(ਵਰਿਆਮ ਸਿੰਘ ਸੰਧੂ
ਦੀ ਸੰਪਾਦਤ ਤੇ ਸੰਗਮ ਪਬਲੀਕੇਸ਼ਨਜ਼ ਸਮਾਣਾ ਵੱਲੋਂ ਪ੍ਰਕਾਸ਼ਤ ਪੁਸਤਕ ‘ਪੰਜਾਬੀ ਵਾਰਤਕ ਦਾ
ਉੱਚਾ ਬੁਰਜ ਸਰਵਣ ਸਿੰਘ’ ਵਿਚ ਜਿਥੇ ਸਰਵਣ ਸਿੰਘ ਦੀਆਂ ਲਿਖਤਾਂ ਬਾਰੇ ਚਾਲੀ ਲੇਖਕਾਂ ਦੇ
ਲੇਖ ਹਨ ਉਥੇ ਸਰਵਣ ਸਿੰਘ ਦੀਆਂ ਰਚਨਾਵਾਂ ਦੇ ਵੀ ਕੁਝ ਨਮੂਨੇ ਹਨ। ਪੇਸ਼ ਹੈ ਉਸ ਦੇ ਮੁੱਢਲੇ
ਦੌਰ ਵਿਚ ਲਿਖੇ ਖਿਡਾਰੀਆਂ ਦੇ ਰੇਖਾ ਚਿੱਤਰਾਂ ‘ਚੋਂ ਇਕ ਨਮੂਨਾ। ਇਹ ਪਹਿਲਾਂ ‘ਆਰਸੀ’ ਵਿਚ
ਛਪਿਆ ਸੀ ਪਿੱਛੋਂ ਸੁਖਬੀਰ ਨੇ ਹਿੰਦੀ ਅਨੁਵਾਦ ‘ਧਰਮ ਯੁੱਗ’ ਵਿਚ ਛਪਵਾਇਆ। ਸਰਵਣ ਸਿੰਘ
ਇਹਨਾਂ ਮੁਢਲੇ ਰੇਖਾਂ-ਚਿਤਰਾਂ ਨਾਲ ਹੀ ਪੰਜਾਬੀ ਵਾਰਤਕ ਦੇ ਖੇਤਰ ਵਿਚ ਨਵੀਆਂ ਪੈੜਾਂ ਪਾਉਣ
ਵਾਲੇ ਲੇਖਕ ਵਜੋਂ ਸਥਾਪਤ ਹੋ ਗਿਆ ਸੀ। ‘ਧਰਤੀ ਧੱਕ’ ਦਾ ਪਰਵੀਨ ਆਪਣੇ ਸਮਿਆਂ ਦਾ ਪ੍ਰਸਿੱਧ
ਏਸ਼ੀਅਨ ਜੇਤੂ ਸੁਟਾਵਾ ਸੀ-ਸੰਪਾਦਕ)
ਪਰਵੀਨ ਕੁਮਾਰ ਦਾ ਕੱਦ ਛੇ ਫੁੱਟ ਸੱਤ ਇੰਚ ਹੈ ਤੇ ਭਾਰ ਸਵਾ ਕੁਇੰਟਲ। ਪੰਜਾਹ ਇੰਚ ਛਾਤੀ,
ਉਣੱਤੀ ਇੰਚ ਪੱਟ ਤੇ ਸਤਾਰਾਂ ਇੰਚ ਡੌਲੇ਼। ਉਹ ਮੇਰੇ ਵਡ-ਵਡੇਰਿਆਂ ਦੇ ਪਿੰਡ ਸਰਹਾਲੀ ਦਾ
ਜੰਮਪਲ ਹੈ ਜਿਸ ਨੂੰ ਕਈ ਚੋਰਾਂ ਵਾਲੀ ਸਰਹਾਲੀ ਵੀ ਕਹਿੰਦੇ ਹਨ। ਇਹ ਭਾਈ ਬਿਧੀ ਚੰਦ ਦਾ
ਨਾਨਕਾ ਪਿੰਡ ਹੈ ਜਿਸ ਨੇ ਲਾਹੌਰ ਦੇ ਕਿਲੇ ‘ਚੋਂ ਘੋੜੇ ਕੱਢੇ ਸਨ। ਪਰਵੀਨ ਦਾ ਜਨਮ 6 ਦਸੰਬਰ
1947 ਨੂੰ ਸੰਧੂਆਂ ਦੇ ਬਾਹੀਏ ਵਿਚਕਾਰ ਵਸਦੇ ਪੰਡਤਾਂ ਦੇ ਸੋਬਤੀ ਪਰਿਵਾਰ ਵਿਚ ਹੋਇਆ। ਉਹ
ਸਹੁੰ ਖਾਂਦਿਆਂ ਅੰਬਰਸਰ ਵੱਲ ਹੱਥ ਕਰਦਾ ਹੈ। ਉਹਦੀ ਮਸ਼ਹੂਰੀ ਤਰਨਤਾਰਨ ਦੇ ਟੂਰਨਾਮੈਂਟ ਤੋਂ
ਸ਼ੁਰੂ ਹੋਈ ਜੋ ਏਸ਼ੀਆ ਤੇ ਕਾਮਨਵੈਲਥ ਦੇਸ਼ਾਂ ਦੀਆਂ ਹੱਦਾਂ ਲੰਘ ਗਈ। ਉਹਨੇ ਰਾਸ਼ਟਰੀ ਤੇ
ਅੰਤਰ-ਰਾਸ਼ਟਰੀ ਖੇਡ ਮੁਕਾਬਲਿਆਂ ਵਿਚ ਦਰਜਨ ਤੋਂ ਵੱਧ ਤਮਗ਼ੇ ਜਿੱਤੇ। ਉਹਦੀਆਂ ਬਾਹਵਾਂ ਨੇ
65.76 ਮੀਟਰ ਹੈਮਰ ਸੁੱਟਿਆ ਤੇ 56.74 ਮੀਟਰ ਦੂਰ ਡਿਸਕਸ ਸੁੱਟੀ। ਆਮ ਬੰਦੇ ਤੋਂ ਏਨੀ ਦੂਰ
ਰੋੜਾ ਵੀ ਨਹੀਂ ਸੁੱਟਿਆ ਜਾਂਦਾ। ਉਹ ਵਾਰ-ਵਾਰ ਏਸ਼ੀਆ ਦਾ ਚੈਂਪੀਅਨ ਬਣਿਆ। 1966 ਵਿਚ
ਕਿੰਗਸਟਨ ਦੀਆਂ ਕਾਮਨਵੈਲਥ ਖੇਡਾਂ ‘ਚ ਉਹ ਹੈਮਰ ਸੁੱਟਣ ਵਿਚ ਸੈਕੰਡ ਰਿਹਾ ਸੀ। ਉਸ ਸਮੇਂ ਉਹ
ਦੁਨੀਆ ਦਾ ਸਭ ਤੋਂ ਛੋਟੀ ਉਮਰ ਦਾ ਸਭ ਤੋਂ ਕੱਦਾਵਰ ਤੇ ਵਜ਼ਨ ਵਿਚ ਸਭ ਤੋਂ ਭਾਰਾ ਸੁਟਾਵਾ
ਗਿਣਿਆ ਗਿਆ ਸੀ। ਉਦੋਂ ਤਕ ਉਹਨੇ ਦੋ ਬੰਦੇ ਹੀ ਆਪਣੇ ਕੱਦ ਤੋਂ ਉੱਚੇ ਵੇਖੇ ਸਨ। ਇਕ
ਤਰਸਿੱਕੇ ਬਲਾਕ ਵਿਚ ਤੇ ਦੂਜਾ ਦਾਰਾ ਦੁਲਚੀਪੁਰੀਆ।
ਸਮੇਂ ਨਾਲ ਉਹਦੇ ‘ਚ ਬੜੀ ਤਬਦੀਲੀ ਆਈ। ਖੇਡ ਅਖਾੜੇ ‘ਚ ਵੜਦਿਆਂ ਉਹ ਸਿੱਧ-ਪੱਧਰਾ ਪੇਂਡੂ
ਮਝੈਲ ਸੀ। ਸਰਹਾਲੀ ਤੋਂ ਅੰਬਰਸਰ ਉਹਦੀ ਦੁਨੀਆ ਸੀ। ਪਰ ਬਾਅਦ ਵਿਚ ਉਹਨੇ ਏਨੀ ਦੁਨੀਆ ਵੇਖੀ
ਕਿ ਉਠਦਿਆਂ ਬੈਠਦਿਆਂ ਐਕਟਰਾਂ ਨੂੰ ਵੀ ਮਾਤ ਪਾਉਣ ਲੱਗਾ। ਮਾਤ ਕੀ ਬਣ ਹੀ ਐਕਟਰ ਗਿਆ। 1965
ਵਿਚ ਹੱਥ ਮੂੰਹ ਧੋਂਦਿਆਂ ਉਹਦੇ ਕੋਲੋਂ ਵਾਸ਼ ਬੇਸਣ ਟੁੱਟ ਗਿਆ ਸੀ। ਉਸ ਨੂੰ ਉਹ ਖੂਹ ਦੀ ਮਣ
ਸਮਝ ਬੈਠਾ ਸੀ। ਉਦੋਂ ਹੋਵੇਗਾ ਅਠਾਰਾਂ ਉਨੀ ਸਾਲਾਂ ਦਾ। ਉਹ ਟੀਮ ਨਾਲ ਮਦਰਾਸ ਗਿਆ। ਟੀਮ
ਹੋਟਲ ‘ਚ ਠਹਿਰੀ। ਪਰਵੀਨ ਵਾਸ਼ ਬੇਸਣ ਵਿਚ ਹੱਥ ਧੋਣ ਲੱਗਾ ਪੈਰ ਵੀ ਧੋਣ ਲੱਗ ਪਿਆ। ਫਿਰ
ਪੈਰ ਵਾਸ਼ ਬੇਸਣ ਉਤੇ ਟਿਕਾ ਕੇ ਪਰਨੇ ਨਾਲ ਪੂੰਝਣ ਲੱਗਾ। ਪੈਰ ‘ਤੇ ਭਾਰ ਕੁਝ ਵਧੇਰੇ ਆ ਗਿਆ
ਤੇ ਚੀਨੀ ਦਾ ਖੋਲ ਥੱਲੇ ਡਿੱਗ ਕੇ ਖਿਲਰ ਗਿਆ। ਖੜਕਾ ਸੁਣ ਕੇ ਨੌਕਰ ਭੱਜਾ ਆਇਆ ਤੇ ਕਹਿਣ
ਲੱਗਾ, “ਇਹ ਢਾਈ ਸੌ ਦਾ ਸੀ।”
ਪਿੰਡ ‘ਚੋਂ ਪਹਿਲੀ ਵਾਰ ਵੱਡੇ ਸ਼ਹਿਰ ਗਏ ਪਰਵੀਨ ਨੂੰ ਦੁੱਖ ਹੋਇਆ ਕਿ ਵਹਿੜਕੇ ਦੇ ਮੁੱਲ ਦੀ
ਚੀਜ਼ ਐਵੇਂ ਟੁੱਟ ਗਈ! ਫਿਰ ਉਹ ਨ੍ਹਾਉਣ ਗਿਆ ਤਾਂ ਗ਼ੁਸਲਖਾਨੇ ‘ਚ ਚੀਨੀ ਦਾ ਵੱਡਾ ਟੱਬ ਵੇਖ
ਕੇ ਨੌਕਰ ਨੂੰ ਕਹਿਣ ਲੱਗਾ, “ਆਹ ਟੜਾ ਟੱਬ ਹੁਣੇ ਚੁੱਕ ਲਓ। ਟੁੱਟ ਇਹ ਵੀ ਜਾਣਾ। ਫੇਰ
ਕਹੋਂਗੇ, ਹਜ਼ਾਰ ਦਾ ਤੋੜਤਾ!”
ਇਕੇਰਾਂ ਉਹ ਰੇਲ ਗੱਡੀ ਵਿਚ ਸਫ਼ਰ ਕਰ ਰਿਹਾ ਸੀ। ਰਜਾਈ ਲੈ ਕੇ ਲੰਮਾ ਪੈ ਗਿਆ ਪਰ ਮੂੰਹ
ਨੰਗਾ ਰੱਖ ਲਿਆ। ਇਕ ਮੁਸਾਫਿ਼ਰ ਆਇਆ ਜੋ ਕਹਿਣ ਲੱਗਾ, “ਭਲਵਾਨਾਂ, ਰਤਾ ਲੱਤਾਂ ‘ਕੱਠੀਆਂ
ਕਰੀਂ, ਮੈਨੂੰ ਵੀ ਬਹਿ ਲੈਣ ਦੇ।”
ਲੱਤਾਂ ਪਰਵੀਨ ਦੀਆਂ ਪਹਿਲਾਂ ਹੀ ‘ਕੱਠੀਆਂ ਕੀਤੀਆਂ ਹੋਈਆਂ ਸਨ। ਉਹਨੇ ਸਿੱਧੀਆਂ ਕਰ
ਦਿੱਤੀਆਂ। ਪੈਰ ਰਜਾਈ ‘ਚੋਂ ਬਾਹਰ ਨਿਕਲ ਆਏ। ਮੁਸਾਫਿ਼ਰ ਕਦੇ ਪੈਰਾਂ ਵੱਲ ਵੇਖੇ, ਕਦੇ ਸਿਰ
ਵੱਲ। ਹੈਰਾਨ ਹੋਇਆ ਬੋਲਿਆ, “ਤਾਂਹੀਏਂ!”
ਪਰਵੀਨ ਨੇ ਪੁੱਛਿਆ, “ਤਾਂਹੀਏਂ ਕੀ?”
ਮੁਸਾਫਿ਼ਰ ਨੇ ਵਿਅੰਗ ਨਾਲ ਕਿਹਾ, “ਮੈਂ ਸਮਝਿਆ ਸੀ ਕੋਈ ਬੰਦਾ ਇਆ!”
ਜਦੋਂ ਉਹ ਪਹਿਲੀ ਵਾਰ ਪਟਿਆਲੇ ਕੋਚਿੰਗ ਕੈਂਪ ਵਿਚ ਆਇਆ ਤਾਂ ਮੈਂ ਉਹਤੋਂ ਖੁਰਾਕ ਪੁੱਛੀ।
ਉਹਨੇ ਕਿਹਾ, “ਖੁਰਾਕ ਗਿਣ ਮਿਥ ਕੇ ਥੋੜ੍ਹੋ ਖਾਈਦੀ ਆ। ਕਦੇ ਘੱਟ ਕਦੇ ਵੱਧ।”
“ਨਾ ਤਾਂ ਵੀ। ਘੱਟ ਵੱਧ ਦਾ ਕੁਛ ਤਾਂ ਅੰਦਾਜ਼ਾ ਲੱਗੇ।”
“ਅੰਦਾਜ਼ੇ ਨਾਲ ਪੰਜ ਛੇ ਕਿੱਲੋ ਦੁੱਧ, ਪਾ ਡੇਢ ਪਾ ਘਿਓ, ਛੇ ਸੱਤ ਆਂਡੇ ਤੇ ਕਿੱਲੋ ਸਵਾ
ਕਿੱਲੋ ਮੀਟ। ਇਹ ਪਿੰਡ ਦੀ ਗੱਲ ਆ। ਜੇ ਸ਼ਹਿਰ ‘ਚ ਹੋਈਏ ਤਾਂ ਭੁੱਖੇ ਵੀ ਰਹਿ ਲਈਦਾ!”
ਕੈਂਪ ਵਿਚ ਅਜਮੇਰ ਸਿੰਘ ਮਸਤ ਰੂਹ ਅਫ਼ਜ਼ੇ ਦੀ ਬੋਤਲ ਲੈ ਆਇਆ। ਪਰਵੀਨ ਨੂੰ ਪਤਾ ਨੀ ਕਿਵੇਂ
ਮੁਸ਼ਕ ਆ ਗਿਆ। ਅਜਮੇਰ ਨ੍ਹਾਉਣ ਗਿਆ ਤਾਂ ਪਰਵੀਨ ਨੇ ਦਾਅ ਤਕਾ ਕੇ ਬਾਰ ਭੇੜਿਆ, ਬੋਤਲ ਘੜੇ
‘ਚ ਮੂਧੀ ਕੀਤੀ, ਹੱਥ ਨਾਲ ਮਧਾਣੀ-ਗੇੜਾ ਦਿੱਤਾ ਤੇ ਘੜੇ ਨੂੰ ਹੀ ਮੂੰਹ ਲਾ ਕੇ ਪੀ ਗਿਆ।
ਉਹਨੀਂ ਦਿਨੀਂ ਖਾਣ ਪੀਣ ਬਾਰੇ ਉਹ ਕਿਹਾ ਕਰਦਾ ਸੀ ਕਿ ਰੱਜਵਾਂ ਮਿਲੇ ਤਾਂ ਬੰਦਾ ਖਾਣੋ ਹੀ
ਨਾ ਹਟੇ!
1966 ਵਿਚ ਭਾਰਤੀ ਅਥਲੀਟਾਂ ਦੀ ਟੀਮ ਸੋਵੀਅਤ ਰੂਸ ਜਾਣੀ ਸੀ। ਦਿੱਲੀ ਦੇ ਰੂਸੀ ਸਫ਼ਾਰਤਖਾਨੇ
ਨੇ ਟੀਮ ਨੂੰ ਪਾਰਟੀ ਦਿੱਤੀ। ਪਾਰਟੀ ਪਿੱਛੋਂ ਪਰਵੀਨ ਹੋਟਲ ‘ਚ ਆ ਕੇ ਕਹੀ ਜਾਵੇ, “ਉਹ ਪਤਾ
ਨੀ ਵੋਦਕਾ-ਵੂਦਕਾ ਕੀ ਨਾਂ ਲੈਂਦੇ ਸੀ। ਐਵੇਂ ਪਿਆਲੀਆਂ ਦੇ ਬੱਚਿਆਂ ਜਿਅ੍ਹਾਂ ‘ਚ ਪਾ-ਪਾ
ਦੇਈ ਜਾਣ। ਨਾ ਪੀਣ ਨਾ ਛੱਡਣ। ਸਾਡਾ ਉਹਨਾਂ ਨਾਲ ਕੀ ਬਣਦਾ? ਸਾਨੂੰ ਤਾਂ ਡੋਲ ਚਾਹੀਦਾ ਸੀ,
ਭਰਿਆ ਹੋਇਆ। ਫੇਰ ਬਣਦੀ ਸਰਹਾਲੀ ਵਾਲੀ ਗੱਲ।”
ਪਹਿਲਾਂ ਪਹਿਲ ਪਰਵੀਨ ਨੇ ਪਹਿਲਵਾਨ ਬਣਨ ਦੀ ਠਾਣੀ ਸੀ। ਉਹ ਹਰ ਰੋਜ਼ ਡੇਢ ਦੋ ਸੌ ਡੰਡ ਤੇ
ਪੰਜ ਛੇ ਸੌ ਬੈਠਕਾਂ ਕੱਢਦਾ ਸੀ। ਟੋਕਾ ਗੇੜਦਿਆਂ ਦਸ-ਦਸ ਭਰੀਆਂ ਪੱਠਿਆਂ ਦੀਆਂ ਕੁਤਰ
ਦੇਣੀਆਂ। ਉਹਦੇ ਪਿਤਾ ਜੀ ਪੁਲਿਸ ਵਿਚ ਥਾਣੇਦਾਰ ਸਨ ਤੇ ਖ਼ੁਦ ਖਿਡਾਰੀ ਰਹੇ ਸਨ। ਉਹਨਾਂ ਨੂੰ
ਸ਼ੌਕ ਸੀ ਕਿ ਪੁੱਤਰ ਖੁਰਾਕ ਖਾ ਕੇ ਤਕੜੇ ਖਿਡਾਰੀ ਬਣਨ। ਏਹੋ ਕਾਰਨ ਸੀ ਕਿ ਬੱਚਿਆਂ ਨੂੰ
ਖਾਣ ਪੀਣ ਲਈ ਚੰਗਾ ਚੋਖਾ ਮਿਲਦਾ ਰਿਹਾ ਤੇ ਉਹ ਬੜੇ ਕੱਦਾਵਰ ਨਿਕਲੇ।
ਪਰਵੀਨ ਤੇ ਉਹਦਾ ਭਾਈ ਹਵੇਲੀ ਸੁੱਤੇ ਪਏ ਸਨ। ਚੋਰਾਂ ਨੇ ਉਹਨਾਂ ਦੀ ਵਛੇਰੀ ਖੋਲ੍ਹ ਲਈ।
ਪਰਵੀਨ ਦੀ ਅੱਖ ਖੁੱਲ੍ਹ ਗਈ। ਉਹਨੇ ਬੰਦੂਕ ਵਾਲੇ ਬੰਦੇ ਨੂੰ ਜੱਫਾ ਮਾਰ ਲਿਆ ਤੇ ਬੰਦੂਕ ਦੀ
ਨਾਲੀ ਕੱਛ ਹੇਠ ਘੁੱਟ ਲਈ। ਚੋਰ ਨੇ ਫਾਇਰ ਕਰ ਦਿੱਤਾ। ਗੋਲੀ ਕੱਛ ਵਿਚ ਦੀ ਲੰਘ ਗਈ। ਨਾਲ ਦੇ
ਚੋਰ ਨੇ ਬੰਦੂਕ ਫੜ ਕੇ ਬੱਟ ਸਿਰ ਵਿਚ ਮਾਰਿਆ ਜਿਸ ਨਾਲ ਪਰਵੀਨ ਭੁਆਂਟਣੀ ਖਾ ਕੇ ਡਿੱਗ ਪਿਆ।
ਚੋਰ ਦੌੜ ਗਏ। ਇਸ ਹਾਦਸੇ ਪਿੱਛੋਂ ਪਰਵੀਨ ਦੀ ਖੁਰਾਕ ਹੋਰ ਵਧਾ ਦਿੱਤੀ ਗਈ ਕਿ ਕੱਲ੍ਹ-ਕਲੋਤਰ
ਨੂੰ ਫਿਰ ਇਹੋ ਜਿਹੀ ਘਟਨਾ ਵਾਪਰੇ ਤਾਂ ਉਹ ਘੱਟਘੱਟ ਦੋਂਹ ਜਣਿਆਂ ਦਾ ਮੁਕਾਬਲਾ ਤਾਂ ਕਰੇ।
ਮੈਂ ਪਰਵੀਨ ਤੋਂ ਉਹਦਾ ਮਨਭਾਉਂਦਾ ਸ਼ੌਂਕ ਪੁੱਛਿਆ ਤਾਂ ਉਹਨੇ ਕਿਹਾ, “ਮੇਰਾ ਸ਼ੌਂਕ ਆ ਪਈ
ਜੁੱਸਾ ਹੋਰ ਤਗੜਾ ਹੋਵੇ। ਖੜ੍ਹਾ ਬੰਦਾ ਲੱਗਾਂ। ਆਦਮੀ ਦਾ ਜੁੱਸਾ ਏਨਾ ਤਗੜਾ ਹੋਵੇ ਪਈ ਦੇਖਣ
ਆਲੇ ਨੂੰ ਦਹਿਸ਼ਤ ਆਵੇ। ਲੋਕ ਰਾਹ ਛੱਡ ਕੇ ਲੰਘਣ। ਅਸਲ ਵਿਚ ਜੂੰਨ ਈ ਤਗੜੇ ਬੰਦੇ ਦੀ ਆ।
ਮਾੜੇ ਦੀ ਕਾਹਦੀ ਜੂੰਨ?”
ਜਦੋਂ ਉਹ ਪਿੰਡ ਰਹਿੰਦਾ ਸੀ ਤਾਂ ਪਿੰਡ ਦੀ ਰੌੜ ਵਿਚ ਪ੍ਰੈਕਟਿਸ ਕਰਦਾ ਸੀ। ਦੂਰ ਸਾਰੇ ਇਕ
ਵੱਟ ਸੀ। ਉਹਦੀ ਰੀਝ ਸੀ ਕਿ ਉਹਦੀ ਸੁੱਟ ਕਿਸੇ ਦਿਨ ਉਸ ਵੱਟ ਉਤੇ ਚਲੀ ਜਾਵੇ। ਉਸ ਅਣਮਿਣੀ
ਵੱਟ ਉਤੇ! ਤਾਂ ਹੀ ਉਹ ਆਪਣੀ ਘਾਲਣਾ ਸਫਲ ਸਮਝੇਗਾ। ਫਿਰ ਉਹਦਾ ਵਾਸਾ ਜਲੰਧਰ ਹੋ ਗਿਆ। ਫਿਰ
ਪਿੰਡ ਦੀ ਜ਼ਮੀਨ ਜਾਇਦਾਦ ਵੇਚ ਕੇ ਉਹਨਾਂ ਨੇ ਦਿੱਲੀ ਜਾ ਕੋਠੀ ਪਾਈ ਤੇ ਉਥੇ ਹੀ ਕਾਰੋਬਾਰ
ਤੋਰ ਲਿਆ। ਪਰਵੀਨ ਖ਼ੁਦ ਬਾਰਡਰ ਸਕਿਉਰਿਟੀ ਵਿਚ ਕੰਮ ਕਰਦਾ ਰਿਹਾ ਤੇ ਡੀ. ਐਸ. ਪੀ. ਦੇ
ਅਹੁਦੇ ਤਕ ਚਲਾ ਗਿਆ। ਫਿਰ ਉਹ ਨੌਕਰੀ ਨੂੰ ਲੱਤ ਮਾਰ ਕੇ ਫਿਲਮਾਂ ‘ਚ ਰੋਲ ਕਰਨ ਲਈ ਬੰਬਈ ਜਾ
ਪੁੱਜਾ। ਉਹਨੇ ਦਾਰਾ ਸਿੰਘ ਵਾਂਗ ਮਝੈਲ ਲਹਿਜੇ ‘ਚ ਹਿੰਦੀ ਦੇ ਡਾਇਲਾਗ ਬੋਲੇ ਤੇ ਸੀਰੀਅਲ
ਮਹਾਂਭਾਰਤ ਦਾ ਭੀਮ ਬਣਿਆ। ਉਹ ਦੋ ਭਾਈ ਖੇਡਾਂ ‘ਚ ਚਮਕੇ ਪਰ ਕਹਿੰਦੇ ਇਹੋ ਰਹੇ, “ਖੇਡਾਂ ‘ਚ
ਭੁੱਖ ਨੰਗ ਤੋਂ ਸਿਵਾ ਹੋਰ ਹੈ ਵੀ ਕੀ?”
ਪਰਵੀਨ ਨੇ ਸਕੂਲੀ ਸਿੱਖਿਆ ਸਰਹਾਲੀ ਦੇ ਹਾਈ ਸਕੂਲ ਵਿਚ ਲਈ। ਉਹ ਖ਼ਾਲਸਾ ਕਾਲਜ ਅੰਮ੍ਰਿਤਸਰ
ਪੜ੍ਹਨ ਲੱਗਾ ਸੀ ਜਦੋਂ ਬਾਰਡਰ ਸਕਿਉਰਿਟੀ ਫੋਰਸ ਨੇ ਖਿਡਾਰੀਆਂ ਦੇ ਕੋਟੇ ਵਿਚ ਭਰਤੀ ਕਰ
ਲਿਆ। ਨੌਕਰੀ ਤਾਂ ਨਾਂ ਦੀ ਸੀ, ਅਸਲ ਕੰਮ ਡਿਸਕਸ ਤੇ ਹੈਮਰ ਸੁੱਟਣਾ ਸੀ। ਹੈਮਰ ਤੇ ਡਿਸਕਸ
ਦੇ ਉਸ ਨੇ ਛੋਟੀ ਉਮਰ ਵਿਚ ਹੀ ਰਿਕਾਰਡ ਰੱਖ ਦਿੱਤੇ ਪਰ ਜਿਹੜੀ ਕੁੜੀ ਨਾਲ ਉਹ ਅੱਖ ਮਟੱਕਾ
ਕਰਦਾ ਸੀ ਉਹ ਚੈਂਪੀਅਨ ਬਣ ਕੇ ਵੀ ਉਹਦੇ ਕਾਬੂ ਨਾ ਆਈ। ਹੁਣ ਤਾਂ ਉਹ ਹਉਕਾ ਲੈ ਕੇ ਏਨਾ ਹੀ
ਕਹਿੰਦਾ ਹੈ, “ਪਤਾ ਨੀ ਮਰ ਜਾਣੀ ਕਿਥੇ ਹੋਵੇ? ਪਤਾ ਨੀ ਹੋਵੇ ਜਾਂ ਨਾ ਹੋਵੇ!”
ਇਕ ਵਾਰ ਰੀਹ ਦੇ ਦਰਦ ਨੇ ਉਹਨੂੰ ਸਾਲ ਭਰ ਮੰਜੇ ‘ਤੇ ਪਾਈ ਰੱਖਿਆ। ਉਹ ਦਿਨ ਚੇਤੇ ਕਰ ਕੇ
ਉਹਦਾ ਅਜੇ ਵੀ ਗੱਚ ਭਰ ਆਉਂਦਾ ਹੈ। ਏਨਾ ਦਰਦ ਕਿ ਕਚੀਚੀ ਵੱਟ ਕੇ ਰੋਣ ਰੋਕਦਾ ਪਰ ਹੰਝੂ ਫਿਰ
ਵੀ ਉਮਡ ਆਉਂਦੇ। ਉਹ ਕਹਿੰਦਾ ਹੈ, “ਪ੍ਰਮਾਤਮਾ ਉਹੋ ਜਿਹਾ ਦਰਦ ਮੁੜ ਕੇ ਨਾ ਦੇਵੇ, ਉਮਰ ਦੇ
ਭਾਵੇਂ ਵੀਹ ਵਰ੍ਹੇ ਘਟਾ ਦੇਵੇ।”
1968 ਵਿਚ ਉਹਨੂੰ ਅਰਜਨਾ ਅਵਾਰਡ ਮਿਲਿਆ। 1966 ਤੇ 70 ਦੀਆਂ ਏਸਿ਼ਆਈ ਖੇਡਾਂ ਵਿਚੋਂ ਉਸ ਨੇ
ਸੋਨੇ ਦੇ ਤਿੰਨ ਤਮਗ਼ੇ ਜਿੱਤੇ। ਦੋ ਵਾਰ ਓਲੰਪਿਕ ਖੇਡਾਂ ‘ਚ ਭਾਗ ਲਿਆ। ਰੀਹ ਦੇ ਦਰਦ ਕਾਰਨ
1974 ਦੀਆਂ ਏਸਿ਼ਆਈ ਖੇਡਾਂ ਵਿਚੋਂ ਉਹ ਚਾਂਦੀ ਦਾ ਤਮਗ਼ਾ ਹੀ ਜਿੱਤ ਸਕਿਆ। ਮਨੀਲਾ ਤੇ ਸਿਓਲ
ਦੀਆਂ ਏਸ਼ੀਅਨ ਅਥਲੈਟਿਕ ਮੀਟਾਂ ਵਿਚੋਂ ਉਸ ਨੇ ਵਾਰ ਵਾਰ ਸੋਨੇ ਦੇ ਤਮਗ਼ੇ ਜਿੱਤੇ। ਦਸ ਸਾਲ
ਉਹ ਏਸ਼ੀਆ ਦਾ ਸਭ ਤੋਂ ਤਕੜਾ ਸੁਟਾਵਾ ਰਿਹਾ। ਜਰਮਨੀ ਵਿਚ ਅਥਲੈਟਿਕਸ ਦੇ ਡੈਜ਼ਲਡੋਰਫ਼ ਵਰਲਡ
ਕੱਪ ਸਮੇਂ ਉਹ ਏਸ਼ੀਆ ਦੀ ਅਥਲੈਟਿਕ ਟੀਮ ਦਾ ਕਪਤਾਨ ਬਣਿਆ। ਉਥੇ ਉਹ ਕੁਲ ਦੁਨੀਆ ਵਿਚ ਚੌਥੇ
ਨੰਬਰ ‘ਤੇ ਆਇਆ। 1974 ਵਿਚ ਤਹਿਰਾਨ ਦੀਆਂ ਏਸਿ਼ਆਈ ਖੇਡਾਂ ਸਮੇਂ ਉਸ ਨੇ ਭਾਰਤੀ ਦਲ ਦੀ
ਅਗਵਾਈ ਕੀਤੀ।
ਇਕ ਵਾਰ ਮੈਂ ਉਹਨੂੰ ਜਲੰਧਰ ਮਿਲਣ ਗਿਆ ਤਾਂ ਉਹ ਪਹਿਲਾਂ ਨਾਲੋਂ ਬਹੁਤ ਬਦਲਿਆ ਹੋਇਆ ਸੀ।
ਭਲਵਾਨਾਂ ਵਾਲੇ ਘੋਨੇ ਸਿਰ ਦੀ ਥਾਂ ਲੰਮੇ ਪਟੇ ਸਨ। ਕਪੜਾ-ਲੱਤਾ ਫੈਸ਼ਨਦਾਰ ਤੇ ਅਦਾਵਾਂ
ਸ਼ਹਿਰੀ। ਵੇਖਣ ਨੂੰ ਲਾਟ ਸਾਹਬ! ਮੈਂ ਸਮਝਿਆ, ਖ਼ੌਰੇ ਸਿਆਣੇ ਵੀ ਨਾ। ਗੱਲੀਂ ਬਾਤੀਂ
ਖੁੱਲ੍ਹਿਆ ਤਾਂ ਉਹੀ ਸਰਹਾਲੀ ਵਾਲਾ ਪਰਵੀਨ ਨਿਕਲਿਆ। ਉਹੀ ਹਾਸਾ, ਉਹੀ ਮਖੌਲ ਤੇ ਉਹੀ ਮਝੈਲ
ਲਹਿਜਾ। ਪਰ ਕਦੇ-ਕਦੇ ਉਹ ਅੰਗਰੇਜ਼ੀ ਬੋਲਣ ਲੱਗ ਜਾਂਦਾ ਜਦਕਿ ਪਹਿਲਾਂ ਕੋਚ ਦਾ ਇਕੋ ਫਿਕਰਾ
ਸੁਣ ਕੇ ਮੁੜ੍ਹਕੋ-ਮੁੜ੍ਹਕੀ ਹੋ ਜਾਂਦਾ ਸੀ। ਉੱਦਣ ਉਹ ਵਿਚੇ ਅੰਗਰੇਜ਼ੀ ਬੋਲੀ ਗਿਆ ਤੇ ਵਿਚੇ
ਅੰਗਰੇਜ਼ੀ ਵਿਚ ਕਹੀ ਗਿਆ ਕਿ ਮੈਨੂੰ ਅੰਗਰੇਜ਼ੀ ਚੰਗੀ ਨਹੀਂ ਲੱਗਦੀ! 1966 ਵਿਚ ਉਸ ਨੂੰ
ਵੋਦਕਾ ਦੀ ਘੁੱਟ ਭਰਨੀ ਨਹੀਂ ਸੀ ਆਈ ਪਰ ਤੁਰ ਫਿਰ ਕੇ ਉਹ ਕੁਲ ਦੁਨੀਆ ਦਾ ਸਿ਼ਸ਼ਟਾਚਾਰ ਜਾਣ
ਗਿਆ।
ਜਦ ਉਹ ਪਹਿਲੀ ਵਾਰ ਹਵਾਈ ਜਹਾਜ਼ ਉਤੇ ਚੜ੍ਹਿਆ ਤਾਂ ਕੁਰਸੀ ‘ਤੇ ਮਸਾਂ ਮੇਚ ਆਇਆ। ਬੈਠਾ
ਬੈਠਾ ਬਟਨ ਛੇੜਣ ਲੱਗ ਪਿਆ। ਅਚਾਨਕ ਇਕ ਬਟਨ ਦੱਬਿਆ ਗਿਆ ਤੇ ਸੀਟ ਪਿਛੇ ਨੂੰ ਢਿਲਕ ਚੱਲੀ।
ਪਰਵੀਨ ਨੇ ਸਮਝਿਆ ਲਓ ਇਹ ਵੀ ਹੋਟਲ ਦੇ ਵਾਸ਼ ਬੇਸਣ ਵਾਂਗ ਟੁੱਟੀ ਕਿ ਟੁੱਟੀ! ਉਹਨੇ ਫੌਰਨ
ਆਪਣਾ ਭਾਰ ਪੈਰਾਂ ਉਤੇ ਕਰ ਲਿਆ ਤੇ ਸਾਰਾ ਸਫ਼ਰ ਪੈਰਾਂ ਭਾਰ ਹੀ ਕੀਤਾ। ਨੀਵੀਂ ਪਾਈ ਆਸੇ
ਪਾਸੇ ਵਿੰਹਦਾ ਰਿਹਾ ਕਿ ਕੋਈ ਅੱਧ-ਟੁੱਟੀ ਸੀਟ ਨਾ ਵੇਖ ਲਵੇ ਤੇ ਜਹਾਜ਼ੀ ਅਮਲੇ ਨੂੰ ਨਾ ਦੱਸ
ਦੇਵੇ! ਜਹਾਜ਼ ਹਵਾਈ ਅੱਡੇ ‘ਤੇ ਉਤਰਿਆ ਤਾਂ ਉਹ ਤੇਜ਼ੀ ਨਾਲ ਜਹਾਜ਼ ‘ਚੋਂ ਨਿਕਲਿਆ ਤੇ ਬਾਹਰ
ਜਾ ਕੇ ਸਾਥੀਆਂ ਨੂੰ ਕਹਿਣ ਲੱਗਾ, “ਬੇਲੀਓ ਬਚ ਗਏ। ਮੈਂ ਜਿਹੜੀ ਸੀਟ ‘ਤੇ ਬੈਠਾ ਸੀ ਉਹ
ਟੁੱਟ ਗਈ ਜੇ। ਪਰ ਮੈਂ ਪੈਰਾਂ ਭਾਰ ਈ ਰਿਹਾਂ ਤੇ ਕਿਸੇ ਨੂੰ ਪਤਾ ਨੀ ਲੱਗਣ ਦਿੱਤਾ। ਮਾਲਕਾਂ
ਨੂੰ ਪਤਾ ਲੱਗ ਜਾਂਦਾ ਤਾਂ ਆਪਣੀ ਫੜੀ ਫਾਰਨ ਐਕਸਚੇਂਜ ਏਥੇ ਈ ਲੱਗ ਜਾਣੀ ਸੀ!”
ਉਹ ਦਿਨ ਪੁੱਗ ਗਏ ਸਨ ਜਦੋਂ ਕਿਸੇ ਕੁੜੀ ਕੱਤਰੀ ਨਾਲ ਗੱਲ ਕਰਦਿਆਂ ਉਹਦੀ ਜ਼ਬਾਨ ਥਿੜਕਦੀ ਤੇ
ਅਗਾਂਹ ਗੱਲ ਨਹੀਂ ਸੀ ਔੜਦੀ। ਪਿੱਛੋਂ ਤਾਂ ਟੋਕੀਓ ਦੀਆਂ ਜਪਾਨਣਾਂ ਤੇ ਯੂਰਪ ਦੀਆਂ ਮੇਮਾਂ
ਵੀ ਉਹਦੀਆਂ ਗੱਲਾਂ ਵਿਚ ਦਿਲਚਸਪੀ ਲੈਂਦੀਆਂ ਸਨ। ਬਾਹਰ ਦੇ ਕੋਚਾਂ ਤੇ ਖਿਡਾਰੀਆਂ ਨਾਲ ਮਿਲ
ਗਿਲ ਕੇ ਪੱਤਰਕਾਰਾਂ ਨੂੰ ਇੰਟਰਵਿਊ ਦੇਣ ਵਿਚ ਉਹ ਪੂਰਾ ਤਾਕ ਹੋ ਗਿਆ ਸੀ। ਗੱਲ ਬਾਤ ਕਰਦਿਆਂ
ਮੂੰਹ ਦੇ ਨਾਲ ਹੱਥਾਂ ਪੈਰਾਂ ਤੇ ਸਰੀਰ ਨੂੰ ਵੀ ਹਰਕਤ ਵਿਚ ਲਿਆਉਂਦਾ ਸੀ।
ਗੱਲਾਂ ਬਾਤਾਂ ਕਰਦਿਆਂ ਕਦੇ-ਕਦੇ ਉਹਦੇ ‘ਚੋਂ ਫਿਰ ਉਹੀ ਪੁਰਾਣਾ ਪਰਵੀਨ ਉਜਾਗਰ ਹੋ ਉਠਦਾ
ਜੀਹਦੀਆਂ ਗੱਲਾਂ ਹਾਸੇ ਮਖੌਲ ਨਾਲ ਲੱਦੀਆਂ ਤੇ ਗਾਲ੍ਹਾਂ ਨਾਲ ਸਿ਼ੰਗਾਰੀਆਂ ਹੁੰਦੀਆਂ ਸਨ।
ਜਿਵੇਂ ਮੇਲਾ ਵੇਖ ਕੇ ਜੱਟਾਂ ਦੇ ਛੇ ਮਹੀਨੇ ਲੰਘ ਜਾਂਦੇ ਹਨ ਉਵੇਂ ਪਰਵੀਨ ਦੀਆਂ ਗੱਲਾਂ ਸੁਣ
ਕੇ ਵੀ ਉਹਦੇ ਸਾਥੀ ਛੇ ਮਹੀਨੇ ਖਿੜੇ ਰਹਿੰਦੇ ਹਨ। ਮੈਨੂੰ ਯਾਦ ਆਇਆ ਇਕ ਦਿਨ ਉਹ ਕਹਿ ਰਿਹਾ
ਸੀ, “ਕੋਚ ਦਾ ਸਿਰ ਦੇਖ, ਹਵਾਈ ਅੱਡੇ ਅਰਗਾ ਗੰਜਾ!”
ਪਤਲੀਆਂ ਲੱਤਾਂ ਵਾਲੇ ‘ਸਮਾਰਟ’ ਨੌਜੁਆਨ ਬਾਰੇ ਪਰਵੀਨ ਕੁਮਾਰ ਦਾ ਪ੍ਰਵਚਨ ਸੀ, “ਲੱਤਾਂ
ਸਿਗਰਟਾਂ ਅਰਗੀਆਂ ਅਖੇ ਅਸੀਂ ਸਮਾਰਟ ਆਂ। ਪੈਂਟ ‘ਚ ਲੱਤਾਂ ਇਓਂ ਲੱਗਦੀਆਂ ਜਿਵੇਂ ਝੋਲੇ ‘ਚ
ਪੰਪ ਪਾਇਆ ਹੁੰਦਾ! ਗੋਡੇ ਦੇਖ ਜਿਵੇਂ ਰੱਸੇ ਨੂੰ ਗੰਢ ਦਿੱਤੀ ਹੁੰਦੀ ਆ।” ਬਾਅਦ ‘ਚ ਪਤਾ
ਲੱਗਾ ਕਿ ਉਹ ਸਮਾਰਟ ਨੌਜੁਆਨ ਵਰਿਆਮ ਸੰਧੂ ਸੀ ਜੋ ਜਿਸ ਨੇ ਉੱਚੀਆਂ ਛਾਲਾਂ ਲਾਉਣ ਪਿੱਛੋਂ
ਪੰਜਾਬੀ ਕਹਾਣੀ ਦੇ ਆਕਾਸ਼ ਉਤੇ ਛਾਲ ਮਾਰੀ।
ਪਰਵੀਨ ਇਕ ਦਿਨ ਗੁਰਮੁਖ ਸਿੰਘ ਬਾਰੇ ਕਹਿਣ ਲੱਗਾ, “ਮੂੰਹ ਬੋਕ ਅਰਗਾ ਤੇ ਨਾਂ ਗੁਰਮੁਖ
ਸਿਓਂ!”
ਇਕ ਛੈਲਾ ਬਾਂਕਾ ਪਰ ਕੱਦ ਦਾ ਨਿਕੱਦਾ ਗਭਰੂ ਉਹਨੂੰ ਕਹਿਣ ਲੱਗਾ, “ਪਰਵੀਨ, ਤੇਰੇ ਨਾਲ
ਤੁਰਦਿਆਂ ਮੈਂ ਬਹੁਤ ਛੋਟਾ ਲੱਗਦਾਂ। ਮੇਰੀ ਬੇਇਜ਼ਤੀ ਹੁੰਦੀ ਆ।”
ਪਰਵੀਨ ਨੇ ਪੁੱਛਿਆ, “ਹੋਰਨਾਂ ਨਾਲ ਤੁਰਦਿਆਂ ਤੈਨੂੰ ‘ਕੱਤੀਆਂ ਤੋਪਾਂ ਦੀ ਸਲਾਮੀ ਮਿਲਦੀ
ਆ?”
ਕਿਸੇ ਦੋਸਤ ਨੇ ਕਿਹਾ, “ਚੱਲ ਪਰਵੀਨ, ਹਿੱਲ ਸਟੇਸ਼ਨ ‘ਤੇ ਚੱਲੀਏ।”
ਜਵਾਬ ਮਿਲਿਆ, “ਓਥੇ ਸਰਕਸ ਲੱਗੀ ਆ?”
ਇਕ ਦਿਨ ਡਿਸਕਸ ਸੁੱਟਦਿਆਂ ਆਖਣ ਲੱਗਾ, “ਜੇ ਪੰਜਾਹ ਮੀਟਰ ਨਾ ਗਈ ਤਾਂ ਬੇਸ਼ਕ ਮੇਰੀਆਂ
ਲੱਤਾਂ ਚਾਰ-ਚਾਰ ਇੰਚ ਛਾਂਗ ਦਿਓ।”
ਪਟਿਆਲੇ ਕੈਂਪ ਵਿਚ ਦੱਖਣੀ ਭਾਰਤ ਦਾ ਅਥਲੀਟ ਬੀਡੂ ਸੀ। ਉਹਦਾ ਕੱਦ ਪੰਜ ਕੁ ਫੁੱਟ ਸੀ। ਇਕ
ਰਾਤ ਮੀਂਹ ਪਿਆ ਤੇ ਠੰਢ ਹੋ ਗਈ। ਪਰਵੀਨ ਕਹਿਣ ਲੱਗਾ, “ਲੈ ਓਏ ਬੀਡੂ, ਤੂੰ ਮੇਰਾ ਝੱਗਾ
ਆਪਣੇ ਉਤੇ ਲੈ ਲੈ ਤੇ ਆਵਦਾ ਖੇਸ ਮੈਨੂੰ ਦੇ ਦੇ। ਦੋਹੇਂ ਪਾਲੇ ਤੋਂ ਬਚੇ ਰਹਾਂਗੇ!”
ਫਿਲਮਾਂ ‘ਚ ਜਾਣ ਦੀ ਰੀਝ ਉਹਦੀ ਚਿਰੋਕਣੀ ਸੀ। ਪਟਿਆਲੇ ਕੈਂਪ ਵਿਚ ਉਹ ਰੇਡੀਓ ਦੇ ਗਾਣੇ ਨਾਲ
ਨੱਚਦਾ ਹੁੰਦਾ ਸੀ। ਛੜਾ ਛਾਂਟ ਸੀ। ਜਦੋਂ ਕਮਰੇ ‘ਚ ‘ਕੱਲਾ ਹੁੰਦਾ ਤਾਂ ਕੰਨਾਂ ਕੋਲ ਦੀ
ਮੋਰਚੇ ਲਿਫਾ ਕੇ ਤੇ ਮੋਢੇ ਹਿਲਾ ਕੇ ਨੱਚਦਾ ਸੀ। ਉਹਦਾ ਲੱਕ ਹਿਲਦਾ ਇਓਂ ਲੱਗਦਾ ਜਿਵੇਂ
ਬੋਰੀ ਹਿਲਦੀ ਹੋਵੇ!
1973 ‘ਚ ਉਹਦਾ ਵਿਆਹ ਹੋਇਆ। ਭਲੀ ਸੁਆਣੀ ਮਿਲੀ ਜੋ ਰੋਟੀਆਂ ਲਾਹੁੰਦੀ ਨਾ ਥਕਦੀ। ਬੱਚੀ
ਪੈਦਾ ਹੋਈ ਜੋ ਤੋਤਲੀਆਂ ਗੱਲਾਂ ਹਿੰਦੀ ‘ਚ ਕਰਦੀ। ਮੈਂ ਹੈਰਾਨ ਕਿ ਸਰਹਾਲੀ ਦੇ ਪਰਵੀਨ ਦੀ
ਬੱਚੀ ਹਿੰਦੀ ਬੋਲੇ! ਪਰ ਇਹ ‘ਕੱਲੇ ਪਰਵੀਨ ਦੀ ਗੱਲ ਥੋੜ੍ਹੋ ਐ। ਪੰਜਾਬ ਦੇ ਬਥੇਰੇ ਪੜ੍ਹੇ
ਲਿਖਿਆਂ ਦਾ ਆਵਾ ਊਤਿਆ ਫਿਰਦੈ। ਗੱਲਾਂ ਬਾਤਾਂ ‘ਚ ਪਤਾ ਲੱਗਾ ਕਿ ਪਰਵੀਨ ਨੂੰ ਖਿਡਾਰੀ ਬਣਨ
ਦੀ ਖ਼ਾਸ ਖ਼ੁਸ਼ੀ ਨਹੀਂ। ਕਹਿਣ ਲੱਗਾ, “ਏਥੇ ਕੋਈ ਮਰੀਅਲ ਜਿਹਾ ਐਕਟਰ ਆ ਜਾਵੇ ਤਾਂ ਭੀੜ
ਅੱਥਰੂ ਗੈਸ ਛੱਡਣ ਆਲੀ ਹੋ ਜਾਂਦੀ ਆ ਪਰ ਸਾਨੂੰ ਏਸ਼ੀਆ ਦੇ ਚੈਂਪੀਅਨਾਂ ਨੂੰ ਕੋਈ ਟੈਂਪੂ
‘ਤੇ ਵੀ ਨੀ ਚੜ੍ਹਾਉਂਦਾ! ਏਥੇ ਤਾਂ ਖਿਡਾਰੀਆਂ ਦੇ ਹੱਡ ਵੇਚਣ ਵਾਲੀ ਗੱਲ ਆ।”
ਮੈਂ ਬਦੇਸ਼ਾਂ ਦਾ ਅਨੁਭਵ ਪੁੱਛਿਆ ਤਾਂ ਉਹਨੇ ਕਿਹਾ, “ਬਾਹਰ ਦੇ ਲੋਕ ਬੜੇ ਮਿਲਣਸਾਰ ਆ। ਰਾਹ
ਜਾਂਦਿਆਂ ਨੂੰ ਮੇਮਾਂ ਵਿਸ਼ ਕਰਦੀਆਂ। ਸੋਹਣੀਆਂ ਵੀ ਬੜੀਆਂ ਹੁੰਦੀਆਂ। ਬਾਹਰ ਦੇ ਅਥਲੀਟਾਂ
ਦਾ ਬਰੇਕ ਫਾਸਟ ਈ ਸਾਡੇ ਸਾਰੇ ਦਿਨ ਦੀ ਖੁਰਾਕ ਜਿੰਨਾ। ਆਪਣੇ ਜਿਵੇਂ ਸਿਨਮਿਆਂ ‘ਚ ਰਸ਼
ਹੁੰਦਾ ਓਥੇ ਸਟੇਡੀਅਮ ਭਰੇ ਹੁੰਦੇ ਆ। ਪਾਕਿਸਤਾਨੀ ਮਿਲ ਜਾਣ ਤਾਂ ਬੜਾ ਪਿਆਰ ਕਰਦੇ ਆ।
ਲਾਹੌਰੀਏ-ਅੰਬਰਸਰੀਏ ਇਕੋ ਜਹੇ ਜੁ ਹੋਏ। ਐਥੇ ਮੈਂ ਮੋਟੇ ਬੰਦਿਆਂ ‘ਚ ਗਿਣਿਆ ਜਾਨਾਂ, ਬਾਹਰ
ਆਮ ਵਰਗਿਆਂ ‘ਚ ਆਂ। ਰੂਸ ਦਾ ਹੈਵੀ ਵੇਟ ਲਿਫਟਰ ਅਲੈਕਸੀਏਵ ਇੰਡੀਆ ਆ ਜਾਵੇ ਤਾਂ ਆਪਣੇ ਬੇਲੀ
ਮਖੌਲ ਕਰਨੋਂ ਈ ਨਾ ਹੱਟਣ। ਉਹ ਦੋ ਕੁਇੰਟਲ ਤੋਂ ਉਤੇ ਜੁ ਹੋਇਆ। ਮੇਰਾ ਕੱਦ ਦੇਖ ਕੇ ਇਕ
ਗੋਰਾ ਕਹਿਣ ਲੱਗਾ, ਤੂੰ ਇੰਡੀਅਨ ਨੀ ਲੱਗਦਾ। ਮੈਂ ਆਖਿਆ, ਤੂੰ ਮਦਰਾਸ ਅੱਲ ਦੇ ਦੇਖੇ ਹੋਣੇ
ਆਂ, ਪੰਜਾਬ ‘ਚ ਬਥੇਰੇ ਕੱਦਾਵਰ ਨੇ। ਜੇ ਮੈਂ ਬਾਹਰ ਜੰਮਦਾ ਤਾਂ ਹੋਰ ਵੀ ਤਕੜਾ ਅਥਲੀਟ
ਬਣਦਾ। ਬਾਹਰ ਨੈੱਕ ਟੂ ਨੈੱਕ ਕੰਪੀਟੀਸ਼ਨ ਆਂ, ਏਥੇ ਬਾਰਾਂ ਸਾਲ ਕੋਈ ਮੇਰੇ ਲਾਗੇ ਨੀ
ਲੱਗਿਆ।”
ਪਰਵੀਨ ਦਾ ਰੰਗ ਪੱਕਾ ਕਣਕਵੰਨਾ ਹੈ। ਬੁੱਲ੍ਹ ਮੋਟੇ ਹਨ, ਸਿਹਲੀਆਂ ਸੰਘਣੀਆਂ ਤੇ ਕੱਦ ਦੇ
ਲਿਹਾਜ ਮੱਥਾ ਛੋਟਾ ਲੱਗਦਾ ਹੈ। ਖੱਬੀ ਸਿਹਲੀ ‘ਤੇ ਚੱਟਾਕ ਹੈ, ਸੱਜੇ ਪੱਟ ‘ਤੇ ਮੋਰਨੀ ਤੇ
ਖੱਬੇ ਡੌਲੇ ‘ਤੇ ਲਾਟੂਆਂ ਜਿੱਡੇ ਲੋਦਿਆਂ ਦੇ ਦਾਗ਼ ਹਨ। ਉਹ ਜਦੋਂ ਹੱਸਦਾ ਹੈ ਤਾਂ ਵੇਖਣ
ਵਾਲੇ ਦਾ ਆਮੁਹਾਰੇ ਹਾਸਾ ਨਿਕਲ ਜਾਂਦਾ ਹੈ। ਇਕ ਵਾਰ ਰੇਲ ਗੱਡੀ ‘ਚ ਉਹਨੂੰ ਮੁਸਕ੍ਰਾਉਂਦੇ
ਨੂੰ ਵੇਖ ਕੇ ਇਕ ਚਾਰ ਪੰਜ ਸਾਲ ਦਾ ਬੱਚਾ ਹੱਸਣ ਲੱਗ ਪਿਆ। ਪਰ ਜਦੋਂ ਪਰਵੀਨ ਖੁੱਲ੍ਹ ਕੇ
ਹੱਸਿਆ ਤਾਂ ਬੱਚੇ ਦਾ ਹਾਸਾ ਕਾਫ਼ੂਰ ਹੋ ਗਿਆ ਤੇ ਉਹ ਉੱਚੀ-ਉੱਚੀ ਡਾਡਾਂ ਮਾਰਨ ਲੱਗਾ।
ਉਹ ਸਿਨਮਾ ਵੇਖਦਾ ਹੈ ਤਾਂ ਪਿਛਲੀਆਂ ਕਤਾਰਾਂ ਵਾਲੇ ‘ਪਲੀਜ਼’ ‘ਪਲੀਜ਼’ ਕਰਦੇ ਰਹਿੰਦੇ ਹਨ।
ਇਕ ਦਰਸ਼ਕ ਨੇ ਕਿਹਾ, “ਭਾਅ ਜੀ, ਰਤਾ ਧੌਣ ਥੱਲੇ ਨੂੰ ਕਰਿਓ।”
ਪਰਵੀਨ ਨੇ ਜਵਾਬ ਦਿੱਤਾ, “ਇਹ ਅਸਲੀ ਆ, ਨਕਲੀ ਨਹੀਂ।”
ਇਕ ਦਿਨ ਕਹਿਣ ਲੱਗਾ, “ਹੁਣ ਤਾਂ ਯਾਰ ਰਿਕਸਿ਼ਆਂ ਆਲੇ ਵੀ ਨੀ ਚੜ੍ਹਾਉਂਦੇ। ਦੁੱਗਣੇ ਪੈਸੇ
ਮੰਗਦੇ ਆ। ਬਜ਼ਾਰ ਜਾਈਏ ਤਾਂ ਲਾਲੇ ਤਕੜੀਆਂ ਛੱਡ ਕੇ ਹੱਟੀਆਂ ‘ਚੋਂ ਨਿਕਲ-ਨਿਕਲ ਵੇਂਹਦੇ ਆ।
ਉੱਚੇ ਕੱਦ ਦਾ ਫ਼ੈਦਾ ਵੀ ਆ ਤੇ ਨੁਕਸਾਨ ਵੀ।”
ਜਦੋਂ ਉਹ ਪਿੰਡ ਰਹਿੰਦਾ ਸੀ ਤਾਂ ਉਹਦਾ ਚੰਗੇ ਤੋਂ ਚੰਗੇ ਤੇ ਮਾੜੇ ਤੋਂ ਮਾੜੇ ਸਭਨਾਂ ਨਾਲ
ਬਹਿਣ ਖਲੋਣ ਸੀ। ਪਿੰਡ ਦੇ ਅੰਨ੍ਹੇ ਉਹਦੀ ਚਾਲ ਦੀ ਧਮਕ ਤੋਂ ਹੀ ਉਹਨੂੰ ਸਿਆਣ ਜਾਂਦੇ ਸਨ ਤੇ
ਟੋਹ ਕੇ ਦੱਸ ਦਿੰਦੇ ਸਨ ਕਿ ਪਹਿਲਾਂ ਨਾਲੋਂ ਲਿੱਸਾ ਹੈ ਜਾਂ ਤਕੜਾ। ਪਿੰਡ ਵਿਚ ਉਹਦੀ ਰੀਸੇ
ਕਈ ਬੱਚਿਆਂ ਦਾ ਨਾਂ ਪਰਵੀਨ ਰੱਖਿਆ ਗਿਆ। ਜਦੋਂ ਉਹ ਨਵਾਂ-ਨਵਾਂ ਖੇਡਾਂ ਵੱਲ ਆਇਆ ਸੀ ਤਾਂ
ਮੈਂ ਪੁੱਛਿਆ ਸੀ, “ਖੇਡ ਪੱਤਰਕਾਰਾਂ ਬਾਰੇ ਕੀ ਖਿ਼ਆਲ ਐ?”
ਉਹਨੇ ਸੋਚ ਕੇ ਜਵਾਬ ਦਿੱਤਾ ਸੀ, “ਖਿ਼ਆਲ ਤਾਂ ਮੇਰਾ ਕੋਈ ਨੀ। ਪਰ ਇਕ ਗੱਲ ਆ। ਪਿੱਛੇ ਜਿਹੇ
ਇਕ ਅਖ਼ਬਾਰ ਆਲੇ ਨੇ ਲਿਖਤਾ ਪਈ ਗੌਰਮਿੰਟ ਨੇ ਮੈਨੂੰ ਟਰੈਕ ਸੂਟ ਦਿੱਤਾ। ਜਦ ਕਿ ਟਰੈਕ ਸੂਟ
ਮੈਨੂੰ ਕਿਸੇ ਕੁੜੀ ਦੇ ਯਾਰ ਨੇ ਨੀ ਦਿੱਤਾ। ਉਹ ਮੈਂ ਆਪ ਖਰੀਦਿਆ।”
ਉਹ ਅਮਰੀਕਾ ਗਿਆ ਤਾਂ ਉਥੇ ਓਦਰ ਗਿਆ। ਆਥਣ ਨੂੰ ਉਦਾਸ ਹੋ ਜਾਵੇ। ਉਹਦਾ ਪੰਜਾਬੀ ‘ਚ ਘਰੇਲੂ
ਗੱਲਾਂ ਕਰਨ ਨੂੰ ਜੀਅ ਕਰੇ ਪਰ ਘਰ ਦਾ ਕੋਈ ਬੰਦਾ ਨਾ ਮਿਲੇ। ਅਚਾਨਕ ਇਕ ਨੌਜੁਆਨ ਨੇ ਸਤਿ
ਸ੍ਰੀ ਅਕਾਲ ਬੁਲਾਈ ਤੇ ਪੁੱਛਿਆ, “ਮੈਨੂੰ ਸਿਆਣਿਆਂ?”
ਪਰਵੀਨ ਨੇ ਧਾਹ ਕੇ ਜੱਫੀ ਪਾ ਲਈ ਤੇ ਕਿਹਾ, “ਬੇਲੀਆ ਸਿਆਣਿਆਂ ਭਾਵੇਂ ਨਹੀਂ, ਪਰ ਹੁਣ ਤੂੰ
ਮੇਰੀ ਜੱਫੀ ‘ਚੋਂ ਨਿਕਲ ਨੀਂ ਸਕਦਾ।” ਤੇ ਉਹ ਏਨੇ ਚਾਂਭਲੇ ਕਿ ਸਣੇ ਕਪੜੀਂ ਪੂਲ ‘ਚ ਇਕ
ਦੂਜੇ ਦੇ ਗੋਤੇ ਲੁਆਉਂਦੇ ਰਹੇ।
ਮੈਂ ਜਿੰਨੇ ਵਾਰ ਵੀ ਇਸ ਰੰਗੀਲੇ ਖਿਡਾਰੀ ਨੂੰ ਮਿਲਿਆਂ, ਚਿੱਤ ਬੇਹੱਦ ਖ਼ੁਸ਼ ਹੋਇਆ।
ਅੰਦਰੋਂ ਬਾਹਰੋਂ ਖਰਾ, ਹਸਮੁੱਖ, ਮਖੌਲੀਆ ਤੇ ਮਿਲਣਸਾਰ। ਖ਼ੁਦ ਤਕੜਾ ਹੋਣ ਕਰਕੇ ਉਹਨੂੰ
ਬਾਕੀ ਕਮਜ਼ੋਰ ਦਿਸਦੇ ਹਨ। ਕਹਿੰਦਾ ਰਹਿੰਦਾ ਹੈ, “ਰੱਬ ਮੈਨੂੰ ਏਨਾ ਦੇਵੇ ਕਿ ਮੈਂ ਗਰੀਬ
ਗੁਰਬੇ ਦੀ ਮਦਦ ਕਰ ਸਕਾਂ।”
1966 ਦੀ ਪਹਿਲੀ ਮੁਲਾਕਾਤ ਵਿਚ ਉਸ ਨੇ ਕਿਹਾ ਸੀ, “ਦਾਤਾ ਮਿਹਰਾਂ ਰੱਖੇ। ਭਾਵੇਂ ਮੇਰੀਆਂ
ਬਾਂਹਾਂ ਹੈਮਰ ਦੇ ਨਾਲ ਈ ਨਿਕਲ ਜਾਣ ਪਰ ਹੈਮਰ ਢਾਈ ਸੌ ਫੁੱਟ ਚਲਿਆ ਜਾਵੇ! ਮੈਂ ਤਕਾਲਾਂ ਦੀ
ਰੋਟੀ ਛੱਡ ਸਕਦਾਂ ਪਰ ਪ੍ਰੈਕਟਿਸ ਨ੍ਹੀਂ। ਤੜਕੇ ਚਾਰ ਵਜੇ ਤੋਂ ਪਿੱਛੋਂ ਸੌਣਾ ਹੁਣ ਮੇਰੇ ਲਈ
ਹਰਾਮ ਆ। ਜਿਦੇਂ ਮੈਂ ਦੁਨੀਆ ਜਿੱਤੀ, ਅੰਬਰਸਰ ਸੁੱਖਣਾ ਦੇਵਾਂਗਾ।”
ਉਹ ਦੁਨੀਆ ਤਾਂ ਨਹੀਂ ਜਿੱਤ ਸਕਿਆ ਪਰ ਲੱਖਾਂ ਲੋਕਾਂ ਦੇ ਦਿਲ ਜਿੱਤੀ ਬੈਠਾ ਹੈ। ਸਰਹਾਲੀ,
ਜਲੰਧਰ ਤੇ ਮੁੰਬਈ ਹੁੰਦਾ ਹੋਇਆ ਅੱਜ-ਕੱਲ੍ਹ ਦਿੱਲੀ ਰਹਿੰਦਾ ਹੈ ਪਰ ਉਹਦਾ ਹਾਸਾ ਠੱਠਾ ਅਜੇ
ਵੀ ਸਰਹਾਲੀ ਵਾਲਾ ਹੀ ਹੈ।
-0-
|