ਬਾਬਾ ਕਰਮ ਸਿੰਘ
ਚੀਮਾਂ ਜੋ ਪੈਸਾ ਕਮਾਉਣ ਅਮਰੀਕਾ ਗਏ ਸਨ ਕਿਵੇਂ ਗ਼ਦਰ ਪਾਰਟੀ ਵਿਚ ਆਏ? ਅਮਰੀਕਾ ਤੋਂ ਦੇਸ਼
ਪਰਤਦਿਆਂ ਹੀ ਪਿੰਡ ਵਿਚ ਨਜ਼ਰਬੰਦ ਕੀਤੇ ਗਏ। ਕਾਂਗਰਸ, ਅਕਾਲੀ, ਕਿਰਤੀ ਤੇ ਕਮਿਊਨਿਸਟ
ਲਹਿਰਾਂ ਵਿਚ ਸਰਗਰਮ ਰਹੇ। ਇਨਕਲਾਬੀ ਕੈਦੀਆਂ ਦੀਆਂ ਡਿਫੈਂਸ ਕਮੇਟੀਆਂ ਦੇ ਆਗੂ ਰਹੇ ਅਤੇ
ਰੂਪੋਸ਼ਾਂ ਦੀ ਸਾਂਭ-ਸੰਭਾਲ ਕਰਦੇ ਰਹੇ। ਬਾਬਾ ਜੀ ਦੁਆਬੇ ਦੇ ਸਿਰਕੱਢ ਆਗੂ ਰਹੇ। 1948 ਵਿਚ
ਉਨ੍ਹਾਂ ਆਪਣੀਆਂ ਕੁਝ ਯਾਦਾਂ ਲਿਖੀਆਂ ਸਨ। ਉਹਨਾਂ ਵਿਚੋਂ ਅੰਕਤ ਇਕ ਯਾਦ ਜੋ 17 ਨਵੰਬਰ
1968 ਦੇ ਅਜੀਤ (ਗ਼ਦਰ ਲਹਿਰ ਅੰਕ) ਵਿਚੋਂ ਲਈ ਗਈ ਹੈ:
ਅਮਰੀਕਾ ਵਿਚ ਮੈਨੂੰ ਕਈ ਵਾਰ ਹੋਟਲਾਂ ਵਿਚ ਰੋਟੀ ਖਾਣੀ ਪੈਂਦੀ ਸੀ। ਇਕ ਦਿਨ ਮੈਂ ਇਕ ਹੋਟਲ
ਵਿੱਚ ਰੋਟੀ ਖਾਣ ਗਿਆ। ਕੀ ਵੇਖਦਾ ਹਾਂ ਕਿ ਇਕ ਕਾਗਜ਼ ਲਿਖ ਕੇ ਕੰਧ ਨਾਲ ਲਟਕਾਇਆ ਹੋਇਆ ਸੀ।
ਉਸ ਉਤੇ ਸਾਰੇ ਦੇਸ਼ਾਂ ਦੀ ਉਪਜ ਦੀ ਰਿਪੋਰਟ ਕਿ ਫਲਾਣੇ ਮੁਲਕ ਵਿਚ ਇਹ ਜਿਨਸਾਂ, ਫਲਾਣੇ ਵਿਚ
ਉਹ ਜਿਨਸਾਂ ਪੈਦਾ ਹੁੰਦੀਆਂ ਹਨ। ਇਸ ’ਚ ਹਿੰਦੁਸਤਾਨ ਦੀ ਪੈਦਾਵਾਰ ਵੀ ਲਿਖੀ ਹੁੰਦੀ ਸੀ। ਜਦ
ਮੈਂ ਸਾਰੇ ਮੁਲਕਾਂ ਦੀ ਪੈਦਾਵਾਰ ਵੇਖਦਾ ਤਾਂ ਹਿੰਦੁਸਤਾਨ ਦੀ ਪੈਦਾਵਾਰ ਹੋਰ ਮੁਲਕਾਂ ਨਾਲੋਂ
ਕਈ ਗੁਣਾਂ ਵੱਧ ਲਿਖੀ ਹੁੰਦੀ ਸੀ। ਇਹ ਦੇਖ ਕੇ ਦਿਲ ਨੂੰ ਬੜਾ ਦੁੱਖ ਹੁੰਦਾ ਸੀ ਬਈ ਸਾਡੇ
ਦੇਸ਼ ਵਿਚ ਐਨੀ ਪੈਦਾਵਾਰ ਹੋਵੇ ਪਰ ਅਸੀਂ ਬਾਹਰ ਦੁਨੀਆਂ ਵਿਚ ਧੱਕੇ ਖਾਂਦੇ ਫਿਰੀਏ।
ਇਹ ਜਾਣਕੇ ਜਦ ਅਸੀਂ ਇਕੱਠੇ ਹੁੰਦੇ ਤਾਂ ਰਾਜਸੀ ਗੱਲਾਂ ਕਰਦੇ ਸਾਂ। ਇਕ ਵਾਰ ਮੇਰੇ ਇਕ ਦੋਸਤ
ਜਿਸ ਨੂੰ ਅਸੀਂ ਲਬੂਛਕਾਰ ਕਹਿ ਕੇ ਬੁਲਾਉਂਦੇ ਹੁੰਦੇ ਸਾਂ, ਨੇ ਮੈਨੂੰ ਇਕ ਖਤ ਲਿਖਿਆ: ਬਈ
ਭਾਈ ਕਰਮ ਸਿੰਘ ਜਿਹੜੀਆਂ ਤੁਸੀਂ ਅਸੀਂ ਕਈ ਵਾਰ ਰਾਜਸੀ ਗੱਲਾਂ ਕਰਦੇ ਹੁੰਦੇ ਸਾਂ, ਹੁਣ ਇਕ
ਆਦਮੀ ਹਿੰਦੁਸਤਾਨ ਦਾ ਆਇਆ ਹੈ। ਉਹ ਬਹੁਤ ਪੜ੍ਹਿਆ ਲਿਖਿਆ ਹੈ। ਕਿਤੇ ਉਸ ਨੂੰ ਮਿਲਣਾ
ਚਾਹੀਦਾ ਹੈ। ਲਬੂ ਬਡਾਲਾ ਪਿੰਡ ਦਾ ਵਾਸੀ ਸੀ।
ਮਿਲਣ ਦੀਆਂ ਦਲੀਲਾਂ ਕਰਦਿਆਂ ਨੂੰ ਕਿੰਨਾ ਹੀ ਚਿਰ ¦ਘ ਗਿਆ। ਤਾਂ ਇਕ ਦਿਨ ਪਤਾ ਲਗਿਆ ਬਈ ਉਹ
ਆਦਮੀ ਸਾਨਫਰਾਂਸਿਸਕੋ ਵਿਚ ਹੈ। ਇਕ ਦਿਨ ਮੈਂ ਤੇ ਮੇਰਾ ਦੋਸਤ ਹਰਨਾਮ ਸਿੰਘ ਅਸੀਂ ਦੋਨੋਂ
ਸਾਨਫਰਾਂਸਿਸਕੋ ਗਏ। ਉਹ ਆਦਮੀ ਲਾਲਾ ਹਰਦਿਆਲ ਸੀ। ਉਸ ਨੂੰ ਅਸੀਂ ਬੜੇ ਉਤਸ਼ਾਹ ਨਾਲ ਮਿਲੇ।
ਉਸ ਨੇ ਸਾਡੇ ਨਾਲ ਬੜਾ ਪਿਆਰ ਕੀਤਾ। ਉਸ ਦੇ ਕੋਲ ਇਕ ਬਿਲਕੁਲ ਛੋਟੀ ਉਮਰ ਦਾ ਨੌਜਵਾਨ ਸੀ
ਜਿਸ ਦਾ ਨਾਉਂ ਕਰਤਾਰ ਸਿੰਘ ਸਰਾਭਾ ਸੀ, ਜਿਸ ਨੂੰ ਕਿ ਹੁਣ ਸਾਰੇ ਹੀ ਜਾਣਦੇ ਹਨ। ਅਸੀਂ ਉਸ
ਨਾਲ ਵੀ ਗਲਾਂਬਾਤਾਂ ਕੀਤੀਆਂ।
ਉਹਨਾਂ ਦਸਿਆ ਕਿ ਅਸੀਂ ਇਕ ਅਖ਼ਬਾਰ ਕਢਣ ਲਗੇ ਹਾਂ। ਆਪ ਵੀ ਸਾਡੀ ਪਾਰਟੀ ਵਿਚ ਆ ਜਾਵੋ। ਅਸੀਂ
ਐਵੇਂ ਹੀ ਕਿਹਾ, ਅਛਾ ਜੀ। ਜਦ ਅਸੀਂ ਉਥੋਂ ਤੁਰਨ ਲੱਗੇ ਤਾਂ ਤਰਕਾਲਾਂ ਦਾ ਵੇਲਾ ਸੀ। ਲਾਲਾ
ਹਰਦਿਆਲ ਨੇ ਕਿਹਾ ਭਈ ਹੁਣ ਤੁਸੀਂ ਔਖੇ ਹੋਵੋਗੇ ਨਾਲੇ ਖਾਣੇ ਉਤੇ ਤੁਹਾਡੇ ਬਹੁਤ ਪੈਸੇ ਲੱਗ
ਜਾਣਗੇ। ਤੁਸੀਂ ਸਾਡੇ ਪਾਸ ਰਹੋ। ਸਾਡੇ ਪਾਸ ਡਬਲ ਰੋਟੀ ਤੇ ਬੀਨਸ ਬਣੀ ਹੋਈ ਹੈ। ਇਥੇ ਹੀ
ਰੋਟੀ ਖਾਉ ਤੇ ਸਾਡੇ ਪਾਸ ਹੀ ਸੌਂ ਜਾਉ।
ਜਦ ਅਸੀਂ ਸਵੇਰੇ ਉਠੇ ਤਾਂ ਕਰਤਾਰ ਸਿੰਘ ਤੇ ਲਾਲਾ ਹਰਦਿਆਲ ਉਸ ਛੋਟੀ ਜਿਹੀ ਹੱਥ ਨਾਲ ਫੇਰਨ
ਵਾਲੀ ਮਸ਼ੀਲ ਨੂੰ ਤਿਆਰ ਕਰ ਰਹੇ ਸੀ ਜਿਸ ਨਾਲ ਅਖ਼ਬਾਰ ਛਾਪਣਾ ਸੀ। ਉਸ ਦਿਨ ਉਹਨਾਂ ‘ਗ਼ਦਰ’
ਅਖ਼ਬਾਰ ਦਾ ਪਹਿਲਾ ਪਰਚਾ ਕਢਣਾ ਸੀ। ਅਸੀਂ ਬੇਨਤੀ ਕੀਤੀ ਕਿ ਜੇ ਤੁਸੀਂ ਕਹੋ ਤਾਂ ਅਸੀਂ ਮਸ਼ੀਨ
ਫੇਰਦੇ ਹਾਂ, ਸਾਨੂੰ ਆਗਿਆ ਦੇਵੋ? ਤਾਂ ਹਰਦਿਆਲ ਨੇ ਕਿਹਾ ਭਈ ਇਹ ਸਾਡਾ ਹੀ ਕੰਮ ਹੈ। ਇਸ
ਤੋਂ ਬਾਅਦ ਫਿਰ ਅਸੀਂ ਗਾਹੇ ਬਗਾਹੇ ਮਿਲਦੇ ਰਹੇ ਤੇ ਪਾਰਟੀ ਦਾ ਕੰਮ ਕਰਦੇ ਰਹੇ। ਕਈ ਵਾਰ
ਮੀਟਿੰਗਾਂ ਉਤੇ ਵੀ ਗਏ। ਇਸ ਤਰ੍ਹਾਂ ਮੈਂ ਪਾਰਟੀ ਦਾ ਚੰਗਾ ਸਰਗਰਮ ਮੈਂਬਰ ਹੋ ਗਿਆ।
-0- |