Welcome to Seerat.ca
Welcome to Seerat.ca

ਗ਼ਦਰ ਲਹਿਰ ਦਾ ਚੌਮੁਖੀਆ ਚਿਰਾਗ਼ / ਕਰਤਾਰ ਸਿੰਘ ਸਰਾਭਾ

 

- ਵਰਿਆਮ ਸਿੰਘ ਸੰਧੂ

ਜੇ ਮੈਨੂੰ ਪਲੇਗ ਲੈ ਜਾਂਦੀ ਤਾਂ ਮੈਂ ਕਿਹੜੀ ਗਿਣਤੀ ਵਿੱਚ ਹੁੰਦਾ?

‘‘ਭਾਈ ਪਰਮਾਨੰਦ ਕਰਾਉਂਦਾ ਹੈ ਮੇਰੇ ਤੋਂ ਅਜਿਹੀਆਂ ਗੱਲਾਂ...’’

 

- ਭਾਈ ਪਰਮਾਨੰਦ

ਪੰਜਾਬੀਆਂ ਵਿਚੋਂ ਸੱਚਮੁੱਚ ਦਾ ਇਨਕਲਾਬੀ

 

- ਸਚਿੰਦਰ ਨਾਥ ਸਾਨਿਆਲ

ਮੇਰਾ ਜਰਨੈਲ

 

- ਬਾਬਾ ਸੋਹਣ ਸਿੰਘ ਭਕਨਾ

‘ਯਾਦੇਂ ਰਫ਼ਤ-ਗਾਂ’

 

- ਸ਼ਹੀਦ ਗ਼ਦਰੀ ਮਾਸਟਰ ਊਧਮ ਸਿੰਘ ਕਸੇਲ

ਜੇ ਸਰਾਭਾ ਜਿਊਂਦਾ ਰਹਿੰਦਾ ਤਾਂ....

 

- ਬਾਬਾ ਹਰਨਾਮ ਸਿੰਘ ਟੁੰਡੀਲਾਟ

ਕੌਮ ਸਿਤਾਰਾ ਕਰਤਾਰ

 

- ਮੁਣਸ਼ਾ ਸਿੰਘ ਦੁਖੀ

ਮਾਂ ਬੋਲੀ ਪੰਜਾਬੀ ਦਾ ਵੀ ਆਸ਼ਕ ਸੀ ਕਰਤਾਰ ਸਿੰਘ ਸਰਾਭਾ

 

- ਬਾਬਾ ਕਿਰਪਾ ਸਿੰਘ ਲੰਗਮਾਜ਼ਰੀ

ਆਤਮ-ਸਮਰਪਣ

 

- ਗੋਪਾਲ ਸਿੰਘ ਚੰਦਨ

‘‘ਮੈਂ ਜੋ ਵੀ ਕਹਾਂਗਾ, ਸੱਚ ਕਹਾਂਗਾ’’

 

- ਬਾਬਾ ਹਰਨਾਮ ਸਿੰਘ ਕਾਲਾ ਸੰਘਾ

ਸ਼ਹੀਦ ਸਰਾਭਾ ਦੀ ਗ਼ਦਰ ਨੂੰ ਦੇਣ

 

- ਬਾਬਾ ਸ਼ੇਰ ਸਿੰਘ ਵੇਈਂ ਪੂਈਂ

ਗ਼ਦਰ ਲਹਿਰ ਤੇ ਪ੍ਰੈਸ ਦਾ ਮਹੱਤਵ

 

- ਕਰਤਾਰ ਸਿੰਘ ਦੁੱਕੀ

ਰਣਚੰਡੀ ਦੇ ਪਰਮ ਭਗਤ ਸ਼ਹੀਦ ਕਰਤਾਰ ਸਿੰਘ ਸਰਾਭਾ

 

- ਸ਼ਹੀਦ ਭਗਤ ਸਿੰਘ

ਮੇਰੇ ਰਾਜਸੀ ਜੀਵਨ ਦਾ ਮੁੱਢ

 

- ਬਾਬਾ ਕਰਮ ਸਿੰਘ ਚੀਮਾਂ

ਫਾਂਸੀ ਸਮੇਂ ਕਰਤਾਰ ਸਿੰਘ ਦੇ ਆਖਰੀ ਬਚਨ

ਸਰਾਭਾ ਤੇ ਸ਼ਹੀਦ ਕੇਹਰ ਸਿੰਘ ਢੋਟੀਆਂ

 

- ਜੈਦੇਵ ਕਪੂਰ

ਸ਼ਹੀਦ ਸਰਾਭਾ ਵਿਰੁੱਧ ਅਦਾਲਤੀ ਫੈਸਲਾ

 

- ਖੋਜ਼ ਤੇ ਆਲੇਖ: ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ

ਕੀ ਸਰਾਭੇ ਦੀ ਫਾਂਸੀ ਟਲ ਵੀ ਸਕਦੀ ਸੀ?

ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਅਮਰੀਕਾ ਦਾਖਲੇ ਦੇ ਸਹੀ ਤੱਥ

 

- ਸੀਤਾ ਰਾਮ ਬਾਂਸਲ

‘ਕਾਲੇ ਪਾਣੀ’ ਦੀ ਚਸ਼ਮਦੀਦ ਗਵਾਹੀ

 

- ਵਰਿਆਮ ਸਿੰਘ ਸੰਧੂ

ਸਦੀ ਦੇ ਇਨਕਲਾਬੀ ਇਤਿਹਾਸ ਦਾ ਹਾਣੀ- ਬਾਬਾ ਭਗਤ ਸਿੰਘ ਬਿਲਗਾ

 

- ਵਰਿਆਮ ਸਿੰਘ ਸੰਧੂ

‘ਅਸਲੀ’ ਗੁਰਦਵਾਰੇ ਦੀ ਗੌਰਵ-ਗਾਥਾ

 

- ਵਰਿਆਮ ਸਿੰਘ ਸੰਧੂ

ਪੰਜਾਬੀ ਫ਼ਿਲਮਕਾਰੀ ਨੂੰ ਗੁਰਵਿੰਦਰ ਸਿੰਘ ਦਾ ਮਹਾਦਾਨ

 

- ਵਰਿਆਮ ਸਿੰਘ ਸੰਧੂ

ਕਾਲ਼ ਦਾ ਕਹਿਰ

 

- ਸੁਖਦੇਵ ਸਿੱਧੂ

ਗਿਆਨੀ ਸੋਹਣ ਸਿੰਘ ਸੀਤਲ

 

- ਪ੍ਰੋ. ਸ਼ਮਸ਼ੇਰ ਸਿੰਘ ਸੰਧੂ

ਓਪਰਾ ਘਰ

 

- ਗੁਰਦਿਆਲ ਸਿੰਘ

ਕਹਾਣੀ ਬੈਠਕ ਟਰਾਂਟੋ ਵਲੋਂ ਸ਼ਾਨਦਾਰ ਜਨਤਕ ਕਹਾਣੀ ਦਰਬਾਰ

 

- ਉਂਕਾਰਪ੍ਰੀਤ

ਧਰਤੀਧੱਕ

 

- ਸਰਵਣ ਸਿੰਘ

ਗਣੇਸ਼

 

- ਲਵੀਨ ਕੌਰ ਗਿੱਲ

 


ਪੰਜਾਬੀ ਫ਼ਿਲਮਕਾਰੀ ਨੂੰ ਗੁਰਵਿੰਦਰ ਸਿੰਘ ਦਾ ਮਹਾਦਾਨ
- ਵਰਿਆਮ ਸਿੰਘ ਸੰਧੂ
 

 

ਨਾਵਲਕਾਰ ਗੁਰਦਿਆਲ ਸਿੰਘ ਦੇ ਨਾਵਲ ‘ਤੇ ਆਧਾਰਿਤ ਫਿ਼ਲਮ ‘ਅੰਨ੍ਹੇ ਘੋੜੇ ਦਾ ਦਾਨ’ ਦੀ ਅੱਜ-ਕੱਲ੍ਹ ਬੜੀ ਚਰਚਾ ਹੈ। ਇਹਨੇ ਬਹੁਤ ਸਾਰੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਇਨਾਮ-ਸਨਮਾਨ ਜਿੱਤੇ ਨੇ। ਪਹਿਲੀ ਵਾਰ ਪੰਜਾਬੀ ਸਿਨੇਮੇਂ ਦੀ ਏਨੀ ਪੈਂਠ ਬਣੀ ਹੈ। ਭਾਰਤ ਦੀਆਂ ਸਭ ਜ਼ਬਾਨਾਂ ਵਿਚੋਂ ਬਣੀਆਂ ਫਿ਼ਲਮਾਂ ਵਿਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਰਾਸ਼ਟਰੀ ਸੋਭਾ ਖੱਟਣ ਵਾਲੀ ਇਸ ਫਿ਼ਲਮ ਨੇ ਆਬੂ ਧਾਬੀ ਵਿਚ ਹੋਏ ਅੰਤਰਰਾਸ਼ਟਰੀ ਫਿ਼ਲਮ ਮੇਲੇ ਮੌਕੇ ਪਹਿਲੇ ਥਾਂ ‘ਤੇ ਰਹਿ ਕੇ ਡਾਇਰੈਕਸ਼ਨ ਤੇ ਕੈਮਰੇ ਦੀ ਸੁਚੱਜੀ ਵਰਤੋਂ ਕਰਨ ਦਾ ਪੰਜਾਹ ਹਜ਼ਾਰ ਡਾਲਰ ਦਾ ਇਨਾਮ ਪ੍ਰਾਪਤ ਕੀਤਾ ਹੈ। ਪਿਛਲੇ ਦਿਨੀਂ ਟਰਾਂਟੋ ਵਿਚ ਹੋਏ ਪੰਜਾਬੀ ਫਿ਼ਲਮ ਮੇਲੇ ਦੇ ਆਖਿ਼ਰੀ ਦਿਨ ਇਹ ਫਿ਼ਲਮ ਟਰਾਂਟੋ ਦੇ ਰੋਜ਼ ਥੀਏਟਰ ਵਿਚ ਵਿਖਾਈ ਗਈ। ਹਾਲ ਵਿਚ ਸੱਬਰਕੱਤੀ ਭੀੜ ਹੈ। ਮੈਨੂੰ ਦੱਸਿਆ ਗਿਆ ਕਿ ਪਹਿਲੀਆਂ ਫਿ਼ਲਮਾਂ ਵੇਲੇ ਏਨੇ ਦਰਸ਼ਕ ਹਾਜਿ਼ਰ ਨਹੀਂ ਸਨ।
ਮੈਂ ਹਾਲ ਅੰਦਰ ਵੜਦਾ ਹਾਂ ਤਾਂ ਫਿ਼ਲਮ ਸ਼ੁਰੂ ਹੀ ਹੋਈ ਹੈ। ਫਿ਼ਲਮ ਬੜੀ ਧੀਮੀ ਚੱਲ ਰਹੀ ਹੈ। ਕਾਹਲੀ ਨਾਲ ਬਦਲਣ ਵਾਲੇ ਨਾਟਕੀ ਦ੍ਰਿਸ਼ ਨਹੀਂ ਹਨ। ਪਿੰਡ ਦੇ ਦਲਿਤ ਭਾਈਚਾਰੇ ਦੀ ਕਹਾਣੀ ਹੈ। ਉਹਨਾਂ ਦੀ ਜਿ਼ੰਦਗੀ ਵਿਚ ਰੋਜ਼ ਰੋਜ਼ ਜਾਂ ਪਲ ਪਲ ਕੁਝ ਨਵਾਂ ਤੇ ਨਾਟਕੀ ਨਹੀਂ ਵਾਪਰਦਾ। ਕਹਾਣੀ ਵਿਚ ਕਿਵੇਂ ਵਾਪਰ ਜਾਵੇ? ਉਹਨਾਂ ਲੋਕਾਂ ਦੀ ਰੁਕੀ ਤੇ ਠਹਿਰੀ ਹੋਈ ਜਿ਼ੰਦਗੀ ਵਾਂਗ ਫਿ਼ਲਮ ਦੀ ਕਹਾਣੀ ਵੀ ਰੁਕ ਰੁਕ ਕੇ ਚੱਲਦੀ ਜਾਪਦੀ ਹੈ।
ਮੇਰੇ ਤੋਂ ਪਿਛਲੀ ਲਾਈਨ ਵਿਚ ਬੈਠੇ ਟਰਾਂਟੋ ਦੇ ਕੁਝ ਪੱਤਰਕਾਰ-ਲੇਖਕ ਤੇ ਅਗਾਂਹਵਧੂ ਜੱਥੇਬੰਦੀਆਂ ਦੇ ਕਾਰਕੁਨਾਂ ਵਿੱਚੋਂ ਹੌਲ਼ੀ-ਹੌਲ਼ੀ ਗੱਲਾਂ ਕਰਨ ਦੀ ਆਵਾਜ਼ ਆਉਂਦੀ ਹੈ। ਉਹਨਾਂ ਨੂੰ ‘ਗੱਲ ਬਣਦੀ ਨਹੀਂ ਲੱਗਦੀ।’ ਹੌਲ਼ੀ-ਹੌਲ਼ੀ ਉਹਨਾਂ ਦੀ ਘੁਸਰ ਮੁਸਰ ਵਿਚੋਂ ਖਿਝ ਪ੍ਰਗਟ ਹੋਣ ਲੱਗਦੀ ਹੈ। ਕੋਈ ਜਣਾ ਕਿਸੇ ਨਵੇਂ ਦ੍ਰਿਸ਼ ‘ਤੇ ਟਿੱਪਣੀ ਕਰਦਾ ਹੈ, “ਲੈ ਇਹਦੀ ਕਸਰ ਸੀ!” ਉਹਦੇ ਨੇੜੇ ਬੈਠੇ ਸਾਥੀ ਮੱਧਮ ਜਿਹਾ ਸਹਿਮਤੀ-ਹਾਸਾ ਹੱਸਦੇ ਸਨ। ਮੈਂ ਸੋਚਦਾਂ ਹਾਂ ਇਹਨਾਂ ਨੂੰ ਅਜਿਹੀਆਂ ਟਿੱਪਣੀਆਂ ਕਰਨ ਦੀ ਕਾਹਲੀ ਨਹੀਂ ਕਰਨੀ ਚਾਹੀਦੀ। ਦੁਨੀਆ ਦੇ ਕਈ ਮੇਲਿਆਂ ਵਿਚ ਵਿਦੇਸ਼ੀ ਫਿ਼ਲਮ ਆਲੋਚਕਾਂ ਤੇ ਜੱਜਾਂ ਨੇ ਇਸ ਫਿ਼ਲਮ ਨੂੰ ਇਨਾਮ-ਸਨਮਾਨ ਦਿੱਤੇ ਨੇ! ਕੋਈ ਗੱਲ ਤਾਂ ਹੋਊ ਇਸ ਵਿਚ। ਪਹਿਲਾਂ ਪਹਿਲਾਂ ਕਹਾਣੀ ਦੀ ਕੇਂਦਰੀ ਤੰਦ ਮੇਰੇ ਹੱਥ ਵੀ ਨਹੀਂ ਸੀ ਆ ਰਹੀ। ਕਹਾਣੀ ਕਿਸੇ ਦਲਿਤ ਪਰਿਵਾਰ ਦੇ ਬਜ਼ੁਰਗ ਦੇ ਸਵੇਰੇ ਸਾਝਰੇ ਉੱਠ ਕੇ ਘਰਵਾਲੀ ਨੂੰ ਚਾਹ ਬਣਾ ਕੇ ਦੇਣ ਦੇ ਆਖਣ ਤੋਂ ਸ਼ੁਰੂ ਹੁੰਦੀ ਹੈ ਕਿ ਚੌਕੀਦਾਰ ਆ ਕੇ ਧਰਮੇ ਦਾ ਘਰ ਜਬਰੀ ਢਾਹੇ ਜਾਣ ਦੇ ਮਸਲੇ ਦਾ ਹੱਲ ਲਭਣ ਲਈ ਪੰਚਾਇਤ ਵਿਚ ਜੁੜ ਬੈਠਣ ਦਾ ਸੱਦਾ ਦੇ ਜਾਂਦਾ ਹੈ। ਮੈਂ ਵੀ ਹੋਰਨਾਂ ਵਾਂਗ ਸੋਚਦਾ ਸਾਂ ਕਿ ਜਿਸ ਕਾਮੇ ਦਾ ਘਰ ਢਾਹ ਦਿੱਤਾ ਗਿਆ ਹੈ ਉਸ ਨਾਲ ਜੁੜੀ ਕਹਾਣੀ ਤਰਕ-ਸੰਗਤ ਅੰਜਾਮ ਤਕ ਭਲਾ ਕਿਵੇਂ ਪੁੱਜਦੀ ਹੈ। ਪਰ ਛੇਤੀ ਹੀ ਪਤਾ ਲੱਗ ਗਿਆ ਕਿ ਇਹ ਇਕੋ ਇਕ ਦਲਿਤ ਪਰਿਵਾਰ ਦੇ ਢਹਿ ਗਏ ਘਰ ਦੀ ਕਹਾਣੀ ਨਹੀਂ, ਸਗੋਂ ਇਹ ਤਾਂ ਹਰੇਕ ਦਲਿਤ ‘ਘਰ’ ਦੇ ਨਿੱਤ ਢਹਿੰਦੇ ਜਾਣ ਦੀ ਦਾਸਤਾਨ ਹੈ। ਇਸ ਵਿਚ ਪੂਰੇ ਦਲਿਤ ਭਾਈਚਾਰੇ ਦੇ ਸੰਤਾਪ ਨੂੰ ਕੋਲਾਜ਼ ਦੀ ਸ਼ਕਲ ਵਿਚ ਪੇਸ਼ ਕਰਨ ਦਾ ਯਤਨ ਕੀਤਾ ਗਿਆ ਹੈ।


ਏਦਾਂ ਹੀ ਧੀਮੀ ਚਾਲੇ ਚੱਲਦੀ ਫਿ਼ਲਮ ਮੁੱਕ ਜਾਂਦੀ ਹੈ। ਆਖ਼ਰੀ ਦ੍ਰਿਸ਼ ਵਿਚ ਦਲਿਤ ਪਰਿਵਾਰ ਦੀ ਕੁੜੀ ਘਰ ਦੇ ਹਾਲਾਤ ਦੀ ਤਾਈ-ਸਤਾਈ ਅੱਧੀ ਰਾਤੇ ਬੈਟਰੀ ਫੜੀ ਗਲੀ ਵਿਚ ਨਿਕਲਦੀ ਹੈ। ਅੱਗੋਂ ਸ਼ਹਿਰ ਰਹਿੰਦਾ, ਪਰ ਉਸ ਜਿ਼ੰਦਗੀ ਤੋਂ ਖਪਿਆ-ਤਪਿਆ, ਉਹਦਾ ਭਰਾ ਮੇਲੂ ਪਿੰਡ ਤੇ ‘ਘਰ’ ਨੂੰ ਪਰਤਦਾ ਉਹਨੂੰ ਬੀਹੀ ਵਿਚ ਮਿਲ਼ਦਾ ਹੈ। ਲੋਕ ਤਾੜੀ ਮਾਰ ਕੇ ਫਿ਼ਲਮ ਦੇ ਖ਼ਾਤਮੇ ਦੀ ਪੁਸ਼ਟੀ ਕਰਦੇ ਹਨ।
ਫਿ਼ਲਮ ਦਾ ਡਾਇਰੈਕਟਰ ਗੁਰਵਿੰਦਰ ਸਿੰਘ ਸਟੇਜ ’ਤੇ ਆਉਂਦਾ ਹੈ। ਉਸਨੇ ਅਜੇ ਤਕ ਫਿ਼ਲਮ ਬਾਹਰਲੇ ਮੁਲਕਾਂ ਦੇ ਫਿ਼ਲਮ ਨਾਲ ਜੁੜੇ ਸਿਆਣੇ ਬੰਦਿਆਂ ਨੂੰ ਹੀ ਵਿਖਾਈ ਹੈ। ਉਹਦੇ ਅਪਣੇ ਠੇਠ ਪੰਜਾਬੀ ਦਰਸ਼ਕਾਂ ਨੇ ਫਿ਼ਲਮ ਪਹਿਲੀ ਵਾਰ ਵੇਖੀ ਹੈ। ਉਹਦੀ ਆਪਣੀ ਜ਼ਬਾਨ ਦੇ ਬੰਦਿਆਂ ਨੇ। ਉਹਨੂੰ ਸ਼ਾਇਦ ਪ੍ਰਸੰਸਾ ਦੀ ਭਰਪੂਰ ਆਸ ਹੈ। ਉਹ ਭੋਲੇ-ਭਾਅ ਸਵਾਲ ਕਰਦਾ ਹੈ, “ਤੁਸੀਂ ਦੱਸੋ ਕਿ ਤੁਹਾਨੂੰ ਫਿ਼ਲਮ ਵਿਚ ਮਾੜਾ ਕੀ ਲੱਗਾ?” ਤਿੰਨ ਚਾਰ ਹੱਥ ਖੜ੍ਹੇ ਹੁੰਦੇ ਹਨ। ਪਹਿਲਾ ਜਣਾ ਪੁੱਛਦਾ ਹੈ, “ਤੁਸੀਂ ਇਸ ਫਿ਼ਲਮ ਵਿਚ ਕਹਿਣਾ ਕੀ ਚਾਹਿਆ ਹੈ?” ਦੂਜਾ ਆਖਦਾ ਹੈ, “ਮੈਨੂੰ ਤੇ ਮੇਰੇ ਕੋਲ਼ ਬੈਠੀ ਮੇਰੀ ਘਰ ਵਾਲ਼ੀ ਨੂੰ ਫਿ਼ਲਮ ਬਿਲਕੁਲ ਸਮਝ ਨਹੀਂ ਪਈ।” ਗੁਰਵਿੰਦਰ ਛਿੱਥਾ-ਜਿਹਾ ਪੈ ਗਿਆ ਹੈ। ਕਿਵੇਂ ਸਮਝਾਏ ਤੇ ਸੁਣਾਏ ਹੁਣ ਫਿ਼ਲਮ ਦਾ ਸਾਰ-ਤੱਤ? ਉਹ ਸੰਖੇਪ ਵਿਚ ਫਿ਼ਲਮ ਦੀ ਕਹਾਣੀ ਦੱਸਣ ਦੀ ਕੋਸਿ਼ਸ਼ ਕਰਦਾ ਹੈ, “ਇਹ ਵੱਖਰੀ ਤਰ੍ਹਾਂ ਦੀ ਫਿ਼ਲਮ ਹੈ। ਓਪਨ ਐਂਡਡ। ਮੈਂ ਫਿ਼ਲਮ ਵਿਚ ਵੀ ਕੁਝ ਸਮਝਾਉਣਾ ਨਹੀਂ ਚਾਹਿਆ। ਇਸਨੂੰ ਤੁਸਾਂ ਖ਼ੁਦ ਸਮਝਣਾ ਹੈ। ਇਹਦੇ ਅਰਥ ਤੁਸਾਂ ਆਪ ਤਲਾਸ਼ ਕਰਨੇ ਨੇ। ਮੈਂ ਤਾਂ ਫਿ਼ਲਮ ਬਣਾ ਦਿੱਤੀ ਏ।”
ਮੈਂ ਫਿਰ ਫਿ਼ਲਮ ਦੇ ਆਖ਼ਰੀ ਦ੍ਰਿਸ਼ ਬਾਰੇ ਸੋਚਣ ਲੱਗਦਾ ਹਾਂ।

ਹੁਣ ਤਕ ਸਮਝ ਨਾ ਆਉਣ ਵਾਲੀ ਫਿ਼ਲਮ ਦੀ ਕਹਾਣੀ ਮੇਰੇ ਅੰਦਰ ਪੂਰੀ ਦੀ ਪੂਰੀ ਲਿਸ਼ਕ ਉੱਠਦੀ ਹੈ। ਟੁੱਟੇ ਤੇ ਖਿੰਡੇ ਜਾਪਦੇ ਬਿਰਤਾਂਤ ਦੇ ਧਾਗੇ ਮੇਰੇ ਹੱਥ ਆਉਣ ਲੱਗਦੇ ਹਨ। ਮੈਨੂੰ ਲੱਗਦਾ ਹੈ ਗੁਰਵਿੰਦਰ ਨਾਲ ਜਿ਼ਆਦਤੀ ਹੋ ਰਹੀ ਹੈ। ਨਹੀਂ; ਸਾਡੀ ਅਪਣੀ ਪੰਜਾਬੀਆਂ ਦੀ ਸੁਹਜ ਭਾਵਨਾ ਦਾ ਮਜ਼ਾਕ ਉੱਡ ਰਿਹਾ ਹੈ। ਅਸੀਂ ਆਪ ਹੀ ਆਪਣਾ ਮਜ਼ਾਕ ਉਡਾ ਰਹੇ ਹਾਂ। ਰਚਨਾ ਦੇ ਗੁਹਜ ਤੇ ਸੁਹਜ ਤਕ ਪਹੁੰਚਣ ਤੋਂ ਪਹਿਲਾਂ ਹੀ ਸਾਡੀ ਸਮਝ ਹਥਿਆਰ ਸੁੱਟ ਦਿੰਦੀ ਹੈ। ਅਸੀਂ ਸਿਰਜਣਾ ਦੇ ਕੱਦ ਤਕ ਆਪਾ ਉੱਚਾ ਕਰਨ ਦੀ ਲੋੜ ਨਹੀਂ ਸਮਝਦੇ, ਸਗੋਂ ਚਾਹੁੰਦੇ ਹਾਂ ਕਿ ਸਿਰਜਣਾ ਦੇ ਕੱਦ ਨੂੰ ਛਾਂਗ ਕੇ ਆਪਣੇ ਮੇਚੇ ਦਾ ਕਰ ਲਈਏ। ਜੇ ਅਜਿਹਾ ਹੁੰਦਾ ਨਹੀਂ ਤਾਂ ‘ਛੱਡੋ ਪਰ੍ਹੇ ਜੀ! ਐਵੇਂ ਟਾਈਮ ਕਾਹਨੂੰ ਖ਼ਰਾਬ ਕਰਨਾ ਹੋਇਆ!’
ਮੈਂ ਚਾਹੁੰਦਾ ਹਾਂ ਕਿ ਮੈਂ ਹੋ ਰਹੇ ਇਸ ਅਨਿਆਂ ਦੇ ਖਿ਼ਲਾਫ਼ ਬੋਲਾਂ। ਹੱਥ ਖੜ੍ਹਾ ਕਰਦਾ ਹਾਂ। ਪਰ ਮੇਰੇ ਤੋਂ ਪਹਿਲਾਂ ਇਕ ਹੋਰ ਸੱਜਣ ਬੋਲਣ ਲੱਗਦਾ ਹੈ, “ਤੁਸੀਂ ਇਹ ਕਮਾਲ ਦੀ ਫਿ਼ਲਮ ਬਣਾਈ ਹੈ। ਸਮਝ ਤਾਂ ਬੜੇ ਗ਼ੁਲਾਮ ਅਲੀ ਖ਼ਾਂ ਵੀ ਕਿਹੜਾ ਸਾਰਿਆਂ ਨੂੰ ਆਉਂਦਾ ਸੀ। ਪਰ ਬੜੇ ਗ਼ੁਲਾਮ ਅਲੀ ਖ਼ਾਂ ‘ਬੜੇ ਗ਼ੁਲਾਮ ਅਲੀ ਖ਼ਾਂ’ ਹੀ ਸਨ। ਜਿਨ੍ਹਾਂ ਨੂੰ ਸਮਝ ਆਉਂਦਾ ਹੈ ਉਹਨਾਂ ਨੂੰ ਪਤਾ ਹੈ ਕਿ ਉਹ ਕੀ ਸੀ? ਇਹ ਫਿ਼ਲਮ ਵੀ ਜਿਉਂ ਜਿਉਂ ਸਮਝ ਪਏਗੀ ਤਿਉਂ ਤਿਉਂ ਇਹਦੀ ਕੀਮਤ ਦਾ ਪਤਾ ਚੱਲੇਗਾ।”
ਪਹਿਲੇ ਆਲੋਚਕਾਂ ਦੇ ਸਵਾਲ ਸੁਣ ਕੇ ਬੈਠੇ ਲੋਕਾਂ ਦੀ ਖ਼ਾਮੋਸ਼ ਭੀੜ ਵਿਚ ਫਿ਼ਲਮ ਬਾਰੇ ਹੋਰ ਜਾਨਣ ਦੀ ਦਿਲਚਸਪੀ ਜਾਗ ਚੁੱਕੀ ਹੈ। ਉਹ ਧੁਰ ਅੰਦਰੋਂ ਆਲੋਚਕਾਂ ਨਾਲ ਸਹਿਮਤ ਨਹੀਂ ਜਾਪਦੇ। ਸ਼ਾਇਦ ਇਹੋ ਕਾਰਨ ਹੈ ਕਿ ਜਦੋਂ ਫਿ਼ਲਮ ਦੀ ਤਾਰੀਫ਼ ਹੋਈ, ਤਾਂ ਲੋਕਾਂ ਨੇ ਤਾੜੀ ਮਾਰ ਕੇ ਆਖੀ ਗੱਲ ਦਾ ਸਵਾਗਤ ਕੀਤਾ ਹੈ। ਮੈਂ ਐਵੇਂ ਪੰਜਾਬੀਆਂ ਦੀ ਸਮਝ ਤੇ ਸੁਹਜ ਭਾਵਨਾ ਬਾਰੇ ਸ਼ੰਕਾਲੂ ਬਣ ਗਿਆ ਸਾਂ। ਲੱਗਦਾ ਹੈ ਕਿ ਹਾਲ ਵਿਚ ਕਦਰਦਾਨ ਵੀ ਬੈਠੇ ਹਨ। ਮੇਰੀ ਵਾਰੀ ਆਉਂਦੀ ਹੈ। ਮੈਂ ਆਪਣੀ ਸੀਟ ‘ਤੇ ਖਲੋ ਕੇ ਸਾਰੇ ਹਾਲ ਵਿਚ ਸੁਣਨ ਜੋਗੀ ਆਵਾਜ਼ ਉੱਚੀ ਕਰਦਾ ਹਾਂ, “ਦੋਸਤੋ! ਅਸਲ ਵਿਚ ਅਸੀਂ ਜਿਵੇਂ ਦੀਆਂ ਲੜੀਬੱਧ ਕਹਾਣੀਆਂ ਵਾਲ਼ੀਆਂ ਤੇ ਖ਼ਾਸ ਤਰ੍ਹਾਂ ਦਾ ਮਨੋਰੰਜਨ ਕਰਨ ਵਾਲ਼ੀਆਂ ਫਿ਼ਲਮਾਂ ਵੇਖਣ ਗਿੱਝੇ ਹੋਏ ਹਾਂ, ਇਹ ਫਿ਼ਲਮ ਉਹਨਾਂ ਤੋਂ ਅਸਲੋਂ ਵੱਖਰੀ ਹੈ। ਇਹ ਨਾ ਉਹਨਾਂ ਪਾਤਰਾਂ ਬਾਰੇ ਹੈ ਨਾ ਉਹਨਾਂ ਦੀ ਜਿ਼ੰਦਗੀ ਬਾਰੇ। ਨਾ ਹੀ ਉਹਨਾਂ ਫਿ਼ਲਮਾਂ ਵਾਂਗ ਬਣਾਉਣਾ ਇਸਦੇ ਡਾਇਰੈਕਟਰ ਦਾ ਉਦੇਸ਼ ਸੀ। ਇਸ ਫਿ਼ਲਮ ਨੂੰ ਜਾਨਣ ਲਈ, ਇਸਨੂੰ ਸਮਝਣ ਲਈ ਪਹਿਲਾਂ ਉਸ ਵਰਗ ਦੇ ਲੋਕਾਂ ਦੀ ਥਾਂ ਅਪਣੇ ਆਪ ਨੂੰ ਰੱਖ ਕੇ ਵੇਖਣਾ ਪਵੇਗਾ; ਜਿਨ੍ਹਾਂ ਬਾਰੇ ਇਹ ਫਿ਼ਲਮ ਬਣਾਈ ਗਈ ਹੈ। ਕਨੇਡਾ ਵਿਚ ਸੁਖ-ਸੁਵਿਧਾ ਦਾ ਜੀਵਨ ਭੋਗ ਰਹੇ ਬੰਦੇ ਨੂੰ ਫ਼ਿਲਮ ਵਿਚਲਾ ਨਰਕ ਤੇ ਅਨਿਆਇ ਦਾ ਜੀਵਨ ਭੋਗ ਰਹੇ ਲੋਕਾਂ ਨਾਲ ਅਪਣਾ ਆਪ ਰੀਲੇਟ ਕਰਨਾ ਸ਼ਾਇਦ ਏਨਾ ਸੌਖਾ ਨਹੀਂ ਲੱਗਦਾ। ਘੜੀ ਦੀ ਘੜੀ ਉਹਨਾਂ ਲੋਕਾਂ ਦੀ ਥਾਂ ਹੋ ਕੇ ਸੋਚੋ। ਉਹਨਾਂ ਦੀ ਪੀੜ ਨਾਲ ਇਕਸੁਰ ਹੋ ਕੇ ਕਹਾਣੀ ਵਿਚ ਜੀ ਕੇ ਵੇਖੋ। ਸੋਚ ਕੇ ਵੇਖੋ ਕਿ ਜੇ ਇਹ ਕਹਾਣੀ ਤੁਹਾਡੀ ਅਪਣੀ ਹੁੰਦੀ ਤਾਂ ਫਿਰ ਕਿਵੇਂ ਲੱਗਦੀ! ਉਹਨਾਂ ਵਿੱਚੋਂ ਤੇ ਉਹਨਾਂ ਵਰਗੇ ਹੋ ਕੇ ਫਿ਼ਲਮ ਵੇਖੋ; ਤੁਹਾਨੂੰ ਸਭ ਸਮਝ ਆ ਜਾਏਗਾ।”
ਲੋਕਾਂ ਨੂੰ ਸ਼ਾਇਦ ਮੇਰੀ ਗੱਲ ਠੀਕ ਲੱਗੀ ਹੈ। ਉਹ ਭਰਪੂਰ ਤਾੜੀ ਮਾਰ ਕੇ ਹੁੰਗਾਰਾ ਭਰਦੇ ਹਨ।
“ਜਿਹੜੇ ਦੋਸਤ ਕਹਿੰਦੇ ਹਨ ਕਿ ਕਹਾਣੀ ਸਮਝ ਨਹੀਂ ਆਈ ਉਹਨਾਂ ਨੂੰ ਮੇਰੀ ਬੇਨਤੀ ਹੈ ਕਿ ਕਹਾਣੀ ਦੇ ਅਰਥ ਤਾਂ ਸੰਕੇਤਕ ਤੌਰ ‘ਤੇ ਕਹਾਣੀ ਦੇ ਅਖ਼ੀਰਲੇ ਦ੍ਰਿਸ਼ ਵਿਚ ਹੀ ਪਏ ਹਨ। ਸ਼ਹਿਰ ਵਿਚ ਰਿਕਸ਼ਾ ਚਲਾਉਣ ਦਾ ਧੰਦਾ ਕਰਦਾ ਮੇਲੂ ਸ਼ਾਇਦ ਸੌਖਾ ਸਾਹ ਲੈਣ ਲਈ ਪਿੰਡ ਤੋਂ ਸ਼ਹਿਰ ਵੱਲ ਭੱਜਾ ਸੀ, ਪਰ ਸ਼ਹਿਰ ਨੇ ਵੀ ਉਸਨੂੰ ਅਪਣੀ ਬੁੱਕਲ ਵਿਚ ਨਹੀਂ ਲਿਆ। ਸ਼ਹਿਰ ਵਿਚ ਵੀ ਉਹਦਾ ਸਾਹ ਘੁੱਟਿਆ ਜਾ ਰਿਹਾ ਸੀ। ਉਹ ਮਰਨਹਾਰ ਹਾਲਤਾਂ ਵਿਚ ਓਥੇ ਜੀ ਰਿਹਾ ਸੀ। ਸ਼ਹਿਰ ਤੋਂ ਨਿਰਾਸ ਹੋਇਆ ਉਹ ਮੁੜ ਪਿੰਡ ਪਰਤਦਾ ਹੈ, ਤਾਂ ਅੱਧੀ ਰਾਤ ਨੂੰ ਗਲ਼ੀ ਵਿਚ ਉਹਨੂੰ ਉਹਦੀ ਭੈਣ ਮਿਲਦੀ ਹੈ। ਸ਼ਹਿਰੋਂ ਪਰਤਿਆ ਭਰਾ ਕੁੜੀ ਨੂੰ ਏਨੀ ਰਾਤ ਗਏ ਘਰੋਂ ਬਾਹਰ ਨਿਕਲਣ ਦਾ ਕਾਰਣ ਪੁੱਛਦਾ ਹੈ। ਉਹ ਦੱਸਦੀ ਹੈ ਕਿ ਘਰ ਵਿਚ ਉਹਦਾ ਸਾਹ ਘੁੱਟਦਾ ਸੀ, ਚਿਤ ਕਾਹਲ਼ਾ ਪੈਂਦਾ ਸੀ। ਜ਼ਾਹਿਰ ਹੈ; ਪਿੰਡ ਵਿਚ ਵੀ ਜਿ਼ੱਲਤ ਤੇ ਨਮੋਸ਼ੀ ਦੀ ਜਿ਼ੰਦਗੀ ਹੈ। ਇਸ ਵਰਗ ਦੇ ਲੋਕਾਂ ਨੂੰ ਸੌਖਾ ਸਾਹ ਕਿੱਥੋਂ ਆਵੇ! ਕਿੱਥੇ ਆਵੇ? ਉਹਨਾਂ ਨੂੰ ਨਾ ਪਿੰਡ ਵਿਚ ਠਾਹਰ ਹੈ, ਨਾ ਸ਼ਹਿਰ ਵਿਚ। ਉਹ ਜਾਣ ਤਾਂ ਕਿੱਥੇ ਜਾਣ? ਅੱਧੀ ਰਾਤ ਹੈ, ਬੈਟਰੀ ਦਾ ਮੱਧਮ ਚਾਨਣ ਹੈ; ਚੰਦ ਨੂੰ ਗ੍ਰਹਿਣ ਲੱਗਾ ਹੈ। ਗਲੀ ਹਨੇਰੀ ਹੈ। ਇਹ ਹਨੇਰੀ ਗਲੀ ਵਿਚ ਤੁਰਦੇ ਉਹਨਾਂ ਲੋਕਾਂ ਦੀ ਠਹਿਰੀ ਹੋਈ ਜਿ਼ੰਦਗੀ ਦੀ ਫਿ਼ਲਮ ਹੈ। ਇਹਨੂੰ ਕੇਵਲ ਇਸਤਰ੍ਹਾਂ ਹੀ ਵੇਖਿਆ ਤੇ ਇਸਤਰ੍ਹਾਂ ਹੀ ਸਮਝਿਆ ਜਾ ਸਕਦਾ ਹੈ।”
ਲੋਕ ਭਰਪੂਰ ਤਾੜੀਆਂ ਨਾਲ ਦੱਸਦੇ ਲੱਗਦੇ ਨੇ, ‘ਗੱਲ ਉਹਨਾਂ ਦੇ ਗੇੜ ਵਿਚ ਆ ਗਈ ਹੈ।’ ਗੁਰਵਿੰਦਰ ਦੇ ਚਿਹਰੇ ‘ਤੇ ਵੀ ਮੁਸਕਾਨ ਹੈ। ਟਿੱਪਣੀ ਕਰਦਾ ਹੈ, “ਕੋਈ ਲੇਖਕ ਹੀ ਇਸ ਤਰ੍ਹਾਂ ਸਮਝ ਤੇ ਬੋਲ ਸਕਦਾ ਹੈ।”
ਹੁਣ ਉਹ ਪੈਰ ਧਰ ਆਇਆ ਹੈ। ਪਰਲੀ ਨੁੱਕਰੋਂ ਕੋਈ ਜਿ਼ਆਦਾ ਇਨਕਲਾਬੀ ਆਖਦਾ ਹੈ, “ਤੁਸੀਂ ਫਿ਼ਲਮ ਵਿਚ ਇਹ ਨਹੀਂ ਦੱਸਿਆ ਕਿ ਕਿਹੜੀਆਂ ਜਮਾਤਾਂ ਤੇ ਧਿਰਾਂ ਧੁਰ ਉਪਰੋਂ ਇਸ ਜਬਰ ਲਈ ਜਿ਼ੰਮੇਵਾਰ ਨੇ।” ਉਹ ਜਵਾਬ ਦਿੰਦਾ ਹੈ, “ਪਿੰਡ ਵਿਚ ਸਰਪੰਚ ਉਸ ਚੁਣੀ ਹੋਈ ਉਪਰਲੀ ਧਿਰ ਦਾ ਹੀ ਪ੍ਰਤੀਨਧ ਹੈ।” ਪਰ ਅਗਲਾ ਬਜਿ਼ਦ ਹੈ, “ਨਹੀਂ ਤੁਹਾਨੂੰ ਧੁਰ ਉਪਰ ਤੱਕ ਇਸ ਨੂੰ ਜੋੜ ਕੇ ਵਿਖਾਉਣਾ ਚਾਹੀਦਾ ਸੀ।” ਗੁਰਵਿੰਦਰ ਆਖਦਾ ਹੈ, “ਮੈਂ ਐੱਸੇ (ਲੇਖ) ਨਹੀਂ ਲਿਖਿਆ, ਫਿ਼ਲਮ ਬਣਾਈ ਹੈ।” ਉਹ ਠੀਕ ਆਖਦਾ ਹੈ।
ਫਿ਼ਲਮ ਵਿਚ ਇਕ ਦਿਨ ਦੀ ਕਹਾਣੀ ਹੈ। ਹਕੀਕੀ ਵੀ ਤੇ ਪ੍ਰਤੀਕਾਤਮਕ ਵੀ। ਬਹੁਤੀ ਕਹਾਣੀ ਪ੍ਰਤੀਕਾਂ ਦਾ ਰਹੱਸ ਸਮਝਣ ਵਿਚ ਪਈ ਹੈ। ਫਿ਼ਲਮ ਤੜਕੇ ਅੰਮ੍ਰਿਤ-ਵੇਲੇ ਸ਼ੁਰੂ ਹੁੰਦੀ ਹੈ ਤੇ ਅੱਧੀ ਰਾਤ ਨੂੰ ਖ਼ਤਮ। ਪਰ ਅੰਮ੍ਰਿਤ-ਵੇਲਾ ‘ਸੱਚ ਨਾਮੁ ਵਡਿਆਈ ਵੀਚਾਰੁ’ ਵਾਲ਼ਾ ਨਹੀਂ। ਧੁਆਂਖਿਆ ਹੋਇਆ ਹੈ। ਕੌੜਾ ਤੇ ਜ਼ਹਿਰੀਲਾ। ਸ਼ਾਂਤੀ ਦੀ ਥਾਂ ਰੋਣਾ ਹੈ। ਚੀਕ-ਚਿਹਾੜਾ ਹੈ। ਪਿੰਡ ਦੇ ਵਿਹੜੇ ਦੇ ਲੋਕ ਇਕੱਠੇ ਹੋ ਰਹੇ ਹਨ। ਕਿਸੇ ‘ਵੱਡੀ ਧਿਰ’ ਨੇ ਕਾਰਖ਼ਾਨਾ ਲਾਉਣ ਲਈ ਜ਼ਮੀਨ ਖ਼ਰੀਦ ਲਈ ਹੈ, ਉਹਨਾਂ ਨੇ ਉਸ ਜ਼ਮੀਨ ਵਿਚ ਪਹਿਲਾਂ ਤੋਂ ਬਣੇ ਕਾਮੇ ਧਰਮੇ ਦੇ ਕੋਠੇ ਢਾਹ ਦਿੱਤੇ ਹਨ। ਧਰਮੇ ਦੇ ਟੱਬਰ ਤੇ ਵਿਹੜੇ ਵਾਲਿਆਂ ਨੂੰ ਇਹ ਬੇਨਿਆਈਂ ਲੱਗਦੀ ਹੈ। ਨਿਰ੍ਹਾ ਧੱਕਾ। ਪੰਜਾਬ ਵਿਚ ਤੇ ਦੇਸ਼ ਵਿਚ ਵੀ ਇਹ ਧੱਕੇ ਨਿੱਤ ਹੋ ਰਹੇ ਨੇ। ਲੋਕਾਂ ਦੀਆਂ ਚੁਣੀਆਂ ਅਪਣੀਆਂ ਸਰਕਾਰਾਂ ਖ਼ੁਦ ਇਹਨਾਂ ਧੱਕਿਆਂ ਵਿਚ ਭਾਈਵਾਲ਼ ਹਨ। ਵੱਖ-ਵੱਖ ਵੱਡੇ ਸਨਅਤੀ ਅਦਾਰਿਆਂ ਤੇ ਕੰਪਨੀਆਂ ਨੂੰ ਜ਼ਮੀਨਾਂ ਦਿੱਤੀ ਜਾ ਰਹੀਆਂ ਹਨ। ਪਿੰਡਾਂ ਦੇ ਪਿੰਡ ਉਜਾੜੇ ਜਾ ਰਹੇ ਨੇ। ਇਹ ਇਕ ਪਿੰਡ ਦੀ ਕਹਾਣੀ ਨਹੀਂ ਰਹਿ ਜਾਂਦੀ; ਪੂਰੇ ਮੁਲਕ ਦੀ ਬਣ ਜਾਂਦੀ ਹੈ, ਜਿੱਥੇ ਕੀਤੇ ਜਾਣ ਵਾਲੇ ਵਿਰੋਧ ਦਾ ਗੋਲ਼ੀਆਂ ਤੇ ਡਾਂਗਾਂ ਨਾਲ਼ ਜਵਾਬ ਦਿੱਤਾ ਜਾ ਰਿਹਾ ਹੈ। ਧਰਮਾ ਵਿਚਾਰਾ ਕਿਸ ਬਾਗ਼ ਦੀ ਮੂਲ਼ੀ ਹੈ! ਧੱਕੜਾਂ ਦੇ ਧੱਕੇ ਪਿੱਛੇ ਏਥੇ ਵੀ ਸਟੇਟ ਹਾਜਿ਼ਰ ਹੈ। ਪੁਲਿਸ ਦੀਆਂ ਜੀਪਾਂ, ਬੰਦੂਕਾਂ ਤੇ ਵਰਦੀਆਂ ਵਾਲ਼ੇ ਪਿਛੋਕੜ ਵਿਚ ਖਲੋਤੇ ਹਨ। ਨਵਾਂ ਮਾਲਿਕ ਧਰਮੇ ਨੂੰ ‘ਸਾਲ਼ਿਆ!’ ਆਖ ਕੇ ਦੰਦ ਕਰੀਚਦਾ ‘ਬੰਦਿਆਂ ਵਾਂਗ’ ਥਾਂ ਖ਼ਾਲੀ ਕਰ ਦੇਣ ਨੂੰ ਆਖਦਾ ਹੈ।
ਧਰਮੇ ਦੇ ਭਾਈਚਾਰੇ ਦੇ ਲੋਕ ਇਕੱਠੇ ਹੋ ਕੇ ਸਰਪੰਚ ਕੋਲ਼ ਜਾਂਦੇ ਹਨ। ਜਾਣਾ ਹੀ ਹੋਇਆ। ਚੁਣੀ ਹੋਈ ਸਰਕਾਰ ਦਾ ਸਭ ਤੋਂ ਹੇਠਲਾ ਤੇ ਨੇੜਲਾ ਪ੍ਰਤੀਨਿਧ ਤਾਂ ਉਹੋ ਹੀ ਹੈ। ਉਹਨਾਂ ਦੇ ਅਪਣੇ ਭਾਈਚਾਰੇ ਦਾ ਮੈਂਬਰ ਵੀ ਉਹਨਾਂ ਦੀ ਧਿਰ ਬਣਕੇ ਉਹਨਾਂ ਦੇ ਨਾਲ਼ ਜਾਂਦਾ ਹੈ। ਸਰਪੰਚ ਸਾਰੇ ਮਸਲੇ ਨੂੰ ਜਾਣਦਾ ਹੋਇਆ ਵੀ ਅਣਜਾਣ ਬਣਦਾ ਹੈ। ਉਹਦੇ ਸੱਜੇ-ਖੱਬੇ ਖਲੋਤੇ ਬੰਦੇ ਆਏ ਬੰਦਿਆਂ ਨੂੰ ਉਲ਼ਟਾ ਕੋਸਦੇ ਹਨ, ਝਾੜਦੇ ਹਨ। ਠਿੱਠ ਕਰਦੇ ਹਨ। ਉਹਨਾਂ ਚੋਂ ਇਕ ਦੇ ਹੱਥ ਵਿਚ ਰਾਈਫ਼ਲ ਹੈ। ਤਕੜਿਆਂ ਦੀ ਧੱਕੜ ਤਾਕਤ ਦਾ ਚਿਹਨ। ਉਹਨਾਂ ਦੀਆਂ ਮੁੱਛਾਂ ਹਉਮੈਂ ਦੀ ਤਸਵੀਰ ਨੇ; ਵੱਟ ਦੇ ਕੇ ਖੜ੍ਹੀਆਂ ਕੀਤੀਆਂ। ਇਹ ਸਰਪੰਚ ਦੀ ਲੁਕਵੀਂ ਸਿਆਸੀ ਨਿਰਮਾਣਤਾ ਦਾ ਜ਼ਾਹਿਰਾ ਸਰੂਪ ਹਨ। ਡਾਇਰੈਕਟਰ ਨੇ ਖੜ੍ਹੀਆਂ ਮੁੱਛਾਂ ਤੇ ਹਥਿਆਰਾਂ ਵਾਲੇ ਬੰਦੇ ਸਰਪੰਚ ਦੇ ਸੱਜੇ-ਖੱਬੇ ਐਵੇਂ ਹੀ ਖੜ੍ਹੇ ਨਹੀਂ ਕਰ ਦਿੱਤੇ। ‘ਕਾਨੂੰਨ ਵੀ ਕੋਈ ਚੀਜ਼ ਹੁੰਦੀ ਹੈ!’ ਤੇ ‘ਇਹਨਾਂ ਨੂੰ ਰਿਆਇਤਾਂ ਦੇ ਕੇ ਅੱਗੇ ਹੀ ਸਰਕਾਰ ਨੇ ਸਿਰ ‘ਤੇ ਚੜ੍ਹਾ ਛੱਡਿਆ’ ਆਖਣ ਵਾਲੇ ਅਸਲ ਵਿਚ ਸਰਪੰਚ ਤੇ ਮੋਢਿਆਂ ‘ਤੇ ਬੈਠੇ ਚਿਤ(ਰ)ਗੁਪਤ ਹੀ ਹਨ। ਉਹਦਾ ਲੁਕਿਆ ਹੋਇਆ ਰੂਪ ਹੀ ਹਨ। ਸਰਪੰਚ ਦੰਭੀ ਤੇ ਪਾਖੰਡੀ ਜਾਪਦਾ ਹੀ ਹੈ। ਉਹ ਆਏ ਲੋਕਾਂ ਤੋਂ ਵੀ ਪਹਿਲਾਂ ਕਚਹਿਰੀ ਪਹੁੰਚਣ ਦਾ ਵਾਅਦਾ ਕਰਦਾ ਹੈ। ਪਰ ਉਹਦੇ ਕਥਨ ਅਤੇ ਵਿਹਾਰ ਤੋਂ ਪਤਾ ਲੱਗਦਾ ਹੈ, ਉਹ ਸਹਾਇਤਾ ਲਈ ਆਏ ਲੋਕਾਂ ਦਾ ਨਹੀਂ; ਉਹਨਾਂ ਦਾ ਹੈ ਜਿਹੜੇ ਉਹਦੀ ਅੰਦਰਲੀ ਆਵਾਜ਼ ਅਨੁਸਾਰ ‘ਕਾਨੂੰਨੀ ਤੌਰ ‘ਤੇ ਜ਼ਮੀਨ ਦੇ ਮਾਲਕ’ ਬਣ ਚੁੱਕੇ ਹਨ। ਆਉਣ ਵਾਲਿਆਂ ਨੂੰ ਵੀ ਪਤਾ ਹੈ ਕਿ ਸਰਪੰਚ ਦਾ ਵਾਅਦਾ ਵਫ਼ਾ ਨਹੀਂ ਹੋਣਾ। ਉਹਨਾਂ ਦਾ ਅਪਣਾ ਚੁਣਿਆ ਦਲਿਤ ਮੈਂਬਰ ਜਟਕੀ ਧੌਂਸ ਅੱਗੇ ‘ਜ਼ਨਾਨੀ’ ਬਣਿਆ ਸਰਪੰਚ ਨੂੰ ਜ਼ੋਰ ਨਾਲ ਆਪਣੀ ਗੱਲ ਕਹਿਣ ਤੇ ਮਨਵਾਉਣ ਦੇ ਸਮਰੱਥ ਨਹੀਂ। ਸੰਕੇਤਕ ਤੌਰ ‘ਤੇ ਦਲਿਤਾਂ ਨੂੰ ਮਿਲੀ ਜਨ-ਪ੍ਰਤੀਨਿਧਤਾ ਦੇ ਖੋਖਲੇਪਨ ਦੀ ਹਕੀਕਤ ਦਾ ਪੋਲ ਖੁੱਲ੍ਹ ਜਾਂਦਾ ਹੈ। ਦਲਿਤ ਮੈਂਬਰ ਵੀ ਉਪਰਲੀਆਂ ਸ਼੍ਰੇਣੀਆਂ ਦੇ ਦਬਾਅ ਅਧੀਨ ਹਨ। ਉਹਨਾਂ ਦੇ ਅਨੁਸਾਰੀ ਹੋ ਕੇ ਚੱਲਣਾ ਉਹਨਾਂ ਦੀ ਸਿਆਸੀ ਮਜਬੂਰੀ ਹੈ। ਤਕੜੀ ਧਿਰ ਨੂੰ ਜ਼ੋਰ ਦੇ ਕੇ ਅਪਣੀ ਤੇ ਆਪਣੇ ਲੋਕਾਂ ਦੇ ਹਿਤ ਦੀ ਗੱਲ ਮਨਵਾ ਸਕਣੀ ਉਹਨਾਂ ਦੇ ਵੱਸ ਵਿਚ ਨਹੀਂ।
ਨਿਆਂ ਦੀ ਭਾਲ਼ ਵਿਚ ਭਟਕਦੇ ਭਾਈਚਾਰੇ ਦੇ ਲੋਕ ਭੀੜ ਦੀ ਸ਼ਕਲ ਵਿਚ ਹਨੇਰੀਆਂ ਗਲ਼ੀਆਂ ਵਿਚ ਤੁਰੇ ਫਿਰਦੇ ਹਨ। ਉਹਨਾਂ ਦੀ ਬੇਚੈਨੀ ਉਹਨਾਂ ਨੂੰ ਜੋੜਦੀ ਤਾਂ ਹੈ, ਪਰ ਉਹਨਾਂ ਵਿਚ ਹਾਲਾਤ ਨਾਲ ਲੜਨ ਦੀ ਤਾਕਤ ਨਹੀਂ। ਜੁੜਦੇ ਵੀ ਉਹ ਇਕ ਦੂਜੇ ਨਾਲ਼ ਸ਼ਰਮੋ-ਕੁਸ਼ਰਮੀ ਹਨ। ਮੇਲੂ ਦਾ ਬਾਪ ਭੀੜ ਵਿਚ ਜਾਂਦਾ-ਜਾਂਦਾ ਭੀੜ ਤੋਂ ਪਿੱਛੇ ਰਹਿ ਜਾਂਦਾ ਹੈ। ਰੁਕ ਜਾਂਦਾ ਹੈ। ਭੀੜ ਪਰਤਦੀ ਹੈ, ਤਾਂ ਮੁੜ ਅਣਮੰਨੇ ਮਨ ਨਾਲ ਉਹਨਾਂ ਦੇ ਪਿੱਛੇ-ਪਿੱਛੇ ਤੁਰ ਪੈਂਦਾ ਹੈ। ਅਣਮੰਨੇ ਮਨ ਨਾਲ਼ ਲੜਾਈ ਲੜਨ ਵਾਲ਼ਾ ਅਜਿਹਾ ਇਕੱਠ ਕੀ ਲੜ ਲਵੇਗਾ? ਕਿਵੇਂ ਲੜ ਲਵੇਗਾ? ਸਾਰੀ ਫਿ਼ਲਮ ਵਿਚ ਉਸ ਬਜ਼ੁਰਗ ਦੇ ਦੁਆਲ਼ੇ ਕੰਬਲ਼ ਲਪੇਟਿਆ ਰਹਿੰਦਾ ਹੈ। ਉਹਦੀਆਂ ਬਾਹਵਾਂ ਕੰਬਲ਼ ਵਿੱਚੋਂ ਸਿਰਫ਼ ਉਦੋਂ ਬਾਹਰ ਨਿਕਲਦੀਆਂ ਵਿਖਾਈਆਂ ਹਨ, ਜਦੋਂ ਉਹ ਸਵੇਰੇ ਸਿਰ ਦੇ ਖਿੱਲਰੇ ਵਾਲ਼ਾਂ ਨੂੰ ਪੱਗ ਵਿਚ ਬੰਨ੍ਹਦਾ ਹੈ; ਚਾਹ ਬਣਾਉਣ ਵਿਚ ਧੀ ਦੀ ਮਦਦ ਕਰਦਾ ਹੈ ਤੇ ਜਾਂ ਇਕ ਵਾਰ ਹੱਥਾਂ ‘ਤੇ ਰੋਟੀ ਧਰ ਕੇ ਖਾਂਦਾ ਹੈ। ਫਿ਼ਲਮ ਦੱਸ ਰਹੀ ਹੈ ਕਿ ਇਸ ਸ਼੍ਰੇਣੀ ਦੀਆਂ ਬਾਹਵਾਂ ਅਜੇ ਕੇਵਲ ਢਿੱਡ ਨੂੰ ਝੁਲਕਾ ਦੇਣ ਲਈ ਹੀ ਬਾਹਰ ਨਿਕਲਣ ਜੋਗੀਆਂ ਨੇ। ਇਹ ਹੱਥ ਅਜੇ ਮੂੰਹ ਵਿਚ ਬੁਰਕੀ ਪਾਉਣ ਜੋਗੇ ਤੇ ਖਿੱਲਰੇ ਵਾਲ਼ ਸਾਂਭਣ ਦਾ ਯਤਨ ਕਰਨ ਜੋਗੇ ਹੀ ਹਨ; ਇਹ ਹੱਥ ਅਜੇ ਲੜਨ ਜੋਗੇ ਨਹੀਂ। ਇਹ ਬਾਹਵਾਂ ਅਜੇ ਕੰਬਲ ਵਿੱਚੋਂ ਬਾਹਰ ਆ ਕੇ ਦੁਸ਼ਮਣ ਨੂੰ ਵੰਗਾਰਨ ਦੇ ਸਮਰੱਥ ਨਹੀਂ ਹੋਈਆਂ।
ਫਿ਼ਲਮ ਵਿਚ ਨਿੱਕੇ-ਨਿੱਕੇ ਕਈ ਦ੍ਰਿਸ਼ ਹਨ ਜਿਨ੍ਹਾਂ ਵਿਚ ਇਹਨਾਂ ਨਿੱਕੇ ਲੋਕਾਂ ਦੇ ਰੋਜ਼-ਮੱਰਾ ਜੀਵਨ ਦੇ ਕਈ ਕਵਾੜ ਖੁੱਲ੍ਹਦੇ ਹਨ। ਘਰ ਦੀ ਮੁਖੀ ਔਰਤ ਦੁਖੀ ਹੈ ਕਿ ਜਿਹਦੇ ਨਰਮੇ ਦੇ ਖੇਤਾਂ ਨੂੰ ਉਹ ਰੋਜ਼ ਚੁਗਣ ਜਾਂਦੀ ਹੈ, ਉਹਦੇ ਖੇਤਾਂ ਵਿਚੋਂ ਚੀਰਨੀ ਸਾਗ ਤੋੜਨ ਲਈ ਉਸਨੂੰ ਸੌ ਗੱਲਾਂ ਸੁਣਨੀਆਂ ਪਈਆਂ ਹਨ। ਰੁੱਗ ਬਾਲਣ ਦਾ ਮੰਗਣ ਲਈ ਬੇਪਤ ਹੋਣਾ ਪੈਂਦਾ ਹੈ। ਬਲ਼ਦੀ-ਖਪਦੀ ਅਪਣੀ ਬੇਚੈਨੀ, ਅਪਮਾਨ ਤੇ ਰੋਹ ਦਾ ਰਲਵਾਂ-ਮਿਲਵਾਂ ਪ੍ਰਗਟਾ ਕਰਦੀ ਉਹ ਉੱਚੀ-ਉੱਚੀ ਚੀਕ ਕੇ ਬੋਲਦੀ ਹੈ। ਉਹਦੀ ਪੀੜ ਤੇ ਉਹਦੀ ਚੀਕ ਸਿਰਫ਼ ਉਹਦੇ ਘਰ ਦੇ ਜੀਅ ਤੇ ਘਰ ਦੀਆਂ ਕੰਧਾਂ ਹੀ ਸੁਣਦੀਆਂ ਹਨ; ਜਿਨ੍ਹਾਂ ਨੂੰ ਸੁਣਾਉਣਾ ਚਾਹੁੰਦੀ ਹੈ ਉਹਨਾਂ ਤਕ ਇਹ ਆਵਾਜ਼ ਨਹੀਂ ਪਹੁੰਚਦੀ। ਜ਼ਮੀਨ-ਮਾਲਕ ਧਿਰ ਵੱਲੋਂ ਹਰ ਰੋਜ਼ ਨਿਮਨ ਧਿਰ ਨੂੰ ਜ਼ਲਾਲਤ ਸਹਿਣੀ ਪੈਂਦੀ ਹੈ। ਘਰ ਦੇ ਛੋਟੇ ਮੁੰਡੇ ਨੂੰ ਬੱਕਰੀ ਚਾਰਨ ਗਏ ਨੂੰ ਕੋਈ ਕਿਸਾਨ ਕੁੱਟਦਾ ਹੈ। ਬੱਕਰੀ ਨੂੰ ਕਸੀਆ ਮਾਰ ਕੇ ਜ਼ਖ਼ਮੀ ਕਰ ਦਿੰਦਾ ਹੈ। ਇਹ ਜ਼ਲਾਲਤ ਇਕ ਦਿਨ ਦੀ ਨਹੀਂ, ਹਰ ਰੋਜ਼ ਦੀ ਹੈ। ਮੁੰਡੇ ਦੀ ਭੈਣ ਜ਼ਖ਼ਮੀ ਬੱਕਰੀ ਨੂੰ ਪਲੋਸਦੀ ਹੈ। ਸਮੁੱਚੇ ਹਾਲਾਤ ਤੋਂ ਅਵਾਜ਼ਾਰ ਹੋਈ ਅੱਧੀ ਰਾਤ ਨੂੰ ਉੱਠ ਕੇ ਤੁਰਨ ਲਗਦੀ ਹੈ, ਤਾਂ ਛੋਟਾ ਭਰਾ ਪੁੱਛਦਾ ਹੈ ਕਿ ਕਿੱਥੇ ਚੱਲੀ ਹੈ? ਉਹ ਜਵਾਬ ਮੋੜਦੀ ਹੈ ਕਿ ਬੱਕਰੀ ਨੂੰ ਵੇਖਣ ਚੱਲੀ ਹੈ, ਕਿਤੇ ਤਾਪ ਨਾ ਚੜ੍ਹਿਆ ਹੋਵੇ। ਪਸ਼ੂ ਵਿਚਾਰੇ ਨੇ ਕਿਹੜਾ ਦੱਸ ਲੈਣਾ ਹੈ! ਬੱਕਰੀ ਨਿਮਨ ਧਿਰ ਦੀ ਬੇਬਸੀ ਦੀ ਪ੍ਰਤੀਕ ਹੈ। ਨਿਮਨ ਧਿਰ; ਜਿਹੜੀ ਰੋਜ਼ ਜ਼ਖਮੀ ਹੁੰਦੀ ਹੈ; ਬੇਵੱਸ ਹੈ; ਬੇਬੋਲ ਹੈ। ਜਿਸਦੀ ਬੇਚੈਨੀ, ਜਿਸਦਾ ਰੋਹ ਅੰਦਰੇ ਅੰਦਰ ਉਬਾਲ਼ੇ ਖਾਂਦਾ ਹੈ। ਤਾਪ ਇਕੱਲੀ ਬੱਕਰੀ ਨੂੰ ਨਹੀਂ ਚੜ੍ਹਿਆ, ਸਾਰੀ ਨਿਮਨ ਸ਼੍ਰੇਣੀ ਤਾਪ-ਗ੍ਰਸਤ ਹੈ।
ਨਿੱਤ ਦਿਨ ਦੀ ਜਟਕੀ ਧੌਂਸ ਤੇ ਧੱਕੇ ਤੋਂ ਪੀੜਿਤ ਹੋ ਕੇ ਹੀ ਸ਼ਾਇਦ ਇਸੇ ਪਰਿਵਾਰ ਦਾ ਨੌਜਵਾਨ ਪੁੱਤਰ ਮੇਲੂ ਸ਼ਹਿਰ ਮਜੂਰੀ ਕਰਨ ਗਿਆ ਸੀ। ਸ਼ਹਿਰ ਜਾ ਕੇ ਰਿਕਸ਼ਾ ਚਲਾਉਂਦਾ ਹੈ। ਸਾਥੀਆਂ ਨਾਲ ਰਲ਼ ਕੇ ਸ਼ਰਾਬ ਪੀਂਦਾ ਹੈ। ਥਰਮਲ ਪਲਾਂਟ ਦੇ ਪਿਛੋਕੜ ਵਿਚਲੇ ਦ੍ਰਿਸ਼ ਦੱਸਦੇ ਹਨ ਕਿ ਸਨਅਤੀ ਵਿਕਾਸ ਨੇ ਵੀ ਅਜੇ ਸਾਰੇ ਮਜ਼ਦੂਰਾਂ ਨੂੰ ਅਪਣੀ ਬੁੱਕਲ਼ ਵਿਚ ਲੈ ਕੇ ਬਣਦੀ ਸਰਦੀ ਰੋਟੀ ਰੋਜ਼ੀ ਨਹੀਂ ਦਿੱਤੀ ਜਾਂ ਉਹਨਾਂ ਕੋਲ਼ੋਂ ਰੋਟੀ ਖੋਹ ਲਈ ਹੈ। ਸ਼ਹਿਰ ਵਿਚ ਵੀ ਜੀਵਨ ਸੌਖਾ ਨਹੀਂ। ਰਿਕਸ਼ੇ ਵਾਲਿਆਂ ਦੀ ਅਪਣੀਆਂ ਮੰਗਾਂ ਲਈ ਕੀਤੀ ਹੜਤਾਲ ਦਾ ਦ੍ਰਿਸ ਹੈ। ਮੇਲੂ ਖ਼ਾਲੀ ਜੇਬ ਤੇ ਬਿਨਾਂ ਸਵਾਰੀ ਰਾਤ ਨੂੰ ਸੜਕਾਂ ‘ਤੇ ਰਿਕਸ਼ਾ ਭਜਾਈ ਫਿਰਦਾ ਹੈ। ਘਰ ਵਲ ਮੂੰਹ ਕਰਨ ਨੂੰ ਤਿਆਰ ਨਹੀਂ। ਖ਼ਾਲੀ ਜੇਬ ਲੈ ਕੇ ਘਰ ਕਿਵੇਂ ਜਾਵੇ? ਉਹ ਤਾਂ ਆਪ ਢਾਬੇ ਤੋਂ ਰੋਟੀ ਉਧਾਰ ਖਾਂਦਾ ਹੈ, ਦੋ ਬੱਚਿਆਂ ਤੇ ਬੀਵੀ ਦਾ ਢਿੱਡ ਕਿੱਥੋਂ ਭਰੇਗਾ? ਇਹ ਇਕ ਦਿਨ ਜਾਂ ਰਾਤ ਦੀ ਗੱਲ ਨਹੀਂ। ਫਿ਼ਲਮ ਵਿਚ ਹੀ ਇਕ ਰਾਤ ਦੀ ਗੱਲ ਹੈ। ਉਂਜ ਰੋਜ਼ ਰੋਜ਼ ਦੀ ਗੱਲ ਹੋਵੇਗੀ। ਅਸਲ ਵਿਚ ਫਿ਼ਲਮ ਸੰਕੇਤਕ ਤੌਰ ‘ਤੇ ਦੱਸਦੀ ਹੈ ਕਿ ਸ਼ਹਿਰੀਂ ਵੱਸਦੀ ਮਜ਼ਦੂਰ ਜਮਾਤ ਦਾ ਜੀਵਨ ਵੀ ਜਿਊਣਯੋਗ ਨਹੀਂ। ਮੇਲੂ ਦੇ ਦੂਜੇ ਸਾਥੀ ਵੀ ਘਰ-ਵਿਹੂਣੇ ਜਾਂ ਪਰਿਵਾਰ ਵਿਛੁੰਨੇ ਹੀ ਹਨ। ਸ਼ਰਾਬ ਪੀਂਦੇ, ਤਾਸ਼ ਖੇਡਦੇ। ਉਹ ਕਿੰਨੇ ਹੀ ਘਰ-ਵਿਹੂਣਿਆਂ ਦੇ ਪ੍ਰਤੀਨਿਧ ਹਨ। ਸਭ ਸਥਿਤੀ ਤੋਂ ਪਲਾਇਨ ਕਰਦੇ ਜਾਪਦੇ ਨੇ। ਖ਼ੁਦ ਮੇਲੂ ਇਸ ਜੀਵਨ ਤੋਂ ਅੱਕਿਆ-ਥੱਕਿਆ ਹਾਲਾਤ ਨਾਲ ਟੱਕਰਨ ਦੀ ਥਾਂ ਪਲਾਇਨ ਕਰਦਾ ਹੋਇਆ ਖੁਦਕੁਸ਼ੀ ਕਰਨ ਲਈ ਅਹੁਲਦਾ ਹੈ। ਸਬੱਬੀਂ ਬਚ ਜਾਂਦਾ ਹੈ। ਲੱਗਦਾ ਹੈ ਇਹ ਸ਼੍ਰੇਣੀ ਸਬੱਬੀ ਬਚੀ ਚਲੀ ਆ ਰਹੀ ਹੈ। ਜਿਊਂਦੀ ਤੁਰੀ ਆਉਂਦੀ ਹੈ। ਉਂਜ ਇਹਨਾਂ ਦਾ ਜੀਵਨ ਮਰਨਹਾਰ ਹਾਲਤਾਂ ਵਾਲ਼ਾ ਹੀ ਹੈ। ਇਹ ਤਾਂ ਜਿਊਣ ਦਾ ਸਬੱਬ ਲੱਭਣ ਲਈ ਤਰਲੋ-ਮੱਛੀ ਹੋ ਰਹੀ ਸ਼੍ਰੇਣੀ ਹੈ। ਜਿਊਣ ਦਾ ਸਬੱਬ ਮਿਲ਼ ਨਹੀਂ ਰਿਹਾ। ਰਾਹ ਲੱਭ ਨਹੀਂ ਰਿਹਾ। ਰਾਹ ਲੱਭਣ ਲਈ ਮੇਲੂ ਪਿੰਡੋਂ ਭੱਜਾ ਸੀ। ਰਾਹ ਲੱਭਦਾ ਹੀ ਅੱਧੀ ਰਾਤੀਂ ਪਿੰਡ ਮੁੜ ਆਇਆ ਹੈ। ਬੱਚੇ ਤੇ ਬੀਵੀ ਸ਼ਹਿਰ ਵਿਚ ਛੱਡ ਆਇਆ ਹੈ। ਪਿੰਡ ਵਿਚ ਮਾਂ-ਬਾਪ ਤੇ ਭੈਣ ਭਰਾ ਹਨ। ਜੇ ਇਹਨਾਂ ਨੂੰ ਤਿਆਗ ਕੇ ਗਿਆ ਸੀ, ਤਾਂ ਹੁਣ ਕੀਹਦੇ ਕੋਲ਼ ਆਇਆ ਹੈ? ਦੂਜੇ ਜੀਆਂ ਨੂੰ ਪਿੱਛੇ ਕਿਉਂ ਛੱਡ ਆਇਆ ਹੈ? ਨਰਸਰੀ ਵਾਲ਼ੇ ਹਮਦਰਦ ਚੌਕੀਦਾਰ ਦਾ ਅਹਾਤਾ ਤਾਂ ਉਹਦਾ ਸਦੀਵੀ ਰੈਣ-ਬਸੇਰਾ ਨਹੀਂ ਬਣ ਸਕਦਾ? ਉਹਨੂੰ ਤਾਂ ਉਹਦੇ ਅਪਣੇ ਗਰਾਈਂ ਜਾਂ ਰਿਸ਼ਤੇਦਾਰ ਨੇ ਵੀ ਰਾਤੀਂ ਘਰ ਰਖਣ ਤੋਂ ਇਨਕਾਰ ਕਰ ਦਿੱਤਾ ਸੀ। ਜਿਹੜੇ ਪਿੰਡੋਂ ਭੱਜ ਕੇ ਗਿਆ ਸੀ ਕੀ ਉਹ ਪਿੰਡ ਹੁਣ ਉਹਨੂੰ ਠਾਹਰ ਦੇ ਸਕੇਗਾ? ਉਹ ਪਿੰਡ ਵਾਲਾ ਘਰ ਛੱਡ ਕੇ ਸ਼ਹਿਰ ਗਿਆ ਸੀ। ਸ਼ਹਿਰ ਵਾਲਾ ਘਰ ਗਵਾ ਕੇ ਪਿੰਡ ਮੁੜਿਆ ਹੈ। ਉਹਦਾ ਅਸਲੀ ਤੇ ਅਪਣਾ ਘਰ ਹੈ ਕਿੱਥੇ? ਧਰਮੂ ਦਾ ਘਰ ਤਾਂ ਅਸਲੀਅਤ ਵਿਚ ਢਹਿ ਗਿਆ ਹੈ। ਪਰ ਕੀ ਇਸ ਸਾਰੀ ਸ਼੍ਰੇਣੀ ਦਾ ਆਪਾ ਖਿੰਡੇ, ਟੁੱਟੇ ਤੇ ਗਵਾਚੇ ਘਰ ਦਾ ਚਿਹਨ ਨਹੀਂ? ਫਿ਼ਲਮ ਇਸ ਵਰਗੇ ਕਿੰਨੇ ਸਵਾਲ ਪੈਦਾ ਕਰਦੀ ਹੈ। ਮਸਲਨ: ਚੰਨ ਨੂੰ ਗ੍ਰਹਿਣ ਲੱਗਾ ਹੈ। ਰਾਹੂ ਕੇਤੂ ਨੇ ਚੰਨ ਨੂੰ ਘੇਰਿਆ ਹੋਇਆ ਹੈ। ਇਸ ਹਨੇਰੀ ਰਾਤ ਵਿਚ ਇਹ ਲੋਕ ਕਿੱਧਰ ਜਾਣ? ਨਿਮਨ ਸ਼੍ਰੇਣੀਆਂ ਆਪਣੀ ਮਿਹਨਤ ਦੀ ਦਾਨ-ਦੱਖਣਾ ਨਾਲ ਰਾਹੂ-ਕੇਤੂਆਂ ਤੋਂ ਚੰਨ ਨੂੰ ਗ੍ਰਹਿਣ ਤੋਂ ਬਚਾਉਣ ਦਾ ਚਾਰਾ ਕਰਦੀਆਂ ਆਈਆਂ ਨੇ। ਪੀੜ੍ਹੀ ਦਰ ਪੀੜ੍ਹੀ ਕਿੰਨੀਆਂ ਕੁ ਸਦੀਆਂ ਰਾਹੂ ਕੇਤੂ ਦਾ ਉਹਨਾਂ ਦੇ ਚੰਨ ਦੁਆਲ਼ੇ ਪਹਿਰਾ ਰਹੇਗਾ? ਉਹਨਾਂ ਦੇ ਰਾਹਾਂ ਉੱਤੇ; ਉਹਨਾਂ ਦੀ ਰੋਸ਼ਨੀ ਉੱਤੇ ਕਿਹੜੇ ਰਾਹੂ ਕੇਤੂ ਕਾਬਜ਼ ਹਨ? ਇਹਨਾਂ ਰਾਹੂ-ਕੇਤੂਆਂ ਨੂੰ ਕਿੰਨਾ ਕੁ ਚਿਰ ਉਹ ਅਪਣੀ ਮਿਹਨਤ ਤੇ ਇੱਜ਼ਤ ‘ਦਾਨ’ ਕਰਦੇ ਰਹਿਣਗੇ? ਨਵੀਂ ਪੀੜ੍ਹੀ ਅਪਣੀ ਚਾਨਣੀ ਨੂੰ ਕਿਵੇਂ ਆਜ਼ਾਦ ਕਰਵਾਏ?
ਬਠਿੰਡੇ ਦੇ ਕਿਲ੍ਹੇ ਤੇ ਰਾਤ ਨੂੰ ਸ਼ਰਾਬ ਦੀ ਬੋਤਲ ਤੋੜਦਿਆਂ ਜਦੋਂ ਅਪਣੇ ਲੋਕਾਂ ਦੀ ਸਥਿਤੀ ਬਾਰੇ ਰੋਹ ਤੇ ਰੰਜ ਵਿਚ ਕਹਿਰਵਾਨ ਹੋਇਆ ਮੇਲੂ ਦਾ ਸਾਥੀ ਖੜਾ ਹੋ ਕੇ ਲਲਕਾਰਦਾ ਹੈ, “ਮੇਰਾ ਵੱਸ ਚੱਲੇ ਤਾਂ ਮੈਂ ਥਰਮਲ ਪਲਾਂਟ ਤੇ ਸਾਰੇ ਸ਼ਹਿਰ ਨੂੰ ਅੱਗ ਕਿਹੜਾ ਨਾ ਲਾ ਦਿਆਂ!” ਤਾਂ ਖਿ਼ਲਾਅ ਵਿਚੋਂ ਉਹਦੀ ਆਵਾਜ਼ ਪਰਤ ਕੇ ਉਹਦੇ ਕੋਲ ਹੀ ਪਰਤ ਆਉਂਦੀ ਹੈ। ਉਸ ਆਵਾਜ਼ ਨੂੰ ਉਹਦੇ ਨਸ਼ੱਈ ਸਾਥੀਆਂ ਤੋਂ ਬਿਨਾਂ ਸੁਣਨ ਵਾਲਾ ਓਥੇ ਹੋਰ ਕੋਈ ਨਹੀਂ।
ਹਨੇਰੀ ਗਲ਼ੀ ਵਿਚ ਖਲੋਤੇ ਭੈਣ ਭਰਾ ਤੇ ਪਿੰਡ ਦੇ ਲੋਕਾਂ ਦੇ ਤੁਰਦੇ ਫਿਰਦੇ ਬੇਪਛਾਣ ਹਜੂਮ ਦੇ ਅਰਥਾਂ ਦੇ ਗੁਹਜ ਵਿਚ ਉੱਤਰਦਿਆਂ ਹੋਇਆਂ ਪਾਸ਼ ਦੀਆਂ ਸਤਰਾਂ ਯਾਦ ਆਉਂਦੀਆਂ ਨੇ, ‘ਸੁਰੰਗ ਵਰਗੀ ਜਿ਼ੰਦਗੀ ਵਿਚ ਤੁਰਦਿਆਂ ਹੋਇਆਂ ਜਦੋਂ ਅਪਣੇ ਹੀ ਪਾਸ ਪਰਤ ਆਉਂਦੀ ਹੈ ਆਪਣੀ ਆਵਾਜ਼ ਤਾਂ ਕਰਨ ਲਈ ਬੱਸ ਇਹੋ ਬਚਦਾ ਹੈ ਕਿ ਚੱਲਿਆ ਜਾਵੇ ਹੁਣ ਉੱਡਦਿਆਂ ਬਾਜ਼ਾਂ ਮਗਰ।’
ਮੇਲੂ ਦੇ ਬੇਘਰੇ ਸਾਥੀ ਦੀ ਲਲਕਾਰ ਵਿਚ ਬਾਜ਼ਾਂ ਮਗਰ ਉੱਡਣ ਲਈ ਚਿੜੀਆਂ ਦੇ ਖੰਭ ਫੜਫੜਾ ਤਾਂ ਰਹੇ ਹਨ। ਜੇ ਇਸ ਲਲਕਾਰ ਨੂੰ ਦਿਸ਼ਾ ਤੇ ਅਗਵਾਈ ਮਿਲ਼ ਜਾਵੇ, ਤਾਂ ਇਹ ਨੌਜਵਾਨ ਪੀੜ੍ਹੀ ਇਨਕਲਾਬੀ ਵੀ ਬਣ ਸਕਦੀ ਹੈ ਤੇ ਜੇ ਅਜਿਹਾ ਨਹੀਂ ਹੁੰਦਾ ਤਾਂ ਉਹਨਾਂ ਦੇ ਨਸ਼ੱਈ ਤੇ ਲੁੰਪਨ ਬਣ ਕੇ ਤਬਾਹ ਹੋਣ ਜਾਂ ਕਿਸੇ ਰੇਲ ਦੀ ਪਟੜੀ ‘ਤੇ ਸਿਰ ਰੱਖ ਕੇ ਅਪਣਾ ਆਪ ਖ਼ਤਮ ਕਰ ਲੈਣ ਦੀਆਂ ਸੰਭਾਵਨਾਵਾਂ ਤਾਂ ਹਨ ਹੀ।
ਇਹ ਫਿ਼ਲਮ ਏਸੇ ਫੜਫੜਾਉਂਦੀ ਬੇਚੈਨੀ ਤੇ ਰੋਹ ਨੂੰ ਆਵਾਜ਼ ਦਿੰਦੀ ਹੈ।
ਜੋ ਕੁਝ ਮੈਂ ਦੱਸਿਆ ਹੈ, ਉਹ ਅਪਣੇ ਕੋਲ਼ੋਂ ਨਹੀਂ ਦੱਸਿਆ। ਇਹ ਤੇ ਹੋਰ ਕਿੰਨਾ ਕੁਝ ਜਿਹੜਾ ਮੈਥੋਂ ਦੱਸਿਆ ਨਹੀਂ ਜਾ ਸਕਿਆ, ਉਹ ਫਿ਼ਲਮ ਹੀ ਦੱਸਦੀ ਤੇ ਵਿਖਾਉਂਦੀ ਹੈ ਬਸ਼ਰਤੇ ਕਿ ਫ਼ਿਲਮ ਵੇਖਣੀ ਤੇ ਸਮਝਣੀ ਆਉਂਦੀ ਹੋਵੇ। ਇਹ ਸਾਰੀ ਕਲਾਕਾਰੀ ਫ਼ਿਲਮ ਦੇ ਨਿਰਦੇਸ਼ਕ, ਉਹਦੀ ਤਕਨੀਕੀ ਟੋਲੀ ਤੇ ਕਲਾਕਾਰਾਂ ਦੀ ਹੈ। ਫ਼ਿਲਮ ਏਨੀ ਸਹਿਜ ਹੈ ਕਿ ਲੱਗਦਾ ਹੀ ਨਹੀਂ ਕਿ ਕੋਈ ਪਾਤਰ ਐਕਟਿੰਗ ਕਰ ਰਿਹਾ ਹੈ। ਜਾਪਦਾ ਹੈ ਜਿਵੇਂ ਲੋਕ ਰੋਜ਼-ਮੱਰਾ ਦਾ ਜੀਵਨ ਜਿਊਂਦੇ ਤੁਰੇ ਫਿਰਦੇ ਤੇ ਗੱਲਾਂ ਕਰਦੇ ਹਨ। ਇਹ ਸ਼ਾਇਦ ਇਸ ਕਰਕੇ ਵੀ ਸੰਭਵ ਹੋਇਆ ਕਿ ਇਸ ਵਿਚ ਦੋ ਤਿੰਨ ਥੀਏਟਰ ਦੇ ਕਲਾਕਾਰਾਂ ਤੋਂ ਇਲਾਵਾ ਬਾਕੀ ਸਾਰੇ ਪਾਤਰ ਪਿੰਡ ਦੇ ਸਾਧਾਰਣ ਲੋਕ ਹੀ ਹਨ। ਕਿਸੇ ਫ਼ਿਲਮ ਵਿਚ ਇਹ ਤਜਰਬਾ ਵੀ ਪਹਿਲੀ ਵਾਰ ਹੋਇਆ ਹੈ ਕਿ ਜਿਹੜੀ ਸ਼੍ਰੇਣੀ ਦੇ ਲੋਕਾਂ ਦੀ ਇਹ ਫ਼ਿਲਮ ਹੈ ਓਸੇ ਸ਼੍ਰੇਣੀ ਦੇ ਸਾਧਾਰਾਣ ਪੇਂਡੂ ਲੋਕ ਪਰਦੇ ਉੱਤੇ ਅਪਣੀ ਕਹਾਣੀ ਵਿਖਾ ਰਹੇ ਹਨ। ਨਿਸਚੈ ਹੀ ਇਹ ਸਭ ਕੁਝ ਵਿਖਾਉਣ ਪਿੱਛੇ ਅੱਖ ਫ਼ਿਲਮ ਦੇ ਨਿਰਦੇਸ਼ਕ ਗੁਰਵਿੰਦਰ ਸਿੰਘ ਦੀ ਹੈ। ਇਹ ਸਾਰਾ ਚਮਤਕਾਰ ਗੁਰਵਿੰਦਰ ਦਾ ਹੈ।

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346