ਭਾਈ ਪਰਮਾਨੰਦ ਐਮ.ਏ.,
ਡੀ.ਏ.ਵੀ. ਕਾਲਜ ਲਾਹੌਰ ਪੜੇ। ਉਚ ਕੋਟੀ ਦੇ ਆਰੀਆ ਸਮਾਜੀ ਵਿਦਵਾਨ ਸਨ। 1906 ਵਿੱਚ ਉਚੇਰੀ
ਤਾਲੀਮ ਪ੍ਰਾਪਤ ਕਰਨ ਲਈ ਇੰਗਲੈਂਡ ਗਏ। ਜਿਥੇ ਮਦਨ ਲਾਲ ਢੀਗਰਾ, ਲਾਲਾ ਹਰਦਿਆਲ ਨਾਲ ਮਿਲ ਕੇ
ਅਜ਼ਾਦੀ ਲਹਿਰ ਲਈ ਕੰਮ ਕੀਤਾ। 1909 ਵਿਚ ਇਨ੍ਹਾਂ ਦੇ ਘਰ ’ਚੋਂ ਸਾਮਰਾਜ ਵਿਰੋਧੀ ਦਸਤਾਵੇਜ਼
ਤੇ ਬਾਹਰਲੇ ਇਨਕਲਾਬੀਆਂ ਨਾਲ ਸਬੰਧਾਂ ਬਾਰੇ ਸਬੂਤ ਪਕੜੇ ਗਏ, ਜਿਸ ਕਰਕੇ ਤਿੰਨ ਸਾਲ ਲਈ ਨੌ
ਹਜ਼ਾਰ ਰੁਪਏ ਦੀ ਜ਼ਮਾਨਤ ’ਤੇ ਰਿਹਾਅ ਕੀਤੇ ਗਏ। 1910 ਵਿਚ ਦੁਬਾਰਾ ਅਮਰੀਕਾ ਪੁੱਜ ਗਏ ਤੇ
ਲਾਲਾ ਹਰਦਿਆਲ ਦੇ ਗ਼ਦਰ ਪਾਰਟੀ ਨਾਲ ਸਬੰਧ ਬਣਾਉਣ ਲਈ ਭੂਮਿਕਾ ਨਿਭਾਈ। ਦਸੰਬਰ 1913 ਵਿਚ
ਭਾਰਤ ਵਾਪਸ ਆ ਕੇ ਗ਼ਦਰ ਪਾਰਟੀ ਦੇ ਪ੍ਰਚਾਰ ਲਈ ਜੁੱਟ ਗਏ। ਲਾਹੌਰ ਕਾਂਸਪੀਰੇਸੀ ਕੇਸ ਪਹਿਲਾ
ਵਿਚ ਇਨ੍ਹਾਂ ਨੂੰ ਫਾਂਸੀ ਦੀ ਸਜ਼ਾ ਹੋਈ ਜੋ ਪਿਛੋਂ ਉਮਰਕੈਦ ਵਿਚ ਉਨ੍ਹਾਂ ਕਾਲੇ ਪਾਣੀ ਵਿਚ
ਭੁਗਤੀ। ਉਹ ਸ਼ਹੀਦ ਮਤੀ ਦਾਸ ਦੇ ਖਾਨਦਾਨ ਵਿਚੋਂ ਅਤੇ ਲਾਰਡ ਹਾਰਡਿੰਗ ਬੰਬ ਕੇਸ ਦੇ ਨਾਇਕ
ਸ਼ਹੀਦ ਭਾਈ ਬਾਲਮੁਕੰਦ ਦੇ ਚਚੇਰੇ ਭਰਾ ਸਨ। ਇਹ ਲਿਖਤ ਜ਼ਾਹਿਰ ਕਰਦੀ ਹੈ ਕਿ ਕਰਤਾਰ ਸਿੰਘ
ਸਰਾਭਾ, ਭਾਈ ਪਰਮਾਨੰਦ ਨੂੰ ਇਕ ਉਸਤਾਦ ਵਾਂਗ ਤਸਵੱਰ ਕਰਦੇ ਸਨ। ਹੇਠਲੀ ਲਿਖਤ ਉਨ੍ਹਾਂ ਦੀ
ਪੁਸਤਕ ‘ਦੀ ਸਟੋਰੀ ਆਫ਼ ਮਾਈ ਲਾਈਫ’ ਵਿਚੋਂ ਹੈ:
ਦੀਨਾ ਨਾਥ ਦੀ ਆਪਣੀ ਗਵਾਹੀ ਤੋਂ ਸਪੱਸ਼ਟ ਹੈ ਕਿ ਲਾਹੌਰ ਵਿਚ ਉਸ ਤੋਂ ਸਿਵਾ ਹੋਰ ਕੋਈ
ਹਰਦਿਆਲ ਦਾ ਨਾਇਬ ਨਹੀਂ ਸੀ। ਜੇਕਰ, ਜਿਸ ਤਰ੍ਹਾਂ ਸਰਕਾਰ ਸੋਚਦੀ ਸੀ ਕਿ ਮੈਂ ਇਸ ਗੋਂਦ ਦਾ
ਆਗੂ ਸੀ ਅਤੇ ਮੈਂ ਹੀ ਇਸਨੂੰ ਅਮਰੀਕਾ ਵਿਚ ਤਿਆਰ ਕੀਤਾ ਸੀ, ਤਾਂ ਮੈਂ ਯਕੀਨਨ ਉਸ ਨਾਲ ਸਲਾਹ
ਕੀਤੀ ਹੋਣੀ ਸੀ ਅਤੇ ਉਸਨੂੰ ਆਪਣੇ ਵਲ ਦਾ ਬਣਾ ਕੇ ਰਖਿਆ ਹੋਣਾ ਸੀ।
ਨਵਾਬ ਖ਼ਾਨ ਨੇ ਬੜੀ ਬੇਸ਼ਰਮੀ ਨਾਲ ਇਹ ਵੀ ਹਲਫ਼ ਲਿਆ ਕਿ ਕਰਤਾਰ ਸਿੰਘ ਨੇ ਉਸਨੂੰ ਦੱਸਿਆ ਹੈ
ਕਿ ਪੰਜਾਬ ਵਿਚ ਮੈਂ ਹੀ ਸਾਰੀ ਤਹਿਰੀਕ ਦਾ ਅਸਲ ਲੀਡਰ ਸਾਂ। ਕਰਤਾਰ ਸਿੰਘ ਦਾ ਹੌਂਸਲਾ ਤੇ
ਮਰਦਾਨਗੀ ਸਚਮੁੱਚ ਹੀ ਹੈਰਾਨ ਕਰਨ ਵਾਲੇ ਸਨ। ਉਸਦੀ ਉਮਰ ਕੇਵਲ ਸਤਾਰਾਂ ਸਾਲਾਂ ਦੀ ਸੀ ਅਤੇ
ਉਹ ਲੁਧਿਆਣੇ ਜ਼ਿਲ੍ਹੇ ਦਾ ਰਹਿਣ ਵਾਲਾ ਸੀ। ਪੰਦਰਾਂ ਸਾਲਾਂ ਦੀ ਉਮਰ ਵਿਚ ਜਦੋਂ ਉਹ ਲੁਧਿਆਣੇ
ਦੇ ਖਾਲਸਾ ਸਕੂਲ ਵਿੱਚ ਪੜ੍ਹਦਾ ਸੀ ਤਾਂ ਅਮਰੀਕਾ ਨੂੰ ਚਲਾ ਗਿਆ। ਉਸਨੇ ਉਥੇ ਕੁੱਝ ਸਮਾਂ
ਕੰਮ ਕੀਤਾ ਅਤੇ ਉਥੋਂ ਦੇ ਇਕ ਸਕੂਲ ਵਿਚ ਪੜ੍ਹਦਾ ਰਿਹਾ। ਗ਼ਦਰ ਲਹਿਰ ਪ੍ਰਤੀ ਉਸਦੇ ਮਨ ਵਿਚ
ਬਹੁਤ ਖਿੱਚ ਪੈਦਾ ਹੋ ਗਈ ਅਤੇ ਉਹ ਜਹਾਜ਼ ਬਣਾਉਣ ਦੀ ਕਲਾ ਸਿੱਖਣ ਲੱਗ ਪਿਆ। ਜੰਗ ਛਿੜਨ ਤੋਂ
ਝੱਟ ਹੀ ਪਿੱਛੋਂ ਉਹ ਹਿੰਦੁਸਤਾਨ ਪਰਤ ਆਇਆ ਅਤੇ ਉਸ ਨੇ ਆਪਣੇ ਵਿਚਾਰਾਂ ਨਾਲ ਆਪਣੇ ਪੁਰਾਣੇ
ਜਮਾਤੀਆਂ ਦੇ ਦਿਲ ਜਿੱਤ ਲਏ। ਮਗਰੋਂ ਜਦੋਂ ਅਮਰੀਕਾ ਤੋਂ ਹੋਰ ਗ਼ਦਰੀ ਵੀ ਹਿੰਦੁਸਤਾਨ ਆ ਗਏ
ਤਾਂ ਉਹ ਉਨ੍ਹਾਂ ਦਾ ਲੀਡਰ ਬਣ ਗਿਆ। ਉਹ ਚਾਹੁੰਦਾ ਸੀ ਕਿ ਹਰ ਕੋਈ ਉਸਦੀ ਦਿੱਤੀ ਸੇਧ
ਅਨੁਸਾਰ ਕੰਮ ਕਰੇ। ਇਸ ਤਰ੍ਹਾਂ ਲਗਦਾ ਹੈ ਕਿ ਜਦੋਂ ਕੋਈ ਉਸਦੇ ਹੁਕਮਾਂ ਅਨੁਸਾਰ ਕੰਮ ਕਰਨ
ਤੋਂ ਢਿੱਲ ਮੱਠ ਦਿਖਾਉਂਦਾ ਸੀ, ਤਾਂ ਉਹ ਉਨ੍ਹਾਂ ਨੂੰ ਕਹਿੰਦਾ ਸੀ ਕਿ ਉਸ ਨੇ ਮੇਰੇ ਨਾਲ
ਸਲਾਹ ਮਸ਼ਵਰਾ ਕੀਤਾ ਹੈ ਅਤੇ ਇਹ ਹੁਕਮ ਮੇਰੇ ਹੀ ਹਨ। ਬੇਸ਼ਕ ਜਦੋਂ ਮੈਂ ਉਸ ਨੂੰ ਇਸ ਬਾਰੇ
ਪੁੱਛਿਆ, ਤਾਂ ਉਸਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਉਹ ਅਜਿਹਾ ਕਰਦਾ ਹੈ ਪਰ ਮੇਰੀ ਸੋਚ ਇਹ
ਕਹਿੰਦੀ ਹੈ ਕਿ ਉਸਦਾ ਅਜਿਹਾ ਸੁਭਾ ਸੀ ਕਿ ਉਹ ਅਜਿਹੀਆਂ ਗੱਲਾਂ ਕਰ ਸਕਦਾ ਸੀ।
ਵਿਦਿਆਰਥੀਆਂ ਨੂੰ ਉਹ ਕਹਿੰਦਾ ਹੁੰਦਾ ਸੀ,‘‘ਆਪਣੀ ਪੜ੍ਹਾਈ ਛੱਡ ਦਿਓ, ਜਰਮਨ ਆ ਰਹੇ ਹਨ ਅਤੇ
ਮੈਂ ਉਨ੍ਹਾਂ ਤੋਂ ਤੁਹਾਨੂੰ ਫੌਜ਼ ਵਿਚ ਕਮਿਸ਼ਨ ਲੈ ਦਿਆਂਗਾ।’’ ਉਹ ਪੈਦਲ ਜਾਂ ਰੇਲਗੱਡੀ
ਰਾਹੀਂ ਜਿਥੇ ਵੀ ਕਿਸੇ ਪਿੰਡ ਜਾਂ ਸਕੂਲ ਵਿਚ ਜਾਂਦਾ, ਉਥੇ ਅਕਸਰ ਅਜਿਹੀਆਂ ਗੱਲਾਂ ਹੀ
ਕਹਿੰਦਾ ਹੁੰਦਾ ਸੀ।
ਇਕ ਵਾਰੀ ਰੇਲਗੱਡੀ ਵਿਚ ਸਫ਼ਰ ਕਰਦਿਆਂ ਉਹ ਇਕ ਹਵਾਲਦਾਰ ਨੂੰ ਮਿਲਿਆ ਅਤੇ ਉਸਨੂੰ ਸਾਫ਼ ਸਾਫ਼
ਕਹਿਣ ਲੱਗਾ,‘‘ਤੂੰ ਨੌਕਰੀ ਛੱਡਦਾ ਕਿਉਂ ਨਹੀਂ?’’
ਨੌਜਵਾਨ ਮੁੰਡੇ ਨੂੰ ਜੋਸ਼ ਭਰਿਆ ਦੇਖ ਕੇ ਹਵਾਲਦਾਰ ਨੇ ਉਸ ਨੂੰ ਕਿਹਾ,‘‘ਉਹ ਆਪਣੇ ਬੰਦਿਆਂ
ਨੂੰ ਮੀਆਂਮੀਰ ਕੋਲ ਲੈ ਕੇ ਆਵੇ। ਅਸਲ੍ਹੇਖਾਨੇ ਦੀਆਂ ਚਾਬੀਆਂ ਮੇਰੇ ਹੱਥ ਵਿਚ ਹਨ। ਮੈਂ
ਸਾਰੀਆਂ ਚਾਬੀਆਂ ਤੈਨੂੰ ਫੜਾ ਦੇਵਾਂਗਾ।’’
ਇਸ ਕੰਮ ਲਈ 25 ਨਵੰਬਰ ਦਾ ਦਿਨ ਮਿਥਿਆ ਗਿਆ। ਜਦੋਂ ਉਸਨੇ ਆਪਣੀ ਕਮੇਟੀ ਵਿਚ ਇਹ ਸਵਾਲ ਬਹਿਸ
ਲਈ ਰਖਿਆ, ਤਾਂ ਉਨ੍ਹਾਂ ਸਾਰਿਆਂ ਨੇ ਇਸ ਦਾ ਮਾਖੌਲ ਉਡਾਇਆ। ਇਸ ਸਮੇਂ ਕਰਤਾਰ ਸਿੰਘ ਨੇ
ਕਿਹਾ,‘‘ਠੀਕ ਹੈ, ਪਰ ਮੈਂ ਇਸ ਬਾਰੇ ਭਾਈ ਪਰਮਾਨੰਦ ਨੂੰ ਪੁੱਛਿਆ ਹੈ ਅਤੇ ਉਸਦੀ ਸਹਿਮਤੀ
ਪ੍ਰਾਪਤ ਕੀਤੀ ਹੈ।’’ ਉਸਦੇ ਇਕ ਸੌ ਦੇ ਲਗਭਗ ਸਾਥੀਆਂ ਨੇ ਮੀਆਂਮੀਰ ਦੇ ਨੇੜੇ ਰੇਲਵੇ ਸਟੇਸ਼ਨ
ਉਤੇ ਬੜੀ ਬੇਅਰਾਮੀ ਭਰੀ ਰਾਤ ਗੁਜ਼ਾਰੀ, ਪ੍ਰੰਤੂ ਉਥੇ ਉਹ ਹਵਾਲਦਾਰ ਨਾ ਆਇਆ। ਇਸ ਘਟਨਾ ਬਾਰੇ
ਨਵਾਬ ਖ਼ਾਨ ਨੇ ਕਿਹਾ ਹੈ ਕਿ ਜਦੋਂ ਉਸ ਨੇ ਇਸ ਸਬੰਧੀ ਕਰਤਾਰ ਸਿੰਘ ਕੋਲ ਇਤਰਾਜ਼ ਕੀਤਾ, ਤਾਂ
ਉਸਨੇ ਉਤਰ ਦਿੱਤਾ,‘‘ਮੈਂ ਕੀ ਕਰ ਸਕਦਾ ਹਾਂ? ਇਹ ਭਾਈ ਪਰਮਾਨੰਦ ਹੀ ਹੈ, ਜਿਹੜਾ ਮੇਰੇ ਤੋਂ
ਅਜਿਹੀਆਂ ਗੱਲਾਂ ਕਰਾਉਂਦਾ ਹੈ।’’
ਜੇਕਰ ਇਹ ਗੱਲ ਸੱਚ ਹੈ, ਤਾਂ ਇਸ ਬਾਰੇ ਕੋਈ ਸ਼ੱਕ ਨਹੀਂ ਰਹਿ ਜਾਂਦਾ ਕਿ ਕਰਤਾਰ ਸਿੰਘ ਆਪਣੇ
ਪੈਰੋਕਾਰਾਂ ਦੇ ਮਨਾਂ ਵਿਚ ਆਪਣੀ ਲੀਡਰਸ਼ਿਪ ਯੋਗਤਾ ਸਬੰਧੀ ਜ਼ਰਾ ਵੀ ਸ਼ੱਕ ਪੈਦਾ ਹੋਣ ਤੋਂ ਬਚਣ
ਲਈ ਅਜਿਹਾ ਕਰਨਾ ਜ਼ਰੂਰੀ ਸਮਝਦਾ ਸੀ।
ਕਰਤਾਰ ਸਿੰਘ ਅਤੇ ਉਸਦੇ ਪੈਰੋਕਾਰਾਂ ਦੁਆਰਾ ਫੌਜ ਨੂੰ ਪਤਿਆ ਕੇ (ਜਿਸ ਵਿਚ ਫਿਰੋਜ਼ਪੁਰ
ਵਿਚਲੀ ਰੈਜ਼ੀਮੈਂਟ ਨੂੰ ਆਪਣੇ ਵੱਲ ਕਰਨ ਦੀ ਕੋਸ਼ਿਸ਼ ਵੀ ਸ਼ਾਮਿਲ ਹੈ) ਮੀਆਂਮੀਰ ਵਿਚ ਇਸ ਰਾਤ
ਨੂੰ ਸੌ-ਡੇਢ ਸੌ ਘੋੜ-ਸਵਾਰ ਫੌਜੀਆਂ ਨਾਲ ਗ਼ਦਰ ਮਚਾਉਣ ਦੀ ਮਾਅਰਕੇਬਾਜੀ ਬੇਅਰਥ ਸਾਬਤ ਹੋਈ
ਕਿਉਂਕਿ ਫੌਜ ਵਲੋਂ ਕੋਈ ਵੀ ਬੰਦਾ ਇਸ ਕੰਮ ਲਈ ਨਾ ਨਿਤਰਿਆ। ਇਸ ਦਾ ਕਾਰਨ ਕਰਤਾਰ ਸਿੰਘ ਦਾ
ਅਲੜ੍ਹਪਨ ਸੀ, ਜਦਕਿ ਉਸ ਦਾ ਜੋਸ਼, ਨਿਡਰਤਾ ਤੇ ਮੌਤ ਵਲੋਂ ਬੇਪ੍ਰਵਾਹੀ ਉਸਦੇ ਅਜਿਹੇ ਵਿਲੱਖਣ
ਗੁਣ ਸਨ, ਜੋ ਇੰਨੀ ਛੋਟੀ ਉਮਰ ਦੇ ਮੁੰਡੇ ਵਿਚ ਘੱਟ ਹੀ ਦਿਸਦੇ ਹਨ। ਮੈਂ ਇਥੇ ਉਸਦੀ ਚਤੁਰਤਾ
ਤੇ ਦਲੇਰੀ ਦੀ ਇਕ ਮਿਸਾਲ ਦਿੰਦਾ ਹਾਂ:
ਲੁਧਿਆਣੇ ਦੀ ਪੁਲਸ ਉਸ ਦੇ ਪਿਛੇ ਲੱਗੀ ਹੋਈ ਸੀ ਤੇ ਜਦੋਂ ਉਹ ਲੁਧਿਆਣੇ ਤੋਂ ਤਿੰਨ ਜਾਂ ਚਾਰ
ਮੀਲ ਦੂਰ ਇਕ ਪਿੰਡ ਵਿਚ ਉਸ ਨੂੰ ਲੱਭਦੀ ਹੋਈ ਇਕ ਘਰ ਦੀ ਤਲਾਸ਼ੀ ਲੈ ਰਹੀ ਸੀ ਤਾਂ ਉਸ ਸਮੇਂ
ਕਰਤਾਰ ਸਿੰਘ ਆਪਣੇ ਸਾਈਕਲ ਉਤੇ ਉਧਰੋਂ ਦੀ ¦ਘ ਰਿਹਾ ਸੀ। ਉਹ ਜਾਣਦਾ ਸੀ ਕਿ ਇਹ ਉਸ ਨੂੰ
ਲੱਭ ਰਹੀ ਹੈ। ਜੇਕਰ ਉਹ ਦੌੜਨ ਦੀ ਕੋਸ਼ਿਸ਼ ਕਰਦਾ ਤਾਂ ਪੁਲਸ ਲਾਜ਼ਮੀ ਤੌਰ ਤੇ ਉਸਦਾ ਪਿੱਛਾ
ਕਰਦੀ ਅਤੇ ਉਸਨੇ ਫੜਿਆ ਜਾਣਾ ਸੀ। ਉਹ ਅਰਾਮ ਨਾਲ ਆਪਣੇ ਸਾਈਕਲ ਤੋਂ ਉਤਰਿਆ ਅਤੇ ਉਸ ਘਰ ਵਿਚ
ਜਾ ਵੜਿਆ ਤੇ ਬੜੇ ਠਰੱਮੇ ਨਾਲ ਉਸ ਨੇ ਪਾਣੀ ਦਾ ਗਲਾਸ ਮੰਗਿਆ। ਪਾਣੀ ਪੀ ਕੇ ਉਸ ਨੇ ਆਪਣਾ
ਸਫ਼ਰ ਮੁੜ ਜਾਰੀ ਕਰ ਦਿੱਤਾ। ਅਦਾਲਤ ਵਿਚ ਸਬ-ਇੰਸਪੈਕਟਰ ਨੇ ਉਸਦੇ ਇਸ ਕਾਰਨਾਮੇ ਦੀ ਬੜੀ
ਪ੍ਰਸੰਸਾ ਕੀਤੀ, ਜਿਸ ਨਾਲ ਉਸ ਨੇ ਪੁਲਿਸ ਨੂੰ ਪੂਰੀ ਤਰ੍ਹਾਂ ਚਕਮਾ ਦੇ ਦਿੱਤਾ ਸੀ।
ਕਰਤਾਰ ਸਿੰਘ ਵੱਡੇ ਅਫ਼ਸਰਾਂ ਤੋਂ ਵੀ ਰਤਾ ਨਹੀਂ ਸੀ ਡਰਦਾ। ਡਿਪਟੀ ਇੰਸਪੈਕਟਰ ਜਨਰਲ ਉਸਨੂੰ
ਉਸਦੀ ਗ੍ਰਿਫ਼ਤਾਰੀ ਪਿਛੋਂ ਲੈਣ ਲਈ ਗਿਆ। ਉਸਦੀ ਗ੍ਰਿਫ਼ਤਾਰੀ ਇਸ ਢੰਗ ਨਾਲ ਹੋਈ ਸੀ ਕਿ ਉਹ,
ਹਰਨਾਮ ਸਿੰਘ ਅਤੇ ਜਗਤ ਸਿੰਘ ਆਪਣੇ ਇਕ ਦੋਸਤ ਸਰਦਾਰ ਨੂੰ ਮਿਲਣ ਲਈ ਗਏ। ਸਰਦਾਰ ਨੇ ਉਨ੍ਹਾਂ
ਨੂੰ ਬੈਠਣ ਲਈ ਕਿਹਾ ਤੇ ਆਪ ਉਸਨੇ ਚੁੱਪਚਾਪ ਪੁਲਿਸ ਨੂੰ ਇਤਲਾਹ ਦੇ ਦਿੱਤੀ। (ਮਗਰੋਂ ਇਸ
ਸਰਦਾਰ ਦੇ ਟੁਕੜੇ ਟੁਕੜੇ ਕਰ ਦਿੱਤੇ ਗਏ ਸਨ।) ਲਾਹੌਰ ਰੇਲਵੇ ਸਟੇਸ਼ਨ ਉਤੇ ਜਦੋਂ ਕਰਤਾਰ
ਸਿੰਘ ਦੇ ਹੱਥਾਂ ਅਤੇ ਪੈਰਾਂ ਨੂੰ ਬੇੜੀਆਂ ਪਈਆਂ ਹੋਈਆਂ ਸਨ, ਤਾਂ ਉਸਨੇ ਡਿਪਟੀ ਇੰਸਪੈਕਟਰ
ਜਨਰਲ ਨੂੰ ਕਿਹਾ,‘‘ਮਿ.ਟੌਮਕਿਨ, ਅਸੀਂ ਭੁੱਖੇ ਹਾਂ। ਸਾਨੂੰ ਕੁਝ ਖਾਣ ਲਈ ਲਿਆ ਕੇ ਦੇਹ।’’
ਫਿਰ ਜਦੋਂ ਉਹ ਜੇਲ੍ਹ ਵਿਚ ਸੀ ਤਾਂ ਉਹ ਜੇਲ ਸੁਪਰਿੰਟੈਡੈਂਟ ਨੂੰ ਸਭ ਕੁਝ ਕਹਿ ਦਿੰਦਾ ਸੀ।
ਸੁਪਰਿੰਟੈਡੈਂਟ ਉਸਦੀ ਅੱਲੜ ਉਮਰ ਦੇਖ ਕੇ ਹੈਰਾਨ ਹੁੰਦਾ ਸੀ। ਉਹ ਉਸਦੀ ਗੱਲਬਾਤ ਨੂੰ ਬੜੀ
ਦਿਲਚਸਪੀ ਨਾਲ ਸੁਣਦਾ ਸੀ, ਜਦੋਂ ਉਹ ਕਹਿੰਦਾ,‘‘ਦਰਅਸਲ ਤੁਸੀਂ ਸਾਨੂੰ ਫਾਂਸੀ ਲਾ ਦੇਣਾ ਹੈ।
ਫਿਰ ਤੁਸੀਂ ਸਾਨੂੰ ਤੰਗ ਕਿਉਂ ਕਰ ਰਹੇ ਹੋ।’’
ਇਕ ਸ਼ਾਮ ਨੂੰ ਜੇਲ੍ਹ ਵਿਚ ਸਾਨੂੰ ਆਪਣੇ ਕੰਬਲਾਂ, ਕੌਲਿਆਂ ਤੇ ਪਾਣੀ ਵਾਲੇ ਭਾਂਡਿਆਂ ਸਮੇਤ
ਆਪਣੀਆਂ ਕੋਠੜੀਆਂ ਵਿਚੋਂ ਬਾਹਰ ਆਉਣ ਲਈ ਕਿਹਾ ਗਿਆ। ਉਸ ਦਿਨ ਸਭ ਨੂੰ ਕੋਠੜੀਆਂ ਨਵੇਂ ਸਿਰੇ
ਤੋਂ ਅਲਾਟ ਕੀਤੀਆਂ ਜਾ ਰਹੀਆਂ ਸਨ। ਇਹ ਗੱਲ ਅਗਲੇ ਦਿਨ ਤੋਂ ਹਰ ਰੋਜ਼ ਲਗਾਤਾਰ ਹੋਣ ਲੱਗ ਪਈ।
ਸਾਨੂੰ ਕੁਝ ਸਮਾਂ ਤਾਂ ਇਸਦਾ ਕਾਰਨ ਪਤਾ ਨਾ ਲੱਗਾ, ਪ੍ਰੰਤੂ ਮਗਰੋਂ ਪਤਾ ਲੱਗਾ ਕਿ ਕਰਤਾਰ
ਸਿੰਘ ਨੇ ਕੁਝ ¦ਬੜਦਾਰਾਂ ਦੀ ਸਹਾਇਤਾ ਨਾਲ ਖਿੜਕੀ ਦੀਆਂ ਸੀਖਾਂ ਕੱਟ ਕੇ ਜੇਲ੍ਹ ਵਿਚੋਂ
ਭੱਜਣ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਵਿਚੋਂ ਹੀ ਇਕ ਨੇ ਸਾਰਾ ਭੇਤ ਖੋਲ੍ਹ ਦਿੱਤਾ ਸੀ, ਜਿਸ
ਕਾਰਨ ਤਲਾਸ਼ੀ ਹੋਈ ਸੀ ਤੇ ਉਸਦੀ ਕੋਠੜੀ ਵਿਚੋਂ ਇਕ ਰੱਸੀ ਅਤੇ ਪੀਸਿਆ ਹੋਇਆ ਸ਼ੀਸ਼ਾ ਮਿਲਿਆ
ਸੀ। ਕੈਦੀ ਲੋਹੇ ਦੀਆਂ ਸੀਖਾਂ ਨੂੰ ਕੱਟਣ ਲਈ ਇਹ ਤਰੀਕਾ ਵਰਤਦੇ ਸਨ। ਸ਼ੀਸ਼ੇ ਨੂੰ ਬਹੁਤ ਬਰੀਕ
ਪੀਸ ਲਿਆ ਜਾਂਦਾ ਸੀ ਅਤੇ ਗਿੱਲਾ ਕਰਕੇ ਰੱਸੀ ਉਤੇ ਲਾ ਦਿੱਤਾ ਜਾਂਦਾ ਸੀ। ਜਦੋਂ ਉਹ ਸੁੱਕ
ਜਾਂਦਾ ਸੀ ਤਾਂ ਰੱਸੀ ਸੀਖਾਂ ਨੂੰ ਕੱਟਣ ਲਈ ਰੇਤੀ ਦਾ ਕੰਮ ਕਰਦੀ ਸੀ।
ਮੈਂ ਕਰਤਾਰ ਸਿੰਘ ਨੂੰ ਪੁੱਛਿਆ ਕਿ ਉਹ ਇਸ ਰਾਹ ਉਤੇ ਕਿਉਂ ਤੁਰਿਆ ਹੈ, ਜਦ ਕਿ ਉਹ ਅਮਰੀਕਾ
ਵਿਚ ਬੜੇ ਅਰਾਮ ਨਾਲ ਖੁਸ਼ੀਆਂ ਵਿਚ ਰਹਿ ਰਿਹਾ ਸੀ, ਪਰ ਹੁਣ ਉਹ ਜੇਲ੍ਹ ਵਿਚ ਸੜ ਰਿਹਾ ਹੈ।
ਉਸਨੇ ਇਕ ਦਮ ਜੁਆਬ ਦਿੱਤਾ,‘‘ਜ਼ਿੰਦਗੀ ਉਸ ਲਈ ਅਮਰੀਕਾ ਵਿਚ ਵੀ ਭਾਰ ਹੀ ਸੀ। ਜਦੋਂ ਅਮਰੀਕਨ
ਉਸਨੂੰ ਡੈਮ ਹਿੰਦੂ ਕਹਿ ਕੇ ਦੁਰਕਾਰਦੇ, ਤਾਂ ਉਸਦਾ ਦਿਲ ਸੜ ਜਾਂਦਾ ਸੀ। ਮੈਨੂੰ ਉਸ ਵੇਲੇ
ਮਰਨ ਲਈ ਥਾਂ ਨਹੀਂ ਸੀ ਲੱਭਦੀ। ਹੁਣ ਮੈਂ ਇਥੇ ਮਰਨ ਲਈ ਹੀ ਆਇਆ ਹਾਂ। ਮੈਂ ਚੀਕ ਕੇ
ਬੋਲਿਆ,‘‘ਤੂੰ ਮੈਨੂੰ ਵੀ ਫਾਂਸੀ ਲੁਆਉਣ ਲਈ ਨਾਲ ਹੀ ਧੂਹ ਰਿਹਾ ਹੈਂ।’’ ਕਰਤਾਰ ਸਿੰਘ ਨੇ
ਕਿਹਾ,‘‘ਹਾਂ, ਅਸਲ ਵਿਚ ਜੋ ਕੁਝ ਮੈਂ ਕੀਤਾ ਹੈ, ਉਸਦਾ ਤੂੰ ਹੀ ਜ਼ੁੰਮੇਵਾਰ ਹੈਂ।’’
ਮੈਂ ਉਸਦੇ ਇਸ ਨਿਝੱਕ ਬਿਆਨ ਨੂੰ ਸੁਣ ਕੇ ਹੱਕਾ-ਬੱਕਾ (ਭੁਚੱਕਾ) ਰਹਿ ਗਿਆ ਤੇ ਉਸ ਨੂੰ
ਕਿਹਾ ਕਿ ਉਹ ਇਹ ਗੱਲ ਜਰ੍ਹਾ ਖੋਲ੍ਹ ਕੇ ਦੱਸੇ। ਉਸਨੇ ਮੈਨੂੰ ਉਹ ਘਟਨਾ ਯਾਦ ਕਰਾਈ ਜਿਹੜੀ
ਅਮਰੀਕਾ ਵਿਚ ਦਵਾਈਆਂ ਦੀ ਦੁਕਾਨ ਵਿਖੇ ਵਾਪਰੀ ਸੀ। ਉਦੋਂ ਉਹ ਇਕ ਰਾਤ ਮੇਰੇ ਕੋਲ ਆਇਆ ਸੀ
ਤੇ ਅਸੀਂ ਰਾਤ ਭਰ੍ਹ ਇਕੱਠੇ ਹੀ ਰਹੇ ਸਾਂ। ਉਸਦੀ ਵੀਣੀਂ ਉਤੇ ਇਕ ਜ਼ਖ਼ਮ ਸੀ ਅਤੇ ਉਹ ਅਗਲੇ
ਦਿਨ ਉਨ੍ਹਾਂ ਦੇ ਹਸਪਤਾਲ ਵਿਚ ਉਸ ਦਾ ਇਲਾਜ ਕਰਾਉਣਾ ਚਾਹੁੰਦਾ ਸੀ। ਉਸ ਰਾਤ ਮੈਂ ਉਸ ਨੂੰ
ਪੁੱਛਿਆ ਸੀ,‘‘ਕੀ ਤੈਨੂੰ ਹਿੰਦੋਸਤਾਨ ਦੇ ਇਤਿਹਾਸ ਬਾਰੇ ਕੁਝ ਪਤਾ ਹੈ?’’ ਉਸ ਨੇ ਉਤਰ
ਦਿੱਤਾ,‘‘ਹਾਂ!’’ ਫਿਰ ਮੈਂ ਉਸ ਨੂੰ ਪੁੱਛਿਆ ਕਿ ਇਹ ਕਿਸ ਤਰ੍ਹਾਂ ਹੋਇਆ ਕਿ ਇਕ ਕੌਮ ਇੰਨੀ
ਮੁਰਦਾ ਤੇ ਗੁਲਾਮਾਨਾ ਬਣ ਗਈ ਸੀ ਕਿ ਇਸ ਉਤੇ ਉ¤ਤਰ ਪੱਛਮ ਵੱਲੋਂ 700 ਸਾਲ ਲਗਾਤਾਰ ਹਮਲਿਆਂ
ਦੀ ਇਕ ਨਦੀ ਚੜ੍ਹਦੀ ਰਹੀ। ਅਣਗਿਣਤ ਲੋਕਾਂ ਨੂੰ ਬੰਨ੍ਹ ਕੇ ਨਾਲ ਲਿਜਾਇਆ ਜਾਂਦਾ ਰਿਹਾ ਅਤੇ
ਬਹੁਤ ਸਾਰੇ ਲੋਕਾਂ ਦੇ ਸਿਰ ਬੇਰਹਿਮੀ ਨਾਲ ਇਸ ਤਰ੍ਹਾਂ ਵੱਢ ਦਿੱਤੇ ਜਾਂਦੇ ਰਹੇ, ਜਿਵੇਂ ਉਹ
ਭੇਡਾਂ ਦੇ ਝੁੰਡ ਹੋਣ। ਪ੍ਰੰਤੂ ਇਸ ਕੌਮ ਦੀ ਜ਼ਿੰਦਗੀ ਵਿਚ ਅਸੀਂ ਪੰਜਾਬ ਦੇ ਨੇੜੇ ਦੇ
ਇਤਿਹਾਸ ਵਿਚ ਇਕ ਵਿਅਕਤੀ ਨੂੰ ਉਭਰਦਿਆਂ ਦੇਖਦੇ ਹਾਂ, ਜਿਸਨੇ ਨਾ ਕੇਵਲ ਇਨ੍ਹਾਂ ਸਾਰੇ
ਵਿਦੇਸ਼ੀ ਹਮਲਿਆਂ ਨੂੰ ਠੱਲ੍ਹ ਪਾ ਦਿੱਤੀ, ਬਲਕਿ ਇਤਿਹਾਸ ਦਾ ਗੇੜਾ ਬਿਲਕੁਲ ਹੀ ਉਲਟੇ ਪਾਸੇ
ਨੂੰ ਚਲਾ ਦਿੱਤਾ। ਭਲਾ ਇਸ ਹੈਰਾਨਕੁੰਨ ਪ੍ਰਾਪਤੀ ਦਾ ਕੀ ਮਹੱਤਵ ਹੈ?’’
ਇਹ ਸੁਣ ਕੇ ਕਰਤਾਰ ਸਿੰਘ ਡੂੰਘੀ ਵਿਚਾਰ ਵਿਚ ਪੈ ਗਿਆ। ਅੰਤ ਮੈਂ ਉਸ ਨੂੰ ਗੁਰੂ ਗੋਬਿੰਦ
ਸਿੰਘ ਜੀ ਦਾ ਕਥਨ ਯਾਦ ਕਰਾਇਆ,
‘‘ਚਿੜੀਓਂ ਸੇ ਮੈਂ ਬਾਜ਼ ਤੁੜਾਓਂ,
ਤਬੈ ਗੋਬਿੰਦ ਸਿੰਘ ਨਾਮ ਕਹਾਓਂ।’’
ਇਹ ਗੁਰੂ ਗੋਬਿੰਦ ਸਿੰਘ ਹੀ ਸੀ, ਜਿਸ ਨੇ ਇਹ ਕ੍ਰਿਸ਼ਮਾ ਕੀਤਾ ਸੀ ਅਤੇ ਉਸ ਦੇ ਤਰੀਕੇ ਵਿੱਚ
ਕੁਰਬਾਨੀਆਂ ਤੇ ਸਿਰਾਂ ਦੀ ਭੇਟਾ ਸ਼ਾਮਿਲ ਸੀ। ਇਹ ਉਹੋ ਤਰੀਕਾ ਸੀ ਜਿਹੜਾ ਉਸ ਦੇ ਪਿਤਾ ਨੇ
ਆਪਣੀ ਕੁਰਬਾਨੀ ਦੇ ਕੇ ਅਪਣਾਇਆ ਸੀ। ਗੁਰੂ ਗੋਬਿੰਦ ਸਿੰਘ ਨੇ ਮਨੁੱਖ ਦੇ ਆਪਣੀ ਜ਼ਿੰਦਗੀ ਨਾਲ
ਸਬੰਧਾਂ ਨੂੰ ਖਤਮ ਕਰਕੇ ਉਨ੍ਹਾਂ ਦੇ ਮਨ ਵਿੱਚ ਨਿਡਰਤਾ ਭਰੇ ਹੌਸਲੇ ਦੇ ਅਜਿਹੇ ਬੀ ਬੀਜ
ਦਿੱਤੇ ਸਨ, ਜਿਨ੍ਹਾਂ ਨਾਲ ਉਨ੍ਹਾਂ ਵਿਚੋਂ ਮੌਤ ਦਾ ਡਰ ਹਮੇਸ਼ਾਂ ਲਈ ਖ਼ਤਮ ਹੋ ਗਿਆ ਸੀ।’’
‘‘ਉਸੇ ਰਾਤ ਮੈਂ ਆਪਣੇ ਦੇਸ਼ ਲਈ ਆਪਣੀ ਜ਼ਿੰਦਗੀ ਅਰਪਣ ਕਰਨ ਦਾ ਫੈਸਲਾ ਕਰ ਲਿਆ ਸੀ।’’ ਮੈਨੂੰ
ਕਰਤਾਰ ਸਿੰਘ ਨੇ ਇਹ ਗੱਲ ਦੱਸੀ ਤੇ ਕਿਹਾ ਕਿ ਉਹ ਇਕ ਵਾਰੀ ਮੈਨੂੰ ਲਾਹੌਰ ਵਿੱਚ ਵੀ ਮਿਲਿਆ
ਸੀ, ਜਦੋਂ ਮੈਂ ਉਸ ਦੇ ਵਿਚਾਰਾਂ ਨੂੰ ਬੱਚਿਆਂ ਵਾਲੇ ਕਹਿ ਕੇ ਖਾਰਜ ਕਰ ਦਿੱਤਾ ਸੀ। ਕਚਿਹਰੀ
ਵਿੱਚ ਗਵਾਹੀ ਦਿੰਦਿਆਂ ਉਸ ਨੇ ਸਾਫ਼ ਸਾਫ਼ ਮੰਨਿਆ ਕਿ ਉਸ ਦਾ ਨਿਸ਼ਾਨਾ ਦੇਸ਼ ਨੂੰ ਅਜ਼ਾਦ ਕਰਾਉਣਾ
ਹੈ ਅਤੇ ਉਸਨੇ ਜਿਹੜੇ ਵੀ ਤਰੀਕੇ ਅਪਣਾਏ ਹਨ, ਉਹ ਇਸੇ ਦੀ ਪ੍ਰਾਪਤੀ ਲਈ ਤਦਬੀਰਾਂ ਹਨ। ਉਸ
ਦਾ ਨਿਸ਼ਾਨਾ ਕਿਸੇ ਸਵਾਰਥ ਲਈ ਨਹੀ ਤੇ ਨਾ ਹੀ ਉਹ ਕਿਸੇ ਦਾ ਬੁਰਾ ਸੋਚਦਾ ਹੈ।’’
-0-
|