ਔਰਤਾਂ ਕਰਵਾ ਚੌਥ ਵਾਲੇ
ਦਿਨ ਵਧੇਰੇ ਕਰ ਕੇ ਚੁੱਪ ਹੀ ਰਹਿੰਦੀਆਂ ਹਨ ਕਿਉਂਕਿ ਭੁੱਖੇ ਢਿੱਡ ਨੂੰ ਗੱਲਾਂ ਕਰਨ ਦੀ ਆਦਤ
ਹੀ ਨਹੀਂ ਹੁੰਦੀ। ਵਕਤ ਕਿਹੋ ਜਿਹਾ ਆ ਰਿਹਾ ਹੈ ਕਿ ਮਨੁੱਖ ਫੂਕ ਛਕਾਉਣ ਵਾਲੇ ਨੂੰ ਦੇਵਤਾ
ਮੰਨਣ ਲੱਗ ਪਿਆ ਹੈ। ਸਿਆਸੀ ਲੋਕਾਂ ਦੁਆਲੇ ਇਹ ਭੀੜ ਵਧੀ ਜਾਂਦੀ ਹੈ। ਸਿਆਸਤ ਵਿਚ ਹੁਣ
ਵਿਰੋਧ ਨਹੀਂ ਚੱਲ ਰਿਹਾ, ਕਿਉਂਕਿ ਦਰਜਨਾਂ ਮੁਕੱਦਮਿਆਂ ਨਾਲ ਫਿਰ ਖਾਹ-ਅਖਾਹ ਮੱਥਾ ਮਾਰਨਾ
ਪੈਂਦਾ ਹੈ। ਦਸਹਿਰਾ ਦੇਖ ਕੇ ਮੁੜਦੇ ਰੁਲਦੂ ਅਮਲੀ ਨੂੰ ਜ਼ੈਲਦਾਰਾਂ ਦੇ ਨਿੰਮੇ ਨੇ ਵਿਅੰਗ
‘ਚ ਪੁੱਛਿਆ, ‘ਕੀ ਵੇਖ ਕੇ ਆਇਆਂ ਤਾਇਆ?’ ਨਸ਼ੇ ਦੀ ਲੋਰ ਵਿਚ ਉਹ ਵੀ ਕਿਹੜਾ ਘੱਟ ਸੀ, ਕਹਿਣ
ਲੱਗਾ, ‘ਵੇਖਣਾ ਕੀ ਸੀ ਜ਼ੈਲਦਾਰਾ! ਉਹੀ ਕਾਗਤਾਂ ਦਾ ਰਾਵਣ ਫੂਕੀ ਜਾਂਦੇ ਐ।’ ਨਿੰਮੇ ਨੇ
ਫਿਰ ਟਕੋਰ ਲਾਈ, ‘ਤਾਇਆ ਇਹਨੂੰ ਕਹਿੰਦੇ ਨੇ ਨੇਕੀ ਦੀ ਬਦੀ ‘ਤੇ ਜਿੱਤ।’ ਪੈ ਗਿਆ ਫਿਰ
ਰੁਲਦੂ ਟੁੱਟ ਕੇ, ‘ਤੈਂ ਸਾਲਿਆ ਪਹਿਲੀ ਤੀਵੀਂ ਦਾਜ ਘੱਟ ਲਿਆਉਣ ਕਰ ਕੇ ਸਾੜ ਕੇ ਮਾਰੀ,
ਦੂਜੀ ਦੇ ਜੁਆਕ ਜੱਲਾ ਨ੍ਹੀਂ ਹੋਇਆ, ਤਾਂ ਤੈਂ ਉਹ ਘਰੋਂ ਕੱਢੀ। ਹੁਣ ਤੂੰ ਕੰਜਰ ਦਿਆ
ਪੰਜਾਹਵਿਆਂ ਨੂੰ ਟੱਪ ਕੇ ਪੱਚੀਆਂ ਸਾਲਾਂ ਦੀ ਹੋਰ ਵਿਆਹ ਕੇ ਲੈ ਆਇਐਂ। ਭਗਵਾਨ ਵੀ ਅੱਖਾਂ
ਦਾ ਅਪ੍ਰੇਸ਼ਨ ਕਰਾਉਣ ਗਿਆ ਲਗਦੈ। ਸਮਝ ਨ੍ਹੀਂ ਪੈਂਦੀ, ਪਈ ਹਰਾਮ ਦਿਓ! ਤੁਹਾਡਾ ਵਧ ਕੌਣ
ਕਰੂ?’...ਤੇ ਨਿੰਮੇ ਨੂੰ ਲੱਗਾ ਸੀ, ਜ਼ੈਲਦਾਰੀ ਅਮਲੀ ਨੇ ਪੈਰਾਂ ਹੇਠ ਰੋਲ’ਤੀ।...ਪੈਸੇ
ਪਿੱਛੇ ਦੌੜਿਆ ਮਨੁੱਖ ਗਿਆਨ ਦਾ ਖ਼ਜ਼ਾਨਾ ਹੋਰਾਂ ਨੂੰ ਹੀ ਲੁਟਾਈ ਜਾ ਰਿਹਾ ਹੈ। ਕੁੱਖ
ਸੁਲੱਖਣੀ ਨਾ ਹੋਣ ਕਰ ਕੇ ਤਲਾਕ ਦਾ ਮੁਕੱਦਮਾ ਲੜ ਰਹੀ ਔਰਤ ਸੋਚ ਰਹੀ ਹੁੰਦੀ ਹੈ, ‘ਇਸ ਨਕਲੀ
ਪਤੀ-ਪਰਮੇਸ਼ਵਰ ਦੀਆਂ ਜਾਭਾਂ ਪਾੜ ਕੇ ਖਰਬੂਜੇ ਵਾਂਗ ਦੋ ਹਿੱਸੇ ਕਰ ਦਿਆਂ।’ ਕਈਆਂ ਨੇ ਵਿਆਹ
ਤਾਂ ਚਾਰ ਚਾਰ ਕਰਵਾਏ ਸਨ ਪਰ ਪਤਨੀ ਇਕ ਵੀ ਰੱਖ ਨਹੀਂ ਸਕੇ। ਉਂਜ, ਇਨ੍ਹਾਂ ਨੇ ਵਿਆਹ ਦੀਆਂ
ਫੋਟੋਆਂ ਵਾਲੀਆਂ ਐਲਬਮਾਂ ਸੰਭਾਲ ਕੇ ਰੱਖੀਆਂ ਜ਼ਰੂਰ ਹੁੰਦੀਆਂ ਹਨ। ਸੱਚੀਂ...ਲਾਲਚ ਤੇ ਕਾਹਲ
ਚੁਪੇੜਾਂ ਮਾਰ ਕੇ ਸਬਰ ਦਾ ਮੂੰਹ ਲਾਲ ਕਰੀ ਜਾ ਰਹੇ ਹਨ।
ਅੱਜ ਦੇ ਯੁੱਗ ਵਿਚ ਲੋਕ ਦਾਜ ਦੇ ਲੋਭੀ ਹੋਣ ਕਾਰਨ ਇਸ (ਦਾਜ) ਦਾ ਵਿਰੋਧ ਹੋ ਰਿਹਾ ਹੈ।
ਜਦੋਂ ਰੁਜ਼ਗਾਰ ਦੇ ਸਾਧਨ ਸੁਰੱਖਿਅਤ ਨਹੀਂ ਸਨ ਤਾਂ ਵਿਆਹ ਦੀ ਉਡੀਕ ਸਉਣ ਦੇ ਛਰਾਟੇ ਵਾਂਗ
ਹੁੰਦੀ ਸੀ ਕਿਉਂਕਿ ਬਹੂ ਦੇ ਆਉਣ ਨਾਲ ਘਰ ‘ਚ ਰੌਣਕ ਵੀ ਆ ਜਾਂਦੀ ਹੈ ਤੇ ਘਰ ਭਰ ਵੀ ਜਾਂਦਾ
ਸੀ। ਸੱਚਾਈ ਇਹ ਹੈ ਕਿ ਹਾਲਾਤ ਨੇ ਲੋੜਾਂ ਤਾਂ ਬਦਲ ਦਿੱਤੀਆਂ ਹਨ ਪਰ ਲਾਲਚ ਨਹੀਂ ਬਦਲੇ।
ਉਦੋਂ ਮੈਂ ਸੱਤਵੀਂ ਅੱਠਵੀਂ ‘ਚ ਪੜ੍ਹਦਾ ਹੋਵਾਂਗਾ ਕਿ ਪਿੰਡ ਦੇ ਲਹਿੰਦੇ ਪਾਸੇ ਇਕ ਘਰ ਵਿਚ
ਮੈਨੂੰ ਇਕ ਖ਼ਤ ਪੜ੍ਹਨ ਲਈ ਬੁਲਾਇਆ ਗਿਆ। ਹਨੇਰਾ ਹੋਣ ਕਾਰਨ ਮਾਂ ਮੇਰੇ ਨਾਲ ਉਸ ਘਰ ਤੀਕਰ
ਗਈ। ਮੈਨੂੰ ਇਹ ਤਾਂ ਪਤਾ ਸੀ ਕਿ ਇਸ ਘਰ ਦਾ ਇਕ ਬੁੜ੍ਹਾ ਬਹੁਤ ਬਿਮਾਰ ਹੈ ਪਰ ਬਿਮਾਰੀ ਕੀ
ਹੈ, ਇਹਦੇ ਬਾਰੇ ਇਲਮ ਨਹੀਂ ਸੀ। ਖ਼ੈਰ!...ਮੈਂ ਚਿੱਠੀ ਪੜ੍ਹੀ ਜੋ ਉਸੇ ਬੁੜ੍ਹੇ ਪੂਰਨ ਸਿੰਘ
ਦੀ ਧੀ ਨੇ ਵਲਾਇਤੋਂ ਲਿਖੀ ਸੀ। ਉਸ ਘਰ ਦੇ ਕਈ ਜੀਆਂ ਨੇ ਮੈਨੂੰ ਅੰਦਰ ਲਿਜਾ ਕੇ ਚਿੱਠੀ
ਸੁਣਾਈ, ਕਿਉਂਕਿ ਮੰਜੇ ‘ਤੇ ਬੇਸੁਰਤ ਜਿਹੇ ਪਏ ਉਸ ਬਜ਼ੁਰਗ ਦੁਆਲੇ ਕਈ ਸਿਆਣੇ ਬੰਦੇ ਵੀ ਉਹਦੀ
ਸੁੱਖ ਸਾਂਦ ਪੁੱਛਣ ਲਈ ਆਏ ਹੋਏ ਸਨ। ਚਿੱਠੀ ਵਿਚ ਧੀ ਨੇ ਇਕੋ ਗੱਲ ਵਾਰ ਵਾਰ ਕਹੀ ਸੀ ਕਿ
ਚਲੋ, ਬਾਪੂ ਨੇ ਇਸ ਧਰਤੀ ‘ਤੇ ਬਹੁਤ ਸਜ਼ਾ ਕੱਟ ਲਈ ਹੈ, ਹੁਣ ਨਦੀ ਕਿਨਾਰੇ ਰੁਖੜਾ ਹੈ, ਜੇ
ਮੈਂ ਨਾ ਪਹੁੰਚ ਸਕੀ ਤਾਂ ਅਰਦਾਸ ਵਿਚ ਇਹੋ ਹੱਥ ਜੋੜਿਓ, ਪਈ ‘ਹੇ ਵਾਹਿਗੁਰੂ! ਹੁਣ ਇਹਨੂੰ
ਹੋਰ ਨਰਕ ਨਾ ਵਿਖਾਈਂ।’
ਉਸ ਘਰੋਂ ਨਿਕਲੇ ਤਾਂ ਕਾਫੀ ਹਨੇਰਾ ਹੋ ਗਿਆ ਸੀ। ਉਸ ਬਜ਼ੁਰਗ ਦੁਆਲੇ ਬੈਠੇ ਬਜ਼ੁਰਗ ਵੀ ਸਾਡੇ
ਅੱਗੇ ਅੱਗੇ ਤੁਰੇ ਜਾ ਰਹੇ ਸਨ ਪਰ ਉਨ੍ਹਾਂ ਦੀ ਗੱਲਬਾਤ ਬੜੀ ਅਜੀਬ ਲੱਗੀ। ਇਕ ਕਹਿਣ ਲੱਗਾ,
“ਵੇਖ ਲੈ ਜਾਗਰਾ, ਛੇ ਮਹੀਨੇ ਹੋ ਗਏ ਨੇ ਘੰਡ ‘ਚ ਸਾਹ ਫਸੇ ਨੂੰ, ਹਾਲੇ ਵੀ ਲਗਦਾ ਨਹੀਂ
ਛੁਟਕਾਰਾ ਹੋ ਜੂ।”
ਦੂਜਾ ਕਹਿਣ ਲੱਗਾ, “ਛੇ ਸੱਤ ਵਾਰ ਗੀਤਾ ਪੜ੍ਹ ਕੇ ਸੁਣਾ‘ਤੀ, ਫਿਰ ਵੀ ਜਾਨ ਪਤਾ ਨ੍ਹੀਂ
ਕਿੱਥੇ ਅੜੀ ਪਈ ਐ?”
“ਇਹਨੇ ਸਾਲੇ ਨੇ ਹਾਲੇ ਨ੍ਹੀਂ ਮਰਨਾ। ਮਸੂਮਾਂ ਦਾ ਕਾਤਲ, ਹਾਲੇ ਮੱਛੀ ਵਾਂਗ ਹੋਰ ਤੜਫੂ।”
ਇਕ ਹੋਰ ਬੋਲਿਆ।
ਪਹਿਲਾ ਜਣਾ ਫਿਰ ਹੁੰਗਾਰਾ ਭਰ ਕੇ ਕਹਿਣ ਲੱਗਾ, “ਭਜਨਿਆਂ ਸਭ ਸਵਰਗ ਨਰਕ ਤੇ ਕਰਨੀ ਭਰਨੀ
ਏਥੇ ਈ ਐ।”
ਬਚਪਨ ਕਰ ਕੇ ਮੈਨੂੰ ਇਨ੍ਹਾਂ ਸਿਆਣਿਆਂ ਦੀ ਗੱਲ ਸਮਝ ਨਹੀਂ ਪੈ ਰਹੀ ਸੀ। ਘਰ ਆ ਕੇ ਬੇਬੇ
ਨੂੰ ਪੁੱਛਿਆ, “ਮਾਂ ਉਹ ਸਾਰੇ ਲੋਕ ਤਾਏ ਪੂਰਨ ਬਾਰੇ ਏਦਾਂ ਕਿਉਂ ਕਹਿ ਰਹੇ ਸਨ?”
“ਪੁੱਤ, ਪਤਾ ਤਾਂ ਮੈਨੂੰ ਵੀ ਨ੍ਹੀਂ ਬਹੁਤਾ...ਤੇਰਾ ਦਾਦਾ ਦੱਸਦਾ ਹੁੰਦਾ ਸੀ ਕਿ ਆਪਣੇ
ਪਿੰਡ ਘੋੜਵਾਹ ਮੁਸਲਮਾਨ ਰਾਜਪੂਤਾਂ ਦੇ ਵੀਹ ਪੰਝੀ ਘਰ ਸਨ। ਬੜੇ ਚੰਗੇ ਲੋਕ ਸਨ। ਸਾਰਾ ਪਿੰਡ
ਉਨ੍ਹਾਂ ਨੂੰ ਪੁੱਛ ਕੇ ਗੱਲ ਕਰਦਾ ਸੀ। ਜਿੱਦਣ ਮੁਲਕ ਟੁਕੜੇ ਹੋਇਆ, ਰੌਲੇ ਪਏ ਤਾਂ ਇਸੇ
ਪੂਰਨ ਸਿੰਘ ਨੇ ਇਨ੍ਹਾਂ ਰਾਜਪੂਤਾਂ ਦੇ ਵੀਹ ਤੋਂ ਵੱਧ ਮਾਸੂਮ ਬੱਚੇ ਮਾਰੇ ਸਨ। ਬੱਚਿਆਂ
ਦੀਆਂ ਲਾਸ਼ਾਂ ਬਰਛਿਆਂ ‘ਤੇ ਟੰਗ ਕੇ ਨੱਚਦਾ ਸੀ। ਬੱਸ ਗੱਲ ਉਹੀ ਐ, ਤਾਹੀਂ ਹਰ ਕੋਈ ਇਹਨੂੰ
ਵੇਖ ਕੇ ਆਂਹਦਾ-ਕਰਨੀ ਭਰਨੀ ਇੱਥੇ ਈ ਐ।”
ਜਿਹੜਾ ਪੁੱਤ ਆਪਣੀ ਬੀਵੀ ਪ੍ਰਤੀ ਕੋਈ ਗਿਲਾ ਸਿ਼ਕਵਾ ਆਪਣੀ ਮਾਂ ਨਾਲ ਨਾ ਕਰੇ ਤਾਂ ਮਾਂ
ਆਖਦੀ ਐ, “ਮੇਰਾ ਪੁੱਤ ਭੋਲੈ, ਸਾਰਾ ਕੁਝ ਅੰਦਰੇ ਖਪਾਈ ਜਾਂਦੈ”, ਪਰ ਆਹ ਦਰਦਨਾਕ ਵਿਥਿਆ
ਸੁਣ ਕੇ ਤੁਹਾਨੂੰ ਲੱਗੇਗਾ ਕਿ ਉਪਰ ਵਾਲਾ ਹਿਸਾਬ ਕਿਤਾਬ ਇੱਥੇ ਹੀ ਬਰਾਬਰ ਕਰ ਕੇ ਕਰਨੀ
ਭਰਨੀ ਦੇ ਗੇੜ ਮੁਕਾਈ ਜਾਂਦੈ!
ਵਿਹੜੇ ਵਿਚ ਚਾਰ ਲਾਸ਼ਾਂ ਪਈਆਂ ਸਨ। ਸਾਰਾ ਪਿੰਡ ਮੌਤ ‘ਤੇ ਘੱਟ, ਮੌਤ ਦੇ ਕਾਰਨਾਂ ਅਤੇ ਹੋਣੀ
ਦੇ ਕਰਾਰੇ ਹੱਥਾਂ ਨੂੰ ਚੇਤੇ ਕਰ ਕੇ ਵੱਧ ਰੋ ਰਿਹਾ ਸੀ। ਪੁੱਤ, ਨੂੰਹ, ਪੋਤੀ ਤੇ ਜਵਾਨ
ਪੋਤਰੇ ਦੀਆਂ ਕੋਠੇ ਜਿੱਡੀਆਂ ਲੋਥਾਂ ਵੇਖ ਕੇ ਬੁੱਢੀ ਨੰਦ ਕੌਰ ਪਿੱਟ ਰਹੀ ਸੀ, “ਵੇ
ਡਾਢਿਆ...ਤੈਂ ਸਾਡਾ ਟੱਬਰ ਖਾ ਲਿਆ...ਤੂੰ ਵੀ ਇਨਸਾਫ ਨਹੀਂ, ਪਾਪ ਕਰਦੈਂ। ਮੇਰਾ ਪੁੱਤ
ਜਰਨੈਲ ਸਿੰਹੁ ਆਂਹਦਾ ਸੀ-ਮਾਂ, ਪੋਤਾ ਤੇਰਾ ਸੁਖਬੀਰ ਦਿਨਾਂ ‘ਚ ਚੜ੍ਹ ਜੂ ਅਮਰੀਕਾ ਨੂੰ
ਜਹਾਜ਼...ਤੇ ਆਹ ਹੁਣ ਪਿਉ-ਪੁੱਤ ‘ਕੱਠੇ ਪਏ ਆ।...ਨੀ ਭਗਵਾਨ ਕੁਰੇ, ਚਾਵਾਂ ਨਾਲ ਲੈ ਕੇ ਗਈ
ਸੀ ਭਤੀਜੇ ਨੂੰ, ਪਰ ਤੇਰੀ ਸੇਵਾ ਵੀ ਇਨ੍ਹਾਂ ਦੇ ਭਾਗਾਂ ‘ਚ ਨਹੀਂ ਸੀ।”...ਤੇ ਨਾਲ ਹੀ ਨੰਦ
ਕੌਰ ਨੂੰ ਵਾਰ ਵਾਰ ਦੰਦ-ਛਿੱਕਲ ਪੈ ਰਹੀ ਸੀ। ਚਾਰੇ ਲਾਸ਼ਾਂ ਗੋਤਾਖੋਰਾਂ ਨੇ ਸਤਲੁਜ ‘ਚੋਂ
ਚੌਵੀ ਘੰਟਿਆਂ ਦੀ ਮੁਸ਼ੱਕਤ ਤੋਂ ਪਿੱਛੋਂ ਮਸਾਂ ਬਾਹਰ ਕੱਢੀਆਂ ਸਨ। ਪੂਰਾ ਇਲਾਕਾ ਸੁੰਨ ਸੀ
ਕਿ ਜਰਨੈਲ ਸਿੰਘ ਨੇ ਅਚਾਨਕ, ਦੋਹਾਂ ਬੱਚਿਆਂ ਸਮੇਤ ਕਾਰ ਦਰਿਆ ਵਿਚ ਸੁੱਟ ਕੇ ਖੁਦਕੁਸ਼ੀ
ਕਿਉਂ ਕੀਤੀ?...ਤੇ ਇਹ ਭੇਤ ਸਿਰਫ਼ ਦੁਨੀਆਂ ਬਣਾਉਣ ਵਾਲਾ ਜਾਣਦਾ ਸੀ।
ਭਗਵਾਨ ਕੌਰ ਦਾ ਇਕਲੌਤਾ ਪੁੱਤਰ ਸੀ ਜਗੀਰ ਸਿੰਘ, ਪਰ ਵੀਹ ਕੁ ਸਾਲਾਂ ਦੀ ਉਮਰ ਵਿਚ ਦਿਮਾਗੀ
ਬੁਖ਼ਾਰ ਕਾਰਨ ਉਹ ਆਪਣਾ ਸੰਤੁਲਨ ਖੋ ਬੈਠਾ। ਬੋਲਾ-ਬਾਲਾ ਹੋ ਗਿਆ ਤੇ ਜਦੋਂ ਪੰਜਾਹ ਕੁ ਸਾਲਾਂ
ਦੀ ਉਮਰ ਵਿਚ ਉਸ ਦੀ ਮੌਤ ਹੋਈ ਤਾਂ ਚੱਲਣਾ-ਫਿਰਨਾ ਤਾਂ ਇਕ ਪਾਸੇ, ਉਹ ਮੰਜੇ ‘ਤੇ ਪਿਆ ਵੀ
ਨਹੀਂ ਸੀ ਦਿਸਦਾ; ਪਰ ਪੁੱਤ ਦੀ ਸੇਵਾ ਸੰਭਾਲ ਕਰਦਿਆਂ ਭਗਵਾਨ ਕੌਰ ਨੇ ਕਦੇ ਵੀ ਮੱਥੇ ਤਿਉੜੀ
ਨਹੀਂ ਸੀ ਪਾਈ ਤੇ ਉਹਨੂੰ ਇੰਨਾ ਝੋਰਾ ਆਪਣੇ ਪਤੀ ਗੁਲਜ਼ਾਰ ਦੀ ਮੌਤ ਦਾ ਵੀ ਨਹੀਂ ਸੀ, ਜਿੰਨਾ
ਪੁੱਤ ਦੇ ਤੁਰ ਜਾਣ ਦਾ ਹੋਇਆ ਸੀ। ਹਾਲਾਂਕਿ ਪੁੱਤ ਦੀ ਬਿਮਾਰੀ ਦੇ ਇਲਾਜ ‘ਤੇ ਉਹਦੀ ਇਕ
ਕਿੱਲਾ ਜ਼ਮੀਨ ਗਹਿਣੇ ਹੋ ਗਈ ਸੀ। ਬਾਕੀ ਬਚਦੇ ਨੌਂ ਕਿੱਲਿਆਂ ਨਾਲ ਉਹਦੇ ਪੱਲੇ ਚਾਰ ਪੈਸੇ ਵੀ
ਸਨ ਤੇ ਹਾਲਾ ਵੀ ਠੀਕ ਆਈ ਜਾਂਦਾ ਸੀ।
ਫਿਰ ਕਈ ਸਾਲ ਬੀਤ ਗਏ। ਉਹ ਆਪੇ ਪਕਾਉਂਦੀ ਤੇ ਖਾਂਦੀ। ਉਮਰ ਭਗਵਾਨ ਕੌਰ ਦੀ ਅੱਸੀਆਂ ਨੂੰ
ਢੁੱਕਣ ਵਾਲੀ ਹੋਵੇਗੀ। ਰਿਸ਼ਤੇਦਾਰਾਂ ਤੇ ਸ਼ਰੀਕੇ ਵਾਲਿਆਂ ਨੇ ਬਹਤੁ ਵਾਰ ਉਹਨੂੰ ਕਿਹਾ ਸੀ ਕਿ
ਆਪਣੇ ਕਿਸੇ ਨੇੜਲੇ ਰਿਸ਼ਤੇਦਾਰ ਨੂੰ ਲੈ ਆ, ਬੁਢਾਪਾ ਚੰਗਾ ਨਿਕਲ ਜਾਵੇਗਾ ਪਰ ਉਹ ਹਮੇਸ਼ਾ ਇਹੋ
ਆਖਦੀ ਕਿ ਕੋਈ ਵੀ ਮੇਰੀ ਸੇਵਾ, ਸੇਵਾ-ਭਾਵਨਾ ਨਾਲ ਨਹੀਂ, ਜ਼ਮੀਨ ਦੇ ਲਾਲਚ ਨੂੰ ਕਰੇਗਾ।
ਸਾਲ ਕੁ ਉਹਨੇ ਹੋਰ ਅਜਿਹੇ ਸਲਾਹ ਮਸ਼ਵਰੇ ਵਿਚ ਲੰਘਾ ਦਿੱਤਾ। ਫਿਰ ਉਹਨੇ ਆਪਣੇ ਭਤੀਜੇ ਜਰਨੈਲ
ਸਿੰਘ ਨੂੰ ਆਪਣੇ ਕੋਲ ਪਰਿਵਾਰ ਸਮੇਤ ਬੁਲਾ ਲਿਆ। ਜਰਨੈਲ ਤੇ ਜਗੀਰ ਸਿੰਹੁ ਉਮਰ ਵਿਚ ਹਾਣੀ
ਹੀ ਸਨ। ਖ਼ੈਰ! ਨੂੰਹ ਸਵਰਨੋ, ਭੂਆ ਦਾ ਪੂਰਾ ਖਿਆਲ ਰੱਖਦੀ। ਜਰਨੈਲ ਸਿੰਹੁ ਨੇ ਬੇਟੇ ਸੁਖਬੀਰ
ਅਤੇ ਧੀ ਤੀਰਥੋ ਨੂੰ ਕਾਲਜ ਪੜ੍ਹਨੇ ਪਾ ਦਿੱਤਾ। ਹੁਣ ਭਗਵਾਨ ਕੌਰ ਨੂੰ ਪਰਿਵਾਰ ਵਰਗਾ ਸੁੱਖ
ਨਸੀਬ ਹੋਣ ਲੱਗ ਪਿਆ ਸੀ ਤੇ ਇਕ ਦਿਨ ਉਹਨੇ ਜਰਨੈਲ ਸਿੰਹੁ ਨੂੰ ਨਾਲ ਲਿਆ ਤੇ ਕਚਹਿਰੀ ਜਾ ਕੇ
ਨੌਂ ਕਿੱਲਿਆਂ ਦੀ ਵਸੀਅਤ ਉਹਦੇ ਨਾਂ ‘ਤੇ ਕਰਵਾਈ, ਤੇ ਆਖਣ ਲੱਗੀ, “ਮੇਰੇ ਮਰਨ ਪਿੱਛੋਂ
ਭਾਵੇਂ ਇਸ ਜ਼ਮੀਨ ਦਾ ਜੋ ਮਰਜ਼ੀ ਕਰੀਂ ਪਰ ਮੇਰੇ ਜਿਉਂਦੇ ਜੀਅ ਇਹ ਮੇਰੇ ਲਈ ਤੈਥੋਂ ਵੀ ਵੱਧ
ਪਿਆਰੀ ਹੈ।”
ਜਰਨੈਲ ਸਿੰਘ ਦੇ ਇਕ ਦੋਸਤ ਦਾ ਮੁੰਡਾ ਅਮਰੀਕਾ ਚਲੇ ਗਿਆ ਤੇ ਉਹ ਵੀ ਸੋਚਣ ਲੱਗਾ ਕਿ ਇਥੇ
ਕਿਹੜਾ ਪੜ੍ਹ ਲਿਖ ਕੇ ਨੌਕਰੀਆਂ ਮਿਲਦੀਆਂ ਨੇ, ਸੁਖਬੀਰ ਨੂੰ ਵੀ ਬਾਹਰ ਹੀ ਘੱਲ ਦਿੰਦੇ ਹਾਂ।
ਦੋਸਤ ਨੂੰ ਨਾਲ ਲੈ ਕੇ ਉਹ ਵੀ ਉਸੇ ਏਜੰਟ ਕੋਲ ਚਲਾ ਗਿਆ ਜਿਸ ਰਾਹੀਂ ਉਹਦਾ ਬੇਟਾ ਗਿਆ ਸੀ।
ਗੱਲ ਪੰਦਰਾਂ ਲੱਖ ਰੁਪਏ ‘ਚ ਤੈਅ ਹੋ ਗਈ।
ਘਰੇ ਆ ਕੇ ਜਰਨੈਲ ਸਿੰਘ ਨੇ ਆਪਣੀ ਪਤਨੀ ਨਾਲ ਗੱਲ ਕੀਤੀ ਕਿ ਆਪਣੇ ਪੱਲੇ ਤਾਂ ਤਿੰਨ ਕਨਾਲ
ਪਿੰਡ ਦੀ ਨਿਆਈਂ ਵਾਲੀ ਜ਼ਮੀਨ ਵੇਚ ਕੇ ਮਸਾਂ ਪੰਜ-ਛੇ ਲੱਖ ਬਣਨਗੇ, ਬਾਕੀ ਕਿਥੋਂ
ਲਿਆਵਾਂਗੇ? ਸਵਰਨੋ ਕਹਿਣ ਲੱਗੀ, “ਭੂਆ ਦੇ ਗੋਡੇ ਫੜੋ, ਉਹ ਕਿਹੜਾ ਅਜਿਹੇ ਸ਼ੁਭ ਕੰਮ ‘ਚ
ਦੇਰੀ ਕਰਨ ਲੱਗੀ ਐ। ਨਾਲੇ ਹੁਣ ਤਾਂ ਅਸੀਂ ਉਹਦੇ ਤੇ ਉਹ ਸਾਡੀ।”
“ਗੱਲ ਤਾਂ ਤੇਰੀ ਠੀਕ ਐ, ਹੋਰ ਹੱਥ ਵੀ ਕਿਤੋਂ ਨ੍ਹੀਂ ਪੈਣਾ?” ਕਹਿ ਕੇ ਜਰਨੈਲ ਸਿੰਹੁ
ਗੰਭੀਰ ਹੋ ਗਿਆ।
ਆਥਣੇ ਰੋਟੀ ਪਾਣੀ ਛਕ ਕੇ ਜਰਨੈਲ ਨੇ ਭੂਆ ਨਾਲ ਗੱਲ ਚਲਾਈ ਕਿ ਹੁਣ ਸਾਡਾ ਤੇਰੇ ਬਿਨ ਕੌਣ ਐ?
ਸੁਖਬੀਰ ਅਮਰੀਕਾ ਚਲੇ ਜਾਵੇਗਾ ਤਾਂ ਵਥੇਰੇ ਕਮਾਊ ਡਾਲਰ। ਇਕ ਕਿੱਲਾ ਗਹਿਣੇ ਰੱਖ ਦੇ, ਛੁਡਾ
ਲਾਂਗੇ ਛੇਤੀ।
ਭਗਵਾਨ ਕੌਰ ਨੂੰ ਲੱਗਾ ਕਿ ਲੱਗੀ ਸੰਨ੍ਹ ਲੱਗਣ। ਉਹੀ ਗੱਲ ਹੋਈ ਜਿਹਦਾ ਡਰ ਸੀ। ਲਾਲਚ ਨੇ
ਕੱਢ ਲਈ ਨਾਗ ਵਾਂਗ ਪਟਾਰੀ ‘ਚੋਂ ਸਿਰੀ ਬਾਹਰ, ਪਰ ਉਹਨੇ ਠਰ੍ਹੰਮੇ ਤੋਂ ਕੰਮ ਲੈਂਦਿਆਂ
ਜਰਨੈਲ ਨੂੰ ਕਿਹਾ, “ਪੁੱਤ, ਸਭ ਕੁਝ ਤੇਰੇ ਹਵਾਲੇ ਕਰ ਚੁੱਕੀ ਹਾਂ। ਮੈਂ ਸੁਖਬੀਰ ਦੀ ਦੋਖਣ
ਨਹੀਂ ਪਰ ਮੇਰੇ ਕੋਲ ਅੱਸੀ-ਨੱਬੇ ਹਜ਼ਾਰ ਹੈਗਾ, ਉਹ ਲੈ ਲੈ...ਜਿਉਂਦੇ ਜੀਅ ਮੈਂ ਜ਼ਮੀਨ ਦਾ
ਟੁਕੜਾ ਨ੍ਹੀਂ ਦੇਣਾ। ਨਾ ਮੁੜ ਕੇ ਇਹ ਸਵਾਲ ਰੱਖੀਂ ਮੇਰੇ ਅੱਗੇ।”
ਦੋ ਚਾਰ ਦਿਨ ਫਿਰ ਲੰਘ ਗਏ। ਗੱਲ ਹੋਰ ਕਿਤੇ ਬਣੇ ਨਾ। ਏਜੰਟ ਪੈਸੇ ਮੰਗੇ। ਜਰਨੈਲ ਨੂੰ ਲੱਗਾ
ਕਿ ਭੂਆ ਨੇ ਉਹਦੀ ਲੰਕਾ ਨ੍ਹੀਂ ਬਣਨ ਦੇਣੀ। ਇਕ ਦਿਨ ਫਿਰ ਉਹਨੇ ਭਗਵਾਨ ਕੌਰ ਨੂੰ ਕਿਹਾ,
“ਭੂਆ, ਵੇਚ ਦੇ ਇਕ ਕਿੱਲਾ। ਪੁੱਤ ਮੇਰਾ ਬਾਹਰ ਚਲੇ ਜਾਊ। ਅੱਠ ਕਿੱਲੇ ਹੋਰ ਹੈਗੇ ਈ ਆ।”
ਭਗਵਾਨ ਕੌਰ ਪੈ ਗਈ ਟੁੱਟ ਕੇ, “ਅੱਜ ਤੋਂ ਬਾਅਦ ਜ਼ਮੀਨ ਦਾ ਨਾਂ ਨਾ ਲਈਂ। ਮੈਨੂੰ ਨ੍ਹੀਂ
ਤੇਰੀ ਸੇਵਾ ਦੀ ਲੋੜ, ਆਪੇ ਪਕਾ ਕੇ ਖਾ ਲਊਂ। ਦੋ ਸਾਲ ਨ੍ਹੀਂ ਕੱਟੇ, ਪੈ ਗਈ ਭੁੱਖ...ਤੈਨੂੰ
ਤਾਂ ਮੈਂ ਪੁੱਤ ਬਣਾ ਕੇ ਲਿਆਈ ਸੀ, ਪਰ ਤੂੰ ਤਾਂ ਪੂਰਾ ਲਾਲਚੀ ਨਿਕਲਿਆ। ਜੇ ਮੁੜ ਕੇ ਇਹ
ਗੱਲ ਆਖੀ ਤਾਂ ਆਪਣੀ ਟਿੰਡ-ਫੌੜੀ ਚੱਕ ਕੇ ਤੁਰਦਾ ਬਣੀਂ।”
ਜਰਨੈਲ ਸਿੰਘ ਨੇ ਬੜੀ ਬੇਇੱਜ਼ਤੀ ਮਹਿਸੂਸ ਕੀਤੀ। ਉਹ ਭੁੱਖਾ ਹੀ ਪਿਛਲੇ ਕਮਰੇ ‘ਚ ਜਾ ਕੇ
ਕੁੰਡੀ ਲਾ ਸ਼ਾਂਤ ਹੋੇ ਗਿਆ। ਅਗਲੇ ਦਿਨ ਉਹ ਸਵੇਰੇ ਉਠਿਆ ਤੇ ਘਰੋਂ ਨਿਕਲ ਗਿਆ। ਆਥਣੇ ਜਦੋਂ
ਦਾਰੂ ‘ਚ ਟੁੰਨ ਹੋ ਕੇ ਘਰੇ ਵੜਿਆ ਤਾਂ ਭਗਵਾਨ ਕੌਰ ਮੂਹੜੇ ‘ਤੇ ਬੈਠੀ ਰੋਟੀ ਖਾ ਰਹੀ ਸੀ।
ਲੜਖੜਾਉਂਦੀ ਆਵਾਜ਼ ਵਿਚ ਬੋਲਿਆ, “ਭੂਆ...ਬੋਲ, ਕਿੱਲਾ ਗਹਿਣੇ ਰੱਖਣਾ ਕਿ ਨਹੀਂ?”
“ਭੌਂਕ ਨਾ ਕੁੱਤੇ ਵਾਂਗ। ਰਾਤ ਕੱਟ ਤੇ ਸਵੇਰੇ ਆਪਣਾ ਟੱਬਰ ਲੈ ਕੇ ਪਿੰਡ ਚੱਲ ਆਪਣੇ। ਮੈਂ
ਨ੍ਹੀਂ ਦੇਖਣਾ ਤੇਰਾ ਮੂੰਹ।” ਭਗਵਾਨ ਕੌਰ ਇਕੋ ਸਾਹ ਬਹੁਤ ਕੁਝ ਕਹਿ ਗਈ।
“ਮੈਂ ਫਾਹਾ ਤੇਰਾ ਈ ਵੱਢਣ ਲੱਗਾਂ, ਹੁਣ ਸਾਰੀ ਵੇਚ ਕੇ ਖਾਊਂ।”...ਤੇ ਸਵਰਨੋ ਦੇ ਘੋਟਣਾ
ਫੜਦਿਆਂ ਫੜਦਿਆਂ ਜਰਨੈਲ ਸਿੰਘ ਨੇ ਦੋ ਭੂਆ ਦੇ ਮੌਰ ‘ਚ ਜੜ ਦਿੱਤੇ। ਰੋਟੀ ਖਾਂਦੀ ਅੱਸੀ
ਸਾਲਾਂ ਦੀ ਬੁੱਢੀ ਢੇਰੀ ਹੋ ਗਈ। ਨਾ ਉਹਨੇ ਊਈ, ਨਾ ਹਾਏ ਕਹੀ।
ਚਾਰੇ ਜੀਅ ਠਠੰਬਰ ਗਏ। ਸੁੱਝੇ ਕੁਝ ਨਾ, ਜਿਵੇਂ ਬਿਨਾ ਸ਼ਿਕਾਰ ਤੋਂ ਤੀਰ ਚੱਲ ਗਿਆ ਹੋਵੇ।
ਅੱਧੀ ਰਾਤ ਬੈਠਿਆਂ ਲੰਘ ਗਈ। ਜਰਨੈਲ ਨੇ ਸੋਚਿਆ-ਆਏਂ ਤਾਂ ਗੱਲ ਨਹੀਂ ਬਣਨੀ। ਦਿਨ ਚੜ੍ਹ ਗਿਆ
ਤਾਂ ਕਤਲ ਗਲ ਪੈ ਜੂ। ਉਹਨੇ ਭੂਆ ਘਨੇੜੀ ਲਾਈ ਤੇ ਉਸ ਇਤਿਹਾਸਕ ਬੇਈਂ ‘ਚ ਸੁੱਟ ਆਇਆ ਜਿਥੇ
ਬੂਟੀ ‘ਤੇ ਜਿੱਲ੍ਹ ਦੀ ਤਹਿ ਲੈਂਟਰ ਵਾਂਗ ਬੱਝੀ ਹੋਈ ਸੀ। ਭਗਵਾਨ ਕੌਰ ਉਹਦੇ ‘ਤੇ ਜਾ ਟਿਕੀ।
ਹਵਾ ਸਾਰੀ ਰਾਤ ਚਲਦੀ ਰਹੀ ਤੇ ਸਵੇਰ ਤੱਕ ਬੂਟੀ ਦਾ ਉਹ ਟੁਕੜਾ ਸੱਠ-ਸੱਤਰ ਮੀਲ ਦਾ ਸਫਰ ਤੈਅ
ਕਰ ਕੇ ਫਿਰੋਜ਼ਪੁਰ ਲਾਗੇ ਪੁੱਜ ਗਿਆ ਤਾਂ ਬੇਹੋਸ਼ ਹੋਈ ਭਗਵਾਨ ਕੌਰ ਦੀ ਅੱਖ ਵੀ ਖੁੱਲ੍ਹ ਗਈ।
ਬਾਹਰ ਕੱਢਣ ਲਈ ਲੱਗੀ ਪਾਉਣ ਦੁਹਾਈ। ਨਾਲ ਹੀ ਖੇਤਾਂ ‘ਚ ਕੰਮ ਕਰਦੇ ਜ਼ਿਮੀਦਾਰਾਂ ਨੇ ਜਦੋਂ
ਬੇਵੱਸ ਔਰਤ ਦੀ ਆਵਾਜ਼ ਸੁਣੀ ਤਾਂ ਉਹ ਭੱਜ ਕੇ ਆਏ। ਉਹਨੂੰ ਬਾਹਰ ਕੱਢਿਆ।
ਭਗਵਾਨ ਕੌਰ ਕਹਿਣ ਲੱਗੀ-ਮੈਨੂੰ ਮੇਰੇ ਐਸ ਪਿੰਡ ਛੱਡ ਆਵੋ, ਤੁਹਾਡਾ ਭਲਾ ਹੋਵੇਗਾ। ਹਾਲੇ
ਉਧਰ ਸਾਰੀ ਰਾਤ ਵਸੀਅਤ ਲੱਭਣ ਵਾਲੇ ਜਰਨੈਲ ਦੇ ਪੱਲੇ ਕਾਗਜ਼ ਦਾ ਟੁਕੜਾ ਨਾ ਪਿਆ, ਤੇ ਭੂਆ ਦੇ
ਗੁੰਮ ਹੋਣ ਦੀ ਖ਼ਬਰ ਬਾਹਰ ਕੱਢਣ ਦੀਆਂ ਸਲਾਹਾਂ ਅਜੇ ਹੋ ਹੀ ਰਹੀਆਂ ਸਨ ਕਿ ਭਗਵਾਨ ਕੌਰ ਨੇ
ਪਿੰਡ ਦੇ ਸਰਪੰਚ ਨਾਲ ਬਿਕਰਮ ਤੇ ਬੇਤਾਲ ਵਾਂਗ ਘਰ ਦੇ ਬੂਹੇ ‘ਚ ਖੜ੍ਹੀ ਹੋ ਕੇ ਵਸੀਅਤ ਦੇ
ਟੁਕੜੇ ਕਰਦਿਆਂ ਕਿਹਾ, “ਜਰਨੈਲ ਸਿੰਹਾਂ, ਮੇਰੇ ਘਰੋਂ ਨਿਕਲ ਜਾਓ। ਮੈਂ ਤੁਹਾਨੂੰ ਪੁਲਿਸ
ਹਵਾਲੇ ਨਹੀਂ ਕਰਾਂਗੀ। ਮੇਰਾ ਇਨਸਾਫ ਉਪਰ ਵਾਲਾ ਕਰੇਗਾ।” ਊਂ ਉਹਨੇ ਰਾਤ ਦੇ ਘੋਟਣੇ ਤੇ
ਬੇਹੋਸ਼ ਹੋਣ ਵਾਲੀ ਸਾਰੀ ਗੱਲ ਪਿੰਡ ਦੀ ਪਰ੍ਹਿਆਂ ਵਿਚ ਖੋਲ੍ਹ ਦਿੱਤੀ ਸੀ।
...ਤੇ ਜਰਨੈਲ ਨੇ ਆਪਣੀ ਫੀਅਟ ਕਾਰ ਸਟਾਰਟ ਕੀਤੀ, ਤੇ ਪਤਨੀ, ਧੀ ਤੇ ਪੁੱਤ ਨੂੰ ਲੈ ਕੇ ਭੂਆ
ਦੇ ਪਿੰਡੋਂ ਨਿਕਲ ਪਿਆ। ਹਲਕਾ ਹਲਕਾ ਮੀਂਹ ਪੈਣ ਲੱਗ ਪਿਆ ਸੀ। ਆਪਣੀ ਘਰਵਾਲੀ ਨੂੰ ਕਹਿਣ
ਲੱਗਾ, “ਸਵਰਨ ਕੌਰੇ, ਮੁਰਗੀ ਹੀ ਨਹੀਂ ਬਚੀ ਤਾਂ ਆਂਡਾ ਕਿਥੋਂ ਮਿਲੇਗਾ?”
“ਮੇਰੀ ਗੱਲ ਮੰਨੋ ਤਾਂ ਆਪਾਂ ਜਿਸ ਸਿਆਣੇ ਕੋਲ ਜਾਨੇ ਹੁੰਨੇ ਆਂ, ਉਹਦੀ ਸਲਾਹ ਲੈ ਲਵੋ।”
“ਗੱਲ ਤਾਂ ਤੇਰੀ ਠੀਕ ਐ।” ਤੇ ਜਰਨੈਲ ਪੁੱਛਾਂ ਦੇਣ ਵਾਲੇ ਕਲਯੁੱਗੀ ਸਾਧ ਦੇ ਡੇਰੇ ਪਹੁੰਚ
ਗਿਆ। ਸਾਰੀ ਗੱਲ ਦੱਸੀ ਤੇ ਇਹ ਵੀ ਆਖ ਦਿੱਤਾ ਕਿ ਨੌਂ ਕਿੱਲੇ ਜ਼ਮੀਨ ਤਾਂ ਹੱਥੋਂ ਚੱਲੀ ਹੀ
ਹੈ ਭੂਆ ਵੀ ਗਈ। ਸਕੀਮ ਵੀ ਸਿਰੇ ਨਹੀਂ ਲੱਗੀ।
ਸਾਧ ਦੰਦਾਂ ‘ਚ ਖਿੜ ਪਿਆ, “ਕਿੰਨੇ ਪੈਸੇ ਆ ਕੋਲ ਜਰਨੈਲ ਸਿੰਹਾਂ?”
“ਹੈਗਾ ਦਸ ਕੁ ਹਜ਼ਾਰ।”
“ਨੌ ਮੇਰੇ ਕੋਲ ਫੜਾ। ਜਦ ਤੱਕ ਮੈਂ ਪੂਜਾ ਕਰਦਾਂ, ਚਾਰ ਨਾਰੀਅਲ ਲੈ ਕੇ, ਚਾਰੇ ਜਣੇ ਮੱਥੇ
ਨਾਲ ਲਾ ਕੇ, ਦਰਿਆ ਨੂੰ ਮੱਥਾ ਟੇਕ ਕੇ ਰੋੜ੍ਹ ਦੇਵੀਂ ਸੂਰਜ ਮਿਟਣ ਤੋਂ ਪਹਿਲਾਂ; ਭੂਆ ਤਾਂ
ਦਿਨ ਚੜ੍ਹਦੇ ਨੂੰ ਤੈਨੂੰ ਲੈਣ ਆਈ ਹੋਊ।”
“ਸੂਰਜ! ਬਾਹਰ ਤਾਂ ਜਨਾਬ ਬੱਦਲ ਤੇ ਮੀਂਹ ਦਾ ਤੂਫ਼ਾਨ ਚੜ੍ਹਿਆ ਪਿਐ।”
“ਬੱਦਲਾਂ ‘ਚ ਕਿਤੇ ਸੂਰਜ ਨ੍ਹੀਂ ਡੁੱਬਦਾ ਭੋਲਿਆ। ਛੇ ਵੱਜ ਕੇ ਪੈਂਤੀ ਮਿੱਟ ‘ਤੇ ਡੁੱਬੇਗਾ
ਅੱਜ।”
ਤੇ ਜਰਨੈਲ ਨੇ ਘੜੀ ਵੱਲ ਵੇਖਿਆ ਤਾਂ ਸਾਢੇ ਪੰਜ ਵੱਜ ਚੁੱਕੇ ਸਨ। ਉਹਨੇ ਸ਼ਹਿਰੋਂ ਆ ਕੇ
ਨਾਰੀਅਲ ਖਰੀਦੇ। ਗੱਡੀ ਦਰਿਆ ਤੱਕ ਬਹੁਤ ਭਜਾਈ, ਤਦ ਵੀ ਸਾਢੇ ਛੇ ਹੋ ਚੁੱਕੇ ਸਨ। ਕਾਹਲੀ ‘ਚ
ਚਹੁੰਆਂ ਦੇ ਮੱਥੇ ਨਾਲ ਨਾਰੀਅਲ ਛੁਹਾਏ ਤੇ ਗੱਡੀ ਚਲਦੀ ਹੀ ਛੱਡ ਕੇ ਹਾਲੇ ਦਰਿਆ ਵੱਲ ਤੁਰਿਆ
ਹੀ ਸੀ ਕਿ ਮੋਹਲੇਧਾਰ ਵਰ੍ਹੇ ਮੀਂਹ ‘ਚ ਭੱਜੇ ਆਉਂਦੇ ਟਰੱਕ ਨੇ ਫੀਅਟ ਨੂੰ ਹਵਾ ਨਾਲ ਹੀ ਧੱਕ
ਦਿੱਤਾ। ਕਾਰ ਨੇ ਜਰਨੈਲ ਨੂੰ ਧੱਕਾ ਦੇ ਕੇ ਦਰਿਆ ‘ਚ ਸੁੱਟ ਲਿਆ ਤੇ ਜਦੋਂ ਤੱਕ ਕੋਈ
ਸੰਭਲਦਾ, ਭਾਣਾ ਵਰਤ ਚੁੱਕਾ ਸੀ।
ਇਕ ਸਕੂਟਰ ਸਵਾਰ ਨੇ ਪੁਲਿਸ ਨੂੰ ਇਹ ਦ੍ਰਿਸ਼ ਅੱਖੀਂ ਦੇਖਿਆ ਹੋਣ ਕਾਰਨ ਸੂਚਿਤ ਕੀਤਾ ਤੇ
ਲਾਸ਼ਾਂ ਅਗਲੇ ਦਿਨ ਬੜੀ ਮੁਸ਼ਕਲ ਨਾਲ ਪ੍ਰਸ਼ਾਸਨ ਨੇ ਗੋਤਾਖੋਰਾਂ ਦੀ ਮਦਦ ਨਾਲ ਕੱਢੀਆਂ।
ਲਾਸ਼ਾਂ ਸਿਰਹਾਣੇ ਬੈਠੀ ਭਗਵਾਨ ਕੌਰ ਚਹੁੰਆਂ ਵੱਲ ਵੇਖ ਕੇ ਸੋਚ ਰਹੀ ਸੀ, “ਲਗਦੈ, ਰੱਬ
ਮੈਨੂੰ ਬੇਈਂ ‘ਚੋਂ ਬਚਾਉਣ ਵੇਲੇ ਨਾਲ ਹੀ ਮੇਰੇ ਨਾਲ ਘਰ ਮੁੜ ਆਇਆ ਸੀ।”
ਲਗਦੈ...ਰੱਬ ਵੀ ਕਈ ਮੁਕੱਦਮਿਆਂ ਦੀ ਸੁਣਵਾਈ ਫਾਸਟ ਟਰੈਕ ‘ਚ ਕਰਨ ਲੱਗ ਪਿਐ।
-0-
|