(ਗੋਪਾਲ ਸਿੰਘ ਚੰਦਨ
ਨੈਰੋਬੀ ਤੇ ਪੰਜਾਬ ਦੀ ਕਿਰਤੀ ਪਾਰਟੀ ਦੇ ਕਾਰਕੁੰਨ ਸਨ। ਜਿਨ੍ਹਾਂ ਦੀ ਇਹ ਰਚਨਾ ਸ਼ਹੀਦ
ਕਰਤਾਰ ਸਿੰਘ ਸਰਾਭਾ ਦੇ ਗ਼ਦਰ ਪਾਰਟੀ (ਅਮਰੀਕਾ) ਦੀ ਪਹਿਲੀ ਮੀਟਿੰਗ ਵਿਚ ਕਹੇ ਗਏ ਸ਼ਬਦਾਂ
’ਤੇ ਆਧਾਰਤ ਹੈ ਜੋ 17 ਨਵੰਬਰ 1968 ਦੇ ਅਜੀਤ (ਗ਼ਦਰ ਲਹਿਰ ਅੰਕ) ਵਿਚੋਂ ਧੰਨਵਾਦ ਸਹਿਤ ਲਈ
ਗਈ)
ਸਿਰ ਧਰ ਤਲੀ, ਜਾਣਾ ਦੇਸ਼
ਦੀ ਹੈ ਗਲੀ ਅਸੀਂ,
ਪਿਛੇ ਨਹੀਂ ਮੁੜੂੰ, ਪੈਰ ਅਗੇ ਹੀ ਵਧਾਊਂਗਾ।
ਮਾਰ ਲਊਂ ਵੈਰੀਆਂ, ਜਾਂ ਮਰ ਜਾਊਂ ਧਰਾ ਉਤੇ,
ਮਿਟ ਜਾਊਂ ਆਪ, ਜਾਂ ਮੈਂ ਵੈਰੀਆਂ ਮਿਟਾਊਂਗਾ।
ਉਮਰ ਦਾ ਹਾਂ ਕੱਚਾ, ਪਰ ਪੱਕਾ ਹੈ ਇਰਾਦਾ ਮੇਰਾ,
ਪੱਕੇ ਹੌਸਲੇ ਦੇ ਨਾਲ ਧਰਤ ਕੰਬਾਊਂਗਾ।
ਤਨ-ਮਨ ਮੇਰਾ ਉਹ ਵੀ ਦੇਸ਼ ਅਰਪਣ ਹੈ,
ਨਾਮ ‘ਕਰਤਾਰ’ ਕੁਝ ਕਰਕੇ ਵਿਖਾਊਂਗਾ।
ਦੇਸ਼ ਦਾ ਜੋ ਵੈਰੀ, ਕੈਰੀ ਅਖ ਕਰੂ ਦੇਸ਼ ਉਤੇ,
ਉਹਨਾਂ ਅਖਾਂ ਤਾਈਂ ਕਢ ਦੂਰ ਕਰਵਾਊਂਗਾ।
ਲੱਖਾਂ ਗੋਰਿਆਂ ਦੇ ਨਾਲ ਕੱਲਾ, ਕੱਲਾ ਹਿੰਦੀ ਲੜੂ,
ਸੂਰਬੀਰਾਂ ਵਾਲੀ ਬੁਝੀ ਜੋਤ ਨੂੰ ਜਗਾਊਂਗਾ।
ਆਉਣ ਵਾਲੇ ਹਾਣੀਆਂ ਦੇ ਰਸਤੇ ਨੂੰ ਸਾਫ ਕਰੂੰ,
ਆਪਣਾ ਮੈਂ ਤਨ ਅਗੇ ਉਹਨਾਂ ਦੇ ਵਿਛਾਊਂਗਾ।
ਆਖ਼ਰ ਨੂੰ ਭਾਰਤ ਆਜ਼ਾਦ ਖੁਸ਼ਹਾਲ ਹੋਊ,
ਨਾਮ ‘ਕਰਤਾਰ’ ਕੁਝ ਕਰ ਕੇ ਵਿਖਾਊਂਗਾ।
ਦੇ ਕੇ ਕੁਰਬਾਨੀ ਹਾਨੀ ਹੁੰਦੀ ਤਾਈਂ ਦੂਰ ਕਰ,
ਮਰੂੰ ਪਰ ਵੈਰੀਆਂ ਦੇ ਘਰੀਂ ਸੋਗ ਪਾਊਂਗਾ।
ਦੇਸ਼ ਦੀਆਂ ਕੁਲੀਆਂ, ਮਹੱਲਾਂ ’ਚ ਬਦਲ ਦੇਊਂ,
ਦੁਸ਼ਮਣਾਂ ਦੇ ਮਹੱਲ, ਢਾਹ ਢੇਰੀ ਮੈਂ ਕਰਾਊਂਗਾ।
ਸੁੱਕੇ ਸੜੇ ਬਾਗ਼, ਭਾਰਤ ਦੇਸ਼ ਦੇ ਆਬਾਦ ਕਰੂੰ,
ਨਿੱਜ-ਖੂਨ ਦੇ ਕੇ, ਮੈਂ ਬਹਾਰ ਨੂੰ ਲਿਆਊਂਗਾ।
ਪੱਕੇ ਮੈਂ ਇਰਾਦੇ ਨਾਲ ਕਰਾਂਗਾ ਪੁਕਾਰ ਉਚੀ,
ਨਾਮ ‘ਕਰਤਾਰ’ ਕੁਝ ਕਰ ਕੇ ਵਿਖਾਊਂਗਾ।
-0-
|