ਜਦੋਂ 1965 ਵਿਚ ਮੈਂ
ਐਮ.ਏ. ਅੰਗਰੇਜ਼ੀ ਕਰਨ ਲਈ ਪਟਿਆਲੇ ਪਹੁੰਚਿਆ ਉਥੇ ਭੂਤਵਾੜਾ ਸਥਾਪਤ ਹੀ ਨਹੀਂ ਸੀ, ਉਸ ਦੀ
ਪਛਾਣ ਵੀ ਕਾਇਮ ਹੋ ਚੁੱਕੀ ਸੀ। ਉਸ ਨਾਲ ਗੁਰਭਗਤ ਸਿੰਘ, ਹਰਿੰਦਰ ਸਿੰਘ ਮਹਿਬੂਬ, ਹਰਦਿਲਜੀਤ
ਲਾਲੀ, ਨਵਤੋਜ ਭਾਰਤੀ, ਕੁਲਵੰਤ ਗਰੇਵਾਲ ਤੇ ਕਈ ਹੋਰ ਜਣੇ ਸਬੰਧਤ ਸਨ। ਭੂਤਵਾੜਾ ਪ੍ਰੀਤ
ਨਗਰ, ਲੋਅਰ ਮਾਲ, ਪ੍ਰੋ. ਪ੍ਰੀਤਮ ਸਿੰਘ ਦੀ ਕੋਠੀ, ‘ਅਰਵਿੰਦ’ ਦੇ ਸਾਹਮਣੇ ਸਥਿਤ ਸੀ। ਦੋ
ਕਮਰਿਆਂ, ਇਕ ਰਸੋਈ, ਬਰਾਂਡੇ ਤੇ ਵੱਡੇ ਵਿਹੜੇ ਵਾਲੀ ਕੋਠੀ। ਇਥੇ ਰਹਿਣ ਵਾਲੇ ਕਦੋਂ ਸੌਂਦੇ,
ਕਦੋਂ ਜਾਗਦੇ ਸਨ, ਆਸੇ ਪਾਸੇ ਕਿਸੇ ਨੂੰ ਪਤਾ ਨਹੀਂ ਸੀ। ਉਹ ਹਮੇਸ਼ਾ ਇਨ੍ਹਾਂ ਨੂੰ ਜਾਗਦੇ
ਹੀ ਦੇਖਦੇ, ਰਾਤ ਨੂੰ ਸੰਗੀਤ ਦੀਆਂ ਧੁਨਾਂ ਉਚੀਆਂ ਹੁੰਦੀਆਂ, ਗਾਇਕੀ ਸੁਣਦੀ। ਆਏ ਗਏ ਦਾ
ਦਿਨ ਰਾਤ ਮੇਲਾ ਲੱਗਿਆ ਰਹਿੰਦਾ। ਕਦੇ ਧਮਾਲ ਪੈਂਦੀ ਤੇ ਕਦੇ ਸਾਰੀ ਰਾਤ ਕਿਤਾਬਾਂ ਵਿਚਾਰਨ
ਦਾ, ਸ਼ਾਇਰੀ ਦਾ ਦਰਬਾਰ ਲੱਗਿਆ ਰਹਿੰਦਾ। ਆਂਢੀਆਂ ਗੁਆਂਢੀਆਂ ਨੇ ਇਸ ਥਾਂ ਦਾ ਨਾਂ
‘ਭੂਤਵਾੜਾ’ ਰੱਖ ਦਿੱਤਾ ਅਤੇ ਭੂਤਵਾੜੇ ‘ਚ ਰਹਿਣ ਵਾਲਿਆਂ ਨੇ ਇਹ ਨਾਂ ਸਵੀਕਾਰ ਕਰ ਲਿਆ ਤੇ
ਉਨ੍ਹਾਂ ਨੂੰ ‘ਭੂਤ’ ਆਖਿਆ ਜਾਣ ਲੱਗ ਪਿਆ। ਸਾਹਮਣੇ ਪ੍ਰੋ. ਪ੍ਰੀਤਮ ਸਿੰਘ ਸਨ, ਸਾਰਿਆਂ ਦੇ
ਗੁਰੂਦੇਵ, ਉਨ੍ਹਾਂ ਨੂੰ ਸਹਿਜੇ ਹੀ ‘ਮਹਾਭੂਤ’ ਦੀ ਪਦਵੀ ਦੇ ਦਿੱਤੀ ਗਈ। ਹੌਲੀ ਹੌਲੀ
ਭੂਤਵਾੜੇ ਦਾ ਪਰਿਵਾਰ ਵਧਦਾ ਗਿਆ। ਸੁਰਜੀਤ ਲਾਲੀ, ਪ੍ਰੇਮ ਪਾਲੀ, ਹਰਭਜਨ ਸੋਹੀ, ਮੇਘ ਰਾਜ,
ਜਗਮੀਤ ਸਿੰਘ, ਦਰਬਾਰਾ ਸਿੰਘ, ਜੋਗਿੰਦਰ ਹੀਰ, ਅਮਰਜੀਤ ਸਾਥੀ ਤੇ ਕਿੰਨੇ ਹੀ ਹੋਰ ਭੂਤ,
ਜਿਨ੍ਹਾਂ ਦਾ ਵੱਖ-ਵੱਖ ਖੇਤਰਾਂ ਵਿਚ ਚਰਚਾ ਹੋਇਆ। ਗੁਰਭਗਤ ਸਿੰਘ ਖਾਲਸਾ ਕਾਲਜ ਪੜ੍ਹਾ ਰਿਹਾ
ਸੀ, ਨਵਤੇਜ ਭਾਰਤੀ ਤੇ ਹਰਿੰਦਰ ਮਹਿਬੂਬ ਭਾਸ਼ਾ ਵਿਭਾਗ ਵਿਚ ਕੰਮ ਕਰਦੇ ਸਨ ਤੇ ਭੂਤਵਾੜੇ ਦਾ
ਸਾਰਾ ਖਰਚ ਉਨ੍ਹਾਂ ਦੇ ਜਿ਼ੰਮੇ ਸੀ। ਹੋਰ ਜਿੰਨਾ ਕਿਸੇ ਕੋਲ ਹੁੰਦਾ, ਸਾਂਝੇ ਲੰਗਰ ‘ਚ ਪੈ
ਜਾਂਦਾ। ਗੱਲ ਖਰਚ ਜਾਂ ਅਖਰਚ ਦੀ ਨਹੀਂ ਸੀ, ਪੜ੍ਹਨ-ਪੜ੍ਹਾਉਣ ਤੇ ਗਿਆਨ ਦੇ ਮਾਹੌਲ ਨੂੰ
ਵਿਕਸਤ ਕਰਨ ਦੀ ਸੀ। ਇਸ ਲਈ ਨਿਸ਼ਚਿਤ ਹੋ ਜਾਂਦਾ ਕਿ ਅੱਜ ਇਸ ਕਿਤਾਬ ਬਾਰੇ, ਇਸ ਵਿਸ਼ੇ
ਬਾਰੇ ਚਰਚਾ ਕੀਤੀ ਜਾਣੀ ਹੈ, ਕੋਈ ਵੀ ਉਸ ਬਾਰੇ ਕਦੋਂ ਪੜ੍ਹਦਾ ਹੈ, ਕਦੋਂ ਸੋਚਦਾ, ਕਿੰਨਾ
ਚਿਰ ਲਾਇਬਰੇਰੀ ਲਾਉਂਦਾ ਹੈ, ਇਸ ਬਾਰੇ ਕਿਸੇ ਨੇ ਨਹੀਂ ਪੁੱਛਣਾ, ਪਰ ਉਸ ਵੇਲੇ ਉਹ ਸਭ ਕੁਝ
ਪੜ੍ਹਿਆ ਹੁੰਦਾ ਤਾਂ ਹੀ ਕੋਈ ਸਵੀਕਾਰ ਹੋ ਸਕਦਾ ਸੀ। ਗੁਰਭਗਤ ਸਿੰਘ ਗਿਆਨ ਦੀ ਬੁਲੰਦੀ ਤੇ
ਅਕਾਦਮਿਕ ਸਿਰਜਣਾ ਨੂੰ ਕਾਇਮ ਰੱਖਦਾ, ਲਾਲੀ ਵਿਸ਼ਾਲ ਪਰਿਪੇਖ ਵਿਚ ਵਿਸ਼ੇ ਨੂੰ ਛੋਂਹਦਾ ਤੇ
ਫਿਰ ਸਾਰਿਆਂ ‘ਚ ਸੰਵਾਦ ਸ਼ੁਰੂ ਹੋ ਜਾਂਦਾ। ਸ਼ਹਿਰ ਵਿਚ ਇਨ੍ਹਾਂ ਗੱਲਾਂ ਵਿਚ ਦਿਲਚਸਪੀ ਲੈਣ
ਵਾਲੇ ਭੂਤਵਾੜੇ ਤੋਂ ਬਾਹਰ ਵਿਚਰਦੇ ਦੋਸਤਾਂ ਨੂੰ ਵੀ ਪਤਾ ਹੁੰਦਾ ਤੇ ਉਹ ਰਾਤ ਨੂੰ ਸਹਿਜੇ
ਹੀ ਸੰਗਤ ਵਿਚ ਆ ਬੈਠਦੇ। ਜਿਨ੍ਹਾਂ ਦਿਨਾਂ ਵਿਚ ਮੈਂ ਭੂਤਵਾੜੇ ਵਿਚ ਪਹੁੰਚਿਆ, ਮੈਂ ਵਿਲੱਖਣ
ਅੰਦਾਜ਼ ਵਿਚ ਸਭ ਤੋਂ ਪਹਿਲਾਂ ਕੁਲਵੰਤ ਗਰੇਵਾਲ ਨੂੰ ਮਿਲਿਆ। ਉਹ ਭੂਤਵਾੜੇ ਦੇ ਨੇੜੇ ਹੀ
ਰਹਿੰਦਾ ਸੀ, ਘਰੋਂ ਪੈਸੇ ਲੈ ਕੇ ਉਹ ਘਿਉ ਖਰੀਦਣ ਆਇਆ ਸੀ, ਪਰ ਉਸਨੇ ਦੇਖਿਆ ਭੂਤਵਾੜੇ ਦਾ
ਲੰਗਰ ਮਸਤਾਨਾ ਹੋਇਆ ਸੀ। ਉਸਨੇ ਲੰਗਰ ਲਈ ਸਾਮਾਨ ਖਰੀਦਿਆ। ਸ਼ਾਮ ਨੂੰ ਬੜੀ ਦੇਰ ਤਕ ਆਪਣੇ
ਗੀਤ ਗਾਉਂਦਾ ਰਿਹਾ (ਉਸ ਦੇ ਪ੍ਰਭਾਵਸ਼ਾਲੀ ਗੀਤ ਪੁਸਤਕ ਰੂਪ ਵਿਚ ਅਜੇ ਵੀ ਪ੍ਰਕਾਸ਼ਤ ਨਹੀਂ
ਹੋਏ, ਉਡੀਕ ਹੈ)। ਉਹ ਸੱਚਾ ਸੌਦਾ ਕਰਨ ਦੀ ਪ੍ਰਸੰਨਤਾ ਨਾਲ ਡੂੰਘੀ ਰਾਤ ਘਰ ਚਲਾ ਗਿਆ। ਇਹ
ਦਿਨ ਬੜੇ ਦਿਲਚਸਪ ਸਨ। ਨਵਤੇਜ ਭਾਰਤੀ ‘ਤੇ ਸ਼ਾਇਰੀ ਛਾਈ ਹੋਈ ਸੀ। ਉਹ ਗਿਆਨ-ਵਿਗਿਆਨ ਦੀਆਂ
ਗੱਲਾਂ ਵਿਚ ਆਪਣੀ ਸ਼ਾਇਰੀ ਬੁਲੰਦ ਕਰਦਾ। ‘‘ਸੂਰਜ ਕੋਈ ਨਿਚੋੜ ਕੇ ਮੇਰੇ ਸਾਹ ਗਰਮਾਓ।’’
ਹਰਿੰਦਰ ਮਹਿਬੂਬ ਵੀ ਸ਼ਾਇਰੀ ਦੇ ਵਿਸਥਾਰ ਵਿਚ ਪ੍ਰਗੀਤਕ ਬੋਲਾਂ ਦੀ ਸਿਰਜਣਾ ਵਿਚ ਰੁਝਿਆ
ਹੋਇਆ ਸੀ ਤੇ ਉਸ ਦੇ ਫਕੀਰੀ ਬੋਲ ਉਚੇ ਹੁੰਦੇ: ਕੰਤ ਦੀ ਥਾਹ ਨਾ ਲੈ ਤੂੰ ਸਖੀਏ ਕੌਣ ਕੰਤ ਹੈ
ਮੇਰਾ ਜਲਾਂ ‘ਚੋਂ ਮੇਰਾ ਰੂਪ ਪਛਾਣੇ ਪੱਥਰਾਂ ਉਤੇ ਬਸੇਰਾ। ਕੇਸਾਂ ਨੂੰ ਧਾਹ ਚੜ੍ਹੀ ਜੁਆਨੀ
ਜਨਮ ਮੇਘ ਦਾ ਹੋਇਆ, ਪੰਧ ਕਿਸੇ ਨੇ ਕੀਤਾ ਲੰਮਾ, ਦਰ ਵਿਚ ਆਣ ਖਲੋਇਆ। ਮੇਰਿਆਂ ਕੁੱਲ ਰਾਹਾਂ
ਦਾ ਭੇਤੀ ਦੀਵਿਆਂ ਦਾ ਵਣਜਾਰਾ, ਰਹਿੰਦੀ ਉਮਰ ਦੀ ਪੂੰਜੀ ਲੈ ਕੇ ਰਾਹੀਂ ਬਲੇ ਪਿਆਰਾ।
ਹਰਿੰਦਰ ਮਹਿਬੂਬ ਇਨ੍ਹਾਂ ਦਿਨਾਂ ਵਿਚ ਆਪਣੀ ਕਵਿਤਾ ਦੇ ਨਾਲ ਨਾਲ ਮਾਓ ਜ਼ੇ-ਤੁੰਗ ਦੀ ਕਵਿਤਾ
ਦਾ ਅਨੁਵਾਦ ਕਰ ਰਿਹਾ ਸੀ ਅਤੇ ਬੜੇ ਜੋਸ਼ ਅਤੇ ਉਮਾਹ ਵਿਚ ਸੀ। ਕੁਝ ਦਿਨਾਂ ਬਾਅਦ ਉਸਨੂੰ
ਪਤਾ ਲੱਗਾ ਕਿ ਮਾਓ ਜ਼ੇ-ਤੁੰਗ ਨੇ ਬੁੱਢੀ ਉਮਰ ਵਿਚ ਯੰਗਸੀ ਦਰਿਆ ਤਰ ਕੇ ਪਾਰ ਕੀਤਾ ਹੈ।
ਹਰਿੰਦਰ ਮਹਿਬੂਬ ਉਹੋ ਜਿਹਾ ਕੋਈ ਦਰਿਆ ਲੱਭ ਰਿਹਾ ਸੀ ਜਿਸਨੂੰ ਉਹ ਉਸੇ ਤਰ੍ਹਾਂ ਤਰ ਕੇ ਪਾਰ
ਕਰ ਸਕੇ ਕਿਉਂਕਿ ਉਸਨੂੰ ਤਰਨ ਦਾ ਡਾਢਾ ਸ਼ੌਕ ਸੀ। ਹਰਬੰਸ ਬਰਾੜ, ਨਿਰਦੋਖ ਸਿੰਘ ਸਾਹਮਣੇ ਹੀ
ਰਹਿੰਦੇ ਸਨ। ਉਹ ਥੋੜ੍ਹੀ ਜਿਹੀ ਵਿੱਥ ਵੀ ਸਥਾਪਤ ਰਖਦੇ ਸਨ ਤੇ ਭੂਤਵਾੜੇ ਦੀ
ਗਿਆਨ-ਪ੍ਰਕਿਰਿਆ ਵਿਚ ਸ਼ਾਮਲ ਵੀ ਰਹਿੰਦੇ ਸਨ। ਹਰਬੰਸ ਬਰਾੜ ਕੰਜੂਸ ਬਾਹਲਾ ਸੀ। ਇਸ ਲਈ
ਉਸਨੂੰ ਬੇਪਰਵਾਹ ਭੂਤਾਂ ਵਿਚ ਪੂਰੀ ਤਰ੍ਹਾਂ ਰਲਣਾ ਚੰਗਾ ਨਾ ਲੱਗਦਾ। ਇਸੇ ਲਈ ਇਕ ਵਾਰ ਜਦੋਂ
ਹਰਬੰਸ ਬਰਾੜ ਇਧਰ ਉਧਰ ਸੀ ਇਹ ਫੈਸਲਾ ਕੀਤਾ ਗਿਆ ਕਿ ਉਸ ਦੇ ਚੁਬਾਰੇ ਵਿਚ ਛਾਪਾ ਮਾਰਿਆ
ਜਾਏ। ਸਭ ਕੁਝ ਫੋਲਿਆ ਗਿਆ। ਜਮ੍ਹਾਂ ਪਏ ਦੇਸੀ ਘਿਓ ਦਾ ਪ੍ਰਸ਼ਾਦ ਬਣਾਇਆ ਗਿਆ। ਕੱਪੜਿਆਂ
ਦੀਆਂ ਤੈਹਾਂ ‘ਚ ਲੁਕਾਏ ਪੈਸਿਆਂ ਦਾ ਇਹ ਫੈਸਲਾ ਕੀਤਾ ਗਿਆ ਕਿ ਸਾਰਾ ਭੂਤਵਾੜਾ ਸਿ਼ਮਲੇ ਦੀ
ਸੈਰ ਕਰੇ। ਜਮ੍ਹਾ ਦੇਸੀ ਘਿਉ ਦਾ ਜਦੋਂ ਪ੍ਰਸ਼ਾਦ ਬਣਾਇਆ ਜਾ ਰਿਹਾ ਸੀ ਤਾਂ ਕਿਸੇ ਕੋਨੇ
‘ਚੋਂ ਬੀ ਪੈਨਸਲੀਨ ਦੀਆਂ ਗੋਲੀਆਂ ਵੀ ਨਿਕਲ ਆਈਆਂ। ਕਿਸੇ ਨੇ ਸੁਝਾਅ ਦਿੱਤਾ ਇਹ ਵੀ ਕੜਾਹ
ਪ੍ਰਸ਼ਾਦ ਵਿਚ ਸੁੱਟ ਦਿਓ। ਇਉਂ ਹੀ ਹੋਇਆ। ਕਿਸੇ ਹੋਰ ਨੇ ਕਿਹਾ ਇਹ ਤਾਂ ਜ਼ਹਿਰੀਲਾ ਹੋ
ਗਿਆ। ਇਕ ਕੁੱਤਾ ਲਿਆਂਦਾ ਗਿਆ। ਉਸਨੂੰ ਪਹਿਲਾਂ ਕੜਾਹ ਪ੍ਰਸ਼ਾਦ ਛਕਾਇਆ ਗਿਆ। ਉਹ ਕਾਇਮ
ਰਿਹਾ। ਸਾਰੇ ਕੜਾਹ ਪ੍ਰਸ਼ਾਦ ਨੂੰ ਟੁੱਟ ਕੇ ਪੈ ਗਏ। ਹਰਬੰਸ ਬਰਾੜ ਵਾਪਸ ਆਇਆ ਤਾਂ ਉਸਨੂੰ
ਉਸਦੇ ਨਕਦ ਪੈਸੇ ਵਾਪਸ ਕਰ ਦਿੱਤੇ ਗਏ। ਉਹ ਬੰਦਾ ਲਾਇਕ ਸੀ। ਦੁਨੀਆਂ ਤੋਂ ਵਿਦਾ ਹੋ ਜਾਣ ਦਾ
ਸਾਰੇ ਭੂਤਾਂ ਨੂੰ ਅਜੇ ਤਕ ਅਫਸੋਸ ਹੈ। ਭੂਤਵਾੜੇ ਵਿਚ ਫਿਕਰ ਸਿਰਫ ਕਿਤਾਬਾਂ ਤੇ ਗਿਆਨ ਦਾ
ਹੁੰਦਾ ਸੀ। ਇਸ ਲਈ ਡਾ. ਅਮਰੀਕ ਸਿੰਘ ਜੋ ਅੰਗਰੇਜ਼ੀ ਵਿਭਾਗ ਦੇ ਉਦੋਂ ਮੁਖੀ ਬਣੇ ਸਨ,
ਉਨ੍ਹਾਂ ਦੀ ਇਹ ਗੱਲ ਪਸੰਦ ਆਈ ਸੀ ਕਿ ਉਨ੍ਹਾਂ ਨੇ ਮਹਿੰਦਰਾ ਕਾਲਜ ਦੇ ਕੈਂਪਸ ਵਿਚ ਬਣੀ
ਪੰਜਾਬੀ ਯੂਨੀਵਰਸਿਟੀ ਦੀ ਲਾਇਬਰੇਰੀ ਸਾਰੀ ਰਾਤ ਖੁੱਲ੍ਹਣ ਦਾ ਹੁਕਮ ਦੇ ਦਿੱਤਾ ਸੀ।
ਭੂਤਵਾੜੇ ਦੇ ਬੰਦੇ ਸਾਰੀ ਰਾਤ ਲਾਇਬਰੇਰੀ ਦਾ ਫਾਇਦਾ ਉਠਾਉਂਦੇ ਤੇ ਆਪਣਾ ਪੜ੍ਹਨ-ਪੜ੍ਹਾਉਣ
ਦਾ ਪ੍ਰੋਗਰਾਮ ਅੱਗੇ ਪਿੱਛੇ ਕਰ ਲੈਂਦੇ। ਰਾਤ ਬਰਾਤੇ ਲਾਇਬਰੇਰੀ ਜਾਣ ਕਰ ਕੇ ਭੂਤਵਾੜੇ ਦੀ
ਸ਼ਾਮ ਦਾ ਲੰਗਰ ਮਸਤਾਨਾ ਹੋ ਗਿਆ। ਲੰਗਰ ਤਾਂ ਉਂਜ ਵੀ ਕਈ ਵਾਰੀ ਮਸਤਾਨਾ ਹੋ ਜਾਂਦਾ ਸੀ।
ਪ੍ਰਬੰਧ ਕਰਨਾ ਔਖਾ ਹੋ ਜਾਂਦਾ ਸੀ। ਇਕ ਵਾਰ ਲੰਗਰ ਮਸਤਾਨਾ ਹੋ ਗਿਆ ਤਾਂ ਮਹਿੰਦਰਾ ਕਾਲਜ ਦੇ
ਹੋਸਟਲ ਵਿਚ ਸ਼ਾਮ ਨੂੰ ਰੋਟੀ ਖਾਣੀ ਸ਼ੁਰੂ ਕਰ ਦਿੱਤੀ। ਰਾਤ ਨੂੰ ਵਾਪਸ ਆ ਰਹੇ ਸਾਂ ਤਾਂ
ਹੋਸਟਲ ਦੇ ਬਾਹਰ ਇਕ ਮੰਜੇ ‘ਤੇ ਕਸੂਤੇ ਜਿਹੇ ਢੰਗ ਨਾਲ ਦੋ ਬੰਦੇ ਸੁੱਤੇ ਦਿੱਸੇ। ਉਨ੍ਹਾਂ
ਨੂੰ ਜਗਾਇਆ। ਪੁੱਛਣ ‘ਤੇ ਪਤਾ ਲੱਗਾ ਉਹ ਹਰਭਜਨ ਸੋਹੀ (ਬਾਅਦ ਵਿਚ ਨਕਸਲੀ ਨੇਤਾ ਬਣਿਆ) ਤੇ
ਮੇਘ ਰਾਜ ਸਨ। ਉਨ੍ਹਾਂ ਨੂੰ ਭੂਤਵਾੜੇ ਟਿਕਣ ਦਾ ਸੱਦਾ ਦਿੱਤਾ। ਉਨ੍ਹਾਂ ਸਵੀਕਾਰ ਕਰ ਲਿਆ ਤੇ
ਦੋ ਤਿੰਨ ਦਿਨਾਂ ਵਿਚ ਹੀ ਉਹ ਭੂਤਵਾੜੇ ਵਿਚ ਰਚਮਿਚ ਗਏ। ਕਈ ਦਿਨ ਹੋ ਗਏ ਸਨ ਭੂਤਵਾੜੇ ਵਿਚ
ਲੰਗਰ ਪੱਕਿਆਂ। ਹਰਭਜਨ ਗਾ ਲੈਂਦਾ ਸੀ। ਇਕ ਦਿਨ ਭਾਸ਼ਾ ਵਿਭਾਗ ਦੇ ਇਕ ਮੁਕਾਬਲੇ ਵਿਚ ਹਰਭਜਨ
ਨੂੰ ਪੁਰਸਕਾਰ ਮਿਲਿਆ। ਸੋਚਿਆ ਭੂਤਵਾੜੇ ਵਿਚ ਅੱਜ ਲੰਗਰ ਤਿਆਰ ਹੋਵੇ। ਉਨ੍ਹਾਂ ਦਿਨਾਂ ਵਿਚ
75 ਰੁਪਏ ਕਾਫੀ ਹੁੰਦੇ ਸਨ। ਫੈਸਲਾ ਹੋਇਆ ਕਿ ਕਈ ਦਿਨਾਂ ਤੋਂ ਮਹਿਫਲ ਨਹੀਂ ਲੱਗੀ, ਇਸ ਲਈ
ਮਹਿਫਲ ਲੱਗ ਗਈ ਤੇ ਸਾਰੀ ਰਾਤ ਸਿ਼ਅਰੋ ਸ਼ਾਇਰੀ, ਗਾਇਕੀ ਨੇ ਭੂਤਵਾੜੇ ਦੀਆਂ ਸੁਰਾਂ ਨੂੰ
ਗੂੰਜਾਈ ਰੱਖਿਆ। ਜਦੋਂ ਇਹ ਮਹਿਫਲ ਸਾਰੀ ਰਾਤ ਲੱਗਦੀ, ਕੋਈ ਵਿਚੇ ਹੀ ਸੌਂ ਵੀ ਜਾਂਦਾ।
ਬਹੁਤੇ ਜਾਗਦੇ ਰਹਿੰਦੇ ਤੇ ਸਵੇਰੇ ਉਠਦਿਆਂ ਹੀ ਵਿਹੜੇ ਵਿਚ ਇੱਟਾਂ ਦੂਰ ਸੁੱਟਣ ਦਾ ਭੂਤਾਂ
‘ਚ ਮੁਕਾਬਲਾ ਸ਼ੁਰੂ ਹੋ ਜਾਂਦਾ ਤੇ ਇਉਂ ਦਿਨੇ ਰਾਤ ਜਾਗਣ ਦੀ ਭੂਤਵਾੜੇ ਦੀ ਪਰੰਪਰਾ ਬਰਕਰਾਰ
ਰਹਿੰਦੀ। ਆਂਢੀ ਗੁਆਂਢੀ ਜਾਗਦੇ ਤਾਂ ਉਵੇਂ ਹੀ ਉਨ੍ਹਾਂ ਵਿਚ ਭੂਤਵਾੜੇ ਦਾ ਚਰਚਾ ਬਰਕਰਾਰ
ਰਹਿੰਦਾ। ਭੂਤਵਾੜਾ ਲੇਖਕਾਂ ਦਾ ਮੱਕਾ ਬਣ ਗਿਆ ਸੀ। ਪ੍ਰੋ. ਮੋਹਨ ਸਿੰਘ, ਸੰਤ ਸਿੰਘ ਸੇਖੋਂ,
ਜਸਵੰਤ ਸਿੰਘ ਕੰਵਲ, ਡਾ. ਹਰਿਭਜਨ ਸਿੰਘ, ਜਸਵੰਤ ਸਿੰਘ ਨੇਕੀ, ਹਰਨਾਮ ਤੇ ਅਗਲੀ ਪੀੜ੍ਹੀ ਦੇ
ਲੇਖਕ ਦੇਵ, ਸੁਰਜੀਤ ਪਾਤਰ ਸਾਰੇ ਹੀ ਪਟਿਆਲੇ ਆਉਂਦੇ ਤੇ ਭੂਤਵਾੜੇ ਤੋਂ ਬਿਨਾ ਯਾਤਰਾ ਅਧੂਰੀ
ਹੁੰਦੀ। ਜਦੋਂ ਭੂਤਵਾੜੇ ਦਾ ਲੰਗਰ ਮਸਤਾਨਾ ਹੁੰਦਾ ਤਾਂ ਲੇਖਕਾਂ ਨੂੰ ਸਟੇਸ਼ਨ ਦੇ ਕੋਲ ਢਾਬੇ
ਤੇ ਸੁਆਦੀ ਰੋਟੀ ਖੁਆਈ ਜਾਂਦੀ ਤੇ ਬਹੁਤ ਠੰਢਾ ਪਾਣੀ ਦੋ ਮੀਲ ਦੂਰ ਮਹਿੰਦਰਾ ਕਾਲਜ ਕੋਲ
ਠੰਢੀ ਖੂਹੀ ‘ਤੇ ਮਿਲ ਸਕਦਾ ਸੀ। ਪਾਣੀ ਪੀਣ ਲਈ ਪੈਦਲ ਉਥੇ ਪਹੁੰਚਿਆ ਜਾਂਦਾ। ਆਉਂਦੇ ਜਾਂਦੇ
ਲੇਖਕ ਭੂਤਵਾੜੇ ਹੀ ਠਹਿਰਦੇ। ਉਥੇ ਬਿਸਤਰੇ ਦੋ ਤਿੰਨ ਤੋਂ ਵੱਧ ਨਹੀਂ ਸਨ। ਅਖਬਾਰਾਂ ਨੂੰ
ਬਿਸਤਰਾ ਬਣਾਇਆ ਜਾਂਦਾ। ਇੱਟਾਂ ਨੂੰ ਸਰਹਾਣਾ ਬਣਾਇਆ ਜਾਂਦਾ। ਜੇ ਕੋਈ ਵੱਧ ਸਤਿਕਾਰ ਵਾਲਾ
ਜਾਂ ਸੀਨੀਅਰ ਲੇਖਕ ਹੁੰਦਾ ਤਾਂ ਉਸਨੂੰ ਇਕ ਵੱਧ ਅਖਬਾਰ ਦੇ ਦਿੱਤਾ ਜਾਂਦਾ, “ਲਓ ਤੁਸੀਂ
ਗਦੇਲਾ ਵੀ ਲਓ ਤੇ ਆਰਾਮ ਕਰੋ’’ ਤੇ ਇਉਂ ਕਹਿੰਦਾ ਕਹਾਉਂਦਾ ਲੇਖਕ ਅੱਧੀ ਰਾਤ ਤਕ ਸੰਵਾਦ ਕਰਨ
ਬਾਅਦ ਆਰਾਮ ਨਾਲ ਸੌਂ ਜਾਂਦਾ। ਸਵੇਰੇ ਜਿੰਨਾ ਕੁ ਨਾਸ਼ਤਾ ਤਿਆਰ ਹੁੰਦਾ, ਸਾਰਿਆਂ ‘ਚ ਵੰਡ
ਲਿਆ ਜਾਂਦਾ ਤੇ ਸਾਰੇ ਆਪਣੇ ਆਪਣੇ ਕੰਮ ‘ਚ ਰੁੱਝ ਜਾਂਦੇ। ਕਈ ਵਾਰੀ ਤਾਂ ਲਾਇਬਰੇਰੀ ਜਾਂ
ਹੋਰ ਥਾਵਾਂ ‘ਤੇ ਜਾਣ ਦਾ ਵਕਤ ਵੀ ਵੰਡਣਾ ਪੈਂਦਾ ਕਿਉਂਕਿ ਕਈ ਵਾਰ ਕੰਮ ਦੇ ਕੱਪੜੇ ਜਾਂ
ਕਮੀਜ਼ਾਂ ਕੁਝ ਹੀ ਹੁੰਦੀਆਂ। ਇਕ ਧੋ ਲੈਂਦਾ, ਇਕ ਪਾ ਲੈਂਦਾ। ਇਉਂ ਕੱਪੜੇ ਸਾਂਝੇ ਤੌਰ ‘ਤੇ
ਵਰਤੇ ਜਾਂਦੇ। ਇਉਂ ਸਭ ਕੁਝ ਤੁਰਿਆ ਜਾਂਦਾ ਪਰ ਇਸ ਬਾਰੇ ਕੋਈ ਸਮਝੌਤਾ ਨਹੀਂ ਸੀ ਹੋ ਸਕਦਾ
ਕਿ ਗਿਆਨ-ਵਿਗਿਆਨ ਦੀ ਪ੍ਰਕਿਰਿਆ ਵਿਚ ਕੋਈ ਸ਼ਾਮਿਲ ਨਾ ਹੋਵੇ। ਭੂਤਵਾੜੇ ਨੇ ਹਰ ਇਕ ਨੂੰ
ਸੁਤੰਤਰਤਾ ਦਿੱਤੀ ਹੋਈ ਸੀ ਕਿ ਉਹ ਵਿਚਾਰਧਾਰਕ ਤੌਰ ‘ਤੇ ਕੀ ਦ੍ਰਿਸ਼ਟੀ ਜਾਂ ਸੇਧ ਬਣਾਉਂਦਾ
ਹੈ। ਮਹੱਤਵਪੂਰਨ ਗੱਲ ਸੀ ਗਿਆਨ ਵਲ ਵਧਣਾ। ਇਸੇ ਲਈ ਪੰਜਾਬ ਦੀ ਪਿਛਲੇ ਵਰ੍ਹਿਆਂ ਦੀ ਹਰ
ਲਹਿਰ ਦੀਆਂ ਜੜ੍ਹਾਂ ਭੂਤਵਾੜੇ ਵਿਚ ਹਨ। ਗਿਆਨ ਦੀ ਪ੍ਰਕਿਰਿਆ ਵਿਚ ਬੰਦੇ ਕਿੰਨੇ ਕੁ ਲੀਨ
ਸਨ, ਇਸ ਦਾ ਅਨੁਮਾਨ ਤਾਂ ਕਿੰਨੀਆਂ ਹੀ ਗੱਲਾਂ ਤੋਂ ਲਾਇਆ ਜਾ ਸਕਦਾ ਹੈ। ਇਹ ਪੁੱਛਣ ਦੀ ਕਿਸ
ਨੂੰ ਵਿਹਲ ਸੀ ਕਿ ਲੰਗਰ ਲਈ ਕੀ ਮਹਿੰਗਾ ਹੈ ਤੇ ਕੀ ਸਸਤਾ। ਫੈਸਲਾ ਕੀਤਾ ਗਿਆ ਕਿ ਲਗਾਤਾਰ
ਸਬਜ਼ੀ ਆਲੂਆਂ ਦੀ ਹੀ ਬਣਾਈ ਜਾਵੇ, ਸਸਤੇ ਹਨ। ਜਦੋਂ ਸਬਜ਼ੀ ਵਾਲੇ ਦਾ ਮਹੀਨੇ ਬਾਅਦ ਬਿਲ
ਆਇਆ, ਜਿ਼ਆਦਾ ਸੀ। ਉਸਨੇ ਦੱਸਿਆ ਕਿ ਕਿਸੇ ਨੇ ਪੁੱਛਿਆ ਹੀ ਨਹੀਂ, ਇਸ ਮਹੀਨੇ ਸਭ ਤੋਂ ਵੱਧ
ਮਹਿੰਗੇ ਆਲੂ ਹੀ ਸਨ। ਕਿਤਾਬਾਂ ਤੋਂ ਵਿਹਲ ਕਿਸ ਨੂੰ ਸੀ? ਦੁੱਧ ਲਈ ਭਾਂਡਾ ਸਾਫ ਕਰਨ ਦੀ
ਵਿਹਲ ਕਿੱਥੇ ਸੀ? ਆਮ ਤੌਰ ‘ਤੇ ਦੁੱਧ ਹਰਿੰਦਰ ਮਹਿਬੂਬ ਲੈਣ ਜਾਂਦਾ ਸੀ। ਇਕ ਦਿਨ ਭਾਂਡਾ
ਸਾਫ ਕਰ ਦਿੱਤਾ ਗਿਆ। ਦੁੱਧ ਵਾਲੇ ਨੇ ਇਹ ਕਹਿ ਕੇ ਦੁੱਧ ਦੇਣ ਤੋਂ ਇਨਕਾਰ ਕਰ ਦਿੱਤਾ ਕਿ ਇਹ
ਭਾਂਡਾ ਭੂਤਵਾੜੇ ਦਾ ਨਹੀਂ। ਭੂਤਵਾੜੇ ਨਾਲ ਡਾ. ਦਲੀਪ ਕੌਰ ਟਿਵਾਣਾ ਤੇ ਅੰਮ੍ਰਿਤ ਕਲੇਰ ਵੀ
ਸਬੰਧਤ ਸਨ। ਡਾ. ਟਿਵਾਣਾ ਕੋਲ ਕਈ ਵਾਰ ਡੇਰੇ ਜਾ ਲੱਗਦੇ। ਗੱਲਾਂ ਵਿਚਾਰਨ ਲਈ, ਲੰਗਰ ਲਈ।
ਕਈ ਵਾਰ ਅੰਮ੍ਰਿਤ ਕਲੇਰ ਕਹਿੰਦੀ ਤੁਹਾਡੇ ਸਾਰਿਆਂ ਲਈ ਫਲਾਣੀ ਅੰਗਰੇਜ਼ੀ ਫਿਲਮ ਦੀਆਂ
ਟਿਕਟਾਂ ਖਰੀਦ ਲਈਆਂ ਗਈਆਂ ਹਨ, ਤੁਸੀਂ ਪਹੁੰਚ ਜਾਣਾ। ਭੂਤਵਾੜੇ ਨੂੰ ਤਾਲਾ ਲਾਉਣ ਦਾ ਰਿਵਾਜ
ਨਹੀਂ ਸੀ ਕਿਉਂਕਿ ਪਤਾ ਨਹੀਂ ਸੀ ਹੁੰਦਾ, ਕਿਸ ਲੇਖਕ ਨੇ ਕਦੋਂ ਆ ਜਾਣਾ ਹੈ ਤੇ ਠਹਿਰਨਾ ਹੈ।
ਇਕ ਵਾਰ ਪ੍ਰੋ. ਪ੍ਰੀਤਮ ਸਿੰਘ ਹੁਰਾਂ ਦਾ ਕੋਈ ਮਹਿਮਾਨ ਆਇਆ। ਉਨ੍ਹਾਂ ਦੇ ਤਾਲਾ ਲੱਗਿਆ
ਹੋਇਆ ਸੀ। ਉਸਨੂੰ ਪਤਾ ਸੀ ਕਿ ਸਾਹਮਣੇ ਉਨ੍ਹਾਂ ਦੇ ਕੁਝ ਵਿਦਿਆਰਥੀ ਰਹਿੰਦੇ ਹਨ। ਉਸਨੇ
ਪ੍ਰੋ. ਸਾਹਿਬ ਨੂੰ ਬਰਫੀ ਦੇ ਡੱਬੇ ਦੇਣੇ ਸਨ। ਉਹ ਡੱਬੇ ਉਸਨੇ ਸਾਡੀ ਗੈਰ ਹਾਜ਼ਰੀ ਵਿਚ
ਸਾਹਮਣੇ ਰੱਖ ਦਿੱਤੇ ਤੇ ਕੁਝ ਦੇਰ ਲਈ ਬਾਜ਼ਾਰ ਚਲਿਆ ਗਿਆ। ਅਸੀਂ ਆਏ, ਦੇਖ ਕੇ ਨਿਹਾਲ ਹੋ
ਗਏ ਤੇ ਬਰਫੀ ਸਾਰੇ ਭੂਤਾਂ ਵਿਚ ਵੰਡ ਦਿੱਤੀ ਗਈ। ਮਹਿਮਾਨ ਆਇਆ ਤਾਂ ਗੱਲ ਦਾ ਪਤਾ ਲੱਗਾ,
ਉਸਨੂੰ ਵਿਸ਼ੇਸ਼ ਤੌਰ ‘ਤੇ ਬਰਫੀ ਮੰਗਵਾ ਕੇ ਦਿੱਤੀ ਗਈ ਤੇ ਪ੍ਰੋ. ਸਾਹਿਬ ਦੇ ਪਹੁੰਚਾਉਣ ਲਈ
ਕਿਹਾ ਗਿਆ। ਇਕ ਵਾਰ ਇਉਂ ਹੋਇਆ ਕਿ ਸਾਰਿਆਂ ਦੇ ਇਮਤਿਹਾਨ ਨੇੜੇ ਆ ਰਹੇ ਸਨ, ਨੇੜੇ ਕੀ ਅਗਲੇ
ਦਿਨ ਪਹਿਲਾ ਪਰਚਾ ਸੀ। ਪਰ ਅੰਬਾਲੇ ਸਤਿਆਜੀਤ ਰੇਅ ਦੀ ਇਕ ਦਿਨ ਲਈ ਫਿਲਮ ਲੱਗ ਗਈ। ਫੈਸਲਾ
ਹੋਇਆ ਕਿ ਪਟਿਆਲੇ ਤੋਂ ਸਾਈਕਲਾਂ ‘ਤੇ ਫਿਲਮ ਦੇਖਣ ਜਾਇਆ ਜਾਵੇ। ਥੱਕੇ ਟੁੱਟੇ ਆਏ, ਸੌਂ ਗਏ
ਤੇ ਸਵੇਰੇ ਹੀ ਪਰਚਾ ਦੇਣ ਲਈ ਵੀ ਹਾਜ਼ਰ ਹੋ ਗਏ। ਅਜਿਹਾ ਕਈ ਵਾਰ ਵਾਪਰਦਾ ਸੀ। ਇਕ ਵਾਰ
ਅਗਲੇ ਦਿਨ ਇਮਤਿਹਾਨ ਸੀ। ਬਰਸਾਤ ਸ਼ੁਰੂ ਹੋ ਗਈ। ਪਟਿਆਲੇ ਦੇ ਨੇੜੇ ਹੀ ਕੁਝ ਮੀਲਾਂ ‘ਤੇ
ਲਾਲੀ ਦਾ ਅੰਬਾਂ ਦਾ ਬਾਗ ਹੈ। ਫੈਸਲਾ ਹੋਇਆ ਕਿ ਪਿਕਨਿਕ ਲਈ ਉਥੇ ਜਾਇਆ ਜਾਏ। ਰਾਹ ਅਜੇ
ਕੱਚਾ ਸੀ। ਤਿਲਕਦੇ ਤਿਲਕਦੇ ਉਥੇ ਪਹੁੰਚੇ। ਬਰਸਾਤ ਹੋਰ ਸੰਘਣੀ ਹੋ ਗਈ। ਰਾਤ ਉਥੇ ਨਹੀਂ ਸੀ
ਰਿਹਾ ਜਾ ਸਕਦਾ। ਅਸੀਂ ਅੱਧੀ ਰਾਤ ਵਾਪਸ ਪਹੁੰਚੇ ਤੇ ਸਵੇਰੇ ਇਮਤਿਹਾਨ ਵਿਚ ਹਾਜ਼ਰ ਹੋ ਗਏ।
ਭੂਤਵਾੜੇ ਦੀ ਸਾਂਭ ਸੰਭਾਲ ਦਾ ਕੰਮ ਇਉਂ ਸੀ ਕਿ ਇਕ ਵਾਰ ਇਕ ਕਮੀਜ਼ ਨਾ ਲੱਭੇ। ਇਕ ਚੂਹੇ ਨੇ
ਖੁੱਡ ਬਣਾ ਲਈ ਸੀ। ਹਰਿੰਦਰ ਨੇ ਕਿਤੇ ਪੜ੍ਹਦਿਆਂ ਪੜ੍ਹਦਿਆਂ ਬੇਧਿਆਨੇ ਉਹ ਨਵੀਂ ਕਮੀਜ਼
ਚੂਹੇ ਦੀ ਖੁੱਡ ਵਿਚ ਤੁੰਨ ਦਿੱਤੀ। ਇਕ ਗੁਆਚੀ ਛੁਰੀ ਵੀ ਕਈ ਦਿਨਾਂ ਬਾਅਦ ਉਸਦੇ ਬਿਸਤਰੇ
ਦੀਆਂ ਤੈਹਾਂ ‘ਚੋਂ ਲੱਭੀ। ਸਾਰਾ ਧਿਆਨ ਕਿਤਾਬਾਂ ਤੇ ਸੰਵਾਦ ‘ਚ ਹੋਣ ਕਰ ਕੇ ਕਿਸੇ ਦਾ ਵੀ
ਇਹ ਧਿਆਨ ਨਾ ਆਉਂਦਾ ਕਿ ਭੂਤਵਾੜੇ ਦਾ ਸਾਰੇ ਕੋਨੇ ਸੰਵਾਰ ਲਏ ਜਾਣ। ਇਕ ਵਾਰ ਸਾਡਾ ਇਕ
ਮਿੱਤਰ ਵਿਦੇਸ਼ ਤੋਂ ਆਇਆ। ਉਸਨੇ ਕਿਹਾ ਕਿ ਉਸਦੀ ਮਿੱਤਰ ਵੀ ਨਾਲ ਆਏਗੀ। ਅਸੀਂ ਸੋਚਿਆ
ਭੂਤਵਾੜੇ ਵਿਚ ਇਕ ਔਰਤ ਨੇ ਆਉਣਾ ਹੈ, ਇਸ ਲਈ ਇਸ ਦੀ ਪੂਰੀ ਸਫਾਈ ਕੀਤੀ ਜਾਵੇ। ਅਸੀਂ
ਭੂਤਵਾੜੇ ਦੇ ਹਰ ਕੋਨੇ ਨੂੰ ਲਿਸ਼ਕਾ ਦਿੱਤਾ ਪਰ ਉਹ ਉਸ ਦੀ ਮਿੱਤਰ ਉਸਦੇ ਨਾਲ ਨਾ ਆਈ।
ਭੂਤਵਾੜੇ ਵਿਚ ਇਹੀ ਉਦਾਸ ਦਿਨ ਸੀ। ਭੂਤਵਾੜੇ ਨੇ ਸਾਰਿਆਂ ਨੂੰ ਵਿਚਾਰਧਾਰਕ ਆਜ਼ਾਦੀ ਪਰ
ਚੇਤਨਾ ਦਾ ਮਾਰਗ ਦਿੱਤਾ। ਉਸ ਪਿੱਛੋਂ ਵੀ ਉਸ ਦੇ ਨੇੜੇ ਤੇੜੇ ਭੂਤਵਾੜੇ ਬਣਾਉਣ ਦਾ ਯਤਨ
ਕੀਤਾ ਗਿਆ। ਪਰ ਭੂਤਵਾੜਾ, ਭੂਤਵਾੜਾ ਹੀ ਸੀ। ਇਕ ਸੰਕਲਪ ਸੀ, ਜਿਸ ਦੀ ਪੰਜਾਬ ਨੂੰ ਅਗੇਰੇ
ਵਧਣ ਲਈ ਅੱਜ ਵੀ ਲੋੜ ਹੈ। ਪਰ ਅਜਿਹਾ ਸੰਕਲਪ ਕਿਸੇ ਯਤਨ ਨਾਲ ਨਹੀਂ ਬਣਿਆ ਕਰਦਾ, ਇਹ ਇਕ
ਸਹਿਜ ਪ੍ਰਕਿਰਿਆ ਹੈ।
ਸੁਤਿੰਦਰ ਸਿੰਘ ਨੂਰ
-0-
|