ਅਮਰੀਕਾ
ਦੇ ਕੈਲੇਫੋਰੀਨੀਆ ਸੂਬੇ ਦੇ ਸ਼ਹਿਰ ਸਾਨ ਬਰੂਨੋ ਦੀ ਨੈਸ਼ਨਲ ਆਰਕਾਈਵਜ਼ ਐਂਡ
ਰਿਕਾਰਡ ਐਡਮਨਿਸਟਰੇਸ਼ਨ (ਨਾਰਾ) ਵਿੱਚ ਉਪਲੱਬਧ ਦਸਤਾਵੇਜ਼ਾਂ ਵਿੱਚੋਂ ਕਰਤਾਰ
ਸਿੰਘ ਸਰਾਭਾ ਦਾ ਰਿਕਾਰਡ ਖੋਜੀ ਸਾਥੀ ਵਿਨਸੈਂਟ ਚਿੰਨ੍ਹ, ਚਾਰਲਸ ਮਿੱਲਰ
ਅਤੇ ਬਿੱਲ ਗਰੀਨ ਦੀ ਮਦਦ ਨਾਲ 3 ਦਸੰਬਰ, 2008 ਨੂੰ ਪ੍ਰਾਪਤ ਕੀਤਾ। ਉਦੋਂ
ਅਮਰੀਕਾ ਪਹੁੰਚਣ ਵਾਲੇ ਵਿਦੇਸ਼ੀਆਂ ਨੂੰ ਏਲੀਅਨ ਕਿਹਾ ਜਾਂਦਾ ਸੀ।
ਵਿਦੇਸ਼ੀਆਂ ਵੱਲੋਂ ਆਪਣੇ ਬਾਰੇ ਦੱਸੇ ਅੰਕੜਿਆਂ ਵਾਲੇ ਰਜਿਸਟਰ ਵਿੱਚ ਦਰਜ
ਹੈ ਕਿ ਕਰਤਾਰ ਸਿੰਘ ਸਰਾਭਾ 2 ਜੁਲਾਈ, 1912 ਨੂੰ ਹਾਂਗਕਾਂਗ ਤੋਂ ਚੱਲਿਆ
ਅਤੇ 28 ਜੁਲਾਈ, 1912 ਨੂੰ ਅਮਰੀਕਾ ਦੇ ਸ਼ਹਿਰ ਸਾਨਫਰਾਂਸਿਸਕੋ ਨੇੜੇ ਏਂਜਲ
ਆਈਲੈਂਡ (ਟਾਪੂ) ’ਤੇ ਜਾ ਉਤਰਿਆ। ਇਥੇ ਵਿਦੇਸ਼ੀਆਂ ਨੂੰ ਇੰਮੀਗ੍ਰੇਸ਼ਨ
ਅਧਿਕਾਰੀਆਂ ਅਤੇ ਡਾਕਟਰਾਂ ਅੱਗੇ ਪੇਸ਼ ਹੋਣਾ ਪੈਂਦਾ ਸੀ। ਤਸੱਲੀ ਹੋਣ ’ਤੇ
ਹੀ ਫਿਰ ਸਾਨਫਰਾਂਸਿਸਕੋ ਭੇਜਿਆ ਜਾਂਦਾ। 30 ਜੁਲਾਈ, 1912 ਨੂੰ ਉਹ
ਡਾਕਟਰੀ ਮੁਆਇਨੇ ਵਿੱਚ ਪਾਸ ਹੋ ਗਿਆ ਤੇ ਡਾਕਟਰ ਨੇ ਸਰਟੀਫਿਕੇਟ ਬਣਾ ਕੇ
ਉਸ ਨੂੰ ਅਮਰੀਕਾ ਰਹਿਣ ਲਈ ਆਜ਼ਾਦ ਕਰ ਦਿੱਤਾ ਸੀ।
ਏਂਜਲ ਆਈਲੈਂਡ ’ਤੇ 31 ਜੁਲਾਈ, 1912 ਨੂੰ ਸਪੈਸ਼ਲ ਪੜਤਾਲੀਆ ਬੋਰਡ ਦੀ
ਮੀਟਿੰਗ ਹੋਈ। ਇਸ ਬੋਰਡ ਵਿਚ ਇੰਸਪੈਕਟਰ ਡਬਲਿਊ. ਐਨ. ਸਵੈਨੀ ਚੇਅਰਮੈਨ,
ਦੋ ਇੰਸਪੈਕਟਰ ਏ.ਬੀ.ਮੌਰਗਨ ਅਤੇ ਜੇ.ਏ. ਰਾਬਿਨਸਨ ਮੈਂਬਰ ਸਨ। ਹਰੀ ਸਿੰਘ
ਦੁਭਾਸ਼ੀਆ ਸੀ। ਚੇਅਰਮੈਨ ਨੇ ਕਰਤਾਰ ਸਿੰਘ ਸਰਾਭਾ ਨੂੰ ਸਹੁੰ ਚੁਕਾਈ। ਹਾਜ਼ਰ
ਵਿਦੇਸ਼ੀ ਵੱਲੋਂ ਦੱਸੇ ਅੰਕੜੇ ਹਨ-ਮੇਰਾ ਨਾਂ ਕਰਤਾਰ ਸਿੰਘ ਸਰਾਭਾ ਹੈ, ਉਮਰ
17 ਸਾਲ, ਅਣ-ਵਿਆਹਿਆ, ਕਿੱਤਾ ਖੇਤੀਬਾੜੀ, ਅੰਗਰੇਜ਼ੀ ਪੜ੍ਹ ਲਿਖ ਸਕਦਾ,
ਇੰਗਲੈਂਡ ਦੀ ਪਰਜਾ, ਈਸਟ ਇੰਡੀਅਨ ਕੌਮ, ਹਿੰਦੁਸਤਾਨ ਵਿਚ ਨੇੜਲਾ
ਰਿਸ਼ਤੇਦਾਰ ਮੇਰਾ ਦਾਦਾ ਬਦਨ ਸਿੰਘ ਸਰਾਭਾ, ਪੱਖੋਵਾਲ ਜ਼ਿਲ੍ਹਾ ਲੁਧਿਆਣਾ
ਵਿੱਚ ਰਹਿ ਰਿਹਾ ਹੈ, ਮੰਜ਼ਿਲ ਸਾਨਫਰਾਂਸਿਸਕੋ।
ਸਵਾਲ: ਤੇਰਾ ਰਸਤੇ ਦਾ ਖਰਚਾ ਕਿਸ ਨੇ ਦਿੱਤਾ?
ਜਵਾਬ: ਮੇਰੇ ਦਾਦੇ ਬਦਨ ਸਿੰਘ ਨੇ।
ਸਵਾਲ: ਤੇਰੇ ਕੋਲ ਕਿੰਨਾ ਧਨ ਹੈ?
ਜਵਾਬ: ਲਗਭਗ ਸੌ ਡਾਲਰ
ਸਵਾਲ: ਕੀ ਤੂੰ ਪਹਿਲਾਂ ਵੀ ਕਦੇ ਯੂ.ਐਸ. ਵਿੱਚ ਰਿਹਾ ਸੀ?
ਜਵਾਬ: ਨਹੀਂ।
ਸਵਾਲ: ਕੀ ਤੇਰੇ ਕੋਈ ਰਿਸ਼ਤੇਦਾਰ ਜਾਂ ਦੋਸਤ ਇਥੇ ਹਨ?
ਜਵਾਬ: ਨਹੀਂ।
ਸਵਾਲ: ਤੂੰ ਇਥੇ ਕੀ ਕਰਨ ਦੀ ਆਸ ਕਰਦਾ ਹੈ?
ਜਵਾਬ: ਮੈਂ ਇਥੇ ਪੜ੍ਹਾਂਗਾ।
ਸਵਾਲ: ਇਥੇ ਤੂੰ ਪੜ੍ਹੇਗਾ ਕਿੱਥੇ?
ਜਵਾਬ: ਬਰਕਲੇ ਦੀ ਯੂਨੀਵਰਸਿਟੀ ’ਚ।
ਸਵਾਲ: ਯੂ.ਐਸ. ਵਿੱਚ ਰਹਿੰਦਿਆਂ ਤੇਰੀ ਮਦਦ ਕਿਵੇਂ ਹੋਵੇਗੀ?
ਜਵਾਬ: ਮੇਰੇ ਦਾਦੇ ਵੱਲੋਂ, ਉਹ ਮੈਨੂੰ ਪੈਸੇ ਭੇਜੇਗਾ।
ਸਵਾਲ: ਉਹਦਾ ਕੰਮ-ਕਾਰ ਕੀ ਹੈ?
ਜਵਾਬ: ਉਹ ਕਿਸਾਨ ਹੈ, ਉਸਦੀ ਤਿੰਨ ਸੌ ਏਕੜ ਜ਼ਮੀਨ ਹੈ।
ਸਵਾਲ: ਕੀ ਤੇਰੇ ਕੋਈ ਭਰਾ ਹਨ?
ਜਵਾਬ: ਨਹੀਂ ਮੈਂ ਇਕਲੌਤੀ ਔਲਾਦ ਹਾਂ।
ਸਵਾਲ: ਤੂੰ ਆਪਣੇ ਦਾਦੇ ਨਾਲ ਕਿੰਨਾ ਸਮਾਂ ਰਿਹਾਂ?
ਜਵਾਬ: ਮੇਰੇ ਪਿਤਾ ਨੂੰ ਮਰਿਆਂ ਗਿਆਰਾਂ ਸਾਲ ਹੋ ਗਏ ਹਨ, ਮੇਰੀ ਮਾਤਾ
ਤਕਰੀਬਨ ਚਾਰ ਕੁ ਸਾਲ ਪਹਿਲਾਂ ਮਰੀ ਸੀ।
ਸਵਾਲ: ਤੂੰ ਅੰਗਰੇਜ਼ੀ ਬੋਲਣੀ ਕਿੱਥੋਂ ਸਿੱਖੀ?
ਜਵਾਬ: ਲੁਧਿਆਣੇ ਜ਼ਿਲ੍ਹੇ ਦੇ ਮਿਸ਼ਨ ਹਾਈ ਸਕੂਲ ’ਚੋਂ।
ਸਵਾਲ: ਉਥੇ ਤੂੰ ਕਿੰਨਾ ਚਿਰ ਸਕੂਲ ਜਾਂਦਾ ਰਿਹਾ?
ਜਵਾਬ: ਲਗਭਗ ਚਾਰ ਸਾਲ ਅਤੇ ਪੰਜ ਸਾਲ ਮੈਂ ਆਪਣੇ ਪਿੰਡ ਵਾਲੇ ਸਕੂਲ ’ਚ
ਸੀ।
ਸਵਾਲ: (ਇੰਸਪੈਕਟਰ ਰਾਬਿਨਸਨ)- ਕੀ ਪੜ੍ਹਾਈ ਵਾਸਤੇ ਤੂੰ ਇਥੇ ਕੁਝ ਹੋਰ
ਕਰਨ ਦਾ ਇਰਾਦਾ ਰੱਖਦਾ ਹੈ?
ਜਵਾਬ: ਨਹੀਂ, ਮੇਰੇ ਦਾਦਾ ਜੀ ਮੈਨੂੰ ਹਰ ਮਹੀਨੇ ਪੈਸੇ ਭੇਜਣਗੇ।
ਸਵਾਲ: ਕਿੰਨੀ ਰਾਸ਼ੀ?
ਜਵਾਬ: ਲਗਭਗ ਚਾਲੀ ਡਾਲਰ ਇਕ ਮਹੀਨੇ ਦੇ।
ਸਵਾਲ: ਬਰਕਲੇ ’ਚ ਤੇਰਾ ਪਤਾ ਕੀ ਹੋਵੇਗਾ?
ਜਵਾਬ: ਮੈਂ ਅਜੇ ਨਹੀਂ ਦੱਸ ਸਕਦਾ।
ਸਵਾਲ: (ਇੰਸਪੈਕਟਰ ਮੌਰਗਨ)- ਕੀ ਤੂੰ ਇਸ ਦੇਸ਼ ਵਿੱਚ ਕੰਮ ਕਰੇਂਗਾ?
ਜਵਾਬ: ਨਹੀਂ।
ਸਵਾਲ: ਤੂੰ ਯੂ.ਐਸ.ਏ. ਵਿੱਚ ਕਿੰਨਾ ਸਮਾਂ ਰੁਕੇਂਗਾ?
ਜਵਾਬ: ਤਕਰੀਬਨ ਪੰਜ ਸਾਲ।
ਸਵਾਲ: ਯੂਨੀਵਰਸਿਟੀ ਵਿੱਚ ਕਿਹੜਾ ਵਿਸ਼ਾ ਲਵੇਂਗਾ?
ਜਵਾਬ: ਇਲੈਕਟ੍ਰੀਕਲ ਇੰਜੀਨੀਅਰਿੰਗ।
ਸਵਾਲ: ਇਕ ਮਹੀਨਾ ਰਹਿਣ ਲਈ ਚਾਲੀ ਡਾਲਰ ਬਹੁਤ ਛੋਟੀ ਰਕਮ ਹੈ, ਕੀ ਇਹ
ਨਹੀਂ ਹੈ?
ਜਵਾਬ: ਮੈਂ ਚਾਲੀ ਡਾਲਰ ਤੋਂ ਜ਼ਿਆਦਾ ਲੈ ਸਕਦਾ ਹਾਂ।
ਸਵਾਲ: ਲੋੜ ਪੈਣ ’ਤੇ ਉਹ ਤੈਨੂੰ ਜ਼ਿਆਦਾ ਧਨ ਭੇਜ ਸਕਦਾ ਹੈ?
ਜਵਾਬ: ਹਾਂ।
ਚੇਅਰਮੈਨ: ਬੋਰਡ ਦੀ ਆਮ ਸਹਿਮਤੀ ਨਾਲ ਰਾਇ ਹੈ ਕਿ ਵਿਦੇਸ਼ੀ ਨੂੰ ਦਾਖਲਾ
ਦਿੱਤਾ ਜਾਂਦਾ ਹੈ।
ਸਟੈਨੋਗ੍ਰਾਫ਼ਰ: ਮੈਂ ਤਸਦੀਕ ਕਰਦਾ ਹਾਂ ਕਿ ਇਹ ਕੇਸ ਦੀ ਸਹੀ ਪ੍ਰਤੀ ਲਿੱਪੀ
ਹੈ।
(ਦਸਤਖ਼ਤ-ਈ.ਏ.ਕੈਰੋਲ)
|