ਇਸ ਵਰ੍ਹੇ ਦੀ ਪੰਜਾਬੀ
ਕਹਾਣੀ ਵੀ ਆਪਣੇ ਅੰਤਰ-ਰਾਸ਼ਟਰੀ ਪਾਸਾਰਾਂ ਨਾਲ ਸਰਗਰਮ ਰਹੀ ਹੈ। ਭਾਰਤੀ, ਪਾਕਿਸਤਾਨੀ ਅਤੇ
ਪਰਵਾਸੀ ਪੰਜਾਬੀ ਕਹਾਣੀਕਾਰਾਂ ਦੀਆ ਵਿਭਿੰਨ ਸਰੋਤਾਂ ਰਾਹੀਂ ਤਿੰਨ ਸੌ ਦੇ ਕਰੀਬ ਸੱਜਰੀਆਂ
ਕਹਾਣੀਆਂ ਪ੍ਰਕਾਸ਼ਿਤ ਹੋਈਆਂ ਹਨ। ਇਸ ਤੋਂ ਇਲਾਵਾ ਪੁਰਾਣੀਆਂ ਅਤੇ ਚੰਦ ਕੁ ਨਵੀਆਂ ਕਹਾਣੀਆਂ
ਨਾਲ ਤਿੰਨ ਦਰਜਨ ਦੇ ਲੱਗਭਗ ਉਲੇਖਯੋਗ ਕਹਾਣੀ-ਸੰਗ੍ਰਹਿ ਵੀ ਛਪੇ ਹਨ ਜਿਨ੍ਹਾਂ ਦਾ ਵੇਰਵਾ ਇਸ
ਪ੍ਰਕਾਰ ਹੈ : ਜਿੱਲ੍ਹਣ (ਗੁਰਦਿਆਲ ਦਲਾਲ), ਵਿਹੜੇ ਦੀ ਮਿੱਟੀ (ਰਤਨ ਸਿੰਘ ਕੰਵਲ), ਤੇਰਾ
ਵਾਅਦਾ (ਅਸ਼ੋਕ ਵਸ਼ਿਸਠ), ਦਾਰੋ ਘਤਿੱਤੀ (ਪ੍ਰੀਤ ਨੀਤਪੁਰ), ਮੈਂ ਕਿਉਂ ਜੀ ਰਿਹਾਂ (ਕਰਮਜੀਤ
ਸਿੰਘ ਨਡਾਲਾ), ਢਾਲ (ਗੁਰਮੀਤ ਕੜਿਆਲਵੀ), ਸਾਡੇ ਧੀਆਂ ਪੁੱਤਰ (ਅਵਤਾਰ ਰੋਡੇ), ਕੁਝ
ਤੇਰੀਆਂ ਕੁਝ ਮੇਰੀਆਂ (ਦੀਪਤੀ ਬਬੂਟਾ), ਨਿੱਕੀਆਂ ਵੱਡੀਆਂ ਧਰਤੀਆਂ (ਇਕਬਾਲ ਰਾਮੂੰਵਾਲੀਆ),
ਗੁਲਾਨਾਰੀ ਰੰਗ (ਬੀ.ਐØੱਸ ਬੀਰ), ਜਜ਼ਬਿਆਂ ਦੀ ਸਰਗਮ (ਮਹਿੰਦਰ ਰਿਸ਼ਮ), ਸੁਪਨੇ ਸੱਚ ਹੋਣਗੇ
(ਜ਼ੋਰਾਵਰ ਸਿੰਘ ਬਾਂਸਲ), ਕਿਤੇ ਸੁਪਨੇ ਟੁੱਟ ਨਾ ਜਾਣ (ਹਰਜੀਤ ਕੌਰ ਬਾਜਵਾ), ਅਧੂਰਾ ਦਾਨ
(ਗੁਰਮੇਲ ਸਿੰਘ ਘੁਮਾਣ), ਖੋਜ (ਹਰਮਹਿੰਦਰ ਚਹਿਲ), ਕੁਰਸੀਆਂ ਤੇ ਆਮ ਆਦਮੀ (ਸੁਖਮਿੰਦਰ
ਸੇਖੋਂ), ਮੇਰਾ ਟਰੰਕ (ਬਰਜਿੰਦਰ ਢਿੱਲੋਂ), ਸ਼ੋਅ ਪੀਸ (ਸੁਰਿੰਦਰ ਸਿੰਘ ਰਾਏ), ਦੋ ਘੁੱਟਾਂ
ਸੀਰ (ਰਣਜੀਤ ਰਾਹੀ), ਆਵਾਜ਼ਾਂ (ਜਿੰਦਰ), ਗ਼ਲਤ ਮਲਤ ਜ਼ਿੰਦਗੀ (ਪਰਗਟ ਸਿੰਘ ਸਤੌਜ),
ਅਭਿਮੰਨਿਉ (ਕੁਲਵਿੰਦਰ ਕੌਸ਼ਲ), ਆਪਣੀ ਜੂਹ (ਮੁਖ਼ਤਾਰ ਗਿੱਲ), ਗਰੌਸਰੀ (ਸਾਥੀ ਲੁਧਿਆਣਵੀ),
ਸਵਾਲ ਵੇਲਾ ਜਵਾਬ ਲੋਕ (ਹਾਰੂਨ ਅਦੀਮ), ਨੰਗੇ ਪੈਰ (ਜਾਵੇਦ ਬਾਬਰ ਡਾਰ), ਅੰਮ੍ਰਿਤ ਲਿਵਾਸ
(ਰਿਫ਼ਅਤ) ਆਦਿ।
ਇਨ੍ਹਾਂ ਵਿਚੋਂ ਉਚੇਚੀ ਤਵੱਜੋ ਦੇ ਹੱਕਦਾਰ ਕਹਾਣੀ-ਸੰਗ੍ਰਿਹਾਂ ਦੇ ਰਚਨਹਾਰਿਆਂ ਸਬੰਧੀ
ਸੰਖੇਪ ਟਿੱਪਣੀ ਕਰਨੀ ਬਣਦੀ ਹੈ। ਜਿੰਦਰ ਹਮੇਸ਼ਾਂ ਸਮੇਂ ਦੇ ਹਾਣ ਦਾ ਹੋ ਕੇ ਲਗਾਤਾਰ ਕਹਾਣੀ
ਲਿਖਣ ਵਾਲਾ ਲੇਖਕ ਹੈ ਅਤੇ ਮਕਬੂਲ ਵੀ ਹੈ ਪਰ ਪਿਛਲੇ ਕੁਝ ਸਮੇਂ ਤੋਂ ਉਸ ਦੀਆਂ ਕਹਾਣੀਆਂ
ਵਿਚ ਇਤਿਹਾਸਮੁਖੀ ਸੂਚਨਾਵਾਂ ਦਾ ਵਧ ਰਿਹਾ ਦਖ਼ਲ ਉਸ ਦੀ ਕਲਾ-ਸੂਝ ਉਤੇ ਭਾਰੂ ਹੋਣ ਲੱਗਾ ਹੈ।
ਗੁਰਦਿਆਲ ਦਲਾਲ ਨੇ ਅਧਿਆਪਕ ਵਰਗ ਅਤੇ ਪੰਜਾਬ ਦੇ ਜਾਤੀ-ਜਮਾਤੀ ਬਦਲਦੇ ਸਮੀਕਰਨਾਂ ਬਾਰੇ
ਤੇਜੀ ਅਤੇ ਸ਼ਿੱਦਤ ਨਾਲ ਲਿਖਿਆ ਹੈ। ਉਸ ਦੇ ਅਨੁਭਵ ਦੀ ਪ੍ਰਮਾਣਿਕਤਾ ਤਾਂ ਪ੍ਰਭਾਵਿਤ ਕਰਦੀ
ਹੈ ਪਰ ਹੁਨਰੀ ਕ੍ਰਿਸ਼ਮਾ ਵਿਖਾਉਣ ਵੱਲੋਂ ਉਹ ਕੁਝ ਅਵੇਸਲਾ ਰਹਿੰਦਾ ਹੈ। ਰਤਨ ਸਿੰਘ ਕੰਵਲ
ਦੀਆਂ ਕਹਾਣੀਆਂ ਬਿਰਤਾਂਤ ਕਲਾ ਦੇ ਪੱਖੋਂ ਕੁਝ ਊਣੀਆਂ ਹੋਣ ਦੇ ਬਾਵਜੂਦ ਜੰਮੂ-ਕਸ਼ਮੀਰ ਦੇ
ਵਿਲੱਖਣ ਅਨੁਭਵਾਂ ਨੂੰ ਪੇਸ਼ ਕਰਨ ਸਦਕਾ ਉਲੇਖਯੋਗ ਬਣਦੀਆਂ ਹਨ। ਗੁਰਮੀਤ ਕੜਿਆਲਵੀ ਪੇਂਡੂ
ਪੰਜਾਬ ਦੇ ਦਮਿਤ ਵਰਗਾਂ ਦੀ ਜੀਵਣ-ਜਾਚ ਦਾ ਪ੍ਰਮਾਣਿਕ ਚਿਤੇਰਾ ਹੈ ਭਾਵੇਂ ਕਿ ਬਹੁਤੀਆਂ
ਕਹਾਣੀਆਂ ਵਿਚ ਆਪਣੀ ਉØੱਚੀ ਸੁਰ ਵਾਲੀ ਸ਼ੈਲੀ ਕਰਕੇ ਕਲਾਤਮਕ ਸਿਖਰਾਂ ਛੋਹਣ ਤੋਂ ਖੁੰਝ
ਜਾਂਦਾ ਹੈ। ਸਥਾਪਿਤ ਪਰਵਾਸੀ ਕਵੀ ਅਤੇ ਵਾਰਤਕਕਾਰ ਇਕਬਾਲ ਰਾਮੂੰਵਾਲੀਆ ਕੋਲ ਪਰਵਾਸੀ
ਪੰਜਾਬੀਆਂ ਦੇ ਅਜੋਕੇ ਤਣਾਵਾਂ ਅਤੇ ਮਾਨਸਿਕ ਗੰਢਾਂ ਦਾ ਡੂੰਘਾ ਅਨੁਭਵ ਹੈ। ਠੇਠ ਮਲਵਈ
ਸ਼ਬਦਾਂ, ਅੰਗਰੇਜ਼ੀ ਮੁਹਾਵਰੇ ਅਤੇ ਕਾਵਿ-ਸੰਵੇਦਨਾ ਨਾਲ ਲਬਰੇਜ਼ ਵਿਸ਼ੇਸ਼ਣਕਾਰੀ ਦਾ ਖਜ਼ਾਨਾ ਉਸ
ਦੀ ਬਿਰਤਾਂਤ ਕਲਾ ਨੂੰ ਅਮੀਰ ਬਣਾਉਂਦਾ ਹੈ, ਭਾਵੇਂ ਕਿ ਕਿਤੇ ਕਿਤੇ ਲੋੜੋਂ ਵੱਧ
ਪ੍ਰਗੀਤਕਾਰੀ ਅਤੇ ਬਿਆਨ ਦੀ ਅਤਿਕਥਨੀ ਉਸ ਦੀ ਕਲਾ ਨੂੰ ਸੱਟ ਵੀ ਮਾਰਦੇ ਹਨ। ਪਰਗਟ ਸਤੌਜ
ਅਜੋਕੇ ਪੰਜਾਬੀ ਅਵਚੇਤਨ ਦੇ ਦਬਾਏ ਗਏ ਭਾਵਾਂ ਨੂੰ ਜ਼ੁਬਾਨ ਦੇਣ ਕਰਕੇ ਤੇਜੀ ਨਾਲ ਪਾਠਕਾਂ ਦੀ
ਨਜ਼ਰ ਚੜ੍ਹਨ ਵਾਲਾ ਨੌਜਵਾਨ ਗਲਪਕਾਰ ਹੈ ਪਰ ਸੈਕਸ ਅਤੇ ਸਨਸਨੀ ਦੀਆਂ ਗਲਪ-ਜੁਗਤਾਂ ਦੀ ਸੰਜਮੀ
ਅਤੇ ਸ਼ਿਸਟਾਚਾਰੀਮੂਲਕ ਵਰਤੋਂ ਦਾ ਹੁਨਰ ਸਿੱਖਣ ਲਈ ਅਜੇ ਹੋਰ ਅਭਿਆਸ ਦੀ ਲੋੜ ਹੈ। ਹਾਰੂਨ
ਅਦੀਮ ਕੋਲ ਪਾਕਿਸਤਾਨੀ ਪੰਜਾਬੀ ਸਮਾਜ ਦੇ ਬਦਲਦੇ ਮੁਹਾਂਦਰੇ ਨੂੰ ਨਿਹਾਰ ਸਕਣ ਦੀ ਤਿੱਖੀ
ਨੀਝ ਹੈ। ਇਹ ਕੁਝ ਕਹਾਣੀਕਾਰ ਅਤੇ ਉਨ੍ਹਾਂ ਦੇ ਕਹਾਣੀ-ਸੰਗ੍ਰਹਿ ਇਸ ਵਰ੍ਹੇ ਦਾ ਵਿਸ਼ੇਸ਼
ਹਾਸਿਲ ਰਹੇ ਹਨ।
ਇਸ ਸਾਲ ਦੀਆਂ ਕਹਾਣੀਆਂ ਦੇ ਵੱਡੇ ਭੰਡਾਰ ਵਿਚੋਂ ਮੈਂ ਉਨ੍ਹਾਂ ਦਸ ਕੁ ਕਹਾਣੀਆਂ ਦਾ ਉਚੇਚਾ
ਜ਼ਿਕਰ ਕਰਨਾ ਮੁਨਾਸਬ ਸਮਝਦਾ ਹਾਂ ਜਿਨ੍ਹਾਂ ਨੇ ਪੰਜਾਬੀ ਕਹਾਣੀ ਦੀ ਦਸ਼ਾ ਅਤੇ ਦ੍ਰਿਸ਼ਟੀ ਵਿਚ
ਕੁਝ ਨਾ ਕੁਝ ਨਵਾਂ ਜੋੜਨ ਦਾ ਕਾਰਜ ਕੀਤਾ ਹੈ।
ਕਨੇਡਾ ਵਾਸੀ ਹਰਪ੍ਰੀਤ ਸੇਖਾ ਦੀ ਕਹਾਣੀ ‘ਪੈਗੂਅਨ‘ (ਸਿਰਜਣਾ, ਜੁਲਾਈ-ਸਤੰਬਰ) ਪਰਵਾਸੀ
ਪੰਜਾਬੀਆਂ ਦੇ ਰਿਸ਼ਤਿਆਂ ਦੀ ਨਵੀਂ ਵਿਆਕਰਣ ਦਾ ਭੇਦ ਉਜਾਗਰ ਕਰਨ ਵਾਲੀ ਹੈ। ਉਤਮ-ਪੁਰਖੀ
ਬਿਰਤਾਂਤਕਾਰ ਔਰਤ ਆਪਣੇ ਬੱਚੇ ਉਤੇ ਆਪਣੇ ਹੱਕ ਨੂੰ ਲੈ ਕੇ ਡੂੰਘੇ ਤਣਾਅ ਵਿਚ ਹੈ। ਇਹ ਸੰਕਟ
ਉਸ ਵਕਤ ਪੈਦਾ ਹੁੰਦਾ ਹੈ ਜਦੋਂ ਉਸ ਦਾ ਤਲਾਕਸ਼ੁਦਾ ਪਤੀ ਸ਼ਮਸ਼ੇਰ ਖ਼ੂਨ ਦੇ ਰਿਸ਼ਤੇ ਦਾ ਹਵਾਲਾ
ਦੇ ਕੇ ਬੱਚੇ ਉਪਰ ਆਪਣਾ ਹੱਕ ਜਿਤਾਉਂਦਾ ਹੈ। ਮੌਜੂਦਾ ਸਥਿਤੀ ਵਿਚ ਪੈਂਗੂਅਨ ਦੇ ਸੁਭਾਅ
ਵਾਲਾ ਯਾਨੀ ਬੱਚੇ ਦਾ ਪਾਲਣਹਾਰ ਗੋਰਾ ਕੀਥ, ਜਿਸ ਨਾਲ ਬਿਰਤਾਂਤਕਾਰ ਦਾ ਦੂਜਾ ਵਿਆਹ ਹੋ
ਚੁੱਕਾ ਹੈ, ਬੱਚੇ ਦੇ ਬਾਪ ਦਾ ਦਰਜਾ ਪ੍ਰਾਪਤ ਕਰ ਚੁੱਕਾ ਹੈ। ਖ਼ੂਨ ਦੇ ਰਿਸ਼ਤੇ ਦੀ ਸਰਵੋਤਮਤਾ
ਅਤੇ ਮਿੱਥ ਦਾ ਖੰਡਨ ਕਰਦੀ ਇਹ ਕਹਾਣੀ ਪਾਠਕ ਨੂੰ ਨਵੀਂ ਅੰਤਰ-ਦ੍ਰਿਸ਼ਟੀ ਦੇਣ ਵਾਲੀ ਹੈ,
ਭਾਵੇਂ ਕਿ ਪੈਂਗੂਅਨ ਦੇ ਰੂਪਕ (ਮੈਟਾਫਰ) ਨੂੰ ਸਚਿਆਉਣ ਲਈ ਰਤਾ ਵਧੇਰੇ ਉਚੇਚ ਕਰਨ ਕਰਕੇ
ਪਾਤਰ-ਉਸਾਰੀ ਅਤੇ ਬਿਆਨ ਵਿਚ ਕੁਝ ਅਤਿਕਥਨੀ ਦੇ ਅੰਸ਼ਾਂ ਦਾ ਦਾਖ਼ਲਾ ਵਧ ਗਿਆ ਵੀ ਪ੍ਰਤੀਤ
ਹੁੰਦਾ ਹੈ।
ਤ੍ਰਿਪਤਾ ਕੇ. ਸਿੰਘ ਦੀ ਕਹਾਣੀ ‘ਭਲਾ ਆਦਮੀ‘ (ਸਿਰਜਣਾ, ਜੁਲਾਈ-ਸਤੰਬਰ) ਉਤਮ-ਪੁਰਖੀ
ਬਿਰਤਾਂਤਕਾਰ ਦੇ ਅੰਤਲੇ ਜੀਵਣ-ਪਹਿਰ ਵਿਚ ਵਾਪਰੀ ਇਕ ਘਟਨਾ-ਵਿਸ਼ੇਸ਼ ਦੇ ਚਿਤਰਣ ਰਾਹੀਂ ਜੋਗ
ਅਤੇ ਭੋਗ ਦੇ ਦਵੰਦ ਨੂੰ ਸਾਕਾਰ ਕਰਦੀ ਹੈ। ਜੋਗ ਦੀ ਉਮਰੇ ਔਰਤ-ਸੰਭੋਗ ਦੀ ਰੀਣ-ਮਾਤਰ ਲਾਲਸਾ
ਵੀ ਬਜੁਰਗ ਪਾਤਰ ਦੇ ‘ਭਲੇ ਆਦਮੀ‘ ਵਾਲੇ ਅਕਸ ਨੂੰ ਉਸ ਦੇ ਦੋਸਤ ਅਤੇ ਨੌਕਰਾਣੀ ਸਾਹਮਣੇ
ਹਾਸੋਹੀਣਾ ਬਣਾ ਧਰਦੀ ਹੈ। ਕਹਾਣੀ ਦਾ ਕੇਂਦਰੀ ਸਰੋਕਾਰ ਕਾਮ ਦੇ ਮਸਲੇ ਨਾਲ ਸਬੰਧਿਤ ਹੈ ਪਰ
ਲੇਖਿਕਾ ਨੇ ਕਲਾਤਮਕ ਮਰਯਾਦਾ ਦਾ ਪਾਲਣ ਕਰਦੇ ਹੋਏ ਅਸ਼ਲੀਲ ਬਿਆਨੀ ਦੀ ਭਿਣਕ ਤੱਕ ਨਹੀਂ ਪੈਣ
ਦਿੱਤੀ। ਪਾਤਰਾਂ ਦੀ ਕਾਰਜ-ਭਾਸ਼ਾ (ਜੈਸਚਰਜ਼) ਅਤੇ ਪ੍ਰਤੀਕ ਪ੍ਰਬੰਧ ਕਹਾਣੀ ਦੀ ਕਲਾਤਮਕ ਆਭਾ
ਵਧਾਉਣ ਵਾਲੇ ਹਨ। ਮਿਸਾਲ ਵਜੋਂ ਬਜ਼ੁਰਗ ਬਲਿਊ ਫ਼ਿਲਮ ਵੇਖਣ ਲਈ ਸੀ.ਡੀ. ਪਲੇਅਰ ਵਰਤਣ ਲਗਦਾ
ਹੈ ਤਾਂ ਵਾਰ ਵਾਰ ‘ਨੋ ਡਿਸਕ‘ ਲਿਖਿਆ ਆ ਜਾਂਦਾ ਹੈ। ਇਸੇ ਤਰ੍ਹਾਂ ਡੋਰ-ਬੈØੱਲ ਦੀ ਧੁਨੀ
ਹੈ, ‘ਚਾਦਰ ਹੋ ਗਈ ਬਹੁਤ ਪੁਰਾਣੀ, ਕੁਝ ਸੋਚ ਸਮਝ ਰੇ ਪ੍ਰਾਣੀ‘। ਫਿਰ ਵੀ ਕਹਾਣੀ ਵਿਚ ਕੁਝ
ਹੋਰ ਡੂੰਘਾਈ, ਵਿਸਥਾਰ ਅਤੇ ਬਹੁ-ਸੁਰਤਾ ਹੁੰਦੀ ਤਾਂ ਕਹਾਣੀ ਨੇ ਕਲਾਸੀ ਹੋ ਜਾਣਾ ਸੀ। ਉਂਜ
ਕਹਾਣੀ ਦੀ ਸ਼ਕਤੀ ਇਸ ਗੱਲ ਵਿਚ ਵੀ ਹੈ ਕਿ ਬਜ਼ੁਰਗ ਦੀ ਮੂੰਹਜ਼ੋਰ ਹਿਰਸ ਨੂੰ ਵਿਅੰਗ ਦੀ ਥਾਂ
ਮਨੋਵਿਗਿਆਨਕ ਨਜ਼ਰੀਏ ਅਤੇ ਹਮਦਰਦੀ ਨਾਲ ਚਿਤਰਿਆ ਗਿਆ ਹੈ।
ਸੁਖਜੀਤ ਦੀ ਕਹਾਣੀ ‘ਮੈਂ ਅਯਨਘੋਸ਼ ਨਹੀਂ‘ (ਸਮਦਰਸ਼ੀ, ਜੁਲਾਈ-ਅਗਸਤ) ਉਤਮ-ਪੁਰਖੀ
ਬਿਰਤਾਂਤਕਾਰ ਦੀ ਜੀਵਣ-ਜਾਚ ਰਾਹੀਂ ਓਪਰੇ ਮਾਹੌਲ ਵਿਚ ਬੁਝਦੇ ਅਤੇ ਭਬਕਦੇ ਮਨੁੱਖੀ
ਵਿਅਕਤਿੱਤਵ ਦਾ ਮਨੋਵਿਗਿਆਨਕ ਚਿਤਰ ਉਲੀਕਦੀ ਹੈ। ਆਪਣੇ ‘ਹੈØੱਡਮਾਸਟਰ‘ ਬਾਪ ਦੇ ਦਾਬੇ ਵਾਲੇ
ਅਤੇ ਮੌਕਾਸਨਾਸ਼ ਸੁਭਾਅ ਅਧੀਨ ਲਏ ਫੈਸਲਿਆਂ ਅਨੁਕੂਲ ਇਹ ਪੇਂਡੂ ‘ਮੈਂ‘ ਪਾਤਰ ਪਹਿਲਾਂ ਤਾਂ
ਡਾਕਟਰੀ ਦੀ ਪੜ੍ਹਾਈ ਕਰਦਾ ਹੈ ਅਤੇ ਫਿਰ ਸ਼ਹਿਰ ਵਿਚ ਸਥਾਪਿਤ ਡਾ. ਗਰੇਵਾਲ ਦੀ ਬੇਟੀ ਸੀਰਤ
ਨਾਲ ਵਿਆਹ ਕਰਾ ਕੇ ਘਰ-ਜਵਾਈ ਬਣ ਜਾਣ ਲਈ ਮਜ਼ਬੂਰ ਹੁੰਦਾ ਹੈ। ਆਰਟਸ ਦੀ ਪੜ੍ਹਾਈ ਕਰਦੀ ਸੀਰਤ
ਵੀ ਜਦ ਆਪਣੇ ‘ਸਰ‘ ਪ੍ਰਤੀ ਵਿਸ਼ੇਸ਼ ਝੁਕਾਅ ਕਾਰਣ ਆਪਣੇ ਪਤੀ ਨੂੰ ਅਣਗੌਲਿਆਂ ਕਰਦੀ ਹੈ ਤਾਂ
‘ਮੈਂ‘ ਪਾਤਰ ਨੂੰ ਆਪਣੀ ਮੂਲ ਮਰਦਾਵੀਂ, ਪੇਂਡੂ ਅਤੇ ਡਾਕਟਰੀ ਪਛਾਣ ਗੁਆਚਣ ਦਾ ਖਤਰਾ ਭਾਸਣ
ਲੱਗ ਪੈਂਦਾ ਹੈ। ਦੂਜਿਆਂ (ਅਦਰਜ਼) ਰਾਹੀਂ ਪਰਿਭਾਸ਼ਤ ਹੋ ਰਹੇ ਡਾਕਟਰ ‘ਮੈਂ‘ ਦਾ ਖਲਾਅ ਅੰਤ
ਇਸ ਕਦਰ ਅਸਤਿੱਤਵੀ ਸੰਕਟ ਤੱਕ ਪਹੁੰਚ ਜਾਂਦਾ ਹੈ ਕਿ ਆਪਣੀ ਮਾਨਵੀ ਆਭਾ (ਸੈਲਫ ਅਸਟੀਮ) ਦੀ
ਪੁਨਰ-ਪ੍ਰਾਪਤੀ ਲਈ ਉਹ ਬਗਾਵਤੀ ਵਿਸਫੋਟ ਦਾ ਹਿੰਸਕ ਰੂਪ ਧਾਰਨ ਕਰ ਲੈਂਦਾ ਹੈ। ਕਹਾਣੀ ਦੀ
ਸ਼ਕਤੀ ਇਸ ਗੱਲ ਵਿਚ ਹੈ ਕਿ ਇਹ ਮਨੁੱਖੀ ਪਛਾਣ ਅਤੇ ਗੌਰਵ ਦੇ ਸਦੀਵੀ ਮਸਲੇ ਨੂੰ ਸਥਾਨਕ
ਜੀਵੰਤ ਜੀਵਣ-ਪ੍ਰਸੰਗਾਂ ਨਾਲ ਚਿਤਰਣ ਦਾ ਉਪਰਾਲਾ ਕਰਦੀ ਹੈ। ਪਰ ਦੂਜੇ ਪਾਸੇ ਸਿਰਲੇਖ ਵਿਚ
ਆਏ ਕੇਂਦਰੀ ਰੂਪਕ ਨੂੰ ਦ੍ਰਿਸ਼ਟਾਂਤਕ ਰੂਪ ਵਿਚ ਸਿੱਧ ਕਰਨ ਲਈ ਪੰਜਾਬੀ ਮਨੁੱਖੀ ਵਿਵਹਾਰ ਦਾ
ਕੁਝ ਕੁਝ ਕਾਲੇ-ਚਿੱਟੇ ਦੇ ਸੂਤਰ ਅਨੁਸਾਰ ਚਿਤਰਣ ਕਰਦੀ ਹੈ। ਕਹਾਣੀ ਦਾ ਥਰਿੱਲਮਈ ਫ਼ਿਲਮੀ
ਜਿਹਾ ਅੰਤ ਵੀ ਕਹਾਣੀ ਨੂੰ ਆਪਣੇ ਸਹਿਜ ਗਲਪੀ-ਤਰਕ ਮੁਤਾਬਕ ਵਿਗਸਣ ਤੋਂ ਰੋਕਦਾ ਹੈ। ਉਂਜ
ਸੁਖਜੀਤ-ਸ਼ੈਲੀ ਵਾਲੀਆਂ ਦਾਰਸ਼ਨਿਕ, ਮਨੋਵਿਗਿਆਨਕ ਅਤੇ ਲੋਕਧਾਰਾਈ ਛੋਹਾਂ ਕਹਾਣੀ ਨੂੰ ਰੌਚਿਕ
ਅਤੇ ਵਿਸ਼ੇਸ਼ ਬਣਾਉਂਦੀਆਂ ਹਨ।
ਸਿਮਰਨ ਧਾਲੀਵਾਲ ਦੀ ਕਹਾਣੀ ‘ਸਟਾਰਟਿੰਗ ਪੁਆਇੰਟ‘ (ਸ਼ਬਦ, ਅਕਤੂਬਰ-ਦਸੰਬਰ) ਉਤਮ-ਪੁਰਖੀ
ਬਿਰਤਾਂਤਕਾਰ ਦੇ ਅਪਰਾਧ-ਬੋਧ ਕਾਰਣ ਬੇਰਸ ਹੋਏ ਜੀਵਣ ਦਾ ਬਿਰਤਾਂਤ ਸਿਰਜਦੀ ਹੈ। ਨੌਜਵਾਨ
ਅਧਿਆਪਕ ਬਿਰਤਾਂਤਕਾਰ ਆਪਣੀ ਪਤਨੀ ਦੀ ਪਦਾਰਥਮੁਖੀ ਸੋਚ ਅਤੇ ਸ਼ਹਿਰਮੁਖੀ ਜੀਵਣ-ਜਾਚ ਦੇ
ਦਬਾਵਾਂ ਅਧੀਨ ਆਪਣੇ ਮਾਪਿਆਂ ਦੀ ਲੋੜੀਂਦੀ ਸਾਂਭ-ਸੰਭਾਲ ਕਰਨ ਤੋਂ ਖੁੰਝ ਜਾਂਦਾ ਹੈ, ਜਿਸ
ਕਰਕੇ ਗੁਨਾਹ ਭਾਵਨਾ ਦਾ ਸ਼ਿਕਾਰ ਹੈ। ਦਿਲ ਦੇ ਦੌਰੇ ਪਿੱਛੋਂ ਹਸਪਤਾਲ ਵਿਚ ਜ਼ਿੰਦਗੀ-ਮੌਤ ਦੀ
ਲੜਾਈ ਲੜ ਰਹੇ ਬਾਪ ਦੇ ਕੋਲ ਬੈਠਿਆਂ ਆਪਣੇ ਅਤੀਤ ਦੇ ਅਮਲਾਂ ਨੂੰ ਚਿਤਵਦਾ ਬਿਰਤਾਂਤਕਾਰ ਝੂਰ
ਰਿਹਾ ਹੈ। ਅੰਤ ਬਾਪ ਦਾ ਜੋ ਕਥਨ ਉਸ ਨੂੰ ਸੰਕਟ-ਮੁਕਤੀ ਦਾ ਰਾਹ ਵਿਖਾਉਂਦਾ ਹੈ, ਉਹ ਹੈ,
‘‘ਜ਼ਿੰਦਗੀ ਉਸੇ ਨੂੰ ਕਹਿੰਦੇ ਨੇ ਪੁੱਤਰਾ ਜੀਹਦੇ ‘ਚ ਸਾਰਾ ਕੁਝ ਸਾਵਾਂ ਪੱਧਰਾ ਨਾ ਹੋਵੇ।
ਹਰ ਦਿਨ ਦੀ ਸ਼ੁਰੂਆਤ ਇਕ ਨਵੇਂ ਸਿਰੇ ਤੋਂ ਕਰੀਦੀ ਏ... ਨਹੀਂ ਤਾਂ ਜਿਉਣਾ ਔਖਾ ਹੋ ਜਾਂਦੈ।”
ਕਹਾਣੀ ਵਿਸ਼ਵੀਕਰਨ ਦੇ ਦੌਰ ਵਿਚ ਆਪਮੁਖੀ ਹੋ ਕੇ ਆਪਣੇ ਅਤੀ ਕਰੀਬੀ ਰਿਸ਼ਤਿਆਂ ਪ੍ਰਤੀ ਉਦਾਸੀਨ
ਹੋਣ ਦੇ ਮਸਲੇ ਨੂੰ ਬਾਖ਼ੂਬੀ ਉਭਾਰਦੀ ਹੈ। ਪਰ ਕਹਾਣੀ ਦੀ ਸੀਮਾ ਇਹ ਹੈ ਕਿ ਸਰਲੀਕਰਨ ਦਾ
ਸ਼ਿਕਾਰ ਹੋ ਕੇ ਮੈਂ ਪਾਤਰ ਦੇ ਸੰਕਟ ਨੂੰ ਢੁੱਕਵੀਆਂ ਸਥਿਤੀਆਂ ਦੇ ਸੰਦਰਭ ਵਿਚ ਚਿਤਰ ਸਕਣ ਦੀ
ਥਾਂ ਨਿਰੋਲ ਪਤਨੀ ਦੇ ਪਦਾਰਥਮੁੱਖ ਨਜ਼ਰੀਏ ਤੱਕ ਘਟਾ ਦਿੰਦੀ ਹੈ।
ਖ਼ਾਲਿਦ ਫਰਹਾਦ ਧਾਲੀਵਾਲ ਦੀ ਪਾਕਿਸਤਾਨੀ ਪੰਜਾਬੀ ਕਹਾਣੀ ‘ਮੈਮੋਰੀਅਲ ਟਰੱਸਟ‘ (ਸ਼ਬਦ,
ਅਪ੍ਰੈਲ-ਜੂਨ) ਉਤਮ-ਪੁਰਖੀ ਬਿਰਤਾਂਤਕਾਰ ਦੇ ਹਵਾਲੇ ਨਾਲ ਇਸ ਥੀਮ ਨੂੰ ਉਜਾਗਰ ਕਰਦੀ ਹੈ ਕਿ
‘‘ਜੱਗ ਤੇ ਆਪਣੀ ਹੋਂਦ ਛੱਡ ਜਾਣ ਦੀ ਕਿੰਨੀ ਲਾਲਸਾ ਹੁੰਦੀ ਏ ਬੰਦੇ ਨੂੰ।” ਆਪਣੀ
ਰਿਟਾਇਰਮੈਂਟ ਤੋਂ ਪਿੱਛੋਂ ਦੀ ਜ਼ਿੰਦਗੀ ਪਿੰਡ ਵਿਚ ਬਸਰ ਕਰ ਰਹੇ ਬਜ਼ੁਰਗ ਨੂੰ ਇਹ ਗੱਲ ਤਣਾਅ
ਨਾਲ ਭਰ ਦਿੰਦੀ ਹੈ ਕਿ ਉਸ ਦੀ ਪਤਨੀ ਭੁੱਲਰ ਇਕ ਅਜੀਬ ਜਿਹੇ ਸਦਮੇ ਕਾਰਣ ਨਾਸ਼ਵਾਨਤਾ ਦੀ
ਡੂੰਘੀ ਦਲਦਲ ਵਿਚ ਜਾ ਡਿਗਦੀ ਹੈ। ਸਦਮਾ ਇਸ ਗੱਲ ਨਾਲ ਲਗਦਾ ਹੈ ਕਿ ਉਨ੍ਹਾਂ ਦੀ ਵਿਆਹੀ-ਵਰੀ
ਧੀ ਆਪਣੇ ਦਾਜ ਦੇ ਕੁਝ ਵਿਰਾਸਤੀ ਮਹੱਤਵ ਵਾਲੇ ਬਰਤਨ ਵੇਚ ਕੇ ਉਨ੍ਹਾਂ ਵੱਟੇ ਆਧੁਨਿਕ ਤਰਜ਼
ਦਾ ‘ਵਾਟਰ ਸੈØੱਟ‘ ਖਰੀਦ ਲੈਂਦੀ ਹੈ। ਉਹ ਬਰਤਨ ਭੁੱਲਰ ਨੂੰ ਆਪਣੇ ਦਾਜ ਵਿਚ ਮਿਲੇ ਸਨ ਅਤੇ
ਉਸ ਨੇ ਅੱਗੋਂ ਧੀ ਦੇ ਦਾਜ ਵਿਚ ਇਸ ਲਈ ਦਿੱਤੇ ਸਨ ਕਿ ਉਸ ਦੀ ਯਾਦ ਨੂੰ ਧੀ ਦੇ ਮਨ-ਮਸਤਕ
ਵਿਚ ਸਦਾ ਲਈ ਤਰੋ-ਤਾਜ਼ਾ ਬਣਾਈ ਰੱਖਣਗੇ। ਆਪਣਿਆਂ ਵੱਲੋਂ ਵਿਸਾਰੇ ਜਾਣ ਦਾ ਇਹ ਸਦਮਾ ਭੁੱਲਰ
ਲਈ ਜਦੋਂ ਅਸਤਿੱਤਵੀ ਸੰਕਟ ਦਾ ਰੂਪ ਧਾਰਨ ਕਰ ਲੈਂਦਾ ਹੈ ਤਾਂ ਬਿਰਤਾਂਤਕਾਰ ਉਸ ਦਾ ਸੰਤਾਪ
ਘਟਾਉਣ ਲਈ ਆਪਣੀ ਜੱਦੀ-ਪੁਸ਼ਤੀ ਜ਼ਮੀਨ ਪੁੱਤ-ਪੋਤਰਿਆਂ ਦੇ ਸਪੁਰਦ ਕਰਨ ਦੀ ਥਾਂ ਆਪਣੀ ਪਤਨੀ
ਦੇ ਨਾਂ ਦਾ ਮੈਮੋਰੀਅਲ ਟਰੱਸਟ ਬਣਾਉਣ ਦਾ ਫੈਸਲਾ ਕਰਦਾ ਹੈ। ਕਹਾਣੀ ਭਾਵੇਂ ਬਿਰਤਾਂਤਕਾਰ
ਨੂੰ ਬਿਨਾਂ ਬਹੁਤੇ ਤਣਾਅ ਵਿਚੋਂ ਲੰਘਾਇਆਂ ਕਾਹਲੀ ਨਾਲ ਥੀਮਕ ਨਿਰਣੈ ਉਤੇ ਪਹੁੰਚਦੀ ਹੈ ਪਰ
ਇਸ ਦੀ ਸਰਲ ਬਿਆਨੀ, ਕਾਰਜਮਈ (ਜੈਸਚਰ) ਭਾਸ਼ਾ ਅਤੇ ਦਾਰਸ਼ਨਿਕ ਰੰਗਣ ਪ੍ਰਭਾਵਤ ਕਰਦੀ ਹੋਈ
ਵਿਰਕ-ਸ਼ੈਲੀ ਦੀ ਯਾਦ ਕਰਾਉਂਦੀ ਹੈ।
ਪਰਵਾਸੀ ਕਹਾਣੀਕਾਰ ਜਰਨੈਲ ਸਿੰਘ ਦੀ ਕਹਾਣੀ ‘ਹੜ੍ਹ‘ (ਹੁਣ ਜਨਵਰੀ-ਅਪ੍ਰੈਲ) ਅੰਨਯ-ਪੁਰਖੀ
ਬਿਰਤਾਂਤਕਾਰ ਰਾਹੀਂ ਇਕ ਪਾਸੇ ਪੰਜਾਬੀ ਪਰਵਾਸੀਆਂ ਦੇ ਡਾਲਰਾਂ ਦੀ ਦੌੜ ਦੇ ਹੜ੍ਹ ਵਿਚ
ਰੁੜ੍ਹਨ ਅਤੇ ਦੂਜੇ ਪਾਸੇ ਪੱਛਮੀ ਲੋਕਾਂ ਦੇ ਦੇਹਮੁਖੀ ਕਾਮਨਾਵਾਂ ਦੇ ਹੜ੍ਹ ਵਿਚ ਵਹਿਣ ਦਾ
ਬਿਰਤਾਂਤ ਪੇਸ਼ ਕਰਦੀ ਹੈ। ਕਹਾਣੀ ਦਾ ਮੁੱਖ ਪਾਤਰ ਸੁਖਪਾਲ ਪਹਿਲੀ ਧਾਰਨਾ ਅਤੇ ਉਸ ਦੀ ਗੋਰੀ
ਪਤਨੀ ਐਰਿਕ ਦੂਜੀ ਧਾਰਨਾ ਦਾ ਦ੍ਰਿਸ਼ਟਾਂਤਕ ਪ੍ਰਗਟਾਵਾ ਬਣਦੇ ਹਨ। ਇਸ ਤਰ੍ਹਾਂ ਕਹਾਣੀ ਪੂਰਬੀ
ਅਤੇ ਪੱਛਮੀ ਦੋਵੇਂ ਸਭਿਆਚਾਰਾਂ ਦੇ ਮਾਨਵ-ਵਿਰੋਧੀ ਉਲਾਰਾਂ ਵਾਲੇ ਪੱਖ ਉਤੇ ਪ੍ਰਮੁੱਖ ਰੂਪ
ਵਿਚ ਫੋਕਸ ਕਰਦੀ ਹੈ, ਪਰ ਨਾਲ ਹੀ ਹੜ੍ਹ ਦੀ ਮਾਰ ਵਿਚ ਆਏ ਸੁਖਪਾਲ ਦੀ ਕੁਝ ਪੱਛਮੀ ਮੂਲ ਦੇ
ਗੋਰੇ ਅਤੇ ਕਾਲੇ ਲੋਕਾਂ ਦੁਆਰਾ ਸਹਾਇਤਾ ਕਰਵਾ ਕੇ ਅਤੇ ਸੁਖਪਾਲ ਰਾਹੀਂ ਆਪਣੇ ਪਰਿਵਾਰਾਂ ਦੀ
ਮੱਦਦ ਕਰਵਾ ਕੇ ਵਿਸ਼ਵ-ਵਿਆਪੀ ਮਾਨਵ-ਹਤੈਸ਼ੀ ਸਭਿਆਚਾਰਕ ਤੱਤਾਂ ਦਾ ਪੱਖ ਵੀ ਪੂਰਦੀ ਹੈ। ਦੂਜੇ
ਸ਼ਬਦਾਂ ਵਿਚ ਕਹਾਣੀ ਦਾ ਤਰਕ ਹੈ ਕਿ ਹਰੇਕ ਸਭਿਆਚਾਰ ਵਿਚ ਹੀ ਕੁਝ ਤੱਤ ਚੰਗੇ ਅਤੇ ਕੁਝ ਮਾੜੇ
ਹੁੰਦੇ ਹਨ। ਕਹਾਣੀ ਦੀ ਤਾਕਤ ਹੜ੍ਹ ਦੇ ਕੇਂਦਰੀ ਰੂਪਕ (ਮੈਟਾਫ਼ਰ) ਦੁਆਲੇ ਬਹੁ-ਪਾਸਾਰੀ
ਬਿਰਤਾਂਤ ਉਸਾਰਨ ਵਿਚ ਹੈ ਤਾਂ ਕਮਜ਼ੋਰੀ ਉਸੇ ਰੂਪਕ ਦੀ ਬੇਲੋੜੀ ਰਾਜਨੀਤਿਕ ਵਿਆਖਿਆ ਦੁਆਰਾ
ਬਿਰਤਾਂਤ ਨੂੰ ਵਰਨਣਮੁਖੀ ਬਣਾਉਣ ਵਿਚ ਹੈ।
ਜਸਬੀਰ ਰਾਣਾ ਦੀ ਕਹਾਣੀ ‘ਖ਼ਤ ਲਈ ਸ਼ੁਕਰੀਆ‘ (ਹੁਣ, ਸਤੰਬਰ-ਦਸੰਬਰ) ਉਤਮ-ਪੁਰਖੀ ਬਿਰਤਾਂਤਕਾਰ
ਦੇ ਰੂਪ ਵਿਚ ਇਕ ਉਸ ਮੋਬਾਈਲ-ਪੂਜਕ ਜਨੂੰਨੀ ਨੌਜਵਾਨ ਦੀ ਪ੍ਰਤੀਕਿਰਿਆਵਾਦੀ ਜੀਵਣ-ਜਾਚ ਦਾ
ਬਿਰਤਾਂਤ ਪੇਸ਼ ਕਰਦੀ ਹੈ ਜਿਸ ਦਾ ਸਿਰਫ ਨਾਂ ਹੀ ਕ੍ਰਾਂਤੀ ਹੈ। ਉਸ ਨੂੰ ਪਿਆਰ ਕਰਦੀ ਕੁੜੀ
ਰੀਤ ਕਥਿਤ ਤੌਰ ਤੇ ਆਪਣੇ ਆਪ ਨੂੰ ਗਦਰੀ ਬਾਬਿਆਂ ਅਤੇ ਭਗਤ ਸਿੰਘ ਦੀ ਜੁਝਾਰੂ ਵਿਰਾਸਤ ਦੀ
ਹੱਕੀ ਵਾਰਸ ਸਮਝਦੀ ਹੈ ਅਤੇ ਮੋਬਾਈਲ ਦੀ ਥਾਂ ਖ਼ਤ ਦੀ ਵਿਧਾ ਨੂੰ ਸਰਵੋਤਮ ਖਿਆਲ ਕਰਦੀ ਹੈ।
ਦੋਵਾਂ ਦਾ ਪਿਆਰ ਅਤੇ ਜੁਝਾਰਪਣ ਕਿਤੇ ਨਹੀਂ ਪਹੁੰਚਦੇ। ਅੰਤ ਕ੍ਰਾਂਤੀ ਦੀ ਦਿਸ਼ਾ ਭਾਂਪ ਕੇ
ਰੀਤ ਆਖਦੀ ਹੈ : ‘‘ਯਾਦ ਰੱਖੀਂ ਕ੍ਰਾਂਤੀ ! ... ਇਹ ਰਾਹ ਹਵਾ ਦਾ ਰਾਹ ਹੈ !... ਇਹ ਰਾਹ
ਕਿਤੇ ਨੀ ਜਾਂਦਾ।” ਫੈਂਟਸੀ ਦੀ ਜੁਗਤ ਰਾਹੀਂ ਉਣੀਂ ਗਈ ਇਸ ਲੰਮੀ ਕਹਾਣੀ ਦੀ ਸ਼ਕਤੀ ਨਵੀਂ
ਪੀੜ੍ਹੀ ਦੇ ਸਰੋਕਾਰਾਂ ਵਾਲੇ ਵੇਰਵਿਆਂ, ਚਿੰਨ੍ਹਾਂ ਅਤੇ ਸੁਪਨਿਆਂ ਦੀ ਨਿਸ਼ਾਨਦੇਹੀ ਕਰਨ ਵਿਚ
ਹੈ ਪਰ ਕਮਜ਼ੋਰੀ ਕਥਾ-ਰਸ ਘਟਾਉਣ ਵਾਲੇ ਪ੍ਰਯੋਗਵਾਦ ਵਿਚ ਹੈ। ਕਹਾਣੀ ਵਿਚ ਲੋੜੀਂਦੀ
ਪਾਤਰ-ਉਸਾਰੀ ਦੀ ਥਾਂ ਪਾਤਰਾਂ ਦੇ ਝਾਉਲੇ ਜਿਹੇ ਹੀ ਸਿਰਜੇ ਗਏ ਹਨ ਜਿਸ ਕਾਰਣ ਬਿਰਤਾਂਤ
ਬਿਖਰਾਵ ਦਾ ਸ਼ਿਕਾਰ ਹੋ ਜਾਂਦਾ ਹੈ ਅਤੇ ਪਾਠਕ ਦੇ ਮਨ-ਮਸਤਕ ਵਿਚੋਂ ਤਿਲਕਦਾ ਜਾਂਦਾ ਹੈ।
ਗੁਰਦਿਆਲ ਦਲਾਲ ਦੀ ਕਹਾਣੀ ‘ਭਲੇ ਦਿਨ‘ (ਸਮਦਰਸ਼ੀ, ਮਈ-ਜੂਨ) ਅਨਯ-ਪੁਰਖੀ ਬਿਰਤਾਂਤਕਾਰ
ਰਾਹੀਂ ਇਕ ਸੇਵਾ-ਮੁਕਤ ਅਧਿਆਪਕ ਦੰਪਤੀ ਦੇ ਤਣਾਅ-ਰਹਿਤ ਅੰਤਲੇ ਪਹਿਰ ਦਾ ਬਿਰਤਾਂਤ ਸਿਰਜਿਆ
ਗਿਆ ਹੈ। ਉਨ੍ਹਾਂ ਦੇ ਅਜਿਹੇ ਭਲੇ ਦਿਨਾਂ ਦਾ ਰਾਜ ਉਨ੍ਹਾਂ ਦੇ ਕਿਰਤ-ਮੁਖੀ ਸੁਭਾਅ, ਸੰਜਮੀ
ਜੀਵਣ-ਸ਼ੈਲੀ ਅਤੇ ਔਲਾਦ ਨਾਲ ਸਹਿਜ-ਸਬੰਧਾਂ ਵਿਚ ਹੈ। ਉਨ੍ਹਾਂ ਨੂੰ ਮਿਲਣ ਆਈ ਕਲਾਸ ਫੈਲੋ
ਔਰਤ ਦੀ ਨਰਕਮਈ ਪਰਿਵਾਰਕ ਜ਼ਿੰਦਗੀ ਦੀ ਤੁਲਨਾ ਵਿਚ ਉਨ੍ਹਾਂ ਦੇ ਭਲੇ ਦਿਨਾਂ ਦੇ ਅਹਿਸਾਸ ਵਿਚ
ਹੋਰ ਵੀ ਵਾਧਾ ਹੋ ਜਾਂਦਾ ਹੈ। ਸਹਿਜ ਅਤੇ ਸਰਲ ਬਿਰਤਾਂਤ ਵਾਲੀ ਇਹ ਕਹਾਣੀ ਦਲਾਲ ਦੀਆਂ ਇਸ
ਵਰ੍ਹੇ ਪ੍ਰਕਾਸ਼ਤ ਕਈ ਹੋਰ ਕਹਾਣੀਆਂ ਵਾਂਗ ਕੋਈ ਸ਼ੈਲੀਗਤ ਕ੍ਰਿਸ਼ਮਾ ਤਾਂ ਨਹੀਂ ਵਿਖਾਉਂਦੀ ਪਰ
ਕਥਾ-ਰਸ ਅਤੇ ਨਿਰਉਚੇਚ ਸੰਦੇਸ਼ ਕਾਰਣ ਮਹੱਤਵ ਦੀ ਧਾਰਨੀ ਹੈ।
ਮੂਲੋਂ ਨਵੇਂ ਕਹਾਣੀਕਾਰ ਜਗਜੀਤ ਗਿੱਲ ਦੀ ਕਹਾਣੀ ‘ਦੁੱਲਾ ਭਾਊ‘ (ਹੁਣ, ਸਤੰਬਰ-ਦਸੰਬਰ)
ਆਪਣੇ ਸ਼ਕਤੀਸ਼ਾਲੀ ਬਿਆਨ ਅਤੇ ਪੰਜਾਬ ਸੰਕਟ ਦੇ ਸਮਿਆਂ ਵਿਚ ਖਾੜਕੂਆਂ ਦਾ ਇਕ ਨਵਾਂ ਪਾਸਾਰ
(ਲੁੰਪਨ ਜੀਵਣ-ਸ਼ੈਲੀ) ਪੇਸ਼ ਕਰਨ ਕਰਕੇ ਧਿਆਨ ਤਾਂ ਖਿਚਦੀ ਹੈ ਪਰ ਇਸੇ ਵਿਸ਼ੇ ਉਤੇ ਲਿਖੀ ਗਈ
ਮਨਿੰਦਰ ਕਾਂਗ ਦੀ ਕਲਾਸੀ ਮਹੱਤਤਾ ਵਾਲੀ ਕਹਾਣੀ ‘ਭਾਰ‘ ਦੀ ਪੈੜ ਵਿਚੋਂ ਨਿਕਲ ਕੇ ਕੋਈ
ਵੱਖਰਾ ਪ੍ਰਭਾਵ ਸਿਰਜਣ ਤੋਂ ਅਸਮਰਥ ਜਾਪਦੀ ਹੈ।
ਜਤਿੰਦਰ ਹਾਂਸ ਦੀ ਕਹਾਣੀ ‘ਕੂਰੇ‘ (ਫਿਲਹਾਲ - 22 ਜੁਲਾਈ) ਪੰਜਾਬੀਆਂ ਦੀ ਗੈਰ-ਕਾਨੂੰਨੀ
ਢੰਗ ਨਾਲ ਪੱਛਮੀ ਦੇਸ਼ਾਂ ਵਿਚ ਜਾ ਵੱਸਣ ਦੀ ਮੂੰਹ-ਜ਼ੋਰ ਤਾਂਘ ਅਤੇ ਸਫ਼ਰ ਦੀਆਂ ਜਾਨ-ਲੇਵਾ
ਦੁਸ਼ਵਾਰੀਆਂ ਦਾ ਬਿਰਤਾਂਤ ਸਿਰਜਦੀ ਹੈ। ਨਾਵਲ ਦੇ ਕਾਂਡ ਨੂੰ ਕਾਂਟ-ਛਾਂਟ ਕੇ ਕਹਾਣੀ ਦੇ ਮੇਚ
ਦੀ ਕਰਨ ਕਰਕੇ ਬਹੁਤ ਸਾਰੇ ਸੰਰਚਨਾਤਮਕ ਖੱਪੇ ਨਜ਼ਰ ਆਉਂਦੇ ਹਨ ਭਾਵੇਂ ਕਿ ਜਤਿੰਦਰ ਦੇ ਬਿਆਨ
ਦੀ ਖੂਬਸੂਰਤੀ ਵੀ ਕਈ ਥਾਈਂ ਪ੍ਰਭਾਵਿਤ ਕਰਦੀ ਹੈ।
ਇਸ ਵਰ੍ਹੇ ਦੀਆਂ ਇਨ੍ਹਾਂ ਦਸ ਕੁ ਕਹਾਣੀਆਂ ਦੇ ਨਮੂਨੇ ਮਾਤਰ ਅਧਿਐਨ ਤੋਂ ਪਾਠਕ ਇਹ ਅਨੁਮਾਨ
ਲਾ ਸਕਦਾ ਹੈ ਕਿ ਇਨ੍ਹਾਂ ਵਿਚੋਂ ਕੋਈ ਵੀ ਅਜਿਹੀ ਕਲਾਸੀ ਸਰੂਪ ਵਾਲੀ ਨਹੀਂ ਜਿਸ ਨੂੰ ਪੜ੍ਹ
ਕੇ ਪਾਠਕ ਅੱਸ਼-ਅੱਸ਼ ਕਰ ਉØੱਠਿਆ ਹੋਵੇ। ਫਿਰ ਵੀ ਦਰਮਿਆਨੇ ਦਰਜੇ ਤੋਂ ਰਤਾ ਕੁ ਉਪਰ ਇਹ
ਕਹਾਣੀਆਂ ਇਸ ਵਰ੍ਹੇ ਦਾ ਹਾਸਿਲ ਕਹੀਆਂ ਜਾ ਸਕਦੀਆਂ ਹਨ। ਪਰ ਅਜਿਹਾ ਕਹਿਣ ਦਾ ਨੁਕਸਾਨ ਇਹ
ਹੈ ਕਿ ਨਵੇਂ ਲੇਖਕਾਂ ਲਈ ਦੂਜਾ ਦਰਜਾ ਹੀ ਉਤਮ ਮਿਆਰ ਦਾ ਪ੍ਰਤੀਕ ਬਣ ਜਾਂਦਾ ਹੈ।
ਹੈਰਾਨੀ ਅਤੇ ਪਰੇਸ਼ਾਨੀ ਵਾਲੀ ਗੱਲ ਇਹ ਹੈ ਕਿ ਇਸ ਸਾਲ ਚੌਥੇ ਪੜਾਅ ਦੇ ਬਹੁਤ ਸਾਰੇ ਹੋਰ
ਮੁਹਤਬਰ ਕਹਾਣੀਕਾਰਾਂ ਦੀਆਂ ਕਹਾਣੀਆਂ ਵੀ ਛਪੀਆਂ ਹਨ ਪਰ ਉਹ ਅਤੀਤ ਵਿਚ ਆਪਣੇ ਹੀ ਦੁਆਰਾ
ਕਾਇਮ ਕੀਤੇ ਜਾ ਚੁੱਕੇ ਮਿਆਰਾਂ ਤੱਕ ਪਹੁੰਚਣ ਤੋਂ ਅਸਮਰੱਥ ਰਹੇ ਹਨ। ਫਿਰ ਵੀ ਮੈਂ ਉਨ੍ਹਾਂ
ਕੁਝ ਕਹਾਣੀਆਂ ਦਾ ਵੇਰਵਾ ਦੇਣਾ ਜ਼ਰੂਰੀ ਸਮਝਦਾ ਹਾਂ, ਜਿਵੇਂ ਨੀਚ (ਬਲਦੇਵ ਸਿੰਘ ਢੀਂਡਸਾ,
ਸਿਰਜਣਾ, ਜੁਲਾਈ-ਸਤੰਬਰ), ਮਿਲ ਗਿਆ ਨੈਕਲਸ (ਕੁਲਜੀਤ ਮਾਨ, ਕੁੰਭ, ਮਈ-ਅਗਸਤ), ਹੱਡਾ ਰੋੜੀ
(ਮੇਜਰ ਮਾਂਗਟ, ਕਹਾਣੀਧਾਰਾ, ਜੁਲਾਈ-ਸਤੰਬਰ), ਇਕ ਲਵਾਰਸ ਘਿਸ ਘਿਸ (ਬਲਬੀਰ ਪਰਵਾਨਾ,
ਸਾਹਿਤਕ ਏਕਮ, ਅਪ੍ਰੈਲ-ਮਈ-ਜੂਨ), ਨਾੜਾਂ ਵਿਚ ਜੰਮਿਆ ਖ਼ੂਨ (ਜਸਪਾਲ ਮਾਨਖੇੜਾ, ਤ੍ਰਿਸ਼ੰਕੂ,
ਅੰਕ 69), ਇਹ ਮੈਥੋਂ ਨੀ ਹੁੰਦਾ (ਜਿੰਦਰ, ਅਕਸ, ਜਨਵਰੀ), ਵਿਦਿਸ਼ਾ ਦੀ ਬਸੰਤੀ (ਮਨਮੋਹਨ
ਬਾਵਾ), ਸਹਿਕਦਾ ਹੋਇਆ ਪਿੰਡ (ਬਲਬੀਰ ਪਰਵਾਨਾ), ਸੁੱਕੀਆਂ ਕੁੰਨ੍ਹਾਂ (ਭਗਵੰਤ ਰਸੂਲਪੁਰੀ),
ਰੰਗ ਦੀ ਬਾਜੀ (ਅਜਮੇਰ ਸਿੱਧੂ), ਮੁਹੱਬਤਾਂ (ਹਰਪ੍ਰੀਤ ਸੇਖਾ), ਜਾਇਆਵੱਡੀ (ਤ੍ਰਿਪਤਾ ਕੇ.
ਸਿੰਘ), ਸਾਰਾ ਦਿਨ ਕੁੱਤੇ ਭਕਾਈ (ਦੇਸ ਰਾਜ ਕਾਲੀ), ਆਤੰਕ (ਬਲਦੇਵ ਸਿੰਘ ਢੀਂਡਸਾ), ਜੰਗਲ
(ਬਲਵਿੰਦਰ ਸਿੰਘ ਗਰੇਵਾਲ), ਆਵਾਜ਼ਾਂ (ਜਿੰਦਰ), ਸ਼ਾਕਾਹਾਰੀ (ਕੇਸਰਾ ਰਾਮ) ਆਦਿ। (ਸਾਰੀਆਂ
ਪ੍ਰਵਚਨ ਦੇ ਕਹਾਣੀ ਅੰਕ (ਜੁਲਾਈ-ਦਸੰਬਰ) ਵਿਚ ਪ੍ਰਕਾਸ਼ਿਤ)
ਇਸ ਵਰ੍ਹੇ ਦੀ ਸਮੁੱਚੀ ਪੰਜਾਬੀ ਕਹਾਣੀ ਉਤੇ ਝਾਤ ਪਾਉਣ ਤੋਂ ਬਾਅਦ ਜਿਹੜੇ ਕੁਝ ਅਹਿਮ ਨੁਕਤੇ
ਉਭਰਦੇ ਹਨ ਉਹ ਇਸ ਪ੍ਰਕਾਰ ਹਨ :
ਗਿਣਤੀ ਦੇ ਪੱਖੋਂ ਵੱਡੀ ਮਾਤਰਾ ਵਿਚ ਹੋ ਰਹੀ ਕਹਾਣੀ ਰਚਨਾ ਇਸ ਵਿਧਾ ਦੇ ਸੰਭਾਵੀ ਵਿਕਾਸ
ਵੱਲ ਇਸ਼ਾਰਾ ਕਰਦੀ ਹੈ ਕਿਉਂਕਿ ਗਿਣਤੀ ਵਿਚੋਂ ਗੁਣ (ਕੁਆਲਟੀ) ਵੀ ਨਿਕਲ ਆਉਂਦਾ ਹੈ। ਡਾ.
ਰਜਨੀਸ਼ ਬਹਾਦਰ ਦੁਆਰਾ ਪ੍ਰਵਚਨ ਦਾ ਕਹਾਣੀ ਵਿਸ਼ੇਸ਼ ਇਸ ਪ੍ਰਸੰਗ ਵਿਚ ਅਹਿਮ ਹੈ ਕਿ ਉਸ ਵਿਚ ਇਕ
ਦੌਰ ਦੀ ਪ੍ਰਤੀਨਿਧ ਕਹਾਣੀ ਦਾ ਨਮੂਨਾ ਮਿਲਦਾ ਹੈ।
ਇਸ ਵਰ੍ਹੇ ਪਾਕਿਸਤਾਨੀ ਪੰਜਾਬੀ ਕਹਾਣੀ ਦੇ ਓਧਰ ਭਾਵੇਂ ਤਿੰਨ ਕੁ ਸੰਗ੍ਰਹਿ ਹੀ ਛਪੇ ਹਨ ਪਰ
ਏਧਰ ਕਾਫੀ ਮਾਤਰਾ ਵਿਚ ਲਿੱਪੀਅੰਤਰ ਹੋ ਕੇ ਗੁਰਮੁਖੀ ਵਿਚ ਛਪੀ ਹੈ, ਭਾਵੇਂ ਉਸ ਵਿਚ ਚੰਗੀ
ਵਿਰਲੀ ਹੀ ਹੈ। ਸ਼ਬਦ ਰਿਸਾਲੇ ਦਾ ਵਿਸ਼ੇਸ਼ ਅੰਕ (ਜੁਲਾਈ-ਸਤੰਬਰ) ਇਸ ਪੱਖੋਂ ਚੰਗਾ ਉਪਰਾਲਾ
ਹੈ। ਦੋਵਾਂ ਲਿੱਪੀਆਂ ਵਿਚ ਮੁਹਾਰਤ ਰੱਖਣ ਵਾਲਾ ਕਹਾਣੀਕਾਰ ਖ਼ਾਲਿਦ ਫਰਹਾਦ ਧਾਲੀਵਾਲ ਦੋਵਾਂ
ਦੇਸਾਂ ਵਿਚ ਪੁਲ ਦਾ ਕੰਮ ਕਰ ਰਿਹਾ ਹੈ।
ਭਾਰਤੀ ਪੰਜਾਬ ਤੋਂ ਬਾਹਰ ਪੰਜਾਬੀ ਕਹਾਣੀ ਦੇ ਖੇਤਰ ਦੀ ਸਭ ਤੋਂ ਵੱਧ ਸਰਗਰਮੀ ਕਨੇਡਾ ਵਿਚ
ਵੇਖਣ ਨੂੰ ਮਿਲੀ ਹੈ। ਜਰਨੈਲ ਸਿੰਘ, ਮੇਜਰ ਮਾਂਗਟ, ਕੁਲਜੀਤ ਮਾਨ, ਬਲਬੀਰ ਕੌਰ ਸੰਘੇੜਾ,
ਹਰਪ੍ਰੀਤ ਸੇਖਾ, ਇਕਬਾਲ ਰਾਮੂਵਾਲੀਆ, ਬਰਜਿੰਦਰ ਢਿੱਲੋਂ, ਦਵਿੰਦਰ ਮਲਹਾਂਸ, ਮਿੰਨੀ
ਗਰੇਵਾਲ, ਰਛਪਾਲ ਕੌਰ, ਜਰਨੈਲ ਸੇਖਾ ਆਦਿ ਜਿਹੇ ਸਥਾਪਿਤ ਨਾਵਾਂ ਤੋਂ ਇਲਾਵਾ ਗੁਰਮੀਤ
ਪਨਾਂਗ, ਸੁਰਜੀਤ ਕੌਰ, ਅਵਤਾਰ ਗਿੱਲ, ਰਿਸ਼ਮਦੀਪ ਆਦਿ ਨਵੇਂ ਨਾਂ ਕਹਾਣੀਕਾਰਾਂ ਦੇ ਇਸ ਕਾਫ਼ਲੇ
ਵਿਚ ਸ਼ਾਮਿਲ ਹਨ। ਰਿਸਾਲੇ ‘ਸਾਹਿਤਕ ਕਲਾਕਾਰ‘ ਨੇ ਕਨੇਡਾ ਦੀ ਕਹਾਣੀ ਦਾ ਵਿਸ਼ੇਸ਼ ਅੰਕ
(ਅਕਤੂਬਰ-ਦਸੰਬਰ) ਕੱਢ ਕੇ ਆਪਣਾ ਵਿਸ਼ੇਸ਼ ਯੋਗਦਾਨ ਪਾਇਆ ਹੈ।
ਕਨੇਡਾ ਤੋਂ ਇਲਾਵਾ ਦੂਜੇ ਪੱਛਮੀ ਅਤੇ ਹੋਰ ਮੁਲਕਾਂ ਵਿਚ ਇਸ ਵਰ੍ਹੇ ਬਹੁਤ ਘੱਟ ਕਹਾਣੀ ਲਿਖੀ
ਗਈ ਹੈ। ਫੇਰ ਵੀ ਅਮਰੀਕਾ ਦੇ ਹਰਮਹਿੰਦਰ ਚਹਿਲ, ਸ਼ਸੀ ਸਮੁੰਦਰਾ, ਇੰਗਲੈਂਡ ਦੇ ਸੰਤੋਖ
ਧਾਲੀਵਾਲ, ਹਰਜੀਤ ਅਟਵਾਲ, ਸਾਥੀ ਲੁਧਿਆਣਵੀ ਅਤੇ ਆਸਟਰੇਲੀਆ ਦੇ ਸੁਰਿੰਦਰ ਸਿੰਘ ਰਾਏ ਦੀਆਂ
ਕੁਝ ਇਕ ਕਹਾਣੀਆਂ ਸਾਹਮਣੇ ਆਈਆਂ ਹਨ।
ਭਾਰਤੀ ਪੰਜਾਬ ਦੇ ਨਾਲ ਲਗਦੇ ਖੇਤਰ ਜੰਮੂ-ਕਸ਼ਮੀਰ ਦੀ ਪੰਜਾਬੀ ਕਹਾਣੀ ਦੀ ਕਦੇ ਵਿਲੱਖਣ ਹਸਤੀ
ਕਾਇਮ ਸੀ ਜੋ ਹੁਣ ਖੁਰਨ ਦੇ ਰਾਹ ਪੈ ਗਈ ਹੈ। ਉਥੇ ਪੰਜਾਬੀ ਦੇ ਚਾਰ ਰਿਸਾਲੇ - ਸ਼ਿਰਾਜਾ,
ਕਾਲੀਧਾਰ, ਜੇਹਲਮ ਦਾ ਪਾਣੀ ਅਤੇ ਕੇਸਰ ਮਹਿਕਾਂ ਛਪ ਰਹੇ ਹਨ ਪਰ ਉਨ੍ਹਾਂ ਵਿਚ ਕੋਈ ਉਲੇਖਯੋਗ
ਕਹਾਣੀ ਨਹੀਂ ਛਪੀ। ਪ੍ਰਵਚਨ ਦੇ ਕਹਾਣੀ ਅੰਕ (ਜੁਲਾਈ-ਦਸੰਬਰ) ਵਿਚ ਖਾਲਿਦ ਹੁਸੈਨ ਦੀ ਕਹਾਣੀ
‘ਇਕ ਮਰੇ ਬੰਦੇ ਦੀ ਕਹਾਣੀ‘ ਕਸ਼ਮੀਰ ਸੰਕਟ ਦੇ ਦੌਰ ਵਿਚ ਇਕ ਅਜਿਹੇ ਮਾਸੂਮ ਕਸ਼ਮੀਰੀ ਮੁਸਲਮਾਨ
ਨੌਜਵਾਨ ਦੀ ਹੋਂਦ ਅਤੇ ਹੋਣੀ ਦਾ ਬਿਆਨ ਕਰਦੀ ਹੈ ਜੋ ਸਟੇਟ ਅਤੇ ਅੱਤਵਾਦੀ ਦੋਹਾਂ ਧਿਰਾਂ ਦੀ
ਹਿੰਸਾ ਦਾ ਸ਼ਿਕਾਰ ਹੁੰਦਾ ਹੈ। ਇਸ ਸਾਲ ਉਥੋਂ ਦੇ ਮੋਹਤਬਰ ਕਹਾਣੀਕਾਰਾਂ ਸੁਰਿੰਦਰ ਨੀਰ ਅਤੇ
ਹਰਭਜਨ ਸਾਗਰ ਦੀ ਕੋਈ ਕਹਾਣੀ ਨਜ਼ਰ ਨਹੀਂ ਪਈ।
ਵਾਰਤਕ ਦੇ ਪਰਚਿਆਂ ਫ਼ਿਲਹਾਲ ਅਤੇ ਸੀਰਤ (ਆਨ ਲਾਈਨ) ਨੇ ਵੀ ਕੁਝ ਥਾਂ ਕਹਾਣੀ ਲਈ ਰਾਖਵੀਂ
ਰੱਖਣੀ ਸ਼ੁਰੂ ਕੀਤੀ ਹੈ ਭਾਵੇਂ ਕਿ ਚੰਗੀਆਂ ਕਹਾਣੀਆਂ ਦੀ ਥੁੜ੍ਹ ਉਨ੍ਹਾਂ ਨੂੰ ਵੀ ਮਹਿਸੂਸ
ਹੋ ਰਹੀ ਹੈ।
ਇਸ ਵਰ੍ਹੇ ਦੀ ਪੰਜਾਬੀ ਕਹਾਣੀ ਦਾ ਮਹਾਂਦ੍ਰਿਸ਼ ਜਿਸ ਜਿਸ ਨੁਕਤੇ ਉਤੇ ਸਭ ਤੋਂ ਵੱਧ ਧਿਆਨ
ਕੇਂਦਰਤ ਕਰਕੇ ਸੋਚਣ ਲਈ ਮਜ਼ਬੂਰ ਕਰ ਰਿਹਾ ਹੈ ਉਸ ਦਾ ਸਬੰਧ ਨਿਸਚੇ ਹੀ ਇਸ ਵਿਧਾ ਦੇ ਆਪਣੇ
ਰੂਪਾਕਾਰਕ ਧਰਮ ਨਿਭਾਉਣ ਦੇ ਮਸਲੇ ਨਾਲ ਹੈ। ਪੰਜਾਬੀ ਕਹਾਣੀਕਾਰ ਦਾ ਅਨੁਭਵ ਖੇਤਰ ਤਾਂ
ਪਹਿਲਾਂ ਹੀ ਬਹੁਤ ਸੀਮਿਤ ਹੈ ਪਰ ਸ਼ੈਲੀਗਤ ਪਰਿਪੱਕਤਾ ਲਈ ਉਹ ਲੋੜੀਂਦੀ ਸਾਧਨਾ ਨਹੀਂ ਕਰ
ਰਿਹਾ। ਇਸ ਮਹਾਂਦੋਸ਼ ਨੂੰ ਪਹਿਲਾਂ ਸੁਧਾਰਵਾਦੀ, ਪ੍ਰਗਤੀਵਾਦੀ, ਨਕਸਲਵਾਦੀ ਵਿਚਾਰਧਾਰਾਵਾਂ
ਅਤੇ ਫੇਰ ਪੰਜਾਬ ਸੰਕਟ ਦੇ ਦੌਰ ਦੀ ਬਹੁਤੀ ਕਹਾਣੀ ਵਿਚ ਅਪਣਾਇਆ ਜਾਂਦਾ ਰਿਹਾ, ਹੁਣ ਦਲਿਤ
ਅਨੁਭਵ ਦੀ ਕਹਾਣੀ ਇਸ ਦੀ ਸਭ ਤੋਂ ਵੱਧ ਸ਼ਿਕਾਰ ਹੈ। ਰੂਪਾਕਾਰ ਦੇ ਪੱਖ ਤੋਂ ਵੇਖੀਏ ਤਾਂ
ਕਹਾਣੀ ਵਿਚ ਦਸਤਾਵੇਜ਼ੀ ਜਾਣਕਾਰੀ ਦੇਣ ਜਾਂ ਵਿਚਾਰਧਾਰਾ ਵਿਸ਼ੇਸ਼ ਦੇ ਇਸਤੇਮਾਲ ਦੀ ਮਨਾਹੀ
ਨਹੀਂ ਪਰ ਅਜਿਹਾ ਕੁਝ ਕਹਾਣੀ ਰੂਪਾਕਾਰ ਦੀ ਮਰਿਯਾਦਾ ਦਾ ਪਾਲਣ ਕਰਦਿਆਂ ਹੀ ਹੋਣਾ ਚਾਹੀਦਾ
ਹੈ। ਮਿਸਾਲ ਵਜੋਂ ਦਲਿਤ ਲੇਖਕ ਸਰੂਪ ਸਿਆਲਵੀ ਦੀ ਕਹਾਣੀ ਹਮੇਸ਼ਾਂ ਦਸਤਾਵੇਜ਼ੀ ਸੂਚਨਾਵਾਂ ਦਾ
ਪ੍ਰਚਾਰ ਬਣ ਜਾਂਦੀ ਹੈ। ਕਹਾਣੀ-ਵਿਸ਼ੇਸ਼ ਵਜੋਂ ਉਭਾਰੀ ਜਾ ਰਹੀ ਭਗਵੰਤ ਰਸੂਲਪੁਰੀ ਦੀ ਕਹਾਣੀ
‘ਸੁੱਕੀਆਂ ਕੁੰਨ੍ਹਾਂ‘ ਜਲੰਧਰ ਦੇ ਨੇੜੇ ਇਕ ਚਮੜਾ ਮੰਡੀ ਦੇ ਵੱਸਣ-ਉਜੜਨ ਦੇ ਦਸਤਾਵੇਜ਼ੀ
ਵੇਰਵਿਆਂ ਨਾਲ ਤੁੰਨ ਤੁੰਨ ਕੇ ਭਰੀ ਹੋਈ ਹੈ। ਇਸ ਕਹਾਣੀ ਦੀ ਰੂਪਾਕਾਰਕ ਜ਼ਰੂਰਤ ਭਾਵੇਂ ਕੁਝ
ਵੀ ਹੋਵੇ ਪਰ ਬਿਰਤਾਂਤਕਾਰ ਮਨ-ਚਾਹੀ ਜਾਣਕਾਰੀ ਦੀ ਬੰਬਾਰਮੈਂਟ ਲਗਾਤਾਰ ਕਰਦਾ ਜਾਂਦਾ ਹੈ
ਅਤੇ ਪਾਤਰਾਂ ਨੂੰ ਉਨ੍ਹਾਂ ਦੀਆਂ ਸਥਿਤੀਆਂ ਵਿਚੋਂ ਉਸਰ ਸਕਣ ਲਈ ਕੋਈ ਮੌਕਾ ਹੀ ਨਹੀਂ
ਦਿੰਦਾ। ਇਸ ਤਰ੍ਹਾਂ ਦੀਆਂ ਕਹਾਣੀਆਂ ਪੜ੍ਹਨਾ ਸਾਹਿਤ ਦੇ ਪਾਠਕ ਲਈ ਸਜ਼ਾ ਵਰਗਾ ਹੁੰਦਾ ਹੈ ਪਰ
ਲਹਿਰ ਦੇ ਕੰਧਾੜੇ ਚੜ੍ਹ ਕੇ ਵਕਤੀ ਤੌਰ ਤੇ ਅਜਿਹੀਆਂ ਬੇਰਸ ਕਹਾਣੀਆਂ ਵੀ ਕੇਂਦਰੀ ਸਥਾਨ
ਹਾਸਿਲ ਕਰਨ ਵਿਚ ਕਾਮਯਾਬ ਹੋ ਜਾਂਦੀਆਂ ਹਨ।
ਰੂਪਾਕਾਰਕ ਮਰਿਯਾਦਾ ਦੇ ਪੱਖ ਤੋਂ ਇਸ ਵਰ੍ਹੇ ਦੀ ਕਹਾਣੀ ਵਿਚ ਦੂਜਾ ਭੈੜ ਫੈਂਟਸੀ ਦੇ ਨਾਂ
ਉਤੇ ਬੇਸਿਰ ਪੈਰ ਪ੍ਰਯੋਗਾਂ ਦਾ ਰਿਹਾ ਹੈ। ਇਸ ਦੀ ਸਭ ਤੋਂ ਉਭਰਵੀਂ ਮਿਸਾਲ ਦੇਸ ਰਾਜ ਕਾਲੀ
ਦੀ ਕਹਾਣੀ ‘ਸਾਰਾ ਦਿਨ ਕੁੱਤੇ ਭਕਾਈ‘ (ਪ੍ਰਵਚਨ, ਜੁਲਾਈ-ਦਸੰਬਰ) ਮੰਨੀ ਜਾ ਸਕਦੀ ਹੈ।
ਕਹਾਣੀ ਨੂੰ ਕੁਝ ਅਲੋਕਾਰੀ ਉਪ-ਸਿਰਲੇਖਾਂ, ਜਿਵੇਂ ‘ਚੂਹਿਆਂ ਦੀ ਮਾਈਗਰੇਸ਼ਨ‘, ‘ਚੂਹਿਆਂ ਦੀ
ਪੁਲੀਟੀਕਲ ਇਕਾਨਮੀ‘, ‘ਜਸਟ ਚਿੱਲ ਚਿੱਲ‘ ਆਦਿ ਨਾਲ ਖਿੱਚਪੂਰਨ ਬਣਾਉਣ ਦਾ ਯਤਨ ਕੀਤਾ ਗਿਆ
ਹੈ ਪਰ ਵੇਰਵਿਆਂ ਦੀ ਆਪਹੁਦਰੀ ਬੇਤਰਤੀਬੀ ਜੜ੍ਹਤ ਕਿਤੇ ਕਥਾ-ਤੰਦ ਪੈਦਾ ਹੀ ਨਹੀਂ ਹੋਣ
ਦਿੰਦੀ। ਕਹਾਣੀ ਦੇ ਨਾਂ ਉਤੇ ਛਪੀ ਇਹ ਲਿਖਤ ਮੋਟੀ-ਠੁੱਲ੍ਹੀ ਜਿਹੀ ਵਿਅੰਗ ਰਚਨਾ ਹੋ ਨਿਬੜਦੀ
ਹੈ।
ਪ੍ਰਯੋਗਵਾਦ ਦਾ ਥੋੜ੍ਹਾ ਥੋੜ੍ਹਾ ਖੋਟ ਤਾਂ ਹੋਰ ਬਹੁਤ ਸਾਰੀਆਂ ਕਹਾਣੀਆਂ ਵਿਚ ਵੀ ਹੈ ਜਿਹੜਾ
ਕਹਾਣੀਪਣ ਨੂੰ ਵਧਾਉਣ ਦੀ ਥਾਂ ਗ੍ਰਹਿਣ ਲਾਉਣਾ ਸ਼ੁਰੂ ਕਰ ਦਿੰਦਾ ਹੈ। ਕੁਝ ਚੰਗੀਆਂ
ਕਹਾਣੀਆਂ, ਜਿਵੇਂ ਖ਼ਤ ਲਈ ਸ਼ੁਕਰੀਆ (ਜਸਬੀਰ ਰਾਣਾ), ਹਨੇਰੇ ਦਾ ਸਫ਼ਰ (ਪਰਗਟ ਸਤੌਜ, ਕਹਾਣੀ
ਪੰਜਾਬ, ਅਪ੍ਰੈਲ-ਜੂਨ), ਰੰਗ ਦੀ ਬਾਜੀ (ਅਜਮੇਰ ਸਿੱਧੂ), ਮੈਂ ਅਯਨਘੋਸ਼ ਨਹੀਂ (ਸੁਖਜੀਤ),
ਉਡਾਣ (ਦੀਪ ਜਗਦੀਪ ਸਿੰਘ, ਸਿਰਜਣਾ, ਅਕਤੂਬਰ-ਦਸੰਬਰ) ਆਦਿ ਵਿਚ ਵੀ ਕੁਝ ਪ੍ਰਯੋਗ ਕਹਾਣੀ ਦੀ
ਰੂਪਾਕਾਰਕ ਲੋੜ ਵਿਚੋਂ ਪੈਦਾ ਹੋਏ ਨਹੀਂ ਲਗਦੇ ਬਲਕਿ ਨਵੀਨਤਾਵਾਦ ਦੀ ਇੱਛਾ ਦੀ ਉਪਜ ਵਧੇਰੇ
ਜਾਪਦੇ ਹਨ। ਨਿਸਚੇ ਹੀ ਫੈਂਟਸੀ ਉਤਰ-ਆਧੁਨਿਕਵਾਦ ਦੇ ਦੌਰ ਦੀ ਉਭਰਵੀਂ ਕਥਾ-ਜੁਗਤ ਹੈ ਅਤੇ
ਪੰਜਾਬੀ ਕਹਾਣੀਕਾਰ ਇਸ ਤੋਂ ਅਭਿੱਜ ਨਹੀਂ ਰਹਿ ਸਕਦਾ ਪਰ ਇਹ ਯਾਦ ਰੱਖਣਾ ਚਾਹੀਦਾ ਹੈ ਕਿ
ਯਥਾਰਥਵਾਦ ਵਾਂਗ ਹੀ ਫੈਂਟਸੀ ਦੀ ਵੀ ਆਪਣੀ ਵਿਆਕਰਣ ਹੁੰਦੀ ਹੈ ਜਿਸ ਨੂੰ ਕਹਾਣੀ ਰਚਨਾ ਸਮੇਂ
ਅੱਖੋਂ-ਪਰੋਖੇ ਨਹੀਂ ਕੀਤਾ ਜਾ ਸਕਦਾ।
ਇਸ ਵਰ੍ਹੇ ਦੀ ਪੰਜਾਬੀ ਕਹਾਣੀ ਬਾਰੇ ਆਪਣੇ ਸਮੁੱਚੇ ਪ੍ਰਭਾਵਾਂ ਨੂੰ ਸਮੇਟਦਿਆਂ ਅੰਤ ਵਿਚ
ਕਿਹਾ ਜਾ ਸਕਦਾ ਹੈ ਕਿ ਦੂਜੀ-ਤੀਜੀ ਪੀੜ੍ਹੀ ਦੇ ਕਹਾਣੀਕਾਰਾਂ - ਮਹੀਪ ਸਿੰਘ (ਨੀਂਦ,
ਸਮਕਾਲੀ ਸਾਹਿਤ, ਜੁਲਾਈ-ਸਤੰਬਰ), ਗੁਲਜ਼ਾਰ ਸਿੰਘ ਸੰਧੂ (ਪੈਨਸ਼ਨ, ਸਮਕਾਲੀ ਸਾਹਿਤ,
ਅਕਤੂਬਰ-ਦਸੰਬਰ), ਰਤਨ ਸਿੰਘ (ਸੋਚਣ ਵਾਲੀ ਗੱਲ, ਸਿਰਜਣਾ, ਜਨਵਰੀ-ਮਾਰਚ), ਸੁਰਿੰਦਰ
ਰਾਮਪੁਰੀ (ਸਰਾਪ, ਸਿਰਜਣਾ, ਜੁਲਾਈ-ਸਤੰਬਰ), ਲਾਲ ਸਿੰਘ (ਕਬਰਸਤਾਨ ਚੁੱਪ ਹੈ, ਸਮਕਾਲੀ
ਸਾਹਿਤ, ਜਨਵਰੀ-ਮਾਰਚ), ਮੁਖਤਾਰ ਗਿੱਲ (ਧਰਤ ਦਾ ਰੁਦਨ, ਸਮਕਾਲੀ ਸਾਹਿਤ, ਅਕਤੂਬਰ-ਦਸੰਬਰ),
ਜ਼ੋਰਾ ਸਿੰਘ ਸੰਧੂ (ਇਕ ਸ਼ਬਦ, ਕਹਾਣੀਧਾਰਾ, ਜੁਲਾਈ-ਸਤੰਬਰ) - ਤੋਂ ਲੈ ਕੇ ਮੂਲੋਂ ਨਵੇਂ ਆਏ
ਕਹਾਣੀਕਾਰ ਜਗਜੀਤ ਗਿੱਲ (ਦੁੱਲਾ ਭਾਊ, ਹੁਣ, ਸਤੰਬਰ-ਦਸੰਬਰ), ਦੀਪ ਜਗਦੀਪ ਸਿੰਘ (ਉਡਾਣ,
ਸਿਰਜਣਾ, ਅਕਤੂਬਰ-ਦਸੰਬਰ), ਰਾਮਦਾਸ ਬੰਗੜ (ਟੁਟਦੇ ਤਾਰੇ ਦੀ ਪੀੜ, ਹੁਣ, ਮਈ-ਅਗਸਤ) ਆਦਿ
ਤੱਕ ਦਾ ਮਹਾਂਦ੍ਰਿਸ਼ ਇਹ ਤਸੱਲੀ ਦੇਣ ਵਾਲਾ ਹੈ ਕਿ ਅਜੇ ਮੁੱਖ ਧਾਰਾ (ਭਾਰਤੀ ਪੰਜਾਬ) ਦੀ
ਪੰਜਾਬੀ ਕਹਾਣੀ ਵਿਚ ਸੋਕਾ ਪੈਣ ਦਾ ਡਰ ਨਹੀਂ ਕਿਉਂਕਿ ਪੁਰਾਣੀ ਪੀੜ੍ਹੀ ਦਾ ਬੈਟਨ ਅਗਲੀ
ਨਵੀਂ ਪੀੜ੍ਹੀ ਦੇ ਹਵਾਲੇ ਹੋਣ ਦਾ ਸਿਲਸਿਲਾ ਨਿਰੰਤਰ ਚੱਲ ਰਿਹਾ ਹੈ। ਇਸ ਵਰ੍ਹੇ ਕਨੇਡਾ ਦੇ
ਮੋਟੀ ਰਾਸ਼ੀ ਵਾਲੇ ਢਾਹਾਂ ਅਵਾਰਡ ਪ੍ਰਾਪਤ ਕਰਨ ਵਾਲੀਆਂ ਤਿੰਨ ਗਲਪ ਰਚਨਾਵਾਂ ਵਿਚੋਂ ਦੋ
ਕਹਾਣੀ-ਸੰਗ੍ਰਹਿ - ਇਕ ਰਾਤ ਦਾ ਸਮੁੰਦਰ (ਜਸਬੀਰ ਭੁੱਲਰ) ਅਤੇ ਕਬੂਤਰ, ਬਨੇਰੇ ਤੇ ਗਲੀਆਂ
(ਜੂਬੈਰ ਅਹਿਮਦ) ਹਨ। ਪੰਜਾਬੀ ਕਹਾਣੀ ਦੇ ਖੇਤਰ ਦੀਆਂ ਅਜਿਹੀਆਂ ਖੁਸ਼ਗੁਆਰ ਖ਼ਬਰਾਂ ਇਹ
ਅਹਿਸਾਸ ਕਰਾਉਣ ਵਾਲੀਆਂ ਹਨ ਕਿ ਪੰਜਾਬੀ ਕਹਾਣੀਕਾਰਾਂ ਨੂੰ ਇਸ ਵਿਧਾ ਜਾਂ ਰੂਪਾਕਾਰ ਦੀ
ਅਸੀਮ ਸ਼ਕਤੀ ਉਤੇ ਭਰੋਸੇ ਰੱਖ ਕੇ ਕਲਾਤਮਕ ਕਹਾਣੀਆਂ ਦੀ ਰਚਨਾ ਲਈ ਸਾਧਨਾ ਕਰਨੀ ਚਾਹੀਦੀ ਹੈ,
ਕਲਾਸੀ ਕਹਾਣੀਆਂ ਦੀ ਕਦਰਦਾਨਾਂ ਨੂੰ ਤੀਬਰਤਾ ਨਾਲ ਉਡੀਕ ਹੈ।
ਪੰਜਾਬੀ ਯੂਨਿਵਰਸਿਟੀ,
ਪਟਿਆਲਾ।
-0-
|