ਵਲੈਤੀਂ ਵਸੇ ਪੰਜਾਬੀਆਂ
ਦਾ ਦੇਸ਼ ਨਾਲ਼ੋਂ ਮੋਹ ਨਹੀਂ ਟੁੱਟਦਾ। ਦੂਜੀਆਂ ਤੀਜੀਆਂ ਪੀੜ੍ਹੀਆਂ ਦੀ ਵੀ ਕੋਈ ਨਾ ਕੋਈ ਤਾਰ
ਪਿੱਛੇ ਕਿਤੇ ਨਾ ਕਿਤੇ ਜੁੜੀ ਰਹਿੰਦੀ ਹੈ। ਬਹੁਤੇ ਪੰਜਾਬ ਚੋਂ ਮਾੜੇ ਦਿਨਾਂ ਕਰਕੇ ਨਿਕਲ਼ਦੇ
ਨੇ, ਪਰ ਤੰਦ ਪਿੱਛੇ ਜੋੜੀ ਰੱਖਦੇ ਨੇ। ਜ਼ਮੀਨਾਂ ਖ਼ਰੀਦਣ ਦੀ ਜਾਂ ਕਿੱਲਿਆਂ ਚ ਹੋਰ ਵਾਧਾ ਕਰਨ
ਦੀ ਚਾਹਨਾਂ ਤੀਬਰ ਹੀ ਰਹਿੰਦੀ ਰਹੀ ਹੈ। ਵੱਡੀਆਂ-ਵੱਡੀਆਂ ਕੋਠੀਆਂ ਖੜੀਆਂ ਕਰਨ ਦੀ ਇੱਛਿਆ
ਜਗਦੀ ਰਹਿੰਦੀ ਹੈ ਤੇ ਉੱਤੇ ਪਾਣੀ ਦੀਆਂ ਸਾਦੀਆਂ ਟੈਂਕੀਆਂ ਦੀ ਥਾਂ ਜਹਾਜ਼, ਘੋੜੇ,
ਫੁੱਟਬਾਲ, ਘੁੱਗੀਆਂ, ਕਬੂਤਰ, ਬਲਦਾਂ ਦੀਆਂ ਜੋੜੀਆਂ, ਬਾਜ਼ ਬਣਾਉਣ ਦੀ। ਸਿਆਸਤ ਵੀ ਪਿੱਛੇ
ਵਾਲ਼ੀ ਕਰਦੇ ਨੇ। ਬਿਨਾਂ ਕਿਸੇ ਤੁਕ ਦੇ, ਕਾਂਗਰਸੀ, ਅਕਾਲੀ, ਜਨਸੰਘੀਆਂ, ਕਾਮਰੇਡਾਂ ਸਭ ਨੇ
ਵਲੈਤਾਂ ਵਿਚ ਵੀ ਅਪਣੀਆਂ ਬਰਾਚਾਂ ਬਣਾਈਆਂ ਹੋਈਆਂ ਨੇ। ਪਿਛਲਿਆਂ ਲਈ ਉਹ ਪੈਸੇ-ਉਗਰਾਹੀ ਦਾ
ਵਸੀਲਾ ਬਣਦੇ ਨੇ। ਕਈ ਸਾਲੋ-ਸਾਲ ਆ ਕੇ ਪੌਂਡ ‘ਕੱਠੇ ਕਰਕੇ ਲਿਜਾਂਦੇ ਨੇ। ਬਹੁਤੇ ਵਲੈਤੀਏ
ਫੋਕੀ ਟੌਹਰ ਚ ਰਹਿੰਦੇ ਨੇ। ਦੇਸ ਚੋਂ ਆਉਂਦੇ ਲੀਡਰਾਂ ਨਾਲ਼ ਹੱਥ ਮਿਲਾਉਣ ਦਾ ਚਾਅ ਧੁਰ ਅੰਦਰ
ਜੀਉਂਦਾ ਹੁੰਦਾ ਹੈ। ਫ਼ੋਟੋਆਂ ਖਿਚਵਾ-ਖਿਚਵਾ ਪੱਲਿਓਂ ਪੈਸੇ ਦੇ ਕੇ ਦੇਸ ਪ੍ਰਦੇਸ ਵਰਗੇ
ਅਖ਼ਬਾਰਾਂ ਚ ਛਪਵਾਉਣ ਦਾ ਵੀ। ਇਹੀ ਤਸਵੀਰਾਂ ਫਿਰ ਘਰੀਂ ਸ਼ੋਅ ਕੇਸਾਂ ਚ ਸਜਾਈਆਂ ਜਾਂਦੀਆਂ ਨੇ
ਜਾਂ ਫ਼ਾਇਰ ਪਲੇਸਾਂ (ਾਂਰਿੲਪਲਅਚੲਸ) ‘ਤੇ ਟਿਕਦੀਆਂ ਨੇ। ਲੀਡਰਾਂ ਤੋਂ ਕੋਈ ਨਾ ਕੋਈ ਕੰਮ
ਕਢਾਉਣ ਦਾ ਲਾਰਾ ਲਾ ਕੇ ਇਨ੍ਹਾਂ ‘ਤੇ ਰੋਅਬ ਰੱਖਦੇ ਨੇ।
ਅੱਸੀਆਂ ਦੇ ਪੰਜਾਬ ‘ਚ ਕਾਲ਼ੇ ਦਿਨਾਂ ਦਾ ਬੋਲਬਾਲਾ ਰਿਹਾ; ਉਹ ਕਹਿਰ ਦੇਸ ਦੇ ਮਤਲਬੀ
ਸਿਆਸਤਦਾਨਾਂ ਐਸਾ ਸ਼ੁਰੂ ਕਰਾਇਆ ਕਿ ਠੰਢਾ ਹੋਣ ਦਾ ਨਾਂ ਹੀ ਨਾ ਲਵੇ। ਇਹ ਦਿਓ ਬੋਤਲ ਚੋਂ
ਐਸਾ ਨਿਕਲਿਆ ਕਿ ਕਈ ਵਰ੍ਹੇ ਪੰਜਾਬ ਦੇ ਅੰਦਰ ਬਾਹਰ ਆਦਮ-ਬੋ ਆਦਮ-ਬੋ ਕਰਦਾ ਦਨਦਨਾਉਂਦਾ
ਰਿਹਾ। ਜੀਆ ਘਾਤ ਚਲਦਾ ਰਿਹਾ। ਕਾਂਗਰਸ ਨੇ ਪੰਜਾਬ ਦੇ ਮਸਲਿਆਂ ਵੱਲ ਬੇਰੁਖੀ ਦਿਖਾਈ ਤੇ
ਅਕਾਲੀਆਂ ਹਮੇਸ਼ ਵਾਂਗ ਸਿਆਸਤ ਚ ਧਰਮ ਵਾੜ ਲਿਆ। ਵਿੱਚੇ ਭਿੰਡਰਾਂਵਾਲਾ ਵੀ ਆ ਗਿਆ। ਪੰਜਾਬ
ਦੀ ਸ਼ਾਤੀ ਨੂੰ ਨਜ਼ਰ ਲੱਗ ਗਈ। ਉਹਦਾ ਸੇਕ ਬਾਹਰ ਵੀ ਪੈਣਾ ਹੀ ਸੀ। ਪਿਆ ਵੀ ਤੇ ਪਿਆ ਵੀ ਬੜਾ
ਡਾਢਾ। ਇਕ ਪਾਸੇ ਅੰਬੀਆਂ ਹੋਈਆਂ ਉਲਾਰ ਸਿੱਖ ਭਾਵਨਾਵਾਂ ਵਾਲ਼ੇ ਹੋ ਗਏ; ਤੇ ਦੂਸਰੇ ਪਾਸੇ ਏਸ
ਦਹਿਸ਼ਤਗਰਦੀ ਦਾ ਵਿਰੋਧ ਕਰਨ ਵਾਲ਼ਿਆਂ ਨੂੰ ਹੋਣਾ ਪੈ ਗਿਆ। ਵਿਚੇ ਮਹਾਸ਼ੇ ਵੀ ਆ ਗਏ। ਅਗਲਿਆਂ
ਲਕੀਰ ਖਿੱਚ ਲਈ। ਜਾਂ ਅੰਨੇ ਜਾਂ ਬੰਨੇ ਵਾਲ਼ੀ। ਉਹ ਸਮਾਂ ਸਭ ਪੰਜਾਬੀਆਂ ਲਈ ਮਾੜਾ ਸੀ।
ਪੰਜਾਬ ਲਈ ਵੱਡਾ ਸਰਾਪ ਹੀ ਜਾਣੋ। ਪੰਜਾਬੀਆਂ ਹੱਥੋਂ ਫਿਰ ਪੰਜਾਬੀ ਹੀ ਮਾਰੇ ਗਏ। ਸਰਕਾਰੀ
ਜਬਰ ਨੇ ਪਹਿਲਾਂ ਵੀ ਕੋਈ ਢਿੱਲ ਨਹੀਂ ਸੀ ਵਰਤੀ ਤੇ ਹੁਣ ਵੀ ਕੀ ਵਰਤਣੀ ਸੀ। ਅਗਲਿਆਂ ਤਾਂ
ਕੁਰਸੀ ਕਾਬੂ ਚ ਰੱਖਣੀ ਹੁੰਦੀ ਆ। ਉਲਾਰ ਸਿੱਖੀ ਭਾਵਨਾਵਾਂ ਵਾਲਿਆਂ ਨੇ ਵੱਡੇ ਮਨੁੱਖਤਾਵਾਦੀ
ਸਿੱਖ ਸਿਧਾਤਾਂ ਨੂੰ ਨਕਾਰ ਕੇ ਸੌੜੀ ਸੋਚ ਤੇ ਪਹਿਰਾ ਦੇਣ ਦੀ ਚੋਣ ਕਰ ਲਈ ਸੀ। ਰਲ਼ ਕੇ
ਇਨ੍ਹਾਂ ਪੰਜਾਬੀਆਂ ਦਾ ਖ਼ੂਨ ਡੋਲ੍ਹਿਆ-ਡੁਲ੍ਹਾਇਆ। ਬੇਕਸੂਰਾਂ ਦਾ ਵੀ ਬਥੇਰਾ। ਮਰਦਾ ਕੋਈ
ਵੀ, ਸਭ ਤੋਂ ਵੱਡਾ ਨੁਕਸਾਨ ਤਾਂ ਪੰਜਾਬੀ ਭਾਈਚਾਰੇ ਦਾ ਹੀ ਹੋਣਾ ਸੀ। ਸੈਕੂਲਰ ਸੋਚ ਵਾਲ਼ਿਆਂ
ਨੂੰ ਉਹ ਸਮਾਂ ਡਾਢਾ ਮਹਿੰਗਾ ਪਿਆ। ਕਈ ਨਿਰਖੇ-ਪਰਖੇ ਕਾਮਰੇਡ ਤੇ ਯੁੱਗ ਪੁਰਸ਼ ਵੀ ਦੁੱਕੀ
ਤਿੱਕੀ ਸਮਝ ਕੇ ਔਹ ਪਾਰ ਬੁਲਾਏ। ਪਰ ਉਹ ਸਿਦਕ-ਸਿਰੜ ਵਾਲੇ ਸੀ; ਫਿਰ ਵੀ ਡਟੇ ਹੀ ਰਹੇ।
ਇਨ੍ਹਾਂ ਨੂੰ ਦੋਹਰੀ ਮਾਰ ਝੱਲਣੀ ਪਈ। ਸਰਕਾਰ ਦੀ ਵੀ ਤੇ ਦਹਿਸ਼ਤਗਰਦੀ ਦੀ ਵੀ। ਉਹ
ਅਸੂਲਾਂ-ਸਿਧਾਤਾਂ ਵਾਲ਼ੇ ਬੰਦੇ ਸੀ। ਅਪਣੇ ਥਾਂ ਅੜੇ ਰਹੇ। ਬੰਦੇ ਮਰਵਾਉਂਦੇ ਰਹੇ। ਅਗਲੇ
ਇਨ੍ਹਾਂ ਦੀ ਦੇਣ ਨੂੰ ਝੱਟ ਭੁੱਲ ਗਏ ਸੀ। ਸਿੱਖਾਂ ਲਈ ਮਹਾਸ਼ੇ ਤਾਂ ਪਹਿਲਾਂ ਹੀ ਵਿਰੋਧੀ ਧਿਰ
ਸੀ। ਅੱਲੜ੍ਹ ਜੁਆਨੀ ਨੂੰ ਏ ਕੇ ਸੰਤਾਲ਼ੀ ਤੇ ਮਾਊਜ਼ਰਾਂ ਦੀ ਖ਼ੁਮਾਰੀ ਨੇ ਆਸਮਾਨੀਂ ਚਾੜ੍ਹ
ਦਿੱਤਾ ਸੀ। ਨਸ਼ੇ ਤਾਂ ਇਕ ਦੀ ਖ਼ੁਮਾਰੀ ਨਹੀਂ ਮਾਣ, ਇਨ੍ਹਾਂ ਕੋਲ ਬੇਥ੍ਹਵੇ ਮਾਰੂ ਹਥਿਆਰ ਸੀ
– ਸਰਕਾਰ ਦੇ ਹਥਿਆਰਾਂ ਤੋਂ ਵੀ ਕਈ ਗੁਣਾ ਵਧਕੇ। ਉੱਤੋਂ ਜੁਆਨੀ ਸੀ ਤੇ ਮਨ ਮਰਜ਼ੀ ਕਰਨ ਲੈਣ
ਦੀ ਖੁੱਲ੍ਹ, ਨਾਲ਼ੇ ਧਰਮ ਦੀ ਪਾਣ। ਖ਼ਤਰਨਾਕ ਕੌਕਟੇਲ ਸੀ ਇਹ-ਤਬਾਹੀ ਵਾਲ਼ੀ। ਉਦੋਂ ਜੋ ਹੋਇਆ;
ਉਹੋ ਕੁਝ ਹੀ ਹੋ ਸਕਣਾ ਸੀ, ਏਹੋ ਜਿਹੇ ਹਾਲਾਤ ਵਿਚ।
ਵਲੈਤ ਚ ਭਾਰਤੀ ਮਜ਼ਦੂਰ ਸਭਾ ਦਾ ਅਪਣਾ ਸ਼ਾਨਦਾਰ ਇਤਿਹਾਸ ਹੈ। ਅਪਣੇ ਮੁੱਢ ਤੋਂ ਲੈ ਕੇ ਹੁਣ
ਤੀਕ ਇਹਨੇ ਭਾਰਤੀਆਂ ਤੇ ਮਜ਼ਦੂਰਾਂ ਦੇ ਹੱਕਾਂ ਲਈ ਵੱਡੇ-ਵੱਡੇ ਘੋਲ਼ ਕੀਤੇ ਤੇ ਜਿੱਤੇ ਵੀ।
ਯੂਨੀਅਨਾਂ ਵਿਚ ਧੜੱਲੇਦਾਰ ਕੰਮ ਕੀਤੇ; ਨਸਲਵਾਦ ਵਿਰੱਧ ਮੱਲਾਂ ਮਾਰੀਆਂ। ਪੰਜਾਬ ਦੇ ਕਾਲ਼ੇ
ਦਿਨਾਂ ਵਾਲ਼ੇ ਵੇਲਿਆਂ ‘ਚ ਇਹ ਸਭਾਵਾਂ ਵੀ ਪਰਖ ਦੀ ਘੜੀ ਚੋਂ ਨਿਕਲ਼ੀਆਂ। ਹਿਰਖੀ ਹੋਈ ਸਿੱਖ
ਭਾਵਨਾ ਵਾਲ਼ੇ ਇਨ੍ਹਾਂ ਤੋਂ ਪਾਸਾ ਵੱਟਣ ਲੱਗ ਗਏ। ਇਨ੍ਹਾਂ ਦੀ ਪਿਛਲੀ ਕੀਤੀ ਕਰਾਈ, ਇਕਦਮ
ਭੁਲਾ ਦਿੱਤੀ। ਤੱਤੇ ਸਿੱਖ ਸਿਧਾਤਾਂ ਵਾਲੇ ਸੱਭ ਦੂਸਰਿਆਂ ਦੇ ਗਲ਼ ਪੈਣ ਲਗ ਪਏ ਸੀ। ਹੱਥੋ
ਪਾਈ ਤੋਂ ਵੀ ਕੰਮ ਵੱਧਣ ਲੱਗ ਪਿਆ ਸੀ। ਆਮ ਲੋਕ ਬਿਨਾਂ ਵਜ੍ਹਾ ਲੜਾਈ ਤੋਂ ਝਕਦੇ ਸੀ। ਇਸ
ਖਿੱਚੋਤਾਣ ਚ ਵਲੈਤ ਚ ਕੁਝ ਪੰਜਾਬੀਆਂ ਦਾ ਜਾਨੀ ਨੁਕਸਾਨ ਵੀ ਹੋਇਆ।
ਸੈਕੂਲਰ ਸੋਚ ਵਾਲ਼ੇ ਅਖ਼ਬਾਰਾਂ ’ਚ ਜਾਂ ਮੀਟਿੰਗਾਂ ਚ ਅਪਣੀ ਗੱਲ ਕਰਦੇ ਸੀ। ਦੂਜਿਆਂ ਨੂੰ ਇਹ
ਚੁੱਭਣ ਲੱਗ ਪਈ। ਵਿਚਾਰ-ਵਿਟਾਂਦਰੇ ਤੋਂ ਗੱਲ ‘ਗਾਂਹ ਨਿਕਲ ਗਈ ਸੀ। ਨਾ ਦਲੀਲ ਨਾਲ਼ ਗੱਲ ਚ
ਉਹ ਯਕੀਨ ਰੱਖਦੇ ਸੀ, ਨਾ ਉਨ੍ਹਾਂ ਨੂੰ ਉਹ ਹਜ਼ਮ ਹੁੰਦੀ ਸੀ। ਉਹ ਅਪਣੀ ਗੱਲ ਗੁਰਦੁਆਰਿਆਂ ਚ
ਕਰ ਲੈਂਦੇ ਸੀ; ਕਾਮਰੇਡ ਅਪਣੀਆਂ ਅੱਡ ਮੀਟਿੰਗਾਂ ਵਗ਼ੈਰਾ ਕਰਕੇ। ਚਾਰ ਹਜ਼ਾਰ ਮੀਲੋਂ ਦੂਰ,
ਦੇਸੀ ਦਹਿਸ਼ਤਗਰਦੀ ਧੱਕੇ ਨਾਲ਼ ਵਲੈਤ ਵੀ ਆ ਵੜੀ; ਏਥੇ ਇਹਦਾ ਕੋਈ ਮਤਲਬ ਨਹੀਂ ਸੀ। ਉਹ
ਕਾਮਰੇਡਾਂ ਨੂੰ ਲਾਲ ਕੁੱਤੇ ਸੱਦਦੇ। ਹੋਰ ਵੀ ਕਈ ਕੁਝ।
ਔਖ਼ੇ ਦਿਨਾਂ ਦਾ ਵਲੈਤ ਚ ਪਹਿਲ-ਪਲੇਠਾ ਟੈਸਟ ਲੰਡਨ ਵਿਖੇ ਹੋਇਆ। ਈਸਟ ਲੰਡਨ ਦੀ ਭਾਰਤੀ
ਮਜ਼ਦੂਰ ਸਭਾ ਦੀ ਬਰਾਂਚ ਨੇ ਜਲਸਾ ਰੱਖਿਆ ਹੋਇਆ ਸੀ। ਪਹਿਲਾਂ ਵਾਂਗ ਵੱਖ ਵੱਖ ਬਰਾਂਚਾਂ ਨੇ
ਹਾਜ਼ਰੀ ਲਵਾਉਣੀ ਸੀ। ਸਾਰੇ ਗਏ ਵੀ। ਐਸੇ ਸਾਰੇ ਪ੍ਰੋਗਰਾਮਾਂ ਚ ਸਭ ਹੀ ਜਾਂਦੇ ਹੁੰਦੇ ਸੀ।
ਓਸ ਸ਼ਹਿਰ ਦੇ ਤਾਂ ਘਰ ਦੇ ਸਾਰੇ ਜੀਅ ਪਰਿਵਾਰਾਂ ਨਾਲ਼ ਬੱਚਿਆਂ ਸਮੇਤ ਹਾਜ਼ਰ ਹੁੰਦੇ। ਇਓਂ
ਸਰਗਰਮੀ ਵੀ ਹੋ ਜਾਂਦੀ ਤੇ ਜੋੜ-ਮੇਲਾ ਵੀ। ਅਜੇ ਮੀਟਿੰਗ ਮਸਾਂ ਅੱਧੇ ਵਿਚਾਲ਼ੇ ਹੀ ਗਈ ਹੋਣੀ
ਆ ਕਿ ਕਿਸੇ ਭਾਈ ਨੇ ਖੜੋ ਕੇ ਭਾਰਤੀ ਮਜ਼ਦੂਰ ਸਭਾ ਦੀ ਮੈਂਬਰਸ਼ਿਪ ਦਾ ਅਪਣਾ ਕਾਰਡ ਪਾੜ
ਦਿੱਤਾ। ਸਭ ਨੂੰ ਦਿਖਾ ਕੇ, ਕਹਿੰਦਾ: ਮੈਂ ਨਹੀਂ ਤੁਹਾਡੀ ਸਭਾ ਦਾ ਮੈਂਬਰ। ਉਹਦਾ ਗ਼ੁੱਸਾ
ਸਾਫ਼ ਦਿਸਦਾ ਸੀ। ਹੁਣ ਗੱਲ ਦੋ ਤਿੰਨ ਤਰ੍ਹਾਂ ਹੀ ਨਿਬੜਨੀ ਸੀ। ਜਾਂ ਤਾਂ ਉਹ ਆਪੇ ਬਾਹਰ ਚਲੇ
ਜਾਂਦਾ, ਜਦ ਉਹ ਅਪਣੇ ਆਪ ਨੂੰ ਮੈਂਬਰ ਹੀ ਨਹੀਂ ਸੀ ਗਿਣਦਾ ਜਾਂ ਚੁਪਚਾਪ ਬਹਿ ਕੇ ਗੱਲ ਸੁਣੀ
ਜਾਂਦਾ। ਆਖ਼ਿਰੀ ਕੰਮ ਬਰਾਂਚ ਦੇ ਮੈਂਬਰਾਂ ਨੂੰ ਕਰਨਾ ਪੈਣਾ ਸੀ। ਬਾਕੀ ਦਿਆਂ ਵੀ ਅਖ਼ੀਰਲੇ
ਕੰਮ ਕਰਨ ਲਈ ਨਾਲ਼ ਹੀ ਹੋਣਾ ਸੀ। ਗਰਮੋ-ਗਰਮੀ ਹੋਣ ਹੀ ਲੱਗੀ ਸੀ ਕਿ ਬਾਹਰ ਭਰੀਆਂ ਦੋ ਕੋਚਾਂ
ਆ ਖਲੋਈਆਂ। ਵਿੱਚੋਂ ਤੱਤੇ ਖ਼ਾਲਿਸਤਾਨੀ ਨਿਕਲ਼ਣੇ ਸ਼ੁਰੂ ਹੋ ਗਏ ਸੀ। ਅਸੀਂ ਅਪਣੇ ਹਮਾਇਤੀਆਂ
ਤੋਂ ਜਾਣੂੰ ਸਾਂ। ਬੱਸਾਂ ਵਾਲੇ ਸਾਰੇ ਨਵੇਂ-ਨਵੇਂ ਅਣਜਾਣ ਚਿਹਰੇ ਸੀ। ਕੁਝ ਨਵੇਂ ਸਜੇ ਸਿੱਖ
ਸੀ। ਕੁਝ ਅਜੇ ਵੀ ਮੋਨੇ ਸੀ, ਪਰ ਵਾਲ ਵਧਣੇ ਸ਼ੁਰੂ ਹੋਏ ਹੋਏ ਸੀ। ਬਹੁਤ ਸਾਰੇ ਸਾਬਤ ਸੂਰਤ
ਸਿੱਖ ਦਿੱਖ ਵਾਲ਼ੇ ਸੀ। ਸੀ ਵੀ ਸਾਰੇ ਦੇ ਸਾਰੇ ਦੇਸੀ ਬੰਦੇ ਹੀ, ਔਰਤ ਕੋਈ ਨਹੀਂ ਸੀ। ਬਾਅਦ
ਚ ਸੂਹ ਲੱਗੀ ਸੀ ਕਿ ਮੈਂਬਰਸ਼ਿਪ ਕਾਰਡ ਪਾੜਨ ਵਾਲਾ ਬੰਦਾ ਵੀ ਅੰਦਰੋਂ ਇਨ੍ਹਾਂ ਨਾਲ਼ ਜੁੜਿਆ
ਹੋਇਆ ਸੀ। ਲੱਗਦਾ ਏਦਾਂ ਸੀ ਕਿ ਉਹ ਪਲਾਂਟ ਕੀਤਾ ਬੰਦਾ ਸੀ। ਉਹਨੇ ਕਾਰਡ ਪਾੜ ਕੇ ਗੱਲ ਸ਼ੁਰੂ
ਕਰਨੀ ਸੀ। ਮਗਰੋਂ ਰੌਲ਼ਾ ਰੱਪਾ ਪੈ ਕੇ ਝਗੜਾ ਹੋਣਾ ਸੀ। ਸ਼ਾਇਦ ਲੜਾਈ ਵੀ ਹੁੰਦੀ। ਅਸੀਂ ਲੜਾਈ
ਲਈ ਤਿਆਰ ਨਹੀਂ ਸੀ। ਲੜਾਈ ਦੀ ਗੱਲ ਤਾਂ ਸਾਡੇ ਚਿੱਤ ਚੇਤੇ ਵੀ ਨਾ ਸੀ। ਨਾ ਹੀ ਇਹ ਕਿਆਸਿਆ
ਸੀ ਕਿ ਕੋਈ ਸਾਡਾ ਫ਼ੰਕਸ਼ਨ ਭੰਗ ਕਰਨ ਦੀ ਜੁਰਅੱਤ ਰੱਖਦਾ ਸੀ। ਅਗਲੇ ਪੂਰੀ ਤਿਆਰੀ ਨਾਲ਼ ਆਏ
ਲੱਗਦੇ ਸੀ। ਨਹੀਂ ਤਾਂ ਏਡੀ ਦੂਰੋਂ ਦੋ ਕੋਚਾਂ ਭਰਕੇ ਬਿਗ਼ਾਨੇ ਸ਼ਹਿਰ ਦੇ ਜਲਸੇ ਚ ਕੌਣ
ਆਉਂਦਾ। ਸਾਡੇ ਚੋਂ ਵੀ ਕਈ ਬਹੁਤੇ ਗਰਮ ਸੀ, ਕਈ ਬਹੁਤ ਠੰਢੇ ਤੇ ਕਈ ਗਭਲੇ ਮੇਲ਼ ਦੇ।
ਜਿਨ੍ਹਾਂ ਦੇ ਡੌਲ਼ੇ ਫਰਕਦੇ ਸੀ, ਉਹ ਕਹਿਣ: ਜਦ ਉਹ ਸਾਡੇ ‘ਤੇ ਚੜ੍ਹ ਕੇ ਆ ਹੀ ਗਏ, ਤਾਂ ਹੋ
ਜਾਣ ਦੋ ਦੋ ਹੱਥ ਫੇਰ; ਇਹ ਕੱਟਾ ਕੱਟੀ ਵੀ ਅੱਜ ਕੱਢ ਹੀ ਲਈਏ। ਅਸੀਂ ਇਨ੍ਹਾਂ ਨੂੰ ਅੰਦਰ ਨਾ
ਵੜਨ ਦਿੱਤਾ। ਮੀਟਿੰਗ ਵੀ ਹੋ ਗਈ। ਸਿਆਣੇ ਬੰਦੇ ਕਹਿਣ ਨੁਕਸਾਨ ਹੋਇਆ ਮਾੜਾ ਹੁੰਦਾ। ਕਿਸੇ
ਦਾ ਵੀ। ਸੁਘੜ ਬੰਦਿਆਂ ਦੀ ਪੁੱਗ ਗਈ। ਉਨ੍ਹਾਂ ਨੂੰ ਅੰਦਰ ਨਾ ਵੜਨ ਦਿੱਤਾ। ਦੋਹਾਂ ਧਿਰਾਂ
ਦਾ ਬਚਾਅ ਹੋ ਗਿਆ। ਇਸ ਵਾਰ ਪੰਜਾਬੀ ਕੌਮ ਹੁੱਲੜਬਾਜ਼ੀ ਦੀ ਬਦਨਾਮੀ ਤੋਂ ਬਚ ਗਈ।
ਹੁਣ ਸਾਨੂੰ ਖ਼ਬਰਦਾਰੀ ਹੋ ਗਈ ਸੀ ਕਿ ਟਕਰਾਅ ਬਹੁਤਾ ਚਿਰ ਟਲਣਾ ਨਹੀਂ; ਕਿਤੇ ਵੀ ਹੋ ਸਕਦਾ
ਸੀ। ਅਗਲਿਆਂ ਦਲੀਲਬਾਜ਼ੀ ਵਾਲ਼ੇ ਸਾਰੇ ਬੂਹੇ ਘੁੱਟ ਕੇ ਭੇੜ ਲਏ ਸੀ। ਲੀਕ ਖਿੱਚ ਦਿੱਤੀ ਸੀ।
ਉਨ੍ਹਾਂ ਦਾ ਖਿਆਲ ਸੀ ਜਾਂ ਸਾਡੇ ਨਾਲ਼ ਹੋਵੇ ਨਹੀਂ ਤਾਂ ਤੁਸੀਂ ਵੀ ਸਾਡੇ ਦੁਸ਼ਮਣ। ਵਿੱਚੋਂ
ਗੱਲ ਤਾਂ ਏਨੀ ਸੀ ਕਿ ਉਨ੍ਹਾਂ ਨੂੰ ਸਾਡੀ ਰਾਏ ਚੁੱਭਦੀ ਸੀ। ਸਾਨੂੰ ਉਨ੍ਹਾਂ ਦੀ ਨਹੀਂ ਸੀ
ਪੁਗਦੀ। ਪਰ ਅਗਲੇ ਸਾਨੂੰ ਚੁਪ ਕਰਾਉਣ ‘ਤੇ ਤੁਲੇ ਹੋਏ ਸੀ। ਕੌੜ ਹੋਰ ਵਧਣੀ ਹੀ ਵਧਣੀ ਸੀ।
ਹੁਣ ਠੰਢੇ ਮਨ ਨਾਲ਼ ਸੋਚੀਦਾ ਹੈ, ਤਾਂ ਲੱਗਦਾ ਚੰਗਾ ਹੋਇਆ। ਕਿਸੇ ਜਾਨ ਦਾ ਨੁਕਸਾਨ ਵੀ ਹੋ
ਸਕਦਾ। ਉਹਦਾ ਅਸਰ ਮਗਰਲਿਆਂ ਤੇ ਵੱਧ ਪੈਣਾ ਸੀ। ਆਉਣ ਵਾਲੀਆ ਅਣਸਾਂ ਤੇ ਵੀ। ਨੁਕਸਾਨ ਤਾਂ
ਪੰਜਾਬੀਆਂ ਦਾ ਹੀ ਹੋਣਾ ਸੀ।
ਹੁਣ ਅਸੀਂ ਚੌਕਸ ਹੋ ਗਏ ਸਾਂ। ਅਸੀਂ ਅਪਣੀ ਸਮਝ ਨੂੰ ਸਹੀ ਮੰਨਦੇ ਸੀ, ਉਹ ਅਪਣੀ ਨੂੰ।
ਸਥਿਤੀ ਸਾਵੀਂ ਨਹੀ ਸੀ। ਖ਼ਿਆਲ ਰੱਖਣ ਲੱਗ ਪਏ ਸਾਂ ਕਿ ਕਿਤੇ ਐਵਂੇ ਅਣਭੋਲ਼ ਹੀ ਨਾ ਮਾਰੇ ਜਾਏ
ਜਾਈਏ। ਬਹੁਤੀਆਂ ਦਲੀਲਾਂ ਦੀਆਂ ਗੱਲਾਂ ਅਗਲਿਆਂ ਦੇ ਸਿਰ ਤੋਂ ਦੀ ਨਿਕਲ ਜਾਂਦੀਆਂ ਸੀ।
ਉਨ੍ਹਾਂ ਦਾ ਹਿਰਖ ਘਟਣ ਚ ਨਹੀਂ ਸੀ ਆਉਂਦਾ। ਇਹ ਗੱਲ ਓਹਨਾਂ ਦੇ ਦਿਮਾਗ ਚ ਪੈਂਦੀ ਹੀ ਨਹੀਂ
ਸੀ ਕਿ ਸਿੱਖ ਪੰਜਾਬ ਤੋਂ ਬਾਹਰ ਵੀ ਵਸਦੇ ਨੇ ਉਨ੍ਹਾਂ ਦਾ ਕੀ ਹੋਊ। ਨਾਲ਼ੇ ਹਰਿਮੰਦਰ ਸਾਹਿਬ
ਲੜਾਈ ਕਰਨ ਦੀ ਥਾਂ ਨਹੀਂ ਸੀ। ਜੇ ਲੜਾਈ ਕਰਨੀ ਸੀ ਤਾਂ ਕੋਈ ਹੋਰ ਜਗ੍ਹਾ ਲੱਭ ਲੈਂਦੇ।
ਸਰਕਾਰ ਨੇ ਵੀ ਪਹਿਲਾਂ ਗੱਲ ਏਸ ਹੱਦ ਤੀਕ ਵੱਧ ਲੈਣ ਦਿੱਤੀ ਸੀ। ਬਹਾਨੇ ਨਾਲ ਹਮਲਾ ਕਰ ਲਿਆ।
ਵਿਚੇ ਪਾਰਟੀਆਂ ਦੇ ਅਪਣੇ ਅੰਦਰਲੇ ਭੇੜ ਸੀ।
ਜਿੱਥੇ ਬਰਾਂਚਾਂ ਤਕੜੀਆਂ ਸੀ, ਕਾਮਰੇਡ ਭਾਈ ਅਪਣੇ ਪਰਚੇ ਵੰਡਦੇ ਸੀ। ਏਦਾਂ ਅਪਣੇ ਵਿਚਾਰ
ਦੱਸਦੇ ਸੀ। ਅਗਲਿਆਂ ਨੂੰ ਏਨੀ ਕੁ ਗੱਲ ਵੀ ਚੁਭਦੀ ਸੀ। ਨਿੱਕੀ-ਨਿੱਕੀ ਅਹਿਸਮਤੀ ਤੇ ਵੀ
ਲੜੂੰ-ਲੜੂੰ ਕਰਦੇ ਸੀ। ਅਖ਼ੀਰ ਇਨ੍ਹਾਂ ਨੇ ਬਾਹਰੋਂ ਬੰਦੇ ਲਿਆ ਕੇ, ਪੇਪਰ ਵੇਚਦੇ ਬ੍ਰਮਿੰਘਮ
ਵਾਲਿਆਂ ਕਾਮਰੇਡਾਂ ਨੂੰ ਕੁੱਟਿਆ ਸੀ। ਇਕ ਦੋ ਦੇ ਸੱਟਾਂ ਵੀ ਮਾਰੀਆਂ ਸੀ। ਕੱਲਿਆਂ ਕਹਿਰਿਆਂ
ਨੂੰ ਦੇਖ ਕੇ ਕੁੱਟਣ-ਮਾਰਨ ਪੈਂਦੇ ਸੀ। ਦਾਬਾ ਪਾਉਣਾ ਚਾਹੁੰਦੇ ਸੀ। ਕਈ ਸੇਵਾ ਭਾਵਨਾ ਤਹਿਤ
ਕੰਮ ਕਰਦੇ ਕਾਮਰੇਡਾਂ ਦੀ ਗੁਰਦੁਆਰੇ ਅੰਦਰ ਲਾਹ-ਪਾਹ ਕਰ ਦਿੱਤੀ ਸੀ। ਕਈ ਗੁਰਦੁਆਰੀਂ ਲਿਖਕੇ
ਲਾ ਦਿੱਤਾ ਸੀ ਕਿ ਕਮਿਉਨਿਸਟ ਗੁਰਦੁਆਰੇ ਅੰਦਰ ਨਹੀਂ ਆ ਸਕਦੇ। ਅਪਣੇ ‘ਖ਼ਿਲਾਫ਼’ ਲਿਖਣ
ਵਾਲ਼ਿਆਂ ਨੂੰ ਵੀ ਇਨ੍ਹਾਂ ਨੇ ਧਮਕੀਆਂ ਦਿੱਤੀਆਂ ਸੀ। ਕਈ ਵਲੈਤੀ ਅਖ਼ਬਾਰਾਂ ਵਾਲ਼ੇ ਵੀ ਇਨ੍ਹਾਂ
ਦੇ ਢਹੇ ਚੜ੍ਹੇ ਹੋਏ ਸੀ। ਨਾਲ਼ੇ ਅਖ਼ਬਾਰਾਂ ਵੇਚਣ ਹਿਤ ਸ਼ੈਤਾਨੀਆਂ ਕਰਦੇ ਸੀ। ਏਦਾਂ ਇਨ੍ਹਾਂ
ਦੀਆਂ ਅਖ਼ਬਾਰਾਂ ਵਧ ਵਿਕਦੀਆਂ ਸੀ। ਇਓਂ ਇਹ ਖ਼ਾਲਸਿਤਾਨੀਆਂ ਦੀ ਭੱਲ ਖੱਟ ਲੈਂਦੇ ਸੀ।
ਚੁਆਤੀਆਂ ਲਾਉਣ ਲਈ ਖਾਲਸਿਤਾਨੀ ਪੱਖੀ ਵਿਰੋਧੀ ਲਿਖਤਾਂ ਨਾਲ਼ ਆਪ ਹੋਰ ਗੱਲਾਂ ਜੋੜ ਦਿੰਦੇ ਸੀ
ਕਈ ਵਾਰ ਲੇਖਕਾਂ ਦੇ ਟੈਲੀਫ਼ੂਨ ਤੇ ਪਤੇ ਵੀ ਲਿਖ ਦਿੰਦੇ ਸੀ। ਇਸ ਤਰ੍ਹਾਂ ਇਨ੍ਹਾਂ ਨੇ
ਟੈਲੀਫ਼ੂਨਾਂ ਤੇ ਗਾਲ਼ੀ-ਗਲੋਚ ਕਰਨਾ ਸ਼ੁਰੂ ਕਰ ਦਿੱਤਾ ਸੀ। ਜੇ ਘਰ ਦੀਆਂ ਸੁਆਣੀਆਂ ਫੋਨ
ਚੁੱਕਦੀਆਂ ਤਾਂ ਉਨ੍ਹਾਂ ਨੂੰ ਵੀ ਧਮਕੀਆਂ ਦੇਣ ਲੱਗ ਪਏ ਸੀ। ਚੰਗਾ ਮੰਦਾ ਵੀ ਬੋਲਦੇ।
ਸਿੱਟੇ ਵਜੋਂ ਨਵੇਂ ਪਰਚੇ ਸ਼ੁਰੂ ਹੋਏ ਸੀ। ਵਿਸ਼ਨੂੰ ਦੱਤ ਸ਼ਰਮੇ ਨੇ ਚਰਚਾ, ਤੇ ਕੇ ਸੀ ਮੋਹਨ
ਹੋਰਾਂ ਦਰਪਣ ਕੱਢਣਾ ਸ਼ੁਰੂ ਕੀਤਾ ਸੀ। ਅਵਤਾਰ ਸਾਦਿਕ ਹੋਰਾਂ ਲੋਕਤਾ ਫਿਰ ਚਾਲੂ ਕੀਤਾ ਸੀ,
ਹਰਪਾਲ ਬਰਾੜ ਹੋਰਾਂ ਦੀ ਸੰਪਾਦਕੀ ਹੇਠ ਲਲਕਾਰ ਪਹਿਲਾਂ ਹੀ ਚੱਲਦਾ ਸੀ। ਇਨ੍ਹਾਂ ਪਰਚਿਆਂ ਚ
ਖੱਬੇ ਪੱਖੀ ਲਿਖਾਂਰੀ ਛਪਦੇ ਸੀ, ਜੋ ਪਹਿਲਾਂ ਦੇਸ ਪਰਦੇਸ ਤੇ ਪੰਜਾਬ ਟਾਈਮਜ਼ ‘ਚ ਵੀ ਛਪਦੇ
ਰਹੇ ਸੀ। ਏਧਰ ਖੱਬੀ ਧਿਰ ਬਣ ਗਈ। ਦੂਜੇ ਦੋਵੇਂ ਖਾਲਸਿਤਾਨੀਆਂ ਦੇ ਸੋਹਲੇ ਗਾਉਣ ਲੱਗ ਪਏ
ਸੀ। ਹੁਣ ਇਹ ਖਿੱਚੀ ਹੋਈ ਲੀਕ ਦੇ ਦੂਸਰੇ ਪਾਸੇ ਸੀ। ਕਾਮਰੇਡਾਂ ਦੀਆਂ ਲਿਖਤਾਂ ਬਹੁਤ
ਪੜ੍ਹੀਆਂ ਜਾਂਦੀਆਂ ਸੀ। ਵਿਸ਼ਨੂੰ ਦੱਤ ਦੀ ਦਲੀਲ ਤੇ ਅਮਰਜੀਤ ਚੰਦਨ ਦਾ ਵਿਅੰਗ-ਬਾਣ ਇਨ੍ਹਾਂ
ਦੇ ਗਿੱਟੀਂ ਡੈਹੇ ਵਾਂਗ ਵਜਦਾ ਸੀ। ਇਹਦਾ ਮੋੜਵਾਂ ਜੁਆਬ ਇਹ ਨਾ ਦੇ ਸਕਦੇ। ਚੰਦਨ ਦੀ
‘ਪੰਜਾਬ ਦੇ ਕਾਤਲਾਂ ਨੂੰ’ ਕਵਿਤਾ ਨੇ ਵੀ ਬੜੀ ਤਰਥੱਲੀ ਮਚਾਈ ਸੀ। ਲੇਖਕਾਂ ਚ ਵੀ ਧੜੇ ਵੰਡ
ਹੋ ਗਈ ਸੀ – ਕੁਝ ਗਰਮ ਸਿੱਖਾਂ ਨਾਲ ਜਾ ਰਲ਼ੇ ਸੀ, ਕੁਝ ਵਿਚ ਵਿਚਾਲੇ ਤੇ ਕੁਝ ਬਿਲਕੁਲ
ਵਿਰੋਧ ਕਰਨ ਵਾਲੇ ਪਾਸੇ ਹੋ ਗਏ ਸੀ। । ਲਲਕਾਰ ਨੂੰ ਬੰਦ ਕਰਾਉਣ ਦੀਆਂ ਕੋਸ਼ਿਸਾਂ ਵੀ
ਕੀਤੀਆਂ। ਹਰਪਾਲ ਬਰਾੜ ਦਾ ‘ਕੀ ਸਿੱਖ ਕੌਮ ਹਨ’ ਬੁੱਕਲੈੱਟ ਵੀ ਬਹੁਤ ਚੁਭਿਆ ਸੀ ਤੇ ਅਜਮੇਰ
ਕਵੈਂਟਰੀ ਦੀਆਂ ਲਿਖਤਾਂ ਵੀ। ਹਰੀਸ਼ ਮਲਹੋਤਰਾ ਤੇ ਮੱਖਣ ਜੌਹਲ ਨੇ ਵੀ ਲਗਾਤਾਰ ਲੇਖ ਲਿਖੇ
ਸੀ। ਹੋਰਾਂ ਵੀ ਕਈਆਂ ਨੇ ਵਿਤ ਮੁਤਾਬਿਕ ਹਿੱਸਾ ਪਾਇਆ ਸੀ। ਕਈਂ ਤਮਾਸ਼ਬੀਨ ਵੀ ਸੀ। ਇਕ ਪਾਸੇ
ਫ਼ਿਰਕੂ ਮਾਹੌਲ ਨੂੰ ਤੂਲ ਦੇਣ ਵਾਲੇ ਸੀ। ਦੂਸਰੇ ਪਾਸੇ ਭਾਈਚਾਰਕ ਸਾਂਝ ਦੀਆਂ ਤੰਦਾਂ ਸਾਂਭੀ
ਰੱਖਣ ਵਾਲੇ।
ਵਲੈਤ ਦੀ ਪੁਲਿਸ ਵੀ ਇਨ੍ਹਾਂ ਨੂੰ ਬਹੁਤਾ ਕੁਝ ਨਹੀਂ ਸੀ ਆਖਦੀ। ਕਿਸੇ ਹੱਦ ਤੀਕ ਖੁਲ੍ਹ ਹੀ
ਦਿੱਤੀ ਹੋਈ ਸੀ ਜਾਂ ਸ਼ਹਿ ਲੱਗਦੀ ਸੀ ਜਾਂ ਅਪਣੇ ਗਲ਼ ਨਹੀਂ ਸੀ ਪੁਆਉਣਾ ਚਾਹੁੰਦੇ। ਬਿਹਾਰ ਚ
ਗਰੀਬਾਂ ਦੀਆਂ ਝੁੱਗੀਆਂ ਨੂੰ ਅੱਗ ਲਾ ਦਿੱਤੀ ਸੀ ਤੇ ਸਰਕਾਰ ਕੋਈ ਐਕਸ਼ਨ ਨਹੀ ਸੀ ਕਰ ਰਹੀ।
ਸਰਵਹਾਰਿਆਂ ਦੇ ਹੱਕ ਮਜ਼ਦੂਰ ਸਭਾ ਨੇ ਲੰਡਨ ਮੁਜ਼ਾਹਿਰਾ ਕੀਤਾ ਸੀ। ਹਾਈ ਕਮਿਸ਼ਨ ਦੇ ਸਾਹਮਣੇ।
ਬੜਾ ਵੱਡਾ ‘ਕੱਠ ਹੋਇਆ ਸੀ। ਮੁਫਤ ਦੀ ਖੱਟੀ ਕਰਨ ਲਈ ਡਾ ਜਗਜੀਤ ਚੌਹਾਨ ਵੀ ਓਥੇ ਮੋਹਰੇ ਹੋ
ਕੇ ਜਾ ਬੈਠਾ ਸੀ। ਅਪਣਾ ਧੁਤੂ ਵਜਾਉਣ ਲਈ ਨਾਲ਼ੇ ਘੜੰਮ ਚੌਧਰ ਖਾਤਿਰ। ਓਹ ਤਾਂ ਖਾਲਿਸਤਾਨ ਦੀ
ਗੱਲ ਕਰਨਾ ਚਾਹੁੰਦਾ ਸੀ। ਮਜ਼ਦੂਰ ਸਭਾ ਵਾਲੇ ਉਹਨੂੰ ਇਹ ਕਰਨ ਨਹੀ ਸੀ ਦਿੰਦੇ। ‘ਕੱਠ ਦਾ
ਪ੍ਰਬੰਧ ਜੁ ਇਨ੍ਹਾਂ ਨੇ ਕੀਤਾ ਸੀ। ਇਹ ਕਹਿੰਦੇ ਸੀ, ਕਿ ਜੇ ਤੂੰ ਆਵਦੀ ਗੱਲ ਕਰਨੀ ਹੈ ਤਾਂ
ਅਪਣੇ ਮੁਜਾਹਿਰੇ ਦਾ ਪ੍ਰਬੰਧ ਕਰ। ਸਾਡੇ ਦਾ ਫਾਇਦਾ ਨਾ ਲੈ। ਪਰ ਉਹ ਏਸ ‘ਕੱਠ ਦਾ ਫ਼ਾਇਦਾ
ਲੈਣਾ ਚਾਹੁੰਦਾ ਸੀ। ਜਦੋਂ ਉਹਦੀ ਵਾਹ ਪੇਸ਼ ਨਾ ਚੱਲੀ ਤਾਂ ਉਹਨੇ ਕਿਸੇ ਪੁਲਸ ਸਾਰਜੰਟ ਨੂੰ
ਕਹਿ ਕੇ ਕਿਸੇ ਮੋਹਰੀ ਕਾਮਰੇਡ ਨੂੰ ਅਰੈੱਸਟ ਕਰਵਾ ਦਿੱਤਾ ਸੀ। ਪੁਲਸੀਏ ਨੇ ਕਿਸੇ ਕਾਮਰੇਡ
ਨੂੰ ਹਦਾਇਤ ਕੀਤੀ ਸੀ ਕਿ ਇਹ ਮੁੜਕੇ ਉਹਦੇ ਲਾਗੇ ਨਾ ਜਾਵੇ।
ਕਾਮਰੇਡਾਂ ਦੇ ਨਾ ਚਾਹੁੰਦਿਆਂ ਵੀ ਅਗਲੀ ਵਾਰੀ ਭੇੜ ਮਿਡਲੈਂਡ ਦੇ ਵੱਡੇ ਸ਼ਹਿਰ ਲੈਸਟਰ ਹੋਣਾ
ਸੀ। ਏਥੇ ਭਾਰਤੀਆਂ ਦੀ ਚੋਖੀ ਆਬਾਦੀ ਹੈ ਤੇ ਮਜ਼ਦੂਰ ਸਭਾ ਦੀ ਤਕੜੀ ਬਰਾਂਚ। ਹੈੱਡ ਕੁਆਟਰ ਹੀ
ਜਾਣੋ। ਦੇਸ ਦੇ ਮਾਰਕਸੀ ਵਿਚਾਰਧਾਰਾਂ ਦੀਆਂ ਤਾਰਾਂ ਸਿੱਧੀਆਂ ਏਥੇ ਜੁੜੀਆਂ ਹੋਈਆਂ ਸੀ।
ਸਿਧਾਂਤਕ ਅਗਵਾਈ ਆਉਂਦੀ, ਹੁਕਮ ਆਉਂਦੇ, ਅਰਜਾਂ ਵੀ ਆਉਂਦੀਆ। ਪੁਰਾਣੇ ਕਾਮਰੇਡਾਂ ਨੇ ਅਪਣਾ
ਵਾਹਵਾ ਅੱਡਾ-ਗੱਡਾ ਜਮਾਇਆ ਹੋਇਆ ਹੈ। ਇਨ੍ਹਾਂ ਨੇ ਬੜੇ ਕੰਮ ਕੀਤੇ ਨੇ। ਭਾਈਚਾਰੇ ਚ ਇਨ੍ਹਾਂ
ਦੀ ਠਾਠ ਬਣੀ ਹੋਈ ਸੀ। ਪਰ ਹੁਣ ਲੋਕ ਖਾਲਿਸਤਾਨੀਆਂ ਤੋਂ ਡਰਦੇ ਸੀ। ਅਗਲਿਆਂ ਨੇ ਤੱਤੀ
ਸਿੱਖੀ ਤੋਂ ਬਿਨਾਂ ਹੋਰ ਕੁਝ ਨਹੀਂ ਸੀ ਸੋਚਣਾ ਸਮਝਣਾ। ਮਜ਼ਦੂਰਾਂ ਸਭਾਵਾਂ ਦੇ ਬਹੁਤੇ ਮੈਂਬਰ
ਸਿੱਖ ਹੁੰਦੇ ਸੀ, ਓਹ ਵੀ ਜੱਟ। ਭਿੰਡਰਾਂਵਾਲ਼ੇ, ਜੂਨ ਚੁਰਾਸੀ ਤੇ ਦਿੱਲੀ ਕਤਲੇਆਮ ਦਾ ਅਸਰ
ਸਭ ਤੇ ਹੋਣਾ ਸੀ, ਤੇ ਹੋਇਆ ਵੀ। ਏਹੋ ਜਿਹੇ ਵੇਲੇ ਠੰਢੇ ਦਿਮਾਗ਼ ਨਾਲ਼ ਸੋਚਣ ਦੇ ਨਹੀ ਹੁੰਦੇ,
ਤੱਤ-ਭੜੱਥ ਦੇ ਹੁੰਦੇ ਨੇ – ਕੁਝ ਕਰਨ ਮਰਨ ਦੇ; ਅਬੀ ਤੋ ਤਬੀ। ਉਹ ਮਾੜੇ ਦਿਨ ਸੀ, ਪੰਜਾਬ
ਦੇ, ਪੰਜਾਬੀਆਂ ਲਈ ਵੀ ਬੁਰੇ ਦਿਨ ਸੀ। ਅੰਬੀ ਹੋਈ ਮਾਨਸਿਕਤਾ ਵਾਲ਼ੇ ਬੰਦੇ ਤਰਕ ਦਲੀਲ ਨਾਲ਼
ਕਿੱਥੇ ਸੋਚਣ ਵਾਲੇ ਰਹਿ ਜਾਂਦੇ ਨੇ। ਭੜਕੇ ਹੋਏ ਬੰਦਿਆਂ ਦੀ ਭੀੜ ਕੁਝ ਵੀ ਕਰ ਸਕਦੀ ਹੁੰਦੀ
ਹੈ।
ਓਦੋਂ ਮਾਰਗ੍ਰੇਟ ਥੈਚਰ ਦਾ ਰਾਜ ਸੀ। ਉਹਨੇ ਖਾਣ ਮਜ਼ਦੂਰਾਂ ਦੁਆਲ਼ੇ ਸ਼ਕੰਜਾ ਕੱਸਣ ਦਾ ਪੂਰਾ ਮਨ
ਬਣਾਇਆ ਹੋਇਆ ਸੀ। ਸਰਕਾਰ ਇਸ ਯੂਨੀਅਨ ਤੋਂ ਬਹੁਤ ਔਖੀ ਸੀ। ਪਿਛਲਾ ਗੋੜ ਪਾਲ਼ੀ ਬੈਠੀ ਸੀ।
ਕਿਸੇ ਨਾ ਕਿਸੇ ਤਰਾਂ ਇਨ੍ਹਾਂ ਦਾ ਥੱਲਾ ਲਾਉਣਾ ਚਾਹੁੰਦੀ ਸੀ – ਬਦਲਾ ਲੈਣਾ ਚਾਹੁੰਦੀ ਸੀ।
ਏਦੂੰ ਪਹਿਲੀ ਟੋਰੀ ਸਰਕਾਰ ਇਸੇ ਯੂਨੀਅਨ ਦੇ ਹੰਭਲ਼ੇ ਨਾਲ ਟੁੱਟੀ ਸੀ। ਥੈਚਰ ਨੇ ਜਾਣ-ਬੁੱਝ
ਕੇ ਖਾਣ ਮਜ਼ਦੂਰਾਂ ਦੀ ਯੂਨੀਅਨ ਟੱਕਰ ਲਈ ਚੁਣੀ ਸੀ, ਇਹ ਪਿਛਲਾ ਹਿਸਾਬ ਬਰਾਬਰ ਕਰਨਾ
ਚਾਹੁੰਦੀ ਸੀ। ਭਾਰਤੀ ਮਜ਼ਦੂਰ ਸਭਾਵਾਂ ਦੀਆਂ ਸਭ ਬਰਾਂਚਾਂ ਇਨ੍ਹਾਂ ਖਾਣ ਮਜ਼ਦੂਰਾਂ ਦੀ ਮਦਦ
ਕਰਦੀਆਂ ਸੀ। ਲੈਸਟਰ ਵਾਲੀ ਬਰਾਂਚ ਨੇ ਅਪਣਾ ਫ਼ੰਕਸ਼ਨ ਕੀਤਾ ਸੀ ਵੈਜ਼ਲੇ ਹਾਲ ਚ। ਭਾਈ ਲਾਲੋਆਂ
-ਖਾਣ ਮਜ਼ਦੂਰਾਂ- ਦੀ ਹਿਮਾਇਤ ਚ। ਸ਼ਹਿਰ ਚ ਸਭ ਨੂੰ ਪਤਾ ਸੀ ਤੇ ਬਾਹਰ ਵੀ ਲੋਕਾਂ ਨੂੰ ਪਤਾ
ਸੀ। ਸਭ ਮੀਟਿੰਗਾਂ ਖੁੱਲ੍ਹੀਆਂ ਹੀ ਹੁੰਦੀਆਂ ਸੀ। ਇਸ਼ਤਿਹਾਰਬਾਜ਼ੀ ਵੀ ਕੀਤੀ ਹੁੰਦੀ ਸੀ ਕਿ
ਜੋ ਮਰਜ਼ੀ ਆਵੇ। ਇਹ ਮੀਟਿੰਗ ਤਾਂ ਹੈ ਹੀ ਖਾਣ ਮਜ਼ਦੂਰ ਦੀ ਹਮਾਇਤ ਕਰਨ ਲਈ ਸੀ। ਖਾਣ ਮਜ਼ਦੂਰਾਂ
ਨੂੰ ਤਾਂ ਆਉਣ ਦਾ ਸੱਦਾ ਹੋਣਾ ਹੀ ਸੀ; ਲਾਗਲੇ ਸ਼ਹਿਰਾਂ ਤੋਂ ਸਭਾ ਦੇ ਹਮੈਤੀ ਵੀ ਆਏ ਸੀ।
ਸ਼ਹਿਰ ਵਾਲ਼ਿਆਂ ਚੋਂ ਸਾਰੇ ਨਹੀਂ ਸੀ ਆ ਸਕਣੇ। ਕੁਛ ਖਾਲਿਸਤਾਨੀਆਂ ਤੋਂ ਡਰ ਗਏ ਸੀ ਤੇ ਕਈ
ਖਿੱਚੀ ਹੋਈ ਲੀਕ ਦੇ ਐਨ ਦੂਸਰੇ ਪਾਸੇ ਹੋ ਗਏ ਸੀ। ਮਜ਼ਦੂਰ ਸਭਾਵਾਂ ਦਾ ਖਾਸਾ ਹਮੇਸ਼ਾਂ ਲੋਕ
ਪੱਖੀ ਰਿਹਾ ਹੈ। ਬਿਨਾਂ ਕਿਸੇ ਧਰਮ, ਨਸਲ, ਜਾਤ ਦੇ ਲੱਗ ਲਗਾਅ ਤੋਂ। ਕੁਝ ਖਾਲਿਸਤਾਨੀਆਂ ਨੇ
ਤਾਂ ਲੈਸਟਰ ਦੀ ਮਿਲਟਨ ਰੋਡ ਤੇ ਬੇਕਸੂਰ ਗੁਜਰਾਤੀ ਹਿੰਦੂਆਂ ਦੀਆਂ ਦੁਕਾਨਾਂ ਤੇ ਵੀ ਬਿਨਾਂ
ਵਜ੍ਹਾ ਹਮਲੇ ਕੀਤੇ ਸੀ। ਅਖੇ ਇਹ ਵੀ ਹਿੰਦੂ ਆ, ਤੇ ਇੰਦਰਾ ਗਾਂਧੀ ਵੀ ਹਿੰਦੂਆਂ ਦੀ ਧੀ ਸੀ।
ਵਲੈਤ ਚ ਇਹ ਪਾੜ ਖ਼ਤਰਨਾਕ ਹੋਣਾ ਸੀ।
ਮੀਟਿੰਗ ਹੋਣ ਤੋਂ ਪਹਿਲਾਂ ਹੀ ਖ਼ਾਲਿਸਤਾਨੀ ਵੈਨ ਭਰ ਕੇ ਸੜਕ ਦੇ ਦੂਜੇ ਪਾਸੇ ਆ ਖੜੋਏ ਸੀ।
ਬਾਅਦ ਚ ਪਤਾ ਲੱਗਾ ਕਿ ਵੈਨ ਚ ਹਥਿਆਰ ਵੀ ਰੱਖੇ ਹੋਏ ਸੀ। ਪੁਲਸ ਤਮਾਸ਼ਾ ਦੇਖਣ ਨੂੰ ਹੀ ਓਥੇ
ਸੀ। ਪੁਲਸ ਦੀ ਤਰਕ ਸੀ ਕਿ ਇਹ ਤਪੇ ਹੋਏ ਨੇ; ਤੁਸੀਂ ਇਨ੍ਹਾਂ ਨੂੰ ਕੁਝ ਨਾ ਕਹੋ। ਆਮ ਵਾਂਗ
ਗੁਰਦੁਆਰੇ ‘ਚ ਵੀ ਦੋ ਧਿਰਾਂ ਸੀ। ਖ਼ਾਲਸਿਤਾਨੀ ਗੁਰਦੁਆਰਿਆਂ ‘ਤੇ ਵੀ ਕਬਜ਼ਾ ਕਰਨਾ ਚਾਹੁੰਦੇ
ਸੀ; ਦੂਜੀ ਧਿਰ ਉਨ੍ਹਾਂ ਨੂੰ ਕਾਮਰੇਡਾਂ ਨਾਲ਼ ਉਲਝਾ ਕੇ ਆਪ ਕਬਜ਼ਾ ਕਰੀ ਰੱਖਣਾ ਚਾਹੁੰਦੀ ਸੀ।
ਪਰ ਦੋਵੇਂ ਧਿਰਾਂ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦੇ ਲੀਫਲੈੱਟ ਤੋਂ ਦੁਖੀ ਹੋਈਆਂ ਸੀ। ਜਿਸ
ਵਿਚ ਉਹਨੇ ਕਿਹਾ ਸੀ ਕਿ ਇਹ ਸਭ ਕੁਝ ਟਾਲ਼ਿਆ ਜਾ ਸਕਦਾ ਸੀ। ਸੁਰਜੀਤ, ਕਾਂਗਰਸ ਤੇ ਅਕਾਲੀਆਂ
ਤੇ ਭਿੰਡਰਾਂਵਾਲ਼ੇ ਨੂੰ ਇਸ ਤਬਾਹੀ ਦਾ ਜ਼ਿੰਮੇਵਾਰ ਮਿਥਦਾ ਸੀ। ਉਹ ਏਨੀ ਕੁ ਗੱਲ ਤੋਂ ਮਚ
ਉੱਠੇ ਸੀ। ਇਨ੍ਹਾਂ ਨੇ ਉਹ ਲੀਫ਼ਲੈਟ ‘ਕੱਠ ਕਰਕੇ ਸਾੜਿਆ ਸੀ। ਮੀਟਿੰਗ ਤੋਂ ਪਹਿਲਾਂ ਹੀ
ਇਨ੍ਹਾਂ ਨੇ ਇੱਟਾਂ ਚਲਾਈਆਂ ਸੀ। ਫਿਰ ਸੜਕ ਚ ਲੜਾਈ ਹੋਈ ਸੀ। ਕੁਝ ਕਾਮਰੇਡਾਂ ਦੇ ਸੱਟਾਂ
ਵੱਜੀਆਂ ਸੀ; ਮੀਟਿੰਗ ਇਹਦੇ ਬਾਵਜੂਦ ਵੀ ਹੋਈ; ਬਹੁਤ ਲੋਕ ‘ਕੱਠੇ ਹੋ ਗਏ ਸੀ ਚਾਰ-ਪੰਜ ਸੌ
ਬੰਦਾ ਹਾਜ਼ਰ ਹੋ ਗਿਆ ਸੀ। ਚਾਲੀ-ਪੰਜਾਹ ਖਾਣ ਮਜ਼ਦੂਰ ਆਏ ਸੀ; ਹਾਜ਼ਰ ਲੋਕਾਂ ਨੇ ਦਿਲ ਖੋਲ੍ਹ
ਕੇ ਪੈਸਿਆਂ ਨਾਲ ਕੋਲਾ ਮਜ਼ਦੂਰ ਯੂਨੀਅਨ ਦੀ ਮਦਦ ਕੀਤੀ ਸੀ।
ਇਸ ਝੜਪ ਤੋਂ ਬਾਅਦ ਖ਼ਾਲਿਸਤਾਨੀ ਟੈਲੀਫ਼ੂਨ ਤੇ ਗਾਲ਼ੀ-ਗਲੋਚ ‘ਤੇ ਉਤਰ ਆਏ ਸੀ। ਟੈਲੀਫੂਨ ਕਰਦੇ
ਸਮੇਂ ਅਪਣਾ ਨਾਂ ਨਹੀਂ ਸੀ ਦਸਦੇ, ਨੰਬਰ ਲੁਕੋ ਲੈਂਦੇ ਸੀ; ਔਰਤਾਂ ਨੂੰ ਦਬਕਦੇ ਸੀ।
ਪ੍ਰੇਸ਼ਾਨ ਕਰਨ ਲਈ, ਲੈਸਟਰ ਚ ਇਕ ਦੋ ਕਾਮਰੇਡਾਂ ਦੇ ਘਰੀਂ ਪਸ਼ੂਆਂ ਦੇ ਖ਼ੂਨ ਦੀਆਂ ਬੋਤਲਾਂ
ਸੁੱਟ ਗਏ ਸੀ। ਉਹ ਕਿਸੇ ਨਾ ਕਿਸੇ ਤਰ੍ਹਾਂ ਡਰਾ ਕੇ ਦਾਬਾ ਪਾਉਣਾ ਚਾਹੁੰਦੇ ਸੀ। ਲੀਡਰਾਂ ਦੇ
ਮਾਲਕਾਂ ਨੂੰ ਝੂਠੀਆਂ ਸ਼ਿਕਾਇਤਾਂ ਵੀ ਕੀਤੀਆਂ ਸੀ। ਝੂਠ ਦੇ ਪੈਰ ਨਹੀਂ ਹੁੰਦੇ। ਨਾ ਕੁਝ
ਹੋਣਾ ਸੀ ਨਾ ਹੋਇਆ। ਪਰ ਉਹ ਖ਼ਤਰਨਾਕ ਵੇਲੇ ਸੀ: ਸਿਆਣਪ ਤੇ ਸੁਰੱਖਿਆ ਦੀ ਲੋੜ ਸੀ। ਕਾਮਰੇਡ
ਆਪ ਵੀ ਇਹਤਿਆਤ ਵਰਤਣ ਲੱਗ ਪਏ ਸੀ।
ਠੱਲ੍ਹ ਪੈਣ ਵਾਲ਼ੀ ਝੜਪ ਬਰਮਿੰਘਮ ਹੋਈ ਸੀ। ਮਿਡਲੈਂਡ ਦੇ ਇਲਾਕੇ ਚ ਇਹ ਸੱਭ ਤੋਂ ਵੱਡਾ ਸ਼ਹਿਰ
ਹੈ। ਸਭਾ ਦਾ ਏਥੇ ਵੀ ਬੜੀ ਦੇਰ ਤੋਂ ਤਕੜਾ ਕੰਮ ਰਿਹਾ ਹੈ। ਏਸੇ ਕਰਕੇ ਦੱਬ-ਦਬਾਅ ਵੀ।
ਮਾਰਕਸੀ ਕਾਮਰੇਡਾਂ ਨੇ ਨਿਰਖੇ-ਪਰਖੇ ਕਾਮਰੇਡ ਚੰਨਣ ਸਿੰਘ ਧੂਤ ਦੇ ਮਾਣ ‘ਚ ਸ਼ਰਧਾਂਜਲੀ
ਮੀਟਿੰਗ ਰੱਖੀ ਸੀ। ਫੁੱਲਾਂ ਵਾਲੀ ਪਾਰਕ ਦੇ ਨੇੜੇ, ਸਮਰਫੀਲਡ ਸਕੂਲ ਦਾ ਹਾਲ। ਸਾਰੇ ਕਾਮਰੇਡ
ਬਹੁਤੀਆਂ ਮੀਟਿੰਗਾਂ ਏਥੇ ਹੀ ਰੱਖਦੇ ਸੀ। ਨਕਸਲੀ ਕਾਮਰੇਡਾਂ ਨੂੰ ਸੂਹ ਸੀ ਕਿ ਹੁਣ ਝਗੜਾ
ਹੋਣਾ ਹੀ ਹੋਣਾ ਹੈ। ਉਹ ਅਪਣਿਆਂ ਦੀ ਰੱਖਿਆ ਲਈ ਬਹੁੜੇ। ਜਦ ਅਗਲੇ ਸਾਡੇ ‘ਚ ਫ਼ਰਕ ਨਹੀਂ
ਕਰਦੇ, ਅਸੀਂ ਵੀ ਕਿਓਂ ਕਰੀ ਜਾਈਏ – ਇਹ ਗੱਲ ਇਨ੍ਹਾਂ ਦੀ ਸਮਝ ਪੈ ਗਈ। ਉਹ ਆਪਸ ‘ਚ ਨੇੜੇ
ਹੋਣਾ ਸ਼ੁਰੂ ਹੋ ਗਏ ਸੀ। ਪੂਰਾ ਜਥਾ ਤਿਆਰੀ ਨਾਲ਼ ਉਥੇ ਪਹੁੰਚਾ; ਸਵੈ ਰੱਖਿਆ ਦੀ ਤਿਆਰੀ ਨਾਲ।
ਬਾਕੀ ਵੀ ਤਿਆਰ ਹੀ ਸੀ। ਜਦ ਉਹਨੇ ਦੇਖ ਲਿਆ ਕਿ ਖ਼ਾਲਿਸਤਾਨੀ ਮੀਟਿੰਗ ਚ ਆਉਣ ਲੱਗ ਪਏ ਨੇ।
ਇਨ੍ਹਾਂ ਨੇ ਫੁਰਤੀ ਨਾਲ਼ ਸਾਮਾਨ ਲਾਗੇ ਕਰ ਲਿਆ। ਕੁਝ ਖ਼ਾਲਿਸਤਾਨੀ ਮੋਹਰੇ ਹੋ ਕੇ ਬਹਿ ਗਏ,
ਕੁਝ ਵਿਚਾਲ਼ੇ। ਕਾਮਰੇਡ ਪ੍ਰੇਮ ਸਿੰਘ ਪ੍ਰੇਮ ਸਟੇਜ ਤੇ ਬੋਲਦੇ ਸੀ। ਆਏ ਖਰੂਦੀ ਵਿਚੋਂ ਉਠ ਕੇ
ਬੋਲਣ ਲੱਗ ਪਏ। ਖ਼ਾਲਿਸਤਾਨੀਆਂ ਨੇ ਮੀਟਿੰਗ ਚ ਨਾਹਰੇ ਲਾਏ ਸੀ - ਧੂਤ ਬਣਾਇਆ ਭੂਤ; ਨਾਲ਼ੇ
ਕੁਰਸੀਆਂ ਵਗਾਹ ਕੇ ਮਾਰੀਆਂ ਸੀ। ਫਿਰ ਕਹਿੰਦੇ: ਦਹਿਸ਼ਤਗਰਦ ਕੀ ਹੁੰਦਾ। ਐਹ ਕੀ ਹੁੰਦਾ, ਔਹ
ਕੀ ਹੁੰਦਾ। ਫਿਰ ਸਕੀਮ ਮੁਤਾਬਕ ਮਾਈਕ ਖੋਹਣ ਲੱਗ ਪਏ। ਉਹ ਮੀਟਿੰਗ ਬੰਦ ਕਰਾਉਣ ਆਏ ਸੀ ਤੇ
ਕਾਮਰੇਡਾਂ ਨੇ ਕਿਸੇ ਵੀ ਹਾਲਤ ਚ ਮੀਟਿੰਗ ਬੰਦ ਨਾ ਕਰਨ ਦਾ ਫ਼ੈਸਲਾ ਕੀਤਾ ਹੋਇਆ ਸੀ। ਜਦੋਂ
ਉਹ ਨਾ ਹੀ ਹਟੇ ਤਾਂ ਲੀਡਰਾਂ ਨੇ ਸਟੇਜ ਤੋਂ ਕਿਹਾ: ਸਾਥੀਓ, ਇਹ ਜੋ ਖੱਪ ਪੈ ਰਹੀ ਹੈ,
ਇਹਨੂੰ ਬੰਦ ਕੀਤਾ ਜਾਵੇ ਤਾਂ ਕਿ ਅਸੀਂ ਮੀਟਿੰਗ ਸਹੀ ਤਰੀਕੇ ਨਾਲ਼ ਕਰੀਏ। ਮਗਰ ਬੈਠਿਆਂ ਨੇ,
ਪਿੱਛਿਓ ਸਵੈ ਰੱਖਿਆ ਸ਼ੁਰੂ ਕਰ ਦਿੱਤੀ। ਮੋਹਰਲਿਆਂ ਨੇ ਸਟੇਜ ਕੋਲ਼ ਰੌਲ਼ਾ ਪਾਉਣ ਵਾਲ਼ੇ ਧਰ ਲਏ।
ਸਾਰਾ ਸਾਮਾਨ ਅਪਣੇ ਬੰਦਿਆਂ ਚ ਫੁਰਤੀ ਨਾਲ਼ ਵਰਤਾਅ ਦਿੱਤਾ ਸੀ। ਚੋਰ ਤੇ ਲਾਠੀ ਦੋ ਜਣੇ, ਮੈਂ
ਤੇ ਬਾਪੂ ‘ਕੱਲੇ, ਵਾਲ਼ੀ ਗੱਲ ਹੋ ਗਈ। ਆਏ ਤਾਂ ਉਹ ਵੀ ਤਿਆਰ ਹੋ ਕੇ ਹੀ ਸੀ। ਫਿਰ ਕੀ ਹੋਣਾ
ਸੀ! ਇਨ੍ਹਾਂ ਆ ਦੇਖਿਆ, ਨਾ ਤਾਅ। ਪੈਣ ਦੇਹ, ਜਿੱਧਰ ਪੈਂਦੀ ਆ। ਠਾਹ, ਠਾਹ। ਅਗਲਿਆਂ ਨੂੰ
ਭੱਜਦਿਆਂ ਰਾਹ ਨਾ ਲੱਭੇ, ਲੁਕਣ ਨੂੰ ਥਾਂ। ਕੁਝ ਕੁ ਨੇ ਰੱਜ ਕੇ ਕੁੱਟ ਖਾਧੀ। ਕੁਝ ਔਰਤਾਂ
ਵਾਲ਼ੀਆਂ ਟੌਲਿਟਾਂ ਚ ਵੀ ਜਾ ਲੁਕੇ। ਕੁਝ ਮਰਦਾਂ ਵਾਲ਼ੀਆਂ ਟੌਲਿਟਾਂ ‘ਚ ਲੁਕੇ; ਫਿਰ ਬਾਰੀਆਂ
ਥਾਣੀਂ ਨਿੱਕਲ਼ ਕੇ ਭੱਜ ਗਏ। ਹੁਣ ਤਾਈਂ ਉਹ ਕਾਮਰੇਡਾਂ ਨੂੰ ਗੱਲੀਂਬਾਤੀਂ ਕੜਾਹ ਕਰਨ ਵਾਲ਼ੇ
ਹੀ ਸਮਝਦੇ ਰਹੇ ਸੀ। ਐਤਕੀਂ ਸਾਮਾਨ ਪੂਰਾ ਪਾਇਆ ਤਾਂ ਪਤਾ ਲੱਗਾ, ਸੁਆਦ ਕੀ ਹੈ। ਏਥੋਂ ਭੱਜ
ਕੇ ਉਨ੍ਹਾਂ ਨੇ ਪੁਲਿਸ ਕੋਲ਼ ਝੂਠੀ ਮੁਖ਼ਬਰੀ ਕਰ ਦਿੱਤੀ ਕਿ ਕਾਮਰੇਡਾਂ ਕੋਲ਼ ਹਥਿਆਰ
(ਾਰਿੲਅਰਮਸ) ਨੇ। ਜਦੋਂ ਤਾਈਂ ਪੁਲਸ ਆਈ, ਮੀਟਿੰਗ ਤਾਂ ਫਿਰ ਨਾਰਮਲ ਚਲ ਰਹੀ ਸੀ। ਕੁਰਸੀਆਂ
ਮੁੜ ਠੀਕ ਥਾਂ ਸਿਰ ਰੱਖ ਲਈਆਂ ਸੀ। ਬੁਲਾਰੇ ਅਨੁਸ਼ਾਸਨ ਚ ਬੋਲ ਰਹੇ ਸੀ। ਲੋਕ ਬੈਠੇ ਸੁਣ ਰਹੇ
ਸੀ। ਖ਼ਾਲਿਸਤਾਨੀ ਆਪ ਵੀਹ ਬਾਈ ਪੱਗਾਂ ਉਥੇ ਹੀ ਛੱਡ ਕੇ ਭੱਜ ਗਏ ਸੀ। ਇਹ ਬਾਅਦ ਚ ਪੁਲਸ ਦੇ
ਹਵਾਲੇ ਕਰ ਦਿੱਤੀਆਂ ਸੀ। ਜ਼ੋਰ ਪਾਉਣ ਤੇ ਕੁਝ ਬੰਦੇ ਪੁਲਸ ਨੇ ਫੜ ਲਏ ਸੀ। ਪਰ ਬਿਨਾਂ ਕਿਸੇ
ਚਾਰਜ ਦੇ ਛੱਡ ਦਿੱਤੇ ਸੀ। ਦੇਸ ਪ੍ਰਦੇਸ ਵਾਲ਼ੇ ਨੇ ਵੀ ਸੁਆਦ ਲੈ ਲੈ ਕੇ ਖ਼ਬਰਾਂ ਲਾਈਆਂ ਸੀ।
ਹੋਰ ਪਰਚਿਆਂ ਨੇ ਵੀ। ਕੁਝ ਕੁ ਨੇ ਤਰੋੜ-ਮਰੋੜ ਕੇ। ਆਲ਼ੇ-ਦੁਆਲ਼ੇ ਲੋਕਾਂ ਚ ਗੱਲਾਂ ਤੁਰੀਆਂ।
ਭਾਈਚਾਰੇ ਦੀਆਂ ਹੱਟੀਆਂ ‘ਤੇ ਗੱਲਾਂ ਹੋਈਆਂ। ਕਾਮਰੇਡਾਂ ਦਾ ਹੱਥ ਉੱਤੇ ਹੋ ਗਿਆ। ਇਸ ਲੜਾਈ
ਦੀ ਚਰਚਾ ਦੂਰ ਦੂਰ ਤਾਈਂ ਹੋਈ; ਕਨੇਡੇ ਵੀ ਅਮਰੀਕਾ ਵੀ ਤੇ ਹੋਰ ਥਾਈਂ ਵੀ। ਪਾਸ਼ ਓਨ੍ਹੀਂ
ਦਿਨੀਂ ਵਲੈਤ ਚ ਹੀ ਸੀ; ਉਹ ਵੀ ਚਟਕਾਰੇ ਲੈ ਲੈ ਦੱਸਿਆ ਕਰੇ ਕਿ ਬ੍ਰਮਿੰਘਮ ਦੁਕਾਨਾਂ ਵਾਲ਼ੇ
ਵੀ ਗੱਲਾਂ ਕਰਦੇ ਆ: ਓ ਜੀ ਪੁੱਛੋ ਕੁਛ ਨਾ, ਬੜੀ ਕੁੱਟ ਪਈ ਉਨ੍ਹਾਂ ਨੂੰ, ਓਥੇ ਤਾਂ ਖੁਆੜੇ
ਚੱਲ ਗਏ ਖੁਆੜੇ। ਹੁਣ ਕੰਮ ਰੁਕ ਆਊਗਾ।
ਨਿਮੋਸ਼ ਹੋਏ ਖ਼ਾਲਿਸਤਾਨੀਆਂ ਨੇ ਮੀਟਿੰਗ ਕਰਕੇ ਬਰਮਿੰਘਮ ਦੇ ਦੋ ਮੋਹਰੀ ਕਾਮਰੇਡਾਂ ਦੇ ਨਾਂ
ਲੈ ਕੇ ਤਾਕ ਚ ਰੱਖਣ ਦੀ ਗੱਲ ਕਰ ਦਿੱਤੀ। ਇਨ੍ਹਾਂ ਨੂੰ ਵੀ ਪਤਾ ਲੱਗਣਾ ਹੀ ਸੀ, ਲੱਗ ਗਿਆ।
ਇਨ੍ਹਾਂ ਮੋੜਵਾਂ ਜੁਆਬ ਘੱਲ ਦਿੱਤਾ: ਜੇ ਇਨ੍ਹਾਂ ਦੋ ਕਾਮਰੇਡਾਂ ਦਾ ਜਾਂ ਕਿਸੇ ਹੋਰ ਸਾਥੀ
ਦਾ ਨੁਕਸਾਨ ਹੋਇਆ, ਤਾਂ ਓਨਾਂ ਚਿਰ ਅਸੀਂ ਲਾਸ਼ਾਂ ਨਹੀਂ ਸਾਂਭਣੀਆਂ, ਜਿੰਨਾ ਚਿਰ ਫਲਾਣੇ
ਫਲਾਣੇ ਬੰਦਿਆਂ ਦੇ ਕੱਫਨ ਨਾ ਉੱਠੇ। ਇਨ੍ਹਾਂ ਨੇ, ਉਨ੍ਹਾਂ ਦੇ ਦੋ ਤਿੰਨ ਮੋਹਰੀਆਂ ਦੇ ਨਾਂ
ਲੈ ਦਿੱਤੇ। ਗੱਲ ਅਗਲਿਆਂ ਨੂੰ ਪਹੁੰਚ ਗਈ, ਬਈ ਮੋਰਹਲਿਆਂ ਨੇ ਵੰਗਾਂ ਨਹੀਂ ਪਹਿਨੀਆਂ
ਹੋਈਆਂ। ਹੁਣ ਜੇ ਭੇੜ ਹੋਇਆਂ ਤਾਂ ਮੁਕਾਬਲਾ ਬੜਾ ਭੈੜਾ ਹੋਊਗਾ। ਦੋਹਵਾਂ ਧਿਰਾਂ ਨੂੰ ਸਮਝ ਆ
ਗਈ ਲੱਗਦੀ ਸੀ।
ਪੁਰਾਣੀ ਕਹਾਵਤ ਹੈ ਇਕ ਇਕ ਤੇ ਦੋ ਗਿਆਰਾਂ। ਕਾਮਰੇਡਾਂ ਨੂੰ ਵੀ ਸਮਝ ਆ ਗਈ ਸੀ। ਜਦ ਮਾਰਨ
ਵਾਲ਼ੇ ਕੋਈ ਫ਼ਰਕ ਨਹੀਂ ਸੀ ਕਰਦੇ, ਅਸੀਂ ਕਿਉਂ ਕੱਲੇ-ਕੱਲੇ ਮਾਰ ਖਾਈਏ। ਸ਼ਾਇਦ ਉਨ੍ਹਾਂ ਨੂੰ
ਫ਼ਰਕ ਦਾ ਪਤਾ ਹੀ ਨਹੀ ਸੀ। ਪਰ ਚੌਕਸੀ ਪੂਰੀ ਕਾਇਮ ਰਹੀ। ਮਜ਼ਦੂਰ ਸਭਾਵਾਂ ਨੇ ਰਲ਼ ਕੇ
ਪ੍ਰੋਗਰਾਮ ਕਰਨੇ ਸ਼ੁਰੂ ਕਰ ਦਿੱਤੇ ਸੀ। ਨੇੜ ਵੱਧਦਾ ਵੱਧਦਾ ਵੱਧ ਗਿਆ; ਏਕਾ ਹੋ ਗਿਆ।
ਮੀਟਿੰਗਾਂ ਚ ਗਿਣਤੀ ਵਧਣ ਲੱਗ ਪਈ ਸੀ। ਜੋੜ ਮੇਲੇ ਵਧਣ ਲੱਗ ਪਏ ਸੀ।
ਉਸ ਤੋਂ ਦੋ ਹਫ਼ਤੇ ਬਾਅਦ ਹੋਰ ਮੀਟਿੰਗ ਸੀ - ਉਸੇ ਥਾਂ; ਕਾਮਰੇਡਾਂ ਦੀ ਆਪਸੀ ਸਾਂਝ ਦਾ ਜਸ਼ਨ
ਵੀ। ਪਹਿਲਾਂ ਡਰਾਵੇ ਦਿੱਤੇ ਗਏ ਕਿ ਅਸੀਂ ਐਹ ਕਰਾਂਗੇ, ਔਹ ਕਰਾਂਗੇ, ਮੀਟਿੰਗ ਕਰਕੇ ਦਿਖਾਲ਼ੋ
ਤਾਂ ਸਹੀ। ਇਹ ਫੰਕਸ਼ਨ ਹੋਇਆ; ਲੋਕ ਬਹੁਤ ਹੀ ਜ਼ਿਆਦਾ ਗਿਣਤੀ ਚ ਆਏ। ਪੁਲਿਸ ਵੀ ਭਾਰੀ ਗਿਣਤੀ
ਚ ਆਈ ਸੀ। ਹਾਲ ਪੂਰੀ ਤਰ੍ਹਾਂ ਤੂੜਿਆ ਹੋਇਆ ਸੀ। ਏਦੂੰ ਬਾਅਦ ਮਨ ਮੁਟਾਵ ਤਾਂ ਰਹੇ,
ਸਹਿਮਤੀਆਂ ਅਸਹਿਮਤੀਆਂ ਵੀ; ਪਰ ਟਕਰਾਅ ਹੋਣੋ ਬਚਿਆ ਰਿਹਾ। ਇਹ ਵੀ ਵੱਡੇ ਭਾਈਚਾਰੇ ਦੇ
ਸਾਂਝੇ ਭਲੇ ਦੀ ਗੱਲ ਸੀ। ਸਭ ਜਾਣਦੇ ਨੇ ਕਿ ਵਲੈਤਾਂ ਚ ਵਸਦਿਆਂ ਕਿਸੇ ਨੇ ਮੁੜ ਕੇ ਨਹੀਂ
ਜਾਣਾ। ਕਈ ਤਾਂ ਸੌ ਸੌ ਪਾਪੜ ਵੇਲ ਕੇ ਪੁੱਠੇ-ਸਿੱਧੇ ਢੰਗਾਂ ਰਾਹੀਂ ਮਸੀਂ ਏਥੇ ਪਹੁੰਚਦੇ
ਨੇ। ਪਰ ਦੇਸ ਦੇ ਮਸਲਿਆਂ ਦਾ ਹੱਲ ਵਲੈਤਾਂ ਚ ਭਾਲਦੇ ਨੇ। ਆਪਸ ਚ ਲੜਦੇ ਭਿੜਦੇ ਨੇ। ਭਲਾ
ਕਾਹਦੇ ਲਈ?
ਇਸ ਦੁਖਾਂਤ ਦੀ ਜੜ੍ਹ ਧਰਮ ਤੇ ਰਾਜਨੀਤੀ ਨੂੰ ਰਲ਼ਗੱਡ ਹੋਣ ਨਾਲ ਸ਼ੁਰੂ ਹੁੰਦੀ ਹੈ ਤੇ ਸੌੜੀ
ਸੁਆਰਥੀ ਸਿਆਸਤ ਨਾਲ ਪਲਮ੍ਹਦੀ ਹੈ। ਇਹਦੇ ਨਾਲ ਹੋਰ ਕਈ ਮਸਲੇ ਵੀ ਖੜੇ ਹੋਏ ਸੀ; ਇਹਨਾਂ
ਮਸਲਿਆਂ ਦਾ ਹੱਲ ਸੋਚੇ ਬਿਨਾਂ ਪੰਜਾਬੀਆਂ ਦਾ ਗ਼ੁਜ਼ਾਰਾ ਨਹੀਂ। ਪਰ ਇਹ ਕੰਮ ਤਾਂ ਪੰਜਾਬ
ਬੈਠਿਆਂ ਦਾ ਸੀ। ਇਨ੍ਹਾਂ ਲਈ ਮਾਨਿਸ ਕੀ ਜਾਤਿ ਸਬੈ ਏਕੋ ਪਹਿਚਾਨਬੋ ਤੇ ਏਕਸ ਕੇ ਹਮ ਬਾਰਕ
ਦਾ ਉੱਚ ਦੁਮਾਲੜਾ ਸਿਧਾਤ ਭੁੱਲ ਰੁਲ਼ ਗਿਆ। ਜਿਨ੍ਹਾਂ ਚ ਗੁਰਮਤਿ ਦੀਆਂ ਸਿੱਖਿਆਵਾਂ ਆਪ ਹੀ
ਬਥੇਰੀਆਂ ਭੰਗ ਕਰਨ ਵਾਲੇ ਹੋਣ, ਉਨ੍ਹਾਂ ਤੋਂ ਹੋਰ ਕੀ ਆਸ ਹੋਵੇ। ਸਾਡੇ ਬਾਬੇ ਨਾਨਕ ਨੇ ਤਾਂ
ਆਪ ਚਾਰ ਉਦਾਸੀਆਂ ਕੀਤੀਆਂ ਤੇ ਸਾਰੀ ਉਮਰ ਗੋਸ਼ਟ ਨੂੰ ਪਹਿਲ ਦਿੱਤੀ; ਸੰਵਾਦ ਰਚਾਇਆ। ਇਨ੍ਹਾਂ
ਨੇ ‘ਡਾਗਾਂ’ ਚੱਕ ਲਈਆਂ। ਪੰਜਾਬ ਦੇ ਵਖ਼ਤ ਨੂੰ ਲੈ ਕੇ ਵਲੈਤ ਚ ਖੜਦੁੰਬ ਮਚਾਉਣ ਨਾਲ ਨਸਲਵਾਦ
ਤੇ ਹੋਰ ਮਸਲਿਆਂ ਤੇ ਕੰਮ ਮੱਠਾ ਪੈ ਗਿਆ। ਭਲਾ ਇਹਦੀ ਖੱਟੀ ਕਿਹਨੂੰ ਹੋਈ, ਭਾਈ ਲਾਲੋ ਦੇ
ਵਾਰਿਸਾਂ ਨੂੰ ਕਿ ਮਲਿਕ ਭਾਗੋਆਂ ਨੂੰ।
-0-
|