(1937)
ਸਾਰਾ ਆਲਾ ਦੁਆਲਾ ਰੁੰਡ ਮੁੰਡ ਹੋ ਗਿਆ ਏ। ਮੋਰ ਪਤਾ ਨਹੀਂ ਕਿਉੇਂ ਨਹੀਂ ਕੂਕਦੇ……ਪਰਸੋਂ
ਜੰਗਲੀ ਮੁਰਗੇ ਦੇ ਖੰਭ ਸਾਰੀ ਸੜਕ 'ਤੇ ਖਿੱਲਰੇ ਪਏ ਸਨ……ਫੜ ਫੜ ਕਰਦਾ ਵੱਡੀ ਕਿੱਕਰ
ਦੁਆਲੇ ਫੇਰੀਆਂ ਲਾਇਆ ਕਰਦਾ ਸੀ, ਰਾਤ ਕਿੱਕਰ 'ਤੇ ਹੀ ਰਹਿੰਦਾ ਸੀ……ਕਿੰਨੇ ਗਹਿਰੇ ਤੇ
ਚਮਕੀਲੇ ਰੰਗ ਸਨ ਉਹਦੇ! ……ਸਵੇਰੇ ਸੜਕ 'ਤੇ ਖੰਭ ਖਿੱਲਰੇ ਪਏ ਸਨ। ਪਤਾ ਨਹੀਂ ਕਿਸੇ
ਸਿ਼ਕਾਰੀ ਨੇ……ਜਾਂ ਕਿਸੇ ਬਿੱਲੀ, ਕੁੱਤੇ ਦੇ ਕਾਬੂ ਆ ਗਿਆ ਸੀ……ਉਹ ਆਖ਼ਰੀ ਜੰਗਲੀ ਮੁਰਗਾ
ਸੀ ਜੋ ਇਸ ਕਿੱਕਰ ਤੇ ਰਹਿੰਦਾ ਸੀ।
ਇਸ ਪਿੰਡ ਦੇ ਕਰਮਾਂ 'ਚ ਢਹਿਣਾ ਹੀ ਲਿਖਿਆ ਸੀ ਪਰ ਇਥੇ ਦੇ ਵਾਸੀ ਪਿੰਡ ਛੱਡਣ ਲਈ ਉੱਕਾ
ਤਿਆਰ ਨਹੀਂ ਸਨ। ਸ਼ਹਿਰ ਵਧਦਾ ਵਧਦਾ ਐਨ ਪਿੰਡ ਦੇ ਨਾਲ ਆ ਲੱਗਾ ਸੀ। ਕਈ ਨੋਟਿਸ ਆ ਚੁੱਕੇ
ਸਨ ਪਿੰਡ ਖਾਲੀ ਕਰਨ ਦੇ। ਪਰ ਬਹੁਤਿਆਂ ਨੂੰ ਅੱਗੋਂ ਕੋਈ ਭੋਇੰ ਨਹੀਂ ਸੀ ਮਿਲੀ। ਕਈਆਂ ਨੇ
ਡੇਅਰੀਆਂ ਬਣਾ ਰੱਖੀਆਂ ਸਨ। ਕੁਝ ਇੱਕ ਨੇ ਸ਼ਹਿਰ 'ਚ ਧੰਦੇ ਖੋਲ੍ਹ ਰੱਖੇ ਸਨ। ਕੁਝ
ਬਜ਼ੁਰਗਾਂ ਨੂੰ ਪਿੰਡ ਨਾਲ ਮੋਹ ਡਾਹਡਾ ਸੀ……ਹਾਈ ਕੋਰਟ ਤੇ ਫਿਰ ਸੁਪਰੀਮ ਕੋਰਟ……ਅਖ਼ੀਰਲੇ
ਨੋਟਿਸ ਤੋਂ ਬਾਅਦ ਦਨਦਣਾਂਦਾ ਹੋਇਆ ਬੁਲਡੋਜ਼ਰ ਪਿੰਡ ਦੀ ਫਿਰਨੀ 'ਤੇ ਆ ਖਲੋਤਾ
ਸੀ……ਪਿੰਡ’ਚ ਖਲਬਲੀ ਮਚ ਗਈ ਸੀ। ਤੀਵੀਆਂ ਬੰਦੇ ਘਰਾਂ 'ਚੋਂ ਸਮਾਨ ਕੱਢ-ਕੱਢ ਭੱਜਣ ਲੱਗੇ,
ਪਸ਼ੂਆਂ ਨੂੰ ਡੰਡੇ ਮਾਰਦੇ ਹੋਏ ਖੁੱਡਿਆਂ ਦੀਆਂ ਤਾਕੀਆਂ ਖੋਲ੍ਹਦੇ ਹੋਏ, ਖੰਭ
ਫੜਫੜਾਂਦੀਆਂ ਕੈਂਅ ਕੈਂਅ ਕਰਦੀਆਂ ਮੁਰਗੀਆਂ, ‘ਮੈਂ ਮੈਂ’ ਕਰਦੀਆਂ ਬੱਕਰੀਆਂ, ਟਰੰਕ,
ਭਾਡੇ, ਮੰਜੀਆਂ, ਧਰੂੰਹਦੇ, ਘਰਕਦੇ, ਹਫ਼ਦੇ, ਬੱਚੇ, ਬੁੱਢੇ, ਜਵਾਨ, ਗਾਲ੍ਹਾਂ ਕੱਢਦੇ,
ਰੋਂਦੇ ਚੀਕਦੇ ਦੌੜ੍ਹਦੇ ਜਾ ਰਹੇ ਸਨ………।
“ਤਵ੍ਹਾਡਾ ਕੱਖ ਨਾ ਰਹੇ ਵੇ ਤਵ੍ਹਾਡਾ, ਤਵ੍ਹਾਨੂੰ ਪਵੇ ਵੇ ਢਾਈਆਂ ਘੜੀਆਂ ਦੀ ਵੇ ਸਾਨੂੰ
‘ਜਾੜਨ ਵਾਲਿਓ………।” ਬੋਲਦੀ, ਬਕਦੀ, ਧ੍ਰੈਂਹ ਧ੍ਰੈਂਹ ਬੱਕਰੀਆਂ ਨੂੰ ਸੋਟਾ ਮਾਰਦੀ,
ਧੱਕਦੀ, ਖੁਲ੍ਹੇ ਝਾਟੇ, ਝੱਗੋ ਝੱਗ ਹੋਈ, ਕਾਲ਼ੀ ਮਾਂ ਦਾ ਰੂਪ ਧਾਰੀ ਭੰਤੋ ਮਹਿਰੀ
ਡਿੱਗਦੀ ਢਹਿੰਦੀ ਭੱਜੀ ਜਾ ਰਹੀ ਸੀ………ਬੜਬੋਲਿਆਂ ਦੀ ਬੁੱਢੀ ਸਾਹੋ ਸਾਹ ਹੋਈ ਆਪਣੀ ਮੰਜੀ
ਧਰੂਹੀ ਜਾ ਰਹੀ ਸੀ……ਅੜਾਂਅ ਅੜਾਂਅ ਕਰਦੀਆਂ ਮੱਝਾਂ ਮੁੜ-ਮੁੜ ਓਥੇ ਹੀ ਗੇੜੇ ਕੱਢੀ
ਜਾਂਦੀਆਂ। ਕੱਚੇ, ਅੱਧ ਪੱਕੇ ਕੋਠੇ, ਵੱਡੇ-ਵੱਡੇ ਤੂੜੀ ਦੇ ਕੁੱਪ, ਗਹੀਰੇ ਬੁਲਡੋਜ਼ਰ
ਅੱਗੇ ਇੰਜ ਉੱਡ ਰਹੇ ਸਨ ਜਿਵੇਂ ਕੋਈ ਵੱਡਾ ਤੂਫ਼ਾਨ ਆ ਗਿਆ ਹੋਵੇ……।
……ਅਖੇ ਫਲੈਟ ਉੱਸਰਨਗੇ, ਵੱਡੇ ਵੱਡੇ ਸ਼ੋਅਰੂਮ ਬਣਨਗੇ, ਪੱਕੀਆਂ ਸੜਕਾਂ
ਬਣਨਗੀਆਂ…………ਪਹਿਲਾਂ ਕੁਝ ਲੋਕਾਂ ਨੇ ਬੁਲਡੋਜ਼ਰ ਨੂੰ ਰੋਕਣ ਦੀ ਕੋਸਿ਼ਸ਼ ਕੀਤੀ ਸੀ, ਫਿਰ
ਲੜਦੇ ਝਗੜਦੇ ਸਰਕਾਰ ਨੂੰ ਕੋਸਦੇ ਘਰਾਂ 'ਚੋਂ ਸਮਾਨ ਕੱਢਣ ਲੱਗ ਪਏ ਸਨ। ਢੱਠਦੇ ਕੋਠੇ
ਵੇਖ, ਇੱਕ ਦੂਜੇ ਵੱਲ ਵੇਖ, ਫਿਰ ਮਾਪਿਆਂ ਦੇ ਉਦਾਸ ਮੂੰਹਾਂ ਵੱਲ ਵੇਖਦੇ ਅੰਝਾਣੇ
ਚੁੱਪ-ਚਾਪ ਜਿਹੇ ਲਾਗੇ ਫਿਰਦੇ ਸਨ…ਅਜੀਬ ਜਿਹੀ ਅੱਚਵੀ ਲੱਗੀ ਪਈ ਸੀ ਉਹਨਾਂ ਨੂੰ… ਮਾਪਿਆਂ
ਦੇ ਹਟਕਣ ਦੇ ਬਾਵਜੂਦ ਉਹ ਬੁਲਡੋਜ਼ਰ ਦੇ ਮਗਰ ਹੋ ਤੁਰੇ ਸਨ ‘ਅਹੁ ਵੇਖੋ ਕਾਲੂ ਦੀ
ਡਿਊੜੀ……ਠਾਹ ਡਿੱਗੀ……।’ ਭਿੰਦਾ ਚੀਕ ਪਿਆ ਸੀ।
‘ਫਿੱਟੇ ਮੂੰਹ ਤਵ੍ਹਾਡਾ ਵੇ ਬੇਸ਼ਰਮੋ……।’ ਕਰਤਾਰੋ ਨੇ ਛਿੰਦੇ ਨੂੰ ਝਿੜਕਿਆ ਸੀ।
‘ਅਹੁ ਵੇਖ ਧੀਰੇ ਤੁਹਾਡੀ ਸਬ੍ਹਾਤ……ਦੈੜ੍ਹ ਦੈੜ੍ਹ ਠਾਹ ਠਾਹ…। ਮੁੰਡਿਆਂ ਦਾ ਬਦੋਬਦੀ
ਹਾਸਾ ਨਿਕਲ ਗਿਆ ਸੀ।
‘ਵੇ ਤਵ੍ਹਾਨੂੰ ਖੁਸ਼ੀ ਕਾਹਦੀ ਚੜ੍ਹ ਗਈ ਸਾਡਾ ਘਰ ਡਿੱਗਣ ਦੀ……।’ ਧੀਰੇ ਦੀ ਮਾਂ ਨੂੰ
ਗੁੱਸਾ ਚੜ੍ਹ ਗਿਆ ਸੀ।
ਮੁੰਡੇ ਹੁਣ ਕਮਲਿਆਂ ਹਾਰ ਇੱਕ ਦੂਜੇ ਤੋਂ ਅੱਗੇ ਦੌੜਦੇ ਹੋਏ, ਅਗਲੇ ਘਰਾਂ ਦਾ ਸਮਾਨ
ਕਢਾਉਂਦੇ, ਧਰੂੰਹਦੇ ਫਿਰਨੀ ਤੱਕ ਲਿਆਂਉਂਦੇ ਮੁੜ੍ਹਕੋ ਮੁੜ੍ਹਕੀ ਹੋਏ ਪਏ ਸਨ।
ਸਾਰੀ ਰਾਤ ਕੁੱਤੇ ਰੋਂਦੇ ਰਹੇ ਸਨ, ਮਲਬੇ ਦੇ ਢੇਰਾਂ 'ਤੇ ਬੈਠੇ ਅਜੀਬ ‘ਵਾਜਾਂ ਕੱਢਦੇ,
ਰੋਂਦੀਆਂ ਬਿੱਲੀਆਂ ਢੱਠੇ ਪਿੰਡਾਂ ਦੇ ਚੱਕਰ ਕੱਢਦੀਆਂ ਰਹੀਆਂ ਸਨ……ਭੰਤੋ ਮਹਿਰੀ ਦੀ
ਬਰੜਾਈ ਜਿਹੀ ਆਵਾਜ਼, ਕਦੀ ਜਾਪਦਾ ਚੀਕਾਂ ਮਾਰਦੀ ਏ, ਕਦੀ ਜਾਪਦਾ ਰੋਂਦੀ ਏ……ਫਿਰ ਤਾੜੀ
ਮਾਰ ਕੇ ਹਾ……ਹਾ………ਹਾ ਕਰਕੇ ਅਟਹਾਸ ਕਰਦੀ ਹੋਈ……ਇੱਕ ਖ਼ੌਫਨਾਕ ਆਵਾਜ਼……।
ਦਿਨ ਚੜ੍ਹਦਿਆਂ ਹੀ ਠੇਕੇਦਾਰ ਆ ਗਿਆ ਏ ਆਰੇ ਕੁਹਾੜੇ ਤੇ ਮਜ਼ਦੂਰ ਲੈ ਕੇ। ਪਿੰਡ ਦੇ
ਪਿੱਪਲ, ਬੋਹੜ ਤੇ ਧਰੇਕਾਂ ਵੱਢਣ ਲਈ। ਇਹ ਇਸੇ ਪਿੰਡ ਦੇ ਲੋਕ ਨੇ ਜੋ ਸ਼ਹਿਰੀ ਮਜ਼ਦੂਰ ਬਣ
ਗਏ ਨੇ……ਇਸ ਉੱਜੜੇ ਪਿੰਡ ਦੇ ਲੋਕਾਂ 'ਤੇ ਸਰਕਾਰ ਦੀ ਬੜੀ ਕਿਰਪਾ ਏ, ਕੱਚੀਆਂ ਨੌਕਰੀਆਂ
ਤੇ ਰੱਖ ਲਏ ਗਏ ਨੇ………।
‘ਵੇ ਕੱਖ ਨਹੀਂ ਜੇ ਰਹਿਣਾ, ਪਿੱਪਲ ਨਾ ਵੱਢਿਓ…।’ ਭੰਤੋ ਮਹਿਰੀ ਬਾਹਵਾਂ ਖੜ੍ਹੀਆਂ ਕਰ
ਦੁਹਾਈ ਪਾ ਰਹੀ ਏ……ਇੱਕ ਮਿੰਟ ਲਈ ਮਜ਼ਦੂਰ ਠਿਠਕ ਗਏ ਨੇ।
‘ਕਿਉਂ ਕੀ ਹੋ ਗਿਆ?’ ਠੇਕੇਦਾਰ ਨੇ ਰੋਅਬ ਨਾਲ ਪੁੱਛਿਆ ਏ।
ਇਕਦਮ ਉਹਨਾਂ ਇੱਕ ਦੂਜੇ ਵੱਲ ਵੇਖਿਆ ਏ………ਠੱਕ ਠੱਕ ਕੁਹਾੜੇ ਚੱਲ ਪਏ ਨੇ।
‘ਤੇਰੀ ਮਾਂ……।’ ਕੋਈ ਤਣੇ ਦੇ ਚੀਹੜੇ ਹੋਣ ਨੂੰ ਗਾਹਲਾਂ ਕੱਢ ਰਿਹਾ ਏ।
ਕਹਿਰ ਭਰੀਆਂ ਨਜ਼ਰਾਂ ਨਾਲ, ਕਦੀ ਅਸਮਾਨ ਵੱਲ, ਕਦੀ ਇੱਕ-ਦੂਜੇ ਵੱਲ ਤੇ ਕਦੀ ਠੇਕੇਦਾਰ
ਵੱਲ ਵਿੰਹਦੇ ਹੋਏ, ਅੱਟਣਾਂ ਭਰੀਆਂ ਤਲੀਆਂ 'ਤੇ ਥੁੱਕਦੇ ਉਹਨਾਂ ਨੂੰ ਸਹਿਲਾਉਂਦੇ,
ਤਣੇ’ਤੇ ਮੁੜ-ਮੁੜ ਵਾਰ ਕਰਕੇ ਮੁੜ੍ਹਕਾ ਪੂੰਝਦੇ ਸਾਹੋ ਸਾਹੀ ਹੋ ਰਹੇ ਨੇ……।
ਹੁਣ ਉਹ ਪਾਣੀ ਦੇ ਘੜੇ ਦੁਆਲੇ ਹੋ ਗਏ ਨੇ। ਕਰਤਾਰਾ ਕਹਿ ਰਿਹਾ ਏ, ‘ਅਹੁ ਸੀ ਸਾਡਾ ਘਰ,
ਅਹੁ ਨਿੰਮ ਮੇਰੇ ਪੜਦਾਦੇ ਨੇ ਲਾਈ ਸੀ…ਦੇਖ ਲਓ-ਕੇਡਾ ਮੋਟਾ ਤਣਾ ਏ। ……ਏਸ ਥੱਲੇ ਮੇਰੀ
ਮਾਂ ਚਰਖਾ ਕੱਤਿਆ ਕਰਦੀ ਸੀ……ਦਾਦੀ ਅਟੇਰਨ ਨਾਲ ਸੂਤ ਅਟੇਰਿਆ ਕਰਦੀ ਸੀ।’
‘ਚਲੋ ਵੱਢੋ ਬਈ……।’ ਠੇਕੇਦਾਰ ਨੇ ਹੋਕਰਾ ਮਾਰਿਆ ਏ।
‘ਤੇਰੀ ਓਏ……।’ ਕਰਤਾਰੇ ਨੇ ਮੂੰਹ ਹੀ ਮੂੰਹ’ਚ ਗਾਲ ਕੱਢੀ ਏ……।
ਭਿੰਦਰ ਤੇ ਸ਼ੀਸ਼ੂ ਠਾਹ ਠਾਹ ਕਰਕੇ ਹੱਸ ਪਏ ਨੇ। ਉਹਨਾਂ ਨੇ ਕੁਹਾੜੇ ਸੂਤ ਲਏ ਨੇ।ਪੁਰਾਣੇ
ਪਿੱਪਲ ਦੇ ਤਣੇ ਨੂੰ……ਪਿੱਪਲ ਬਹੁਤ ਚੀਹੜਾ ਏ……ਕਰਤਾਰ ਨੂੰ,ਭਿੰਦਰ ਨੂੰ, ਸ਼ੀਸ਼ੂ ਨੂੰ,
ਸਾਹ ਚੜ੍ਹਿਆ ਹੋਇਆ ਏ।
‘ਵੇ ਜੱਦ-ਮੁਨਿਆਦ ਨਹੀਂ ਰਹਿੰਦੀ……ਨਾ ਵੱਢੋ ਵੇ ਪਿੱਪਲ, ਦੇਵਤਾ ਹੁੰਦਾ ਏ………।’ ਭੰਤੋ
ਮਹਿਰੀ ਦੁਹਾਈ ਦੇਂਦੀ ਲੰਘ ਗਈ ਏ……ਸੁਣਿਆ ਏ ਕਮਲੀ ਹੋ ਗਈ ਏ, ਪਹਿਲਾਂ ਖੂਹ ਬੰਦ ਹੋ ਗਏ,
ਫਿ਼ਰ ਹੋਟਲਾਂ ਨੇ ਮਹਿਰਿਆਂ ਦਾ ਕੰਮ ਬੰਦ ਕਰਵਾ ਦਿੱਤਾ। ਮੁੰਡਾ ਹੋਟਲ 'ਚ ਈ ਨੌਕਰ ਹੋ
ਗਿਆ……ਹੁਣ ਚੰਡੀਗੜ੍ਹ ਰਹਿੰਦਾ ਏ……ਭੰਤੋ ਓਥੇ ਨਹੀਂ ਗਈ, ਸ਼ਾਇਦ ਗਈ ਸੀ ਪਰ ਆ ਗਈ ਏ,
ਉਹਦਾ ਦਿਲ ਨਹੀਂ ਲੱਗਾ ਓਥੇ…ਉਹ ਆਪਣੇ ਪਿੰਡ ਵਾਲੇ ਕੱਚੇ ਕੋਠੇ 'ਚ ਹੀ ਰਹਿੰਦੀ ਸੀ, ਅੱਧ
ਕਮਲੀ ਜਿਹੀ, ਕਦੀ ਕਦੀ ਭੱਠੀ ਤਾਅ ਬਹਿੰਦੀ, ਦਾਣੇ ਭਨਾਉਣ ਕੋਈ ਆਉਂਦਾ ਈ ਨਾ……ਲੋਕ
ਹੱਸਦੇ, ਉਹ ਫਿਰ ਵੀ ਬਾਲਣ ਝੋਕੀ ਜਾਂਦੀ ਭੱਠੀ ਹੇਠ……ਕਈ ਵੇਰ ਕੜਾਹੀ 'ਚ ਕੁੱਜਾ ਮਾਰ ਰਹੀ
ਹੁੰਦੀ, ਜਿਵੇਂ ਛੋਲਿਆਂ ਦੀਆਂ ਖਿੱਲਾਂ ਕੱਢ ਰਹੀ ਹੋਵੇ……।
‘ਹਾਅ ਵੇ ਲੱਛੂ ਆਹ ਵੇਖ ਮੱਕੀ ਕਿੰਨੀ ਖਿੜੀ ਏ……!’ ਉਹ ਰੇਤ ਛਾਣੀ ਜਾਂਦੀ।
‘ਤਾਈ ਲਿਆ ਦਾਣੇ 'ਤੇ ਚਬਾਅ……।’ ਲੰਘਦੇ ਆਉਂਦੇ ਭੰਤੋ ਨੂੰ ਮਖ਼ੌਲ ਕਰਦੇ, ਟਿਚਕਰਾਂ
ਕਰਦੇ…।
ਉਹਦਾ ਘਰ-ਵਾਲਾ ਲੱਛੂ ਮਹਿਰਾ……ਬੱਕਰੀਆਂ ਦਾ ਇੱਜੜ ਸੀ ਉਹਦਾ, ਪਹਿਲਾਂ ਪਿੰਡ ਦਾ ਪਾਣੀ
ਭਰਦਾ ਖੂਹ ਤੋਂ, ਫਿਰ ਇੱਜੜ ਛੇੜ ਲੈਂਦਾ… ਕਿੱਕਰਾਂ ਦੀ ਝੰਗੀ ਵੱਲ ਹੋ ਤੁਰਦਾ, ਬੱਕਰੀਆਂ,
ਕਿੱਕਰੀਆਂ ਨਾਲ ਪਲਮ ਪਲਮ ਜਾਂਦੀਆਂ, ਮੁਰਕ ਮੁਰਕ ਕਿੱਕਰੀਆਂ ਦੇ ਲੁੰਗ ਚਰਦੀਆਂ……ਲੱਛੂ
ਮਾਤਾ ਦੀਆਂ ਭੇਟਾਂ ਛੁਹ ਲੈਂਦਾ ਤੇ ਫਿਰ ਬੇਗੋ ਨਾਰ……ਕੋਈ ਡੱਕਣ ਵਾਲਾ ਹੁੰਦਾ ਨਾ ਹੋੜਨ
ਵਾਲਾ…ਪਿੰਡ ਦੀ ਸਾਂਝੀ ਭੌਂ, ਸ਼ਾਂਮਲਾਟ………ਕਈ ਮੱਝਾਂ ਦੇ ਛੇੜੂ ਵੀ ਓਥੇ ਆ ਜਾਂਦੇ,
ਕਿੱਕਰੀਆਂ ਹੇਠ ਲੰਮਾ ਲੰਮਾ ਘਾਹ………। ਮੱਝਾਂ ਚਰਦੀਆਂ……ਮੁੰਡੇ ਬਿਦ ਬਿਦ ਕੇ ਘੋਲ ਕਰਦੇ,
ਕੌਡੀ ਖੇਡਦੇ…ਇਕ ਦੋ ਜਣੇ ਵਾਰੀ ਨਾਲ ਸਾਰੀਆਂ ਮੱਝਾਂ ਸੰਭਾਲ ਲੈਂਦੇ……।’
‘ਕਿਉਂ ਤਾਏ, ਬੁੜ੍ਹਾ ਹੋ ਗਿਆ, ਲੱਲ੍ਹ ਨਾ ਗਏ’ ਮਿਰਜ਼ਾ ਗਾਉਂਦੇ ਨੂੰ ਮੁੰਡੇ ਟਾਂਚ
ਕਰਦੇ……। ਪਰ ਜਦ ਉਹ ਦੇਵੀ ਦੀਆਂ ਭੇਟਾਂ ਗਾਉਂਦਾ ਤਾਂ ਗਾਉਂਦਾ ਗਾਉਂਦਾ ਸ਼ੁਦਾਈ ਹੋ
ਜਾਂਦਾ, ਵਜਦ 'ਚ ਨੱਚਣ ਲੱਗਦਾ, ਦੁਲੱਤੀਆਂ ਮਾਰਨ ਲੱਗਦਾ……।
‘ਓਇ ਬੌਂਗਿਆ, ਆਹ ਤੇਰੀਆਂ ਸਾਲੀਆਂ…। ਨਾਲ ਦੀ ਪੈਲੀ ਵਿਚਲਾ ਜੱਟ ਉਸਦੀਆਂ ਬੱਕਰੀਆਂ ਨੂੰ
ਧ੍ਰੈਂਹ ਧ੍ਰੈਂਹ ਕੁੱਟਦਾ, ਇੱਜੜ ਲਈ ਆਉਂਦਾ……। ਲੱਛੂ ਵੇਖਦਾ, ਡੈਂਬਰੀਆਂ ਜਿਹੀਆਂ
ਬੱਕਰੀਆਂ ਮਮਿਆਉਂਦੀਆਂ ਹੋਈਆਂ ਉਹਦੇ ਦੁਆਲੇ ਕੱਠੀਆਂ ਹੋਣ ਲੱਗਦੀਆਂ। ਇੱਕ ਇੱਕ ਦੇ ਮੂੰਹ
'ਤੇ ਉਹ ਹੱਥ ਫੇਰਦਾ, ਸਹਿਲਾਉਂਦਾ, ਪਿਆਰ ਕਰਦਾ……ਵੇਖਦਾ ਕਿਸੇ ਦੀ ਲੱਤ ਵੱਢੀ ਹੁੰਦੀ,
ਕਿਸੇ ਦੇ ਪਿੰਡੇ 'ਤੇ ਟੱਕ ਲੱਗਿਆ ਹੁੰਦਾ……ਉਹਦੇ ਅੱਥਰੂ ਪਲਮ ਆਉਂਦੇ, ਉਹਦੀ ਘਿੱਗੀ ਬੱਝ
ਜਾਂਦੀ, ਘਰ ਜਾਂਦਾ ਤਾਂ ਭੰਤੋ ਬੱਕਰੀਆਂ ਗਿਣਦੀ…ਇੱਕ ਬੱਕਰੀ ਜਾਂ ਲੇਲਾ ਗੁੰਮ ਹੋਇਆ
ਹੁੰਦਾ……ਮੁੜ ਮੁੜ ਗਿਣਦੇ……ਗਿਣਦੇ ਗਿਣਦੇ ਫਿਰ ਭੁੱਲ ਜਾਂਦੇ……ਆਪੋ 'ਚ ਲੜ ਪੈਂਦੇ…ਉਹ
ਭੰਤੋ ਨੂੰ ਕੁੱਟਦਾ ਮਾਰਦਾ, ਉਹਦੀ ਗੁੱਤ ਪੁੱਟਦਾ, ਘਰ 'ਚ ਕੁਹਰਾਮ ਮਚ ਜਾਂਦਾ……।
‘ਤੇਰਾ ਕੱਖ ਨਾ ਰਹੇ ਵੇ, ਗਹਿਲੂ ਵੇ ਤਈਨੂੰ ਆਵੇ ਢਾਈਆਂ ਘੜੀਆਂ ਦੀ ਵੇ, ਮੇਰੀ ਬੱਕਰੀ
ਚੁਰਾਉਣ ਵਾਲਿਆ……।’
‘ਸੁਣ ਲੈ ਵੇ ਪਿੰਡ, ਅੱਜ ਚੁਰਾਈ ਇਹਨੇ ਮੇਰੀ ਬੱਕਰੀ, ਕੱਲ੍ਹ ਨੂੰ ਮੇਰੀ ਕੁੜੀ ਨੂੰ ਹੱਥ
ਪਾਊ, ਮੈਂ ਟੋਟੇ ਨਾ ਕਰ ਦਿੱਤਾ ਤਾਂ……ਬਣਿਆ ਫਿਰਦਾ ਏ, ਕੁੱਤਾ ਜੱਟ……।’ ਭੰਤੋ ਹੱਥ ਵਿਚ
ਬੱਕਰੀਆਂ ਵਾਲਾ ਢਾਂਗਾ ਲਈ, ਗਹਿਲੂ ਦੀ ਅਹੀ ਤਹੀ ਫੇਰੀ ਜਾਂਦੀ……।
‘ਵੱਢ ਦਊਂ ਕਿੱਕਰੀ ਦੇ ਲੁੰਗਾਂ ਵਾਂਗੂੰ’ ਗਾਲ੍ਹਾਂ ਕੱਢਦੀ ਕੱਢਦੀ ਉਹ ਦੌੜ੍ਹਨ ਲੱਗਦੀ।
ਲੱਛੂ ਮਗਰੇ ਦੌੜ੍ਹਨ ਲੱਗਦਾ………। ਉਹ ਭੰਤੋ ਦੇ ਮਗਰ ਦੌੜ੍ਹਦਾ ਗੰਦ ਬਕਦਾ……ਭੰਤੋ ਹੋਰ
ਅੱਗੇ ਦੌੜ ਜਾਂਦੀ……।
ਰਾਤੀਂ ਗਹਿਲੂ ਦੇ ਘਰ ਮਾਸ ਰਿੱਝਦਾ, ਪਤੀਲਾ ਗੜ੍ਹਕਦਾ, ਤੜਕੇ ਦੀ ਖੁਸ਼ਬੋ ਅੱਧੇ ਪਿੰਡ
ਵਿਚ ਫੈਲ ਜਾਂਦੀ। ਕਈ ਘਰੀਂ ਮਾਸ ਦੇ ਕੌਲੇ ਵਰਤਦੇ, ਸ਼ਰਾਬ ਪੀ ਗਹਿਲੂ ਭੰਤੋ ਦੇ ਘਰ ਵੱਲ
ਭੱਜ ਲੈਂਦਾ……।
‘ਤੇਰੀ ਓਏ, ਮੈਂ…ਤੇਰੀ ਧੀ ਦੀ’, ਉਹ ਗੰਦੀਆਂ ਗਾਲ੍ਹਾਂ ਕੱਢਦਾ, ਉਹਦੀ ਧੀ ਨੂੰ ਚੁਕਣ ਦੇ
ਡਰਾਵੇ ਦਿੰਦਾ……ਭੰਤੋ ਵੱਢ ਵੱਢ ਉਹਨੂੰ ਪੈਂਦੀ, ਲੱਛੂ ਉਹਨੂੰ ਗੁੱਤੋਂ ਫੜ ਘੜੀਸ ਅੰਦਰ
ਡੱਕ ਦਿੰਦਾ……।
ਸਵੇਰੇ ਘਰ ਜਾ ਕੇ ਲੱਛੂ ਪਿੱਟਦਾ……ਜਜਮਾਨਾਂ ਦੇ ਅੱਗੇ ਲਿਲਕੜ੍ਹੀਆਂ ਕੱਢਦਾ, ਰੋਂਦਾ
ਮਮਿਆਂਦਾ, ਪੰਚਾਇਤ ਜੁੜਦੀ……।
‘ਨਹੀਂ’ ਇੰਜ ਤਾਂ ਗਰੀਬ ਦਾ ਗਲ ਵੱਢਣ ਵਾਲੀ ਗੱਲ ਹੋਈ………।’ ਗਹਿਲੂ ਦਾ ਕੋਈ ਸ਼ਰੀਕ ਲੱਛੂ
ਲਈ ਹਾਅ ਦਾ ਨਾਅਰਾ ਮਾਰਦਾ।
‘ਮਾਈ ਬਾਪ ਆਹ 'ਤੇ ਹੋਈ ਹੱਕ ਦੀ ਗੱਲ, ਮੋਤੀਆਂ ਆਲਿਓ……।’
‘ਇਹਦੀਆਂ ਬੱਕਰੀਆਂ ਮੇਰਾ ਤੋਰੀਏ ਦਾ ਖੇਤ ਉਜਾੜ ਗਈਆਂ ਨੇ……ਮੈਂ ਹਰਜਾਨਾ ਲਵਾਂਗਾ……।’
ਗਹਿਲੂ ਪਾਸਾ ਸੁਟਦਾ।
‘ਹਾਂ ਬਈ, ਮਾਤਾ ਦਾ ਭਗਤ ਏ……ਜਦ ਭੇਟਾਂ ਗਾਉਂਦੇ ਨੂੰ ਹਾਲ ਚੜ੍ਹ ਜਾਂਦਾ ਏ ਤਾਂ ਇਹਨੂੰ
ਹੋਸ਼ ਨਹੀਂ ਰਹਿੰਦੀ……।’
‘ਇਹ ਤਾਂ ਮੰਨਿਆ, ਆਪਣਾ ਲੱਛੂ ਭਗਤ ਤਾਂ ਪੂਰਾ ਏ……।’
‘ਪਰਸੋਂ ਜਗਰਾਤੇ 'ਤੇ ਦੇਖਿਆ ਮੈਂ ਤਾਂ, ਬੱਸ ਪੁੱਠਾ ਹੋ ਹੋ ਨੱਚਿਆ…।’
ਸਾਰੇ ਹੱਸ ਪਏ ਸਨ।
‘ਹਾਂ ਬਈ ਲੱਛੂ ਆਪਣੀਆਂ ਬੱਕਰੀਆਂ ਸਾਂਭ ਕੇ ਰੱਖਿਆ ਕਰ……।’ ਸਰਪੰਚ ਤਣਬੀਹ ਕਰਦਾ। ਲੱਛੂ
ਨੂੰ ਮਸ਼ਕਰੀਆਂ ਕਰਦੀ ਪੰਚਾਇਤ ਨਿੱਖੜ ਜਾਂਦੀ…।
ਲੱਛੂ ਹਰ ਵਿਆਹ 'ਤੇ ਬੱਕਰੇ ਵੱਢਦਾ, ਮੀਟ ਬੜੀ ਰੀਝ ਨਾਲ ਬਣਾਉਂਦਾ, ਮੇਲੀ ਗੇਲੀ ਸਭ
ਉਂਗਲੀਆਂ ਚੱਟਦੇ ਰਹਿ ਜਾਂਦੇ…ਕਈ ਪਿੰਡਾਂ 'ਚ ਉਹਦੇ ਮਹਾਂ-ਪ੍ਰਸਾਦ ਦੀ ਧੁੰਮ ਪਈ ਹੋਈ
ਸੀ……।
ਪਰ ਹੌਲੀ-ਹੌਲੀ ਸ਼ਹਿਰ ਵਿਚਲੇ ਹੋਟਲਾਂ ਨੇ ਉਹਦਾ ਧੰਦਾ ਵੀ ਠੱਪ ਕਰਾ ਦਿੱਤਾ ਸੀ।
ਲੱਛੂ ਦੀਆਂ ਬੱਕਰੀਆਂ ਹੌਲੀ-ਹੌਲੀ ਗੁਆਚਦੀਆਂ ਹੋਈਆਂ ਸਾਰੀਆਂ ਹੀ ਗੁਆਚ ਗਈਆਂ ਸਨ……ਫਿਰ
ਇੱਕ ਰਾਤ ਉਹਨੇ ਆਪਣੇ ਆਪ ਨੂੰ ਅੱਧੀ ਰਾਤੀਂ……ਸਾਹਮਣੇ ਕਿੱਕਰ ਦੇ ਟਾਹਣ ਤੇ ਟੰਗ ਕੇ ਫਾਹਾ
ਲੈ ਲਿਆ ਸੀ।
++++++++
‘ਹਈ ਸ਼ਾਵਾ, ਜ਼ਰਾ ਜ਼ੋਰ ਨਾਲ……।’ ਠੇਕੇਦਾਰ ਨੇ ਮਜ਼ਦੂਰਾਂ ਨੂੰ ਹੱਲਾ ਸ਼ੇਰੀ ਦਿੱਤੀ
ਏ……।
‘ਸ਼ਾਬਾ! ਵੱਢੋ ਬਈ ਕਿੱਕਰੀਆਂ……ਆਹ ਇੱਕ ਦੋ ਈ ਤਾਂ ਰਹਿ ਗਈਆਂ ਨੇ……।’
ਨਿੱਕੇ ਨਿੱਕੇ ਫੁਰਤੀਲੇ ਜਾਨਵਰ, ਚੀਂ-ਚੀਂ ਕਰਦੇ ਹਵਾ 'ਚ ਉਲਟ-ਬਾਜ਼ੀਆਂ ਲਾ ਰਹੇ
ਹਨ……ਕਿੱਕਰੀਆਂ ਦੁਆਲੇ ਮੰਡਰਾ ਰਹੇ ਹਨ, ਜਿਨ੍ਹਾਂ ਨਾਲ ਉਹਨਾਂ ਦੇ ਆਲ੍ਹਣੇ ਟੰਗੇ ਹੋਏ
ਨੇ…ਵਿਚ ਵਿਚ ਨੰਨ੍ਹੇ ਬੋਟ ਨੇ, ਜੋ ਚੁੰਝਾਂ ਅੱਡਦੇ ਤੇ ਮੀਟਦੇ ਡਾਢੇ ਨਿਮਾਣੇ ਲੱਗ ਰਹੇ
ਨੇ……।
‘ਸਰਦਾਰ ਜੀ ਤਰਸ ਜਿਹਾ ਆਉਂਦਾ ਏ ਇਹਨਾਂ ਬਚੜਿਆਂ ਤੇ……।’ ਸ਼ੇਰੂ ਨੇ ਕੁਹਾੜਾ ਰੋਕਦਿਆਂ
ਕਿਹਾ।
ਠੇਕੇਦਾਰ ਸੁਣਿਆਂ ਅਣਸੁਣਿਆ ਕਰ ਕੇ ਪਰ੍ਹਾਂ ਚਲਿਆ ਗਿਆ ਹੈ……।
‘ਧੱਤ!…ਇਹੋ ਜੀ ਨੌਕਰੀ ਦੇ……ਜਮਾਂ ਜੀਅ ਮਾਰ……ਕਿਹੜੇ ਜੁਗ ਭਲਾ ਹੋਊ……।’ ਕਰਤਾਰੇ ਨੇ
ਮੱਥੇ’ਤੇ ਆਇਆ ਮੁੜ੍ਹਕਾ ਪੂੰਝਿਆ ਏ।
‘ਆਹ ਦੇਖ ਬਿਜੜੇ ਰੋਂਦੇ……ਆਹ ਦੇਖ ਕਕਿਆਹਟ ਪਾ ਰੱਖੀ…ਹੇ ਵਾਖਰੂ, ਕਿਹੜੇ ਕੰਮੇ ਲਾਇਆ……!’
ਸ਼ਾਮਲਾਟ ਦੀਆਂ ਵੱਢੀਆਂ ਪਈਆਂ ਕਿੱਕਰੀਆਂ ‘ਚ ਢੱਠੇ ਪਏ ਆਲ੍ਹਣੇ ਮਿੱਧੇ ਚਿੱਧੇ ਜਿਹੇ
ਬੋਟ……ਵਿਚੇ ਆਂਡੇ ਟੁੱਟੇ ਹੋਏ ਉੱਪਰ ਬਿਜੜਿਆਂ ਦੀ ਚਿਚਿਆਟ।
‘ਬਈ ਗਦਰ ਏ ਨਿਰਾ…।’
ਮੱਝਾਂ ਲਈ ਘਾਹ ਲੈਣ ਆਈਆਂ ਤੀਵੀਆਂ ਵਿਚਾਰੀਆਂ ਜਿਹੀਆਂ ਹੋ ਕੇ ਖਲੋਅ ਗਈਆਂ ਨੇ……ਬਾਬਾ
ਲੱਖਾ ਤੇ ਚੇਤੂ ਦੋਵੇਂ ਆਪਣੀਆਂ ਸੋਟੀਆਂ ਟੇਕਦੇ……ਇਸ ਉੱਜੜੀ ਵੱਢੀ ਸ਼ਾਮਲਾਟ ਵੱਲੇ ਵੇਖਦੇ
ਕੁੱਬੇ ਜਿਹੇ ਤੁਰਦੇ ਢੱਠੇ ਪਿੰਡ ਵੱਲ ਹੋ ਗਏ ਨੇ……।’
ਨਿੱਕੇ ਅੰਝਾਣੇ ਬਿਜੜਿਆਂ ਦੇ ਆਲ੍ਹਣੇ 'ਕੱਠੇ ਕਰ ਰਹੇ ਨੇ……।
ਭੰਤੋ ਮਹਿਰੀ ਫਿਰ ਆ ਗਈ ਏ, ਉਹ ਆਈ ਹੀ ਰਹਿੰਦੀ ਏ……ਉਹ ਕਿਤੇ ਵੀ ਨਹੀਂ ਜਾਂਦੀ……।
‘ਹਾਏ ਵੇ ਰੱਬਾ ਇਹਨਾਂ ਦਾ ਰਹੇ ਕੱਖ ਨਾ ਵੇ……।’ ਉਹ ਟੁੱਟੇ ਆਹਲਣਿਆਂ 'ਤੇ ਵੱਢੀਆਂ
ਕਿੱਕਰੀਆਂ ਕੋਲ ਬਹਿ ਜਿਵੇਂ ਵੈਣ ਪਾਣ ਲੱਗ ਪਈ ਏ।
‘ਮਖ ਤਾਰੇ ਹੁਣੀਂ ਤਾਂ ਟਰੱਕ ਲੈ ਆਏ ਨੇ……।’ ਕਿਸੇ ਭੱਜੇ ਆਉਂਦੇ ਨੇ ਖ਼ਬਰ ਦਿੱਤੀ ਏ।
ਕਾਲੂ, ਗੋਲੂ ਤੇ ਮੰਨ੍ਹਾਂ ਸਭ ਭੱਜ ਭੱਜ ਕੇ ਚੀਜ਼ਾਂ ਟਰੱਕਾਂ 'ਤੇ ਰੱਖ ਰਹੇ ਹਨ……ਪਿੰਡ
ਦੇ ਕੁਝ ਲੋਕ ਉਹਨਾਂ ਕੋਲ ਖੜ੍ਹੇ ਹਨ……ਜ਼ਮੀਨਾਂ ਦੀਆਂ ਗੱਲਾਂ ਕਰ ਰਹੇ ਹਨ, ਭਾਅ ਪੁੱਛ
ਰਹੇ ਹਨ…… ਟਰੱਕ ਤੁਰਨ 'ਤੇ ਉਹ ਸਾਰੇ ਉਦਾਸ ਹੋ ਗਏ ਹਨ, ਕਈਆਂ ਦੀਆਂ ਅੱਖਾਂ ਵੀ ਛਲਕ
ਆਈਆਂ ਹਨ।
ਭਿੰਦਾ, ਮਹਿਣਾ ਤੇ ਬਿੱਲੂ…ਦੂਰੋਂ ਹਫ਼ੇ ਆ ਰਹੇ ਨੇ…ਅਖੇ ਅਸਟੇਟ ਆਫਿ਼ਸ ਵਾਲਿਆਂ ਨੇ
ਮੱਝਾਂ ਡੱਕ ਲਈਆਂ ਨੇ, ਮਾਰ ਮਾਰ ਕੇ ਮੱਝਾਂ ਦੇ ਲੇਵੇ ਭੰਨ ਦਿੱਤੇ……ਅੜਾਂਅ ਅੜਾਂਅ
ਕਰਦੀਆਂ ਮੱਝਾਂ ਪਿਛਾਂਹ ਨੂੰ ਭੱਜਦੀਆਂ…ਉਹਨਾਂ ਡਾਂਗਾ ਮਾਰ ਮਾਰ ਕੇ ਉਹਨਾਂ ਦੇ ਖੁੰਨੇ
ਭੰਨ ਦਿੱਤੇ……ਕੋਈ ਸੱਤਰ ਅੱਸੀ ਮੱਝਾਂ ਉਹ ਵਲ ਕੇ ਲੈ ਗਏ ਨੇ…… ਆਹ ਵੇਖੋ ਜੰਗੀ ਦੇ ਸੱਟਾਂ
ਲੱਗੀਆਂ, ਆਹ ਜ਼ੋਰੇ ਦੀ ਬਾਂਹ ਮਰੋੜ ਦਿੱਤੀ……ਗਹਿਲੂ ਦੇ ਸਿਰ 'ਚ ਡਾਂਗ ਵੱਜੀ ਏ, ਹਸਪਤਾਲ
'ਚ ਏ……ਅਸੀਂ ਤਾਂ ਖ਼ਬਰ ਦੇਣ ਆਏ ਆਂ ਕਿ ਮਰ ਨਾ ਜਾਏ……ਗਹਿਲੂ ਦੀ ਘਰ ਵਾਲੀ ਰੋਂਦੀ
ਪਿੱਟਦੀ ਭੱਜੀ ਜਾ ਰਹੀ ਏ……ਬੁੱਢੇ ਮਾਂ-ਬਾਪ ਡੰਗੋਰੀਆਂ ਟੇਕਦੇ ਪਤਾ ਨਹੀਂ ਕਿੱਧਰ ਨੂੰ ਹੋ
ਤੁਰੇ ਨੇ……ਭੰਤੋ ਮਹਿਰੀ, ਪਤਾ ਨਹੀਂ ਕਿਦ੍ਹੇ ਬੱਚੇ ਨੌਲਦੀ ‘ਹੈਅ ਰੱਬਾ’ ਕਰਦੀ, ਕਮਲਿਆਂ
ਹਾਰ ਭੱਜੀ ਜਾ ਰਹੀ ਏ……।
ਕਹਿੰਦੇ ਹੁਣ ਜੁਰਮਾਨਾ ਮੰਗਦੇ ਪਏ ਨੇ ਅਸਟੇਟ ਆਫਿ਼ਸ ਵਾਲੇ। ਭੁੱਖੀਆਂ ਭਾਣੀਆਂ ਮੱਝਾਂ,
ਤ੍ਰਿਹਾਈਆਂ ਹੀ ਮਰ ਜਾਣਗੀਆਂ, ਦੁੱਧੋਂ ਸੁੱਕ ਜਾਣਗੀਆਂ…ਮੁੜ੍ਹਕੋ ਮੁੜ੍ਹਕੀ ਹੋਏ, ਭੱਜਦੇ
ਨੱਠਦੇ, ਛੇਤੀ ਛੇਤੀ ਕੋਈ ਟੂੰਮ-ਛੱਲਾ ਧਰਮੂ ਬਾਣੀਏ ਕੋਲ……ਮੂੰਹੋਂ ਮੰਗੇ ਸੂਦ 'ਤੇ ਰਕਮਾਂ
ਲੈ ਅਸਟੇਟ ਆਫਿ਼ਸ ਵੱਲ ਹੋ ਗਏ ਨੇ………ਉਹਨਾਂ ਦੀ ਸਮਝ 'ਚ ਨਹੀਂ ਆਉਂਦਾ ਪਈ ਉਹ ਆਪਣੀ
ਭੋਂਇੰ 'ਚ ਪਸ਼ੂ ਕਿਉਂ ਨਹੀਂ ਛੱਡ ਸਕਦੇ……ਹਾਲੀ ਖਾਲੀ ਪਈ ਏ……ਐਵੇਂ ਦੋ ਚਾਰ ਕੋਠੀਆਂ ਹੀ
ਤਾਂ ਪਈਆਂ ਨੇ……।
‘ਇਹ ਤਾਂ ਲਹਿਣੀਆਂ ਦੀਆਂ ਦੇਣੀਆਂ……ਆਹ ਦੇਖ ਲੈ ਗਹਿਲੂ, ਲੱਛੂ ਦੀ ਬੱਕਰੀ ਖਾ ਗਿਆ
ਸੀ……ਹੁਣ ਬਿਗਾਨੇ ਪੁੱਤਰਾਂ……।’
ਵਾ-ਵਰੋਲੇ ਜਿਹੇ ਦਾ ਬੁੱਲ੍ਹਾ ਮਲਬੇ ਤੋਂ ਦੀ ਘੁੰਮਦਾ ਜਿਹਾ ਪੱਕੀ ਸੜਕ ਪਾਰ ਕਰ ਗਿਆ
ਏ……ਜੰਗਲੀ ਮੁਰਗੇ ਦੇ ਗਹਿਰੇ ਚਮਕੀਲੇ ਖੰਭ ਸੜਕ ਤੋਂ ਉੱਡ ਕੇ ਦੂਰ-ਦੂਰ ਤੱਕ ਫੈਲ ਗਏ
ਨੇ……।
‘ਅਹੁ ਨਿੰਮ ਰਹਿ ਗਈ ਵੱਢਣ ਵਾਲੀ।’ ਠੇਕੇਦਾਰ ਨੇ ਮਜ਼ਦੂਰਾਂ ਨੂੰ ਕਿਹਾ ਏ, ‘ਚੱਲੋ ਵਈ
ਚੱਲੋ……।’
‘ਹਾਂ ਜੀ……।’
‘ਸੂਤ ਲਓ ਕੁਹਾੜੇ ਫਿਰ……।’
‘ਚੱਲ ਬਈ ਪੜਪੋਤਿਆ ਜ਼ਰਾ ਵੱਢ ਖਾਂ ਆਪਣੀ ਜੱਦੀ ਪੁਸ਼ਤੀ ਨਿੰਮ…’ ਸ਼ੀਸ਼ੂ ਨੇ ਕਰਤਾਰੇ
ਨੂੰ ਟਾਂਚ ਕੀਤੀ ਏ।
‘ਬੜੀ ਮੋਟੀ ਏ ਵਈ……।’
‘ਕੁਝ ਨਹੀਂ ਰਹਿਣਾ ਏਥੇ ਸਾਬਤਾ…।’ ਕਸ਼ਮੀਰਾ ਠਾਹ ਠਾਹ ਹੱਸਿਆ ਏ।
‘ਚਲੋ ਵਈ ਛੇਤੀ ਕਰੋ……।’ ਠੇਕੇਦਾਰ ਨੇ ਕਾਹਲ ਚਾੜ੍ਹੀ ਏ……।
ਮਜ਼ਦੂਰਾਂ ਨੇ ਕੁਹਾੜੇ ਸੂਤ ਲਏ ਨੇ……ਆਪਣੀਆਂ ਤਲੀਆਂ’ਤੇ ਥੁੱਕਦਾ ਵੱਟ ਖਾ ਕੇ ਕਰਤਾਰਾ
ਨਿੰਮ 'ਤੇ ਵਾਰ ਤੇ ਵਾਰ ਕਰੀ ਜਾ ਰਿਹਾ ਏ……ਅੰਨ੍ਹਾ ਜ਼ੋਰ ਆ ਗਿਆ ਏ ਉਹਦੇ 'ਚ ਫਿ਼ੰਜੜ
ਫਿ਼ੰਜੜ ਨਿੰਮ ਟੁੱਕੀ ਜਾ ਰਹੀ ਏ…।
ਮਜ਼ੂਰ ਛੁੱਟੀ ਕਰ ਕੇ ਚਲੇ ਗਏ ਨੇ…ਨਿੱਕੇ ਅੰਝਾਣੇ ਵੱਢੀ ਹੋਈ ਨਿੰਮ ਵੱਲ ਵੇਖ ਚੁੱਪ ਜਿਹੇ
ਹੋ ਗਏ ਨੇ……ਫਿਰ ਨਿੱਕੇ ਨਿੱਕੇ ਨਿੰਮ ਦੇ ਬੂਟੇ ਜੋ ਨਿੰਮ ਥੱਲੇ ਆਪੇ ਉੱਗ ਪਏ ਸਨ…ਗਚਣ
ਲੱਗ ਪਏ ਨੇ……।
‘ਬੀਬੀ, ਆਹ ਵੇਖ ਨਿੰਮ ਦੇ ਬੂਟੇ ਕਿੱਥੇ ਲਾਈਏ?’ ਪ੍ਰੀਤੂ ਮਾਂ ਕੋਲੋਂ ਪੁੱਛ ਰਿਹਾ ਏ।
‘ਹਾਅ, ਹਾਏ ਆਪਣਾ ਤਾਂ ਵਿਹੜਾ ਈ ਹੈ ਨਹੀਂ……।’ ਪ੍ਰੀਤੂ ਇਹ ਸੋਚ ਕੇ ਹੈਰਾਨ ਜਿਹਾ ਰਹਿ
ਗਿਆ ਏ।
ਅਮਰੂ ਦੀ ਬੁੜ੍ਹੀ ਆਪਣੇ ਘਰ ਦੇ ਉਤਲੇ ਮਲਬੇ 'ਤੇ ਬੈਠੀ ਵੈਣ ਪਾ ਰਹੀ ਏ…ਪਰ੍ਹਾਂ ਕੁੱਤਾ
ਰੋ ਰਿਹਾ ਏ…।
ਇੱਕ ਕੁੱਤੀ ਦੇ ਕਤੂਰੇ ਮਲਬੇ ਹੇਠ ਦੱਬ ਕੇ ਮਰ ਗਏ ਹਨ। ਹੁਣ ਤਾਂ ਕੁੱਤੇ ਉਹਨਾਂ ਨੂੰ
ਧਰੂਹੀ ਫਿਰਦੇ ਹਨ……ਅਸਮਾਨ 'ਚ ਗਿਰਝਾਂ ਫਿਰ ਰਹੀਆਂ ਹਨ……ਇੱਕ ਚੂਹਾ ਟੱਪ ਕੇ ਮਲਬੇ ਹੇਠ
ਛੁਪ ਗਿਆ ਏ……।
ਗਹਿਲੂ ਦੀ ਦਾਦੀ ਵੀ ਅਮਰੂ ਦੀ ਬੁੜ੍ਹੀ ਕੋਲ ਆ ਬੈਠੀ ਏ। ਦੋਵੇਂ ਸਲਾਰੀਆਂ ਨਾਲ ਮੱਥੇ
ਢੱਕੀ ਰੋਣੀ ਜਿਹੀ ਆਵਾਜ਼ ਵਿਚ ਕੁਝ ਬੁੜ ਬੁੜ ਕਰੀ ਜਾ ਰਹੀਆਂ ਨੇ……ਰਾਤ ਖਵਰੇ ਕਿਸੇ ਪੱਕੀ
ਖਾਧੀ ਵੀ ਨਹੀਂ……ਤੀਵੀਆਂ ਅੰਝਾਣੇ ਸਭ ਆਪੋ ਆਪਣੇ ਘਰਾਂ ਦੇ ਮਲਬਿਆਂ 'ਚੋਂ ਕੁਝ ਲੱਭ ਰਹੇ
ਹਨ……ਕੋਈ ਨਿੱਕੀ ਜਿਹੀ ਚੀਜ਼ ਲੱਭਣ 'ਤੇ ਵੀ ਅੰਝਾਣੇ ਭੱਜ ਕੇ ਮਾਵਾਂ ਕੋਲ ਪਹੁੰਚ ਕੇ
ਖ਼ੁਸ਼ੀ ਖ਼ੁਸ਼ੀ ਉਹ ਚੀਜ਼ ਵਿਖਾਉਂਦੇ ਹਨ…।
ਰਾਤੋ ਰਾਤ ਪਿੰਡ ਦੀ ਫਿ਼ਰਨੀ ਦੁਆਲੇ ਟੈਂਟ ਉੱਗ ਆਏ ਹਨ……ਟੁੱਟੇ ਭੱਜੇ ਹਾਰਿਆਂ ਨੂੰ ਜੋੜ,
ਗੋਹੇ ਧੁਆਂਖ ਤੀਵੀਆਂ ਨੇ ਵਲਟੋਹੀਆਂ 'ਚ ਦਾਲਾਂ ਰੱਖ ਦਿੱਤੀਆਂ ਹਨ……ਕੋਲ ਬੈਠੇ ਉਦਾਸ ਮਰਦ
ਬਾਟੀਆਂ ‘ਚ ਗਰਮ ਗਰਮ ਚਾਹ ਸੁੜ੍ਹਕ ਰਹੇ ਹਨ……।
ਅੰਝਾਣਿਆਂ ਨੇ ਇੱਕ ਅਵਾਰਾ ਖੋਤਾ ਫੜ੍ਹ ਲਿਆਂਦਾ ਏ, ਉਹਦੀ ਪੂਛ ਨਾਲ ਇੱਕ ਟੁੱਟਾ ਹੋਇਆ
ਪੀਪਾ ਬੰਨ੍ਹ ਦਿੱਤਾ ਏ……।
ਪਿੰਡ ਦੇ ਕੁਝ ਲੋਕ ਹਸਪਤਾਲ ਗਹਿਲੂ ਦਾ ਪਤਾ ਲੈਣ ਗਏ ਸਨ ਹੁਣੇ ਮੁੜੇ ਹਨ……ਚੁੱਪ ਅਤੇ
ਉਦਾਸ ਹਨ…।
‘ਦੇਖ ਲਓ ਕਈ ਦਿਨਾਂ ਤੋਂ ਕੁੱਤੇ ਰੋਂਦੇ ਸਨ……ਸਾਧ ਦੀ ਟਿੱਬੀ ‘ਤੇ…।’ ਅੰਬੋ, ਕਾਰੋ,
ਬੀਬੋ ਤੇ ਬੰਤੀ ਮਲਬੇ 'ਤੇ ਬੈਠੀਆਂ ਹਉਕੇ ਜਿਹੇ ਭਰਦੀਆਂ…ਆਪੋ 'ਚ ਗੱਲਾਂ ਕਰ ਰਹੀਆਂ ਹਨ।
‘……ਇੱਕ ਦਿਨ ਮੈਂ ਅੱਧੀ ਰਾਤ ਜਾਗੀ। ਫਰਵਾਹੀ 'ਤੇ ਉੱਲੂ ਪਿਆ ਬੋਲੇ……।’
‘ਇਹ ਸ਼ੈਆਂ ਤਾਂ ਉਜਾੜ ਭਲਾਦੀਆਂ ਨੇ ਭਾਈ……।’
ਜੀਤੋ ਤੇ ਰਾਣੋਂ ਕਿਤੋਂ ਬਿੱਲੀ ਦੇ ਬਲੂੰਗੜੇ ਲੈ ਆਈਆਂ…ਹਾਲੀਂ ਅੱਖਾਂ ਵੀ ਨਹੀਂ ਖੋਹਲੀਆਂ
ਉਹਨਾਂ……।
‘ਲਉ ਆਹ ਕਿੱਥੋਂ ਲੈ ਆਈਆਂ……।’
‘ਇਹਨਾਂ ਦੀ ਮਾਂ ਮਰ ਗਈ ਏ ਵਿਚਾਰੀ।’
‘ਹਾਇਆ! ਮੰੈਂ ਮਰ ਗਈ……।’ ਭੰਤੀ ਦਾ ਮੂੰਹ ਤਰਸ ਨਾਲ ਮੋਮ ਹੋ ਗਿਆ ਏ……। ਰਾਣੋ ਆਪਣੀ ਮਾਂ
ਕੋਲੋਂ ਕੌਲੀ 'ਚ ਦੁੱਧ ਪੁਆ ਕੇ ਲਿਆਈ ਏ, ਹੁਣ ਰੂੰਅ ਦੇ ਫੰਭੇ ਨਾਲ ਬਲੂੰਗੜਿਆਂ ਦੇ ਮੂੰਹ
'ਚ ਦੁੱਧ ਚੋਅ ਰਹੀ ਏ……।
ਮੁੰਡੇ ਖੋਤੇ ਨੂੰ ਸੋਟੀ ਮਾਰ ਮਾਰ ਦੌੜਾਅ ਰਹੇ ਨੇ……ਪੀਪਾ ਖੜ ਖੜ ਵੱਜ ਰਿਹਾ ਏ, ਮੁੰਡੇ
ਹਿੜ ਹਿੜ ਹੱਸ ਰਹੇ ਨੇ……।
‘ਨੀਂ ਵੇਖ ਜਿਵੇਂ ਵਿਆਹ ਰਚਿਆ ਹੋਵੇ।’
‘ਨੀ ਆਹੋ ਦੇਖ ਤਾਂ ਸਾਡੇ ਆਲਾ ਕਾਲੂ ਕਿਵੇਂ ਭੱਜਾ ਫਿ਼ਰਦਾ……।’
‘ਪਰਸੋਂ ਦੇ ਸਕੂਲ ਕਿਹੜਾ ਗਏ ਨੇ……।’
‘ਹੇ ਅਹੁ ਵੇਖੋ……ਕਾਲੂ ਖੋਤੇ 'ਤੇ ਚੜ੍ਹ ਬਈਠਾ ਜੇ……।’
‘ਨੀ ਪੂਛਲ ਵੱਲ ਮੂੰਹ ਕਰਕੇ……।’
‘ਫਿੱਟੇ ਮੂੰਹ ਤਵ੍ਹਾਡਾ !’ ਸਾਰੀਆਂ ਠਾਹ ਠਾਹ ਹੱਸ ਪਈਆਂ ਨੇ,
‘ਵੇ ਮੂੰਹ ਵੀ ਕਾਲਾ ਕਰ ਦਿਓ ਵੇ ਇਹਦਾ……।’ ਅੰਬੋ ਨੇ ਉੱਚੀ ਦੇਣੀ ਕਿਹਾ ਏ।
ਚਾਹ ਪੀਂਦੇ ਬੰਦਿਆਂ ਦੇ ਹੱਥੋਂ ਚਾਹ ਵਾਲੀਆਂ ਬਾਟੀਆਂ ਛੁਟਕ ਗਈਆਂ ਨੇ…… ਤੀਵੀਆਂ ਹੱਸ
ਹੱਸ ਦੂਹਰੀਆਂ ਹੋ ਰਹੀਆਂ ਨੇ……ਹੋਅ ਹੱਲਾ ਕਰਦੇ, ਹੱਸਦੇ ਭੁੜਕਦੇ, ਤਾੜੀਆਂ ਮਾਰਦੇ ਮੁੰਡੇ
ਖੋਤੇ ਦੇ ਮਗਰ ਹੋ ਲਏ ਨੇ……।
-0- |