚੋਂ ਗੁਜ਼ਰਨ ਵਾਲ਼ੇ ਨੂੰ ਦੂਰੋਂ ਹੀ ਦਿਸ
ਪੈਂਦਾ ਸੀ। ਉਹ ਜਾਂ ਤਾਂ ਕਿਸੇ ਅਖ਼ਬਾਰ ਵਿਚੋਂ ਖ਼ਬਰਾਂ ਉਧੇੜ ਰਿਹਾ ਹੁੰਦਾ ਤੇ ਜਾਂ ਆਪਣੇ
ਚਿਹਰੇ ਦੀ ਦੁਬਲਤਾ ਨੂੰ ਛੁਪਾਉਣ ਖ਼ਾਤਰ, ਛਾਤੀ ਤੀਕ ਵਧਾਈ ਕਰੜ-ਬਰੜਤਾ ਨੂੰ ਪਲੋਸ ਰਿਹਾ
ਹੁੰਦਾ।
ਇੱਕ ਦਿਨ ਮੈਂ ਸਾਡੇ ਡਪਾਅਟਮੈਂਟ ਦੇ ਲਾਊਂਜ 'ਚੋਂ, ਹਾਲਵੇਅ ਰਾਹੀਂ, ਲਾਇਬਰੇਰੀ ਵੱਲ ਨੂੰ
ਜਾ ਰਿਹਾ ਸਾਂ। ਮੈਂ ਦੂਰੋਂ ਹੀ ਦੇਖ ਲਿਆ ਪਈ ਕਾਫ਼ੀ ਦੇ ਮੱਗ ਉੱਪਰ ਠੋਲੇ ਮਾਰਦਾ ਹੋਇਆ ਉਹ
ਆਪਣੀ ਕੁਰਸੀ ਤੋਂ, ਮੇਜ਼ ਦੇ ਉੱਪਰ ਦੀ, ਹਾਲਵੇਅ ਦੀ ਪੂਰੀ ਲੰਬਾਈ 'ਚ ਨਜ਼ਰਾਂ ਵਿਛਾਈ ਬੈਠਾ
ਸੀ। ਸਾਡੀਆਂ ਅੱਖਾਂ ਮਿਲੀਆਂ, ਤਾਂ ਉਹਦੀਆਂ ਕੁਤਰੀਆਂ ਹੋਈਆਂ ਮੁੱਛਾਂ ਨੇ ਉਹਦੇ ਕੰਨਾਂ ਵੱਲ
ਨੂੰ ਹਰਕਤ ਕੀਤੀ। ਫ਼ਿਰ ਉਹਦਾ ਸੱਜਾ ਪੰਜਾ ਉਹਦੇ ਚਿਹਰੇ ਦੇ ਬਰਾਬਰ ਉੱਠਿਆ ਤੇ ਤੇਜ਼ੀ ਨਾਲ਼
ਅੱਗੇ-ਪਿੱਛੇ ਹਿੱਲਣ ਲੱਗਾ।
-ਗੁਡ ਮੋਰਨਿੰਗ! ਦਰਵਾਜ਼ੇ ਦੇ ਮੋਢੇ ਨਾਲ਼ ਜੜੀ ਉਸਦੀ ਨੇਮ ਪਲੇਟ ਉੱਤੇ ਝਾਤੀ ਮਾਰਦਿਆਂ ਮੈਂ
ਆਪਣੇ ਵਾਲ਼ਾਂ ਨੂੰ ਪਲੋਸਣ ਲੱਗਾ। ਅਰਧ-ਗੋਰੇ ਦੀਆਂ ਗੱਲ੍ਹਾਂ ਦੇ ਸੋਕੜੇ 'ਚ ਹਰਕਤ ਛਲਕੀ ਤੇ
ਮੇਜ਼ ਸਾਹਮਣੇ ਖਲੋਤੀਆ ਕੁਰਸੀਆਂ ਵੱਲ ਇਸ਼ਾਰਾ ਕਰ ਕੇ ਉਹ ਬੋਲਿਆ, 'ਕਮ ਆਨ ਇੰਨ, ਪਲੀਜ਼, ਕਮ
ਆਨ ਇਨ!'
ਮੇਰੀ ਝਿਜਕ ਪੈਰ ਮਲ਼ਦੀ-ਮਲ਼ਦੀ ਕੁਰਸੀ ਉੱਤੇ ਬੈਠ ਗਈ।
-ਇੰਡੀਆ ਤੋਂ ਜਾਪਦੈਂ ਤੂੰ! ਉਹਨੇ ਕਾਫ਼ੀ ਨਾਲ਼ ਭਰਿਆ ਕੱਪ ਮੇਰੇ ਵੱਲੀਂ ਵਧਾਅ ਦਿੱਤਾ।
-ਬਿਲਕੁਲ!
-ਫ਼ਰਾਮ 'ਪੰਨਜੈਬ'?
-ਐਗਜ਼ੈਕਟਲੀ!
-ਫ਼ਰਾਮ ਜਾਲੁੰਡਰ? ਓਰ ਮੋਗਾ? ਓਰ ਚੈਂਡੀਗੜ੍ਹ? ਓਰ ਪੈਟੀਆਲਾ?
ਮੇਰੇ ਮੱਥੇ ਦੀ ਚਮੜੀ ਸੁੰਗੜ ਕੇ ਹੱਸਣ ਲੱਗੀ।
-ਹੌ ਡੂ ਯੂ ਨੋਅ ਔਲ ਦੀਜ਼ ਸਿਟੀਜ਼?
-ਹਾ, ਹਾ, ਹਾ! ਹੋਰ ਸ਼ਹਿਰਾਂ ਦੇ ਨਾਮ ਲਵਾਂ?
-ਯੂ ਡੌਂਟ ਲੁਕ ਇੰਡੀਅਨ, ਓਰ ਬ੍ਰਿਟਿਸ਼, ਪਰ ਆਹ ਸ਼ਹਿਰਾਂ ਦੇ ਨਾਮ...
-ਬੇਅਰਿੰਗ ਯੂਨੀਅਨ ਕ੍ਰਿਸ਼ਚਨ ਕਾਲਜ ਦਾ ਨਾਮ ਸੁਣਿਐਂ ਤੂੰ?
-ਬਟਾਲੇ ਵਾਲ਼ਾ?
-ਐਗਜ਼ੈਕਟਲੀ!
-ਬਹੁਤ ਦੂਰ ਐ ਓਹ ਮੇਰੇ ਸ਼ਹਿਰ ਤੋਂ!
-ਓਥੇ ਪੜ੍ਹਾਇਐ ਮੈਂ ਪੰਜ ਸਾਲ!
-ਐਂਡ ਯੂਅਰ ਨੇਮ ਇਜ਼ ਫ਼ਰੈਂਕ ਥੌਮਸਨ?
-ਥੌਮਸਨ ਨਹੀਂ, ਠਾਮਸਨ!
-ਠਾਮਸਨ? ਫ਼ਰੈਂਕ ਉੱਤੇ ਸੇਧਿਤ ਹੋਈਆਂ ਮੇਰਾ ਅੱਖਾਂ ਸੁੰਗੜੀਆਂ।
-ਤੂੰ ਮਾਈਂਡ ਤਾਂ ਨੀ ਕਰਦਾ ਜੇ ਮੈਂ ਤੈਨੂੰ ਕੁਝ ਆਖਾਂ?
ਮੈਂ ਆਪਣਾ ਸਿਰ ਸੱਜੇ-ਖੱਬੇ ਗੇੜਿਆ, -ਨੌਟ ਐਟ ਆਲ।
-ਪੰਜਾਬੀ ਲੋਕਾਂ ਕੋਲ਼ ਸ਼ਬਦਭੰਡਾਰ ਕਾਫ਼ੀ ਹੁੰਦੈ ਅੰਗਰੇਜ਼ੀ ਦਾ, ਪਰ... ਇਕ ਤਾਂ
'ਪਰਨੰਸੀ-ਏਅਸ਼ਨ' ਦੀ ਕਮਜ਼ੋਰੀ ਹੁੰਦੀ ਐ ਇਨ੍ਹਾਂ 'ਚ, ਤੇ ਦੂਸਰਾ ਗਰੈਮਰ ਦੀਆਂ ਬਾਰੀਕੀਆਂ 'ਚ
ਸੁਧਾਰ ਲਿਆਉਣ ਦੀ ਜ਼ਰੂਰਤ ਹੁੰਦੀ ਐ।
-ਯੈੱਸ! ਮੇਰਾ ਸਿਰ ਹੇਠਾਂ-ਉੱਪਰ ਹਿੱਲਿਆ।
-ਮੇਰਾ ਖ਼ਿਆਲ ਐ ਇੱਕੋ ਇੰਡੀਅਨ ਐਂ ਤੂੰ ਅੰਗਰੇਜ਼ੀ ਦੇ ਗਰੈਡ ਪ੍ਰੋਗਰਾਮ 'ਚ?
-ਯੈੱਸ, ਮਿਸਟਰ ਟ... ਟ... ਠਾਮਸਨ।
-ਵੈਰੀ ਲੱਕੀ! ਜੇ ਕੋਈ ਹੋਰ ਹੁੰਦਾ ਤੁਸੀਂ ਪੰਜਾਬੀ 'ਚ ਈ ਗੱਲਾਂ ਕਰੀ ਜਾਣੀਆਂ ਸੀ;
ਅੰਗਰੇਜ਼ੀ ਨੀ ਸਿੱਖ ਹੋਣੀ ਤੈਥੋਂ!
ਮੈਂ ਆਪਣੀ ਠੋਡੀ ਦੀ 'ਚਟਮਤਾ' ਨੂੰ ਖੁਰਕਣ ਲੱਗਾ: ਬਿਲਕੁਲ!
-ਬਟਾਲੇ ਵੀ ਮੈਨੂੰ ਸਭ ਥੌਮਸਨ ਹੀ ਪੁਕਾਰਦੇ ਸੀ; ਆਹ ਮੇਰਾ ਪਹਿਲਾ ਲੈਸਨ ਐ ਤੇਰੇ ਲਈ
ਪਰਨੰਸੀਏਸ਼ਨ ਦਾ! ਮੈਨੂੰ ਹੀ ਪਤਾ ਤੂੰ ਹੋਰ ਵੀ ਸਿੱਖਣਾ ਚਾਹੇਂਗਾ ਕਿ ਨਹੀਂ!
-ਇਟ ਵਿਲ ਬੀ ਗਰੇਟ ਹੈਲਪ ਸਰ!
-ਮੈਂ ਵਿਹਲਾ ਈ ਹੁੰਨਾਂ ਦੋ ਕੁ ਵਜੇ ਤੋਂ ਬਾਅਦ; ਤੂੰ ਮੇਰੇ ਕੋਲ਼ ਬੈਠ ਕੇ ਪੰਦਰਾਂ ਵੀਹ
ਮਿੰਟ ਕੋਈ ਕਿਤਾਬ ਜਾਂ ਅਖ਼ਬਾਰ ਪੜ੍ਹਿਆ ਕਰ ਉੱਚੀ ਸੁਰ 'ਚ। ਮੈਂ ਤੈਨੂੰ ਦੱਸਿਆ ਕਰੂੰ ਪਈ
ਕਿਹੜਾ ਸ਼ਬਦ ਕਿਵੇਂ ਪਰਨਾਊਂਅਸ ਕਰਨੈ। ਨੋਟ ਕਰੀ ਜਾਈਂ ਉਹਨਾਂ 'ਵਰਡਜ਼' ਨੂੰ ਕਿਸੇ ਨੋਟਬੁਕ
'ਚ, ਤੇ ਵੇਹਲੇ ਵੇਲੇ ਉਨ੍ਹਾਂ ਦੇ ਸਹੀ ਉਚਾਰਣ ਦੀ ਪਰੈਕਟਿਸ ਕਰੀ ਜਾਇਆ ਕਰੀਂ!
ਅਗਲੇ ਕੁਝ ਕੁ ਦਿਨ 'ਚ ਪਤਾ ਲੱਗਣ ਲੱਗਾ ਪਈ 'ਇੰਠ੍ਰਾਅਗਾਠਿਵ' ਨੂੰ 'ਇਨਟੈਰੋਗੇਟਿਵ' ਹੀ
ਸਿੱਖੀ-ਬੋਲੀ ਗਏ ਸੀ ਸਾਰੀ ਉਮਰ, 'ਕਾਨ-ਸਰਵਠਿਵ' ਨੂੰ 'ਕੰਜਰਵੇਟਿਵ' ਤੇ 'ਕੰਪੈਅਠੀਠਰ' ਨੂੰ
'ਕੰਪੀ-ਟੀਟਰ'!
***
ਹਿਬਅਰਡ ਵਾਲ਼ੇ ਦੋਵੇਂ ਕੋਰਸਾਂ ਲਈ ਲਿਖੇ ਜਾਣ ਵਾਲ਼ੇ ਰੀਸਰਚ ਪੇਪਰਾਂ ਨੂੰ 'ਸਬਮਿੱਟ' ਕਰਾਉਣ
ਦੀ ਆਖ਼ਰੀ ਤਾਰੀਖ਼ ਛਾਲ਼ਾਂ ਮਾਰਦੀ ਮੇਰੇ ਵੱਲ ਵਧ ਰਹੀ ਸੀ। ਰੀਸਰਚ ਪੇਪਰ ਲਈ ਚੁਣੇ ਡਰਾਮੇ ਦੇ
ਇਕੱਲੇ-ਇਕੱਲੇ ਸ਼ਬਦ ਨੂੰ ਤੇ ਕੱਲੇ-ਕੱਲੇ ਡਾਇਆਲਾਗ ਨੰ ਮੈਂ ਵਾਰ-ਵਾਰ ਉਧੇੜਿਆ, ਫ਼ਰੋਲਿਆ ਅਤੇ
ਸੁੰਘਿਆ। ਮਨ ਵਿੱਚ 'ਠਾਪਿਕ' ਵੀ ਉੱਭਾਰ ਲਿਆ। ਉਸ ਡਰਾਮੇ ਬਾਰੇ ਅੱਠ-ਦਸ ਆਲੋਚਕਾਂ ਦੇ
ਖੋਜਮਈ ਲੇਖਾਂ 'ਚੋਂ ਮੇਰੇ ਟਾਪਿਕ ਨਾਲ਼ ਜੁੜੀਆਂ ਟਿੱਪਣੀਆਂ ਨੋਟਬੁੱਕ ਦੇ ਸਫ਼ਿਆਂ ਦੇ ਸਪੁਰਦ
ਕਰ ਲਈਆਂ। ਪੇਪਰ ਲਿਖਣ ਦੀ ਪੂਰੀ ਤਿਆਰੀ ਕਰ ਕੇ ਮੈਂ ਬਾਬੇ ਹਿਬਅਰਡ ਦੇ ਦਰਬਾਰ 'ਚ ਜਾ ਹਾਜ਼ਰ
ਹੋਇਆ।
ਬਾਬਾ ਮੇਰੇ ਟਾਪਿਕ ਦੀ 'ਇੰਟ੍ਰੋਡਕਸ਼ਨ' ਦੇ ਇਕੱਲੇ-ਇਕੱਲੇ ਸ਼ਬਦ ਨੂੰ ਅੱਖਾਂ ਨਾਲ਼ ਫ੍ਰੋਲ਼ਦਾ
ਹੋਇਆ ਵਾਰ-ਵਾਰ ਆਪਣੀ ਠੋਡੀ ਨੂੰ ਆਪਣੀ ਛਾਤੀ ਵੱਲ ਨੂੰ ਖਿੱਚ ਰਿਹਾ ਸੀ।
-ਗੁੱਡ ਜਾਬ! ਆਖ ਕੇ ਉਹ ਮੇਰੇ 'ਨੋਟਸ' ਨੂੰ ਸਿੱਧੇ-ਪੁੱਠੇ ਕਰਨ ਲੱਗਾ। ਜਿਉਂ ਜਿਉਂ ਉਸਦੀ
ਨਜ਼ਰ ਮੇਰੇ 'ਨੋਟਸ' ਵਿੱਚ ਡੂੰਘੀ ਲਥਦੀ, ਉਹਦਾ ਹੇਠਲਾ ਬੁੱਲ੍ਹ ਬਾਹਰ ਵੱਲ ਨੂੰ ਵਧੀ ਜਾਂਦਾ।
ਆਖ਼ੀਰ ਉਸਨੇ 'ਨੋਟਸ' ਵਾਲ਼ੀਆਂ ਸ਼ੀਟਾਂ ਮੇਰੇ ਵੱਲ ਵਧਾਅ ਦਿੱਤੀਆਂ ਤੇ ਪਾਈਪ ਦੀ ਚੁੰਝ ਉੱਤੇ
ਪੰਜ ਛੇ ਸੁੜ੍ਹਾਕੇ ਮਾਰ ਕੇ ਅੱਖਾਂ ਮੀਟ ਲਈਆਂ।
ਮੈਂ ਆਪਣੀ ਚੁੱਪ ਨੂੰ, ਲਗਾਤਾਰ ਉੱਪਰ-ਨੀਚੇ ਹੋ ਰਹੇ ਉਹਦੇ ਭਰਵੱਟਿਆਂ ਉੁੱਤੇ ਸੇਧਿਆ ਹੋਇਆ
ਸੀ। ਲੰਮੀ ਚੁੱਪ ਤੋਂ ਬਾਅਦ ਉਹਦੀਆਂ ਅੱਖਾਂ ਦੇ ਉੱਪਰਲੇ-ਹੇਠਲੇ ਢੱਕਣਾਂ ਦੀ ਸੁਰਖ਼ੀਅਤ ਇੱਕ
ਦੂਜੀ ਤੋਂ ਅਲੱਗ ਹੋਈ।
-ਇਕਬਾਅਲ! ਪਾਈਪ 'ਚੋਂ ਇੱਕ ਹਲਕਾ ਜਿਹਾ ਹਾਉਕਾ ਆਪੇਣੇ ਫੇਫੜਿਆਂ ਵੱਲ ਨੂੰ ਲਮਕਾਅ ਕੇ
ਹਿਬਅਰਡ ਬੋਲਿਆ। - ਫ਼ਰਗੈੱਟ ਦੀਜ਼ ਕਾਮੈਂਟਸ!
ਮੇਰੇ ਬੁੱਲ੍ਹਾਂ ਦੀਆਂ ਕੰਨੀਆਂ ਢਿਲਕਣ ਲੱਗੀਆਂ।
-ਇਹ ਸਾਰੇ ਕਾਅਮੈਂਟਸ ਵੱਖ-ਵੱਖ 'ਸਕਾਲਰਾਂ' ਦੇ ਹਨ; ਇਨ੍ਹਾਂ 'ਚ ਤੂੰਅਅ ਕਿੱਥੇ ਐਂ।
ਇਕਬਾਅਲ, ਤੂੰਅਅ?
-ਆਈ... ਆਈ ਐਮ ਸੌਰੀ, ਜੌਰਜ਼... ਦਿਸ ਇਜ਼ ਹੌਅ 'ਵੂਈ' ਰਾਈਟ ਪੇਪਰਜ਼ ਇਨ ਇੰਡੀਆ!
-ਬਟ ਨਾਓ ਯ'ਅਰ ਇਨ ਖੈਨੇਡਾ, ਇਕਬਾਅਲ!
ਫਿਰ ਉਹ ਦੱਸਣ ਲੱਗਾ: ਤੇਰਾ ਟਾਪਿਕ ਹੈ 'ਸ਼ੇਕਸਪੀਅਰ ਦੀਆਂ ਗੁਸੈਲੀਆਂ ਔਰਤਾਂ'; ਨਾਓ ਵਟ੍ਹ
ਯੂ ਸ਼ੁਡ ਡੂ ਇਜ਼ ਸ਼ੇਕਸਪੀਅਰ ਦੇ ਚੋਣਵੇਂ 'ਪਲਅੇਜ਼' ਵਿੱਚ ਡੂੰਘਾ ਉੱਤਰ ਤੇ ਉਹਨਾਂ ਘਟਨਾਵਾਂ
ਤੇ ਸਥਿਤੀਆਂ ਨੂੰ ਪਕੜ ਜਿੰਨ੍ਹਾਂ ਵਿੱਚ ਮਹਾਨ ਨਾਟਕਕਾਰ ਦੀਆਂ ਨਾਰੀਆਂ ਆਪਣੀ "ਐਂਗਰ" ਦਾ
ਪ੍ਰਗਟਾਵਾ ਕਰਦੀਐਂ; ਉਹ ਡਾਇਲਾਗ ਲੱਭ ਜਿਨ੍ਹਾਂ 'ਚ ਸ਼ੇਕਸਪੀਅਰ ਦੀਆਂ ਔਰਤਾਂ ਦਾ ਗੁੱਸਾ
ਝਲਕਦਾ ਹੈ। ਵਟ੍ਹ ਆਈ ਵੌਂਟ ਇਜ਼ 'ਐਵਾਡੈਂਸ' ਫ਼ਰਾਮ ਦ ਟੈਕਸਟ!
ਖਾਣ-ਪੀਣ ਦਾ ਤੇ ਹੋਰ ਸਮਾਨ ਫ਼ਲੈਟ ਵਿੱਚ ਟਿਕਾਉਣ ਤੋਂ ਬਾਅਦ ਸਾਗਰ ਤਾਂ ਟਰਾਂਟੋ ਵਾਪਿਸ ਚਲੀ
ਗਈ ਸੀ, ਈਟੋਬੀਕੋਅ ਹਸਪਤਾਲ ਦੇ ਬੈੱਡਾਂ ਨੂੰ ਆਪਣੀ 'ਉਅੱਕ-ਉਅੱਕ' ਸੁਣਾਉਣ ਲਈ। ਤੀਜੇ-ਚੌਥੇ
ਦਿਨ ਉਹ ਹਸਪਤਾਲ ਤੋਂ ਅਪਾਰਟਮੈਂਟ ਵਿੱਚ ਪਰਤਦੀ, ਪਰ ਅਗਲੇ ਜਾਂ ਅਗਲੇਰੇ ਦਿਨ 'ਉਅੱਕ-ਉਅੱਕ'
ਦਾ ਸਿਲਸਿਲਾ ਉਹਨੂੰ ਫੇਰ ਹਸਪਤਾਲ ਵੱਲ ਧੱਕ ਦਿੰਦਾ।
ਮੈਨੂੰ ਆਪਣੀ ਕਾਰ ਦੀਆਂ ਮੁਹਾਰਾਂ ਹਰ ਸ਼ੁੱਕਰਵਾਰ ਬਾਅਦ-ਦੁਪਹਿਰ ਟਰਾਂਟੋ ਵੱਲ ਨੂੰ ਮੋੜਨੀਆਂ
ਪੈਂਦੀਆਂ ਸਨ ਕਿਉਂਕਿ ਬੈਂਕ ਦਾ ਖ਼ਾਤਾ ਹਰ ਹਫ਼ਤੇ ਦੇ ਅਖ਼ੀਰ 'ਤੇ ਦਮੋਂ ਨਿੱਕਲਣ ਲੱਗ ਗਿਆ ਸੀ।
ਟਰਾਂਟੋ ਰਛਪਾਲ ਦੀ ਟੈਕਸੀ ਮੈਨੂੰ ਸਾਰੀ ਰਾਤ ਉਨੀਂਦਰਾ ਰੱਖਣ ਲਈ ਉਡੀਕ ਰਹੀ ਹੁੰਦੀ।
ਸ਼ੁੱਕਰਵਾਰ ਤੇ ਸ਼ਨੀਵਾਰ ਦੀਆਂ ਰਾਤਾਂ ਮੈਨੂੰ ਟਰਾਂਟੋ ਦੀਆਂ ਰੈਸਟੋਰੈਂਟਾਂ 'ਚੋਂ ਬੀਅਰ ਦੀ
ਕਾਲ਼ੀ-ਗੋਰੀ ਹਵਾੜ ਨੂੰ ਘਰੋ-ਘਰੀ ਪਹੁੰਚਾਉਣ ਲਈ ਭਜਾਈ ਰਖਦੀਆਂ। ਦਿਨ ਵੇਲ਼ੇ ਮੈਂ ਉਲਟੀਆਂ ਦੀ
ਭੰਨੀ ਸੁਖਸਾਗਰ ਦਾ ਹੱਥ ਫੜ ਕੇ ਉਸ ਦੀ ਕੁੱਖ 'ਚ ਧੜਕਦੀਆਂ ਦੋ 'ਕਵਿਤਾਵਾਂ' ਦਾ ਤਸੱਵਰ ਕਰਨ
ਲਗਦਾ।
ਪਰ ਇੱਕ ਹਫ਼ਤੇ ਲਈ ਟਰਾਂਟੋ ਜਾਣਾ ਮੈਨੂੰ ਬੰਦ ਕਰਨਾ ਪਿਆ ਕਿਉਂਕਿ ਹਿਬਅਰਡ ਨੇ ਮੈਨੂੰ
ਸ਼ੇਕਸਪੀਅਰ ਦੇ ਨਾਟਕਾਂ ਦੇ ਖੱਲਾਂ-ਖੂੰਜੇ ਫ਼ਰੋਲ਼ਣ ਲਾ ਦਿੱਤਾ ਸੀ। ਮੈਂ ਉਸ ਦੀਆਂ
ਨਾਰੀ-ਪਾਤਰਾਂ ਨੂੰ ਘੋਖਦਾ; ਉਨ੍ਹਾਂ ਦੇ ਸੰਵਾਦਾਂ 'ਚੋਂ ਕੌੜੇ-ਕੁਸੈਲ਼ੈ ਸ਼ਬਦਾਂ ਦਾ ਖੁਰਾ
ਲਭਦਾ; ਤੇ ਹੋਰਨਾਂ ਪਾਤਰਾਂ ਵੱਲੋਂ ਕਿਸੇ ਔਰਤ ਦੇ ਸੁਭਾਅ ਬਾਰੇ ਕੀਤੀਆਂ ਟਿੱਪਣੀਆਂ ਨੂੰ
ਜੋੜਦਾ-ਉਧੇੜਦਾ ਰਿਹਾ। ਫ਼ਿਰ ਨੋਟਸ ਨਾਲ਼ ਭਰੇ ਪੰਦਰਾਂ-ਅਠਾਰਾਂ ਸਫ਼ਿਆਂ ਨੂੰ ਰੀਸਰਚ ਪੇਪਰ
ਵਿੱਚ ਬੀੜ ਲਿਆ, ਤਾਂ ਇੰਝ ਜਾਪੇ ਜਿਵੇਂ ਸਾਰਾ ਕੁਝ ਉਲਟਾ-ਪੁਲਟਾ ਹੋ ਗਿਆ ਸੀ। ਪੇਪਰ ਨੂੰ
ਮੁੜ-ਮੁੜ ਉਖੇੜਦਾ ਤੇ ਮੁੜ-ਮੁੜ ਜੋੜਦਾ, ਪਰ ਹਰ ਵਾਰ ਸਾਰੇ ਪੇਪਰ 'ਚ ਮੋਰੀਆਂ ਹੋਈਆਂ
ਜਾਪਦੀਆਂ। ਅੰਤ ਪੇਪਰ 'ਸਬਮਿਟੀ' ਦੀ ਆਖ਼ਰੀ ਤਾਰੀਖ਼ ਜਦੋਂ ਐਨ ਗਲ਼ ਤੀਕਰ ਚੜ੍ਹ ਆਈ ਤਾਂ ਰੀਸਰਚ
ਪੇਪਰ ਬਾਬੇ ਹਿਬਅਰਡ ਦੇ ਮੇਲਬਾਕਸ ਦੇ ਹਵਾਲੇ ਹੋਣ ਲਈ ਕਾਹਲ਼ਾ ਹੋ ਕੇ ਮੇਰੇ ਹੱਥਾਂ 'ਚੋਂ
ਨਿੱਕਲਣ ਲੱਗਾ।
ਪੇਪਰ ਤੋਂ ਮੁਕਤ ਹੋ ਕੇ ਫ਼ਲੈਟ 'ਚ ਪਰਤਿਆ: ਚਾਹ ਦੀ ਤਲਬ ਉੱਠੀ, ਤੇ ਉਠਦਿਆਂ ਹੀ ਲੋਪ ਹੋ
ਗਈ। ਲਿਵਿੰਗਰੂਮ ਦੀ ਇਕ ਕੁਰਸੀ 'ਤੇ ਬੈਠਿਆ ਤਾਂ ਫਰਿੱਜ ਦੀ 'ਊਂਅੰਅੰਅੰਅੰ' ਕੰਨਾਂ 'ਚ
ਖੁੱਭਣ ਲੱਗੀ। ਉੱਠ ਕੇ ਵਾਸ਼ਰੂਮ 'ਚ ਵੜਿਆ, ਐਧਰ-ਓਧਰ ਨਜ਼ਰਾਂ ਘੁੰਮਾਈਆਂ ਤੇ ਬਾਹਰ ਨਿੱਕਲ਼
ਆਇਆ। ਬੈੱਡਰੂਮ 'ਚ ਜਾ ਕੇ ਕੰਬਲ਼ ਦੀ ਤਹਿ ਖੋਲ੍ਹੀ ਤੇ ਫ਼ਿਰ ਤੁਰਤ ਬੰਦ ਕਰ ਦਿੱਤੀ। ਸਿਰਹਾਣੇ
ਉੱਪਰ ਸਿਰ ਟਿਕਾਅ ਕੇ ਅੱਖਾਂ ਮੀਟੀਆਂ ਤਾਂ 'ਰੀਸਰਚ ਪੇਪਰ' ਦੇ ਪੱਤਰੇ ਖਿੰਡਰਨ ਲੱਗੇ।
ਅੱਖਾਂ ਖੋਲ੍ਹੀਆਂ ਤਾਂ ਕਮਰੇ ਦੀਆਂ ਕੰਧਾਂ ਅੰਦਰ ਵੱਲ ਪਿਚਕਣ ਲੱਗੀਆਂ। ਫਲੈਟ ਦੀਆਂ ਚਾਬੀਆਂ
ਉਠਾਈਆਂ ਤਾਂ ਦਰਵਾਜ਼ਾ ਅੜ ਕੇ ਖਲੋਅ ਗਿਆ: ਜਿਵੇਂ ਕਹਿ ਰਿਹਾ ਹੋਵੇ-ਕਿੱਧਰ ਜਾਵੇਂਗਾ ਐਸ
ਵੇਲ਼ੇ?
ਬੱਤੀ ਜਗਾਈ ਤਾਂ ਰੋਸ਼ਨੀ ਦੀਆਂ ਕਿਰਨਾਂ ਅੱਖਾਂ 'ਚ ਸੂਈਆਂ ਖੁਭੋਣ ਲੱਗੀਆਂ। ਬੱਤੀ ਬੁਝਾਈ
ਤਾਂ ਇੰਝ ਜਾਪਣ ਲੱਗਾ ਜਿਵੇਂ ਹਿਬਅਰਡ ਦੀ ਸਮੋਕਿੰਗ ਪਾਈਪ 'ਚ ਮੇਰਾ ਪੇਪਰ ਬਲ਼ ਰਿਹਾ ਹੋਵੇ।
ਅਗਲਾ ਦਿਨ: ਮੇਰੇ ਸਹਿਪਾਠੀਆਂ ਦੀਆਂ ਟਿੱਪਣੀਆਂ ਸਵੇਰ ਤੋਂ ਹੀ ਮੇਰੇ ਦਿਮਾਗ਼ ਨੂੰ ਪੱਛਣ ਲੱਗ
ਪਈਆਂ: ਅਖ਼ੇ 'ਮਾਰਕਿੰਗ' ਦੇ ਮਾਮਲੇ 'ਚ ਹਿਬਅਰਡ ਬੜਾ 'ਬਰੂਟਲ' {ਬੇਰਹਿਮ} ਐ। ਨਾਲ਼ੇ ਉਹ
ਪੇਪਰ ਦੀ ਮਾਰਕਿੰਗ ਵੀ ਘੰਟੇ 'ਚ ਕਰ ਕੇ ਹੀ ਪੇਪਰ ਨੂੰ ਸਾਡੇ ਮੇਲਬਾਕਸਾਂ 'ਚ ਟਿਕਾਅ ਦਿੰਦਾ
ਐ।'
ਦਿਲ ਕਹੇ, ਚੱਲ ਡਪਾਅਟਮੈਂਟ ਨੂੰ ਤੇ ਦੇਖ ਜਾ ਕੇ ਕੀ ਦਿੱਤਾ ਹਿਗਅਰਡ ਨੇ ਸ਼ੇਕਸਪੀਅਰ ਵਾਲ਼ੇ
ਪੇਪਰ ਲਈ, ਪਰ ਦਿਮਾਗ ਕਹੇ ਮਾਯੂਸ ਈ ਹੋਣੈ, ਥੋੜਾ ਅਟਕ ਕੇ ਹੋ ਲਵੀਂ! ਫ਼ਿਰ ਸੋਚਣ ਲੱਗਾ,
ਫੇਲ੍ਹ ਤਾਂ ਨੀ ਕਰਨ ਲੱਗਾ, ਹਿਬਅਰਡ; ਸੀ-ਮਾਈਨਸ ਤੋਂ ਥੱਲੇ ਨੀ ਸੁਟਦਾ।
ਗਰੈਜੂਇਟ ਲਾਊਂਜ, ਡਪਾਅਟਮੈਂਟ ਦੇ ਰਸੈਪਸ਼ਨ ਦਫ਼ਤਰ ਦੇ ਬਿਲਕੁਲ ਸਾਹਮਣੇ ਸੀ। ਗਰੈਡ
ਸਟੂਡੈਂਟਾਂ ਲਈ ਮੇਲਬਾਕਸਾਂ ਦੀ ਕਲੋਨੀ ਇਸੇ ਲਾਊਂਜ ਵਿੱਚ ਹੀ ਇੱਕ ਖੂੰਜੇ ਸੀ। ਮੇਰੀ
ਉਤਸੁਕਤਾ ਨੇ ਮੈਨੂੰ ਮੇਰੇ ਮੇਲਬਾਕਸ ਦੇ ਸਾਹਮਣੇ ਲਿਆ ਖਲਿਆ੍ਹਰਿਆ: ਮੇਲਬਾਕਸ 'ਚ ਵੱਡੇ
ਆਕਾਰ ਦਾ ਚਾਹ-ਰੰਗਾ ਲਿਫ਼ਾਫ਼ਾ ਦੇਖ ਕੇ ਮੇਰੇ ਸਿਰ ਵਿੱਚ ਹਨੇਰੀ ਝੁੱਲਣ ਲੱਗੀ। ਅਗਲੇ ਪਲੀਂ
ਲਿਫ਼ਾਫ਼ਾ ਕੰਬ ਰਹੇ ਹੱਥਾਂ 'ਚ ਲਿਫ਼ਾਫ਼ਾ ਪਕੜੀ ਮੈਂ ਲਾਊਂਜ ਦੇ ਦੂਸਰੇ ਖੂੰਜੇ 'ਚ ਪਏ ਸੋਫ਼ੇ
ਵੱਲੀਂ ਨੂੰ ਤੁਰ ਰਿਹਾ ਸੀ। ਲਿਫ਼ਾਫ਼ੇ ਨੂੰ ਖੋਲ੍ਹਦਿਆਂ ਮੈਂ ਉਸ ਵਿੱਚ ਦੜੀ ਬੈਠੀ ਮਾਯੂਸੀ
ਨੂੰ ਖੋਲ੍ਹਣ ਦੀ ਜੋਖੋਂ ਵੀ ਲੈ ਰਿਹਾ ਸਾਂ।
ਹੁਣ ਮੇਰਾ ਪੇਪਰ ਮੇਰੇ ਹੱਥਾਂ 'ਚ ਸੀ: ਪਹਿਲੇ ਮੇਰੀਆਂ ਉਂਗਲ਼ਾਂ ਦੀ ਕਾਹਲ਼ ਸਫ਼ੇ ਪਲਟਣ ਲੱਗੀ:
ਕਿਤੇ ਕਿਤੇ ਲਾਲ ਪੈੱਨ ਦੀਆਂ ਵਿਰਲੀਆਂ ਵਿਰਲੀਆ ਪੈੜਾਂ ਮੇਰੇ ਸਾਹ ਨੂੰ ਜਕੜ ਲੈਂਦੀਆਂ।
ਆਖ਼ਰੀ ਸਫ਼ੇ 'ਤੇ ਅੱਪੜਿਆ: ਅੱਖਾਂ ਫੁੱਲ ਕੇ ਪੁਤਲੀਆਂ 'ਚੋਂ ਬਾਹਰ ਆ ਗਈਆਂ, ਤੇ ਸਾਹਾਂ ਦੀ
ਲੰਬਾਈ ਹਾਲਵੇਅ ਨੂੰ ਟੱਪ ਕੇ ਸਾਹਮਣੇ ਦਫ਼ਤਰ 'ਚ ਬੈਠੀ ਰਸੈਪਸ਼ਨੈਸਿਟ ਦੀਆਂ ਜ਼ੁਲਫ਼ਾਂ ਦੀ
ਭੂਰੀਅਤ ਨੂੰ ਹਿਲਾਉਣ ਲੱਗੀ।
ਸੱਜੇ ਹੱਥ 'ਚ ਲਿਫ਼ਾਫ਼ਾ ਪਕੜ ਕੇ ਮੈਂ ਜਦੋਂ ਆਪਣੇ ਫ਼ਲੈਟ ਨੂੰ ਚੜ੍ਹਦੀਆਂ ਪੌੜੀਆਂ ਕੋਲ਼
ਅੱਪੜਿਆ, ਮੇਰਾ ਮੱਥਾ ਪਸੀਨੇ ਨਾਲ਼ ਭਿੱਜਿਆ ਹੋਇਆ ਸੀ। ਪੌੜੀਆਂ ਨੂੰ ਖਿੱਚ ਕੇ ਪਿਛਾਂਹਾਂ
ਵੱਲ ਧਕਦੀ ਮੇਰੀ ਦਗੜ-ਦਗੜ ਅੱਖ ਦੇ ਫੋਰ ਵਿੱਚ ਮੇਰੇ ਫ਼ਲੈਟ ਦੇ ਦਰਵਾਜ਼ਿਓਂ ਅੰਦਰ ਹੋ ਗਈ।
ਅੰਦਰ ਵੜਨ ਸਾਰ ਮੇਰੀਆਂ ਉਂਗਲ਼ਾਂ ਟੈਲਾਫ਼ੋਨ ਦੇ ਡਾਇਲ ਵੱਲ ਝਪਟੀਆਂ: ਹੈਲੋਅ, ਸਾਗਰ ਦੀ
ਸਿੱਲ੍ਹੀ ਜਿਹੀ ਆਵਾਜ਼ ਸੁਣੀ।
-ਮੈਂ ਆਂ!
-ਕੀ ਹਾਲ ਐ ਤੁਹਾਡਾ?
-ਪੁੱਛ ਨਾ!
-ਕੀ ਗੱਲ ਹੋਗੀ? ਸੁਖ ਤਾਂ ਹੈ?
-ਰਛਪਾਲ ਨੂੰ ਕਹਿ ਦੇ ਮੁਰਗਾ ਲਿਆ ਕੇ ਰੱਖੇ, ਉਹਨੂੰ ਵ੍ਹਿਸਕੀ ਅੱਜ ਮੈਂ ਪਿਆਓਣੀ ਐਂ!
-ਪੇਪਰ ਦਾ ਕੀ ਬਣਿਆਂ?
-ਮੈਨੂੰ ਤਾਂ ਲਗਦਾ ਸੀ ਫੇਲ੍ਹ ਕਰੂ ਹਿਬਅਰਡ, ਪਰ ਏਸ ਬਾਬੇ ਨੇ ਤਾਂ ਝਲ਼ੀਆਂ ਈ ਭਰ’ਤੀਆਂ!
-0-
|