(ਇਹ ਹਵਾਲਾ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਯੁੱਧ-ਸਾਥੀ ਨਾਹਰ ਸਿੰਘ ਗਰੇਵਾਲ ਦੀ ਪੁਸਤਕ
‘ਸ਼ਹੀਦ ਕਰਤਾਰ ਸਿੰਘ ਸਰਾਭਾ’ ਦੇ ਸਫ਼ਾ 104 ਤੋਂ ਲਿਆ ਗਿਆ ਹੈ। ਭਾਈ ਨਾਹਰ ਸਿੰਘ ਨੂੰ
ਸਪਲੀਮੈਂਟ ਲਾਹੌਰ ਸਾਜਿਸ਼ ਕੇਸ ਵਿੱਚ ਉਮਰ ਕੈਦ, ਜਲਾਵਤਨੀ ਤੇ ਜਾਇਦਾਦ ਜ਼ਬਤੀ ਦੀ ਸਜ਼ਾ ਹੋਈ
ਸੀ। ਉਹ ਪੰਜ ਸਾਲ ਸਖ਼ਤ ਕੈਦ ਭੁਗਤ ਕੇ ਰਿਹਾਅ ਹੋਏ।)
13 ਸਤੰਬਰ 1915 ਨੂੰ ਆਪ ਦੇ ਮੁਕੱਦਮੇ ਦਾ ਫੈਸਲਾ ਸੁਣਾਇਆ ਗਿਆ। ਜਿਸ ਵਿਚ ਆਪ ਨੂੰ ਫਾਂਸੀ
ਦਾ ਹੁਕਮ ਸੁਣਾਇਆ ਗਿਆ। ਕਰਤਾਰ ਸਿੰਘ ਨੇ ਫਾਂਸੀ ਦਾ ਹੁਕਮ ਸੁਣ ਕੇ ਕਿਹਾ,‘‘ਧੰਨਵਾਦ’’।
ਜ਼ਬਤੀ ਜਾਇਦਾਦ ਦਾ ਹੁਕਮ ਸੁਣ ਕੇ ਕਿਹਾ,‘‘ਜੇ ਸਾਡੇ ਕੱਪੜੇ ਵੀ ਨੀਲਾਮ ਕੀਤੇ ਜਾਣ ਤਦ ਵੀ
ਅੰਗਰੇਜ਼ਾਂ ਦਾ ਘਾਟਾ ਪੂਰਾ ਨਹੀਂ ਹੋਣਾ। ਮੈਂ ਮੁੜ ਪੈਦਾ ਹੋ ਕੇ ਹਿੰਦੁਸਤਾਨ ਦੀ ਅਜ਼ਾਦੀ ਲਈ
ਕੰਮ ਕਰਾਂਗਾ।’’ ੳੜਕ 14 ਨਵੰਬਰ 1915 ਨੂੰ ਸਵੇਰੇ ਆਪ ਹੋਰ ਛੇ ਸਾਥੀਆਂ ਸਮੇਤ ਸੈਂਟਰ
ਜੇਲ੍ਹ ਲਾਹੌਰ ਵਿਚ ਦੇਸ਼ ਦੀ ਅਜ਼ਾਦੀ ਖਾਤਿਰ ਫਾਂਸੀ ਉਤੇ ਚੜ੍ਹ ਕੇ ਆਪਣਾ ਆਪ ਕੁਰਬਾਨ ਕਰਕੇ
ਸ਼ਹੀਦ ਹੋ ਗਏ। ਫਾਂਸੀ ਲੱਗਣ ਤੋਂ ਦੂਜੇ ਦਿਨ ਸਾਡੇ ਉਤੇ ਕਲਣ ਖਾਨ ਵਾਰਡਰ (ਜੇਲ੍ਹ ਪੁਲਿਸ ਦਾ
ਸਿਪਾਹੀ) ਦੀ ਡਿਊਟੀ ਸੀ। ਉਸ ਦੀ ਕਰਤਾਰ ਸਿੰਘ ਦੇ ਫਾਂਸੀ ਲੱਗਣ ਸਮੇਂ ਫਾਂਸੀ ਘਰ ਵਿਚ ਵੀ
ਡਿਊਟੀ ਸੀ। ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਨੇ ਉਸਨੂੰ ਪੁਛਿਆ,‘‘ਦਸੋ ਤੁਸੀਂ ਉਸ ਵੇਲੇ
ਡਿਊਟੀ ਉਤੇ ਸੀ? ਕਰਤਾਰ ਸਿੰਘ ਦਾ ਅੰਤਲਾ ਸਮਾਂ ਕੈਸਾ ਰਿਹਾ।’’ ਤਦ ਕਲਣ ਖਾਨ ਨੇ ਦਸਿਆ ਕਿ
ਕਰਤਾਰ ਸਿੰਘ ਨੇ ਫਾਂਸੀ ਦੇ ਤਖ਼ਤੇ ਉਤੇ ਖੜੇ ਹੋ ਕੇ ਅਖੀਰ ਵੇਲੇ ਇਹ ਲਫ਼ਜ਼ ਕਹੇ,‘ਦਰੋਗਾ ਮਤ
ਸਮਝ ਕਿ ਕਰਤਾਰ ਸਿੰਘ ਮਰ ਗਿਆ ਹੈ, ਮੇਰੇ ਖੂਨ ਕੇ ਜਿਤਨੇ ਕਤਰੇ ਹੈਂ, ਉਤਨੇ ਕਰਤਾਰ ਸਿੰਘ
ਔਰ ਪੈਦਾ ਹੋਗੇਂ। ਔਰ ਦੇਸ਼ ਕੀ ਅਜ਼ਾਦੀ ਕੇ ਲੀਏ ਕਾਮ ਕਰੇਂਗੇ।’ ਆਪ ਦੇ ਨਾਲ ਹੇਠ ਲਿਖੇ ਸੱਜਣ
ਸ਼ਹੀਦ ਹੋਏ ਸਨ। ਮਰੱਹਟਾ ਵਿਸ਼ਣੂ ਗਣੇਸ਼ ਪਿੰਗਲੇ, ਬਖਸ਼ੀਸ਼ ਸਿੰਘ ਗਿੱਲਵਾਲੀ ਜ਼ਿਲ੍ਹਾ
ਅੰਮ੍ਰਿਤਸਰ ਦੇ ਵਸਨੀਕ ਜਗਤ ਸਿੰਘ ਸੁਰ ਸਿੰਘ, ਹਰਨਾਮ ਸਿੰਘ ਸਿਆਲਕੋਟੀ ਸੱਤਵਾਂ ਕਰਤਾਰ
ਸਿੰਘ ਆਪ।
ਸ. ਕਰਤਾਰ ਸਿੰਘ ਦਾ ਬਿਆਨ:
(ਸ਼ਹੀਦ ਕਰਤਾਰ ਸਿੰਘ ਸਰਾਭੇ ਦਾ ਇਹ ਬਿਆਨ ਪੰਜਾਬੀ ਯੂਨੀਵਰਸਿਟੀ ਵਲੋਂ ਛਾਪੀ ਗਈ ਪੁਸਤਕ
‘ਗ਼ਦਰ ਲਹਿਰ ਦੀ ਵਾਰਤਕ’ ਦੇ ਪੰਨਾ 433 ਵਿਚੋਂ ਲਈ ਗਈ ਹੈ।)
ਮੈਂ ਰੁਲੀਆ ਸਿੰਘ ਦੇ ਪਿੰਡ ਦਾ ਰਹਿਣ ਵਾਲਾ ਹਾਂ, ਮੇਰੀ ਉਮਰ ਸਾਢੇ ਅਠਾਰਾਂ ਸਾਲ ਦੀ ਹੈ
ਅਤੇ ਮੈਂ ਸਾਹਨੇਵਾਲ ਦੇ ਡਾਕੇ ਵਿੱਚ ਹਿੱਸਾ ਲਿਆ ਸੀ। ਉਹ ਪੁਲੀਟੀਕਲ ਡਾਕਾ ਸੀ। ਡਾਕੇ ਮਾਰਨ
ਦਾ ਸਾਡਾ ਮੰਤਵ ਇਹ ਸੀ ਕਿ ਇਕ ਅਖ਼ਬਾਰ ਕੱਢਣ ਲਈ ਕੁਝ ਰੁਪਿਆ ਜਮਾਂ ਕੀਤਾ ਜਾਵੇ। ਸਾਡੇ ਕੋਲ
ਪਿਸਤੌਲ ਤੇ ਬੰਬ ਸਨ। ਮੇਰੀ ਹਰਦਿਆਲ ਨਾਲ ਜਾਣ ਪਛਾਣ ਹੈ ਅਤੇ ਉਸ ਦੇ ਨਾਲ ਯੁਗਾਂਤਰ ਆਸ਼ਰਮ
ਵਿੱਚ ਕੰਮ ਕਰਦਾ ਸੀ। ਮੈਂ ਸੈਕਰਾਮੈਂਟ ਅਤੇ ਆਸਟੋਰੀਆ ਦੇ ਜਲਸਿਆਂ ਵਿਚ ਹਾਜ਼ਰ ਸਾਂ। ਮੈਂ ਇਕ
ਜਲਸੇ ਵਿਚ ਲੈਕਚਰ ਦਿੱਤਾ ਸੀ। ਮੈਂ ਪਿਛਲੇ ਸਤੰਬਰ ਵਿਚ ਵਾਪਸ ਆਇਆ ਸਾਂ ਕਿ ਇਸ ਮੁਲਕ ਵਿਚ
ਵੀ ਅਮਰੀਕਾ ਜਿਹਾ ਯੁਗਾਂਤਰ ਆਸ਼ਰਮ ਕਾਇਮ ਕਰਾਂਗਾ। ਇਸ ਆਸ਼ਰਮ ਤੋਂ ਇਕ ਖੁਫ਼ੀਆ ਅਖ਼ਬਾਰ ਜਾਰੀ
ਕੀਤਾ ਜਾਵੇ। ਦੂਸਰੇ ਸਾਥੀਆਂ ਨੇ ਮੈਨੂੰ ਮਦਦ ਦੇਣ ਦਾ ਇਕਰਾਰ ਕੀਤਾ ਸੀ। ਮੈਂ 17 ਨਵੰਬਰ
ਨੂੰ ਲਾਢੂਵਾਲ ਦੇ ਜਲਸੇ ਵਿਚ ਅਤੇ ਸਾਧੂਵਾਲ ਦੇ 13 ਨਵੰਬਰ ਨੂੰ (ਅਸਲ ’ਚ 23 ਨਵੰਬਰ ਨੂੰ
ਬਦੋਵਾਲ ਹੈ-ਸੰਪਾਦਕ) ਹੋਏ ਜਲਸੇ ਵਿਚ ਮੌਜੂਦ ਸੀ। ਮੈਂ ਉਥੇ ਲੈਕਚਰ ਦਿੱਤਾ। ਮੈਂ ਨਵਾਬ ਖਾਂ
ਨੂੰ ਸਦਾ ਹੀ ਗੌਰਮਿੰਟ ਦਾ ਜਾਸੂਸ ਖਿਆਲ ਕਰਦਾ ਸੀ। ਮੈਂ ਕਦੇ ਕੋਈ ਗੱਲ ਇਸ ਦੇ ਸਾਹਮਣੇ
ਨਹੀਂ ਕੀਤੀ ਜੋ ਗੌਰਮਿੰਟ ਦੇ ਵਿਰੁੱਧ ਹੋਵੇ। ਮੈਂ ਇਹ ਸਲਾਹ ਕਦੇ ਨਹੀਂ ਦਿੱਤੀ ਕਿ ਰੇਲਵੇ
ਸਟੇਸ਼ਨ ’ਤੇ ਡਾਕੇ ਮਾਰੇ ਜਾਣ। ਮੈਨੂੰ ਕੰਮ ਲਈ ਇਕ ਬੰਗਾਲੀ ਨੂੰ ਮਿਲਾਉਣਾ ਜ਼ਰੂਰੀ ਹੀ ਸੀ
ਜਿਵੇਂ ਰਾਸ ਬਿਹਾਰੀ ਬੋਸ ਸਾਡੇ ਨਾਲ ਅੰਮ੍ਰਿਤਸਰ ਤੇ ਲਾਹੌਰ ਵਿਚ ਰਿਹਾ ਜੋ ਇਕ ਬੰਗਾਲੀ ਹੈ।
ਮੈਂ ਸੂਬਾ ਮੁਤਹਦਾ ਦੀਆਂ ਛਾਉਣੀਆਂ ਵਿਚ ਗਿਆ। ਮੈਂ ਸੰਮਿਲਿਤ ਸੂਬਿਆਂ ਦੀਆਂ ਛਾਉਣੀਆਂ ਵਿਚ
ਗਿਆ। ਮੈਂ ਲਾਹੌਰ ਦੇ ਮਕਾਨ ਨੰ. 1 ਵਿਚ ਰਿਹਾ ਸੀ। ਮੈਂ ਝੰਡੇ ਬਣਾਉਣ ਲਈ ਕੱਪੜਾ ਖ੍ਰੀਦਿਆ
ਸੀ। ਮੈਂ ਇਹ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਮੇਰੇ ਨਾਲ ਕੀ ਸਲੂਕ ਹੋਵੇਗਾ।
ਗ਼ਦਰ ਲਹਿਰ ਦੀ ਵਾਰਤਕ, ਸਫ਼ਾ 433.
-0- |