ਆਜ਼ਾਦੀ
ਲਈ ਲੜੀ ਲੜਾਈ ਦਾ ਬੜਾ ਲੰਮਾ ਲੇਖਾ ਹੈ। ਇਸ ਲੇਖੇ ‘ਚ ਬੜੇ ਭੁੱਲ-ਭੁਲੇਖੇ,
ਬੜੀਆਂ ਲੰਮੀਆਂ ਖਾਈਆਂ ਤੇ ਖੱਪੇ ਹਨ। ਇਹਨਾਂ ਖਾਈਆਂ ਵਿਚ ਕਿੰਨਿਆਂ ਦੀਆਂ
ਕਰਨੀਆਂ, ਕੁਰਬਾਨੀਆਂ ਮਰ-ਖਪ ਗਈਆਂ; ਕੌਣ ਜਾਣਦਾ ਹੈ! ਦੇਸ਼ ਲਈ ਕੁਝ ਕਰਨ
ਵਾਲੇ, ਮਰਨ ਵਾਲੇ ਇਨਕਲਾਬੀ ਦੇਸ਼-ਭਗਤ ਸ਼ਾਇਦ ਇਹ ਜਾਣਦੇ ਨਹੀਂ ਸਨ ਜਾਂ
ਉਹਨਾਂ ਦਾ ਇਹ ਮਨਸ਼ਾ ਹੀ ਨਹੀਂ ਸੀ ਕਿ ਆਉਣ ਵਾਲੀਆਂ ਪੀੜ੍ਹੀਆਂ ਉਹਨਾਂ
ਨੂੰ ਯਾਦ ਰੱਖਣਗੀਆਂ ਜਾਂ ਨਹੀਂ। ਉਹਨਾਂ ਦੀ ਕੁਰਬਾਨੀ ਬੇਗ਼ਰਜ਼ ਸੀ।
ਗ਼ਰਜ਼ ਸੀ ਤਾਂ ਕੇਵਲ ਏਨੀ ਕਿ ਉਹਨਾਂ ਦਾ ਦੇਸ਼ ਆਜਾ਼ਦ ਹੋ ਸਕੇ ਤੇ ਆਜ਼ਾਦ
ਦੇਸ਼ ਵਿਚ ਉਹਨਾਂ ਦੇ ਸੁਪਨਿਆਂ ਦਾ ਰਾਜ ਤੇ ਸਮਾਜ ਸਿਰਜਿਆ ਜਾ ਸਕੇ।
ਪ੍ਰਾਪਤ ਆਜ਼ਾਦੀ ਉਹਨਾਂ ਦੇ ਸੁਪਨਿਆਂ ਦੇ ਹਾਣ ਦੀ ਨਾ ਨਿਕਲੀ। ਅੰਗਰੇਜ਼
ਜਾਂਦੇ ਜਾਂਦੇ ਜਿਨ੍ਹਾਂ ਦੀ ਝੋਲੀ ਵਿਚ ਰਾਜ-ਭਾਗ ਦੀ ਚਾਬੀ ਸੁੱਟ ਗਏ,
ਉਹਨਾਂ ਦੀ ਆਪਣੀ ਕਿਸਮਤ ਦੇ ਤਾਂ ਸਾਰੇ ਦਰਵਾਜ਼ੇ ਖੁੱਲ੍ਹ ਗਏ ਪਰ ਜਿਨ੍ਹਾਂ
ਨੇ ਦੇਸ਼ ਨੂੰ ਮੁਕਤ ਕਰਵਾਉਣ ਲਈ ਆਪਣਾ ਤਨ, ਮਨ, ਧਨ ਕੁਰਬਾਨ ਕਰ ਦਿੱਤਾ
ਉਹਨਾਂ ਤੇ ਉਹਨਾਂ ਦੇ ਵਾਰਸਾਂ ਲਈ ਉਹਨਾਂ ਦੀ ਰੀਝ-ਪੂਰਤੀ ਦੇ ਦਰਵਾਜ਼ੇ ਢੋ
ਲਏ ਗਏ। ਉਹਨਾਂ ਦੀਆਂ ਕੁਰਬਾਨੀਆਂ ਨੂੰ ਘੱਟੇ ਕੌਡੀ ਰੋਲ ਦਿੱਤਾ। ਉਹਨਾਂ
ਨਾਲ ਜੁੜੇ ਇਤਿਹਾਸ ਨੂੰ ਅਣਗੌਲਾ ਕਰ ਦਿੱਤਾ।
ਅੱਜ ਕੱਲ੍ਹ ਹਾਸ਼ੀਆਗਤ ਲੋਕਾਂ (ਸਬਾਲਟਰਨ) ਦੀ ਗੱਲ ਕਰਨ ਦਾ ਰਿਵਾਜ ਜਿਹਾ
ਬਣ ਗਿਆ ਹੈ ਜਿਨ੍ਹਾਂ ਵਿਚ ਆਰਥਿਕ, ਸਮਾਜਿਕ ਜਾਂ ਰਾਜਨੀਤਕ ਪੱਖੋਂ ਦੱਬੇ,
ਲਿਤਾੜੇ, ਅਣਗੌਲੇ ਲੋਕਾਂ ਦਾ ਜਿ਼ਕਰ ਕੀਤਾ ਜਾਂਦਾ ਹੈ। ਮੈਂ ਸਮਝਦਾ ਹਾਂ
ਕਿ ਵਿਸ਼ੇਸ਼ ਕਿਸਮ ਦਾ ਇਤਿਹਾਸ ਵੀ ਸਬਾਲਟਰਨ ਸਥਿਤੀ ਹੰਢਾਉਂਦਾ ਹੈ।
ਸਥਾਪਤ ਤਾਕਤਾਂ ਵੱਲੋਂ ਉਸਨੂੰ ਹਾਸ਼ੀਏ ਉੱਤੇ ਧੱਕ ਦਿੱਤਾ ਜਾਂਦਾ ਹੈ।
ਆਜ਼ਾਦੀ ਸੰਗਰਾਮ ਨਾਲ ਜੁੜੀਆਂ ਇਨਕਲਾਬੀ ਤਹਿਰੀਕਾਂ ਦੇ ਇਤਿਹਾਸ ਨਾਲ ਵੀ
ਅਜਿਹਾ ਹੀ ਵਾਪਰਿਆ ਹੈ। ਸੱਚੀ ਗੱਲ ਤਾਂ ਇਹ ਹੈ ਸਬਾਲਟਰਨ ਸ਼੍ਰੇਣੀਆਂ ਦੀ
ਹੋਂਦ ਤੇ ਹੋਣੀ ਦਾ ਸਵਾਲ ਵੀ ਅਸਲ ਵਿਚ ਹਾਸ਼ੀਏ ‘ਤੇ ਧੱਕ ਦਿੱਤੇ ਗਏ ਇਸ
ਇਤਿਹਾਸ ਨਾਲ ਹੀ ਜੁੜਿਆ ਹੋਇਆ ਹੈ। ‘ਸਬਾਲਟਰਨ’ ਇਤਿਹਾਸ ਅਤੇ ਉਸ ਨਾਲ
ਜੁੜੇ ਸੁਪਨਿਆਂ ਦੇ ਅਗਰਭੂਮੀ ਵਿਚ ਆਉਣ ਨਾਲ ਘੱਟ ਗਿਣਤੀਆਂ, ਆਰਥਿਕ ਤੇ
ਜਾਤੀਗਤ ਤੌਰ ‘ਤੇ ਲਿਤਾੜੀਆਂ ਧਿਰਾਂ, ਔਰਤਾਂ ਤੇ ਹੋਰ ਦੱਬੇ-ਦਲ਼ੇ ਲੋਕਾਂ
ਦੀ ਸਥਿਤੀ ਉਹਨਾਂ ਦੀ ਵਰਤਮਾਨ ਸਥਿਤੀ ਨਾਲੋਂ ਨਿਸਚੈ ਹੀ ਵੱਖਰੀ ਤੇ ਵਧੀਆ
ਹੋਣੀ ਸੀ।
ਹਾਸ਼ੀਆਗਤ ਜਾਂ ਸਬਾਲਟਰਨ ਇਤਿਹਾਸ ਦੇ ਲੁਕੇ ਜਾਂ ਲੁਕਾਏ ਗਏ ਅਨੇਕਾਂ
ਅਜਿਹੇ ਪਹਿਲੂ ਜਾਂ ਪੱਖ ਹਨ ਜਿਨ੍ਹਾਂ ਨੂੰ ਰੌਸ਼ਨੀ ਵਿਚ ਲਿਆਉਣਾ ਹਾਸ਼ੀਏ
ਤੇ ਰਹਿ ਗਏ ਜਾਂ ਕਰ ਦਿੱਤੇ ਗਏ (ਸਬਾਲਟਰਨ) ਲੋਕਾਂ ਦੀ ਵੱਡੀ ਲੋੜ ਹੈ
ਕਿਉਂਕਿ ਸਮਾਜ ਵਿਚ ਆਪਣਾ ਹੱਕੀ ਥਾਂ ਬਨਾਉਣ ਲਈ, ਅਗਲੀਆਂ ਤੇ ਨਵੀਆਂ
ਲੜਾਈਆਂ ਲੜਨ ਲਈ ਪਹਿਲੀਆਂ ਤੇ ਪੁਰਾਣੀਆਂ ਲੜਾਈਆਂ ਦੀ ਜਾਣਕਾਰੀ, ਸਮਝ ਤੇ
ਸਾਰਥਿਕਤਾ ਸਾਡੀ ਚੇਤਨਾ ਦਾ ਜ਼ਰੂਰ ਹਿੱਸਾ ਬਣਨੀ ਚਾਹੀਦੀ ਹੈ।
ਅੱਜ ਅਸੀਂ ਆਪਣੇ ਅਜਿਹੇ ਭੁਲਾ ਤੇ ਲੁਕਾ ਦਿੱਤੇ ਗਏ ਇਤਿਹਾਸ ਦੇ ਉਸ
ਕਾਲ-ਖੰਡ ਬਾਰੇ ਜਾਨਣਾ ਹੈ ਜਿਸਦੀ ਰੌਸ਼ਨੀ ਨੂੰ ਸਥਾਪਤ ਤਾਕਤਾਂ ਵੱਲੋਂ
‘ਕਾਲੇ ਪਾਣੀਆਂ’ ਦੇ ਹਨੇਰੇ ਵਿਚ ਡੋਬ ਦੇਣ ਦਾ ਹਰੇਕ ਚਾਰਾ ਕੀਤਾ ਗਿਆ।
ਹਥਲੀ ਪੁਸਤਕ ‘ਕਾਲੇ ਪਾਣੀਆਂ ਦੀ ਦਾਸਤਾਨ’ ਏਸੇ ਮਕਸਦ ਲਈ ਸੰਪਾਦਤ ਕੀਤੀ
ਗਈ ਹੈ ਕਿ ਹਨੇਰੇ ਵਿਚ ਲੁਕੇ ‘ਕਾਲੇ ਪਾਣੀ’ (ਅੰਡੇਮਾਨ) ਦੇ ਦੇਸ਼-ਭਗਤ
ਕੈਦੀਆਂ ਨਾਲ ਜੁੜੇ ਇਤਿਹਾਸ ਨੂੰ ਰੌਸ਼ਨੀ ਵਿਚ ਲਿਆਂਦਾ ਜਾ ਸਕੇ। ਇਸ
ਪੁਸਤਕ ਵਿਚ ਸ਼ਾਮਲ ਲਿਖਤਾਂ ਦੇ ਲੇਖਕਾਂ ਨੇ ਵੱਖ ਵੱਖ ਕੋਨਿਆਂ ਤੋਂ
ਅੰਡੇਮਾਨ ਵਿਚ ਜਲਾਵਤਨ ਕੀਤੇ ਗਏ ਬਹਾਦਰ ਦੇਸ-ਭਗਤਾਂ ਉੱਤੇ ਜੇਲ੍ਹ
ਅਧਿਕਾਰੀਆਂ ਵੱਲੋਂ ਢਾਹੇ ਗਏ ਬੇਇੰਤਹਾ ਜੁ਼ਲਮ ਅਤੇ ਜਬਰ ਦੀ ਤਸਵੀਰ ਵੀ
ਬਿਆਨ ਕੀਤੀ ਹੈ ਤੇ ਉਸ ਜਬਰ ਨੂੰ ਸਹਿਣ ਅਤੇ ਸਿੱਧੇ ਹੋ ਕੇ ਟੱਕਰਣ ਵਾਲੇ
ਸੂਰਬੀਰਾਂ ਦੀ ਦਾਸਤਾਨ ਵੀ ਸੁਣਾਈ ਹੈ। ਸੁਣਾਉਣ ਵਾਲੇ ਵੀ ਉਹ ਬਹਾਦਰ
ਇਨਕਲਾਬੀ ਹਨ ਜਿਹੜੇ ਇਹਨਾਂ ਜ਼ੁਲਮਾਂ ਦੇ ਚਸ਼ਮਦੀਦ ਗਵਾਹ ਹੀ ਨਹੀਂ ਸਗੋਂ
ਇਹਨਾਂ ਨੂੰ ਸਹਿਣ ਵਾਲੇ ਤੇ ਇਹਨਾਂ ਨਾਲ ਸਿੱਝਣ ਵਾਲੇ ਵੀ ਸਨ। ਬਾਬਾ ਸੋਹਨ
ਸਿੰਘ ਭਕਨਾ, ਬਾਬਾ ਗੁਰਮੁਖ ਸਿੰਘ ਲਲਤੋਂ, ਤ੍ਰਿਲੋਕੀ ਨਾਥ ਚੱਕ੍ਰਵਰਤੀ,
ਬਾਬਾ ਪ੍ਰਿਥਵੀ ਸਿੰਘ, ਬਾਬਾ ਵਿਸਾਖਾ ਸਿੰਘ ਹੁਰਾਂ ਤੋਂ ਅੰਡੇਮਾਨ ਦੀ
ਸੈਲੂਲਰ ਜੇਲ੍ਹ ਦੀ ਹਕੀਕੀ ਤਸਵੀਰ ਪੇਸ਼ ਕਰਨ ਵਾਲਾ ਹੋਰ ਕਿਹੜਾ
‘ਇਤਿਹਾਸਕਾਰ’ ਹੋ ਸਕਦਾ ਹੈ। ਇਹ ਪ੍ਰਮਾਣਿਕ ਗਵਾਹੀ ਪੜ੍ਹਦਿਆਂ-ਸੁਣਦਿਆਂ
ਅੰਗਰੇਜ਼ੀ ਸਾਡੀਆਂ ਅੱਖਾਂ ਨਮ ਵੀ ਹੁੰਦੀਆਂ ਹਨ ਪਰ ਨਾਲ ਹੀ ਦੇਸ਼-ਭਗਤਾਂ
ਵੱਲੋਂ ਇਸ ਜ਼ੁਲਮ ਨੂੰ ਸਹਿਣ ਵਾਲੇ ਜੇਰੇ ਨੂੰ ਜਾਣ ਕੇ ਸਾਡੀ ਛਾਤੀ ਮਾਣ
ਨਾਲ ਵੀ ਭਰ ਜਾਂਦੀ ਹੈ। ਸਭ ਤੋਂ ਵਧ ਕੇ ਚੰਗੀ ਗੱਲ ਤਾਂ ਇਹ ਹੈ ਕਿ ਪੁਸਤਕ
ਦੀ ਸੰਪਾਦਨਾ ਦੇ ਇਸ ਯਤਨ ਨੇ ਬਹੁਤ ਸਾਰੇ ਪਾਠਕਾਂ ਨੂੰ ਓਹਲੇ ਵਿਚ ਲੁਕੇ
ਇਸ ਸ਼ਾਨਾਂਮੱਤੇ ਇਤਿਹਾਸ ਨਾਲ ਸਾਂਝ ਪੁਆ ਦੇਣ ਦਾ ਪੁੰਨ ਖੱਟਣਾ ਹੈ।
ਕਾਲੇ-ਪਾਣੀ’ ਸ਼ਬਦ ਜੁੱਟ ਦਾ ਉਚਾਰਣ ਕਰਦਿਆਂ ਹੀ ਸਾਡੀ ਸੋਚ ਅੰਦਰ ਵਿਸਫੋਟ
ਹੁੰਦਾ ਹੈ। ਮੀਲਾਂ ਤੱਕ ਫੈਲੇ ਗਹਿਰੇ ਪਾਣੀਆਂ ਦੀ ਹਿੱਕ ਵਿਚੋਂ ਹਰੇ-ਭਰੇ
ਜੰਗਲਾਂ ਵਾਲੇ ਅੰਡੇਮਾਨ-ਨਿਕੋਬਾਰ ਦੀਪ-ਸਮੂਹ ਦਾ ਦ੍ਰਿਸ਼ ਉਭਰਦਾ ਹੈ। ਇਸ
ਦ੍ਰਿਸ਼ ਵਿਚੋਂ ਇਕ ਆਕਾਰ ਨਿਕਲਦਾ ਹੈ। ਸੈਲੂਲਰ ਜੇਲ੍ਹ ਦੀ ਇਮਾਰਤ ਦਾ। ਇਸ
ਇਮਾਰਤ ਦੇ ਚੇਤਨਾ ਵਿਚ ਉਦੈ ਹੋਣ ਦੇ ਨਾਲ ਹੀ ਚੌਗਿਰਦੇ ਦੀ ਸਾਰੀ ਹਰਿਆਵਲ
ਤੇ ਪ੍ਰਕਿਰਤਕ ਖ਼ੂਬਸੂਰਤੀ ਡੂੰਘੇ ਕਾਲੇ ਹਨੇਰੇ ਵਿਚ ਡੁੱਬ ਜਾਂਦੀ ਹੈ।
ਜੇਲ੍ਹ ਦੀ ਬੰਦੇ-ਭੱਖਣੀ ਵੱਡੀ ਇਮਾਰਤ ਤੁਹਾਡੇ ਮਨ-ਮਸਤਕ ‘ਤੇ ਛਾ ਜਾਂਦੀ
ਹੈ। ਦਾਇਰੇ ਦੀ ਸ਼ਕਲ ਵਿਚ ਬਣੀ ਜੇਲ੍ਹ ਦੇ ਵਿਚਕਾਰ ਤਿੰਨ-ਮੰਜਿ਼ਲਾ ਉੱਚਾ
ਕੇਂਦਰੀ ਬੁਰਜ ਹੈ। ਇਸ ਬੁਰਜ ਨਾਲ ਚੁਫੇਰੇ ਜੁੜੀਆਂ ਤਿੰਨ-ਮੰਜਿ਼ਲਾ ਸੱਤ
ਬੈਰਕਾਂ ਹਨ। ਬੈਰਕਾਂ ਦੇ ਦੁਆਲੇ ਗੋਲ-ਆਕਾਰ ਦੀ ਬਾਹਰਲੀ ਉੱਚੀ ਦੀਵਾਰ ਹੈ।
ਹਰੇਕ ਮੰਜਿ਼ਲ ‘ਤੇ ਦਰਵਾਜਿ਼ਆਂ ਦੀ ਥਾਂ ਲੋਹੇ ਦੀਆਂ ਸੀਖਾਂ ਨਾਲ
ਕਿਲ੍ਹੇਬੰਦ ਕੋਠੜੀਆਂ ਦੀਆਂ ਕਤਾਰਾਂ ਹਨ। ਬੈਰਕਾਂ ਅੱਗੇ ਲੋਹੇ ਦੀਆਂ
ਸੀਖਾਂ ਵਾਲੇ ਬਰਾਂਡੇ ਹਨ। ਹਰੇਕ ਬੈਰਕ ਦੇ ਸਾਹਮਣੇ ਖੁੱਲ੍ਹੇ ਅਹਾਤੇ ਹਨ।
ਏਥੇ ਕੈਦੀਆਂ ਦੇ ਕੰਮ ਕਰਨ ਲਈ ਵਰਕਸ਼ਾਪਾਂ ਹਨ, ਨਹਾਉਣ-ਧੋਣ ਲਈ ਸ਼ੈੱਡ ਹਨ
ਜਿਨ੍ਹਾਂ ਵਿਚ ਵਰਤਣ ਲਈ ਸਮੁੰਦਰੀ ਪਾਣੀ ਦਾ ਬੰਦੋਬਸਤ ਕੀਤਾ ਹੋਇਆ ਹੈ।
ਬਰਾਂਡਿਆਂ ਦੇ ਸਾਰੇ ਰਾਹ ਕੇਂਦਰੀ ਬੁਰਜ ਵਿਚ ਖੁੱਲ੍ਹਦੇ ਹਨ। ਏਸੇ ਬੁਰਜ
ਤੋਂ ਹੋ ਰਹੀ ਨਿਗਰਾਨੀ ਦੀ ਮੁੱਠੀ ਵਿਚ ਨੇ ਸਾਰੀਆਂ ਬੈਰਕਾਂ। ਦਿਨ-ਰਾਤ
ਬੰਦੂਕਾਂ ਦਾ ਸਖ਼ਤ ਪਹਿਰਾ ਰਹਿੰਦਾ ਹੈ। ਜੇਲ੍ਹ ਅਧਿਕਾਰੀਆਂ ਦੀ ਮਰਜ਼ੀ
ਬਿਨਾਂ ਏਥੇ ਪੰਛੀ ਵੀ ਪਰ ਨਹੀਂ ਮਾਰ ਸਕਦਾ। ਇਹਨਾਂ ਕੋਠੜੀਆਂ ਵਿਚ ਦੇਸ਼
ਦੇ ਵੱਖੋ-ਵੱਖਰੇ ਭਾਗਾਂ ਤੋਂ ਪੰਦਰਾਂ ਹਜ਼ਾਰ ਦੇ ਲਗਭਗ ਇਖਲਾਕੀ ਤੇ ਰਾਜਸੀ
ਕੈਦੀ ਆਪਣੀਆਂ ਲੰਮੀਆਂ ਕੈਦਾਂ ਭੋਗ ਰਹੇ ਹਨ। ਮੌਸਮ ਦਾ ਕਹਿਰ ਝੱਲ ਰਹੇ
ਹਨ। ਬੇਰਹਿਮ ਮੁਸ਼ੱਕਤ, ਘੱਟ ਤੇ ਘਟੀਆ ਖ਼ੁਰਾਕ ਨੇ ਜਿਸਮ ਦੀ ਪਹਿਲਾਂ ਹੀ
ਸੱਤਿਆ ਸੂਤ ਲਈ ਹੈ। ਉੱਤੋਂ ਮੱਛਰਾਂ ਦੀ ਭਰਮਾਰ ਵਾਲੇ ਟਾਪੂ ‘ਤੇ
ਬੀਮਾਰੀਆਂ ਦੀ ਵਾਛੜ ਮੀਂਹ ਵਾਂਗ ਹੁੰਦੀ ਹੈ। ਕੁਝ ਮਲੇਰੀਏ ਤੋਂ ਪੀੜਤ ਹਨ,
ਕੁਝ ਪੇਚਸ਼ ਤੋਂ ਅਤੇ ਕੁਝ ਖੰਘ-ਤਾਪ ਤੋਂ। ਨਿੱਕੇ ਨਿੱਕੇ ਬਹਾਨੇ ਲੱਭ ਕੇ
ਬੈਂਤ ਮਾਰਨ ਦੀ ਸਜ਼ਾ ਦਿੱਤੀ ਜਾਂਦੀ ਹੈ। ਪਿੰਡੇ ਦੇ ਮਾਸ ‘ਚੋਂ
ਲਹੂ-ਭਿੱਜੀਆਂ ਬੋਟੀਆਂ ਬੈਂਤ ਦੇ ਨਾਲ ਹੀ ਖਿੱਚੀਦੀਆਂ ਚਲੀਆਂ ਆਉਂਦੀਆਂ
ਹਨ। ਬੇਤਹਾਸ਼ਾ ਜ਼ੁਲਮ ਬਰਦਾਸ਼ਤ ਨਾ ਕਰਦਿਆਂ ਕਈ ਕੈਦੀ ਮਰਨਹਾਰ ਹਾਲਤਾਂ
ਵਾਲਾ ਲਾਹਨਤ ਭਰਿਆ ਜੀਵਨ ਜਿਊਣ ਨਾਲੋਂ ਮੌਤ ਨੂੰ ਤਰਜੀਹ ਦਿੰਦੇ ਹਨ ਤੇ
ਆਤਮ-ਹੱਤਿਆ ਕਰ ਲੈਂਦੇ ਹਨ। ਕੁਝ ਬੇਬਹਾ ਤਸ਼ੱਦਦ ਦਾ ਸਿ਼ਕਾਰ ਹੋ ਕੇ ਸੁਰਤ
ਗਵਾ ਬੈਠੇ ਹਨ। ਪਾਗ਼ਲ ਹੋ ਗਏ ਹਨ।
ਇਹਨਾਂ ਕੈਦੀਆਂ ਵਿਚ ਗ਼ਦਰ-ਲਹਿਰ ਦੇ ਜਿ਼ੰਦਾ-ਸ਼ਹੀਦ, ਮਰਜੀਵੜੇ
ਸਿਰੜ੍ਹੀ-ਸੂਰਮੇ ਵੀ ਹਨ ਜੋ ਆਪਣੀ ਕੈਦ ਭੋਗਦੇ ਵੀ ‘ਜੂਨ’ ਭੋਗਣ ਲਈ ਤਿਆਰ
ਨਹੀਂ। ਉਹਨਾਂ ਦੀ ਜਾਨ ਤੇ ਜ਼ਮੀਰ ਜਾਗਦੀ ਵੀ ਹੈ ਤੇ ਜਿਊਂਦੀ ਵੀ। ਉਹ
ਮਰਨ-ਮਿਟਣ ਲਈ ਤਿਆਰ ਹਨ ਪਰ ਜ਼ਮੀਰ ਮਾਰ ਕੇ ਕੋਈ ਵੀ ਗ਼ੈਰ-ਵਾਜਬ ਸਮਝੌਤਾ
ਕਰਨ ਲਈ ਤਿਆਰ ਨਹੀਂ। ਉਹਨਾਂ ਦਾ ਹਰ ਪਲ਼ ਪੀੜਾਂ-ਵੰਨ੍ਹਿਆਂ ਹੈ। ਪਰ ਉਹ
ਕੇਵਲ ਆਪਣੀ ਪੀੜ ਲਈ ਹੀ ਨਹੀਂ ਹੂੰਗਦੇ। ਸਾਥੀਆਂ ਦੀ ਪੀੜ ਨੂੰ ਵੀ ਆਪਣੀ
ਬਣਾ ਲੈਂਦੇ ਹਨ। ਟੁੱਟਦੇ, ਡਿੱਗਦੇ ਤੇ ਮਰਦੇ ਸਾਥੀਆਂ ਦਾ ਸਹਾਰਾ ਬਣਦੇ
ਹਨ। ਆਪਣੀਆਂ ਬਾਹਵਾਂ ਵਿਚ ਬੋਚ ਕੇ ਉਹਨਾਂ ਨੂੰ ਖੱਡ ਵਿਚ ਡਿੱਗਣੋਂ ਬਚਾ
ਲੈਂਦੇ ਹਨ। ਜਿਸਮ ਜ਼ੁਲਮ-ਜਬਰ ਤੇ ਭੁੱਖ-ਦੁੱਖ ਸਹਿ ਕੇ ਪੀਲੇ ਤੇ ਕਮਜ਼ੋਰ
ਹੋ ਚੁੱਕੇ ਹਨ ਪਰ ਅੱਖਾਂ ਵਿਚ ਅਜੇ ਵੀ ਲਾਟਾਂ ਬਲਦੀਆਂ ਹਨ; ਦਿਲਾਂ ਵਿਚ
ਅਜੇ ਵੀ ਜਜ਼ਬੇ ਅੰਗਿਆਰਾਂ ਵਾਂਗ ਮਘਦੇ ਹਨ।
ਕੁੰਭੀ ਨਰਕ ਨੂੰ ਮਾਤ ਪਾਉਂਦੀ ਇਹ ਸੈਲੂਲਰ ਜੇਲ੍ਹ ਦੀ ਸਥਾਪਨਾ ਕਿਉਂ ਹੋਈ;
ਇਸਦੇ ਪਿਛੋਕੜ ਵੱਲ ਝਾਤ ਮਾਰ ਲੈਣੀ ਗ਼ੈਰ-ਵਾਜਬ ਨਹੀਂ ਹੋਏਗੀ। ਹਿੰਦੁਸਤਾਨ
ਦੇ ਨਕਸ਼ੇ ਵੱਲ ਸਾਹਮਣਿਓਂ ਵੇਖਦਿਆਂ, ਸੱਜੇ ਹੱਥ ਬੰਗਾਲ ਦੀ ਖਾੜੀ ਵਿਚ
ਥੋੜਾ ਕੁ ਹੇਠਾਂ ਨੂੰ ਛੇ ਸੌ ਨਿੱਕੇ-ਵੱਡੇ ਟਾਪੂਆਂ ਦਾ ਜੁੜਵਾਂ ਦੀਪ-ਸਮੂਹ
ਹੈ ਜਿਸਨੂੰ ਅੰਡੇਮਾਨ-ਨਿੱਕੋਬਾਰ ਦੀਪ-ਸਮੁਹ ਵਜੋਂ ਜਾਣਿਆਂ ਜਾਂਦਾ ਹੈ।
ਇਨ੍ਹਾਂ ਟਾਪੂਆਂ ‘ਤੇ ਆਦਿਵਾਸੀ ਲੋਕਾਂ ਦਾ ਬਸੇਰਾ ਹੈ। ਸਿਰਫ਼ ਨੌ ਟਾਪੂ
ਵਿਦੇਸ਼ੀਆਂ ਦੇ ਸੈਰ-ਸਪਾਟੇ ਲਈ ਖੁਲ੍ਹੇ ਹਨ, ਬਾਕੀਆਂ ‘ਤੇ ਅਜੇ ਵੀ
ਆਦਿਵਾਸੀ ਲੋਕ ਮੁੱਖ-ਧਾਰਾ ਦੇ ਜੀਵਨ ਤੋਂ ਅਲੱਗ-ਥਲੱਗ ਆਪਣਾ ਸਦੀਆਂ
ਪੁਰਾਣਾਂ ਜੀਵਨ ਜੀ ਰਹੇ ਹਨ। ਪਹਿਲੀਆਂ ਵਿਚ ਦੂਜੇ ਦੇਸ਼ਾਂ ਦੇ ਸੌਦਾਗਰ
ਇਥੋਂ ਦੇ ਆਦਿਵਾਸੀ ਲੋਕਾਂ ਨੂੰ ਫੜ ਕੇ ਤੇ ਜਹਾਜ਼ਾਂ ਵਿਚ ਲੱਦ ਕੇ ਦੂਰ
ਦੁਰਾਡੇ ਦੇਸ਼ਾਂ ਵਿਚ ਗੁਲਾਮਾਂ ਵਜੋਂ ਵੇਚ ਦਿੰਦੇ ਸਨ; ਇਸ ਲਈ ਆਦਿਵਾਸੀ
ਲੋਕਾਂ ਦੇ ਮਨ ਵਿਚ ਵਿਦੇਸ਼ੀਆਂ ਲਈ ਡਾਢੀ ਨਫ਼ਰਤ ਸੀ। ਜਦੋਂ ਵੀ ਮੌਕਾ
ਮਿਲਦਾ ਉਹ ਵਿਦੇਸ਼ੀਆਂ ਨੂੰ ਫੜ ਕੇ ਬੰਦੀ ਬਣਾ ਲੈਂਦੇ ਜਾਂ ਮਾਰ ਦਿੰਦੇ।
ਉਹਨਾਂ ਲਈ ਵਿਦੇਸ਼ੀ ਲੋਕ ਖ਼ਤਰਾ ਸਨ ਤਾਂ ਉਹ ਵਿਦੇਸ਼ੀਆਂ ਲਈ ਖ਼ਤਰਾ ਬਣਨ
ਲੱਗੇ। ਇਹਨਾਂ ਲੋਕਾਂ ਨੂੰ ਕਾਬੂ ਕਰਕੇ ਆਪਣੇ ਅਧੀਨ ਤੇ ਅਨੁਸਾਰੀ ਬਨਾਉਣਾ
ਵਿਦੇਸ਼ੀ ਹਾਕਮਾਂ ਦੀ ਲੋੜ ਤੇ ਮਜਬੂਰੀ ਬਣ ਗਈ। ਇਸ ਮਕਸਦ ਲਈ ਪਹਿਲਾਂ
ਪਹਿਲ ਇਕ ਫਰਾਂਸੀਸੀ ਪਾਦਰੀ 1711 ਵਿਚ ਏਥੇ ਆਇਆ, ਪਰ ਇਹਨਾਂ ਲੋਕਾਂ ਨੂੰ
ਪਿਆਰ ਤੇ ਸਦਭਾਵਨਾ ਦਾ ਪਾਠ ਪੜ੍ਹਾ ਕੇ ਈਸਾਈ ਬਨਾਉਣ ਦੀ ਉਹਦੀ ਕੋਸਿ਼ਸ਼
ਸਫ਼ਲ ਨਾ ਹੋ ਸਕੀ ਤੇ ਉਹਨੂੰ ਨਿਰਾਸ ਹੋ ਕੇ ਵਾਪਸ ਪਰਤਣਾ ਪਿਆ। ਉਸਤੋਂ
ਬਾਅਦ ਅਠਾਰਵ੍ਹੀਂ ਸਦੀ ਦੇ ਅੱਧ ਵਿਚਕਾਰ ਡੈਨਿਸ ਦੀ ਈਸਟ ਇੰਡੀਆ ਕੰਪਨੀ ਨੇ
ਵੀ ਏਥੇ ਸਥਾਪਤ ਹੋਣ ਦੀ ਕੋਸਿ਼ਸ਼ ਕੀਤੀ ਪਰ ਮਾੜੇ ਜਲਵਾਯੂ ਕਾਰਨ ਲੱਗਣ
ਵਾਲੀਆਂ ਮਾਰੂ ਬੀਮਾਰੀਆਂ ਨਾਲ ਏਥੇ ਆਉਣ ਵਾਲੇ ਉਹਨਾਂ ਦੇ ਬਹੁਤੇ ਬੰਦੇ ਮਰ
ਗਏ ਤੇ ਬਾਕੀ ਜਾਨ ਬਚਾ ਕੇ ਵਾਪਸ ਪਰਤ ਗਏ। 1778 ਵਿਚ ਆਸਟਰੀਆ ਦੀ ਸਰਕਾਰ
ਨੇ ਏਥੇ ‘ਕੁਮਾਂਤਰਾ’ ਕਿਲ੍ਹੇ ਦੀ ਉਸਾਰੀ ਕੀਤੀ ਪਰ ਛੇਤੀ ਹੀ ਯੁਰਪ ਵਿਚ
ਜੰਗ ਲੱਗ ਗਈ ਤੇ ਉਹਨਾਂ ਨੂੰ ਵੀ ਵਾਪਸ ਪਰਤਣਾ ਪੈ ਗਿਆ।
ਇਹ ਉਹ ਸਾਲ ਸਨ ਜਦੋਂ ਪੂਰਬੀ ਭਾਰਤ ਦੇ ਵਡੇਰੇ ਹਿੱਸੇ ‘ਤੇ ਅੰਗਰੇਜ਼
ਕਾਬਜ਼ ਹੋ ਚੁੱਕੇ ਸਨ। ਅੰਗਰੇਜ਼ਾਂ ਦੇ ਸਮੁੰਦਰੀ ਜਹਾਜ਼ ਜਦੋਂ ਇਹਨਾਂ
ਟਾਪੂਆਂ ਕੋਲੋਂ ਲੰਘਦੇ ਤਾਂ ਆਦਿਵਾਸੀ ਜਹਾਜ਼-ਚਾਲਕਾਂ ਨੂੰ ਮਾਰ ਦਿੰਦੇ
ਜਾਂ ਕੈਦ ਕਰ ਲੈਂਦੇ। ਕੀਮਤੀ ਸਮਾਨ ਲੁੱਟ ਲੈਂਦੇ। ਜੇ ਕੋਈ ਇਹਨਾਂ ਬੰਦੀਆਂ
ਵਿਚੋਂ ਬਚ ਕੇ ਨਿਕਲਣ ਵਿਚ ਕਾਮਯਾਬ ਵੀ ਹੋ ਜਾਂਦਾ ਤਾਂ ਉਹ ਭੁੱਖ ਤੇ
ਬੀਮਾਰੀ ਦਾ ਸਿ਼ਕਾਰ ਹੋ ਜਾਂਦਾ। ਅਜਿਹੀ ਹਾਲਤ ਵਿਚ ਅੰਗਰੇਜ਼ਾਂ ਨੇ ਇਸ
ਦੀਪ-ਸਮੂਹ ਨੂੰ ਕਬਜ਼ੇ ਵਿਚ ਲੈ ਕੇ ਇਹਨਾਂ ਟਾਪੂਆਂ ਨੂੰ ਆਬਾਦ ਕਰਨ ਅਤੇ
ਆਪਣੇ ਨਿਸਚਿਤ ਨਿਸ਼ਾਨਿਆਂ ਲਈ ਵਰਤਣ ਦੀ ਯੋਜਨਾ ਬਣਾ ਲਈ। ਸਭ ਤੋਂ ਪਹਿਲਾਂ
ਈਸਟ ਇੰਡੀਆ ਕੰਪਨੀ ਦੇ ਗਵਰਨਰ ਜਨਰਲ ਲਾਰਡ ਕਾਰਨਿਵਾਲਸ ਨੇ ਏਥੇ ਬੰਦਰਗਾਹ
ਬਨਾਉਣ ਦਾ ਫ਼ੈਸਲਾ ਕੀਤਾ। ਸਰਵੇਖਣ ਉਪਰੰਤ ਅੰਡੇਮਾਨ ਟਾਪੂ ਦੇ ‘ਚੈਥਮ’
ਜਜ਼ੀਰੇ ‘ਤੇ 1789 ਨੂੰ ਬੰਦਰਗਾਹ ਬਨਾਉਣ ਦਾ ਨਿਰਣਾ ਲਿਆ ਗਿਆ। ਇਸ
ਬੰਦਰਗਾਹ ਦਾ ਪਹਿਲਾ ਨਾਂ ‘ਪੋਰਟ ਕਾਰਨਿਵਾਲਸ’ ਰੱਖਿਆ ਗਿਆ।
ਉਸ ਵਕਤ ਅੰਗਰੇਜ਼ ਅਧਿਕਾਰੀਆਂ ਦਾ ਇਹ ਮਨਸ਼ਾ ਸੀ ਕਿ ਇਸ ਧਰਤੀ ਨੂੰ ਆਬਾਦ
ਕਰਨ ਲਈ ਏਥੇ ਮੁਜਰਮਾਂ ਨੂੰ ਵਸਾਇਆ ਜਾਵੇ। ਮੁਜਰਮ ਜੇ ਬੇਰਹਿਮ ਮੌਸਮ ਤੇ
ਮਾੜੇ ਹਾਲਾਤ ਦੀ ਮਾਰ ਨਾ ਝੱਲਦਿਆਂ ਮੌਤ ਦਾ ਖਾਜਾ ਵੀ ਬਣ ਜਾਣਗੇ ਤਾਂ
ਅੰਗਰੇਜ਼ਾਂ ਦਾ ਆਪਣਾ ਤਾਂ ਕੁਝ ਜਾਣ ਨਹੀਂ ਲੱਗਾ। ਇਸ ਮਕਸਦ ਲਈ ਪਹਿਲਾਂ
ਪਹਿਲ ਏਥੇ 270 ਮੁਜਰਮ ਤੇ 550 ਲੋੜਵੰਦ ਆਜ਼ਾਦ ਬੰਗਾਲੀਆਂ ਨੂੰ ਵਸਾਇਆ
ਗਿਆ ਪਰ ਅੰਗਰੇਜ਼ਾਂ ਦੀ ਇਹ ਕੋਸਿ਼ਸ਼ ਵੀ ਸਫ਼ਲ ਨਾ ਹੋ ਸਕੀ ਤੇ ਗਏ
ਬੰਦਿਆਂ ਨੂੰ ਵਾਪਸ ਭੇਜਣਾ ਪਿਆ। ਬੰਗਾਲੀ ਵਾਪਸ ਬੰਗਾਲ ਆ ਗਏ ਤੇ ਮੁਜਰਮਾਂ
ਨੂੰ ਪੀਨਾਂਗ ਤੇ ਦੂਜੀਆਂ ਆਬਾਦੀਆਂ ‘ਤੇ ਭੇਜ ਦਿੱਤਾ ਗਿਆ। ਮੁੜ 1858 ਤੱਕ
ਏਥੇ ਵਸੋਂ ਨਾ ਹੋ ਸਕੀ।
ਅੱਜ ਭਾਵੇਂ ਅੰਡੇਮਾਨ ਨਿਕੋਬਾਰ ਦਾ ਇਹ ਟਾਪੂ ਖ਼ੂਬਸੂਰਤ ਯਾਤਰਾ-ਸਥਲ ਵਜੋਂ
ਜਾਣਿਆਂ ਜਾਂਦਾ ਹੈ। ਏਥੇ ਨਿੱਕੇ ਨਿੱਕੇ ਸੋਹਣੇ ਸ਼ਹਿਰ ਤੇ ਪ੍ਰਕਿਤੀ ਦਾ
ਹੁਸਨ ਵੇਖਣ ਤੇ ਮਾਨਣਯੋਗ ਹੈ। ਹੋ ਸਕਦਾ ਹੈ ਇਸ ਖ਼ੂਬਸੂਰਤੀ ਪਿੱਛੇ ਉਹਨਾਂ
ਹਜ਼ਾਰਾਂ ਬਦਕਿਸਮਤ ਰਾਜਨੀਤਕ ਤੇ ਇਖ਼ਲਾਕੀ ਕੈਦੀਆਂ ਦੀ ਘਾਲਣਾ ਤੇ
ਕੁਰਬਾਨੀ ਦਾ ਕਿਸੇ ਨੂੰ ਚਿੱਤ-ਚੇਤਾ ਵੀ ਨਾ ਹੋਵੇ ਜਿਨ੍ਹਾਂ ਦੀਆਂ ਲਾਸ਼ਾਂ
ਉੱਤੇ ਇਹਨਾਂ ਸ਼ਹਿਰਾਂ ਦੀ ਉਸਾਰੀ ਕੀਤੀ ਗਈ ਹੈ। ਪਹਿਲੇ ਯਤਨਾਂ ਦੀ
ਅਸਫ਼ਲਤਾ ਤੋਂ ਬਾਅਦ ਵੀ ਅੰਗਰੇਜ਼ੀ ਸਰਕਾਰ ਨੇ ਇਸ ਟਾਪੂ ਨੂੰ ਆਬਾਦ ਕਰਨ
ਦੇ ਯਤਨ ਜਾਰੀ ਰੱਖੇ। ਜਦੋਂ ਏਥੇ ਮਾੜਾ-ਮੋਟਾ ਪੈਰ ਧਰਾਵਾ ਹੋ ਗਿਆ ਤਾਂ
ਅੰਗਰੇਜ਼ਾਂ ਨੇ ਇਸ ਧਰਤੀ ਨੂੰ ਲੰਮੀਆਂ ਕੈਦਾਂ ਵਾਲੇ ਦੇਸ਼-ਭਗਤਾਂ ਤੇ ਹੋਰ
ਇਖ਼ਲਾਕੀ ਕੈਦੀਆਂ ਦੇ ਬੰਦੀਖ਼ਾਨੇ ਵਜੋਂ ਵਰਤਣ ਦਾ ਨਿਰਣਾ ਲਿਆ। ਏਸੇ ਕਰਕੇ
ਇਹਨੂੰ ਦੰਡ-ਬਸਤੀ (ਫੲਨਅਲ ਛੋਲੋਨੇ) ਵਜੋਂ ਵੀ ਯਾਦ ਕੀਤਾ ਜਾਂਦਾ ਹੈ।
ਪਹਿਲਾਂ ਪਹਿਲਾਂ ਤਾਂ ਏਥੇ ਰਾਜਸੀ ਕੈਦੀਆਂ ਨੂੰ ਹੀ ਭੇਜਿਆ ਜਾਂਦਾ ਸੀ ਪਰ
ਪਿੱਛੋਂ ਇਖ਼ਲਾਕੀ ਕੈਦੀ ਵੀ ਭੇਜੇ ਜਾਣ ਲੱਗੇ। ਆਮ ਕੈਦੀਆਂ ਨੂੰ ਜੇਲ੍ਹ
ਵਿਚ ਤਿੰਨ ਮਹੀਨਿਆਂ ਤੋਂ ਲੈ ਕੇ ਦੋ ਸਾਲ ਤੱਕ ਰੱਖ ਕੇ ਹੋਰਨਾਂ ਟਾਪੂਆਂ
‘ਤੇ ਭੇਜ ਦਿੱਤਾ ਜਾਂਦਾ। ਉਹਨਾਂ ਨੂੰ ਜੇਲ੍ਹ ਵਿਚੋਂ ਬਾਹਰ ਰਹਿਣ ਦਾ ਮੌਕਾ
ਤਾਂ ਮਿਲ ਜਾਂਦਾ ਸੀ ਪਰ ਹੁੰਦੇ ਉਹ ਸਰਕਾਰ ਦੇ ਕਬਜ਼ੇ ਵਿਚ ਹੀ ਸਨ। ਸਰਕਾਰ
ਹੀ ਉਹਨਾਂ ਨੂੰ ਖਾਣ ਨੂੰ ਦਿੰਦੀ ਸੀ ਤੇ ਉਹਨਾਂ ਨੂੰ ਸਰਕਾਰ ਵੱਲੋਂ
ਸੌਂਪਿਆ ਕੰਮ ਹੀ ਕਰਨਾ ਹੁੰਦਾ ਸੀ। ਜੇਲ੍ਹ ਦੀ ਚਾਰ ਦੀਵਾਰੀ ਤੋਂ ਤਾਂ ਉਹ
ਬਾਹਰ ਹੁੰਦੇ ਸਨ ਪਰ ਡੂੰਘੇ ਤੇ ਖ਼ੌਫ਼ਨਾਕ ਸਮੁੰਦਰੀ ਪਾਣੀਆਂ ਦੀ ਦੀਵਾਰ
ਉਹਨਾਂ ਦੇ ਦੁਆਲੇ ਹੁੰਦੀ ਸੀ। ਇਸ ‘ਦੀਵਾਰ’ ਨੂੰ ਉਹ ਕਦੀ ਪਾਰ ਨਹੀਂ ਸਨ
ਕਰ ਸਕਦੇ। ਉਹਨਾਂ ‘ਤੇ ਹਕੂਮਤ ਦਾ ਸਿ਼ਕੰਜਾ ਪੂਰੀ ਤਰ੍ਹਾਂ ਕੱਸਿਆ ਹੋਇਆ
ਸੀ।
ਸਭ ਤੋਂ ਪਹਿਲਾਂ ਏਥੇ 1857 ਦੇ ਗ਼ਦਰ, ਵਹਾਬੀ ਲਹਿਰ, ਬਾਡਬਾਡੀ ਲਹਿਰ,
ਨਾਮਧਾਰੀ ਅੰਦੋਲਨ ਤੇ ਮਹਾਰਾਸ਼ਟਰ ਦੇ ਵਾਸੂਦੇਵ ਬਲਵੰਤ ਫੜਕੇ ਨਾਲ ਸੰਬੰਧਤ
ਲਹਿਰ ਦੇ ਦੇਸ਼-ਭਗਤਾਂ ਵੱਲੋਂ ਸਜ਼ਾ ਭੋਗਣ ਦਾ ਜਿ਼ਕਰ ਮਿਲਦਾ ਹੈ। ਵੀਰ
ਸਾਵਰਕਰ ਬਾਰੇ ਲਿਖੀ ਪੁਸਤਕ ਵਿਚ ਧਨੰਨਜੈਕੀਰ ਦਾ ਹਵਾਲਾ ਵਾਚਣਯੋਗ ਹੈ,
‘1911 ਵਿਚ ਵੀਰ ਸਾਵਰਕਰ ਜੇਲ੍ਹ ਗਏ ਤਾਂ 1857 ਦੇ ਗ਼ਦਰ ਵਾਲੇ ਬੁੱਢੇ
ਦੇਸ਼-ਭਗਤ ਨੇ ਸਲੂਟ ਮਾਰ ਕੇ ‘ਜੀ ਆਇਆਂ’ ਆਖਿਆ ਸੀ।’ ਐਸ ਵੀ ਪੋਰਟਮੈਨ ਨੇ
ਇਥੋਂ ਦੇ ਪਹਿਲੇ ਸੁਪਰਡੈਂਟ ਜੇਮਜ ਪੈਟੀਸਨ ਦੇ ਹਵਾਲੇ ਨਾਲ 1858 ਦੀ
ਰੀਪੋਰਟ ਦਾ ਵਰਨਣ ਕਰਦਿਆਂ ਲਿਖਿਆ ਹੈ, ‘87 ਦੇਸ਼-ਭਗਤਾਂ ਨੂੰ ਅੰਡੇਮਾਨ
ਵਿਚ ਫਾਹੇ ਲਾਇਆ ਗਿਆ ਸੀ, ਇਕ ਨੇ ਖ਼ੁਦਕੁਸ਼ੀ ਕੀਤੀ ਤੇ ਇਕ ਸੌ ਚਾਲੀ
ਉਥੋਂ ਦੇ ਹਸਪਤਾਲਾਂ ਵਿਚ ਮਰ ਗਏ ਸਨ।’ ਪੋਰਟਮੈਨ ਦੂਧ ਨਾਥ ਤਿਵਾੜੀ ਦਾ
ਜਿ਼ਕਰ ਕਰਦਿਆਂ ਹੋਰ ਕੈਦੀਆਂ ਬਾਰੇ ਵੀ ਸੂਚਨਾ ਦਿੰਦੇ ਹਨ, ‘ਦੂਧ ਨਾਥ
ਤਿਵਾੜੀ ਨੇਟਿਵ ਰਜਮੈਂਟ ਦਾ ਸਿਪਾਹੀ ਸੀ। ਜੇਹਲਮ ਦੇ ਕਮਿਸ਼ਨਰ ਨੇ 25
ਸਤੰਬਰ 1857 ਨੂੰ ਜਲਾਵਤਨ ਕਰਕੇ ਉਸਨੂੰ ‘ਰੋਮਨ ਐਮਪਾਇਰ’ ਜਹਾਜ਼ ਰਾਹੀਂ
ਅੰਡੇਮਾਨ ਟਾਪੂ ‘ਤੇ ਭੇਜਿਆ ਸੀ। ਇਸ ਜਹਾਜ਼ ਵਿਚ 216 ਹੋਰ ਪੰਜਾਬੀ ਕੈਦੀ
ਵੀ ਸਨ।’
ਗ਼ਦਰੀ ਸੂਰਬੀਰਾਂ ਦੇ ਅੰਡੇਮਾਨ ਪਹੁੰਚਣ ਤੋਂ ਪਹਿਲਾਂ ਵੱਖੋ-ਵੱਖਰੇ
ਸੂਬਿਆਂ ਤੋਂ ਵੱਖ ਵੱਖ ਇਨਕਲਾਬੀ ਲਹਿਰਾਂ ਨਾਲ ਜੁੜੇ ਅਨੇਕਾਂ ਦੇਸ਼-ਭਗਤ
ਇਸ ਟਾਪੂ ‘ਤੇ ਵਾਪਰੇ ਕਹਿਰ ਦਾ ਸਿ਼ਕਾਰ ਹੋ ਚੁੱਕੇ ਸਨ। ਇਕ ਵਾਰ ਏਥੇ ਫਸ
ਗਿਆ ਕੈਦੀ ਬੜੀ ਮੁਸ਼ਕਲ ਨਾਲ ਹੀ ਜਿਊਂਦਾ ਦੇਸ਼ ਮੁੜਦਾ ਸੀ। ਇਹਨਾਂ
ਕੈਦੀਆਂ ਵਿਚ ਹਿੰਦੂ-ਸਿੱਖ ਵੀ ਸਨ ਤੇ ਮੁਸਲਮਾਨ ਵੀ। ਮੌਲਵੀ
ਫ਼ਜ਼ਲ-ਉਲ-ਹੱਕ, ਹਿਮਾਚਲ ਸਿੰਘ, ਕੂੜਾ ਸਿੰਘ, ਸਾਲਗਰਾਮ ਬਰੀਹਾ, ਬੈਰੀ
ਸਿੰਘ, ਹਾਤੇ ਸਿੰਘ, ਕੁੰਜਲ ਸਿੰਘ, ਕੌੜਾ ਸਿੰਘ, ਲਿਆਕਤ ਅਲੀ, ਲੋਨੇ
ਸਿੰਘ, ਨਾਇਕ ਭੀਮ, ਗਰਬਾ ਦਾਸ ਪਟੇਲ, ਸੱਯਦ ਅਲਾਉਦੀਨ ਮੌਲਵੀ, ਨਰਾਇਣ,
ਨਰਾਇਣ ਸਿੰਘ, ਵੈਂਕਟਰਾਓ, ਬਹਾਦਰ ਸਿੰਘ, ਦੇਵੀ, ਫੱਤਾ, ਗੁਲਾਬ ਖ਼ਾਨ,
ਜਵਾਹਰ ਸਿੰਘ, ਮਹੀਬ-ਉਲਾਹ, ਮੰਜੂ ਸ਼ਾਹ, ਮਾਇਆ ਰਾਮ, ਨੂਰਾ, ਕਾਸਿਮ ਖ਼ਾਨ
ਅਤੇ ਸਰਾਜੁਦੀਨ ਨੂੰ 1857 ਦੇ ਗ਼ਦਰ ਵੇਲੇ ਤੇ ਉਸਤੋਂ ਪਿੱਛੋਂ ਵੱਖ ਵੱਖ
ਸਮੇਂ ‘ਤੇ ਵੱਖ ਵੱਖ ਥਾਵਾਂ ਤੋਂ ਗ੍ਰਿਫ਼ਤਾਰ ਕਰ ਕੇ ਕਾਲੇ ਪਾਣੀਆਂ ਦੀ
ਕਾਲੀ ਕੈਦ ਵਿਚ ਸੁੱਟਿਆ ਗਿਆ। ਇਹ ਸਾਰੇ ਹੀ ਸੂਰਬੀਰ ਲੰਮੀਆਂ ਕੈਦਾਂ
ਭੋਗਦੇ, ਜੇਲ੍ਹ ਅਧਿਕਾਰੀਆਂ ਦਾ ਜ਼ੁਲਮ ਸਹਿੰਦੇ, ਨਾ-ਖ਼ੁਸ਼ਗਵਾਰ ਮੌਸਮ ਦਾ
ਮਿਜ਼ਾਜ ਝੱਲਦੇ, ਭੁੱਖ ਅਤੇ ਬੀਮਾਰੀ ਨਾਲ ਲੜਦੇ ਏਸੇ ਡੈਣ ਧਰਤੀ ‘ਤੇ
ਸ਼ਹੀਦ ਹੋ ਗਏ। ਏਥੇ ਆਉਣ ਬਾਅਦ ਕਿਸੇ ਨੂੰ ਵੀ ਆਪਣੀ ਮਾਂ-ਧਰਤੀ ਤੇ
ਸਕੇ-ਸੰਬੰਧੀਆਂ ਦੇ ਮੁੜ ਦੀਦਾਰ ਨਾ ਹੋ ਸਕੇ। ਸੱਚੀ ਗੱਲ ਤਾਂ ਇਹ ਹੈ ਕਿ
ਜਦੋਂ ਕਿਸੇ ਕੈਦੀ ਨੂੰ ਕਾਲੇ ਪਾਣੀ ਦੀ ਸਜ਼ਾ ਮਿਲ ਜਾਂਦੀ ਸੀ ਤਾਂ ਉਹਦੇ
ਵਾਰਸ ਇਹ ਪੱਕ ਸਮਝ ਲੈਂਦੇ ਹਨ ਕਿ ਹੁਣ ਉਹਨਾਂ ਦੇ ਕਰਮਾਂ ਵਿਚ ਜਾਣ ਵਾਲੇ
ਦੇ ਮੁੜ ਦੀਦਾਰ ਕਰਨੇ ਸੰਭਵ ਨਹੀਂ ਹੋਣੇ। ਉਹ ਉਹਨੂੰ ਮਰਿਆ-ਖ਼ਪਿਆ ਸਮਝ ਕੇ
ਤੇ ਰੋ-ਪਿੱਟ ਕੇ ਸਬਰ ਕਰ ਲੈਂਦੇ ਸਨ।
ਇਹਨਾਂ ਦੇਸ਼-ਭਗਤਾਂ ਵਿਚੋਂ ਲੋਨੇ ਸਿੰਘ ਤੇ ਨਰਾਇਣ ਦਾ ਜਿ਼ਕਰ ਵੱਖਰੇ
ਪਰਸੰਗ ਵਿਚ ਵੀ ਕਰਨਾ ਬਣਦਾ ਹੈ। ਲੋਨੇ ਸਿੰਘ ਯੂ ਪੀ ਦੇ ਸੀਤਾਪੁਰ
ਜਿ਼ਲ੍ਹੇ ਦਾ ਰਹਿਣ ਵਾਲਾ ਸੀ। ਗ਼ਦਰ ਵਿਚ ਹਿੱਸਾ ਲੈਣ ਦੀ ਸਜ਼ਾ ਵਜੋਂ
ਉਹਨੂੰ ਅੰਡੇਮਾਨ ਨਿੱਕੋਬਾਰ ਭੇਜਿਆ ਗਿਆ। ਉਸ ਏਥੇ ਹੁੰਦੀ ਬੇਇਨਸਾਫ਼ੀ ਦੇ
ਵਿਰੁੱਧ ਭੁੱਖ ਹੜਤਾਲ ਕੀਤੀ ਜਿਸਦੇ ਨਤੀਜੇ ਵਜੋਂ ਉਹ ਸ਼ਹੀਦ ਹੋ ਗਿਆ। ਉਹ
ਅੰਡੇਮਾਨ ਨਿੱਕੋਬਾਰ ਟਾਪੂਆਂ ਦਾ ਪਹਿਲਾ ਦੇਸ਼-ਭਗਤ ਸੀ ਜੋ ਭੁੱਖ ਹੜਤਾਲ
ਕਾਰਨ ਸ਼ਹੀਦੀ ਪਾ ਗਿਆ। 1857 ਦੇ ਗ਼ਦਰ ਦਾ ਇਕ ਹੋਰ ਬਾਗ਼ੀ ਨਰਾਇਣ ਜਦੋਂ
ਕਾਲੇਪਾਣੀ ਪਹੁੰਚਿਆ ਤਾਂ ਚੌਥੇ ਦਿਨ ਹੀ ਉਸਨੇ ਬਚ ਕੇ ਭੱਜਣ ਲਈ ਸਮੁੰਦਰ
ਵਿਚ ਛਾਲ ਮਾਰ ਦਿੱਤੀ। ਮਲਾਹਾਂ ਦੀ ਮਦਦ ਨਾਲ ਉਸਨੂੰ ਫੜ ਕੇ ਫ਼ਾਂਸੀ ਦੀ
ਸਜ਼ਾ ਦਿੱਤੀ ਗਈ। ਇੰਜ ਉਹ ਕਾਲੇਪਾਣੀ ਵਿਚ ਫ਼ਾਂਸੀ ਲਾ ਕੇ ਸ਼ਹੀਦ ਕੀਤਾ
ਗਿਆ ਪਹਿਲ ਦੇਸ਼ ਭਗਤ ਸੀ।
ਵਹਾਬੀ ਤੇ ਫਿਰਾਜੀਆ ਲਹਿਰ ਦੇ ਦੇਸ਼-ਭਗਤਾਂ ਨੇ ਲੰਮਾ ਸਮਾਂ ਪਹਿਲਾਂ ਈਸਟ
ਇੰਡੀਆ ਕੰਪਨੀ ਤੇ ਫਿਰ ਅੰਗਰੇਜ਼ੀ ਸਰਕਾਰ ਦੇ ਵਿਰੁੱਧ ਸੰਘਰਸ਼ ਜਾਰੀ
ਰੱਖਿਆ। ਉਹਨਾਂ ਨੇ 1847 ਵਿਚ ਅੰਗਰੇਜ਼ਾਂ ਵਿਰੁੱਧ ਜੰਗ ਦਾ ਐਲਾਨ ਕੀਤਾ
ਤੇ 1863 ਤੱਕ ਆਪਣੀ ਲੜਾਈ ਲੜਦੇ ਰਹੇ। 1863 ਤੋਂ 1870 ਤੱਕ ਅੰਗਰੇਜ਼ਾਂ
ਨੇ ਇਸ ਲਹਿਰ ਨਾਲ ਸੰਬੰਧਤ ਸਾਰੇ ਇਨਕਲਾਬੀ ਫੜ ਲਏ ਤੇ ਉਹਨਾਂ ਵਿਚੋਂ
ਬਹੁਤਿਆਂ ਨੂੰ ਉਮਰ ਕੈਦ ਤੇ ਕਾਲੇ ਪਾਣੀ ਦੀ ਸਜ਼ਾ ਦੇ ਕੇ ਅੰਡੇਮਾਨ
ਟਾਪੂਆਂ ‘ਤੇ ਭੇਜ ਦਿੱਤਾ ਗਿਆ। ਇੰਜ ਹੀ ਬਰਮਾਂ ਦੀ ਬਾਡਬਾਡੀ ਲਹਿਰ ਦੇ
ਬਹੁਤ ਸਾਰੇ ਬਾਗ਼ੀਆਂ ਨੂੰ ਫੜ ਕੇ ਕਾਲੇ ਪਾਣੀ ਭੇਜਿਆ ਗਿਆ ਤੇ ਇਸ ਬਸਤੀ
ਨੂੰ ਆਬਾਦ ਕਰਵਾਉਣ ਲਈ ਉਹਨਾਂ ਨੂੰ ਕੰਮ ‘ਤੇ ਲਾਇਆ ਗਿਆ। ਇਹਨਾਂ ਵਿਚੋਂ
ਬਹੁਤੇ ਤਾਂ ਉਥੋਂ ਦੇ ਵਾਸੀ ਬਣ ਗਏ ਤੇ ਬਾਕੀ ਮਰ-ਖਪ ਗਏ। ਕੂਕਾ ਲਹਿਰ ਦੇ
ਗਿਆਰਾਂ ਨਾਮਧਾਰੀ ਸੂਰਬੀਰਾਂ ਦਾ ਜਿ਼ਕਰ ਵੀ ਮਿਲਦਾ ਹੈ ਜਿਨ੍ਹਾਂ ਨੂੰ
ਜਲਾਵਤਨੀ ਦੀ ਸਜ਼ਾ ਦੇ ਕੇ ਕਾਲੇ ਪਾਣੀ ਭੇਜਿਆ ਗਿਆ ਸੀ। ਇਸ ਸਾਰੇ ਵੀ ਓਥੇ
ਹੀੇ ਸ਼ਹੀਦ ਹੋ ਗਏ। ਇਹਨਾਂ ਵਿਚੋਂ ਤਿੰਨ ਦੇਸ਼-ਭਗਤਾਂ ਦਾ ਹਵਾਲਾ ਜ਼ਰੂਰ
ਮਿਲਦਾ ਹੈ ਜਿਨ੍ਹਾਂ ਦੇ ਨਾਂ ਲਾਲ ਸਿੰਘ, ਲਹਿਣਾ ਸਿੰਘ ਤੇ ਲੋਹਈਆ ਸਿੰਘ।
ਪੰਜਾਬ ਦੀ ਘੋੜ-ਸਵਾਰ ਪੁਲਿਸ ਵਿਚ ਨੌਕਰੀ ਕਰਨ ਵਾਲੇ ਮੁਹੰਮਦ ਸ਼ੇਰ ਅਲੀ
ਪਠਾਣ ਨੇ ਤਾਂ ਏਥੇ ਪਹਿਲਾ ਇਨਕਲਾਬੀ ਐਕਸ਼ਨ ਕਰਕੇ ਇਤਿਹਾਸ ਵਿਚ ਆਪਣਾ ਤੇ
ਪੰਜਾਬ ਦਾ ਨਾਂ ਦਰਜ ਕਰਵਾ ਲਿਆ। ਉਹ ਕਿਸੇ ਕਤਲ ਕੇਸ ਵਿਚ ਉਮਰ ਕੈਦ ਦੀ
ਸਜ਼ਾ ਪਾ ਕੇ ਕਾਲੇ ਪਾਣੀ ਆਇਆ ਸੀ। ਏਥੇ ਆ ਕੇ ਉਸਨੇ ਵਹਾਬੀ ਲਹਿਰ ਦਾ
ਡੂੰਘਾ ਅਸਰ ਵੀ ਕਬੂਲ ਕਰ ਲਿਆ ਸੀ। 1872 ਵਿਚ ਜੇਲ੍ਹ ਦੇ ਸੁਪਰਡੈਂਟ
ਸਟੂਅਰਟ ਵਾਟ ਨੇ ਉਸ ਵੇਲੇ ਦੇ ਵਾਇਸਰਾਇ ਲਾਰਡ ਮਿਓ ਨੂੰ ਆਪਣੀ
ਕਾਰਗੁਜ਼ਾਰੀ ਵਿਖਾਉਣ ਲਈ ਸੱਦਾ ਦਿੱਤਾ। ਲਾਰਡ ਮਿਓ ਜਦੋਂ ਸਮੁੰਦਰ ਵਿਚ
ਡੁੱਬਦੇ ਸੂਰਜ ਦਾ ਨਜ਼ਾਰਾ ਵੇਖ ਕੇ ਖ਼ੁਸ਼ੀ ਖ਼ੁਸ਼ੀ ਹੇਠਾਂ ਆ ਰਿਹਾ ਸੀ
ਤਾਂ ਲੁਕ ਕੇ ਬੈਠੇ ਮੁਹੰਮਦ ਸ਼ੇਰ ਅਲੀ ਨੇ ਸ਼ੇਰ ਵਾਂਗ ਝਪਟ ਮਾਰ ਕੇ ਉਸਤੇ
ਅਜਿਹਾ ਜਾਨ-ਲੇਵਾ ਵਾਰ ਕੀਤਾ ਕਿ ਲਾਰਡ ਮਿਓ ਦੀ ਮੌਤ ਹੋ ਗਈ। ਅੰਡੇਮਾਨ ਦੀ
ਧਰਤੀ ‘ਤੇ ਕਿਸੇ ਅੰਗਰੇਜ਼ ਅਧਿਕਾਰੀ ਦਾ ਪਹਿਲਾ ਕਤਲ ਕਰਨ ਵਾਲੇ ਉਸ ਬਹਾਦਰ
ਪਠਾਣ ਨੂੰ ਫ਼ਾਂਸੀ ਲਾ ਕੇ ਸ਼ਹੀਦ ਕਰ ਦਿੱਤਾ ਗਿਆ।
ਐਸ ਐਨ ਅਗਰਵਾਲ ਵੱਲੋਂ ਬਾਸੂਦੇਵ ਬਲਵੰਤ ਫੜਕੇ ਨੂੰ ਪਹਿਲਾ ਭਾਰਤੀ
ਦੇਸ਼-ਭਗਤ ਸ਼ਹੀਦ ਕਿਹਾ ਗਿਆ ਹੈ ਜਿਸਨੇ ਅੰਗਰੇਜ਼ਾਂ ਵਿਰੁੱਧ ਖੁੱਲ੍ਹ ਕੇ
ਹਥਿਆਰ ਵਰਤਣ ਦਾ ਪ੍ਰਚਾਰ ਕੀਤਾ ਤੇ ਜਿਸਨੂੰ ਬਗ਼ਾਵਤ ਦੇ ਜੁਰਮ ਵਿਚ
ਗ੍ਰਿਫ਼ਤਾਰ ਕਰਕੇ ਅਦਨ ਦੇ ਕਾਲੇ ਪਾਣੀ ਦੇ ਟਾਪੂ ਦੇ ਕਿਲ੍ਹੇ ਵਿਚ ਤਸੀਹੇ
ਦੇ ਦੇ ਕੇ 17 ਫਰਵਰੀ 1883 ਨੂੰ ਸ਼ਹੀਦ ਕੀਤਾ ਗਿਆ। ਉਸਦੀ ਮੁਹਿੰਮ ਵਿਚ
ਸ਼ਾਮਲ ਉਹਦੇ ਚੌਦਾਂ ਸਾਥੀਆਂ ਨੂੰ ਅੰਡੇਮਾਨ ਕਾਲੇ ਪਾਣੀਆਂ ਵਿਚ ਉਮਰ ਭਰ
ਲਈ ਜਲਾਵਤਨ ਕਰ ਦਿੱਤਾ।
ਇਸਤੋਂ ਅਗਲੇ ਦੌਰ ਵਿਚ ਬੰਗਾਲ, ਮਹਾਰਾਸ਼ਟਰ, ਯੂ ਪੀ ਤੇ ਪੰਜਾਬ ਦੇ ਨੌ
ਇਨਕਲਾਬੀ ਗਰੁੱਪਾਂ ਦੇ ਸਤਾਈ ਦੇਸ਼ ਭਗਤਾਂ ਨੂੰ ਸੈਲੂਲਰ ਜੇਲ੍ਹ ਵਿਚ ਕੈਦੀ
ਬਣਾ ਕੇ ਭੇਜਿਆ ਗਿਆ। ਇਹਨਾਂ ਵਿਚ ਇਕ ਵੱਡਾ ਗਰੁੱਪ ਸੰਪਾਦਕਾਂ,
ਪੱਤਰਕਾਰਾਂ ਤੇ ਲੇਖਕਾਂ ਦਾ ਸੀ। ‘ਇਨਕਲਾਬ’ ਤੇ ‘ਭਾਰਤ ਮਾਤਾ’ ਨਾਮੀ
ਅਖ਼ਬਾਰ ਭਾਵੇਂ ਪਹਿਲਾਂ ਹੀ ਇਨਕਲਾਬੀ ਚੇਤਨਾ ਉਭਾਰਨ ਲਈ ਪ੍ਰਕਾਸ਼ਤ ਕੀਤੇ
ਜਾ ਰਹੇ ਸਨ ਤਦ ਵੀ ‘ਭਾਰਤ ਮਾਤਾ ਸੁਸਾਇਟੀ’ ਦੇ ਦੇਸ਼ ਭਗਤਾਂ ਨੇ ਯੂ ਪੀ
ਵਿਚ ਵੀ ਇਨਕਲਾਬੀ ਅਖ਼ਬਾਰ ਸੂਰੂ ਕਰਨ ਦੀ ਯੋਜਨਾ ਬਣਾ ਲਈ। ‘ਸਵਰਾਜ’ ਨਾਮੀ
ਇਹ ਹਫ਼ਤਾਵਾਰੀ ਅਖ਼ਬਾਰ ਲਗਭਗ ਢਾਈ ਸਾਲ ਚੱਲਿਆ। ਗੁਰਦਾਸਪਰ ਜਿ਼ਲ੍ਹੇ ਦੇ
ਪਿੰਡ ਕਾਦੀਆਂ ਦੇ ਵਸਨੀਕ ਇਨਕਲਾਬੀ ਬਾਬੂ ਹਰੀ ਰਾਮ ਨੂੰ ਰਾਇਜ਼ਾਦਾ
ਭਟਨਾਗਰ ਅਖ਼ਬਾਰ ਦਾ ਕੰਮ ਸੰਭਾਲਣ ਲਈ ਆਪਣੇ ਨਾਲ ਇਲਾਹਾਬਾਦ ਲੈ ਗਏ।
‘ਸਵਰਾਜ’ ਦਾ ਪਹਿਲਾ ਅੰਕ 19 ਨਵੰਬਰ 1907 ਨੂੰ ਛਪਿਆ। ਅਜੇ ਸਿਰਫ ਤਿੰਨ
ਅੰਕ ਹੀ ਨਿਕਲੇ ਸਨ ਕਿ 23 ਦਿਨਾਂ ਬਾਅਦ 10 ਦਸੰਬਰ 1907 ਨੂੰ ਬਾਬੂ ਹਰੀ
ਰਾਮ ਦੇ ਖਿ਼ਲਾਫ਼ ਕੇਸ ਦਰਜ ਹੋ ਗਿਆ। ‘ਸਵਰਾਜ’ ਵਿਚ ਬਾਗ਼ੀਆਨਾ ਲੇਖ ਲਿਖਣ
ਕਰਕੇ ਬਾਬੂ ਹਰੀ ਰਾਮ ਨੂੰ ਸੱਤ ਸਾਲ ਦੀ ਬਾਮੁਸ਼ੱਕਤ ਕੈਦ ਸੁਣਾ ਕੇ ਕਾਲੇ
ਪਾਣੀ ਭੇਜ ਦਿੱਤਾ ਗਿਆ।
ਸਰਕਾਰ ਵਿਰੋਧੀ ਲਿਖਤ ਲਿਖਣ ਕਾਰਨ ਇਸਦੇ ਸੰਪਾਦਕਾਂ ਨੂੰ ਵਾਰ ਵਾਰ
ਗ੍ਰਿਫ਼ਤਾਰ ਕੀਤਾ ਜਾਂਦਾ ਰਿਹਾ। ਇਕ ਸੰਪਾਦਕ ਗ੍ਰਿਫ਼ਤਾਰ ਹੁੰਦਾ ਤਾਂ
ਦੂਜਾ ਉਹਦੀ ਡਿਊਟੀ ਸੰਭਾਲਣ ਲਈ ਤਿਆਰ ਹੁੰਦਾ। ਨੰਦ ਗੋਪਾਲ ਚੋਪੜਾ
‘ਸਵਰਾਜ’ ਅਖ਼ਬਾਰ ਦਾ ਇਕ ਹੋਰ ਬਾਗ਼ੀ ਲੇਖਕ ਸੀ ਜਿਸਨੂੰ ਦਸ ਸਾਲ ਦੀ ਸਜ਼ਾ
ਦੇ ਕੇ ਕਾਲੇ ਪਾਣੀ ਭੇਜਿਆ ਗਿਆ। ਉਹ ਪਹਿਲਾ ਦੇਸ਼ ਭਗਤ ਸੀ ਜਿਸਨੇ ਜੇਲ੍ਹ
ਅਧਿਕਾਰੀਆਂ ਵੱਲੋਂ ਰਾਜਸੀ ਕੈਦੀਆਂ ਨਾਲ ਕੀਤੀ ਜਾਂਦੀ ਬਦਸਲੂਕੀ ਤੇ
ਅਣਮਨੁੱਖੀ ਵਿਹਾਰ ਦੇ ਖਿ਼ਲਾਫ਼ ਸ਼ਾਂਤਮਈ ਵਿਰੋਧ ਕਰਕੇ ਅਧਿਕਾਰੀਆਂ ਨੂੰ
ਸਮਝੌਤੇ ਨਜ਼ਦੀਕ ਲਿਆਉਣ ਦਾ ਯਤਨ ਕੀਤਾ। ਇਹ ਵੱਖਰੀ ਗੱਲ ਹੈ ਕਿ ਜੇਲ੍ਹ
ਅਧਿਕਾਰੀ ਸਮਝੌਤਾ ਕਰਕੇ ਵੀ ਬਾਅਦ ਵਿਚ ਮੁੱਕਰ ਗਏ। ਫ਼ਲਸਰੂਪ ਦੂਜੇ
ਸਾਥੀਆਂ ਨੂੰ ਵੀ ਸੰਘਰਸ਼ ਵਿਚ ਹਿੱਸਾ ਲੈਣਾ ਪਿਆ ਤੇ ਨੰਦ ਲਾਲ ਵੱਲੋਂ
ਸ਼ੁਰੂ ਕੀਤੀ ਲੜਾਈ ਵਿਚ ਆਖ਼ਰਕਾਰ ਦੇਸ਼-ਭਗਤਾਂ ਦੀ ਹੀ ਜਿੱਤ ਹੋਈ।
ਪਾਣੀਪੱਤ ਦਾ ਵਸਨੀਕ ਹੋਤੀ ਲਾਲ ਵਰਮਾ ਇਕ ਹੋਰ ਪੰਜਾਬੀ ਸੀ ਜਿਸਨੇ
‘ਪੰਜਾਬੀਆਂ ਦੇ ਨਾਂ ਸੁਨੇਹਾ’ ਲਿਖ ਕੇ ਵੰਡਿਆ। ਉਹ ‘ਸਵਰਾਜ’ ਦਾ ਇਕ ਹੋਰ
ਸੰਪਾਦਕ ਸੀ ਜਿਸਨੂੰ ਦਸ ਸਾਲ ਦੀ ਕਾਲੇ ਪਾਣੀ ਦੀ ਸਜ਼ਾ ਹੋਈ। ਉਸਨੇ ਜੇਲ੍ਹ
ਦੀ ਨਰਕੀ ਹਾਲਤ ਦੀ ਤਸਵੀਰ ਖਿੱਚਦੀ ਤਿੰਨ ਸਫਿ਼ਆਂ ਦੀ ਰੀਪੋਰਟ ਲਿਖ ਕੇ
ਬਾਹਰ ਭੇਜੀ ਤੇ ਦੇਸ਼ ਵਾਸੀਆਂ ਨੂੰ ਇਥੋਂ ਦੇ ਹਾਲਾਤ ਬਾਰੇ ਆਗਾਹ ਕਰ
ਦਿੱਤਾ। ਬੰਗਾਲ ਵਿਚ ਛਪਦੀ ਪ੍ਰਸਿੱਧ ਅਖ਼ਬਾਰ ‘ਅੰਮ੍ਰਿਤ ਬਾਜ਼ਾਰ
ਪੱਤ੍ਰਿਕਾ’ ਤੇ ਲਾਹੌਰੋਂ ਛਪਦੇ ‘ਦਾ ਟ੍ਰਿਬਿਊਨ’ ਵਿਚ ਜਦੋਂ ਇਹ ਰੀਪੋਰਟ
ਛਪੀ ਤਾਂ ਸੰਸਾਰ ਭਰ ਵਿਚ ਤਹਿਲਕਾ ਮੱਚ ਗਿਆ। ਮਜਬੂਰ ਹੋ ਕੇ ਅੰਗਰੇਜ਼
ਸਰਕਾਰ ਨੂੰ ਅੰਡੇਮਾਨ ਦੇ ਹਾਲਾਤ ਦਾ ਜਾਇਜ਼ਾ ਲੈਣ ਲਈ ਪੜਤਾਲ ਕਰਨ ਦਾ
ਹੁਕਮ ਦੇਣਾ ਪਿਆ।
ਗੁਜਰਾਤ ਦੇ ਪਿੰਡ ਵਰੈਨ ਵਾਲੇ ਦੇ ਲੱਧਾ ਰਾਮ ਕਪੂਰ ਦੇ ਵਡੇਰੇ ਸਾਊਥ ਈਸਟ
ਏਸ਼ੀਆ ਵਿਚ ਰਹਿੰਦੇ ਸਨ। ਇਸਨੇ ਵੀ ਓਥੇ ਪਹੁੰਚ ਕੇ ਬਹੁਤ ਕਮਾਈ ਕੀਤੀ।
ਸਾਊਥ ਈਸਟ ਦੀਆਂ ਲਹਿਰਾਂ ਨੇ ਤੇ 1905 ਵਿਚ ਰੂਸ ਉੱਤੇ ਜਪਾਨ ਦੀ ਜਿੱਤ ਨੇ
ਉਸਨੂੰ ਪ੍ਰਭਾਵਤ ਕੀਤਾ ਤੇ ਉਹ ਸਾਰਾ ਧਨ-ਮਾਲ ਲੈ ਕੇ ਭਾਰਤ ਆ ਗਿਆ ਤੇ
ਕੌਮੀ ਲਹਿਰ ਦਾ ਅੰਗ ਬਣ ਗਿਆ। ਲਾਹੌਰ ਪਹੁੰਚ ਕੇ ਪਹਿਲਾਂ ਉਹ ‘ਭਾਰਤ ਮਾਂ’
ਅਖ਼ਬਾਰ ਦਾ ਸੰਪਾਦਕ ਬਣਿਆਂ ਤੇ ਪਿੱਛੋਂ ‘ਸਵਰਾਜ’ ਦੀ ਸੰਪਾਦਨਾ ਦੀ
ਜਿ਼ੰਮੇਵਾਰੀ ਸੰਭਾਲ ਲਈ। ਉਸਨੂੰ ਵੀ ਨੰਦ ਗੋਪਾਲ ਵਾਂਗ ਹੀ ਦਸ ਦਸ ਸਾਲ ਦੀ
ਜਲਾਵਤਨੀ ਦੀਆਂ ਤਿੰਨ ਸਜ਼ਾਵਾਂ ਦਿੱਤੀਆਂ ਗਈਆਂ। ਇੰਜ ਹੀ ਯੂ ਪੀ ਦਾ ਰਹਿਣ
ਵਾਲਾ ਪੰਡਿਤ ਰਾਮ ਚਰਨ ਲਾਲ ਸ਼ਰਮਾ ਅਜਿਹਾ ਦੇਸ਼ ਭਗਤ ਸੀ ਜਿਸਨੂੰ ਅਨਪੜ੍ਹ
ਲੋਕਾਂ ਨੂੰ ‘ਸਵਰਾਜ’ ਵਿਚ ਛਪਦੇ ਇਨਕਲਾਬੀ ਲੇਖ ਪੜ੍ਹ ਕੇ ਸੁਨਾਉਣ ਤੇ
ਸਰਕਾਰ ਵਿਰੁੱਧ ਉਤੇਜਿਤ ਕਰਨ ਦੇ ਦੋਸ਼ ਵਿਚ ਸਜ਼ਾ ਸੁਣਾਈ ਗਈ।
ਏਸੇ ਦੌਰ ਵਿਚ ਹੀ ‘ਡਲਹੌਜ਼ੀ ਸੁਕੇਅਰ ਬੰਬ ਕੇਸ’ ਵਿਚ ਇੰਦੂ ਭੁਸ਼ਨ ਰਾਇ,
‘ਅਲੀਪੁਰ ਬੰਬ ਕੇਸ’ ਵਿਚ ਉਲਾਸਕਰ ਦੱਤ ਤੇ ‘ਢਾਕਾ ਕਾਂਸਪੀਰੇਸੀ ਕੇਸ’ ਵਿਚ
ਪੂਲੇਨ ਬਿਹਾਰੀ ਦਾਸ ਨੂੰ ਵੀ ਵੱਖ ਵੱਖ ਸਮੇਂ ‘ਤੇ ਸਜ਼ਾ ਸੁਣਾ ਕੇ ਕਾਲੇ
ਪਾਣੀ ਭੇਜਿਆ ਗਿਆ। ‘ਅਲੀਪੁਰ ਬੰਬ ਕੇਸ’ ਵਿਚ ਹੀ ਵਰਿੰਦਰ ਕੁਮਾਰ ਘੋਸ਼,
ਹੇਮ ਚੰਦਰ ਦਾਸ, ਉਪਿੰਦਰ ਨਾਥ ਬੈਨਰ ਜੀ ਨੂੰ ਵੀ ਸਜ਼ਾ ਹੋਈ। ‘ਨਾਸਿਕ
ਕਾਂਸਪੀਰੇਸੀ ਕੇਸ’ ਨਾਲ ਸੰਬੰਧਤ ਵੀ ਡੀ ਸਾਵਰਕਰ, ਜੀ ਡੀ ਸਵਾਰਕਰ ਅਤੇ
ਬਾਵਨ ਰਾਓ ਵੀ ਏਸੇ ਜੇਲ੍ਹ ਵਿਚ ਸਨ। ਰਾਜਨਪੁਰ ਟਰੇਨ ਡਕੈਤੀ ਕੇਸ ਦਾ ਸੂਰਯ
ਚੰਦ ਸੈਨ ਵੀ ਕਾਲੇ ਪਾਣੀ ਦੀ ਸਜ਼ਾ ਭੁਗਤ ਰਿਹਾ ਸੀ।
ਜਦੋਂ ਇਹ ਸਾਰੇ ਦੇਸ਼ ਭਗਤ ਜੇਲ੍ਹ ਅਧਿਕਾਰੀਆਂ ਦਾ ਤਸ਼ੱਦਦ ਸਹਿ ਰਹੇ ਸਨ,
ਜਿਸ ਤਸ਼ੱਦਦ ਦੀ ਮਾਰ ਨਾ ਝੱਲਦਿਆਂ ਇੰਦੂ ਭੁਸ਼ਨ ਰਾਇ ਫ਼ਾਹਾ ਲੈ ਕੇ
ਖ਼ੁਦਕੁਸ਼ੀ ਕਰ ਗਿਆ ਸੀ ਤੇ ਉਲਾਸਕਰ ਦੱਤ ਪਾਗ਼ਲ ਹੋ ਗਿਆ ਸੀ ਤਾਂ ਐਨ
ਉਦੋਂ ਹੀ ਗ਼ਦਰ ਪਾਰਟੀ ਦੇ ਸੂਰਬੀਰਾਂ ਦੇ ਜਥੇ ਉਮਰ ਕੈਦਾਂ ਭੋਗਣ, ਜ਼ੁਲਮ
ਸਹਿਣ ਪਰ ਨਾਲ ਹੀ ਜ਼ਾਲਮ ਨੂੰ ਵੱਖਰੇ ਅੰਦਾਜ਼ ਵਿਚ ਮੁਖ਼ਾਤਬ ਹੋਣ ਲਈ
ਪਹੁੰਚਣੇ ਸ਼ੁਰੂ ਹੋ ਗਏ। ਇਹ ਨਹੀਂ ਕਿ ਇਸਤੋਂ ਪਹਿਲੇ ਦੇਸ਼-ਭਗਤਾਂ ਨੇ
ਜੇਲ੍ਹ ਵਿਚ ਹੁੰਦੀਆਂ ਵਧੀਕੀਆਂ ਵਿਰੁੱਧ ਆਵਾਜ਼ ਨਾ ਉਠਾਈ ਹੋਵੇ। ਉਹ ਵੀ
ਜ਼ੁਲਮ ਦੇ ਵਿਰੁੱਧ ਇਕਮੁੱਠ ਹੋ ਕੇ ਸਮਰੱਥਾ ਅਨੁਸਾਰ ਜੂਝਦੇ ਰਹੇ। ਆਪਣੀਆਂ
ਮੰਗਾਂ ‘ਤੇ ਅੜਦੇ ਵੀ ਰਹੇ। ਸਮੇਂ ਸਮੇਂ ਤੇ ਹੜਤਾਲਾਂ ਵੀ ਕਰਦੇ ਰਹੇ।
ਇਹਨਾਂ ਵਿਚੋਂ ਤਿੰਨ ਤਾਂ ਵੱਡੀਆਂ ਹੜਤਾਲਾਂ ਸਨ ਜੋ ਕ੍ਰਮਵਾਰ ਬਤਾਲੀ,
ਬਵੰਜਾ ਤੇ ਬੱਤੀ ਦਿਨ ਚੱਲੀਆਂ। ਇਹਨਾਂ ਦੇਸ਼-ਭਗਤਾਂ ਦੀ ਇਕਮੁਠਤਾ, ਦਲੇਰੀ
ਤੇ ਸੰਘਰਸ਼ ਦੀ ਇਹ ਪ੍ਰਾਪਤੀ ਸੀ ਕਿ ਗਵਰਨਰ ਦੇ ਹੋਮ ਮੈਂਬਰ ਰੋਨਾਲਡ
ਕਰੈਡਾਕ ਨੂੰ ਅੰਡੇਮਾਨ ਦੀ ਪੜਤਾਲ ਕਰਨ ਆਪ ਜਾਣਾ ਪਿਆ ਸੀ। ਕਰੈਡਾਕ
ਸਾਹਮਣੇ ਨੰਦ ਲਾਲ ਚੋਪੜਾ, ਕਾਂਜੀ ਲਾਲ, ਸਾਵਰਕਰ ਤੇ ਹੋਰ ਦੇਸ਼ ਭਗਤਾਂ ਨੇ
ਬੇਖ਼ੌਫ਼ ਹੋ ਕੇ ਆਪਣੇ ਨਾਲ ਹੁੰਦੀਆਂ ਵਧੀਕੀਆਂ ਅਤੇ ਜ਼ੁਲਮ-ਤਸ਼ੱਦਦ ਦਾ
ਜਿ਼ਕਰ ਕੀਤਾ ਜਿਸਦੇ ਫ਼ਲਸਰੂਪ ਸਾਰੇ ਦੇਸ਼ ਭਗਤ ਕੈਦੀਆਂ ਨੂੰ ਦੇਸ਼ ਦੀਆਂ
ਵੱਖ ਵੱਖ ਜੇਲ੍ਹਾਂ ਵਿਚ ਭੇਜ ਦਿੱਤਾ। ਇਹ ਵੱਖਰੀ ਗੱਲ ਹੈ ਕਿ ਉਹਨਾਂ ਨੂੰ
ਖਿੰਡਾ ਕੇ, ਉਹਨਾਂ ਦੇ ਸੂਬਿਆਂ ਤੋਂ ਬਾਹਰ ਦੇਸ਼ ਦੀਆਂ ਵੱਖ ਵੱਖ ਜੇਲ੍ਹਾਂ
ਵਿਚ ਰੱਖਿਆ ਗਿਆ।
ਅਸਲ ਵਿਚ ਅੰਗਰੇਜ਼ ਸਰਕਾਰ ਨੇ ਇਹ ਨੀਤੀ ਬਣਾ ਲਈ ਸੀ ਕਿ ਦੇਸ਼-ਭਗਤਾਂ ਨੂੰ
ਨਾ ਤਾਂ ਇਕੱਠਿਆ ਤੇ ਨਾ ਹੀ ਉਹਨਾਂ ਦੇ ਸੂਬਿਆਂ ਵਿਚ ਰਹਿਣ ਦਿੱਤਾ ਜਾਏ।
ਸਰਕਾਰ ਇਹ ਵੀ ਸੋਚਦੀ ਸੀ ਕਿ ਇਕੱਠੇ ਨਾ ਹੋਣ ਦੀ ਸੂਰਤ ਵਿਚ ਉਹ ਸਰਕਾਰ
ਖਿ਼ਲਾਫ਼ ਕੋਈ ਛੜਯੰਤਰ ਨਹੀਂ ਰਚ ਸਕਣਗੇ। ਆਪਣੇ ਸੂਬਿਆਂ ਤੋਂ ਦੂਰ ਰਹਿਣ
ਕਰਕੇ ਉਹਨਾਂ ਦਾ ਆਪਣੇ ਖਿੱਤੇ ਤੇ ਆਪਣੇ ਲੋਕਾਂ ਨਾਲ ਸੰਪਰਕ ਨਹੀਂ ਰਹੇਗਾ,
ਜਿਸ ਦੇ ਸਿੱਟੇ ਵਜੋਂ ਉਹਨਾਂ ਦੇ ਇਨਕਲਾਬੀ ਵਿਚਾਰਾਂ ਨੂੰ ਫ਼ੈਲਣ ਤੇ
ਵਿਗਸਣ ਦਾ ਮੌਕਾ ਨਹੀਂ ਮਿਲ ਸਕੇਗਾ। ਘਰਾਂ ਤੋਂ ਦੂਰ ਹੋਣ ਕਰਕੇ ਉਹਨਾਂ
ਨਾਲ ਕੀਤੇ ਧੱਕੇ ਵਿਰੁੱਧ ਉਹਨਾਂ ਦੀ ਆਹ ਜਾਂ ਦਾਦ-ਫ਼ਰਿਆਦ ਵੀ ਕੋਈ ਨਹੀਂ
ਸੁਣ ਸਕੇਗਾ। ਏਸੇ ਨੀਤੀ ਅਧੀਨ ‘ਪਹਿਲੇ ਲਾਹੌਰ ਸਾਜਿਸ਼ ਕੇਸ’ ਦੇ ਸਾਰੇ
ਉਮਰ ਕੈਦੀਆਂ, ਕਾਲੇ ਪਾਣੀ ਦੀ ਸਜ਼ਾ ਵਾਲੇ ਤੇ ਹੋਰ ਕੈਦੀਆਂ ਨੂੰ
ਚਾਰ-ਚਾਰ, ਪੰਜ-ਪੰਜ ਦੇ ਗਰੁੱਪਾਂ ਵਿਚ ਉੱਤਰੀ ਭਾਰਤ ਦੀਆਂ ਵੱਖ ਵੱਖ
ਜੇਲ੍ਹਾਂ ਵਿਚ ਭੇਜ ਦਿੱਤਾ ਗਿਆ ਸੀ। ਉਦੋਂ ਕਾਲੇ ਪਾਣੀ ਦੀ ਸਜ਼ਾ ਵਾਲੇ
ਸਾਰੇ ਕੈਦੀਆਂ ਨੂੰ ਅੰਡੇਮਾਨ ਭੇਜਣ ਦੀ ਥਾਂ ਬਹੁਤ ਸਾਰਿਆਂ ਨੂੰ ਦੇਸ਼
ਦੀਆਂ ਵੱਖ ਵੱਖ ਜੇਲ੍ਹਾਂ ਵਿਚ ਹੀ ਰੱਖਿਆ ਜਾਂਦਾ ਸੀ। ਸਰਕਾਰੀ ਅੰਕੜਿਆਂ
ਅਨੁਸਾਰ 1916 ਵਿਚ ਹੀ 263 ਮੁਲਜ਼ਮਾਂ ਨੂੰ ਕਾਲੇ ਪਾਣੀ ਦੀ ਸਜ਼ਾ ਹੋਈ
ਸੀ, ਜਦ ਕਿ ਕੇਵਲ 173 ਨੂੰ ਹੀ ਅੰਡੇਮਾਨ ਭੇਜਿਆ ਗਿਆ। ਇਸੇ ਸਾਲ ਦੇ
ਅਖ਼ੀਰ ਵਿਚ ਕਾਲੇ ਪਾਣੀ ਦੀ ਸਜ਼ਾ ਪਾਉਣ ਵਾਲੇ 938 ਮੁਲਜ਼ਮ ਪੰਜਾਬ ਦੀਆਂ
ਜੇਲ੍ਹਾਂ ਅੰਦਰ ਹੀ ਬੰਦ ਸਨ। 1915 ਵਿਚ ਤਾਂ ਇਹ ਗਿਣਤੀ 1220 ਸੀ।
ਮੁਲਤਾਨ, ਰਾਵਲਪਿੰਡੀ ਤੇ ਦਿੱਲੀ ਦੀਆਂ ਜੇਲ੍ਹਾਂ ਵਿਚ ਬੰਦ ਗ਼ਦਰੀ
ਦੇਸ਼-ਭਗਤਾਂ ਨੇ ਵੇਖਿਆ ਕਿ ਉਹਨਾਂ ਨਾਲ ਰਾਜਸੀ ਕੈਦੀਆਂ ਵਾਲਾ ਸਲੂਕ ਕਰਨ
ਦੀ ਥਾਂ ਗ਼ੈਰ-ਇਨਸਾਨੀ ਸਲੂਕ ਕੀਤਾ ਜਾ ਰਿਹਾ ਹੈ; ਘੱਟ ਅਤੇ ਘਟੀਆ ਖ਼ੁਰਾਕ
ਦਿੱਤੀ ਜਾ ਰਹੀ ਸੀ; ਗ਼ੈਰਵਾਜਬ ਤੌਰ ‘ਤੇ ਹੱਥਕੜੀਆਂ ਤੇ ਬੇੜੀਆਂ ਵਿਚ
ਜਕੜਿਆ ਹੋਇਆ ਸੀ; ਸਫ਼ਾਈ ਦਾ ਵੀ ਬੁਰਾ ਹਾਲ ਸੀ। ਇਸ ਅਣਮਨੁੱਖੀ ਹਾਲਾਤ ਦੇ
ਬਾਵਜੂਦ ਚੱਕੀ ਪੀਹਣ ਦੀ ਭਾਰੀ ਮੁਸ਼ੱਕਤ ਕਰਨੀ ਪੈਂਦੀ ਸੀ। ਸਿੱਖ ਕੈਦੀਆਂ
ਨੂੰ ਪੱਗ ਦੀ ਥਾਂ ਟੋਪੀ ਪਹਿਨਣ ਲਈ ਮਜਬੂਰ ਕੀਤਾ ਜਾਂਦਾ ਸੀ। ਜੇਲ੍ਹ
ਅਧਿਕਾਰੀਆਂ ਦਾ ਹੈਂਕੜ ਭਰਿਆ ਗ਼ੈਰ-ਮਨੁੱਖੀ ਵਿਹਾਰ ਵੀ ਉਹਨਾਂ ਦੀ ਜ਼ਮੀਰ
ਨੂੰ ਜ਼ਖ਼ਮੀ ਕਰਦਾ ਸੀ। ਦੇਸ਼-ਭਗਤ ਇਸ ਜ਼ੁਲਮ ਨੂੰ ਚੁੱਪ-ਚਾਪ ਬਰਦਾਸ਼ਤ
ਨਹੀਂ ਸਨ ਕਰ ਸਕਦੇ। ਉਹਨਾਂ ਨੇ ਇਸ ਅਮਾਨਵੀ ਵਿਹਾਰ ਵਿਰੁੱਧ ਸੰਘਰਸ਼ ਆਰੰਭ
ਦਿੱਤਾ। ਰਾਵਲਪਿੰਡੀ ਜੇਲ੍ਹ ਵਿਚ ਤਾਂ ਬਾਬਾ ਜਵਾਲਾ ਸਿੰਘ ਠੱਠੀਆਂ ਤੇ
ਉਹਦੇ ਸਾਥੀਆਂ ਨੇ ਬੰਬ ਨਾਲ ਜੇਲ੍ਹ ਦੇ ਸਟਾਫ਼ ਤੇ ਜੇਲ੍ਹ ਦੇ ਸੁਪਰਡੈਂਟ
ਨੂੰ ਉਡਾ ਦੇਣ ਦੀ ਸਕੀਮ ਵੀ ਬਣਾ ਧਰੀ ਸੀ ਜਿਹੜੀ ਜੇਲ੍ਹ ਅਧਿਕਾਰੀਆਂ ਨੂੰ
ਸੂਹ ਮਿਲ ਜਾਣ ਕਰਕੇ ਭਾਵੇਂ ਸਫ਼ਲ ਤਾਂ ਨਾ ਹੋ ਸਕੀ ਪਰ ਇਸ ਨਾਲ ਸਰਕਾਰ
ਵਿਚ ਦਹਿਸ਼ਤ ਜ਼ਰੂਰ ਫ਼ੈਲ ਗਈ। ਇਖ਼ਲਾਕੀ ਕੈਦੀ ਵੀ ਗ਼ਦਰੀ ਇਨਕਲਾਬੀਆਂ ਦਾ
ਪ੍ਰਭਾਵ ਕਬੂਲਣ ਲੱਗੇ ਅਤੇ ਬੇਖ਼ੌਫ਼ ਹੋ ਕੇ ਵਿਚਰਨ ਲੱਗੇ। ਸਰਕਾਰੀ
ਰੀਪੋਰਟ ਮੁਤਾਬਕ ਮੁਲਤਾਨ ਦੀ ਜੇਲ੍ਹ ਵਿਚੋਂ ਇਕ ਕੈਦੀ ਤੇ ਇਕ ਸਿੱਖ ਬਾਗ਼ੀ
ਮਿਲ ਕੇ ਜੇਲ੍ਹ ਤੋੜ ਕੇ ਭੱਜ ਵੀ ਨਿਕਲੇ ਸਨ। ਇੰਜ ਹੀ ਮਿੰਟਗੁਮਰੀ ਤੇ
ਧਾਰੀਵਾਲ ਆਦਿ ਜੇਲ੍ਹਾਂ ਵਿਚ ਵੀ ਜਦੋਂ ਅਜਿਹੀਆਂ ਬਾਗ਼ੀਆਨਾ ਕਾਰਵਾਈਆਂ
ਹੋਣ ਲੱਗੀਆਂ ਤਾਂ ਸਰਕਾਰ ਨੇ ਤੁਰਤ ਇਹਨਾਂ ਕੈਦੀਆਂ ਨੂੰ ਦੂਰ-ਦੁਰਾਡੇ
ਦੀਆਂ ਜੇਲ੍ਹਾਂ ਵਿਚ ਭੇਜਣ ਦਾ ਨਿਰਣਾ ਕਰ ਲਿਆ।
ਭਾਵੇਂ ਗ਼ਦਰ ਦੀ ਯੋਜਨਾ ਨਾਕਾਮ ਕਰ ਦਿੱਤੀ ਗਈ ਸੀ ਤਦ ਵੀ ਪੰਜਾਬ ਵਿਚ
ਗ਼ਦਰੀਆਂ ਤੇ ਉਹਨਾਂ ਦੀ ਆਜ਼ਾਦੀ ਲਈ ਸੰਘਰਸ਼ ਕਰਨ ਦੀ ਭਾਵਨਾ ਦਾ ਕੁਝ ਕੁ
ਦੇਸ਼-ਪ੍ਰੇਮੀ ਹਲਕਿਆਂ ਵਿਚ ਪ੍ਰਭਾਵ ਜ਼ਰੂਰ ਬਣ ਗਿਆ ਸੀ। ਇਸ
ਪ੍ਰਭਾਵ-ਉਸਾਰੀ ਵਿਚ ਜਿੱਥੇ ਗ਼ਦਰੀਆਂ ਦੀਆਂ ਕੁਰਬਾਨੀਆਂ ਦਾ ਅਸਰ ਸੀ ਓਥੇ
ਪਿੰਡਾਂ ਵਿਚ ਨਜ਼ਰਬੰਦ ਕਰ ਦਿੱਤੇ ਗਏ ਅਨੇਕਾਂ ਗ਼ਦਰੀ ਆਪਣੇ ਪਿੰਡਾਂ ਵਿਚ
ਲੋਕਾਂ ਨਾਲ ਹੁੰਦੇ ਮੇਲ-ਮਿਲਾਪ ਅਤੇ ਗੱਲ-ਬਾਤ ਰਾਹੀਂ ਇਸ ਪ੍ਰਭਾਵ-ਦਾਇਰੇ
ਨੂੰ ਮੋਕਲਾ ਕਰਨ ਦਾ ਕਾਰਨ ਵੀ ਬਣ ਰਹੇ ਸਨ। ਗ਼ਦਰੀਆਂ ਨੇ ਆਪਣੀ ਮੁਹਿੰਮ
ਵਿਚ ਫੌਜੀ ਛਾਉਣੀਆਂ ਵਿਚ ਕੰਮ ਕਰਕੇ ਕੁਝ ਫੌਜੀਆਂ ਨੂੰ ਆਪਣੇ ਨਾਲ ਵੀ ਜੋੜ
ਲਿਆ ਸੀ ਤੇ ਇਸ ਹਵਾਲੇ ਨਾਲ ਸੰਬੰਧਤ ਫੌਜੀਆਂ ਦਾ ਕੋਰਟ ਮਾਰਸ਼ਲ ਹੋਣ
ਉਪਰੰਤ ਕਈਆਂ ਨੂੰ ਫ਼ਾਂਸੀ ਦੀ ਤੇ ਹੋਰ ਸਜ਼ਾਵਾਂ ਵੀ ਦਿੱਤੀਆਂ ਜਾ
ਚੁੱਕੀਆਂ ਸਨ। ਸਰਕਾਰ ਇਸ ਗੱਲ ਤੋਂ ਵੀ ਡਰਦੀ ਸੀ ਕਿ ਪਿੰਡਾਂ ਵਿਚ
ਨਜ਼ਰਬੰਦ ਕੀਤੇ ਗ਼ਦਰੀ ਜੇਲ੍ਹਾਂ ਵਿਚ ਬੰਦ ਗ਼ਦਰੀਆਂ ਤੋਂ ਆਦੇਸ਼ ਅਤੇ
ਅਗਵਾਈ ਲੈ ਕੇ ਫੌਜੀ ਛਾਉਣੀਆਂ ਤੇ ਆਮ ਲੋਕਾਂ ਵਿਚ ਮੁੜ ਤੋਂ ਬਗ਼ਾਵਤ ਦੀ
ਚੰਗਿਆੜੀ ਮਘਾ ਸਕਦੇ ਹਨ। ਇਹੋ ਕਾਰਨ ਸਨ ਜਿਨ੍ਹਾਂ ਕਰਕੇ ਗ਼ਦਰੀ
ਦੇਸ਼-ਭਗਤਾਂ ਨੂੰ ਅੰਡੇਮਾਨ ਭੇਜਣ ਦਾ ਫ਼ੈਸਲਾ ਲਿਆ ਗਿਆ।
ਅੰਡੇਮਾਨ ਜਾਣ ਵਾਲੇ ਪਹਿਲੇ ਜਥੇ ਵਿਚ ਉਹ ਗ਼ਦਰੀ ਸਨ ਜਿਨ੍ਹਾਂ ਨੂੰ
ਪਹਿਲਾਂ ਫ਼ਾਂਸੀ ਦੀ ਸਜ਼ਾ ਦਿੱਤੀ ਗਈ ਸੀ ਪਰ ਪਿੱਛੋਂ ਉਹਨਾਂ ਦੀ ਫ਼ਾਂਸੀ
ਦੀ ਸਜ਼ਾ ਉਮਰਕੈਦ ਵਿਚ ਤਬਦੀਲ ਕਰ ਦਿੱਤੀ ਗਈ ਸੀ। ਦੂਜੇ ਜਥੇ ਵਿਚ
ਉਮਰਕੈਦ, ਕਾਲੇ ਪਾਣੀ ਤੇ ਜਾਇਦਾਦ ਜ਼ਬਤੀ ਦੀ ਸਜ਼ਾ ਵਾਲੇ ਗ਼ਦਰੀ ਭੇਜੇ
ਗਏ। ਗ਼ਦਰੀਆਂ ਨੂੰ ਅੰਡੇਮਾਨ ਭੇਜਣ ਲੱਗਿਆਂ ਸਰਕਾਰ ਨੇ ਸਭ ਨਿਯਮ ਤੇ
ਕਾਨੂੰਨ ਛਿੱਕੇ ਟੰਗ ਦਿੱਤੇ। ਨਿਯਮ ਅਨੁਸਾਰ ਜਾਣ ਤੋਂ ਪਹਿਲਾਂ ਨਾ ਤਾਂ
ਕਿਸੇ ਦਾ ਡਾਕਟਰੀ ਮੁਆਇਨਾ ਕਰਵਾਇਆ ਗਿਆ ਤੇ ਨਾ ਹੀ ਕਿਸੇ ਦੀ ਉਮਰ ਦਾ
ਖਿ਼ਆਲ ਰੱਖਿਆ ਗਿਆ। ਕਈਆਂ ਦੀ ਉਮਰ ਤਾਂ ਸੱਠ ਸਾਲ ਤੋਂ ਵੀ ਉੱਪਰ ਸੀ।
ਅੰਡੇਮਾਨ ਭੇਜਣ ਤੋਂ ਪਹਿਲਾਂ ਗ਼ਦਰੀਆਂ ਦੀ, ਨਿਯਮ ਅਨੁਸਾਰ ਬਣਦੀ,
ਪਰਿਵਾਰਾਂ ਜਾਂ ਸੱਜਣਾਂ-ਸਨੇਹੀਆਂ ਨਾਲ, ਮੁਲਾਕਾਤ ਵੀ ਨਾ ਕਰਵਾਈ ਗਈ। ਸਭ
ਜਲਾਵਤਨ ਕੈਦੀਆਂ ਨੂੰ ਲਾਹੌਰ ਦੀ ਮੀਆਂ ਮੀਰ ਛਾਉਣੀ ਦੇ ਰੇਲਵੇ ਸਟੇਸ਼ਨ
‘ਤੇ ਇਕੱਠਾ ਕਰ ਲਿਆ। ਲੋਹੇ ਦੀਆਂ ਸੀਖਾਂ ਵਾਲੇ ਡੱਬਿਆਂ ਵਿਚ ਬੰਦ ਕਰਕੇ
ਸਖ਼ਤ ਨਿਗ਼ਰਾਨੀ ਅਧੀਨ ਰੇਲ ਨੂੰ ਕਲਕੱਤੇ ਵੱਲ ਰਵਾਨਾ ਕਰ ਦਿੱਤਾ। ਉਹਨਾਂ
ਦੇ ਪੈਰੀਂ ਬੇੜੀਆਂ ਸਨ ਤੇ ਇਕ-ਇਕ ਹੱਥਕੜੀ ਨਾਲ ਦੋ-ਦੋ ਗ਼ਦਰੀ ਜਕੜੇ ਹੋਏ
ਸਨ। ਉਹਨੀ ਦਿਨੀ ਅੰਡੇਮਾਨ ਨੂੰ ਮੁਸਾਫ਼ਰ ਲਿਜਾਣ ਵਾਲਾ ‘ਮਹਾਰਾਜਾ’ ਨਾਮੀ
ਇੱਕੋ ਜਹਾਜ਼ ਹੁੰਦਾ ਸੀ। ਗ਼ਦਰੀਆਂ ਦੀ ਪਹਿਲੀ ਟੋਲੀ 7 ਦਸੰਬਰ 1915 ਨੂੰ
ਕਲਕੱਤੇ ਤੋਂ ਅੰਡੇਮਾਨ ਵੱਲ ਰਵਾਨਾ ਹੋਈ ਤੇ ਤਿੰਨ ਦਿਨਾਂ ਬਾਅਦ ਉਹਨਾਂ ਦਾ
ਜਹਾਜ਼ ਪੋਰਟ ਬਲੇਅਰ ਦੀ ਬੰਦਰਗਾਹ ‘ਤੇ ਜਾ ਲੱਗਾ। ਕੁਝ ਦਿਨਾਂ ਬਾਅਦ
ਗ਼ਦਰੀਆਂ ਦਾ ਦੂਜਾ ਜਥਾ ਵੀ ਅੰਡੇਮਾਨ ਅੱਪੜ ਗਿਆ।
ਦੇਸ਼-ਭਗਤਾਂ ਨੂੰ ਉਹਨਾਂ ਦੇ ਘਰਾਂ ਅਤੇ ਪ੍ਰਭਾਵ-ਖੇਤਰ ਤੋਂ ਹਜ਼ਾਰਾਂ ਮੀਲ
ਦੂਰ ਇਸ ਇਕਲਵੰਝੀ, ਮਾਰੂ ਤੇ ਪਰਾਈ ਧਰਤੀ ‘ਤੇ ਭੇਜ ਕੇ ਸਰਕਾਰ ਉਹਨਾਂ ਨੂੰ
ਅਸਲੋਂ ਇਕੱਲੇ, ਨਿਥਾਵੇਂ, ਬੇਸਹਾਰਾ ਤੇ ਬੇਹਿੱਸ ਕਰਕੇ ਉਹਨਾਂ ਅੰਦਰ
ਮੱਚਦਾ ਆਜ਼ਾਦੀ ਦਾ ਤਾਅ ਅਤੇ ਚਾਅ ਮਾਰਨਾ ਚਾਹੁੰਦੀ ਸੀ। ਉਹਨਾਂ ਨੂੰ
ਸਰੀਰਕ ਤੇ ਮਾਨਸਿਕ ਤੌਰ ‘ਤੇ ਅਸਲੋਂ ਹੀ ਨਕਾਰਾ ਕਰ ਦੇਣਾ ਚਾਹੁੰਦੀ ਸੀ।
ਸਰਕਾਰ ਇਹ ਵੀ ਚਾਹੁੰਦੀ ਸੀ ਕਿ ਦੇਸ਼-ਭਗਤਾਂ ਨਾਲ ਹੁੰਦੇ ਜ਼ੋਰ-ਜਬਰ ਦੀ
ਬਾਹਰਲੇ ਸੰਸਾਰ ਤੱਕ ਧੁੱਖ ਵੀ ਨਾ ਨਿਕਲੇ। ਨਾ ਕੋਈ ਉਹਨਾਂ ਲਈ ਹਾਉਕਾ ਤੇ
ਹਾਅ ਭਰੇ; ਨਾ ਕੋਈ ਉਹਨਾਂ ਦਾ ਆਪਣਾ ਉਹਨਾਂ ਨਾਲ ਮੁਲਾਕਾਤ ਕਰ ਸਕੇ ਤੇ ਨਾ
ਹੀ ਉਹਨਾਂ ਦਾ ਆਪਣੇ ਸਾਥੀਆਂ-ਸਨੇਹੀਆਂ ਨਾਲ ਕੋਈ ਸੰਪਰਕ ਹੋ ਸਕੇ। ਉਹ
ਆਪਣੀ ਧਰਤੀ ਤੇ ਆਪਣੇ ਲੋਕਾਂ ਤੋਂ ਹਜ਼ਾਰਾਂ ਮੀਲ ਦੂਰ ਇਕੱਲ, ਵਿਛੋੜੇ,
ਦੁੱਖ, ਭੁੱਖ, ਵਿਚਾਰਗੀ, ਲਾਚਾਰਗੀ ਤੇ ਬੇਗ਼ਾਨਗੀ ਦੀ ਜੂਨ ਭੋਗਦੇ ਖ਼ਤਮ
ਹੋ ਜਾਣ।
ਗ਼ਦਰੀਆਂ ਦੇ ਸੈਲੂਲਰ ਜੇਲ੍ਹ ਵਿਚ ਪਹੁੰਚਣ ਤੋਂ ਪਹਿਲਾਂ ਅਨੁਸ਼ੀਲਨ ਸੰਮਤੀ
ਤੇ ਹੋਰ ਇਨਕਲਾਬੀ ਲਹਿਰਾਂ ਨਾਲ ਜੁੜੇ ਦੇਸ਼-ਭਗਤ ਵਿਨਾਇਕ ਸਾਵਰਕਰ, ਗਨੇਸ਼
ਸਾਵਰਕਰ ਮਰਹੱਟਾ, ਵਰਿੰਦਰ ਘੋਸ਼, ਉਪਿੰਦਰ ਨਾਥ ਬੈਨਰ ਜੀ, ਆਸ਼ੂਤੋਸ਼
ਲਹਿਰੀ, ਤਰਲੋਕੀ ਨਾਥ ਚੱਕ੍ਰਵਰਤੀ, ਪੁਲਿਨ ਬਿਹਾਰੀ ਦਾਸ, ਜਿਓਤਸ਼ ਚੰਦਰ
ਪਾਲ, ਭੁਪਿੰਦਰ ਨਾਥ ਘੋਸ਼ ਆਦਿ ਜੇਲ੍ਹ ਵਿਚ ਸਨ। ਖ਼ਾਲਸਾ ਕਾਲਜ
ਅੰਮ੍ਰਿਤਸਰ ਦੇ ਅੰਗਰੇਜ਼ ਪ੍ਰਿੰਸੀਪਲ ਵਾਦਨ ਨੂੰ ਮਾਰਨ ਦੇ ਯਤਨ ਵਜੋਂ
ਭੁਲੇਖੇ-ਵਸ ਕਿਸੇ ਹੋਰ ਪ੍ਰੋਫ਼ੈਸਰ ਨੂੰ ਕਤਲ ਕਰਨ ਦੇ ਦੋਸ਼ ਵਿਚ ਮਾਸਟਰ
ਚਤਰ ਸਿੰਘ ਵੀ ਏਥੇ ਪਹਿਲਾਂ ਹੀ ਪਹੁੰਚ ਚੁੱਕੇ ਸਨ। ਗ਼ਦਰੀਆਂ ਨੂੰ ਇਹਨਾਂ
ਸਭਨਾਂ ਤੋਂ ਜੇਲ੍ਹ ਦੀ ਬਦਤਰ ਜਿ਼ੰਦਗੀ ਤੇ ਜੇਲ੍ਹ ਅਧਿਕਾਰੀਆਂ ਦੇ
ਜਬਰ-ਜ਼ੁਲਮ ਦੀ ਸੂਹ ਮਿਲ ਚੁੱਕੀ ਸੀ।
ਅੰਡੇਮਾਨ ਦਾ ਜਲਵਾਯੂ ਹੀ ਏਨਾ ਨਾ-ਖ਼ੁਸ਼ਗਵਾਰ ਸੀ ਕਿ ਹਿੰਦੁਸਤਾਨ ਤੋਂ ਗਏ
ਕੈਦੀਆਂ ਲਈ ਉਸਦੀ ਮਾਰ ਝੱਲਣੀ ਬੜੀ ਔਖੀ ਸੀ। ਸਮੁੰਦਰ ਦਾ ਕੰਢਾ ਹੋਣ ਕਰਕੇ
ਏਥੇ ਖ਼ਾਸ ਕਿਸਮ ਦਾ ਮੱਛਰ ਹੁੰਦਾ ਸੀ ਜਿਸਦੇ ਕੱਟਣ ਨਾਲ ਮਲੇਰੀਆ ਬੜੀ
ਤੇਜ਼ੀ ਨਾਲ ਫ਼ੈਲਦਾ। ਉੱਤੋਂ ਜੇਲ੍ਹ ਦਾ ਪ੍ਰਬੰਧ ਏਨਾ ਮਾੜਾ ਤੇ
ਗ਼ੈਰ-ਮਨੁੱਖੀ ਸੀ ਕਿ ਕੈਦੀ ਅਕਸਰ ਹੀ ਮਲੇਰੀਏ, ਪੇਚਸ਼ ਤੇ ਤਪਦਿਕ ਦੇ
ਮਰੀਜ਼ ਬਣ ਜਾਂਦੇ। ਆਮ ਵਰਤਣ ਲਈ ਸਮੁੰਦਰ ਦਾ ਲੂਣਾ ਪਾਣੀ ਮਿਲਦਾ ਸੀ। ਪੀਣ
ਵਾਲਾ ‘ਮਿੱਠਾ ਪਾਣੀ’ ਤਾਂ ਬਹੁਤ ਥੋੜਾ ਮਿਲਦਾ ਸੀ। ਇਸਤੋਂ ਇਲਾਵਾ ਹੋਰ
ਲੋੜੀਂਦੀਆ ਸਿਹਤ ਸਹੂਲਤਾਂ ਵੀ ਉਪਲੱਬਧ ਨਹੀਂ ਸਨ। ਕੇਵਲ ਪੰਦਰਾਂ ਸੌ
ਕੈਦੀਆਂ ਲਈ ਬਣਾਈ ਜੇਲ੍ਹ ਵਿਚ ਉਸ ਵਕਤ ਪੰਦਰਾਂ ਹਜ਼ਾਰ ਕੈਦੀਆਂ ਦਾ ਹੋਣਾ
ਹੀ ਦੱਸਦਾ ਹੈ ਕਿ ਓਥੇ ਲੋੜੀਂਦੀ ਸਫ਼ਾਈ, ਸਹੂਲਤਾਂ, ਇਲਾਜ ਤੇ ਰਿਹਾਇਸ਼
ਦੀ ਕਿੰਨੀ ਘਾਟ ਹੋਏਗੀ! ਕੈਦੀਆਂ ਨੂੰ ਰੋਜ਼ਾਨਾ ਦਿੱਤੇ ਜਾਣ ਵਾਲੇ ਰਾਸ਼ਨ
ਦੀ ਮਿਕਦਾਰ ਪ੍ਰਤੀ ਕੈਦੀ ਆਟਾ: ਦਸ ਆਊਂਸ, ਚਾਵਲ: ਚੌਦਾਂ ਆਊਂਸ, ਦਾਲ:
ਚਾਰ ਆਊਂਸ ਤੇ ਕੁਝ ਦਾਲ-ਸਬਜ਼ੀ ਆਦਿ ਸੀ। ਇਹ ਖ਼ੁਰਾਕ ਮਿਆਰ ਪੱਖੋਂ ਵੀ
ਬਹੁਤ ਮਾੜੀ ਹੁੰਦੀ। ਸਸਤਾ ਰੰਗੂਨੀ ਚਾਵਲ, ਦੋਵੇਂ ਵੇਲੇ ਅਰਹਰ ਦੀ ਦਾਲ ਤੇ
ਘਾਹ-ਪੱਤੇ ਦੀ ਸ਼ਬਜ਼ੀ ਹੀ ਰੋਜ਼ ਦਾ ਭੋਜਨ ਸੀ। ਜੇ ਕਦੀ ਕੈਦੀ ਜੰਗਲਾਂ
ਵਿਚ ਲੱਕੜੀ ਆਦਿ ਕੱਟਣ ਦਾ ਕੰਮ ਕਰਨ ਗਏ ਹੁੰਦੇ ਤਾਂ ਅਚਨਚੇਤੀ ਬਾਰਸ਼ ਆ
ਜਾਂਦੀ। ਪੱਤਿਆਂ ‘ਤੇ ਪਾਕੇ ਜਦੋਂ ਉਹ ਚਾਵਲ ਖਾਂਦੇ ਤਾਂ ਬਾਰਸ਼ ਨਾਲ
ਉਹਨਾਂ ਦੇ ਚਾਵਲ ਵਗ਼ੈਰਾ ਹੇਠਾਂ ਵਹਿ ਜਾਂਦੇ ਤੇ ਉਹ ਮਸਾਂ ਅੱਧ-ਪਚੱਧਾ
ਖਾਣਾ ਹੀ ਖਾ ਸਕਦੇ। ਉਹਨਾਂ ਦੇ ਕੱਪੜੇ ਗਿੱਲੇ ਹੋ ਜਾਂਦੇ। ਉਹਨਾਂ ਨੂੰ
ਭਿੱਜੇ ਕੱਪੜਿਆਂ ਵਿਚ ਹੀ ਸੌਣਾ ਪੈਂਦਾ। ਇਸ ਕਰਕੇ ਬੀਮਾਰੀ ਤੇ ਮੌਤ ਉਹਨਾਂ
ਵੱਲ ਭੱਜੀ ਚਲੀ ਆਉਂਦੀ। ਇਲਾਜ ਲਈ ਏਥੇ ਕੇਵਲ ਇਕੋ ਕਮਰੇ ਦਾ ਛੋਟਾ ਜਿਹਾ
ਹਸਪਤਾਲ ਸੀ ਜਿਸ ਵਿਚ ਓਪ੍ਰੇਸ਼ਨ ਦੀ ਕੋਈ ਸਹੂਲਤ ਹੀ ਨਹੀਂ ਸੀ।
ਸੱਚੀ ਗੱਲ ਤਾਂ ਇਹ ਹੈ ਕਿ ਬੀਮਾਰ ਕੈਦੀਆਂ ਨੂੰ ਵਾਰ ਵਾਰ ਆਖਣ ‘ਤੇ ਵੀ
ਹਸਪਤਾਲ ਨਹੀਂ ਸੀ ਭੇਜਿਆ ਜਾਂਦਾ ਤੇ ਬੀਮਾਰੀ ਦੀ ਹਾਲਤ ਵਿਚ ਵੀ ਉਸਤੋਂ
ਸਖ਼ਤ ਮੁਸ਼ੱਕਤ ਕਰਵਾਈ ਜਾਂਦੀ ਸੀ। ਤ੍ਰਿਲੋਕਯ ਨਾਥ ਚੱਕ੍ਰਵਰਤੀ ਦਮੇ ਦਾ
ਮਰੀਜ਼ ਸੀ ਤੇ ਉਸ ਵੱਲੋਂ ਜੇਲ੍ਹ ਅਧਿਕਾਰੀਆਂ ਨੂੰ ਆਪਣੀ ਬੀਮਾਰੀ ਦੱਸੇ
ਜਾਣ ਦੇ ਬਾਵਜੂਦ ਮੁਸ਼ੱਕਤ ਤੋਂ ਛੋਟ ਨਹੀਂ ਸੀ ਦਿੱਤੀ ਗਈ। ਬੀਮਾਰੀ ਦੀ
ਹਾਲਤ ਵਿਚ ਕੰਮ ਕਰਦਾ ਰਹਿਣ ਕਰਕੇ ਉਸਦੀ ਬੀਮਾਰੀ ਵਧਦੀ ਜਾ ਰਹੀ ਸੀ। ਇਕ
ਦਿਨ ਉਸਨੂੰ ਦਮੇਂ ਦਾ ਅਜਿਹਾ ਦੌਰਾ ਪਿਆ ਕਿ ਉਸਦੇ ਸਾਥੀ ਉਹਨੂੰ ਚੁੱਕ ਕੇ
ਹਸਪਤਾਲ ਛੱਡ ਆਏ। ਗੰਭੀਰ ਹਾਲਤ ਵੇਖ ਕੇ ਡਾਕਟਰ ਨੇ ਭਰਤੀ ਕਰ ਲਿਆ।
ਸੁਪਰਡੈਂਟ ਨੇ ਅਗਲੇ ਦਿਨ ਉਸਨੂੰ ਹਸਪਤਾਲ ਵਿਚ ਵੇਖਿਆ ਤਾਂ ਡਾਕਟਰ ਨੂੰ
ਖ਼ੂਬ ਝਾੜ ਪਾਈ ਤੇ ਹਸਪਤਾਲ ਵਿਚੋਂ ਕੱਢ ਦਿੱਤਾ। ਨਾਲ ਹੀ ਜ਼ਹਿਰ ਭਿੱਜਾ
ਤੀਰ ਮਾਰਿਆ, “ਉਦੋਂ ਤਾਂ ਦੇਸ਼ ਵਿਚ ਗੜਬੜ ਫ਼ੈਲਾਈ ਹੋਈ ਸੀ, ਉਹ ਭੁੱਲ
ਗਿਐਂ? ਹੁਣ ਏਥੇ ਦੁੱਧ ਪੀਣ ਆਇਐਂ?”
ਜੇਲ੍ਹ ਵਿਚ ਰਾਤ ਸਮੇਂ ਰੌਸ਼ਨੀ ਦਾ ਕੋਈ ਪ੍ਰਬੰਧ ਨਹੀਂ ਸੀ ਹੁੰਦਾ।
ਤ੍ਰਿਲੋਕਯ ਨਾਥ ਚੱਕ੍ਰਵਰਤੀ ਲਿਖਦੇ ਹਨ, ‘ਪਖ਼ਾਨੇ ਦਾ ਇੰਤਜ਼ਾਮ ਵੀ ਬੜਾ
ਅਜੀਬ ਸੀ। ਰਾਤ ਨੂੰ ਹਰ ਇਕ ਕੋਠੜੀ ਵਿਚ ਮਿੱਟੀ ਦਾ ਇਕ ਲੋਟਾ ਦਿੱਤਾ
ਜਾਂਦਾ ਸੀ। ਇਸ ਵਿਚ ਸੇਰ ਭਰ ਤੋਂ ਜਿ਼ਆਦਾ ਪਾਣੀ ਆਉਂਦਾ ਸੀ। ਰਾਤ ਨੂੰ
ਕਿਸੇ ਨੂੰ ਪਖ਼ਾਨੇ ਦੀ ਹਾਜਤ ਹੋਈ ਤਾਂ ਪਹਿਲਾਂ ਹਨੇਰੇ ਵਿਚ ਪੈਰ ਨਾਲ ਟੋਹ
ਕੇ ਲੋਟੇ ਨੂੰ ਲੱਭਣਾ ਪੈਂਦਾ ਸੀ। ਫਿਰ ਉਸਦੇ ਮੂੰਹ ਦਾ ਪਤਾ ਲਗਾ ਕੇ ਵਾਰੀ
ਵਾਰੀ ਨਾਲ ਪਖ਼ਾਨਾ ਤੇ ਪਿਸ਼ਾਬ ਕਰਨਾ ਪੈਂਦਾ ਸੀ। ਪਿਸ਼ਾਬ ਤੇ ਪਖ਼ਾਨਾ
ਇਕੱਠਾ ਨਹੀਂ ਸੀ ਕੀਤਾ ਜਾ ਸਕਦਾ। ਇਸ ਲਈ ਪਿਸ਼ਾਬ ਨੂੰ ਰੋਕ ਕੇ ਲੋਟੇ ਵਿਚ
ਪਖ਼ਾਨਾ ਕਰਨਾ ਪੈਂਦਾ ਸੀ। ਜਾਣੀ ਇਕ ਨੂੰ ਕਰਦੇ ਸਮੇਂ ਦੂਜੇ ਨੂੰ ਬੰਦ
ਰੱਖਣਾ ਪੈਂਦਾ ਸੀ। ਇਕੋ ਵਾਰ ਦੋਵਾਂ ਨੂੰ ਕਰਨ ਨਾਲ ਇਕ ਥੱਲੇ ਜ਼ਮੀਨ ‘ਤੇ
ਗਿਰ ਜਾਂਦਾ ਸੀ, ਜਿਸ ਨਾਲ ਆਪਣੀ ਹੀ ਕੋਠੜੀ ਗੰਦੀ ਹੁੰਦੀ ਸੀ। ਦੋ ਤਿੰਨ
ਮਹੀਨੇ ਦੇ ਬਾਅਦ ਇਕ ਦਿਨ ਪਖ਼ਾਨੇ ਦੀ ਜਗ੍ਹਾ ਚੂਨਾ ਫੇਰ ਦਿੱਤਾ ਜਾਂਦਾ।
ਪਿਸ਼ਾਬ, ਪਖ਼ਾਨਾ ਮਿੱਟੀ ‘ਤੇ ਡਿਗਿਆ ਤਾਂ ਭੰਗੀ ਦੇ ਰੀਪੋਰਟ ਕਰਨ ‘ਤੇ
ਸਜ਼ਾ ਦਿੱਤੀ ਜਾਂਦੀ ਸੀ। ਪਾਣੀ ਵੀ ਬੜੀ ਸਾਵਧਾਨੀ ਨਾਲ ਵਰਤਣਾ ਪੈਂਦਾ ਸੀ।
ਜਿ਼ਆਦਾ ਪਾਣੀ ਡੋਲ੍ਹਣ ਤੇ ਉਸਦੇ ਫ਼ੈਲਣ ਨਾਲ ਆਪਣਾ ਹੀ ਬਿਸਤਰਾ ਭਿੱਜਣਾ
ਸੀ।’
ਹੋਰ ਤਾਂ ਹੋਰ, ਦਿਨ ਵੇਲੇ ਇਕੋ ਥਾਂ ‘ਤੇ ਕੰਮ ਕਰਦੇ ਸਮੇਂ ਇਕ ਦੂਜੇ ਨਾਲ
ਗੱਲ ਕਰਨ ਦਾ ਹੁਕਮ ਨਹੀਂ ਸੀ। ਖਾਣਾ ਖਾਂਦੇ ਜਾਂ ਪਖ਼ਾਨਾ ਕਰਦੇ ਸਮੇਂ
ਦੇਸ਼-ਭਗਤਾਂ ਨੂੰ ਲਾਗੇ-ਲਾਗੇ ਬੈਠਣ ਵੀ ਨਹੀਂ ਸੀ ਦਿੱਤਾ ਜਾਂਦਾ। ਹਮੇਸ਼ਾ
ਉਹਨਾਂ ਵਿਚਕਾਰ ਦਸ-ਦਸ ਸਾਧਾਰਣ ਕੈਦੀਆਂ ਨੂੰ ਬਿਠਾਇਆ ਜਾਂਦਾ ਸੀ।
ਅਜਿਹੀਆਂ ਮਾੜੀਆਂ ਹਾਲਤਾਂ ਦੇ ਹੁੰਦਿਆਂ ਕੈਦੀ ਅਕਸਰ ਹੀ ਮੌਤ ਦੇ ਮੂੰਹ
ਵਿਚ ਜਾ ਪੈਂਦੇ। ਅੰਡੇਮਾਨ ਦੀ ਜੇਲ੍ਹ ਦੀ ਪੜਤਾਲ ਕਰਨ ਲਈ ਬਣੀ ‘ਇੰਡੀਅਨ
ਜੇਲ੍ਹ ਕਮੇਟੀ’ ਨੇ ਖ਼ੁਦ ਮੰਨਿਆਂ ਕਿ 1904 ਵਿਚ ਜੋ ਕੈਦੀਆਂ ਦੀ ਗਿਣਤੀ
ਸੀ, ਉਸ ਮੁਤਾਬਕ ਵੀਹ ਸਾਲ ਪਿੱਛੋਂ ਇਕ ਹਜ਼ਾਰ ਕੈਦੀਆਂ ਪਿੱਛੇ 340 ਕੈਦੀ
ਹੀ ਜਿ਼ੰਦਾ ਬਚਦੇ। 1914 ਤੋਂ ਪਿੱਛੋਂ ਵੀ ਇਸ ਅਨੁਪਾਤ ਵਿਚ ਫ਼ਰਕ ਨਹੀਂ
ਸੀ ਪਿਆ। ਭਾਰਤ ਵਿਚਲੀਆਂ ਜੇਲ੍ਹਾਂ ਵਿਚ ਹੁੰਦੀਆਂ ਮੌਤਾਂ ਦੀ ਗਿਣਤੀ ਦੇ
ਟਾਕਰੇ ਏਥੇ ਮੌਤਾਂ ਦੀ ਗਿਣਤੀ ਦੁਗਣੀ ਹੁੰਦੀ। ਏਨੀਆਂ ਵੱਧ ਮੌਤਾਂ ਦਾ
ਕਾਰਨ ਨਿਸਚੈ ਹੀ ਜੇਲ੍ਹ ਦੀ ਮਾੜੀ ਦਸ਼ਾ ਸੀ। ਇਹ ਇਸ ਗੱਲ ਤੋਂ ਵੀ ਸਾਬਤ
ਹੁੰਦਾ ਹੈ ਕਿ ਟਾਪੂ ਉੱਤੇ ਜੇਲ੍ਹ ਤੋਂ ਬਾਹਰ ਰਹਿਣ ਵਾਲੇ ਆਜ਼ਾਦ ਲੋਕਾਂ
ਤੇ ਪੁਲਿਸ ਅਧਿਕਾਰੀਆਂ/ਕਰਮਚਾਰੀਆਂ ਵਿਚ ਮੌਤ ਦੀ ਦਰ ਜੇਲ੍ਹ ਵਿਚਲੀ ਮੌਤ
ਦਰ ਨਾਲੋਂ ਕਿਤੇ ਘੱਟ ਸੀ। ਪੋਰਟ ਬਲੇਅਰ ਦੇ ਵੱਡੇ ਮੈਡੀਕਲ ਅਫ਼ਸਰ ਮੇਜਰ
ਐਫ਼ ਏ ਬਾਰਕਰ ਨੇ ਆਪਣੀ ਗਵਾਹੀ ਵਿਚ ਮੰਨਿਆਂ ਸੀ ਕਿ ਤਪਦਿਕ ਦੇ ਜੋ ਮਰੀਜ਼
ਹਸਪਤਾਲ ਵਿਚ ਦਾਖ਼ਲ ਹੁੰਦੇ ਸਨ ਉਹਨਾਂ ਵਿਚੋਂ ਸੱਤਰ ਫ਼ੀ ਸਦੀ ਮਰ ਜਾਂਦੇ
ਸਨ। ਮਿਰਗੀ ਦੇ ਤੇ ਪਾਗ਼ਲ ਮਰੀਜ਼ਾਂ ਦੀ ਗਿਣਤੀ ਵੀ ਭਾਰਤ ਨਾਲੋਂ ਚਾਰ-ਪੰਜ
ਗੁਣਾ ਵੱਧ ਸੀ। ਸਰਕਾਰੀ ਰੀਪੋਰਟ ਦੱਸਦੀ ਹੈ ਕਿ ਹਰ ਮਹੀਨੇ ਔਸਤਨ ਤਿੰਨ
ਆਦਮੀ ਤਾਂ ਆਤਮ-ਹੱਤਿਆ ਹੀ ਕਰ ਲੈਂਦੇ ਸਨ।
ਉਸ ਵੇਲੇ ਸੈਲੂਲਰ ਜੇਲ੍ਹ ਦਾ ਸੁਪਰਡੈਂਟ ਮੇਜਰ ਜੇ ਆਰ ਮਰੇ ਸੀ ਤੇ ਜੇਲ੍ਹਰ
ਸੀ ਮਿਸਟਰ ਬੈਰੀ। ਦੋਵੇਂ ਹੀ ਹੈਵਾਨੀਅਤ ਦੀ ਜਿਊਂਦੀ-ਜਾਗਦੀ ਮਿਸਾਲ ਸਨ।
ਪਿਆਰ, ਤਰਸ ਤੇ ਹਮਦਰਦੀ ਜਿਹੇ ਕੋਮਲ ਇਨਸਾਨੀ ਜਜ਼ਬੇ ਤਾਂ ਜਿਵੇਂ ਉਹਨਾਂ
ਵਿਚੋਂ ਮੂਲੋਂ ਹੀ ਮਰ ਚੁੱਕੇ ਸਨ। ਹੋਰ ਸਹਾਇਕ ਸਟਾਫ਼ ਤੋਂ ਇਲਾਵਾ ਕੈਦੀਆਂ
ਵਿਚੋਂ ਚੁਣੇ 117 ਟੈਂਡਲ ਜਾਂ ਨੰਬਰਦਾਰ ਸਨ ਜਿਹੜੇ ਆਪਣੇ ਆਪ ਨੂੰ
ਅਫ਼ਸਰਾਂ ਤੋਂ ਕਿਸੇ ਹਾਲਤ ਵੀ ਘੱਟ ਨਹੀਂ ਸਨ ਸਮਝਦੇ। ਉਹ ਕੈਦੀਆਂ ‘ਤੇ
ਜਬਰ ਢਾਹੁਣ ਲਈ ਵੱਡੇ ਅਧਿਕਾਰੀਆਂ ਦੇ ਸੂਹੀਏ ਤੇ ਹੱਥ-ਠੋਕੇ ਤਾਂ ਹੈ ਹੀ
ਸਨ ਸਗੋਂ ਖ਼ੁਦ ਵੀ ਜਦੋਂ ਜੀ ਕਰਦਾ ਕੋਈ ਨਾ ਕੋਈ ਬਹਾਨਾ ਲੱਭ ਕੇ ਕੈਦੀਆਂ
ਨੂੰ ਮਾਰ-ਕੁੱਟ ਤੇ ਗਾਲ੍ਹ-ਮੰਦਾ ਕਰਕੇ ਜ਼ਲੀਲ ਕਰਦੇ ਰਹਿੰਦੇ। ਇਹਨਾਂ
ਸਾਰੇ ਟੈਂਡਲਾਂ ਦਾ ਇਨਚਾਰਜ ਇਕ ਪਠਾਣ ਸੀ ਜਿਹੜਾ ਕੈਦੀਆਂ ਵਿਚੋਂ ਹੀ
ਬਣਾਇਆ ਗਿਆ। ਉਹ ਏਨਾ ਵਹਿਸ਼ੀ ਤੇ ਜ਼ਾਲਮ ਸੀ ਕਿ ਕੈਦੀ ਉਸਤੋਂ ਥਰ ਥਰ
ਕੰਬਦੇ ਉਹਦੀ ਖੁਸ਼ਾਮਦ ਕਰਕੇ ਦਿਨ ਗੁਜ਼ਾਰਦੇ। ਉਹ ਬਿਨਾ ਕਿਸੇ ਵਿਸ਼ੇਸ਼
ਗੁਨਾਹ ਦੇ ਕੈਦੀਆਂ ‘ਤੇ ਜ਼ੁਲਮ ਢਾਹੁਣ ਦਾ ਕੋਈ ਨਾ ਕੋਈ ਬਹਾਨਾ ਢੂੰਡ
ਲੈਂਦਾ ਸੀ। ਬਰਿੰਦਰ ਕੁਮਾਰ ਘੋਸ਼ ਮੁਤਾਬਕ, ‘ਖ਼ਾਨ ਸਾਹਿਬ ਨੂੰ ਖ਼ੁਸ਼
ਕਰਨ ਲਈ ਕੋਈ ਵੀ ਐਸੀ ਗੱਲ ਨਹੀਂ ਸੀ ਜੋ ਅਸੀਂ ਕਰਨ ਵਾਸਤੇ ਤਿਆਰ ਨਹੀਂ
ਸੀ।’
ਕੈਦੀਆਂ ਵਿਚੋਂ ਬਣਾਏ ਕਾਰਿੰਦੇ ਹੀ ਜੇ ਏਡੇ ਜ਼ਾਲਮ ਸਨ ਤਾਂ ਵੱਡੇ
ਅਫ਼ਸਰਾਂ ਦਾ ਕੀ ਹਾਲ ਹੋਏਗਾ! ਜੇਲ੍ਹ ਦਾ ਅੰਦਰਲਾ ਪ੍ਰਬੰਧ ਮਿਸਟਰ ਬੈਰੀ
ਦੇ ਹੱਥ ਸੀ। ਬੈਰੀ ਆਪਣੇ ਆਪ ਨੂੰ ‘ਜੇਲ੍ਹ ਦਾ ਪ੍ਰਮੇਸ਼ਰ’ ਆਖਦਾ ਸੀ।
ਬਰਿੰਦਰ ਕੁਮਾਰ ਘੋਸ਼ ਤਾਂ ਉਸਨੂੰ ‘ਜੇਲ੍ਹ ਦਾ ਯਮਰਾਜ’ ਆਖਦਾ ਹੋਇਆ ਲਿਖਦਾ
ਹੈ ਕਿ ‘ਕੈਦੀ ਮਿਸਟਰ ਬੈਰੀ ਤੋਂ ਏਨਾ ਡਰਦੇ ਸਨ ਜਿੰਨਾਂ ਬੱਕਰੀ ਵੀ ਸ਼ੇਰ
ਤੋਂ ਨਹੀਂ ਡਰਦੀ।’ ਉਪੇਂਦਰਨਾਥ ਬੈਨਰਜੀ ਨੇ ਲਿਖਿਆ ਹੈ ਕਿ ਮਿਸਟਰ ਬੈਰੀ
ਅਕਸਰ ਕਹਿੰਦਾ ਸੀ, “ਜੇਲ੍ਹ ਵਿਚ ਮੇਰਾ ਰਾਜ ਹੈ। ਮੇਰੇ ਵਾਹਦ ਅਖ਼ਤਿਆਰਾਂ
ਵਿਚ ਰੱਬ ਵੀ ਦਖ਼ਲ ਨਹੀਂ ਦੇ ਸਕਦਾ।” ਉਹ ਤਾਂ ਅਸਲੋਂ ਨਿੱਕੀਆਂ ਨਿੱਕੀਆਂ
ਗੱਲਾਂ ‘ਤੇ ਰਾਜਸੀ ਕੈਦੀਆਂ ਨੂੰ ਤੰਗ ਕਰਨ ਦਾ ਬਹਾਨਾ ਬਣਾ ਲੈਂਦਾ ਸੀ।
ਕਈਆਂ ਨੂੰ ਸਿਰਫ਼ ਇਸ ਕਰਕੇ ਹੀ ਸਜ਼ਾ ਦਿੱਤੀ ਗਈ ਕਿ ਉਹਨਾਂ ਇਕ ਦੂਜੇ ਨੂੰ
‘ਫ਼ਤਹਿ’ ਕਿਉਂ ਬੁਲਾਈ ਹੈ! ਭਾਈ ਨਿਧਾਨ ਸਿੰਘ ਨੂੰ ਕਿਤਾਬ ਪੜ੍ਹਦਿਆਂ
ਵੇਖਿਆ ਤਾਂ ਛੇ ਮਹੀਨੇ ਲਈ ਡੰਡਾ ਬੇੜੀ, ਕੈਦ ਤਨਹਾਈ ਤੇ ਘੱਟ ਖ਼ੁਰਾਕ ਦੀ
ਸਜ਼ਾ ਸੁਣਾ ਦਿੱਤੀ।
ਕੈਦੀਆਂ ਦੀ ਮੁਸ਼ੱਕਤ ਬੜੀ ਕਰੜੀ ਸੀ। ਇਸ ਵਿਚ ਤੋਰੀਏ ਦਾ ਤੇਲ ਦਸ ਪਾਊਂਡ,
ਗਿਰੀ ਦਾ ਤੀਹ ਪਾਊਂਡ ਕੱਢਣਾ ਪੈਂਦਾ ਸੀ। ਨਾਰੀਅਲ ਦੇ ਛਿਲਕੇ ਨੂੰ ਕੁੱਟ
ਕੇ ਉਸ ਵਿਚੋਂ ਦੋ ਪਾਊਂਡ ਰੇਸ਼ਾ ਕੱਢਣਾ ਮੁਕੱਰਰ ਕੀਤਾ ਹੋਇਆ ਸੀ। ਜੇ ਕੋਈ
ਕੈਦੀ ਮੁਸ਼ੱਕਤ ਪੂਰੀ ਨਾ ਕਰ ਸਕਦਾ ਤਾਂ ਉਸਦੀ ਸੁਪਰਡੈਂਟ ਦੇ ਪੇਸ਼ੀ ਕੀਤੀ
ਜਾਂਦੀ ਜੋ ਉਹਨਾਂ ਲਈ ਵੱਖ ਵੱਖ ਕਹਿਰਵਾਨ ਸਜ਼ਾਵਾਂ ਦਾ ਐਲਾਨ ਕਰਦਾ।
ਮੁਸ਼ੱਕਤ ਵਿਚੋਂ ਸਭ ਤੋਂ ਭੈੜੀ ਤੇ ਮਾਰੂ ਮੁਸ਼ੱਕਤ ਕੋਹਲੂ ਗੇੜ ਕੇ ਤੇਲ
ਕੱਢਣ ਦੀ ਸੀ। ਬਾਬਾ ਗੁਰਮੁਖ ਸਿੰਘ ਅਨੁਸਾਰ, ‘ਮੈਥੋਂ ਪਹਿਲਾਂ ਵੀਰ
ਸਾਵਰਕਰ ਅਤੇ ਅਰਵਿੰਦੋ ਘੋਸ਼ ਦੇ ਸਾਥੀ ਮੁਕੱਦਮੇਵਾਰਾਂ ਤੋਂ, ਜਿਨ੍ਹਾਂ ਦਾ
ਭਾਰ ਇਕਾਸੀ ਪੌਂਡ ਵੀ ਨਹੀਂ ਸੀ, ਤੀਹ ਤੀਹ ਪੌਂਡ ਤੇਲ ਰੋਜ਼ ਪਿੜਾਇਆ
ਜਾਂਦਾ ਸੀ। ਰੋਟੀ ਕੋਠੜੀ ਤੋਂ ਬਾਹਰ ਧਰ ਦਿੱਤੀ ਜਾਂਦੀ ਸੀ ਤੇ ਜਦ ਤੱਕ
ਕੈਦੀਆਂ ਦੀ ਮੁਸ਼ੱਕਤ ਦਾ ਰੋਜ਼ਾਨਾ ਕੋਟਾ ਪੂਰਾ ਨਹੀਂ ਸੀ ਹੋ ਜਾਂਦਾ,
ਉਹਨਾਂ ਨੂੰ ਰੋਟੀ ਖਾਣ ਦਾ ਹੁਕਮ ਨਹੀਂ ਸੀ ਹੁੰਦਾ।’ ਕੋਹਲੂ ਪੀੜਨ ਦੀ
ਸਜ਼ਾ ਦੀ ਭਿਆਨਕਤਾ ਬਾਰੇ ਖ਼ੁਦ ਕਾਲੇ ਪਾਣੀ ਦੀ ਕੈਦ ਭੁਗਤਣ ਵਾਲੇ ਤੇ
ਜੇਲ੍ਹ-ਜਬਰ ਦਾ ਨਿੱਜੀ ਅਨੁਭਵ ਪ੍ਰਾਪਤ ਕਰਨ ਵਾਲੇ ਬਰਿੰਦਰ ਕੁਮਾਰ ਘੋਸ਼
ਤੋਂ ਵਧੇਰੇ ਹੋਰ ਕਿਹੜੀ ਪ੍ਰਮਾਣਿਕ ਗਵਾਹੀ ਹੋ ਸਕਦੀ ਹੈ। ਉਹ ਲਿਖਦਾ ਹੈ,
‘ਜਿਨ੍ਹਾਂ ਨੂੰ ਕੋਹਲੂ ਗੇੜ ਕੇ ਤੇਲ ਕੱਢਣ ਦੀ ਮੁਸ਼ੱਕਤ ਸੁਣਾਈ ਜਾਂਦੀ
ਉਹਨਾਂ ਨੂੰ ਉਸ ਰਾਤ ਨੀਂਦ ਨਾ ਆਉਂਦੀ। ਕੋਹਲੂ ਗੇੜਨ ਨਾਲ ਹੱਟੇ ਕੱਟੇ
ਆਦਮੀ ਵੀ ਥੱਕ ਕੇ ਚੂਰ ਹੋ ਜਾਂਦੇ। ਜੋ ਸਾਡਾ ਹਾਲ ਹੁੰਦਾ ਉਸਦਾ ਤਾਂ
ਕਹਿਣਾ ਹੀ ਕੀ ਹੈ। ਇਹ ਕੰਮ ਨਹੀਂ ਸੀ, ਇਹ ਤਾਂ ਘੋਲ ਸੀ। ਦਸਾਂ ਮਿੰਟਾਂ
ਦੇ ਵਿਚ ਵਿਚ ਸਾਨੂੰ ਸਾਹ ਚੜ੍ਹ ਜਾਂਦਾ ਅਤੇ ਜ਼ਬਾਨ ਖ਼ੁਸ਼ਕ ਹੋ ਜਾਂਦੀ।
ਇਕ ਘੰਟੇ ਵਿਚ ਸਾਰੇ ਅੰਗ ਬੇਹਿਸ ਹੋ ਜਾਂਦੇ।’
ਨਾਰੀਅਲ ਦਾ ਰੇਸ਼ਾ ਕੱਢਣ ਦੀ ਮੁਸ਼ੱਕਤ ਭਾਵੇਂ ਕੋਹਲੂ ਗੇੜਨ ਜਿੰਨੀ ਸਖ਼ਤ
ਨਹੀਂ ਸੀ ਤਦ ਵੀ ਇਹ ਕੋਈ ਏਨੀ ਸੌਖੀ ਨਹੀਂ ਸੀ। ਘੋਸ਼ ਆਪਣੀ ਗੱਲ ਜਾਰੀ
ਰੱਖਦਿਆਂ ਲਿਖਦਾ ਹੈ, ‘ਜੇਕਰ ਕਿਸੇ ਆਦਮੀ ਨੂੰ ਮੇਰੀ ਗੱਲ ਉੱਤੇ ਯਕੀਨ ਨਾ
ਆਵੇ ਤਾਂ ਮੈਂ ਉਸਨੂੰ ਅਧੀਨਗੀ ਨਾਲ ਬੇਨਤੀ ਕਰਾਂਗਾ ਕਿ ਉਹ ਮਿਸਟਰ ਬੈਰੀ
ਦੇ ਰਾਜ ਵਿਚ ਜਾ ਕੇ ਕੇਵਲ ਇਕ ਹਫ਼ਤਾ ਕੋਹਲੂ ਗੇੜੇ ਅਤੇ ਨਾਰੀਅਲ ਦਾ
ਛਿਲਕਾ ਕੁੱਟੇ। ਇਕ ਹਫ਼ਤੇ ਵਿਚ ਹੀ ਉਹ ਉਸਤਰ੍ਹਾਂ ਮਹਿਸੂਸ ਕਰਨ ਲੱਗੇਗਾ
ਜਿਵੇਂ ਇਕ ਹੋਰ ਅਵਤਾਰ ਨੇ ਸੂਲੀ ਉੱਤੇ ਮਹਿਸੂਸ ਕੀਤਾ ਸੀ।’
ਇੰਜ ਪਤਾ ਨਹੀਂ ਕਿੰਨੇ ਕੁ ਈਸਾ ਕਾਲੇਪਾਣੀ ਦੀ ਮੁਸ਼ੱਕਤ ਤੇ ਹੋਰ ਸਜ਼ਾਵਾਂ
ਭੋਗਦੇ ‘ਸੂਲੀ ਉੱਤੇ ਟੰਗੇ ਗਏ।’ ਛੋਟੀ ਛੋਟੀ ਗੱਲ ‘ਤੇ ਬੈਂਤ ਮਾਰਨ,
ਡੰਡਾ-ਬੇੜੀ ਤੇ ਖੜੀ ਹੱਥਕੜੀ ਲਾਉਣ ਤੇ ਲੰਮੇ ਸਮੇ ਲਈ ਕੈਦ-ਏ-ਤਨਹਾਈ ਦੀਆਂ
ਸਜ਼ਾਵਾਂ ਦਿੱਤੀ ਜਾਂਦੀਆਂ ਸਨ। ਉੱਤੋਂ ਕੈਦੀ ਕਾਰਕੁਨਾਂ ਤੇ ਹੋਰ ਜੇਲ੍ਹ
ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਕੀਤੀ ਜਾਂਦੀ ਬੇਇਜ਼ਤੀ ਨਾਲ ਕੈਦੀ
ਸਰੀਰਕ ਦੇ ਨਾਲ ਮਾਨਸਿਕ ਤੌਰ ‘ਤੇ ਵੀ ਬੁਰੀ ਤਰ੍ਹਾਂ ਪੀੜਤ ਹੁੰਦੇ। ਕਿਸੇ
ਵੀ ਅਜਿਹੀ ਅਣਸੁਖਾਵੀਂ ਸਥਿਤੀ ਨਾਲ ਨਜਿੱਠਣ ਬਾਰੇ ਗ਼ਦਰੀ ਦੇਸ਼ ਭਗਤ
ਪਹਿਲਾਂ ਹੀ ਬੜੇ ਸੁਚੇਤ ਸਨ। ਅੰਡੇਮਾਨ ਪਹੁੰਚਣ ਵਾਲੇ ਗ਼ਦਰੀਆਂ ਦੇ ਪਹਿਲੇ
ਜੱਥੇ ਨੇ ਰਾਹ ਵਿਚ ਹੀ ਫ਼ੈਸਲਾ ਕਰ ਲਿਆ ਸੀ ਕਿ ਜੇਲ੍ਹ ਵਿਚ ਉਹਨਾਂ ਸਥਿਤੀ
ਨਾਲ ਕਿਵੇਂ ਨਿਪਟਣਾ ਹੈ। ਉਹਨਾਂ ਵੱਲੋਂ ਕੀਤੇ ਕੁਝ ਮਹੱਤਵਪੂਰਨ ਫ਼ੈਸਲੇ
ਇਹ ਸਨ:
1 ਮੁਸ਼ੱਕਤ ਤੋਂ ਇਨਕਾਰ ਨਹੀਂ ਕੀਤਾ ਜਾਵੇਗਾ; ਬਸ਼ਰਤੇ ਕਿ ਉਹ ਵਾਜਬ ਹੋਵੇ
ਤੇ ਇਨਸਾਨ ਦੇ ਵਿਤੋਂ ਬਾਹਰੀ ਨਾ ਹੋਵੇ।
2 ਜੇਲ੍ਹ ਕਰਮਚਾਰੀਆਂ ਨਾਲ ਸਲੀਕੇ ਤੇ ਸ਼ਾਇਸ਼ਤਗੀ ਨਾਲ ਗੱਲਬਾਤ ਕੀਤੀ
ਜਾਏ। ਇਸਦੇ ਬਾਵਜੂਦ ਜੇ ਕੋਈ ਕਰਮਚਾਰੀ ਰੁੱਖਾ ਬੋਲ ਕੇ ਜਾਂ ਗਾਲ-ਮੰਦਾ ਕਰ
ਕੇ ਬੇਇਜ਼ਤੀ ਕਰੇ ਤਾਂ ਉਸਦਾ ਢੁਕਵਾਂ ਜਵਾਬ ਦਿੱਤਾ ਜਾਏ ਤੇ ਇਸਨੂੰ ਕੌਮੀ
ਅਣਖ਼ ਦਾ ਸਵਾਲ ਸਮਝ ਕੇ ਨਿਪਟਿਆ ਜਾਏ।
3 ਬਾਹਰੋਂ ਕੋਈ ਵੀ ਚੀਜ਼ ਚੋਰੀ ਮੰਗਵਾ ਕੇ ਨਾ ਖਾਧੀ ਜਾਏ ਕਿਉਂਕਿ ਇਸ ਨਾਲ
ਖ਼ੁਦ ਆਪਣੇ, ਪਾਰਟੀ ਅਤੇ ਦੇਸ਼ ਦੇ ਮਾਣ-ਸਨਮਾਨ ਨੂੰ ਧੱਬਾ ਲੱਗਦਾ ਹੈ।
ਜ਼ਾਹਿਰ ਹੈ ਕਿ ਗ਼ਦਰੀ ਦੇਸ਼-ਭਗਤ ਕਿਸੇ ਵੀ ਸੂਰਤ ਵਿਚ ਨਿਯਮਾਂ ਨੂੰ ਤੋੜਨ
ਤੇ ਖ਼ਾਹ-ਮ-ਖ਼ਾਹ ਢਿੱਡ-ਅੜੀਆਂ ਲੈਣ ਵਿਚ ਵਿਸ਼ਵਾਸ ਨਹੀਂ ਸਨ ਰੱਖਦੇ। ਉਹ
ਇੱਜ਼ਤ ਕਰਨ ਅਤੇ ਕਰਵਾਉਣ ਦੇ ਧਾਰਨੀ ਸਨ। ਪਰ ਨਿੱਜੀ ਅਤੇ ਕੌਮੀ ਅਣਖ਼ ਦੀ
ਕੀਮਤ ਤੇ ਕੋਈ ਸਮਝੌਤਾ ਉਹਨਾਂ ਨੂੰ ਪ੍ਰਵਾਨ ਨਹੀਂ ਸੀ। ਮੁਸ਼ੱਕਤ ਵੀ ਉਹੋ
ਜਿਹੀ ਹੀ ਕਰਨ ਨੂੰ ਤਿਆਰ ਸਨ ਜਿਹੜੀ ਸੰਭਵ ਹੋਵੇ। ਉਹ ਕਿਸੇ ਵੀ ਸੂਰਤ ਵਿਚ
ਗ਼ੈਰ-ਇਨਸਾਨੀ ਮੁਸ਼ੱਕਤ ਕਰਨ ਲਈ ਤਿਆਰ ਨਹੀਂ ਸਨ। ਆਪਣੇ ਦੁਆਲੇ ਜੇਲ੍ਹ
ਵਿਚ ਰਹਿਣ ਦਾ ਦਾਇਰਾ ਵਲਦਿਆਂ ਵੀ ਉਹਨਾਂ ਨੂੰ ਕੋਈ ਭੁਲੇਖਾ ਨਹੀਂ ਸੀ ਕਿ
ਜੇਲ੍ਹ ਕਰਮਚਾਰੀ ਉਹਨਾਂ ਦੇ ਸੋਚਣ ਅਨੁਸਾਰ ਹੀ ਉਹਨਾਂ ਨਾਲ ਵਿਹਾਰ ਕਰਨਗੇ।
ਵਿਚ ਉਹਨਾਂ, ਨਿੱਜੀ ਤੌਰ ‘ਤੇ ਵੀ ਤੇ ਜੇ ਮੌਕਾ ਬਣੇ ਤਾਂ ਮਿਲ ਕੇ ਵੀ,
ਸਥਿਤੀ ਦਾ ਸਾਹਮਣਾ ਕਰਨ ਦਾ ਫ਼ੈਸਲਾ ਕਰ ਲਿਆ।
ਗ਼ਦਰੀਆਂ ਨੂੰ ਬੰਗਾਲੀ ਦੇਸ਼-ਭਗਤਾਂ ਤੋਂ ਜੇਲ੍ਹ ਦੀ ਹਾਲਤ ਦਾ ਪਤਾ ਲੱਗ
ਚੁੱਕਾ ਸੀ। ਗ਼ਦਰੀਆਂ ਨੇ ਸਾਂਝੇ ਤੌਰ ‘ਤੇ ਨਿਰਣਾ ਕਰ ਲਿਆ ਕਿ ਉਹਨਾਂ
ਵਿਚੋਂ ਕੋਈ ਜਣਾ ਵੀ ਕੋਹਲੂ ਦੀ ਮੁਸ਼ੱਕਤ ਨਹੀਂ ਕਰੇਗਾ। ਬਾਬਾ ਸੋਹਨ ਸਿੰਘ
ਭਕਨਾ ਠੀਕ ਲਿਖਦੇ ਹਨ ਕਿ, ‘ਸੱਚੇ ਇਨਕਲਾਬੀ ਦੇ ਸਾਹਮਣੇ, ਚਾਹੇ ਉਹ ਬਾਹਰ
ਹੋਵੇ ਜਾਂ ਜੇਲ੍ਹ ਦੇ ਅੰਦਰ, ਕੰਮ ਕਦੇ ਖ਼ਤਮ ਨਹੀਂ ਹੁੰਦਾ ਕਿਉਂਕਿ ਉਹਦਾ
ਮੁਕਾਬਲਾ ਗੁਲਾਮੀ ਅਤੇ ਅਨਿਆਂ ਨਾਲ ਹੁੰਦਾ ਹੈ।’ ਉਹ ਅੱਗੇ ਲਿਖਦੇ ਹਨ ,
‘ਸਾਰੇ ਸਾਥੀਆਂ ਨੇ ਇਸਤੇ ਵਿਚਾਰ ਕੀਤੀ ਕਿ ਹੁਣ ਕੀ ਨੀਤੀ ਅਪਣਾਈ ਜਾਵੇ।
ਫ਼ੈਸਲਾ ਹੋਇਆ ਕਿ ਮੁਸ਼ੱਕਤ ਤਾਂ ਕੀਤੀ ਜਾਵੇ ਪਰ ਜਿੱਥੋਂ ਤੱਕ ਇਨਸਾਨੀ
ਤਾਕਤ ਦੇ ਅੰਦਰ ਹੋਵੇ। ਕੋਹਲੂ ਦੀ ਮੁਸ਼ੱਕਤ ਜੋ ਬੈਲ ਦੀ ਮੁਸ਼ੱਕਤ ਹੈ,
ਕਰਨ ਦਾ ਭਾਵ ਹੈ ਕਿ ਅਸੀਂ ਕੈਦੀਆਂ ਦੇ ਹੱਕਾਂ ਲਈ ਘੋਲ ਕਰਨੋਂ ਡਰਦੇ ਹਾਂ
ਤੇ ਆਪਾ ਬਚਾਉਂਦੇ ਹਾਂ। ਸੋ ਫ਼ੈਸਲਾ ਹੋਇਆ ਕਿ ਗ਼ੈਰ-ਇਨਸਾਨੀ ਕੋਹਲੂ ਦੀ
ਮੁਸ਼ੱਕਤ ਨਾ ਆਪ ਕੀਤੀ ਜਾਵੇ ਤੇ ਨਾ ਹੀ ਸਾਡੇ ਤੋਂ ਪਿੱਛੋਂ ਆਉਣ ਵਾਲੇ
ਰਾਜਸੀ ਕੈਦੀਆਂ ਨੂੰ ਕਰਨ ਲਈ ਕਿਹਾ ਜਾਵੇ। ਜਿਸ ਸਾਥੀ ‘ਤੇ ਨਜਾਇਜ਼ ਦਬਾਅ
ਇਹ ਅਫ਼ਸਰ ਪਾਉਣ ਉਹ ਮੁਕਾਬਲਾ ਕਰੇ ਅਰਥਾਤ ਇਨਕਾਰ ਕਰ ਦਏ। ਦੂਸਰਾ-ਕਿਸੇ
ਜੇਲ੍ਹ ਅਧਿਕਾਰੀ ਦੀ ਬੇਇਜ਼ਤੀ ਨਾ ਕੀਤੀ ਜਾਵੇ ਪਰ ਜੇ ਸਾਡੀ ਬੇਇਜ਼ਤੀ
ਜੇਲ੍ਹ ਵਾਲੇ ਨਜਾਇਜ਼ ਤੌਰ ‘ਤੇ ਕਰਨ ਤਾਂ ਇੱਟ ਦਾ ਜਵਾਬ ਪੱਥਰ ਨਾਲ ਦਿੱਤਾ
ਜਾਵੇ।’
ਜਦੋਂ ਗ਼ਦਰੀਆਂ ਨੇ ਜੇਲ੍ਹ ਅਧਿਕਾਰੀਆਂ ਦੇ ਜ਼ੁਲਮ ਦਾ ਵਿਰੋਧ ਕਰਨ ਲਈ
ਕਰੜਾ ਰੁਖ਼ ਅਖ਼ਤਿਆਰ ਕੀਤਾ ਤਾਂ ਇਹ ਵਿਰੋਧ ਕਿਸੇ ਵੀ ਸੂਰਤ ਵਿਚ ਜਾਣ
ਬੁੱਝ ਕੇ ਕਾਨੂੰਨ ਤੋੜਨ ਦਾ ਬਹਾਨਾ ਨਹੀਂ ਸੀ ਸਗੋਂ ਗੈ਼ਰ-ੲਨਸਾਨੀ
ਮੁਸ਼ੱਕਤ ਦੀ ਥਾਂ ਵਾਜਬ ਇਨਸਾਨੀ ਮੁਸ਼ੱਕਤ ਪ੍ਰਾਪਤ ਕਰਨ ਦਾ ਘੋਲ ਸੀ। ਇਸ
ਵਿਰੋਧ ਦਾ ਮਕਸਦ ਸੀ ਕਿ ਕੈਦੀਆਂ ਨੂੰ ਛੋਟੇ ਛੋਟੇ ਬਹਾਨੇ ਬਣਾ ਕੇ ਬੈਂਤ
ਲਾਉਣ, ਛੇ-ਛੇ ਮਹੀਨੇ ਦੀ ਇਕਾਂਤ ਕੈਦ, ਘੱਟ ਤੇ ਭੈੜੀ ਖ਼ੁਰਾਕ, ਡੰਡਾ
ਬੇੜੀ ਤੇ ਖੜੀ ਹੱਥਕੜੀ ਜਿਹੀਆਂ ਸਜ਼ਾਵਾਂ ਨਾ ਦਿੱਤੀਆਂ ਜਾਣ। ਇਹ ਵਿਰੋਧ
ਕੈਦੀਆਂ ਨੂੰ ਪਸ਼ੂਆਂ ਦੀ ਥਾਂ ਇਨਸਾਨ ਸਮਝ ਕੇ ਸਲੂਕ ਕੀਤੇ ਜਾਣ ਦੀ ਬਹੁਤ
ਹੀ ਵਾਜਬ ਅਤੇ ਹੱਕੀ ਮੰਗ ‘ਤੇ ਆਧਾਰਤ ਸੀ। ਇਸਦੇ ਨਾਲ ਹੀ ਇਹ ਵਿਰੋਧ
ਬਿਫ਼ਰੇ ਹੋਏ ਹੰਕਾਰੀ ਜੇਲ੍ਹ ਅਧਿਕਾਰੀਆਂ ਦੀ ਅਸਮਾਨੇ ਚੜ੍ਹੀ ਹਉਮੈਂ ਅਤੇ
ਹੈਂਕੜ ਨੂੰ ਜ਼ਮੀਨ ਉੱਤੇ ਉਤਾਰਨ ਨਾਲ ਵੀ ਸੰਬੰਧਿਤ ਵੀ ਸੀ। ਇਹੋ ਕਾਰਨ ਸੀ
ਕਿ ਜੇ ਜੇਲ੍ਹ ਅਧਿਕਾਰੀ ਕੋਈ ਬੋਲ-ਕੁ-ਬੋਲ ਕਰਦੇ ਤਾਂ ਦੇਸ਼-ਭਗਤ ਵੀ ਇੱਟ
ਦਾ ਜਵਾਬ ਪੱਥਰ ਵਿਚ ਦੇਣੋਂ ਸੰਕੋਚ ਨਾ ਕਰਦੇ। ਇਕ ਦਿਨ ਜੇਲ੍ਹਰ ਆਇਆ ਤਾਂ
ਭਾਈ ਅਮਰ ਸਿੰਘ ਵਰਾਂਡੇ ਵਿਚ ਟਹਿਲ ਰਿਹਾ ਸੀ। ਜੇਲ੍ਹਰ ਰੁੱਖੀ ਜ਼ਬਾਨ ਵਿਚ
ਝਿੜਕਣ ਲੱਗਾ, “ਤੂੰ ਟਹਿਲ ਕਿਉਂ ਰਿਹਾ ਏਂ?” ਉਸਨੇ ਜਵਾਬ ਦਿੱਤਾ, “ਤੈਨੂੰ
ਮੇਰੇ ਟਹਿਲਣ ਨਾਲ ਕੀ ਤਕਲੀਫ਼ ਹੁੰਦੀ ਏ? ਤੇਰੇ ਪਿਓ ਦੇ ਸਿਰ ‘ਤੇ ਤਾਂ
ਟਹਿਲ ਨਹੀਂ ਰਿਹਾ।” ਏਸੇ ਗੱਲੋਂ ਉਹਨੂੰ ਤਿੰਨ ਮਹੀਨੇ ਡੰਡਾਬੇੜੀ ਤੇ ਕੋਠੀ
ਬੰਦੀ ਦੀ ਸਜ਼ਾ ਸੁਣਾ ਦਿੱਤੀ। ਇੱਕ ਦਿਨ ਬੁੱਢੇ ਨਿਧਾਨ ਸਿੰਘ ਨੂੰ ਜੇਲ੍ਹਰ
ਵਿਅੰਗ ਨਾਲ ਪੁੱਛਣ ਲੱਗਾ, “ਕਿਵੇਂ? ਕੀ ਹਾਲ-ਚਾਲ ਨੇ?” ਤਾਂ ਵਿਅੰਗ ਦੀ
ਮਾਰ ਤੋਂ ਸਤ ਕੇ ਨਿਧਾਨ ਸਿੰਘ ਨੇ ਜਵਾਬ ਦਿੱਤਾ, “ਲੱਗਦੈ ਆਪਣੀ ਕੁੜੀ ਲਈ
ਪ੍ਰਾਹੁਣਾ ਲੱਭਦਾ ਫਿਰਦੈਂ? ਮੇਰਾ ਹਾਲ-ਚਾਲ ਤਾਂ ਐਂ ਪੁੱਛ ਰਿਹਾ ਏਂ
ਜਿਵੇਂ ਮੇਰੇ ਨਾਲ ਕੁੜੀ ਵਿਆਹੁਣੀ ਹੋਵੇ। ਪੈਰਾਂ ਵਿਚ ਬੇੜੀਆਂ, ਦਿਨ-ਰਾਤ
ਕੋਠੜੀ ਵਿਚ ਬੰਦ, ਘੱਟ ਖਾਣਾ; ਫਿਰ ਵੀ ਪੁੱਛਦੈਂ ਕੀ ਹਾਲ ਨੇ? ਮਖ਼ੌਲ
ਕਰਦਿਆਂ ਤੈਨੂੰ ਸ਼ਰਮ ਨਹੀਂ ਆਉਂਦੀ। ਬੇਸ਼ਰਮ ਕਿਤੋਂ ਦਾ! ਜਾਹ ਮੇਰੀਆਂ
ਅੱਖਾਂ ਤੋਂ ਦੂਰ ਹੋ ਜਾ।” ਇਕ ਵਾਰ ਚੀਫ ਕਮਿਸ਼ਨਰ ਜੇਲ੍ਹ ਦਾ ਮੁਆਇਨਾ ਕਰਨ
ਆਇਆ ਤਾਂ ਇੱਕ ਗ਼ਦਰੀ ਨੂੰ ਕੋਠੜੀ ਦੇ ਦਰਵਾਜ਼ੇ ਵੱਲ ਪਿੱਠ ਕੀਤੀ ਬੈਠਾ
ਵੇਖ ਜੇਲ੍ਹਰ ਨੇ ਉਹਨੂੰ ਖੜਾ ਹੋਣ ਦਾ ਹੁਕਮ ਦਿੱਤਾ ਪਰ ਉਸਨੇ ਉਹਦੇ
ਹੁਕਮਾਂ ਦੀ ਕੋਈ ਪ੍ਰਵਾਹ ਨਾ ਕੀਤੀ ਸਗੋਂ ਲੇਟ ਗਿਆ। ਜੇਲ੍ਹਰ ਨੇ ਬੁਲਾਇਆ
ਤਾਂ ਅੱਗੋਂ ਬਣਾ-ਸਵਾਰ ਕੇ ਕਹਿੰਦਾ, “ਕਿਉਂ ਮੇਰੀ ਨੀਂਦ ਵਿਚ ਖ਼ਲਲ ਪਾ
ਰਿਹੈਂ? ਜਾ ਏਥੋਂ ਚਲਿਆ ਜਾ। ਜਦੋਂ ਮੈਂ ਤੈਨੂੰ ਬੁਲਾਇਆ ਈ ਨਹੀਂ ਤਾਂ ਤੂੰ
ਮੈਨੂੰ ਪ੍ਰੇਸ਼ਾਨ ਕਰਨ ਕਿਉਂ ਆ ਗਿਆ ਏਂ?”
ਜੇਲ੍ਹ ਅਧਿਕਾਰੀਆਂ ਵੱਲੋਂ ਕੀਤੀਆ ਜਾਣ ਵਾਲੀਆਂ ਵਧੀਕੀਆਂ ਦਾ ਵਿਰੋਧ
ਭਾਵੇਂ ਕਿੰਨਾ ਵੀ ਹੱਕੀ ਤੇ ਲੋੜੀਂਦਾ ਸੀ ਤਦ ਵੀ ਇਸ ਗੱਲ ਨੂੰ ਲੈ ਕੇ
ਰਾਜਸੀ ਕੈਦੀਆਂ ਵਿਚ ‘ਨਰਮ’ ਤੇ ‘ਗਰਮ’ ਦੋ ਗਰੁੱਪ ਬਣ ਗਏ। ਵੀਰ ਸਵਾਰਕਰ,
ਭ੍ਰਾਤ੍ਰਦਵਯ, ਬਾਰੀਨ ਬਾਬੂ ਤੇ ਕੁਝ ਹੋਰ ਬੰਗਾਲੀ ਸਾਥੀਆਂ ਨੇ ਗ਼ਦਰੀ
ਕੈਦੀਆਂ ਵੱਲੋਂ ਅਪਣਾਇਆ ਵਿਰੋਧ ਦਾ ਵਾਜਬ ਤੇ ਹੱਕੀ ਰਾਹ ਅਖ਼ਤਿਆਰ ਕਰਨ
ਤੋਂ ਨਾਂਹ ਕਰ ਦਿੱਤੀ।
ਅਸਲ ਵਿਚ ਗ਼ਦਰੀਆਂ ਦੇ ਅੰਡੇਮਾਨ ਆਉਣ ਤੋਂ ਪਹਿਲਾਂ ਕੀਤੇ ਸੰਘਰਸ਼ ਕਾਰਨ
ਉਹਨਾਂ ਨੇ ਜੇਲ੍ਹ ਅਧਿਕਾਰੀਆਂ ਤੋਂ ਕੁਝ ਸਹੂਲਤਾਂ ਵੀ ਪ੍ਰਾਪਤ ਕਰ ਲਈਆਂ
ਸਨ ਅਤੇ ਲਗਾਤਾਰ ਖ਼ੁਸ਼ਾਮਦ ਕਰਦੇ ਰਹਿਣ ਕਰਕੇ ਉਹ ਅਧਿਕਾਰੀਆਂ ਦੇ
ਕੁਝ-ਕੁਝ ਚਹੇਤੇ ਵੀ ਬਣ ਗਏ ਸਨ। ਵੀਰ ਸਾਵਰਕਾਰ ਨੇ ਤਾਂ ਸਰਕਾਰ ਅੱਗੇ
ਆਪਣੇ ਆਪ ਨੂੰ ਰਿਹਾ ਕਰ ਦੇਣ ਲਈ ਪਟੀਸ਼ਨ ਵੀ ਕੀਤੀ ਹੋਈ ਸੀ। ਉਸਦੀ ਬੇਨਤੀ
ਸੀ ਕਿ ਸਰਕਾਰ ਜੇ ਉਸਨੂੰ ਜੇਲ੍ਹ ਵਿਚ ਰੱਖਣ ਦੀ ਥਾਂ ਰਿਹਾ ਕਰ ਦੇਵੇਗੀ
ਤਾਂ ਬਾਹਰ ਆ ਕੇ ਉਹ ਸਰਕਾਰ ਦੀ ਸਹਾਇਤਾ ਕਰਨ ਲਈ ਵਧੇਰੇ ਲਾਹੇਵੰਦ ਹੋ
ਸਕੇਗਾ। ਇਸ ਵਿਚ ਸ਼ੱਕ ਨਹੀਂ ਕਿ ਕਿਸੇ ਵੇਲੇ ਸਾਵਰਕਾਰ ਦੀ ਦੇਸ਼ ਭਗਤੀ
ਨੂੰ ਮਿਸਾਲੀ ਮੰਨਿਆਂ ਗਿਆ ਸੀ। ਉਹਨੇ 1857 ਦੇ ਗ਼ਦਰ ਬਾਰੇ ਜਿਹੜੀ ਪੁਸਤਕ
ਲਿਖੀ ਸੀ, ਉਸਤੋਂ, ਅਤੇ ਹੋਰ ਕੰਮਾਂ ਤੋਂ ਤੰਗ ਪੈ ਕੇ ਬਰਤਾਨਵੀ ਸਰਕਾਰ ਨੇ
ਉਹਨੂੰ ਲੰਡਨ ਵਿਚੋਂ ਗ੍ਰਿਫ਼ਤਾਰ ਕਰਕੇ ਭਾਰਤ ਭੇਜ ਦਿੱਤਾ ਤਾਕਿ ਉਸਤੇ
ਮੁਕੱਦਮਾ ਚਲਾਇਆ ਜਾ ਸਕੇ। ਸਪੈਸ਼ਲ ਟ੍ਰਿਬਿਊਨਲ ਵੱਲੋਂ ਉਸਨੂੰ 1910 ਵਿਚ
ਉਮਰ ਕੈਦ ਤੇ 1911 ਵਿਚ ਜਲਾਵਤਨੀ ਦੀ ਸਜ਼ਾ ਦੇ ਕੇ ਅੰਡੇਮਾਨ ਦੀ ਸੈਲੂਲਰ
ਜੇਲ੍ਹ ਵਿਚ ਭੇਜ ਦਿੱਤਾ। ਅੰਡੇਮਾਨ ਵਿਚਲੀਆਂ ਸਖ਼ਤੀਆਂ ਨੇ ਮਿਸਾਲੀ
ਦੇਸ਼-ਭਗਤ ਦੇ ਤੌਰ ‘ਤੇ ਜਾਣੇ ਜਾਂਦੇ ਸਵਾਰਕਰ ਨੂੰ ਮਾਨਸਿਕ ਤੌਰ ‘ਤੇ ਏਨਾ
ਕਮਜ਼ੋਰ ਕਰ ਦਿੱਤਾ ਕਿ ਉਹ ਸਰਕਾਰ ਕੋਲ ਰਿਹਾਈ ਲਈ ਲਿਲਕੜੀਆਂ ਲੈਣ ਲੱਗਾ।
ਡਾ ਪ੍ਰੇਮ ਸਿੰਘ ਪ੍ਰਸਿੱਧ ਇਤਿਹਾਸਕਾਰ ਆਰ ਸੀ ਮਾਜਮੂਦਾਰ ਦੀ ਪੁਸਤਕ
‘ਪੀਨਲ ਸੈਟਲਮੈਂਟਸ ਇਨ ਅੰਡੇਮਾਨ’ ਦਾ ਹਵਾਲਾ ਦਿੰਦੇ ਹਨ ਜਿਸ ਵਿਚ ਸਾਵਰਕਰ
ਵੱਲੋਂ ਪਟੀਸ਼ਨਾਂ ਰਾਹੀਂ ਸਰਕਾਰ ਕੋਲ ਕੀਤੇ ਤਰਲਿਆਂ ਨੂੰ ਇਸ ਪ੍ਰਕਾਰ
ਬਿਆਨ ਕੀਤਾ ਗਿਆ ਹੈ:
‘‘ਜੇ ਸਰਕਾਰ ਆਪਣੀ ਬਹੁ-ਪੱਖੀ ਉਦਾਰਤਾ ਅਤੇ ਰਹਿਮ-ਦਿਲੀ ਦੀ ਭਾਵਨਾ
ਅਨੁਸਾਰ ਮੈਨੂੰ ਰਿਹਾਅ ਕਰ ਦੇਵੇ ਤਾਂ ਮੈਂ ਵਿਧਾਨਕ ਢੰਗ ਨਾਲ ਤਰੱਕੀ ਅਤੇ
ਬਰਤਾਨਵੀ ਸਰਕਾਰ ਪ੍ਰਤੀ ਵਫ਼ਾਦਾਰੀ ਦਾ ਸਭ ਤੋਂ ਤਕੜਾ ਮੁਦਈ ਹੋਵਾਂਗਾ।
ਸਰਕਾਰ ਵੱਲ ਵਫ਼ਾਦਾਰੀ ਅਜਿਹੀ ਤਰੱਕੀ ਦੀ ਸਭ ਤੋਂ ਪਹਿਲੀ ਸ਼ਰਤ ਹੈ। …ਵਿਧਾਨ
ਅਨੁਸਾਰ ਚੱਲਣ ਦੇ ਰਾਹ ਦਾ ਮੇਰੇ ਵੱਲੋਂ ਅਪਣਾਇਆ ਜਾਣਾ ਭਾਰਤ ਤੇ ਵਿਦੇਸ਼ਾਂ
ਵਿਚ ਵਸਦੇ ਉਨ੍ਹਾਂ ਸਾਰੇ ਨੌਜਵਾਨਾਂ ਨੂੰ ਵਾਪਸ ਏਸੇ ਰਾਹ ਲਿਆਵੇਗਾ,
ਜਿਹੜੇ ਮੈਨੂੰ ਆਪਣਾ ਰਹਿਨੁਮਾ ਮੰਨਦੇ ਹਨ। ਮੈਂ ਸਰਕਾਰ ਦੀ ਸੇਵਾ ਕਿਸੇ ਵੀ
ਹੈਸੀਅਤ ਵਿਚ ਕਰਨ ਨੂੰ ਤਿਆਰ ਹਾਂ ਕਿਉਂਕਿ ਮੇਰੇ ਵੱਲੋਂ ਆਪਣੇ ਰਸਤੇ ਦੀ
ਤਬਦੀਲੀ ਸੁਚੇਤ ਰੂਪ ਵਿਚ ਕੀਤੀ ਜਾ ਰਹੀ ਹੈ। ਭਵਿੱਖ ਵਿਚ ਮੇਰੀ ਭੂਮਿਕਾ
ਵੀ ਇਸੇ ਅਨੁਸਾਰ ਹੀ ਹੋਵੇਗੀ। ਮੈਨੂੰ ਰਿਹਾਅ ਕਰਨ ਨਾਲ ਜੋ ਕੁਝ ਪ੍ਰਾਪਤ
ਕੀਤਾ ਜਾ ਸਕਦਾ ਹੈ, ਉਹ ਮੈਨੂੰ ਜੇਲ੍ਹ ਵਿੱਚ ਰੱਖਣ ਨਾਲ ਨਹੀਂ। ਕੇਵਲ
ਸ਼ਕਤੀਸ਼ਾਲੀ ਧਿਰ ਹੀ ਰਹਿਮ-ਦਿਲ ਹੋ ਸਕਦੀ ਹੈ। ਇਸ ਲਈ ਇੱਕ ਸ਼ਾਹਖ਼ਰਚ ਪੁੱਤਰ
ਸਰਕਾਰ ਦੇ ਮਾਪਿਆਂ ਜਿਹੇ ਘਰ ਤੋਂ ਸਿਵਾ ਹੋਰ ਕਿਹੜੇ ਦੁਆਰੇ ਮੁੜ ਸਕਦਾ
ਹੈ।‘‘
ਇਹ ਵੀ ਸੈਲੂਲਰ ਜੇਲ੍ਹ ਦੇ ਜਬਰ ਦਾ ਹੀ ਅਸਰ ਸੀ ਕਿ ਸਾਰਵਕਰ ਦੇਸ਼-ਭਗਤੀ
ਦੇ ਰਾਹ ਤੋਂ ਐਸਾ ਥਿੜਕਿਆ ਕਿ ਜੇਲ੍ਹ ਵਿਚੋਂ ਰਿਹਾਅ ਹੋਣ ਤੋਂ ਬਾਅਦ
ਆਜ਼ਾਦੀ ਦੀ ਕਿਸੇ ਵੀ ਲਹਿਰ ਨਾਲ ਰਿਸ਼ਤਾ ਨਾ ਰੱਖਿਆ। ਸਗੋਂ ਉਲਟਾ ਇਹ
ਹੋਇਆ ਕਿ ਅੰਗਰੇਜ਼ਾਂ ਦੀ ਹਿੰਦੂ-ਮੁਸਲਿਮ ਵਿਚ ਦੋਫਾੜ ਪਾਉਣ ਦੀ ਨੀਤੀ ਦਾ
ਅਨੁਸਾਰੀ ਹੋ ਕੇ ਉਸਨੇ ਮੁਸਲਮਲੀਗ ਤੋਂ ਵੀ ਪਹਿਲਾਂ ਦੋ ਕੌਮਾਂ ਦਾ ਸਿਧਾਂਤ
ਪੇਸ਼ ਕਰਕੇ ਇਹ ਆਖਿਆ ਕਿ ਹਿੰਦੂ ਹੀ ਹਿੰਦੁਸਤਾਨ ਦੇ ਅਸਲੀ ਵਾਰਸ ਹਨ ਤੇ
ਈਸਾਈ ਜਾਂ ਮੁਸਲਮਾਨ ਆਪਣੇ ਆਪ ਨੂੰ ਹਿੰਦੁਸਤਾਨੀ ਨਹੀਂ ਅਖਵਾ ਸਕਦੇ
ਕਿਉਂਕਿ ਇਹ ‘ਬਾਹਰੋਂ’ ਆਏ ਹਨ ਤੇ ਇਹਨਾਂ ਦੇ ਧਾਰਮਿਕ ਸਥਾਨ ਵੀ
ਹਿੰਦੁਸਤਾਨ ਵਿਚ ਨਹੀਂ ਹਨ।
ਇਹ ਵੀ ਹਾਲਾਤ ਦੀ ਸਿਤਮਜ਼ਰੀਫ਼ੀ ਹੈ ਕਿ ਸੈਲੂਲਰ ਜੇਲ੍ਹ ਦੀਆਂ ਸਖ਼ਤੀਆਂ
ਦਾ ਟਾਕਰਾ ਕਰਨ ਤੋਂ ਅਸਮਰਥ ਰਹਿਣ ਵਾਲੇ ਤੇ ਸਾਥੀ ਕੈਦੀਆਂ ਨੂੰ ਜੇਲ੍ਹ
ਅਧਿਕਾਰੀਆਂ ਦਾ ਵਿਰੋਧ ਨਾ ਕਰਨ ਦੀ ‘ਸਿੱਖ-ਮੱਤ’ ਦੇਣ ਲੱਗ ਜਾਣ ਵਾਲੇ
ਸਾਵਰਕਰ ਦੇ ਨਾਂ ‘ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵੇਲੇ ਲਾਲ ਕ੍ਰਿਸ਼ਨ
ਅਡਵਾਨੀ ਨੇ ਪੋਲਟ ਬਲੇਅਰ ਦਾ ਨਾਂ ਸਾਵਰਕਰ ਦੇ ਨਾਂ ‘ਤੇ ਰੱਖਣ ਦਾ ਐਲਾਨ
ਕੀਤਾ। ਜਿਹੜੇ ਸੂਰਬੀਰ ਹਾਲਾਤ ਸਾਹਵੇਂ ਮਰਦਾਂ ਵਾਂਗ ਲੜੇ ਉਹਨਾਂ ਨੂੰ ਕੋਈ
ਯਾਦ ਨਹੀਂ ਕਰਦਾ ਪਰ ਜਿਹੜੇ ਹਾਲਤ ਅੱਗੇ ਗੋਡੇ ਟੇਕ ਗਏ ਉਹਨਾਂ ਦੀਆਂ
ਯਾਦਗ਼ਾਰਾਂ ਬਣ ਰਹੀਆਂ ਨੇ। ਏਸੇ ਕਰਕੇ ਹੀ ਅਸੀਂ ਹਾਸ਼ੀਏ ‘ਤੇ ਧੱਕ ਦਿੱਤੇ
ਗਏ ਆਪਣੇ ਇਨਕਲਾਬੀ ਇਤਿਹਾਸ ਅਤੇ ਮੁੱਖ-ਧਾਰਾ ਦੇ ਪ੍ਰਚੱਲਿਤ ਇਤਿਹਾਸ ਦਾ
ਨਿਖੇੜਾ ਕਰਦੇ ਹਾਂ।
ਸਾਵਰਕਰ ਵਾਂਗ ਹੀ ਕੁਝ ਹੋਰ ਬੰਗਾਲੀ ਬਾਬੂ ਵੀ ਲੋਕ ਸੰਘਰਸ਼ ਵਿਚ ਦੂਜਿਆਂ
ਦਾ ਸਾਥ ਦੇਣ ਤੋਂ ਆਪਣੇ ਸਾਥੀਆਂ ਤੇ ਜਾਣੂਆਂ ਨੂੰ ਵਰਜਦੇ ਰਹਿੰਦੇ ਸਨ।
ਤ੍ਰਿਲੋਕੀ ਨਾਥ ਚੱਕ੍ਰਵਰਤੀ ਲਿਖਦੇ ਹਨ , ‘ਪੁਲਿਨ ਬਾਬੂ ਕਿਸੇ ਝਮੇਲੇ ਵਿਚ
ਨਹੀਂ ਸਨ ਪੈਂਦੇ ਅਤੇ ਅਧਿਕਾਰੀਆਂ ਦੇ ਪਿਆਰੇ ਪਾਤਰ ਬਣਨ ਦੀ ਕੋਸਿ਼ਸ਼ ਵੀ
ਨਹੀਂ ਸਨ ਕਰਦੇ। ਪਿਆਰ ਨਾਲ ਉਹ ਸਾਨੂੰ ਕਹਿੰਦੇ, “ਜੇਲ੍ਹ ਵਿਚ ਗੜਬੜੀ
ਕਰਕੇ ਸਜ਼ਾ ਵਧਾਉਣ ਦਾ ਕੀ ਫ਼ਾਇਦਾ! ਬਲਕਿ ਸ਼ਾਂਤ ਰਹਿ ਕੇ, ਬਾਹਰ ਨਿਕਲ
ਕੇ ਦੇਸ਼ ਦੀ ਸੇਵਾ ਕਰ ਸਕੋਗੇ।”
ਪੰਜਾਬੀ ਕੈਦੀਆਂ ਦੀ ਕਾਲੇ ਪਾਣੀ ਵਿਚ ਆਮਦ ਨੇ ਇਹ ਸਾਬਤ ਕਰ ਦਿੱਤਾ ਕਿ ਉਹ
ਇਨਸਾਨੀ ਨਿਯਮਾਂ ਦੀ ਹਦੂਦ ਅੰਦਰ ਰਹਿੰਦਿਆਂ ਵਾਜਬ ਨਿਯਮਾਂ ਦਾ ਪਾਲਣ ਕਰਨ
ਤੋਂ ਇਨਕਾਰੀ ਨਹੀਂ ਹੋਣਗੇ ਪਰ ਜਿੱਥੇ ਵੀ ਉਹਨਾਂ ਨੂੰ ਮਹਿਸੂਸ ਹੋਇਆ ਕਿ
ਗ਼ੈਰ-ਇਨਸਾਨੀ ਵਿਹਾਰ ਕਰਕੇ ਉਹਨਾਂ ਦੀ ਗ਼ੈਰਤ ਤੇ ਇਨਸਾਨੀ ਹੋਂਦ ਨੂੰ
ਠਿੱਠ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਤਾਂ ਉਹ ਉਹਨਾਂ ਅਣਮਨੁੱਖੀ ਹੁਕਮਾਂ
ਨੂੰ ਮੰਨਣ ਤੋਂ ਇਨਕਾਰੀ ਹੋਣਗੇ। ਸਾਡਾ ਮਕਸਦ ਏਥੇ ਪੰਜਾਬੀ ਦੇਸ਼-ਭਗਤਾਂ
ਦੀ ਵਡਿਆਈ ਕਰਕੇ ਦੂਜੇ ਸੂਬਿਆਂ ਦੇ ਦੇਸ਼-ਭਗਤਾਂ ਦੀ ਕਦਰ-ਘਟਾਈ ਕਰਨਾ
ਨਹੀਂ। ਉਹਨਾਂ ਨੇ ਵੀ ਆਪਣੀ ਸਮਰੱਥਾ ਅਨੁਸਾਰ ਕਰੜੇ ਵਿਰੋਧ ਕੀਤੇ। ਕੈਦੀਆਂ
ਦੀਆਂ ਕਈ ਹੱਕੀ ਮੰਗਾਂ ਵੀ ਮਨਵਾਈਆਂ। ਪਰ ਇਹ ਵੀ ਸੱਚ ਹੈ ਕਿ ਗ਼ਦਰੀਆਂ
ਤੋਂ ਪਹਿਲਾਂ ਕਾਲੇ ਪਾਣੀ ਪੁੱਜੇ ਦੇਸ਼-ਭਗਤਾਂ ਨੂੰ, ਜਿਹੜੇ ਬਹੁਤੇ
ਬੰਗਾਲੀ ਸਨ, ਜੇਲ੍ਹ ਅਧਿਕਾਰੀਆਂ ਨੇ ਸੁਹਾਗ ਕੇ ਨਿੱਸਲ ਕਰ ਛੱਡਿਆ ਸੀ।
ਜੇਲ੍ਹ ਅਧਿਕਾਰੀਆਂ ਦਾ ਬੇਕਿਰਕ ਰਾਜ ਪੂਰੀ ਚੜ੍ਹਤ ਵਿਚ ਸੀ। ਜਗਜੀਤ ਸਿੰਘ
ਠੀਕ ਹੀ ਲਿਖਦੇ ਹਨ, ‘ਬੰਗਾਲੀ ਦੇਸ਼-ਭਗਤ ਕੈਦੀਆਂ ਨੇ ਬੜੀ ਬਹਾਦਰੀ ਨਾਲ
ਸੈਲੂਲਰ ਜੇਲ੍ਹ ਦੀਆਂ ਸਖਤੀਆਂ ਦਾ ਮੁਕਾਬਲਾ ਕਰਨ ਦਾ ਯਤਨ ਕੀਤਾ; ਪਰ
ਉਹਨਾਂ ਦੇ ਕੋਮਲ ਸਰੀਰ ਇਸ ਕਸ਼ਟ ਨੂੰ ਝੱਲਣ ਦੇ ਯੋਗ ਨਹੀਂ ਸਨ; ਅਤੇ,
ਜਿਵੇਂ ਸ਼੍ਰੀ ਘੋਸ਼ ਨੇ ਬੜੀ ਈਮਾਨਦਾਰੀ ਨਾਲ ਮੰਨਿਆਂ ਹੈ, ਸਾਰਿਆਂ ਵਿਚ
ਇਹ ਹੌਂਸਲਾ ਨਹੀਂ ਸੀ ਕਿ ਉਹ ਮੌਤ ਨੂੰ ਜੱਫੀਆਂ ਪਾ ਲੈਣ।’
ਇਸਦੇ ਉਲਟ ਪੰਜਾਬੀ ਇਨਕਲਾਬੀਆਂ ਦੇ ਵਿਸ਼ੇਸ਼ ਖਾੜਕੂ ਸੁਭਾਅ ਦੀ ਇਕ ਝਲਕ
ਬਰਿੰਦਰ ਕੁਮਾਰ ਘੋਸ਼ ਨੇ ਆਪਣੇ ਸ਼ਬਦਾਂ ਵਿਚ ਇਸ ਪ੍ਰਕਾਰ ਬਿਆਨ ਕੀਤੀ ਹੈ:
‘ਅੰਡੇਮਾਨ ਵਿਚ ਬ੍ਰਾਹਮਣਾਂ ਦਾ ਜਨੇਊ ਉਤਾਰ ਲਿਆ ਜਾਂਦਾ, ਪਰ ਮੁਸਲਮਾਨਾਂ
ਤੇ ਸਿੱਖਾਂ ਨੂੰ ਕੁਝ ਨਾ ਕਹਿਾ ਜਾਂਦਾ; ਕਿਉਂਕਿ ਉਹ ਜੋਸ਼ੀਲੇ ਸਨ। ਕਿਸੇ
ਵੀ ਬ੍ਰਾਹਮਣ ਨੇ ਜਨੇਊ ਉਤਾਰੇ ਜਾਣ ਬਦਲੇ ਉਜਰ ਤੱਕ ਨਾ ਕੀਤਾ। ਅੰਤ ਇਕ
ਪੰਜਾਬੀ ਬ੍ਰਾਹਮਣ, ਸ਼੍ਰੀ ਰਾਮ ਰੱਖਾ, ਨੇ ਇਸ ਬਾਰੇ ਪ੍ਰੋਟੈਸਟ ਕੀਤਾ ਕਿ
ਜਿਤਨਾ ਚਿਰ ਉਹਨਾਂ ਪਾਸ ਜਨੇਊ ਨਾ ਹੋਵੇ, ਉਹਨਾਂ ਦਾ ਧਰਮ ਉਹਨਾਂ ਨੂੰ
ਖਾਣਾ ਖਾਣ ਦੀ ਆਗਿਆ ਨਹੀਂ ਦਿੰਦਾ। ਸ੍ਰੀ ਰਾਮ ਰੱਖਾ ਚੀਨ, ਜਪਾਨ ਅਤੇ
ਸਿਆਮ ਆਦਿ ਫਿਰਦੇ ਫਿਰਾਉਂਦੇ ਰਹੇ ਸਨ ਅਤੇ ਉਹਨਾਂ ਵਿਚ ਕੱਟੜਪੁਣਾ ਨਹੀਂ
ਸੀ ਜਾਪਦਾ। ਪਰ ਹੁਣ ਉਹ ਇਕ ਅਸੂਲ ਲਈ ਲੜ ਰਹੇ ਸਨ। ਜਦ ਪਾਣੀ ਦੀ ਘੁੱਟ
ਪੀਤੇ ਬਗ਼ੈਰ ਚਾਰ ਦਿਨ ਭੁੱਖ-ਹੜਤਾਲ ਕੀਤੀ ਨੂੰ ਹੋ ਗਏ, ਤਾਂ ਉਹਨਾਂ ਨੂੰ
ਜਬਰਦਸਤੀ ਪੰਪ ਨਾਲ ਦੁੱਧ ਦਿੱਤਾ ਗਿਆ। ਇਸੇ ਦੌਰਾਨ ਜੇਲ੍ਹ ਵਿਚ ਸਟਰਾਈਕ
ਦੀ ਲਹਿਰ ਸ਼ੁਰੂ ਹੋ ਗਈ, ਜਿਸ ਵਿਚ ਉਹ ਸ਼ਾਮਲ ਹੋ ਗਏ। ਉਹਨਾਂ ਦਾ ਬਰਮਾ
ਦੀਆਂ ਜੇਲ੍ਹਾਂ ਵਿਚ ਰਹਿਣ ਕਰਕੇ ਅੱਗੇ ਹੀ ਸਰੀਰ ਕਮਜ਼ੋਰ ਸੀ। ਹੁਣ ਉਹਨਾਂ
ਨੂੰ ਤਪਦਿਕ ਹੋ ਗਈ ਅਤੇ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਹ
ਚਲਾਣਾ ਕਰ ਗਏ।’
ਏਥੇ ਵੀ ਰਾਮ ਰੱਖਾ ਮੱਲ ਦਾ ਮਸਲਾ ਸ਼ਾਇਦ ਨਿਰੇ ਜਨੇਊ ਪਹਿਨਣ ਦਾ ਨਹੀਂ ਸੀ
ਸਗੋਂ ਗੁਰੂ ਤੇਗ਼ ਬਹਾਦਰ ਵਾਂਗ ਕਿਸੇ ਦੇ ਵਿਸ਼ਵਾਸ ਵਿਚ ਹਾਕਮ ਧਿਰ ਦੀ
ਜਬਰਦਸਤੀ ਦਖਲ਼-ਅੰਦਾਜ਼ੀ ਨੂੰ ਸਵੀਕਾਰ ਨਾ ਕਰਨ ਦਾ ਸੀ। ਜਿਵੇਂ ਗੁਰੂ ਜੀ
ਨੇ ਕਿਸੇ ਦੇ (ਆਪ ਤਾਂ ਸਿੱਖੀ ਵਿਹਾਰ ਅਨੁਸਾਰ ਉਹ ਜਨੇਊ ਪਹਿਨਦੇ ਹੀ ਨਹੀਂ
ਸਨ) ਵਿਸ਼ਵਾਸ਼ ਜਾਂ ਅਕੀਦੇ ਵਿਚ ਸਥਾਪਤੀ ਦੀ ਗੈ਼ਰ-ਜ਼ਰੂਰੀ ਧੱਕੜ
ਦਖ਼ਲ-ਅੰਦਾਜ਼ੀ ਨੂੰ ਪ੍ਰਵਾਨ ਨਾ ਕਰਦਿਆਂ ਜਾਨ ਦੀ ਬਾਜ਼ੀ ਲਾ ਦਿੱਤੀ ਸੀ
ਉਂਝ ਹੀ ਰਾਮ ਰੱਖਾ ਮੱਲ ਖੁੱਲ੍ਹ-ਦਿਲੇ ਵਿਚਾਰਾਂ ਦੇ ਹੁੰਦੇ ਵੀ ਧਾਰਮਿਕ
ਅਕੀਦੇ ਵਿਚ ਹਾਕਮਾਂ ਦੀ ਗ਼ੈਰ-ਜ਼ਰੂਰੀ ਦਖ਼ਲ-ਅੰਦਾਜ਼ੀ ਦੇ ਵਿਰੋਧ ਵਿਚ
ਕੁਰਬਾਨ ਹੋ ਗਏ। ਸਗੋਂ ਅਗਲੀ ਗੱਲ ਤਾਂ ਇਹ ਹੈ ਕਿ ਵਿਅਕਤੀਗਤ ਵਿਸ਼ਵਾਸ ਦੀ
ਲੜਾਈ ਲੜਦਿਆਂ ਵੀ ਉਹ ਕੈਦੀਆਂ ਵੱਲੋਂ ਸਭ ਲਈ ਲੜੀ ਜਾ ਰਹੀ ਲੜਾਈ ਵਿਚ ਵੀ
ਸ਼ਾਮਲ ਹੋਏ ਤੇ ਭੁੱਖ ਹੜਤਾਲ ਨੂੰ ਜਾਰੀ ਰੱਖਦਿਆਂ ਜਾਨ ਦੀ ਬਾਜ਼ੀ ਲਾ
ਦਿੱਤੀ।
ਪੰਜਾਬੀ ਇਨਕਲਾਬੀਆਂ ਦੇ ਖ਼ਮੀਰ ਵਿਚ ਉਹਨਾਂ ਦਾ ਇਤਿਹਾਸ ਗੁੰਨ੍ਹਿਆਂ ਹੋਇਆ
ਹੈ। ਸ਼ਾਇਦ ਏਸੇ ਲਈ ਉਹ ਆਜ਼ਾਦੀ ਤੇ ਅਣਖ਼ ਦੀ ਲੜਾਈ ਖਾੜਕੂ ਅੰਦਾਜ਼ ਵਿਚ
ਲੜਨ ਲਈ ਤਿਆਰ-ਬਰ-ਤਿਆਰ ਰਹਿੰਦੇ ਹਨ ਪਰ ਇਸਦਾ ਇਹ ਮਤਲਬ ਵੀ ਨਹੀਂ ਕਿ
ਸਾਰੇ ਪੰਜਾਬੀ ਇਕੋ ਜਿਹੇ ਹੁੰਦੇ ਨੇ। ਗ਼ਦਰੀ ਕੈਦੀਆਂ ਵਿਚ ਵੀ ਭਾਈ
ਪਰਮਾਨੰਦ (ਲਾਹੌਰ) ਨੇ ਆਪਣੇ ਆਪ ਨੂੰ ਵਿੱਥ ‘ਤੇ ਰੱਖ ਕੇ ਜੇਲ੍ਹ
ਅਧਿਕਾਰੀਆਂ ਦਾ ਚਹੇਤਾ ਬਣਨ ਦੀ ਕੋਸਿ਼ਸ਼ ਜਾਰੀ ਰੱਖੀ ਸੀ। ਜੇਲ੍ਹ ਵਿਚ
ਲੜੇ ਗਏ ਸੰਘਰਸ਼ ਦਾ ਸਾਥ ਦੇਣ ਵਾਲੇ ਪੰਜਾਬੀ ਰਾਜਸੀ ਕੈਦੀਆਂ ਵਿਚੋਂ
ਇਕੱਲੇ ਭਾਈ ਪਰਮਾਨੰਦ (ਲਾਹੌਰ) ਨੇ ਹੀ ਆਪਣੇ ਆਪ ਨੂੰ ਇਸ ਸੰਘਰਸ਼ ਤੋਂ
ਵੱਖਰੇ ਰੱਖਣ ਦਾ ਨਿਰਣਾ ਕੀਤਾ ਸੀ। ਭਾਈ ਪਰਮਾਨੰਦ ਮੁਤਾਬਕ ਗ਼ਦਰੀ ਸਾਥੀਆਂ
ਦਾ ਵਿਰੋਧ ਗ਼ੈਰ-ਵਾਜਬ ਸੀ। ਉਹ ਇਸਨੂੰ ਅਧਿਕਾਰੀਆਂ ਨਾਲ ਖ਼ਾਹਮਖ਼ਾਹ ਪੰਗਾ
ਲੈਣ ਦੇ ਤੁੱਲ ਸਮਝਦੇ ਸਨ। ਆਪਣੀ ਲਿਖਤ ਵਿਚ ਇਕ ਪਾਸੇ ਉਹ ਅਧਿਕਾਰੀਆਂ
ਵੱਲੋਂ ਕੀਤੇ ਜਾਂਦੇ ਜ਼ੁਲਮ ਦੀ ਤਸਦੀਕ ਵੀ ਕਰਦੇ ਹਨ ਅਤੇ ਦੂਜੇ ਪਾਸੇ
ਇਨਕਲਾਬੀਆਂ ਵੱਲੋਂ ਕੀਤੇ ਵਿਰੋਧ ਨੂੰ ‘ਬੇਵਕੂਫ਼ਾਨਾ’ ਵੀ ਦੱਸਦੇ ਹਨ।
ਉਹਨਾਂ ਨੂੰ ਜੇਲ੍ਹ ਵਿਚ ਮਿਲਦੀ ਭੈੜੀ ਖ਼ੁਰਾਕ ਦੇ ਵਿਰੁੱਧ ਸੰਘਰਸ਼ ਕਰਨ
ਵਾਲੇ ਕੇਵਲ ‘ਜੀਭ ਦੇ ਸਵਾਦ ਖ਼ਾਤਰ ਉਲਟ-ਪੁਲਟ ਕੰਮ ਕਰਦੇ’ ਜਾਪਦੇ ਹਨ।
ਉਹਨਾਂ ਨੂੰ ਕਿਸੇ ਰਾਜਸੀ ਕੈਦੀ ਨਾਲ ਹੋਈ ਵਧੀਕੀ ਦੇ ਖਿ਼ਲਾਫ਼ ਆਵਾਜ਼
ਉਠਾਉਣੀ ਉਹਨਾਂ ਦੀ ਖ਼ਾਹ-ਮ-ਖ਼ਾਹ ‘ਪਿੱਠ ਠੋਕਣੀ’ ਲੱਗਦਾ ਸੀ ਜਿਸ ਨਾਲ
ਹੋਏ ‘ਝਗੜੇ ਕਾਰਨ ਬਾਕੀ ਦੇ ਬੰਦੇ ਵੀ ਵਲ੍ਹੇਟੇ ਜਾਂਦੇ’ ਸਨ। ਉਹਨਾਂ ਨੂੰ
ਗ਼ਦਰੀਆਂ ਦੇ ਅਜਿਹੇ ਝਗੜਿਆਂ ਕਾਰਨ ‘ਵਲ੍ਹੇਟੇ’ ਜਾਣਾ ਪ੍ਰਵਾਨ ਨਹੀਂ ਸੀ।
ਇਸੇ ਕਰਕੇ ਉਹਨਾਂ ਨੇ ਗ਼ਦਰੀਆਂ ਵੱਲੋਂ ਲੜੀਆਂ ਲੜਾਈਆਂ ਜਾਂ ਕੀਤੀਆਂ
ਹੜਤਾਲਾਂ ਵਿਚ ਉਹਨਾਂ ਦਾ ਸਾਥ ਨਹੀਂ ਸੀ ਦਿੱਤਾ। ਉਂਝ ਉਹ ਗ਼ਦਰੀਆਂ ਦੇ
ਜੇਲ੍ਹ ਵਿਚਲੇ ਵਿਹਾਰ ਦੇ ਖਿ਼ਲਾਫ਼ ਲਿਖਦਿਆਂ ਅਸਿੱਧੇ ਤੌਰ ‘ਤੇ ਉਹਨਾਂ ਦੀ
ਤਾਰੀਫ਼ ਵੀ ਕਰ ਜਾਂਦੇ ਹਨ।
ਇਤਿਹਾਸਕਾਰ ਜਗਜੀਤ ਸਿੰਘ ‘ਗ਼ਦਰ ਪਾਰਟੀ ਲਹਿਰ’ ਨਾਂ ਦੀ ਅੰਤਿਕਾ ਚਾਰ ਦੇ
ਸਫ਼ਾ 180 ਉੱਤੇ ਠੀਕ ਹੀ ਲਿਖਦੇ ਹਨ, ‘ਦਰਅਸਲ ਭਾਈ ਪਰਮਾਨੰਦ ਅਤੇ ਗ਼ਦਰੀ
ਕੈਦੀਆਂ ਦੇ ਦ੍ਰਿਸ਼ਟੀਕੋਨ ਵਿਚ ਜ਼ਮੀਨ ਅਸਮਾਨ ਦਾ ਫ਼ਰਕ ਸੀ। ਗ਼ਦਰੀ ਕੈਦੀ
ਹੱਤਕ ਅਤੇ ਬੇਇਜ਼ਤੀ ਸਹਾਰਨ ਵਾਲੇ ਬੰਦੇ ਨਹੀਂ ਸਨ ਅਤੇ ਜ਼ੁਲਮ ਦਾ
ਮੁਕਾਬਲਾ ਕਰਨ ਲਈ ਤੁੱਲੇ ਹੋਏ ਸਨ ਅਤੇ ਭਾਈ ਪਰਮਾਨੰਦ ਜੇਲ੍ਹ ਕਰਮਚਾਰੀਆਂ
ਨਾਲ ਮੱਥਾ ਲਾ ਕੇ ਬਖੇੜਾ ਲੈਣੋਂ ਸੰਕੋਚ ਕਰਦੇ ਸਨ, ਭਾਵੇਂ ਉਹ ਕਿਤਨਾ ਵੀ
ਜ਼ੁਲਮ ਪਏ ਕਰਨ। ਭਾਈ ਪਰਮਾਨੰਦ ਲਿਖਦੇ ਹਨ ਕਿ, ‘ਰਾਜਸੀ ਕੈਦੀ ਆਪਣੇ
ਹੱਕਾਂ ਖ਼ਾਤਰ ਓਸੇ ਤਰ੍ਹਾਂ ਹੀ ਐਜੀਟੇਸ਼ਨ ਕਰਨਾ ਚਾਹੁੰਦੇ ਸਨ ਜਿਵੇਂ ਉਹ
ਬਾਹਰ ਕਰਦੇ ਆਏ ਸਨ। …ਇਸਤੋਂ ਇਲਾਵਾ ਇਕ ਪਾਰਟੀ ਐਸੀ ਸੀ ਜੋ ਬਿਨਾ
ਛਾਣ-ਬੀਣ ਕੀਤੇ ਹਰ ਇਕ ਐਸੇ ਮੁਆਮਲੇ ਨੂੰ ਹੱਥ ਵਿਚ ਲੈ ਲੈਂਦੀ ਸੀ ਜਿਸਦੀ
ਉਹਨਾਂ ਪਾਸ ਸਿ਼ਕਾਇਤ ਪੁੱਜਦੀ। ਜਦੋਂ ਉਹ ਹਿੰਦੂ ਜਾਂ ਬਰਮੀ ਬੱਚਿਆਂ ਨਾਲ
ਗ਼ੈਰ-ਇਨਸਾਨੀ ਵਰਤਾਓ ਹੋਇਆ ਵੇਖਦੇ, ਜਾਂ ਜਦੋਂ ਉਹਨਾਂ ਨੂੰ ਜ਼ੁਲਮ ਦੀ
ਚੱਕੀ ਵਿਚ ਪੀਸਿਆ ਜਾਂਦਾ ਵੇਖਦੇ, ਜਾਂ ਜਦੋਂ ਉਹਨਾਂ ਨਾਲ ਗ਼ੈਰ-ਕੁਦਰਤੀ
ਜੁਰਮ ਕੀਤਾ ਜਾਂਦਾ, ਉਹ ਇਹ ਵੇਖ ਕੇ ਸਹਾਰ ਨਾ ਸਕਦੇ ਅਤੇ ਇਕ ਵੱਡਾ
ਬਖ਼ੇੜਾ ਮੁੱਲ ਲੈਣ ਦੀ ਪ੍ਰਵਾਹ ਨਾ ਕਰਦਿਆਂ ਹੋਇਆਂ ਦਖ਼ਲ ਦੇਂਦੇ। ਉਹਨਾਂ
ਦੀ ਇਹ ਦਲੀਲ ਹੁੰਦੀ ਕਿ ਕਿਉਂਕਿ ਉਹ ਮਾਤ੍ਰ-ਭੁਮੀ ਦੀ ਸੇਵਾ ਖ਼ਾਤਰ ਜੇਲ੍ਹ
ਆਏ ਸਨ, ਇਸ ਲਈ ਜੇਲ੍ਹ ਦੇ ਹੋਰ ਕੈਦੀਆਂ ਦੀ ਹਾਲਤ ਬੇਹਤਰ ਕਰਨ ਲਈ
ਕੋਸਿ਼ਸ਼ ਕਰਨੀ ਅਜੇ ਵੀ ਉਹਨਾਂ ਦਾ ਫ਼ਰਜ਼ ਸੀ।’
ਪਰਮਾਨੰਦ ਦੇ ਕਥਨ ਤੋਂ ਇਹ ਤਾਂ ਜ਼ਾਹਿਰ ਹੈ ਕਿ ਉਹ ਗ਼ਦਰੀਆਂ ਦੇ ਜੇਲ੍ਹ
ਵਿਚ ਧਾਰਨ ਕੀਤੇ ਰਵੱਈਏ ਨਾਲ ਸਹਿਮਤ ਨਹੀਂ ਸਨ ਪਰ ਇਸ ਵਿਚ ਵੀ ਸ਼ੱਕ ਨਹੀਂ
ਕਿ ਗ਼ਦਰੀਆਂ ਦੇ ਰਵੱਈਏ ਦੀ ਨਿਖ਼ੇਧੀ ਕਰਦਿਆਂ ਵੀ ਉਹਨਾਂ ਕੋਲੋਂ ਉਹਨਾਂ
ਦੀ ਸਹਿਵਨ ਹੀ ਤਾਰੀਫ਼ ਹੋ ਗਈ ਹੈ ਜਿਹੜੇ ਆਪਣੀਆਂ ਜਾਨਾਂ ‘ਤੇ ਵੀ ਖੇਡ ਕੇ
ਆਪਣੇ ਸਾਥੀਆਂ ਨਾਲ ਹੁੰਦੇ ਜ਼ੁਲਮ ਦੇ ਖਿ਼ਲਾਫ਼ ਜਦੋ-ਜਹਿਦ ਕਰਨ ਲਈ ਤਿਆਰ
ਰਹਿੰਦੇ ਸਨ। ਭਾਈ ਪਰਮਾਨੰਦ ਜੇਲ੍ਹ ਅਧਿਕਾਰੀਆਂ ਵੱਲੋਂ ਕੀਤੇ ਜ਼ੁਲਮ ਨੂੰ
ਵੀ ਮੰਨਦੇ ਹਨ ਪਰ ਗ਼ਦਰੀਆਂ ਵੱਲੋਂ ਜ਼ੁਲਮ ਦੇ ਕੀਤੇ ਵਿਰੋਧ ਨੂੰ
‘ਬੇਵਕੂਫ਼ੀ’ ਵੀ ਦੱਸਦੇ ਹਨ। ਅਜਿਹੇ ਲੋਕਾਂ ਦੇ ਦੋਫ਼ਸਲੇ ਵਿਹਾਰ ਕਾਰਨ ਕਈ
ਵਾਰ ਚਾਹੁੰਦਿਆਂ ਹੋਇਆਂ ਵੀ ਦੇਸ਼-ਭਗਤ ਕਦੀ ਕਦੀ ਆਪਣੇ ਕਿਸੇ ਸਾਥੀ ਦੀ
ਮਦਦ ਕਰਨੋਂ ਬੇਵੱਸ ਹੋ ਜਾਂਦੇ ਤੇ ਉਸ ਵਿਸ਼ੇਸ਼ ਕੇਸ ਵਿਚ ਜੇਲ੍ਹ ਵਾਲੇ
ਆਪਣਾ ਜ਼ੁਲਮ ਜਾਰੀ ਰੱਖਣੋਂ ਬਾਜ਼ ਨਾ ਆਉਂਦੇ। ਅਕਸਰ ਕੁਝ ਮੌਕਾ-ਸੱਨਾਸ਼
ਤੇ ਕਮਜ਼ੋਰ ਬਿਰਤੀ ਦੇ ਲੋਕ ਕੀਤੇ ਜਾਣ ਵਾਲੇ ਵਿਰੋਧ ਦੇ ਰਾਹ ਦਾ ਰੋੜਾ ਬਣ
ਖਲੋਂਦੇ ਸਨ। ਇਸ ਪ੍ਰਸੰਗ ਵਿਚ ਬੰਗਾਲੀ ਨੌਜਵਾਨ ਆਸ਼ੂਤੋਸ਼ ਲਹਿਰੀ ਦੇ ਕੇਸ
ਦੀ ਗੱਲ ਕੀਤੀ ਜਾ ਸਕਦੀ ਹੈ। ਉਹਨੇ ਕਲਕੱਤਾ ਯੂਨੀਵਰਸਿਟੀ ਤੋਂ
ਗ੍ਰੈਜੂਏਸ਼ਨ ਕੀਤੀ ਹੋਈ ਸੀ। ਉਹਨੂੰ ਨਾਰੀਅਲ ਦਾ ਛਿਲਕਾ ਕੁੱਟਣ ਦੀ ਸਜ਼ਾ
ਦਿੱਤੀ ਗਈ। ਉਹ ਅੱਠ ਮਹੀਨੇ ਤੱਕ ਛਿਲਕਾ ਕੁੱਟਦਾ ਰਿਹਾ। ਜੇਲ੍ਹ ਦੇ ਆਮ
ਨਿਯਮ ਅਨੁਸਾਰ ਤਿੰਨ ਮਹੀਨੇ ਸਖ਼ਤ ਮੁਸ਼ੱਕਤ ਕਰਨ ਵਾਲੇ ਕੈਦੀ ਨੂੰ ਰੱਸੀਆਂ
ਵੱਟਣ ਵਰਗੀ ਥੋੜੀ ਹਲਕੀ ਮੁਸ਼ੱਕਤ ਦੇ ਦਿੱਤੀ ਜਾਂਦੀ ਸੀ। ਸਮਾਂ ਲੰਘਦਾ
ਵੇਖ ਆਸ਼ੂਤੋਸ਼ ਲਹਿਰੀ ਨੇ ਸੁਪਰਡੈਂਟ ਨੂੰ ਯਾਦ ਦਿਵਾਇਆ ਤਾਂ ਉਸਨੇ ਵਾਅਦਾ
ਕੀਤਾ ਕਿ ਛੇ ਮਹੀਨੇ ਦੀ ਮੁਸ਼ੱਕਤ ਤੋਂ ਬਾਅਦ ਉਹਨੂੰ ਨਰਮ ਮੁਸ਼ੱਕਤ ਦੇ
ਦਿੱਤੀ ਜਾਏਗੀ। ਲਗਾਤਾਰ ਅੱਠ ਮਹੀਨੇ ਛਿਲਕਾ ਕੁੱਟਦਾ ਰਹਿਣ ਦੇ ਬਾਵਜੂਦ
ਜਦੋਂ ਜੇਲ੍ਹ ਸੁਪਰਡੈਂਟ ਨੇ ਲਹਿਰੀ ਦੇ ਵਾਰ ਵਾਰ ਆਖਣ ‘ਤੇ ਵੀ ਵਾਅਦਾ ਨਾ
ਨਿਭਾਇਆ ਤੇ ਉਹਨੇ ਕੰਮ ਕਰਨੋਂ ਇਨਕਾਰ ਕਰ ਦਿੱਤਾ। ਉਸ ਵੇਲੇ ਜੇਲ੍ਹ ਦਾ
ਸੁਪਰਡੈਂਟ ਮਿਸਟਰ ਮਰੇ ਸੀ। ਉਹਨੇ ਲਹਿਰੀ ਨੂੰ ਇਕੱਠੀਆਂ ਕਈ ਸਜ਼ਾਵਾਂ
ਦਿੱਤੀਆਂ। ਤੀਹ ਬੈਂਤਾਂ ਦੀ ਬੇਕਿਰਕ ਮਾਰ ਨੇ ਉਹਦੇ ਪਿੰਡੇ ਦਾ ਮਾਸ ਬੋਟੀ
ਬੋਟੀ ਕਰ ਕੇ ਉਡਾ ਦਿੱਤਾ। ਸਬਰ, ਸਿਦਕ ਤੇ ਸਿਰੜ੍ਹ ਨਾਲ ਇਹ ਸਜ਼ਾ
ਬਰਦਾਸ਼ਤ ਕਰਨ ਵਾਲੇ ਲਹਿਰੀ ਨੂੰ ਬੈਂਤਾਂ ਦੀ ਸਜ਼ਾ ਤੋਂ ਇਲਾਵਾ ਛੇ ਮਹੀਨੇ
ਕੋਠੀ ਬੰਦ ਤੇ ਡੰਡਾ ਬੇੜੀ ਦੀ ਸਜ਼ਾ ਵੀ ਦਿੱਤੀ ਗਈ। ਇਸ ਅਣਮਨੁੱਖੀ
ਤਸ਼ੱਦਦ ਨੂੰ ਵੇਖ ਕੇ ਗ਼ਦਰੀ ਨਿਕਲਾਬੀ ਤਾਂ ਉਹਦੀ ਹਮਦਰਦੀ ਵਿਚ ਹੜਤਾਲ
ਕਰਨਾ ਚਾਹੁੰਦੇ ਸਨ ਪਰ ਪੁਰਾਣੇ ਰਾਜਸੀ ਕੈਦੀਆਂ ਨੇ ਬੰਗਾਲੀ ਕੈਦੀਆਂ ਵਿਚ
ਫੁੱਟ ਪੁਆ ਦਿੱਤੀ ਜਿਸ ਕਾਰਨ ਜੇਲ੍ਹ ਵਾਲਿਆਂ ਖਿ਼ਲਾਫ਼ ਕੋਈ ਕਾਰਵਾਈ ਨਾ
ਹੋ ਸਕੀ। ਲਹਿਰੀ ਨੇ ਜਦੋਂ ਸਜ਼ਾ ਪੂਰੀ ਕਰ ਲਈ ਤਾਂ ਉਹਨੂੰ ਮੁੜ ਤੋਂ
ਪਹਿਲਾਂ ਵਾਲੀ ਸਖ਼ਤ ਮੁਸ਼ੱਕਤ ਹੀ ਕਰਨ ਨੂੰ ਦੇ ਦਿੱਤੀ ਗਈ। ਬੇਵੱਸੀ ਦੀ
ਹਾਲਤ ਵਿਚ ਆਸ਼ੂਤੋਸ ਨੂੰ ਸ਼ਖਤ ਮੁਸ਼ੱਕਤ ਕਰਨ ਲਈ ਮਜਬੂਰ ਹੋਣਾ ਪਿਆ ਤੇ
ਬਕੌਲ ਬਾਬਾ ਸੋਹਨ ਸਿੰਘ ਭਕਨਾ, ‘ਭਾਈ ਪਰਮਾਨੰਦ (ਲਾਹੌਰ) ਦੀ ਜੈ ਹੋਈ।’
ਕੀ ਗ਼ਦਰੀ ਦੇਸ਼-ਭਗਤਾਂ ਵੱਲੋਂ ਜੇਲ੍ਹ ਵਿਚ ਕੀਤਾ ਜਾਂਦਾ ਸੰਘਰਸ਼
ਸੱਚ-ਮੁੱਚ ਹੀ ਭਾਈ ਪਰਮਾਨੰਦ ਦੇ ਕਹਿਣ ਮੂਜਬ ਗ਼ੈਰ-ਵਾਜਬ ਸੀ ਜਾਂ ਉਹ
ਗ਼ਦਰੀ ਦੇਸ਼-ਭਗਤਾਂ ਵੱਲੋਂ ਆਪਣੇ ਮਾਣ-ਸਵੈਮਾਣ ਨੂੰ ਬਚਾ ਕੇ ਆਪਣੀ
ਇਨਸਾਨੀ ਹੋਂਦ ਨੂੰ ਤਸਲੀਮ ਕਰਵਾਉਣ ਤੇ ਪਸ਼ੂਆਂ ਵਾਂਗ ਜ਼ੁਲਮ ਸਹਿਣ ਤੋਂ
ਇਨਕਾਰੀ ਹੋ ਕੇ ਲੜਨ ਦੀ ਹਾਲਾਤ ਵਿਚੋਂ ਪੈਦਾ ਹੋਈ ਲੋੜ ਜਾਂ ਮਜਬੂਰੀ ਸੀ;
ਇਸਦਾ ਥਹੁ-ਪਤਾ ਲਾਉਣ ਲਈ ਸਾਨੂੰ ਗ਼ਦਰੀ ਦੇਸ਼ ਭਗਤਾਂ ਵੱਲੋਂ ਲੜੇ
ਸੰਘਰਸ਼ਾਂ ਤੇ ਕੀਤੀਆਂ ਹੜਤਾਲਾਂ ਦਾ ਸੰਕੇਤਕ ਤੌਰ ‘ਤੇ ਜਿ਼ਕਰ ਤੇ ਵਿਵੇਚਨ
ਕਰ ਲੈਣਾ ਚਾਹੀਦਾ ਹੈ।
ਜੇਲ੍ਹ ਅਧਿਕਾਰੀਆਂ ਨੇ ਆਪਣੇ ਸੂਹੀਆਂ ਤੋਂ ਪਹਿਲਾਂ ਹੀ ਪਤਾ ਲਗਾ ਲਿਆ ਸੀ
ਕਿ ਪੰਜਾਬ ਤੋਂ ਨਵੇਂ ਆਏ ਕੈਦੀਆਂ ਨੇ ਕੋਹਲੂ ਪੀੜਨ ਦੀ ਮੁਸ਼ੱਕਤ ਨਹੀਂ
ਕਰਨੀ; ਇਸ ਲਈ ਉਹਨਾਂ ਕੋਹਲੂ ਦੀ ਸਜ਼ਾ ਤਾਂ ਕਿਸੇ ਨੂੰ ਨਾ ਦਿੱਤੀ ਪਰ
ਜੇਲ੍ਹਰ ਨੇ ਕੁਝ ਵੱਖਰੇ ਅੰਦਾਜ਼ ਵਿਚ ਪਹਿਲੇ ਦਿਨ ਹੀ ਜਿ਼ਆਦਤੀ ਆਰੰਭ
ਦਿੱਤੀ। ਕੋਹਲੂ ਦੀ ਸਜ਼ਾ ਤੋਂ ਬਾਅਦ ਕੈਦੀਆਂ ਲਈ ਦੂਜੀ ਕਰੜੀ ਮੁਸ਼ੱਕਤ
ਨਾਰੀਅਲ ਦੇ ਛਿਲਕੇ ਨੂੰ ਕੁੱਟ ਕੇ ਰੇਸ਼ਾ ਕੱਢਣ ਦੀ ਸੀ। ਆਮ ਤੌਰ ‘ਤੇ
ਕੈਦੀਆਂ ਨੂੰ ਨਾਰੀਅਲ ਦਾ ਹਰਾ ਛਿਲਕਾ ਕੁੱਟਣ ਨੂੰ ਦਿੱਤਾ ਜਾਂਦਾ ਸੀ ਪਰ
ਜੇਲ੍ਹਰ ਨੇ ਜਾਣ-ਬੁੱਝ ਕੇ ਨਵੇਂ ਕੈਦੀਆਂ ਨੂੰ ਹਰੇ ਦੀ ਥਾਂ ਸੁੱਕਾ ਛਿਲਕਾ
ਕੁੱਟਣ ਲਈ ਦੇ ਦਿੱਤਾ। ਸੁੱਕੇ ਛਿਲਕੇ ਵਿਚੋਂ ਰੇਸ਼ਾ ਕੱਢਣਾ ਆਸਾਨ ਨਹੀਂ
ਸੀ। ਪਹਿਲੇ ਦਿਨ ਹੀ ਸਭ ਦੇ ਹੱਥਾਂ ‘ਤੇ ਛਾਲੇ ਪੈ ਗਏ। ਜੇਲ੍ਹਰ ਨੇ ਭਾਈ
ਪਰਮਾਨੰਦ (ਲਾਹੌਰ) ਅਤੇ ਭਾਈ ਪਰਮਾਨੰਦ ਝਾਂਸੀ ਨੂੰ ਬੁਲਾ ਕੇ ਮੁਸ਼ੱਕਤ
ਪੂਰੀ ਨਾ ਕਰਨ ਲਈ ਡਰਾਉਣਾ ਧਮਕਾਉਣਾ ਸ਼ੁਰੂ ਕਰ ਦਿੱਤਾ। ਉਂਝ ਨਵੇਂ ਗਏ
ਕੈਦੀਆਂ ਨੂੰ ਪਹਿਲੇ ਪੰਦਰਾਂ ਦਿਨ ਇਕਾਂਤ ਕੈਦ ਵਿਚ ਰੱਖਿਆ ਜਾਂਦਾ ਸੀ।
ਇਹਨਾਂ ਦਿਨਾਂ ਵਿਚ ਕੀਤੀ ਮੁਸ਼ੱਕਤ ਦਾ ਨਾ ਤਾਂ ਕੋਈ ਰੀਕਾਰਡ ਰੱਖਿਆ
ਜਾਂਦਾ ਸੀ ਤੇ ਨਾ ਹੀ ਘੱਟ ਮੁਸ਼ੱਕਤ ਕਰਨ ਬਦਲੇ ਕੈਦੀ ਦੀ ਪੇਸ਼ੀ ਕੀਤੀ
ਜਾਂਦੀ ਸੀ। ਪਰ ਓਥੇ ਨਿਯਮਾਂ ਅਨੁਸਾਰ ਕੌਣ ਚੱਲਦਾ ਸੀ! ਜੇਲ੍ਹਰ ਦੀਆਂ
ਧਮਕੀਆਂ ਸੁਣ ਕੇ ਭਾਈ ਪਰਮਾਨੰਦ (ਲਾਹੌਰ) ਤਾਂ ਹਾਮੀ ਭਰ ਕੇ ਟਾਲਾ ਵੱਟ ਗਏ
ਪਰ ਭਾਈ ਪਰਮਾਨੰਦ ਝਾਂਸੀ ਖ਼ਾਮੋਸ਼ ਖਵੇ ਰਹੇ ਤੇ ਇੰਝ ਦਾ ਪ੍ਰਭਾਵ ਦਿੱਤਾ
ਜਿਵੇਂ ਉਹਨਾਂ ਨੂੰ ਜੇਲ੍ਹਰ ਦੇ ਆਖੇ ਦੀ ਕੋਈ ਪ੍ਰਵਾਹ ਹੀ ਨਾ ਹੋਵੇ।
ਅਗਲੇ ਦਿਨ ਤਾਂ ਮੁਸ਼ੱਕਤ ਪੂਰੀ ਕਰਨੀ ਹੋਰ ਵੀ ਮੁਸ਼ਕਿਲ ਸੀ। ਹੱਥਾਂ ‘ਤੇ
ਛਾਲੇ ਪੈ ਜਾਣ ਕਰਕੇ ਮੁੱਠੀਆਂ ਦਾ ਖੁੱਲ੍ਹਣਾ ਵੀ ਔਖਾ ਸੀ। ਜੇਲ੍ਹਰ ਨੂੰ
ਕੱਲ੍ਹ ਦਾ ਭਾਈ ਪਰਮਾਨੰਦ ਝਾਂਸੀ ਦਾ ਬੇਪ੍ਰਵਾਹ ਵਿਹਾਰ ਕੰਡੇ ਵਾਂਗ ਚੁਭ
ਰਿਹਾ ਸੀ। ਏਸੇ ਲਈ ਦੂਜੇ ਦਿਨ ਮੁੜ ਭਾਈ ਪਰਮਾਨੰਦ ਝਾਂਸੀ ਨੂੰ ਇਕੱਲਿਆਂ
ਜੇਲ੍ਹਰ ਦੇ ਪੇਸ਼ ਕੀਤਾ ਗਿਆ। ਜੇਲ੍ਹਰ ਨੇ ਪੈਂਦੇ ਹੀ ਉਸਨੂੰ ਧਮਕਾਉਣਾ
ਅਤੇ ਗਾਲ੍ਹੀਆਂ ਦੇਣਾ ਸ਼ੁਰੂ ਕਰ ਦਿੱਤੀਆਂ। ਭਾਈ ਪਰਮਾਨੰਦ ਨੇ ਵੀ ਗਾਲ੍ਹੀ
ਦਾ ਜਵਾਬ ਗਾਲ੍ਹੀ ਵਿਚ ਹੀ ਦਿੱਤਾ ਤਾਂ ਜੇਲ੍ਹਰ ਗੁੱਸੇ ਵਿਚ ਅੱਗ ਭਬੂਕਾ
ਹੋ ਕੇ ਉਸਨੂੰ ਮਾਰਨ ਲਈ ਕੁਰਸੀ ਤੋਂ ਉੱਠ ਕੇ ਅੱਗੇ ਵਧਣ ਲੱਗਾ। ਹਮਲਾ
ਰੋਕਣ ਲਈ ਭਾਈ ਪਰਮਾਨੰਦ ਨੇ ਜੇਲ੍ਹਰ ਦੀ ਗੋਗੜ ਵਿਚ ਲੱਤ ਮਾਰੀ। ਜੇਲ੍ਹਰ
ਪਿੱਛੇ ਕੁਰਸੀ ਵਿਚ ਜਾ ਡਿੱਗਾ ਤੇ ਕੁਰਸੀ ਭੁੰਜੇ ਢਹਿ ਪਈ। ਜੇਲ੍ਹ ਦੇ
‘ਖ਼ੁਦਾ’ ਦੀ ਪਤ ਮਿੱਟੀ ਵਿਚ ਰੁਲਦੀ ਵੇਖ ਟੈਂਡਲ ਤੇ ਜਮਾਦਾਰ ਭਾਈ
ਪਰਮਾਨੰਦ ਨੂੰ ਟੁੱਟ ਕੇ ਪੈ ਗਏ। ਏਨਾ ਬੁਰੀ ਤਰ੍ਹਾਂ ਕੁੱਟਿਆ ਕਿ ਉਹਦਾ
ਸਿਰ ਲਹੂ-ਲੁਹਾਨ ਹੋ ਗਿਆ। ਉਹ ਏਨਾ ਜ਼ਖ਼ਮੀ ਹੋ ਗਿਆ ਕਿ ਉਸਨੂੰ ਬੇਹੋਸ਼ੀ
ਦੀ ਹਾਲਤ ਵਿਚ ਹਸਪਤਾਲ ਲਿਜਾਣਾ ਪਿਆ। ਇਸਦੇ ਬਾਵਜੂਦ ਭਾਈ ਪਰਮਾਨੰਦ ਨੂੰ
ਤੀਹ ਬੈਂਤਾਂ ਦੀ ਸਜ਼ਾ ਦਿੱਤੀ ਗਈ। ਉਸਨੇ ਬਿਨਾ ਕਸੀਸ ਵੱਟੇ ਤੇ ਬਿਨਾ
‘ਹਾਇ! ਤੋਬਾ!’ ਕੀਤਿਆਂ ਬਹਾਦਰਾਂ ਵਾਂਗ ਬੈਂਤਾਂ ਦੀ ਲਹੂ-ਵੀਟਵੀਂ ਮਾਰ
ਝੱਲੀ। ਬੈਂਤਾਂ ਦੀ ਮਾਰ ਤੋਂ ਇਲਾਵਾ ਛੇ ਮਹੀਨੇ ਕੋਠੀ ਬੰਦ, ਘੱਟ ਖਾਣਾ ਤੇ
ਛੇ ਮਹੀਨੇ ਡੰਡਾ-ਬੇੜੀ ਲਾਉਣ ਦੀ ਸਜ਼ਾ ਵੀ ਦਿੱਤੀ।
ਦੇਸ਼ ਭਗਤਾਂ ਨੂੰ ਇਹ ਭਾਈ ਪਰਮਾਨੰਦ ਝਾਂਸੀ ਨਾਲ ਕੀਤੀ ਜੇਲ੍ਹਰ ਦੀ ਸਰਾਸਰ
ਜਿ਼ਆਦਤੀ ਲੱਗੀ। ਉਹ ਸਮਝਦੇ ਸਨ ਕਿ ਕਸੂਰ ਤਾਂ ਜੇਲ੍ਹਰ ਦਾ ਸੀ ਜਿਸ ਨੇ
ਪਹਿਲਾਂ ਭਾਈ ਪਰਮਾਨੰਦ ਨੂੰ ਮੰਦੇ ਬੋਲ ਬੋਲੇ ਸਨ। ਭਾਈ ਪਰਮਾਨੰਦ ਦਾ
ਐਕਸ਼ਨ ਤਾਂ ਸਵੈ-ਰੱਖਿਆ ਲਈ ਕੀਤਾ ਗਿਆ ਸੀ। ਇਸਤੋਂ ਇਲਾਵਾ ਸੁੱਕਾ ਛਿਲਕਾ
ਕੁੱਟਣ ਲਈ ਦੇਣਾ ਵੀ ਗ਼ੈਰ-ਕਾਨੂੰਨੀ ਸੀ। ਸੋ ਉਹਨਾਂ ਨੇ ਕੰਮ ਤੋਂ ਹੜਤਾਲ
ਕਰ ਦਿੱਤੀ। ‘ਰੱਬ ਦੇ ਢਿੱਡ ਵਿਚ ਲੱਤ ਵੱਜਣ’ ਦੀ ਖ਼ਬਰ ਸਾਰੀ ਜੇਲ੍ਹ ਵਿਚ
ਫ਼ੈਲਣ ਕਰਕੇ ਜੇਲ੍ਹਰ ਬੈਰੀ ਪਹਿਲਾਂ ਹੀ ਛਿੱਥਾ ਪਿਆ ਹੋਇਆ ਸੀ ਤੇ ਹੁਣ
ਹੜਤਾਲ ਦਾ ਸੁਣ ਕੇ ਉਹ ਹੋਰ ਘਬਰਾ ਗਿਆ। ਉਹ ਭਾਈ ਪਰਮਾਨੰਦ ਲਾਹੌਰ ਨੂੰ
ਵਿਚੋਲਾ ਪਾ ਕੇ ਸੁਲ੍ਹਾ ਲਈ ਤਰਲੇ ਪਾਉਣ ਲੱਗਾ। ਹੜਤਾਲੀ ਦੇਸ਼ ਭਗਤਾਂ ਨੇ
ਸੋਚਿਆ ਕਿ ਭਾਈ ਪਰਮਾਨੰਦ ਝਾਂਸੀ ਨੂੰ ਬੈਂਤਾਂ ਦੀ ਲੱਗੀ ਸਜ਼ਾ ਤਾਂ ਮੁੜਨ
ਨਹੀਂ ਲੱਗੀ; ਸੋ ਜੇ ਸਮਝੌਤਾ ਕੀਤਿਆਂ ਭਾਈ ਪਰਮਾਨੰਦ ਦੀਆਂ ਦੂਜੀਆਂ
ਸਜ਼ਾਵਾਂ ਮਨਸੂਖ਼ ਹੋ ਜਾਂਦੀਆਂ ਹਨ ਤਾਂ ਮਾੜੀ ਗੱਲ ਨਹੀਂ। ਉਹਨਾਂ ਨੇ
ਦਿੱਤੇ ਭਰੋਸੇ ਤੇ ਵਿਸ਼ਵਾਸ ਕਰਕੇ ਹੜਤਾਲ ਖ਼ਤਮ ਕਰ ਦਿੱਤੀ। ਮਹੀਨਾ ਗੁਜ਼ਰ
ਗਿਆ ਪਰ ਜੇਲ੍ਹਰ ਨੇ ਵਾਅਦਾ ਵਫ਼ਾ ਨਾ ਕੀਤਾ। ਵਿਚੋਲੇ ਭਾਈ ਪਰਮਾਨੰਦ ਨੂੰ
ਪੁੱਛਿਆ ਤਾਂ ਉਹ ਵੀ ਇਹ ਕਹਿ ਕੇ ਕਿ ਜੇਲ੍ਹਰ ਕੋਈ ਠੋਸ ਜਵਾਬ ਨਹੀਂ ਦੇ
ਰਿਹਾ, ਹੱਥ ਖੜੇ ਕਰ ਗਿਆ।
ਜੇਲ੍ਹਰ ਅਤੇ ਜੇਲ੍ਹ ਅਧਿਕਾਰੀਆਂ ਦੇ ਹੋਰ ਵੀ ਸਖ਼ਤ ਹੋ ਗਏ ਅੜੀਅਲ ਰਵੱਈਏ
ਨੂੰ ਵੇਖ ਕੇ ਕੈਦੀਆਂ ਨੇ ਬਾਬਾ ਸੋਹਨ ਸਿੰਘ ਭਕਨਾ ਦੀ ਅਗਵਾਈ ਵਿਚ 13
ਜਨਵਰੀ 1916 ਨੂੰ ਕੰਮ ਤੋਂ ਹੜਤਾਲ ਕਰ ਦਿੱਤੀ। ਇਹ ਹੜਤਾਲ ਛੇ ਮਹੀਨੇ ਤੱਕ
ਜਾਰੀ ਰਹੀ। ਇਸ ਹੜਤਾਲ ਵਿਚ ਸਿਵਾਇ ਭਾਈ ਪਰਮਾਨੰਦ ਲਾਹੌਰ ਅਤੇ ਪਹਿਲਾਂ ਆਏ
ਕੈਦੀਆਂ ਨੂੰ ਛੱਡ ਕੇ ਪਹਿਲੇ ਲਾਹੌਰ ਸਾਜਿਸ਼ ਕੇਸ ਦੇ ਸਾਰੇ ਗ਼ਦਰੀ ਸ਼ਾਮਲ
ਹੋਏ ਸਨ। ਉਹਨਾਂ ਨੂੰ ਵੀ ਭਾਈ ਪਰਮਾਨੰਦ ਝਾਂਸੀ ਵਾਂਗ ਛੇ ਮਹੀਨੇ ਕੋਠੀ
ਬੰਦ, ਡੰਡਾ ਬੇੜੀ, ਹੱਥਕੜੀ ਤੇ ਘੱਟ ਖ਼ੁਰਾਕ ਦੀ ਸਜ਼ਾ ਦਿੱਤੀ ਗਈ। ਛੇ
ਮਹੀਨੇ ਦੀ ਸਜ਼ਾ ਪੂਰੀ ਹੋਣ ਤੱਕ ਕਿਉਂਕਿ ਭਾਈ ਪਰਮਾਨੰਦ ਦੀ ਸਜ਼ਾ ਵੀ
ਪੂਰੀ ਹੋ ਚੁੱਕੀ ਸੀ, ਇਸ ਲਈ ਹੜਤਾਲ ਖ਼ਤਮ ਹੋ ਗਈ।
ਜਿਵੇਂ ਦੱਸਿਆ ਜਾ ਚੁੱਕਾ ਹੈ ਕਿ ਜੇਲ੍ਹ ਅਧਿਕਾਰੀ ਤਾਂ ਰਾਜਸੀ ਕੈਦੀਆਂ
ਨੂੰ ਤੰਗ-ਪਰੇਸ਼ਾਨ ਕਰਨ ਦਾ ਕੋਈ ਨਾ ਕੋਈ ਬਹਾਨਾ ਤਲਾਸ਼ਦੇ ਹੀ ਰਹਿੰਦੇ
ਸਨ। ਐਤਵਾਰ ਵਾਲੇ ਦਿਨ ਕੋਈ ਮੁਸ਼ੱਕਤ ਨਹੀਂ ਸੀ ਲਈ ਜਾਂਦੀ ਕਿਉਂਕਿ ਇਹ
ਛੁੱਟੀ ਦਾ ਦਿਨ ਹੁੰਦਾ ਸੀ। ਪਰ ਇਕ ਦਿਨ ਬੈਰੀ ਨੇ ਜਾਣ-ਬੁੱਝ ਕੇ ਕੈਦੀਆਂ
‘ਤੇ ਐਤਵਾਰ ਵਾਲੇ ਦਿਨ ਅਹਾਤੇ ਦਾ ਘਾਹ ਕੱਟਣ ਦਾ ਹੁਕਮ ਚਾੜ੍ਹ ਦਿੱਤਾ।
ਗ਼ਦਰੀ ਕੈਦੀਆਂ ਨੇ ਗ਼ੈਰ-ਵਾਜਬ ਹੁਕਮ ਮੰਨਣੋਂ ਇਨਕਾਰ ਕਰ ਦਿੱਤਾ। ਦੂਜੇ
ਅਹਾਤਿਆਂ ਵਾਲੇ ਟੈਂਡਲਾਂ ਨੇ ਤਾਂ ਗ਼ਦਰੀਆਂ ਦਾ ਰੁਖ਼ ਵੇਖ ਕੇ ਘਾਹ
ਕਟਵਾਉਣ ‘ਤੇ ਜ਼ੋਰ ਨਾ ਦਿੱਤਾ ਪਰ ਪੰਜ ਨੰਬਰ ਅਹਾਤੇ ਦੇ ਨੰਬਰਦਾਰ ਨੇ ਘਾਹ
ਕੱਟਣ ‘ਤੇ ਜ਼ੋਰ ਦਿੱਤਾ। ਇਸ ਅਹਾਤੇ ਵਿਚ ਮਾਸਟਰ ਚਤਰ ਸਿੰਘ, ਭਾਈ ਹਜ਼ਾਰਾ
ਸਿੰਘ, ਭਾਈ ਸਾਵਣ ਸਿੰਘ, ਭਾਈ ਖ਼ੁਸ਼ਹਾਲ ਸਿੰਘ, ਭਾਈ ਕੇਹਰ ਸਿੰਘ ਮਰਹਾਣਾ
ਅਤੇ ਇਕ ਹੋਰ ਗ਼ਦਰੀ ਕੈਦ ਸਨ। ਹੁਕਮ-ਅਦੂਲੀ ਕਰਨ ‘ਤੇ ਉਹਨਾਂ ਵਿਚੋਂ ਦੋ
ਨੂੰ ਤਿੰਨ ਮਹੀਨੇ ਲਈ ਕੈਦ ਤਨਹਾਈ ਅਤੇ ਪੰਜ ਨੂੰ ਛੇ ਮਹੀਨੇ ਲਈ ਕੈਦ
ਤਨਹਾਈ, ਡੰਡਾ-ਬੇੜੀ ਅਤੇ ਘੱਟ ਖ਼ੁਰਾਕ ਦੀ ਸਜ਼ਾ ਦਿੱਤੀ ਗਈ। ਛੁੱਟੀ ਵਾਲੇ
ਦਿਨ ਵੀ ਘਾਹ ਕੱਟਣ ਦਾ ਗ਼ੈਰ-ਕਾਨੂੰਨੀ ਹੁਕਮ ਦੇਣ ਬਾਰੇ ਅੰਡੇਮਾਨ ਦੇ
ਕਮਿਸ਼ਨਰ ਦੀ ਹਾਸੋਹੀਣੀ ਦਲੀਲ ਨੂੰ ਜਾਨਣਾ ਵੀ ਦਿਲਚਸਪ ਹੋਏਗਾ। ਉਹਨੇ
‘ਬੰਗਾਲੀ’ ਨਾਂ ਦੇ ਅਖ਼ਬਾਰ ਵਿਚ ਘਾਹ ਕੱਟਣ ਦੇ ਹੁਕਮ ਬਾਰੇ ਦੱਸਿਆ,
‘ਕੈਦੀ ਕੋਠੜੀਆਂ ਵਿਚ ਬੰਦ ਰਹਿਣ ਨਾਲੋਂ ਘਾਹ ਕੱਟਣ ਨੂੰ ਪਸੰਦ ਕਰਦੇ ਸਨ।’
ਜੇਲ੍ਹ ਅਧਿਕਾਰੀਆਂ ਦਾ ਜ਼ੁਲਮ ਕੋਈ ਇੱਕ ਦਿਨ ਦਾ ਤਾਂ ਹੈ ਨਹੀਂ ਸੀ।
ਉਹਨਾਂ ਵੱਲੋਂ ਦੇਸ਼-ਭਗਤਾਂ ਨੂੰ ਜ਼ਲੀਲ ਕਰਨ ਵਾਲਾ ਵਿਹਾਰ ਤਾਂ ਲਗਾਤਾਰ
ਜਾਰੀ ਹੀ ਰਹਿੰਦਾ ਸੀ। ਇਕ ਦਿਨ ਮੁਸ਼ੱਕਤ ਲੈਣ ਲਈ ਲਾਈਨ ਵਿਚ ਖਲੋਤੇ ਭਾਈ
ਭਾਨ ਸਿੰਘ ਸੁਨੇਤ ਨੂੰ ਗੋਰੇ ਸਿਪਾਹੀ ਨੇ ਅੰਗਰੇਜ਼ੀ ਵਿਚ ਗਾਲ੍ਹ ਦਿੱਤੀ
ਤੇ ਨਾਲ ਹੀ ਪੂਰੀ ਭਾਰਤੀ ਕੌਮ ਲਈ ਨਿਰਾਦਰੀ ਭਰੇ ਕੁਬਚਨ ਬੋਲੇ। ਭਾਈ ਭਾਨ
ਸਿੰਘ ਅੰਗਰੇਜ਼ੀ ਸਮਝਦੇ ਸਨ। ਉਹਨਾਂ ਕੋਲੋਂ ਗੋਰੇ ਦੀ ਇਹ ਵਧੀਕੀ ਬਰਦਾਸ਼ਤ
ਨਾ ਹੋਈ ਤੇ ਉਸਨੇ ਵੀ ਅੰਗਰੇਜ਼ੀ ਵਿਚ ਪਰਤਵਾਂ ਜਵਾਬ ਓਸੇ ਅੰਦਾਜ਼ ਵਿਚ
ਮੋੜਿਆ। ਇਸਤੇ ਉਹਨੂੰ ਛੇ ਮਹੀਨੇ ਕੋਠੀ-ਬੰਦ, ਖੜੀ ਹੱਥਕੜੀ, ਡੰਡਾ-ਬੇੜੀ
ਤੇ ਘੱਟ ਖ਼ੁਰਾਕ ਦੀ ਸਜ਼ਾ ਸੁਣਾ ਦਿੱਤੀ। ਇਕ ਦਿਨ ਉਹ ਆਪਣੀ ਕੋਠੜੀ ਵਿਚ
‘ਜੇ ਤਉ ਪ੍ਰੇਮ ਖੇਲਨ ਕਾ ਚਾਓ’ ਸ਼ਬਦ ਗਾ ਰਿਹਾ ਸੀ ਤਾਂ ਦੌਰੇ ‘ਤੇ ਆਏ
ਬੈਰੀ ਨੇ ਉਸਨੂੰ ਗਾਲ੍ਹਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਭਾਈ ਭਾਨ ਸਿੰਘ
ਨੇ ਵੀ ਓਸੇ ਭਾਸ਼ਾ ਵਿਚ ਜੁਆਬ ਦਿੱਤਾ ਤਾਂ ਉਹ ਅੱਗ-ਬਗੋਲਾ ਹੋ ਗਿਆ। ਤਿੰਨ
ਚਾਰ ਜਣਿਆਂ ਨੇ ਕੋਠੜੀ ‘ਚ ਵੜ ਕੇ ਭਾਈ ਭਾਨ ਸਿੰਘ ਨੂੰ ਬੁਰੀ ਤਰ੍ਹਾਂ
ਕੁੱਟਿਆ। ਥੋੜੀ ਦੇਰ ਬਾਅਦ ਬੈਰੀ ਜੇਲ੍ਹ ਕਰਮਚਾਰੀਆਂ ਦੀ ਧਾੜ ਲੈ ਕੇ ਆਣ
ਪਹੁੰਚਾ ਅਤੇ ਭਾਈ ਭਾਨ ਸਿੰਘ ਨੂੰ ਪਿੰਜਰਾ ਕੋਠੜੀ ਵਿਚ ਲੈ ਜਾ ਕੇ ਏਨੀ
ਬੁਰੀ ਤਰਾਂ ਮਾਰਿਆ-ਕੁੱਟਿਆ ਕਿ ਉਹ ਬੇਹੋਸ਼ ਹੋ ਗਿਆ। ਪਿੱਛੋਂ ਅਣਮਿਥੇ
ਸਮੇਂ ਲਈ ਡੰਡਾ-ਬੇੜੀ ਅਤੇ ਪਿੰਜਰੇ ਵਿਚ ਬੰਦ ਰੱਖਣ ਦੀ ਸਜ਼ਾ ਦੇ ਦਿੱਤੀ
ਗਈ। ਕੀਤੇ ਗਏ ਬੇਹੱਦ ਤਸ਼ੱਦਦ ਦੇ ਫ਼ਲਸਰੂਪ ਭਾਈ ਭਾਨ ਸਿੰਘ ਦੀ ਸਿਹਤ
ਬਹੁਤ ਵਿਗੜ ਗਈ। ਉਸਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਕੁਝ ਚਿਰ ਬਾਅਦ
ਉਹਦੀ ਮੌਤ ਹੋ ਗਈ। ਭਾਈ ਭਾਨ ਸਿੰਘ ਨਾਲ ਕੀਤੇ ਇਸ ਵਿਹਾਰ ਤੋਂ ਰਾਜਸੀ
ਕੈਦੀ ਬਹੁਤ ਦੁਖੀ ਹੋਏ ਤੇ ਉਹਨਾਂ ਨੇ ਕੰਮ ਤੋਂ ਹੜਤਾਲ ਕਰ ਦਿੱਤੀ। ਇਸ
ਹੜਤਾਲ ਵਿਚ ਪਹਿਲੇ ਲਾਹੌਰ ਸਾਜਿਸ਼ ਕੇਸ ਦੇ ਕੈਦੀ, ਬਰਮਾ ਕੇਸ ਦੇ ਕੈਦੀ
ਅਤੇ ਗ਼ਦਰ ਲਹਿਰ ਨਾਲ ਸੰਬੰਧਿਤ ਨਵੇਂ ਆਏ ਬੰਗਾਲੀ ਰਾਜਸੀ ਕੈਦੀ ਵੀ ਸ਼ਾਮਲ
ਸਨ। ਹੜਤਾਲ ਕਰਨ ਵਾਲਿਆਂ ਨੂੰ ਤਿੰਨ ਤਿੰਨ ਮਹੀਨੇ ਜਾਂ ਛੇ ਛੇ ਮਹੀਨੇ ਲਈ
ਡੰਡਾ-ਬੇੜੀ ਤੇ ਕੈਦ ਤਨਹਾਈ ਦੀਆਂ ਸਜ਼ਾਵਾਂ ਦਿੱਤੀਆਂ ਗਈਆਂ।
ਸ਼੍ਰੀ ਪ੍ਰਿਥਵੀ ਸਿੰਘ ਤੇ ਬਾਬਾ ਸੋਹਨ ਸਿੰਘ ਭਕਨਾ ਨੇ ਪਹਿਲਾਂ ਤੇ
ਪਿੱਛੋਂ ਜਾ ਕੇ ਜਵੰਦ ਸਿੰਘ ਸੁਰ ਸਿੰਘ, ਮੌਲਵੀ ਮੁਸਤਫ਼ਾ ਹੁਸੈਨ ਅਤੇ
ਜਨੇਊ ਪਾਉਣ ਦੇ ਅਧਿਕਾਰ ਲਈ ਪਹਿਲਾਂ ਹੀ ਹੜਤਾਲ ‘ਤੇ ਗਏ ਰਾਮ ਰੱਖਾ ਮੱਲ
ਨੇ ਕੰਮ ਦੀ ਹੜਤਾਲ ਦੇ ਨਾਲ ਨਾਲ ਭੁੱਖ ਹੜਤਾਲ ਵੀ ਕਰ ਦਿੱਤੀ। ਕੈਦੀਆਂ
ਨਾਲ ਕੀਤੇ ਜਾਂਦੇ ਬੁਰੇ ਸਲੂਕ ਦੀ ਇਕ ਮਿਸਾਲ ਇਹ ਹੈ ਕਿ ਭਰ ਸਿਆਲ ਦੇ
ਦਿਨਾਂ ਵਿਚ ਕੈਦੀਆਂ ਨੂੰ ਬਾਹਰ ਕੱਢ ਲਿਆ ਜਾਂਦਾ। ਨਹਾਉਣ ਵਾਲੇ ਹੌਜ਼ ‘ਤੇ
ਲਿਜਾ ਕੇ ਉਹਨਾਂ ‘ਤੇ ਠੰਡਾ ਪਾਣੀ ਪਾਇਆ ਜਾਂਦਾ ਤੇ ਫਿਰ ਬਿਨਾ ਕੰਬਲਾਂ
ਤੋਂ ਉਹਨਾਂ ਨੂੰ ਲੱਕੜਾਂ ਦੇ ਠੰਡੇ ਫ਼ਰਸ਼ ‘ਤੇ ਸੁੱਟ ਦਿੱਤਾ ਜਾਂਦਾ।
ਉਪਰੰਤ ਜੇਲ੍ਹਰ ਉਹਨਾਂ ਬੇਜਾਨ ਪਏ ਭੁੱਖੇ-ਭਾਣੇ ਹੜਤਾਲੀਆਂ ਨੂੰ ਉੱਠ ਕੇ
ਤੁਰਨ ਦਾ ਹੁਕਮ ਦਿੰਦਾ। ਉਹ ਉੱਠ ਕੇ ਤੁਰ ਨਾ ਸਕਦੇ ਤਾਂ ਇੱਕ ਆਦਮੀ ਅੱਗੋਂ
ਬੇੜੀ ਖਿੱਚਦਾ ਤੇ ਦੋ ਆਦਮੀ ਬਾਹਵਾਂ ਤੋਂ ਫੜ ਕੇ ਅੱਗੇ ਨੂੰ ਧੂੰਹਦੇ। ਇਸ
ਤਸ਼ੱਦਦ ਦੀ ਮਾਰ ਨਾ ਸਹਿੰਦੇ ਹੋਏ ਤਪਦਿਕ ਦਾ ਸਿ਼ਕਾਰ ਹੋ ਕੇ ਅਸਲੋਂ
ਕਮਜ਼ੋਰ ਹੋ ਚੁੱਕੇ ਪੰਡਿਤ ਰਾਮ ਰੱਖਾ ਮੱਲ ਸ਼ਹੀਦ ਹੋ ਗਏ। ਜਦੋਂ ਬਹਾਦਰ
ਗ਼ਦਰੀਆਂ ‘ਤੇ ਇਹ ਜ਼ੁਲਮ ਹੋ ਰਿਹਾ ਹੁੰਦਾ ਸੀ ਤਾਂ ਭਾਈ ਪਰਮਾਨੰਦ
(ਲਾਹੌਰ) ਵੀ ਓਸੇ ਨੰਬਰ ਵਿਚ ਛਾਪੇਖਾਨੇ ਵਿਚ ਕੰਮ ਕਰਦੇ ਸਨ ਤੇ ਜੇਲ੍ਹ
ਵਾਲਿਆਂ ਦਾ ਸਾਰਾ ਜ਼ੋਰ-ਜ਼ੁਲਮ ਆਪਣੀਆਂ ਅੱਖਾਂ ਨਾਲ ਵੇਖਦੇ ਸਨ। ਭਾਈ
ਪਰਮਾਨੰਦ ਦੇ ਰਵੱਈਏ ਬਾਰੇ ਬਾਬਾ ਸੋਹਨ ਸਿੰਘ ਭਕਨਾ ਦਾ ਕਥਨ ਬਿਲਕੁਲ
ਦਰੁਸਤ ਜਾਪਦਾ ਹੈ, ‘ਭਾਈ ਪਰਮਾਨੰਦ (ਲਾਹੌਰ) ਨੇ ਜੋ ਅਨਿਆਂ ਆਪਣੀ ਜੀਵਨੀ
ਵਿੱਚ ਗ਼ਦਰ ਪਾਰਟੀ ਦੇ ਦੇਸ਼ ਭਗਤਾਂ ਨਾਲ ਕੀਤਾ ਹੈ, ਉਹ ਗ਼ਲਤ ਹੈ। ਉਸ ਨੇ
ਅੰਡੇਮਾਨ ਜੇਲ੍ਹ ਵਿੱਚ ਆਪਣੀ ਰਿਹਾਈ ਤੋਂ ਸਿਵਾ ਹੋਰ ਕੋਈ ਦੂਸਰਾ ਭਾਵ
ਸਚਾਈ ਦਾ ਰਸਤਾ ਨਹੀਂ ਅਪਨਾਇਆ। … ਹੁਣ ਤੁਸੀਂ ਹੀ ਨਿਰਨਾ ਕਰੋ ਕਿ ਭਾਈ
ਪਰਮਾਨੰਦ (ਲਾਹੌਰ) ਦਾ ਇਹ ਲਿਖਣਾ ਕਿ ਇਹ ਲੋਕ (ਗ਼ਦਰ ਪਾਰਟੀ ਵਾਲੇ) ਬਗ਼ੈਰ
ਸੋਚੇ ਸਮਝੇ ਹੜਤਾਲ ਕਰ ਦੇਂਦੇ ਸਨ, ਕਿਥੋਂ ਤੱਕ ਠੀਕ ਹੈ।’
ਭਾਈ ਭਾਨ ਸਿੰਘ, ਪੰਡਿਤ ਰਾਮ ਰੱਖਾ ਮੱਲ, ਭਾਈ ਰੁਲੀਆ ਸਿੰਘ, ਨੰਦ ਸਿੰਘ,
ਕੇਹਰ ਸਿੰਘ ਮਰਹਾਣਾ, ਭਾਈ ਬੁੱਢਾ ਸਿੰਘ, ਅਤੇ ਭਾਈ ਰੋਡਾ ਸਿੰਘ ਸਮੇਤ ਸੱਤ
ਗ਼ਦਰੀ ਸੂਰਬੀਰ ਜੇਲ੍ਹ ਦੀਆਂ ਸਖ਼ਤੀਆਂ ਤੇ ਜ਼ੁਲਮ ਦਾ ਸਿ਼ਕਾਰ ਹੋ ਕੇ
ਸ਼ਹੀਦੀਆਂ ਪਾ ਗਏ। ਜਤੀਸ਼ ਚੰਦਰ ਪਾਲ ਪਾਗ਼ਲ ਹੋ ਗਏ। ਇਹ ਜਾਣ ਕੇ ਕੋਈ
ਭਾਈ ਪਰਮਾਨੰਦ ਦੇ ਇਸ ਕਥਨ ਨਾਲ ਸਹਿਮਤ ਹੋ ਸਕਦਾ ਹੈ ਕਿ ਗ਼ਦਰੀ ਦੇਸ਼ ਭਗਤ
ਐਵੇਂ ਰਾਹ ਜਾਂਦੀ ਲੜਾਈ ਗਲ ਪਾ ਲੈਂਦੇ ਸਨ! ਉਹ ਤਾਂ ਸਿਰੋਂ ਪਾਣੀ ਲੰਘਦਾ
ਵੇਖਦੇ ਹੀ ਮੈਦਾਨ ਵਿਚ ਨਿੱਤਰਦੇ ਸਨ ਤੇ ਫਿਰ ਮੈਦਾਨ ਵਿਚ ਜੂਝਦਿਆਂ ਸਿਰ
ਦੇਣਾ ਵੀ ਪਵੇ ਤਾਂ ਝਿਜਕਦੇ ਨਹੀਂ ਸਨ। ਨਾ ਹੀ ਭਾਈ ਪਰਮਾਨੰਦ ਵਰਗੇ
ਸਵੈ-ਹਿਤੈਸ਼ੀ ਸਨ ਕਿ ਕੇਵਲ ਆਪਣੇ ਇਕੱਲਿਆਂ ਲਈ ਕੋਈ ਰਿਆਇਤ ਲੈਣ ਲਈ ਲੜਦੇ
ਹੋਣ। ਜਦੋਂ ਭਾਈ ਪਰਮਾਨੰਦ ਦੀਆਂ ਘਰ ਭੇਜੀਆਂ ਕੁਝ ਚਿੱਠੀਆਂ ਲਾਹੌਰ ਦੇ
‘ਦਾ ਟ੍ਰਿਬਿਊਨ’ ਅਖ਼ਬਾਰ ਵਿਚ ਛਪ ਗਈਆਂ ਤਾਂ ਨਰਾਜ਼ ਹੋ ਕੇ ਜੇਲ੍ਹ
ਅਧਿਕਾਰੀਆਂ ਨੇ ਉਸਨੂੰ ਹਵਾਲਾਤ ਵਿਚ ਬੰਦ ਕਰ ਦਿੱਤਾ। ਹੁਣ ਜਦੋਂ ਆਪਣੇ
ਸਿਰ ‘ਤੇ ਬਣੀ ਤਾਂ ਭੁੱਖ ਹੜਤਾਲ ਕਰ ਦਿੱਤੀ। ਇਸਦੇ ਉਲਟ ਗ਼ਦਰੀ ਆਪਣੇ
ਦੁੱਖ ਲਈ ਨਹੀਂ ਸਾਥੀਆਂ ਦੇ ਸਾਂਝੇ ਦੁਖ ਨੂੰ ਦੂਰ ਕਰਨ ਲਈ ਲੜਦੇ ਸਨ। ਇਸ
ਸੰਬੰਧ ਵਿਚ ਮਾਸਟਰ ਚਤਰ ਸਿੰਘ ਦੇ ਪਰਸੰਗ ਨੂੰ ਵਿਚਾਰਿਆ ਜਾ ਸਕਦਾ ਹੈ।
ਜਦੋਂ ਆਸ਼ੂਤੋਸ਼ ਲਹਿਰੀ ਨੂੰ ਬੈਂਤ ਲੱਗੇ ਸਨ ਤਾਂ ਬੰਗਾਲੀ ਕੈਦੀਆਂ ਦੀ
ਫੁੱਟ ਕਾਰਨ ਉਹਦੇ ਹੱਕ ਵਿਚ ਚਾਹੁੰਦੇ ਹੋਏ ਵੀ ਗ਼ਦਰੀ ਜਥੇਬੰਦਕ ਲੜਾਈ
ਨਹੀਂ ਸਨ ਲੜ ਸਕੇ। ਉਹਨਾਂ ਦੇ ਮਨ ਅੰਦਰ ਇਹ ਕੰਡਾ ਅਜੇ ਤੱਕ ਰੜਕਦਾ ਸੀ।
ਇਕ ਦਿਨ ਜਦੋਂ ਸੁਪਰਡੈਂਟ ਮੇਜਰ ਮਰੇ ਕੈਦੀਆਂ ਦਾ ਵਜ਼ਨ ਕਰਵਾ ਰਿਹਾ ਸੀ
ਤਾਂ ਮਾਸਟਰ ਚਤਰ ਸਿੰਘ ਨੇ ਕੰਡੇ ਤੋਂ ਉੱਤਰਦਿਆਂ ਮਰੇ ਦੇ ਮੂੰਹ ‘ਤੇ ਵੱਟ
ਕੇ ਚਪੇੜ ਮਾਰਦਿਆਂ ਕਿਹਾ, “ਬੈਂਤਾਂ ਦੀ ਪੀੜ ਵੀ ਇਸਤਰ੍ਹਾਂ ਹੀ ਹੁੰਦੀ
ਹੈ।” ਮਾਸਟਰ ਚਤਰ ਸਿੰਘ ਨੂੰ ਏਨਾ ਮਾਰਿਆ ਗਿਆ ਕਿ ਉਹ ਬੇਹੋਸ਼ ਹੋ ਗਿਆ।
ਉਸਤੋਂ ਬਾਅਦ ਉਹਨੂੰ ਪਿੰਜਰੇ ਵਿਚ ਬੰਦ ਕਰ ਦਿੱਤਾ ਗਿਆ। ਰਫ਼ਾ-ਹਾਜ਼ਤ ਲਈ
ਵੀ ਬਾਹਰ ਨਾ ਕੱਢਿਆ ਜਾਂਦਾ। ਸਿੱਟਾ ਇਹ ਹੋਇਆ ਕਿ ਉਸਦੀ ਹਾਲਤ ਦਿਨੋ ਦਿਨ
ਵਿਗੜਦੀ ਗਈ। ਇਹ ਜ਼ੁਲਮ ਸਹਿੰਦਿਆਂ ਚਾਰ ਸਾਲ ਬੀਤ ਗਏ ਸਨ ਤੇ ਭਾਈ ਚਤਰ
ਸਿੰਘ ਦੀ ਸਰੀਰਕ ਹਾਲਤ ਬਹੁਤ ਹੀ ਮਾੜੀ ਹੋ ਗਈ ਸੀ। ਚੌਲਾਂ ਦੀ ਪਿੱਛ ਤੋਂ
ਸਿਵਾ ਹੋਰ ਕੋਈ ਚੀਜ਼ ਉਸਨੂੰ ਪਚਦੀ ਨਹੀਂ ਸੀ। ਭਾਈ ਚਤਰ ਸਿੰਘ ਲਈ ਲੜੀ
ਲੜਾਈ ਦਾ ਬਿਰਤਾਂਤ ਇਸ ਲੜਾਈ ਦੇ ਮੁੱਖ ਜਰਨੈਲ ਬਾਬਾ ਸੋਹਨ ਸਿੰਘ ਭਕਨਾ ਦੀ
ਜ਼ਬਾਨੀ ਸੁਣਨਾ ਵਧੇਰੇ ਠੀਕ ਰਹੇਗਾ। ਉਹ ਲਿਖਦੇ ਹਨ:
‘ਇਕ ਦਿਨ ਮੈਂ ਮਾਸਟਰ ਚਤਰ ਸਿੰਘ ਨੂੰ ਉਹਨਾਂ ਦੀ ਸਿਹਤ ਬਾਰੇ ਪੁਛਿਆ ਤਾਂ
ਉਹਨਾਂ ਜੁਆਬ ਦਿੱਤਾ ਕਿ ਹੁਣ ਤਾਂ ਛੇਤੀ ਹੀ ਛੁਟਕਾਰਾ ਹੋਣ ਵਾਲਾ ਹੈ। ਇਹ
ਸੁਣ ਕੇ ਮੈਨੂੰ ਬੜਾ ਦੁੱਖ ਹੋਇਆ। ਹੁਣ ਮੇਜਰ ਮਰੇ ਬਦਲ ਚੁਕਿਆ ਸੀ ਤੇ
ਉਹਦੀ ਜਗ੍ਹਾ ਮੇਜਰ ਬਾਰਕਰ ਆ ਚੁਕਿਆ ਸੀ। ਅਗਲੇ ਦਿਨ ਕੈਦੀਆਂ ਦੀ ਪਰੇਡ
ਸੀ। ਮੈਂ ਮੇਜਰ ਬਾਰਕਰ ਨੂੰ ਕਿਹਾ,‘‘ਚਤਰ ਸਿੰਘ ਦੀ ਸਿਹਤ ਬਹੁਤ ਵਿਗੜ
ਚੁੱਕੀ ਹੈ ਤੇ ਸਜ਼ਾ ਦੀ ਵੀ ਕੋਈ ਹੱਦ ਹੁੰਦੀ ਹੈ। ਦੂਸਰਾ ਮੇਜਰ ਮਰੇ ਬਦਲ
ਚੁੱਕੇ ਹਨ। ਤੁਹਾਨੂੰ ਉਸ ਤੋਂ ਕੋਈ ਡਰ ਨਹੀਂ ਹੋ ਸਕਦਾ। ਮੇਹਰਬਾਨੀ ਕਰਕੇ
ਤੁਸੀਂ ਚਤਰ ਸਿੰਘ ਨੂੰ ਪਿੰਜਰੇ ਤੋਂ ਹੁਣ ਬਾਹਰ ਕੱਢ ਦਿਉ।‘‘ ਮੇਜਰ ਬਾਰਕਰ
ਬਗੈਰ ਕੋਈ ਜੁਆਬ ਦਿੱਤੇ ਮੁਸਕਰਾ ਕੇ ਅੱਗੇ ਚਲਾ ਗਿਆ। ਮੈਂ ਸਮਝ ਗਿਆ ਕਿ
ਇਸ ਦੀ ਕੋਈ ਨੀਅਤ ਨਹੀਂ। ਅਜੇ ਉਹ ਥੋੜ੍ਹੀ ਦੂਰ ਹੀ ਗਿਆ ਹੋਵੇਗਾ ਕਿ ਮੈਂ
ਉਚੀ ਆਵਾਜ਼ ਨਾਲ ਕਿਹਾ,‘‘ਮੇਜਰ ਬਾਰਕਰ ਮੇਰੀ ਹੁਣ ਤੋਂ ਭੁੱਖ ਹੜਤਾਲ ਹੈ।
ਜੇ ਚਤਰ ਸਿੰਘ ਦੀ ਲਾਸ਼ ਪਿੰਜਰੇ ਵਿੱਚੋਂ ਨਿਕਲੇਗੀ ਤਾਂ ਮੇਰੀ ਲਾਸ਼ ਵੀ ਉਸ
ਦੇ ਪਿਛੇ ਹੋਵੇਗੀ।‘‘ ਇਸ ਤਰ੍ਹਾਂ ਨੋਟਿਸ ਦੇ ਕੇ ਮੈਂ ਲੋਹੇ ਦੇ ਬਰਤਨ ਜੋ
ਪਰੇਡ ਵਿੱਚ ਕੈਦੀ ਰੱਖਦਾ ਹੈ, ਉਲਟੇ ਕਰ ਦਿੱਤੇ। ਭੁੱਖ ਹੜਤਾਲ ਨੂੰ ਜਦ ਦੋ
ਮਹੀਨੇ ਹੋ ਗਏ ਤੇ ਮੇਜਰ ਬਾਰਕਰ ਨੇ ਵੀ ਭੁੱਖ ਹੜਤਾਲ ਤੁੜਾਉਣ ਲਈ ਪੂਰਾ
ਜ਼ੋਰ ਲਾ ਲਿਆ ਤਾਂ ਫਿਰ ਪਰੇਡ ਦੇ ਦਿਨ ਭਾਈ ਕੇਸਰ ਸਿੰਘ ਤੇ ਦੂਸਰੇ ਸਾਥੀਆਂ
ਨੇ ਬਾਰਕਰ ਨੂੰ ਨੋਟਿਸ ਦਿੱਤਾ ਕਿ ਜੇ ਤੂੰ ਚਤਰ ਸਿੰਘ ਨੂੰ ਪਿੰਜਰੇ ਵਿਚੋਂ
ਨਹੀਂ ਕੱਢੇਂਗਾ ਤਾਂ ਅਸੀਂ ਵੀ ਸੋਹਨ ਸਿੰਘ ਨਾਲ ਭੁੱਖ ਹੜਤਾਲ ਵਿੱਚ ਸ਼ਾਮਲ
ਹੋ ਜਾਵਾਂਗੇ। ‘ਜਮਾਤ ਕਰਾਮਾਤ‘ ਮੇਜਰ ਬਾਰਕਰ ਨੇ ਜਦ ਸਾਥੀਆਂ ਦੀ ਏਕਤਾ
ਦੇਖੀ ਤਾਂ ਉਹ ਝੁਕ ਗਿਆ ਤੇ ਚਤਰ ਸਿੰਘ ਨੂੰ ਪਿੰਜਰੇ ਵਿੱਚੋਂ ਕੱਢ
ਦਿੱਤਾ।’
ਇੰਝ ਹੀ ਇਕ ਵਾਰ ਇਕ ਗੋਰੇ ਸਿਪਾਹੀ ਨੇ ਸਾਰੀ ਹਿੰਦਸਤਾਨੀ ਕੌਮ ਨੂੰ ਗਾਲ੍ਹ
ਕੱਢੀ ਤਾਂ ਮਾਰਸ਼ਲ ਲਾਅ ਦੇ ਕੈਦੀ ਗੁਜਰਾਤੀ ਮੱਲ ਨੇ ਵੀ ਮੋੜਵੀਂ ਸੁਣਾਈ।
ਉਹਨੂੰ ਜਦੋਂ ਛੇ ਮਹੀਨੇ ਕੋਠੀ ਬੰਦ ਤੇ ਬੇੜੀ ਦੀ ਸਜ਼ਾ ਦਿੱਤੀ ਗਈ ਤਾਂ ਛੇ
ਨੰਬਰ ਬੈਰਕ ਦੇ ਕੈਦੀਆਂ ਨੇ ਭੁੱਖ ਹੜਤਾਲ ਕਰ ਦਿੱਤੀ ਤੇ ਕਾਰਨ ਪੁੱਛੇ ਜਾਣ
‘ਤੇ ਕੇਸਰ ਸਿੰਘ ਠਠਗੜ੍ਹ ਨੇ ਕਿਹਾ, “ਤੁਹਾਨੂੰ ਬੰਦੂਕਾਂ ਦਾ ਘੁਮੰਡ ਹੈ
ਪਰ ਅਸੀਂ ਸਾਫ਼ ਦੱਸ ਦੇਣਾ ਚਾਹੁੰਦੇ ਹਾਂ ਕਿ ਅਸੀਂ ਕਦੇ ਵੀ ਕੌਮੀ
ਬੇਇਜ਼ਤੀ ਬਰਦਾਸ਼ਤ ਨਹੀਂ ਕਰਾਂਗੇ।” ਫਲ਼ਸਰੂਪ ਅਗਲੇ ਦਿਨ ਹੀ ਗੁਜਰਾਤੀ
ਮੱਲ ਦੀ ਸਜ਼ਾ ਵਾਪਸ ਲੈ ਲਈ ਗਈ ਤੇ ਗੋਰੇ ਨੂੰ ਬਦਲ ਦਿੱਤਾ।
ਸੰਘਰਸ਼ਸ਼ੀਲ ਸਿਰੜ੍ਹੀ ਸੂਰਮਿਆਂ ਦੇ ਦਲੇਰਾਨਾ ਤੇ ਪਰਉਪਕਾਰੀ ਸੁਭਾਅ ਨੂੰ
ਵੇਖ ਕੇ ਇਖ਼ਲਾਕੀ ਕੈਦੀਆਂ ਦੇ ਮਨਾਂ ਵਿਚ ਵੀ ਰਾਜਸੀ ਕੈਦੀਆਂ ਲਈ
ਸ਼ੁਭ-ਭਾਵਨਾ ਪੈਦਾ ਹੋਣੀ ਸ਼ੁਰੂ ਹੋ ਗਈ। ਰਾਜਸੀ ਕੈਦੀਆਂ ਦੀਆਂ ਆਪਣੀਆਂ
ਲਿਖਤਾਂ ਵਿਚੋਂ ਇਖ਼ਲਾਕੀ ਕੈਦੀਆਂ ਦੀ ਅਜਿਹੀ ਸੁਹਿਰਦਤਾ ਦਾ ਸਹਿਜ
ਪ੍ਰਗਟਾਵਾ ਹੋਇਆ ਹੈ। ਪੰਜਾਬ ਅਤੇ ਅਹਿਮਦਾਬਾਦ ਤੋਂ ਮਾਰਸ਼ਲ ਲਾਅ ਵਾਲੇ
ਨਵੇਂ ਕੈਦੀਆਂ ਨੂੰ ਜਦੋਂ ਕੋਹਲੂ ਪੀੜਨ ਲਈ ਕਿਹਾ ਗਿਆ ਤਾਂ ਉਹ ਇਨਕਾਰੀ ਹੋ
ਕੇ ਕੋਹਲੂ ਘਰ ਵਿਚ ਲੇਟ ਗਏ। ਉਹਨਾਂ ਦੀਆਂ ਮੁਸ਼ਕਾਂ ਕੱਸ ਕੇ ਕੋਹਲੂ ਦੇ
ਡੰਡੇ ਨਾਲ ਜੂੜ ਦਿੱਤਾ। ਫਿਰ ਹੋਰਨਾਂ ਤੋਂ ਕੋਹਲੂ ਚਲਵਾ ਕੇ ਸਤਿਆਗ੍ਰਹੀਆਂ
ਨੂੰ ਕੋਹਲੂ ਦੇ ਚਾਰੇ ਪਾਸੇ ਧੂਹਿਆ ਗਿਆ। ਇਸ ਨਾਲ ਉਹਨਾਂ ਦੇ ਜਿਸਮ ਦਾ
ਮਾਸ ਉੱਡ ਗਿਆ। ਇਹ ਖ਼ਬਰ ਦੂਜੇ ਇਨਕਲਾਬੀਆਂ ਤੱਕ ਪਹੁੰਚਦਿਆਂ ਹੀ ਉਹਨਾਂ
ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਗੜਬੜੀ ਦਾ ਡਰ ਵੇਖ ਕੇ ਜੇਲ੍ਹ
ਵਾਲਿਆਂ ਨੂੰ ਉਹਨਾਂ ਨੂੰ ਖੋਲ੍ਹਣਾ ਪੈ ਗਿਆ। ਇਸਤੋਂ ਅਗਲਾ ਹਵਾਲ
ਤ੍ਰਿਲੋਕੀ ਨਾਥ ਚੱਕ੍ਰਵਰਤੀ ਦੀ ਲਿਖਤ ਵਿਚ ਇਸਤਰ੍ਹਾਂ ਦਰਜ ਹੈ, ‘ (ਇਸ
ਘਟਨਾ ਤੋਂ) ਅਗਲੇ ਦਿਨ ਸੁਪਰਡੈਂਟ ਦੇ ਆਉਣ ‘ਤੇ ਮੈਂ ਸਲਾਮ ਕੀਤਾ। ਉਹ
ਕੋਠੜੀ ਦੇ ਸਾਹਮਣੇ ਖੜ੍ਹਾ ਹੋਇਆ। ਮੈਂ ਪਿਛਲੇ ਦਿਨ ਦੀ ਘਟਨਾ ਬਾਰੇ ਕਿਹਾ।
ਉਹ ਬੋਲਿਆ,‘‘ਜੇਲ੍ਹ ਦੇ ਸੁਪਰਡੈਂਟ ਤੁਸੀਂ ਹੋ ਜਾਂ ਮੈਂ?‘‘ ਮੈਂ
ਕਿਹਾ,‘‘ਜੇਲ੍ਹ ਦੇ ਸੁਪਰਡੈਂਟ ਆਪ ਹੋ, ਇਸੇ ਲਈ ਪੁੱਛ ਰਿਹਾ ਹਾਂ ਕਿ
‘ਮਾਰਸ਼ਲ ਲਾਅ‘ ਦੇ ਕੈਦੀਆਂ ‘ਤੇ ਅਜਿਹਾ ਅੱਤਿਆਚਾਰ ਕਿਉਂ ਕੀਤਾ ਗਿਆ?‘‘
ਮੈਨੂੰ ਝਿੜਕਦੇ ਹੋਏ ਉਸਨੇ ਕਿਹਾ,‘‘ਤੂੰ ਚੁੱਪ ਰਹਿ ਕੁੱਤੀ ਦਾ ਪੁੱਤ ਨਾ
ਹੋਵੇ ਤਾਂ!‘‘ ਇਸ ਤੋਂ ਬਾਅਦ ਮੇਰੇ ਮੂੰਹ ਤੋਂ ਲਗਾਤਾਰ ਹਿੰਦੀ ਅਤੇ
ਪੰਜਾਬੀ ਗਾਲ੍ਹਾਂ ਨਿਕਲਣ ਲੱਗੀਆਂ। ਸੁਪਰਡੈਂਟ ਦਾ ਕੋਈ ਸਬੰਧੀ ਇਨ੍ਹਾਂ
ਗਾਲ੍ਹਾਂ ਤੋਂ ਨਹੀਂ ਬਚਿਆ। ਸੁਪਰਡੈਂਟ ਉਥੋਂ ਰਫ਼ੂ ਚੱਕਰ ਹੋ ਗਿਆ। ਬਾਅਦ
ਵਿਚ ਪਤਾ ਚੱਲਿਆ ਕਿ ਅੱਜ ਦੇ ਅਪਰਾਧ ਦੇ ਲਈ ਮੈਨੂੰ ਚਾਰ ਦਿਨ ਖਾਣੇ ਦੀ
ਥਾਂ ਚੌਲਾਂ ਦੀ ਪਿੱਛ ਮਿਲੇਗੀ। ਇਸ ਦਾ ਮਤਲਬ ਇਹ ਹੋਇਆ ਕਿ ਮੈਨੂੰ ਦੋਵੇਂ
ਵਕਤ ਮਿਲਾ ਕੇ ਸਿਰਫ਼ ਇੱਕ ਪੌਂਡ (ਸਾਢੇ ਸੱਤ ਛਟਾਂਕ) ਚੌਲਾਂ ਦੀ ਪਿੱਛ
ਮਿਲੇਗੀ। ਦੂਜਾ ਕੋਈ ਖਾਣਾ ਨਹੀਂ ਮਿਲੇਗਾ। ਮੈਂ ਸੁਪਰਡੈਂਟ ਨੂੰ ਗਾਲ੍ਹਾਂ
ਕੱਢੀਆਂ ਹਨ, ਇਹ ਖ਼ਬਰ ਥੋੜ੍ਹੀ ਦੇਰ ਵਿਚ ਸਾਰੀ ਜੇਲ੍ਹ ਵਿਚ ਫੈਲ ਗਈ। ਖਾਣੇ
ਦੇ ਵਕਤ ਰਸੋਈਏ ਨੇ ਮੈਨੂੰ ਪੁੱਛਿਆ,‘‘ਕੀ ਖਾਣਾ ਚਾਹੁੰਦੇ ਹੋ? ਚਾਵਲ ਜਾਂ
ਰੋਟੀ?‘‘ ਮੈਂ ਕਿਹਾ,‘‘ਮੈਨੂੰ ਸਜ਼ਾ ਮਿਲੀ ਹੈ, ਮੈਨੂੰ ਚੌਲਾਂ ਦੀ ਪਿੱਛ ਹੀ
ਦੇਹ।‘‘ ਉਸ ਨੇ ਕਿਹਾ,‘‘ਤੇਰੀ ਬਹਾਦਰੀ ਦੀ ਗੱਲ ਅਸਾਂ ਲੋਕਾਂ ਨੇ ਸੁਣ ਲਈ
ਹੈ, ਅਸਾਂ ਚੌਂਕੇ ਵਿਚ ਤਹਿ ਕੀਤਾ ਹੈ ਕਿ ਅਸੀਂ ਤੁਹਾਨੂੰ ਪਿੱਛ ਨਹੀਂ ਪੀਣ
ਦਿਆਂਗੇ। ਤੂੰ ਜੋ ਚਾਹੁੰਦਾ ਹੈ, ਤੈਨੂੰ ਖਾਣ ਲਈ ਉਹੋ ਕੁਝ ਦਿਆਂਗੇ।‘‘
ਮੈਂ ਅੱਗਾ-ਪਿੱਛਾ ਕਰ ਹੀ ਰਿਹਾ ਸੀ ਕਿ ਖਾਣਾ ਲਿਆਉਣ ਵਾਲੇ ਦੇ ਨਾਲ ਜੋ
ਪੇਟੀ ਅਫ਼ਸਰ ਆਇਆ ਸੀ, ਉਸ ਨੇ ਪਿੱਛ ਜ਼ਮੀਨ ‘ਤੇ ਸੁੱਟਦੇ ਹੋਏ
ਕਿਹਾ,‘‘ਬੰਗਾਲੀ ਸ਼ੇਰ ਹੈ, ਇਸ ਨੂੰ ਡਬਲ ਖਾਣਾ ਦਿਓ।‘‘ ਇਸ ਦੇ ਬਾਅਦ
ਕਿੰਨੇ ਹੀ ਲੋਕ ਮੇਰੀ ਕੋਠੜੀ ਵਿਚ ਛੁਪਾ ਕੇ ਚਟਣੀ ਅਤੇ ਰੋਟੀ ਵੀ ਭੇਜਣ
ਲੱਗੇ। ਇੰਨਾ ਖਾਣਾ ਆਉਣ ਲੱਗ ਪਿਆ ਕਿ ਮੈਂ ਖ਼ੁਦ ਖਾ ਕੇ ਉਸ ਨੂੰ ਵੰਡਣ ਵੀ
ਲੱਗ ਪਿਆ। ਮੇਰੇ ਚਾਰ ਦਿਨ ਇਸੇ ਤਰ੍ਹਾਂ ਬੀਤ ਗਏ। ਚੌਲਾਂ ਦੀ ਪਿੱਛ ਇੱਕ
ਦਿਨ ਵੀ ਨਾ ਪੀਣੀ ਪਈ।’
ਇੰਝ ਦੀ ਹੀ ਇਕ ਘਟਨਾ ਦਾ ਬਿਆਨ ਬਾਬਾ ਪ੍ਰਿਥਵੀ ਸਿੰਘ ਨੇ ਕੀਤਾ ਹੈ। ਉਸਦੇ
ਇਲਾਕੇ ਦਾ ਇੱਕ ਡਾਕੂ ਸੀ ਰਹਿਮਤ ਅਲੀ ਖਾਂ; ਸ਼ਾਹਬਾਦ ਕਸਬੇ ਦਾ ਵਸਨੀਕ।
ਉਹਨੂੰ ਪਤਾ ਲੱਗਾ ਕਿ ਉਹਦੇ ਇਲਾਕੇ ਦਾ ਚੌਧਰੀ ਕੈਦੀ ਬਣ ਕੇ ਜੇਲ੍ਹ ਵਿਚ
ਆਇਆ ਹੈ ਤਾਂ ਉਸਨੇ ਬਾਬਾ ਪ੍ਰਿਥਵੀ ਸਿੰਘ ਨੂੰ ਸੁਨੇਹਾਂ ਭੇਜਿਆ ਕਿ ਉਸਨੂੰ
ਨਾਰੀਅਲ ਵਿਚੋਂ ਰੇਸ਼ਾ ਕੱਢਣ ਦੀ ਮੁਸ਼ੱਕਤ ਕਰਨ ਦੀ ਲੋੜ ਨਹੀਂ। ਉਹ ਹਰ
ਰੋਜ਼ ਅੱਧਾ ਸੇਰ ਰੇਸ਼ਾ ਉਹਦੇ ਸੈੱਲ ਵਿਚ ਪਹੁੰਚਾ ਦਿਆ ਕਰੇਗਾ।
ਬਾਬਾ ਪ੍ਰਿਥਵੀ ਸਿੰਘ ਨੇ ਦਿਲ ਨੂੰ ਛੁਹ ਲੈਣ ਵਾਲਾ ਇਕ ਹੋਰ ਹਵਾਲਾ ਵੀ
ਦਿੱਤਾ ਹੈ। ਭਾਈ ਭਾਨ ਸਿੰਘ ਦੀ ਮੌਤ ਤੋਂ ਬਾਅਦ ਜਦੋਂ ਬਾਬਾ ਸੋਹਨ ਸਿੰਘ
ਭਕਨਾ ਨੇ ਭੁੱਖ ਹੜਤਾਲ ਕੀਤੀ ਤਾਂ ਬਾਬਾ ਪ੍ਰਿਥਵੀ ਸਿੰਘ ਨੇ ਵੀ ਭੁੱਖ
ਹੜਤਾਲ ਕਰ ਦਿੱਤੀ। ਹੋਰਨਾਂ ਸਾਥੀਆਂ ਨੇ ਵੀ ਅਜਿਹਾ ਹੀ ਕੀਤਾ। ਭੁੱਖ
ਹੜਤਾਲ ਖ਼ਤਮ ਹੋਣ ‘ਤੇ ਵੀ ਪ੍ਰਿਥਵੀ ਸਿੰਘ ਨੇ ਭੁੱਖ ਹੜਤਾਲ ਜਾਰੀ ਰੱਖੀ
ਤਾਂ ਸਾਥੀਆਂ ਨੂੰ ਫਿ਼ਕਰ ਪੈ ਗਿਆ। ਉਹ ਚਾਹੁੰਦੇ ਸਨ ਕਿ ਪ੍ਰਿਥਵੀ ਸਿੰਘ
ਨੂੰ ਭੁੱਖ ਹੜਤਾਲ ਛੱਡਣ ਲਈ ਕਿਸੇ ਤਰ੍ਹਾਂ ਮਨਾਇਆ ਜਾਵੇ। ਉਹ ਲਿਖਦੇ ਹਨ:
‘ਮੈਂ ਫੇਰ ਵੀ ਭੁੱਖ ਹੜਤਾਲ ਕਰਨ ‘ਤੇ ਅੜਿਆ ਰਿਹਾ। ਜਗਤ ਰਾਮ ਤੇ ਬਾਬਾ
ਸ਼ੇਰ ਸਿੰਘ ਨੇ ਮੇਰੇ ਨਾਲ ਬਹੁਤ ਹਮਦਰਦੀ ਕੀਤੀ। ਜਗਤ ਰਾਮ ਨੇ ਆਪਣੇ ਲਹੂ
ਨਾਲ ਇਕ ਰੁੱਕਾ ਲਿਖ ਕੇ ਭੇਜਿਆ, ਜਿਸ ਵਿਚ ਭੁੱਖ ਹੜਤਾਲ ਛੱਡਣ ਦੀ ਸਲਾਹ
ਦਿੱਤੀ। ਏਸੇ ਕੰਮ ਲਈ ਬਾਬਾ ਸ਼ੇਰ ਸਿੰਘ ਮੈਨੂੰ ਮਿਲਣਾ ਵੀ ਚਾਹੁੰਦੇ ਸਨ ਪਰ
ਮਿਲ ਨਾ ਸਕੇ। ਉਨ੍ਹਾਂ ਕੱਚ ਨੂੰ ਕੁੱਟ ਕੇ ਪੀ ਲਿਆ। ਨਤੀਜਾ ਇਹ ਹੋਇਆ ਕਿ
ਉਨ੍ਹਾਂ ਨੂੰ ਉਲਟੀਆਂ ਆਉਣੀਆਂ ਸ਼ੁਰੂ ਹੋ ਗਈਆਂ ਤੇ ਟੱਟੀ ਨਾਲ ਲਹੂ ਆਉਣ
ਲੱਗ ਪਿਆ। ਉਨ੍ਹਾਂ ਨੂੰ ਹਸਪਤਾਲ ਲੈ ਗਏ। ਡਾਕਟਰ ਨੇ ਉਨ੍ਹਾਂ ਨੂੰ ਦਵਾ ਦੇ
ਕੇ ਵਾਪਸ ਸੈਲ ਵਿਚ ਭੇਜ ਦਿੱਤਾ। ਉਨ੍ਹਾਂ ਮੈਨੂੰ ਦਸਿਆ ਕਿ ਇਹ ਕੁਝ ਮੈਂ
ਇਉਂ ਕੀਤਾ ਸੀ ਤਾਂ ਜੁ ਤੈਨੂੰ ਮਿਲ ਕੇ ਭੁੱਖ ਹੜਤਾਲ ਛੱਡਣ ਲਈ ਕਹਾਂ। ਇਸ
ਉਤੇ ਮੈਨੂੰ ਰੋਣਾ ਆਇਆ ਕਿ ਉਨ੍ਹਾਂ ਮੇਰੇ ਲਈ ਏਡਾ ਵੱਡਾ ਖਤਰਾ ਸਹੇੜਿਆ
ਸੀ।’
ਇਹ ਵੇਰਵਾ ਦੱਸਦਾ ਹੈ ਕਿ ਫ਼ੌਲਾਦੋਂ ਕਰੜੇ ਇਹ ਸੂਰਮੇਂ ਧੁਰ ਅੰਦਰ ਕਿੰਨੇ
ਕੂਲੇ ਤੇ ਸੰਵੇਦਨਸ਼ੀਲ ਸਨ ਅਤੇ ਆਪਣੇ ਸਾਥੀਆਂ ਦੀ ਪੀੜ ਤੇ ਦੁੱਖ ਨੂੰ ਕਿਸ
ਕਦਰ ਮਹਿਸੂਸ ਕਰਦੇ ਸਨ।
ਏਸੇ ਭਾਈ ਸ਼ੇਰ ਸਿੰਘ ਨੇ ਇਕ ਵਾਰ ਜਿਸ ਅੰਦਾਜ਼ ਵਿਚ ਸ਼੍ਰੀ ਤ੍ਰਿਲੋਕੀ
ਨਾਥ ਦੀ ਸਹਾਇਤਾ ਕੀਤੀ ਉਸਦਾ ਜਿ਼ਕਰ ਵੀ ਡਾਢਾ ਦਿਲਚਸਪ ਹੈ। ਤ੍ਰਿਲੋਕੀ
ਨਾਥ ਨੂੰ ਉਸਦੇ ਸਾਥੀ ਫ਼ਣੀ ਬਾਬੂ ਨੇ ਇਕ ਸੇਰ ਤੇਲ ਦਾ ਇੰਤਜ਼ਾਮ ਕਰਨ ਲਈ
ਕਿਹਾ। ਤ੍ਰਿਲੋਕੀ ਨਾਥ ਨੇ ਕੋਹਲੂ ਘਰ ਦੇ ਕਿਸੇ ਬੰਦੇ ਤੋਂ ਤੇਲ ਦਾ
ਪ੍ਰਬੰਧ ਤਾਂ ਕਰ ਲਿਆ ਪਰ ਰਾਹ ਵਿਚ ਆਉਂਦਿਆਂ ਉਹ ਤੇਲ ਸਮੇਤ ਫੜਿਆ ਗਿਆ।
ਏਸੇ ਸਮੇਂ ਭਾਈ ਸ਼ੇਰ ਸਿੰਘ ਆ ਗਿਆ। ਉਹ ਸਮਝ ਗਿਆ ਸੀ ਕਿ ਤ੍ਰਿਲੋਕੀ ਨਾਥ
ਨੂੰ ਤੇਲ ਸਮੇਤ ਜੇਲ੍ਹਰ ਕੋਲ ਪੇਸ਼ ਕਰਕੇ ਸਜ਼ਾ ਦਿਵਾਈ ਜਾਏਗੀ। ਉਸ ਨੇ
ਮੁੱਦਾ ਹੀ ਗ਼ਾਇਬ ਕਰ ਦੇਣ ਦੀ ਠਾਣ ਲਈ। ਬੜੀ ਨਿਮਰਤਾ ਨਾਲ ਟੈਂਡਲ ਨੂੰ
‘ਜੀ ਹਜ਼ੂਰ! ਜਨਾਬ!’ ਆਦਿ ਆਖ ਕੇ ਸਾਰੇ ਮਾਮਲੇ ਬਾਰੇ ਜਾਨਣਾ ਚਾਹਿਆ ਤਾਂ
ਟੈਂਡਲ ਨੇ ਤੇਲ ਚੋਰੀ ਕਰਨ ਦੀ ਸਾਰੀ ਕਹਾਣੀ ਦੱਸ ਦਿੱਤੀ। ਭਾਈ ਸ਼ੇਰ ਸਿੰਘ
ਕਹਿੰਦਾ, ‘ਐਸੀ ਗੱਲ ਹੈ। ਵੇਖਾਂ ਕਿੰਨਾ ਕੁ ਤੇਲ ਚੁਰਾਇਆ ਹੈ।” ਇਹ
ਕਹਿੰਦਿਆਂ ਟੈਂਡਲ ਦੇ ਹੱਥੋਂ ਤੇਲ ਵਾਲਾ ਬਰਤਨ ਫੜ ਲਿਆ ਤੇ ਇਕੋ ਸਾਹੇ
ਸਾਰਾ ਤੇਲ ਪੀ ਕੇ ਬਰਤਨ ਭੁੰਜੇ ਸੁੱਟਦਿਆਂ ਟੈਂਡਲ ਨੂੰ ਕਿਹਾ, “ਲੈ
ਸਾਲਿਆ! ਹੁਣ ਇਹਨੂੰ ਲੈ ਜਾ ਜਿੱਥੇ ਲਿਜਾਣਾ ਐ।” ਟੈਂਡਲ ਨੇ ਜਦੋਂ ਵੇਖਿਆ
ਕਿ ਸਬੂਤ ਹੀ ਖ਼ਤਮ ਹੋ ਗਿਐ ਤਾਂ ਉਹ ਬੁੜਬੁੜ ਕਰਦਾ ਓਥੋਂ ਚਲਾ ਗਿਆ।
ਅਜਿਹਾ ਕਰਕੇ ਭਾਈ ਸ਼ੇਰ ਸਿੰਘ ਨੇ ਤ੍ਰਿਲੋਕੀ ਨਾਥ ਚੱਕ੍ਰਵਰਤੀ ਦੀ ਸਹਾਇਤਾ
ਤਾਂ ਕਰ ਦਿੱਤੀ ਪਰ ਪਾਠਕ ਨੂੰ ਪੜ੍ਹਦਿਆਂ ਇਹ ਖਿ਼ਆਲ ਜ਼ਰੂਰ ਆਉਂਦਾ ਹੋਏਗਾ
ਕਿ ਕੀ ਭਾਈ ਸ਼ੇਰ ਸਿੰਘ ਏਨਾ ਤੇਲ ਪਚਾ ਵੀ ਸਕਿਆ ਹੋਊ ਜਾਂ ਨਹੀਂ? ਜਿੱਥੇ
ਬੰਗਾਲੀ ਬਾਬੂ ਪਤਲੇ ਤੇ ਹੌਲੇ ਜਿਸਮਾਂ ਵਾਲੇ ਸਨ ਓਥੇ ਪੰਜਾਬੀ ਇਨਕਲਾਬੀ
ਦਮਦਾਰ ਤੇ ਤਕੜੇ ਜੁੱਸਿਆਂ ਵਾਲੇ ਸਨ। ਉਹਨਾਂ ਦਾ ਇਕੱਲੇ-ਇਕੱਲੇ ਦਾ ਭਾਰ
ਦੋ-ਦੋ, ਢਾਈ-ਢਾਈ ਸੌ ਪੌਂਡ ਸੀ। ਦੱਸਿਆ ਗਿਆ ਹੈ ਕਿ ਉਹ ਤਾਂ ਏਨੇ ਤਕੜੇ
ਤੇ ਕੱਦਾਵਰ ਸਨ ਕਿ ਕੱਲ੍ਹਾ-ਕੱਲ੍ਹਾ ਪੂਰਾ ਬੱਕਰਾ ਖਾ ਕੇ ਪਚਾ ਸਕਦਾ ਸੀ।
ਇਕ ਦਿਨ ਭਾਈ ਸ਼ੇਰ ਸਿੰਘ ਨੂੰ ਬਾਲਟੀ ਦੁੱਧ ਦੀ ਵਿਖਾ ਕੇ ਡਾਕਟਰ ਨੇ
ਪੁੱਛਿਆ ਕਿ ਕੀ ਉਹ ਸਾਰਾ ਦੁੱਧ ਪੀ ਸਕਦਾ ਹੈ। ਬਾਲਟੀ ਵਿਚ ਦਸ ਸੇਰ ਦੁੱਧ
ਸੀ। ਸ਼ੇਰ ਸਿੰਘ ਨੇ ਓਸੇ ਵੇਲੇ ਬਾਲਟੀ ਚੁੱਕੀ ਤੇ ਸਾਰਾ ਦੁੱਧ ਇੱਕੋ ਝੀਕ
ਵਿਚ ਪੀ ਕੇ ਬਾਲਟੀ ਖਾਲੀ ਕਰ ਦਿੱਤੀ। ਇਹੋ ਕਾਰਨ ਸੀ ਕਿ ਜਿੱਥੇ
ਡੰਡਾ-ਬੇੜੀ, ਖੜੀ ਹੱਥਕੜੀ ਤੇ ਇਕਾਂਤ ਕੈਦ ਦੀਆਂ ਸਜ਼ਾਵਾਂ ਬੜੀਆਂ ਮਾਰੂ
ਸਨ ਓਥੇ ਇਹਨਾਂ ਪੰਜਾਬੀਆਂ ਲਈ ‘ਘੱਟ ਖ਼ੁਰਾਕ’ ਦੀ ਸਜ਼ਾ ਵੀ ਘੱਟ ਨਹੀਂ
ਸੀ। ਜੇਲ੍ਹ ਵਿਚ ਮਿਲਦੀ ਆਮ ਖ਼ੁਰਾਕ ਨਾਲ ਤਾਂ ਸਰੀਰ ਦੇ ਮਾੜਚੂ ਜਿਹੇ
ਬੰਗਾਲੀ ਕੈਦੀਆਂ ਦੀ ਭੁੱਖ ਵੀ ਨਹੀਂ ਸੀ ਮਿਟਦੀ ਤਾਂ ਪੰਜਾਬੀਆਂ ਦਾ ਓਨੀ
ਕੁ ਖ਼ੁਰਾਕ ਨਾਲ ਕੀ ਗੁਜ਼ਾਰਾ ਹੁੰਦਾ ਹੋਏਗਾ। ਏਸੇ ਕਰਕੇ ਉਹ ਹਾਸੇ ਹਾਸੇ
ਵਿਚ ਇਹ ਕਿਹਾ ਕਰਦੇ ਸਨ ਕਿ ਘੱਟ ਖਾ ਕੇ ਅੱਧੇ-ਪੌਣੇ ਭੁੱਖੇ ਰਹਿਣ ਨਾਲੋਂ
ਤਾਂ ਭੁੱਖ ਹੜਤਾਲ ਕਰ ਲੈਣੀ ਹੀ ਚੰਗੀ ਹੈ। ਰੋਟੀ ਦੀ ਭੁੱਖ ਕਾਰਨ ਤੇ ਰੋਜ਼
ਦੀਆਂ ਸਜ਼ਾਵਾਂ ਕਾਰਨ ਉਹਨਾਂ ਦਾ ਭਾਰ ਚਾਲੀ-ਚਾਲੀ, ਪੰਜਾਹ-ਪੰਜਾਹ ਪੌਂਡ
ਘਟ ਗਿਆ ਸੀ।
ਏਨੀਆਂ ਯਾਤਨਾਵਾਂ ਦੇ ਬਾਵਜੂਦ ਇਨਕਲਾਬੀਆਂ ਦੀ ਜਿ਼ੰਦਾ-ਦਿਲੀ ਕਾਇਮ ਸੀ।
ਮਰਨ-ਹਾਰ ਹਾਲਤਾਂ ਦੇ ਹਨੇਰੇ ਵਿਚ ਵੀ ਉਹ ਜਿਊਣ ਵਾਸਤੇ ਚਾਨਣ ਦੀ ਕੋਈ
ਕਾਤਰ ਲੱਭ ਲੈਂਦੇ। ਗ਼ਦਰੀ ਸੂਰਮੇ ਗ਼ਦਰ ਦੀ ਗੂੰਜ ਦੀਆਂ ਕਵਿਤਾਵਾਂ ਵੀ
ਪੜ੍ਹਦੇ ਤੇ ਆਪ ਵੀ ਟੋਟਕੇ ਜੋੜ ਜੋੜ ਕੇ ਗਾਉਂਦੇ ਰਹਿੰਦੇ। ਉਹ ਅਕਸਰ ਇੱਕ
ਦੂਜੇ ਨਾਲ ਹਾਸਾ-ਠੱਠਾ ਵੀ ਕਰਦੇ ਰਹਿੰਦੇ। ਵੱਡ-ਆਕਾਰੀ ਜਿਸਮਾਂ ਕਰਕੇ
ਉਹਨਾਂ ਨੇ ਭਾਈ ਜਵਾਲਾ ਸਿੰਘ ਦਾ ਮਖ਼ੌਲੀਆ ਨਾਂ ‘ਭਾਈ ਢੋਲ’ ਅਤੇ ਭਾਈ
ਜਵਾਲਾ ਸਿੰਘ ਦਾ ਨਾਂ ‘ਭਾਈ ਹਾਥੀ’ ਪਾਇਆ ਹੋਇਆ ਸੀ। ਉਹ ਬੇੜੀਆਂ ਪਹਿਨੇ
ਹੋਏ ਵੀ ਆਪਸ ਵਿਚ ਦੌੜਾਂ ਲਾਉਂਦੇ। ਕੰਬਲ ਜਾਂ ਕੁੜਤੇ ਦੀ ਗੇਂਦ ਬਣਾ ਕੇ
ਫੁੱਟਬਾਲ ਖੇਡਦੇ। ਨੀਰਸ ਤੇ ਬੇਰੰਗ ਜਿ਼ੰਦਗੀ ਵਿਚ ਰੰਗ ਭਰਨ ਦਾ ਇਸਤੋਂ
ਵਧੀਆ ਤਰੀਕਾ ਤੇ ਸਲੀਕਾ ਹੋਰ ਕੀ ਹੋ ਸਕਦਾ ਸੀ! ਤ੍ਰਿਲੋਕੀ ਨਾਥ
ਚੱਕ੍ਰਵਰਤੀ ‘ਜੇਲ੍ਹ ਵਿਚ ਤੀਹ ਵਰ੍ਹੇ’ ਨਾਂ ਦੀ ਕਿਤਾਬ ਵਿਚ ਲਿਖਦੇ ਹਨ:
ਅਸੀਂ ਲੋਕ ਭਾਰਤ ਦੇ ਭਵਿੱਖ ਦੇ ਬਾਰੇ ਵਿਚ ਕਦੇ-ਕਦੇ ਬਹਿਸ ਕਰਦੇ ਸੀ-ਦੇਸ਼
ਆਜ਼ਾਦ ਹੋਣ ‘ਤੇ ਸਰਕਾਰ ਕਿਹੋ ਜਿਹੀ ਬਣੇਗੀ, ਰਾਜਧਾਨੀ ਕਿੱਥੇ ਹੋਵੇਗੀ,
ਰਾਸ਼ਟਰ ਭਾਸ਼ਾ ਕਿਹੜੀ ਹੋਵੇਗੀ ਆਦਿ। ਸਾਡੇ ਲੋਕਾਂ ਵਿਚ ਹਿੰਸਾ-ਅਹਿੰਸਾ,
ਸ਼ਾਕਾਹਾਰੀ-ਮਾਸਾਹਾਰੀ ਖਾਣੇ ਨੂੰ ਲੈ ਕੇ ਬਹਿਸ ਹੁੰਦੀ ਸੀ। ਮਾਸਾਹਾਰੀ
ਭੋਜਨ ਨੂੰ ਲੈ ਕੇ ਕੇਸਰ ਸਿੰਘ ਕਿਹਾ ਕਰਦੇ ਸੀ ਕਿ ਅਸੀਂ ਮਾਸ-ਮੱਛੀ ਕਿਉਂ
ਨਾ ਖਾਈਏ? ਇਸ ਨਾਲ ਦੇਸ਼ ਦਾ ਕੀ ਉਪਕਾਰ ਹੋ ਰਿਹਾ ਹੈ ਕਿ ਉਸ ਨੂੰ ਨਾ ਖਾਣ
ਨਾਲ ਦੇਸ਼ ਦਾ ਉਪਕਾਰ ਹੋਵੇਗਾ। ਬੱਕਰੇ ਦੀ ਅਗਰ ਜੱਜ ਜਾਂ ਮੈਜਿਸਟ੍ਰੇਟ ਬਣਨ
ਦੀ ਸੰਭਾਵਨਾ ਹੁੰਦੀ ਜਾਂ ਅਗਰ ਉਹ ਦੇਸ਼ ਭਗਤ ਬਣ ਕੇ ਦੇਸ਼ ਦੀ ਆਜ਼ਾਦੀ ਲਈ ਲੜ
ਸਕਦਾ ਤਾਂ ਉਸ ਨੂੰ ਮਾਰ ਕੇ ਪੇਟ ਭਰਨਾ ਅਨਿਆਏ ਹੁੰਦਾ। ਜਦ ਅਜਿਹੀ ਕੋਈ
ਸੰਭਾਵਨਾ ਨਹੀਂ ਹੈ ਤਾਂ ਉਸ ਨੂੰ ਕਿਉਂ ਨਾ ਖਾਧਾ ਜਾਏ। ਇਹ ਸਾਡੇ ਖਾਣ ਲਈ
ਹੀ ਤਾਂ ਬਣਾਏ ਗਏ ਨੇ।”
ਜੇਲ੍ਹਾਂ ਵਿਚਲੇ ਕੈਦੀਆਂ ਬਾਰੇ ਸਮਾਜ ਵਿਗਿਆਨੀਆਂ ਤੇ ਮਨੋਵਿਗਿਆਨੀਆਂ ਦਾ
ਆਮ ਮੱਤ ਹੈ ਕਿ ਜੇਲ੍ਹ ਵਿਚ ਜਾ ਕੇ ਆਦਮੀ ਦੇ ਆਪਣੇ ਦੁਆਲੇ ਲਪੇਟੇ ਸਾਰੇ
ਸਮਾਜਿਕ-ਸਭਿਆਚਾਰਕ ਪਰਦੇ ਉੱਤਰ ਜਾਂਦੇ ਹਨ ਤੇ ਉਹਦਾ ਕਿਰਦਾਰ ਉਹਦੀ ਮੂਲ
ਹਸਤੀ ਸਮੇਤ ਉਜਾਗਰ ਹੋ ਜਾਂਦਾ ਹੈ। ਜਿਹੜੀਆਂ ਮਾਨਵੀ ਕਮਜ਼ੋਰੀਆਂ ਨੂੰ
ਲੁਕਾ ਕੇ ਉਹ ਬਾਹਰਲੇ ਸਮਾਜ ਵਿਚ ਵਿਚਰਦਾ ਰਿਹਾ ਹੁੰਦਾ ਹੈ ਤੇ ਆਪਣੇ
‘ਬੀਬੇ-ਰਾਣੇ ਤੇ ਸਿਆਣੇ ਹੋਣ’ ਦਾ ਓਹਲਾ ਸਿਰਜੀ ਰੱਖਦਾ ਹੈ, ਓਹੀ
ਕਮਜ਼ੋਰੀਆਂ ਜੇਲ੍ਹ ਵਿਚ ਆ ਕੇ ਆਪਣੀਆਂ ਸਾਰੀਆਂ ਪਰਤਾਂ ਸਮੇਤ ਖੁੱਲ੍ਹਣੀਆਂ
ਸ਼ੁਰੂ ਹੋ ਜਾਂਦੀਆਂ ਹਨ। ਬਾਹਰ ‘ਵੱਡਿਆਂ’ ਮਸਲਿਆਂ ਲਈ ਲੜਨ ਵਾਲੇ ‘ਵੱਡੇ’
ਦਿਸਣ ਵਾਲੇ ਬੰਦੇ ਜੇਲ੍ਹ ਵਿਚ ਆ ਕੇ ‘ਛੋਟੇ’ ਬਣ ਜਾਂਦੇ ਹਨ। ਉਹਨਾਂ ਦੀਆਂ
ਕਮਜ਼ੋਰੀਆਂ ਲਿਸ਼ਕ ਉੱਠਦੀਆਂ ਹਨ। ਪਰ ਅਸ਼ਕੇ ਉਹਨਾਂ ਦੇਸ਼-ਭਗਤਾਂ ਦੇ
ਜਿਨ੍ਹਾਂ ਕਾਲੇ ਪਾਣੀਆਂ ਦੀ ਹਨੇਰੀ ਜਿ਼ੰਦਗੀ ਵਿਚ ਹਿੰਮਤ ਤੇ ਹੌਸਲੇ ਦੇ
ਚਿਰਾਗ਼ ਬਾਲੀ ਰੱਖੇ। ਜ਼ੁਲਮ-ਜਬਰ ਦੇ ਪਹਾੜੀ ਭਾਰ ਆਪਣੀਆਂ ਛਾਤੀਆਂ ‘ਤੇ
ਪੂਰੇ ਦਿਲ-ਗੁਰਦੇ ਨਾਲ ਠੱਲੀ ਰੱਖੇ। ਬਲਦੀਆਂ ਭੱਠੀਆਂ ਵਿਚ ਉਹ
ਕੱਖਾਂ-ਕਾਨਾਂ ਵਾਂਗ ਬਲ ਕੇ ਬੁਝ ਜਾਣ ਦੀ ਥਾਂ ਕੁਠਾਲੀ ਵਿਚ ਪਏ ਸੋਨੇ
ਵਾਂਗ ਹੋਰ ਵੀ ਕੁੰਦਨ ਹੋ ਕੇ ਨਿਕਲੇ। ਉਹਨਾਂ ਦੇ ਏਸੇ ਸਿਰੜ੍ਹ, ਸਿਦਕ,
ਜੇਰੇ ਅਤੇ ਅਜਿੱਤ ਰਹਿਣ ਦੀ ਤਾਕਤ ਨੇ ਜੇਲ੍ਹ ਅਧਿਕਾਰੀਆਂ ਨੂੰ ਹਾਰ ਮੰਨਣ
ਲਈ ਮਜਬੂਰ ਕਰ ਦਿੱਤਾ। ਜੇਲ੍ਹਰ ਬੈਰੀ ਨੇ ਹੱਥ ਖੜੇ ਕਰ ਜਾਣ ਵਾਲੀ ਸਥਿਤੀ
ਵਿਚ ਆ ਕੇ ਜੇਲ੍ਹ ਦਾ ਪਰਬੰਧ ਕਿਸੇ ਹੋਰ ਨੂੰ ਦੇਣ ਦੀ ਬੇਨਤੀ ਕਰਕੇ ਛੁੱਟੀ
ਪਾ ਲਈ। ਉਸਤੋਂ ਪਿੱਛੋਂ ਆਉਣ ਵਾਲੇ ਜੇਲ੍ਹਰ ਮਿਸਟਰ ਡਿਗਨ ਨੇ ਪਹਿਲੇ
ਜੇਲ੍ਹਰ ਦੇ ਤਜਰਬੇ ਤੋਂ ਸਿੱਖਦਿਆਂ ਆਪਣੇ ਵਿਹਾਰ ਨੂੰ ਬੈਰੀ ਤੋਂ ਵੱਖਰਾ
ਰੱਖ ਕੇ ਤੇ ਕੈਦੀਆਂ ਨਾਲ ਸਹਿਯੋਗ ਨਾਲ ਚੱਲਣ ਦਾ ਫ਼ੈਸਲਾ ਕਰਕੇ ਜੇਲ੍ਹ ਦੇ
ਵਾਤਾਵਰਣ ਨੂੰ ਸੁਖਾਵਾਂ ਬਣਾ ਲਿਆ।
ਸੈਲੂਲਰ ਜੇਲ੍ਹ ਦੇ ਨਰਕੀ ਹਾਲ-ਹਵਾਲ ਪਹਿਲਾਂ ‘ਰੋਜ਼ਾਨਾ ਬੰਗਾਲੀ’ ਵਿਚ
ਛਪਣ ਅਤੇ ਉਸਤੋਂ ਬਾਅਦ ‘ਮਾਡਰਨ ਰਿਵਿਊ’ ਵਿਚ ਪ੍ਰਕਾਸਿ਼ਤ ਹੋਣ ਨਾਲ ਸਾਰੇ
ਦੇਸ਼ ਵਿਚ ਰੌਲਾ ਪੈ ਗਿਆ। ਮਜਬੂਰ ਹੋ ਕੇ ਸਰਕਾਰ ਨੂੰ ਜੇਲ੍ਹ ਦੇ ਹਾਲਾਤ
ਦਾ ਅਧਿਅਨ ਕਰਨ ਲਈ ਕਮਿਸ਼ਨ ਨੂੰ ਭੇਜਣਾ ਪਿਆ। ਕੈਦੀਆਂ ਤੋਂ ਮਿਲੀ
ਜਾਣਕਾਰੀ ਦੇ ਆਧਾਰ ‘ਤੇ ਕਮਿਸਨ ਨੇ ਜੇਲ੍ਹ ਦੀ ਮਾੜੀ ਹਾਲਤ ਦੀ ਰੀਪੋਰਟ
ਕੀਤੀ ਤਾਂ ਸਰਕਾਰ ਨੇ ਜੇਲ੍ਹ ਨੂੰ ਤੋੜਨ ਤੇ ਰਾਜਸੀ ਕੈਦੀਆਂ ਨੂੰ ਦੇਸ਼
ਦੀਆਂ ਵੱਖ ਵੱਖ ਜੇਲ੍ਹਾਂ ਵਿਚ ਭੇਜਣ ਦਾ ਐਲਾਨ ਕਰ ਦਿੱਤਾ। ਦੂਜੀ ਜੰਗ ਦੇ
ਖ਼ਾਤਮੇ ‘ਤੇ ਸਰਕਾਰ ਨੇ ਬਹੁਤ ਸਾਰੇ ਕੈਦੀਆਂ ਨੂੰ ਰਿਹਾ ਕਰਨ ਦਾ ਵੀ
ਫ਼ੈਸਲਾ ‘ਸ਼ਾਹੀ ਐਲਾਨ’ ਰਾਹੀਂ ਕਰ ਦਿੱਤਾ। ਇੰਝ ਲੰਮੀਆਂ ਕੈਦਾਂ ਵਾਲੇ
ਰਾਜਸੀ ਕੈਦੀਆਂ ਨੂੰ ਦੇਸ਼ ਦੀਆਂ ਵੱਖ ਵੱਖ ਜੇਲ੍ਹਾਂ ਵਿਚ ਭੇਜ ਦਿੱਤਾ
ਜਿੱਥੇ ਉਹਨਾਂ ਓਸੇ ਹੀ ਮਾਣ ਤੇ ਸ਼ਾਨ ਨਾਲ ਆਪਣੀਆਂ ਕੈਦਾਂ ਭੋਗੀਆਂ। ਇਹ
ਵੱਖਰੀ ਗੱਲ ਹੈ ਕਿ ਜੇਲ੍ਹ ਤੋੜਨ ਦੇ ਐਲਾਨ ਤੋਂ ਪਿੱਛੋਂ ਵੀ ਰਾਜਸੀ ਕੈਦੀ
ਅੰਡੇਮਾਨ ਭੇਜੇ ਜਾਂਦੇ ਰਹੇ।
ਬਾਬਾ ਗੁਰਮੁਖ ਸਿੰਘ ਲਲਤੋਂ ਨੂੰ ਵੀ 1919 ਵਿਚ ਹੋਏ ‘ਸ਼ਾਹੀ ਐਲਾਨ’ ਤੋਂ
ਬਾਅਦ ਉਮਰ ਕੈਦ ਦੀ ਰਹਿੰਦੀ ਸਜ਼ਾ ਕੱਟਣ ਲਈ ਦੇਸ਼ ਭੇਜ ਦਿੱਤਾ ਗਿਆ ਸੀ ਪਰ
ਉਹ ਇਕ ਜੇਲ੍ਹ ਤੋਂ ਦੂਜੀ ਵਿਚ ਤਬਦੀਲ ਕੀਤੇ ਜਾਣ ਸਮੇਂ ਹੱਥਕੜੀਆਂ ਤੇ
ਬੇੜੀਆਂ ਸਮੇਤ ਫ਼ਰਾਰ ਹੋ ਗਏ ਸਨ। ਜਦੋਂ ਉਹਨਾਂ ਨੂੰ 1937 ਵਿਚ ਦੋਬਾਰਾ
ਗ੍ਰਿਫ਼ਤਾਰ ਕੀਤਾ ਤਾਂ ਬਣਦੀ ਕੈਦ ਕੱਟਣ ਲਈ ਮੁੜ ਅੰਡੇਮਾਨ ਭੇਜ ਦਿੱਤਾ।
ਬਾਬਾ ਜੀ ਅਨੁਸਾਰ, ‘ਸਾਡਾ ਸਾਰਿਆਂ ਦਾ ਖਿ਼ਆਲ ਸੀ ਕਿ ਇਹ ਕਾਲੇ ਪਾਣੀ ਦੀ
ਜੇਲ੍ਹ ਅੱਗੇ ਤੋਂ ਰਾਜਸੀ ਕੈਦੀਆਂ ਲਈ ਹਮੇਸ਼ਾ ਵਾਸਤੇ ਬੰਦ ਕਰ ਦਿੱਤੀ ਗਈ
ਹੈ, ਪਰ ਪਿਛੋਂ ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦ ਮੈਨੂੰ ਦੁਬਾਰਾ,
ਲਾਹੌਰ ਤੋਂ ਪਕੜ ਕੇ ਮੁੜ ਕਾਲੇ ਪਾਣੀ ਹੀ ਭੇਜਿਆ ਗਿਆ। ਉਥੇ ਜਾ ਕੇ ਮੈਂ
ਡਿੱਠਾ ਕਿ ਅੰਗਰੇਜ਼ ਨੇ ਕਈ ਦਰਜਨਾਂ ਪੰਜਾਬੀ, ਬੰਗਾਲੀ, ਬਿਹਾਰੀ ਅਤੇ
ਯੂ.ਪੀ. ਦੇ ਸਾਥੀਆਂ ਨੂੰ ਅਜੇ ਵੀ ਉਥੇ ਡਕਿਆ ਹੋਇਆ ਸੀ। ਪਰ ਪਹਿਲੀ ਕਾਲੇ
ਪਾਣੀ ਦੀ ਜੇਲ੍ਹ ਤੋਂ ਹੁਣ ਦੀ ਹਾਲਤ ਦਾ ਨਕਸ਼ਾ ਕਾਫ਼ੀ ਵਖਰਾ ਸੀ। ਹੁਣ ਸਾਰੇ
ਰਾਜਸੀ ਕੈਦੀ ਆਜ਼ਾਦੀ ਨਾਲ ਇਕ ਦੂਜੇ ਨਾਲ ਮਿਲ ਗਿਲ ਸਕਦੇ ਸਨ, ਉਨ੍ਹਾਂ ਤੋਂ
ਕੋਈ ਸਖ਼ਤ ਜਿਸਮਾਨੀ ਮੁਸ਼ੱਕਤ ਵੀ ਨਹੀਂ ਸੀ ਲਈ ਜਾਂਦੀ, ਜੇਲ੍ਹ ਵਿਚ ਰੌਸ਼ਨੀ
ਦਾ ਪ੍ਰਬੰਧ ਵੀ ਸੀ ਅਤੇ ਮਿੱਠਾ ਪਾਣੀ ਜੋ ਪਹਿਲਾਂ ਪੀਣ ਵਾਸਤੇ ਤੋਲਵਾਂ
ਮਿਲਦਾ ਸੀ ਹੁਣ ਆਮ ਵਰਤਿਆ ਜਾਂਦਾ ਸੀ। ਇਸ ਦੇ ਬਾਵਜੂਦ ਤਦੋਂ ਦੇ ਰਾਜਸੀ
ਕੈਦੀਆਂ ਨੇ ਇਹ ਪ੍ਰਣ ਕਰ ਲਿਆ ਕਿ ਜ਼ਾਰ ਦੇ ਦੋਜ਼ਖ਼ੀ ਸਾਇਬੇਰੀਆ ਸਮਾਨ
ਅੰਡੇਮਾਨ ਦੀ ਇਸ ਜੇਲ੍ਹ ਨੂੰ ਰਾਜਸੀ ਕੈਦੀਆਂ ਦੀ ਜੇਲ੍ਹ ਦੇ ਤੌਰ ‘ਤੇ
ਵਰਤੇ ਜਾਣ ਤੋਂ ਉਹ ਸਦਾ ਲਈ ਬੰਦ ਕਰਾ ਕੇ ਹੀ ਦਮ ਲੈਣਗੇ।’
‘ਉਸ ਸਮੇਂ ਚਿਟਾਗਾਂਗ ਕੇਸ ਦੇ ਬਹਾਦਰ ਬੰਗਾਲੀ, ਭਗਤ ਸਿੰਘ ਕੇਸ ਦੇ
ਪੰਜਾਬੀ ਅਤੇ ਹਿੰਦੁਸਤਾਨੀ, ਉਟਾਕਮੰਡ ਡਕੈਤੀ ਕੇਸ ਦੇ ਬਹਾਦਰ ਹਜ਼ਾਰਾ ਸਿੰਘ
ਜਿਸ ਨੂੰ ਪਿਛੋਂ ਟਾਟਾ ਨਗਰ ਵਿਚ ਸ. ਬਲਦੇਵ ਸਿੰਘ ਦੀ ਕਾਰ ਹੇਠ ਦੇ ਕੇ
ਮਾਰ ਦਿੱਤਾ ਗਿਆ ਸੀ-ਆਦਿਕ ਅਜਿਹੇ ਸਾਥੀਆਂ ਨੇ ਸਖ਼ਤ ਜਦੋ ਜਹਿਦ ਕਰਕੇ ਛੇ
ਮਹੀਨੇ ਦੇ ਅੰਦਰ ਅੰਦਰ ਹੀ ਇਹ ਜੇਲ੍ਹ ਬੰਦ ਕਰਵਾ ਦਿੱਤੀ। ਉਸ ਤੋਂ ਪਿਛੋਂ
ਅੰਗਰੇਜ਼ੀ ਸਰਕਾਰ ਨੇ ਅੰਡੇਮਾਨ ਵਿਚ ਰਾਜਸੀ ਕੈਦੀਆਂ ਨੂੰ ਭੇਜਣ ਦਾ ਵਿਚਾਰ
ਸਦਾ ਲਈ ਤਿਆਗ ਦਿੱਤਾ।’
ਰਾਜਸੀ ਕੈਦੀਆਂ ਨੂੰ ਇਕ ਵਾਰ ਦੇਸ਼ ਦੀਆਂ ਜੇਲ੍ਹਾਂ ਵਿਚ ਭੇਜਣ ਦਾ ਫ਼ੈਸਲਾ
ਲੈਣ ਤੋਂ ਬਾਅਦ ਵੀ ਵੱਖ ਵੱਖ ਇਨਕਲਾਬੀ ਤਹਿਰੀਕਾਂ ਦੇ ਕਾਰਕੁਨਾਂ ਨੂੰ
ਅੰਡੇਮਾਨ ਭੇਜਿਆ ਜਾਂਦਾ ਰਿਹਾ। ਇਹਨਾਂ ਵਿਚ ਬੱਬਰ ਅਕਾਲੀ ਲਹਿਰ, ਭਗਤ
ਸਿੰਘ ਦੇ ਸਾਥੀਆਂ ਦੀ ਲਹਿਰ, ਕਮਿਊਨਿਸਟ ਲਹਿਰ ਆਦਿ ਨਾਲ ਸੰਬੰਧਤ ਕੈਦੀਆਂ
ਸਮੇਤ ਇਖ਼ਲਾਕੀ ਕੈਦੀਆਂ ਨੂੰ ਅੰਡੇਮਾਨ ਭੇਜਣ ਦੇ ਹਵਾਲੇ ਮਿਲਦੇ ਹਨ।
ਅਸਲ ਵਿਚ ਅੰਗਰੇਜ਼ ਸਰਕਾਰ ਇਸ ਬਸਤੀ ਨੂੰ ਆਬਾਦ ਕਰਨਾ ਚਾਹੁੰਦੀ ਸੀ। ਇਸ
ਮਕਸਦ ਲਈ ਉਹਨਾਂ ਨੂੰ ਏਥੋਂ ਦੇ ਜੰਗਲਾਂ ਨੂੰ ਕੱਟਣ, ਜ਼ਮੀਨਾਂ ਨੂੰ ਪੱਧਰਾ
ਕਰਨ ਤੇ ਸਵਾਰਨ ਆਦਿ ਜਿਹੇ ਲੰਮੇ ਤੇ ਮੁਸ਼ਕਲਾਂ ਭਰੇ ਕੰਮ ਕਰਨ ਲਈ ਆਦਮੀਆਂ
ਦੀ ਜ਼ਰੂਰਤ ਸੀ। ਉਹ ਇਸ ਮਕਸਦ ਲਈ ਕੈਦੀਆਂ ਦੀ ਵਰਤੋਂ ਕਰਨਾ ਚਾਹੁੰਦੇ ਸਨ।
ਸਰਕਾਰ ਦਾ ਇਹ ਵੀ ਉਦੇਸ਼ ਸੀ ਕਿ ਏਥੇ ਆਏ ਕੈਦੀ ਏਥੇ ਹੀ ਪਰਿਵਾਰਾਂ ਸਮੇਤ
ਵੱਸ ਜਾਣ। ਮਾਰਚ 1927 ਵਿਚ ਤਾਂ ਸਰਕਾਰ ਨੇ ਇਹ ਕਾਨੂੰਨ ਹੀ ਪਾਸ ਕਰ
ਦਿੱਤਾ ਕਿ ਕਾਲੇ ਪਾਣੀ ਦੀ ਸਜ਼ਾ-ਯਾਫ਼ਤਾ ਜਿਹੜਾ ਕੈਦੀ ਪੱਕੇ ਤੌਰ ‘ਤੇ
ਓਥੇ ਆਬਾਦ ਹੋਣਾ ਚਾਹੁੰਦਾ ਹੈ, ਉਹ ਆਪਣੇ ਪਰਿਵਾਰ ਨੂੰ ਵੀ ਮੰਗਵਾ ਸਕਦਾ
ਹੈ। ਸਰਕਾਰ ਨੇ ਇਹ ਵੀ ਛੋਟ ਦਿੱਤੀ ਕਿ ਆਬਾਦ ਹੋਣ ਦਾ ਫ਼ੈਸਲਾ ਕਰਨ ਵਾਲੇ
ਕੈਦੀ ਦੀ ਬਾਕੀ ਸਜ਼ਾ ਵੀ ਮੁਆਫ਼ ਕਰ ਦਿੱਤੀ ਜਾਵੇਗੀ ਤੇ ਸਰਕਾਰੀ ਖ਼ਰਚੇ
‘ਤੇ ਉਹਦੀ ਪਤਨੀ ਤੇ ਬਾਲ-ਬੱਚੇ ਵੀ ਅੰਡੇਮਾਨ ਪਹੁੰਚਾ ਦਿੱਤੇ ਜਾਣਗੇ; ਨਾਲ
ਹੀ ਨਵਾਂ ਕੰਮ-ਧੰਦਾ ਸ਼ੁਰੂ ਕਰਨ ਵਾਸਤੇ ਆਰਥਿਕ ਸਹਾਇਤਾ ਵੀ ਦਿੱਤੀ
ਜਾਵੇਗੀ। ਕਈ ਕੈਦੀ ਸਰਕਾਰ ਦੇ ਇਸ ਝਾਸੇ ਵਿਚ ਵੀ ਆ ਗਏ ਤੇ ਉਹਨਾਂ ਨੇ
ਆਪਣੇ ਟੱਬਰ ਵੀ ਅੰਡੇਮਾਨ ਬੁਲਾ ਲਏ। ਪਰ ਓਥੇ ਆਬਾਦ ਹੋਣ ਵਾਲੇ ਕੈਦੀਆਂ ਦੀ
ਹਾਲਤ ਦਾ ਵਰਨਣ ਇਕ ਖ਼ਤ ਵਿਚੋਂ ਭਲੀ-ਭਾਂਤ ਹੋ ਜਾਂਦਾ ਹੈ, ਜਿਹੜਾ ਕਿਸੇ
ਇਖ਼ਲਾਕੀ ਕੈਦੀ ਨੇ ਲਿਖਿਆ ਸੀ। ਪਹਿਲਾਂ ‘ਕਿਰਪਾਨ ਬਹਾਦਰ’ ਤੇ ਪਿੱਛੋਂ
‘ਕਿਰਤੀ’ ਦੇ ਨਵੰਬਰ 1927 ਦੇ ਪਰਚੇ ਵਿਚ ਛਪੇ ਇਸ ਖ਼ਤ ਦਾ ਹਵਾਲਾ ਸ਼੍ਰੀ
ਚਿਰੰਜੀ ਲਾਲ ਦੀ ਲਿਖਤ ਵਿਚ ਇਸ ਪ੍ਰਕਾਰ ਦਿੱਤਾ ਗਿਆ ਹੈ, ‘
‘‘ਅੱਜ ਤੱਕ ਪੰਜਾਬ ਦੇ ਜੇਲ੍ਹਖਾਨਿਆਂ ਵਿਚ ਕਾਲੇ ਪਾਣੀ (ਅੰਡੇਮਾਨ) ਦੇ
ਸੋਹਲੇ ਗਾਏ ਜਾਂਦੇ ਹਨ ਕਿ ਇਥੇ ਬੜਾ ਸੁੱਖ ਹੈ। ਇਥੇ ਰਹਿਣ ਵਾਲੇ ਕੈਦੀਆਂ
ਨੂੰ ਕਿਸੇ ਕਿਸਮ ਦੀ ਤਕਲੀਫ਼ ਨਹੀਂ। ਇਸੇ ਕਰਕੇ ਕਈ ਲੰਮੀਆਂ ਕੈਦਾਂ ਵਾਲੇ
ਵੀਰ ਆਪ ਬੋਲ ਬੋਲ ਕਾਲੇ ਪਾਣੀ ਨੂੰ ਆ ਜਾਂਦੇ ਹਨ। ਹੇਠਾਂ ਮੈਂ ਹੁਣ ਕੁਝ
ਉਹ ਹਾਲ ਲਿਖਦਾ ਹਾਂ ਜਿਨ੍ਹਾਂ ਤੋਂ ਆਮ ਪਬਲਿਕ ਨੂੰ ਪਤਾ ਲਗ ਜਾਊ ਕਿ ਕਾਲੇ
ਪਾਣੀ ਸੁਖਾਂ ਦਾ ਘਰ ਹੈ ਕਿ ਨਰਕਾਂ ਦਾ ਕੁੰਭ ਹੈ। ਇਥੋਂ ਦੇ ਕੈਦੀਆਂ ਨੂੰ
ਸਾਰਾ ਸਾਰਾ ਦਿਨ ਮਜ਼ਦੂਰੀ ਕਰਨ ਬਦਲੇ ਦਸ ਰੁਪਏ ਮਹੀਨਾ ਮਿਲਦੇ ਹਨ। ਇਨ੍ਹਾਂ
ਦਸਾਂ ਰੁਪਈਆਂ ਵਿਚ ਉਹ ਰੋਟੀ ਖਾਣ ਜਾਂ ਕਪੜੇ ਪਾਣ? ਇਸ ਥਾਂ ਆਟਾ ਚਾਰ ਸੇਰ
ਰੁਪਏ ਦਾ ਮਿਲਦਾ ਹੈ, ਇਸੇ ਤਰ੍ਹਾਂ ਚਾਉਲ ਭੀ ਚਾਰ ਰੁਪਏ ਸੇਰ ਮਿਲਦੇ ਹਨ,
ਕਪੜਾ ਬਹੁਤ ਮਹਿੰਗਾ ਹੈ। ਇਕ ਕੁੜਤੇ ਦੀ ਸਵਾਈ ਰੁਪੈਆ, ਬਾਰਾਂ ਆਨੇ ਲਗਦੇ
ਹਨ। ਹੁਣ ਤੁਸੀਂ ਵਿਚਾਰੋ ਕਿ ਕੈਦੀ ਇਨ੍ਹਾਂ ਦਸਾਂ ਰੁਪਿਆ ਨਾਲ ਕਿਵੇਂ
ਗੁਜ਼ਾਰਾ ਕਰਨ? ਜਿਸ ਤੋਂ ਤੰਗ ਆ ਕੇ ਇਹ ਕੈਦੀ ਸ਼ਰਾਬ ਕੱਢਣ ਲੱਗ ਜਾਂਦੇ ਹਨ
ਜਿਸ ‘ਤੇ ਹੋਰ ਕੈਦ ਵਧ ਜਾਂਦੀ ਹੈ। ਪਹਿਲੇ ਪਹਿਲੇ ਜਿਨ੍ਹਾਂ ਕੈਦੀਆਂ ਨੇ
ਆਪਣੀਆਂ ਔਰਤਾਂ ਮੰਗਵਾਈਆਂ ਹੋਈਆਂ ਸਨ, ਉਨ੍ਹਾਂ ਨੂੰ ਪੰਜ ਰੁਪਏ ਤੇ ਦੋ
ਰੁਪਏ ਬੱਚੇ ਪਿਛੇ ਮਿਲਦੇ ਸਨ, ਪਰ ਹੁਣ ਉਹ ਭੀ ਬੰਦ ਕੀਤੇ ਗਏ ਹਨ ਅਤੇ ਕੁਲ
ਗਿਆਰਾਂ ਰੁਪਏ ਹੀ ਮਿਲਣਗੇ ਚਾਹੇ ਕਿੰਨੇ ਬੱਚੇ ਔਰਤ ਨਾਲ ਹੋਣ। ਜੋ ਜੋ ਕੰਮ
ਇਨ੍ਹਾਂ ਔਰਤਾਂ ਨੂੰ ਕਰਨੇ ਪੈਂਦੇ ਉਨ੍ਹਾਂ ਨੂੰ ਇਥੇ ਲਿਖਦਿਆਂ ਮੇਰਾ
ਕਾਲਜਾ ਮੂੰਹ ਨੂੰ ਆਉਂਦਾ ਹੈ ਔਰ ਕਲਮ ਰੁਕਦੀ ਹੈ, ਸੀਨਾ ਫਟਦਾ ਹੈ, ਅੱਖਾਂ
ਵਿਚੋਂ ਹੰਝੂ ਵਗਦੇ ਹਨ। ਇਨ੍ਹਾਂ ਭੈਣਾਂ ਪਾਸੋਂ ਉਹ ਉਹ ਕੰਮ ਕਰਵਾਏ ਜਾਂਦੇ
ਹਨ ਜਿਨ੍ਹਾਂ ਕੰਮਾਂ ਕਰਕੇ ਹਿੰਦੁਸਤਾਨੀਆਂ ਦੀ ਅਣਖ ਮਿੱਟੀ ਵਿਚ ਮਿਲਦੀ
ਹੈ। ਇਥੋਂ ਦੇ ਕੈਦੀਆਂ ਲਈ ਇਹ ਭੀ ਹੁਕਮ ਹੈ ਕਿ ਜੇ ਉਹ ਬਾਹਰ ਕੰਮ ਕਰਨਾ
ਚਾਹੁਣ ਤਾਂ ਕੁਝ ਸਮੇਂ ਬਾਅਦ ਉਨ੍ਹਾਂ ਨੂੰ ਛੁੱਟੀ ਦਿੱਤੀ ਜਾਵੇ ਤਾਂ ਕਿ
ਉਹ ਸ਼ਹਿਰ ਵਿਚ ਆਪਣਾ ਕੰਮ ਕਰਕੇ ਖਾਣ ਪਰ ਛੁੱਟੀ ਮੰਗਣ ‘ਤੇ ਉਨ੍ਹਾਂ ਨੂੰ
ਉਲਟਾ ਜੇਲ੍ਹ ਬੰਦ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਜਿਹੜੀਆਂ ਤੀਵੀਂਆਂ
ਦੇਸ਼ੋਂ ਆਪਣੇ ਪਤੀਆਂ ਪਾਸ ਆਉਂਦੀਆਂ ਹਨ, ਉਨ੍ਹਾਂ ਔਰਤਾਂ ਦੀ ਡਾਕਟਰੀ ਇਕ
ਗੋਰਾ ਡਾਕਟਰ ਕਰਦਾ ਹੈ, ਅਤੇ ਇਹ ਡਾਕਟਰੀ ਅਲਫ਼ ਨੰਗੀਆਂ ਕਰਕੇ ਕੀਤੀ ਜਾਂਦੀ
ਹੈ। ਇਸ ਤਰ੍ਹਾਂ ਜਦੋਂ ਕਿਸੇ ਤੀਵੀਂ ਨੂੰ ਇਧਰ ਗਰਭ ਹੋ ਜਾਵੇ ਜਾਂ ਗਰਭ
ਵਿਚ ਨੁਕਸ ਪੈ ਜਾਵੇ ਉਦੋਂ ਭੀ ਉਨ੍ਹਾਂ ਦਾ ਇਲਾਜ ਗੋਰਾ ਡਾਕਟਰ ਕਰਦਾ ਹੈ
ਜਿਸ ਦੇ ਕਾਰਨ ਕਈ ਹਿੰਦੀ ਤੀਵੀਆਂ ਤੜਫ ਤੜਫ ਕੇ ਮਰ ਜਾਂਦੀਆਂ ਹਨ।‘‘
(ਕਿਰਤੀ, ਅੰਮ੍ਰਿਤਸਰ ਪੰਨਾ 28)
ਇਹ ਵੀ ਠੀਕ ਹੈ ਕਿ ਇਸ ਸਮੇਂ ਜੇਲ੍ਹ ਦਾ ਪਰਬੰਧ ਭਾਵੇਂ ਪਹਿਲਾਂ ਵਾਂਗ
ਮਾੜਾ ਤੇ ਸਖ਼ਤ ਨਹੀਂ ਸੀ ਤਦ ਵੀ ਇਹ ਬਹੁਤ ਹੱਦ ਤੱਕ ਗ਼ੈਰ-ਇਨਸਾਨੀ ਅਤੇ
ਅਪਮਾਨਤ ਕਰਨ ਵਾਲਾ ਸੀ। ਏਸੇ ਲਈ ਗ਼ਦਰੀਆਂ ਤੋਂ ਪਿੱਛੋਂ ਏਥੇ ਆਉਣ ਵਾਲੇ
ਇਨਕਲਾਬੀਆਂ ਨੂੰ ਵੀ ਆਪਣਾ ਮਾਣ-ਸਨਮਾਨ ਤੇ ਵੱਕਾਰ ਬਹਾਲ ਰੱਖਣ ਦੇ ਨਾਲ
ਨਾਲ ਹੱਕੀ ਮੰਗਾਂ ਲਈ ਲੜਾਈਆਂ ਲੜਨੀਆਂ ਪੈਂਦੀਆਂ ਰਹੀਆਂ। ਬੱਬਰਾਂ ਨੇ 28
ਦਿਨ ਦੀ ਲੰਮੀ ਭੁੱਖ ਹੜਤਾਲ ਕੀਤੀ। ਇਸ ਹੜਤਾਲ ਨੂੰ ਕਰਨ ਤੇ ਉਪਰੰਤ
ਪ੍ਰਾਪਤ ਸਿੱਟਿਆਂ ਨੂੰ ਜਾਨਣ ਲਈ ਸ੍ਰੀ ਚਿਰੰਜੀ ਲਾਲ ਵੱਲੋਂ ਦਿੱਤਾ ਹਵਾਲਾ
ਪੜ੍ਹਨਾ ਯੋਗ ਹੋਵੇਗਾ:
‘ਭਾਈ ਕਰਮ ਸਿੰਘ ਝਿੰਗੜ ਵਾਲੇ ਗਰੁੱਪ ਦੇ ਪੁੱਜਣ ਬਾਅਦ ਕਾਲੇ ਪਾਣੀ ਜੇਲ੍ਹ
ਵਿਚ ਬੱਬਰ ਅਕਾਲੀਆਂ ਨੇ ਮੁਸ਼ੱਕਤ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਅਤੇ
ਕਿਹਾ ਕਿ ਸਾਨੂੰ ਰਾਜਸੀ ਕੈਦੀਆਂ ਵਾਲੀਆਂ ਸਾਰੀਆਂ ਸਹੂਲਤਾਂ ਮਿਲਣੀਆਂ
ਚਾਹੀਦੀਆਂ ਹਨ। ਉਹਨਾਂ ਨੇ ਇਹ ਵੀ ਕਿਹਾ ਕਿ ਸਰਕਾਰ ਨੇ ਹੁਕਮ ਜਾਰੀ ਕੀਤੇ
ਹਨ ਕਿ ਕਾਲੇ ਪਾਣੀ ਦੀ ਜੇਲ੍ਹ ਵਿਚ ਉਹੋ ਕੈਦੀ ਭੇਜੇ ਜਾਣਗੇ, ਜਿਨ੍ਹਾਂ ਨੇ
ਇਥੇ ਪੱਕੀ ਰਿਹਾਇਸ਼ ਕਰਨੀ ਹੋਵੇ। ਸੋ ਤੁਸੀਂ ਸਾਨੂੰ ਵਾਪਸ ਪੰਜਾਬ ਦੀ ਕਿਸੇ
ਵੀ ਜੇਹਲ ਵਿਚ ਭੇਜ ਦਿਉ, ਕਿਉਂਕਿ ਅਸੀਂ ਇਥੇ ਰਿਹਾਇਸ਼ ਰੱਖਣ ਤੋਂ ਇਨਕਾਰ
ਕਰ ਚੁੱਕੇ ਹਾਂ। ਮੰਗ ਰੱਖਣ ਦੇ ਜਵਾਬ ਵਿਚ ਉਲਟਾ ਡੰਡਾ-ਬੇੜੀਆਂ, ਖੜ੍ਹੀਆਂ
ਹੱਥ-ਕੜੀਆਂ, ਟਾਟ ਵਰਦੀਆਂ ਆਦਿ ਦੀਆਂ ਸਜ਼ਾਵਾਂ ਬੱਬਰਾਂ ਨੂੰ ਉਸੇ ਵੇਲੇ ਹੀ
ਦੇ ਦਿੱਤੀਆਂ ਗਈਆਂ। ਬੱਬਰਾਂ ਨੇ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ। ਮੁਲਤਾਨ
ਜੇਲ੍ਹ ਵਾਂਗ ਕਾਲੇ ਪਾਣੀ ਵਿਚ ਵੀ ਪੂਰੇ 28 ਦਿਨ ਭੁੱਖ ਹੜਤਾਲ ਪੂਰੀ ਸ਼ਾਨ
ਨਾਲ ਜਾਰੀ ਰਹੀ। ਜੇਲ੍ਹ ਅਧਿਕਾਰੀ ਨਾਲੀਆਂ ਰਾਹੀਂ ਖ਼ੁਰਾਕ ਅੰਦਰ ਧਕਦੇ
ਰਹੇ। ਆਖ਼ਰ ਉਥੋਂ ਦਾ ਚੀਫ਼ ਕਮਿਸ਼ਨਰ ਆਪ ਆਉਣ ਲਈ ਮਜਬੂਰ ਹੋ ਗਿਆ। ਬੱਬਰ ਕਰਮ
ਸਿੰਘ ਝਿੰਗੜ ਨਾਲ ਉਸ ਦੀਆਂ ਬੜੀਆਂ ਖੁੱਲ੍ਹ ਕੇ ਗੱਲਾਂ ਹੋਈਆਂ। ਨਤੀਜੇ
ਵਜੋਂ ਬੱਬਰਾਂ ਨੂੰ ਬਾਹਰ ਜਾ ਕੇ ਮੁਸ਼ੱਕਤ ਕਰਨ ਸਮੇਂ ਆਰਾਮ ਕਰਨ ਲਈ
ਮਨਮਰਜ਼ੀ ਦਾ ਕੱਪੜਾ ਨਾਲ ਲਿਜਾਣ ਦੀ ਖੁੱਲ੍ਹ ਹੋ ਗਈ। ਹਫ਼ਤੇ ਪਿਛੋਂ ਨਹਾਉਣ
ਅਤੇ ਧੋਣ ਵਾਲੇ ਸਾਬਣ ਦੀ ਇਕ-ਇਕ ਟਿੱਕੀ, ਇਕ ਛਟਾਂਕ ਸਰ੍ਹੋਂ ਦਾ ਤੇਲ ਅਤੇ
ਰੋਜ਼ਾਨਾ ਡੇਢ ਛਟਾਂਕ ਗੁੜ ਮਿਲਣ ਲੱਗ ਪਿਆ। ਕਿਉਂਕਿ ਦੂਜੇ ਸੂਬਿਆਂ ਵਾਲੇ
ਪੰਜਾਬੀ ਖੁਰਾਕ ਤਿਆਰ ਨਹੀਂ ਸਨ ਕਰ ਸਕਦੇ ਇਸ ਲਈ ਇਨ੍ਹਾਂ ਦਾ ਲੰਗਰ ਵੀ
ਵੱਖਰਾ ਕਰਨ ਦੀ ਮੰਗ ਮੰਨੀ ਗਈ। ਕਮਿਸ਼ਨਰ ਨੇ ਇਹ ਇਕਰਾਰ ਵੀ ਕੀਤਾ ਕਿ ਇਕ
ਸਾਲ ਦੇ ਅੰਦਰ-ਅੰਦਰ ਸਭ ਬੱਬਰ ਕੈਦੀ ਵਾਪਸ ਪੰਜਾਬ ਦੀ ਕਿਸੇ ਜੇਲ੍ਹ ਵਿਚ
ਘੱਲ ਦਿੱਤੇ ਜਾਣਗੇ। ਸੋ ਸਾਲ ਦੇ ਅੰਦਰ-ਅੰਦਰ ਸਾਰੇ ਬੱਬਰਾਂ ਨੂੰ ਕਲਕੱਤੇ
ਲਿਆ ਕੇ ਅਲੀਪੁਰ ਦੀ ਜੇਲ੍ਹ ਵਿਚ ਡਕਿਆ ਗਿਆ। ਹਾਂ, ਦੋ ਬੱਬਰ ਸੁਰੈਣ ਸਿੰਘ
ਕੰਗ ਅਤੇ ਮੁਣਸ਼ਾ ਸਿੰਘ ਸਮਰਾਵਾਂ ਮਲੇਰੀਏ ਦਾ ਸ਼ਿਕਾਰ ਹੋ ਕੇ ਉਥੇ ਸ਼ਹੀਦ ਹੋ
ਗਏ ਸਨ। ਉਨ੍ਹਾਂ ਦੇ ਟੱਬਰਾਂ ਨੂੰ ਰੋਂਦੇ ਪਿੱਟਦੇ ਵਾਪਸ ਆਉਣਾ ਪਿਆ ਸੀ।’
ਅੰਗਰੇਜ਼ ਹਕੂਮਤ ਵੱਲੋਂ ਅੰਡੇਮਾਨ ਨੂੰ ਦੇਸ਼-ਭਗਤਾਂ ਦੇ ਬੰਦੀਖ਼ਾਨੇ ਵਜੋਂ
ਵਰਤਣ ਦਾ ਵਿਚਾਰ ਆਖ਼ਰ ਨੂੰ ਤਿਆਗਣਾ ਪਿਆ। ਰਾਜਸੀ ਕੈਦੀਆਂ ਦਾ ਲਗਾਤਾਰ
ਸੰਘਰਸ਼, ਦੇਸ਼ ਵਿਚੋਂ ਉਹਨਾਂ ਦੀਆਂ ਮੰਗਾਂ ਦੇ ਹੱਕ ਵਿਚ ਉੱਠਦੀ ਆਵਾਜ਼,
ਬਦਲ ਰਹੇ ਰਾਜਸੀ ਹਾਲਾਤ ਅਤੇ ਜੇਲ੍ਹ ਦੇ ਦੌਰੇ ‘ਤੇ ਜੇਲ੍ਹ ਦੀ ਪੜਤਾਲ ਕਰਨ
ਆਏ ਅੰਗਰੇਜ਼ ਅਧਿਕਾਰੀਆਂ ਅੱਗੇ ਆਪਣਾ ਪੱਖ ਜ਼ੋਰਦਾਰ ਢੰਗ ਨਾਲ ਪੇਸ਼ ਕਰਨ
ਦੇ ਬਹੁਮੁਖੀ ਦਬਾਵਾਂ ਨੇ ਹੀ ਸਰਕਾਰ ਨੂੰ ਇਹ ਫ਼ੈਸਲਾ ਕਰਨ ਲਈ ਮਜਬੂਰ
ਕੀਤਾ। ਇਹ ਵੱਖਰੀ ਗੱਲ ਹੈ ਕਿ ਉਸ ਸਮੇਂ ਤੱਕ ਇਕ ਤੋਂ ਵੱਧ ਕੈਦੀ ਦਿਮਾਗੀ
ਬੋਝ ਕਰਕੇ ਦਿਮਾਗੀ ਸੰਤੁਲਨ ਖੋ ਬੈਠੇ ਹਨ। ਕਈਆਂ ਨੂੰ ਤਪਦਿਕ ਅਤੇ ਜੋੜਾਂ
ਦੀਆਂ ਬੀਮਾਰੀਆਂ ਲੱਗ ਗਈਆਂ ਹਨ। ਦੇਸ਼ ਵਾਪਸ ਪਰਤਣ ਵਾਲੇ ਕੈਦੀਆਂ ਵਿਚ
ਅਸਾਮ, ਬਿਹਾਰ, ਮਦਰਾਸ ਅਤੇ ਪੰਜਾਬ ਦੇ ਸਾਰੇ ਕੈਦੀ ਸ਼ਾਮਿਲ ਸਨ ਜਿਹੜੇ
‘ਮਹਾਰਾਜਾ‘ ਜਹਾਜ਼ ਉਤੇ ਵਾਪਿਸ ਆਏ।
ਐੱਸ ਐੱਨ ਮਜੁਮਦਾਰ, ਭਗਤ ਸਿੰਘ ਦੇ ਸਾਥੀ ਵਿਜੈ ਕੁਮਾਰ ਸਿਨਹਾ ਤੇ ਚਿਰੰਜੀ
ਲਾਲ ਦੀਆਂ ਲਿਖਤਾਂ ਰਾਹੀਂ ਕਮਿਊਨਿਸਟਾਂ ਤੇ ਬੱਬਰਾਂ ਵੱਲੋਂ ਅੰਡੇਮਾਨ ਵਿਚ
ਲੜੇ ਸੰਘਰਸ਼ ਦੇ ਹਵਾਲੇ ਮਿਲਦੇ ਹਨ। ਜੇ ਇਸ ਮੌਕੇ ਜੇਲ੍ਹ ਦਾ ਵਾਯੂਮੰਡਲ
ਪਹਿਲਾਂ ਨਾਲੋਂ ਬਦਲ ਚੁੱਕਾ ਸੀ ਤੇ ਓਥੇ ਪਹਿਲਾਂ ਵਰਗੀ ਸਖ਼ਤੀ ਤੇ
ਮੁਸ਼ੱਕਤ ਨਹੀਂ ਸੀ ਕਰਨੀ ਪੈਂਦੀ ਤਾਂ ਇਸ ਗੁਣਾਤਮਕ ਤਬਦੀਲੀ ਦਾ ਸਿਹਰਾ
ਸੂਰਬੀਰ ਗ਼ਦਰੀਆਂ ਤੇ ਦੂਜੇ ਇਨਕਲਾਬੀਆਂ ਦੀਆਂ ਕੁਰਬਾਨੀਆਂ ਤੇ ਸਿਰੜ੍ਹ ਦੇ
ਸਿਰ ਹੀ ਬੱਝਦਾ ਹੈ।
ਅਗਲੇ ਸਫਿ਼ਆਂ ‘ਤੇ ਉਹਨਾਂ ਮਰਜੀਵੜਿਆਂ ਦਾ ਜਿਊਂਦਾ-ਜਾਗਦਾ ਸਾਹ ਲੈਂਦਾ
ਇਤਿਹਾਸ ਹੈ। ਇਸ ਪੁਸਤਕ ਰਾਹੀਂ ਉਸ ਦੌਰ ਦੇ ਹਾਲਾਤ ਨੂੰ ਸੰਪਾਦਤ ਤੇ
ਕਲਮ-ਬੰਦ ਕਰਕੇ ਪੰਜਾਬੀ ਪਾਠਕਾਂ ਦੇ ਪੇਸ਼ ਕੀਤਾ ਜਾ ਰਿਹਾ ਹੈ ਤਾਕਿ ਉਹ
ਆਪਣੇ ਓਹਲੇ ਵਿਚ ਰਹਿ ਗਏ ਸ਼ਾਨਾਂਮੱਤੇ ਇਤਿਹਾਸ ਦੇ ਉਸ ਰਾਂਗਲੇ ਕਾਂਡ ਦੀ
ਵਡਿਆਈ ਨੂੰ ਜਾਣ ਤੇ ਸਮਝ ਸਕਣ।
-0-
|