ਨਵਾਂ ਸਾਲ
.
ਸਾਲ ਮੁਬਾਰਕ
ਇੱਕ ਦੂਜੇ ਨੂੰ ਕੀਕਣ ਕਹੀਏ !
ਮਾਰੂ ਫ਼ਜ਼ਾ ਹੈ ਛਾਈ ਹੋਈ
ਰੂਹ ਡਾਢੀ ਕੁਮਲਾਈ ਹੋਈ
ਘਰ ਨੂੰ ਅੱਗ ਹੈ ਲਾਈ ਹੋਈ
ਸਾਲ ਮੁਬਾਰਕ ਕੀਕਣ ਕਹੀਏ !
ਬੇਰੁਜ਼ਗਾਰੀ ਵਧੀ ਪਈ ਹੈ ,
ਘੱਟ ਰਹੀ ਉਜਰਤ,
ਘਰ ਦੇ ਫ਼ਿਕਰਾਂ ਦੀ ਪੰਡ ਸਿਰ ਤੇ ਲੱਦ ਰਹੀ ਹੈ
ਬੇਵਿਸ਼ਵਾਸੀ ਹਰ ਪਾਸੇ ਕੱਢ ਕੱਦ ਰਹੀ ਹੈ
ਸਾਲ ਮੁਬਾਰਕ ਕੀਕਣ ਕਹੀਏ !
ਸੰਪਰਦਾਇਕਤਾ ਦੀ ਖਿੜੀ ਬਹਾਰ ਪਈ ਹੈ
ਕਰਦੀ ਮਾਰੋਮਾਰ ਪਈ ਹੈ
ਮੱਥਿਆਂ ਉੱਤੇ ਤਿਲਕ ਲਗਾ ਕੇ
ਲਾਠੀਆਂ ਫੜ ਕੇ
ਨਿੱਕਰਾਂ ਪਾ ਕੇ
ਘੱਟ-ਗਿਣਤੀ ਦੇ ਹੱਕ-ਹਕੂਕ ਨੂੰ
ਨੇਜ਼ਿਆਂ ਉੱਤੇ ਟੰਗ ਰਹੀ ਹੈ
ਅੰਦਰਖਾਤੇ ਸਾਜਿਸ਼ ਘੜ ਕੇ
ਪੂਰੇ ਹਿੰਦ ਦੇ ਹਰ ਖੇਤਰ ਨੂੰ
ਭਗਵੇਂ ਰੰਗ ਵਿੱਚ ਰੰਗ ਰਹੀ ਹੈ ।
ਇਤਿਹਾਸ ਨੂੰ ਦੇ ਰਹੇ ਪੁੱਠਾ ਗੇੜਾ
ਹਾਏ ! ਕਿੱਧਰੇ ਡੂੰਘੇ ਪਾਣੀਂ ਡੁੱਬ ਨਾ ਜਾਵੇ
ਹਿੰਦ ਦੇ ਏਕੇ ਵਾਲਾ ਬੇੜਾ ।
ਸਾਲ ਮੁਬਾਰਕ ਕੀਕਣ ਕਹੀਏ !
ਐਪਰ ਮਿੱਤਰੋ ਆਓ ! ਆਪਾਂ
ਏਕਾ ਕਰ ਕੇ
ਬੀਤੇ ਸਾਲ ਦੀਆਂ ਘਟੀਆਂ ਘਟਨਾਵਾਂਂ ਉੱਤੇ ਨਜ਼ਰ ਦੋੜਾਈਏ
ਸਿੱਖਿਆ ਲੈ ਕੇ
ਇਹਨਾਂ ਮਾਰੂ, ਵਿੱਖਭਰੀਆਂ ,ਚੰਦਰੀਆਂ ਪਉਣਾਂ ਦੇ ਵੱਲ
ਘੂਰ ,ਘੂਰ ਕੇ ਤੱਕੀਏ
ਨਾਬਰੀ ਵਾਲੇ ਜਜ਼ਬਿਆਂ ਨੂੰ ਨਾ
ਅੰਦਰੋ-ਅੰਦਰ ਹੋਰ ਦਬਾਈਏ
ਨਿਸ਼ਚੈ ਕਰ ਸੰਗਰਾਮ ਰਚਾਈਏ
ਆਪਣਾ ਬਣਦਾ ਫ਼ਰਜ਼ ਨਿਭਾਈਏ ।
ਤਾਂ ਫਿਰ ਸਾਲ ਮੁਬਾਰਕ ਕਹੀਏ ।
ਤਾਂ ਫਿਰ ਸਾਲ ਮੁਬਾਰਕ ਕਹੀਏ !
( 1 ) ਖ਼ਰਾਬ
.....................
ਬਿਨਾਂ ਜੁਰਮ ਦੇ
ਦੰਡ
ਖ਼ਰਾਬ ਕਰਦਾ ਹੈ ।
ਹਰ ਵੇਲੇ ਦਾ
ਪਾਖੰਡ
ਖ਼ਰਾਬ ਕਰਦਾ ਹੈ।
ਬੰਦਾ ਅਸਲ ਵਿੱਚ
ਬੁਰਾ ਨਹੀਂ ਹੁੰਦਾ,
ਨਵੀਂ ਦੌਲਤ ਦਾ
ਘੁਮੰਡ
ਖ਼ਰਾਬ ਕਰਦਾ ਹੈ ।
...........................
( 2 ) ਕਊਂਸਲਰ
.............................
ਲੋੜ ਹੈ ਅੱਜ
ਅੰਨੀ ਹਵਾ ਦਾ
ਰੁਖ ਬਦਲਾਇਆ ਜਾਏ
ਮਿੱਟੀ :ਚ ਰੁਲ਼ਦੇ
ਫੁੱਲ ਨੂੰ
ਗੁਲਦਾਨ :ਚ ਸਜਾਇਆ ਜਾਏ
ਕਊਂਸਲਰ "ਬਊਂਸਲਰ" ਬਣਨਾ
ਤਾਂ ਹੈ
ਖੱਬੇ ਪੈਰ ਦੀ ਖੇਡ
ਮਜ਼ਾ ਤਾਂ ਹੈ
ਜੇ ਕੋਈ ਚੱਜਦਾ
ਸ਼ਿਅਰ ਬਣਾਇਆ ਜਾਏ ।
..............................
( 3 ) ਦਹਿਸ਼ਤਗਰਦ
.......................
ਉਸ ਦਾ ਇਹ ਤੂੰਬਾ ਤੂੰਬਾ
ਉਡਾਉਂਦੀ ਹੈ
ਉਸ ਨੂੰ ਇਹ
ਅੰਦਰੋਂ
ਮਾਰ ਮਕਾਉਂਦੀ ਹੈ
ਦਹਿਸ਼ਤਗਰਦ
ਕੋਈ ਜਨਮ ਤੋਂ ਨਹੀਂ ਹੁੰਦਾ
ਦਹਿਸ਼ਤਗਰਦ
ਖੋਟੀ ਸਿਆਸਤ ਬਣਾਉਂਦੀ ਹੈ ।
................................
(4 ) ਅਜੋਕੇ ਸ਼ਾਇਰ
..........................
ਕੋਮਲ,ਸੂਖਮ ਭਾਵਾਂ ਦੀ ਰੱਤ
ਗਟ ਗਟ ਕਰ ਕੇ ਪੀਂਦੇ ਨੇ
ਨਾਇਕ ਬਣ ਕੇ ਆਪਣੇ ਆਪਣੇ
ਘੇਰੇ ਦੇ ਵਿੱਚ ਜੀਂਦੇ ਨੇ
ਸੱਚ ਦੇ ਆਸ਼ਕ
ਹੱਕ ਦੇ ਹਾਮੀ
ਰਹਿਬਰ ਸੀ ਜੋ ਦੁਨੀਆਂ ਦੇ
ਉਹ ਸ਼ਾਇਰ ਅੱਜ
ਸ਼ਬਦਾਂ ਦੇ ਵਿੱਚ
ਦਫ਼ਨ ਹੋ ਕੇ ਥੀਂਦੇ ਨੇ ।
..............................
( 5 ) ਸ਼ੁਹਰਤ
.................
ਤਲ਼ੀਆਂ ਉੱਤੇ
ਸੀਸ ਟਿਕਾ ਕੇ ਨਿਕਲੇ ਸਨ
ਬਲ਼ਦੇ ਬਲ਼ਦੇ
ਨਾਅਰੇ ਲਾ ਕੇ ਨਿਕਲੇ ਸਨ
ਅੱਜ ਇੰਗਲੈਂਡ :ਚ
ਸ਼ੁਹਰਤ ਪਿੱਛੇ ਭਟਕਣ ਉਹ
ਕੱਲ੍ਹ ਜਿਹੜੇ
ਹਥਿਆਰ ਉਠਾ ਕੇ ਨਿਕਲੇ ਸਨ ।
......................................
( 6 ) ਹੋਂਦ
.......................
ਮੇਰਾ ਸਿਰ
ਕਲਮ ਕਰ ਦਿੱਤਾ
ਬੜਾ ਬੇਸਮਝ ਹੈ ਕਾਤਲ
ਪਉਣਾਂ ਦਾ
ਤੇ ਖੁਸ਼ਬੂ ਦਾ
ਕਦੀ ਸਿਰ ਕਲਮ ਨਹੀਂ ਹੁੰਦਾ ।
....................................
( 7 ) ਮੌਤ
.....................
ਮੈਂ ਫੁੱਲਾਂ ਦੇ
ਦਿਲਾਂ ਦੀ
ਬਣ ਕੇ ਧੜਕਣ
ਜੀਆਂ ਗਾ ਜੱਗ ਤੇ
ਇਹ ਚੰਦਰੀ ਮੌਤ,
ਮਰ ਜਾਵੇ ਗੀ
ਮੈਂਨੂੰ ਮਾਰ ਨਹੀਂ ਸਕਦੀ ।
..............................
(8 ) ਨਿਆਂ
.................
ਕੋਈ ਮਿੱਟੀ :ਚ
ਰੁਲ਼ਦਾ ਹੈ
ਕੋਈ ਅੰਬਰ :ਚ
ਉਡਦਾ ਹੈ
ਇਹ ਕੈਸੀ
ਮਿਹਰ ਹੈ ਤੇਰੀ
ਇਹ ਕੈਸਾ ਹੈ ਨਿਆਂ ਤੇਰਾ !
..................................
(9 ) ਸਵਾਲ
....................
ਵਿਲਕਦੇ ਬਾਲ ਪੁੱਛਦੇ ਹਨ
ਅਸਾਡਾ ਦੋਸ਼ ਤਾਂ ਦੱਸੋ
ਤੁਸੀਂ ਬੰਬ ਮਾਰ ਕੇ
ਸਾਡੇ ਕਿਉਂ ਹਨ
ਚੀਥੜੇ ਕੀਤੇ ।
....................................
( 10 ) ਕਿਰਦਾਰ
...................
ਸੱਚ ਬੋਲਣ ਦੇ
ਝੂਠੇ ਦਾਅਵੇ
ਨਾ ਕਰ ਤੂੰ
ਵੇਖ ਲਵੀਂ ਤੂੰ !
ਇਹ ਤੇਰੇ
ਕਿਰਦਾਰ ਚੋਂ
ਪਰਗਟ ਹੋ ਜਾਣੈ ।
..........................
( 11 ) ਸ਼ਫ਼ਾ
..................
ਚਿਹਰੇ ਤੇਰੇ ਦੇ
ਨੂਰ ਵਿੱਚ
ਦੱਸ ਕੀ ਹੈ ਸ਼ਫ਼ਾ ?
ਨਜ਼ਰ ਪਈ ਬੀਮਾਰ ਦੀ
ਹਾਲਤ ਸੁਧਰ ਗਈ ।
..................................................................................................
( " ਘੱਗਰਾ " ਅਤੇ ਕੁੱਝ ਹੋਰ ਸ਼ਬਦ ਇਸ ਗੀਤ ਵਿੱਚ ਰੂਪਕ ਵਜੋਂ ਪਰਯੋਗ ਕੀਤੇ ਹੋਂਣ ਕਾਰਨ
ਬਹੁਅਰਥੇ ਹਨ ।ਰਾਜਿਸਥਾਨ ਵਿੱਚ ਅੱਜ ਵੀ ਇਹ ਬੜੀ ਕੀਮਤੀ ਪੁਸ਼ਾਕ ਹੈ । "ਲਾਲ" ਰੰਗ ਦੇ ਵਸਤਰ
ਅਸੀਂ ਖੁਸ਼ੀ ਮੌਕੇ ਪਾਉਂਦੇ ਹਾਂ ਪਰੰਤੂ ਇਸ ਸ਼ਬਦ ਦੀਆਂ ਵੀ ਕਈ ਡਾਇਮੈਨਸ਼ਨਜ ਹਨ ।
ਓ ! ਪਿੰਡ ਦਿਓ ਸਰਦਾਰੋ
ਓ ! ਵੱਡਿਓ ਲੰਬੜਦਾਰੋ
ਪਾਉਣਾ ਮੈਂ ਪਿਆਰ ਨਾਲ ਲਾਲ ਘੱਗਰਾ ।
ਥੋਡੀਆਂ ਧੀਆਂ ਅਤੇ ਪੋਤੀਆਂ
ਜਦੋਂ ਸਕੂਲੇ ਜਾਵਣ
ਨੀਲੇ ਰੰਗ ਦੀਆਂ ਉਹ ਸਕ੍ਰਟਾਂ
ਗੋਡਿਓਂ ਉਚੀਆਂ ਪਾਵਣ
ਬਿਊਟੀ ਪ੍ਰਾਲਰਾਂ ਵਿੱਚ ਜਾ ਕੇ
ਤਿੱਖੇ ਨਕਸ਼ ਕਰਾਵਣ ।
ਪਰ ਜ਼ਰਾ ਸੋਚੋ ਕਿਉਂ ਜਚਦਾ ਨਹੀਂ ਸੋਹਣਾ
ਪਿੰਡੇ ਮੇਰੇ ਰੇਸ਼ਮੀ ਦੇ ਨਾਲ ਘੱਗਰਾ ।
ਪਾਉਣਾ ਮੈਂ ਪਿਆਰ ਨਾਲ ਲਾਲ ਘੱਗਰਾ ।
ਇਸ ਘੱਗਰੇ ਵਿੱਚ ਮੇਰੇ ਦਿਲ ਦੀਆਂ
ਗੁੰਦੀਆਂ ਹੋਈਆਂ ਤਾਰਾਂ
ਇਸ ਘੱਗਰੇ ਦੇ ਉੱਤੋਂ ਮੈਂ ਤਾਂ
ਲੱਖ ਬਹਿਸ਼ਤਾਂ ਵਾਰਾਂ
ਇਸ ਸੰਗ ਜੁੜੀਆਂ ਰੀਝਾਂ , ਖੁਸ਼ੀਆਂ
ਮੇਰੀਆਂ ਕਈ ਹਜ਼ਾਰਾਂ ।
ਰੂਪ ਮੇਰੇ ਤਾਈਂ ਦੂਣਾ ਤੀਣਾ ਇਹ ਵਧਾ ਦੇਵੇ
ਕਰਦਾ ਹੈ ਬੜੀ ਹੀ ਕਮਾਲ ਘੱਗਰਾ
ਪਾਉਣਾ ਮੈਂ ਪਿਆਰ ਨਾਲ ਲਾਲ ਘੱਗਰਾ ।
ਰੂਪ ਮੇਰੇ ਦਾ ਸੌਦਾ
ਕਰਦੇ ਫਿਰਦੇ ਨੇ ਵਣਜਾਰੇ
ਚੋਰ, ਨਿਖੱਟੂ, ਵਿਹਲੜ, ਵੈਲੀ
ਇਹ ਕਰਮਾਂ ਦੇ ਮਾਰੇ
ਪਰ ਮੈਂ ਸੋਚਾਂ, ਨੋਚਾਂ ਅੰਬਰੋਂ
ਸੂਰਜ, ਚੰਦ , ਸਿਤਾਰੇ ।
ਪਿੰਜਰੇ ਦੇ ਵਿੱਚ ਜਦੋਂ ਮੈਂਨੂੰ ਕੋਈ ਪਾਉਣ ਲੱਗੇ
ਝੱਟ ਜਾਂਦਾ ਸਮਝ ਇਹ ਚਾਲ ਘੱਗਰਾ
ਪਾਉਣਾ ਮੈਂ ਪਿਆਰ ਨਾਲ ਲਾਲ ਘੱਗਰਾ ।
ਜਿਸ ਸਖੀ ਇਹ ਜਾਦੂ-ਘੱਗਰਾ
ਸਾਂਭ ਸੂਤ ਕੇ ਪਾਇਆ
ਓਸ ਸਖੀ ਦੇ ਉੱਤੇ ਜੋਬਨ
ਲੋਹੜੇ ਦਾ ਚੜ੍ਹ ਆਇਆ
ਓਸ ਸਖੀ ਦੇ ਸਾਹਵੇਂ
ਨਬੀਆਂ, ਪੀਰਾਂ ਸੀਸ ਝੁਕਾਇਆ ।
ਰੂਪ ਕੁਦਰਤ ਦਾ ਇਹ ਰਹਿਮਤਾਂ ਦਾ ਹੈ ਖਜ਼ਾਨਾ
ਜੱਗ ਤਾਈਂ ਕਰੇ ਮਾਲਾਮਾਲ ਘੱਗਰਾ
ਪਾਉਣਾ ਮੈਂ ਪਿਆਰ ਨਾਲ ਲਾਲ ਘੱਗਰਾ ।
ਓ ! ਪਿੰਡ ਦਿਓ ਸਰਦਾਰੋ
ਓ! ਵੱਡਿਓ ਲੰਬੜਦਾਰੋ
ਪਾਉਣਾ ਮੈਂ ਪਿਆਰ ਨਾਲ ਲਾਲ ਘੱਗਰਾ ।
ਪਾਉਣਾ ਮੈਂ ਪਿਆਰ ਨਾਲ ਲਾਲ ਘੱਗਰਾ ।
...............................................................................................
ਛੰਦ ਪਰਾਗੇ
..........................
( ਮੈਂ ਆਪਣੀਆਂ ਲਿਖਤਾਂ ਦਾ ਆਪ ਜੁੰਮੇਵਾਰ ਹਾਂ ।ਸੰਪਾਦਕ ਜੀ ਦਾ ਮੇਰੇ ਨਾਲ ਸਹਿਮਤ ਹੋਂਣਾ
ਜਰੂਰੀ ਨਹੀਂ)
ਛੰਦ ਪਰਾਗੇ ਆਈਏ ਜਾਈਏ
ਛੰਦ ਪਰਾਗੇ ਝੋਟੀ
ਦਫ਼ਤਰ ਵਾਲੇ ਰਿਸ਼ਵਤ ਮੰਗਣ ਮੈਂਨੂੰ ਮਿਲੇ ਨਾ ਰੋਟੀ ।
ਛੰਦ ਪਰਾਗੇ ਆਈਏ ਜਾਈਏ
ਛੰਦ ਪਰਾਗੇ ਲੀਰਾਂ
ਖੁੱਲ੍ਹੇ ਦਾੜ੍ਹੇ , ਖੰਡੇ ਲਮਕਣ ਪਰ ਨਾ ਸਾਫ਼ ਜ਼ਮੀਰਾਂ ।
ਛੰਦ ਪਰਾਗੇ ਆਈਏ ਜਾਈਏ
ਪੈ ਗਈ ਪੁੱਠੀ ਬਾਜ਼ੀ
ਮੈਂ ਪਿੰਡ ਦੇ ਪਟਵਾਰੀ ਦਾ ਨਾ ਕਰ ਸਕਿਆ ਚਿੱਤ "ਰਾਜ਼ੀ" ।
ਛੰਦ ਪਰਾਗੇ ਆਈਏ ਜਾਈਏ
ਦੱਸੋ ਮੈਂ ਕੀ ਕਰਸਾਂ
ਥਾਣੇ ਅਤੇ ਤਹਿਸੀਲਾਂ ਵਿਕਦੇ ਪਰ ਨਾ ਵਿਕਦੀਆਂ ਜਿਨਸਾਂ ।
ਛੰਦ ਪਰਾਗੇ ਆਈਏ ਜਾਈਏ
ਥਾਂ ਥਾਂ ਪੈਂਦੇ ਧੱਕੇ
ਬੱਜਰੀ ਰੇਤਾ ਖਾ ਗਏ ਨੇਤਾ ਬੜੇ ਹਾਜ਼ਮੇਂ ਪੱਕੇ ।
ਛੰਦ ਪਰਾਗੇ ਆਈਏ ਜਾਈਏ
ਬੱਤੀਆਂ ਵਾਲੀਆਂ ਕਾਰਾਂ
ਖ਼ਲਕਤ ਸੜਕਾਂ ਉੱਤੇ ਮਰਦੀ ਨੇਤਾ, ਮੌਜ- ਬਹਾਰਾਂ ।
ਛੰਦ ਪਰਾਗੇ ਆਈਏ ਜਾਈਏ
"ਟੂਰਨਾਮੈਂਟ" ਹੈ ਭਾਰਾ
ਕਰ ਗਏ "ਢਿੱਲੋਂ " ਰਾਜ ਪਾਤਸ਼ਾਹ ਯਾਦ ਕਰੂ ਜੱਗ ਸਾਰਾ ।
ਲੋਕੋ ਯਾਦ ਕਰੂ ਜੱਗ ਸਾਰਾ !
ਲੋਕੋ ਯਾਦ ਕਰੂ ਜੱਗ ਸਾਰਾ !!
ਲੋਕੋ ਯਾਦ ਕਰੂ ਜੱਗ ਸਾਰਾ !!!
-0-
|