(ਪਿਸ਼ਾਵਰ ਵਿਚ ਕਤਲ ਹੋਏ
ਬੱਚਿਆਂ ਦੇ ਨਾਂ!)
ਜੋ ਅਤਿਆਚਾਰ ਹੋਇਆ ਹੈ ਨਾ ਹੋਇਆ ਸੀ ਨਾ ਹੋਵੇਗਾ
ਜੋ ਨਰ ਸੰਘਾਰ ਹੋਇਆ ਹੈ ਨਾ ਹੋਇਆ ਸੀ ਨਾ ਹੋਵੇਗਾ॥
ਚਿਣੇ ਦੀਵਾਰ ਵਿਚ ਬੱਚਿਆਂ ਦਾ ਗ਼ਮ ਵੀ ਸੀ ਬੜਾ ਦਿਲ ਨੂੰ
ਜੋ ਗ਼ਮ ਇਸ ਵਾਰ ਹੋਇਆ ਹੈ ਨਾ ਹੋਇਆ ਸੀ ਨਾ ਹੋਵੇਗਾ॥
ਬੁਰਾ ਹੋਵੇ ਸਿਆਸਤ ਦਾ ਨਾ ਬਖ਼ਸ਼ੇ ਬਾਲ ਵੀ ਜਿਸ ਨੇ
ਜੋ ਕੋਝਾ ਵਾਰ ਹੋਇਆ ਹੈ ਨਾ ਹੋਇਆ ਸੀ ਨਾ ਹੋਵੇਗਾ॥
ਲਹੂ ਪੀਂਦਾ ਰਿਹਾ ਹੈ ਆਦਮੀ ਦਾ ਆਦਮੀ ਐਪਰ
ਜੋ ਅੱਜ ਖੂੰਖਾਰ ਹੋਇਆ ਹੈ ਨਾ ਹੋਇਆ ਸੀ ਨਾ ਹੋਵੇਗਾ॥
ਪਸ਼ੂ ਨਾਲੋਂ ਵੀ ਕੋਝੀ ਹੋ ਗਈ ਕਰਤੂਤ ਮਾਨਸ ਦੀ
ਜੋ ਅੱਜ ਕਿਰਦਾਰ ਹੋਇਆ ਹੈ ਨਾ ਹੋਇਆ ਸੀ ਨਾ ਹੋਵੇਗਾ॥
ਜਨੂੰਨ ਏਨਾ ਹੈ ਮਜ਼੍ਹਬਾਂ ਦਾ ਕਿ ਦੁਨੀਆਂ ਹੋ ਗਈ ਪਾਗਲ
ਜੋ ਭੂਤ ਅਸਵਾਰ ਹੋਇਆ ਹੈ ਨਾ ਹੋਇਆ ਸੀ ਨਾ ਹੋਵੇਗਾ॥
ਸੁਣੇ ਜਾਂਦੇ ਨਹੀਂ ਰੋਣੇ ਗਮਾਂ ਮਾਰੀ ਲੁਕਾਈ ਦੇ
ਜੋ ਦਿਲ ਬੇਜ਼ਾਰ ਹੋਇਆ ਹੈ ਨਾ ਹੋਇਆ ਸੀ ਨਾ ਹੋਵੇਗਾ॥
-0-
|