1-ਅਲਵਿਦਾ
ਮੈਨੂੰ ਸਾਰੀ ਰਾਤ ਨੀਂਦ ਨਹੀਂ ਆਈ....ਕੋਈ ਭੈਅ ਸੀ ਜਾਂ ਚਾਅ. ਸਾਡੇ ਘਰ
ਵਿਚ ਕਲ੍ਹ ਤੋਂ ਹੀ ਵਿਆਹ ਵਰਗਾ ਮਹੌਲ ਹੈ। ਨੇੜਲੇ ਰਿਸ਼ਤੇਦਾਰ ਆਏ ਹੋਏ
ਹਨ...ਚਾਚੇ ਚਾਚੀਆਂ, ਚਚੇਰ ਭੈਣ ਭਰਾ ਅਤੇ ਸ਼ਰੀਕੇ ਦੇ ਲੋਕ ਲੰਘੀ ਰਾਤ ਦੇਰ
ਤਕ ਸਾਡੇ ਘਰ ਖਾਂਦੇ ਪੀਂਦੇ ਰਹੇ ਹਨ....ਸਾਹਜਰੇ ਹੀ ਮਲਕੀਤ ਝਿਓਰ ਨੇ
ਬਲਟੋਹੀ ਚੁਲ੍ਹੇ ‘ਤੇ ਰੱਖ ਦਿੱਤੀ ....ਸਭ ਤੋਂ ਪਹਿਲਾਂ ਮਾਂ ਨੇ ਇਸ਼ਨਾਨ
ਕੀਤਾ, ਜਿਨਾ ਕੁ ਪਾਠ ਉਹਨੂੰ ਬੜੇ ਸਾਲਾਂ ਤੋਂ ਯਾਦ ਸੀ, ਕਰਕੇ ਉਹਨੇ ਦੁੱਧ
ਰਿੜਕਿਆ...ਹੌਲੀ ਹੌਲੀ ਸਾਰੇ ਜਾਗਣ ਲਗ ਪਏ...ਮੈਂ ਵੀ ਨਹਾ ਕੇ ਤਿਆਰ ਹੋ
ਗਿਆ ਹਾਂ....ਨਵਾਂ ਸੁਆਇਆ ਜ਼ਹਿਰ ਮੋਹਰਾ ਥਰੀ ਪੀਸ ਸੂਟ ਅਤੇ ਹਲਕੇ ਸਾਵੇ
ਰੰਗੀ ਪੱਗ ਬੰਨ੍ਹੀ, ਮੈਂ ਲਾੜਾ ਹੀ ਲਗ ਰਿਹਾ ਹਾਂ....ਮੂੰਹ ਹਨੇਰੇ ਹੀ
ਚਾਚੀਆਂ ਤਾਈਆਂ ਆਂਢ ਗੁਆਂਢ ਦੇ ਸਾਰੇ ਲੋਕ ਸਾਡੇ ਘਰ ਜੁੜਨੇ ਸੁਰੂ ਹੋ
ਗਏ....ਮੇਰੀ ਮਾਂ ਨੇ ਚਾਟੀ ਵਿਚੋਂ ਦਹੀਂ ਦੀ ਕੌਲੀ ਕਢ ਕੇ ਮੇਰੇ ਮੂੰਹ
ਨੂੰ ਲਾ ਦਿੱਤੀ...ਫਿਰ ਗੁੜ ਦੀ ਰੋੜੀ ਮੂੰਹ ‘ਚ ਪਾਈ....ਉਹਦੇ ਗੋਰੇ,
ਸੂਹੇ ਚਿਹਰੇ ‘ਤੇ ਉਦਾਸੀ ਛਾਈ ਹੋਈ ਹੈ, ਮੈਨੂੰ ਕਲਾਵੇ ‘ਚ ਲੈ ਕੇ ਮੇਰਾ
ਮੱਥਾ ਚੁੰਮਿਆ...ਮੇਰੀ ਕੱਕੀ ਦਾਹੜੀ ਦੇ ਚਾਰ ਕੁ
ਵਾਲਾਂ ਵਿਚ ‘ਚ ਉਹਦੀਆਂ ਅੱਖਾਂ ‘ਚੋਂ ਦੋ ਕੁ ਬੂੰਦਾਂ ਕਿਰੀਆਂ....ਘਰੜਾਈ
ਅਵਾਜ ‘ਚ ਉਹਨੇ ਏਨਾ ਹੀ ਕਿਹਾ ‘ਪੁੱਤ ਆਪਣਾ ਖਿਆਲ ਰੱਖੀਂ’, ਮੈਂ ਮਾਂ ਤੋਂ
ਅੱਖਾਂ ਚੁਰਾ ਕੇ ਕਾਰ ਵਿਚ ਜਾ ਬੈਠਾ.....ਸਾਡਾ ਕਾਫਲਾ ਦਿੱਲੀ ਏਅਰਪੋਰਟ
ਵਲ ਤੁਰ ਪਿਆ...ਚਾਰ ਜਣੇ ਪੁਰਾਣੀ ਫੀਅਟ ਕਾਰ ਵਿਚ ਮੇਰੇ ਨਾਲ ਹਨ, ਬਾਕੀ
ਅੱਠ ਜਣੇ ਬੱਸ ਵਿਚ.....
ਮਾਂ ਹੁਣ ਉਮਰ ਦੇ 93 ਵਰ੍ਹੇ ਪਾਰ ਕਰ ਚੁੱਕੀ ਹੈ,ਉਹਦਾ ਬਿਰਧ ਸਰੀਰ ਨਢਾਲ
ਹੋ ਹੋ ਰਿਹਾ ਹੈ ਮੇਰੀ ਕੱਕੀ ਦਾਹੜੀ ਦੇ ਵੀ ਸਾਰੇ ਵਾਲ ਬੱਗੇ ਹੋ ਗਏ
ਹਨ....ਮੈਂ ਅਨੇਕਾਂ ਵਾਰ ਦਿੱਲੀ ਨੂੰ ਤੁਰਨ ਵੇਲੇ ਮਾਂ ਦੇ ਗੋਡੇ ਮੁਢ ਬੈਠ
ਕੇ ਉਹਦੇ ਕੋਲੋਂ ਗੁੜ ਦੀ ਰੋੜੀ ਮੂੰਹ ਵਿਚ ਪੁਆਈ ਹੈ.....ਉਹਦੇ ਓਹੀ ਬੋਲ
‘ਪੁੱਤ ਆਪਣਾ ਖਿਆਲ ਰੱਖੀਂ’......ਐਤਕੀਂ ਇਹ ਪਹਿਲ ਮੈਂ ਕਰ ਦਿੱਤੀ ‘ਬੀਜੀ
ਆਪਣਾ ਖਿਆਲ ਰੱਖਿਓ’..... ਅਤੇ ਮਾਂ ਦੇ ਹੱਥਾਂ ਵਿਚ ਹੁਣ,ਗੁੜ ਦੀ ਰੋੜੀ
ਮੇਰੇ ਮੂੰਹ ਪਾਉਣ ਜੋਗੀ ਸ਼ਕਤੀ ਨਹੀਂ ਰਹੀ,ਮੈਂ ਚੁੱਪ ਚਾਪ ਦਿੱਲੀ ਜਾਣ ਲਈ
ਟੈਕਸੀ ‘ਚ ਜਾ ਬੈਠਾ.....ਮੈਂ ਸੋਚ ਰਿਹਾ ਹਾਂ, ਗੁੜ ਦੀ ਰੋੜੀ ਮਾਂ ਦੇ
ਮੂੰਹ ‘ਚ ਕਿਉਂ ਨਾਂ ਪਾਈ?......
ਫਿੱਕੀ ਵਿਦਾਇਗੀ....
ਪਿੱਠ ਕਰਕੇ ਓਹਲੇ ਹੋ ਗਏ
ਸੂਰਜ ‘ਤੇ ਪਰਛਾਵਾਂ
2-ਪ੍ਰਦੇਸੀਂ ਸੁਆਗਤ
ਏਨੇ ਵਰ੍ਹਿਆਂ ਬਾਦ,ਜਿਵੇਂ ਕਿਸੇ ਨੇ ਉਹਨੂੰ ਸੁਪਨੇ ‘ਚੋਂ ਜਗਾ ਦਿੱਤਾ
ਹੋਵੇ.....ਸਾਰੇ ਮੁਸਾਫਰਾਂ ਨਾਲ ਉਹਨੇ ਵੀ ਆਪਣਾ ਏਅਰ ਇੰਡਿਆ ਦੇ ਲੋਗੋ
ਵਾਲਾ ਬੈਗ ਲਗਜ ਕੈਬਨ ‘ਚੋਂ ਲਾਹਿਆ.... ਇਮੀਗਰੇਸ਼ਨ ਕਾਊਨਟਰ ‘ਤੇ ਲਗੇ ਕਿਊ
‘ਚ ਜਾ ਖੜਾ ਹੋਇਆ...ਉਹਦਾ ਪਸਾਪੋਰਟ ਅਤੇ ਸਪੋਂਸਰਸ਼ਿਪ ਵੇਖ ਕੇ ਇਮੀਗਰੇਸ਼ਨ
ਅਫਸਰ ਨੇ ਇਕ ਪੀਲੀ ਚਿੱਟ ਹੱਥ ਫੜਾਈ ਅਤੇ ਇਕ ਪਾਸੇ ਬਣੇ ਕਮਰੇ ਵਲ ਇਸ਼ਾਰਾ
ਕੀਤਾ ....ਕਮਰੇ ਵਿਚ ਬੈਠੇ ਬੰਦੇ ਨੇ ਉਸਤੋਂ ਓਹੀ ਸਾਰੇ ਸਵਾਲ ਪੁਛੇ
ਜਿਹੜੇ ਉਹ ਪਹਿਲਾਂ ਹੀ ਓਹਦੇ ਸਪਾਂਸਰ ਤੋਂ ਪੁੱਛ ਚੁੱਕਾਹੈ...ਉਹਨੂੰ
ਬੈਠਿਆਂ ਛੱਡ ਇਮੀਗਰੇਸ਼ਨ ਅਫਸਰ ਕਮਰੇ ਤੋਂ ਬਾਹਰ ਚਲਾ ਗਿਆ ਹੈ...ਵਾਪਸ ਆ
ਕੇ ਉਹਨੇ ਪਸਪੋਰਟ ‘ਤੇ ਮੋਹਰ ਲਾ ਦਿੱਤੀ...ਉਹਨੂੰ ਛੇ ਮਹੀਨੇ ਦਾ ਵੀਜਾ
ਮਿਲ ਗਿਆ...ਆਪਣਾ ਛੋਟਾ ਜਿਹਾ ਸੂਟਕੇਸ ਕਸਟਮ ਬੈਲਟ ਤੋਂ ਚੁੱਕ ਕੇ ਗੇਟ
ਤੋਂ ਬਾਹਰ ਹੋਇਆ..ਉਹਦੀ ਉਡੀਕ ਕਰਦੇ ਉਹ ਦੋਵੇਂ ਪਿਓ ਧੀ ਓਹਦੇ ਵਲ ਔਹਲੇ
...
ਪ੍ਰਦੇਸੀਂ ਸੁਆਗਤ-
ਕਿਸੇ ਨੇ ਕਲਾਵੇ ‘ਚ ਘੁੱਟਿਆ
ਕੋਈ ਦੂਰੋਂ ਮੁਸਕਰਾਵੇ
3-ਖੁਲ੍ਹਦਾ ਘਰ
ਪ੍ਰਦੇਸ ਜਾਣ ਲਗਿਆ ਉਹਦੇ ਭਰਾ ਨੇ ਕਿਹਾ ਬਾਈ ਘਰ ਦੀ ਕੁੰਜੀ ਦੇ ਜਾਹ, ਕਦੀ
ਕਦਾਈਂ ਖੋਲ੍ਹ ਦਿਆ ਕਰਾਂਗੇ, ਹਵਾ ਲਗਦੀ ਰਹੇ ਤਾਂ ਹੀ ਘਰ ਬਾਰ ਬਚਦੈ ....
ਉਹਨੇ ਗਲੀ ਦਾ ਮੋੜ ਮੁੜਦਿਆਂ ਹੀ ਟੈਕਸੀ ਵਾਲੇ ਨੂੰ ਹੌਲੀ ਚਲਣ ਲਈ ਕਿਹਾ।
ਪਿਛਲੇ ਪੰਜ ਕੁ ਸਾਲਾਂ ‘ਚ ਹੀ ਉਹਨੂੰ ਕਈ ਕੁਝ ਬਦਲ ਗਿਆ ਜਾਪਿਆ। ਕਈ ਘਰ
ਨਵੇਂ ਬਣ ਗਏ , ਕਈਆਂ ‘ਤੇ ਚੌਬਾਰੇ ਪੈ ਗਏ ਹਨ।ਓਦੋਂ ਸਿਰਫ ਉਹਦਾ ਘਰ ਹੀ
ਸੀ, ਜਿਸ ਤੇ ਮੋਤੀਆ ਰੰਗ ਦਾ ਆਇਲ ਬੇਸ ਪੇਂਟ ਉਹਨੇ ਪਿਛਲੀ ਫੇਰੀ ‘ਤੇ ਕੋਲ
ਖੜ ਕੇ ਕਰਵਾਇਆ , ਜਿਹੜਾ ਦੂਰੋਂ ਹੀ ਚਮਕਾਂ ਮਾਰਦਾ ਹੁੰਦਾ ਸੀ....ਘਰ ਦੇ
ਐਨ ਨੇੜੇ ਜਾ ਕੇ ਉਹਨੂੰ ਮੱਧਮ ਪੈ ਗਏ ਪੇਂਟ ਵਾਲਾ ਘਰ ਨਜ਼ਰੀਂ
ਪਿਆ ਤਾਂ ਉਹਦਾ ਮਨ ਉਦਾਸ ਹੋ ਗਿਆ.... ਗਲੀ ‘ਚ ਖੇਡਦੇ ਨਿਆਣੇ ਕਾਰ ਵਲ
ਵੇਖਦੇ ਇਕ ਪਾਸੇ ਹੋ ਗਏ, ਆਪਣੇ ਘਰ ਦੇ ਗੇਟ ‘ਤੇ ਜੰਗ ਲਗਣਾ ਸ਼ੁਰੂ ਹੋ ਗਿਆ
ਵੇਖ ਕੇ ਉਹਨੂੰ ਹੋਰ ਧੱਕਾ ਲਗਾ...ਨਾਲ ਵਾਲੇ ਭਰਾ ਦੇ ਘਰ ਵਿਚੋਂ ਕੋਈ
ਬਾਹਰ ਨਿਕਲ ਕੇ ਫੇਰ ਕਾਹਲੇ ਕਦਮੀਂ ਅੰਦਰ ਗਿਆ ਹੈ...ਜਿਹਨੇ ਬਾਹਰ ਕਾਰ
ਵਿਚ ਆਏ ਪ੍ਰਹੁਣਿਆ ਦਾ ਸੁਨੇਹਾ ਦਿੱਤਾ ਹੋਣਾ...ਕੁਝ ਪਲਾਂ ਵਿਚ ਹੀ
ਮੁੰਡਾਸੇ ਦੇ ਲੜ ਨੂੰ ਸੁਆਰਦਾ ਉਹਦਾ ਛੋਟਾ ਭਰਾ ਆਪਣੇ ਵਿਹੜੇ ਦਾ ਫਾਟਕ
ਖੋਲ੍ਹਕੇ ਕਾਰ ਕੋਲ ਆਇਆ ਵਡੇ ਭਰਾ ਨੂੰ ਪਹਿਚਾਣਦਾ ਕਾਰ ਦਾ ਬੂਹਾ ਖੋਲ੍ਹਦਾ
ਹੈਰਾਨ ਹੋ ਕੇ ਬੋਲਿਆ “ਬਾਈ ਤੂੰ !, ਕੋਈ ਫੋਨ, ਕੋਈ ਸੁਨੇਹਾ’......
ਵਿਹੜੇ ਵਿਚ ਪਏ ਮੰਜੇ ‘ਤੇ ਛੋਟੀ ਭਰਜਾਈ ਨੇ ਚਾਦਰ ਵਿਛਾ ਕੇ ਜੇਠ ਦੇ
ਪੈਰੀਂ ਹੱਥ ਲਾਉਂਦਿਆਂ ਬੈਠਣ ਲਈ ਕਿਹਾ...ਪਿੰਡ ਦੀ ਦੁਕਾਨ ਤੋਂ ਠੰਢੇ
ਦੀਆਂ ਬੋਤਲਾਂ ਲੈਣ ਭੇਜਿਆ ਮੁੰਡਾ ਹਾਲੇ ਮੁੜਿਆ ਨਹੀਂ ਹੈ...ਉਹਦੀ ਨਜ਼ਰ
ਦੋਹਾਂ ਘਰਾਂ ਦੀ ਸਾਂਝੀ ਕੰਧ ਵਿਚ ਕੱਢੇ ਦਰਵਾਜੇ ਵਲ ਗਈ, ਉਹਦੇ ਨਾਲ ਹੀ
ਓਧਰੋਂ, ਮੱਝ ਦੇ ਰੰਭਣ ਦੀ ਅਵਾਜ਼ ਨੇ ਉਹਨੂੰ ਕਾਂਬਾ ਛੇੜ ਦਿੱਤਾ..., ਕੰਧ
ਉਤੋਂ ਹੀ ਛੋਟੇ ਭਰਾ ਨੇ ਓਹਦੇ ਘਰ ਵਲ ਵਾਜ ਮਾਰੀ, ਓਹੇ ਰਾਮੂ ਵੇਖੀਂ
ਸ਼ੋਹਰੀ ਕਿਤੇ ਅੱਜ ਵੀ ਕੀਲਾ ਨਾਂ ਤੁੜਾ ਲਵੇ, ਨੀਰਾ ਪਾ ਇਹਨੂੰ...ਇਹ ਭਈਏ
ਵੀ ਬਸ ਛਿੱਤਰ ਖੜਾ ਰਖੋ ਤਾਂ ਹੀ ਕੰਮ ਧੰਦਾ ਗੌਲਦੇ ਨੇ....ਸੌਂ ਗਿਆ ਹੋਣਾ
ਕੰਜਰ ਆਪਣੇ ਕਮਰੇ ‘ਚ....
ਪ੍ਰਵਾਸੀ ਦਾ ਘਰ-
ਬਹੁਤ ਵਗਦੀ ਰਹੀ ਹਵਾ
ਉਹਦੇ ਜਾਣ ਪਿਛੋਂ
-0- |