ਭਾਰਤ ਵਿਚ ਜਾ ਕੇ ਗ਼ਦਰ
ਕਰਨ ਦਾ, ਗ਼ਦਰ ਪਾਰਟੀ ਦਾ ਪ੍ਰੋਗਰਾਮ, ਅੰਗਰੇਜ਼ਾਂ ਦੀ ਜਰਮਨ ਨਾਲ ਹੋਣ ਵਾਲੀ ਸੰਭਾਵਤ ਜੰਗ
ਨਾਲ ਜੁੜਿਆ ਹੋਇਆ ਸੀ। ਆਸ ਸੀ ਕਿ ਜੰਗ 1920 ਦੇ ਨੇੜੇ-ਤੇੜੇ ਲੱਗੇਗੀ; ਪਰ ਹੋਇਆ ਇਹ ਕਿ
ਜੰਗ ਦਾ ਐਲਾਨ ਉਹਨਾਂ ਦੇ ਸੋਚੇ ਦੇ ਉਲਟ 1914 ਵਿਚ ਹੀ ਹੋ ਗਿਆ। ਇਹ ਤਾਂ ਠੀਕ ਸੀ ਕਿ ਗ਼ਦਰ
ਪਾਰਟੀ ਦੀ ਸਥਾਪਨਾ ਤੇ ‘ਗ਼ਦਰ’ ਅਖ਼ਬਾਰ ਦੇ ਛਪਣ ਤੋਂ ਪਿੱਛੋਂ, ਗ਼ਦਰੀਆਂ ਵੱਲੋਂ ਕੀਤੇ
ਦਿਨ-ਰਾਤ ਦੇ ਸਿਰ-ਤੋੜ ਯਤਨਾਂ ਕਰਕੇ, ਆਜ਼ਾਦੀ ਪ੍ਰਾਪਤ ਕਰਨ ਦਾ ਵਿਚਾਰ ਉੱਤਰੀ ਅਮਰੀਕਾ ਤੋਂ
ਤੁਰਦਾ ਹੋਇਆ ਕਈ ਮੁਲਕਾਂ ਵਿਚ ਵੱਸਦੇ ਹਿੰਦੀਆਂ ਦੇ ਦਿਲਾਂ ਤੱਕ ਅੱਗ ਬਣ ਕੇ ਫ਼ੈਲ ਗਿਆ ਸੀ
ਤੇ ਉਹ ਆਜ਼ਾਦੀ ਪ੍ਰਾਪਤੀ ਲਈ ਸਿਰ-ਧੜ ਦੀ ਬਾਜ਼ੀ ਲਾਉਣ ਲਈ ਮਾਨਸਿਕ ਤੌਰ ‘ਤੇ ਬਹੁਤ ਹੱਦ
ਤੱਕ ਤਿਆਰ ਵੀ ਹੋ ਚੁੱਕੇ ਸਨ ਤਦ ਵੀ ਹਥਿਆਰਬੰਦ ਯੁੱਧ ਲੜਨ ਲਈ ਲੋੜੀਂਦੀਆਂ ਤਿਆਰੀਆਂ,
ਪੇਸ਼ਬੰਦੀਆਂ ਤੇ ਗ਼ਦਰ ਦੇ ਪ੍ਰਚਾਰ-ਪ੍ਰਸਾਰ ਲਈ ਅਜੇ ਹੋਰ ਬਹੁਤ ਸਮਾਂ ਦਰਕਾਰ ਸੀ। ਜੰਗ
ਲੱਗਣ ਦੀ ਸੂਰਤ ਵਿਚ ਸਮਾਂ ਹੱਥੋਂ ਜਾਂਦਾ ਵੇਖ ਗ਼ਦਰੀਆਂ ਨੇ ਸੋਚਿਆ ਕਿ ਭਾਵੇਂ ਗ਼ਦਰ ਦੀ
ਤਿਆਰੀ ਅਜੇ ਹੈ ਤਾਂ ‘ਕੱਚੀ-ਪਿੱਲੀ’ ਹੀ, ਪਰ ਦੇਸ਼ ਪਹੁੰਚ ਕੇ ਲੋਕਾਂ ਤੇ ਫੌਜਾਂ ਵਿਚ
ਪ੍ਰਚਾਰ ਕਰਨ ‘ਤੇ ਉਹਨਾਂ ਨੂੰ ਆਪਣੇ ਨਾਲ ਜੋੜ ਕੇ ਗ਼ਦਰ ਕਰਨ ਦਾ ਮੁਨਾਸਬ ਮੌਕਾ ਵੀ ਇਹੋ ਹੀ
ਹੈ। ਉਹ ਜਿੱਥੇ ਵੀ ਤੇ ਜਿਹੜੇ ਮੁਲਕ ਵਿਚ ਬੈਠੇ ਸਨ, ਹੜਿਆਏ ਤੂਫ਼ਾਨ ਦੀਆਂ ਮਾਰੂ ਛੱਲਾਂ ਦੇ
ਉਛਾਲ ਤੋਂ ਬੇਖ਼ਬਰ ਤੇ ਬੇਪ੍ਰਵਾਹ ਹੋ ਕੇ ਠਾਠਾਂ ਮਾਰਦੇ ਦਰਿਆ ਵਿਚ ਠਿੱਲ੍ਹ ਪਏ। ਅੱਗੇ
ਅੰਗਰੇਜ਼ ਸਰਕਾਰ ਵੀ ਚੌਕੰਨੀ ਸੀ। ਉਹਨਾਂ ਨੂੰ ਗ਼ਦਰੀਆਂ ਦੀਆਂ ਸਰਗਰਮੀਆਂ ਦਾ ਸੂਹੀਆ
ਏਜੰਸੀਆਂ ਰਾਹੀਂ ਪਹਿਲਾਂ ਹੀ ਪਤਾ ਚੱਲ ਚੁੱਕਾ ਸੀ। ਹੋਇਆ ਇਹ ਕਿ ਧਾਈ ਕਰਕੇ ਵੱਡੇ ਸਮੂਹਾਂ
ਵਿਚ ਦੇਸ਼ ਨੂੰ ਪਰਤੇ ਬਹੁਤੇ ਗ਼ਦਰੀ ਤਾਂ ਜਹਾਜ਼ਾਂ ਤੋਂ ਉੱਤਰਦਿਆਂ ਹੀ ਗ੍ਰਿਫ਼ਤਾਰ ਕਰ ਲਏ
ਗਏ। ਕੁਝ ਜੇਲ੍ਹਾਂ ਵਿਚ ਬੰਦ ਕਰ ਦਿੱਤੇ, ਬਾਕੀ ਪਿੰਡਾਂ ਦੀਆਂ ਜੂਹਾਂ ਵਿਚ ਨਜ਼ਰਬੰਦ ਕਰ
ਦਿੱਤੇ। ਬਚੇ ਉਹੋ ਜਿਹੜੇ ਇਕੱਲੇ-ਦੁਕੱਲੇ, ਦੋ-ਦੋ, ਚਾਰ-ਚਾਰ ਦੇ ਟੋਲਿਆਂ ਵਿਚ ਸਰਕਾਰੀ
ਨਜ਼ਰਾਂ ਤੋਂ ਬਚ ਕੇ ਦੇਸ਼ ਵਿਚ ਦਾਖ਼ਲ ਹੋ ਸਕੇ।
ਬਹੁਤੇ ਸਾਥੀਆਂ ਤੇ ਗ੍ਰਿਫ਼ਤਾਰ ਹੋ ਜਾਣ ਦੇ ਬਾਵਜੂਦ ਇਹਨਾਂ ਸਿਰੜ੍ਹੀ ਸੂਰਮਿਆਂ ਨੇ ਹੌਸਲਾ
ਨਾ ਹਾਰਿਆ ਤੇ ਗ਼ਦਰ ਕਰਨ ਦੀ ਕਾਰਵਾਈ ‘ਤੇ ਅਮਲ ਕਰਨ ਦੀ ਠਾਣ ਲਈ। ਵੱਖ-ਵੱਖ ਮੁਲਕਾਂ ਤੇ
ਵੱਖ ਵੱਖ ਰਾਹਵਾਂ ਤੋਂ ਦੇਸ਼ ਵਿਚ ਪਹੁੰਚਣ ਵਾਲੇ ਤੇ ਖਿੰਡੇ-ਪੁੰਡੇ ਇਹਨਾਂ ਸੂਰਬੀਰਾਂ ਲਈ
ਪਹਿਲੀ ਤੇ ਵੱਡੀ ਸਮੱਸਿਆ ਤਾਂ ਇਹ ਸੀ ਕਿ ਗ਼ਦਰ ਕਰਨ ਦੀ ਅਗਲੀ ਯੋਜਨਾ ਉਲੀਕਣ ਲਈ ਉਹ ਇੱਕ
ਦੂਜੇ ਨਾਲ ਸੰਪਰਕ ਕਿਵੇਂ ਸਾਧਣ। ਆਪਸੀ ਮੇਲ-ਮਿਲਾਪ ਤੇ ਸਲਾਹ ਮਸ਼ਵਰੇ ਨਾਲ ਇਕ ਸੂਤਰ ਵਿਚ
ਪਰੁੱਚ ਕੇ ਹੀ ਉਹ ਖਿੱਲਰ-ਪੁੱਲਰ ਗਈ ਜਥੇਬੰਦੀ ਨੂੰ ਸੰਗਠਤ ਕਰ ਸਕਦੇ ਸਨ ਤੇ ਲੋੜੀਂਦੇ ਅਮਲ
ਲਈ ਰਾਹ ਪੱਧਰਾ ਕਰ ਸਕਦੇ ਸਨ। ਸਿ਼ਕਾਰੀ ਕੁੱਤਿਆਂ ਵਾਂਗ ਹਰਲ ਹਰਲ ਕਰਦੀਆਂ ਤੇ ਦੇਸ਼-ਭਗਤਾਂ
ਦਾ ਲਹੂ ਸੁੰਘਦੀਆਂ ਪੁਲਿਸ ਅਤੇ ਸੀ ਆਈ ਡੀ ਦੀ ਧਾੜਾਂ ਦੇ ਪਰਛਾਵੇਂ ਹੇਠਾਂ ਗ਼ਦਰੀਆਂ ਦੇ
ਖੁੱਲ੍ਹੇ ਵਿਚਰਨ ਤੇ ਵੱਡੇ ਇਕੱਠਾਂ ਵਿਚ ਮਿਲ ਸਕਣ ਦੀ ਸੰਭਾਵਨਾ ਤਾਂ ਪੈਦਾ ਹੀ ਨਹੀਂ ਸੀ ਹੋ
ਸਕਦੀ। ਇਸ ਲਈ ਜ਼ਰੂਰੀ ਸੀ ਕਿ ਉਹ ਆਪਣੇ ਲਈ ਗੁਪਤ ਮਿਲਣ-ਟਿਕਾਣਿਆਂ ਦੀ ਤਲਾਸ਼ ਕਰਨ। ਵੱਖ
ਵੱਖ ਸ਼ਹਿਰਾਂ-ਥਾਵਾਂ ‘ਤੇ ਅਜਿਹੇ ਛੋਟੇ-ਮੋਟੇ ਟਿਕਾਣੇ ਤਾਂ ਬਣਾਉਣੇ ਹੀ ਪੈਣੇ ਸਨ ਤੇ
ਉਹਨਾਂ ਨੇ ਬਣਾਏ ਵੀ। ਇਹਨਾਂ ਟਿਕਾਣਿਆਂ ‘ਤੇ ਜਾਂਦੇ ਜਾਂਦੇ, ਬਹਿੰਦੇ-ਖਲੋਂਦੇ, ਰਾਤ-ਬਰਾਤੇ
ਇਕ ਦੋ ਇਨਕਲਾਬੀਆਂ ਦੇ ਆਉਣ, ਮਿਲ-ਬੈਠਣ ਜਾਂ ਇਕ ਦੂਜੇ ਤੱਕ ਸੁਨੇਹੇ ਪਹੁੰਚਾਉਣ ਦਾ ਜੁਗਾੜ
ਤਾਂ ਹੋ ਸਕਦਾ ਸੀ ਪਰ ਵੱਡੀਆਂ ਮੀਟਿਂੰਗਾਂ ਵਿਚ ਇਕੱਠੇ ਹੋ ਕੇ ਵੱਡੇ ਤੇ ਸਾਂਝੇ ਫ਼ੈਸਲੇ
ਕਰਨ ਤੇ ਗ਼ਦਰ ਦੀ ਮੁਹਿੰਮ ਨੂੰ ਕਾਮਯਾਬ ਕਰਨ ਲਈ ਕਿਸੇ ਅਜਿਹੇ ਗੁਪਤ ਮਿਲਣ-ਸਥਾਨ ਦੀ ਲੋੜ
ਸੀ ਜਿਹੜਾ ਪੁਲਿਸ ਤੇ ਸੀ ਆਈ ਡੀ ਦੀਆਂ ਨਜ਼ਰਾਂ ਤੋਂ ਓਹਲੇ ਤਾਂ ਹੋਵੇ ਹੀ ਸਗੋਂ ਆਮ ਲੋਕਾਂ
ਦੀ ਨਜ਼ਰ ਤੇ ਪਹੁੰਚ ਤੋਂ ਵੀ ਦੂਰ ਹੋਵੇ। ਲੋਕਾਂ ਦੀਆਂ ਨਜ਼ਰਾਂ ਤੋਂ ਬਚਾ ਕਰਕੇ ਕਿਸੇ ਪਿੰਡ
ਜਾਂ ਸ਼ਹਿਰ ਦੇ ਕਿਸੇ ਘਰ ਵਚ ਦੇਸ਼-ਭਗਤਾਂ ਦਾ ਵੱਡੀ ਗਿਣਤੀ ਵਿਚ ਮਿਲ ਬੈਠਣਾ ਸੰਭਵ ਨਹੀਂ
ਸੀ। ਇਸ ਮਕਸਦ ਲਈ ਤਾਂ ਕਿਸੇ ਅਜਿਹੇ ਥਾਂ ਦੀ ਹੀ ਲੋੜ ਸੀ ਜਿੱਥੇ ਵਧੇਰੇ ਬੰਦਿਆਂ ਦੇ ਰਹਿਣ,
ਰੋਟੀ-ਪਾਣੀ ਛਕਣ ਤੇ ਨਹਾਉਣ-ਧੋਣ ਦਾ ਪ੍ਰਬੰਧ ਵੀ ਹੋਵੇ ਤੇ ਜਿਹੜਾ ਅਸਲੋਂ ਹੀ ਇਕਲਵੰਝਾ
ਹੋਵੇ। ਸਭ ਤੋਂ ਵੱਡੀ ਗੱਲ ਸੀ ਕਿ ਉਸ ਗੁਪਤ ਮਿਲਣ-ਸਥਾਨ ਦੇ ਆਗੂ ਜਾਂ ਵਸਨੀਕ ਕੁਰਬਾਨੀ
ਵਾਲੇ ਪੂਰੇ ਦੇਸ਼-ਭਗਤ ਹੋਣ ਤੇ ਦੇਸ਼-ਭਗਤਾਂ ਨੂੰ ਸਾਂਭਣ ਦੇ ਖ਼ਤਰੇ ਦੇ ਰੂਬਰੂ ਹੋਣ ਲਈ
ਤਿਆਰ ਰਹਿਣ ਅਤੇ ਭੇਤ ਸਾਂਭ ਸਕਣ ਲਈ ਮਰਦਾਂ ਵਾਲਾ ਦਿਲ-ਗੁਰਦਾ ਵੀ ਰੱਖਦੇ ਹੋਣ। ਮਾਝੇ
ਵਿਚਲੇ ਗ਼ਦਰੀਆਂ ਨੇ ਸਰਗਰਮੀ ਨਾਲ ਅਜਿਹੇ ਥਾਂ ਦੀ ਭਾਲ ਆਰੰਭ ਦਿੱਤੀ।
ਅੰਮ੍ਰਿਤਸਰ ਤੇ ਲਾਹੌਰ ਦੇ ਤਤਕਾਲੀਨ ਜਿਲ੍ਹਿਆਂ ਦੀਆਂ ਤਰਨਤਾਰਨ ਤੇ ਕਸੂਰ ਤਹਿਸੀਲਾਂ ਦੀਆਂ
ਹੱਦਾਂ ‘ਤੇ ਵੱਸਦੇ ਪਿੰਡਾਂ ਵਿਚ ਵੱਡੀ ਗਿਣਤੀ ਵਿਚ ਗ਼ਦਰੀ ਦੇਸ਼ ਪਰਤੇ ਸਨ ਤੇ ਇਨਕਲਾਬੀ
ਕਾਰਵਾਈਆਂ ਵਿਚ ਜੁੱਟੇ ਹੋਏ ਸਨ। ਮਾਝੇ ਦੀ ਧੁੰਨੀ ਆਖੇ ਜਾਂਦੇ ਇਸ ਇਲਾਕੇ ਦੇ ਪੰਜ-ਦਸ ਮੀਲ
ਦੇ ਘੇਰੇ ਅੰਦਰਲੇ ਪਿੰਡਾਂ ਭਕਨਾ, ਕਸੇਲ, ਭਿੱਖੀਵਿੰਡ, ਬੂੜਚੰਦ, ਚੂਸਲੇਵੜ, ਭੂਰੇ, ਪੱਧਰੀ
ਤੇ ਸੁਰ ਸਿੰਘ ਆਦਿ ਪਿੰਡਾਂ ਵਿਚ ਤਾਂ ਗ਼ਦਰੀਆਂ ਦੀ ਗਿਣਤੀ ਵਾਹਵਾ ਸੱਬਰਕੱਤੀ ਸੀ। ਗ਼ਦਰ
ਵਿਚ ਸਾਥ ਦੇਣ ਲਈ ਜਿਨ੍ਹਾਂ ਫੌਜੀਆਂ ਨਾਲ ਗ਼ਦਰੀਆਂ ਨੇ ਸੰਬੰਧ ਜੋੜੇ ਸਨ ਉਹ ਵੀ ਬਹੁਤੇ
ਇਹਨਾਂ ਪਿੰਡਾਂ ਵਿਚੋਂ ਹੀ ਸਨ। ਸੁਰ ਸਿੰਘ ਪਿੰਡ ਵਿਚ ਹੀ ਲਗਭਗ ਚਾਰ ਦਰਜਨ ਗ਼ਦਰੀ
ਕਾਰਜਸ਼ੀਲ ਸਨ। ਉਸ ਵੇਲੇ ਸੁਰ ਸਿੰਘ ਦੇ ਗ਼ਦਰੀਆਂ ਵਿਚੋਂ ਤੇ ਇਲਾਕੇ ਵਿਚੋਂ ਵੀ ਮੋਹਰੀ ਰੋਲ
ਨਿਭਾਉਣ ਵਾਲੇ ਗ਼ਦਰੀ ਭਾਈ ਜਗਤ ਸਿੰਘ ਤੇ ਭਾਈ ਪ੍ਰੇਮ ਸਿੰਘ ਸਨ। ਭਾਈ ਪ੍ਰੇਮ ਸਿੰਘ ਦੇ
ਸੰਬੰਧ ਪੱਧਰੀ ਦੇ ਭਾਈ ਇੰਦਰ ਸਿੰਘ ਤੇ ਭੂਰਿਆਂ ਦੇ ਭਾਈ ਲਾਲ ਸਿੰਘ ਨਾਲ ਬੜੇ ਗੂੜ੍ਹੇ ਸਨ।
ਇਹ ਦੋਵੇਂ ਪਿੰਡ ਸੁਰ ਸਿੰਘ ਦੇ ਗਵਾਂਢ ਵਿਚ ਹਨ। ਸੁਰ ਸਿੰਘ ਤੋਂ ਅਗਲਾ ਪਿੰਡ ਪੱਧਰੀ ਤੇ
ਪੱਧਰੀ ਦੇ ਨਾਲ ਹੀ ਭੂਰੇ ਹੈ। ਇਹਨਾਂ ਨਾਲ ਲਗਵਾਂ ਥਾਂ ਸੀ ਗੁਰਦਵਾਰਾ ਝਾੜ ਸਾਹਿਬ ਦਾ। ਇਹ
ਉਸ ਵੇਲੇ ਲਗਭਗ ਜੰਗਲੀ ਇਲਾਕਾ ਸੀ। ਪਿੱਪਲਾਂ, ਬੋਹੜਾਂ, ਟਾਹਲੀਆਂ ਤੇ ਜੰਡ-ਕਰੀਰਾਂ ਦੇ
ਓਹਲੇ ਵਿਚ ਅਸਲੋਂ ਹੀ ਲੁਕਿਆ ਹੋਇਆ ਇਹ ਇਕਲਵੰਝਾ ਗੁਰਦਵਾਰਾ ਗੁਰੂ ਅਰਜਨ ਦੇਵ ਦੀ ਯਾਦ ਵਿਚ
ਬਣਿਆਂ ਹੋਇਆ ਸੀ ਜਿਸਦਾ ਮੁਖੀ ਉਹਨਾਂ ਦਿਨਾਂ ਵਿਚ ਜਵਾਨੀ ਚੜ੍ਹਦਾ ਗੱਭਰੂ ਭਾਈ ਬੋਘ ਸਿੰਘ
ਸੀ।
ਗ਼ਦਰੀ ਸੂਰਬੀਰਾਂ ਨੇ ਗੁਰਦਵਾਰਿਆਂ ਨੂੰ ਹਮੇਸ਼ਾ ਆਪਣੇ ਮਿਲਣ ਦਾ, ਭਾਈਚਾਰਕ ਤੇ ਦੇਸ਼ ਦੀਆਂ
ਸਮੱਸਿਆਵਾਂ ਵਿਚਾਰਨ ਦਾ ਅਤੇ ਇਨਕਲਾਬੀ ਪ੍ਰੇਰਨਾ ਦਾ ਸਰੋਤ ਜਾਣਿਆਂ ‘ਤੇ ਮੰਨਿਆਂ ਸੀ।
ਕਨੇਡਾ ਤੇ ਅਮਰੀਕਾ ਵਿਚ ਵੀ ਗੁਰਦਵਾਰੇ ਹੀ ਗ਼ਦਰ ਪਾਰਟੀ ਦੇ ਪਹਿਲੇ ਮਿਲਣ-ਥਾਂ ਸਨ। ਝਾੜ
ਸਾਹਿਬ ਦਾ ਇਹ ਗੁਰਦਵਾਰਾ ਗੁਪਤ ਮਿਲਣੀਆਂ ਲਈ ਬਹੁਤ ਹੀ ਢੁਕਵਾਂ ਥਾਂ ਜਾਣ ਕੇ ਭਾਈ ਪ੍ਰੇਮ
ਸਿੰਘ ਸੁਰ ਸਿੰਘ ਤੇ ਇੰਦਰ ਸਿੰਘ ਪੱਧਰੀ ਹੁਰਾਂ ਭਾਈ ਬੋਘ ਸਿੰਘ ਨਾਲ ਸੰਪਰਕ ਸਾਧਿਆ। ਗੁਰੂ
ਅਰਜਨ ਦੇਵ ਜੀ ਦੀ ਯਾਦ ਵਿਚ ਬਣੇ ਗੁਰਦਵਾਰੇ ਦੇ ਮੁਖੀ ਹੋਣ ਦੀ ਹੈਸੀਅਤ ਵਿਚ, ਗੁਰੂ ਜੀ ਦੇ
ਦੱਸੇ ਰਾਹ ‘ਤੇ ਚੱਲਦਿਆਂ, ਦੇਸ਼ ਅਤੇ ਲੋਕਾਂ ਦੇ ਭਲੇ ਲਈ ਗੁਰੂ ਦੇ ਸੱਚੇ ਸਿੱਖ ਬਣ ਕੇ
ਕੁਰਬਾਨ ਹੋ ਜਾਣ ਦੀ, ਸਮੇਂ ਦੀ ਮੰਗ ਦਾ ਖੁਲਾਸਾ ਕਰਦਿਆਂ ਗ਼ਦਰੀਆਂ ਨੇ ਗ਼ਦਰ ਪਾਰਟੀ ਦਾ
ਸਾਰਾ ਮਨਸ਼ਾ ਭਾਈ ਬੋਘ ਸਿੰਘ ਹੁਰਾਂ ਸਾਹਮਣੇ ਰੱਖ ਦਿੱਤਾ। ਇਹਨੀਂ ਦਿਨੀਂ ਹੀ ਕਾਮਾਗਾਟਾ
ਮਾਰੂ ਦੇ ਯਾਤਰੀਆਂ ਨਾਲ ਬਜਬਜ ਘਾਟ ‘ਤੇ ਵਾਪਰਿਆ ਦੁਖਾਂਤ ਚਰਚਾ ਵਿਚ ਸੀ। ਝਾੜ ਸਾਹਿਬ ਦੇ
ਗਵਾਂਢੀ ਪਿੰਡ ਸੁਰ ਸਿੰਘ ਦੇ ਭਾਈ ਸੁੱਚਾ ਸਿੰਘ, ਜੋ ਕਾਮਾਗਾਟਾ ਮਾਰੂ ਵਿਚ ਗ੍ਰੰਥੀ ਦੀ
ਸੇਵਾ ਨਿਭਾ ਰਿਹਾ ਸੀ, ਦੀ ਲੱਤ ਵਿਚ ਗੋਲੀ ਵੱਜੀ ਸੀ। ਇਹ ਕਹਾਣੀਆਂ ਸੁਣ ਕੇ ਭਾਈ ਬੋਘ ਸਿੰਘ
ਪਹਿਲਾਂ ਹੀ ਅਵਾਜਾਰ ਸਨ। ਉਂਜ ਵੀ ਭਾਈ ਬੋਘ ਸਿੰਘ ਹੁਰੀਂ ਪਹਿਲਾਂ ਹੀ ਗੁਰੂ ਰੰਗ ਵਿਚ ਰੱਤੇ
ਹੋਏ ਸਨ। ਗ਼ਦਰੀ ਸੂਰਬੀਰਾਂ ਨੇ ਉਹਨਾਂ ਅੰਦਰ ਦੇਸ਼-ਪ੍ਰੇਮ ਦੀ ਜਵਾਲਾ ਬਾਲ ਦਿੱਤੀ। ਭਾਈ ਜੀ
ਨੇ ਦੇਸ਼ ਲਈ ਤਨ, ਮਨ, ਧਨ ਅਰਪਣ ਕਰ ਦੇਣ ਦਾ ਫ਼ੈਸਲਾ ਕਰ ਲਿਆ।
ਹੁਣ ਝਾੜ ਸਾਹਿਬ ਗ਼ਦਰੀਆਂ ਦਾ, ਪੰਜਾਬ ਭਰ ਵਿਚ, ਸਭ ਤੋਂ ਵੱਡਾ ਲੁਕਵਾਂ ਮਿਲਣ-ਅੱਡਾ ਬਣ
ਗਿਆ। ਸੰਗਤ ਗੁਰਦਵਾਰੇ ਆਉਂਦੀ ਤਾਂ ਭਾਈ ਬੋਘ ਸਿੰਘ ਅੰਗਰੇਜ਼ਾਂ ਦੇ ਜ਼ੁਲਮਾਂ ਦਾ ਵਖਿਆਨ
ਕਰਦੇ। ਗ਼ਦਰ ਦੀਆਂ ਗੂੰਜਾਂ ਪੜ੍ਹ ਕੇ ਸੁਣਾਉਂਦੇ। ਨਾਮਵਰ ਗ਼ਦਰੀ ਏਥੇ ਆਉਂਦੇ। ਸਲਾਹ
ਮਸ਼ਵਰਾ ਕਰਦੇ, ਯੋਜਨਾਵਾਂ ਉਲੀਕਦੇ। ਭਾਈ ਬੋਘ ਸਿੰਘ ਤੇ ਉਹਨਾਂ ਦਾ ਪਰਿਵਾਰ ਗ਼ਦਰੀਆਂ ਦੇ
ਰਹਿਣ ਤੇ ਖਾਣ-ਪੀਣ ਦੀ ਸੇਵਾ ਪੂਰੀ ਸ਼ਰਧਾ ਤੇ ਪਿਆਰ ਨਾਲ ਕਰਦੇ। ਦੇਸ਼ ਦੀ ਹਕੂਮਤ ਦੇ
ਖਿ਼ਲਾਫ਼ ਲੜਨ ਵਾਲਿਆਂ ਨੂੰ, ਹਕੂਮਤ ਦੇ ਲਫ਼ਜ਼ਾਂ ਵਿਚ ‘ਸਾਜਿਸ਼ਾਂ ਕਰਨ ਲਈ ਮੌਕਾ ਤੇ ਥਾਂ
ਦੇਣਾ’ ਬੜਾ ਵੱਡਾ ਗੁਨਾਹ ਸੀ। ਇਤਿਹਾਸ ਗਵਾਹ ਹੈ ਕਿ ਗ਼ਦਰ ਕਰਨ ਦੀ ਯੋਜਨਾ ਸਿਰੇ ਚਾੜ੍ਹਣ
ਲਈ ਏਥੇ ਹੀ ਵੱਡੀਆਂ ਮੀਟਿੰਗਾਂ ਹੁੰਦੀਆਂ ਰਹੀਆਂ। ਏਥੋਂ ਹੀ ਸਲਾਹ ਕਰਕੇ ਮੀਆਂ ਮੀਰ
(ਲਾਹੌਰ) ਦੀ ਛਾਉਣੀ ‘ਤੇ ਹਮਲਾ ਕਰਨ ਲਈ ਤਿਆਰੀ ਹੋਈ ਸੀ। ਤੇਈਵੇਂ ਰਸਾਲੇ ਦੇ ਫੌਜੀਆਂ ਨੇ
ਬਗ਼ਾਵਤ ਕਰਕੇ ਤੇ ਗੋਰੇ ਅਫ਼ਸਰਾਂ ਨੂੰ ਮਾਰ ਕੇ, ਹਥਿਆਰਾਂ ਸਮੇਤ ਗ਼ਦਰੀਆਂ ਨੂੰ ਝਾੜ ਸਾਹਿਬ
ਵਿਚ ਹੀ ਆ ਕੇ ਮਿਲਣਾ ਸੀ। ਇਹ ਉਹ ਸਮਾਂ ਸੀ ਜਦੋਂ ਅੰਗਰੇਜ਼ ਸਰਕਾਰ ਦੇਸ਼ ਭਰ ਦੇ ਵੱਡੇ
ਗੁਰਦਵਾਰਿਆਂ ਨੂੰ ਆਪਣੇ ਪਿੱਠੂਆਂ ਰਾਹੀਂ ਚਲਾ ਤੇ ਹਕੂਮਤ ਦੇ ਹੱਕ ਵਿਚ ਭੁਗਤਾ ਰਹੀ ਸੀ।
ਗੁਰਦਵਾਰੇ ਗੁਰੂ ਦੀ ਸ਼ਾਨ ਕਾਇਮ ਰੱਖਣ ਦੀ ਥਾਂ ਅੰਗਰੇਜ਼ਾਂ ਦੇ ਕਸੀਦੇ ਗਾਉਣ ਦੇ ਅੱਡੇ ਬਣ
ਚੁੱਕੇ ਸਨ। ਸਿੱਖੀ ਦੀ ਅਸਲ ਆਤਮਾ ਨਾਲੋਂ ਉਹਨਾਂ ਦਾ ਨਾਤਾ ਵਿਜੋਗਿਆ ਜਾ ਚੁੱਕਾ ਸੀ। ਗੁਰੂ
ਦੇ ਨਕਸ਼ੇ-ਕਦਮ ‘ਤੇ ਚੱਲਣ ਵਾਲੇ ਗ਼ਦਰੀਆਂ ਨੂੰ ਤਾਂ ਵੇਲੇ ਦੀ ਸਰਕਾਰ ਦੀ ਝੋਲੀ ਚੁਕਦਿਆਂ,
ਗੁਰਦਵਾਰਿਆਂ ਦੇ ਮੁਖੀਆਂ ਨੇ ‘ਸਿੱਖ’ ਮੰਨਣ ਤੋਂ ਹੀ ਇਨਕਾਰ ਕਰ ਦਿੱਤਾ ਸੀ। ਅਜਿਹੀ ਸੂਰਤ
ਵਿਚ ਝਾੜ ਸਾਹਿਬ ਦੇ ਗੁਰਦਵਾਰੇ ਦੇ ਮੁਖੀ ਤੇ ਉਹਨਾਂ ਦੇ ਪਰਿਵਾਰ ਵੱਲੋਂ ਗ਼ਦਰੀਆਂ ਨੂੰ
ਸੱਚੇ ਸਿੱਖ ਮੰਨ ਕੇ ਉਹਨਾਂ ਦਾ ਸਾਥ ਦੇਣ ਦਾ ਫ਼ੈਸਲਾ ਸਿੱਖੀ ਅਸੂਲਾਂ ਅਨੁਸਾਰ ਢੁਕਵਾਂ ਤਾਂ
ਹੈ ਹੀ ਸੀ ਨਾਲ ਦੇ ਨਾਲ ਸਿੱਖੀ ਦੀ ਆਤਮਾ ਨੂੰ ਬਚਾਉਣ ਦਾ ਹੀਲਾ ਵੀ ਸੀ। ਭਾਈ ਬੋਘ ਸਿੰਘ,
ਸਮੇਂ ਦੀ ਧੂੜ ਵਿਚ ਧੁੰਦਲਾਈ ਜਾ ਰਹੀ ਸਿੱਖੀ ਨੂੰ ਜਗਦਾ-ਜਾਗਦਾ ਰੱਖਣ ਵਾਲੇ ਚਿਰਾਗ਼ ਦਾ
ਪ੍ਰਤੀਕ ਬਣ ਗਿਆ ਸੀ। ਉਹਨੇ ਆਪਣਾ ਆਪ ਦੇਸ਼ ਤੋਂ ਨਿਸ਼ਾਵਰ ਕਰਨ ਦੀ ਠਾਣ ਲਈ। ਨਿਸਚੈ ਹੀ ਇਹ
ਸਮੇਂ ਦੇ ਚਾਲੂ ਵੇਗ ਤੋਂ ਉਲਟ ਜਾਣ ਵਾਲੀ ਵਾਲੀ ਗੱਲ ਸੀ। ਇਹ ਤਾਂ ਸਿਰ ਤਲੀ ‘ਤੇ ਧਰ ਕੇ
ਪ੍ਰੇਮ ਦੀ ਗਲੀ ਵਿਚ ਜਾਣ ਦੇ ਨਿਸਚੈ ਦਾ ਪ੍ਰਗਟਾਵਾ ਸੀ।
ਸਾਫ਼ ਜ਼ਾਹਿਰ ਹੈ ਏਥੇ ਆ ਕੇ ਮੀਟਿੰਗਾਂ ਕਰਨ ਵਾਲੇ ਦੂਜੇ ਗ਼ਦਰੀਆਂ ਦਾ ਤਾਂ ਕੇਵਲ ਆਪਣਾ ਆਪ
ਹੀ ਖ਼ਤਰੇ ਵਿਚ ਘਿਰਿਆ ਹੁੰਦਾ ਸੀ ਪਰ ਜਿੱਥੇ ਇਹ ਇਕੱਠ ਹੁੰਦੇ ਸਨ ਉਹਨਾਂ ਦਾ ਤਾਂ ਸਾਰਾ
ਪਰਿਵਾਰ ਹੀ ਭਾਵੀ ਖ਼ਤਰੇ ਦੇ ਰੂਬਰੂ ਹੁੰਦਾ ਸੀ। ਅਜਿਹੀ ਸੂਰਤ ਵਿਚ ਜੇ ਭਾਈ ਬੋਘ ਸਿੰਘ ਦਾ
ਬਾਕੀ ਪਰਿਵਾਰ ਉਹਨਾਂ ਦਾ ਸਾਥ ਨਾ ਦਿੰਦਾ ਤਾਂ ਝਾੜ ਸਾਹਿਬ ਇਤਿਹਾਸ ਦੇ ਪੱਤਰਿਆਂ ਦਾ
ਸ਼ਾਨਾਂ-ਮੱਤਾ ਕਾਂਡ ਕਦੀ ਨਹੀਂ ਸੀ ਬਣ ਸਕਣਾ। ਪਰਿਵਾਰ ਦੀ ਮੁਖੀ ਮਾਤਾ ਜੱਸ ਕੌਰ ਹੀ ਆਏ ਗਏ
ਗ਼ਦਰੀਆਂ ਨੂੰ ਸਾਂਭਦੀ ਤੇ ਰੋਟੀ-ਪਾਣੀ ਦਾ ਜੁਗਾੜ ਕਰਦੀ ਸੀ। ਉਸਨੂੰ ਵੀ ਦਿਸਦਾ ਸੀ ਕਿ
ਗ਼ਦਰੀਆਂ ਨਾਲ ਤਾਲ-ਮੇਲ ਰੱਖਣਾ ਤੇ ਆਪਣੇ ਘਰ ਨੂੰ ਇਨਕਲਾਬੀ ਕੇਂਦਰ ਵਜੋਂ ਵਰਤਣ ਦੀ ਆਗਿਆ
ਦੇਣਾ ਉਹਦੇ ਪਰਿਵਾਰ ਲਈ ਵੱਡੇ ਦੁੱਖਾਂ ਦਾ ਕਾਰਨ ਬਣ ਸਕਦਾ ਹੈ। ਇਸ ਰਾਹ ‘ਤੇ ਤੁਰਦਿਆਂ
ਉਹਦੇ ਬੱਚਿਆਂ ਨੂੰ ਮੌਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਜਿਹੇ ਸਭ ਖ਼ਤਰਿਆਂ ਨੂੰ
ਜਾਣਦਿਆਂ-ਸਮਝਦਿਆਂ ਹੋਇਆਂ ਵੀ ਜੇ ਮਾਤਾ ਜੱਸ ਕੌਰ ਨੇ ਇਹ ਸਿਦਕ, ਸਿਰੜ੍ਹ ਤੇ ਜੇਰਾ ਦਿਖਾਇਆ
ਤਾਂ ਨਿਸਚੈ ਹੀ ਇਸ ਪਿੱਛੇ ਪੰਜਾਬ ਦੀਆਂ ਧਰਮ ਤੇ ਦੇਸ਼ ਤੋਂ ਕੁਰਬਾਨ ਹੋ ਜਾਣ ਵਾਲੀਆਂ ਤੇ
ਆਪਣੇ ਬੱਚਿਆਂ ਨੂੰ ਕੁਰਬਾਨੀ ਲਈ ਤਿਆਰ ਕਰਨ ਵਾਲੀਆਂ ਮਾਵਾਂ ਦਾ ਇਤਿਹਾਸ ਕਾਰਜਸ਼ੀਲ ਸੀ।
ਮਾਤਾ ਜੱਸ ਕੌਰ ਦਾ ਆਦਰਸ਼ ਮਾਤਾ ਗੁਜਰੀ ਸੀ ਜਿਸ ਨੇ ਆਪਣੇ ਪਤੀ ਦੇ ਚਲਾਣੇ ਪਿੱਛੋਂ ਆਪਣੇ
ਪੁੱਤ ਦੀ ਯੋਗ ਪ੍ਰਵਰਿਸ਼ ਕੀਤੀ ਸੀ ਤੇ ਉਸਨੂੰ ਗੋਬਿੰਦ ਰਾਇ ਤੋਂ ਗੋਬਿੰਦ ਸਿੰਘ ਬਣਨ ਦੇ
ਮਾਰਗ ‘ਤੇ ਤੋਰਿਆ ਸੀ। ਅੱਜ ਮਾਤਾ ਗੁਜਰੀ ਮਾਤਾ ਜੱਸ ਕੌਰ ਦੇ ਹਿਰਦੇ ਵਿਚ ਵੱਸ ਕੇ, ਉਹਨੂੰ
ਆਪਣੇ ਪੁੱਤਾਂ ਨੂੰ ‘ਖੰਡਿਓਂ ਤਿੱਖੇ ਤੇ ਵਾਲੋਂ ਨਿੱਕੇ ਰਾਹ’ ਤੋਰਨ ਦੀ ਪ੍ਰੇਰਨਾ ਬਣ ਗਈ
ਸੀ। ਉਸਦਾ ਵੱਡਾ ਪੁਤਰ ਬੋਘ ਸਿੰਘ ਅਜੇ ਬਾਲਗ਼ ਹੋਣ ਦੀਆਂ ਬਰੂਹਾਂ ਹੀ ਟੱਪਿਆ ਸੀ ਤੇ ਛੋਟੇ
ਜੱਸਾ ਸਿੰਘ ਤਾਂ ਅਜੇ ਨਾਬਾਲਗ਼ ਸੀ। ਇਸ ਦੇ ਬਾਵਜੂਦ ਆਪਣੇ ਪੂਰੇ ਪਰਿਵਾਰ ਨੂੰ ਬਲਦੀ ਦੇ
ਬੁੱਥੇ ਧਰਨ ਦੀ ਸੂਰਮਗ਼ਤੀ ਕਰਨ ਵਾਲੀ ਅਜਿਹੀ ਮਾਂ ਵਿਸੇਸ਼ ਜਿ਼ਕਰ ਅਤੇ ਸਤਿਕਾਰ ਦੀ ਪਾਤਰ
ਬਣਦੀ ਹੈ। ਇਤਿਹਾਸ ਵਿਚ ਅਜਿਹੀਆਂ ਕੁਰਬਾਨੀ ਵਾਲੀਆਂ ਮਾਵਾਂ ਦਾ ਬਣਦਾ ਮਾਣ ਨਹੀਂ ਕੀਤਾ।
ਮਾਤਾ ਜੱਸ ਕੌਰ ਵਾਂਗ ਸ਼ਹੀਦ ਭਗਤ ਸਿੰਘ ਦੀ ਚਾਚੀ ਤੇ ਅਜੀਤ ਸਿੰਘ ਦੀ ਪਤਨੀ ਹਰਨਾਮ ਕੌਰ,
ਦੂਜੇ ਚਾਚੇ ਸਵਰਨ ਸਿੰਘ ਦੀ ਪਤਨੀ ਹੁਕਮ ਕੌਰ ਤੇ ਸ਼ਹੀਦ ਦੀ ਮਾਂ ਵਿਦਿਆਵਤੀ ਦੇ ਨਾਲ ਹੋਰ
ਹਜ਼ਾਰਾਂ ਮਾਵਾਂ ਅਜਿਹੀਆਂ ਹਨ ਜਿਨ੍ਹਾਂ ਦੇ ਦਰਦ ਦੀ ਥਾਹ ਪਾਉਣ ਦੀ ਲੋੜ ਕਦੀ ਇਤਿਹਾਸਕਾਰਾਂ
ਨੇ ਸਮਝੀ ਹੀ ਨਹੀਂ।
ਗ਼ਦਰ ਦੇ ਫੇ਼ਲ੍ਹ ਹੋਣ ਉਪਰੰਤ ਜਦੋਂ ਫੜੋ-ਫੜਾਈ ਦਾ ਦੌਰ ਸ਼ੁਰੂ ਹੋਇਆ ਤਾਂ ਝਾੜ ਸਾਹਿਬ ਦੇ
ਇਨਕਲਾਬੀ ਕੇਂਦਰ ਦੇ ਭਾਈ ਬੋਘ ਸਿੰਘ ਤੇ ਹੋਰ ਵਾਸੀਆਂ ਨੇ ਤਾਂ ਸਰਕਾਰੀ ਰੋਹ ਦਾ ਨਿਸ਼ਾਨਾ
ਬਣਨਾ
ਹੀ ਸੀ। ਭਾਈ ਬੋਘ ਸਿੰਘ ਤੇ ਉਹਨਾਂ ਦੇ ਛੋਟੇ ਭਰਾ ਨੂੰ ਮਾਤਾ ਜੱਸ ਕੌਰ ਸਮੇਤ ਗ੍ਰਿਫ਼ਤਾਰ
ਕਰ ਲਿਆ ਗਿਆ। ਸ਼ਾਇਦ ਮਾਤਾ ਜੱਸ ਕੌਰ ਪਹਿਲੀ ਗ਼ਦਰੀ ਵੀਰਾਂਗਣਾ ਹੋਵੇ ਜੋ ਗ੍ਰਿਫ਼ਤਾਰ ਕੀਤੀ
ਗਈ। ਕਿਵੇਂ ਮਾਤਾ ਜੱਸ ਕੌਰ ਦੀ ਰਿਹਾਈ ਹੋਈ, ਕਿਵੇਂ ਨਾਬਾਲਗ਼ ਛੋਟਾ ਪੁੱਤਰ ਭਾਈ ਜੱਸਾ
ਸਿੰਘ ਸਜ਼ਾ ਭੁਗਤ ਕੇ ਰਿਹਾ ਹੋਇਆ; ਕਿਵੇਂ ਭਾਈ ਬੋਘ ਸਿੰਘ ਨੇ ਉਮਰ ਕੈਦ ਦੀ ਸਜ਼ਾ ਭੋਗੀ ਤੇ
ਜੇਲ੍ਹ ਦੇ ਜ਼ੁਲਮ ਸਹਿੰਦਿਆਂ ਕਿਵੇਂ ਉਹਨਾਂ ਦੀ ਦੇਹ ਖੀਣ ਹੋ ਗਈ ਤੇ ਕਿਵੇਂ ਰਿਹਾਅ
ਹੁੰਦਿਆਂ ਛੇਤੀ ਹੀ ਉਹ ਚਲਾਣਾ ਕਰ ਗਏ; ਇਹ ਸਾਰਾ ਇਤਿਹਾਸ ਇਸ ਪੁਸਤਕ ਦੇ ਅਗਲੇ ਪੰਨਿਆਂ ‘ਤੇ
ਅੰਕਿਤ ਹੈ। ਮੈਂ ਤਾਂ ਏਥੇ ਸਿਰਫ਼ ਏਨੀ ਗੱਲ ਕਹਿਣੀ ਹੈ ਕਿ ਝਾੜ ਸਾਹਿਬ ਦਾ ਗੁਰਦਵਾਰਾ
ਅਜਿਹਾ ਮੁੱਖ ਗੁਰਦਵਾਰਾ ਹੋ ਨਿੱਬੜਿਆ ਸੀ ਜਿਹੜਾ ਸੱਚ-ਮੁੱਚ ਗੁਰੂਆਂ ਦੀ ਸਿੱਖਿਆ ਦਾ,
ਉਹਨਾਂ ਸਮਿਆਂ ਵਿਚ, ਅਨੁਸਾਰੀ ਬਣਿਆਂ ਤੇ ਉਹਦੇ ਮੁਖੀ ਨਨਕਾਣੇ ਸਾਹਿਬ ਦੇ ਪਾਪੀ ਨਰਾਇਣ ਦਾਸ
ਵਰਗੇ ‘ਮਹੰਤ’ ਬਣ ਕੇ ਸਿੱਖਾਂ ਦੇ ਦੁਸ਼ਮਣ ਤੇ ਸਰਕਾਰ ਦੇ ਝੋਲੀ-ਚੁੱਕ ਨਾ ਬਣੇ ਸਗੋਂ ਗੁਰੂ
ਅਰਜਨ ਦੇਵ ਦੀ ਰੂਹ ਨੂੰ ਆਪਣੇ ਅੰਦਰ ਜਿਊਂਦਿਆਂ-ਜਾਗਦਿਆਂ ਰੱਖ ਕੇ ਸੱਚੇ ਸਿੱਖ ਤੇ ਸੱਚੇ
ਸੰਤ-ਸਿਪਾਹੀ ਬਣ ਕੇ ਆਪਣੇ ਗਰੂ ਵਾਂਗ ਹੀ ਕੁਰਬਾਨ ਹੋ ਗਏ। ਮਾਤਾ ਗੁਜਰੀ ਦੀ ਸੱਚੀ ਧੀ ਮਾਤਾ
ਜੱਸ ਕੌਰ ਬਹਾਦਰ ਪੰਜਾਬੀ ਮਾਵਾਂ ਦੇ ਆਦਰਸ਼ ਕਿਰਦਾਰ ਦਾ ਨਮੂਨਾ ਹੋ ਨਿੱਬੜੀ।
ਦੇਸ਼ ਦੇ ਆਜ਼ਾਦੀ ਸੰਗਰਾਮ ਵਿਚ ਬਹੁਤ ਵੱਡਾ ਰੋਲ ਅਦਾ ਕਰਨ ਵਾਲੇ ਇਸ ਕੇਂਦਰ ਦਾ ਮਹੱਤਵ ਅਜੇ
ਤੱਕ ਓਹਲੇ ਵਿਚ ਪਿਆ ਹੋਇਆ ਹੈ। ਦੇਸ਼ ਭਗਤ ਯਾਦਗ਼ਾਰ ਕਮੇਟੀ ਵੱਲੋਂ ਇਸ ਥਾਂ ਦੇ ਇਤਿਹਾਸ
ਨੂੰ ਨਤਮਸਤਕ ਹੁੰਦਿਆਂ, ਇਸਦੇ ਚੇਤੇ ਨੂੰ ਮੁੜ ਤੋਂ ਲੋਕ-ਚੇਤਨਾ ਵਿਚ ਵਸਾਉਣ ਦਾ ਉਪਰਾਲਾ
ਕਰਦਿਆਂ ਇਸਨੂੰ ਯਾਦਗ਼ਾਰੀ ਇਨਕਲਾਬੀ ਕੇਂਦਰ ਵਜੋਂ ਉਸਾਰਨ ਦਾ ਹੀਲਾ ਕੀਤਾ ਜਾ ਰਿਹਾ ਹੈ।
ਝਾੜ ਸਾਹਿਬ ਦੇ ਮੌਜੂਦਾ ਪ੍ਰਬੰਧਕਾਂ ਦੇ ਸਹਿਯੋਗ ਨਾਲ ਏਥੇ ਇਕੱਠਾਂ ਵਿਚ ਸ਼ਾਮਲ ਹੋਣ ਵਾਲੇ
ਗ਼ਦਰੀਆਂ ਦੇ ਨਾਵਾਂ ਵਾਲਾ ਯਾਦਗ਼ਾਰੀ ਸਿ਼ਲਾਲੇਖ ਸਥਾਪਤ ਕੀਤਾ ਹੈ। ਹੁਣ ਹੱਥਲੀ ਕਿਤਾਬ ਛਾਪ
ਕੇ ਇਸ ਨਾਲ ਜੁੜੇ ਇਤਿਹਾਸ ਨੂੰ ਪਹਿਲੀ ਵਾਰ ਸੰਗਠਿਤ ਰੂਪ ਵਿਚ ਪ੍ਰਕਾਸ਼ਤ ਕੀਤਾ ਹੈ। ਇਸ
ਉਦਮ ਲਈ ਦੇਸ਼ ਭਗਤ ਯਾਦਗ਼ਾਰ ਕਮੇਟੀ ਦੇ ਨਾਲ ਨਾਲ ਸ਼੍ਰੀ ਚਿਰੰਜੀ ਲਾਲ ਕੰਗਣੀਵਾਲ ਵਧਾਈ ਦੇ
ਹੱਕਦਾਰ ਹਨ ਜਿਨ੍ਹਾਂ ਨੇ ਇਸ ਪੁਸਤਕ ਨੂੰ ਖੋਜਣ ਤੇ ਲਿਖਣ ਦਾ ਸ਼ੁਭ ਕਾਰਜ ਕੀਤਾ ਹੈ।
-0- |