ਟਰਾਂਟੋ ਦਾ ਤਰਲੋਚਨ ਗਿੱਲ
ਸ਼ੁੱਧ ਪੰਜਾਬੀ ਸ਼ਬਦ-ਕਰਮੀ ਸੀ। ਉਸਦੀ ਦਿਲੀ ਇੱਛਾ ਸੀ ਕਿ ਪੰਜਾਬੀ ਅੱਖਰਾਂ ਤੋਂ ਨਿਰੰਤਰ
ਸ਼ਬਦ ਘੜ ਹੁੰਦੇ ਰਹਿਣ। ਕਵਿਤਾਵਾਂ ਬਣਨ। ਲੇਖ ਬਣਨ। ਸਫ਼ਰਨਾਮੇ ਨਾਟਕ ਬਣਨ। ਪੰਜਾਬੀ ਸ਼ਬਦ
ਚਾਰੇ ਪਾਸੇ ਉਚਾਰੇ ਜਾਣ। ਗਾਏ ਜਾਣ। ਉਹ ਸਾਡੇ ਸਮਿਆਂ ਦਾ ਪੰਜਾਬੀ-ਸ਼ਬਦ-ਦੀਵਾਨਾ ਸੀ।
ਮੋਗੇ ਤੋਂ ਕੈਨੇਡਾ ਆਉਣ ਤੋਂ ਪਹਿਲਾਂ ਉਹ ਕਦੇ ਹਿਮਾਚਲ ਦੀਆਂ ਵਾਦੀਆਂ ‘ਚ ਮਾਸਟਰੀ ਕਰਦਾ
ਹੁੰਦਾ ਸੀ। ਸੱਤਰਵਿਆਂ ‘ਚ ਕੈਨੇਡਾ ਪੁਜਦਿਆਂ ਉਸਨੇ ਪੰਜਾਬੀ ਸ਼ਬਦਾਂ ਦਾ ਐਸਾ ਲੰਗਰ ਲਾਇਆ
ਜੋ ਉਸਦੇ ਦਸੰਬਰ 2014 ‘ਚ ਚਲਾਣੇ ਤੀਕ ਅਤੁਟ ਵਰਤਦਾ ਰਿਹਾ।
ਉਸਦੇ ਡੌਨਮਿਲਜ਼ ਵਾਲੇ ਘਰ ਦੇ ਦਰਵਾਜ਼ੇ ਮੂਹਰੇ ਅਣਵੰਡੇ ਪੰਜਾਬ ਦਾ ਨਕਸ਼ਾ ਸੀਮਿੰਟ ਅਤੇ
ਪੱਥਰਾਂ ਨਾਲ ਬੜੀ ਕਾਰੀਗਰੀ ਨਾਲ ਬਣਿਆ ਹੋਇਆ ਸੀ। ਘਰ ਦੇ ਅੰਦਰ ਹਰ ਪਾਸੇ ਕਿਤਾਬਾਂ ਦੇ
ਨਿੱਕੇ ਵੱਡੇ ਅੰਬਾਰ ਨਜ਼ਰੀਂ ਆਉਂਦੇ। ਕੋਈ ਮੇਜ਼ ਜਾਂ ਕੁਰਸੀ ਦੀ ਵਿੰਗੀ-ਟੇਢੀ ਚੂਲ ਨੂੰ
ਥਾਂ ਸਿਰ ਕਰਨ ਲਈ ਵੀ ਕਿਤਾਬਾਂ ਦਾ ਉਪਯੋਗ ਹੋਇਆ ਹੁੰਦਾ।
ਬਹੁਤੀਆਂ ਕਿਤਾਬਾਂ ਉਹ ਖੁਦ ਹੀ ਲਿਖਦਾ। ਜੜਦਾ। ਬੰਨਦਾ ਅਤੇ ਉਹਨਾਂ ਦੇ ਪਹਿਲੇ ਸਫ਼ੇ ਤੇ
‘ਏਸ਼ੀਆ ਪ੍ਰਕਾਸ਼ਨ’ ਦੀ ਮੋਹਰ ਠੀਪ ਕੇ ਉਸਨੂੰ ਅਪਣੀ ਪ੍ਰਕਾਸ਼ਤ ਪੁਸਤਕ ਸੂਚੀ ‘ਚ ਦਰਜ ਕਰ
ਲੈਂਦਾ। ਕਿਤਾਬ ਦਾ ਖਰੜਾ ਉਹ ਟਾਈਪ ਰਾਈਟਰ ਤੇ ਤਿਆਰ ਕਰਦਾ ਅਤੇ ਉਸਦੀਆਂ ਕਾਪੀਆਂ
ਸਾਈਕਲੋਸਟਾਈਲ। ਫਿਰ ਉਹ ਇਹਨਾਂ ਦੇ 10-10 ਦੇ ਬੰਡਲ ਬਣਾਉਂਦਾ ਅਤੇ ਟਰਾਂਟੋ ਅਤੇ ਆਸਪਾਸ ਹੋ
ਰਹੇ ਪੰਜਾਬੀ ਸਮਾਗਮਾਂ ਤੇ ਪੁਜ ਕੇ ਮੁਫ਼ਤ ਵੰਡਦਾ ਰਹਿੰਦਾ।
ਮੇਰੀ ਉਸਦੀਆਂ ਕਿਤਾਬਾਂ ਨਾਲ ਪਹਿਲੀ ਮੁਲਾਕਾਤ 1991’ਚ ਟਰਾਂਟੋ ਦੀ ਪ੍ਰਮੁੱਖ ਰੈਫ਼ਰੈਂਸ
ਲਾਇਬਰੇਰੀ ‘ਚ ਹੋਈ। ਮੈਂ ਅਪਣੀ ਕੋਈ ਅਸਾਈਨਮੈਂਟ ਕਰਨ ਲਈ ਲਾਇਬਰੇਰੀ ‘ਚ ਗਿਆ ਸਾਂ ਕਿ ਇਕ
ਮੇਜ਼ ਤੇ ਮੈਨੂੰ ਪੰਜਾਬੀ ਦੀਆਂ ਛੇ ਸੱਤ ਕਿਤਾਬਾਂ ਨਜ਼ਰ ਆਈਆਂ। ਇਹ ਸਾਰੀਆਂ ਤਰਲੋਚਨ
‘ਗਿੱਲ’ (ਟਰਾਂਟੋ) ਦੀਆਂ ਲਿਖੀਆਂ ਹੋਈਆਂ ਸਨ।
ਟਰਾਂਟੋ ਦੀ ਪ੍ਰਮੁੱਖ ਲਾਇਬ੍ਰੇਰੀ ‘ਚ ਪੰਜਾਬੀ ਦੀਆਂ ਕਿਤਾਬਾਂ ਵੇਖ ਕੇ ਮੈਨੂੰ ਮਾਣਭਰੀ
ਖੁਸ਼ੀ ਹੋਈ ਪਰ ਨਾਲ ਹੀ ਉਤਸੁਕਤਾ ਵੀ: ‘ਕੌਣ ਹੈ ਇਹ ਤਰਲੋਚਨ ਗਿੱਲ?’ ਮੇਰਾ ਭਾਵੇਂ ਪੰਜਾਬੀ
ਸਾਹਿਤ ਅਤੇ ਪੁਸਤਕਾ ਨਾਲ ਚਿਰਾਂ ਤੋਂ ਵਸਤਾ ਸੀ ਪਰ ਕਦੇ ਏਸ ਨਾਮ ਦੇ ਲੇਖਕ ਬਾਰੇ ਸੁਣਿਆ
ਪੜਿਆ ਨਈਂ ਸੀ। ਟਰਾਂਟੋ ਆਉਣ ਤੋਂ ਪਹਿਲਾਂ ਮੈਨੂੰ ਸਿਰਫ਼ ‘ਬਲਬੀਰ ਮੋਮੀ’ ਬਾਰੇ ਜਾਣਕਾਰੀ
ਸੀ ਜੋ ਸੁਣਿਆ ਸੀ ਕਿ ਟਰਾਂਟੋ ‘ਚ ਰਹਿੰਦਾ ਹੈ। ਮੈਂ ਅਪਣੀ ਅਸਾਈਨਮੈਂਟ ਭੁੱਲ ਕੇ ਇਹਨਾਂ
ਕਿਤਾਬਾਂ ਨੂੰ ਵਾਚਣ ਲੱਗ ਪਿਆ। ਸਾਰੀਆਂ ਪੁਸਤਕਾਂ ਨਿੱਕੇ ਨਿੱਕੇ ਅਕਾਰ ਦੀਆਂ ਲੱਗਭਗ ਸੌ ਕੁ
ਸਫੇ ਤੋਂ ਵੱਧ ਨਹੀਂ ਸਨ। ਇਹਨਾਂ ‘ਚ ਪੰਜਾਬੀ ਦਾ ਕਾਇਦਾ ਸੀ, ਵਿਆਕਰਣ ਸੀ, ਕਵਿਤਾ ਸੀ।
ਚੋਣਵੀਂ ਪੰਜਾਬੀ ਕਹਾਣੀ ਅਤੇ ਚੋਣਵੀਂ ਪੰਜਾਬੀ ਕਵਿਤਾ। ਪੁਸਤਕਾਂ ਦੀ ਛਪਾਈ, ਦਿੱਖ ਅਤੇ
ਮਿਆਰ ਭਾਵੇਂ ਬਹੁਤਾ ਉਚ-ਪੱਧਰਾ ਨਈਂ ਸੀ ਪਰ ਉਸ ਵੇਲੇ ਉਹਨਾਂ ਦੀ ਲਇਬਰੇਰੀ ਵਿਚਲੀ ਮਾਣਮੱਤੀ
ਹੋਂਦ ਸਾਵੇਂ ਇਹ ਗੱਲ ਕੋਈ ਮੇਰੇ ਲਈ ਬਹੁਤੀ ਮਾਇਨੇ ਨਹੀਂ ਸੀ। ਕੌਣ ਹੋਏਗਾ ਇਹ ਤਰਲੋਚਨ
ਗਿੱਲ (ਟਰਾਂਟੋ)?
1992 ‘ਚ ‘ਪੰਜਾਬੀ ਕਲਮਾਂ ਦਾ ਕਾਫ਼ਲਾ’ ਦਾ ਮੁੱਢ ਬੱਝਿਆ। ਉਸੇ ਸਾਲ ਬਤੌਰ ਸਟੇਜ ਸਕੱਤਰ
ਮੈਂ ‘ਕਾਫ਼ਲੇ’ ਦੀ ਇਕ ਸਭਾ ਸੰਚਾਲਤ ਕਰ ਰਿਹਾ ਸਾਂ ਕਿ ਇਕ ਬਾਬੂ ਜਿਹਾ ਦਿਸਦਾ ਬੰਦਾ ਹੱਥ
‘ਚ ਬੈਗ ਫੜੀ ਚੁਪਾਚਾਪ ਇਕ ਕੁਰਸੀ ਤੇ ਆਣ ਬੈਠਾ। ਕੁਝ ਦੇਰ ਬਾਦ ਉਸਨੇ ਮੇਰੇ ਤੀਕ ਇਕ ਪਰਚੀ
ਘੱਲੀ ਜਿਸਤੇ ਖੁਸ਼ਖਤ ਲਿਖਿਆ ਸੀ: ‘ਤਰਲੋਚਨ ਗਿੱਲ, ਕਵਿਤਾ ਪਾਠ’। ਪਰਚੀ ਫੜਦਿਆਂ ਮੈਂ
ਖੁਸ਼ੀ ਭਰੇ ਅਚੰਭੇ ਨਾਲ ਉਸ ਵੱਲ ਵੇਖਿਆ। ਜਦੋਂ ਮੈਂ ਉਸਨੂੰ ਬੋਲਣ ਲਈ ਸੱਿਦਆ ਤਾਂ ਉਹ ਅਪਣੇ
ਬੈਗ ਚੋਂ ਕਿਤਾਬਾਂ ਦਾ ਇਕ ਬੰਡਲ ਕੱਢ ਕੇ ਡਾਇਸ ਵੱਲ ਵਧਿਆ।
ਕਵਿਤਾ ਤੋਂ ਪਹਿਲਾਂ ਜਿਵੇਂ ਬਹੁਤੇ ਕਵੀਆਂ ਨੂੰ ਰੁਬਾਈ ਜਾਂ ਸਿ਼ਅਰ ਸੁਣਾਉਣ ਦੀ ਆਦਤ ਹੁੰਦੀ
ਹੈ, ਇਸਦੇ ਉਲਟ ਗਿੱਲ ਹੁਰਾਂ ਨੇ 5-7 ਮਿੰਟ ਪੰਜਾਬੀ ਭਾਸ਼ਾ ਅਤੇ ਬੋਲੀ ਦੀ ਗੱਲ ਬੜੇ ਵੇਗ
ਨਾਲ ਕੀਤੀ। ‘ਕਾਫ਼ਲੇ’ ਨੂੰ ਵਧਾਈ ਵੀ ਦਿੱਤੀ ਅਤੇ ਨਸੀਹਤ ਵੀ ਕਿ ‘ਪਾਕਿਸਤਾਨੀ ਪੰਜਾਬੀ’
ਲੋਕਾਂ ਨੂੰ ਵੀ ਇਸ ‘ਚ ਵੱਧ ਤੋਂ ਵੱਧ ਸ਼ਾਮਿਲ ਕਰੋ। ਫਿਰ ਅਪਣੀਆਂ 10 ਪੁਸਤਕਾਂ ਦਾ ਬੰਡਲ
ਕਾਫ਼ਲੇ ਲਈ ਮੈਨੂੰ ਭੇਂਟ ਕੀਤਾ ਅਤੇ ਧੰਨਵਾਦ ਕਹਿ ਕੇ ਅਪਣੀ ਕੁਰਸੀ ਵੱਲ ਤੁਰ ਗਏ।
ਉਹਨਾਂ ਨੇ ਚਲਦੀ ਸਭਾ ‘ਚ ਟਾਈਮ ਤਾਂ ‘ਕਵਿਤਾ ਪਾਠ’ ਕਹਿ ਕੇ ਲਿਆ ਸੀ ਪਰ ਕਵਿਤਾ ਕੋਈ ਨਾ
ਸੁਣਾਈ। ਮੰਚ ਤੇ ਆ ਕੇ ਦਰਅਸਲ ਜੋ ਉਹਨਾਂ ਨੇ ਕੀਤਾ ਸੀ ਇਹੀ ਉਹਨਾਂ ਦੇ ਧੁਰ ਅੰਦਰ ਦੀ
ਕਵਿਤਾ ਸੀ। ਪੰਜਾਬੀ ਭਾਸ਼ਾ ਅਤੇ ਬੋਲੀ ਦੀ ਚੜ੍ਹਤ ਲਈ ਯਤਨਾਂ ਦਾ ਵਾਸਤਾ, ਭਾਰਤੀ
ਪਾਕਿਸਤਾਨੀ ਪੰਜਾਬੀਆਂ ਨੂੰ ਇਕ ਮੰਚ ਤੇ ਇਕੱਠਾ ਕਰਨਾ ਅਤੇ ਲਿਖਤੀ ਪੰਜਾਬੀ ਸ਼ਬਦਾਂ ਦੇ
ਲੰਗਰ ਚੋਂ ਇੱਕ ਬੰਡਲ ਕਾਫ਼ਲੇ ਵਾਸਤੇ।
ਮੰਚ ਉਤਲੇ ਅਪਣੇ ਅੰਤਮ ਪਲਾਂ ਤੀਕ ਉਹ ਸਦਾ ਏਸੇ ਕਵਿਤਾ ਦਾ ਪਾਠ ਕਰਦੇ ਰਹੇ।
ਤਰਲੋਚਨ ਗਿੱਲ ਨੇ ਅਪਣੇ ਅੰਦਰਲੀ ਕਵਿਤਾ ਦਾ ਬਹੁਗਿਣਤੀ ਕਵੀਆਂ ਤੋਂ ਉਲਟ ਮਹਿਜ਼ ਲਫ਼ਾਜ਼ੀ
ਪਾਠ ਹੀ ਨਈਂ ਕੀਤਾ ਸਗੋਂ ਉਸਨੂੰ ਨਿਰੰਤਰ ਅਮਲੀ ਜਾਮਾ ਵੀ ਪਹਿਨਾਇਆ। ਜੇ ਉਸਦਾ ਅਕੀਦਾ ਸੀ
ਕਿ ਪੰਜਾਬੀ ਦੇ ਸ਼ਬਦ ਵੱਧ ਤੋਂ ਵੱਧ ਸਿੱਖੇ, ਲਿਖੇ, ਪੜ੍ਹੇ ਤੇ ਬੋਲੇ ਜਾਣ ਤਾਂ ਇਸ ਲਈ
ਉਸਨੇ ਉਮਰ ਭਰ ਭਰਪੂਰ ਅਮਲੀ ਯਤਨ ਵੀ ਕੀਤੇ।
ਸਕਾਰਬਰੋ ‘ਚ ਪੁਰਾਣੇ ਵਸਦੇ ਮੇਰੇ ਇਕ ਜਾਣੂੰ ਨੇ ਇਕ ਵੇਰ ਮੈਨੂੰ ਦੱਸਿਆ ਸੀ ਕਿ ਜਦੋਂ
ਸਕਾਰਬਰੋ ਗੁਰਦੁਆਰਾ ਬਣਿਆ ਤਾਂ ਜਿਸ ਦਿਨ ਉਸਦੀ ਲਾਇਬਰੇਰੀ ਦਾ ਉਦਘਾਟਨ ਕੀਤਾ ਗਿਆ ਤਾਂ
ਤਰਲੋਚਨ ਗਿੱਲ ਹੁਰੀ ਵਰਦੇ ਮੀਂਹ ‘ਚ ਡਾਨਮਿਲਜ਼ ਤੋਂ ਸਕਾਰਬਰੋ ਪੁੱਜੇ ਅਤੇ ਹੱਥੀਂ ਤਿਆਰ
ਕੀਤੇ ਪੰਜਾਬੀ ਦੇ ਕਾਇਦੇ ਅਤੇ ਵਿਆਕਰਣ ਪੁਸਤਕਾਂ ਲਾਇਬਰੇਰੀ ਨੂੰ ਭੇਂਟ ਕੀਤੀਆਂ। ਟਰਾਂਟੋ
ਅਤੇ ਆਸਪਾਸ ਦੇ ਸ਼ਹਿਰਾਂ ਕਸਬਿਆਂ ‘ਚ ਸ਼ਾਇਦ ਹੀ ਕੋਈ ਗੁਰਦੁਆਰਾ ਐਸਾ ਹੋਵੇ ਜਿੱਥੇ ਉਹਨਾਂ
ਦੀਆਂ ਇਹ ਪੁਸਤਕਾਂ ਨਾ ਹੋਣ। 1990ਵਿਆਂ ‘ਚ ਉਹਨਾਂ ਨੇ ਅਪਣੇ ਇਸ ‘ਪੰਜਾਬੀ ਸਿੱਖੋ’ ਲੜੀ
ਦੀਆਂ ਪੁਸਤਕਾਂ ਨੂੰ ਅੰਗ੍ਰੇਜ਼ੀ-ਪੰਜਾਬੀ-ਹਿੰਦੀ ਉਚਾਰਣ ਨਾਲ ਨਵੇਂ ਸਿਰੇ ਤੋਂ ਲੈਸ ਕੀਤਾ
ਅਤੇ ਮੁਫ਼ਤ ਵੰਡਿਆ। ਇਸ ਸਮੇਂ ਤੀਕ ਉਹਨਾਂ ਦਾ ਪੁਰਾਣਾ ‘ਏਸ਼ੀਆ ਪਰਕਾਸ਼ਨ’ ਵੀ ਨਵੇਂ ਰੂਪ
‘ਚ ‘ਕੈਨੇਸ਼ੀਆ ਪਰਕਾਸ਼ਨ’ ਹੋ ਚੁੱਕਾ ਸੀ।
ਟਰਾਂਟੋ ਅਤੇ ਆਸਪਾਸ ਦੇ ਸ਼ਹਿਰਾਂ ‘ਚ ਐਸੀ ਕੋਈ ਲਾਇਬਰੇਰੀ ਲੱਭਣੀ ਮੁਸ਼ਕਿਲ ਹੈ ਜਿੱਥੇ
ਤਰਲੋਚਨ ਗਿੱਲ ਦੀਆਂ ਪੁਸਤਕਾਂ ਨਾ ਹੋਣ। ਪੁਸਤਕਾਂ ਨੂੰ ਲਾਇਬਰੇਰੀਆਂ ਲਈ ਮੰਨਜ਼ੂਰ ਕਰਵਾਉਣ
ਅਤੇ ਉਹਨਾਂ ਨੂੰ ਸ਼ੈਲਫ਼ ਉੱਤੇ ਕਾਇਮ ਰੱਖਣ ਲਈ ਲੋੜੀਂਦੇ ਸਾਰੇ ਕਾਨੂੰਨੀ ਦਾਅ-ਪੇਚਾਂ ਦਾ
ਉਸ ਨੂੰ ਡੂੰਘਾ ਗਿਆਨ ਸੀ ਅਤੇ ਇਹ ਗਿਆਨ ਉਹ ਅਪਣੇ ਤੀਕ ਸੀਮਤ ਨਾ ਰੱਖ ਕੇ ਗਾਹੇ ਬਗਾਹੇ
ਲੇਖਕਾਂ ਨੂੰ ਵੰਡਦਾ ਰਹਿੰਦਾ ਸੀ।
ਜਦੋਂ ਟਰਾਂਟੋ ਅਤੇ ਆਸਪਾਸ ਦੇ ਪਬਲਿਕ ਸਕੂਲਾਂ ‘ਚ ਪੰਜਾਬੀ ਕਲਾਸਾਂ ਲੱਗਣ ਦੀ ਗੱਲ ਛਿੜੀ
ਤਾਂ ਤਰਲੋਚਨ ਗਿੱਲ ਨੇ ਤਨੋਂ ਮਨੋਂ ਇਸ ਮੁਹਿੰਮ ‘ਚ ਯੋਗਦਾਨ ਪਾਇਆ। ਉਹ ਮੌਸਮ ਬੇਮੌਸਮ ਦੀ
ਪਰਵਾਹ ਕੀਤੇ ਬਿਨਾ ਸਕੂਲਾਂ ਦੇ ਕੌਰੀਡੋਰਾਂ ‘ਚ ਪੰਜਾਬੀ ਕਲਾਸਾਂ ਲਈ ਦਾਖਲਾ ਫਾਰਮ ਵੰਡਦਾ
ਨਜ਼ਰ ਆਉਂਦਾ। ਲੇਖਕਾਂ ਤੇ ਜਾਣੂੰਆਂ ਨੂੰ ਫੋਨ ਕਰਦਾ ਕਿ ਦਾਖਲਾ ਫਾਰਮ ਉਸ ਪਾਸੋਂ ਲੈ ਜਾਣ
ਜਾਂ ਉਹ ਖੁਦ ਉਹਨਾਂ ਨੂੰ ਦੇ ਜਾਵੇਗਾ। ਜ਼ੋਰ ਦਿੰਦਾ ਕਿ ਵੱਧ ਤੋਂ ਵੱਧ ਅਪਣੇ ਪਰਿਵਾਰਾਂ ਦੇ
ਬੱਚੇ ਪੰਜਾਬੀ ਕਲਾਸਾਂ ਲਈ ਲੈ ਕੇ ਆਓ ਤਾਂ ਕਿ ਗਿਣਤੀ ਖੁਣੋਂ ਤੁਹਾਡੇ ਸਕੂਲ ‘ਚ ਪੰਜਾਬੀ ਦੀ
ਕਲਾਸ ਲੱਗਣੋ ਨਾ ਰਹਿ ਜਾਵੇ। ਉਹਨਾਂ ਦਿਨਾਂ ‘ਚ ਉਸਦੇ ਚਿਹਰੇ ਤੇ ਇਕ ਅਨੋਖੀ ਆਭਾ ਅਤੇ
ਅੱਖਾਂ ‘ਚ ਆਸ ਦੀ ਲਿਸ਼ਕ ਹੁੰਦੀ।
ਤਰਲੋਚਨ ਗਿੱਲ ਦਾ ਵਿਸਵਾਸ ਸੀ ਕਿ ਲੇਖਕ ਨੂੰ ਲਗਾਤਾਰ ਲਿਖਣਾ, ਛਪਣਾ ਅਤੇ ਪੁਸਤਕ
ਪ੍ਰਕਾਸਿ਼ਤ ਕਰਦੇ ਰਹਿਣਾ ਚਾਹੀਦਾ ਹੈ। ਉਸ ਅਨੁਸਾਰ ਮਿਆਰੀ ਸਾਹਿਤ ਲਿਖਣ ਦੀ ਲਗਾਤਾਰਤਾ ਚੋਂ
ਹੀ ਉਪਜਦਾ ਹੈ। ਮਸਲਨ, ਇਕ ਮੁਲਾਕਾਤ ਸਮੇਂ ਉਸਨੇ ਮੈਨੂੰ ਪੁੱਛਿਆ:
‘ਕਦੋਂ ਕੁ ਦੇ ਲਿਖ ਰਹੇ ਓ?
ਮੈਂ: ਤਕਰੀਬਨ 20 ਕੁ ਸਾਲ ਤੋਂ।
ਉਹ: ਪੁਸਤਕਾਂ ਕਿੰਨੀਆਂ ਛਪਾਈਆਂ ਹੁਣ ਤੀਕ?
ਮੈਂ: ਇੱਕ।
ਉਹ: (ਜ਼ਰਾ ਅਣਸੁਖਾਵੇਂ ਰੌਂਅ ‘ਚ) ਬਹੁਤ ਪਿੱਛੇ ਐਂ ਤੂੰ। ਹੁਣ ਤੀਕ ਘੱਟੋ ਘੱਟ ਦਸ
ਕਿਤਾਬਾਂ ਹੋਣੀਆਂ ਚਾਹੀਦੀਆਂ ਸੀ। ਮੈਂ ਕੱਲੇ 1970 ‘ਚ ਨੌਂ ਕਿਤਾਬਾਂ ਛਾਪੀਆਂ। ਤੁਸੀਂ
ਮੁੰਡੇ ਸਮਝਦੇ ਨੀਂ...‘ਕੁਆਨਟਿਟੀ ਚੋਂ ਹੀ ਕੁਆਲਿਟੀ’ ਨਿਕਲਦੀ ਹੁੰਦੀ ਆ।
1970 ‘ਚ ਉਸਦੀਆਂ ਇਹਨਾਂ ਪ੍ਰਕਾਸਿ਼ਤ ਹੋਈਆਂ ਪੁਸਤਕਾਂ ਦੀ ਸੂਚੀ ਟਰਾਂਟੋ ਦੀ ਰੈਫਰੈਂਸ
ਲਾਇਬਰੇਰੀ ਅਨੁਸਾਰ ਇਹ ਹੈ:
1) ਅੰਤਰਰਾਸ਼ਟਰੀ ਕਹਾਣੀਆਂ
2) ਭਾਰਤੀ ਅੰਦੋਲਨ
3) ਪੰਜਾਬੀ ਗੂੰਜਾਂ
4) ਬਾਲ ਅਵਸਥਾ
5) ਅੰਤਰਰਾਸ਼ਟਰੀ ਕਵਿਤਾਵਾਂ
6) ਭਾਰਤੀ ਫਿਲਮਾਂ
7) ਪੰਜਾਬੀ ਸਿੱਖੋ ਅਤੇ ਗਾਓ
8) ਗਿੱਲੇ ਲੋਚਨ
9) ਭਾਰਤੀ ਆਜ਼ਾਦੀ
ਉਂਝ 1996 ਤੀਕ ਉਸਦੀਆਂ ਛਪੀਆਂ ਕਿਤਾਬਾਂ ਦੀ ਗਿਣਤੀ 100 ਦੇ ਕਰੀਬ ਸੀ। ਉਸਦੀਆਂ ਕਿਤਾਬਾਂ
ਦੀ ਲਿਸਟ ਇਕ ਸਥਾਨਕ ਅਖਬਾਰ ‘ਚ ਛਪਦੀ ਹੁੰਦੀ ਸੀ। ਲਿਸਟ ਦਾ ਹੈਡਿੰਗ ਸੀ: ‘ਕੋਈ ਸੌ
ਕਿਤਾਬਾਂ ਦਾ ਲੇਖਕ: ਤਰਲੋਚਨ ਗਿੱਲ। ਇਕ ਵੇਰ ਲਿਸਟ ਦਾ ਹੈਡਿੰਗ ਪਰੂਫ਼ ਰੀਡਿੰਗ ਦੀ ਗਲਤੀ
ਨਾਲ ਛਪ ਗਿਆ: ‘ਕਈ ਸੌ ਕਿਤਾਬਾਂ ਦਾ ਲੇਖਕ: ਤਰਲੋਚਨ ਗਿੱਲ’। ਅਖਬਾਰ ‘ਚ ਕੰਮ ਕਰਦੇ ਮੇਰੇ
ਅਜ਼ੀਜ ਸੁਰਜੀਤ ਫਲੋਰਾ ਨੇ ਦੱਸਿਆ, “ਭਾਅਜੀ! ਗ਼ਲਤੀ ਨਾਲ ਛਪ ਗਿਆ ਇਕ ਵਾਰ, ਪਰ ਗਿੱਲ
ਸਾਬ੍ਹ ਕਹਿੰਦੇ ਹੁਣ ਐਂ ਈ ਰਹਿਣ ਦਿਓ।”
ਜਦੋਂ ਟਰਾਂਟੋ ਅਤੇ ਆਸਪਾਸ ਦੇ ਸ਼ਹਿਰਾਂ ਕਸਬਿਆਂ ‘ਚ ਪੰਜਾਬੀਆਂ ਦੀ ਗਿਣਤੀ ਹਾਲੇ ਟਾਵੀਂ
ਵਿਰਲੀ ਹੀ ਸੀ ਓਦੋਂ ਤਰਲੋਚਨ ਗਿੱਲ ਦਾ ਨਿਵਾਸ ਟਰਾਂਟੋ ਉਤਰਨ ਵਾਲੇ ਪੰਜਾਬੀ ਆਵਾਸੀਆਂ ਦੀ
ਮਸ਼ਹੂਰ ਠਾਹਰ ਸੀ। ਉਸਦਾ ਐਡਰੈਸ ਟਰਾਂਟੋ ਏਅਰਪੋਰਟ ਤੇ ਉਤਰਨ ਵਾਲੇ ਬਹੁਤਿਆਂ ਦੀ ਜੇਬ ‘ਚ
ਹੁੰਦਾ। ਗਿੱਲ ਹੁਰਾਂ ਦਾ ਪਰਿੰਟਿੰਗ ਪਰੈਸ ਦਾ ਬਿਜ਼ਨਸ ਸੀ। ਪ੍ਰਸਿੱਧ ਪੰਜਾਬੀ ਕਹਾਣੀਕਾਰ
ਕੁਲਵੰਤ ਸਿੰਘ ਵਿਰਕ ਵੀ ਕੈਨੇਡਾ ਆਉਣ ਤੇ ਕੁਝ ਦੇਰ ਗਿੱਲ ਹੁਰਾਂ ਦੀ ਇਸ ਪਰੈਸ ਤੇ ਕੰਮ
ਕਰਦੇ ਰਹੇ ਸਨ।
ਆਮ ਪੰਜਾਬੀ ਲੋਕਾਂ ਨਾਲ ਉਸਨੂੰ ਜਿਸ ਤਰਾਂ ਦਾ ਸ਼ੁਧ ਪੰਜਾਬੀ ਮੋਹ ਸੀ ਇਹੀ ਮੋਹ ਉਹ ਲੇਖਕ
ਲੋਕਾਂ ਨਾਲ ਪਾਲਣਾ ਚਾਹੁੰਦਾ ਸੀ, ਪਰ ਲੇਖਕ ਸਦਾ ਅੰਦਰਖਾਤੇ ਉਸਤੋਂ ਇਕ ਫਾਸਲਾ ਰੱਖਦੇ ਰਹੇ।
ਇਸ ਫਾਸਲੇ ‘ਚ ਲਗਦੀਆਂ ਮਹਿਫ਼ਲਾਂ ‘ਚ ਉਸ ਬਾਰੇ ਜੁਮਲੇ ਉਡਦੇ। ਮਖੌਲ ਅਤੇ ਲਤੀਫੇ ਘੜੇ,
ਸੁਣਾਏ ਜਾਂਦੇ।
ਉਸਨੂੰ ਸਟੇਜ ਤੇ ਸਮਾਂ ਦੇਣ ਤੋਂ ਕਤਰਾਇਆ ਜਾਂਦਾ। ਲੇਖਕਾਂ ਨੇ ਅਪਣੀਆਂ ਸਭਾਵਾਂ ਖਾਸ ਚੌਖਟੇ
‘ਚ ਫਿਟ ਕਰਕੇ ਸਫ਼ਲ ਕਰਨੀਆਂ ਹੁੰਦੀਆਂ ਪਰ ਤਰਲੋਚਨ ਗਿੱਲ ਹਰ ਸਟੇਜ ਤੋਂ ਅਪਣੇ ਅੰਦਰਲੀ
ਪੰਜਾਬ, ਪੰਜਾਬੀ, ਪੰਜਾਬੀਅਤ ਦੀ ਪ੍ਰਫੁੱਲਤਾ ਦਾ ਪ੍ਰਸੰਗ ਛੇੜਦਾ।
ਮੇਰੇ ਵਰਗੇ ‘ਪ੍ਰਬੰਧ ਰਸੀਏ’ ਸਕੱਤਰ ਉਸਨੂੰ ਪਰਚੀਆਂ ਦਿੰਦੇ: ‘ਕਵਿਤਾ ਸੁਣਾਓ।’ ‘ ਸਮਾਂ
ਖਤਮ ਹੈ’। ਉਹ ਅੱਗਿਓਂ ਪਰਚੀ ਹਵਾ ‘ਚ ਲਹਿਰਾ ਕੇ ਆਖਦਾ, “ਮੇਰੀ ਵਾਰੀ ਪਰਚੀਆਂ ਦੇਣ ਲੱਗ
ਜਾਂਦੇ ਓ। ਪੰਜਾਬੀ ਭਾਸ਼ਾ ਅਤੇ ਬੋਲੀ ਨੂੰ ਬਚਾਓ। ਪਾਕਿਸਤਾਨੀ ਪੰਜਾਬੀਆਂ ਨੂੰ ਵੀ ਵਾਜ ਮਾਰ
ਲਿਆ ਕਰੋ ਪ੍ਰੋਗਰਾਮਾਂ ਤੇ। ਆਹ ਮਰਦਮਸ਼ੁਮਾਰੀ ਹੋਣੀ ਐ ਐਸ ਸਾਲ। ਅਪਣੇ ਸਭ ਦੋਸਤਾਂ
ਮਿੱਤਰਾਂ ਦੇ ਪਰਿਵਾਰਾਂ ਨੂੰ ਕਹੋ ‘ਘਰ ‘ਚ ਬੋਲੀ ਜਾਂਦੀ ਭਾਸ਼ਾ’ ਵਾਲੇ ਖਾਨੇ ‘ਚ ‘ਪੰਜਾਬੀ’
ਲਿਖਾਉਣ। ਨਈਂ ਆਹ ਥੋਡੀਆਂ ਕਵਿਤਾਵਾਂ ਸੁਣਨ ਪੜ੍ਹਨ ਆਲੇ ਕੋਈ ਨੀ ਰਹਿਣੇ।”
ਕਾਨਫਰੰਸਾਂ ਤੇ ਡਾਕਟਰ ਨੁਮਾ ਲੇਖਕ ਅਤੇ ਵਿਦਵਾਨ ਭਾਰਤੋਂ ਆਉਂਦੇ। ਤਰਲੋਚਨ ਗਿੱਲ ਉਚੇਚ ਨਾਲ
ਉਹਨਾਂ ਦੇ ਮੇਜ਼ਬਾਨਾਂ ਰਾਹੀਂ ਉਹਨਾ ਨੂੰ ਅਪਣੀਆਂ ਪੁਸਤਕਾਂ ਦੇ ਬੰਡਲ ਭੇਂਟ ਕਰ ਕੇ ਆਉਂਦਾ।
ਸ਼ਾਮ ਨੂੰ ਮਹਿਫ਼ਲ ਦੌਰਾਨ ਕਿਤਾਬਾਂ ਦਾ ਬੱਝਾ ਬਝਾਇਆ ਬੰਡਲ ‘ਉਚ ਪਾਏ ਦੇ ਸਾਹਿਤਕ
ਮੇਜ਼ਬਾਨ’ ਦੇ ਘਰ ਦੇ ਕੂੜਾ ਦਾਨ ‘ਚ ਪਿਆ ਹੁੰਦਾ ਅਤੇ ਉਸ ਉੱਤੇ ਮੁਰਗੇ ਦੀਆਂ ਚਰੂੰਡੀਆਂ
ਟੰਗਾਂ ਅਤੇ ਸਮੋਸੇ ਛੋਲਿਆਂ ਵਾਲੀਆਂ ਖਾਲੀ ਪਲੇਟਾਂ ਡਿਗੀ ਜਾਂਦੀਆਂ। ਅਗਲੀ ਸਵੇਰ ਉਹੀ
ਡਾਕਟਰ ਲੋਕ ਕਾਨਫਰੰਸ ਦੇ ਮੰਚ ਤੇ ਬਦੇਸ਼ਾਂ ‘ਚ ਪੰਜਾਬੀ ਸ਼ਬਦ ਦੇ ਛਪਣ ਛਪਾਉਣ ਦੇ ਯਤਨਾਂ
ਨੂੰ ਪੰਜਾਬੀ ਭਾਸ਼ਾ ਅਤੇ ਬੋਲੀ ਦੇ ਕਦੇ ਨਾ ਮਰਨ ਦੇ ਸਬੂਤ ਵਜੋਂ ਦੱਸ ਰਹੇ ਹੁੰਦੇ।
ਇਵੇਂ ਹੀ ਇਕ ਡਾਕਟਰ ਸਾਹਿਬ ਇਕ ਵੇਰ ਟਰਾਂਟੋ ਫੇਰੀ ਤੇ ਆਏ। ਅਸੀਂ ਉਹਨਾਂ ਨੂੰ ਅਗਲੇ ਦਿਨ
ਕਾਫ਼ਲੇ ਦੀ ਮੀਟਿੰਗ ‘ਚ ਬੋਲਣ ਲਈ ਬੇਨਤੀ ਕੀਤੀ। ਉਸ ਰਾਤ ਉਹ ਡਾਕਟਰ ਸਾਹਿਬ ਮੇਰੇ ਕੋਲ ਸਨ
ਕਿ ਤਰਲੋਚਨ ਗਿੱਲ ਹੁਰਾਂ ਦਾ ਫੋਨ ਆਇਆ। ਗਿੱਲ ਹੁਰਾਂ ਮੈਨੂੰ ਕਿਹਾ ਕਿ ਉਹ ਡਾਕਟਰ ਸਾਹਿਬ
ਦਾ ਨਾਮ ਪਤਾ ਅਤੇ ਫੋਨ ਅੰਤਰਰਾਸ਼ਟਰੀ ਪੰਜਾਬੀ ਲੇਖਕ ਡਾਇਰੈਕਟਰੀ ‘ਚ ਦਰਜ ਕਰਨਾ ਚਾਹੁੰਦੇ
ਹਨ। ਮੈਂ ਗੱਲ ਕਰਾਵਾਂ। ਮੈਂ ਫੋਨ ਮਹਿਮਾਨ ਡਾਕਟਰ ਹੁਰਾਂ ਨੂੰ ਫੜਾ ਦਿੱਤਾ। ਸਪੀਕਰ ਆਨ ਸੀ।
ਗਿੱਲ ਸਾਹਿਬ: ਸਸਰੀ ‘ਕਾਲ ਡਾਕਟਰ ਸਾਬ੍ਹ। ਮੈਂ ਤਰਲੋਚਨ ਗਿੱਲ ਆਂ। ਅਸੀਂ ਲੇਖਕਾਂ ਦੀ
ਡਾਇਰੈਕਟਰੀ ਛਾਪ ਰਹੇ ਹਾਂ। ਅਪਣਾ ਨਾਮ ਪਤਾ ਅਤੇ ਫੋਨ ਲਿਖਵਾਓ।
ਡਾਕਟਰ ਸਾਹਿਬ: ਓ ਭਾਈ ਪਹਿਲੋਂ ਏਹ ਦੱਸ,ਤੈਨੂੰ ਪਤੈ ਮੈਂ ਕੀ ਲਿਖਦਾਂ?
ਗਿੱਲ ਸਾਹਿਬ: ਤੁਹਾਨੂੰ ਪੜਿਆ ਤਾਂ ਨਈਂ ਪਰ ਕੱਲ ਕਾਫ਼ਲੇ ਆਲੇ ਤੁਹਾਨੂੰ ਸੱਦ ਰਹੇ ਨੇ ਕੁਛ
ਵਧੀਆ ਹੀ ਲਿਖਦੇ ਹੋਵੋਂਗੇ। ਊਂ ਵੀ ਥੋਡਾ ਨਾਂ ਬੜੀ ਵੇਰ ਸੁਣਿਐ।
ਡਾਕਟਰ ਸਾਹਿਬ: (ਜ਼ਰਾ ਤੈਸ਼ ‘ਚ) ਮੈਂ ਕਹਿੰਨਾ ਵਾਂ ਪਹਿਲਾਂ ਮੇਰਾ ਲਿਖਿਆ ਪੜ੍ਹ ਤੂੰ। ਪਤਾ
ਨਈਂ ਮੈਂ ਤੇਰੇ ਖਿਲਾਫ਼ ਹੀ ਲਿਖਿਆ ਹੋਵੇ। ਤੇ ਤੂੰ ਮੇਰਾ ਨਾਂ ਦਰਜ ਈ ਨਾ ਕਰਨਾ ਚਾਹੇਂ।
....ਕਹਿੰਦਿਆਂ ਨਾਲ ਹੀ ਡਾਕਟਰ ਸਾਬ੍ਹ ਨੇ ਫੋਨ ਕੱਟ ਕੇ ਮੇਰੇ ਹੱਥ ਫੜਾ ਦਿੱਤਾ।
ਮੈਨੂੰ ਦਿਲੋਂ ਬੁਰਾ ਲੱਗਿਆ। ਪਰ ਡਾਕਟਰ ਸਾਹਿਬ ਦਾ ਮੇਜ਼ਬਾਨ ਸਾਂ ਸੋ ਸਾਂ। ਮੈਂ ਸੋਚ ਰਿਹਾ
ਸਾਂ ਗਿੱਲ ਹੁਰੀਂ ਕੀ ਸੋਚ ਰਹੇ ਹੋਣਗੇ। ਕੱਲ੍ਹ ਨੂੰ ਮੀਟਿੰਗ ‘ਚ ਵੱਧ ਘੱਟ ਨਾ ਹੋ ਜਾਵੇ।
ਅਗਲੇ ਦਿਨ ਕਾਫ਼ਲਾ ਮੀਟਿੰਗ ਲਈ ਪੁੱਜੇ ਤਾਂ ਗਿੱਲ ਸਾਹਿਬ ਪਹਿਲੋਂ ਹੀ ਪੁੱਜੇ ਹੋਏ ਸਨ।
ਮੇਰੇ ਦਿਲ ਨੂੰ ਰਾਤ ਵਾਲਾ ਧੁੜਕੁੰ ਮੁੜ ਆਣ ਲੱਗਾ। ਪਰ ਗਿੱਲ ਸਾਹਿਬ ਡਾਕਟਰ ਹੁਰਾਂ ਨੂੰ
ਬੜੇ ਅਦਬ ਨਾਲ ਮਿਲੇ ਅਤੇ ਬੋਲੇ, “ ਡਾਕਟਰ ਸਾਬ੍ਹ! ਤੁਹਾਨੂੰ ਭਾਵੇਂ ਇਸ ਡਾਇਰੈਕਟਰੀ ਦੀ
ਲੋੜ ਨਹੀਂ ਪਰ ਲੇਖਕਾਂ ਦੀ ਇਸ ਡਾਇਰੈਕਟਰੀ ਨੂੰ ਤੁਹਾਡੀ ਜਾਣਕਾਰੀ ਦੀ ਸਦਾ ਲੋੜ ਹੈ।”
ਇਹ ਗੱਲ ਨਹੀਂ ਸੀ ਕਿ ਤਰਲੋਚਨ ਗਿੱਲ ਨੂੰ ਲੇਖਕਾਂ ਦੇ ਇਸ ਪਿੱਠ ਪਿਛਲੇ ਵਰਤਾਰੇ ਦੀ ਭਿਣਕ
ਨਹੀਂ ਸੀ। ਉਹ ਕਈ ਵੇਰ ਲੇਖਕਾਂ ਵਲੋਂ ‘ਉਸਨੂੰ ਕੁਛ ਨਾ ਸਮਝਣ’ ਦਾ ਨਹੋਰਾ ਮਾਰ ਕੇ ਸਭਾਵਾਂ
ਚੋਂ ਉਠ ਵੀ ਆਉਂਦਾ। ਪ੍ਰਬੰਧਕਾਂ ਨੂੰ ਗੁਸੇ ਰਲੇ ਸਿ਼ਕਵੇ ਵਾਲੇ ਫੋਨ ਵੀ ਕਰਦਾ ਪਰ ਫਿਰ ਵੀ
ਲੇਖਕਾਂ ਅਤੇ ਸਾਹਿਤ ਪ੍ਰੇਮੀਆਂ ‘ਚ ਜਾ ਬੈਠਣੋਂ ਨਾ ਖੁੰਝਦਾ।
ਤਰਲੋਚਨ ਗਿੱਲ ਦਾ ਇਸ਼ਕ ਪੰਜਾਬੀ ਸ਼ਬਦਕਾਰੀ ਨਾਲ ਸੀ। ਪੰਜਾਬੀ ਜ਼ੁਬਾਨ ਨਾਲ ਸੀ। ਪੰਜਾਬੀ
ਬੋਲਣ ਲਿਖਣ ਪੜ੍ਹਨ ਨਾਲ ਸੀ। ਉਹ ਅਪਣੇ ਇਸ ਇਸ਼ਕ ਨੂੰ ਹਰ ਹੀਲੇ ਨਿਭਾਉਂਦਾ ਰਿਹਾ। ਇਹ
ਜਿਵੇਂ ਕੋਈ ਉਸਦਾ ਅਪਣੇ ਅੰਦਰਲੇ ਪੰਜਾਬੀ ਨਾਲ ਕੌਲ ਸੀ ਜਿਸ ਨੂੰ ਉਹ ਪੁਗਾਉਂਦਾ ਰਿਹਾ।
ਉਸਨੂੰ ਅਪਣੇ ਇਸ ਅੰਦਰਲੇ ਦਾ ਜਿਸ ਮੰਚ ਰਾਹੀਂ ਨਿਕਾਸ ਹੁੰਦਾ ਲਗਿਆ ਉਹ ਓਥੇ ਜੀਂਦੇ ਜੀਅ
ਮੌਜੂਦ ਰਿਹਾ। ਅਪਣੇ ਬਾਰੇ ਕੱਸੇ ਜਾਂਦੇ ਫਿਕਰਿਆ, ਚੋਭਾਂ ਅਤੇ ਡੰਗਾਂ ਤੋਂ ਨਿਰਲੇਪ। ਉਸਦਾ
ਸਬਰ ਇਸ ਮਾਮਲੇ ‘ਚ ਧਰਤੀ ਵਰਗਾ ਸੀ।
ਅਪਣੇ ਆਪ ਨੂੰ ‘ਲੇਖਕ’, ‘ਸਾਹਿਤਕਾਰ’ ਅਤੇ ਪੰਜਾਬੀ ਦੇ ‘ਉਸਤਾਦ’, ‘ਲੰਬੜਦਾਰ’, ‘ਜਥੇਦਾਰ’
ਕਹਾਉਣ ਵਾਲੇ ਇਹ ਭੁਲਦੇ ਰਹੇ ਕਿ ਤਰਲੋਚਨ ਗਿੱਲ ਉਸ ‘ਪੰਜਾਬੀ ਸ਼ਬਦ’ ਨੂੰ ਸਮਰਪਿਤ ਰੂਹ ਸੀ
ਜੋ ਉਹਨਾਂ ਦੀ ਹਰ ‘ਵੱਡਮੁੱਲੀ ਰਚਨਾ’ ਦੀ ਧਰਤੀ ਹੈ, ਧਰਾਤਲ ਹੈ ਵਾਯੂਮੰਡਲ ਵੀ। ਪਰ ਹਕੀਕਤ
‘ਚ, ਅਸਲ ਸਾਹਿਤਕਾਰ ਵੀ ਤਾਂ ਉਹ ਵਿਰਲੇ ਟਾਵੇਂ ਲੋਕ ਹਨ ਜੋ ਅਪਣੀ ਸੂਝ ਦਾ ਸਿਰ ਭਾਵੇਂ
ਅੰਬਰਾਂ ਤੀਕ ਉੱਚਾ ਰੱਖਦੇ ਹਨ ਪਰ ਉਹਨਾਂ ਦੇ ਪੈਰ ਸਦਾ ਧਰਤੀ ਤੇ ਰਹਿੰਦੇ ਹਨ। ਧਰਤੀ ਤੋਂ
ਬੇਖਬਰ ਅਪਣੇ ਆਪ ਨੂੰ ਜੋ ਵੀ ਕਹਾਉਣ।
ਤਰਲੋਚਨ ਗਿੱਲ ‘ਧਰਤ ਤੋਂ ਬੇਮੁਖ’ ਲੇਖਕਾਂ/ਸਾਹਿਤਕਾਰਾਂ(?) ‘ਚ ਉਹਨਾਂ ਵਲੋਂ ਵਿਸਾਰੀ
ਉਹਨਾਂ ਦੀ ਅਪਣੀ ਧਰਤੀ ਵਾਂਗ ਜੀਵਿਆ ਅਤੇ ਪੰਜਾਬੀ ਬੋਲੀ, ਭਾਸ਼ਾ ਅਤੇ ਸ਼ਬਦ ਦੀ ਚੜ੍ਹਤ ਦੇ
ਹਰ ਸੱਚੇ ਸੁੱਚੇ ਯਤਨ ‘ਚ ਜੀਂਦਾ ਰਹੇਗਾ। ਉਸਦੀ ਪੰਜਾਬੀ ਸ਼ਬਦ-ਕਰਮੀ ਨਾਲ ਨਿਭਾਈ ਸ਼ੁੱਧ
ਦੀਵਾਨਗੀ ਨੂੰ ਪ੍ਰਣਾਮ:
ਯੇਹ ਤੋ ਅੱਛਾ ਹੁਆ ਕਾਮ ਆ ਗਈ ਦੀਵਾਨਗੀ ਅਪਣੀ
ਵਰਨਾ ਇਸ ਸ਼ਹਿਰ ਮੇਂ ਹਮ ਕਿਸ ਕਿਸ ਕੋ ਸਮਝਾਨੇ ਜਾਤੇ॥
-0-
|