ਸ਼ਹੀਦ
ਭਗਤ ਸਿੰਘ ਦਾ ਸਿਰਨਾਂਵੀਆਂ ਬਾਬਾ ਭਗਤ ਸਿੰਘ ਬਿਲਗਾ ਪੈਦਾ ਵੀ ਓਸੇ ਸਾਲ
ਵਿੱਚ ਹੋਇਆ, ਜਿਹੜੇ ਸਾਲ ਆਜ਼ਾਦੀ-ਸੰਗਰਾਮ ਦਾ ਮਹਾਂ-ਨਾਇਕ ਸ਼ਹੀਦ ਭਗਤ ਸਿੰਘ
ਪੈਦਾ ਹੋਇਆ ਸੀ; 1907 ਵਿਚ। ਦੋਵੇਂ ਉਮਰੋਂ ਵੀ ਹਾਣੀ ਤੇ ਵਿਚਾਰਾਂ ਪੱਖੋਂ
ਵੀ। ਦਿਲਚਸਪ ਇਤਫ਼ਾਕ ਇਹ ਵੀ ਹੈ ਕਿ ਜੇ ਸ਼ਹੀਦ ਭਗਤ ਸਿੰਘ ਦਾ ਪਹਿਲਾ
ਪ੍ਰੇਰਨਾ-ਸਰੋਤ ਉਸਦਾ ਚਾਚਾ ਅਜੀਤ ਸਿੰਘ ਸੀ ਤਾਂ ਭਗਤ ਸਿੰਘ ਬਿਲਗਾ ਨੂੰ
ਵੀ ਅਰਜਨਟਾਈਨਾ ਵਿੱਚ ਆਜ਼ਾਦੀ ਦੀ ਲੜਾਈ ਦੇ ਰਾਹ ‘ਤੇ ਤੁਰਦਿਆਂ ਅਜੀਤ ਸਿੰਘ
ਦੀ ਸੰਗਤ ਤੇ ਸਲਾਹ ਮਿਲਦੀ ਰਹੀ ਸੀ। ਪਹਿਲੇ ਭਗਤ ਸਿੰਘ ਨੇ ਸ਼ਹੀਦ ਹੋ ਕੇ
ਇਹ ਦੱਸਿਆ ਕਿ ਮਰਿਆ ਕਿਵੇਂ ਜਾ ਸਕਦਾ ਹੈ ਤਾਂ ਦੂਜੇ ਭਗਤ ਸਿੰਘ (ਬਿਲਗਾ)
ਨੇ 102 ਸਾਲ ਦਾ ਸੰਘਰਸ਼ ਭਰਿਆ ਜੀਵਨ ਜਿਊ
ਕੇ ਇਹ ਸਾਬਤ ਕੀਤਾ ਕਿ ਇੱਕ ਇਨਕਲਾਬੀ ਨੂੰ ਜਿਊਂਦਾ ਕਿਵੇਂ ਰਹਿਣਾ ਚਾਹੀਦਾ
ਹੈ। ਇੱਕ ਨੇ ਸਾਨੂੰ ਮਰਨ ਦੀ ਜਾਚ ਦੱਸੀ ਤਾਂ ਦੂਜੇ ਨੇ ਜਿਊਣ ਦੀ। ਇੱਕ ਨੇ
ਸੁਪਨੇ ਲਏ; ਦੂਜੇ ਨੇ ਆਪਣੇ ਸਾਥੀਆਂ ਸੰਗ ਰਲਕੇ ਉਹਨਾਂ ਸੁਪਨਿਆਂ ਵਿੱਚ
ਰੰਗ ਭਰਨ ਲਈ ਉਮਰ ਲਾ ਦਿੱਤੀ।
ਬਾਬਾ ਬਿਲਗਾ ਹੱਸਦਿਆਂ ਕਹਿੰਦਾ ਹੁੰਦਾ ਸੀ, “ਜੰਮਿਆਂ ਤਾਂ ਮੈਂ ‘ਮੂਰਖਾਂ
ਦੇ ਦਿਨ’ ਨਾਲ ਯਾਦ ਕੀਤੇ ਜਾਂਦੇ ਦਿਨ ਪਹਿਲੀ ਅਪ੍ਰੈਲ ਨੂੰ ਸਾਂ ਪਰ ‘ਫੂਲ’
ਬਣਨਾ ਤਾਂ ਮੈਂ ਕਦੀ ਪ੍ਰਵਾਨ ਨਹੀਂ ਸੀ ਕਰਨਾ ਸ਼ਾਇਦ ਏਸੇ ਕਰਕੇ ਮੇਰੇ
ਘਰਦਿਆਂ ਮੇਰੀ ਜਨਮ ਤਰੀਕ ਪਹਿਲੀ ਦੀ ਥਾਂ ਦੋ ਅਪ੍ਰੈਲ ਲਿਖਾ ਦਿੱਤੀ।”
ਅੰਗਰੇਜ਼ ਸਰਕਾਰ ਦੀਆਂ ਨਜ਼ਰਾਂ ਵਿੱਚ ਆਪਣੇ ਬਗ਼ਾਵਤੀ ਖ਼ਾਸੇ ਕਾਰਨ
‘ਬਲੈਕ-ਲਿਸਟ’ ਕੀਤੇ ਗਏ ਪਿੰਡ ਬਿਲਗੇ ਵਿੱਚ ਭਵਿੱਖ ਦੇ ਭਗਤ ਸਿੰਘ ਬਿਲਗਾ
ਦੇ ਰੂਪ ਵਿੱਚ ਉਮਰ ਭਰ ਆਪਣੀਆਂ ਕਰਨੀਆਂ ਦਾ ਚਾਨਣ ਬਿਖ਼ੇਰਨ ਵਾਲੇ ਉਸ ਬੱਚੇ
ਦੇ ਪਰਿਵਾਰ ਵਿੱਚ ਉਸ ਸਮੇਂ ਹਨੇਰ ਪੈ ਗਿਆ ਜਦੋਂ ਅਠਾਰਾਂ ਮਹੀਨਿਆਂ ਦੀ
ਉਮਰ ਵਿੱਚ ਉਸਦਾ ਬਾਪ ਹੀਰਾ ਸਿੰਘ ਉਸਦੀ ਮਾਂ ਮਾਲਣ ਨੂੰ ਆਪਣੇ ਪਰਿਵਾਰ ਦੀ
ਬਗ਼ੀਚੀ ਨੂੰ ਸਾਂਭਣ ਲਈ ਇਕੱਲੀ ਵਿਲਕਦਿਆਂ ਛੱਡ ਗਿਆ। ਬਾਲ ਭਗਤ ਸਿੰਘ ਦੀ
ਗੁਜ਼ਰ ਚੁੱਕੀ ਪਹਿਲੀ ਮਾਂ ਤੋਂ ਵੱਡੀਆਂ ਦੋ ਭੈਣਾਂ ਤੇ ਆਪਣੀ ਮਾਂ ਤੋਂ ਉਹ
ਦੋ ਭਰਾ। ਪੰਜ ਜੀਆਂ ਦਾ ਟੱਬਰ। ਸਭ ਤੋਂ ਛੋਟਾ ਭਗਤ ਸਿੰਘ। ਵਾਹੀ-ਖੇਤੀ
ਕਰਨ ਜੋਗਾ ਕਮਾਊ ਜੀਅ ਤਾਂ ਪਰਿਵਾਰ ਵਿੱਚ ਰਿਹਾ ਕੋਈ ਨਾ। ਜ਼ਮੀਨ ਪਰਿਵਾਰ
ਦੇ ਮੂੰਹ ਰੱਜਵੀਆਂ ਬੁਰਕੀਆਂ ਦੇਣ ਦੇ ਸਮਰੱਥ ਨਾ ਹੋਣ ਕਰ ਕੇ ਸਿਰ ‘ਤੇ
ਕਰਜ਼ੇ ਦੀ ਪੰਡ ਦਿਨੋ-ਦਿਨ ਭਾਰੀ ਹੋਣ ਲੱਗੀ। ਮਾਂ ਅੰਦਰ ਪੁੱਤ ਨੂੰ
ਪੜ੍ਹਾਉਣ ਦੀ ਰੀਝ ਤਾਂ ਸੀ ਪਰ ਸਮਰੱਥਾ ਨਹੀਂ ਸੀ। ਭੈਣ ਦਾ ਤਰਲਾ ਕੀਤਾ ਤੇ
ਭਗਤ ਸਿੰਘ ਨੂੰ ਪਾਲਣ ਤੇ ਪੜ੍ਹਾਉਣ ਦੀ ਜਿ਼ੰਮੇਵਾਰੀ ਸੌਂਪ ਕੇ ਉਸਦੇ ਨਾਲ
ਅਜੀਤਵਾਲ ਤੋਰ ਦਿੱਤਾ। ਪਲੇਗ ਪਈ ਤੇ ਮਾਸੀ ਦੀ ਮੌਤ ਹੋ ਗਈ। ਪਲੇਗ ਦਾ
ਹਮਲਾ ਭਗਤ ਸਿੰਘ ‘ਤੇ ਵੀ ਹੋਇਆ ਪਰ ਉਸਨੇ ਕਿਉਂਕਿ ਅਜੇ ਬਰਤਾਨਵੀ ਸਾਮਰਾਜ
ਦੀ ਵਿਆਪਕ ‘ਪਲੇਗ’ ਨਾਲ ਲੜਨਾ ਸੀ ਇਸ ਲਈ ਪਲੇਗ ਉਸਦਾ ਕੁੱਝ ਨਾ ਵਿਗਾੜ
ਸਕੀ ਤੇ ਉਹ ਅਜੀਤਵਾਲ ਤੋਂ ਚੌਥੀ ਜਮਾਤ ਪਾਸ ਕਰਕੇ ਚੂਹੜਚੱਕ ਦੇ ਮਿਡਲ
ਸਕੂਲ ਵਿੱਚ ਦਾਖ਼ਲ ਹੋ ਗਿਆ। ਇਥੋਂ 1923 ਵਿੱਚ ਮਿਡਲ ਤੱਕ ਦੀ ਪੜ੍ਹਾਈ
ਮੁਕੰਮਲ ਕਰਨ ਉਪਰੰਤ ਉਸਨੇ ਮਾਲਵਾ ਖ਼ਾਲਸਾ ਹਾਈ ਸਕੂਲ ਲੁਧਿਆਣਾ ਤੋਂ
ਮੈਟਰਿਕ ਦਾ ਇਮਤਿਹਾਨ 1925 ਵਿੱਚ ਪਾਸ ਕਰ ਲਿਆ।
ਇਸ ਉਮਰ ਤੱਕ ਪਹੁੰਚਦਿਆਂ ਉਸਨੂੰ ਮੁਲਕ ਦੀ ਗੁਲਾਮੀ ਦਾ ਅਹਿਸਾਸ ਹੋ ਗਿਆ
ਸੀ ਅਤੇ ਉਸ ਅੰਦਰ ਮੁਲਕ ਨੂੰ ਆਜ਼ਾਦ ਵੇਖਣ ਦੀ ਤਾਂਘ ਦਾ ਬੀਜ ਬੀਜਿਆ ਜਾ
ਚੁੱਕਾ ਸੀ। ‘ਬਲੈਕ-ਲਿਸਟ’ ਹੋਏ ਅੰਗਰੇਜ਼ ਵਿਰੋਧੀ ਪਿੰਡ ਦਾ ਖ਼ਮੀਰ ਤੇ
ਪਰਿਵਾਰ ਵਿਚੋਂ ਵਿਸ਼ੇਸ਼ ਤੌਰ ‘ਤੇ ਨਾਨੀ ਮਾਂ ਵੱਲੋਂ ਕੀਤੀਆਂ ਜਾਂਦੀਆਂ
ਸੰਤ-ਮਤੇ ਦੀਆਂ ਗੱਲਾਂ, ‘ਰੱਬ ਹੋਰ ਕਿਤੇ ਨਹੀਂ, ਰੱਬ ਬੰਦੇ ਵਿੱਚ ਹੁੰਦਾ
ਏ’ ਜਿਹੇ ਪ੍ਰਵਚਨ ਉਸਦੇ ਮਨ ਦੀ ਜ਼ਮੀਨ ਤਿਆਰ ਕਰਨ ਵਿੱਚ ਸਹਾਈ ਹੋਏ। ਉਸ
ਸਮੇਂ ਜੇਲ੍ਹ ਵਿੱਚ ਬੰਦ ਗਦਰੀ ਬਾਬਾ ਅਰੂੜ ਸਿੰਘ ਚੂਹੜਚੱਕ ਜਿਹੇ ਸੂਰਮਿਆਂ
ਦੀਆਂ ਕੁਰਬਾਨੀਆਂ ਕਾਰਨ ਚੂਹੜਚੱਕ ਦੇ ਸਕੂਲ ਤੇ ਆਲੇ ਦੁਆਲੇ ਦੇ ਮਾਹੌਲ
ਵਿੱਚ ਵੀ ਇਨਕਲਾਬੀ ਰੰਗ ਬਿਖ਼ਰਿਆ ਹੋਇਆ ਸੀ। ਇਹ ਰੰਗ ਵਿਦਿਆਰਥੀਆਂ ਦੇ
ਕੋਰੇ ਮਨ ‘ਤੇ ਕੁੱਝ ਛੇਤੀ ਚੜ੍ਹ ਜਾਣ ਵਾਲਾ ਸੀ। ਉੱਤੋਂ ਬਾਬਾ ਅਰੂੜ ਸਿੰਘ
ਦਾ ਲੜਕਾ ਭਗਤ ਸਿੰਘ ਬਿਲਗਾ ਦਾ ਜਮਾਤੀ ਸੀ। ਹਰ ਵੇਲੇ ਇੱਕ ਦੂਜੇ ਨਾਲ
ਬਾਬਾ ਜੀ ਤੇ ਉਹਨਾਂ ਦੇ ਗਦਰੀ ਸਾਥੀਆਂ ਦੀ ਕੁਰਬਾਨੀ ਤੇ ਕਾਰਨਾਮਿਆਂ ਬਾਰੇ
ਚਰਚਾ ਦਾ ਅਵਸਰ ਬਣਿਆਂ ਰਹਿੰਦਾ। ਇੱਕ ਵਾਰ ਓਥੇ ਪਿੰਡ ਵਿੱਚ ਪੁਲਿਸ ਕਿਸੇ
ਨੂੰ ਗ੍ਰਿਫ਼ਤਾਰ ਕਰਨ ਆਈ ਤੇ ਪੁਲਿਸ ਨੇ ਦਰਿੰਦਗੀ ਨਾਲ ਉਸ ਬੰਦੇ ਨੂੰ ਕੁੱਟ
ਕੁੱਟ ਕੇ ਮਾਰ ਦਿੱਤਾ। ਲੋਕਾਂ ਨੇ ਗੁੱਸੇ ਵਿੱਚ ਪੁਲਿਸ ਨੂੰ ਘੇਰ ਲਿਆ ਤੇ
ਬਦਲੇ ਵਿੱਚ ਥਾਣੇਦਾਰ ਮਾਰ ਦਿੱਤਾ। ਵਿਦਿਆਰਥੀ ਭਗਤ ਸਿੰਘ ਨੇ ਸਰਕਾਰੀ
ਵਧੀਕੀ ਅਤੇ ਲੋਕ-ਰੋਹ ਤੇ ਲੋਕ-ਏਕੇ ਦਾ ਕਮਾਲ ਦੇਖਿਆ। ਸਥਾਪਤ ਤਾਕਤਾਂ ਦੀ
ਬੇਇਨਸਾਫ਼ੀ ਵਿਰੁੱਧ ਲੜਨ ਦੀ ਭਾਵਨਾ ਤੀਬਰ ਹੁੰਦੀ ਗਈ। ਇਸੇ ਭਾਵਨਾ ਦੇ
ਪ੍ਰਗਟਾ ਹੀ ਸੀ ਜਦੋਂ ਉਸ ਨੇ ਸਾਥੀਆਂ ਨਾਲ ਮਿਲ ਕੇ ਵਾਇਸਰਾਇ ਦੇ ਸਵਾਗਤ
ਵਿੱਚ ਲੁਧਿਆਣੇ ਵਿੱਚ ਕੱਢੇ ਗਏ ਵਿਦਿਆਰਥੀਆਂ ਦੇ ਵੱਡੇ ਜਲੂਸ ਸਮੇਂ
ਹੋਰਨਾਂ ਵਾਂਗ ‘ਹਿਪ ਹਿਪ ਹੁਰਰੇ’ ਕਹਿਣ ਦੀ ਥਾਂ ‘ਡੋ ਡੋ ਝਰਲੇ’ ਆਖ ਕੇ
ਆਪਣੀ ਪਹਿਲੀ ਨਿੱਕੀ ਜਿਹੀ ਬਗ਼ਾਵਤ ਕੀਤੀ ਤੇ ਪਹਿਲੀ ਸਜ਼ਾ ਵਜੋਂ ਸਾਥੀਆਂ
ਸਮੇਤ ਹੈਡਮਾਸਟਰ ਇਕਬਾਲ ਸਿੰਘ ਦੀ ਕੁੱਟ ਖਾਧੀ।
ਦਸਵੀਂ ਪਾਸ ਕਰਨ ਉਪਰੰਤ ਡਾਕਟਰ ਬਣਨ ਲਈ ਦਾਖ਼ਲ ਹੋਣ ਦਾ ਯਤਨ ਕੀਤਾ, ਪਰ
ਕਾਮਯਾਬੀ ਹਾਸਲ ਨਾ ਹੋ ਸਕੀ। ਜਲੰਧਰ ਦੇ ਕਮਰਸ਼ੀਅਲ ਕਾਲਜ ਵਿੱਚ ਅੱਗੇ
ਪੜ੍ਹਾਈ ਜਾਰੀ ਰੱਖਣੀ ਚਾਹੀ ਤਾਂ ਕਰਜ਼ੇ ਦੀਆਂ ਕੰਧਾਂ ਰਾਹ ਵਿੱਚ
ਆਣ
ਖਲੋਤੀਆਂ। ਕਰੇ ਤਾਂ ਕੀ ਕਰੇ?
ਜਜ਼ਬਾ ਤਾਂ ਦੇਸ਼ ਨੂੰ ਆਜ਼ਾਦ ਵੇਖਣ ਦਾ ਵੀ ਉਸ ਅੰਦਰ ਤੁਣਕੇ ਮਾਰਦਾ ਰਹਿੰਦਾ
ਸੀ ਪਰ ਉਸਨੂੰ ਹੁਣ ਤੱਕ ਨਾਲ ਨਾਲ ਤੁਰੀ ਆ ਰਹੀ ਗਰੀਬੀ ਦਾ ਪ੍ਰਛਾਵਾਂ ਵੀ
ਲਗਾਤਾਰ ਤੰਗ ਕਰਦਾ ਰਿਹਾ ਸੀ। ਆਪਣੀ ਮਾਂ ਵੱਲੋਂ ਬੱਚਿਆਂ ਦੀਆਂ ਸੱਧਰਾਂ
ਪੂਰੀਆਂ ਨਾ ਕਰ ਸਕਣ ਦੀ ਲਾਚਾਰਗੀ ਤੇ ਬੇਵੱਸੀ ਦੇ ਨਾਲ ਨਾਲ ਪੁੱਤਾਂ
ਵੱਲੋਂ ਵੱਡੇ ਹੋ ਕੇ ਸਾਰੇ ਕਰਜ਼ੇ ਲਾਹ ਕੇ ਸੁਰਖ਼ਰੂ ਕਰ ਦੇਣ ਦਾ ਉਸਦਾ
ਸੁਪਨਾ ਵੀ ਉਸਨੂੰ ਭੁੱਲਾ ਨਹੀਂ ਸੀ। ਉਸਨੂੰ ਉਹ ਦਿਨ ਤੇ ਉਹ ਦ੍ਰਿਸ਼ ਨਹੀਂ
ਸਨ ਭੁੱਲਦੇ ਜਦੋਂ ਸਾਰੀ ਜ਼ਮੀਨ ਗਹਿਣੇ ਪੈ ਚੁੱਕੀ ਸੀ; ਕਰਜ਼ਾ ਨਾ ਉਤਾਰ ਸਕਣ
ਕਰਕੇ ਅਗਲੇ ਡਿਗਰੀਆਂ ਲੈ ਆਏ ਸਨ ਤੇ ਘਰ ਨੀਲਾਮ ਹੋਣ ‘ਤੇ ਆ ਗਿਆ ਸੀ। ਇਸ
ਸਮੇਂ ਉਸਦੇ ਬਾਪ ਦਾ ਜਲੰਧਰ ਰਹਿੰਦਾ ਹਮਦਰਦ ਵਕੀਲ ਕੰਮ ਆਇਆ ਸੀ। ਪਿਤਾ
ਹੀਰਾ ਸਿੰਘ ਨੰਬਰਦਾਰ ਰਿਹਾ ਸੀ ਤੇ ਉਸਦੀ ਵਕੀਲ ਨਾਲ ਨੇੜੇ ਦੀ ਸਾਂਝ ਸੀ।
ਜਦੋਂ ਵਕੀਲ ਨੂੰ ਪਤਾ ਲੱਗਾ ਤਾਂ ਉਸਨੇ ਕਮਿਸ਼ਨਰ ਜਲੰਧਰ ਕੋਲ ਘਰ ਨੀਲਾਮ ਨਾ
ਕੀਤੇ ਜਾਣ ਦੀ ਦਰਖ਼ਾਸਤ ਦੇ ਦਿੱਤੀ। ਸੌ ਸਾਲ ਦੀ ਉਮਰ ਹੋ ਜਾਣ ‘ਤੇ ਵੀ
ਬਾਬਾ ਉਸ ਸਮੇਂ ਨੂੰ ਨਹੀਂ ਸੀ ਭੁੱਲ ਸਕਿਆ। ਉਸਦੀ ਮਾਂ ਉਹਨਾਂ ਦੋਵਾਂ
ਭਰਾਵਾਂ ਨੂੰ ਬੁੱਕਲ ਵਿੱਚ ਲਈ ਜਲੰਧਰ ਪਹੁੰਚੀ। ਰਾਤ ਕਚਹਿਰੀ ਲਾਗੇ
‘ਪਾਂਡਿਆਂ ਦੀ ਸਰਾਂ’ ਵਿੱਚ ਕੱਟੀ। ਕਮਿਸ਼ਨਰ ਦੇ ਸਾਹਮਣੇ ਬੱਚਿਆਂ ਨੂੰ ਪੇਸ਼
ਕਰਕੇ ਵਕੀਲ ਨੇ ਅਰਜ਼ ਕੀਤੀ ਕਿ ਮੁੰਡੇ ਤਾਂ ਅਜੇ ਛੋਟੇ ਤੇ ਨਾਬਾਲਗ਼ ਹਨ।
ਕੋਈ ਕਮਾਊ ਜੀਅ ਹੀ ਨਹੀਂ ਪਰਿਵਾਰ ਵਿਚ। ਘਰ ਨੀਲਾਮ ਹੋ ਗਿਆ ਤਾਂ ਇਕੱਲੀ
ਔਰਤ ਆਪਣੇ ਨਿੱਕੇ ਨਿੱਕੇ ਬੋਟਾਂ ਨੂੰ ਲੈ ਕੇ ਕਿੱਥੇ ਜਾਏਗੀ! ਕਮਿਸ਼ਨਰ ਨੇ
ਫ਼ੈਸਲਾ ਸੁਣਾਇਆ ਕਿ ਜਿੰਨਾਂ ਚਿਰ ਬੱਚੇ ਬਾਲਗ਼ ਨਹੀਂ ਹੋ ਜਾਂਦੇ ਓਨਾ ਚਿਰ
ਮਕਾਨ ਨੀਲਾਮ ਨਹੀਂ ਹੋ ਸਕਦਾ। ਸ਼ਾਹੂਕਾਰ ਲਾਲਾ ਤਾਂ ਰੋਂਦਾ ਬਾਹਰ ਆਇਆ ਤੇ
ਮਾਂ ਮਾਲਣ ਆਪਣੇ ਪੁੱਤਾਂ ਦੇ ਸਿਰ ‘ਤੇ ਹੱਥ ਫੇਰਦੀ, ਉਹਨਾਂ ਨੂੰ ਵੱਖੀ
ਨਾਲ ਘੁੱਟਦੀ ਖ਼ੁਸ਼ੀ ਦੇ ਅੱਥਰੂ ਪੂੰਝਦੀ ਕਹਿ ਰਹੀ ਸੀ, “ਮੇਰੇ ਪੁੱਤ ਦਿਨਾਂ
‘ਚ ਜਵਾਨ ਹੋਏ ਲਓ। ਜ਼ਮੀਨ ਵੀ ਛੁਡਾ ਲੈਣਗੇ ਤੇ ਘਰ ਵੀ ਬਚਾ ਲੈਣਗੇ।”
ਬਾਲਗ਼ ਹੋ ਚੁੱਕੇ ਭਗਤ ਸਿੰਘ ਬਿਲਗ਼ਾ ਨੂੰ ਮਾਂ ਦੇ ਬੋਲ, ਉਹਨਾਂ ਵਿਚਲੀ
ਖ਼ੁਸ਼ੀ, ਪੁੱਤਾਂ ‘ਤੇ ਮਾਣ ਦਾ ਜਜ਼ਬਾ ਕਦੀ ਨਹੀਂ ਸਨ ਭੁੱਲੇ। ਉਸਦਾ ਤਾਂ
ਵਿਆਹ ਵੀ ਨੌਵੀਂ ਜਮਾਤ ਵਿੱਚ ਪੜ੍ਹਦਿਆਂ ਹੋ ਗਿਆ ਸੀ। ਭਾਵੇਂ ਅਜੇ ਤੱਕ
ਪਤੀ-ਪਤਨੀ ਨੇ ਇੱਕ ਦੂਜੇ ਨੂੰ ਵੇਖਿਆ ਵੀ ਨਹੀਂ ਸੀ ਅਤੇ ਉਹ ਆਪਣੇ ਪੇਕੇ
ਘਰ ਹੀ ਸੀ (ਕਿਉਂਕਿ ਉਹਨਾਂ ਦਿਨਾਂ ਵਿੱਚ ਵਿਆਹ ਛੋਟੀ ਉਮਰ ਵਿੱਚ ਹੋ ਜਾਣ
ਕਰਕੇ ਮੁਕਲਾਵਾ ਦੇਰ ਨਾਲ ਤੋਰਿਆ ਜਾਂਦਾ ਸੀ) ਪਰ ਉਸਦੀ ਜ਼ਿੰਮੇਵਾਰੀ ਵੀ
ਤਾਂ ਹੁਣ ਉਸਦੇ ਸਿਰ ਸੀ। ਉਸਨੇ ਦੇਸ਼ ਦੀ ਆਜ਼ਾਦੀ ਦਾ ਜਾਗ ਰਿਹਾ ਸੁਪਨਾ ਇੱਕ
ਪਾਸੇ ਕਰਕੇ ਮਾਂ ਦੇ ਸੁਪਨੇ ਨੂੰ ਪੂਰਾ ਕਰਨ ਦਾ ਨਿਸਚਾ ਕਰ ਲਿਆ। ਪਤਨੀ
ਦੀਆਂ ਰੀਝਾਂ ਸੰਗ ਆਪਣੇ ਆਪ ਨੂੰ ਜੋੜ ਲਿਆ।
ਕਰਜ਼ਾਈ ਹੋ ਚੁਕਿਆ ਪੰਜਾਬ ਦਾ ਕਿਸਾਨ ਪੈਸੇ ਕਮਾਉਣ ਲਈ ਬਦੇਸ਼ੀ ਧਰਤੀਆਂ ਵੱਲ
ਕੂਚ ਕਰ ਰਿਹਾ ਸੀ। ਉਸਨੇ ਵੀ ਬਾਹਰ ਜਾਣ ਤੇ ਕਮਾਈ ਕਰਨ ਦੀ ਠਾਣ ਲਈ। ਪਰ
ਪਾਸਪੋਰਟ ਬਣਨ ਦੀ ਮੁਸ਼ਕਿਲ ਰਾਹ ਵਿੱਚ ਆਣ ਖਲੋਤੀ। ਪਿੰਡ ਦੇ ਪਤੇ ‘ਤੇ
ਪਿੰਡ ਦੇ ਕਿਸੇ ਬੰਦੇ ਨੂੰ ਪਾਸਪੋਰਟ ਨਹੀਂ ਸੀ ਮਿਲ ਸਕਦਾ। ਨੌਜਵਾਨ ਭਗਤ
ਸਿੰਘ ਕਲਕੱਤੇ ਚਲਾ ਗਿਆ ਤੇ ਜਾਨ ਮੁਹੰਮਦ ਨਾਮੀਂ ਏਜੰਟ ਨੂੰ ਸੌ ਰੁਪਈਆ
ਦਿੱਤਾ। ਉਸਨੇ ਕਲਕਤੇ ਦਾ ਥਹੁ-ਟਿਕਾਣਾ ਦੇ ਕੇ ਪਾਸਪੋਰਟ ਬਣਵਾ ਦਿੱਤਾ।
ਵੀਜ਼ਾ ਲਵਾਇਆ ਚਿੱਲੀ ਦਾ। 1927 ਦਾ ਸਾਲ ਸੀ ਜਦੋਂ ਪਾਣੀ ਵਾਲੇ ਜਹਾਜ਼ ਵਿੱਚ
ਠਿੱਲ੍ਹ ਕੇ ਬਿਲਗਾ ਬਰ੍ਹਮਾਂ, ਪੀਨਾਂਗ ਹੁੰਦਾ ਹਾਂਗਕਾਂਗ ਪੁੱਜਾ। ਇਥੋਂ
ਜਹਾਜ਼ ਬਦਲ ਕੇ ਅਗਲੀ ਯਾਤਰਾ ਸ਼ੁਰੂ ਕੀਤੀ ਪਰ ਪਿਛਲੀਆਂ ਯਾਦਾਂ ਵੀ ਅੰਗ-ਸੰਗ
ਵਿਚਰ ਰਹੀਆਂ ਸਨ। ਘਰ ਚੇਤੇ ਆਇਆ, ਮਾਂ ਤੇ ਭੈਣ-ਭਰਾ ਚੇਤੇ ਆਏ। ਅੰਦਰਲਾ
ਕਵੀ ਜਾਗ ਪਿਆ। ਮਾਂ ਨੂੰ ਚਿੱਠੀ ਲਿਖੀ ਜਪਾਨ ਤੋਂ ਤੇ ਨਾਲ ਕਵਿਤਾ ਲਿਖੀ
ਜਿਸਦੀ ਇਹ ਤੁਕ ਜ਼ਿੰਦਗੀ ਭਰ ਨਾ ਭੁੱਲੀ:
ਬਰ੍ਹਮਾਂ, ਚੀਨ ਤੇ ਹੋਰ ਜਪਾਨ ਡਿੱਠਾ,
ਹਾਇ! ਭੁੱਲਦਾ ਨਹੀਂ ਪੰਜਾਬ ਮੇਰਾ
ਪੰਜਾਬ ਦੀ ਯਾਦ ਆਉਂਦਿਆਂ ਹੀ ਪੰਜਾਬ ਦੀ ਗੁਲਾਮੀ ਤੇ ਗਰੀਬੀ ਵਾਲੀ ਜ਼ਿੰਦਗੀ
ਵੀ ਯਾਦ ਆਉਣ ਲੱਗੀ। ਇਹ ਜਿ਼ੰਦਗੀ ਜੀਊਣ ਲਾਇਕ ਨਹੀਂ ਸੀ। ਇਸਨੂੰ ਜਿਊਣਯੋਗ
ਬਨਾਉਣ ਲਈ ਦੇਸ਼ ਨੂੰ ਆਜ਼ਾਦ ਕਰਾਉਣਾ ਪੈਣਾ ਸੀ। ਘੁੰਮਦਿਆਂ ਘੁੰਮਾਉਂਦਿਆਂ
ਬਿਲਗਾ ਆਖ਼ਰਕਾਰ ਅਰਜਨਟਾਈਨਾ ਪਹੁੰਚ ਗਿਆ। ਸਪੈਨਿਸ਼ ਸਿੱਖੀ। ਰੇਲਵੇ ਵਿੱਚ
ਕਲਰਕ ਲੱਗ ਗਿਆ। ਏਥੇ ਹੀ ਸੰਗਤ ਹੋ ਗਈ ਗ਼ਦਰੀ ਇਨਕਲਾਬੀਆਂ ਨਾਲ। ‘ਗ਼ਦਰ’
ਅਖ਼ਬਾਰ ਪੜ੍ਹਿਆ। ਹੋਰ ਵੀ ਬਹੁਤ ਸਾਰੇ ਲੋਕ ਜੋ ਅਮਰੀਕਾ ਨਹੀਂ ਜਾ ਸਕੇ ਸਨ,
ਏਥੇ ਹੀ ਆ ਉੱਤਰੇ ਸਨ। ਇਹਨਾਂ ਵਿੱਚ ਅਕਾਲੀ ਮੋਰਚਿਆਂ ਵਿੱਚ ਕੈਦਾਂ ਕੱਟਣ
ਵਾਲੇ ਲੋਕ ਵੀ ਸਨ। ਇਹ ਲੋਕ ਸਿਆਸੀ ਚੇਤਨਾ ਵਾਲੇ ਸਨ। ਦੇਸ਼-ਪ੍ਰੇਮ ਦੇ
ਦੀਵਾਨੇ। ਦੇਸ਼ ਭਗਤੀ ਦਾ ਜਜ਼ਬਾ ਮੁੜ ਤੋਂ ਫੁੱਟ ਨਿਕਲਿਆ। ਆਪਣੀ ਮਾਂ ਭੁੱਲ
ਗਈ ਤੇ ਵੱਡੀ ਮਾਂ ਹਿੰਦੁਸਤਾਨ ਦੀ ਗੁਲਾਮੀ ਤੇ ਗਰੀਬੀ ਨੇ ਦਿਲ ਮੱਲ ਲਿਆ।
ਭਾਈ ਰਤਨ ਸਿੰਘ ਨੇ ਆ ਕੇ ਸਭ ਦੀ ਸਲਾਹ ਨਾਲ ਗ਼ਦਰ ਪਾਰਟੀ ਦੀ ਬਰਾਂਚ ਖੋਲ੍ਹ
ਦਿੱਤੀ। ਪਿੱਛੋਂ ਤੇਜਾ ਸਿੰਘ ਸੁਤੰਤਰ ਵੀ ਓਥੇ ਪਹੁੰਚ ਗਿਆ। ਉਸਨੇ ਜਮਹੂਰੀ
ਤਰਜ਼ ਦੀਆਂ ਕਮੇਟੀਆਂ ਬਣਾ ਕੇ ਬਾਕਾਇਦਾ ਚੋਣ ਕਰਵਾਈ ਤੇ ਭਗਤ ਸਿੰਘ ਬਿਲਗਾ
ਨੂੰ ਪਾਰਟੀ ਦਾ ਜਨਰਲ ਸਕੱਤਰ ਚੁਣ ਲਿਆ ਗਿਆ। ਇੱਥੇ ਹੀ ਸ਼ਹੀਦ ਭਗਤ ਸਿੰਘ
ਦਾ ਚਾਚਾ ਅਜੀਤ ਸਿੰਘ ਵੀ ਪਹੁੰਚ ਗਿਆ। ਅਜੀਤ ਸਿੰਘ ਦੀ ਸੰਗਤ ਵਿੱਚ ਰਹਿ
ਕੇ ਪਿਛਲਾ ਇਤਿਹਾਸ ਵੀ ਸੁਣਿਆਂ ਸਮਝਿਆ ਤੇ ਹੋਰ ਵੀ ਬਹੁਤ ਕੁੱਝ ਨਵਾਂ
ਜਾਣਿਆਂ। ਏਥੇ ਰਹਿੰਦਿਆਂ ਹੀ ਉਹਨਾਂ ਨੂੰ ਸਾਂਡਰਸ ਦੇ ਕਤਲ ਦੀ ਖ਼ਬਰ ਮਿਲੀ।
ਏਥੇ ਹੀ ਅਜੀਤ ਸਿੰਘ ਨੂੰ ਲਿਖੇ ਸ਼ਹੀਦ ਭਗਤ ਸਿੰਘ ਦੇ ਤਿੰਨ ਖ਼ਤ ਮਿਲੇ। ਇੱਕ
ਖ਼ਤ, ਜੋ ਪੰਜ ਛੇ ਸਫ਼ਿਆਂ ਦਾ ਸੀ, ਵਿੱਚ ਉਸਨੇ ਭਾਰਤੀ ਲੀਡਰਾਂ ਦਾ
ਸਜ਼ਰਾ-ਨਸਬ ਲਿਖ ਭੇਜਿਆ ਸੀ। ਇੱਕ ਖ਼ਤ ਹੇਠਾਂ ਲਿਖਿਆ ਸੀ,
ਸ਼ੋਸ਼ਲਿਸਟ-ਗ਼ਦਰ-ਕਮਿਊਨਿਸਟ। ਇਹ ਖ਼ਤ ਪੋਲੀਟੀਕਲ ਸਨ। ਮਹੱਤਵਪੂਰਨ ਦਸਤਾਵੇਜ਼;
ਪਰ ਸਾਂਭੇ ਨਾ ਰਹਿ ਸਕੇ।
ਇਨਕਲਾਬੀ ਲਹਿਰ ਨਾਲ ਜੁੜਨ ਕਰ ਕੇ ਬਿਲਗਾ ਪੂਰਨ ਭਾਂਤ ਦੇਸ਼ ਦੀ ਆਜ਼ਾਦੀ ਨੂੰ
ਸਮਰਪਿਤ ਹੋ ਗਿਆ। ਪਿਛਲਾ ਪਰਿਵਾਰ ਭੁੱਲ ਕੇ ਆਪਣੀ ਕਮਾਈ ਦਾ ਬਹੁਤਾ ਹਿੱਸਾ
‘ਨੌਜਵਾਨ ਭਾਰਤ ਸਭਾ’ ਤੇ ‘ਕਿਰਤੀ ਪਾਰਟੀ’ ਨੂੰ ਫੰਡ ਦੇ ਰੂਪ ਵਿੱਚ ਦੇਣ
ਲੱਗਾ। ਬਾਬਾ ਕਹਿੰਦਾ ਹੁੰਦਾ ਸੀ, ‘ਜਦੋਂ ਏਸ ਪਾਸੇ ਪੈ ਗਏ…ਫ਼ਿਰ ਘਰ ਪੈਸੇ
ਕਿਸ ਨੇ ਭੇਜਣੇ ਸਨ!’ ਉਸਦਾ ਹਰੇਕ ਪਲ ਪਾਰਟੀ ਨੂੰ ਸਮਰਪਤ ਸੀ ਤੇ ਜਿੱਥੇ
ਵੀ ਕਿਸੇ ਭਾਰਤੀ ਦੀ ਦੱਸ ਪੈਂਦੀ ਉਹ ਉੱਡ ਕੇ ਪਹੁੰਚਦਾ ਤੇ ਪਾਰਟੀ ਦਾ
ਪ੍ਰਚਾਰ ਕਰਦਾ, ਉਸਨੂੰ ਆਪਣੇ ਨਾਲ ਜੋੜਦਾ।
ਗਦਰ ਪਾਰਟੀ ਵੱਲੋਂ ਗ਼ਦਰ ਕਰਨ ਦਾ ਕੀਤਾ ਪਹਿਲਾ ਯਤਨ ਫੇਲ੍ਹ ਹੋ ਜਾਣ
ਪਿੱਛੋਂ ਹੁਣ ਦੋਬਾਰਾ ਦੇਸ਼ ਪਰਤਣ ਤੇ ਇਨਕਲਾਬ ਲਈ ਜ਼ਮੀਨ ਤਿਆਰ ਕਰਨ ਲਈ
ਵਿਚਾਰ ਚਰਚਾ ਹੋਣੀ ਸ਼ੁਰੂ ਹੋਈ। ਤੇਜਾ ਸਿੰਘ ਸੁਤੰਤਰ ਦਾ ਮੱਤ ਸੀ ਕਿ ਦੇਸ਼
ਪਰਤ ਕੇ ਇਨਕਲਾਬ ਕੀਤਾ ਜਾਏੇ, ਪਰ ਰਤਨ ਸਿੰਘ ਕਹਿੰਦਾ ਸੀ ਕਿ ਸਾਨੂੰ
ਸੋਵੀਅਤ ਤਜਰਬੇ ਤੋਂ ਲਾਭ ਲੈਣਾ ਚਾਹੀਦਾ ਹੈ। ਬਾਬਾ ਬਿਲਗਾ ਵੀ ਇਸ ਮੱਤ ਦਾ
ਸੀ ਕਿ ਅਸੀਂ ਪਹਿਲਾਂ ਸਾਰੀ ਟੇਕ ਫ਼ੌਜਾਂ ਉੱਪਰ ਰੱਖੀ ਸੀ; ਹੁਣ ਕਿਸਾਨਾਂ,
ਮਜ਼ਦੂਰਾਂ ਦੀ ਫ਼ੌਜ ‘ਤੇ ਟੇਕ ਰੱਖਣੀ ਪੈਣੀ ਹੈ। ਪਾਰਟੀ ਵੱਲੋਂ ਭਗਤ ਸਿੰਘ
ਬਿਲਗਾ ਨੂੰ ਸੋਵੀਅਤ ਯੂਨੀਅਨ ਵਿੱਚ ਮਾਰਕਸਵਾਦ ਦੀ ਤੇ ਗੁਰੀਲਾ ਯੁਧ ਦੀ
ਸਿੱਖਿਆ ਲੈਣ ਲਈ ਭੇਜਿਆ ਗਿਆ। 1934 ਵਿੱਚ ਉਸਨੇ ਮਾਸਕੋ ਯੂਨੀਵਰਸਿਟੀ ਤੋਂ
ਗ੍ਰੈਜੂਏਸ਼ਨ ਕੀਤੀ ਅਤੇ ਦੇਸ਼ ਪਰਤਣ ਦੀ ਤਿਆਰੀ ਕਰ ਲਈ। ਸੋਵੀਅਤ ਯੂਨੀਅਨ
ਵਿਚੋਂ ਬਿਲਗਾ ਇਹ ਸਿੱਖ ਕੇ ਆਇਆ ਕਿ ਦੇਸ਼ ਵਾਪਸ ਜਾ ਕੇ ‘ਸਿੱਧਾ’ ਇਨਕਲਾਬ
ਕਰਨ ਦੀ ਥਾਂ ਟਰੇਡ ਯੂਨੀਅਨ ਵਿੱਚ ਕੰਮ ਕਰ ਕੇ, ਕਿਸਾਨ ਸਭਾਵਾਂ ਉਸਾਰ ਕੇ,
ਉਹਨਾਂ ਨੂੰ ਨਾਲ ਲੈ ਕੇ ਇੱਕ ਲੋਕ ਲਹਿਰ ਉਸਾਰਨ ਦੀ ਲੋੜ ਹੈ। ਇਸ ਲਈ ਉਹ
ਅਤੇ ਉਸਦੇ ਗ਼ਦਰ ਪਾਰਟੀ ਵਾਲੇ ਸਾਥੀ ਇਸ ਉਦੇਸ਼ ਨੂੰ ਮੁੱਖ ਰੱਖ ਕੇ ਹੀ
ਐਤਕੀਂ ਵਾਪਸ ਪਰਤੇ।
ਬਾਬਾ ਭਗਤ ਸਿੰਘ ਬਿਲਗਾ ਨੇ ਜਰਮਨੀ ਵਿਚੋਂ ਲੰਘਣ ਦੀ ਦਾਸਤਾਂ ਸੁਣਾਉਂਦਿਆਂ
ਇਹਨਾਂ ਸਤਰਾਂ ਦੇ ਲੇਖਕ ਨੂੰ ਕੁੱਝ ਸਾਲ ਪਹਿਲਾਂ ਨਿੱਜੀ ਮੁਲਾਕਾਤ ਵਿੱਚ
ਦੱਸਿਆ ਸੀ, “ਅੱਜ ਤੱਕ ਮੈਂ ਕਿਸੇ ਨੂੰ ਦੱਸਿਆ ਨਹੀਂ, ਪਰ ਅੱਜ ਤੁਹਾਨੂੰ
ਦੱਸਦਾਂ। ਹੁਣ ਕੋਈ ਉਸ ਤਰ੍ਹਾਂ ਦੀ ਗੱਲ ਨਹੀਂ। ਮੈਂ ਲੈਨਿਨਗਰਾਦ ਵਿੱਚ
ਉਹਨਾਂ ਦੇ ਲਾਦੂ ਜਹਾਜ਼ ਦੀ ਬੇਸਮੈਂਟ ਵਿੱਚ ਲੁਕਵੇਂ ਕੈਬਿਨ ਵਿੱਚ ਲੁਕ ਕੇ
ਆਇਆ। ਮੈਨੂੰ ਦੱਸਿਆ ਗਿਆ ਸੀ ਕਿ ਜਦੋਂ ਜਹਾਜ਼ ਲੱਗੇਗਾ ਤਾਂ ਓਥੇ ਫ਼ਲਾਂ
ਨਿਸ਼ਾਨੀ ਵਾਲਾ ਬੰਦਾ ਹੋਊ, ਉਹਨੂੰ ਬੁਲਾਉਣਾ ਨਹੀਂ…ਉਹਦੇ ਪਿੱਛੇ ਪਿੱਛੇ
ਤੁਰੀ ਜਾਣਾ…ਪੰਜੀਂ ਛੇ ਦਿਨੀਂ ਜਹਾਜ਼ ਲੱਗਾ; ਸਾਮਾਨ ਨਾਲ ਲੱਦਿਆ। ਮੈਂ ਵੀ
ਪਹੁੰਚ ਗਿਆ। ਜਦੋਂ ਸਮਾਨ ਉੱਤਰਨ ਲੱਗਾ, ਉਦੋਂ ਕਾਫ਼ੀ ਦੇਰ ਹੋ ਚੁੱਕੀ ਸੀ।
ਹੁਣ ਪੜਤਾਲ ਵਗੈਰਾ ਖ਼ਤਮ ਸੀ। ਮੇਰੇ ਕੋਲ ਜਰਮਨ ਪਹਿਰਾਵਾ ਸੀ, ਉੇਹ ਮੈਂ
ਪਹਿਨ ਲਿਆ। ਨਿਸ਼ਾਨੀ ਵਾਲਾ ਬੰਦਾ ਮੈਂ ਵੇਖ ਲਿਆ। ਊਹਦੇ ਪਿੱਛੇ-ਪਿੱਛੇ ਇੱਕ
ਹੋਟਲ ਵਿੱਚ ਪਹੁੰਚ ਗਿਆ। ਓਥੇ ਮੈਨੂੰ ਇੱਕ ਪਾਸਪੋਰਟ ਮੁਹੱਈਆ ਕੀਤਾ ਗਿਆ,
ਫੋਟੋ ਲਾ ਕੇ ਮੇਰੀ। ਇੱਕ ਨੁਕਸ ਉਸ ਵਿੱਚ ਸੀ ਕਿ ਉਦੋਂ ਬ੍ਰਿਟਿਸ਼ ਪਾਸਪੋਰਟ
‘ਤੇ ਵੀਜ਼ੇ ਦੀ ਮੋਹਰ ਨਹੀਂ ਸੀ ਲੱਗਦੀ। ਪਰ ਉਸ ਉੱਤੇ ਲੱਗੀ ਹੋਈ ਸੀ। ਜਦੋਂ
ਮੈਂ ਜਰਮਨ ਅਤੇ ਬੈਲਜੀਅਮ ਦੀ ਹੱਦ ਤੇ ਪਹੁੰਚਿਆ ਤਾਂ ਗੱਡੀ ਖੜੋ ਗਈ।
ਜਿਹੜਾ ਬੰਦਾ ਪਾਸਪੋਰਟ ਚੈੱਕ ਕਰ ਰਿਹਾ ਸੀ, ਉਸਨੇ ਮੇਰਾ ਪਾਸਪੋਰਟ ਫੜ੍ਹ
ਕੇ ਮੇਜ਼ ‘ਤੇ ਦੂਜੇ ਪਾਸੇ ਰੱਖ ਲਿਆ ਅਤੇ ਦੂਜਿਆਂ ਨੂੰ ਵਿਦਾ ਕਰਨ ਲੱਗਾ।
ਮੈਂ ਸੋਚਿਆ, ਹੁਣ ਕਾਬੂ ਆਏ…ਗੋਲੀ ਵੱਜੀ ਲਓ…ਪਰ ਮੈਂ ਆਖਿਆ, “ਹੁਣ ਵੇਖੀ
ਜਾਊ”। ਓਧਰੋਂ ਗੱਡੀ ਨੇ ਚੀਕ ਮਾਰੀ…ਮੈਂ ਹੌਲੀ ਜਿਹੀ ਦੂਜੇ ਪਾਸੇ ਦੀ ਹੋ
ਕੇ ਪਾਸਪੋਰਟ ਚੁੱਕਿਆ ਅਤੇ ਤੁਰਦੀ ਗੱਡੀ ਵਿੱਚ ਚੜ੍ਹ ਗਿਆ, ਪਰ ਉਸ ਨੇ
ਮੇਰਾ ਪਿੱਛਾ ਨਾ ਕੀਤਾ।”
ਇੰਝ ਬਾਬਾ ਬਿਲਗਾ ਦੀ ‘ਮਿਲਕੀ ਸਿੰਘ’ ਦੇ ਨਾਂ ਥੱਲੇ ਜਾਅਲੀ ਪਾਸਪੋਰਟਾਂ
‘ਤੇ ਵਾਪਸ ਦੇਸ਼ ਪਰਤਣ ‘ਤੇ ਥਾਂ-ਥਾਂ ਮੌਤ ਦਾ ਸਾਹਮਣਾ ਕਰਨ ਵਾਲੀ ਲੰਮੀ
ਕਹਾਣੀ ਹੈ। ਲੰਕਾ ਥਾਣੀ ਕੰਨਿਆਂ ਕੁਮਾਰੀ ਤੋਂ ਹਿੰਦੁਸਤਾਨ ਵਿੱਚ
ਦਾਖ਼ਲਾ…ਹਿੰਦੁਸਤਾਨ ਦਾਖ਼ਲ ਹੁੰਦਿਆਂ ਹੀ ਪੁਲਿਸ ਵੱਲੋਂ ਪਿੱਛਾ ਕਰਨਾ…ਬਾਬੇ
ਵੱਲੋਂ ਵਾਰ-ਵਾਰ ਪੁਲਿਸ ਨੂੰ ਚਕਮਾ ਦੇਣਾ ਅਤੇ ਇੰਝ ਲੁਕਣ-ਮੀਟੀ ਖੇਡਦਿਆਂ
ਪੰਜਾਬ ਪਹੁੰਚਣ ਦੀ ਖ਼ਤਰਿਆਂ ਭਰੀ ਕਹਾਣੀ…ਰੌਂਗਟੇ ਖੜੇ ਕਰਨ ਵਾਲੀ ਹੈ
ਭਗਤ ਸਿੰਘ ਬਿਲਗਾ ਨੂੰ ਪਾਰਟੀ ਵੱਲੋਂ ਹਦਾਇਤ ਸੀ ਕਿ ਪੰਜਾਬ ਪਹੁੰਚ ਕੇ
ਪਹਿਲਾਂ ਬਾਬਾ ਕਰਮ ਸਿੰਘ ਚੀਮਾ ਨੂੰ ਰੀਪੋਰਟ ਕਰਨੀ ਹੈ। ਉਹ ਜਾ ਕੇ ਬਾਬੇ
ਕਰਮ ਸਿੰਘ ਨੂੰ ਮਿਲਿਆ। ਉਥੋਂ ਕਲਕੱਤੇ ਕੰਮ ਕਰਨ ਦੀ ਡਿਊਟੀ ਲੱਗੀ। ਬਾਬੇ
ਕਰਮ ਸਿੰਘ ਨੇ ਬਾਬੇ ਭਾਗ ਸਿੰਘ ਨੂੰ ਕਿਹਾ ਕਿ ਉਹ ਭਗਤ ਸਿੰਘ ਨੂੰ ਬਿਲਗੇ
ਤੋਂ ਗੱਡੀ ਚੜ੍ਹਾ ਆਵੇ। ਭਗਤ ਸਿੰਘ ਪਛਾਣੇ ਜਾਣ ਤੋਂ ਡਰਦਾ ਸੀ। ਥੋੜ੍ਹਾ
ਜਿਹਾ ਵਲ਼ਾ ਪਾ ਕੇ ਵੱਖਰੀ ਡੰਡੀ ਤੋਂ ਬਾਬਾ ਭਾਗ ਸਿੰਘ ਭਗਤ ਸਿੰਘ ਨੂੰ ਲੈ
ਕੇ ਜਾਣ ਲੱਗਾ। ਉਹ ਡੰਡੀ ਐਨ ਭਗਤ ਸਿੰਘ ਦੇ ਘਰ ਦੇ ਕੋਲੋਂ ਦੀ ਲੰਘ ਰਹੀ
ਸੀ। ਜਦੋਂ ਉਹ ਘਰ ਕੋਲੋਂ ਲੰਘਿਆ ਤਾਂ ਉਸਨੂੰ ਯਾਦ ਆਇਆ, ‘ਇਸ ਘਰ ਵਿੱਚ
ਮੇਰੀ ਮਾਂ ਬੈਠੀ ਕਈ ਸਾਲਾਂ ਤੋਂ ਮੇਰਾ ਰਾਹ ਉਡੀਕਦੀ ਹੋਵੇਗੀ! ਮੇਰੀ ਪਤਨੀ
ਜਿਸਨੂੰ ਮੈਂ ਲੰਮੇ ਵਿਛੋੜੇ ਦੀ ਅੱਗ ਵਿੱਚ ਝੋਕ ਕੇ ਬਾਹਰ ਚਲਾ ਗਿਆ ਸੀ,
ਸਾਲਾਂ ਤੋਂ ਮੇਰੀ ਵਾਟ ਨਿਹਾਰ ਰਹੀ ਹੋਵੇਗੀ।’ ਪਰ ਭਗਤ ਸਿੰਘ ਫ਼ਰਜ਼ ਦਾ
ਬੱਧਾ ਕਲੇਜੇ ‘ਤੇ ਪੱਥਰ ਰੱਖ ਕੇ ਆਪਣੇ ਘਰ ਦੇ ਕੋਲੋਂ ਲੰਘ ਗਿਆ। ਇੱਕ
ਕੁਰਬਾਨੀ ਭਗਤ ਸਿੰਘ ਕਰ ਰਿਹਾ ਸੀ ਤੇ ਦੂਜੀ ਕੁਰਬਾਨੀ ਉਹਦੀ ਮਾਂ ਤੇ ਪਤਨੀ
ਕਰ ਰਹੀਆਂ ਸਨ। ਇਹ ਵੱਖਰੀ ਗੱਲ ਹੈ ਕਿ ਇਨਕਲਾਬੀਆਂ ਦੀਆਂ ਮਾਵਾਂ ਤੇ
ਪਤਨੀਆਂ ਦੀ ਕੁਰਬਾਨੀ ਵੱਲ ਇਤਿਹਾਸਕਾਰਾਂ ਦਾ ਕਦੀ ਧਿਆਨ ਨਹੀਂ ਜਾਂਦਾ।
ਵਿਆਹੁਤਾ ਜੀਵਨ ਦਾ ਸੁਖ ਉਹਨਾਂ ਨੂੰ ਭੋਗਣਾ ਨਸੀਬ ਨਹੀਂ ਸੀ ਹੁੰਦਾ। ਭਗਤ
ਸਿੰਘ ਬਿਲਗਾ ਦੀ ਪਤਨੀ ਨੇ ਜੇ ਵਿਆਹੁਤਾ ਜੀਵਨ ਭੋਗਿਆ ਵੀ ਤਾਂ ਉਸ ਸੂਰਤ
ਵਿੱਚ ਕਿ ਪਾਰਟੀ ਨੂੰ ਮਕਾਨ ਕਿਰਾਏ ‘ਤੇ ਲੈਣਾ ਸੀ ਤੇ ਪਰਿਵਾਰ ਵਾਲੇ
ਵਿਆਹੇ ਵਰ੍ਹੇ ਬੰਦੇ ਨੂੰ ਹੀ ਕਮਰਾ ਕਿਰਾਏ ‘ਤੇ ਮਿਲ ਸਕਦਾ ਸੀ। ਉਸਦੀ ਧੀ
ਕ੍ਰਾਂਤੀ ਉਸਦੀ ਪਰਿਵਾਰਕ ਗ਼ੈਰਹਾਜ਼ਰੀ ਕਾਰਨ ਠੀਕ ਇਲਾਜ ਖੁਣੋਂ ਟਾਈਫਾਈਡ
ਨਾਲ ਬੀਮਾਰ ਰਹਿਣ ਕਾਰਨ ਚੱਲ ਵੱਸੀ ਸੀ। ਜਿਹੜੇ ਘਰ ਨੂੰ ਨਿਲਾਮ ਹੋਣੋਂ
ਬਚਾਉਣ ਲਈ ਉਸਦੀ ਮਾਂ ਨੇ ਕਮਿਸ਼ਨਰ ਕੋਲੋਂ ਪੁੱਤਰਾਂ ਦੇ ਬਾਲਗ਼ ਹੋਣ ਤੱਕ ਦੀ
ਮੁਹਲਤ ਲਈ ਸੀ, ਉਹ ਘਰ ਆਖ਼ਰਕਾਰ ਨੀਲਾਮ ਹੋ ਗਿਆ ਕਿਉਂਕਿ ‘ਮਾਂ ਦਾ ਪੁੱਤਰ’
‘ਭਾਰਤ ਮਾਂ ਦਾ ਪੁੱਤਰ’ ਬਣ ਚੁੱਕਾ ਸੀ। ਜਦੋਂ ਘਰ ਨੀਲਾਮ ਹੋਣ ਲੱਗਾ ਤਾਂ
ਧੀ ਕ੍ਰਾਂਤੀ ਰੋਣ ਲੱਗੀ। ਉਸਦੀ ਮਾਂ ਨੇ ਉਸਦੇ ਮੂੰਹ ‘ਤੇ ਵੱਟ ਕੇ ਚਪੇੜ
ਮਾਰੀ, “ਰੋਣਾ ਨਹੀਂ। ਅਗਲੇ ਆਖਣਗੇ; ਵੱਡੇ ਇਨਕਲਾਬੀ ਦੀ ਧੀ ਹੁਣ ਰੋਂਦੀ
ਏ!”
ਭਗਤ ਸਿੰਘ ਬਿਲਗਾ ਦਾ ਸਾਰਾ ਜੀਵਨ ਨਿਰੰਤਰ ਸੰਘਰਸ਼ ਦਾ ਜੀਵਨ ਸੀ। ਪਹਿਲੀਆਂ
ਵਿੱਚ ਕਲਕੱਤੇ ਜਾ ਕੇ ਕੱਪੜਾ ਮਿੱਲ ਵਿੱਚ ਕੰਮ ਕੀਤਾ। ਟਰੇਡ ਯੂਨੀਅਨ ਖੜੀ
ਕੀਤੀ। ਇੰਝ ਹੀ ਕਾਨਪੁਰ ਜਾ ਕੇ ਮਜ਼ਦੂਰਾਂ ਵਿੱਚ ਕੰਮ ਕੀਤਾ ਤੇ ਯੂਨੀਅਨ
ਤਿਆਰ ਕਰ ਕੇ ਅਜੈ ਘੋਸ਼ ਨੂੰ ਸੌਂਪ ਦਿੱਤੀ। ਫਿਰ ਬੰਬਈ ਜਾ ਕੇ ਮਜ਼ਦੂਰਾਂ
ਵਿੱਚ ਕੰਮ ਕੀਤਾ। ਫਿਰ ਪੰਜਾਬ ਪਰਤ ਕੇ ਗੁਪਤਵਾਸ, ਗ੍ਰਿਫ਼ਤਾਰੀਆਂ,
ਜੇਲ੍ਹ-ਯਾਤਰਾਵਾਂ, ਨਜ਼ਰਬੰਦੀਆਂ ਅਤੇ ਸਰਕਾਰੀ ਤਸ਼ੱਦਦ ਦਾ ਇੱਕ ਲੰਮਾਂ
ਸਿਲਸਿਲਾ ਚੱਲਿਆ। ਕਦੀ ਲਾਇਲਪੁਰ, ਕਦੀ ਲਾਹੌਰ, ਕਦੀ ਲੁਧਿਆਣੇ ਅਤੇ ਕਦੀ
ਯੋਲ੍ਹ ਕੈਂਪ ਦੀਆਂ ਜੇਲ੍ਹਾਂ ਉਸਦਾ ਘਰ ਬਣਦੀਆਂ ਰਹੀਆਂ।
ਦੇਸ਼ ਆਜ਼ਾਦ ਹੋਣ ਪਿੱਛੋਂ ਵੀ ਬਿਲਗਾ ਨੇ ਗਦਰੀ ਸ਼ਹੀਦਾਂ ਦੇ ਸੁਪਨਿਆਂ ਦਾ
ਰਾਜ ਤੇ ਸਮਾਜ ਸਿਰਜਣ ਲਈ ਹਰ ਸਾਹ ਨਾਲ ਸੋਚਣਾ, ਪਰਚਾਰ ਕਰਨਾ ਤੇ ਸੰਘਰਸ਼
ਕਰਨਾ ਜਾਰੀ ਰੱਖਿਆ। ਦੇਸ਼ ਭਗਤ ਯਾਦਗ਼ਾਰ ਕੰਪਲੈਕਸ ਦੀ ਉਸਾਰੀ ਵਿੱਚ ਉਸਨੇ
ਮੁਢਲਿਆਂ ਵਿੱਚ ਆਪਣੇ ਪੁਰਾਣੇ ਸਾਥੀਆਂ ਨਾਲ ਮਿਲ ਕੇ ਅਤੇ ਪਿਛਲੀ ਉਮਰੇ
ਨਵੀਂ ਇਨਕਲਾਬੀ ਪੀੜ੍ਹੀ ਨੂੰ ਆਪਣੇ ਸੰਗ-ਸਾਥ ਲੈ ਕੇ ਆਗੂ ਵਾਲਾ ਰੋਲ
ਨਿਭਾਇਆ। ਅੱਜ ਜੇ ਜਲੰਧਰ ਦਾ ਦੇਸ਼ ਭਗਤ ਯਾਦਗ਼ਾਰ ਹਾਲ ਸੰਸਾਰ ਭਰ ਦੇ
ਪੰਜਾਬੀਆਂ ਅਤੇ ਭਾਰਤੀਆਂ ਲਈ ਇਨਕਲਾਬੀ ਇਤਿਹਾਸ ਦੇ ਪ੍ਰਤੀਕ ਵਜੋਂ ਸਥਾਪਤ
ਹੋ ਸਕਿਆ ਹੈ ਤਾਂ ਇਸ ਵਿੱਚ ਦੇਸ਼ ਭਗਤ ਯਾਦਗ਼ਾਰ ਕਮੇਟੀ ਅਤੇ ਉਸਦੇ ਆਗੂ ਭਗਤ
ਸਿੰਘ ਬਿਲਗਾ ਦਾ ਯੋਗਦਾਨ ਬਹੁਤ ਗਿਣਨਯੋਗ ਹੈ। ਉਹ ਪਿਛਲੇ ਤਿੰਨ ਦਹਾਕੇ
ਤੋਂ ਵੱਧ ਸਮਾਂ ਪਹਿਲਾਂ ਕਮੇਟੀ ਦੇ ਜਨਰਲ ਸਕੱਤਰ ਵਜੋਂ ਤੇ ਫੇਰ ਪ੍ਰਧਾਨ
ਵਜੋਂ ਕਾਰਜਸ਼ੀਲ ਰਿਹਾ। ਉਹ ਵਿਦੇਸ਼ਾਂ ਵਿੱਚ ਜਾ ਕੇ ਜਿੱਥੇ ਪਰਵਾਸੀ ਭਰਾਵਾਂ
ਤੋਂ ਦੇਸ਼ ਭਗਤ ਹਾਲ ਦੇ ਅਦਾਰੇ ਨੂੰ ਪੱਕੇ ਪੈਰੀਂ ਖੜਾ ਕਰਨ ਲਈ ਝੋਲੀ ਮੰਗ
ਕੇ ਪੈਸੇ ਇਕੱਠੇ ਕਰਦਾ ਰਿਹਾ ਓਥੇ ਉਹ ਜੌਹਰੀ ਦੀ ਅੱਖ ਨਾਲ ਇਨਕਲਾਬੀ
ਇਤਿਹਾਸ ਦੇ ਧੂੜ ਵਿੱਚ ਰੁਲ ਗਏ ਹੀਰਿਆਂ ਨੂੰ ਲੱਭਣ ਤੇ ਉਹਨਾਂ ਨੂੰ
ਇਤਿਹਾਸ ਦੇ ਚੌਖਟੇ ਵਿੱਚ ਲਿਆਉਣ ਲਈ ਯਤਨਸ਼ੀਲ ਰਿਹਾ। ਜਦੋਂ ਉਹ ਬ੍ਰਿਟਿਸ਼
ਆਰਕਾਈਵਜ਼ ਵਿਚੋਂ ਦੂਜੇ ਦੌਰ ਦੀ ਗ਼ਦਰ ਡਾਇਰੈਕਟਰੀ ਦੀ ਨਕਲ ਲੈ ਕੇ ਆਇਆ ਤਾਂ
ਉਸਦੇ ਚਿਹਰੇ ਦਾ ਜਲੌ ਤੇ ਖ਼ੁਸ਼ੀ ਵੇਖਣ ਵਾਲੀ ਸੀ। ਇਸ ਡਾਇਰੈਕਟਰੀ ਵਿੱਚ
ਦੂਜੇ ਦੌਰ ਦੇ ਗ਼ਦਰੀ ਇਨਕਲਾਬੀਆਂ ਦੀਆਂ ਸਰਗਰਮੀਆਂ ਦਾ ਅੰਗਰੇਜ਼ ਸਰਕਾਰ
ਵੱਲੋਂ ਲਿਖਿਆ ਤਰਤੀਬਵਾਰ ਖ਼ੁਫ਼ੀਆ ਰੀਕਾਰਡ ਸੀ। ਬਾਬਾ ਬਿਲਗਾ ਇਹਨਾਂ ਸਤਰਾਂ
ਦੇ ਲੇਖਕ ਨੂੰ ਉਸ ਡਾਇਰੈਕਟਰੀ ਵਿਚੋਂ ਆਪਣਾ ਅੰਦਰਾਜ਼ ਕੱਢ ਕੇ ਵਿਖਾਉਣ
ਲੱਗਾ। ਇਸ ਵਿੱਚ ਉਸਦੇ ਪਾਸਪੋਰਟ ਨੰਬਰ ਸਮੇਤ ਇੱਕ ਦੇਸ਼ ਤੋਂ ਦੂਜੇ ਦੇਸ਼
ਤੁਰਨ ਤੇ ਪਹੁੰਚਣ ਦੀਆਂ ਠੀਕ ਤਰੀਕਾਂ ਦਰਜ ਸਨ। ਉਹ ਕਹਿਣ ਲੱਗਾ, “ਸਾਡੇ
ਨਾਲੋਂ ਵੱਧ ਤਾਂ ਅੰਗਰੇਜ਼ ਸਾਡੇ ਬਾਰੇ ਜਾਣਦੇ ਸਨ। ਐਵੇਂ ਤਾਂ ਨਹੀਂ ਏਨਾ
ਚਿਰ ਸਾਡੇ ‘ਤੇ ਰਾਜ ਕਰ ਗਏ।” ਉਸਨੂੰ ਇਸ ਵਿਚੋਂ ਉਹਨਾਂ ਸੂਰਮਿਆਂ ਦਾ
ਵੇਰਵਾ ਤੇ ਨਾਂ ਲੱਭੇ ਜਿਹੜੇ ਸਮੇਂ ਦੀ ਧੂੜ ਵਿੱਚ ਗੁੰਮ ਗਵਾਚ ਗਏ ਸਨ।
ਇਸੇ ਲਈ ਉਸਨੇ ਉਸ ਦੌਰ ਦਾ ਇਤਿਹਾਸ ਲਿਖਣ ਲਈ ਖ਼ੁਦ ਕਲਮ ਚੁੱਕ ਲਈ। ਇਸ
ਇਤਿਹਾਸ ਨੂੰ ਲਿਖਣ ਦਾ ਇੱਕ ਜ਼ਾਹਿਰਾ ਮਕਸਦ ਤਾਂ ਧੂੜ ਵਿੱਚ ਰੁਲ ਗਏ
ਉਹਨਾਂ ਹੀਰਿਆਂ ਦੇ ਕਾਰਨਾਮਿਆਂ ਨੂੰ ਜਿਊਂਦੇ ਇਤਿਹਾਸ ਦਾ ਹਿੱਸਾ ਬਨਾਉਣਾ
ਸੀ ਅਤੇ ਦੂਜਾ ਮਕਸਦ ਸੀ ਇਨਕਲਾਬੀ ਇਤਿਹਾਸ ਨੂੰ ਇੱਕ ਨਿਰੰਤਰ ਲੜੀ ਦੇ ਰੂਪ
ਵਿੱਚ ਪੇਸ਼ ਕਰਨਾ ਕਿਉਂਕਿ ਹੁਣ ਤੱਕ ਇਸ ਇਤਿਹਾਸ ਦਾ ਟੁਟਵੇਂ ਖੰਡਾਂ ਦੇ
ਰੂਪ ਵਿੱਚ ਹੀ ਜ਼ਿਕਰ ਹੋਇਆ ਸੀ। ਇਸ ਉਦੇਸ਼ ਦੀ ਪੂਰਤੀ ਲਈ ਪਿਛਲੀ ਉਮਰ ਵਿੱਚ
ਜਦੋਂ ਅੱਖਾਂ ਦੀ ਜੋਤ ਵੀ ਜਵਾਬ ਦੇਈ ਜਾਂਦੀ ਸੀ ਉਸਨੇ ਅਠਾਰਾਂ ਅਠਾਰਾਂ
ਘੰਟੇ ਲਗਾਤਾਰ ਕੰਮ ਕਰਕੇ ‘ਗ਼ਦਰ ਲਹਿਰ ਦੇ ਅਣਫ਼ੋਲੇ ਵਰਕੇ’ ਨਾਂ ਦੀ ਪੁਸਤਕ
ਲਿਖੀ। ਉਸਤੋਂ ਬਾਅਦ ‘ਮੇਰਾ ਵਤਨ’, ‘ਮੇਰੀ ਸੋਚ ਮੇਰੀ ਸਮਝ’, ‘ਜੀਵਨੀ
ਬਾਬਾ ਗੁਰਮੁਖ ਸਿੰਘ ਲਲਤੋਂ’ ਲਿਖ ਕੇ ਇਨਕਲਾਬੀ ਇਤਿਹਾਸ ਨੂੰ ਸਦੀਵੀ ਉਮਰ
ਦੇਣ ਦਾ ਵੱਡਾ ਉੱਦਮ ਕੀਤਾ। ਜਿੱਥੇ ਇਤਿਹਾਸ ਸਿਰਜਦਿਆਂ ਉਸਨੇ ਸਾਰਾ ਜੀਵਨ
ਲਾ ਦਿੱਤਾ ਓਥੇ ਇਤਿਹਾਸ ਲਿਖਦਿਆਂ ਅੱਖਾਂ ਦੀ ਜੋਤ ਗਵਾ ਲਈ ਪਰ ਆਪਣੇ ਫ਼ਰਜ਼
ਨੂੰ ਜੀ-ਜਾਨ ਨਾਲ ਨਿਭਾਇਆ।
ਉਸਦੀ ਅਗਵਾਈ ਵਿੱਚ ਦੇਸ਼ ਭਗਤ ਯਾਦਗ਼ਾਰ ਹਾਲ ਇੱਕ ਖੋਜ-ਕੇਂਦਰ ਵਜੋਂ ਵਿਕਸਿਤ
ਹੋਇਆ। ਇਸ ਦੀ ਲਾਇਬ੍ਰੇਰੀ ਵਿੱਚ ਵੀਹ ਹਜ਼ਾਰ ਦੇ ਲਗਭਗ ਪੁਸਤਕਾਂ, ਖਰੜਿਆਂ
ਤੇ ਪੁਰਾਣੀਆਂ ਦਸਤਾਵੇਜ਼ਾਂ ਦਾ ਭੰਡਾਰ ਹੈ, ਜਿਥੋਂ ਨਵੇਂ ਖੋਜੀ ਸਹਾਇਤਾ ਲੈ
ਕੇ ਇਤਿਹਾਸ ਦੀ ਖੋਜ ਵਿੱਚ ਜੁੱਟੇ ਹੋਏ ਹਨ। ਜਦੋਂ ਪੰਜਾਬ ਦੇ ਦਹਿਸ਼ਤ ਭਰੇ
ਕਾਲੇ ਦਿਨਾਂ ਵਿੱਚ ਫਿਰਕਾਪ੍ਰਸਤੀ ਦਾ ਰਾਜ ਸੀ ਤਾਂ ਉਸਨੇ ਇਸ ਵਿਰੁਧ
ਬੁਲੰਦ ਆਵਾਜ਼ ਉਠਾਈ। ਇਹਨੀਂ ਦਿਨੀਂ ਹੀ ਸਭਿਆਚਾਰ ਦੇ ਨਾਂ ਤੇ ਇਸ ਵਿਚ
ਸਰਕਾਰੀ ਰੰਗ ਭਰਨ ਲਈ ਲੱਚਰ ਗਾਇਕੀ ਦੇ ਮੇਲਿਆਂ ਦਾ ਆਯੋਜਨ ਹੋਣਾ ਸ਼ੁਰੂ
ਹੋਇਆ ਤਾਂ ਬਾਬਾ ਬਿਲਗਾ ਦੀ ਅਗਵਾਈ ਵਿੱਚ ਹਰ ਸਾਲ ਨਵੰਬਰ ਦੀ ਪਹਿਲੀ ਤਰੀਕ
ਨੂੰ ਬਦਲਵੇਂ ਸਭਿਆਚਾਰ ਨੂੰ ਮੰਚ ‘ਤੇ ਲਿਆਉਣ ਤੇ ਭਟਕਦੀ ਜਾਂਦੀ ਜਵਾਨੀ
ਨੂੰ ਰਾਹੇ ਪਾਉਣ ਲਈ ‘ਮੇਲਾ ਗ਼ਦਰੀ ਬਾਬਿਆਂ ਦਾ’ ਸ਼ੁਰੂ ਕੀਤਾ ਗਿਆ। ਇਹ
ਮੇਲਾ ਪੰਜਾਬ ਦੀ ਧੜਕਦੀ ਇਨਕਲਾਬੀ ਆਤਮਾਂ ਦਾ ਚਿੰਨ੍ਹ ਹੋ ਨਿੱਬੜਿਆ ਹੈ
ਅਤੇ ਹਰ ਸਾਲ ਜਿੱਥੇ ਇਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਸ਼ਾਮਲ ਹੁੰਦੇ
ਹਨ ਅਤੇ ਇਨਕਲਾਬੀ ਇਤਿਹਾਸ ਤੋਂ ਪ੍ਰੀਚਿਤ ਹੁੰਦੇ ਹਨ ਓਥੇ ਇਸ ਮੇਲੇ ਨੇ
ਗਾਇਨ ਅਤੇ ਨਾਟਕ ਕਲਾ ਦੇ ਖੇਤਰ ਵਿੱਚ ਮੰਚ ਮੁਹੱਈਆ ਕਰਵਾ ਕੇ ਇੱਕ ਨਵੀਂ
ਦਿਸ਼ਾ ਦਿੱਤੀ ਹੈ। ਪੰਜਾਬ ਦਾ ਇਹ ਇੱਕੋ ਇੱਕ ਮੇਲਾ ਹੈ ਜਿੱਥੇ ਲੋਕ ਹਰ ਸਾਲ
ਲੱਖਾਂ ਰੁਪਈਆਂ ਦੀਆਂ ਪੁਸਤਕਾਂ ਖ਼ਰੀਦ ਕੇ ਲਿਜਾਂਦੇ ਹਨ ਅਤੇ ਆਪਣੇ ਸਾਹਿਤ
ਅਤੇ ਇਤਿਹਾਸ ਨਾਲ ਜੁੜਦੇ ਹਨ। ਇੰਝ ਹੀ ਹਰ ਸਾਲ ਨੌਜਵਾਨ ਵਿਦਿਆਰਥੀਆਂ ਨੂੰ
ਜੀਵਨ ਦੀ ਚੰਗੀ ਸੋਚ ਨਾਲ ਜੋੜਨ ਲਈ ਬਾਬਾ ਬਿਲਗਾ ਦੀ ਅਗਵਾਈ ਵਿੱਚ ਦੇਸ਼
ਭਗਤ ਯਾਦਗ਼ਾਰ ਕਮੇਟੀ ਵੱਲੋਂ ਹਰ ਸਾਲ ‘ਵਿਦਿਆਰਥੀ ਚੇਤਨਾ ਕੈਂਪ’ ਲਾਉਣ ਦੀ
ਸ਼ੁਰੂਆਤ ਕੀਤੀ ਗਈ। ਇਹ ਬਾਬਾ ਬਿਲਗਾ ਹੀ ਸਨ ਜਿਨ੍ਹਾਂ ਦੀ ਪਹਿਲਕਦਮੀ ਅਤੇ
ਸੁਹਿਰਦ ਯਤਨਾਂ ਨਾਲ ਪੰਜਾਬ ਦੀਆਂ ਖੱਬੇ-ਪੱਖੀ ਤਾਕਤਾਂ ਨੂੰ ਸਿਰ ਜੋੜ ਕੇ
ਨੇੜੇ ਲਿਆਉਣ ਅਤੇ ਸੰਵਾਦ ਰਚਾਉਣ ਲਈ ਕਮੇਟੀ ਵੱਲੋਂ ਸਦਾ ਮੰਚ ਮੁਹੱਈਆ
ਕੀਤਾ ਜਾਂਦਾ ਰਿਹਾ। ਬਾਬਾ ਬਿਲਗਾ ਦੀ ਅਗਵਾਈ ਵਿੱਚ ਹੀ ਦੇਸ਼ ਭਗਤ ਯਾਦਗ਼ਾਰ
ਕਮੇਟੀ ਵੱਲੋਂ ਕਾਮਾਗਾਟਾ ਮਾਰੂ ਦੀ ਘਟਨਾ ਤੇ ਨਾਮਧਾਰੀ ਅੰਦੋਲਨ ਨੂੰ ਸਾਡੇ
ਇਤਿਹਾਸ ਦਾ ਮਾਣਯੋਗ ਹਿੱਸਾ ਮੰਨਵਾਏ ਜਾਣ ਲਈ ਕੇਂਦਰ ਸਰਕਾਰ ਤੱਕ ਦਬਾਓ
ਪਾਇਆ ਤੇ ਮਨਵਾਇਆ ਗਿਆ। ਜੱਲ੍ਹਿਆਂ ਵਾਲਾ ਬਾਗ਼ ਦੀ ਇਤਿਹਾਸਕ ਦਿੱਖ ਨੂੰ
ਬਚਾਈ ਤੇ ਬਣਾਈ ਰੱਖਣ ਦਾ ਸੰਘਰਸ਼ ਆਰੰਭਿਆ ਗਿਆ।
ਇਕ ਪੂਰੀ ਸਦੀ ਦੇ ਇਤਿਹਾਸ ਦਾ ਹਾਣੀ; ਸਿਰੜ੍ਹ, ਸੰਘਰਸ਼, ਕੁਰਬਾਨੀ ਤੇ
ਸੂਰਮਗਤੀ ਦੀ ਸਾਕਾਰ ਮੂਰਤ; ਉੱਚੀਆਂ-ਸੁੱਚੀਆਂ ਕਦਰਾਂ ਵਾਲੀ ਇਨਕਲਾਬੀ
ਸਿਆਸਤ ਨੂੰ ਉਮਰ ਭਰ ਸਮਰਪਤ ਰਹਿਣ ਵਾਲਾ; ਜ਼ਿੰਦਗੀ ਦੇ ਆਖ਼ਰੀ ਸਵਾਸਾਂ ਤੱਕ
ਜਿਊਂਦੀ ਤੇ ਜਾਗਦੀ ਜਮੀਰ ਦਾ ਚਾਨਣ ਵੰਡਣ ਵਾਲਾ ਮਹਾਨ ਆਜ਼ਾਦੀ ਸੰਗਰਾਮੀਆਂ
ਤੇ ਦੇਸ਼ ਭਗਤ ਯਾਦਗ਼ਾਰ ਕਮੇਟੀ ਦਾ ਪ੍ਰਧਾਨ ਬਾਬਾ ਭਗਤ ਸਿੰਘ ਬਿਲਗਾ ਆਉਣ
ਵਾਲੀਆਂ ਨਸਲਾਂ ਲਈ ਆਪਣੀਆਂ ਪੈੜਾਂ ਦੇ ਅਮਿੱਟ ਨਿਸ਼ਾਨ ਛੱਡ ਕੇ 22 ਮਈ
2009 ਵਾਲੇ ਦਿਨ ਸਦਾ ਲਈ ਅੱਖੋਂ ਓਹਲੇ ਹੋ ਗਿਆ। ਬਾਬਾ ਆਪਣੀ ਗੜ੍ਹਕਵੀਂ
ਆਵਾਜ਼ ਵਿੱਚ ਹਮੇਸ਼ਾ ਆਖਿਆ ਕਰਦਾ ਸੀ ਕਿ ਅਸੀਂ ਆਪਣੇ ਹਿੱਸੇ ਦੀ ਦੌੜ ਦੌੜ
ਲਈ ਹੈ, ਇਸ ਲਈ ਨੌਜਵਾਨੋ! ਤੁਸੀਂ ਹੁਣ ਅੱਗੇ ਆਵੋ ਤੇ ਸਾਥੋਂ ਝੰਡਾ ਫੜ੍ਹ
ਕੇ ਆਪਣੇ ਹਿੱਸੇ ਦੀ ਦੌੜ ਦੌੜਨ ਲਈ ਮੈਦਾਨ ਵਿੱਚ ਨਿੱਤਰੋ। ਉਸਦੀ ਆਵਾਜ਼
ਅੱਜ ਵੀ ਪਿੱਛੇ ਰਹਿ ਗਿਆਂ ਨੂੰ ਵੰਗਾਰ ਰਹੀ ਹੈ। ਬਾਬਾ ਬਿਲਗਾ ਇਨਕਲਾਬੀ
ਧਿਰਾਂ ਲਈ ਸਦਾ ਚਾਨਣ-ਮੁਨਾਰੇ ਵਾਂਗ ਲਿਸ਼ਕਦਾ ਤੇ ਰਾਹ ਦਸੇਰਾ ਬਣਿਆਂ
ਰਹੇਗਾ।
ਸਾਡੇ ਆਜ਼ਾਦੀ ਸੰਗਰਾਮ ਦੇ ਮਹਾਂ-ਨਾਇਕ ਸ਼ਹੀਦ ਭਗਤ ਸਿੰਘ ਦੀ ਸੌਵੀਂ
ਜਨਮ-ਸ਼ਤਾਬਦੀ ਨੂੰ ਸਮਰਪਤ ਪਿਛਲੇ ਡੇਢ ਕੁ ਸਾਲ ਤੋਂ ਦੇਸ਼-ਵਿਦੇਸ਼ ਵਿੱਚ
ਵੱਖ-ਵੱਖ ਪਾਰਟੀਆਂ, ਜਥੇਬੰਦੀਆਂ ਅਤੇ ਸੰਸਥਾਵਾਂ ਨੇ ਸ਼ਹੀਦ ਦੀ ਯਾਦ ਨੂੰ
ਨਤਮਸਤਕ ਹੋਣ ਲਈ ਵੱਡੇ ਵੱਡੇ ਸਮਾਗਮ ਕਰਵਾਏ ਹਨ। ਇਸ ਦਿਨਾਂ ਵਿੱਚ ਹੀ
ਨਹੀਂ, ਪਿਛਲੇ ਸਾਲਾਂ ਵਿੱਚ ਵੀ ਤੁਸੀਂ ਵੇਖਿਆ ਅਤੇ ਪੜ੍ਹਿਆ ਸੁਣਿਆ
ਹੋਵੇਗਾ ਕਿ ਭਾਵੇਂ ਸਤਲੁਜ ਦੇ ਕਿਨਾਰੇ ਸ਼ਹੀਦਾਂ ਦੇ ਖ਼ੂਨ ਦੀ ਮਹਿਕ ਨਾਲ
ਸਰਸ਼ਾਰਿਆ ਹੁਸੈਨੀ ਵਾਲੇ ਦਾ ਸਥਾਨ ਹੋਵੇ ਅਤੇ ੍ਹਭਾਵੇਂ ਸ਼ਹੀਦ ਦੇ ਵਡੇਰਿਆਂ
ਦੀ ਖਟਕੜ ਕਲਾਂ ਦੀ ਮਾਣਮੱਤੀ ਧਰਤੀ ਹੋਵੇ; ਵੱਖ-ਵੱਖ ਰਾਜਨੀਤਿਕ ਪਾਰਟੀਆਂ
ਸ਼ਹੀਦ ਨੂੰ ਆਪਣੇ ਵੱਲੋਂ ‘ਸੱਚੀ ਸ਼ਰਧਾਂਜਲੀ’ ਦੇਣ ਦਾ ਯਤਨ ਕਰਦੀਆਂ ਆ
ਰਹੀਆਂ ਹਨ। ਇਹਨਾਂ ਵਿੱਚੋਂ ਬਹੁਤ ਸਾਰੇ ਯਤਨ ਵਾਕਿਆ ਹੀ ਬੜੇ ਸੁਹਰਿਦ ਭਾਵ
ਨਾਲ ਕੀਤੇ ਜਾਂਦੇ ਰਹੇ ਹਨ ਅਤੇ ਅਜਿਹੇ ਲੋਕ ਭਗਤ ਸਿੰਘ ਦੀ ਸੋਚ ਵਿੱਚੋਂ
ਕਸ਼ੀਦ ਕੀਤਾ ਹੋਇਆ ਸਮਾਜ ਸਿਰਜਣ ਲਈ ਯਤਨਸ਼ੀਲ ਹਨ। ਪਰ ਬਹੁਤ ਸਾਰੀਆਂ
ਪਾਰਟੀਆਂ, ਖ਼ਾਸ ਤੌਰ ‘ਤੇ ਸੱਤਾ ਨਾਲ ਜੁੜੀਆਂ ਪਾਰਟੀਆਂ, ਵੀ ਸ਼ਹੀਦ ਨੂੰ
ਸ਼ਰਧਾਂਜਲੀ ਦੇਣ ਦਾ ਨਾਟਕ ਹੋਰ ਵੀ ਵਧੇਰੇ ਜ਼ੋਰ ਸ਼ੋਰ ਨਾਲ ਕਰਦੀਆਂ ਆ ਰਹੀਆਂ
ਹਨ। ‘ਨਾਟਕ’ ਮੈਂ ਇਸ ਕਰਕੇ ਕਹਿ ਰਿਹਾਂ ਕਿਉਂਕਿ ਜੇ ਰਤਾ ਕੁ ਧਿਆਨ ਨਾਲ
ਵੇਖੀਏ ਤਾਂ ਇਹਨਾਂ ਪਾਰਟੀਆਂ ਦਾ ਭਗਤ ਸਿੰਘ ਦੀ ਸੋਚ ਅਤੇ ਵਿਚਾਰਧਾਰਾ ਨਾਲ
ਕਿਧਰੇ ਦੂਰ ਦਾ ਵਾਸਤਾ ਵੀ ਦਿਖਾਈ ਨਹੀਂ ਦਿੰਦਾ। ਸਗੋਂ ਸੱਚੀ ਗੱਲ ਤਾਂ ਇਹ
ਹੈ ਕਿ ਇਹ ਪਾਰਟੀਆਂ ਆਪਣੇ ਖ਼ਾਸੇ ਅਤੇ ਵਿਹਾਰ ਦੇ ਪੱਖੋਂ ਭਗਤ ਸਿੰਘ ਦੀ
ਵਿਚਾਰਧਾਰਾ ਦੀਆਂ ਵਿਰੋਧੀ ਵੀ ਹਨ। ਸੋਚਵਾਨ ਮਨੁੱਖ ਨੂੰ ਹੈਰਾਨੀ ਹੁੰਦੀ
ਹੈ ਕਿ ਭਗਤ ਸਿੰਘ ਦੇ ਵਿਚਾਰਾਂ ਦੀਆਂ ਵਿਰੋਧੀ ਅਤੇ ਉਹਨਾਂ ਨਾਲ ਦੂਰ ਦਾ
ਵਾਸਤਾ ਵੀ ਨਾ ਰੱਖਣ ਵਾਲੀਆਂ ਪਾਰਟੀਆਂ ਜੇ ਅੱਜ ਉਸਦੀਆਂ ਸਭ ਤੋਂ ਵੱਧ
ਸਕੀਆਂ-ਸੋਦਰੀਆਂ ਅਤੇ ਹੇਜਲੀਆਂ ਬਣਨ ਦੀ ਕੋਸ਼ਿਸ਼ ਵਿੱਚ ਹਨ ਤਾਂ ਇਸਦਾ ਜ਼ਰੂਰ
ਕੋਈ ਨਾ ਕੋਈ ਕਾਰਨ ਹੋਵੇਗਾ।
ਕੇਂਦਰ ਵੱਲੋਂ ਪਾਰਲੀਮੈਂਟ ਹਾਊਸ ਵਿੱਚ ਸ਼ਹੀਦ ਦਾ ਬੁੱਤ ਲਾਉਣ ਦਾ ਫ਼ੈਸਲਾ
ਕੀਤਾ ਗਿਆ ਹੈ। ਪੰਜਾਬ ਵਿੱਚ ਸਰਕਾਰ ਵੱਲੋਂ ਵੱਡੇ ਪੱਧਰ ਤੇ ਸ਼ਹੀਦ ਦੀ
ਸੌਵੀਂ ਜਨਮ ਸ਼ਤਾਬਦੀ ਦੇ ਸੰਬੰਧ ਵਿੱਚ ਸਮਾਮਗ ਰਚਾਏ ਗਏ। ਜਲੰਧਰ ਦੇ ਬੱਸ
ਅੱਡੇ ਦਾ ਨਾਮ ਸ਼ਹੀਦ ਦੇ ਨਾਮ ਉੱਤੇ ਰੱਖਣ ਦਾ ਐਲਾਨ ਕੀਤਾ ਗਿਆ। ਮੋਹਾਲੀ
ਵਿੱਚ ਬਣਨ ਵਾਲੇ ਹਵਾਈ ਅੱਡੇ ਦਾ ਨਾਂ ਵੀ ਸ਼ਹੀਦ ਦੇ ਨਾਂ ‘ਤੇ ਰੱਖਣ ਦੀ
ਮੰਗ ਕੀਤੀ ਜਾ ਰਹੀ ਹੈ। ਇਹੋ ਜਿਹਾ ਹੋਰ ਵੀ ਬਹੁਤ ਕੁੱਝ ਹੋ ਰਿਹਾ ਹੈ।
ਅਸੀਂ ਜਾਣਦੇ ਹਾਂ ਅਤੇ ਮੰਨਦੇ ਹਾਂ ਕਿ ਸ਼ਹੀਦ ਦਾ ਨਾਂ ਕਿਸੇ ਬੱਸ-ਅੱਡੇ,
ਗਲੀ-ਮੁਹੱਲੇ ਜਾਂ ਵਿੱਦਿਅਕ ਅਦਾਰੇ ਦੇ ਬੋਰਡਾਂ ‘ਤੇ ਲਿਖੇ ਜਾਣ ਤੋਂ ਵੀ
ਪਹਿਲਾਂ ਆਪਣੇ ਦਿਲਾਂ ‘ਤੇ ਲਿਖੇ ਜਾਣ ਦੀ ਲੋੜ ਹੈ। ਕਿਤੇ ਵੀ ਉਸਦਾ ਬੁੱਤ
ਲਾਉਣ ਤੋਂ ਪਹਿਲਾਂ ਉਸ ਬੁੱਤ ਅੰਦਰੋਂ ਆਉਂਦੀ ਆਵਾਜ਼ ਨੂੰ ਕੰਨ ਲਾ ਕੇ ਸੁਣਨ
ਦੀ ਲੋੜ ਹੈ। ਇਹੋ ਕਾਰਨ ਹੈ ਕਿ ਸ਼ਹੀਦ ਦੀ ਯਾਦ ਮਨਾਏ ਜਾਣ ਵਾਲੇ ਇਹ ਬਹੁਤ
ਸਾਰੇ ਸਮਾਗਮ ਮਹਿਜ਼ ਇੱਕ ਰਸਮ ਬਣ ਕੇ ਰਹਿ ਗਏ ਹਨ।
ਭਗਤ ਸਿੰਘ ਆਪਣੇ ਦ੍ਰਿੜ੍ਹ ਇਰਾਦੇ ਅਤੇ ਬੇਪਨਾਹ ਹੌਸਲੇ ਕਰਕੇ, ਕੁਰਬਾਨੀ
ਦੇ ਰਾਂਗਲੇ ਜਜ਼ਬੇ ਦੀ ਸਿਖ਼ਰਲੀ ਸ਼ਿੱਦਤ ਕਰਕੇ, ਦੁੱਖਾਂ ਨੂੰ ਸਹਿ ਸਕਣ ਦੀ
ਆਪਣੀ ਅਥਾਹ ਸਮਰੱਥਾ ਕਰਕੇ, ਮੌਤ ਨੂੰ ਮਖ਼ੌਲ ਕਰਨ ਵਾਲੇ ਅੰਦਾਜ਼ ਵਿੱਚ
ਟੱਕਰਨ ਦੀ ਬੇਮਿਸਾਲ ਹਿੰਮਤ ਕਰਕੇ ਅਤੇ ਚਿੰਤਨ ਦੇ ਬੌਧਿਕ ਅਤੇ ਇਨਕਲਾਬੀ
ਜਲੌਅ ਦੀ ਆਭਾ ਵਿੱਚ ਲਿਸ਼ ਲਿਸ਼ ਕਰਦੇ ਸੂਰਜੀ ਆਪੇ ਕਰਕੇ ਇਤਿਹਾਸ ਦੇ
ਪੰਨਿਆਂ ਉੱਤੇ ਹੀ ਨਹੀਂ ਸਗੋਂ ਹਰੇਕ ਭਾਰਤੀ ਦੇ ਦਿਲ ਵਿੱਚ ਉਹਨਾਂ ਦੀ ਰੂਹ
ਦਾ ਹੀ ਇੱਕ ਟੁਕੜਾ ਬਣ ਕੇ ਬੈਠਾ ਹੋਇਆ ਹੈ। ਉਹਨੇ ਆਪਣੇ ਲੋਕਾਂ ਦੇ ਦਰਦ
ਵਿੱਚ ਭਿੱਜ ਕੇ ਅੰਤਿਮ ਸਵਾਸਾਂ ਤੱਕ ਉਹਨਾਂ ਦੀ ਪੀੜ ਲਈ ਹਰ ਪਲ ਹੂੰਗਣ ਦਾ
ਉੱਦਮ ਹੀ ਨਹੀਂ ਕੀਤਾ ਸਗੋਂ ਮਨੁੱਖਤਾ ਦੇ ਹਨੇਰੇ ਰਾਹਾਂ ਵਿੱਚ ਰੌਸ਼ਨੀ ਕਰਨ
ਲਈ ਆਪਣਾ ਆਪ ਚਿਰਾਗ ਵਾਂਗ ਬਾਲ ਦਿੱਤਾ।
ਭਗਤ ਸਿੰਘ ਪਿਛਲੀ ਪੌਣੀ ਸਦੀ ਤੋਂ ਪੰਜਾਬੀ ਲੋਕ-ਆਤਮਾ ਵਿੱਚ ਕੋਸੀ ਧੁੱਪ
ਦੇ ਟੁਕੜੇ ਵਾਂਗ ਟਹਿਕ ਹਿਰਾ ਹੈ। ਲੋਕਾਂ ਦਾ ਬਿਲਕੁਲ ਆਪਣਾ ਬਣ ਕੇ-
ਜਿਵੇਂ ਉਹਨਾਂ ਦੀ ਆਪਣੀ ਦੇਹ-ਜਾਨ ਹੋਵੇ। ਸਾਡੇ ਸੁਚੇਤ ਨੌਜਵਾਨਾਂ ਲਈ ਭਗਤ
ਸਿੰਘ ਹਮੇਸ਼ਾਂ ਉਹਨਾਂ ਦਾ ਮਾਡਲ ਬਣਿਆ ਰਿਹਾ ਹੈ। ਭਗਤ ਸਿੰਘ ਵਰਗਾ
ਦਿੱਸਣਾ, ਭਗਤ ਸਿੰਘ ਵਰਗਾ ਹੋਣਾ ਅਤੇ ਭਗਤ ਸਿੰਘ ਵਰਗਾ ਬਣਨਾ ਉਹਨਾਂ ਦੀ
ਸਦੀਵੀ ਲਲਕ ਰਹੀ ਹੈ।
ਭਗਤ ਸਿੰਘ ਦੀ ਇਹ ਅਥਾਹ ਲੋਕ-ਪ੍ਰਿਯਤਾ ਹੀ ਉਹ ਸਭ ਤੋਂ ਵੱਡਾ ਕਾਰਨ ਹੈ ਜੋ
ਉਸਦੇ ਵਿਚਾਰਧਾਰਕ ਵਿਰੋਧੀਆਂ ਨੂੰ ਵੀ ਉਸਦੇ ਸਭ ਤੋਂ ਵੱਡੇ ਹੇਜਲੇ ਦਿੱਸਣ
ਦਾ ਖੇਖਣ ਕਰਨ ਲਈ ਮਜਬੂਰ ਕਰ ਰਹੀ ਹੈ। ਉਹਨਾਂ ਦਾ ਭਗਤ ਸਿੰਘ ਦੀ
ਵਿਚਾਰਧਾਰਾ ਨਾਲ ਕੋਈ ਸੰਬੰਧ ਨਹੀਂ। ਉਹ ਤਾਂ ਚਾਹੁੰਦੇ ਹਨ ਕਿ ਲੋਕ ਭਗਤ
ਸਿੰਘ ਦੀ ਤਰਦੀ ਤਰਦੀ ਪ੍ਰਸੰਸਾ ਨਾਲ ਹੀ ਸੰਤੁਸ਼ਟ ਹੋ ਜਾਣ। ਭਗਤ ਸਿੰਘ ਦੀ
ਸੋਚ ਲਈ ਉਹਨਾਂ ਨੇ ਆਪਣੇ ਮਨਾਂ ਦੇ ਦਰਵਾਜ਼ੇ ਤਾਂ ਬੰਦ ਕੀਤੇ ਹੀ ਹੋਏ ਹਨ,
ਸਗੋਂ ਉਹ ਸੁਚੇਤ ਤੌਰ ਤੇ ਇਸ ਸੋਚ ਨੂੰ ਲੋਕ-ਮਾਨਸ ਦੀ ਚੇਤਨਾ ਦਾ ਹਿੱਸਾ
ਹੀ ਨਹੀਂ ਬਣਨ ਦੇਣਾ ਚਾਹੁੰਦੇ। ਇਹ ਲੋਕ ਅਤੇ ਇਹ ਪਾਰਟੀਆਂ ਭਗਤ ਸਿੰਘ ਦੀ
ਲੋਕ-ਪ੍ਰਿਯਤਾ ਨੂੰ ਵੋਟ-ਬੈਂਕ ਵਜੋਂ ਇਸਤੇਮਾਲ ਕਰਨਾ ਚਾਹ ਰਹੀਆਂ ਹਨ। ਭਗਤ
ਸਿੰਘ ਦਾ ਨਾਂ, ਭਗਤ ਸਿੰਘ ਦਾ ਚਿੱਤਰ, ਭਗਤ ਸਿੰਘ ਦਾ ਬੁੱਤ, ਭਗਤ ਸਿੰਘ
ਦਾ ਸਮਾਗ਼ਮ ਇਹਨਾਂ ਲਈ ਆਪਣੀਆਂ ਪਾਰਟੀਆਂ ਲਈ ਵੋਟ ਬਟੋਰਨ ਦਾ ਜ਼ਰੀਆ ਹਨ।
ਉਹਨਾਂ ਨੇ ਭਗਤ ਸਿੰਘ ਦੀ ਸੂਰਜੀ ਸ਼ਖ਼ਸੀਅਤ ਨੂੰ ਇੱਕ ਵੋਟ ਤੱਕ ਘਟਾ ਕੇ ਰੱਖ
ਦਿੱਤਾ ਹੈ। ਉਹ ਜਦੋਂ ਆਖਦੇ ਹਨ ਕਿ ਅਸੀਂ ਭਗਤ ਸਿੰਘ ਦੇ ਸੁਪਨਿਆਂ ਦਾ
ਸਮਾਜ ਉਸਾਰਨਾ ਹੈ ਤਾਂ ਉਹਨਾਂ ਦੇ ਬੋਲ ਵਿਚਲੇ ਪੋਲ ਨੂੰ ਵੇਖਣ ਦੀ ਲੋੜ
ਹੈ।
ਕੀ ਇਹ ਭਗਤ ਸਿੰਘ ਦੇ ਸੁਪਨਿਆਂ ਦਾ ਸਮਾਜ ਹੈ ਜਿੱਥੇ ਹਰ ਸਾਲ ਹਜ਼ਾਰਾਂ ਲੋਕ
ਕਦੇ ਗੁਜਰਾਤ ਵਿੱਚ, ਕਦੇ ਦਿੱਲੀ ਵਿੱਚ, ਕਦੇ ਯੂ: ਪੀ ਵਿੱਚ, ਕਦੇ ਪੰਜਾਬ
ਵਿੱਚ ਅਤੇ ਕਦੇ ਹੋਰ ਕਿਧਰੇ ਇਸ ਕਰਕੇ ਕਤਲ ਕਰ ਦਿੱਤੇ ਜਾਣ ਕਿਉਂਕਿ ਉਹਨਾਂ
ਦੀ ਦਿੱਖ ਅਤੇ ਵਿਸ਼ਵਾਸ ਉਹ ਨਹੀਂ ਜੋ ਦੇਸ਼ ਅਤੇ ਉਸ ਖਿੱਤੇ ਦੀ ਬਹੁ-ਗਿਣਤੀ
ਦਾ ਹੈ। ਭਗਤ ਸਿੰਘ ਨੇ ਤਾਂ ਅਜਿਹੇ ਰਾਜ ਅਤੇ ਸਮਾਜ ਦਾ ਸੁਪਨਾ ਵੀ ਨਹੀਂ
ਸੀ ਲਿਆ ਕਿ ਕਿਸੇ ਦੇ ਵਿਸ਼ਵਾਸ ਦਾ ਪ੍ਰਤੀਕ ਉਸਦੀ 500 ਸਾਲ ਪੁਰਾਣੀ ਮਸਜਿਦ
ਢਾਹ ਕੇ ਰੜਾ ਮੈਦਾਨ ਕਰ ਦਿੱਤੀ ਜਾਵੇ ਅਤੇ ਕਦੇ ਕਿਸੇ ਦੇ ਅਕਾਲ ਤਖ਼ਤ ਤੇ
ਟੈਂਕਾਂ ਅਤੇ ਤੋਪਾਂ ਦਾ ਹਮਲਾ ਕਰਕੇ ਉਸਨੂੰ ਢਾਹ ਕੇ ਖੋਲਾ ਬਣਾ ਦਿੱਤਾ
ਜਾਵੇ। ਭਗਤ ਸਿੰਘ ਦਾ ਸੁਪਨਾ ਤਾਂ ਕੀ ਹੋਣਾ ਸੀ ਸਗੋਂ ਉਸਦੇ ਤਾਂ ਸੁਪਨੇ
ਵਿੱਚ ਵੀ ਇਹ ਚਿੱਤ ਖ਼ਿਆਲ ਨਹੀਂ ਹੋਣਾ ਕਿ ਕਦੀ ਦਿੱਲੀ ਦੀਆਂ ਸੜਕਾਂ ਤੇ
ਹਥਿਆਰਾਂ ਨਾਲ ਲੈਸ ਵਹਿਸ਼ੀ ਭੀੜ ਨੇ ਕਿਸੇ ਦੇ ਗਲ ਵੱਚ ਟਾਇਰ ਪਾ ਕੇ ਅੱਗ
ਲਾਉਣੀ ਸੀ ਅਤੇ ਉਸਨੂੰ ਵਿਲਕਦਿਆਂ ਚੀਕਦਿਆਂ ਵੇਖ ਕੇ ਰਾਖ਼ਸ਼ੀ ਹਾਸਾ ਹੱਸਦੀ
ਭੀੜ ਨੇ ਦੂਜੇ ਨੂੰ ਮੂੰਹ ਖੋਲ੍ਹਣ ਲਈ ਆਖਣਾ ਸੀ ਅਤੇ ਉਸਦੇ ਮੂੰਹ ਵਿੱਚ
ਪੈਟਰੋਲ ਦੀ ਪਿਚਕਾਰੀ ਮਾਰ ਕੇ ਬਲਦੀ ਤੀਲ੍ਹੀ ਸੁੱਟ ਕੇ ਉਸਨੁੰ ਭਬਾਕਾ ਮਾਰ
ਕੇ ਮੱਚਣ ਲਾ ਦੇਣ ਤੇ ਹੋਰ ਵੀ ਖਿੜਖਿੜਾ ਕੇ ਹੱਸਣਾ ਸੀ! ਕੀ ਇਹ ਭਗਤ ਸਿੰਘ
ਦੇ ਸੁਪਨਿਆਂ ਦਾ ਸਮਾਜ ਹੈ ਕਿ ਦੂਜੇ ਫ਼ਿਰਕੇ ਦੇ ਮਾਸੂਮ ਅਤੇ ਬੇਕਸੂਰ
ਲੋਕਾਂ ਨੂੰ ਬੱਸਾਂ ਵਿੱਚੋਂ ਕੱਢ ਕੇ ਲਾਂਭੇ ਕਰਕੇ ਸਟੇਨਾਂ ਨਾਲ ਭੁੰਨ
ਦਿੱਤਾ ਜਾਵੇ ਜਾਂ ਆਪਣੇ ਹੀ ਫ਼ਿਰਕੇ ਦੇ ਲੋਕਾਂ ਦੇ ਪਰਿਵਾਰਾਂ ਦੇ ਪਰਿਵਾਰ
ਇਸ ਕਰਕੇ ਲਾਈਨ ਵਿੱਚ ਖੜੇ ਕਰਕੇ ਕਤਲ ਕਰ ਦਿੱਤੇ ਜਾਣ ਕਿਉਂਕਿ ਉਹ ਤੁਹਾਡੀ
ਅੰਨ੍ਹੀ ਸੋਚ ਦੇ ਮੇਚੇ ਨਹੀਂ ਆਉਂਦੇ। ਮੌਤ ਦੇ ਮੂੰਹ ਆਏ ਇਹਨਾਂ ਪਰਿਵਾਰਾਂ
ਵਿੱਚੋਂ ਇੱਕ ਪਰਿਵਾਰ ਦੀ ਤਿੰਨ ਕੁ ਸਾਲ ਦੀ ਮਾਸੂਮ ਬੱਚੀ ਸਟੇਨ ਵਾਲੇ
ਜਥੇਦਾਰ ਨੂੰ ਆਖੇ, “ਅੰਕਲ! ਮੇਰੇ ਡੈਡੀ ਨੂੰ ਮਾਰੋ!” ਤਾਂ ਜਥੇਦਾਰ ੳਸ
ਨਾਲ ਅਜਿਹੀ ਰਹਿਮਦਿਲੀ ਨਾਲ ਪੇਸ਼ ਆਵੇ ਤੇ ਆਖੇ ਕਿ ‘ਲੈ ਇਹ ਰਿਆਇਤ ਵੀ ਕਰ
ਦਿੰਦੇ ਹਾਂ; ਤੇਰੇ ਡੈਡੀ ਨੁੰ ਤੇਰ ਸਾਹਮਣੇ ਨਹੀਂ ਮਾਰਦੇ’ ਅਤੇ ਧਾਹ ਧਾਹ
ਕਰਦੀ ਸਟੇਨ ਉਸ ਬੱਚੀ ਦੇ ਦੋਧੇ ਜਿਸਮ ਵਿੱਚੋਂ ਕੱਢ ਦਿੱਤੀ ਜਾਵੇ। ਹਰਗ਼ਿਜ਼
ਇਹ ਭਗਤ ਸਿੰਘ ਦੇ ਸੁਪਨਿਆਂ ਦਾ ਸਮਾਜ ਨਹੀਂ।
ਪਿਛਲੇ ਕਈ ਸਾਲਾਂ ਤੋਂ ਦੇਸ਼ ਵਿਚੱ ਧਰਮ ਦੇ ਨਾਂ ਊੱਤੇ ਹੁੰਦੀ ਵਹਿਸ਼ੀ
ਕਤਲੋਗਾਰਤ ਕਦੇ ਵੀ ਭਗਤ ਸਿੰਘ ਦਾ ਸੁਪਨਾ ਨਹੀਂ ਸੀ। ਭਾਰਤ ਵਿੱਚ ਵੀ ਅਤੇ
ਪੰਜਾਬ ਵਿੱਚ ਵੀ ਰਾਜਸੱਤਾ ਤੇ ਕਾਬਜ਼ ਰਹਿਣ ਵਾਲੀਆਂ ਅਤੇ ਭਗਤ ਸਿੰਘ ਦੇ
ਸੁਪਨਿਆਂ ਦਾ ਰਾਜ ਅਤੇ ਸਮਾਜ ਸਿਰਜਣ ਲਈ ਆਪਣੇ ਆਪ ਨੂੰ ਪ੍ਰਤੀਬੱਧ ਕਹਿਣ
ਵਾਲੀਆਂ ਇਹਨਾਂ ਧਿਰਾਂ ਦੇ ਕਥਨਾਂ ਅਤੇ ਅਮਲਾਂ ਦਾ ਪਾੜਾ ਵੇਖਣ ਨਾਲ
ਤੁਹਾਡੇ ਅੰਦਰ ਸਵਾਲਾਂ ਦਾ ਇੱਕ ਆਪ-ਮੁਹਾਰਾ ਜੰਗਲ ਊੱਗ ਆਵੇਗਾ। ਹਾਲਾਤ ਦਾ
ਕੈਸਾ ਵਿਅੰਗ ਹੈ ਕਿ ਭਗਤ ਸਿੰਘ ਦੀ ਯਾਦ ਵਿੱਚ ਸਰਕਾਰੀ ਸਮਾਗਮ ਹੋ ਰਿਹਾ
ਹੋਵੇ ਅਤੇ ਮੁੱਖ ਮੰਤਰੀ ਸ਼ਹੀਦ ਨੂੰ ਸ਼ਰਧਾਂਜਲੀ ਭੇਂਟ ਕਰ ਰਿਹਾ ਹੋਵੇ ਅਤੇ
ਪੰਡਾਲ ਤੋਂ ਬਾਹਰ ਭਗਤ ਸਿੰਘ ਦੇ ਦੇਸ਼-ਭਗਤ ਚਾਚੇ ਅਜੀਤ ਸਿੰਘ ਦੀ ਸੱਦ ਨੂੰ
ਆਵਾਜ਼ ਦਿੰਦਿਆਂ ‘ਪਗੜੀ ਸੰਭਾਲ ਜੱਟਾ’ ਦਾ ਨਾਅਰਾ ਬੁਲੰਦ ਕਰਨ ਵਾਲੇ ਕਿਸਾਨ
ਪੁਲਿਸ ਵੱਲੋਂ ਡਾਂਗਾਂ ਨਾਲ ਛੱਲੀਆਂ ਵਾਂਗ ਕੁੱਟੇ ਜਾ ਰਹੇ ਹੋਣ। ਪਗੜੀ,
ਜਿਹੜੀ ਇੱਜ਼ਤ ਅਤੇ ਮਾਣ ਸਨਮਾਨ ਦਾ ਚਿੰਨ੍ਹ ਸਮਝੀ ਜਾਂਦੀ ਸੀ, ਹੁਣ ਓਸੇ
ਕਿਸਾਨ ਦੇ ਗਲੇ ਵਿੱਚ ਫ਼ਾਹਾ ਪਾਉਣ ਦੇ ਕੰਮ ਆ ਰਹੀ ਹੈ। ਇਹ ਵੀ ਹਾਲਾਤ ਦਾ
ਵਿਅੰਗ ਹੀ ਹੈ ਕਿ ਭਗਤ ਸਿੰਘ ਜਿਹੋ ਜਿਹੀ ਸਮਾਜਵਾਦੀ ਪਾਰਟੀ ਉਸਾਰਨ ਦਾ ਦਮ
ਭਰਦਾ ਸੀ, ਓਸੇ ਸਮਾਜਵਾਦ ਦੇ ਨਾਂ ਤੇ ਬਣੀ ਪਾਰਟੀ ਦੀ ਸਰਕਾਰ ਨੰਦੀ ਗਰਾਮ
ਵਿੱਚ ਆਪਣੇ ਹੀ ਕਿਸਾਨਾਂ ਨੂੰ ਜ਼ਮੀਨ ਤੋਂ ਬੇਦਖ਼ਲ ਕਰ ਰਹੀ ਹੋਵੇ ਅਤੇ ਰੋਸ
ਕਰਨ ਤੇ ਉਹਨਾਂ ਹੀ ਕਿਸਾਨਾਂ ਨੂੰ ਗੋਲੀਆਂ ਨਾਲ ਭੁੰਨ ਰਹੀ ਹੋਵੇ। ਇਹ ਵੀ
ਹਾਲਤ ਦਾ ਹੀ ਵਿਅੰਗ ਸਮਝੋ ਕਿ ਭਗਤ ਸਿੰਘ ਦੇ ਖ਼ਾਨਦਾਨ ਦੇ ਲੋਕਾਂ ਨੇ
ਜਿਹੜੀ ਜਨਸੰਘ ਵਿੱਚ ਕਦੇ ਆਪਣੀ ਆਸਥਾ ਪਰਗਟ ਕੀਤੀ ਸੀ ਓਸੇ ਪਾਰਟੀ ਦਾ
ਮੁੱਖ ਮੰਤਰੀ ਨਰਿੰਦਰ ਮੋਦੀ ਅਜੇ ਕੁੱਝ ਮਹੀਨੇ ਪਹਿਲਾਂ ਲੋਕਾਂ ਦੀ ਚੋਣ
ਰੈਲੀ ਵਿੱਚ ਇੱਕਠੀ ਹੋਈ ਉਤੇਜਿਤ ਭੀੜ ਨੂੰ ਲਲਕਾਰ ਪੁੱਛ ਰਿਹਾ ਸੀ ਕਿ
ਸੁਹਰਾਬੁਦੀਨ ਤੇ ਉਸਦੀ ਘਰਵਾਲੀ ਨੂੰ ਜੋ ਝੂਠੇ ਪੁਲਿਸ ਮੁਕਾਬਲੇ ਵਿੱਚ
ਮਾਰਿਆ ਗਿਆ ਸੀ; ਦੱਸੋ ਉਹ ਮਾਰਿਆ ਜਾਣਾ ਚਾਹੀਦਾ ਸੀ ਜਾਂ ਨਹੀਂ? ਭੀੜ
ਬਾਹਵਾਂ ਉਲਾਰ ਕੇ ‘ਹਾਂ’ ਵਿੱਚ ਜਵਾਬ ਦਿੰਦੀ ਹੈ ਅਤੇ ਮੋਦੀ ਆਖਦਾ ਹੈ ਕਿ
ਅਜਿਹੇ ਲੋਕਾਂ ਨੂੰ ਕਤਲ ਕਰਨ ਲਈ ਮੈਨੂੰ ਕਿਸੇ ਤੋਂ ਆਗਿਆ ਲੈਣ ਦੀ ਲੋੜ
ਨਹੀਂ। ਸਿਤਮਜ਼ਰੀਫ਼ੀ ਇਹ ਕਿ ਉਹ ਮੁੜ ਤੋਂ ਮੁੱਖ-ਮੰਤ੍ਰੀ ਦੀ ਪਦਵੀ ‘ਤੇ
‘ਸ਼ਾਨ ਨਾਲ ਬਿਰਾਜਮਾਨ’ ਹੋ ਗਿਆ ਹੈ। ਸਿਮਰਨਜੀਤ ਸਿੰਘ ਮਾਨ ਨੂੰ ਤਾਂ ਭਗਤ
ਸਿੰਘ ‘ਬੇਦੋਸ਼ੇ’ ਸਾਂਡਰਸ ਦਾ ਕਾਤਲ ਹੋਣ ਕਰਕੇ ਸ਼ਹੀਦ ਦਿਖ਼ਾਈ ਹੀ ਨਹੀਂ
ਦਿੰਦਾ। ਉਹ ਸ਼ਾਇਦ ਆਪਣੇ ਵੱਲੋਂ ਠੀਕ ਹੀ ਆਖਦਾ ਹੋਵੇ ਕਿਉਂਕਿ ਉਹ ਆਪ ਓਸੇ
ਪੁਲਿਸ ਦਾ ਹਿੱਸਾ ਪੁਰਜ਼ਾ ਰਿਹਾ ਹੈ ਜਿਹਦੇ ਆਪਣੇ ਹੱਥ ਹਜ਼ਾਰਾਂ ਬੇਕਸੂਰਾਂ
ਦੇ ਖ਼ੂਨ ਨਾਲ ਰੰਗੇ ਹੋਏ ਹਨ। ਉਹ ਉਹਨਾਂ ਕਮਾਂਡੋ ਫ਼ੋਰਸਾਂ ਨੂੰ ਹੱਲਾਸ਼ੇਰੀ
ਦੇਣ ਵਾਲਿਆਂ ਪ੍ਰਮੁੱਖ ਆਗੂਆਂ ਵਿੱਚੋਂ ਰਿਹਾ ਹੈ ਜਿਨ੍ਹਾਂ ਨੇ ਪਤਾ ਨਹੀਂ
ਕਿੰਨੇ ਮਾਸੂਮ ਪਰਿਵਾਰਾਂ ਅਤੇ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ ਸੀ।
ਅਸੀਂ ਉਹਨੂੰ ਇਹ ਮਿਹਣਾ ਵੀ ਨਹੀਂ ਦੇਣਾ ਚਾਹੁੰਦੇ ਕਿ ਉਹ ਉਹਨਾਂ ਸਰਕਾਰੀ
ਬੂਟ-ਚੱਟਾਂ ਦੀ ਔਲਾਦ ਹੈ ਜਿਨ੍ਹਾਂ ਵਿੱਚੋਂ ਅਰੂੜ ਸਿੰਘ ਓਸ ਵੇਲੇ ਦਾ
ਅਕਾਲ ਤਖ਼ਤ ਦਾ ਸਰਬਰਾਹ ਸੀ ਅਤੇ ਜਿਸ ਨੇ ਜੱਲ੍ਹਿਆਂ ਵਾਲੇ ਬਾਗ਼ ਵਿੱਚ
ਮਾਸੂਮ ਲੋਕਾਂ ਦੇ ਕਾਤਲ ਜਨਰਲ ਡਾਇਰ ਨੂੰ ਅਕਾਲ ਤਖ਼ਤ ਸੱਦ ਕੇ ਸਿਰੋਪਾਓ ਦੇ
ਸਨਮਾਨਿਤ ਕੀਤਾ ਸੀ ਅਤੇ ਅਜਿਹੀ ਕਾਤਲਾਨਾਂ ਕਾਰਵਾਈ ਨੂੰ ਸੱਚੇ ਸਿੱਖ ਵਾਲੀ
ਬਹਾਦਰੀ ਨਾਲ ਤੁਲਨਾ ਦਿੰਦਿਆਂ ਸਨਮਾਨ ਵਜੋਂ ਉਸਨੂੰ ਬਾਕਾਇਦਾ ਸਿੱਖੀ ਧਾਰਨ
ਕਰ ਲੈਣ ਦੀ ਪੇਸ਼ਕਸ਼ ਵੀ ਕੀਤੀ ਸੀ। ਉਸ ਲਈ ਤਾਂ ਸਾਡੇ ਕੌਮੀ ਲੀਡਰ ਲਾਜਪਤ
ਰਾਇ ਦਾ ਕਾਤਲ ਸਾਂਡਰਸ ਹੀ ਸ਼ਹੀਦ ਹੋਵੇਗਾ ਕਿਉਂਕਿ ਉਹਨਾਂ ਪੁਲਸੀਆਂ ਲਈ
ਤਾਂ ਆਜ਼ਾਦੀ ਤੋਂ ਪਿੱਛੋਂ ਵੀ ਕਈ ਦਹਾਕਿਆਂ ਤੱਕ ਆਦਰਸ਼ ਵਜੋਂ ‘ਪੁਲਸੀਆਂ ਦੇ
ਸ਼ਹੀਦ ਸਾਂਡਰਸ’ ਦੀ ਤਸਵੀਰ ਵੀ ਫ਼ਿਲੌਰ ਦੇ ਟਰੇਨਿੰਗ ਇੰਸਟੀਚਿਊਟ ਵਿੱਚ
ਲੱਗੀ ਰਹੀ ਹੈ। ਇਹ ਤਾਂ ਸ਼ੁਕਰ ਹੈ ਉਸਨੇ ਭਗਤ ਸਿੰਘ ਨੂੰ ਗੁੰਡਾ ਅਤੇ
ਬਦਮਾਸ਼ ਨਹੀਂ ਆਖਿਆ ਕਿਉਂਕਿ ਉਹ ਇਹ ਵੀ ਕਹਿ ਸਕਦਾ ਸੀ। ਕਿਉਂਕਿ ਰਾਜ ਕਰ
ਰਹੀਆਂ ਤਾਕਤਾਂ ਲਈ ਲੱਖਾਂ ਸ਼ਰਧਾਂਜਲੀਆਂ ਦੇਣ ਦੇ ਬਾਵਜੂਦ ਸ਼ਾਇਦ ਅਜੇ ਵੀ
ਭਗਤ ਸਿੰਘ ਕਾਤਲ, ਡਾਕੂ ਅਤੇ ਲੁਟੇਰਾ ਹੀ ਹੈ ਕਿਉਂਕਿ ਅਜੇ ਵੀ ਉਸਦਾ
ਪਿਸਤੌਲ ਫ਼ਿਲੌਰ ਵਿੱਚ ਡਾਕੂਆਂ ਅਤੇ ਕਾਤਲਾਂ ਤੋਂ ਪ੍ਰਾਪਤ ਕੀਤੇ ਹਥਿਆਰਾਂ
ਵਿੱਚ ਪਿਆ ਹੋਇਆ ਹੈ।
ਇੱਥੇ ਸਾਨੂੰ ਇੱਕ ਗੱਲ ਹੋਰ ਸਾਫ਼ ਕਰਨੀ ਚਾਹੀਦੀ ਹੈ ਕਿ ਭਗਤ ਸਿੰਘ ਦਾ
ਬਿੰਬ ਅਸਾਂ ਖ਼ੁਦ ਹੀ ਇੱਕ ਜਾਂਬਾਜ਼ ਆਤੰਕਵਾਦੀ ਦਾ ਬਣਾ ਦਿੱਤਾ ਹੋਇਆ ਹੈ ਜਦ
ਕਿ ਭਗਤ ਸਿੰਘ ਅਜਿਹਾ ਹਰਗ਼ਿਜ਼: ਨਹੀਂ ਸੀ। ਭਗਤ ਸਿੰਘ ਨੇ ਆਪਣੇ ਬਿੰਬ ਨੂੰ
ਆਪ ਹੀ ਆਪਣੇ ਬਿਆਨਾਂ ਅਤੇ ਲਿਖ਼ਤਾਂ ਰਾਹੀਂ ਤੋੜ ਦਿੱਤਾ ਸੀ ਪਰ ਅਸੀਂ ਕਦੇ
ਵੀ ਉਸ ਵੱਲ ਧਿਆਨ ਨਹੀਂ ਸੀ ਦਿੱਤਾ। ਜਿੱਥੋਂ ਤੱਕ ਆਪਣੇ ਆਤੰਕਵਾਦੀ ਹੋਣ
ਦੇ ਭੁਲੇਖੇ ਦਾ ਸੰਬੰਧ ਹੈ ਉਹ ਬਾਰ ਬਾਰ ਇਸ ਗੱਲ ਤੇ ਜ਼ੋਰ ਦਿੰਦਾ ਹੈ ਕਿ
ਉਹ ਬਿਲਕੁਲ ਹੀ ਆਤੰਕਵਾਦੀ ਨਹੀਂ। ਉਹ ਇੱਕ ਇਨਕਲਾਬੀ ਹੈ ਜਿਸ ਕੋਲ ਕਿ
ਨਿਸਚਿਤ ਪ੍ਰੋਗਰਾਮ ਅਤੇ ਵਿਚਾਰ ਹਨ ਅਤੇ ਉਸਦੇ ਏਜੰਡੇ ਉੱਤੇ ਇੱਕ
ਸਮਾਜਵਾਦੀ ਸਮਾਜ ਦੀ ਸਥਾਪਨਾ ਦਾ ਨਕਸ਼ਾ ਸੀ ਜਿਸ ਨੂੰ ਪ੍ਰਾਪਤ ਕਰਨ ਲਈ
ਕਿਸਾਨਾਂ ਮਜਦੂਰਾਂ ਦੀਆਂ ਝੌਂਪੜੀਆਂ ਵਿੱਚ ਜਾ ਕੇ ਉਹਨਾਂ ਨੂੰ ਲਾਮਬੰਦ
ਕਰਨ ਦਾ ੁਸਨੇਹਾ ਉਸਨੇ ਦਿੱਤਾ ਸੀ। ਅਗਲੀ ਗੱਲ ਜਿਹੜੀ ਉਸ ਨੇ ਆਖੀ ਸੀ ਉਹ
ਇਹ ਹੈ ਕਿ ਇਨਕਲਾਬ ਵਿੱਚ ਵਿਅਕਤੀਗਤ ਕਤਲ ਦੀ ਕੋਈ ਗੁੰਜਾਇਸ਼ ਨਹੀਂ। ਜੇ
ਕਿਤੇ ਜ਼ਿੰਦਗੀ ਦੇ ਸ਼ੁਰੂ ਵਾਲੇ ਸਾਲਾਂ ਵਿੱਚ ਉਹ ਅਜਿਹਾ ਰਿਹਾ ਵੀ ਹੋਵੇ
ਤਾਂ ਹੁਣ ਉਹ ਆਤੰਕ ਵਿੱਚ ਬਿਲਕੁਲ ਵਿਸ਼ਵਾਸ ਨਹੀਂ ਰੱਖਦਾ। ਬੰਬਾਂ ਅਤੇ
ਪਿਸਤੌਲਾਂ ਦੀ ਵਰਤੋਂ ਬਾਰੇ ਵੀ ਉਹ ਬਾਰ ਬਾਰ ਆਖਦਾ ਹੈ ਕਿ ਉਹ ਨੌਜਵਾਨਾਂ
ਨੂੰ ਬੰਬ ਜਾਂ ਪਿਸਤੌਲ ਰੱਖਣ ਅਤੇ ਚਲਾਉਣ ਦੀ ਸਲਾਹ ਨਹੀਂ ਦਿੰਦਾ ਕਿਉਂਕਿ
ਬੰਬ ਜਾਂ ਪਿਸਤੌਲ ਕੁੱਝ ਸਵਾਰਨ ਨਾਲੋਂ ਨੁਕਸਾਨ ਬਹੁਤਾ ਕਰ ਸਕਦੇ ਹਨ।
ਜਿੱਥੋਂ ਤੱਕ ਕਿਸੇ ਦੀ ਜਾਨ ਲੈਣ ਦਾ ਸੰਬੰਧ ਹੈ ਉਹ ਬੜੇ ਹੀ ਸਪਸ਼ਟ ਸ਼ਬਦਾਂ
ਵਿੱਚ ਆਖਦਾ ਹੈ ਕਿ ‘ਕਿਸੇ ਬੇਦੋਸ਼ੇ ਦੀ ਜਾਨ ਲੈਣ ਨਾਲੋਂ ਉਹ ਆਪਣੀ ਜਾਨ
ਕੁਰਬਾਨ ਕਰ ਦੇਣੀ ਬਿਹਤਰ ਸਮਝਦੇ ਹਨ।’ ਸ਼ਾਇਦ ਇਹਨਾਂ ਸ਼ਬਦਾਂ ਵਿੱਚ ਸਾਂਡਰਸ
ਦੇ ਕੀਤੇ ਕਤਲ ਬਾਰੇ ਵੀ ਉਸਦੀ ਕੋਈ ਰਾਇ ਸ਼ਾਮਿਲ ਹੋਵੇ।
ਇਸ ਲਈ ਸਭ ਤੋਂ ਜ਼ਰੂਰੀ ਹੈ ਕਿ ਉਸਨੁੰ ਇੱਕ ਦਹਿਸ਼ਤਗਰਦ ਦੀ ਥਾਂ ਸਮਾਜਵਾਦੀ
ਇਨਕਲਾਬ ਲਈ ਜੂਝਣ ਵਾਲੇ ਚਿੰਤਕ ਅਤੇ ਵਿਚਾਰਵਾਨ ਦੇ ਤੌਰ ‘ਤੇ ਲੈਣਾ
ਚਾਹੀਦਾ ਹੈ। ਉਹ ਇੱਕ ਗਤੀਸ਼ੀਲ ਸ਼ਖ਼ਸੀਅਤ ਸੀ। ਉਸਨੇ ਹਿਸਪ੍ਰਿਸ ਨਾਲ
ਸਮਾਜਵਾਦੀ ਸ਼ਬਦ ਜੋੜਿਆ। ਉਸਨੇ ਲਗਾਤਾਰ ਅਧਿਐਨ ਕੀਤਾ। ਵਿਚਾਰਾਂ ਵਿੱਚ
ਨਵਾਂਪਨ ਲਿਆਂਦਾ ਅਤੇ ਆਤੰਕਵਾਦ ਅਤੇ ਬੰਬ ਪਿਸਤੌਲਾਂ ਦੀ ਸਿਆਸਤ ਨੂੰ ਰੱਦ
ਕੀਤਾ।
ਉਸਨੇ ਅਜਿਹੀ ਇਨਕਲਾਬੀ ਪਾਰਟੀ ਦੀ ਲੋੜ ਤੇ ਜ਼ੋਰ ਦਿੱਤਾ ਜੋ ਕਿਰਤੀ
ਕਿਸਾਨਾਂ ਅਤੇ ਮਜਦੂਰਾਂ ਵਿੱਚ ਆਪਣਾ ਪ੍ਰਚਾਰ ਕਰੇ। ਉਸ ਅਨੁਸਾਰ ਗਾਂਧੀਵਾਦ
ਦਰਮਿਆਨੇ ਤਬਕੇ ਅਤੇ ਅਮੀਰ ਤਬਕੇ ਦੀ ਲੜਾਈ ਦਾ ਮਾਧਿਅਮ ਹੈ।
ਧਰਮ ਜੇ ਤਾਂ ਲੜਾਈ ਵਿੱਚ ਧਰਵਾਸ ਬਣਦਾ ਹੈ ਤਾਂ ਨਿੰਦਣਯੋਗ ਨਹੀਂ ਪਰ
ਬਜ਼ਾਤੇ ਖ਼ੁਦ ਭਗਤ ਸਿੰਘ ਨਾਸਤਿਕ ਸੀ ਅਤੇ ਅੰਨ੍ਹੇ ਕੱਟੜ ਧਰਮ ਦਾ ਵਿਰੋਧੀ
ਵੀ ਸੀ।
ਅਕਾਲੀ ਪਾਰਟੀ ਅਤੇ ਹੋਰ ਫ਼ਿਰਕੂ ਪਾਰਟੀਆਂ ਨਾਲ ਸੰਬੰਧ ਨਾ ਰੱਖਣ ਦਾ ਨਿਸਚਾ
ਉਹਨਾਂ ਨੇ ਨੌਜਵਾਨ ਭਾਰਤ ਸਭਾ ਦੇ ਸੰਗਠਨ ਵੇਲੇ ਹੀ ਪ੍ਰਗਟਾ ਦਿੱਤਾ ਸੀ।
ਅਗਲੀ ਗੱਲ ਜਿਹੜੀ ਭਗਤ ਸਿੰਘ ਬਾਰੇ ਕਰਨ ਦੀ ਲੋੜ ਹੈ ਉਹ ਹੈ ਉਸਦਾ ਨਿਰੰਤਰ
ਅਧਿਐਨ ਨਾਲ ਜੁੜਿਆ ਹੋਣਾ। ਉਸਨੇ ਸਾਢੇ ਤੇਈ ਸਾਲ ਦੀ ਉਮਰ ਵਿੱਚ ਏਨਾ ਵੱਡਾ
ਕੰਮ ਕੀਤਾ ਜਿਸ ਪਿੱਛੇ ਉਸਦੀ ਬਹਾਦਰੀ, ਕੁਰਬਾਨੀ, ਰਾਸ਼ਟਰਵਾਦ ਅਤੇ
ਸਮਾਜਵਾਦ ਬਾਰੇ ਵਚਨਬੱਧਤਾ ਹੀ ਸ਼ਾਮਿਲ ਨਹੀਂ ਸਗੋਂ ਉਸਦੀ ਲਗਾਤਾਰ ਅਧਿਐਨ
ਕਰਕੇ ਕੁੱਝ ਨਵਾਂ ਸਿੱਖਣ ਅਤੇ ਆਪਣੇ ਆਪੇ ਨੁੰ ਸੋਧਣ ਅਤੇ ਵਿਸਥਾਰਨ ਲਈ
ਕੀਤੀ ਘਾਲਣਾ ਵੀ ਹੈ। ਅਸੀਂ ਵੀ ਜੇ ਭਗਤ ਸਿੰਘ ਨੂੰ ਜਾਨਣਾ ਅਤੇ ਸਮਝਣਾ ਹੈ
ਤਾਂ ਸਾਨੂੰ ਵੀ ਉਸ ਵਾਂਗ ਇੱਕ ‘ਹਾਬੜਿਆ ਹੋਇਆ ਪਾਠਕ’ ਬਣਨ ਦੀ ਲੋੜ ਹੈ।
ਅਧਿਐਨ ਹੀ ਸਾਡੇ ਦਿਮਾਗ਼ਾਂ ਦੇ ਜਾਲੇ ਅਤੇ ਧੁੰਦ ਉਤਾਰ ਕੇ ਅਮਲ ਵਾਸਤੇ
ਸਾਡਾ ਰਾਹ ਰੌਸ਼ਨ ਕਰਦਾ ਹੈ। ਅਸੀਂ ਪੰਜਾਬੀ ਪੜ੍ਹਨ ਵਿੱਚ ਵਿਸ਼ਵਾਸ ਨਹੀਂ
ਰੱਖਦੇ। ਸੁਣੀਆਂ ੁਸਣਾਈਆਂ ਗੱਲਾਂ ਉੱਤੇ ਵਿਸ਼ਵਾਸ ਕਰਨ ਦੀ ਆਦਤ ਸਦਕਾ ਹੀ
ਅਸੀਂ ਲੀਡਰਾਂ ਦੇ ਭਾਸ਼ਣ ਸੁਣ ਕੇ ਹੀ ਉਤੇਜਿਤ ਹੋ ਜਾਂਦੇ ਹਾਂ ਅਤੇ ਉਹਨਾਂ
ਦੀ ਰਾਇ ਨੂੰ ਆਪਣੀ ਰਾਇ ਬਣਾ ਲੈਂਦੇ ਹਾਂ। ਭਗਤ ਸਿੰਘ ਦਾ ਬੌਧਿਕ ਚਿੰਤਨ
ਸਾਨੁੰ ਦੱਸਦਾ ਹੈ ਕਿ ਅਸੀਂ ਆਪ ਆਪਣੇ ਅਧਿਐਨ ਅਤੇ ਖੋਜ ਰਾਹੀਂ ਆਪਣੀ ਰਾਇ
ਬਣਾਈਏ। ਉਹ ਤਾਂ ਆਖ਼ਰੀ ਸਮੇਂ ਵੀ ਲੈਨਿਨ ਦੀ ਜੀਵਨੀ ਪੜ੍ਹ ਰਿਹਾ ਸੀ।
ਭਗਤ ਸਿੰਘ ਨੂੰ ਨਜ਼ਰ ਦੀ ਤਾਜ਼ਗੀ ਨਾਲ ਵੇਖਣ ਸਮਝਣ ਦੀ ਲੋੜ ਹੈ। ਭਗਤ
ਸਿੰਘ ਨਾ ਇਕ ਪਿੰਡ ਦਾ ਹੈ, ਨਾ ਕਿਸੇ ਸੂਬੇ ਦਾ ਅਤੇ ਨਾ ਹੀ ਕਿਸੇ ਇੱਕ
ਧਰਮ ਅਤੇ ਭਾਈਚਾਰੇ ਦਾ। ਭਗਤ ਸਿੰਘ ਸਾਰੇ ਦੇਸ਼ ਦਾ ਹੈ।
(ਮੈਂਬਰ-ਦੇਸ਼ ਭਾਗਤ ਯਾਦਗ਼ਾਰ ਕਮੇਟੀ ਜਲੰਧਰ)
-0-
|