ਅਦਾਰਾ ‘ਸੀਰਤ’ ਅਤੇ ‘ਅਮਰ ਆਰਟਸ’ ਵੱਲੋਂ ਪ੍ਰਸਿੱਧ ਨਾਟਕਕਾਰ ਪਾਲੀ
ਭੁਪਿੰਦਰ ਦਾ ਬਹੁ-ਚਰਚਿਤ ਨਾਟਕ ‘ਕੁਝ ਕਰੋ ਯਾਰ’ ਪਿਛਲੇ ਦਿਨੀਂ ਸੁਪਨ
ਸੰਧੂ ਦੀ ਅਗਵਾਈ ਵਿਚ ਆਪਣੇ ਸਹਿਯੋਗੀ ਕਲਾਕਾਰਾਂ ਜੋਤੀ ਸ਼ਰਮਾ, ਨਰੇਸ਼
ਭੱਠਲ, ਜੋਗਿੰਦਰ ਸੰਘੇੜਾ, ਅਮਨਿੰਦਰ ਢਿਲੋਂ, ਸੰਦੀਪ ਸਿੱਧੂ, ਅੰਗਦ ਸੰਧੂ,
ਰਾਜਿੰਦਰ ਸਿੰਘ ਬੋਇਲ ਅਤੇ ਸੁਮਿਤ ਅਲੀ ਦੀ ਸੰਗਤ ਵਿਚ ਬੜੀ ਸਫ਼ਲਤਾ ਨਾਲ
ਖੇਡਿਆ ਗਿਆ। ਜਿੱਥੇ ਸਾਰੇ ਕਲਾਕਾਰਾਂ ਨੇ ਆਪਣੀ ਕਲਾ ਦਾ ਕਮਾਲ ਦਾ
ਪ੍ਰਦਰਸ਼ਨ ਕਰ ਕੇ ਦਰਸ਼ਕਾਂ ਦਾ ਮਨ ਮੋਹ ਲਿਆ ਓਥੇ ਪ੍ਰਸਿੱਧ ਡਾਇਰੈਕਟਰ ਤੇ
ਰੰਗ-ਕਰਮੀ ਜਸਪਾਲ ਢਿਲੋਂ ਨੇ ਵਿਸ਼ੇਸ਼ ਰੋਲ ਨਿਭਾ ਕੇ ਆਪਣੀ ਅਭਿਨੈ-ਕਲਾ
ਨਾਲ ਦਰਸ਼ਕਾਂ ਨੂੰ ਕੀਲ ਲਿਆ। ਕੁਲਵਿੰਦਰ ਖਹਿਰਾ, (ਜਿਸਨੇ ਨਾਟਕ ਦੇ
ਸੰਗੀਤ ਤੇ ਰੌਸ਼ਨੀ ਦਾ ਵੀ ਪ੍ਰਬੰਧ ਕੀਤਾ) ਨੇ ਮੰਚ ਸੰਭਾਲਦਿਆਂ ਬਲਤੇਜ
ਸਿੱਧੂ ਤੇ ਰੋਮੀ ਗਿੱਲ ਨੂੰ ਆਪਣੇ ਗੀਤ ਪੇਸ਼ ਕਰਨ ਦਾ ਸੱਦਾ ਦਿੱਤਾ। ‘ਅਮਰ
ਆਰਟਸ’ ਵਾਲੇ ਮੁੱਖ ਸਹਿਯੋਗੀ ਅਮਰਜੀਤ ਰਾਇ ਨੇ ਅੰਗ-ਦਾਨ ਦੇ ਮਹੱਤਵ ‘ਤੇ
ਰੌਸ਼ਨੀ ਪਾਉਂਦਿਆਂ ਨਾਟਕ ਦੀ ਸਫ਼ਲਤਾ ਦੀ ਕਾਮਨਾ ਕੀਤੀ। ਉਪਰੰਤ ਨਾਟਕ ਦੀ
ਸ਼ੁਰੂਆਤ ਹੋਈ। ਪਹਿਲੀ ਨਜ਼ਰੇ ਇੰਜ ਲੱਗਾ ਜਿਵੇਂ ਨਾਟਕ ਪਰਿਵਾਰਾਂ ਵਿਚ
ਬਜ਼ੁਰਗਾਂ ਦੀ ਮੰਦੀ ਹਾਲਤ ਨੂੰ ਨਾਟਕੀ ਅੰਦਾਜ਼ ਵਿਚ ਵਿਖਾ ਕੇ ਦਰਸ਼ਕਾਂ
ਦੀ ਬਜ਼ੁਰਗਾਂ ਪ੍ਰਤੀ ਸੁੰਨ ਹੋ ਰਹੀ ਸੰਵੇਦਨਾ ਨੂੰ ਜਗਾਉਣ-ਪਿਘਲਾਉਣ ਦਾ
ਉਪਰਾਲਾ ਕਰ ਰਿਹਾ ਹੈ । ਪਰ ਜਿਉਂ ਜਿਉਂ ਨਾਟਕ ਅੱਗੇ ਵਧਿਆ, ਨਾਟਕ ਵਿਚ
ਪਹਿਲਾਂ ਦਿਸਦੀ ਗੁੰਝਲ ਡੂੰਘੇ ਤੇ ਵਿਆਪਕ ਅਰਥਾਂ ਵਿਚ ਫ਼ੈਲਣ ਲੱਗੀ। ਘਰ
ਦਾ ਬਜ਼ੁਰਗ ‘ਭਰਤੂ’ ਬੀਮਾਰ ਭਾਰਤ ਦਾ ਪ੍ਰਤੀਕ ਬਣ ਕੇ ਉਭਰਨ ਲੱਗਾ। ਸਾਰਾ
ਨਾਟਕ ਤੇ ਉਸਦੇ ਪਾਤਰ ਪ੍ਰਤੀਕਾਤਮਕ ਅਰਥਾਂ ਵਿਚ ਉਜਾਗਰ ਹੋਣ ਲੱਗੇ। ਘਰ ਦਾ
ਤਾਇਆ ‘ਵਕਤ ਪ੍ਰਕਾਸ਼’ ( ਜੋਗਿੰਦਰ ਸੰਘੇੜਾ) ‘ਵਕਤ’ ਦਾ ਪ੍ਰਤੀਨਿਧ ਬਣ ਕੇ
ਪਰਿਵਾਰ ਦੇ ਜੀਆਂ (ਦੇਸ਼ ਦੀਆਂ ਵਿਭਿੰਨ ਸ਼੍ਰੇਣੀਆਂ) ਨੂੰ ਬਜ਼ੁਰਗ
(ਬੀਮਾਰ ਦੇਸ਼) ਨੂੰ ਬਚਾਉਣ ਲਈ ‘ਕੁਝ ਕਰੋ ਯਾਰ’ ਦਾ ਤਰਲਾ ਮਾਰ ਕੇ ਕੋਈ
ਹੀਲਾ ਕਰਨ ਲਈ ਪ੍ਰੇਰਿਤ ਕਰਦਾ ਹੈ। ਵੱਡਾ ਤੇ ਵੱਡੀ (ਜੋਤੀ ਸ਼ਰਮਾ ਤੇ
ਨਰੇਸ਼ ਭੱਠਲ) ਸਥਪਾਪਤ ਤਾਕਤਾਂ, ਛੋਟਾ ਤੇ ਛੋਟੀ (ਸੁਪਨ ਸੰਧੂ ਤੇ ਸੰਦੀਪ
ਸਿੱਧੂ) ਮੱਧ ਸ਼੍ਰੇਣੀ, ਅਣਵਿਆਹਿਆ ਮੁੰਡਾ ( ਅਮਨਿੰਦਰ ਢਿਲੋਂ) ਸੇਧ-ਹੀਣ
ਨੌਜਵਾਨ ਵਰਗ ਅਤੇ ਡਾਕਟਰ ਤੇ ਨਰਸ (ਰਾਜਿੰਦਰ ਸਿੰਘ ਬੋਇਲ ਤੇ ਸੁਮਿਤ ਅਲੀ)
ਵਿਦੇਸ਼ੀ ਕੰਪਨੀਆਂ ਤੇ ਮੰਡੀ ਕੀਮਤਾਂ ਦੇ ਭਾਰਤੀ ਰਾਜਨੀਤੀ ਵਿਚ
ਅਣਸੁਖਾਵੇਂ ਦਖ਼ਲ ਦੇ ਪ੍ਰਤੀਕ ਬਣ ਜਾਂਦੇ ਹਨ। ਪਰਿਵਾਰ ਦਾ ਨੌਕਰ ਸਿੱਧਾ (
ਅੰਗਦ ਸੰਧੂ) ਦੇਸ਼ ਦੀ ਕਿਰਤੀ-ਕਾਮਾ ਸ਼੍ਰੇਣੀ ਦਾ ਪ੍ਰਤੀਨਿਧ ਬਣ ਜਾਂਦਾ
ਹੈ। ਪਰਿਵਾਰ ਦੇ ਸਾਰੇ ਜੀਅ ਬਜ਼ੁਰਗ ਦੀ ਬੀਮਾਰੀ ਪ੍ਰਤੀ ਵਿਖਾਵੇ ਦੀ
ਚਿੰਤਾ ਤਾਂ ਕਰਦੇ ਹਨ; ਬਿਲਕੁਲ ਉਸ ਤਰ੍ਹਾਂ ਹੀ ਜਿਵੇਂ ਸਾਰੇ ਲੋਕ ਦੇਸ਼
ਦੀ ਬੁਰੀ ਹਾਲਤ ਬਾਰੇ ਗੱਲਾਂ ਤਾਂ ਵਧ-ਚੜ੍ਹ ਕੇ ਕਰਦੇ ਹਨ ਪਰ ਇਸਨੂੰ ਬਦਲਣ
ਲਈ ਖ਼ੁਦ ਹੀਲਾ ਕਰਨ ਦੀ ਥਾਂ ਹਮੇਸ਼ਾ ਦੁਜਿਆਂ ‘ਤੇ ਜਿ਼ੰਮੇਵਾਰੀ ਸੁੱਟਦੇ
ਹਨ, ਇੰਜ ਹੀ ਨਾਟਕ ਦੇ ਪਾਤਰ ਬੀਮਾਰ ਭਾਰਤ ਨੂੰ ਬਚਾਉਣ ਲਈ ਸਾਰਥਕ ਹੀਲਾ
ਕਰਨ ਦੀ ਥਾਂ ‘ਕੁਝ ਨਾ ਕਰਨ ਲਈ’ ਇਕ ਦੁਜੇ ਤੇ ਦੋਸ਼-ਆਰੋਪਣ ਕਰਦੇ ਹਨ ਤੇ
ਜਾਂ ਨੌਕਰ ਸਿੱਧੇ ਨੂੰ ਦੋਸ਼ ਦਿੰਦੇ ਹਨ ਕਿ ਉਹ ਉਹਨਾਂ ਦੇ ਦੱਸੇ ਮੁਤਾਬਕ
ਬੀਮਾਰ ਬਾਪੂ ਦੀ ਸਿਹਤਯਾਬੀ ਲਈ ਢੁਕਵੇਂ ਯਤਨ ਨਹੀਂ ਕਰ ਰਿਹਾ।
ਕੁੱਲ ਮਿਲਾ ਕੇ ਨਾਟਕ ਭਾਰਤ ਦੀ ਬੀਮਾਰੀ ਦੇ ਗੁਹਜ ਅਰਥਾਂ ਵੱਲ ਇਸ਼ਾਰਾ
ਕਰਦਿਆਂ ਲੋਕ-ਰਾਜ ਦੀ ਕਾਣ, ਘੱਟ ਗਿਣਤੀਆਂ ਦੀ ਮੰਦੀ ਹਾਲਤ, ਧਰਮ ਦੇ
‘ਬਚਾਓਵਾਦੀ’ ਨਾਂਹ ਪੱਖੀ ਰੋਲ, ਮੰਡੀ ਕੀਮਤਾਂ ਦੇ ਜਕੜ-ਜੰਜਾਲ, ਨੌਜਵਾਨ
ਵਰਗ ਦੀ ਦਿਸ਼ਾਹੀਣਤਾ ਅਤੇ ਇਨਕਲਾਬੀ ਤਾਕਤਾਂ ਦੀ ਖੀਣ ਹੋ ਰਹੀ ਹਸਤੀ ਜਿਹੇ
ਅਨੇਕਾਂ ਸਵਾਲਾਂ ਨੂੰ ਮੁਖ਼ਾਤਬ ਹੁੰਦਾ ਹੈ। ਨਾਟਕ ਵਿਚ ਸਾਰਥਕ ਸੁਨੇਹੇ ਦਾ
ਹੋਣਾ ਲਾਜ਼ਮੀ ਸ਼ਰਤ ਹੈ ਪਰ ਇਹ ਸੁਨੇਹਾ ਕਲਾ ‘ਤੇ ਭਾਰੀ ਨਹੀਂ ਪੈਣਾ
ਚਾਹੀਦਾ। ਇਸ ਨਾਟਕ ਦੀ ਖ਼ੂਬੀ ਇਹ ਸੀ ਕਿ ਇਹਨਾਂ ਭਾਰੇ ਗੌਰੇ ਸਵਾਲਾਂ ਨੂੰ
ਅਜਿਹੇ ਨਾਟਕੀ ਅੰਦਾਜ਼ ਵਿਚ ਪੇਸ਼ ਕੀਤਾ ਗਿਆ ਕਿ ਨਾਟਕ ਦਾ ਸੁਨੇਹਾ ਕਿਤੇ
ਵੀ ਬੋਝਲ ਨਹੀਂ ਬਣਦਾ ਸਗੋਂ ਤਿੱਖਾ ਵਿਅੰਗ ਤੇ ਹਸਾਉਣੀਆਂ ਸਥਿਤੀਆਂ
ਦਰਸ਼ਕਾਂ ਦੇ ਮਨ ਵਿਚ ਹੁਲਾਸ ਤੇ ਚਿਹਰੇ ਤੇ ਖੇੜਾ ਬਣਾਈ ਰੱਖਦੇ ਹਨ।
ਮਨੋਰੰਜਨ ਨਾਲ ਭਰਪੂਰ ਇਹ ਕਾਮੇਡੀ ਨਾਟਕ ਜਿੰ਼ਦਗੀ ਦੀਆਂ ਕੌੜੀਆਂ ਸਚਾਈਆਂ
ਨੂੰ ਵੀ ਪੇਸ਼ ਕਰਦਾ ਹੈ। ਇਹ ਨਾਟਕ ਸਾਨੂੰ ਸਿਰਫ਼ ਹਸਾਉਂਦਾ ਹੀ ਨਹੀਂ
ਸਗੋਂ ਮਨ- ਅੰਤਰ ‘ਤੇ ਝਾਤ ਪਵਾ ਕੇ ਸਾਨੂੰ ਸ਼ਰਮਿੰਦਾ ਕਰਦਾ ਤੇ ਸੋਚਵਾਨ
ਬਣਾਉਂਦਾ ਹੈ। ਤਾਏ ਦੇ ਰੋਲ ਵਿਚ ਜੋਗਿੰਦਰ ਸੰਘੇੜਾ ਦਾ ਕਿਰਦਾਰ ਸਾਰੇ
ਨਾਟਕ ਵਿਚ ਰੀੜ ਦੀ ਹੱਡੀ ਵਾਲੀ ਮਹੱਤਤਾ ਰੱਖਦਾ ਸੀ ਤੇ ਉਸਨੇ ਆਪਣੇ ਯਤਨ
ਨਾਲ ਕਿਤੇ ਵੀ ਨਾਟਕ ਦੀ ਪਿੱਠ ਕੁੱਬੀ ਨਹੀਂ ਹੋਣ ਦਿੱਤੀ। ਜੋਤੀ ਸ਼ਰਮਾ ਨੇ
ਵੱਡੀ ਤੇ ਸੰਦੀਪ ਸਿੱਧੂ ਨੇ ਛੋਟੀ ਦੇ ਰੂਪ ਵਿਚ ਆਪਣੀ ਮੰਝੀ ਹੋਈ ਕਲਾਕਾਰੀ
ਦਾ ਪ੍ਰਦਰਸ਼ਨ ਕਰਕੇ ਦਰਸ਼ਕਾਂ ਦੀ ਭਰਵੀਂ ਪ੍ਰਸੰਸਾ ਖੱਟੀ। ਉਹਨਾਂ ਦੇ
ਨਖ਼ਰੇ ਤੇ ਪੇਸ਼ਕਾਰੀ ਵਿਚ ਸੌਂਕਣ-ਸਾੜੇ ਦਾ ਖ਼ੂਬਸੂਰਤ ਪ੍ਰਦਰਸ਼ਨ ਵੀ ਹੋ
ਰਿਹਾ ਸੀ ਅਤੇ ਉਪਰਲੀਆਂ ਤੇ ਵਿਚਕਾਰਲੀਆ ਜਮਾਤਾਂ ਦੇ ਕਿਰਦਾਰ ਦਾ ਨਕਸ਼ਾ
ਵੀ ਪਰਸਤੁਤ ਹੋ ਰਿਹਾ ਸੀ। ਨਰੇਸ਼ ਭੱਠਲ ਜਿਥੇ ਆਪਣੇ ਚਿੱਟੇ ਕੱਪੜਿਆਂ ਤੇ
ਵਰਤੋਂ ਵਿਹਾਰ ਦੀ ਪੇਸ਼ਕਾਰੀ ਨਾਲ ਤਾਕਤਵਰ ਸਿਆਸੀ ਤਾਕਤ ਦੀ ਸਾਕਾਰ ਮੂਰਤ
ਲੱਗਦਾ ਸੀ ਤਾਂ ਓਥੇ ਸੁਪਨ ਸੰਧੂ ਨੇ ਮੱਧ-ਸ਼੍ਰੇਣਿਕ ਕਿਰਦਾਰ ਨੂੰ
ਕਲਾਕਾਰੀ ਅੰਦਾਜ਼ ਵਿਚ ਪੇਸ਼ ਕਰਨ ਵਿਚ ਭਰਪੁਰ ਸਫ਼ਲਤਾ ਹਾਸਲ ਕੀਤੀ।
ਡਾਕਟਰ ਦੇ ਰੋਲ ਵਿਚ ਰਾਜਿੰਦਰ ਬੋਇਲ ਆਪਣੇ ਮੋਢਾ ਝਟਕਣ ਵਾਲੇ ਵਿਸ਼ੇਸ਼
ਅੰਦਾਜ਼ ਕਾਰਨ ਦਰਸ਼ਕਾਂ ਦੀ ਖ਼ੁਸ਼ੀ ਦਾ ਪਾਤਰ ਬਣ ਗਿਆ। ਸੁਮਿਤ ਅਲੀ
ਸੱਚਮੁੱਚ ਨਰਸ ਹੀ ਨਹੀਂ ਸੀ ਲੱਗਦੀ ਸਗੋਂ ਉਹਦੇ ਵਾਰਤਾਲਾਪਾਂ ਦੇ
ਪ੍ਰਭਾਵਸ਼ਾਲੀ ਅੰਦਾਜ਼ ਵਿਚੋਂ ਸਾਮਰਾਜ ਦੇ ਗਲੋਬਲੀ ਪ੍ਰਭਾਵ ਦਾ ਪ੍ਰਗਟਾਵਾ
ਵੀ ਹੁੰਦਾ ਸੀ। ਨਾਟਕ ਦਾ ਸਿਖਰ ਸੀ ਜਦੋਂ ਬੀਮਾਰ ਭਾਰਤ ਦੇ ਰੂਪ ਵਿਚ
ਜਸਪਾਲ ਢਿਲੋਂ ਖ਼ੁਦ ਸਟੇਜ ‘ਤੇ ਆਉਂਦਾ ਹੈ। ਉਸਨੇ ਏਨੇ ਜਾਨਦਾਰ ਤੇ
ਪ੍ਰਭਾਵੀ ਅੰਦਾਜ਼ ਵਿਚ ਜਿਵੇਂ ਸਭ ਦੇਸ਼-ਵਾਸੀਆਂ ਨੂੰ ਸ਼ਰਮਿਦਾ ਕਰਦਿਆਂ
ਘਰ ਦੇ ਨੌਕਰ (ਕਿਰਤੀ-ਕਾਮਾ ਸ਼ੇਣੀ) ਨੂੰ ਆਪਣੇ ਵਾਰਸ ਦੇ ਰੂਪ ਵਿਚ ਪੇਸ਼
ਕੀਤਾ ਤਾਂ ਦਰਸ਼ਕਾਂ ਦੀਆਂ ਤਾੜੀਆਂ ਨਾਲ ਹਾਲ ਗੂੰਜ ਉਠਿਆ। ਅੰਤ ਤੇ ਸਿੱਧਾ
ਨੌਕਰ (ਅੰਗਦ ਸੰਧੂ) ਜਿਵੇਂ ਘਰ ਦੇ ਸਾਰੇ ਜੀਆਂ ਸਮੇਤ ਦਰਸ਼ਕਾਂ ਨੂੰ ਵੀ
ਸ਼ਾਮਲ ਕਰਦਾ ਹੈ ਤੇ ਆਪਣੇ ਦਰਦ ਨੂੰ ਅੱਥਰੂਆ ਰਾਹੀਂ ਬਿਆਨ ਕਰਦਾ ਹੈ, ਉਹ
ਉਸਦੀ ਐਕਟਿੰਗ ਦਾ ਸਿਖ਼ਰ ਕਿਹਾ ਜਾ ਸਕਦਾ ਹੈ। ਅਖ਼ੀਰ ਵਿਚ ਸੁਪਨ ਸੰਧੂ ਨੇ
ਆਪਣੇ ਕਲਾਕਾਰਾਂ ਦਾ ਤੁਆਰਫ਼ ਕਰਾਉਂਦਿਆਂ ਆਪਣੇ ਸਪੌਂਸਰਾਂ ਤੇ ਸਮੁੱਚੇ
ਪ੍ਰਿੰਟ ਤੇ ਬਿਜਲਈ ਮੀਡੀਏ ਦਾ ਧੰਨਵਾਦ ਕੀਤਾ। ਕਲਾਕਾਰਾਂ ਨੂੰ ਵਰਿਆਮ
ਸਿੰਘ ਸੰਧੂ ਤੇ ਅਮਰਜੀਤ ਸਿੰਘ ਰਾਇ ਹੁਰਾਂ ਸਨਮਾਨਤ ਕਰਨ ਦੀ ਰਸਮ ਅਦਾ
ਕੀਤੀ। ਏਕਮ ਕੌਰ ਰਾਇ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਵਰਿਆਮ ਸਿੰਘ ਸੰਧੂ
ਹੁਰਾਂ ਉਸਨੂੰ ‘ਪੰਜਾਬ ਦੀ ਹੋਣਹਾਰ ਧੀ’ ਦਾ ਖਿ਼ਤਾਬ ਦੇ ਕੇ ਮਾਣ ਦਿੱਤਾ।
ਰਾਜਪਾਲ ਸਿੰਘ ਹੋਠੀ ਆਪਣੇ ਕਮਰੇ ਨਾਲ ਖ਼ੂਬਸੂਰਤ ਨਾਟਕੀ ਛਿਣਾਂ ਨੂੰ ਸਾਂਭ
ਰਿਹਾ ਸੀ। ਸ਼ਾਇਰ ਤੇ ਨਾਟਕਕਾਰ ਕੁਲਵਿੰਦਰ ਖਹਿਰਾ ਨੇ ਆਪਣਾ ਪ੍ਰਤੀਕਰਮ
ਪੇਸ਼ ਕਰਦਿਆਂ ਕਿਹਾ, ‘ਕੁਝ ਕਰੋ ਯਾਰ’ ਨਾਟਕ ਭਾਰਤ ਦੇ ਸਿਆਸੀ ਪਤਨ ਦੀ ਉਹ
ਕਹਾਣੀ ਹੈ ਜੋ ਆਪਣੇ ਹਾਸਿਆਂ ਵਿੱਚ ਡੂੰਘੇ ਹਉਕੇ ਸਮੋਈ ਬੈਠੀ ਹੈ। ਅਦਾਰਾ
‘ਸੀਰਤ’ ਵੱਲੋਂ ਬਰੈਂਪਟਨ ਵਿੱਚ ਪੇਸ਼ ਕੀਤੇ ਗਏ ਇਸ ਨਾਟਕ ਦੇ ਕਲਾਕਰਾਂ ਨੇ
ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਸਕਰਿਪਟ ਅਤੇ ਅਦਾਕਾਰੀ ਪੱਖੋਂ
ਪੰਜਾਬੀ ਨਾਟਕ ਲਗਾਤਾਰ ਬੁਲੰਦੀਆਂ ਵੱਲ ਵਧ ਰਿਹਾ ਹੈ। ਚਰਚਿਤ ਕਵੀ
ਉਂਕਾਰਪ੍ਰੀਤ ਮੁਤਾਬਕ ‘ਕੁਝ ਕਰੋ ਯਾਰ’ ,ਇਸਦੇ ਕਰਤਿਆਂ ਦੀਆਂ ਸੀਮਾਵਾਂ ‘ਚ
ਉਸਰ ਸਕੇ ਰੰਗ ਮੰਚ ਅਨੁਸਾਰ ਸਫ਼ਲ ਪੇਸ਼ਕਾਰੀ ਸੀ। ਕਹਾਣੀਕਾਰਾ ਗੁਰਮੀਤ
ਪਨਾਗ ਅਨੁਸਾਰ, ‘ਕੁਝ ਕਰੋ ਯਾਰ’ ਇਕ ਬਿਹਤਰੀਨ ਪੇਸ਼ਕਾਰੀ ਸੀ। ਗੁਰਵੀਰ
ਗਰੇਵਾਲ ਨੂੰ ਲੱਗਦਾ ਹੈ ਕਿ ਨਾਟਕ ਦਾ ਪੂਰਾ ਪਰਬੰਧ ਖ਼ੂਬਸੂਰਤੀ ਨਾਲ ਕੀਤਾ
ਗਿਆ ਸੀ ਤੇ ਇਸਨੂੰ ਵੇਖ ਕੇ ਬਹੁਤ ਆਨੰਦ ਆਇਆ। ਨਵਦੀਪ ਬੌਬੀ ਝੱਜ ਇਸਨੂੰ
ਕਮਾਲ ਦਾ ਮਨੋਰੰਜਕ ਸ਼ੋਅ ਆਖਦਾ ਹੈ। ਗੁਰਦਿਆਲ ਬੱਲ ਆਖਦਾ ਹੈ, “ਭਾਵੇਂ
ਸੰਗੀਤ ਸਮੇਤ ਕੁਝ ਹੋਰ ਨਾਟਕੀ ਜੁਗਤਾਂ ਵਰਤ ਕੇ ਨਾਟਕ ਹੋਰ ਵੀ ਆਕਰਸ਼ਕ
ਬਣਾਇਆ ਜਾ ਸਕਦਾ ਸੀ ਪਰ ਇਸਦੇ ਬਾਵਜੂਦ ਡਾਇਰੈਕਟਰ ਤੇ ਨਾਟਕ-ਟੋਲੀ ਦੀ
ਮਿਹਨਤ ਮੂੰਹੋਂ ਬੋਲ ਰਹੀ ਸੀ। ਜੋਤੀ ਸ਼ਰਮਾ, ਸੰਦੀਪ ਸਿੱਧੂ, ਜੋਗਿੰਦਰ
ਸੰਘੇੜਾ ਤੇ ਜਸਪਾਲ ਢਿਲੋਂ ਦੀ ਅਦਾਕਾਰੀ ਵਿਚ ਪੂਰੀ ਜਾਨ ਸੀ।” ਅਜੀਤ ਸਿੰਘ
ਰੱਖੜਾ ਨਾਟਕ ਨੂੰ ਪਹਿਲੇ ਦਰਜੇ ਵਿਚ ਪਾਸ ਹੋਣ ਦੇ ਨੰਬਰ ਦਿੰਦਾ ਹੈ ਤੇ
ਸੁਪਨ ਸੰਧੂ ਵਿਚ ਚੰਗੇ ਡਾਇਰੈਕਟਰ ਦੀਆਂ ਸੰਭਾਵਨਾਵਾਂ ਵੇਖਦਾ ਹੈ। ਵਕੀਲ
ਕਲੇਰ ਨੇ ਵੀ ਸੁਪਨ ਸੰਧੂ ਦੀ ਨਾਟਕ ਨੂੰ ਪੇਸ਼ ਕਰਨ ਵਿਚ ਨਿਭਾਈ ਯੋਗਤਾ
ਨੂੰ ਵਡਿਆ ਕੇ ਉਸਦੀ ਹੌਸਲਾ ਅਫ਼ਜ਼ਾਈ ਕੀਤੀ।
ਕੁੱਲ ਮਿਲਾ ਕੇ ਨਾਟਕ, ਨਾਟਕ ਵਿਚਲੇ ਮਹੱਤਵਪੂਰਨ ਸੁਨੇਹੇ ਅਤੇ ਅਦਾਕਾਰਾਂ
ਦੀ ਮੰਚ ‘ਤੇ ਦਿਸ ਰਹੀ ਮਿਹਨਤ ਸਦਕਾ ਦਰਸ਼ਕਾਂ ਦੇ ਮਨ ‘ਤੇ ਸੁਖਾਵਾਂ
ਪ੍ਰਭਾਵ ਛੱਡ ਗਿਆ।
-0-
|