ਕਿਰਤੀ ਦੇ ਲੜੀਵਾਰ
ਸ਼ਹੀਦੀ-ਲੜੀ ਕਾਲਮ ਹੇਠ ਅਪ੍ਰੈਲ 1927 ਅੰਕ ਦੇ ਸਫ਼ਾ 169 ਤੋਂ 175 ਤੱਕ ਅਤੇ ਦੂਜਾ ਭਾਗ ਮਈ
1927 ਅੰਕ ਦੇ ਸਫ਼ਾ 240 ਤੋਂ 247 ’ਤੇ ਬਿਨਾ ਲੇਖਕ ਦੇ ਨਾਂ ਤੋਂ ਸ਼ਹੀਦੀ-ਲੜੀ ਨੰ. 7 ਅਤੇ 8
ਵਿਚ ਛਪੇ ਦੋਨੋਂ ਭਾਗ ਜਿਹੜੇ ਹਨ ਪ੍ਰਮਾਣਕ ਪੇਸ਼ ਹੈ:
ਪੰਜਾਬ ਵਿਚ ਤਾਂ ਸ਼ੈਤ ਹੀ
ਕੋਈ ਨਿਭਾਗਾ ਹੋਉ, ਜਿਸਨੇ ਭਾਈ ਕਰਤਾਰ ਸਿੰਘ ਜੀ ਸਰਾਭਾ ਦੇ ਬਾਬਤ ਕੁਛ ਨਾ ਕੁਛ, ਨਾ ਸੁਣਿਆ
ਹੋਊ। ਉਸ ਨੇ ਛੋਟੀ ਜੇਹੀ ਉਮਰ ਵਿਚ ਹੀ ਜਿਸ ਬਹਾਦਰੀ, ਦਲੇਰੀ ਤੇ ਹੌਂਸਲੇ ਨਾਲ ਸ਼ਹੀਦੀ
ਪ੍ਰਾਪਤ ਕੀਤੀ ਸੀ, ਉਸ ਸ਼ਹੀਦੀ ਨੇ ਹਰ ਇਕ ਦੇ ਦਿਲ ਵਿਚ ਹੀ ਉਸ ਲਈ ਹਮਦਰਦੀ ਤੇ ਪ੍ਰੇਮ ਪੈਦਾ
ਕਰ ਦਿੱਤਾ ਸੀ, ਅਤੇ ਨਾਲ ਲਗਦੇ ਹੀ ਦੇਸ਼ ਨੂੰ ਅਜ਼ਾਦ ਕਰਾਉਣ ਦੀ ਲਹਿਰ ਵੀ ਚਲਾ ਦਿੱਤੀ ਸੀ।
ਭਾਈ ਕਰਤਾਰ ਸਿੰਘ ਜੀ ਦਾ ਨਾਮ ਬੜਾ ਉ¤ਘਾ ਹੈ, ਅਤੇ ਬੱਚਾ ਬੱਚਾ ਇਸ ਨਾਮ ਤੋਂ ਜਾਣੂ ਹੈ।
ਭਾਈ ਕਰਤਾਰ ਸਿੰਘ ਜੀ ਸਰਾਭਾ ਦੀ ਬਹਾਦਰੀ ਦੀ ਬਾਬਤ ਕਈ ਸਾਖੀਆਂ ਪ੍ਰਚਲਤ ਹਨ, ਜੇਹੜੀਆਂ ਕਿ
ਆਮ ਲੋਕਾਂ ਵਿਚ ਖਿਲਰੀਆਂ ਹੋਈਆਂ ਹਨ। ਉਹਨਾਂ ਸਾਰੀਆਂ ਦੇ ਹੀ ਇਕੱਠੇ ਕਰਨ ਦੀ ਲੋੜ ਹੈ।
ਅਸੀਂ ਹਾਲੀ ਭਾਈ ਜੀ ਦਾ ਸੰਖੇਪ ਜੇਹਾ ਹੀ ਜੀਵਨ ਦੇਂਦੇ ਹਾਂ।
ਬੀਰ ਕਰਤਾਰ ਸਿੰਘ ਦਾ ਜਨਮ ਸੰਨ 1896 ਵਿਚ ਹੋਇਆ ਸੀ। ਇਹ ਆਪਣੇ ਮਾਤਾ-ਪਿਤਾ ਦਾ ਇਕੋ ਹੀ
ਪੁੱਤਰ ਸੀ। ਇਸ ਦਾ ਪਿਤਾ ਇਸ ਨਾਲ ਬੜਾ ਹੀ ਪਿਆਰ ਕਰਦਾ ਸੀ, ਪਰ ਕਰਤਾਰ ਦੀ ਰਜ਼ਾ। ਇਸ ਦਾ
ਪਿਤਾ, ਅਜੇ ਇਹ ਛੋਟਾ ਜੇਹਾ ਹੀ ਸੀ, ਕਿ ਚੜ੍ਹਾਈ ਕਰ ਗਿਆ। ਵਿਚਾਰੇ ਕਰਤਾਰ ਸਿੰਘ ਨੂੰ ਨਿਕੇ
ਹੁੰਦੇ ਨੂੰ ਹੀ ਪਿਤਾ ਦਾ ਵਿਛੋੜਾ ਬੜਾ ਦੁੱਖਦਾਈ ਸਾਬਤ ਹੋਇਆ। ਪਰ ਇਸਦੇ ਬਾਬੇ ਨੇ ਇਸਦੀ
ਪਿਤਾ ਵਰਗੀ ਹੀ ਪਾਲਣਾ ਕੀਤੀ।
ਇਹ ਹੋਣਹਾਰ ਲੜਕਾ ਆਪਣੇ ਪਿੰਡ ਸਰਾਭੇ ਵਿਚ ਹੀ ਜੇਹੜਾ ਕਿ ਲੁਧਿਆਣੇ ਵਿਚ ਇਕ ਦਰਮਿਆਨਾ ਜਿਹਾ
ਪਿੰਡ ਹੈ, ਪਲਿਆ ਪੋਸਿਆ। ਇਹਨਾਂ ਦਾ ਖਾਨਦਾਨ ਜ਼ਿੰਮੀਦਾਰ ਸੀ। ਇਸ ਦੇ ਪਿਤਾ ਦਾ ਨਾਮ ਸਰਦਾਰ
ਮੰਗਲ ਸਿੰਘ ਜੀ ਸੀ। ਇਸ ਦੇ ਦੋ ਚਾਚੇ ਸਰਕਾਰੀ ਨੌਕਰ ਸਨ। ਇਕ ਤਾਂ ਯੂ.ਪੀ. (ਸੰਮਿਲਤ
ਪ੍ਰਾਂਤ) ਵਿਚ ਸਬ-ਇੰਸਪੈਕਟਰ ਸੀ, ਦੂਜਾ ਉੜੀਸਾ ਵਿਚ ਜੰਗਲਾਤ ਦੇ ਮਹਿਕਮੇ ਵਿਚ ਨੌਕਰ ਸੀ।
ਪਿਤਾ ਦੇ ਗੁਜ਼ਰ ਜਾਣ ਪਿਛੋਂ ਇਸ ਦੇ ਬਾਬੇ ਦੀ ਇਹ ਭਾਰੀ ਖਾਹਸ਼ ਸੀ ਕਿ ਉਸ ਦਾ ਪੋਤਰਾ ਚੰਗਾ
ਪੜ੍ਹ-ਲਿਖ ਜਾਵੇ, ਅਤੇ ਕਿਸੇ ਚੰਗੇ ਅਹੁਦੇ ਨੂੰ ਹਾਸਲ ਕਰੇ। ਉਸਦਾ ਬਾਬਾ ਉਸ ਨੂੰ
ਜ਼ਿੰਮੀਦਾਰੇ ਵਿਚ ਨਹੀਂ ਪੈਣ ਦੇਣਾ ਚਾਹੁੰਦਾ ਸੀ।
ਸਰਾਭੇ ਵਿਚ ਹੀ ਪ੍ਰਾਇਮਰੀ ਤੱਕ ਸਕੂਲ ਸੀ। ਕਰਤਾਰ ਨੂੰ ਉਥੇ ਸਕੂਲ ਵਿਚ ਹੀ ਪੜ੍ਹਨੇ ਪਾ
ਦਿੱਤਾ ਗਿਆ। ਪੜ੍ਹਾਈ ਵਿਚ ਇਹ ਕੋਈ ਐਡਾ ਹੁਸ਼ਿਆਰ ਨਹੀਂ ਸੀ। ਬਾਹਲਾ ਖੇਡਣ ਕੁੱਦਣ ਵਿਚ ਹੀ
ਧਿਆਨ ਰੱਖਦਾ ਸੀ। ਪਰ ਇਸਦਾ ਬਾਬਾ ਇਸ ਨੂੰ ਬਹੁਤ ਘੱਟ ਝਿੜਕਦਾ ਹੁੰਦਾ ਸੀ। ਇਹ ਨਿਚੱਲਾ
ਬੈਠਣਾ ਤਾਂ ਜਾਣਦਾ ਹੀ ਨਹੀਂ ਸੀ। ਇਸ ਵਿਚ ਬੜੀ ਫੁਰਤੀ ਤੇ ਚਲਾਕੀ ਸੀ। ਪਿੰਡ ਦੇ ਮੁੰਡੇ ਇਸ
ਨੂੰ ‘ਅਫ਼ਲਾਤੂ’ ਆਖਿਆ ਕਰਦੇ ਸਨ।
ਖੈਰ! ਇਸ ਨੇ ਛੇਆਂ ਕੁ ਵਰ੍ਹਿਆਂ ਪਿਛੋਂ ਪ੍ਰਾਇਮਰੀ ਪਾਸ ਕਰ ਲਈ। ਫੇਰ ਇਸ ਨੂੰ ਲੁਧਿਆਣੇ
ਖਾਲਸਾ ਹਾਈ ਸਕੂਲ ਵਿਚ ਦਾਖਲ ਕਰਾ ਦਿੱਤਾ ਗਿਆ। ਓਥੇ ਇਸ ਨੇ ਨੌਵੀਂ ਜਮਾਤ ਤੱਕ ਵਿੱਦਿਆ
ਪ੍ਰਾਪਤ ਕੀਤੀ। ਜ਼ਿੰਮੀਦਾਰਾਂ ਦੇ ਮੁੰਡੇ ਛੇਤੀ ਹੀ ਜਵਾਨ ਹੋ ਜਾਂਦੇ ਹਨ। ਇਹ ਚੰਗਾ ਸੋਹਣਾ
ਜਵਾਨ ਨਿਕਲਿਆ। ਇਸ ਦਾ ਕੱਦ ਕੋਈ ਪੰਜ ਫੁੱਟ ਅੱਠ ਇੰਚ ਸੀ। ਅੱਖਾਂ ਮੋਟੀਆਂ ਮੋਟੀਆਂ ਤੇ
ਬੜੀਆਂ ਸੋਹਣੀਆਂ ਸਨ। ਚਿਹਰੇ ਦਾ ਰੰਗ ਲਾਲ ਸੇਅ ਵਰਗਾ ਸੀ। ਦੰਦ ਮੋਤੀਆਂ ਦੇ ਦਾਣੇ ਸਨ।
ਖੇਡਾਂ ਵਿਚ ਬੜਾ ਹੁਸ਼ਿਆਰ ਸੀ। ਮਾਸਟਰ ਇਸ ਨਾਲ ਚੰਗਾ ਪਿਆਰ ਕਰਦੇ ਸਨ। ਸਕੂਲ ਵਿਚ ਹਰ ਇਕ
ਕੰਮ ਦਾ ਮੋਹਰੀ ਇਹ ਹੁੰਦਾ ਸੀ। ਲੜਕਿਆਂ ਦਾ ਇਹ ਜਮਾਂਦਰੂ ਆਗੂ ਸੀ, ਤੇ ਆਗੂ ਦੀਆਂ ਸਾਰੀਆਂ
ਹੀ ਇਸ ਵਿਚ ਸਿਫ਼ਤਾਂ ਸਨ। ਡਿਸਪਲਿਨ (ਤਰਤੀਬ) ਬੜੀ ਸੋਹਣੀ ਰੱਖ ਸਕਦਾ ਸੀ। ਪੜ੍ਹਾਈ ਵਿਚ
ਭਾਵੇਂ ਨਾ ਤਾਂ ਬਾਹਲਾ ਚੰਗਾ ਹੀ ਸੀ ਤੇ ਨਾ ਬਾਹਲਾ ਮਾੜਾ ਹੀ, ਪਰ ਫੇਰ ਵੀ ਕੋਈ ਕੁਦਰਤ
ਵਲੋਂ ਹੀ ਹਰ ਇਕ ਪੁਰਸ਼ ਉਸ ਨੂੰ ਚਾਹੁੰਦਾ ਸੀ ਅਤੇ ਉਸ ਨਾਲ ਪ੍ਰੇਮ ਕਰਦਾ ਸੀ।
ਸਕੂਲ ਵਿਚ ਹੀ ਇਹ ਬੜੇ ਅਜ਼ਾਦ ਖਿਆਲਾਂ ਦਾ ਸੀ। ਆਪਣਾ ਵੱਖਰਾ ਹੀ ਜਥਾ ਇਸ ਨੇ ਬਣਾਇਆ ਹੋਇਆ
ਸੀ ਤੇ ਬੜੀਆਂ ਮਨਕਤੀਆਂ ਕਰਦਾ ਰਹਿੰਦਾ ਸੀ। ਸੁਭਾਅ ਦਾ ਬੜਾ ਹੱਸਮੁੱਖ ਤੇ ਮਸਖ਼ਰਾ ਸੀ, ਹਰ
ਇਕ ਲੜਕਾ ਉਸ ਦਾ ਸੰਗੀ ਬਣਨ ਵਿਚ ਬੜਾ ਪ੍ਰਸੰਨ ਰਹਿੰਦਾ ਸੀ।
ਨੌਵੀਂ ਜਮਾਤ ਵਿਚੋਂ ਹੀ ਖਾਲਸਾ ਸਕੂਲ ਵਿਚੋਂ ਉਠ ਬੈਠਾ ਅਤੇ ਆਪਣੇ ਚਾਚੇ ਪਾਸ ਉੜੀਸਾ ਚਲਾ
ਗਿਆ, ਓਥੇ ਜਾ ਕੇ ਇਸ ਨੇ ਨੌਵੀਂ ਦਸਵੀਂ ਜਮਾਤ ਪਾਸ ਕਰ ਲਈ। ਉਥੇ ਇਸ ਨੂੰ ਅੰਗ੍ਰੇਜ਼ੀ ਬੋਲਣ
ਲਿਖਣ ਦਾ ਚੰਗਾ ਅਭਿਆਸ ਹੋ ਗਿਆ, ਅਤੇ ਇਹ ਅੰਗਰੇਜ਼ੀ ਦੀਆਂ ਚੰਗੀਆਂ ਚੰਗੀਆਂ ਪੁਸਤਕਾਂ ਪੜ੍ਹਨ
ਲੱਗ ਪਿਆ।
ਬੰਗਾਲ ਉੜੀਸਾ ਵੱਲ ਉਸ ਵੇਲੇ ਚੰਗੀ ਜਾਗ੍ਰਤ ਸੀ। ਕੁਛ ਪੁਸਤਕਾਂ ਪੜ੍ਹਨ ਨਾਲ ਤੇ ਕੁਛ ਉਧਰ
ਦੀ ਲਹਿਰ ਨੂੰ ਗਹੁ ਨਾਲ ਵੇਖਣ ਨਾਲ ਇਸ ਦੇ ਅਜ਼ਾਦ ਖਿਆਲ ਹੋਰ ਵੀ ਅਜ਼ਾਦ ਹੋ ਗਏ ਤੇ ਇਸ ਨੂੰ
ਦੇਸ਼ ਸੇਵਾ ਦੀ ਜਾਗ ਲੱਗ ਗਈ।
ਦਸਵੀਂ ਜਮਾਤ ਪਾਸ ਕਰਨ ਪਿਛੋਂ ਘਰ ਵਿਚ ਫੈਸਲਾ ਇਹ ਹੋਇਆ ਕਿ ਕਰਤਾਰ ਸਿੰਘ ਨੂੰ ਅਮਰੀਕਾ
ਘਲਿਆ ਜਾਵੇ। ਉਹ ਅਗੇ ਹੀ ਇਹ ਚਾਹੁੰਦਾ ਸੀ ਕਿ ਬਾਹਰਲੀ ਦੁਨੀਆਂ ਨੂੰ ਵੀ ਵੇਖੇ ਕਿ ਉਹ ਕੀ
ਕਰਦੀ ਹੈ। ਘਰੋਂ ਉੜੀਸਾ ਆਉਣ ਨਾਲ ਹੀ ਉਸਨੇ ਬਹੁਤ ਕੁਛ ਸਿਖਿਆ ਪ੍ਰਾਪਤ ਕੀਤੀ ਸੀ, ਤੇ ਉਸਦੀ
ਹੋਰ ਮੁਲਕ ਵੇਖਣ ਦੀ ਖਾਹਸ਼ ਸਗੋਂ ਇਸ ਗੱਲਬਾਤ ਨਾਲ ਹੋਰ ਚਮਕ ਉਠੀ। ਪਹਿਲਾਂ ਤਾਂ ਘਰਦੇ ਆਖਦੇ
ਸੀ, ਹੁਣ ਇਸ ਨੇ ਛੇਤੀ ਅਮਰੀਕਾ ਵਿਚ ਜਾਣ ਲਈ ਜ਼ੋਰ ਪਾਇਆ। ਆਖਰ ਪਾਸਪੋਰਟ ਬਣਵਾਇਆ ਗਿਆ ਤੇ
ਕਰਤਾਰ ਸਿੰਘ ਘਰਦਿਆਂ ਨੂੰ ਫਤਿਹ ਬੁਲਾ ਕੇ ਅਮਰੀਕਾ ਵੱਲ ਤੁਰ ਪਿਆ।
ਅਮਰੀਕਾ ਵਿਚ ਇਹ ਜਨਵਰੀ 1912 ਨੂੰ ਸਾਨਫਰਾਂਸਿਸਕੋ ਦੀ ਬੰਦਰਗਾਹ ਤੇ ਉਤਰਿਆ। ਇਮੀਗ੍ਰੇਸ਼ਨ
ਮਹਿਕਮਾ ਹਿੰਦੁਸਤਾਨੀਆਂ ਦੀ ਬੜੀ ਪੁੱਛ-ਪੜਤਾਲ ਕਰਕੇ ਅਮਰੀਕਾ ਵਿਚ ¦ਘਣ ਦੇਂਦਾ ਸੀ। ਇਸ ਨੂੰ
ਵੀ ਇਸਦੇ ਸਾਥੀਆਂ ਸਮੇਤ ਰੋਕ ਲਿਆ ਗਿਆ ਅਤੇ ਪੁਛ ਪੜਤਾਲ ਸ਼ੁਰੂ ਹੋਈ। ਇਸ ਨੂੰ ਪਤਾ ਲੱਗਾ ਕਿ
ਇਹ ਪੁੱਛ ਪੜਤਾਲ ਨਿਰੀ ਹਿੰਦੀਆਂ ਨੂੰ ਖੱਜਲ ਖਵਾਰ ਕਰਨ ਲਈ ਹੀ ਕੀਤੀ ਜਾਂਦੀ ਹੈ। ਇਸ ਗੱਲ
ਨਾਲ ਇਸ ਦੇ ਦਿਲ ’ਤੇ ਬੜੀ ਸੱਟ ਲੱਗੀ। ਇਸ ਨੂੰ ਪਹਿਲੀ ਵਾਰਾਂ ਮਾਲੂਮ ਹੋਇਆ ਕਿ ਕੌਮਾਂ ਦੇ
ਟੱਬਰ ਵਿਚ ਹਿੰਦੁਸਤਾਨ ਦਾ ਕੀ ਦਰਜਾ ਹੈ। ਅਤੇ ਹਿੰਦੁਸਤਾਨ ਕੇਹੜੀ ਅੱਖ ਨਾਲ ਵੇਖਿਆ ਜਾਂਦਾ
ਹੈ, ਇਸ ਨੂੰ ਆਪਣੀ ਡਿਗੀ ਹੋਈ ਹਾਲਤ ਤੇ ਬੜਾ ਅਫ਼ਸੋਸ ਲੱਗਾ। ਇਹ ਹਿੰਦੁਸਤਾਨ ਲਈ ਬੜੀ ਚਿੰਤਾ
ਕਰਨ ਲੱਗ ਪਿਆ।
ਇਮੀਗ੍ਰੇਸ਼ਨ ਦੇ ਮਹਿਕਮੇ ਦੇ ਵਡੇ ਅਫ਼ਸਰ ਨਾਲ ਕਰਤਾਰ ਸਿੰਘ ਦੀ ਹੇਠ ਲਿਖੀ ਗੱਲਬਾਤ ਹੋਈ:
ਅਫ਼ਸਰ: ਤੂੰ ਏਥੇ ਕੀ ਕਰਨ ਆਇਆ ਹੈਂ?
ਕਰਤਾਰ ਸਿੰਘ: ਮੈਂ ਪੜ੍ਹਨ ਵਾਸਤੇ ਆਇਆ ਹਾਂ।
ਅਫ਼ਸਰ: ਤੈਨੂੰ ਪੜ੍ਹਨ ਵਾਸਤੇ ਆਪਣੇ ਦੇਸ਼ ਹਿੰਦੁਸਤਾਨ ਵਿਚ ਕਿਤੇ ਥਾਂ ਨਾ ਮਿਲੀ?
ਕਰਤਾਰ ਸਿੰਘ: ਹਿੰਦੁਸਤਾਨ ਵਿਚ ਪੜ੍ਹਨ ਲਈ ਬਹੁਤ ਥਾਵਾਂ ਹਨ ਪਰ ਮੈਂ ਵਰਤਮਾਨ ਸਮੇਂ ਦੀ
ਚੰਗੀ ਵਿੱਦਿਆ ਕੈਲੀਫੋਰਨੀਆਂ ਯੂਨੀਵਰਸਿਟੀ ਵਿਚੋਂ ਪੜ੍ਹਨ ਲਈ ਆਇਆ ਹਾਂ।
ਅਫ਼ਸਰ: ਜੇ ਤੈਨੂੰ ਉਤਰਨ ਨਾ ਦਿੱਤਾ ਜਾਵੇ ਤਾਂ?
ਕਰਤਾਰ ਸਿੰਘ: ਇਹ ਬੜੀ ਬੇ-ਇਨਸਾਫ਼ੀ ਹੋਵੇਗੀ। ਜੇ ਵਿਦਿਆਰਥੀਆਂ ਨੂੰ ਵੀ ਇਹੋ ਜੇਹੀਆਂ
ਰੁਕਾਵਟਾਂ ਪਾਈਆਂ ਜਾਣ, ਤਾਂ ਸੰਸਾਰ ਵਿਚ ਉਨਤੀ ਕਿਵੇਂ ਹੋ ਸਕੇਗੀ? ਜੇ ਮੈਨੂੰ ਨਾ ਰੋਕਿਆ
ਜਾਵੇ ਅਤੇ ਮੈਂ ਜਾ ਕੇ ਵਿੱਦਿਆ ਹਾਸਲ ਕਰ ਲਵਾਂ, ਤਾਂ ਹੋ ਸਕਦਾ ਹੈ ਕਿ ਮੈਂ ਹੀ ਸੰਸਾਰ ਦੇ
ਭਲੇ ਲਈ ਕੋਈ ਐਸਾ ਕੰਮ ਕਰਾਂ, ਜੇਹੜਾ ਮੇਰੇ ਅਨਪੜ੍ਹ ਰਹਿਣ ਕਰਕੇ ਨਹੀਂ ਹੋ ਸਕਦਾ ਹੈ ਅਤੇ
ਇਸ ਤਰ੍ਹਾਂ ਸੰਸਾਰ ਨੂੰ ਇਕ ਭਾਰਾ ਘਾਟਾ ਪੈ ਸਕਦਾ ਹੈ।
ਕਿੱਡਾ ਸੋਹਣਾ ਉ¤ਤਰ ਹੈ। ਇਸ ਦੇ ਅਗੇ ਹੋਰ ਕੀ ਗੱਲ ਔੜ ਸਕਦੀ ਹੈ। ਅਫ਼ਸਰ ਲਾ ਜਵਾਬ ਹੋ ਗਿਆ
ਤੇ ਕਰਤਾਰ ਸਿੰਘ ਨੂੰ ਉਤਰ ਜਾਣ ਦੀ ਆਗਿਆ ਮਿਲ ਗਈ।
ਉਤਰ ਕੇ ਆਪ ਯੂਲੋ ਕਾਊਂਟੀ (ਜ਼ਿਲੇ) ਵਿਚ ਆਪਣੇ ਸਿੱਖ ਭਰਾਵਾਂ ਪਾਸ ਚਲੇ ਗਏ, ਅਤੇ ਉਥੇ ਰਹਿਣ
ਸਹਿਣ ਲੱਗ ਪਏ। ਸਿੱਖ ਓਥੇ ਬਾਗ਼ਾਂ ਵਿਚ ਫ਼ਲ-ਮੇਵੇ ਤੋੜਨ ਦੀ ਕਿਰਤ ਕਰਿਆ ਕਰਦੇ ਸਨ। ਆਪ ਵੀ
ਉਹਨਾਂ ਦੀ ਪਾਰਟੀ ਵਿਚ ਸ਼ਾਮਲ ਹੋ ਗਏ ਅਤੇ ਥੋੜ੍ਹੇ ਚਿਰ ਵਿਚ ਹੀ ਆਪਣੇ ਭਰਾਵਾਂ ਦੀ ਜ਼ਿੰਦਗੀ
ਤੋਂ ਜਾਣੂ ਹੋ ਗਏ।
ਉਹਨਾਂ ਨੂੰ ਓਥੇ ਕਈ ਗੱਲਾਂ ਦਾ ਪਤਾ ਲੱਗਾ। ਹਿੰਦੁਸਤਾਨੀਆਂ ਨੂੰ ਕਿਸ ਇੱਜ਼ਤ ਤੇ ਮਾਣ ਨਾਲ
ਵੇਖਿਆ ਜਾਂਦਾ ਹੈ, ਇਸਦਾ ਉਹਨਾਂ ਨੂੰ ਚੰਗੀ ਤਰ੍ਹਾਂ ਗਿਆਨ ਹੋ ਗਿਆ। ਫ਼ੇਰ ਓਥੇ ਇਕ ਗੋਰੇ ਦੇ
ਮੁਕਾਬਲੇ ਤੇ ਇਕ ਹਿੰਦੁਸਤਾਨੀ ਦਾ ਕੀ ਮੁੱਲ ਪੈਂਦਾ ਹੈ, ਇਸ ਦੀ ਉਹਨਾਂ ਨੂੰ ਵਾਕਫ਼ੀ ਹੋਈ।
‘ਕਾਲਾ ਕੁਲੀ’ ਕੌਣ ਹੁੰਦਾ ਹੈ? ਸਰਕਾਰ ਅੰਗ੍ਰੇਜ਼ੀ ਦੀ ਪ੍ਰਜਾ ਦੀ ਕਿੰਨੀ ਕੁ ਇੱਜ਼ਤ ਹੁੰਦੀ
ਹੈ? ਸਰਕਾਰ ਅੰਗਰੇਜ਼ੀ ਦੇ ਚਾਟੜੇ ਹਿੰਦੁਸਤਾਨੀਆਂ ਨੂੰ ਓਥੇ ਕਿਸ ਨਜ਼ਰ ਨਾਲ ਵੇਖਦੇ ਹਨ?
ਇਹਨਾਂ ਗੱਲਾਂ ਨੇ ਨੌਜਵਾਨ ਕਰਤਾਰ ਸਿੰਘ ਦੀਆਂ ਅੱਖਾਂ ਖੋਲ੍ਹ ਦਿੱਤੀਆਂ, ਤੇ ਉਹ ਆਪਣੀ
ਦੁਰਦਸ਼ਾ ਤੇ ਅਥਰੂ ਵਹੌਣ ਲੱਗ ਪਿਆ।
ਗੁਲਾਮ ਨੂੰ ਆਪਣੀ ਗੁਲਾਮੀ ਦਾ ਪਤਾ ਆਪਣੇ ਘਰ ਵਿਚ ਹੀ ਨਹੀਂ ਲਗਦਾ। ਉਹ ਜਦੋਂ ਘਰੋਂ ਬਾਹਰ
ਨਿਕਲਕੇ ਵੇਖਦਾ ਹੈ, ਕਿ ਅਜ਼ਾਦ ਲੋਕ ਕਿਦਾਂ ਵਸਦੇ ਹਨ, ਤਾਂ ਉਸ ਨੂੰ ਆਪਣੇ ਬੰਧਨਾਂ ਦਾ ਪਤਾ
ਲਗਦਾ ਹੈ। ਉਹ ਗੁਲਾਮ ਫੇਰ ਆਪਣੇ ਬੰਧਨਾਂ ਨੂੰ ਤੋੜਨ ਲਈ ਕਾਹਲਾ ਪੈ ਜਾਂਦਾ ਹੈ। ਅਤੇ
ਚਾਹੁੰਦਾ ਹੈ ਕਿ ਉਹ ਜੰਜੀਰ ਜਿਨ੍ਹਾਂ ਨੇ ਉਸਨੂੰ ਜਕੜਿਆ ਹੋਇਆ ਹੈ, ਝਟਪਟ ਹੀ ਟੁੱਟ ਜਾਣ।
ਪਰ ਜਿਨ੍ਹਾਂ ਨੇ ਉਹ ਜ਼ੰਜੀਰ ਪਾਏ ਹੋਏ ਹੁੰਦੇ ਹਨ, ਉਹ ਕਦ ਟੁਟਣ ਦੇਂਦੇ ਹਨ। ਏਸੇ ਲਈ ਹੀ
ਤਾਂ ਝਗੜਾ ਉਠਦਾ ਹੈ।
ਕਰਤਾਰ ਸਿੰਘ ਜੀ ਜਦ ਅਮਰੀਕਾ ਗਏ, ਤਾਂ ਉਹ ਏਥੋਂ ਗੁਲਾਮੀ ਵਿਚੋਂ ਗਏ ਸਨ। ਉਹਨਾਂ ਨੇ ਜਦ
ਉਥੇ ਸੁਤੰਤਰ ਆਦਮੀਆਂ ਨੂੰ ਵਿਚਰਦਿਆਂ ਦੇਖਿਆ ਤਾਂ ਉਹਨਾਂ ਨੂੰ ਘਰ ਯਾਦ ਆ ਗਿਆ। ਘਰ ਦੇ ਯਾਦ
ਔਣ ਨਾਲ ਹੀ ਉਹਨਾਂ ਨੂੰ ਉਹ ਗੁਲਾਮੀ ਚੇਤੇ ਆ ਗਈ ਜਿਸ ਵਿਚ ਉਸਦੇ ਦੇਸ਼-ਵਾਸੀ ਸੜ ਰਹੇ ਸਨ
ਅਤੇ ਜਿਸ ਵਿਚੋਂ ਉਹ ਹੁਣੇ ਹੀ ਨਿਕਲਕੇ ਗਿਆ ਸੀ। ਉਹ ਭਾਰਤ ਵਰਸ਼ ਦੀ ਦੁਰਦਸ਼ਾ ਦੇਖਕੇ ਬੜਾ
ਸੜਿਆ। ਉਹ ਜਿਉਂ ਜਿਉਂ ਅਮਰੀਕਾ ਤੇ ਹਿੰਦੁਸਤਾਨ ਦਾ ਟਾਕਰਾ ਕਰਦਾ ਗਿਆ ਉਸਨੂੰ ਤਿਉਂ ਤਿਉਂ
ਹੀ ਅੱਗ ਲਗਦੀ ਗਈ। ਕਿਥੇ ਅਮਰੀਕਾ ਕਿ ਜਿਥੇ ਪ੍ਰੈਜ਼ੀਡੈਂਟ ਦੇ ਮੂੰਹ ’ਤੇ ਵੀ ਖਰੀਆਂ ਖਰੀਆਂ
ਸੁਣਾਈਆਂ ਜਾ ਸਕਦੀਆਂ ਸਨ ਕਿਥੇ ਹਿੰਦੁਸਤਾਨ ਜਿਥੇ ਪੁਲਸ ਦੇ ਸਿਪਾਹੀ ਦੇ ਅਗੇ ਬੋਲਣਾ ਵੀ
ਮੌਤ ਖਰੀਦਣੀ ਸੀ। ਕਿਥੇ ਅਮਰੀਕਾ ਜਿਥੇ ਹਰ ਇਕ ਪੁਰਸ਼ ਹੀ ਜੇਹੜੇ ਸ਼ਸਤਰ ਚਾਹੇ ਰੱਖ ਸਕਦਾ ਸੀ
ਤੇ ਕਿਥੇ ਹਿੰਦੁਸਤਾਨ ਜਿਥੇ ਕੁਹਾੜੀਆਂ ਰੱਖਣ ’ਤੇ ਵੀ ਮੁਕੱਦਮੇ ਚਲਾ ਕੇ ਜੇਹਲ ਵਿਚ ਸੁਟਿਆ
ਜਾਂਦਾ ਸੀ। ਕਿਥੇ ਅਮਰੀਕਾ ਜਿਥੇ ਹਰ ਇਕ ਪੁਰਸ਼ ਹੀ ਸਰਕਾਰ ਦੇ ਬਨੌਣ ਢਾਹੁਣ ਵਿਚ ਹਿੱਸਾ ਲੈ
ਸਕਦਾ ਸੀ, ਕਿਥੇ ਹਿੰਦੁਸਤਾਨ ਜਿਥੇ ਏਹੋ ਜੇਹੀ ਮੰਗ ਕਰਨੀ ਵੀ ਬਾਗੀ ਅਖਵਾਉਣਾ ਸੀ।
ਇਹਨਾਂ ਗੱਲਾਂ ਨੇ ਕਰਤਾਰ ਸਿੰਘ ਦੇ ਖਿਆਲਾਂ ਨੂੰ ਪਲਟਾ ਦਿੱਤਾ। ਉਹ ਨੌਜਵਾਨ ਸੀ, ਨੌਜਵਾਨ
ਏਹੋ ਜੇਹੀਆਂ ਗਲਾਂ ਨੂੰ ਬਾਹਲਾ ਹੀ ਮਹਿਸੂਸ ਕਰਨ ਲੱਗ ਪੈਂਦਾ ਹੈ। ਉਸ ਵਿਚ ਬੜਾ ਜੋਸ਼ ਸੀ,
ਉਸ ਨੇ ਆਪਣੀ ਜ਼ਿੰਦਗੀ ਦੇ ਮਿਸ਼ਨ ਦਾ ਫ਼ੈਸਲਾ ਕਰ ਲਿਆ। ਉਸ ਨੇ ਆਪਣੇ ਆਪ ਨਾਲ ਹੀ ਫੈਸਲਾ ਕਰ
ਲਿਆ ਕਿ ਬਸ ਮੇਰੀ ਜ਼ਿੰਦਗੀ ਕੌਮ ਤੇ ਦੇਸ਼ ਲਈ ਹੀ ਅਰਪਣ ਹੈ। ਇਸ ਲਈ ਉਸਨੇ ਆਪਣੇ ਮਿਸ਼ਨ ਦੇ
ਪੂਰਾ ਕਰਨ ਲਈ ਕਮਰ ਕੱਸੇ ਕਰ ਲਏ।
ਉਸ ਨੇ ਸੋਚਿਆ ਕਿ ਹੁਣ ਹਿਸਾਬ ਕਰਨ ਦਾ ਸਮਾਂ ਨਹੀਂ। ਹੁਣ ਕੰਮ ਕਰਨ ਦਾ ਵੇਲਾ ਹੈ। ਇਸ ਲਈ
ਉਹ ਉਥੇ ਹੀ ਜੁੱਟ ਪਿਆ ਅਤੇ ਆਪਣੇ ਭਰਾਵਾਂ ਵਿਚ ਰਾਜਨੀਤਕ ਜਾਗਰਤ ਦਾ ਕੰਮ ਆਰੰਭ ਦਿੱਤਾ। ਉਸ
ਨੇ ਆਪਣੇ ਮੁਲਕ ਦੀ ਗੁਲਾਮੀ ਦੇ ਰੋਣੇ ਰੋਏ ਅਤੇ ਆਖਿਆ, ਕਿ ਸਾਡਾ ਵੀ ਕੁਛ ਫਰਜ਼ ਮੁਲਕ ਤੇ
ਕੌਮ ਲਈ ਹੈ। ਸਾਨੂੰ ਵੀ ਆਪਣੇ ਭਰਾਵਾਂ ਦਾ ਕੁਛ ਸਵਾਰਨਾ ਚਾਹੀਦਾ ਹੈ ਅਤੇ ਦੇਸ਼ ਨੂੰ ਗੁਲਾਮੀ
ਦੀ ਲਾਹਨਤ ਤੋਂ ਛੁਡਾਉਣਾ ਚਾਹੀਦਾ ਹੈ।
ਅਮਰੀਕਾ ਵਿਚ ਅਗੇ ਹੀ ਕਿੰਨੇ ਹੀ ਪੁਰਸ਼ ਸਨ ਜੇਹੜੇ ਆਪਣੀ ਅਵਸਥਾ ਤੇ ਸੜੇ-ਬਲੇ ਬੈਠੇ ਸਨ। ਉਹ
ਅਗੇ ਹੀ ਚਾਹੁੰਦੇ ਸਨ ਕਿ ਕੋਈ ਏਹੋ ਜੇਹਾ ਕੰਮ ਸ਼ੁਰੂ ਹੋਵੇ ਤਾਂ ਅਸੀਂ ਆਪਣੇ ਦਿਲਾਂ ਦੀ
ਹਵਾੜ ਕਢੀਏ। ਆਖਰ ਕੋਈ ਨੌਂ ਕੁ ਸਜਨ ਹੋਰ ਰਲ ਗਏ ਤੇ ਇਨ੍ਹਾਂ ਸਾਰਿਆਂ ਨੇ ਹੀ ਦੇਸ਼ ਤੋਂ ਤਨ
ਮਨ ਧਨ ਵਾਰਨ ਦਾ ਪ੍ਰਣ ਕਰ ਲਿਆ। ਇਹ ਵਾਰਦਾਤ ਮਈ 1912 ਦੀ ਹੈ।
ਜੂਨ 1912 ਵਿਚ ਇਕ ਮੀਟਿੰਗ ਰੱਖੀ ਗਈ ਜਿਸ ਤੇ ਆਉਣ ਲਈ ਬੜਾ ਪ੍ਰਚਾਰ ਕੀਤਾ ਗਿਆ। ਇਸ
ਮੀਟਿੰਗ ਦੇ ਰੱਖਣ ਦਾ ਵੱਡਾ ਕਾਰਨ ਇਹ ਸੀ ਕਿ ਹਿੰਦੁਸਤਾਨ ਨੂੰ ਅਜ਼ਾਦ ਕਰੌਣ ਲਈ ਸੋਚਾਂ
ਸੋਚੀਆਂ ਜਾਣ। ਇਸ ਮੀਟਿੰਗ ਵਿਚ ਬੜੇ ਬੜੇ ਉਘੇ ਪੁਰਸ਼ ਸ਼ਾਮਲ ਹੋਏ, ਤੇ ਪਾਸ ਹੋਇਆ ਕਿ ‘ਗ਼ਦਰ’
ਅਖ਼ਬਾਰ ਕੱਢਿਆ ਜਾਵੇ। ਬਸ ਇਸ ਤਜਵੀਜ਼ ਦੇ ਪਾਸ ਹੋਣ ਦੀ ਹੀ ਦੇਰ ਸੀ ਕਿ ਰੁਪਏ ਧੜਾ ਧੜ ਆਉਣੇ
ਸ਼ੁਰੂ ਹੋ ਗਏ। ਇਕ ਹੈਂਡ ਪ੍ਰੈਸ (ਹੱਥਾਂ ਨਾਲ ਚਲਾਉਣ ਵਾਲਾ ਪ੍ਰੈਸ) ਖਰੀਦ ਲਿਆ ਗਿਆ ਅਤੇ
ਦੇਸ਼ ਭਗਤਾਂ ਨੇ ਕੰਮ ਆਰੰਭ ਕਰ ਦਿੱਤਾ। ਦੇਸ਼ ਭਗਤਾਂ ਨੂੰ ਕੰਮ ਕਰਨ ਦਾ ਇਤਨਾਂ ਪ੍ਰੇਮ ਤੇ
ਚਾਅ ਸੀ, ਕਿ ਉਹ ਮਸ਼ੀਨ ਵੀ ਆਪਣੇ ਹੱਥਾਂ ਨਾਲ ਹੀ ਚਲਾਉਂਦੇ ਸਨ। ਜਦ ਥੱਕ ਟੁੱਟ ਕੇ ਹਾਰ
ਜਾਂਦੇ ਤਾਂ ਆਪੋ ਵਿਚੀਂ ਠੱਠਾ ਮਖੌਲ ਕਰਦੇ ਤੇ ਪੜ੍ਹਦੇ: ‘ਸੇਵਾ ਦੇਸ਼ ਦੀ ਜਿੰਦੜੀਏ ਬੜੀ
ਔਖੀ, ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ! ਜਿਨ੍ਹਾਂ ਦੇਸ਼ ਸੇਵਾ ਵਿਚ ਪੈਰ ਪਾਇਆ, ਉਹਨਾਂ
ਲੱਖ ਮੁਸੀਬਤਾਂ ਝੱਲੀਆਂ ਨੇ।’
ਪਹਿਲਾਂ ਪਹਿਲਾਂ ਇਹ ਅਖ਼ਬਾਰ ਗੁਰਮੁਖੀ ਵਿਚ ਛਪਦਾ ਸੀ। ਇਸ ਦਾ ਵੱਡਾ ਲਿਖਾਰੀ ਸਾਡਾ ਬੀਰ
ਕਰਤਾਰ ਸਿੰਘ ਹੀ ਸੀ। ਇਸ ਦਾ ਮੁੱਖ ਮੰਤਵ ਹਿੰਦੁਸਤਾਨ ਦੀ ਪੂਰਨ ਅਜ਼ਾਦੀ ਅਤੇ ਆਪਣੀ ਗੌਰਮੈਂਟ
ਸਥਾਪਤ ਕਰਨ ਦਾ ਸੀ।
ਇਸ ਪਰਚੇ ਨੇ ਦਿਨਾਂ ਵਿਚ ਹੀ ਸਾਰੇ ਹਿੰਦੀਆਂ ਦਾ ਧਿਆਨ ਆਪਣੀ ਵੱਲ ਖਿੱਚ ਲਿਆ। ਥੋੜ੍ਹੇ
ਜਿਹੇ ਚਿਰ ਵਿਚ ਹੀ ਇਹ ਪਰਚਾ ਐਡਾ ਮਸ਼ਹੂਰ ਹੋਇਆ ਕਿ ਹਰ ਥਾਂ ਗ਼ਦਰ, ਗ਼ਦਰ ਦੇ ਹੀ ਨਾਹਰੇ ਲੱਗਣ
ਲੱਗ ਪਏ। ਲੋਕਾਂ ਵਿਚ ਬੜਾ ਜੋਸ਼ ਤੇ ਉਤਸ਼ਾਹ ਭਰ ਗਿਆ। ਲੋਕਾਂ ਵਿਚ ਇਤਨੀ ਕੁਰਬਾਨੀ ਦੀ
ਸਪਿਰਿਟ ਆ ਗਈ ਕਿ ਉਹ ਦੇਸ਼ ਦੀ ਅਜ਼ਾਦੀ ਖਾਤਰ ਤਨ, ਮਨ, ਧਨ ਵਾਰਨ ਲਈ ਤਿਆਰ ਬਰ ਤਿਆਰ ਹੋ ਗਏ।
ਇਸ ਦੇ ਕੁਝ ਚਿਰ ਪਿਛੋਂ ਵੱਡੀ ਮਸ਼ੀਨ ਲਾਉਣ ਦੀ ਤਜਵੀਜ਼ ਪਾਸ ਹੋਈ। ਲੋਕਾਂ ਨੇ ਬਗੈਰ ਪੁਛਿਆਂ
ਗਿੱਛਿਆਂ ਦੇ ਹੀ ਆਪ ਆਣ ਆਣ ਕੇ ਰੁਪੈ ਦੇਣੇ ਸ਼ੁਰੂ ਕਰ ਦਿੱਤੇ। ਇਕ ਲੈਥੋ ਦੀ ਵਡੀ ਮਸ਼ੀਨ
ਖਰੀਦੀ ਗਈ ਅਤੇ ਸ਼ਹਿਰ ਫ੍ਰਾਂਸਿਸਕੋ ਦੇ ਇਕ ਰੌਣਕ ਵਾਲੇ ਬਜ਼ਾਰ ਵਿਚ ਇਕ ਬੜੇ ਸੋਹਣੇ ਮਕਾਨ
ਵਿਚ ਲਾਈ ਗਈ, ਇਸ ਦੇ ਚਲਾਣ ਵਾਸਤੇ ਇਕ ਬਿਜਲੀ ਦੀ ਮੋਟਰ ਵੀ ਖਰੀਦੀ ਗਈ।
ਇਸ ਅਖ਼ਬਾਰ ਨੇ ਏਨੀ ਉ¤ਨਤੀ ਕੀਤੀ, ਕਿ ਪ੍ਰਬੰਧਕਾਂ ਪਾਸ ਮੰਗਾਂ ਆਉਣ ਲੱਗ ਪਈਆਂ ਕਿ ਇਸ
ਅਖ਼ਬਾਰ ਨੂੰ ਛੇਤੀ ਹੀ ਉਰਦੂ, ਗੁਜਰਾਤੀ ਤੇ ਹਿੰਦੀ ਵਿਚ ਕੀਤਾ ਜਾਵੇ। ਪ੍ਰਬੰਧਕਾਂ ਨੇ ਲੋਕਾਂ
ਦੀ ਮੰਗ ਨੂੰ ਸਿਰ ਮੱਥੇ ਪ੍ਰਵਾਨ ਕੀਤਾ ਅਤੇ ਇਹ ਅਖ਼ਬਾਰ ਹਿੰਦੀ, ਉਰਦੂ ਤੇ ਗੁਜਰਾਤੀ ਵਿਚ ਵੀ
ਨਿਕਲਣਾ ਸ਼ੁਰੂ ਹੋ ਗਿਆ।
ਇਹ ਅਖ਼ਬਾਰ ਹਜ਼ਾਰਾਂ ਦੀ ਗਿਣਤੀ ਵਿਚ ਛਪਦੇ ਸਨ ਅਤੇ ਹਰ ਇਕ ਨੂੰ ਮੁਫ਼ਤ ਹੀ ਘਲੇ ਜਾਂਦੇ ਸਨ।
ਕਦੇ ਕਿਸੇ ਕੋਲੋਂ ਚੰਦਾ ਨਹੀਂ ਮੰਗਿਆ ਜਾਂਦਾ ਸੀ। ਇਸ ਸਾਰੇ ਹੀ ਕੰਮ ਕਾਜ ਵਿਚ ਬਹੁਤ ਸਾਰਾ
ਪੁਰਸ਼ਾਰਥ ਭਾਈ ਕਰਤਾਰ ਸਿੰਘ ਜੀ ਦਾ ਸੀ। ਉਹ ਬੜੇ ਹੀ ਪ੍ਰੇਮ ਨਾਲ ਅਤੇ ਦਿਲੀ ਲਗਨ ਨਾਲ ਕੰਮ
ਕਰਦਾ ਸੀ। ਅਤੇ ਉਸਦਾ ਚੇਹਰਾ ਹਰ ਵੇਲੇ ਹਸੂੰ ਹਸੂੰ ਹੀ ਕਰਦਾ ਰਹਿੰਦਾ ਸੀ। ਇਹ ਉਸਦੇ ਯਤਨਾਂ
ਦਾ ਹੀ ਫਲ ਸੀ ਕਿ ਜਿਥੇ ਕਿਥੇ ਵੀ ਕੋਈ ਹਿੰਦ ਵਾਸੀ ਸੀ, ਓਥੇ ਹੀ ਉਸਨੂੰ ਪਰਚਾ ਪਹੁੰਚਾਇਆ
ਜਾਂਦਾ ਸੀ। ਇਸ ਅਖ਼ਬਾਰ ਦਾ ਚੰਦਾ ਹੀ ਕੋਈ ਨਹੀਂ ਰਖਿਆ ਗਿਆ ਸੀ। ਇਸ ਦੀ ਸਹਾਇਤਾ ਲਈ ਇਸ ਦੇ
ਪ੍ਰੇਮੀ ਸੌ, ਸੌ, ਦੋ, ਦੋ ਸੌ ਰੁਪੈ ਦੇਣਾ ਇਕ ਮਾਮੂਲੀ ਗੱਲ ਸਮਝਦੇ ਸਨ।
ਇਹ ਗ਼ਦਰ ਦੀ ਲਹਿਰ ਐਸੀ ਚੱਲੀ ਕਿ ਦੇਸ਼ ਭਗਤਾਂ ਨੂੰ ਪੂਰੀ ਆਸ ਹੋ ਗਈ ਕਿ ਬਸ ਮੈਦਾਨ ਮਾਰਿਆ
ਹੀ ਪਿਆ ਹੈ। ਉਹਨਾਂ ਦਾ ਉਹ ਮੁਲਕੀ ਪ੍ਰੇਮ, ਉਹਨਾਂ ਦਾ ਉਸ ਵੇਲੇ ਦਾ ਕੁਰਬਾਨੀ ਦਾ ਭਾਵ,
ਉਹਨਾਂ ਦਾ ਉਹ ਸੇਵਾ ਦਾ ਚਾਅ, ਇਹ ਅਖਰਾਂ ਵਿਚ ਸ਼ਕਤੀ ਨਹੀਂ ਹੈ ਕਿ ਲਿਖੇ ਜਾ ਸਕਣ, ਉਹ ਸਭ
ਦੇ ਸਭ ਹੀ ਸੇਵਾ ਦੇ ਪੁੰਜ, ਕੁਰਬਾਨੀ ਦੇ ਪੁਤਲੇ ਸਨ ਅਤੇ ਇਕ ਦੂਜੇ ਨਾਲੋਂ ਵੱਧ ਵੱਧ ਚੜ੍ਹ
ਚੜ੍ਹ ਕੇ ਕੁਰਬਾਨੀਆਂ ਕਰਦੇ ਸਨ।
ਇਨ੍ਹਾਂ ਅਖ਼ਬਾਰਾਂ ਦਾ ਕੰਮ ਬਹੁਤ ਸੋਹਣਾ ਚਲ ਪਿਆ। ਕਰਤਾਰ ਸਿੰਘ ਦੇ ਦਿਲ ਵਿਚ ਫੁਰਨਾ ਫੁਰਿਆ
ਕਿ ਹਵਾਈ ਜਹਾਜ਼ਾਂ ਦਾ ਕੰਮ ਵੀ ਕਿਉਂ ਨਾ ਸਿਖਿਆ ਜਾਵੇ। ਬਸ ਸਲਾਹ ਬਨਣ ਦੀ ਹੀ ਦੇਰ ਸੀ, ਕਿ
ਉਹ ਸ਼ੇਰ ਇਸ ਕੰਮ ਦੇ ਸਿਖਣ ਲਈ ਵੀ ਤਿਆਰ ਹੋ ਗਿਆ।
ਇਸ ਕੰਮ ਦੇ ਸਿਖਣ ਲਈ ਉਹ ਮਰਦ ਅਮਰੀਕਨ ਹਵਾਈ ਜਹਾਜ਼ਾਂ ਦੀ ਕੰਪਨੀ ਨਿਊਯਾਰਕ ਵਿਚ ਜਾ ਦਾਖਲ
ਹੋਇਆ। ਥੋੜੇ ਜੇਹੇ ਚਿਰ ਵਿਚ ਹੀ ਹਵਾਈ ਜਹਾਜ਼ ਚਲਾਉਣਾ, ਮੁਰੰਮਤ ਕਰਨਾ ਤੇ ਬਣਾਉਣਾ ਸਿੱਖ
ਗਿਆ। ਓਹੋ ਹੀ ਕਰਤਾਰ ਸਿੰਘ ਜਿਹੜਾ ਏਥੇ ਪੜ੍ਹਾਈ ਵਿਚ ਵਿਚਲੇ ਜੇਹੇ ਮੇਲ ਦਾ ਸੀ, ਓਥੇ ਬੜਾ
ਲਾਇਕ ਸਾਬਤ ਹੋਇਆ। ਲੋਕ ਉਸ ਦੀ ਲਿਆਕਤ ਤੇ ਅਸ਼ ਅਸ਼ ਕਰਦੇ ਸਨ ਅਤੇ ਕਈ ਆਖਿਆ ਕਰਦੇ
ਹਨ,‘‘ਕਰਤਾਰ ਸਿੰਘ ਤੂੰ ਸੱਚਮੁਚ ਹੀ ਅਫ਼ਲਾਤੂ ਹੈ।’’
ਕਾਮਾਗਾਟਾ ਮਾਰੂ ਜਦ ਅਮਰੀਕਾ ਤੋਂ ਵਾਪਸ ਮੋੜ ਦਿੱਤਾ ਗਿਆ ਸੀ ਤਾਂ ਸਰਦਾਰ ਕਰਤਾਰ ਸਿੰਘ ਜੀ
ਦੋ ਹੋਰ ਸਾਥੀਆਂ ਸਮੇਤ ਹਵਾਈ ਜਹਾਜ਼ ਵਿਚ ਚੜ੍ਹਕੇ ਕੋਬੇ ਜਾਪਾਨ ਆਏ ਸਨ, ਅਤੇ ਜਾਪਾਨ ਆ ਕੇ
ਸਭ ਗੱਲ ਬਾਤ ਹੋਈ ਸੀ।
ਹੁਣ ਜੰਗ ਛਿੜ ਪਈ ਸੀ। ਉਹੋ ਹੀ ਜੰਗ ਜੇਹੜਾ ਕਿ ਪੱਛਮੀ ਲੋਕ ਦਸਦੇ ਸਨ ਕਿ ਇਹ ਅਜ਼ਾਦੀ ਦੀ
ਖਾਤਰ ਲੜਿਆ ਜਾਣਾ ਹੈ। ਪਰ ¦ਮੀ ਸੋਚ ਵਾਲਿਆਂ ਨੂੰ ਪਤਾ ਸੀ, ਕਿ ਇਹ ਅਜ਼ਾਦੀ ਦਾ ਨਾਮ ਤਾਂ
ਲੋਕਾਂ ਨੂੰ ਫਸਾਉਣ ਲਈ ਚੋਗਾ ਹੀ ਹੈ। ਅਸਲ ਵਿਚ ਇਹ ਜੰਗ ਤਾਂ ਸਰਮਾਇਆਦਾਰ ਆਪਣੇ ਸੁਆਰਥ ਲਈ,
ਆਪਣੇ ਵਪਾਰ ਲਈ ਤੇ ਨਵੀਆਂ ਮੰਡੀਆਂ ਲੱਭਣ ਲਈ ਲੜ ਰਹੇ ਹਨ। ਹਿੰਦੁਸਤਾਨ ਵੀ ਇਸ ਚੋਗੇ ’ਤੇ
ਫਸ ਗਿਆ ਪਰ ਅਮਰੀਕਨ ਹਿੰਦੀ ਇਹਨਾਂ ਵਿਚ ਰਹਿਣ ਸਹਿਣ ਕਰਕੇ ਇਹਨਾਂ ਦੀਆਂ ਚਾਲਾਂ ਨੂੰ ਤੇ
ਇਹਨਾਂ ਦੀ ਚਤੁਰ ਵਿੱਦਿਆ ਨੂੰ ਸਭ ਬੁਝਦੇ ਸਨ। ਉਹ ਜਾਣਦੇ ਸਨ ਕਿ ਇਸ ਜੰਗ ਦਾ ਨਤੀਜਾ ਅਜ਼ਾਦੀ
ਨਹੀਂ ਸਗੋਂ ਅਗੇ ਨਾਲੋਂ ਵੀ ਕਰੜੀ ਗੁਲਾਮੀ ਹੋਵੇਗਾ। ਇਸ ਲਈ ਉਹਨਾਂ ਨੇ ਏਹੋ ਹੀ ਚੰਗਾ
ਮੌਕਿਆ ਸਮਝਿਆ ਕਿ ਹੁਣ ਜਦਕਿ ਅੰਗਰੇਜ਼ ਲੜਾਈ ਵਿਚ ਸ਼ਾਮਿਲ ਹਨ, ਤਾਂ ਹਿੰਦੁਸਤਾਨ ਨੂੰ ਆਪਣੀ
ਅਜ਼ਾਦੀ ਦਾ ਫ਼ੈਸਲਾ ਕਰ ਲੈਣਾ ਚਾਹੀਦਾ ਹੈ ਅਤੇ ਜਦ ਤੱਕ ਫੈਸਲਾ ਨਾ ਹੋ ਜਾਵੇ, ਹਿੰਦੀਆਂ ਨੂੰ
ਹੋਰ ਕਿਸੇ ਕੰਮ ਲਈ ਪੈਰ ਵੀ ਨਹੀਂ ਪੁੱਟਣਾ ਚਾਹੀਦਾ ਹੈ।
ਇਸ ਅਜ਼ਾਦੀ ਦੀ ਖਾਤਰ ਸੈਂਕੜੇ ਹੀ ਸਿੰਘ ਅਤੇ ਕਈ ਹਿੰਦੂ ਮੁਸਲਮਾਨ ਹਿੰਦੁਸਤਾਨ ਨੂੰ ਤਿਆਰ ਹੋ
ਪਏ। ਉਹਨਾਂ ਨੇ ਆਪਣੇ ਸਾਰੇ ਕੰਮ ਕਾਜ ਵਿਚੇ ਹੀ ਛੱਡ ਦਿੱਤੇ। ਉਨ੍ਹਾਂ ਵਿਚ ਅਜ਼ਾਦੀ ਦਾ ਇਸ਼ਕ
ਏਦਾਂ ਠਾਠਾਂ ਮਾਰਦਾ ਸੀ, ਕਿ ਉਨ੍ਹਾਂ ਨੇ ਅਜ਼ਾਦੀ ਦੀ ਖਾਤਰ ਕੋਈ ਵੀ ਕੁਰਬਾਨੀ ਕਰ ਦੇਣੀ
ਵੱਡੀ ਗੱਲ ਨਾ ਸਮਝੀ। ਸਾਂਨਫਰਾਂਸਿਸਕੋ, ਵੈਨਕੂਵਰ ਅਤੇ ਸੰਘਾਈ ਤੋਂ ਆਜ਼ਾਦੀ ਦੇ ਪਤੰਗੇ
ਜੱਲੀਆਂ ਪਾਉਂਦੇ ਉਛਲਦੇ, ਕੁੱਦਦੇ, ਗੀਤ ਅਜ਼ਾਦੀ ਦੇ ਗੌਂਦੇ ਦੇਸ਼ ਨੂੰ ਆਜ਼ਾਦ ਕਰੌਣ ਲਈ ਠਿਲ੍ਹ
ਪਏ। ਉਹਨਾਂ ਦੀਆਂ ਉਮੰਗਾਂ ਨੂੰ ਕੌਣ ਸ਼ਬਦਾਂ ਵਿਚ ਬਿਆਨ ਕਰ ਸਕਦਾ ਹੈ। ਉਹਨਾਂ ਦੇ ਦਿਲੀ
ਵਲਵਲੇ ਕੌਣ ਬੁਝ ਸਕਦਾ ਹੈ। ਉਹਨਾਂ ਦੇ ਦਿਲੀ ਉਛਾਲਿਆਂ ਦਾ ਕੌਣ ਅੰਦਾਜ਼ਾ ਲਾ ਸਕਦਾ ਹੈ।
ਭਾਈ ਕਰਤਾਰ ਸਿੰਘ ਜੀ ਜਿਹੜੇ ਕਿ ਇਸ ਲਹਿਰ ਦੇ ਆਗੂਆਂ ਵਿਚੋਂ ਸਨ, ਭਲਾ ਉਹ ਕਿਵੇਂ ਪਿਛੇ
ਰਹਿ ਸਕਦੇ ਸਨ। ਉਹਨਾਂ ਨੇ ‘ਪਿੰਡਾ ਅਗਾਂਹ ਤੇ ਪੁਤਾ ਪਿਛਾਂਹ’ ਵਾਲੀ ਅਖੌਤ ’ਤੇ ਅਮਲ ਕਰਨਾ
ਨਹੀਂ ਸਿਖਿਆ ਸੀ। ਉਹ ਤਾਂ ਸਮਾਂ ਲਭਦੇ ਸਨ, ਅਤੇ ਉਹ ਵੇਲਾ ਉਡੀਕਦੇ ਸਨ, ਜਦੋਂ ਕਿ ਉਹ
ਅਜ਼ਾਦੀ ਦੀ ਖਾਤਰ ਆਪਣਾ ਸੀਸ ਭੇਟਾ ਕਰਨ। ਉਨ੍ਹਾਂ ਨੂੰ ਇਹ ਸੁੰਦਰ ਵੇਲਾ ਹੱਥ ਲੱਗ ਗਿਆ।
ਨਹੀਂ, ਨਹੀਂ! ਇਹ ਸੁੰਦਰ ਵੇਲਾ ਲਿਆਉਣ ਵਿਚ ਉਸ ਦਾ ਸਗੋਂ ਕਿਸੇ ਨਾਲੋਂ ਕੋਈ ਘੱਟ ਹੱਥ ਨਹੀਂ
ਸੀ। ਸਾਡਾ ਬੀਰ ਕਰਤਾਰ ਸਿੰਘ ਨਿਪੁੰਨ ਮਾਰੂ ਜਹਾਜ਼ ਵਿਚ ਸਵਾਰ ਹੋ ਗਿਆ ਤੇ ਦੇਸ਼ ਨੂੰ ਜ਼ਾਬਰਾਂ
ਦੇ ਜੂਲੇ ਥਲਿਉਂ ਕੱਢਣ ਲਈ ਚਾਲੇ ਪਾ ਦਿੱਤੇ।
ਇਹ ਹੁਣ ਇਕ ਖੁਲ੍ਹਾ ਹੋਇਆ ਭੇਤ ਹੈ, ਕਿ ਇਹ ਪੁਰਸ਼ ਜੇਹੜੇ ਅਮਰੀਕਾ ਤੋਂ ਲੱਖਾਂ ਹਜ਼ਾਰਾਂ
ਰੁਪੈ ਪੁੱਟ ਕੇ ਆਏ ਸਨ, ਵਿਹਲੇ ਬਹਿਣ ਨਹੀਂ ਆਏ ਸਨ। ਇਨ੍ਹਾਂ ਦੇ ਆਉਣ ਦਾ ਸਪੱਸ਼ਟ ਭਾਵ ਇਹ
ਸੀ ਕਿ ਜਿਦਾਂ ਕਿਦਾਂ ਵੀ ਬਣ ਸਕੇ, ਅੰਗਰੇਜ਼ੀ ਰਾਜ ਨੂੰ ਹਿੰਦੁਸਤਾਨ ਵਿਚੋਂ ਕੱਢਿਆ ਜਾਵੇ
ਅਤੇ ਉਸ ਦੀ ਥਾਂ ਸੁਦੇਸ਼ੀ ਕਿਰਤੀ ਰਾਜ ਸਥਾਪਤ ਕੀਤਾ ਜਾਵੇ। ਇਸ ਟੀਚੇ ’ਤੇ ਪੁੱਜਣ ਲਈ ਉਹਨਾਂ
ਨੇ ਇਹ ਪ੍ਰੋਗਰਾਮ ਬਣਾਇਆ ਸੀ:
(1) ਇਕ ਅਖ਼ਬਾਰ ਕੱਢਿਆ ਜਾਵੇ। ਜੇਹੜਾ ਏਥੇ ਹਿੰਦੁਸਤਾਨ ਵਿਚ ਗ਼ਦਰ ਅਖ਼ਬਾਰ ਵਾਂਗੂੰ ਖਰੀਆਂ
ਖਰੀਆਂ ਸੁਣਾਏ ਅਤੇ ਜਿਸ ਦਾ ਆਸ਼ਾ ਹਿੰਦੁਸਤਾਨ ਵਿਚ ਪੂਰਨ ਸੁਤੰਤ੍ਰਤਾ ਕਾਇਮ ਕਰਨਾ ਹੋਵੇ।
(2) ਹਰ ਤਰ੍ਹਾਂ ਖੁਲ੍ਹੇ ਜਲਸੇ ਕਰਕੇ ਸਰਕਾਰ ਅੰਗਰੇਜ਼ੀ ਦੇ ਬਰਖਲਾਫ਼ ਨਫ਼ਰਤ ਫੈਲਾਈ ਜਾਵੇ,
ਅਤੇ ਇਤਨੀ ਐਜੀਟੇਸ਼ਨ ਕੀਤੀ ਜਾਵੇ ਕਿ ਆਮ ਲੋਕ ਸਰਕਾਰ ਨੂੰ ਏਥੋਂ ਕੱਢਣ ’ਤੇ ਤੁਲ ਜਾਣ।
(3) ਫੌਜਾਂ ਦੇ ਹਿੰਦੁਸਤਾਨ ਵਿਚੋਂ ਬਾਹਰ ਲੜਨ ਲਈ ਘਲੇ ਜਾਣ ਦੇ ਵਿਰੁੱਧ ਵਧ ਤੋਂ ਵਧ
ਐਜੀਟੇਸ਼ਨ ਕੀਤੀ ਜਾਵੇ ਅਤੇ ਜਿਨ੍ਹਾਂ ਚਿਰ ਤੱਕ ਸਾਨੂੰ ਪੂਰਨ ਸੁਰਾਜ ਨਾ ਮਿਲ ਜਾਵੇ, ਇਹ
ਐਜੀਟੇਸ਼ਨ ਬੰਦ ਨਾ ਕੀਤੀ ਜਾਵੇ।
(4) ਹਿੰਦੁਸਤਾਨੀ ਫੌਜਾਂ ਵਿਚ ਪ੍ਰਚਾਰ ਕੀਤਾ ਜਾਵੇ ਕਿ ਉਹ ਵੇਲਾ ਆ ਪਏ ਤੇ ਹਿੰਦੁਸਤਾਨ ਦੇ
ਵਿਰੁੱਧ ਹੀ ਨਾ ਵਰਤੇ ਜਾਣ। ਸਗੋਂ ਸੁਤੰਤ੍ਰਤਾ ਚਾਹੁਣ ਵਾਲਿਆਂ ਦੀ ਯਥਾਯੋਗ ਮਦਦ ਕਰਨ।
(5) ਖਾਸ ਕਰ ਭਾਰਤੀ ਨੌਜਵਾਨਾਂ ਵਿਚ ਦੇਸ਼ ਦੀ ਅਜ਼ਾਦੀ ਦੀ ਲਗਨ ਪੈਦਾ ਕੀਤੀ ਜਾਵੇ। ਅਤੇ
ਉਹਨਾਂ ਨੂੰ ਮੁਲਕ ਅਤੇ ਕੌਮ ਦੀ ਸੇਵਾ ਵੱਲ ਮੋੜਿਆ ਜਾਵੇ।
(6) ਪੈਂਫਲਟ ਅਤੇ ਛੋਟੇ ਛੋਟੇ ਇਸ਼ਤਿਹਾਰ ਕੱਢਕੇ ਲੋਕਾਂ ਨੂੰ ਬਦੇਸ਼ੀ ਸਰਕਾਰ ਦੇ ਪਾਜ ਖੋਲ੍ਹ
ਖੋਲ੍ਹ ਕੇ ਦੱਸੇ ਜਾਣ ਅਤੇ ਲੋਕਾਂ ਨੂੰ ਸਰਕਾਰ ਦੇ ਵਿਰੁੱਧ ਕੀਤਾ ਜਾਵੇ।
ਇਹ ਸੱਚ ਹੈ, ਕਿ ਉਹਨਾਂ ਨੇ ਫੰਡ ਇਕੱਠੇ ਕਰਨ ਲਈ ਕਿਤੇ ਕਿਤੇ ਡਾਕੇ ਵੀ ਮਾਰੇ ਸਨ। ਅਤੇ
ਬਹੁਤ ਲੋਕ ਇਸ ਗੱਲ ਨੂੰ ਬੁਰਾ ਮੰਨਦੇ ਹਨ ਅਤੇ ਆਖਦੇ ਹਨ ਕਿ ਉਹਨਾਂ ਨੂੰ ਇਸ ਅਜ਼ਾਦੀ ਦੇ
ਪਵਿੱਤਰ ਕੰਮ ਵਿਚ ਡਾਕੇ ਨਹੀਂ ਮਾਰਨੇ ਚਾਹੀਦੇ ਸਨ। ਪਰ ਸਾਨੂੰ ਉਹਨਾਂ ਦੇ ਮਨ ਦੀ ਅਵਸਥਾ
ਨੂੰ ਵਿਚਾਰਨਾ ਚਾਹੀਦਾ ਹੈ ਅਤੇ ਇਹ ਵੇਖਣਾ ਚਾਹੀਦਾ ਹੈ ਕਿ ਉਹ ਸਰਕਾਰ ਬਦੇਸ਼ੀ ਦੇ ਹਥੋਂ
ਕਿਨੇ ਤੰਗ ਤੇ ਦੁਖੀ ਸਨ। ਅਤੇ ਬਦੇਸ਼ਾਂ ਵਿਚ ਉਨ੍ਹਾਂ ਨੇ ਜੇਹੜੀ ਆਪਣੀ ਦੁਰਦਸ਼ਾ ਵੇਖੀ ਸੀ
ਅਤੇ ਹਿੰਦੁਸਤਾਨ ਵਿਚ ਜੇਹੜੇ ਜ਼ੁਲਮ ਸਰਕਾਰ ਅੰਗਰੇਜ਼ੀ ਨੇ ਕੀਤੇ ਸਨ, ਉਹਨਾਂ ਨੇ ਇਹਨਾਂ ਦੇ
ਦਿਲ ਸਰਕਾਰ ਦੇ ਵਿਰੁੱਧ ਏਨੇ ਕਰੜੇ ਕਰ ਦਿੱਤੇ ਸਨ, ਕਿ ਉਹ ਸਰਕਾਰ ਦੇ ਕੱਢਣ ਲਈ ਹਰ ਇਕ
ਹਥਿਆਰ ਦੇ ਵਰਤਣ ’ਤੇ ਤੁਲੇ ਹੋਏ ਸਨ।
ਇਸ ਪ੍ਰੋਗਰਾਮ ਤੋਂ ਛੁੱਟ ਮੈਜਿਸਟਰੇਟਾਂ ਨੇ ਆਪਣੇ ਫੈਸਲੇ ਵਿਚ ਇਹ ਵੀ ਲਿਖਿਆ ਹੈ ਉਹ ਏਥੇ
ਆਕੇ (1) ਬਗਾਵਤ ਦਾ ਝੰਡਾ ਖੜਾ ਕਰਨਾ ਚਾਹੁੰਦੇ ਸਨ। (2) ਜੇਲ੍ਹਾਂ ਤੋੜਨੀਆਂ ਚਾਹੁੰਦੇ ਸਨ।
(3) ਝੋਲੀ-ਚੁਕਾਂ ਨੂੰ ਕਤਲ ਕਰਨਾ ਚਾਹੁੰਦੇ ਸਨ। (4) ਖਜ਼ਾਨੇ ਲੁੱਟਣਾ ਚਾਹੁੰਦੇ ਸਨ। (5)
ਬਾਹਰਲੇ ਬਦੇਸ਼ੀ ਦੁਸ਼ਮਣਾਂ ਨੂੰ ਗੰਢਣਾ ਚਾਹੁੰਦੇ ਸਨ। (6) ਡਾਕੇ ਮਾਰਨਾ ਚਾਹੁੰਦੇ ਸਨ (7)
ਬਾਹਰੋਂ ਹਥਿਆਰ ਲਿਔਂਦੇ ਸਨ ਅਤੇ ਬੰਬ ਬਣੌਂਦੇ ਸਨ (8) ਖੁਫ਼ੀਆ ਸੁਸਾਇਟੀਆਂ ਕਾਇਮ ਕਰਦੇ ਸਨ
(9) ਥਾਣੇ ਲੁਟਦੇ ਸਨ ਅਤੇ (10) ਰੇਲਾਂ ਅਤੇ ਤਾਰਾਂ ਤੋੜਨੀਆਂ ਚਾਹੁੰਦੇ ਸਨ।
ਹੋ ਸਕਦਾ ਹੈ ਕੁਛ ਆਦਮੀਆਂ ਦਾ ਐਸਾ ਹੀ ਖਿਆਲ ਹੋਵੇ। ਪਰ ਸਾਰਿਆਂ ਦੀ ਬਾਬਤ ਇਹ ਫੈਸਲਾ ਦੇਣਾ
ਠੀਕ ਨਹੀਂ ਹੈ। ਕਿਉਂਕਿ ਉਨ੍ਹਾਂ ਵਿਚ ਬਹੁਤ ਸਾਰੇ ਐਸੇ ਪੁਰਸ਼ ਸਨ ਜੇਹੜੇ ਕਿ ਇਹ ਕੁਛ ਨਹੀਂ
ਕਰਨਾ ਚਾਹੁੰਦੇ ਸਨ। ਉਹਨਾਂ ਵਿਚਾਰਿਆਂ ਬੇਗੁਨਾਹਾਂ ਨੂੰ ਐਵੇਂ ਹੀ ਇਨਸਾਫ਼ ਵਾਲੀ ਅੰਗਰੇਜ਼ੀ
ਸਰਕਾਰ ਨੇ ਪੀੜ ਦਿੱਤਾ। ਭਾਵੇਂ ਉਹਨਾਂ ਨੇ ਆਪਣੇ ਬਿਆਨਾਂ ਵਿਚ ਸਭ ਕੁਝ ਹੀ ਬੜੀ ਬਹਾਦਰੀ
ਨਾਲ ਮੰਨ ਲਿਆ ਸੀ ਅਤੇ ਜੋ ਸੱਚ ਸੱਚ ਸੀ, ਸਭ ਕੁਛ ਆਖ ਦਿੱਤਾ ਸੀ, ਪਰ ਫੇਰ ਵੀ ਉਹਨਾਂ
ਗਰੀਬਾਂ ਦੀ ਕੋਈ ਨਾ ਸੁਣੀ ਗਈ ਅਤੇ ਗਰੀਬਾਂ ਦੀ ਸੰਸਾਰ ’ਤੇ ਸੁਣੀ ਕਿਥੇ ਜਾਂਦੀ ਹੈ। ਅਤੇ
ਉਹ ਦਰਜਨਾਂ ਦੀ ਗਿਣਤੀ ਵਿਚ ਨਹੀਂ ਸੈਂਕੜਿਆਂ ਦੀ ਗਿਣਤੀ ਵਿਚ ਫਾਹੇ ਟੰਗ ਦਿੱਤੇ ਗਏ।
ਕਾਨੂੰਨ ਇਹ ਮੰਗ ਕਰਦਾ ਹੈ, ਸਾਨੂੰ ਕਾਨੂੰਨ ਜਾਨਣ ਵਾਲੇ ਦਸਿਆ ਕਰਦੇ ਹਨ, ਕਿ ਮੁਜ਼ਰਮ ਜੇ
ਕੋਈ ਬਰੀ ਹੋ ਜਾਵੇ ਤਾਂ ਬੇਸ਼ਕ ਹੋ ਜਾਵੇ, ਪਰ ਕਿਸੇ ਬੇਗੁਨਾਹ ਨੂੰ ਕੋਈ ਸਜ਼ਾ ਨਹੀਂ ਮਿਲਣੀ
ਚਾਹੀਦੀ ਹੈ। ਕਚਿਹਰੀਆਂ ਵਿਚ ਤਾਂ ‘ਲੇਖੇ ਬੇਪਰਵਾਹੀ’ ਦੇ ਹਨ, ਏਥੇ ਤਾਂ ਹਜ਼ਾਰਾਂ ਵਾਰ ਇਹ
ਵੇਖਣ ਵਿਚ ਆਇਆ ਹੈ ਕਿ ਸਾਧ ਬਝ ਜਾਂਦੇ ਹਨ ਅਤੇ ਚੋਰ ਛੁਟ ਜਾਂਦੇ ਹਨ। ਵਜੀਦਾ ਕੌਣ ਸਾਹਿਬ
ਨੂੰ ਆਖੇ ਇਉਂ ਕਰ।
ਉਸ ਵੇਲੇ ਸਰਕਾਰ ਅੰਗਰੇਜ਼ੀ ਜ਼ਿਦੇ ਚੜ੍ਹੀ ਹੋਈ ਸੀ, ਕਿਉਂ੍ਯਕ ਇਹਨਾਂ ਅਜ਼ਾਦੀ ਪਰੇਮੀਆਂ ਨੇ
ਗਵਰਨਮੈਂਟ ਨੂੰ ਵਖ਼ਤ ਪਾ ਛਡਿਆ ਸੀ ਅਤੇ ਗਵਰਨਮੈਂਟ ਨੂੰ ਉਸ ਵੇਲੇ ਆਪਣੀ ਹੋਂਦ ਦਾ ਵੀ ਫਿਕਰ
ਪਿਆ ਹੋਇਆ ਸੀ। ਇਸ ਲਈ ਉਸ ਵੇਲੇ ਅੰਧਾ ਧੁੰਦ ਫਾਹੇ ਲਾਏ ਗਏ। ਭਲਾ ਸਪੈਸ਼ਲ ਕਮਿਸ਼ਨਾਂ ਤੋਂ
ਇਨਸਾਫ਼ ਦੀ ਆਸ ਕੀ ਹੋ ਸਕਦੀ ਹੈ। ਇਹ ਤਾਂ ‘ਝਟ ਰੋਟੀਆਂ ਪਟਕ ਦਾਲ’ ਕਰਕੇ ਕੰਮ ਸਾਰ ਦੇਂਦੇ
ਸਨ। ਹੋਰ ਅੱਲਾ ਅੱਲਾ ਤੇ ਖੈਰ ਸੱਲਾ।
ਖੈਰ! ਭਾਈ ਕਰਤਾਰ ਸਿੰਘ ਜੀ ਸੁਖੀ ਸਾਂਦੀ ਪੰਜਾਬ ਵਿਚ ਪਹੁੰਚ ਗਏ। ਉਸ ਵੇਲੇ ਪੰਜਾਬ ਵਿਚ
ਪਹੁੰਚਣਾ ਵੀ ਕੋਈ ਖਾਲਾ ਜੀ ਦਾ ਘਰ ਨਹੀਂ ਸੀ। ਸਰਕਾਰ ਅੰਗਰੇਜ਼ੀ ਨੇ ਉਰਲ ਪਰਲ ਕਈ ਕਾਨੂੰਨ
ਬਣਾਏ ਹੋਏ ਸਨ, ਜਿਨ੍ਹਾਂ ਨਾਲ ‘ਛੂ-ਮੰਤਰ’ ਆਖਕੇ ਕਲਕੱਤੇ ਆਦਿ ਬੰਦਰਗਾਹ ’ਤੇ ਹੀ ਕੌਮੀ
ਪਰਵਾਨਿਆਂ ਨੂੰ ਬੋਚ ਲਿਆ ਜਾਂਦਾ ਸੀ ਅਤੇ ਉਥੋਂ ਹੀ ਸਿਧੇ ਵਡੇ ਘਰ (ਜੇਹਲਾਂ) ਦੀ ਸੈਰ ਭਖਣ
ਲਈ ਘਲ ਦਿੱਤਾ ਜਾਂਦਾ ਸੀ।
ਸ਼ੇਰ ਦਿਲ ਕਰਤਾਰ ਸਿੰਘ ਨੂੰ ਭਲਾ ਚੈਨ ਕਿਥੇ ਸੀ। ਉਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਅਜ਼ਾਦੀ
ਦਾ ਇਸ਼ਕ ਹੁੰਦਾ ਹੈ, ਭਲਾ ਚੈਨ ਕਿਥੇ ਹੁੰਦਾ ਹੈ। ਉਹਨਾਂ ਦਾ ਰੋਗ ਤਾਂ ਜਿਉਂ ਜਿਉਂ ਦਵਾ ਕਰੋ
ਵਧਦਾ ਹੀ ਜਾਂਦਾ ਹੈ। ਇਸਨੇ ਔਂਦੇ ਹੀ ਹਫੜਾ ਦਫੜੀ ਪਾ ਦਿੱਤੀ ਅਤੇ ਉਹ ਕੰਮ ਕੀਤਾ ਕਿ ਕੋਈ
ਮਾਂ ਦਾ ਬੱਚਾ ਵਿਰਲਾ ਹੀ ਕਰ ਸਕਦਾ ਹੈ।
ਉਸਨੇ ਦੋ ਬੜੇ ਜ਼ਬਰਦਸਤ ਬਿਆਨ ਅਦਾਲਤ ਵਿਚ ਦਿਤੇ ਸਨ। ਉਹਨਾਂ ਵਿਚ ਉਸਨੇ ਸਭ ਕੁਛ ਬੜੀ
ਬਹਾਦਰੀ ਅਤੇ ਦਲੇਰੀ ਨਾਲ ਮੰਨਿਆ ਸੀ। ਕਰਤਾਰ ਸਿੰਘ ਸੂਰਬੀਰ ਸੀ। ਉਹ ਕਾਇਰਾਂ ਦੀ ਮੌਤ ਮਰਨਾ
ਨਹੀਂ ਜਾਣਦਾ ਸੀ। ਉਹ ਦਸਦਾ ਹੈ: ‘‘ਮੈਂ ਹਿੰਦੁਸਤਾਨ ਵਿਚ ਇਸ ਕੰਮ ’ਤੇ ਲਾਇਆ ਗਿਆ ਸਾਂ ਕਿ
ਮੈਂ ਇਕ ਆਸ਼ਰਮ ਦੀ ਬੁਨਿਆਦ ਰਖਾਂ, ਜਿਸਦਾ ਮੰਤਵ ਯੁਗੰਤਰ ਆਸ਼ਰਮ ਵਾਲਾ ਹੀ ਹੋਵੇ ਅਤੇ ਜੇ ਲੋੜ
ਪਵੇ ਤਾਂ ਸਾਹਿਤ ਵੰਡ ਕੇ ਪ੍ਰਚਾਰ ਕੀਤਾ ਜਾਵੇ। ਮੈਂ ਕਪੂਰਥਲੇ ਗਿਆ ਸੀ ਅਤੇ ਮੇਰੇ ਨਾਲ
ਪਿੰਗਲੇ, ਅਮਰ ਸਿੰਘ ਅਤੇ ਪਰਮਾਨੰਦ (ਦੂਜਾ) ਵੀ ਸਨ। ਓਥੇ ਰਾਮ ਸਰਨ ਦਾਸ ਨਾਲ ਗੱਲਬਾਤ ਹੋਈ
ਸੀ ਅਤੇ ਉਸਨੂੰ ਆਖਿਆ ਗਿਆ ਸੀ ਕਿ ਉਹ ਅਖ਼ਬਾਰ ਦੀ ਸਕੀਮ ਵਿਚ ਹਿੱਸਾ ਲਵੇ ਅਤੇ ਕੁਛ ਸਹੈਤਾ
ਕਰੇ। ਪਰ ਉਸ ਨੇ ਇਨਕਾਰ ਕਰ ਦਿੱਤਾ ਸੀ। ਮੈਂ, ਪਿੰਗਲੇ ਅਤੇ ਪ੍ਰਮਾਨੰਦ (ਦੂਜਾ) ਸੰਤ ਗੁਲਾਬ
ਸਿੰਘ ਦੀ ਧਰਮਸ਼ਾਲਾ ਵਿਚ ਵੀ ਗਏ ਸਾਂ। ਓਥੇ ਸਾਡੇ ਜਾਣ ਦਾ ਭਾਵ ਇਹ ਸੀ ਕਿ ਅਖ਼ਬਾਰ ਕੱਢਣ ਤੇ
ਵਿਚਾਰ ਕੀਤੀ ਜਾਵੇ। ਜਨਵਰੀ ਵਿਚ ਮੈਂ ਰਾਸ ਬਿਹਾਰੀ ਬੋਸ ਨੂੰ ਵੀ ਮਿਲਿਆ ਸੀ ਅਤੇ ਮੇਰਾ
ਪਿੰਗਲੇ ਨੇ ਉਸ ਨਾਲ ਮੇਲ ਮਿਲਾਪ ਕਰਾਇਆ ਸੀ। ਉਸ ਨਾਲ ਮਿਲਣ ਦਾ ਕਾਰਨ ਇਹ ਸੀ ਕਿ ਅਸੀਂ ਇਕ
ਅਖ਼ਬਾਰ ਬੰਗਾਲੀ ਬੋਲੀ ਵਿਚ ਵੀ ਕੱਢਣਾ ਚਾਹੁੰਦੇ ਸਾਂ। ਮੈਂ ਸਾਹਨੇਵਾਲ ਅਤੇ ਮਨਸੂਰਾਂ ਦੇ
ਡਾਕਿਆਂ ਵਿਚ ਵੀ ਹਿੱਸਾ ਲਿਆ ਸੀ। ਅਤੇ ਝੰਡੇ ਬਨੌਣ ਲਈ ਕਪੜਾ ਵੀ ਮੁੱਲ ਲਿਆ ਸੀ, ਕਿਉਂਕਿ
ਝੰਡਾ ਯੁਗੰਤਰ ਆਸ਼ਰਮ ਦਾ ਨਿਸ਼ਾਨ ਸੀ ਅਤੇ ਇਸ ਦੇ ਅਰਥ ‘‘ਸੁਤੰਤ੍ਰਤਾ, ਭਾਈਚਾਰਾ ਅਤੇ
ਸਮਾਨਤਾ’’ ਦੇ ਸਨ। ਮੈਂ ਚਕ ਨੰਬਰ 5 ਵਿਚ ਹੀ ਜਗਤ ਸਿੰਘ ਅਤੇ ਹਰਨਾਮ ਸਿੰਘ ਟੁੰਡੇ ਨਾਲ
ਫੜਿਆ ਗਿਆ ਸੀ, ਪਰ ਮੈਂ ਭਾਈ ਪ੍ਰਮਾਨੰਦ ਨੂੰ ਪਹਿਲਾਂ ਕਦੇ ਨਹੀਂ ਵੇਖਿਆ ਸੀ। ਮੈਂ ਪ੍ਰਿਥੀ
ਸਿੰਘ ਅਤੇ ਜਗਤ ਰਾਮ ਨੂੰ ਲਾਡੋਵਾਲ ਮਿਲਿਆ ਸੀ। ਪਰ ਇਹ ਮਿਲਨਾ ਸਿਰਫ਼ ਅਖ਼ਬਾਰ ਦੇ ਬਾਰੇ ਹੀ
ਸੀ। ਮੈਂ ਸਿਪਾਹੀ ਨਾਲ ਵੀ ਰੇਲ ਵਿਚ ਗੱਲਾਂ ਕੀਤੀਆਂ ਸਨ ਕਿ ਸਰਕਾਰ ਸਾਡੇ ਨਾਲ ਜ਼ੁਲਮ ਕਰ
ਰਹੀ ਹੈ। ਮੇਰਾ ਸਬੰਧ ਗ਼ਦਰ ਪਾਰਟੀ ਨਾਲ ਸੀ ਅਤੇ ਮੈਂ ਹਰਦਿਆਲ ਨੂੰ ਵੀ ਜਾਣਦਾ ਸੀ। ਮੈਂ
ਜੇਹੜੀਆਂ ਸਪੀਚਾਂ ਕੀਤੀਆਂ ਸਨ ਉਹ ਅਮਰੀਕਾ ਵਿਚ ਬਾਗੀ ਨਹੀਂ ਖਿਆਲ ਕੀਤੀਆਂ ਜਾ ਸਕਦੀਆਂ।
ਉਤਲੀਆਂ ਸੱਚੀਆਂ ਸੱਚੀਆਂ ਗੱਲਾਂ ਤੋਂ ਜਾਣਿਆ ਜਾ ਸਕਦਾ ਹੈ, ਕਿ ਭਾਈ ਕਰਤਾਰ ਸਿੰਘ ਵਿਚ
ਕਿਤਨਾ ਦਿਲ ਸੀ। ਡਰ ਤੇ ਭੈ ਤਾਂ ਉਸ ਦੇ ਲਾਗੇ ਵੀ ਨਹੀਂ ਫੜਕਦਾ ਸੀ। ਮੌਤ ਤੋਂ ਘਬਰੌਂਣਾ
ਤਾਂ ਉਸਨੇ ਸਿਖਿਆ ਹੀ ਨਹੀਂ ਸੀ। ਜੋ ਕੀਤਾ ਸੀ ਉਸਨੇ ਸਦਾ ਸੱਚ ਬਿਆਨ ਕਰ ਦਿੱਤਾ। ਇਹ ਬਿਆਨ
ਇਸ ਲਈ ਨਹੀਂ ਸੀ ਦਿੱਤਾ, ਕਿ ਉਸਦੀ ਰਿਹਾਈ ਹੋ ਜਾਵੇ, ਜਾਂ ਉਸ ਨੂੰ ਸਜ਼ਾ ਵਿਚ ਕੋਈ ਰਿਐਤ
ਮਿਲ ਜਾਵੇ। ਸਗੋਂ ਇਸ ਲਈ ਸੀ ਕਿ ਸੰਸਾਰ ਤੇ ਸੱਚ ਸੱਚ ਪ੍ਰਗਟ ਹੋ ਜਾਵੇ ਅਤੇ ਦੁਨੀਆਂ
ਅੰਧੇਰੇ ਵਿਚ ਨਾ ਰਹੇ।
ਮੈਜਿਸਟਰੇਟ ਉਸਦੇ ਬਿਆਨ ਦੇ ਬਾਰੇ ਲਾਹੌਰ ਸਾਜ਼ਿਸ਼ ਕੇਸ ਵਿਚ ਲਿਖਦੇ ਹਨ। ‘‘ਇਸ ਗੱਲ ਤੋਂ
ਜਾਣਿਆ ਜਾ ਸਕਦਾ ਹੈ ਕਿ ਸਰਕਾਰੀ ਗਵਾਹਾਂ ਦੀ ਗਵਾਹੀ ਦੀ ਸਚਾਈ ਨੂੰ ਉਸ ਦਾ ਬਿਆਨ ਹੀ ਕਿੰਨਾ
ਸਾਬਤ ਕਰਦਾ ਹੈ। ਉਸ ਨੇ ਸਫਾਈ ਦੇ ਗਵਾਹ ਕੋਈ ਪੇਸ਼ ਨਹੀਂ ਕੀਤੇ। ਉਸ ਨੇ ਕੋਈ ਜਿਰਹਾ ਨਹੀਂ
ਕੀਤੀ ਅਤੇ ਨਾ ਹੀ ਸਾਰੇ ਮੁਕੱਦਮੇ ਵਿਚ ਉਸ ਨੇ ਆਪਣੇ ਲਈ ਕੋਈ ਬਹਿਸ ਹੀ ਕੀਤੀ ਹੈ। ਉਸ ਨੇ
ਉਸ ਵਕੀਲ ਨੂੰ ਵੀ ਜੇਹੜਾ ਕਿ ਉਸ ਲਈ ਪੇਸ਼ ਕੀਤਾ ਗਿਆ ਸੀ, ਆਪਣੇ ਲਈ ਬਹਿਸ ਕਰਨ ਦੀ ਆਗਿਆ
ਨਹੀਂ ਦਿੱਤੀ। ਸਿਰਫ਼ ਹੁਣ ਏਨਾ ਹੀ ਦਸਣਾ ਬਾਕੀ ਹੈ ਕਿ ਮੁਜ਼ਰਮ ਦਾ ਜ਼ੁਰਮ ਬਿਲਕੁਲ ਹੀ ਸਾਬਤ
ਹੋ ਗਿਆ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਉਹ ਨੌਜਵਾਨ ਹੈ। ਪਰ ਉਹ ਸਾਰੇ ਹੀ ਬਾਗ਼ੀਆਂ ਨਾਲੋਂ
ਭੈੜਾ ਬਾਗੀ ਹੈ। ਇਹ ਬੜਾ ਪੱਥਰ ਦਿਲ ਬਦਮਾਸ਼ ਹੈ ਅਤੇ ਆਪਣੇ ਕੰਮ ਤੇ ਬੜਾ ਫ਼ਖ਼ਰ ਕਰਦਾ ਹੈ ਅਤੇ
ਇਸ ’ਤੇ ਕੋਈ ਰਹਿਮ ਨਹੀਂ ਕੀਤਾ ਜਾਣਾ ਚਾਹੀਦਾ।’’
ਸਾਡੇ ਵਿਚੋਂ ਕਈ ਪੁਰਸ਼ ਬੜਾ ਫਖ਼ਰ ਕਰਿਆ ਕਰਦੇ ਹਨ,‘‘ਅਜੀ, ਮੈਂ ਆਪਣੇ ਮੁਕੱਦਮੇ ਵਿਚ ਬਿਲਕੁਲ
ਹੀ ਨਾ-ਮਿਲਵਰਤਨ ਕੀਤੀ ਅਤੇ ਮੈਂ ਸਾਬਤ ਕਰ ਦਿੱਤਾ ਕਿ ਮੈਂ ਇਨ੍ਹਾਂ ਨਾਮ-ਧਰੀਕ ਕਚਿਹਰੀਆਂ
ਨੂੰ ਬਿਲਕੁਲ ਹੀ ਸਵੀਕਾਰ ਨਹੀਂ ਕਰਦਾ ਹਾਂ। ਪਰ ਭਾਈ ਕਰਤਾਰ ਸਿੰਘ ਨੇ ਉਸ ਵੇਲੇ ਆਪਣੇ
ਮੁਕੱਦਮੇ ਵਿਚ ਪੂਰਨ ਨਾ ਮਿਲਵਰਤਨ ਕੀਤੀ, ਜਦਕਿ ਨਾ ਮਿਲਵਰਤਣ ਸ਼ਬਦ ਨੂੰ ਹੀ ਕੋਈ ਨਹੀਂ
ਜਾਣਦਾ ਸੀ। ਅਤੇ ਜਦ ਕਿ ਦੋ ਜਾਂ ਤਿੰਨ ਸਾਲ ਦੀ ਮਾਮੂਲੀ ਕੈਦ ਨਹੀਂ, ਸਗੋਂ ਮੌਤ ਸਾਹਮਣੇ
ਖਲੋਤੀ ਹੱਸ ਰਹੀ ਸੀ ਅਤੇ ਆਖ ਰਹੀ ਸੀ ਕਿ ਬਸ ਘੜੀ ਪਲ ਦੀ ਹੀ ਦੇਰ ਹੈ। ਫੇਰ ਤਾਂ ਤੁਸਾਂ
ਮੇਰੀ ਗੋਦ ਵਿਚ ਹੀ ਔਣਾ ਹੈ। ਪਰ ਸ਼ਾਬਾਸ ਕਰਤਾਰ ਸਿੰਘ! ਤੂੰ ਧੰਨ ਸੈਂ ਤੇ ਤੇਰਾ ਜਿਗਰਾ ਧੰਨ
ਸੀ। ਤੇਰੇ ਵਰਗੇ ਲਾਲ ਹੀ ਕੌਮ ਦੇ ਬੇੜੇ ਪਾਰ ਕਰਿਆ ਕਰਦੇ ਹਨ।
ਮੈਜਿਸਟਰੇਟਾਂ ਦੇ ਇਨ੍ਹਾਂ ਲਫ਼ਜਾਂ ਤੋਂ ਸਾਫ਼ ਸਿੱਧ ਹੁੰਦਾ ਹੈ, ਕਿ ਮੈਜਿਸਟਰੇਟ ਇਸ ਨੂੰ ਬੜਾ
ਹੀ ਖ਼ਤਰਨਾਕ ਸਮਝਦੇ ਸਨ ਅਤੇ ਜਿਵੇਂ ਕਿਵੇਂ ਇਸ ਨੂੰ ਰਸਤਿਓਂ ਲਾਂਭੇ ਕਰਨਾ ਚਾਹੁੰਦੇ ਸਨ।
ਤਦੇ ਤਾਂ ਉਹਨਾਂ ਨੇ ਉਸਦੀ ਨੌਜਵਾਨ ਉਮਰ ਦਾ ਵੀ ਕੋਈ ਖਿਆਲ ਨਾ ਕੀਤਾ ਅਤੇ ਉਸਨੂੰ ਫਾਹੇ
ਟੰਗਣ ਦੀ ਹੀ ਕੀਤੀ।
ਜੱਜਾਂ ਨੇ ਉਸਦੀ ਉਮਰ ਦੀ ਬਾਬਤ ਲਿਖਿਆ ਹੈ,‘‘ਦੋਸ਼ੀ ਨੇ ਆਪਣੀ ਉਮਰ ਸਾਢੇ ਅਠਾਰਾਂ ਸਾਲ ਦੀ
ਦਸੀ ਹੈ। ਪਰ ਓਹ ਇਸ ਤੋਂ ਵੱਡਾ ਹੈ, ਅਤੇ ਵੀਹਾਂ ਸਾਲਾਂ ਤੋਂ ਵਧੀਕ ਉਮਰ ਦਾ ਜਾਪਦਾ ਹੈ।
ਭਾਵੇਂ ਉਹ ਛੋਟੀ ਉਮਰ ਦਾ ਹੀ ਹੈ, ਪਰ 61 ਦੋਸ਼ੀਆਂ ਵਿਚੋਂ ਇਹ ਇਕ ਬੜਾ ਮਸ਼ਹੂਰ ਦੋਸ਼ੀ ਹੈ। ਇਸ
ਨੇ ਸਾਰਿਆਂ ਨਾਲੋਂ ਹੀ ਵਧੀਕ ਹਿੱਸਾ ਸਾਜ਼ਿਸ਼ ਵਿਚ ਲਿਆ ਹੈ। ਸਾਜ਼ਿਸ਼ ਦਾ ਕੋਈ ਹਿੱਸਾ ਨਹੀਂ
ਹੈ, ਜਿਸ ਵਿਚ ਇਸ ਨੇ ਕੋਈ ਨਾ ਕੋਈ ਪਾਰਟ ਅਦਾ ਨਹੀਂ ਕੀਤਾ ਅਤੇ ਅਮਰੀਕਾ ਜਹਾਜ਼ ਦੇ ਸਫ਼ਰ ਅਤੇ
ਹਿੰਦੁਸਤਾਨ ਵਿਚ ਸਾਰੇ ਥਾਈਂ ਹੀ ਇਹ ਵਧ ਚੜ੍ਹਕੇ ਹਿੱਸਾ ਲੈਂਦਾ ਰਿਹਾ ਹੈ।
ਭਾਈ ਕਰਤਾਰ ਸਿੰਘ ਤੇ ਸਾਰੇ ਤੀਹ ਗਵਾਹ ਭੁਗਤਾਏ ਗਏ ਸਨ, ਜਿਨ੍ਹਾਂ ਵਿਚੋਂ ਛੇ ਗਵਾਹ ਤਾਂ
ਇਹਨਾਂ ਵਿਚੋਂ ਹੀ ਸਰਕਾਰੀ ਗਵਾਹ ਬਣ ਗਏ ਸਨ, ਜਿਨ੍ਹਾਂ ਨੇ ਰੱਜ ਰੱਜ ਕੇ ਇਸ ਦੇ ਬ੍ਰਖਲਾਫ਼
ਗਵਾਹੀਆਂ ਦਿੱਤੀਆਂ ਸਨ।
ਜੱਜਾਂ ਨੇ ਸਜ਼ਾ ਦਾ ਹੁਕਮ ਸੁਣੌਂਦੇ ਹੋਏ ਲਿਖਿਆ ਹੈ:
‘ਉਪਰੋਕਤ ਗਵਾਹੀ ਦਾ ਖਿਆਲ ਕਰਕੇ ਅਸੀਂ ਦੋਸ਼ੀ ਨੂੰ ਹੇਠ ਲਿਖੀਆਂ ਦਫ਼ਾਵਾਂ ਥਲੇ ਸਜ਼ਾ ਦੇਂਦੇ
ਹਾਂ:
ਦਫ਼ਾ 121 (ਜੰਗ ਕਰਨ ਲਈ ਮਦਦ ਕਰਨਾ) 121 ਏ, 122, 124ਏ, 395, 396, 397, 398, 131
ਅਤੇ 132 ਤਾਜ਼ੀਰਾਤ ਹਿੰਦ!
ਅਸੀਂ ਇਸ ਨੂੰ ਸਜ਼ਾ ਦੇਂਦੇ ਹਾਂ, ਕਿ ਇਸ ਨੂੰ ਓਨਾਂ ਚਿਰ ਫਾਹੇ ਟੰਗਿਆ ਜਾਵੇ। ਜਦ ਤੱਕ ਕਿ
ਉਹ ਮਰ ਨਾ ਜਾਵੇ। ਅਸੀਂ ਹੁਕਮ ਦੇਂਦੇ ਹਾਂ ਕਿ ਉਸ ਦੀ ਉਹ ਜਾਇਦਾਦ ਜਿਹੜੀ ਕਿ ਜ਼ਬਤ ਹੋ ਸਕਦੀ
ਹੈ ਸਰਕਾਰ ਲਈ ਜ਼ਬਤ ਕੀਤੀ ਜਾਵੇ।’’
ਕਰਤਾਰ ਸਿੰਘ! ਆਪਣੇ ਮਾਪਿਆਂ ਦਾ ਪਿਆਰਾ ਅਤੇ ਕੌਮ ਤੇ ਦੇਸ਼ ਦਾ ਦੁਲਾਰਾ ਕਰਤਾਰ ਸਿੰਘ!!
ਫਾਹੇ ਟੰਗਿਆ ਗਿਆ ਅਤੇ ਦੇਸ਼ ਵਿਚ ਅਜ਼ਾਦੀ ਦੇ ਬੀਅ ਖਿਲਾਰ ਗਿਆ। ਉਹ ਬੀਅ ਕਦ ਤੱਕ ਫਲੇ
ਫੁਲੇਗਾ, ਜ਼ਮਾਨਾ ਹੀ ਦੱਸ ਸਕਦਾ ਹੈ।
ਇਸ ਦੇ ਨਾਲ ਇਸਦੇ ਮਿੱਤਰ ਪਿੰਗਲੇ, ਜਗਤ ਸਿੰਘ, ਹਰਨਾਮ ਸਿੰਘ ਸਿਆਲਕੋਟੀ, ਸੁਰੈਣ ਸਿੰਘ
ਛੋਟਾ, ਵੱਡਾ ਤੇ ਬਖਸ਼ੀਸ਼ ਸਿੰਘ ਫ਼ਾਂਸੀ ਲਾ ਦਿਤੇ ਗਏ।
ਕਰਤਾਰ ਸਿੰਘ ਦੀ ਬਾਬਤ ਇਹ ਗੱਲ ਬੜੀ ਮਸ਼ਹੂਰ ਹੈ ਕਿ ਜੱਜਾਂ ਨੇ ਉਸਨੂੰ ਆਖਿਆ,‘‘ਕਰਤਾਰ
ਸਿੰਘ, ਤੂੰ ਅਜੇ ਬੱਚਾ ਹੈਂ, ਤੂੰ ਏਹੋ ਜੇਹੇ ਕਰੜੇ ਬਿਆਨ ਨਾ ਦੇਹ। ਅਜੇ ਸੰਸਾਰ ਦਾ ਕੁਛ
ਵੇਖ ਚਾਖ ਲੈ। ਇਹ ਬਿਆਨ ਤੈਨੂੰ ਫਾਹੇ ਟੰਗਵਾ ਦੇਣਗੇ।’’ ਉਸਨੇ ਉ¤ਤਰ ਦਿੱਤਾ,‘‘ਮੈਂ ਜੋ ਕੁਛ
ਬਿਆਨ ਦੇਂਦਾ ਹਾਂ, ਸੱਚੋ ਸੱਚ ਹੀ ਦੇਂਦਾ ਹਾਂ। ਮੈਨੂੰ ਫਾਂਸੀ ਦਾ ਡਰ ਨਹੀਂ ਹੈ। ਸਗੋਂ ਮੈਂ
ਚਾਹੁੰਦਾ ਹਾਂ, ਕਿ ਮੈਨੂੰ ਛੇਤੀਂ ਤੋਂ ਛੇਤੀਂ ਫਾਂਸੀ ਦਿਓ, ਤਾਂ ਜੋ ਮੈਂ ਫੇਰ ਭਾਰਤ ਵਰਸ਼
ਵਿਚ ਹੀ ਜਨਮ ਲਵਾਂ ਅਤੇ ਮੁੜ ਫਿਰ ਆਪਣਾ ਕੰਮ ਆਰੰਭ ਦੇਵਾਂ। ਜੇ ਤਾਂ ਮੈਂ ਲੜਕਾ ਹੋ ਕੇ
ਜਨਮਿਆਂ ਤਾਂ ਮੈਂ ਮੁੜ ਏਸੇ ਪ੍ਰੋਗਰਾਮ ਨੂੰ ਹੀ ਸ਼ੁਰੂ ਕਰ ਦੇਵਾਂਗਾ, ਅਤੇ ਜੇ ਲੜਕੀ ਹੋ ਕੇ
ਜੰਮੀ ਤਾਂ ਮੈਂ ਐਸੇ ਸ਼ੇਰ ਬੱਚੇ, ਐਸੇ ਸੁਤੰਤ੍ਰ ਲਾਲ ਪੈਦਾ ਕਰਾਂਗੀ ਕਿ ਜੇਹੜੇ ਆਜ਼ਾਦੀ ਲਏ
ਤੋਂ ਬਗੈਰ ਚੈਨ ਹੀ ਨਹੀਂ ਲੈਣਗੇ।’’
ਇਕ ਵਾਰਾਂ ਦੀ ਹੋਰ ਗੱਲ ਦਸਦੇ ਹਨ ਕਿ ਕਰਤਾਰ ਸਿੰਘ ਨੂੰ ਪਤਾ ਲੱਗਾ ਕਿ ਉਸਦੇ ਸਾਥੀਆਂ
ਵਿਚੋਂ ਇਕ ਢਿੱਲਾ ਹੋ ਗਿਆ ਹੈ, ਅਤੇ ਉਹ ਸਭ ਕੁਛ ਬਕਣ ਵਾਲਾ ਹੈ। ਕਰਤਾਰ ਸਿੰਘ ਅਜੇ ਓਦੋਂ
ਬਾਹਰ ਹੀ ਸੀ। ਕਰਤਾਰ ਸਿੰਘ ਬਾਈਸਿਕਲ ’ਤੇ ਚੜ੍ਹਕੇ ਉਸ ਪਿੰਡ ਗਿਆ, ਜਿਥੇ ਕਿ ਉਹ ਆਦਮੀ
ਪੁਲਸ ਨੇ ਰਖਿਆ ਹੋਇਆ ਸੀ। ਪੁਲਸ ਅਫ਼ਸਰ ਨਾਲ ਇਸ ਨੇ ਗੱਲਬਾਤ ਕਰਕੇ ਮਿਲਣ ਦੀ ਆਗਿਆ ਲੈ ਲਈ
ਅਤੇ ਉਸ ਨੂੰ ਪੱਕਾ ਕਰ ਦਿੱਤਾ। ਪੁਲਸ ਵਾਲਿਆਂ ਨੂੰ ਓਦੋਂ ਪਤਾ ਲਗਾ ਜਦ ਕਰਤਾਰ ਸਿੰਘ ਦੂਰ
ਚਲਾ ਜਾ ਚੁੱਕਾ ਸੀ, ਕਿ ਕਰਤਾਰ ਸਿੰਘ ਇਹੋ ਹੀ ਸੀ। ਇਸ ਦੇ ਵੀ ਉਸ ਵੇਲੇ ਵਾਰੰਟ ਨਿਕਲੇ ਹੋਏ
ਸਨ। ਪੁਲਸ ਅਖਾਂ ਹੀ ਮਲਦੀ ਰਹਿ ਗਈ ਅਤੇ ‘‘ਔਹ ਗਏ, ਔਹ ਗਏ’’ ਆਖਣ ਤੋਂ ਸਿਵਾ ਕੁਛ ਨਾ ਕਰ
ਸਕੀ।
ਇਕ ਸੱਜਣ ਜੀ ਦਸਦੇ ਹਨ, ਕਿ ਕਰਤਾਰ ਸਿੰਘ ਦਾ ਬਾਬਾ ਉਸ ਨੂੰ ਮਿਲਣ ਵਾਸਤੇ ਗਿਆ। ਕਰਤਾਰ
ਸਿੰਘ ਨੂੰ ਉਸ ਵੇਲੇ ਫਾਂਸੀ ਦਾ ਹੁਕਮ ਸੁਣਾਇਆ ਜਾ ਚੁੱਕਾ ਹੋਇਆ ਸੀ। ਬਾਬਾ ਮੁਲਾਕਾਤ ਵਿਚ
ਆਖਣ ਲੱਗਾ,‘‘ਕਰਤਾਰ ਸਿੰਘ! ਤੂੰ ਇਨ੍ਹਾਂ ਕੰਮਾਂ ਵਿਚ ਪੈ ਕੇ ਕੀ ਖੱਟਿਆ ਈ? ਐਵੇਂ ਅਜਾਈਂ
ਮੌਤੇ ਹੀ ਮਰਨ ਲੱਗਾ ਏਂ, ਤੈਨੂੰ ਲੋਕਾਂ ਨੇ ਕੀ ਦੇਣਾ ਹੈ।’’ ਕਰਤਾਰ ਸਿੰਘ ਅਵੇਸਲਾ ਜੇਹਾ
ਹੋ ਕੇ ਪੁਛਣ ਲੱਗਾ, ਬਾਬਾ ਜੀ ਫਲਾਣਾ ਸਿੰਘ ਦਾ ਪਿੰਡ ਕੀ ਹਾਲ ਹੈ?
ਬਾਬਾ-ਉਹ ਤਾਂ ਪਲੇਗ ਨਾਲ ਕਦੇ ਦਾ ਹੀ ਮਰ ਗਿਆ ਹੈ।
ਕਰਤਾਰ ਸਿੰਘ-ਹੱਛਾ, ਫਲਾਣਾ ਸਿੰਘ ਦੀ ਬਾਬਤ ਕੁਛ ਦਸੋ।
ਬਾਬਾ-ਉਹ ਵੀ ਐਤਕਾਂ ਤਾਊਨ ਨਾਲ ਮਰ ਗਿਆ ਸੀ।
ਕਰਤਾਰ ਸਿੰਘ ਬਣਾਂ ਠਣਾਂ ਕੇ ਬਾਬੇ ਹੋਰਾਂ ਨੂੰ ਆਖਣ ਲੱਗਾ ਕਿ ਬਾਬਾ ਜੀ, ਜੇ ਮੈਨੂੰ ਵੀ
ਉਹਨਾਂ ਵਾਂਗ ਤਾਊਨ ਜਾਂ ਪਲੇਗ ਹੀ ਲੈ ਜਾਂਦੀ ਤਾਂ ਮੈਂ ਕੇਹੜੀ ਗਿਣਤੀ ਵਿਚ ਹੁੰਦਾ? ਹੁਣ
ਤਾਂ ਮੈਂ ਦੇਸ਼ ਤੇ ਕੌਮ ਲਈ ਕੁਛ ਕਰਕੇ ਫਾਹੇ ਟੰਗਿਆ ਜਾਣ ਲੱਗਾ ਹਾਂ ਤੇ ਸਾਰੇ ਸੰਸਾਰ ਤੇ ਆਪ
ਦਾ, ਸਾਡੇ ਖਾਨਦਾਨ ਦਾ ਜੱਸ ਹੋਵੇਗਾ, ਕਿ ਕਰਤਾਰ ਸਿੰਘ ਸ਼ੇਰ ਦਿਲ ਸੀ ਤੇ ਕੁਛ ਕਰਕੇ ਗਿਆ
ਹੈ। ਪਰ ਜੇ ਓਦਾਂ ਮਰ ਜਾਂਦਾ ਤਾਂ ਉਹ ਅਜਾਈਂ ਮੌਤ ਸੀ। ਹੁਣ ਤਾਂ ਮੇਰੀ ਦੇਹ ਸਫ਼ਲ ਹੋ ਗਈ ਹੈ
ਅਤੇ ਤੁਹਾਨੂੰ ਇਸ ਗੱਲ ਦਾ ਫ਼ਖਰ ਹੋਣਾ ਚਾਹੀਦਾ ਹੈ, ਕਿ ਦੇਸ਼ ਲਈ ਕੁਰਬਾਨੀ ਦਾ ਗੁਣਾ ਤੁਹਾਡੇ
ਖਾਨਦਾਨ ਦੇ ਨਾਮ ਪਿਆ ਹੈ। ਇਸ ਲਈ ਅਫ਼ਸੋਸ ਕਰਨ ਦਾ ਸਮਾਂ ਨਹੀਂ ਸਗੋਂ ਤੁਹਾਡੇ ਲਈ ਖੁਸ਼ੀ ਤੇ
ਫਖ਼ਰ ਕਰਨ ਦਾ ਸਮਾਂ ਹੈ। ਬਾਬਾ ਜੀ ਨਿਰੁਤਰ ਹੋ ਗਏ ਤੇ ਅਥਰੂ ਪੂੰਝਦੇ ਪੂੰਝਦੇ ਬਾਹਰ ਨਿਕਲ
ਗਏ।
ਕਰਤਾਰ ਸਿੰਘ ਦੇ ਦਿਲ ਵਿਚ ਗਰੀਬਾਂ ਲਈ ਕੁੱਟ ਕੁੱਟ ਕੇ ਦਰਦ ਭਰਿਆ ਹੋਇਆ ਸੀ। ਉਹ ਜਦ
ਕਿਰਤੀਆਂ ਤੇ ਕਿਰਸਾਨਾਂ ਦੀ ਦੁਰਦਸ਼ਾ ਵੱਲ ਤਕਦਾ ਸੀ ਤਾਂ ਉਸਦੇ ਹੰਝੂ ਠਲ੍ਹੇ ਨਹੀਂ ਜਾਂਦੇ
ਸਨ। ਉਸ ਵੇਲੇ ਉਸ ਵਿਚ ਜੋਸ਼ ਭਰ ਜਾਂਦਾ ਸੀ ਤੇ ਉਹ ਕਚੀਚੀਆਂ ਵੱਟ ਵੱਟ ਕੇ ਹੀ ਰਹਿ ਜਾਂਦਾ
ਸੀ। ਪ੍ਰਾਧੀਨਤਾ ਬੜੀ ਭਾਰੀ ਲਾਹਨਤ ਹੈ। ਪ੍ਰਾਧੀਨ ਲੋਕਾਂ ਦੇ ਬੁਰੇ ਹਾਲ ਬੌਂਕੇ ਦਿਹਾੜੇ ਹੀ
ਹੋਇਆ ਕਰਦੇ ਹਨ।
ਕਰਤਾਰ ਸਿੰਘ ਦਾ ਆਦਰਸ਼ ਹਿੰਦੁਸਤਾਨ ਵਿਚ ਜਮਹੂਰੀ ਰਾਜ (ਰੀਪਬਲਿਕ) ਸਥਾਪਤ ਕਰਨ ਦਾ ਸੀ। ਪਰ
ਸਭ ਕੁਛ ਦਿਲ ਦਾ ਦਿਲ ਵਿਚ ਹੀ ਰਹਿ ਗਿਆ।
ਲਾਹੌਰ ਸਾਜਿਸ਼ ਦੇ ਮੁਕੱਦਮੇ ਵਿਚ ਕਈ ਫਾਂਸੀ ਲੱਗ ਗਏ, ਅਤੇ ਉਨ੍ਹਾਂ ਦੇ ਫਾਂਸੀ ਲੱਗਣ ਨਾਲ
ਕਈ ਕਈ ਘਰਾਂ ਵਿਚ ਰੋਣੇ ਪਿਟਣੇ ਪੈ ਗਏ। ਸੰਸਾਰ ਵਿਚ ਤ੍ਰਾਹ ਤ੍ਰਾਹ ਹੋ ਗਈ।
ਖ਼ੈਰ! ਮੁਕਦੀ ਗੱਲ ਇਹ ਹੈ ਕਿ ਕਰਤਾਰ ਸਿੰਘ, ਕਰਤਾਰ ਸਿੰਘ ਹੀ ਸੀ। ਮਾਂਵਾਂ ਨੇ ਪੁਤਰ ਤਾਂ
ਬਥੇਰੇ ਜਣੇ ਹੋਣਗੇ ਪਰ ਕਰਤਾਰ ਸਿੰਘ ਕਿਸੇ ਵਿਰਲੀ ਨੇ ਹੀ ਜਣਿਆਂ ਸੀ।
-0-
|