ਸਚਿੰਦਰ ਨਾਥ ਸਾਨਿਆਲ
ਭਾਰਤ ਦੇ ਇਕ ਅਜਿਹੇ ਇਨਕਲਾਬੀ ਸਨ, ਜਿਨ੍ਹਾਂ ਨੂੰ ਅੰਗਰੇਜ਼ੀ ਹਕੂਮਤ ਨੇ ਉਮਰ ਕੈਦ ਦੀ ਦੋ
ਵਾਰ ਸਜ਼ਾ ਦੇ ਕੇ ਕਾਲੇ ਪਾਣੀ ਭੇਜਿਆ। ਪਹਿਲੀ ਵਾਰ 1914-15 ਦੇ ਗ਼ਦਰ ਸਮੇਂ ਬਨਾਰਸ ਸਾਜਿਸ਼
ਕੇਸ ਵਿੱਚ ਅਤੇ ਦੂਜੀ ਵਾਰ ਹਿੰਦੁਸਤਾਨ ਰਿਪਬਲਿਕਨ ਆਰਮੀ ਦੇ ਆਗੂ ਵਜੋਂ । ਇਹ ਮਹੱਤਵਪੂਰਨ
ਹੈ ਕਿ ਗ਼ਦਰ ਪਾਰਟੀ ਦੀਆਂ ਸਰਗਰਮੀਆਂ ਨੂੰ ਵਿਸਥਾਰ ਨਾਲ ਆਪਣੀ ਪੁਸਤਕ ‘ਬੰਦੀ ਜੀਵਨ’ ਵਿੱਚ
ਪੇਸ਼ ਕਰਕੇ ਸਾਨਿਆਲ ਨੇ ਗ਼ਦਰ ਇਤਿਹਾਸ ਨੂੰ ਅਮਰ ਕਰ ਦਿੱਤਾ, ਜਿਸ ਵਿਚ ਸ. ਕਰਤਾਰ ਸਿੰਘ
ਸਰਾਭਾ ਦੇ ਚਰਿਤੱਰ ਦੀਆਂ ਵਿਸ਼ੇਸ਼ਤਾਈਆਂ ਨੂੰ ਬਾਖੂਬੀ ਵਰਨਣ ਕੀਤਾ ਹੈ। ਜੰਗੇ ਅਜ਼ਾਦੀ ਦੇ
ਦੌਰਾਨ ਸਚਿੰਦਰਨਾਥ ਸਾਨਿਆਲ ਤੇ ਸ਼ਹੀਦ ਭਗਤ ਸਿੰਘ ਦੇ ਪਰਿਵਾਰਾਂ ਬਾਰੇ ਮਾਣ ਨਾਲ ਗੱਲ
ਕੀਤੀ ਜਾਂਦੀ ਹੈ। ਜਿਨ੍ਹਾਂ ਨੇ ਉਨ੍ਹਾਂ ਵੱਲੋਂ ਜਗਾਈ ਹੋਈ ਮਿਸਾਲ ਵਿੱਚ ਆਪਣਾ ਖੂਨ ਪਾ
ਕੇ ਜਗਾਈ ਰੱਖਣ ਦੀਆਂ ਅਣਥੱਕ ਕੋਸ਼ਿਸ਼ਾਂ ਕੀਤੀਆਂ। ਗ਼ਦਰ ਲਹਿਰ ਸਮੇਂ ਸਾਨਿਆਲ, ਰਾਸ ਬਿਹਾਰੀ
ਬੋਸ ਦੇ ਪੰਜਾਬ ਵੱਲ ਆਉਣ ਤੋਂ ਪਹਿਲਾਂ ਆਪ ਜਾਇਜਾ ਲੈਣ ਆਇਆ। ਕਿਉਂਕਿ ਰਾਸ ਬਿਹਾਰੀ ਬੋਸ
ਉਸ ਸਮੇਂ ਇਨਕਲਾਬੀ ਗਤੀਵਿਧੀਆਂ ਕਰਕੇ ਦੁਨੀਆਂ ਭਰ੍ਹ ’ਚ ਪ੍ਰਸਿੱਧੀ ਪਾ ਚੁੱਕਾ ਸੀ,
ਭਾਵੇਂ ਕਿ ਸਾਨਿਆਲ ਦੀ ਪੰਜਾਬ ਫੇਰੀ ਨਾਲ ਵੀ ਇਨਕਲਾਬੀ ਲਹਿਰ ’ਚ ਨਵਾਂ ਜੋਸ਼ ਤੇ ਉਤਸ਼ਾਹ
ਪੈਦਾ ਹੋਇਆ ਸੀ। ਉਸ ਦੇ ਪੰਜਾਬ ਦੇ ਗ਼ਦਰੀ ਆਗੂਆਂ ਬਾਰੇ ਵੀ ਨਿਰਣੇ ਬੜੇ ਦਰੁਸਤ ਸਾਬਿਤ
ਹੋਏ ਸਨ। ਇਸ ਸਮੁੱਚੇ ਵਿਚੋਂ ਜਿਹੜੀ ਗੱਲ ਉਭਰਦੀ ਹੈ ਉਹ ਹੈ ਕਰਤਾਰ ਸਿੰਘ ਸਰਾਭੇ ਬਾਰੇ
ਉਸਦੀ ਦ੍ਰਿਸ਼ਟੀ ਦੀ ਕਮਾਲਤਾ, ਜਿਹੜੀ ਸਾਨਿਆਲ ਦੀਆਂ ਆਪਣੀਆਂ ਲਿਖਤਾਂ ਵਿਚ ਝਲਕਦੀ ਹੈ। ਸ.
ਕਰਤਾਰ ਸਿੰਘ ਸਰਾਭਾ ਬਾਰੇ ਹੇਠਲਾ ਲੇਖ ‘ਬੰਦੀ ਜੀਵਨ’ ਦੇ ਅਧਾਰਤ ਹੈ।
ਜਦੋਂ ਸਾਡੇ ਦਲ ਦਾ ਵਿਸਥਾਰ ਪੂਰਬੀ ਬੰਗਾਲ ਦੀ ਅਖੀਰਲੀ ਸੀਮਾ ਤੋਂ ਲੈ ਕੇ ਹੁਣ ਪੰਜਾਬ
ਵਿਚ ਪ੍ਰਵੇਸ਼ ਕਰ ਰਿਹਾ ਸੀ ਤਾਂ ਆਪਣੇ ਮੁੱਖ ਨੇਤਾ ਅਤੇ ਬੰਗਾਲ ਦੇ ਕੁਝ ਲੀਡਰਾਂ ਨੂੰ
ਪੰਜਾਬ ਦੇ ਸਮਾਚਾਰ ਦੱਸਣ ਲਈ ਮੈਨੂੰ ਬੰਗਾਲ ਭੇਜਿਆ ਗਿਆ ਜਿਥੇ ਕੋਈ ਵੀ ਨੇਤਾ ਨਾ ਮਿਲਿਆ।
ਫਿਰ ਕੇਂਦਰ ਦੇ ਲੀਡਰਾਂ ਕੋਲ ਜਾ ਕੇ ਮੈਂ ਪੰਜਾਬ ਦਾ ਸਾਰਾ ਹਾਲ ਵਿਸਥਾਰ ਨਾਲ ਦਸਿਆ। ਮੈਂ
ਲੀਡਰਾਂ ਨੂੰ ਕਿਹਾ ਕਿ ਇਨ੍ਹਾਂ ਵਿਦੇਸ਼ਾਂ ਤੋਂ ਆਏ ਸਿੱਖਾਂ ਨਾਲ ਸੰਪਰਕ ਸਥਾਪਤ ਕਰਨ ਦੀ
ਵਿਸ਼ੇਸ਼ ਤੌਰ ’ਤੇ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸ ਗੱਲ ’ਤੇ ਵੀ ਵਿਚਾਰ ਕੀਤੀ ਗਈ ਕਿ ਹੁਣ
ਜਲਦੀ ਨਾਲ ਬੰਬ ਦੇ ਗੋਲੇ ਬਹੁਤ ਜ਼ਿਆਦਾ ਬਣਾਉਣੇ ਪੈਣਗੇ ਅਤੇ ਉਹਦੇ ਲਈ ਹੁਣ ਤੋਂ ਹੀ
ਤਿਆਰੀ ਸ਼ੁਰੂ ਕਰ ਦੇਣੀ ਚਾਹੀਦੀ ਹੈ।
ਜਦੋਂ ਭਾਰਤ ਵਿਚ ਗ਼ਦਰ ਦੀਆਂ ਚੰਗਿਆੜੀਆਂ ਹੌਲੀ ਹੌਲੀ ਚਾਰੇ ਪਾਸੇ ਉਡ ਰਹੀਆਂ ਸਨ ਤਾਂ
ਅਮਰੀਕਾ ਵਿਚ ਕੁਝ ਭਾਰਤੀਆਂ ਦੇ ਦਿਲਾਂ ਵਿਚ ਉਹ ਭਾਂਬੜ ਵਾਂਗ ਮਚ ਰਹੀਆਂ ਸਨ। ਏਸੇ ਸਮੇਂ
ਭਾਈ ਕਰਤਾਰ ਸਿੰਘ ਨਾਮ ਦਾ ਇਕ ਨੌਜਵਾਨ ਇਨ੍ਹਾਂ ਵਿਚ ਆ ਕੇ ਸ਼ਾਮਲ ਹੋ ਗਿਆ। ਇਹ ਉੜੀਸਾ
ਵਿਚ ਰੇਵੇਸਸ਼ਾ ਕਾਲਜ ਦੀ ਪਹਿਲੀ ਸ਼੍ਰੇਣੀ ਦੀ ਪੜਾਈ ਸਮਾਪਤ ਕਰਕੇ ਵਿਸ਼ੇਸ਼ ਕਾਰਨਾਂ ਕਰਕੇ
ਅਮਰੀਕਾ ਚਲਿਆ ਗਿਆ ਸੀ। ਹਾਲਾਂਕਿ ਇਹ ਸਿੱਖਾਂ ਵਿਚ ਸਭ ਤੋਂ ਘੱਟ ਉਮਰ ਦੇ ਸਨ ਪਰ ਮੈਂ
ਇਨ੍ਹਾਂ ਦੇ ਹੇਠ ਕਿੰਨੇ ਹੀ ਵੱਡੀ ਉਮਰ ਦੇ ਸਿੱਖਾਂ ਨੂੰ ਕੰਮ ਕਰਦਿਆਂ ਦੇਖਿਆ। ਇਨ੍ਹਾਂ
ਨੇ ਆਪਣੀ ਵਿਚਾਰਧਾਰਾ ਨਾਲ ਮੇਲ ਰੱਖਣ ਵਾਲੇ ਇਕ ਦੋ ਵਿਅਕਤੀਆਂ ਦੀ ਸਹਾਇਤਾ ਨਾਲ ਇਕ ਪੱਤਰ
ਕੱਢਣ ਦਾ ਨਿਸ਼ਚਾ ਕੀਤਾ। ਏਸੇ ਸਮੇਂ ਪੰਜਾਬ ਦੇ ਪ੍ਰਸਿੱਧ ਦੇਸ਼ ਭਗਤ ਲਾਲਾ ਹਰਦਿਆਲ ਭਾਰਤ
ਵਿਚ ਕਰਾਂਤੀ ਕਰਨ ਦੀਆਂ ਸਾਰੀਆਂ ਆਸਾਂ ਛੱਡ ਕੇ ਅਮਰੀਕਨ ਸੋਸ਼ਲਿਸਟਾਂ ਦੇ ਨਾਲ ਨੇੜਤਾ
ਬਣਾਉਣ ਦੇ ਯਤਨ ਕਰ ਰਹੇ ਸਨ। ਕਰਤਾਰ ਸਿੰਘ ਅਤੇ ਉਸ ਦੇ ਮਿੱਤਰ ਏਸ ਮੌਕੇ ’ਤੇ ਹਰਦਿਆਲ
ਕੋਲ ਅਜਿਹਾ ਪੱਤਰ ਪ੍ਰਕਾਸਤ ਕਰਨ ਦਾ ਪ੍ਰਸਤਾਵ ਲੈ ਕੇ ਹਾਜ਼ਰ ਹੋਏ। ਹਰਦਿਆਲ ਤਾਂ ਪਹਿਲਾਂ
ਹੀ ਅਜਿਹੇ ਸੋਹਣੇ ਮੌਕੇ ਦੀ ਭਾਲ ਵਿੱਚ ਸਨ, ਉਨ੍ਹਾਂ ਖੁਸ਼ੀ ਖੁਸ਼ੀ ਏਸ ਕੰਮ ਨੂੰ ਹੱਥ ਵਿਚ
ਲੈ ਲਿਆ। ਇਸ ਤਰ੍ਹਾਂ ‘ਗ਼ਦਰ’ ਨਾਮ ਦੇ ਪ੍ਰਸਿੱਧ ਅਖ਼ਬਾਰ ਦਾ ਪ੍ਰਕਾਸ਼ਨ ਸ਼ੁਰੂ ਹੋ ਗਿਆ ਅਤੇ
ਹੌਲੀ ਹੌਲੀ ਏਸੇ ਨੇ ਗ਼ਦਰ ਪਾਰਟੀ ਦਾ ਸੰਗਠਨ ਕਰ ਦਿੱਤਾ। ਕੈਲੇਫੋਰਨੀਆਂ ਦਾ ‘ਯੁਗਾਂਤਰ
ਆਸ਼ਰਮ’ ਹੀ ਇਸ ਦਾ ਕੇਂਦਰੀ ਸਥਾਨ ਸੀ।
ਅਮਰੀਕਾ ਤੋਂ ਕਰਤਾਰ ਸਿੰਘ ਨੇ ਆ ਕੇ ਬੰਗਾਲ ਦੇ ਕਿਸੇ ਜਾਣੇ ਪਛਾਣੇ ਉ¤ਘੇ ਜਨਤਕ ਨੇਤਾ
ਨਾਲ ਮੁਲਾਕਾਤ ਕੀਤੀ। ਉਸ ਨੇ ਕਰਤਾਰ ਸਿੰਘ ਨੂੰ ਉਪਦੇਸ਼ ਦਿੱਤਾ,‘‘ਤੂੰ ਆਪਣੇ ਸੰਕਲਪ ਅਤੇ
ਹਿੰਮਤ ਅਨੁਸਾਰ ਕੰਮ ਕਰਦਾ ਜਾ, ਬੰਗਾਲ ਤਾਂ ਸਹੀ ਸਮੇਂ ’ਤੇ ਤੁਹਾਡੀ ਸਹਾਇਤਾ ਕਰੇਗਾ
ਹੀ।’’ ਉਹ ਵਿਅਕਤੀ ਸਰ ਸੁਰਿੰਦਰਨਾਥ ਬੈਨਰਜੀ ਸੀ।
ਪਹਿਲਾਂ ਹੀ ਨਿਸ਼ਚਿਤ ਹੋ ਚੁੱਕਾ ਸੀ ਕਿ ਮੈਂ ਜ¦ਧਰ ਜਾ ਕੇ ਸਿੱਖ ਨੇਤਾਵਾਂ ਨਾਲ ਮੁਲਾਕਾਤ
ਕਰਾਂਗਾ। ਉਸ ਸਮੇਂ ਨਵੰਬਰ ਦਾ ਮਹੀਨਾ ਸਮਾਪਤ ਹੋਣ ਵਾਲਾ ਸੀ। ਸਰਦੀਆਂ ਦੀ ਸਵੇਰ ਨੂੰ
ਲੁਧਿਆਣਾ ਗੱਡੀ ਪਹੁੰਚਦਿਆਂ ਹੀ ਦੇਖਿਆ ਕਿ ਮੇਰੇ ਮਿੱਤਰ ਦੇ ਇਕ ਜਾਣੂ ਸਿੱਖ ਨੌਜਵਾਨ
ਸਾਡੀ ਉਡੀਕ ਕਰ ਰਹੇ ਸਨ। ਮਿੱਤਰ ਨੇ ਇਨ੍ਹਾਂ ਨਾਲ ਮੇਰੀ ਜਾਣ ਪਛਾਣ ਕਰਾਈ। ਇਹੀ ਕਰਤਾਰ
ਸਿੰਘ ਸਨ। ਇਹ ਗੱਡੀ ਵਿਚ ਸਵਾਰ ਹੋ ਕੇ ਸਾਡੇ ਨਾਲ ਹੀ ਜ¦ਧਰ ਲਈ ਰਵਾਨਾ ਹੋਏ। ਰਾਹ ਵਿਚ
ਥੋੜ੍ਹੀ ਬਹੁਤ ਗੱਲਬਾਤ ਹੋਈ। ਉਨ੍ਹਾਂ ਤੋਂ ਪਤਾ ਲੱਗਾ ਕਿ ਇਸ ਸਮੇਂ ਲੁਧਿਆਣਾ ਵਿਚ ਦੋ
ਤਿੰਨ ਸੌ ਵਿਅਕਤੀ ਕੱਠੇ ਹੋਏ ਹਨ। ਇਹ ਲੋਕ ਗੁਰਦੁਆਰੇ ਇਕੱਠੇ ਹੁੰਦੇ ਸਨ। ਲੁਧਿਆਣਾ
ਪਿੱਛੇ ਰਹਿ ਗਿਆ ਅਤੇ ਅਸੀਂ ਇਕ ਹੋਰ ਸਟੇਸ਼ਨ ’ਤੇ ਪਹੁੰਚੇ। ਕਰਤਾਰ ਸਿੰਘ ਨੇ ‘ਬੁਲੇਟਿਨ’
ਨਾਮ ਦਾ ਸਮਾਚਾਰ ਪੱਤਰ ਲਿਆ। ਇਸ ਵਿਚ ਪੜ੍ਹਿਆ ਕਿ ਕਲੱਕਤਾ ਦੀ ਮੁਸਲਮਾਨ ਪਾੜਾ ਲੇਨ ਵਿਚ
ਬੰਬ ਧਮਾਕਾ ਹੋਇਆ। ਇਸ ਬੰਬ ਦੇ ਫੱਟਣ ਨਾਲ ਭਾਰਤ ਵਿਚ ਚਾਰੇ ਪਾਸੇ ਦੇਸ਼ ਭਗਤਾਂ ਦੇ
ਵਿਚਕਾਰ ਜਿਵੇਂ ਇਕ ਜਾਗ੍ਰਤੀ ਜਿਹੀ ਦਿਸ ਪਈ। ਉਪਰੋਕਤ ਸਮਾਚਾਰ ਪੜ੍ਹਕੇ ਕਰਤਾਰ ਸਿੰਘ
ਬਹੁਤ ਪ੍ਰਸੰਨ ਹੋਏ। ਅੱਖਾਂ ਅੱਖਾਂ ਵਿਚ ਗੱਲਾਂ ਹੋਈਆਂ ਅਤੇ ਖੁਸ਼ੀ ਦਾ ਪ੍ਰਗਟਾਵਾ ਹੋਇਆ।
ਏਸ ਤਰ੍ਹਾਂ ਅਸੀਂ ਜ¦ਧਰ ਪੁੱਜ ਗਏ। ਇਥੇ ਕਰਤਾਰ ਸਿੰਘ ਦੇ ਕਈ ਵਿਦਿਆਰਥੀ ਮਿੱਤਰ ਇੰਤਜ਼ਾਰ
ਕਰ ਰਹੇ ਸਨ। ਇਨ੍ਹਾਂ ਨੂੰ ਮਿਲਣ ਤੋਂ ਬਾਅਦ ਅਸੀਂ ਰੇਲ ਦੀ ਪਟੜੀ ਨੂੰ ਪਾਰ ਕਰਕੇ ਨੇੜੇ
ਦੇ ਬਾਗ਼ ਵਿਚ ਗਏ, ਉਥੇ ਇਸ ਦਲ ਦੇ ਕਈ ਨੇਤਾ ਸਨ, ਜਿਨ੍ਹਾਂ ਦੀ ਉਮਰ ਮੇਰੇ ਤੋਂ ਬਹੁਤ
ਜ਼ਿਆਦਾ ਨਹੀਂ ਸੀ। ਜਿਵੇਂ ਉਸ ਦਿਨ ਉਥੇ ਕਰਤਾਰ ਸਿੰਘ, ਪ੍ਰਿਥੀ ਸਿੰਘ, ਅਮਰ ਸਿੰਘ ਅਤੇ
ਰਾਮ ਰੱਖਾ ਤੋਂ ਇਲਾਵਾ ਸ਼ਾਇਦ ਇਕ ਹੋਰ ਵਿਅਕਤੀ ਸੀ। ਜਦੋਂ ਮੈਂ ਪੁਛਿਆ ਕਿ ‘‘ਤੁਹਾਡਾ
ਅਸਲੀ ਨੇਤਾ ਕੌਣ ਹੈ, ਮੈਂ ਉਸ ਨਾਲ ਗੱਲਬਾਤ ਅਤੇ ਜਾਣ ਪਛਾਣ ਕਰਨਾ ਚਾਹਾਂਗਾ।’’ ਅਮਰ
ਸਿੰਘ ਨੇ ਕਿਹਾ,‘‘ਸੱਚ ਪੁੱਛੋ ਤਾਂ ਸਾਡਾ ਅਸਲੀ ਨੇਤਾ ਹੈ ਹੀ ਨਹੀਂ। ਏਸੇ ਲਈ ਸਾਨੂੰ ਰਾਸ
ਬਿਹਾਰੀ ਦੀ ਲੋੜ ਹੈ। ਸਾਡੇ ਵਿਚੋਂ ਕਿਸੇ ਨੂੰ ਵੀ ਵਿਸ਼ੇਸ਼ ਜਾਣਕਾਰੀ ਨਹੀਂ ਏ, ਏਸੇ ਕਰਕੇ
ਸਾਡੇ ਕੰਮ ਕਰਨ ਦਾ ਕੋਈ ਸਿਲਸਿਲਾ ਨਹੀਂ ਬਣ ਰਿਹਾ। ਸਾਨੂੰ ਬੰਗਾਲ ਤੋਂ ਸਹਾਇਤਾ ਦੀ ਲੋੜ
ਹੈ।’’ ਕਰਤਾਰ ਸਿੰਘ ਨੇ ਵੀ ਇਸ ਗੱਲ ਦੀ ਹਾਮੀ ਭਰੀ, ਪਰ ਅਮਰ ਸਿੰਘ ਵੱਲ ਇਸ਼ਾਰਾ ਕਰਕੇ
ਕਹਿਣ ਲੱਗਾ,‘‘ਦੇਖੋ ਭਾਈ, ਏਦਾਂ ਹਿਮਤ ਕਿਉਂ ਹਾਰਦੇ ਓ? ਜਦੋਂ ਲੋੜ ਪਈ ਤਾਂ ਦੇਖਿਉ
ਤੁਹਾਡੇ ਵਿਚੋਂ ਕਿਨਿਆਂ ਨੇ ਛੁਪੇ ਰੁਸਤਮ ਨਿਕਲ ਆਉਣਾ ਹੈ।’’
ਉਨ੍ਹਾਂ ਦੀਆਂ ਗੱਲਾਂ ਸੁਣ ਕੇ ਮੈਨੂੰ ਲੱਗਿਆ ਕਿ ਜਿਸ ਮਹਾਨ ਕਾਰਜ ਵਿਚ ਇਨ੍ਹਾਂ ਨੇ ਪੈਰ
ਰਖਿਆ ਹੈ ਉਹਦੇ ਵੱਡੇ ਹੋਣ ਦਾ ਅਹਿਸਾਸ ਇਨ੍ਹਾਂ ਦੀ ਨਸ ਨਸ ਵਿਚ ਭਰਿਆ ਪਿਆ ਹੈ ਅਤੇ ਆਪਣੀ
ਸ਼ਕਤੀ ਵਿਚ ਕੋਈ ਕਮੀ ਸਮਝਕੇ ਹੀ ਇਹ ਬਾਹਰੋਂ ਕੋਈ ਸਹਾਰਾ ਲੱਭ ਰਹੇ ਹਨ। ਪਰ ਇਸ ਦੇ ਨਾਲ
ਹੀ ਮੈਂ ਇਹ ਵੀ ਸਮਝ ਗਿਆ ਕਿ ਜੇਕਰ ਇਨ੍ਹਾਂ ਵਿਚ ਸੱਚੀ ਕੋਈ ਕੰਮ ਕਰਨ ਵਾਲਾ ਹੈ ਤਾਂ ਉਹ
ਕਰਤਾਰ ਸਿੰਘ ਹੈ। ਮੈਂ ਉਸ ਵਿਚ ਜਿਸ ਤਰ੍ਹਾਂ ਦਾ ਆਤਮ ਵਿਸ਼ਵਾਸ਼ ਦੇਖਿਆ, ਉਸ ਤਰ੍ਹਾਂ ਦਾ
ਆਤਮ ਵਿਸ਼ਵਾਸ ਨਾ ਹੋਣ ’ਤੇ ਕੋਈ ਵੀ ਵਿਅਕਤੀ ਵੱਡਾ ਕਾਰਜ ਨਹੀਂ ਕਰ ਸਕਦਾ।
ਅਜਿਹੇ ਆਤਮ ਵਿਸ਼ਵਾਸ ਦੀ ਭਾਵਨਾ ਘੱਟ ਹੀ ਦੇਖਣ ਨੂੰ ਮਿਲਦੀ ਹੈ। ਇਨ੍ਹਾਂ ਲੋਕਾਂ ਤੋਂ
ਮੈਨੂੰ ਪੰਜਾਬ ਦੀ ਹਾਲਤ ਦਾ ਬਹੁਤ ਕੁਝ ਪਤਾ ਲੱਗ ਗਿਆ ਅਤੇ ਇਨ੍ਹਾਂ ਦੀਆਂ ਗੱਲਾਂ ਤੋਂ
ਮੈਨੂੰ ਇਹ ਵੀ ਪਤਾ ਲੱਗਾ ਕਿ ਇਨ੍ਹਾਂ ਦੇ ਵਿਦਰੋਹ ਦੀ ਤਿਆਰੀ ਦਾ ਮੁੱਖ ਦਾਰੋਮਦਾਰ ਪੰਜਾਬ
ਦੀਆਂ ਸਿੱਖ ਫੌਜਾਂ ਹਨ। ਕਰਤਾਰ ਸਿੰਘ ਤੋਂ ਪਤਾ ਲੱਗਾ ਕਿ ਭਾਰਤ ਵਿਚ ਅਮਰੀਕਾ ਤੋਂ
ਸਿੱਖਾਂ ਦਾ ਜਿਹੜਾ ਪਹਿਲਾ ਦਲ ਆਇਆ ਸੀ, ਓਸੇ ਨਾਲ ਉਹ ਵੀ ਆਏ ਸਨ ਅਤੇ ਸਤੰਬਰ ਮਹੀਨੇ ਤੋਂ
ਏਸ ਕਾਰਜ ਦੀ ਤਿਆਰੀ ਕਰ ਰਹੇ ਸਨ।
ਹੁਣ ਕਰਤਾਰ ਸਿੰਘ ਨੇ ਮੈਨੂੰ ਪੁੱਛਿਆ,‘‘ਹਥਿਆਰ ਆਦਿ ਦੇ ਕੇ ਬੰਗਾਲ ਸਾਡੀ ਕਿੱਥੋਂ ਤੱਕ
ਸਹਾਇਤਾ ਕਰ ਸਕਦਾ ਹੈ? ਬੰਗਾਲ ਵਿਚ ਕਿੰਨੇ ਹਜ਼ਾਰ ਬੰਦੂਕਾਂ ਹਨ?’’ ਆਦਿ।
ਮੈਂ ਕਿਹਾ,‘‘ਤੁਹਾਡਾ ਕੀ ਖਿਆਲ ਏ ਕਿ ਬੰਗਾਲ ਵਿੱਚ ਕਿੰਨੇ ਹਥਿਆਰ ਹੋਣਗੇ?’’
ਕਰਤਾਰ ਸਿੰਘ,‘‘ਮੇਰਾ ਖਿਆਲ ਏ ਕਿ ਬੰਗਾਲ ਵਿਚ ਕਾਫੀ ਹਥਿਆਰ ਜਮ੍ਹਾਂ ਕਰ ਲਏ ਗਏ ਹਨ,
ਕਿਉਂਕਿ ਬੰਗਾਲ ਤਾਂ ਕਾਫ਼ੀ ਚਿਰਾਂ ਤੋਂ ਕਰਾਂਤੀ ਦੀ ਤਿਆਰੀ ਕਰ ਰਿਹਾ ਏ ਅਤੇ ਸਾਡੇ ਦਲ ਦੇ
ਪਰਮਾਨੰਦ ਦੇ ਇਕ ਬੰਗਾਲੀ ਮਿੱਤਰ ਨੇ ਉਨ੍ਹਾਂ ਨੂੰ ਪੰਜ ਸੌ ਰਿਵਾਲਵਰ ਦੇਣ ਦਾ ਬਚਨ ਦਿੱਤਾ
ਏ, ਇਹਦੇ ਲਈ ਪਰਮਾਨੰਦ ਬੰਗਾਲ ਗਏ ਹੋਏ ਨੇ।’’
ਮੈਂ,‘‘ਜਿਨ੍ਹਾਂ ਨੇ ਪਰਮਾਨੰਦ ਨੂੰ ਇਹ ਗੱਲ ਕਹੀ ਏ ਉਹ ਕੋਈ ਫਾਲਤੂ ਬੰਦਾ ਹੋਣਾ ਏ,
ਕਿਉਂਕਿ ਬੰਗਾਲ ਵਿਚ ਕੋਈ ਵੀ ਨਾ ਤਾਂ 500 ਰਿਵਾਲਵਰ ਦੇ ਸਕਦਾ ਹੈ ਤੇ ਨਾ ਹੀ ਕਿਤਿਉਂ
ਮਿਲ ਸਕਦੇ ਹਨ। ਜੀਹਨੇ ਵੀ ਇਹ ਗੱਲ ਕਹੀ ਏ ਉਹਨੇ ਗੱਪ ਮਾਰੀ ਹੈ।’’
ਕਰਤਾਰ ਸਿਘ,‘‘ਤਾਂ ਫੇਰ ਬੰਗਾਲ ਸਾਨੂੰ ਕਿਸ ਤਰ੍ਹਾਂ ਦੀ ਸਹਾਇਤਾ ਦੇਵੇਗਾ? ਤੇ ਕੀ ਉਥੇ
ਵੀ ਪੰਜਾਬ ਦੇ ਨਾਲ ਹੀ ਗ਼ਦਰ ਹੋਵੇਗਾ? ਬੰਗਾਲ ਵਿਚ ਤੁਹਾਡੇ ਅਧੀਨ ਕੰਮ ਕਰਨ ਵਾਲੇ ਕਿੰਨੇ
ਹਨ?’’... ਹੋਰ ਕਿਸੇ ਸਮੇਂ ਕਿਸੇ ਵੀ ਵਿਅਕਤੀ ਨੂੰ ਅਸੀਂ ਅਜਿਹੇ ਸਵਾਲ ਕਰਨ ਦਾ ਮੌਕਾ ਹੀ
ਨਹੀਂ ਸੀ ਦਿੰਦੇ ਤੇ ਜੇ ਕੋਈ ਪੁੱਛ ਹੀ ਬੈਠਦਾ ਸੀ ਤਾਂ ਕਹਿ ਦਿੰਦੇ ਸੀ,‘ਇਨ੍ਹਾਂ ਗੱਲਾਂ
ਨੂੰ ਜਾਣ ਕੇ ਤੁਸੀਂ ਕੀ ਕਰੋਗੇ, ਸਮਝ ਲਓ ਕਿ ਕੁਝ ਵੀ ਤਿਆਰੀ ਨਹੀਂ ਏ, ਕੀ ਫੇਰ ਵੀ
ਤੁਸੀਂ ਏਸ ਦਲ ਵਿਚ ਸ਼ਾਮਲ ਹੋਵੋਗੇ ਜਾਂ ਨਹੀਂ? ਤੁਹਾਨੂੰ ਆਪ ਹੀ ਮੁੱਢ ਤੋਂ ਤਿਆਰੀ ਕਰਨੀ
ਪਵੇਗੀ। ਅਜਿਹੇ ਹਾਲਾਤ ਵਿਚ ਵੀ ਕੀ ਤੁਸੀਂ ਸਾਡੇ ਵਿਚ ਸ਼ਾਮਲ ਹੋਣਾ ਚਾਹੋਗੇ? ਆਦਿ।’ ਹਾਂ
ਬੰਗਾਲ ਵਿਚ ਕਿਤੇ ਕਿਤੇ ਕੁਝ ਅਜਿਹੇ ਲੋਕ ਵੀ ਸਨ ਜਿਹੜੇ ਕਰਾਂਤੀ ਦੀਆਂ ਜੰਗੀ ਤਿਆਰੀਆਂ
ਦੀਆਂ ਗੱਲਾਂ ਵਧਾ ਚੜਾਅ ਕੇ ਲੋਕਾਂ ਨੂੰ ਸੁਣਾਉਂਦੇ ਸਨ ਅਤੇ ਲੋਕਾਂ ਨੂੰ ਲਾਲਚ ਦੇ ਕੇ ਦਲ
ਵਿਚ ਸ਼ਾਮਲ ਕਰਦੇ ਸਨ। ਜੋ ਵੀ ਹੋਵੇ, ਕਰਤਾਰ ਸਿੰਘ ਨੇ ਜਦੋਂ ਇਹ ਸਵਾਲ ਕੀਤੇ ਤਾਂ ਉਨ੍ਹਾਂ
ਦਾ ਸਹੀ ਜਵਾਬ ਨਾ ਦੇ ਕੇ ਉਨ੍ਹਾਂ ਨੂੰ ਟਾਲ ਦੇਣਾ ਉਚਿਤ ਨਾ ਲੱਗਾ। ਮੈਂ ਕਿਹਾ,‘‘ਦੇਖੋ,
ਜਿਸ ਤਰ੍ਹਾਂ ਇਥੇ ਤੁਹਾਨੂੰ ਫੌਜ ਵਿਚ ਭਰਤੀ ਹੋਣ ਦਾ ਮੌਕਾ ਮਿਲਦਾ ਏ, ਜੇਕਰ ਕਿਤੇ ਬੰਗਾਲ
ਵਿਚ ਵੀ ਸਾਨੂੰ ਫੌਜ ਵਿਚ ਭਰਤੀ ਹੋਣ ਦਾ ਮੌਕਾ ਮਿਲਦਾ ਤਾਂ ਉਥੇ ਕਦੋਂ ਦੀ ਕਰਾਂਤੀ ਆ
ਚੁੱਕੀ ਹੁੰਦੀ। ਬੰਗਾਲ ਦੇ ਦਲ ਵਿਚ ਮੁੱਖ ਤੌਰ ’ਤੇ ਨੌਜਵਾਨ ਅਤੇ ਵਿਦਿਆਰਥੀ ਵਰਗ ਸ਼ਾਮਲ ਏ
ਅਤੇ ਏਸ ਦਲ ਵਿਚ ਬਹੁਤ ਛਾਣਬੀਣ ਕਰਕੇ ਬੜੀ ਸਾਵਧਾਨੀ ਨਾਲ ਅਜਿਹੇ ਲੋਕਾਂ ਨੂੰ ਸ਼ਾਮਲ ਕਰਦੇ
ਹਾਂ ਜਿਹੜੇ ਹਰ ਘੜੀ ਮਰਨ ਲਈ ਤਿਆਰ ਰਹਿਣ। ਏਸ ਲਈ ਸਾਡੇ ਦਲ ਵਿਚ ਜ਼ਿਆਦਾ ਮੈਂਬਰ ਨਹੀਂ
ਹਨ, ਸ਼ਾਇਦ ਹਜ਼ਾਰ ਦੋ ਹਜ਼ਾਰ ਤੋਂ ਵੱਧ ਨਾ ਹੋਣ, ਪਰੰਤੂ ਇਹ ਦ੍ਰਿੜ੍ਹ ਵਿਸ਼ਵਾਸ ਏ ਕਿ ਜਿਸ
ਦਿਨ ਆਮ ਤੌਰ ’ਤੇ ਵਿਦਰੋਹ ਸ਼ੁਰੂ ਹੋ ਜਾਵੇਗਾ ਉਸ ਦਿਨ ਹਜ਼ਾਰਾਂ ਵਿਅਕਤੀ ਹੋਰ ਸਾਡੇ ਨਾਲ ਆ
ਮਿਲਣਗੇ। ਜੇਕਰ ਪੰਜਾਬ ਵਿਚ ਗ਼ਦਰ ਹੋ ਗਿਆ ਤਾਂ ਇਹ ਨਿਸ਼ਚਿਤ ਸਮਝੋ ਕਿ ਉਸ ਦਿਨ ਬੰਗਾਲ
ਚੁੱਪਚਾਪ ਬੈਠਾ ਤਮਾਸ਼ਾ ਨਹੀਂ ਵੇਖੇਗਾ ਅਤੇ ਅੰਗਰੇਜ਼ਾਂ ਨੂੰ ਬੰਗਾਲ ਵਿਚ ਏਨੀਆਂ ਉਲਝਣਾਂ
ਵਿਚ ਪੈਣਾ ਪੈ ਜਾਵੇਗਾ ਕਿ ਉਹ ਆਪਣੀ ਪੂਰੀ ਤਾਕਤ ਪੰਜਾਬ ਵਿਚ ਨਹੀਂ ਲਾ ਸਕਣਗੇ।’’
ਮੈਂ ਇਹ ਵੀ ਕਿਹਾ,‘‘ਬੰਗਾਲ ਏਸ ਸਮੇਂ ਵੀ ਸਰਕਾਰੀ ਖਜ਼ਾਨੇ ਲੁੱਟ ਸਕਦਾ ਏ ਜਾਂ ਪੁਲਿਸ
ਦੀਆਂ ਬੈਰਕਾਂ ’ਤੇ ਛਾਪੇ ਆਦਿ ਮਾਰ ਸਕਦਾ ਏ, ਪਰ ਅੱਗੇ ਕੀ ਹੋਵੇਗਾ? ਏਸ ਅੱਗੇ ਕੀ
ਹੋਵੇਗਾ, ਨੂੰ ਸੋਚਕੇ ਹੀ ਬੰਗਾਲ ਨੇ ਅਜੇ ਤੱਕ ਕੁਝ ਨਹੀਂ ਕੀਤਾ।’’ ਮੈਂ ਇਨ੍ਹਾਂ ਨੂੰ
ਚੰਗੀ ਤਰ੍ਹਾਂ ਸਮਝਾ ਦਿੱਤਾ ਕਿ ‘ਸਾਡੇ ਨਾਲ ਸਲਾਹ ਕੀਤੇ ਬਿਨ੍ਹਾਂ ਅਚਾਨਕ ਕੁਝ ਨਾ ਕਰ
ਬੈਠਿਓ।’ ਇਹ ਵੀ ਕਹਿ ਦਿੱਤਾ ਕਿ ‘ਬੜੀ ਸਾਵਧਾਨੀ ਨਾਲ ਕੰਮ ਕਰਨਾ ਹੋਵੇਗਾ ਤਾਂਕਿ ਜ਼ਰਾ ਵੀ
ਤਾਕਤ ਵਿਅਰਥ ਨਾ ਹੋਵੇ, ਸਿਰਫ਼ ਹਾਤ ਹੂਤ ਕਰਕੇ ਫਜ਼ੂਲ ਦੇ ਕੰਮਾਂ ਵਿਚ ਆਪਣੀ ਤਾਕਤ ਜ਼ਾਇਆ
ਨਾ ਕੀਤੀ ਜਾਵੇ।’’ ਮੈਂ ਇਨ੍ਹਾਂ ਨੂੰ ਸਲਾਹ ਦਿੱਤੀ ਕਿ ਵਧੇਰੇ ਲੋਕਾਂ ਨੂੰ ਕਹੋ ਕਿ ਆਪਣੇ
ਆਪਣੇ ਪਿੰਡ ਵਿਚ ਜਾ ਕੇ ਰਹਿਣ, ਸਿਰਫ਼ ਮੁਖੀਆਂ ਦਾ ਅਤੇ ਹੋਰ ਕੰਮ ਕਰਨ ਲਈ ਕੁਝ ਕੁ ਲੋਕਾਂ
ਦਾ ਨੇੜੇ ਰਹਿਣਾ ਠੀਕ ਰਹੇਗਾ ਅਤੇ ਇਨ੍ਹਾਂ ਸਾਰਿਆਂ ਲੋਕਾਂ ਨੂੰ ਛੋਟੀਆਂ-ਛੋਟੀਆਂ
ਟੁਕੜੀਆਂ ਵਿਚ ਵੰਡ ਕੇ ਹਰੇਕ ਟੁਕੜੀ ਦਾ ਇਕ ਜਥੇਦਾਰ ਨਿਯੁਕਤ ਕਰ ਦਿੱਤਾ ਜਾਵੇ। ਅਜਿਹਾ
ਸੰਗਠਨ ਬਣਾਉਣ ਨਾਲ ਜਦੋਂ ਲੋੜ ਪਏਗੀ ਉਦੋਂ ਸਾਰਿਆਂ ਨਾਲ ਅਸਾਨੀ ਨਾਲ ਸੰਪਰਕ ਹੋ ਸਕੇਗਾ
ਅਤੇ ਕੰਮ ਲਿਆ ਜਾ ਸਕੇਗਾ। ਜੇ ਏਸ ਤਰ੍ਹਾਂ ਛੋਟੀਆਂ-ਛੋਟੀਆਂ ਟੁਕੜੀਆਂ ਨਾ ਬਣਾਈਆਂ ਗਈਆਂ
ਤਾਂ ਗ੍ਰਿਫ਼ਤਾਰ ਹੋਣ ਦਾ ਖਦਸ਼ਾ ਹਰ ਵੇਲੇ ਰਹੇਗਾ।’’ ਫੇਰ ਕਰਤਾਰ ਸਿੰਘ ਨੂੰ ਕਿਹਾ,‘‘
ਤੁਹਾਡੇ ਵਿਚੋਂ ਕੋਈ ਇਕ ਵਿਅਕਤੀ ਮੇਰੇ ਨਾਲ ਚੱਲੇ, ਮੈਂ ਉਸ ਨੂੰ ਉਥੇ ਲੈ ਚੱਲਾਂਗਾ
ਜਿੱਥੇ ਰਾਸ ਬਿਹਾਰੀ ਹਨ। ਰਾਸ ਬਿਹਾਰੀ ਨਾਲ ਚੰਗੀ ਤਰ੍ਹਾਂ ਸਲਾਹ ਕਰਨੀ ਏ।’’ ਇਹ ਗੱਲ
ਇਨ੍ਹਾਂ ਨੂੰ ਪਸੰਦ ਆਈ। ਹੁਣ ਨਿਸ਼ਚਿਤ ਹੋਇਆ ਕਿ ਲਾਹੌਰ ਵਿਚ ਪ੍ਰਿਥਵੀ ਸਿੰਘ ਨਾਲ ਦੁਬਾਰਾ
ਮੁਲਾਕਾਤ ਕਰਕੇ, ਉਸ ਨੂੰ ਨਾਲ ਲੈ ਕੇ ਰਾਸ ਬਿਹਾਰੀ ਨੂੰ ਮਿਲਣ ਜਾਣਾ ਠੀਕ ਹੋਵੇਗਾ।
ਕਰਤਾਰ ਸਿੰਘ ਨੇ ਸਾਡੇ ਕੋਲੋਂ ਰਿਵਾਲਵਰ ਆਦਿ ਦੀ ਸਹਾਇਤਾ ਮੰਗੀ। ਆਤਮ-ਰੱਖਿਆ ਕਰਨ ਅਤੇ
ਛੋਟੇ ਛੋਟੇ ਸਰਕਾਰੀ ਖਜ਼ਾਨੇ ਲੁੱਟਣ ਲਈ ਕੁਝ ਅਸਤਰਾਂ ਸ਼ਾਸਤਰਾਂ ਦੀ ਲੋੜ ਸੀ। ਅਮਰੀਕਾ ਤੋਂ
ਇਹ ਲੋਕ ਜਦੋਂ ਵਾਪਸ ਆਏ ਤਾਂ ਆਪਣੇ ਨਾਲ ਥੋੜ੍ਹੇ ਬਹੁਤੇ ਰਿਵਾਲਵਰ ਆਦਿ ਲੈ ਆਏ ਸਨ।
ਅੰਗ੍ਰੇਜ਼ਾਂ ਦੀ ਕਰੜੀ ਨਿਗਰਾਨੀ ਦੇ ਬਾਵਜੂਦ ਇਹ ਹਥਿਆਰ ਦੇਸ਼ ਪਹੁੰਚ ਗਏ ਸਨ। ਬਾਲਟੀ ਦੇ
ਥੱਲੇ ਵਿਚ ਟੀਨ ਜਾਂ ਲੱਕੜ ਦਾ ਫੱਟਾ ਲਾ ਕੇ ਉਹਦੇ ਵਿਚ ਲੁਕਾ ਕੇ ਹਥਿਆਰ ਲਿਆਏ ਜਾਂਦੇ
ਸਨ। ਪਰ ਕੁਝ ਦਿਨਾਂ ਵਿਚ ਈ ਇਹ ਭੇਤ ਉਜਾਗਰ ਹੋ ਗਿਆ। ਕਦੇ ਕਦੇ ਇੰਝ ਵੀ ਹੁੰਦਾ ਸੀ ਕਿ
ਬੰਦਰਗਾਹ ਪਹੁੰਚਣ ਤੋਂ ਥੋੜ੍ਹਾ ਸਮਾਂ ਪਹਿਲਾਂ ਈ ਇਹ ਹਥਿਆਰ ਖਲਾਸੀਆਂ ਦੇ ਹਵਾਲੇ ਕਰਕੇ
ਮੁਸਾਫਿਰ ਚਲੇ ਆਉਂਦੇ ਸਨ ਅਤੇ ਫਿਰ ਮੌਕਾ ਦੇਖ ਕੇ ਉਨ੍ਹਾਂ ਕੋਲੋਂ ਵਾਪਸ ਲੈ ਆਉਂਦੇ ਸਨ।
ਏਸ ਤਰੀਕੇ ਨਾਲ ਇਨ੍ਹਾਂ ਲੋਕਾਂ ਦੇ ਹੱਥ ਕੁਝ ਰਿਵਾਲਵਰ ਆਦਿ ਆ ਗਏ ਸਨ। ਪਰ ਅਜੇ ਵੀ
ਹਥਿਆਰਾਂ ਦੀ ਲੋੜ ਸੀ। ਮੈਂ ਕਾਸ਼ੀ ਤੋਂ ਕੁਝ ਰਿਵਾਲਵਰ ਅਤੇ ਗੋਲੀਆਂ ਲਿਆਇਆ ਸੀ। ਇਹ ਸਭ
ਕੁਝ ਕਰਤਾਰ ਸਿੰਘ ਦੇ ਹਵਾਲੇ ਕਰ ਕੇ ਮੈਂ ਕਿਹਾ ਕਿ ਏਸ ਸਮੇਂ ਤਾਂ ਮੇਰੇ ਕੋਲ ਇਹੀ ਸੀ,
ਫਿਰ ਹੋਰ ਵੀ ਲਿਆ ਦੇਵਾਂਗਾ। ਪਰ ਇਹ ਵੀ ਜਤਾ ਦਿੱਤਾ ਕਿ ਸਾਡੇ ਕੋਲ ਹਥਿਆਰਾਂ ਦਾ ਕੋਈ
ਵੱਡਾ ਭੰਡਾਰ ਨਹੀਂ ਹੈ, ਏਸ ਲਈ ਏਸ ਸਬੰਧ ਵਿਚ ਜ਼ਿਆਦਾ ਆਸ ਨਾ ਰੱਖਿਓ।
ਮੈਂ ਬੰਬ ਗੋਲਿਆਂ ਦੇ ਸਬੰਧ ਵਿਚ ਉਨ੍ਹਾਂ ਨੂੰ ਕਿਹਾ ਕਿ ਏਸ ਕੰਮ ਵਿਚ ਬੰਗਾਲੀ ਲੋਕ ਮਾਹਰ
ਹੋ ਗਏ ਹਨ ਅਤੇ ਬੰਬ ਗੋਲਿਆਂ ਦੀ ਜਿੰਨੀ ਵੀ ਲੋੜ ਹੋਵੇਗੀ, ਬੰਗਾਲ ਦੇਵੇਗਾ। ਓਸ ਵੇਲੇ ਇਹ
ਲੋਕ ਵੀ ਇਕ ਤਰ੍ਹਾਂ ਦਾ ਬੰਬ ਗੋਲਾ ਬਣਾਉਂਦੇ ਸਨ। ਪੰਜਾਬ ਵਿਚ ਸ਼ੀਸ਼ੇ ਦੀ ਅਤੇ ਪਿੱਤਲ ਦੀ
ਬਣੀ ਹੋਈ ਇਕ ਤਰ੍ਹਾਂ ਦੀ ਦਵਾਤ ਮਿਲਦੀ ਸੀ। ਇਹ ਦਵਾਤਾਂ ਹੀ ਪੰਜਾਬੀਆਂ ਦੇ ਬੰਬਾਂ ਦਾ
ਖੋਲ ਸੀ। ਇਨ੍ਹਾਂ ਦਵਾਤਾਂ ਦੇ ਮੂੰਹ ਵਿਚ ਪੇਚ ਸੀ। ਦਵਾਤ ਦਾ ਢੱਕਣ ਲਾ ਦੇਣ ’ਤੇ ਇਹ
ਬਹੁਤ ਚੰਗੀ ਤਰ੍ਹਾਂ ਬੰਦ ਹੋ ਜਾਂਦੀ ਸੀ। ਇਹਦਾ ਮਸਾਲਾ ਉਹੀ ਸੀ ਜਿਹੜਾ ਪਟਾਕਿਆਂ ਦਾ
ਹੁੰਦਾ ਸੀ, ਅਰਥਾਤ ਪੋਟਾਸ਼ ਅਤੇ ਮਨਸ਼ਿਲ। ਹਿੰਦੁਸਤਾਨ ਦੀ ਬਣੀ ਕੱਚ ਦੀ ਇਕ ਤਰ੍ਹਾਂ ਦੀ
ਛੋਟੀ ਸ਼ੀਸ਼ੀ ਬਜ਼ਾਰ ਵਿਚ ਮਿਲਦੀ ਸੀ। ਏਸ ਵਿੱਚ ਸਲਫਿਉਰਿਕ ਐਸਿਡ ਭਰ ਕੇ ਮੂੰਹ ਬੰਦ ਕਰ
ਦਿੱਤਾ ਜਾਂਦਾ ਸੀ ਅਤੇ ਇਹਨੂੰ ਖੋਲ ਵਿਚ ਪਾ ਦਿੱਤਾ ਜਾਂਦਾ ਸੀ। ਇਹ ਮਾਮੂਲੀ ਧੱਕੇ ਵਿਚ
ਹੀ ਫਟ ਜਾਂਦਾ ਸੀ। ਲੱਗਦਾ ਹੈ ਕਿ ਇਸ ਵਿਚ ਮਸਾਲੇ ਦੇ ਨਾਲ-ਨਾਲ ਖੰਡ ਵੀ ਪਾਈ ਜਾਂਦੀ ਸੀ।
ਸ਼ੀਸ਼ੀ ਦੇ ਟੁੱਟਣ ’ਤੇ ਐਸਿਡ ਪੋਟਾਸ਼ ਅਤੇ ਖੰਡ ਦੇ ਮੇਲ ਨਾਲ ਇਹ ਬੰਬ ਗੋਲਾ ਫਟ ਜਾਂਦਾ ਸੀ
ਅਤੇ ਦਵਾਤ ਦੇ ਟੁਕੜੇ ਚਾਰੋ ਪਾਸੇ ਖਿੱਲਰ ਜਾਂਦੇ ਸਨ। ਇਹ ਬੰਬ ਜ਼ਿਆਦਾ ਖ਼ਤਰਨਾਕ ਨਹੀਂ ਸੀ
ਅਤੇ ਸੁੱਟੇ ਜਾਣ ’ਤੇ ਅਕਸਰ ਫਟਦਾ ਵੀ ਨਹੀਂ ਸੀ। ਜੇ ਫਟ ਵੀ ਜਾਂਦਾ ਤਾਂ ਕਿਸੇ ਵਿਅਕਤੀ
ਦੀ ਜਾਨ ਲੈਣ ਲਈ ਕਾਫ਼ੀ ਨਹੀਂ ਹੁੰਦਾ ਸੀ। ਮੈਂ ਇਨ੍ਹਾਂ ਨੂੰ ਸਮਝਾ ਦਿੱਤਾ ਕਿ ਬੰਗਾਲ ਦਾ
ਗੋਲਾ ਬੜਾ ਖ਼ਤਰਨਾਕ ਹੁੰਦਾ ਏ। ਕਰਤਾਰ ਸਿੰਘ ਨੂੰ ਕਿਹਾ ਕਿ ਪੰਜਾਬ ਵਿਚ ਕਈ ਸਥਾਨਾਂ ’ਤੇ
ਸਾਡੇ ਕੁਝ ਬੰਬ ਗੋਲੇ ਰੱਖੇ ਹੋਏ ਹਨ। ਲੋੜ ਪੈਣ ’ਤੇ ਦਿੱਤੇ ਜਾ ਸਕਦੇ ਹਨ। ਜਦ ਉਨ੍ਹਾਂ
ਨੂੰ ਲੈਣ ਦੀ ਇੱਛਾ ਜਤਾਈ ਤਾਂ ਮੈਂ ਪੁੱਛਿਆ ਕਿ ਹੁਣ ਤੁਹਾਡੇ ਨਾਲ ਕਿੱਥੇ ਮੁਲਾਕਾਤ
ਹੋਵੇਗੀ? ਤਾਂ ਉਨ੍ਹਾਂ ਨੇ ਜਵਾਬ ਦਿੱਤਾ ‘ਸਾਡੇ ਠਹਿਰਨ ਦਾ ਕੋਈ ਨਿਸ਼ਚਿਤ ਸਥਾਨ ਨਹੀਂ ਏ।’
ਮੈਂ ਪੁੱਛਿਆ,‘ਤੁਹਾਡਾ ਕੋਈ ਆਪਣਾ ਕੇਂਦਰ ਨਹੀਂ ਏ, ਜਿੱਥੋਂ ਸਾਰੀਆਂ ਗੱਲਾਂ ਦਾ ਪਤਾ ਲੱਗ
ਸਕੇ?’ ਉਤਰ ‘ਨਾਂਹ’ ਵਿਚ ਮਿਲਿਆ।
ਪਤਾ ਲੱਗਾ ਕਿ ਇਹ ਲੋਕ ਵੱਖੋ ਵੱਖਰੇ ਕੰਮਾਂ ਵਿਚ ਚਲੇ ਜਾਣਗੇ ਅਤੇ ਕੰਮ ਹੋਣ ਤੋਂ ਬਾਅਦ
ਫੇਰ ਇਕ ਨਿਸ਼ਚਿਤ ਥਾਂ ’ਤੇ ਆ ਕੇ ਮਿਲਣਗੇ। ਜੇਕਰ ਕਿਸੇ ਕਾਰਣ ਏਸ ਤਰ੍ਹਾਂ ਇਕੱਠੇ ਨਾ ਮਿਲ
ਸਕਣ ਤਾਂ ਗੁਰਦੁਆਰੇ ਵਿਚ ਲੱਭਣ ਤੋਂ ਇਲਾਵਾ ਹੋਰ ਕੋਈ ਉਪਾਅ ਨਹੀਂ ਸੀ। ਇਹ ਸੁਣ ਕੇ
ਮੈਨੂੰ ਬੜੀ ਹੈਰਾਨੀ ਹੋਈ। ਮੈਂ ਸਮਝਿਆ ਕਿ ਸ਼ਾਇਦ ਮੈਨੂੰ ਸਾਰੀਆਂ ਗੱਲਾਂ ਦੱਸੀਆਂ ਨਹੀਂ
ਜਾ ਰਹੀਆਂ। ਏਸੇ ਕਰਕੇ ਆਪਣੇ ਸੁਭਾਅ ਅਨੁਸਾਰ ਮੈਂ ਕੁਝ ਪੁੱਛਗਿਛ ਨਹੀਂ ਕੀਤੀ ਅਤੇ ਨਾ ਹੀ
ਏਸ ਸਬੰਧ ਵਿਚ ਕੋਈ ਸਲਾਹ ਦਿੱਤੀ। ਬਾਅਦ ਵਿਚ ਸੰਬੰਧ ਗਹਿਰੇ ਹੋਣ ’ਤੇ ਪਤਾ ਲੱਗਾ ਕਿ
ਸੱਚੀ ਹੀ ਇੱਦਾਂ ਸੀ ਅਤੇ ਉਹਦਾ ਉਪਾਅ ਵੀ ਕਰ ਦਿੱਤਾ ਗਿਆ। ਉਸ ਬਾਗ਼ ਵਿਚ ਜਿੱਥੇ ਗੱਲਬਾਤ
ਹੋ ਰਹੀ ਸੀ, ਪਹੁੰਚਦਿਆਂ ਈ ਮੈਨੂੰ ਮਹਿਸੂਸ ਹੋ ਗਿਆ ਸੀ ਕਿ ਜ¦ਧਰ ਸ਼ਹਿਰ ਵਿਚ ਇਨ੍ਹਾਂ ਦਾ
ਆਪਣਾ ਕੋਈ ਅੱਡਾ ਨਹੀਂ ਹੈ। ਜਿਹੜੇ ਲੋਕ ਇਥੇ ਆਏ ਸਨ ਉਹ ਸਾਰੇ ਜ¦ਧਰ ਤੋਂ ਬਾਹਰਲੇ ਸਨ।
ਇਥੇ ਇਨ੍ਹਾਂ ਦਾ ਕੋਈ ਅਜਿਹਾ ਸਥਾਨ ਨਹੀਂ ਸੀ, ਜਿੱਥੇ ਜਾ ਕੇ ਮੈਂ ਆਰਾਮ ਕਰ ਸਕਦਾ। ਏਸ
ਤਰ੍ਹਾਂ ਅਜਿਹੀ ਗੜਬੜ ਵਾਲੀ ਅਤੇ ਬਗੈਰ ਵਿਉਂਤਬੰਦੀ ਵਾਲੀ ਸਥਿਤੀ ਵਿਚ ਉਹ ਰਾਸ ਬਿਹਾਰੀ
ਨੂੰ ਬੁਲਾਉਣਾ ਚਾਹੁੰਦੇ ਸਨ, ਜਿਨ੍ਹਾਂ ਨੂੰ ਗ੍ਰਿਫ਼ਤਾਰ ਕਰਾਉਣ ਲਈ ਉਸ ਸਮੇਂ ਹਕੂਮਤ
ਵੱਲੋਂ ਸਾਢੇ ਸੱਤ ਹਜ਼ਾਰ ਰੁਪਏ ਦਾ ਇਨਾਮ ਰਖਿਆ ਗਿਆ ਸੀ। ਅਖੀਰ ਇਹ ਸਾਰੀਆਂ ਗੱਲਾਂ ਸੁਣ
ਕੇ ਮੈਂ ਕਰਤਾਰ ਸਿੰਘ ਨੂੰ ਅਗਲੇ ਦਿਨ ਕਿਸੇ ਸਥਾਨ ’ਤੇ ਪਹੁੰਚਣ ਲਈ ਕਿਹਾ, ਉਹ ਰਾਜ਼ੀ ਹੋ
ਗਏ। ਤੈਅ ਹੋਇਆ ਕਿ ਮੈਂ ਉਨ੍ਹਾਂ ਦੀ ਉਡੀਕ ਉਸੇ ਸਟੇਸ਼ਨ ’ਤੇ ਕਰਾਂਗਾ, ਫੇਰ ਉਨ੍ਹਾਂ ਨੂੰ
ਨਾਲ ਲੈ ਜਾਵਾਂਗਾ ਅਤੇ ਸੰਭਾਲੇ ਹੋਏ ਬੰਬ ਦੇ ਗੋਲੇ ਉਨ੍ਹਾਂ ਦੇ ਸਪੁਰਦ ਕਰ ਦੇਵਾਂਗਾ।
ਘੜੀ ਦੇਖੀ, ਸਾਰੇ ਲੋਕ ਆਪਣਾ ਆਪਣਾ ਕੰਮ ਕਰਨ ਲਈ ਉਠ ਖੜ੍ਹੇ ਹੋਏ। ਉਨ੍ਹਾਂ ਦੀ ਗੱਡੀ ਦਾ
ਸਮਾਂ ਹੋ ਗਿਆ ਸੀ। ਮੈਂ ਅਤੇ ਮੇਰੇ ਮਿੱਤਰ ਦੋਵੇਂ ਇਕ ਹੋਟਲ ਵਿਚ ਗਏ। ਉਥੇ ਪਤਾ ਲੱਗਾ ਕਿ
ਮਿੱਤਰ ਜੀ ਮਾਸ-ਮੱਛੀ ਕੁਝ ਨਹੀਂ ਖਾਂਦੇ। ਏਸ ਲਈ ਮੈਨੂੰ ਵੀ ਦਾਲ-ਸਬਜ਼ੀ ’ਤੇ ਹੀ ਸਬਰ
ਕਰਨਾ ਪਿਆ। ਪੰਜਾਬ ਦੀ ਦਾਲ ਅਤੇ ਤੰਦੂਰੀ ਰੋਟੀਆਂ ਬਹੁਤ ਵਧੀਆ ਹੁੰਦੀਆਂ ਹਨ। ਤੰਦੂਰੀ
ਰੋਟੀਆਂ ਅਤੇ ਵਧੀਆ ਦਾਲ ਖਾ ਕੇ ਜਦ ਮੈਂ ਤ੍ਰਿਪਤ ਹੋ ਗਿਆ ਤਾਂ ਸਰੀਰਕ ਸਵਰਾਜ ਪ੍ਰਾਪਤ
ਕਰਕੇ ਮੈਂ ਤਾਂ ਕਰਤਾਰ ਸਿੰਘ ਲਈ ਬੰਬ ਲੈਣ ਦੂਸਰੇ ਪਾਸੇ ਚਲਿਆ ਗਿਆ ਅਤੇ ਮੇਰੇ ਮਿੱਤਰ
ਲਾਹੌਰ ਵੱਲ ਰਵਾਨਾ ਹੋ ਗਏ। ਮੈਂ ਆਪਣੇ ਮਿੱਥੇ ਸਥਾਨ ’ਤੇ ਪਹੁੰਚ ਕੇ ਆਪਣੇ ਅੱਡੇ ’ਤੇ
ਗਿਆ। ਉਥੇ ਸਾਡਾ ਜਿਹੜਾ ਬੰਦਾ ਸੀ, ਉਸ ਨੂੰ ਮੈਂ ਜ¦ਧਰ ਵਿਚ ਸਿੱਖਾਂ ਨਾਲ ਮੁਲਾਕਾਤ ਆਦਿ
ਦੀ ਘਟਨਾ ਬਾਰੇ ਕੁਝ ਨਹੀਂ ਦੱਸਿਆ, ਸਿਰਫ਼ ਇਹੀ ਕਿਹਾ ਕਿ ਮੈਨੂੰ ਕੁਝ ਬੰਬਾਂ ਦੀ ਲੋੜ ਏ,
ਇਕ ਸਿੱਖ ਸੱਜਣ ਆਉਣਗੇ ਅਤੇ ਲੈ ਜਾਣਗੇ। ਸਿੱਖ ਨਾਮ ਸੁਣ ਕੇ ਉਹ ਥੋੜ੍ਹਾ ਝਿਜਕਿਆ ਅਤੇ
ਕਹਿਣ ਲੱਗਾ ਕਿ ‘‘ਸਾਵਧਾਨ ਰਿਹੋ, ਸਿੱਖਾਂ ਨਾਲ ਜ਼ਰਾ ਸੋਚ ਸਮਝ ਕੇ ਮੇਲ ਜੋਲ ਰੱਖਣਾ,
ਉਨ੍ਹਾਂ ’ਤੇ ਅੱਜ ਕੱਲ੍ਹ ਸਰਕਾਰ ਦੀ ਬਹੁਤ ਸਖ਼ਤ ਨਜ਼ਰ ਏ। ਏਸ ਵੇਲੇ ਉਨ੍ਹਾਂ ਦੇ ਸਾਥ ਤੋਂ
ਵੱਖ ਰਹਿਣਾ ਹੀ ਚੰਗਾ ਏ।’’ ਮੈਂ ਮਨ ਵਿਚ ਸੋਚਿਆ ਕਿ ਬੜੀ ਮੁਸੀਬਤ ਏ, ਹੁਣ ਇਨ੍ਹਾਂ ’ਤੇ
ਵਿਸ਼ਵਾਸ ਕਰਨਾ ਠੀਕ ਨਹੀਂ ਏ ਅਤੇ ਇਨ੍ਹਾਂ ਨਾਲ ਕੋਈ ਵਾਸਤਾ ਨਾ ਰਖਿਆ ਜਾਵੇ। ਬਾਹਰੀ ਤੌਰ
’ਤੇ ਮੈਂ ਉਹਦੀ ਹਾਂ ਵਿੱਚ ਹਾਂ ਮਿਲਾ ਕੇ ਮਿਥੇ ਹੋਏ ਸਮੇਂ ਸਟੇਸ਼ਨ ’ਤੇ ਗਿਆ। ਸਹੀ ਸਮੇਂ
’ਤੇ ਗੱਡੀ ਤਾਂ ਆ ਗਈ ਪਰ ਕਰਤਾਰ ਸਿੰਘ ਦੇ ਦਰਸ਼ਨ ਨਹੀਂ ਹੋਏ। ਦੂਸਰੀ ਗੱਡੀ ਆਉਣ ’ਤੇ ਮੈਂ
ਫੇਰ ਉਹ ਨੂੰ ਲੱਭਿਆ ਪਰ ਨਤੀਜਾ ਉਹੀ ਨਿਕਲਿਆ। ਸਾਰੇ ਸਟੇਸ਼ਨ ’ਤੇ ਮੈਂ ਉਨ੍ਹਾਂ ਲਈ ਚੱਕਰ
ਕੱਟੇ, ਅੱਖਾਂ ਅੱਡ-ਅੱਡ ਕੇ ਕਿੰਨੇ ਹੀ ਲੋਕਾਂ ਦੇ ਚਿਹਰਿਆਂ ਨੂੰ ਵੇਖਿਆ ਪਰ ਕਿਸੇ ਦਾ ਵੀ
ਚਿਹਰਾ ਕਰਤਾਰ ਸਿੰਘ ਵਰਗਾ ਨਹੀਂ ਲੱਗਾ। ਹਾਰ ਕੇ ਮੈਂ ਆਪਣੇ ਡੇਰੇ ’ਤੇ ਵਾਪਸ ਆ ਗਿਆ।
ਮੈਨੂੰ ਤਾਂ ਪਤਾ ਹੀ ਨਹੀਂ ਸੀ ਕਿ ਕਰਤਾਰ ਸਿੰਘ ਨਾਲ ਕਿੱਥੇ ਮੁਲਾਕਾਤ ਹੋਵੇਗੀ, ਪਰ ਮਜ਼ੇ
ਦੀ ਗੱਲ ਇਹ ਸੀ ਕਿ ਉਨ੍ਹਾਂ ਦੇ ਦਲ ਦੇ ਵੀ ਕਿਸੇ ਬੰਦੇ ਨੂੰ ਇਹ ਨਹੀਂ ਸੀ ਪਤਾ। ਬੰਬ
ਜਿੱਥੇ ਸੀ ਉਥੇ ਹੀ ਰਹਿ ਗਏ ਅਤੇ ਮੈਂ ਲਾਹੌਰ ਵਾਪਸ ਚਲਾ ਗਿਆ। ਇਥੇ ਪੁਰਾਣੇ ਸਾਥੀਆਂ ਨੂੰ
ਮਿਲਿਆ ਅਤੇ ਇਨ੍ਹਾਂ ਕੋਲੋਂ ਵੀ ਪੰਜਾਬ ਬਾਰੇ ਜਾਣਕਾਰੀ ਲਈ। ਸ਼ਾਮ ਨੂੰ ਲਾਹੌਰ ਦੇ ਕੋਲ ਇਕ
ਜਨਤਕ ਥਾਂ ’ਤੇ ਪ੍ਰਿਥਵੀ ਸਿੰਘ ਮੇਰਾ ਇੰਤਜ਼ਾਰ ਕਰ ਰਿਹਾ ਸੀ। ਉਨ੍ਹਾਂ ਨਾਲ ਮੈਂ ਕਰਤਾਰ
ਸਿੰਘ ਦੀ ਗੱਲ ਕੀਤੀ, ਉਹ ਵੀ ਉਹਦਾ ਕੋਈ ਪਤਾ ਟਿਕਾਣਾ ਨਹੀਂ ਦੱਸ ਸਕੇ। ਕਾਸ਼ੀ ਜਾਣ ਦੇ
ਸਬੰਧ ਵਿਚ ਉਨ੍ਹਾਂ ਨੇ ਤਿੰਨ ਚਾਰ ਦਿਨਾਂ ਦੀ ਮੁਹਲਤ ਮੰਗੀ। ਨਿਸ਼ਚਿਤ ਇਹ ਹੋਇਆ ਕਿ ਪੰਜ
ਦਸੰਬਰ ਨੂੰ ਉਹ ਪੰਜਾਬ ਮੇਲ ’ਚ ਕਾਸ਼ੀ ਪਹੁੰਚਣਗੇ। ਫੇਰ ਉਨ੍ਹਾਂ ਨੂੰ ਮੈਂ ਰਾਸ ਬਿਹਾਰੀ
ਕੋਲ ਲੈ ਜਾਵਾਂਗਾ। ਮੈਂ ਓਸ ਵੇਲੇ ਵੀ ਉਨ੍ਹਾਂ ਨੂੰ ਠੀਕ ਪਤਾ ਨਹੀਂ ਸੀ ਦਸਿਆ ਕਿ ਰਾਸ
ਬਿਹਾਰੀ ਕਿਸ ਸਥਾਨ ’ਤੇ ਹਨ।
ਜਦ ਮੈਂ ਇਹ ਪੁੱਛਿਆ ਕਿ ‘ਕੀ ਏਸ ਸਮੇਂ ਪੰਜਾਬ ਵਿਚ ਰਾਸ ਬਿਹਾਰੀ ਦੇ ਆਉਣ ਨਾਲ ਕੰਮ ਵਿਚ
ਕੋਈ ਸਹੂਲਤ ਹੋ ਸਕਦੀ ਏ? ’ ਤਾਂ ਜਵਾਬ ਮਿਲਿਆ ਕਿ ‘ਹਾਂ, ਜੇਕਰ ਉਹ ਚਾਹੁਣ ਤਾਂ ਆ ਸਕਦੇ
ਹਨ।’ ਮੈਂ ਦਿਲ ਵਿਚ ਸੋਚਿਆ ਕਿ ‘ਹਾਂ, ਜੇਕਰ ਚਾਹੁਣ ਤਾਂ।’ ਮੈਂ ਵੇਖਿਆ ਕਿ ਰਾਸਬਿਹਾਰੀ
ਨੂੰ ਵੀ ਏਸ ਪਾਸੇ ਬੁਲਾਉਣ ਲਈ ਉਹ ਇੱਛੁਕ ਨਹੀਂ ਸਨ, ਹਾਲਾਂਕਿ ਉਹ ਉਨ੍ਹਾਂ ਦੇ ਪਹਿਲਾਂ
ਦੇ ਜਾਣੂ ਸਨ। ਪਰ ਇਨ੍ਹਾਂ ਦੀ ਸੌੜੀ ਸੋਚ ਦੇਖ ਕੇ ਕੋਈ ਇਹ ਨਾ ਸਮਝ ਲਏ ਕਿ ਸਾਰੇ ਪੰਜਾਬੀ
ਇਹੋ ਜਿਹੇ ਈ ਸਨ, ਅਸਲ ਗੱਲ ਤਾਂ ਇਹ ਹੈ ਕਿ ਜਿਹੜੇ ਲੋਕ ਅਸਲੀ ਕਾਰਜਕਰਤਾ ਸਨ ਉਹ ਹੋਰਨਾਂ
ਰਾਜਾਂ ਦੇ ਮੁਕਾਬਲੇ ਬੰਗਾਲੀਆਂ ਨੂੰ ਕੁਝ ਵਧੇਰੇ ਹੀ ਪਿਆਰ ਅਤੇ ਸ਼ਰਧਾ ਦੀ ਨਜ਼ਰ ਨਾਲ
ਵੇਖਦੇ ਸਨ। ਮੈਨੂੰ ਤਾਂ ਇਹੀ ਲੱਗਦਾ ਏ ਕਿ ਜਿਹੜੇ ਲੋਕ ਕੁਝ ਕਰਦੇ ਕੱਤਰਦੇ ਨਹੀਂ ਉਹ ਹੀ
ਇੱਦਾਂ ਦੀ ਆਲੋਚਨਾ ਕਰਦੇ ਹਨ। ਪਰ ਹੁਣ ਮੈਂ ਇਹ ਸੋਚ ਕੇ ਕਿ ਕਰਾਂਤੀ ਦੀ ਤਿਆਰੀ ਦਾ ਨਵਾਂ
ਅਧਿਆਏ ਸ਼ੁਰੂ ਹੋ ਗਿਆ ਏ, ਰੇਲ ਵਿਚ ਬੈਠ ਕੇ ਕਾਸ਼ੀ ਵੱਲ ਵਧਿਆ। ਵਾਰ-ਵਾਰ ਇਹ ਖਿਆਲ ਆ
ਰਿਹਾ ਸੀ ਕਿ ਕਦੋਂ ਕਾਸ਼ੀ ਪਹੁੰਚਾਂ ਅਤੇ ਰਾਸੁਦਾ ਨੂੰ ਸਾਰੀਆਂ ਗੱਲਾਂ ਦੱਸਾਂ।
ਪੰਜਾਬ ਦੀ ਦਸ਼ਾ ਦੇਖ ਕੇ ਮੈਂ ਸਮਝ ਲਿਆ ਸੀ ਕਿ ਜੇਕਰ ਜਲਦੀ ਹੀ ਏਸ ਸ਼ਕਤੀ ਨੂੰ ਕਾਬੂ ਅਤੇ
ਸੰਗਠਿਤ ਨਾ ਕੀਤਾ ਗਿਆ ਤਾਂ ਸੰਭਵ ਏ ਕਿ ਸਿੱਖ ਬੇਮੌਕੇ ਹੀ ਕੁਝ ਅਜਿਹਾ ਨਾ ਕਰ ਬੈਠਣ ਜਿਸ
ਨਾਲ ਸਾਰੀ ਸ਼ਕਤੀ ਅਤੇ ਉ¤ਦਮ ਤਹਿਸ ਨਹਿਸ ਹੋ ਜਾਵੇ। ਏਸ ਤਰ੍ਹਾਂ ਸੋਚਦਿਆਂ-ਸੋਚਦਿਆਂ ਮੈਂ
ਰਾਹ ਵਿਚ ਹੀ ਫੈਸਲਾ ਕਰ ਲਿਆ ਸੀ ਕਿ ਜਿੰਨੀ ਛੇਤੀ ਹੋ ਸਕੇ ਦਾਦਾ ਨੂੰ ਏਸ ਪਾਸੇ ਭੇਜਣਾ
ਹੋਵੇਗਾ ਅਤੇ ਆਪਣੇ ਰਾਜ ਵਿਚ ਵੀ ਹੁਣ ਛਾਉਣੀਆਂ ਤੇ ਫੌਜਾਂ ਵਿਚ ਕੰਮ ਸ਼ੁਰੂ ਕਰਨਾ
ਹੋਵੇਗਾ। ਮੈਂ ਹੁਣ ਆਪਣੇ ਮਨ ਵਿਚ ਨਿਸ਼ਚਾ ਕਰ ਲਿਆ ਸੀ ਕਿ ਪੰਜਾਬ ਵਿਚ ਦਾਦਾ ਨੂੰ
ਭੇਜਾਂਗਾ ਅਤੇ ਮੈਂ ਖੁਦ ਬੰਗਾਲ ਜਾਵਾਂਗਾ। ਬੰਗਾਲ ਜਾ ਕੇ ਕੰਮ ਕਰਨ ਦੀ ਮੇਰੇ ਮਨ ਵਿਚ
ਤੀਬਰ ਇੱਛਾ ਸੀ। ਇਸ ਵਿਸ਼ੇ ‘ਤੇ ਗੱਲਬਾਤ ਮੈਂ ਦਾਦਾ ਨਾਲ ਕਈ ਵਾਰ ਕਰ ਚੁੱਕਾ ਸੀ ਪਰ
ਉਨ੍ਹਾਂ ਦੀ ਇਜਾਜ਼ਤ ਨਹੀਂ ਸੀ ਮਿਲਦੀ।
ਜਦੋਂ ਮੈਂ ਘਰ ਵਾਪਸ ਆਉਂਦਾ ਤਾਂ ਵੇਖਦਾ ਕਿ ਮੇਰਾ ਪਿੱਛਾ ਕਰਨ ਲਈ ਤੈਨਾਤ ਪਹਿਰੇਦਾਰ ਘਰ
ਨੂੰ ਘੇਰ ਕੇ ਏਦਾਂ ਬੈਠੇ ਹੁੰਦੇ ਜਿਵੇਂ ਮੈਂ ਘਰ ਦੇ ਅੰਦਰ ਹੀ ਹੁੰਦਾ ਹਾਂ। ਪੁਲਸ ਨਾਲ
ਮੇਰਾ ਅਜਿਹਾ ਹੀ ਸਬੰਧ ਸੀ। ਮੈਂ ਇਸੇ ਦਸ਼ਾ ਵਿਚ ਕਾਸ਼ੀ ਪੁੱਜਾ। ਪੁਲਿਸ ਦੀ ਨਜ਼ਰ ਬਚਾ ਕੇ
ਘਰ ਗਿਆ ਅਤੇ ਫੇਰ ਦਾਦਾ ਦੇ ਡੇਰੇ ’ਤੇ। ਰਾਸ ਬਿਹਾਰੀ ਉਸ ਸਮੇਂ ਕਾਸ਼ੀ ਵਿਚ ਹੀ ਸਨ। ਦਾਦਾ
ਨਾਲ ਸਲਾਹ ਕਰਨ ਪਿਛੋਂ ਤੈਅ ਹੋਇਆ ਕਿ ਸੰਯੁਕਤ ਪ੍ਰਾਂਤ ਦੇ ਸੈਨਿਕਾਂ ਵਿਚ ਵੀ ਕਰਾਂਤੀ ਦੇ
ਵਿਚਾਰ ਫੈਲਾ ਦੇਣੇ ਚਾਹੀਦੇ ਹਨ ਅਤੇ ਬੰਗਾਲ ਨੂੰ ਪੰਜਾਬ ਦੇ ਵਿਦਰੋਹ ਦੀ ਖ਼ਬਰ ਬਹੁਤ ਜਲਦ
ਦੇ ਦੇਣੀ ਚਾਹੀਦੀ ਹੈ। ਪੰਜ ਦਸੰਬਰ ਦਾ ਇੰਤਜ਼ਾਰ ਹੋਣ ਲੱਗਾ ਕਿਉਂਕਿ ਪ੍ਰਿਥਵੀ ਸਿੰਘ ਨਾਲ
ਗੱਲਬਾਤ ਹੋ ਜਾਣ ਪਿਛੋਂ ਮੇਰਾ ਬੰਗਾਲ ਜਾਣਾ ਨਿਸ਼ਚਿਤ ਕੀਤਾ ਗਿਆ ਸੀ। ਕਾਸ਼ੀ ਵਿਚ ਸਿੱਖਾਂ
ਦੀ ਪਲਟਨ ਦੇਖ ਕੇ ਮੈਨੂੰ ਬਹੁਤ ਉਤਸ਼ਾਹ ਮਿਲਿਆ, ਕਿਉਂਕਿ ਪੰਜਾਬ ਵਿਚ ਜਾ ਕੇ ਮੈਂ ਵੇਖ
ਲਿਆ ਸੀ ਕਿ ਸਿੱਖਾਂ ਨੂੰ ਬਹੁਤ ਅਸਾਨੀ ਨਾਲ ਉਤੇਜਿਤ ਕੀਤਾ ਜਾ ਸਕਦਾ ਹੈ।
ਡਾਕੇ ਮਾਰਨ ਦੀ ਮਜ਼ਬੂਰੀ ਦਾ ਕਾਰਨ ਸੀ ਕਿ ਪੰਜਾਬ ਵਿਚ ਬੰਬਾਂ ਦਾ ਬੰਗਾਲ ਤੋਂ ਪੁੱਜਣਾ।
ਜਿਸ ’ਤੇ 16 ਰੁਪਏ ਖ਼ਰਚ ਆਉਂਦਾ ਸੀ। ਪਿੰਗਲੇ ਪਹਿਲੀ ਵਾਰ ਪੰਜਾਬ ਇਸ ਮਨੋਰਥ ਨਾਲ ਆਇਆ।
ਤਾਂ ਕਿ ਬੰਬ ਖਰੀਦਣ ਲਈ ਪੈਸਿਆਂ ਬਾਰੇ ਵੀ ਗੱਲ ਕੀਤੀ ਜਾਵੇ ਤਾਂ ਦੁਬਾਰਾ ਸਾਨਿਆਲ ਨਾਲ
ਪੰਜਾਬ ਆਏ ਜਦੋਂ ਉਹ ਗੁਰਦੁਆਰੇ ਵਿਚ ਮੂਲਾ ਸਿੰਘ ਨੂੰ ਮਿਲੇ।
ਦਸੰਬਰ ਦੇ ਮਹੀਨੇ ਉਥੋਂ ਪਿੰਗਲੇ ਮੁਕਤਸਰ ਦੇ ਮੇਲੇ ਚਲਾ ਗਿਆ। ਮੇਲੇ ਤੋਂ ਵਾਪਸ ਆ ਕੇ
ਗੁਰਦੁਆਰੇ ਵਿਚ ਕਰਤਾਰ ਸਿੰਘ ਤੇ ਅਮਰ ਸਿੰਘ ਇਕੱਠੇ ਹੋਏ। ਕਰਤਾਰ ਸਿੰਘ ਬਹੁਤ ਖੁਸ਼ ਸੀ
ਸਾਨਿਆਲ ਨੂੰ ਮਿਲਕੇ ਤੇ ਉਸ ਨੇ ਪੁੱਛਿਆ,‘‘ਦਸੋ ਰਾਸ ਬਿਹਾਰੀ ਕਦੋਂ ਆਉਣਗੇ?’’
ਉਨੀਂ ਦਿਨੀਂ ਕਰਤਾਰ ਸਿੰਘ ਬਹੁਤ ਸਖ਼ਤ ਮਿਹਨਤ ਕਰ ਰਹੇ ਸਨ। ਉਹ ਹਰ ਰੋਜ਼ ਸਾਇਕਲ ’ਤੇ
ਪਿੰਡਾਂ ਵਿਚ ਲਗਭਗ 40-50 ਮੀਲ ਦਾ ਚੱਕਰ ਲਾਉਂਦੇ ਸਨ। ਪਿੰਡ ਪਿੰਡ ਕੰਮ ਕਰਨ ਲਈ ਜਾਂਦੇ
ਸਨ। ਏਨੀ ਮਿਹਨਤ ਕਰਨ ’ਤੇ ਵੀ ਉਹ ਥੱਕਦੇ ਨਹੀਂ ਸਨ। ਜਿੰਨੀ ਉਹ ਮਿਹਨਤ ਕਰਦੇ, ਉਨੀਂ ਹੀ
ਉਨ੍ਹਾਂ ਵਿਚ ਹੋਰ ਫੁਰਤੀ ਆ ਜਾਂਦੀ ਸੀ। ਪਿੰਡਾਂ ਦਾ ਚੱਕਰ ਲਾ ਕੇ ਉਹ ਉਨ੍ਹਾਂ ਪਲਟਨਾਂ
ਵਿਚ ਜਾਂਦੇ ਜਿਥੇ ਅਜੇ ਤੱਕ ਜਾ ਨਹੀਂ ਸੀ ਹੋਇਆ। ਇਨ੍ਹਾਂ ਦਾ ਕੰਮ ਢੰਗ ਏਨਾ ਕੱਚਾ ਸੀ ਕਿ
ਇਨ੍ਹਾਂ ਵਿਚੋਂ ਬਹੁਤਿਆਂ ਦੀ ਗ੍ਰਿਫ਼ਤਾਰੀ ਦੇ ਵਾਰੰਟ ਨਿਕਲ ਗਏ। ਕਰਤਾਰ ਸਿੰਘ ਨੂੰ
ਗ੍ਰਿਫ਼ਤਾਰ ਕਰਨ ਲਈ ਪੁਲਿਸ ਨੇ ਇਕ ਪਿੰਡ ਨੂੰ ਘੇਰ ਲਿਆ। ਉਸ ਸਮੇਂ ਕਰਤਾਰ ਸਿੰਘ ਪਿੰਡ
ਵਿਚ ਹੀ ਕਿਤੇ ਮੌਜੂਦ ਸੀ। ਪੁਲਸ ਦੀ ਖ਼ਬਰ ਸੁਣਦਿਆਂ ਹੀ ਸਾਈਕਲ ’ਤੇ ਸਵਾਰ ਹੋ ਉਹ ਪਿੰਡ
ਵਿਚੋਂ ਨਿਕਲ ਗਏ। ਪੁਲਸ ਉਨ੍ਹਾਂ ਨੂੰ ਪਛਾਣਦੀ ਨਹੀਂ ਸੀ। ਇਸ ਵਾਰ ਕਰਤਾਰ ਸਿੰਘ ਆਪਣੇ
ਹੌਸਲੇ ਕਰਕੇ ਬਚ ਨਿਕਲਿਆ ਸੀ।
ਰਾਸ ਬਿਹਾਰੀ ਤਾਂ ਰਾਤ ਦੀ ਗੱਡੀ ਰਾਹੀਂ ਦਿੱਲੀ ਹੁੰਦੇ ਹੋਏ ਪੰਜਾਬ ਲਈ ਰਵਾਨਾ ਹੋਕੇ ਉਹ
ਅੰਮ੍ਰਿਤਸਰ ਪੁੱਜ ਗਏ। ਥੋੜੇ ਦਿਨਾਂ ਵਿਚ ਪੰਜਾਬ ਤੋਂ ਕਰਤਾਰ ਸਿੰਘ ਅਤੇ ਹੋਰ ਕਈ ਸਿੱਖ
ਪੰਜਾਬ ਦੀ ਖ਼ਬਰ ਸਾਰ ਲੈ ਕੇ ਕਾਂਸ਼ੀ ਆਏ। ਉ¤ਤਰੀ ਭਾਰਤ ਦੀਆਂ ਸਾਰੀਆਂ ਛਾਉਣੀਆਂ ਦਾ ਹਾਲ
ਜਾਨਣ ਤੇ ਸਾਨੂੰ ਪਤਾ ਲੱਗ ਗਿਆ ਸੀ ਕਿ ਉਸ ਸਮੇਂ ਗੋਰੀ ਫੌਜ ਬਹੁਤ ਘੱਟ ਸੀ ਤੇ ਜਿਹੜੇ
ਗੋਰੇ ਸਨ ਉਹ ਰੰਗਰੂਟ ਸਨ। ਦੇਸੀ ਫੌਜੀਆਂ ਨੇ ਗ਼ਦਰੀਆਂ ਨੂੰ ਕਿਹਾ ਸੀ ਕਿ ਗ਼ਦਰ ਵਿਚ ਅਸੀਂ
ਅਗੇ ਨਹੀਂ ਹੋਵਾਂਗੇ। ਏਨਾ ਜ਼ਰੂਰ ਹੈ ਕਿ ਗ਼ਦਰ ਦੇ ਸਮੇਂ ਅਸੀਂ ਉਸ ਵਿਚ ਸ਼ਾਮਲ ਹੋ
ਜਾਵਾਂਗੇ। ਗ਼ਦਰ ਦੀ ਤਾਰੀਖ ਦੋ ਦਿਨ ਪਹਿਲਾਂ ਕਰ ਦੇਣ ਨਾਲ ਪਿੰਡਾਂ ਦੇ ਲੋਕ ਠੀਕ ਸਮੇਂ
ਨਿਰਧਾਰਿਤ ਸਥਾਨਾਂ ’ਤੇ ਕੱਠੇ ਨਾ ਹੋ ਸਕੇ। ਸਿਰਫ਼ ਕਰਤਾਰ ਸਿੰਘ ਜੋ 70-80 ਲੋਕਾਂ ਨਾਲ
ਫਿਰੋਜ਼ਪੁਰ ਛਾਉਣੀ ਪਹੁੰਚ ਗਏ। ਮੈਗਜ਼ੀਨ ਦੇਸੀ ਸਿਪਾਹੀਆਂ ਨੂੰ ਹਟਾ ਕੇ ਗੋਰੇ ਸਿਪਾਹੀਆਂ
ਦੇ ਅਧਿਕਾਰ ਹੇਠ ਦੇ ਦਿੱਤੀ ਸੀ ਅਤੇ ਗੋਰੇ ਸਿਪਾਹੀ ਬੜੀ ਮੁਸ਼ਤੈਦੀ ਨਾਲ ਪਹਿਰਾ ਦੇ ਰਹੇ
ਸਨ। ਕਰਤਾਰ ਸਿੰਘ ਨੂੰ ਲਾਹੌਰ ਦੀ ਘਟਨਾ ਬਾਰੇ ਕੁਝ ਵੀ ਪਤਾ ਨਹੀਂ ਸੀ। ਬੈਰਕਾਂ ਵਿਚ
ਚੌਕਸੀ ਦੇ ਬਾਵਜੂਦ ਕਰਤਾਰ ਸਿੰਘ ਆ ਕੇ ਪਲਟਨ ਦੇ ਹੌਲਦਾਰ ਨੂੰ ਮਿਲਿਆ ਤਾਂ ਹੌਲਦਾਰ ਨੇ
ਕਿਹਾ ਕਿ ਅਜਿਹੀ ਸਥਿਤੀ ਵਿਚ ਕੁਝ ਕੀਤਾ ਗਿਆ ਤਾਂ ਸੱਤਿਆਨਾਸ ਹੋ ਜਾਵੇਗਾ। ਜਿਸ ਤੋਂ
ਕਰਤਾਰ ਸਿੰਘ ਨੇ ਸਮਝ ਲਿਆ ਕਿ ਇਸ ਵਾਰ ਹੁਣ ਕੁਝ ਵੀ ਹੋਣ ਦੀ ਉਮੀਦ ਨਹੀਂ। ਉਸਨੇ ਕਈ
ਤਰ੍ਹਾਂ ਨਾਲ ਸਿਪਾਹੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਜੇਕਰ ਅੱਜ ਮੌਕੇ ’ਤੇ ਕੁਝ ਨਾ
ਕੀਤਾ ਗਿਆ ਤਾਂ ਫਿਰ ਕੁਝ ਵੀ ਨਹੀਂ ਹੋ ਸਕਣਾ, ਇਹੀ ਪਹਿਲਾ ਤੇ ਆਖਰੀ ਮੌਕਾ ਹੈ।
ਸਿਪਾਹੀਆਂ ਨੇ ਉਂਗਲੀ ਨਾਲ ਅੰਗਰੇਜ਼ ਪਹਿਰੇਦਾਰਾਂ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਇਸ ਵੇਲੇ
ਕੁਝ ਕਰ ਗੁਜ਼ਰਨ ਦੀ ਕੋਸ਼ਿਸ਼ ਬਿਲਕੁਲ ਬੇਕਾਰ ਹੋਵੇਗੀ। ਲਾਚਾਰ ਹੋਕੇ ਉਸ ਦਿਨ ਕਰਤਾਰ ਸਿੰਘ
ਨੂੰ ਖਾਲੀ ਹੱਥ ਪ੍ਰਤਨਾ ਪਿਆ। ਪਿੰਡਾਂ ਤੋਂ ਆਏ ਲੋਕ ਆਪੋ ਆਪਣੇ ਘਰੀਂ ਚਲੇ ਗਏ। ਕਰਤਾਰ
ਸਿੰਘ ਲਾਹੌਰ ਪਹੁੰਚ ਗਏ।
ਉਸ ਸਮੇਂ ਰਾਸ ਬਿਹਾਰੀ ਬਹੁਤ ਉਦਾਸੀ ’ਚ ਮੰਜੇ ’ਤੇ ਮੁਰਦਿਆਂ ਵਾਂਗ ਪਏ ਹੋਏ ਸਨ। ਕਰਤਾਰ
ਸਿੰਘ ਵੀ ਚੁੱਪ ਚਾਪ ਉਨ੍ਹਾਂ ਦੇ ਨਾਲ ਮੰਜੇ ਉਪਰ ਪੈ ਗਏ। ਪੰਜਾਬ ਦੀ ਕ੍ਰਾਂਤੀ ਦੀ ਯੋਜਨਾ
ਭਾਵੇਂ ਅਸਫ਼ਲ ਹੋ ਗਈ ਪਰ ਭਾਰਤ ਵਿਚ ਕ੍ਰਾਂਤੀ ਦੀਆਂ ਕੋਸ਼ਿਸ਼ਾਂ ਸਮਾਪਤ ਨਹੀਂ ਹੋਈਆਂ। ਗ਼ਦਰ
ਦੇ ਫੇਲ੍ਹ ਹੋਣ ਪਿਛੋਂ ਰਾਸ ਬਿਹਾਰੀ ਨੇ ਕਿਹਾ ਹੁਣ ਕਾਬੁਲ ਜਾ ਕੇ ਹੀ ਆਸਰਾ ਲੈਣਾ
ਹੋਏਗਾ। ਉਸ ਨੇ ਮੌਲਵੀ ਤੋਂ ਕਲਮਾ ਪੜ੍ਹਨਾ ਵੀ ਸਿੱਖ ਲਿਆ। ਸ਼ੁੱਧ ਮੁਲਸਮਾਨ ਦੇ ਰੂਪ ਵਿਚ
ਕਾਬਲ ਜਾਣਾ ਤਹਿ ਹੋ ਗਿਆ। ਕੁਝ ਸਿੱਖ ਨੇਤਾ ਵੀ ਉਨ੍ਹਾਂ ਨਾਲ ਜਾਣੇ ਸਨ। ਇਕ ਦਿਨ ਦੁਪਹਿਰ
ਵੇਲੇ ਰਾਸ ਬਿਹਾਰੀ ਅਚਾਨਕ ਬੋਲ ਪਏ,‘ਨਹੀਂ ਭਾਈ, ਕਾਬੁਲ ਹੁਣ ਨਹੀਂ ਜਾਇਆ ਜਾ ਸਕਦਾ।’’
ਰਾਸ ਬਿਹਾਰੀ ਅਤੇ ਵਿਨਾਇਕ ਰਾਓ ਰਾਤ ਨੂੰ ਅੱਠ ਵਜੇ ਦੀ ਗੱਡੀ ਤੇ ਰਵਾਨਾ ਹੋਏ। ਤੈਅ ਹੋਇਆ
ਕਿ ਗੰਗਾ ਰਾਮ ਕੁਝ ਸਿੱਖ ਨੇਤਾਵਾਂ ਨੂੰ ਨਾਲ ਲੈ ਕੇ ਇਕ ਦੋ ਦਿਨ ਪਿਛੋਂ ਕਾਂਸੀ ਆਉਣਗੇ।
ਕਰਤਾਰ ਸਿੰਘ, ਹਰਨਾਮ ਸਿੰਘ ਤੇ ਦੂਜੇ ਸਿੱਖ ਨੇਤਾਵਾਂ ਨੇ ਕਾਬਲ ਜਾਣਾ ਮੰਨਿਆ। ਕਰਤਾਰ
ਸਿੰਘ ਤੇ ਹਰਨਾਮ ਸਿੰਘ ਕਾਬਲ ਵੱਲ ਰਵਾਨਾ ਹੋ ਗਏ।
ਰਾਹ ਵਿਚ ਉਨ੍ਹਾਂ ਨੂੰ ਪਤਾ ਨਹੀਂ ਕੀ ਸੁੱਝੀ ਕਿ ਉਹ ਫੇਰ ਸਿਪਾਹੀਆਂ ਵਿਚ ਗ਼ਦਰ ਦਾ
ਪ੍ਰਚਾਰ ਕਰਨ ਲਈ ਛਾਉਣੀ ਵਿਚ ਜਾ ਵੜੇ। ਜਦੋਂ ਕਿ ਥਾਂ ਥਾਂ ਸਿਪਾਹੀਆਂ ਦੀ ਫੜੋ ਫੜੀ ਸ਼ੁਰੂ
ਹੋ ਗਈ ਸੀ। ਇਸ ਸਥਿਤੀ ਵਿਚ ਪ੍ਰਚਾਰ ਕਰਨਾ ਕਰਤਾਰ ਸਿੰਘ ਲਈ ਬੜਾ ਖ਼ਤਰਨਾਕ ਸੀ। ਇਸ ਦਾ
ਨਤੀਜਾ ਇਹ ਹੋਇਆ ਕਿ ਸਿਪਾਹੀਆਂ ਨੇ ਹੀ ਕਰਤਾਰ ਸਿੰਘ ਨੂੰ ਫੜਾ ਦਿੱਤਾ। ਉਨ੍ਹਾਂ ਨੂੰ
ਲਾਹੌਰ ਲੈ ਜਾਇਆ ਗਿਆ ਜ਼ੰਜੀਰਾਂ ਵਿਚ ਜਕੜੇ ਕਰਤਾਰ ਸਿੰਘ ਦੇ ਮੁਖੜੇ ਤੋਂ ਵੀਰਤਾ ਦੀ
ਅਜਿਹੀ ਮਹਿਮਾ ਝਲਕਦੀ ਸੀ ਕਿ ਉਸ ਮੂਰਤੀ ਨੂੰ ਦੇਖ ਕੇ ਦੋਸਤ-ਦੁਸ਼ਮਣ ਸਾਰੇ ਮੋਹਿਤ ਹੋ
ਜਾਂਦੇ।
ਪਹਿਲੇ ਸਾਜਿਸ਼ ਕੇਸ ਦੇ ਫੈਸਲੇ ਸੁਣਾਉਣ ਸਮੇਂ ਭਾਈ ਪਰਮਾਨੰਦ ਅਦਾਲਤ ਵਿਚ ਹਾਜ਼ਰ ਸਨ। ਉਸਨੇ
ਕਰਤਾਰ ਸਿੰਘ ਨਾਲ ਆਪਣੇ ਅਤੇ ਉਸਦੀ ਸ਼ਖਸੀਅਤ ਨੂੰ ਬੜੇ ਹਿਰਦੇਵੇਧਕ ਸ਼ਬਦਾਂ ’ਚ ਆਪਣੀ
ਪੁਸਤਕ ‘ਆਪ ਬੀਤੀ’ ਵਿਚ ਪੇਸ਼ ਕੀਤਾ ਹੈ।
ਕਰਤਾਰ ਸਿੰਘ ਨੇ ਮੁਕੱਦਮੇ ਦੇ ਸਮੇਂ ਅਦਾਲਤ ਵਿਚ ਸਾਰੀਆਂ ਗੱਲਾਂ ਮੰਨ ਲਈਆਂ ਪਰ ਅੰਗਰੇਜ਼
ਜੱਜ ਨੇ ਪਹਿਲੇ ਦਿਨ ਉਨ੍ਹਾਂ ਦੀ ਕਿਸੇ ਵੀ ਗੱਲ ਨੂੰ ਦਰਜ਼ ਨਾ ਕੀਤਾ। ਉਸ ਨੇ ਕਰਤਾਰ ਸਿੰਘ
ਨੂੰ ਸਮਝਾ ਕਿ ਕਿਹਾ ਕਿ ਇਸ ਨਾਲ ਉਨ੍ਹਾਂ ਦਾ ਆਪਣਾ ਕੇਸ ਬਹੁਤ ਖਰਾਬ ਹੋ ਜਾਵੇਗਾ। ਇਸ
’ਤੇ ਵੀ ਕਰਤਾਰ ਸਿੰਘ ਨੇ ਆਪਣਾ ਬਿਆਨ ਨਹੀਂ ਬਦਲਿਆ ਅਤੇ ਸਾਰੀ ਜੁੰਮੇਵਾਰੀ ਆਪਣੇ ਸਿਰ
’ਤੇ ਲੈ ਲਈ। ਮਜ਼ਬੂਰ ਹੋ ਕੇ ਜੱਜ ਨੂੰ ਕਹਿਣਾ ਪਿਆ,‘‘ਕਰਤਾਰ ਸਿੰਘ ਅੱਜ ਮੈਂ ਤੁਹਾਡੀ ਕੋਈ
ਵੀ ਗੱਲ ਨਹੀਂ ਸੁਣੀ, ਤੈਨੂੰ ਇਕ ਦਿਨ ਦਾ ਹੋਰ ਸਮਾਂ ਦਿੰਦਾ ਹਾਂ, ਚੰਗੀ ਤਰ੍ਹਾਂ ਸੋਚ
ਵਿਚਾਰ ਕੇ ਕਲ੍ਹ ਜੋ ਕੁਝ ਵੀ ਕਹਿਣਾ ਹੋਵੇ, ਕਹਿ ਦੇਵੀ।’’
ਦੂਜੇ ਦਿਨ ਕਰਤਾਰ ਸਿੰਘ ਨੇ ਸਾਰਾ ਦੋਸ਼ ਆਪਣੇ ਸਿਰ ਲੈ ਲਿਆ। ਉਨ੍ਹਾਂ ਦੀ ਇਸ ਬਹਾਦਰੀ ’ਤੇ
ਸਾਰੇ ਕਾਇਲ ਹੋ ਗਏ। ਭਾਰਤ ਦੇ ਇਤਿਹਾਸ ਵਿਚ ਕਰਤਾਰ ਸਿੰਘ ਦਾ ਨਾਂ ਸਦਾ ਅਮਰ ਰਹੇਗਾ। ਸ.
ਕਰਤਾਰ ਸਿੰਘ ਸਰਾਭਾ ਨੇ ਭਾਰਤ ਦੇ ਕਰਾਂਤੀ ਯੁੱਗ ਨੂੰ ਵੀ ਯਾਦਗਾਰੀ ਬਣਾ ਦਿੱਤਾ।
-0- |