ਅਸੀਂ ਵੈਂਬਲੇ ਦੀ
ਵਿਕਟੋਰੀਆ ਰੋਡ ‘ਤੇ ਖੜੇ ਹਾਂ। ਮੈਂ ਨਕਸ਼ਾ ਖੋਹਲ ਕੇ ਟਰੈਵਲਰਜ਼-ਕੈਂਪ ਲਗ ਸਕਣ ਵਾਲੀ ਜਗਾਹ
ਦੇਖ ਰਿਹਾ ਹਾਂ। ਜੈਕਲੀਨ ਨੇ ਹੀ ਮੈਨੂੰ ਦਸਿਆ ਹੋਇਆ ਹੈ ਕਿ ਜਿਪਸੀਆਂ ਨੂੰ ਅਜ ਦੀ ਸੱਭਿਆ
ਭਾਸ਼ਾ ਵਿਚ ਟਰੈਵਲਰਜ਼ ਕਿਹਾ ਜਾਂਦਾ ਹੈ; ਸਫਰ ਤੇ ਰਹਿਣ ਵਾਲੇ। ਜੈਕਲੀਨ ਕਾਰ ਵਿਚੋਂ ਉਤਰ
ਕੇ ਤੁਰੇ ਜਾ ਰਹੇ ਕੁਝ ਲੋਕਾਂ ਨੂੰ ਪੁੱਛਦੀ ਹੈ ਪਰ ਕਿਸੇ ਨੂੰ ਕੁਝ ਨਹੀਂ ਪਤਾ। ਥੋੜਾ ਅਗੇ
ਜਾ ਕੇ ਬੈਸ਼ਲੀ ਰੋਡ ਉਪਰੋਂ ਇਕ ਐਲੀ ਵੇਅ ਜਿਹਾ ਨਜ਼ਰ ਆਉਂਦਾ ਹੈ। ਜੈਕਲੀਨ ਆਖਦੀ ਹੈ,
“ਆ ਜ਼ਰਾ ਇਸ ਪਾਸੇ ਦੇਖਦੇ ਹਾਂ, ਸ਼ਾਇਦ ਅਗੇ ਜਾ ਕੇ ਕੈਂਪ ਹੋਵੇ।”
“ਪਰ ਨਕਸ਼ੇ ਮੁਤਾਬਕ ਏਧਰ ਰੇਲਵੇ ਲਾਈਨ ਐ, ਕੈਂਪ ਜੋਗੀ ਜਗਾਹ ਨਹੀਂ ਜਾਪਦੀ।”
“ਸ਼ਾਇਦ ਅਗੇ ਜਾ ਕੇ..., ਚੱਲ ਤਾਂ ਸਹੀ।”
ਮੈਂ ਸਟੇਅਰਿੰਗ ਉਸ ਪਾਸੇ ਮੋੜ ਲੈਂਦਾ ਹਾਂ। ਭੀੜਾ ਜਿਹਾ ਐਲੀ ਵੇਅ ਹੈ, ਜੇ ਸਾਹਮਣਿਓਂ ਕੋਈ
ਵਾਹਨ ਆ ਜਾਵੇ ਤਾਂ ਲੰਘਣਾ ਮੁਸ਼ਕਲ ਹੋ ਜਾਵੇਗਾ। ਥੋੜਾ ਅਗੇ ਜਾਂਦੇ ਹਾਂ ਤਾਂ ਕੈਰਾਵੈਨਾਂ
ਨਜ਼ਰ ਆਉਣ ਲਗਦੀਆਂ ਹਨ। ਜੈਕਲੀਨ ਮੇਰੇ ਵਲ ਦੇਖਦੀ ਖੁਸ਼ ਹੋ ਜਾਂਦੀ ਹੈ ਪਰ ਛੇਤੀ ਹੀ ਉਸ ਦੇ
ਚਿਹਰੇ ‘ਤੇ ਗੰਭੀਰਤਾ ਜਿਹੀ ਫੈਲ੍ਰਣ ਲਗਦੀ ਹੈ। ਮੈਂ ਉਸ ਦਾ ਮੋਢ੍ਹਾ ਘੁੱਟਦਾ ਹਾਂ। ਥੋੜਾ
ਹੋਰ ਅਗੇ ਜਾਂਦੇ ਹਾਂ ਤਾਂ ਕੈਂਪ ਦਿਸ ਪੈਂਦਾ ਹੈ ਪਰ ਇਹ ਕੈਂਪ ਦੂਜੇ ਕੈਂਪਾਂ ਤੋਂ ਕੁਝ
ਅਲੱਗ ਹੈ। ਜੈਕਲੀਨ ਆਖਦੀ ਹੈ,
“ਇਹ ਸਥਾਈ ਕੈਂਪ ਜਾਪਦਾ, ਪੱਕੇ ਗੁਸਲਖਾਨੇ ਜਿਉਂ ਬਣੇ ਹੋਏ ਨੇ, ਲੋਕ ਆਉਂਦੇ ਜਾਂਦੇ ਰਹਿੰਦੇ
ਹੋਣਗੇ।”
ਦਸ-ਪੰਦਰਾਂ ਮਰਲੇ ਦੇ ਪੱਕੇ ਬਗਲ ਕੀਤੇ ਹੋਏ ਹਨ। ਹਰ ਬਗਲ ਨੂੰ ਚੌੜਾ ਪਰ ਛੋਟਾ ਜਿਹਾ ਗੇਟ
ਲਗਿਆ ਹੋਇਆ ਹੈ। ਹਰ ਬਗਲ ਵਿਚ ਇਕ ਪੱਕਾ ਕਮਰਾ ਬਣਿਆਂ ਹੋਇਆ ਹੈ ਤੇ ਇਕ ਆਰਜ਼ੀ ਜਿਹਾ। ਇਕ
ਇਕ ਕੈਰਵੈਨ ਖੜੀ ਹੈ, ਕਿਸੇ ਬਗਲ ਵਿਚ ਦੋ ਵੀ। ਹਰ ਬਗਲ ਵਿਚ ਮਹਿੰਗੀਆਂ ਮਹਿੰਗੀਆਂ ਕਾਰਾਂ
ਖੜੀਆਂ ਹਨ। ਕੈਰਾਵੈਨਾਂ ਵੀ ਬਹੁਤ ਹੀ ਖੂਬਸੂਰਤ ਹਨ। ਸ਼ਰਬਤੀ ਰੰਗ ਦੇ ਗੰਦੇ-ਲਿਬੜੇ ਜਿਹੇ
ਬੱਚੇ ਏਧਰ ਓਧਰ ਦੌੜੇ ਫਿਰਦੇ ਹਨ। ਸਾਨੂੰ ਦੇਖਦੇ ਹੀ ਉਹ ਸਾਨੂੰ ਭੈੜੇ-ਭੈੜੇ ਇਸ਼ਾਰੇ ਕਰਨ
ਲਗਦੇ ਹਨ। ਕੋਈ ਦੋ ਉਂਗਲਾਂ ਦਿਖਾ ਰਿਹਾ ਹੈ ਤੇ ਕੋਈ ਗਭਲੀ ਉਂਗਲ। ਵਿਚ ਐਫ ਸ਼ਬਦ ਵਾਲੀ ਗੰਦੀ
ਗਾਲ਼ੀ ਵੀ ਸੁਣਨ ਨੂੰ ਮਿਲ ਰਹੀ ਹੈ। ਕਈ ਗੇਟ ਖੁਲ੍ਹੇ ਵੀ ਹਨ ਪਰ ਬੱਚੇ ਇਹਨਾਂ ਦੇ ਉਪਰ ਦੀ
ਟੱਪ ਕੇ ਹੀ ਪਾਰ ਕਰਦੇ ਹਨ। ਕੁਝ ਔਰਤਾਂ ਤੇ ਮਰਦ ਵੀ ਸਾਡੇ ਵਲ ਲਗਾਤਾਰ ਦੇਖਦੇ ਜਾ ਰਹੇ ਹਨ।
ਜੈਕਲੀਨ ਪੁੱਛਦੀ ਹੈ,
“ਸਿੰਘ, ਹੁਣ ਇਹ ਕਿਵੇਂ ਪਤਾ ਲਗੇ ਕਿ ਮਾਈਕੋ ਦੀ ਕੈਰਾਵੈਨ ਕਿਹੜੀ ਐ?”
ਉਹ ਸ਼ੀਸ਼ਾ ਹੇਠਾਂ ਉਤਾਰ ਇਕ ਮੁੰਡੇ ਨੂੰ ਪੁੱਛਦੀ ਹੈ ਪਰ ਮੁੰਡਾ ਅਗਿਓਂ ਮੋਢ੍ਹੇ ਚੁੱਕ
ਦਿੰਦਾ ਹੈ। ਇਕ ਮਰਸਡੀਜ਼ ਸਾਡੇ ਬਰਾਬਰ ਦੀ ਲੰਘਦੀ ਹੈ। ਮੈਂ ਉਸ ਨੂੰ ਰੋਕ ਕੇ ਪੁੱਛਦਾ ਹਾਂ,
“ਅਸੀਂ ਮਾਈਕੋ ਨੂੰ ਲੱਭ ਰਹੇ ਆਂ।”
ਉਹ ਬੰਦਾ ਮੇਰੀ ਗੱਲ ਦਾ ਜਵਾਬ ਦੇਣ ਤੋਂ ਪਹਿਲਾਂ ਜੈਕਲੀਨ ਦੇ ਨੈਣ-ਨਕਸ਼ਾਂ ਨੂੰ ਪੱਛਾਣਦਾ
ਹੈ ਤੇ ਨਾਂਹ ਵਿਚ ਸਿਰ ਮਾਰਨ ਲਗਦਾ ਹੈ। ਫਿਰ ਉਹ ਦੂਰ ਕੈਰਾਵੈਨ ਕੋਲ ਖੜੇ ਇਕ ਬੰਦੇ ਨੂੰ
ਇਸ਼ਾਰਾ ਕਰ ਕੇ ਬੁਲਾਉਂਦਾ ਹੈ ਤੇ ਪੁੱਛਦਾ ਹੈ,
“ਇਹ ਇੰਡੀਅਨ ਕਿਸੇ ਮਾਈਕੋ ਨੂੰ ਪੁੱਛਦਾ।”
“ਮਾਈਕੋ ਕੌਣ, ਮੈਟਲ ਸਕਰੈਪ ਵਾਲਾ?”
“ਹਾਂ ਹਾਂ, ਉਹੀ।”
ਜੈਕਲੀਨ ਕਹਿ ਉਠਦੀ ਹੈ। ਉਹ ਬੰਦਾ ਕਹਿੰਦਾ ਹੈ,
“ਉਹਦਾ ਅੱਡਾ ਤਾਂ ਤੁਸੀਂ ਸ਼ੁਰੂ ਵਿਚ ਹੀ ਛੱਡ ਆਏ ਓ, ਖੱਬੇ ਹੱਥ।”
ਗੱਲ ਕਰਦਾ ਉਹ ਬੰਦਾ ਵੀ ਜੈਕਲੀਨ ਵਲ ਹੀ ਦੇਖਦਾ ਜਾ ਰਿਹਾ ਹੈ ਜਿਵੇਂ ਕੁਝ ਪੱਛਾਣਦਾ ਹੋਵੇ।
ਅਸੀਂ ਆਪਣੀ ਕਾਰ ਨੂੰ ਵਾਪਸ ਮੋੜ ਲੈਂਦੇ ਹਾਂ। ਜੈਕਲੀਨ ਬੇਚੈਨ ਜਿਹੀ ਹੈ। ਉਹ ਚਾਰ ਸਾਲ
ਬਾਅਦ ਮਾਈਕੋ ਨੂੰ ਦੇਖੇਗੀ। ਸ਼ਾਇਦ ਇਸ ਵਾਰ ਵੀ ਨਾ ਦੇਖ ਸਕਦੀ ਜੇ ਮਾਈਕੋ ਆਪ ਹੀ ਫੋਨ ਕਰਕੇ
ਉਸ ਨੂੰ ਮਿਲਣ ਦੀ ਖਾਹਸ਼ ਜ਼ਾਹਰ ਨਾ ਕਰਦਾ। ਰੋਜ਼ਮਰੀ ਨੇ ਤੁਰਨ ਤੋਂ ਪਹਿਲਾਂ ਮੈਨੂੰ ਖਾਸ
ਹਿਦਾਇਤ ਕੀਤੀ ਹੋਈ ਹੈ ਕਿ ਧਿਆਨ ਰੱਖਾਂ ਕਿ ਮਾਈਕੋ ਜੈਕਲੀਨ ਨੂੰ ਨਾਲ ਚੱਲਣ ਲਈ ਨਾ ਮਨਾ ਲਵੇ।
ਸਾਹਮਣੇ ਇਕ ਸਕੂਲ ਦੀ ਬੱਸ ਆਉਂਦੀ ਦਿਸਦੀ ਹੈ। ਜੈਕਲੀਨ ਦੱਸਣ ਲਗਦੀ ਹੈ,
“ਇਹ ਬੱਸ ਬੱਚਿਆਂ ਨੂੰ ਸਕੂਲੇ ਲੈ ਜਾਣ ਲਈ ਆਈ ਹੋਵੇਗੀ, ਸਰਕਾਰ ਤਾਂ ਚਾਹੁੰਦੀ ਐ ਕਿ ਇਹਨਾਂ
ਦੇ ਬੱਚੇ ਪੜ੍ਹਨ ਪਰ ਇਹ ਨਹੀਂ ਪੜ੍ਹਦੇ, ਹੱਦ ਪਰਾਇਮਰੀ ਤਕ ਜਾਂਦੇ ਆ।”
ਉਹ ਇਕ ਪਲ ਲਈ ਚੁੱਪ ਕਰਕੇ ਫਿਰ ਆਖਦੀ ਹੈ,
“ਸਿੰਘ, ਮੈਂ ਬਚ ਗਈ, ਮੌਮ ਨੇ ਸੰਭਾਲ ਲਿਆ ਨਹੀਂ ਤਾਂ ਮੈਂ ਵੀ ਇਹਨਾਂ ਵਿਚੋਂ ਹੀ ਇਕ ਹੋਣਾ
ਸੀ!”
ਅਸੀਂ ਮਾਈਕੋ ਦੇ ਬਗਲ ਮੁਹਰੇ ਪੁੱਜ ਜਾਂਦੇ ਹਾਂ। ਅੰਦਰ ਛੋਟਾ ਜਿਹਾ ਲੋਹੇ ਦਾ ਕਬਾੜਖਾਨਾ
ਬਣਿਆਂ ਹੋਇਆ ਹੈ। ਅਸੀਂ ਗੇਟ ਖੜਕਾਉਂਦੇ ਹਾਂ ਪਰ ਕੋਈ ਜਵਾਬ ਨਹੀਂ ਮਿਲਦਾ। ਜੈਕਲੀਨ ਗੇਟ
ਖੋਹਲਦੀ ਹੈ ਤੇ ਅੰਦਰ ਲੰਘ ਜਾਂਦੀ ਹੈ। ਉਸ ਦੇ ਮਗਰ ਹੀ ਮੈਂ ਵੀ। ਸਾਹਮਣੇ ਇਕ ਮੱਧਰਾ ਜਿਹਾ
ਮੋਟੇ ਸਾਰੇ ਢਿੱਡ ਵਾਲਾ ਬੰਦਾ ਵੀਲ-ਬੈਰੋ ਧੱਕਦਾ ਤੁਰਿਆ ਆ ਰਿਹਾ ਹੈ। ਸਿਰ ਤੇ ਵੱਡਾ ਸਾਰਾ
ਹੈਟ ਹੈ ਪਰ ਕਮੀਜ਼ ਲਾਹੀ ਹੋਈ ਹੈ। ਉਹ ਸਾਡੇ ਵਲ ਅਜੀਬ ਨਜ਼ਰਾਂ ਨਾਲ ਦੇਖਣ ਲਗਦਾ ਹੈ। ਫਿਰ
ਉਹ ਵੀਲ ਬੈਰੋ ਹੇਠਾਂ ਰੱਖਦਾ ਜੈਕਲੀਨ ਵਲ ਭੱਜਦਾ ਹੈ ਤੇ ਕਹਿੰਦਾ ਜਾ ਰਿਹਾ ਹੈ,
“ਓ, ਜੈਕੀ, ਓ ਮੇਰੀ ਧੀ ਜੈਕਲੀਨ!”
ਦੋਵੇਂ ਪਿਓ-ਧੀ ਜੱਫੀ ਪਾ ਲੈਂਦੇ ਹਨ। ਜੈਕਲੀਨ ਦੀਆਂ ਅੱਖਾਂ ਭਰੀਆਂ ਹੋਈਆਂ ਹਨ। ਮਾਈਕੋ ਉਸ
ਨੂੰ ਪੈਰਾਂ ਤੋਂ ਲੈ ਕੇ ਸਿਰ ਤਕ ਨਿਹਾਰਦਾ ਹੈ, ਮੱਥਾ ਚੁੰਮਦਾ ਹੈ ਤੇ ਪੁੱਛਦਾ ਹੈ,
“ਜੈਕੀ, ਇਹ ਬੰਦਾ ਤੇਰੇ ਨਾਲ ਕੌਣ ਐਂ?”
“ਮਾਇਕੋ, ਇਹ ਮਿਸਟਰ ਸਿੰਘ ਮੇਰਾ ਦੋਸਤ।”
ਮਾਈਕੋ ਮੇਰੇ ਨਾਲ ਹੱਥ ਮਿਲਾਉਂਦਾ ਹੈ ਤੇ ਸਾਨੂੰ ਆਪਣੀ ਕੈਰਾਵੈਨ ਵਲ ਲੈ ਤੁਰਦਾ ਹੈ। ਉਸ ਦੀ
ਪਿੱਕ ਅੱਪ ਲੋਹੇ ਦੇ ਕਬਾੜ ਨਾਲ ਭਰੀ ਖੜੀ ਹੈ ਤੇ ਨਾਲ ਹੀ ਨਵੀਂ ਰੇਂਜ ਰੋਵਰ ਵੀ। ਉਹ
ਕੈਰਾਵੈਨ ਵਿਚੋਂ ਕੁਰਸੀਆਂ ਕੱਢਦਾ ਹੈ। ਸਾਨੂੰ ਬੈਠਣ ਲਈ ਆਖਦਾ ਮੈਨੂੰ ਪੁੱਛਦਾ ਹੈ,
“ਮਿਸਟਰ ਸਿੰਘ, ਬੀਅਰ ਪੀਵੇਂਗਾ?”
“ਨਹੀਂ ਮਾਈਕੋ, ਹਾਲੇ ਤਾਂ ਬਹੁਤ ਸਾਜਰਾ ਐ।”
ਮੇਰੀ ਗੱਲ ਦਾ ਪੂਰੀ ਸੁਣਨ ਤੋਂ ਪਹਿਲਾਂ ਹੀ ਉਹ ਜੈਕਲੀਨ ਨੂੰ ਆਖਦਾ ਹੈ,
“ਮੇਰੀ ਧੀ ਤਾਂ ਬਹੁਤ ਹੀ ਖੂਬਸੂਰਤ ਨਿਕਲੀ ਏ, ਕੱਦ ਜ਼ਰੂਰ ਮੇਰੇ ਵਾਂਗ ਛੋਟਾ ਰਹਿ ਗਿਐ।”
ਉਹ ਹੱਸਣ ਲਗਦਾ ਹੈ। ਉਸ ਦੀ ਅੰਗਰੇਜ਼ੀ ਬੋਲਣ ਦਾ ਲਹਿਜ਼ਾ ਕਾਫੀ ਅਲੱਗ ਹੈ। ਉਹ ਫਿਰ ਬੋਲਦਾ
ਹੈ,
“ਜੈਕੀ, ਸੱਚ ਜਾਣ, ਤੈਨੂੰ ਦੇਖਣਾ ਬਹੁਤ ਚੰਗਾ ਲਗਿਆ, ਰੋਜ਼ਮੈਰੀ ਦਾ ਕੀ ਹਾਲ ਐ?”
“ਠੀਕ ਐ, ਕੰਮ ਕਰਦੀ ਐ ਪਰ ਅਜ ਘਰ ਹੀ ਐ।”
“ਚੰਗੀ ਔਰਤ ਐ, ਬਹੁਤ ਚੰਗੀ ਪਰ ਰੱਬ ਦੀ ਰਜ਼ਾ ਵਿਚ ਰਹਿਣਾ ਪੈਂਦਾ ਐ, ...ਇਹ ਚੰਗਾ ਹੋਇਆ
ਕਿ ਤੂੰ ਮਿਲਣ ਆ ਗਈ, ਵੈਸੇ ਤਾਂ ਮੈਂ ਇਕ ਮਹੀਨਾ ਰਹਿਣਾ ਇਥੇ ਪਰ ਫੇਰ ਅਸੀਂ ਯੌਰਪ ਵਲ ਚਲੇ
ਜਾਣਾਂ, ਮੈਂ ਸੋਚਿਆ ਤੈਨੂੰ ਮਿਲਦਾ ਜਾਵਾਂ ਤੇ ਪੁੱਛਦਾ ਜਾਵਾਂ ਜੇਕਰ ਤੂੰ ਵੀ ਮੇਰੇ ਨਾਲ
ਚੱਲਣਾ ਹੋਵੇ।”
“ਨਹੀਂ ਮਾਈਕੋ, ਮੈਂ ਨਹੀਂ ਜਾਵਾਂਗੀ।”
“ਜਾਵੇਂਗੀ, ਮੇਰੀ ਬੱਚੀ, ਜਾਵੇਂਗੀ ਇਕ ਦਿਨ, ਤੇਰੇ ਵਿਚ ਮੇਰਾ ਖੂਨ ਐ, ਮੇਰਾ ਖੂਨ ਤੈਨੂੰ
ਅਰਾਮ ਨਾਲ ਨਹੀਂ ਬੈਠਣ ਦੇਵੇਗਾ।”
ਆਖਦਾ ਉਹ ਉਠ ਕੇ ਕਾਰ ਵਿਚੋਂ ਤਮਾਕੂ ਵਾਲਾ ਬਟੂਆ ਕੱਢ ਕੇ ਲਿਆਉਂਦਾ ਹੈ। ਇਕ ਸਿਗਰਟ ਬਣਾਉਂਦਾ
ਹੋਇਆ ਜੈਕਲੀਨ ਨੂੰ ਪੁੱਛਦਾ ਹੈ,
“ਇਹ ਇੰਡੀਅਨ ਤੇਰਾ ਬੁਆਏ ਫ੍ਰੈੰਡ ਤਾਂ ਨਹੀਂ?”
“ਮਾਈਕੋ, ਇਹ ਮੇਰਾ ਬੁਆਏ ਫ੍ਰੈੰਡ ਹੀ ਐ।”
“ਨਹੀਂ ਜੈਕੀ, ਇਹ ਨਹੀਂ ਹੋ ਸਕਦਾ! ਇਹ ਤੇਰੇ ਤੋਂ ਉਮਰ ਵਿਚ ਬਹੁਤ ਵੱਡਾ ਐ। ...ਕਿੰਨੀ ਉਮਰ
ਐ ਤੇਰੀ?”
ਉਹ ਮੇਰੇ ਵਲ ਦੇਖਦਾ ਮੈਨੂੰ ਸਵਾਲ ਕਰਦਾ ਹੈ। ਮੈਂ ਆਖਦਾ ਹਾਂ,
“ਸੈਂਤੀ ਸਾਲ।”
“ਪਰ ਜੈਕੀ ਤਾਂ ਹਾਲੇ ਉੱਨੀ ਦੀ ਹੋਈ ਐ, ਤੂੰ ਏਹਦਾ ਬੁਆਏ ਫ੍ਰੈੰਡ ਨਹੀਂ ਹੋ ਸਕਦਾ!”
ਮੇਰੇ ਤੋਂ ਪਹਿਲਾਂ ਹੀ ਜੈਕਲੀਨ ਕਹਿਣ ਲਗਦੀ ਹੈ,
“ਮਾਈਕੋ, ਇਹ ਮੇਰੀ ਜਿ਼ੰਦਗੀ ਐ, ਤੈਨੂੰ ਇਸ ਨਾਲ ਕੀ!”
“ਤੇਰੀ ਇਕੱਲੀ ਦੀ ਨਹੀਂ, ਤੂੰ ਮੇਰੀ ਧੀ ਵੀ ਐਂ, ਮੈਨੂੰ ਇਹ ਬੰਦਾ ਚਾਲਬਾਜ਼ ਲਗ ਰਿਹਾ ਐ
ਜਿਹਨੇ ਘੱਟ ਉਮਰ ਦੀ ਕੁੜੀ ਫਸਾ ਲਈ ਹੋਈ ਐ, ਮੈਂ ਇਹ ਹਰਗਿਜ਼ ਨਹੀਂ ਹੋਣ ਦੇਵਾਂਗਾ। ਤੂੰ
ਇਹਨੂੰ ਇਕਦਮ ਛੱਡ ਦੇ, ਨਹੀਂ ਤਾਂ ਮੈਂ ਏਹਦੇ ਲਈ ਬਹੁਤ ਬੁਰਾ ਸਾਬਤ ਹੋਵਾਂਗਾ!”
ਉਹ ਪਿਓ-ਧੀ ਆਪਸ ਵਿਚ ਬਹਿਸਣ ਲਗਦੇ ਹਨ। ਮੈਂ ਉਠ ਕੇ ਉਸ ਦੇ ਕਬਾੜ ਨੂੰ ਦੇਖਣ ਲਗ ਪੈਂਦਾ
ਹਾਂ। ਅਜੀਬ ਜਿਹਾ ਮੁਸ਼ਕ ਆ ਰਿਹਾ ਹੈ। ਅਜਿਹਾ ਮੁਸ਼ਕ ਮੇਰੇ ਦੋਸਤ ਟੋਨੀ ਦੇ ਕਬਾੜਖਾਨੇ ਵਿਚੋਂ
ਆਇਆ ਕਰਦਾ ਹੈ। ਕੁਝ ਦੇਰ ਬਾਅਦ ਮਾਈਕੋ ਮੇਰੇ ਕੋਲ ਆ ਕੇ ਉੱਚੀ ਸੁਰ ਵਿਚ ਬੋਲਦਾ ਹੈ,
“ਕੀ ਦੇਖਦਾ ਐਂ? ਦੇਖ ਰਿਹੈਂ ਕਿ ਇਥੇ ਚੋਰੀ ਦਾ ਮਾਲ ਤਾਂ ਨਹੀਂ? ਯਾਦ ਰੱਖ, ਮੈਂ ਹੋਰਨਾਂ
ਵਾਂਗ ਚੋਰੀ ਦਾ ਮਾਲ ਨਹੀਂ ਲੈਂਦਾ-ਵੇਚਦਾ।”
“ਨਹੀਂ ਮਾਈਕੋ, ਮੈਂ ਇਹ ਨਹੀਂ ਦੇਖ ਰਿਹਾ, ...ਮੇਰਾ ਇਕ ਦੋਸਤ ਵੀ ਇਸੇ ਬਿਜਨਿਸ ਵਿਚ ਐ, ਬਸ
ਐਵੇਂ ਅੰਦਾਜ਼ਾ ਜਿਹਾ ਲਾ ਰਿਹਾਂ ਕਿ ਤੈਨੂੰ ਏਹਦੇ ਵਿਚੋਂ ਕਿੰਨਾ ਕੁ ਲਾਭ ਹੁੰਦਾ ਹੋਏਗਾ।”
“ਕੌਣ ਐਂ ਤੇਰਾ ਦੋਸਤ?”
“ਟੋਨੀ, ਟੋਨੀ ਕੌਰਕ।”
“ਉਹ ਵੈਂਬਲਡੱਨ ਵਾਲਾ ਟੋਨੀ?”
“ਹਾਂ, ਉਹੀ।”
ਮੇਰੀ ਗੱਲ ਸੁਣ ਮਾਈਕੋ ਜ਼ਰਾ ਨਰਮ ਪੈ ਜਾਂਦਾ ਹੈ ਤੇ ਆਖਦਾ ਹੈ,
“ਮੈਂ ਵੀ ਉਹਦੇ ਨਾਲ ਡੀਲ ਕਰਦਾ ਹੁੰਨਾਂ ਪਰ ਇਸ ਵਾਰ ਸਾਡਾ ਸੌਦਾ ਨਹੀਂ ਬਣ ਰਿਹਾ, ਉਹ ਕੀਮਤ
ਸਹੀ ਨਹੀਂ ਦੇ ਰਿਹਾ।”
ਉਹ ਕੈਰਾਵੈਨ ਵਿਚ ਜਾਂਦਾ ਹੈ ਤੇ ਬੀਅਰ ਦੀਆਂ ਕੁਝ ਬੋਤਲਾਂ ਲੈ ਆਉਂਦਾ ਹੈ। ਇਕ ਠੰਡੀ ਬੋਤਲ
ਖੋਹਲਦਾ ਮੇਰੇ ਹੱਥ ਵਿਚ ਦਿੰਦਾ ਕਹਿੰਦਾ ਹੈ,
“ਮਿਸਟਰ ਸਿੰਘ, ਜੇ ਹੋ ਸਕੇ ਤਾਂ ਮੇਰਾ ਉਹਦੇ ਨਾਲ ਸੌਦਾ ਕਰਾ ਦੇ, ਮੈਂ ਜਲਦੀ ਇਥੋਂ ਜਾਣਾ
ਚਾਹੁੰਨਾ, ਪੈਸੇ ਭਾਵੇਂ ਮੈਨੂੰ ਵਾਪਸ ਆਏ ਨੂੰ ਦੇ ਦੇਵੇ।”
“ਮਾਈਕੋ, ਟੋਨੀ ਆਪਣੀ ਮਰਜ਼ੀ ਦਾ ਮਾਲਕ ਐ, ਪਤਾ ਨਹੀਂ ਮੇਰੀ ਗੱਲ ਮੰਨੇ ਕਿ ਨਾ।”
“ਮੈਨੂੰ ਪਤਾ ਏ ਓਹਦੇ ਬਾਰੇ ਪਰ ਤੂੰ ਇਕ ਵਾਰ ਕੋਸਿ਼ਸ਼ ਕਰ।”
ਉਹ ਤਰਲਾ ਲੈਣ ਵਾਂਗ ਆਖਦਾ ਹੈ।
ਅਸੀਂ ਕੁਝ ਦੇਰ ਉਥੇ ਰੁਕ ਕੇ ਤੁਰ ਪੈਂਦੇ ਹਾਂ। ਵਾਪਸ ਮੁੜਦਿਆਂ ਜੈਕਲੀਨ ਚੁੱਪ ਚੁੱਪ ਹੈ।
ਮੈਂ ਪੁੱਛਦਾ ਹਾਂ,
“ਤੂੰ ਠੀਕ ਐਂ ਨਾ?”
“ਹਾਂ, ਠੀਕ ਆਂ, ਬਸ, ਥੋੜੀ ਕੁ ਦੇਰ ਲਈ ਜਜ਼ਬਾਤੀ ਆਂ। ਅਜੀਬ ਸਥਿਤੀ ਐ ਮੇਰੀ, ਪਿਓ ਟਰੈਵਲਰ
ਤੇ ਮਾਂ ਅੰਗਰੇਜ਼। ਦੋਨਾਂ ਵਿਚੋਂ ਕਿਸ ਨੂੰ ਆਪਣਾ ਕਹਾਂ ਤੇ ਕਿਸ ਨੂੰ ਨਾ!”
“ਜੈਕੀ, ਦੋਵੇਂ ਹੀ ਤੇਰੇ ਆ, ਬਸ ਗੱਲ ਏਨੀ ਐਂ ਕਿ ਤੇਰਾ ਪਿਓ ਟਰੈਵਲਰ ਐ, ਘੁਮੱਕੜ ਐ, ਇਹ
ਟਿਕ ਕੇ ਨਹੀਂ ਬਹਿ ਸਕਦਾ। ਇਸ ਹਿਸਾਬ ਨਾਲ ਤੇਰੀ ਮਾਂ ਤੇਰੇ ਨੇੜੇ ਹੋਈ ਜਿਹਨੇ ਤੈਨੂੰ
ਪਾਲਿ਼ਆ-ਪੋਸਿਆ।”
“ਸਿੰਘ, ਇਹ ਗੱਲ ਤਾਂ ਤੇਰੀ ਠੀਕ ਐ, ਜੇ ਮੌਮ ਮੈਨੂੰ ਨਾ ਪਾਲਦੀ, ਮਾਈਕੋ ਨੂੰ ਦੇ ਦਿੰਦੀ
ਜਿਵੇਂ ਕਿ ਇਹ ਮੈਨੂੰ ਪਹਿਲੇ ਦਿਨ ਤੋਂ ਹੀ ਮੌਮ ਤੋਂ ਮੰਗਿਆ ਕਰਦਾ ਸੀ ਤਾਂ ਮੇਰੀ ਹਾਲਤ ਕੀ
ਹੁੰਦੀ, ਸੋਚਾਂ ਤਾਂ ਡਰ ਲਗਣ ਲਗਦੈ!”
ਅਸੀਂ ਕੈਂਪ ਤੋਂ ਬਾਹਰ ਆ ਜਾਂਦੇ ਹਾਂ। ਮੈਂ ਟਰੈਵਲਰ ਕੈਂਪ ਵਿਚ ਵਸਦੀ ਵੱਖਰੀ ਜਿਹੀ ਦੁਨੀਆਂ
ਬਾਰੇ ਪਲ ਕੁ ਲਈ ਸੋਚਦਾ ਹਾਂ ਤੇ ਗੈਸ-ਪੈਡਲ ਦੱਬ ਦਿੰਦਾ ਹਾਂ।
ਕੁਝ ਦੇਰ ਬਾਅਦ ਆਖਦਾ ਹਾਂ,
“ਮਾਈਕੋ ਤਾਂ ਆਪਣੀ ਉਮਰ ਦੇ ਫਰਕ ਨੂੰ ਲੈ ਕੇ ਹੀ ਝਗੜਾ ਪਾਈ ਜਾਂਦਾ ਸੀ ਪਰ ਜੇ ਉਸ ਨੂੰ ਪਤਾ
ਚਲ ਜਾਂਦਾ ਕਿ ਮੈਂ ਵਿਆਹਿਆ ਹੋਇਆ ਹਾਂ ਤੇ ਮੇਰੇ ਦੋ ਬੱਚੇ ਵੀ ਹਨ ਤਾਂ ਪਤਾ ਨਹੀਂ ਕੀ ਕਰਦਾ!”
“ਮੈਂ ਉਸ ਨੂੰ ਸਭ ਦਸ ਦਿਤਾ ਐ।”
ਜੈਕਲੀਨ ਬਾਹਰ ਵਲ ਦੇਖਦੀ ਆਖਦੀ ਹੈ।...
ਅਸੀਂ ਵੈਸਟ ਰੋਡ ਦੇ ਇਸ ਘਰ ਵਿਚ ਮੂਵ ਹੋ ਰਹੇ ਹਾਂ। ਸਮਾਨ ਰੱਖ ਰਹੇ ਹਾਂ। ਗਵਾਂਡਣ ਗੋਰੀ
ਸਾਨੂੰ ਦੇਖ ਮੁਸਕ੍ਰਾਉਂਦੀ ਹੈ। ਮੈਂ ਵੀ ਉਸ ਦੇਖ ਹੱਥ ਹਿਲਾਉਂਦਾ ਹਾਂ। ਉਹ ਮੇਰੇ ਕੋਲ ਆ
ਜਾਂਦੀ ਹੈ। ਮੇਰੇ ਵਲ ਹੱਥ ਵਧਾਉਂਦੀ ਬੋਲਦੀ ਹੈ,
“ਮਿਸਟਰ ਸਿੰਘ, ਮੈਂ ਰੋਜ਼ਮਰੀ ਆਂ, ਤੇਰੀ ਗਵਾਂਢਣ। ਕਈ ਸਾਲਾਂ ਤੋਂ ਇਥੇ ਰਹਿ ਰਹੀ ਆਂ। ਕਿਸੇ
ਚੀਜ਼ ਦੀ ਲੋੜ ਹੋਵੇ ਤਾਂ ਝਿਜਕਣਾ ਨਹੀਂ।”
“ਸ਼ੁਕਰੀਆ ਰੋਜ਼ਮਰੀ, ਤੈਨੂੰ ਮਿਲ ਕੇ ਬਹੁਤ ਖੁਸ਼ੀ ਹੋਈ, ਆਸ ਹੈ ਕਿ ਅਸੀਂ ਚੰਗੇ ਗਵਾਂਢੀ
ਸਾਬਤ ਹੋਵਾਂਗੇ।”
“ਮਿਸਟਰ ਸਿੰਘ, ਜੀਸਸ ਸਭ ਠੀਕ ਕਰੇਗਾ, ਏਸ ਘਰ ਦੇ ਪਹਿਲੇ ਮਾਲਕਾਂ ਨਾਲ ਵੀ ਸਾਡੀ ਖੂਬ ਨਿਭੀ
ਸੀ।”
“ਰੋਜ਼ਮਰੀ, ਇਹ ਦਸ ਕਿ ਤੈਨੂੰ ਕਿਵੇਂ ਪਤਾ ਕਿ ਮੈਂ ਮਿਸਟਰ ਸਿੰਘ ਆਂ?”
“ਬਹੁਤ ਸੌਖਾ; ਇੰਡੀਅਨ ਲੋਕ ਜਾਂ ਤਾਂ ਮਿਸਟਰ ਸਿੰਘ ਹੁੰਦੇ ਨੇ, ਜਾਂ ਮਿਸਟਰ ਖਾਨ ਜਾਂ ਪਟੇਲ।
ਮਿਸਟਰ ਖਾਨ ਹੁੰਦਾ ਤਾਂ ਉਹਦੀ ਔਰਤ ਦੇ ਕਪੜੇ ਹੋਰ ਤਰ੍ਹਾਂ ਦੇ ਹੋਣੇ ਸਨ ਤੇ ਮਿਸਟਰ ਪਟੇਲ
ਦੇ ਹੋਰ ਤਰ੍ਹਾਂ ਦੇ। ਮੈਂ ਪਹਿਰਾਵੇ ਤੋਂ ਹੀ ਪੱਛਾਣ ਲੈਂਦੀ ਹਾਂ ਤੇ ਕਿਸੇ ਹੱਦ ਤਕ ਚਾਲ
ਤੋਂ ਵੀ।”
“ਇਹ ਵੀ ਖੂਬ ਰਹੀ!”
“ਮੈਨੂੰ ਪਤਾ ਏ ਕਿ ਘਰ ਬਦਲਣਾ ਬਹੁਤ ਔਖਾ ਹੁੰਦਾ ਏ, ਕਈ ਵਾਰ ਤਾਂ ਨਵੇਂ ਘਰ ਆ ਕੇ ਚੀਜ਼ਾਂ
ਹੀ ਨਹੀਂ ਲਭਦੀਆਂ, ਤੈਨੂੰ ਕਿਸੇ ਚੀਜ਼ ਦੀ ਲੋੜ ਹੋਵੇ ਤਾਂ ਮਿਸਟਰ ਸਿੰਘ, ਤੈਨੂੰ ਪਤਾ ਏ ਕਿ
ਮੈਂ ਕਿਥੇ ਆਂ।”
ਉਹ ਆਖਦੀ ਹੈ। ਫਿਰ ਮੈਂ ਉਸ ਨੂੰ ਆਪਣੀ ਪਤਨੀ ਨਾਲ ਮਿਲਾਉਂਦਾ ਹਾਂ ਤੇ ਆਪਣੀਆਂ ਦੋਨੋਂ ਧੀਆਂ
ਨਾਲ ਵੀ।...
ਇਕ ਦਿਨ ਮੈਂ ਗਾਰਡਨ ਵਿਚ ਖੜਾ ਹਾਂ ਤਾਂ ਰੋਜ਼ਮਰੀ ਮੈਨੂੰ ਹੱਥ ਹਿਲਾ ਕੇ ਹੈਲੋ ਆਖਦੀ ਹੈ।
ਉਸ ਦੇ ਨਾਲ ਇਕ ਕੁੜੀ ਵੀ ਖੜੀ ਹੈ ਪਰ ਉਹ ਕੁੜੀ ਗੋਰੀ ਨਹੀਂ ਲਗਦੀ। ਉਸ ਦਾ ਜਿਪਸੀਆਂ ਵਰਗਾ
ਸ਼ਰਬਤੀ ਰੰਗ ਤੇ ਤੇ ਕੁਝ ਵੱਖਰੇ ਜਿਹਾ ਨੱਕ ਤੇ ਮੱਥਾ ਵੀ। ਰੋਜ਼ਮਰੀ ਦਸਦੀ ਹੈ,
“ਇਹ ਮੇਰੀ ਧੀ ਏ, ਜੈਕਲੀਨ।”
“ਹੈਲੋ ਜੈਕਲੀਨ, ਅਜ ਸਕੂਲ ਨਹੀਂ ਗਈ?”
ਮੇਰੇ ਕਹਿਣ ‘ਤੇ ਰੋਜ਼ਮਰੀ ਹੱਸਣ ਲਗਦੀ ਹੈ ਤੇ ਜੈਕਲੀਨ ਵੀ। ਫਿਰ ਰੋਜ਼ਮਰੀ ਦਸਦੀ ਹੈ,
“ਇਹਨੇ ਸਕੂਲ ਤਾਂ ਕਰ ਲਿਆ ਏ, ਹੁਣ ਕਾਲਜ ਜਾਂਦੀ ਏ, ਸਿਕਸਥ ਫੌਰਮ ਵਿਚ ਏ, ਏ ਲੈਵਲ ਕਰ ਰਹੀ
ਏ।”
“ਸੌਰੀ ਰੋਜ਼ਮਰੀ, ਦੇਖਣ ਨੂੰ ਏਹ ਜ਼ਰਾ...।”
“ਇਹ ਆਪਣੇ ਪਿਓ ਤੇ ਗਈ ਏ, ਕੱਦ ਦੀ ਛੋਟੀ ਰਹਿ ਗਈ ਏ ਪਰ ਤੇਜ਼ ਬਹੁਤ ਏ।”
ਜੈਕਲੀਨ ਪੁੱਛਣ ਲਗਦੀ ਹੈ,
“ਮਿਸਟਰ ਸਿੰਘ, ਨਵੇਂ ਘਰ ਵਿਚ ਆ ਕੇ ਖੁਸ਼ ਮਹਿਸੂਸ ਕਰ ਰਿਹਾ ਏਂ?”
“ਹਾਂ ਜੈਕਲੀਨ, ਬਿਲਕੁਲ ਠੀਕ ਏ, ਚੰਗੀ ਗੱਲ ਤਾਂ ਇਹ ਵੇ ਕਿ ਤੁਹਾਡੇ ਵਰਗਾ ਵਧੀਆ ਗਵਾਂਢ
ਮਿਲਿਆ ਏ।”
ਸਾਨੂੰ ਗੱਲਾਂ ਕਰਦਿਆਂ ਛੱਡ ਜੈਕਲੀਨ ਹੱਥ ਹਿਲਾ ਅੰਦਰ ਚਲੇ ਜਾਂਦੀ ਹੈ। ਰੋਜ਼ਮਰੀ ਕਹਿੰਦੀ
ਹੈ,
“ਇਸ ਘਰ ਦੇ ਪਹਿਲੇ ਮਾਲਕਾਂ ਨਾਲ ਵੀ ਸਾਡੇ ਬਹੁਤ ਸੁਖਾਵੇਂ ਸਬੰਧ ਸਨ, ਦੁੱਖ-ਸੁੱਖ ਵੇਲੇ
ਗਵਾਂਢੀ ਹੀ ਤਾਂ ਕੰਮ ਆਉਂਦੇ ਨੇ!”
“ਇਹ ਤਾਂ ਗੱਲ ਸੱਚ ਏ।”
“ਮਿਸਟਰ ਸਿੰਘ, ਮੈਨੂੰ ਦੂਜੇ ਸਭਿਆਚਾਰਾਂ ਬਾਰੇ ਜਾਨਣ ਦਾ ਬਹੁਤ ਸੌਂਕ ਐ, ਖਾਸ ਤੌਰ ਤੇ
ਤੁਹਾਡੇ ਸਭਿਆਚਾਰ ਬਾਰੇ, ...ਮੈਂ ਇੰਡੀਅਨ ਫਿਲਮਾਂ ਦੇਖਦੀ ਆਂ ਤੇ ਕਈ ਵਿਆਹਾਂ ਵਿਚ ਵੀ ਗਈ
ਆਂ।”
“ਚੰਗੀ ਗੱਲ ਏ, ਹਰ ਸਭਿਆਚਾਰ ਵਿਚੋਂ ਕੁਝ ਗੱਲਾਂ ਚੰਗੀਆਂ ਮਿਲ ਜਾਇਆ ਕਰਦੀਆਂ।”
“ਹਾਂ ਮਿਸਟਰ ਸਿੰਘ, ਇਹ ਗੱਲ ਸੱਚ ਐ, ਜਿਪਸੀਆਂ ਦੇ ਰੰਗੀਨ ਸਭਿਆਚਾਰ ਕਾਰਨ ਮੈਂ ਮਾਇਕੋ ਨਾਲ
ਜੁੜ ਗਈ ਸਾਂ।”
ਉਹ ਆਖਦੀ ਹੈ ਤੇ ਆਪਣੇ ਤੇ ਮਾਇਕੋ ਦੇ ਰਿਸ਼ਤੇ ਬਾਰੇ ਦੱਸਣ ਲਗਦੀ ਹੈ ਕਿ ਕਿਵੇਂ ਉਹ ਆਪਣੇ
ਪਿਓ ਦੇ ਖਿਲਾਫ ਮਾਇਕੋ ਦੇ ਜਿਪਸੀ ਕੈਂਪ ਵਿਚ ਚਲੇ ਗਈ ਸੀ ਪਰ ਫਿਰ ਜਲਦੀ ਹੀ ਨਿਤ ਦੇ ਸਫਰ
ਵਾਲੀ ਜਿ਼ੰਦਗੀ ਤੋਂ ਅੱਕ ਗਈ ਸੀ। ਮਾਇਕੋ ਟਿਕ ਕੇ ਨਹੀਂ ਸੀ ਰਹਿਣਾ ਚਾਹੁੰਦਾ ਇਸ ਲਈ ਦੋਨਾਂ
ਦੀ ਵਿਗੜ ਗਈ ਸੀ।
ਜਦ ਵੀ ਵਕਤ ਮਿਲੇ ਰੋਜ਼ਮਰੀ ਗੱਲਾਂ ਕਰਨ ਲਗਦੀ ਹੈ। ਮੇਰੀ ਪਤਨੀ ਨੂੰ ਤਾਂ ਉਹ ਗੱਲਾਂ ਕਰਨ
ਲਈ ਜਿਵੇਂ ਲੱਭ ਰਹੀ ਹੋਵੇ ਪਰ ਪਤਨੀ ਦੀ ਅੰਗਰੇਜ਼ੀ ਕੁਝ ਕਮਜ਼ੋਰ ਹੈ ਇਸ ਲਈ ਝਿਜਕਦੀ ਰਹਿੰਦੀ
ਹੈ। ਰੋਜ਼ਮਰੀ ਵੂਲਵਰਥ ਵਿਚ ਕੰਮ ਕਰਦੀ ਹੈ। ਉਹ ਦੋਵੇਂ ਮਾਂ-ਧੀ ਇਕੱਲੀਆਂ ਹੀ ਰਹਿੰਦੀਆਂ ਹਨ।
ਮਾਇਕੋ ਪਹਿਲੀਆਂ ਵਿਚ ਜਦੇ ਕਦੇ ਉਹ ਲੰਡਨ ਵਿਚ ਦੀ ਲੰਘਦਾ ਤਾਂ ਰੋਜ਼ਮਰੀ ਨੂੰ ਮਿਲਣ ਆ ਜਾਂਦਾ
ਪਰ ਹੁਣ ਬਹੁਤ ਸਾਲਾਂ ਤੋਂ ਰੋਜ਼ਮਰੀ ਉਸ ਨੂੰ ਮੂੰਹ ਨਹੀਂ ਲਾਉਂਦੀ। ਜੈਕਲੀਨ ਵੀ ਰੋਜ਼ਮਰੀ
ਵਾਂਗ ਗਾਲੜੀ ਜਿਹੀ ਹੈ। ਦੋਨਾਂ ਵਿਚੋਂ ਕੋਈ ਕਦੇ ਰਾਹ ਵਿਚ ਵੀ ਮਿਲੇ ਤਾਂ ਕੁਝ ਦੇਰ ਖੜ ਕੇ
ਗੱਲਾਂ ਕਰਕੇ ਹੀ ਅਗੇ ਲੰਘਦੀਆਂ ਹਨ।...
ਇਹ ਜਗਾਹ ਭਾਵੇਂ ਸਾਡੇ ਲਈ ਨਵੀਂ ਹੈ ਪਰ ਇਲਾਕਾ ਨਵਾਂ ਨਹੀਂ ਹੈ। ਬੱਚਿਆਂ ਦੇ ਸਕੂਲ ਕਰਕੇ
ਅਸੀਂ ਘਰ ਬਦਲਦੇ ਹਾਂ। ਹੁਣ ਦੋਨੋਂ ਬੱਚੀਆਂ ਸਕੂਲ ਜਾਣ ਲਗ ਪਈਆਂ ਹਨ। ਪਹਿਲਾ ਘਰ ਸਕੂਲ ਤੋਂ
ਕਾਫੀ ਦੂਰ ਸੀ, ਹੁਣ ਘਰ ਤੋਂ ਸਿਰਫ ਪੰਜ ਕੁ ਮਿੰਟ ਦੀ ਦੂਰੀ ਤੇ ਹੀ ਹੈ। ਵਿਚਕਾਰ ਇਕ ਪਾਰਕ
ਹੀ ਪੈਂਦਾ ਹੈ। ਪਾਰਕ ਟੱਪੋ ਤਾਂ ਸਕੂਲ ਆ ਜਾਂਦਾ ਹੈ। ਮੇਰਾ ਕੰਮ ਲੰਡਨ ਵਿਚ ਡਿਲਿਵਰੀ ਕਰਨ
ਦਾ ਹੈ। ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਮੈਂ ਅਠਾਰਾਂ ਅਠਾਰਾਂ ਘੰਟੇ ਕੰਮ ਕਰਦਾ ਹਾਂ ਤੇ
ਕਈ ਵਾਰ ਅੱਧਾ ਦਿਨ ਵਿਹਲਿਆਂ ਵੀ ਨਿਕਲ ਜਾਂਦਾ ਹੈ। ਪਤਨੀ ਨੂੰ ਘਰ ਤੋਂ ਦਸ ਕੁ ਮਿੰਟ ਦੀ
ਦੂਰੀ ‘ਤੇ ਕੱਪੜੇ ਦੀ ਇਕ ਫੈਕਟਰੀ ਵਿਚ ਪਾਰਟ ਟਾਈਮ ਕੰਮ ਮਿਲ ਜਾਂਦਾ ਹੈ; ਦਸ ਤੋਂ ਤਿੰਨ।
ਮੈਂ ਘਰ ਹੋਵਾਂ ਬੱਚਿਆਂ ਨੂੰ ਸਕੂਲ ਤੋਂ ਲੈ-ਛੱਡ ਆਉਂਦਾ ਹਾਂ ਨਹੀਂ ਤਾਂ ਪਤਨੀ ਦੇ ਕੰਮ ਦੇ
ਘੰਟੇ ਵੀ ਕੁਝ ਅਜਿਹੇ ਹੀ ਹਨ ਕਿ ਉਹ ਵੀ ਲਿਆ ਸਕਦੀ ਹੈ। ਮੈਂ ਵਿਹਲਾ ਹੋਵਾਂ ਤਾਂ ਬੱਚਿਆਂ
ਨੂੰ ਛੱਡ ਕੇ ਕੁਝ ਦੇਰ ਲਈ ਪਾਰਕ ਵਿਚ ਬਹਿ ਜਾਇਆ ਕਰਦਾ ਹਾਂ। ਧੁੱਪ ਹੋਵੇ ਤਾਂ ਮੈਂ ਕਿਸੇ
ਬੈਂਚ ਤੇ ਬੈਠ ਕਿਤਾਬ ਪੜ੍ਹਨ ਲਗਦਾ ਹਾਂ।
ਇਕ ਦਿਨ ਜੈਕਲੀਨ ਅਚਾਨਕ ਮੇਰੇ ਕੋਲ ਬੈਂਚ ‘ਤੇ ਆ ਬੈਠਦੀ ਹੈ। ਮੈਂ ਪੁੱਛਦਾ ਹਾਂ,
“ਅਜ ਕਾਲਜ ਨਹੀਂ ਗਈ?”
“ਗਈ ਸੀ ਪਰ ਆ ਗਈ ਆਂ, ਇਕੋ ਕਲਾਸ ਸੀ ਅਜ।”
“ਜੈਕਲੀਨ, ਸੱਚ ਤੂੰ ਆਪਣੀ ਉਮਰ ਤੋਂ ਬਹੁਤ ਛੋਟੀ ਲਗਦੀ ਏਂ, ਕਿੰਨੇ ਸਾਲਾਂ ਦੀ ਹੋ ਗਈ ਏਂ
ਹੁਣ ਤੂੰ?”
“ਮਿਸਟਰ ਸਿੰਘ, ਤੈਨੂੰ ਪਤਾ ਹੋਣਾ ਚਾਹੀਦਾ ਕਿ ਸੁਹਣੀ ਕੁੜੀ ਤੋਂ ਉਸ ਦੀ ਉਮਰ ਨਹੀਂ ਪੁੱਛੀਦੀ
ਪਰ ਮੈਂ ਫਿਰ ਵੀ ਦੱਸ ਦਿੰਨੀ ਆਂ, ਮੈਂ ਸਵੀਟ ਸੈਵਨਟੀਨ ਆਂ!”
“ਤੂੰ ਵਾਕਿਆ ਹੀ ਬਹੁਤ ਸਵੀਟ ਲਗ ਰਹੀ ਏ!”
ਆਖਦਾ ਮੈਂ ਜੈਕਲੀਨ ਵਲ ਦੇਖਦਾ ਹਾਂ। ਉਹ ਸ਼ਰਮਾ ਕੇ ਨੀਵੀਂ ਪਾ ਲੈਂਦੀ ਹੈ। ਕੁਝ ਦੇਰ ਹੋਰ
ਗੱਲਾਂ ਕਰਕੇ ਉਹ ਉਠ ਖੜਦੀ ਹੈ।...
ਅਜ ਮੌਸਮ ਬਹੁਤ ਖਰਾਬ ਹੈ। ਮੂਸਲਾਧਾਰ ਮੀਂਹ ਪੈ ਰਿਹਾ ਹੈ। ਮੈਂ ਕੰਮ ਤੋਂ ਜਲਦੀ ਮੁੜ ਆਉਂਦਾ
ਹਾਂ। ਮੈਨੂੰ ਦੇਖ ਰੋਜ਼ਮਰੀ ਛਤਰੀ ਲਈ ਬਾਹਰ ਨਿਕਲਦੀ ਹੈ ਤੇ ਆਖਦੀ ਹੈ,
“ਮਿਸਟਰ ਸਿੰਘ, ਮੈਨੂੰ ਤੇਰੀ ਹੈਲਪ ਦੀ ਲੋੜ ਏ, ਪਲੀਜ਼!”
“ਕੀ ਹੋ ਗਿਆ ਰੋਜ਼ਮਰੀ?”
“ਮੇਰੀ ਰਸੋਈ ਦੀ ਛੱਤ ਚੋਣ ਲਗੀ ਪਈ ਏ, ਜਾਪਦਾ ਏ ਕਿ ਗਟਰ ਵਿਚ ਕੁਝ ਫਸ ਗਿਆ ਏ ਤੇ ਉਸ ਤੋਂ
ਮੀਂਹ ਦਾ ਪੂਰਾ ਪਾਣੀ ਨਹੀਂ ਸਾਂਭਿਆ ਜਾ ਰਿਹਾ, ਪਲੀਜ਼ ਜੇ ਕੁਝ ਕਰ ਸਕੇ ਤਾਂ।”
ਮੈਂ ਉਸ ਦੇ ਘਰ ਜਾ ਕੇ ਦੇਖਦਾ ਹਾਂ। ਸੱਚ-ਮੁੱਚ ਹੀ ਉਸ ਦੇ ਗਟਰ ਵਿਚ ਪਤਝੜ ਦੇ ਪੱਤੇ ਫਸੇ
ਹੋਏ ਹਨ। ਪੱਤਿਆਂ ਨੇ ਸਾਰਾ ਗਟਰ ਹੀ ਬੰਦ ਕੀਤਾ ਪਿਆ ਹੈ। ਮੀਂਹ ਦਾ ਸਾਰਾ ਪਾਣੀ ਇਕ ਥਾਂ ਜਮਾਂ
ਹੋਇਆ ਗਿਆ ਹੈ। ਮੈਂ ਡੰਡਾ ਲੈ ਕੇ ਗਟਰ ਸਾਫ ਕਰ ਦਿੰਦਾ ਹਾਂ। ਪਾਣੀ ਢੰਗ ਨਾਲ ਵਹਿਣ ਲਗਦਾ
ਹੈ ਪਰ ਮੇਰੇ ਸਾਰੇ ਕਪੜੇ ਭਿੱਜ ਜਾਂਦੇ ਹਨ। ਰੋਜ਼ਮਰੀ ਮੇਰਾ ਸ਼ੁਕਰੀਆਂ ਕਰਦੀ ਜਾ ਰਹੀ ਹੈ।
ਮੈਂ ਤੁਰਨ ਲਗਦਾ ਹਾਂ ਤਾਂ ਉਹ ਕਹਿੰਦੀ ਹੈ,
“ਮਿਸਟਰ ਸਿੰਘ, ਬੈਠ, ਤੇਰੇ ਲਈ ਕੌਫੀ ਬਣਾਉਂਦੀ ਹਾਂ।”
“ਨਹੀਂ ਰੋਜ਼ਮਰੀ, ਮੈਂ ਪਹਿਲਾਂ ਆਪਣੇ ਕਪੜੇ ਬਦਲਾਂਗਾ, ਕੰਮ ਉਪਰ ਵੀ ਮੈਂ ਬਾਹਰ ਫਿਰਦਾ ਰਿਹਾਂ।”
“ਬਰਾਂਡੀ ਦਾ ਇਕ ਪੈੱਗ ਬਣਾ ਦੇਵਾਂ?”
“ਨਹੀਂ ਰੋਜ਼ਮਰੀ, ਸ਼ੁਕਰੀਆ, ਫੇਰ ਕਦੇ ਸਹੀ।”
ਰੋਜ਼ਮਰੀ ਦੀ ਤੱਕਣੀ ਵਿਚੋਂ ਮੈਨੂੰ ਕੁਝ ਹੋਰ ਨਜ਼ਰ ਆਉਣ ਲਗਦਾ ਹੈ। ਮੈਂ ਹੁਣ ਕਿਸੇ ਵੀ
ਬੇਗਾਨੀ ਔਰਤ ਦੇ ਨੇੜੇ ਨਹੀਂ ਜਾਣਾ ਚਾਹੁੰਦਾ। ਮਸਾਂ ਤਾਂ ਮੈਨੂੰ ਇੰਨਾ ਸਥਿਰ ਜਿਊਣ-ਢੰਗ
ਮਿਲਿਆ ਹੈ।
ਹੁਣ ਰੋਜ਼ਮਰੀ ਨਾਲ ਅਕਸਰ ਹੈਲੋ ਹੈਲੋ ਹੋਣ ਲਗਦੀ ਹੈ। ਮੈਂ ਦੇਖਦਾ ਹਾਂ ਕਿ ਕਈ ਵਾਰ ਤਾਂ ਉਹ
ਹੈਲੋ ਕਹਿਣ ਲਈ ਉਡੀਕ ਵੀ ਰਹੀ ਹੁੰਦੀ ਹੈ। ਇਕ ਦਿਨ ਆਖਦੀ ਹੈ,
“ਸਿੰਘ, ਕੱਲ ਮੈਂ ਤੇਰੀ ਪਤਨੀ ਨੂੰ ਮਿਲਣ ਤੇਰੇ ਘਰ ਆਈ ਸਾਂ, ਤੇਰੇ ਕੋਲ ਤਾਂ ਬਹੁਤ ਕਿਤਾਬਾਂ
ਨੇ!”
“ਹਾਂ, ਰੋਜ਼ਮਰੀ, ਕਿਤਾਬਾਂ ਮੈਨੂੰ ਚੰਗੀਆਂ ਲਗਦੀਆਂ।”
“ਜੇ ਕੋਈ ਵਿਸ਼ੇਸ਼ ਕਿਤਾਬ ਚਾਹੀਦੀ ਹੋਵੇ ਤਾਂ ਦਸਣਾ, ਮੈਨੂੰ ਵੂਲਵਰਥ ਵਿਚੋਂ ਡਿਕਾਊਂਟ ‘ਤੇ
ਕਿਤਾਬਾਂ ਬਹੁਤ ਸਸਤੀਆਂ ਮਿਲ ਜਾਂਦੀਆਂ ਨੇ।”
“ਥੈਕਿਊ। ਜ਼ਰੂਰ ਦੱਸਾਂਗਾ।”
“ਕਿਹੋ ਜਿਹੀਆਂ ਕਿਤਾਬਾਂ ਚੰਗੀਆਂ ਲਗਦੀਆਂ ਨੇ?”
“ਮੈਂ ਜਿ਼ਆਦਾ ਫਿਕਸ਼ਨ ਪੜਦਾਂ।”
“ਕਿਹੋ ਜਿਹੀ ਫਿਕਸ਼ਨ, ਜਸੂਸੀ, ਡਰਾਉਣੀ ਜਾਂ ਰੁਮਾਂਟਿਕ?”
“ਅਜਿਹੀ ਕੋਈ ਵੀ ਨਹੀਂ, ਮੈਂ ਜਿ਼ੰਦਗੀ ਦੇ ਨੇੜੇ ਦੀ ਫਿਕਸ਼ਨ ਪੜ੍ਹਨ ਦੀ ਕੋਸਿ਼ਸ਼ ਕਰਦਾਂ
ਪਰ ਪਹਿਲਾਂ ਉਹਨਾਂ ਦੇ ਰਿਵਿਊ ਪੜ੍ਹ ਕੇ ਫੇਰ ਹੀ ਕਿਤਾਬ ਦੀ ਚੋਣ ਕਰਦਾਂ।”
ਇਕ ਦਿਨ ਮੈਨੂੰ ਨਾਵਲ ‘ਲਸਟ ਫਾਰ ਲਾਈਫ’ ਚਾਹੀਦਾ ਹੁੰਦਾ ਹੈ। ਮੈਂ ਰੋਜ਼ਮਰੀ ਨੂੰ ਪੁੱਛਦਾ
ਹਾਂ ਕਿ ਜੇ ਉਸ ਨੂੰ ਵੂਲਵਰਥ ਵਿਚ ਮਿਲ ਜਾਵੇ ਤਾਂ ਮੇਰੀ ਭਾਲ ਸੌਖੀ ਹੋ ਜਾਵੇ। ਰੋਜ਼ਮਰੀ
ਮੈਨੂੰ ਸਿਰਫ ਨਾਵਲ ਹੀ ਨਹੀਂ ਲਿਆ ਕੇ ਦਿੰਦੀ ਬਲਕਿ ਇਸ ਉਪਰ ਬਣੀ ਫਿਲਮ ਵੀ ਲਿਆ ਦਿੰਦੀ ਹੈ
ਤੇ ਆਖਦੀ ਹੈ,
“ਮੈਂ ਨਾਵਲ ਤਾਂ ਨਹੀਂ ਪੜਿਆ ਪਰ ਇਹ ਫਿਲਮ ਦੇਖੀ ਏ, ਕਿਰਕ ਡੱਗਲਸ ਨੂੰ ਏਹਦੇ ਲਈ ਔਸਕਰ ਵੀ
ਮਿਲਿਆ ਸੀ।”
ਉਹ ਅਕਸਰ ਕਿਤਾਬਾਂ ਬਾਰੇ ਮੇਰੇ ਨਾਲ ਗੱਲਾਂ ਕਰਦੀ ਰਹਿੰਦੀ ਹੈ। ਉਸ ਨੂੰ ਪੜ੍ਹਨ ਦਾ ਬਹੁਤਾ
ਸ਼ੌਂਕ ਨਹੀਂ ਹੈ ਪਰ ਮੇਰੇ ਨਾਲ ਗੱਲਾਂ ਕਰਨ ਲਈ ਉਸ ਨੇ ਕੁਝ ਨਾ ਕੁਝ ਜਾਣਕਾਰੀ ਜ਼ਰੂਰ ਹਾਸਲ
ਕਰ ਰੱਖੀ ਹੈ। ਰੋਜ਼ਮਰੀ ਨਾਲ ਗੱਲ ਕਰਦਾ ਮੈਂ ਸਦਾ ਇਕ ਦੂਰੀ ਬਣਾਈ ਰੱਖਦਾ ਹਾਂ, ਇਕ ਵਾੜ
ਵਾਂਗ। ਮੈਂ ਹੁਣ ਇਹ ਵਾੜ ਬਿਲਕੁਲ ਨਹੀਂ ਟੱਪਣੀ ਚਾਹੁੰਦਾ।...
ਗਰਮੀਆਂ ਦੇ ਦਿਨ ਹਨ। ਸੂਰਜ ਦੇਰ ਤਕ ਖੜਾ ਰਹਿੰਦਾ ਹੈ। ਮੈਂ ਬਾਹਰ ਗਾਰਡਨ ਵਿਚ ਨਿਕਲਦਾ
ਹਾਂ। ਰੋਜ਼ਮਰੀ ਗੁਲਾਬ ਦੇ ਬੂਟਿਆਂ ਉਪਰ ਦਵਾਈ ਛਿੜਕ ਰਹੀ ਹੈ ਤੇ ਜੈਕਲੀਨ ਕੋਲ ਖੜੀ ਬਹਿਸ
ਜਿਹੀ ਕਰ ਰਹੀ ਹੈ। ਮੈਂ ਪੁੱਛਦਾ ਹਾਂ,
“ਜੈਕੀ, ਏਨੀ ਖਫਾ ਕਿਉਂ ਐਂ?”
ਮੇਰੀ ਗੱਲ ਸੁਣ ਕੇ ਰੋਜ਼ਮਰੀ ਆਪਣਾ ਕੰਮ ਵਿਚੇ ਛੱਡ ਸਾਂਝੀ ਵਾੜ ਕੋਲ ਆ ਕੇ ਆਖਦੀ ਹੈ,
“ਕੱਲ ਨੂੰ ਏਹਨੇ ਕਨੂਇੰਗ ਜਾਣਾ ਸੀ ਪਰ ਮੈਨੂੰ ਕੰਮ ਤੋਂ ਛੁੱਟੀ ਨਹੀਂ ਮਿਲੀ, ਸਾਡੇ ਨਵਾਂ
ਸਟਾਫ ਰੱਖਿਆ, ਮੈਂ ਉਹਨੂੰ ਟਰੇਨ ਕਰਨਾਂ, ਮੈਂ ਤਾਂ ਏਨੀ ਬੀਜ਼ੀ ਆਂ ਕਿ ਕੱਲ ਨੂੰ ਵਿਹਲੀ ਵੀ
ਅੱਠ ਵਜੇ ਹੋਣਾਂ। ਮੈਂ ਕਹਿ ਰਹੀ ਆਂ ਕਿ ਫਿਰ ਕਿਸੇ ਦਿਨ ਚਲੇ ਜਾਵੀਂ ਪਰ ਇਹ ਮੰਨ ਹੀ ਨਹੀਂ
ਰਹੀ।”
“ਸਿੰਘ, ਮੈਂ ਕੱਲ ਦੀ ਬੁੱਕਿੰਗ ਕਰਾਈ ਹੋਈ ਐ, ਇਕ ਤਾਂ ਪੈਸੇ ਐਵੇਂ ਜਾਣਗੇ ਤੇ ਦੂਜੇ ਕੱਲ
ਨੂੰ ਮੌਸਮ ਬਹੁਤ ਸੁਹਾਵਣਾ ਹੋਵੇਗਾ, ਮੁੜ ਕੇ ਪਤਾ ਨਹੀਂ ਅਜਿਹਾ ਦਿਨ ਆਵੇ ਜਾਂ ਨਾ।”
“ਕਿਥੇ ਜਾਣਾਂ, ਮੇਰਾ ਮਤਲਬ ਦੂਰ ਐ ਕਿਤੇ?”
“ਐਸ਼ਫ੍ਰੋਡ, ਉਥੇ ਕੋਈ ਬੱਸ ਵੀ ਸਿਧੀ ਨਹੀਂ ਜਾਂਦੀ।”
ਮੇਰੇ ਪੁੱਛਣ ਤੇ ਜੈਕਲੀਨ ਰੋਣਹਾਕੀ ਹੋਈ ਦਸਦੀ ਹੈ। ਮੈਂ ਫਿਰ ਆਖਦਾ ਹਾਂ,
“ਰੋਜ਼ਮਰੀ, ਵੈਸੇ ਤਾਂ ਕੱਲ ਨੂੰ ਮੈਂ ਵੀ ਵਿਹਲਾ ਹੀ ਆਂ, ਮੈਂ ਜੈਕੀ ਨੂੰ ਛੱਡ ਸਕਦਾਂ।”
“ਛੱਡਣ ਨਹੀਂ, ਦੋ-ਤਿੰਨ ਘੰਟੇ ਠਹਿਰਨਾ ਵੀ ਪਵੇਗਾ।”
ਅਗਲੀ ਸਵੇਰ ਮੈਂ ਜੈਕਲੀਨ ਨੂੰ ਐਸ਼ਫ੍ਰੋਡ ਲਈ ਲੈ ਤੁਰਦਾ ਹਾਂ। ਉਹ ਬਹੁਤ ਖੁਸ਼ ਹੈ। ਮੈਨੂੰ
ਆਖਦੀ ਹੈ,
“ਥੈਂਕਸ ਸਿੰਘ, ਨਹੀਂ ਤਾਂ ਅਜ ਮੈਂ ਬਹੁਤ ਉਦਾਸ ਹੋਣਾ ਸੀ, ਮੈਂ ਏਸ ਦਿਨ ਦੀ ਬਹੁਤ ਦੇਰ ਤੋਂ
ਉਡੀਕ ਕਰ ਰਹੀ ਸੀ।”
“ਕਨੂਇੰਗ ਕਰਨ ਜਾਣ ਦੀ?”
“ਨਹੀਂ, ਕਨੂਇੰਗ ਤਾਂ ਮੈਂ ਪਹਿਲਾਂ ਵੀ ਗਈ ਆਂ ਕਈ ਵਾਰ ਪਰ ਅਜ ਖਾਸ ਦਿਨ ਐ!”
“ਅਜ ਕੀ ਐ?”
“ਅਜ ਤੇਰਾਂ ਅਗਸਤ ਐ, ਤੈਨੂੰ ਨਹੀਂ ਪਤਾ?”
“ਹਾਂ, ਤੇਰਾਂ ਅਗਸਤ ਦਾ ਤਾਂ ਮੈਨੂੰ ਪਤੈ।”
“ਓ, ਸੌਰੀ ਸਿੰਘ, ਤੈਨੂੰ ਵੀ ਕਿਵੇਂ ਪਤਾ ਹੋ ਸਕਦੈ, ਅਸਲ ਵਿਚ ਅਜ ਮੇਰਾ ਜਨਮ ਦਿਨ ਐਂ, ਅਜ
ਮੈਂ ਅਠਾਰਾਂ ਦੀ ਹੋ ਗਈ ਆਂ, ਅਜ ਮੈਂ ਅਜ਼ਾਦ ਆਂ, ਪੱਬ ਜਾ ਸਕਦੀ ਹਾਂ, ਬੁਆਏ-ਫ੍ਰੈੰਡ ਨਾਲ
ਸੌਂ ਸਕਦੀ ਆਂ, ਅਜ ਮੈਂ ਬੱਚੀ ਨਹੀਂ ਪੂਰੀ ਔਰਤ ਆਂ ਇਸ ਲਈ ਅਜ ਮੈਂ ਬਹੁਤੀ ਹੀ ਖੁਸ਼ ਆਂ।”
“ਹੈਪੀ ਬ੍ਰਥਡੇ ਜੈਕੀ, ਸਵੀਟ ਏਟੀਨ!”
ਆਖਦਾ ਮੈਂ ਜੇਬ੍ਹ ਵਿਚੋਂ ਦੱਸ ਪੌਂਡ ਕੱਢ ਉਸ ਨੂੰ ਦਿੰਦਾ ਹਾਂ। ਉਹ ਕਹਿੰਦੀ ਹੈ,
“ਸਿੰਘ, ਇਹ ਪੈਸੇ ਆਪਣੇ ਕੋਲ ਹੀ ਰੱਖ, ਜੇ ਤੂੰ ਮੈਨੂੰ ਬ੍ਰਥਡੇ ਦਾ ਕੁਝ ਦੇਣਾ ਹੀ ਏ ਤਾਂ
ਮੈਨੂੰ ਕਿਸੇ ਦਿਨ ਪੱਬ ਲੈ ਜਾਵੀਂ, ਪੱਬ ਜਾਣ ਨੂੰ ਮੇਰਾ ਬਹੁਤ ਦਿਲ ਕਰਦੈ, ਪੱਬ ਵਿਚ ਬੈਠ
ਕੇ ਵਾਈਨ ਪੀਣ ਨੂੰ ਤੇ ਗੱਲਾਂ ਕਰਨ ਨੂੰ।”
ਮੈਂ ਵੈਨ ਭਜਾਉਂਦਾ ਸੋਚਦਾ ਜਾ ਰਿਹਾ ਹਾਂ ਕਿ ਉਸ ਨੂੰ ਪੱਬ ਲੈ ਕੇ ਜਾਵਾਂ ਜਾਂ ਨਾ। ਉਹ
ਬਹੁਤ ਖੁਸ਼ ਹੈ ਕਦੇ ਸੀਟੀ ਵਜਾਉਣ ਲਗਦੀ ਹੈ ਤੇ ਕਦੇ ਰੇਡੀਓ ਤੇ ਵਜਦੇ ਗੀਤ ਨਾਲ ਗਾਉਣ ਲਗ
ਪੈਂਦੀ ਹੈ। ਮੈਂ ਪੁੱਛਦਾ ਹਾਂ,
“ਇਥੇ ਐਸ਼ਫ੍ਰੋਡ ਕੋਈ ਰਿਵਰ ਐ ਕਨੂਇੰਗ ਲਈ?”
“ਨਹੀਂ, ਵਾਟਰ ਸਪ੍ਰੋਸ ਸੈਂਟਰ ਆ ਇਥੇ, ਨੈਸ਼ਨਲ ਤੇ ਇੰਟਰਨੈਸ਼ਨਲ ਮੁਕਾਬਲੇ ਹੁੰਦੇ ਰਹਿੰਦੇ
ਆ, ਮੈਂ ਤਾਂ ਆਪਣੇ ਫੰਨ ਲਈ ਮੰਮੀ ਨਾਲ ਬੁੱਕ ਕਰਾਇਆ ਸੀ, ਹੁਣ ਤੂੰ ਆ ਗਿਆਂ ਤਾਂ ਹੋਰ ਵੀ
ਮਜ਼ਾ ਆਏਗਾ।”
“ਪਰ ਜੈਕੀ, ਮੈਨੂੰ ਤਾਂ ਚੰਗੀ ਤਰ੍ਹਾਂ ਤੈਰਨਾ ਵੀ ਨਹੀਂ ਆਉਂਦਾ।”
“ਮੇਰੇ ਨਾਲ ਹੁੰਦੇ ਹੋਏ ਕਿਉਂ ਡਰਦਾਂ ਸਿੰਘ? ਮੈਂ ਮੱਛੀ ਹਾਂ ਮੱਛੀ, ਤੈਨੂੰ ਆਪਣੀ ਪਿੱਠ ਤੇ
ਬੈਠਾ ਕੇ ਤੈਰ ਸਕਦੀ ਆਂ।”
ਆਖਦੀ ਉਹ ਹੱਸਣ ਲਗਦੀ ਹੈ।
ਅਸੀਂ ਡੇੜ ਕੁ ਘੰਟੇ ਵਿਚ ਵਾਟਰ ਸਪ੍ਰੋਟਸ ਸੈਂਟਰ ਵਿਚ ਪੁੱਜ ਜਾਂਦੇ ਹਾਂ। ਬਾਹਰ ਗੇਟ ਉਪਰ
ਸਕਿਉ੍ਰਟੀ ਵਾਲੇ ਖੜੇ ਹਨ। ਅਸੀਂ ਆਪਣੇ ਟਿਕਟ ਦਿਖਾ ਕੇ ਅੰਦਰ ਚਲੇ ਜਾਂਦੇ ਹਾਂ। ਪਾਣੀ
ਵਾਲੀਆਂ ਖੇਡਾਂ ਲਈ ਤਰ੍ਹਾਂ ਤਰ੍ਹਾਂ ਦੇ ਪੂਲ ਬਣੇ ਹੋਏ ਹਨ। ਇਕ ਵੱਡੀ ਸਾਰੀ ਝੀਲ ਵੀ ਹੈ
ਜਿਸ ਵਿਚ ਕਿਸ਼ਤੀਆਂ ਦੀ ਦੌੜ ਚੱਲ ਰਹੀ ਹੈ। ਉੱਚੀਆਂ ਨੀਵੀਂਆਂ ਨਹਿਰਾਂ ਜਿਹੀਆਂ ਵੀ ਹਨ
ਜਿਹਨਾਂ ਵਿਚ ਪਾਣੀ ਬਹੁਤ ਤੇਜ਼ ਭੱਜ ਰਿਹਾ ਹੈ। ਇਕ ਪੂਲ ਵਿਚ ਕੁਝ ਲੋਕ ਤੈਰਨ ਦੀ ਰੇਸ ਲਗਾ
ਰਹੇ ਹਨ। ਅਸੀਂ ਰਿਸੈਪਸ਼ਨ ‘ਤੇ ਜਾ ਕੇ ਆਪਣੇ ਟਿਕਟ ਦਿਖਾਉਂਦੇ ਹਾਂ। ਸਾਡੀ ਵਾਰੀ ਗਿਆਰਾਂ
ਵਜੇ ਆਉਣੀ ਹੈ। ਅਸੀਂ ਚੇਂਜਿੰਗ ਰੂਮ ਵਿਚ ਜਾ ਕੇ ਫੋਮ ਜਿਹੀ ਦੇ ਓਵਰਆਲ ਆਪਣੇ ਕਪੜਿਆਂ ਦੇ
ਉਪਰ ਦੀ ਪਹਿਨ ਲੈਂਦੇ ਹਾਂ ਤਾਂ ਜੋ ਸਾਡੇ ਕਪੜੇ ਗਿਲੇ ਨਾ ਹੋਣ। ਡੁੱਬਣ ਤੋਂ ਬਚਣ ਲਈ
ਲਾਈਵ-ਜੈਕਟ ਵੀ, ਸੱਟ ਤੋਂ ਬਚਣ ਲਈ ਸਿਰ ‘ਤੇ ਹੈਲਮਟ ਵੀ। ਇਕ ਆਦਮੀ ਸਾਡੇ ਦਸਾਂ ਵਿਅਕਤੀਆਂ
ਦੇ ਨਾਂ ਬੋਲ ਕੇ ਇਕ ਥਾਂ ਇਕੱਠੇ ਕਰਕੇ ਦਸਦਾ ਹੈ ਕਿ ਉਹ ਸਾਡਾ ਅਜ ਦਾ ਇਨਸਟ੍ਰੈਕਟ੍ਰ ਹੈ।
ਸਭ ਤੋਂ ਪਹਿਲਾਂ ਪਾਣੀ ਨਾਲ ਦੋਸਤੀ ਪਾਉਣ ਲਈ ਸਾਨੂੰ ਝੀਲ ਵਿਚ ਛਾਲਾਂ ਮਾਰਨੀਆਂ ਪੈਣਗੀਆਂ।
ਮੈਂ ਡਰਨ ਲਗਦਾ ਹਾਂ ਪਰ ਜੈਕਲੀਨ ਮੇਰਾ ਹੱਥ ਘੁੱਟ ਲੈਂਦੀ ਹੈ। ਅਸੀਂ ਪਾਣੀ ਵਿਚ ਛਲਾਂਗਾਂ
ਮਾਰਨ ਲਗਦੇ ਹਾਂ। ਮੈਨੂੰ ਤੈਰਨਾ ਚੰਗਾ ਲਗਣ ਲਗਦਾ ਹੈ। ਲਾਈਵ-ਜੈਕਟ ਤੈਰਨ ਵਿਚ ਮੇਰੀ ਮੱਦਦ
ਕਰ ਰਹੀ ਹੈ। ਜੈਕਲੀਨ ਵੀ ਮੇਰਾ ਪੂਰਾ ਧਿਆਨ ਰੱਖ ਰਹੀ ਹੈ। ਫਿਰ ਅਸੀਂ ਝੀਲ ਵਿਚ ਖੜੀ ਦਸਾਂ
ਵਿਅਕਤੀਆਂ ਵਾਲੀ ਕਿਸ਼ਤੀ ਵਿਚ ਜਾ ਬੈਠਦੇ ਹਾਂ। ਇਹ ਹਵਾ ਭਰਨ ਵਾਲੀ ਰਬੜ ਦੀ ਕਿਸ਼ਤੀ ਹੈ।
ਸਾਡਾ ਇਨਸਟ੍ਰੈਕਟ੍ਰ ਕਿਸ਼ਤੀ ਦੇ ਪਿਛਲੇ ਪਾਸੇ ਬੈਠਾ ਸਾਨੂੰ ਆਦੇਸ਼ ਦੇਣ ਲਗਦਾ ਹੈ ਤੇ
ਸਮਝਾਣ ਵੀ। ਅਸੀਂ ਚੱਪੂ ਮਾਰਦੇ ਕਿਸ਼ਤੀ ਤੋਰ ਲੈਂਦੇ ਹਾਂ। ਕਿਸ਼ਤੀ ਇਕ ਬੈਲਟ ਤੇ ਜਾ ਚੜ੍ਹਦੀ
ਹੈ। ਬੈਲਟ ਕਿਸ਼ਤੀ ਨੂੰ ਉਤਾਂਹ ਵਾਲੀ ਝੀਲ ਵਲ ਲੈ ਤੁਰਦੀ ਹੈ। ਜੈਕਲੀਨ ਵਾਰ ਵਾਰ ਮੈਨੂੰ
ਪੁੱਛਦੀ ਜਾ ਰਹੀ ਹੈ ਕਿ ਮੈਂ ਠੀਕ ਹਾਂ। ਵੈਸੇ ਹੁਣ ਤਕ ਮੈਂ ਪੂਰੀ ਤਰ੍ਹਾਂ ਸਹਿਜ ਹੋ
ਚੁੱਕਿਆ ਹਾਂ। ਉਪਰਲੀ ਝੀਲ ਤੋਂ ਅਸੀਂ ਨਹਿਰ ਰਾਹੀਂ ਹੇਠਾਂ ਉਤਰਨਾ ਹੈ। ਅਸਲ ਵਿਚ ਇਹ ਤੇਜ਼
ਵਹਿੰਦੇ ਦਰਿਆ ਦੀ ਨਕਲ ਵਿਚ ਬਣਾਇਆ ਹੋਇਆ ਹੈ। ਸਾਡੀ ਕਿਸ਼ਤੀ ਵੱਡੀਆਂ ਵੱਡੀਆਂ ਛੱਲਾਂ ਵਿਚ
ਦੀ ਲੰਘਣ ਲਗਦੀ ਹੈ। ਕਿਸ਼ਤੀ ਦੇ ਉਪਰ-ਹੇਠ ਜਾਣ ਨਾਲ ਅਸੀਂ ਡਰ ਤੇ ਰੁਮਾਂਸ ਨਾਲ ਚੀਕਾਂ
ਮਾਰਨ ਲਗਦੇ ਹਾਂ। ਕੁਝ ਦੇਰ ਬਾਅਦ ਕਿਸ਼ਤੀ ਮੁੜ ਇਕ ਝੀਲ ਵਿਚ ਆ ਜਾਂਦੀ ਹੈ। ਇਵੇਂ ਅਸੀਂ
ਪੰਜ ਚੱਕਰ ਲਾਉਂਦੇ ਹਾਂ। ਅਸੀਂ ਬਹੁਤ ਖੁਸ਼ ਹਾਂ। ਕਿਸ਼ਤੀ ਵਿਚੋਂ ਉਤਰਦਿਆਂ ਹੀ ਜੈਕੀ ਮੇਰਾ
ਹੱਥ ਫੜੀ ਆਖਦੀ ਹੈ,
“ਸਿੰਘ, ਹੁਣ ਆਪਾਂ ਸਵਿੰਮਿੰਗ ਕਰਾਂਗੇ।”
ਅਸੀਂ ਚੇਂਜਿੰਗ ਰੂਮ ਵਿਚ ਆ ਜਾਂਦੇ ਹਾਂ। ਜੈਕਲੀਨ ਮੇਰੇ ਲਈ ਕਿਧਰੋਂ ਸਵਿਮਿੰਗ ਟਰੰਕ ਦਾ
ਇੰਤਜ਼ਾਮ ਕਰਦੀ ਹੈ। ਉਹ ਆਪ ਵੀ ਸਵਿਮਿੰਗ ਸੂਟ ਪਾਉਣ ਚਲੇ ਜਾਂਦੀ ਹੈ। ਜਦ ਉਹ ਤਿਆਰ ਹੋ ਕੇ
ਮੁੜਦੀ ਹੈ ਤਾਂ ਮੈਂ ਉਸ ਵਲ ਦੇਖ ਕੇ ਹੈਰਾਨ ਰਹਿ ਜਾਂਦਾ ਹਾਂ। ਗੋਲ ਨਿੱਗਰ ਲੱਤਾਂ,
ਗੋਲਾਈਦਾਰ ਬਾਹਵਾਂ। ਮੈਂ ਤਾਂ ਕਦੇ ਸੋਚਿਆ ਵੀ ਨਹੀਂ ਕਿ ਕਪੜਿਆਂ ਵਿਚ ਲੁਕੀ ਜੈਕਲੀਨ ਇੰਨੀ
ਖੂਬਸੂਰਤ ਹੋਵੇਗੀ। ਮੇਰੇ ਮੂੰਹੋਂ ਨਿਕਲਦਾ ਹੈ,
“ਜੈਕੀ, ਬਹੁਤ ਖੂਬਸੂਰਤ! ਅਜਿਹੀ ਸ਼ਾਨਦਾਰ ਦੇਹ ਪਹਿਲਾਂ ਮੈਂ ਕਿਸੇ ਔਰਤ ਦੀ ਨਹੀਂੇ ਦੇਖੀ!”
“ਥੈਂਕਸ ਸਿੰਘ।”
“ਤੇਰਾ ਬੁਆਏ-ਫ੍ਰੈੰਡ ਤੇਰੇ ਉਪਰ ਪੂਰਾ ਰਸ਼ਕ ਕਰੇਗਾ।”
“ਬੁਆਏ ਫ੍ਰੈੰਡ ਮੇਰੇ ਕੋਲ ਹਾਲੇ ਹੈ ਨਹੀਂ।”
ਆਖਦੀ ਉਹ ਮੇਰਾ ਹੱਥ ਫੜ ਕੇ ਤੁਰ ਪੈਂਦੀ ਹੈ। ਅਸੀਂ ਸਵਿਮਿੰਗ ਪੂਲ ਵਿਚ ਜਾ ਵੜਦੇ ਹਾਂ।
ਜੈਕਲੀਨ ਮੱਛੀ ਵਾਂਗ ਤੈਰਨ ਲਗਦੀ ਹੈ। ਮੈਂ ਡਰਦਾ ਡਰਦਾ ਤੈਰ ਰਿਹਾ ਹਾਂ। ਉਹ ਦੋ ਕੁ ਗੇੜੇ
ਲਗਾ ਕੇ ਮੇਰੇ ਕੋਲ ਆ ਜਾਂਦੀ ਹੈ ਤੇ ਮੈਨੂੰ ਤੈਰਨਾ ਸਿਖਾਉਣ ਲਗਦੀ ਹੈ। ਜਦ ਵੀ ਮੇਰਾ ਜਿਸਮ
ਉਸ ਨਾਲ ਛੋਂਹਦਾ ਹੈ ਤਾਂ ਮੈਨੂੰ ਕੁਝ ਹੋਣ ਲਗਦਾ ਹੈ।
ਵਾਪਸ ਮੁੜਦਿਆਂ ਜੈਕਲੀਨ ਕਹਿਣ ਲਗਦੀ ਹੈ,
“ਸਿੰਘ, ਘਰ ਪੁੱਜਣ ਤੋਂ ਪਹਿਲਾਂ ਮੈਨੂੰ ਕਿਸੇ ਪੱਬ ਵਿਚ ਲੈ ਕੇ ਚੱਲ।”
ਮੈਂ ਉਸ ਵਲ ਦੇਖਣ ਲਗਦਾ ਹਾਂ। ਉਹ ਆਖਦੀ ਹੈ,
“ਅਠਾਰਾਂ ਦੀ ਹੋ ਗਈ ਆਂ!”
ਮੈਂ ਆਪਣੇ ਇਲਾਕੇ ਵਿਚ ਜਾ ਕੇ ਇਕ ਪੱਬ ਮੁਹਰੇ ਵੈਨ ਰੋਕਦਾ ਹਾਂ। ਮੈਂ ਆਪਣੇ ਲਈ ਬੀਅਰ ਤੇ
ਉਸ ਲਈ ਵਾਈਨ ਲੈਂਦਾ ਹਾਂ ਤੇ ਖਾਣ ਲਈ ਇਕ ਇਕ ਸੈਂਡਵਿਚ ਵੀ। ਜੈਕਲੀਨ ਅਜ ਦੇ ਸਾਰੇ
ਕਾਰਨਾਮਿਆਂ ਬਾਰੇ ਗੱਲਾਂ ਕਰਦੀ ਜਾ ਰਹੀ ਹੈ। ਉਹ ਆਪਣੇ ਦੋਸਤਾਂ ਬਾਰੇ, ਆਪਣੀ ਪੜ੍ਹਾਈ ਬਾਰੇ
ਵੀ ਗੱਲਾਂ ਕਰਦੀ ਹੈ। ਏ ਲੈਵਲ ਉਸ ਨੇ ਕਰ ਲਏ ਹੋਏ ਹਨ, ਹੁਣ ਉਹ ਇਕ ਸਾਲ ਬ੍ਰੇਕ ਕਰਕੇ ਫਿਰ
ਯੂਨੀਵਰਸਟੀ ਜਾਵੇਗੀ। ਬਹੁਤੇ ਵਿਦਿਆਰਥੀ ਇਵੇਂ ਕਰਿਆ ਕਰਦੇ ਹਨ। ਅਜਕਲ ਉਹ ਨੌਕਰੀ ਦੀ ਤਲਾਸ਼
ਵਿਚ ਹੈ। ਦੋ ਵਾਈਨ ਦੇ ਗਲਾਸ ਨਾਲ ਉਸ ਦੀ ਜੀਬ ਜ਼ਰਾ ਕੁ ਮੋਟੀ ਹੋਣ ਲਗਦੀ ਹੈ। ਉਹ ਕਹਿੰਦੀ
ਹੈ,
“ਸਿੰਘ, ਤੂੰ ਬਹੁਤ ਹੈਂਡਸਮ ਏਂ, ਮੈਂ ਤੈਨੂੰ ਬਹੁਤ ਪਸੰਦ ਕਰਦੀ ਹਾਂ।”
“ਜੈਕੀ, ਮੈਂ ਤੇਰੇ ਤੋਂ ਬਹੁਤ ਵੱਡੀ ਉਮਰ ਦਾਂ।”
“ਇਸੇ ਲਈ ਤਾਂ ਮੈਂ ਪਸੰਦ ਕਰਦੀ ਆਂ, ਮੈਨੂੰ ਆਪਣੇ ਪਿਓ ਤੋਂ ਕੋਈ ਪਿਆਰ ਨਹੀਂ ਮਿਲਿਆ। ਪਤਾ
ਨਹੀਂ ਕਿਥੇ ਦੌੜਾ ਫਿਰਦੈ!”
ਉਹ ਆਪਣੀ ਵਾਈਨ ਖਤਮ ਕਰ ਲੈਂਦੀ ਹੈ। ਮੈਂ ਨਹੀਂ ਚਾਹੁੰਦਾ ਕਿ ਉਹ ਹੋਰ ਪੀਵੇ। ਮੈਂ ਆਖਦਾ
ਹਾਂ,
“ਜੈਕੀ, ਚੱਲ ਹੁਣ ਆਪਾਂ ਚੱਲੀਏ।”
“ਸਿੰਘ, ਮੈਂ ਜਿ਼ਆਦਾ ਨਹੀਂ ਪੀਤੀ, ਏਨੀ ਕੁ ਤਾਂ ਮੈਂ ਆਪਣੀ ਮੰਮੀ ਨਾਲ ਪੀ ਲਿਆ ਕਰਦੀ ਆਂ,
ਮੇਰਾ ਤਾਂ ਬੱਸ ਪੱਬ ਵਿਚ ਬੈਠ ਕੇ ਪੀਣ ਨੂੰ ਦਿਲ ਕਰਦਾ ਸੀ!”
ਮੈਂ ਉਸ ਨੂੰ ਘਰ ਮੁਹਰੇ ਉਤਾਰ ਦਿੰਦਾ ਹਾਂ। ਉਹ ਮੇਰਾ ਹੱਥ ਫੜਦੀ ਆਖਦੀ ਹੈ,
“ਸਿੰਘ, ਮੇਰੇ ਘਰ ਵਾਈਨ ਵੀ ਹੈਗੀ ਏ ਤੇ ਬੀਅਰ ਤੇ ਵੋਦਕਾ ਵੀ, ਚੱਲ ਇਕ ਡਰਿੰਕ ਲੈ ਲੈ।”
“ਨਹੀਂ ਜੈਕੀ, ਮੇਰੇ ਤੋਂ ਹੋਰ ਨਹੀਂ ਪੀਤੀ ਜਾਏਗੀ, ਤੂੰ ਵੀ ਹੁਣ ਜਾ ਕੇ ਆਰਾਮ ਕਰ, ਥਕ ਗਈ
ਹੋਵੇਂਗੀ।”
ਉਹ ਕੁਝ ਬੋਲੇ ਬਿਨਾਂ ਮੇਰਾ ਹੱਥ ਫੜ ਕੇ ਖਿੱਚਣ ਲਗਦੀ ਹੈ ਤੇ ਲਗਾਤਾਰ ਮੇਰੇ ਵਲ ਦੇਖੀ ਜਾ
ਰਹੀ ਹੈ। ਉਸ ਦੀਆਂ ਹਰੀਆਂ ਅੱਖਾਂ ਵਿਚਲੇ ਲਾਲ ਡੋਰੇ ਮੈਨੂੰ ਸੱਦਣ ਲਗਦੇ ਹਨ। ਮੈਂ ਉਸ ਨਾਲ
ਤੁਰ ਪੈਂਦਾ ਹਾਂ। ਮੈਨੂੰ ਪਤਾ ਹੈ ਕਿ ਇਸ ਵੇਲੇ ਰੋਜ਼ਮਰੀ ਕੰਮ ਉਪਰ ਹੁੰਦੀ ਹੈ। ਮੈਂ ਆਪਣੇ
ਆਪ ਨੂੰ ਰੋਕਣਾ ਚਾਹੁੰਦਾ ਹਾਂ ਪਰ ਰੁਕ ਨਹੀਂ ਹੁੰਦਾ। ਘਰ ਪੁੱਜ ਕੇ ਉਹ ਓਰੇਂਜ ਜੂਸ ਪਾ ਕੇ
ਵੋਦਕੇ ਦੇ ਦੋ ਡਰਿੰਕ ਬਣਾਉਂਦੀ ਹੈ ਤੇ ਆਖਦੀ ਹੈ,
“ਸ਼ੈਕਲਟਨ ਹਾਲ ਵਿਚ ਹਰ ਸ਼ਨਿਚਰਵਾਰ ਡਿਸਕੋ ਲਗਦੀ ਏ, ਕਿਸੇ ਦਿਨ ਚੱਲੇਂਗਾ ਮੇਰੇ ਨਾਲ?”
“ਨਹੀਂ ਜੈਕੀ, ਮੈਨੂੰ ਡਾਂਸ ਕਰਨਾ ਨਹੀਂ ਆਉਂਦਾ।”
“ਇਹ ਤਾਂ ਬਹੁਤਾ ਹੀ ਸੌਖਾ ਕੰਮ ਏ, ਮੈਂ ਸਕੂਲ ਵਿਚ ਸਿਖਿਆ ਸੀ, ਸਾਲਸਾ ਡਾਂਸ ਵਿਚ ਜ਼ਰਾ
ਨੱਠ ਭੱਜ ਜਿ਼ਆਦਾ ਹੁੰਦੀ ਏ ਪਰ ਬਾਲ ਡਾਂਸ ਸੌਖਾ ਹੁੰਦਾ ਏ, ਸਿਰਫ ਚਾਰ ਸਟੈੱਪ।”
ਉਹ ਮੈਨੂੰ ਸਟੈੱਪ ਕਰ ਕੇ ਦਿਖਾਉਣ ਲਗਦੀ ਹੈ ਤੇ ਨਾਲ ਦੀ ਨਾਲ ਆਖਦੀ ਜਾਂਦੀ ਹੈ,
“ਮੇਰੇ ਵਲ ਦੇਖ, ਇਕ ਦੋ ਤਿੰਨ ਚਾਰ, ਫਿਰ ਚਾਰ ਤਿੰਨ ਦੋ ਇਕ, ਇਸ ਡਾਂਸ ਦੀ ਇਕ ਗੱਲ ਖਾਸ ਏ
ਕਿ ਜੋੜੇ ਨੂੰ ਇਕ ਦੂਜੇ ਦੀਆਂ ਅੱਖਾਂ ਵਿਚ ਦੇਖਣਾ ਪੈਂਦਾ ਏ, ਰੁਮਾਂਟਿਕ ਡਾਂਸ ਜਿਉਂ ਹੋਇਆ!
...ਤੂੰ ਮੇਰੇ ਨਾਲ ਚੱਲੇਂਗਾ ਤਾਂ ਮੈਂ ਸਿਖਾ ਦੇਵਾਂਗੀ।”
ਉਹ ਚਾਮਲੀ ਪਈ ਹੈ। ਮੈਨੂੰ ਬਹੁਤ ਚੰਗੀ ਲਗ ਰਹੀ ਹੈ। ਮੈਂ ਐਡਵੀਨਾ ਤੇ ਐਨੀਆਂ ਨਾਲ ਡਿਸਕੋ
‘ਤੇ ਆਮ ਜਾਂਦਾ ਰਿਹਾ ਹਾਂ। ਏਨਾ ਕੁ ਡਾਂਸ ਮੈਨੂੰ ਕਰਨਾ ਆਉਂਦਾ ਹੀ ਹੈ। ਪਹਿਲਾਂ ਵਾਲੇ
ਹਾਲਾਤ ਹੁੰਦੇ ਤਾਂ ਮੈਂ ਉਸ ਦੀ ਇਹ ਪੇਸ਼ਕਸ਼ ਝੱਟ ਮਨਜ਼ੂਰ ਕਰ ਲੈਂਦਾ ਪਰ ਹੁਣ ਮੈਂ ਇਕ ਪਤੀ
ਹਾਂ ਤੇ ਇਕ ਪਿਤਾ ਵੀ। ਜੈਕਲੀਨ ਮੇਰੇ ਸਾਹਮਣੇ ਖੜਦੀ , ਦੋਵੇਂ ਬਾਹਾਂ ਖੋਹਲਦੀ ਆਖਦੀ ਹੈ,
“ਤੂੰ ਅਜ ਦੇਖਿਆ ਈ ਐ ਮੈਨੂੰ, ਮੈਂ ਪੂਰੀ ਜਵਾਨ ਆਂ, ਬਾਲਗ ਆਂ, ਹੁਣ ਮੈਂ ਤੇਰੇ ਨਾਲ ਸੌਂ
ਵੀ ਸਕਦੀ ਆਂ।”
ਗੱਲ ਕਰਦੀ ਉਹ ਮੇਰਾ ਹੱਥ ਫੜ ਲੈਂਦੀ ਹੈ। ਮੈਂ ਉਸ ਵਲ ਦੇਖਦਾ ਹਾਂ ਤੇ ਉਸ ਨੂੰ ਬਾਹਾਂ ਵਿਚ
ਘੁੱਟ ਲੈਂਦਾ ਹਾਂ।...
ਮੈਂ ਜੈਕਲੀਨ ਕੋਲੋਂ ਵਾਪਸ ਮੁੜਦਾ ਮੈਂ ਇਕ ਨਵੇਂ ਚਾਅ ਵਿਚ ਹਾਂ। ਇਵੇਂ ਜਾਪ ਰਿਹਾ ਹੈ ਜਿਵੇਂ
ਗੁਆਚਿਆ ਹੋਇਆ ਕੁਝ ਮਿਲ ਗਿਆ ਹੋਵੇ। ਹੌਲੀ ਹੌਲੀ ਮੈਂ ਸੋਚਣ ਲਗਦਾ ਹਾਂ ਕਿ ਮਸਾਂ ਤਾਂ ਔਰਤਾਂ
ਦੇ ਚੱਕਰ ਵਿਚੋਂ ਬਾਹਰ ਨਿਕਲ ਕੇ ਵਧੀਆ ਗ੍ਰਿਸਥ ਜੀਵਨ ਬਤੀਤ ਕਰਨ ਲਗਿਆ ਹਾਂ। ਮੈਂ ਆਪਣੇ ਘਰ
ਵਿਚ ਬਹੁਤ ਖੁਸ਼ ਹਾਂ। ਜੈਕਲੀਨ ਤਾਂ ਮੇਰੇ ਸ਼ਾਂਤ ਜੀਵਨ ਵਿਚ ਖਲਲ ਪਾ ਦੇਵੇਗੀ। ਮੈਂ ਸੋਚਦਾ
ਹਾਂ ਕਿ ਮੈਨੂੰ ਜੈਕਲੀਨ ਤੋਂ ਦੂਰ ਰਹਿਣਾ ਚਾਹੀਦਾ ਹੈ।
ਇਕ ਦਿਨ ਦੁਪਿਹਰੇ ਮੇਰੇ ਘਰ ਦੀ ਡੋਰ ਬੈੱਲ ਹੁੰਦੀ ਹੈ। ਜੈਕਲੀਨ ਬਾਹਰ ਖੜੀ ਹੈ। ਪਹਿਲਾਂ
ਤਾਂ ਮੇਰਾ ਦਿਲ ਕਰਦਾ ਹੈ ਕਿ ਦਰਵਾਜ਼ਾ ਹੀ ਨਾ ਖੋਹਲਾਂ ਪਰ ਫਿਰ ਸੋਚਦਾ ਹਾਂ ਕਿ ਉਸ ਨੂੰ
ਕੋਈ ਮੁਸੀਬਤ ਹੀ ਨਾ ਹੋਵੇ। ਮੈਂ ਦਰਵਾਜ਼ਾ ਖੋਹਲਦਾ ਹਾਂ। ਉਹ ਪੁੱਛਦੀ ਹੈ,
“ਮੈਂ ਅੰਦਰ ਆ ਸਕਦੀ ਆਂ?”
ਮੈਂ ਇਕ ਪਾਸੇ ਹਟ ਜਾਂਦਾ ਹਾਂ। ਉਹ ਅੰਦਰ ਲੰਘ ਆਉਂਦੀ ਹੈ ਤੇ ਆਖਣ ਲਗਦੀ ਹੈ,
“ਮੈਂ ਤੇਰੀ ਵੈਨ ਤੋਂ ਅੰਦਾਜਾ਼ ਲਾਇਆ ਕਿ ਤੂੰ ਘਰ ਹੀ ਹੋਵੇਂਗਾ, ਮਿਸਜ਼ ਸਿੰਘ ਕੰਮ ਤੇ
ਵੇ?”
“ਹਾਂ, ਓਹ ਕੰਮ ਤੇ...।”
“ਫੇਰ ਤਾਂ ਮੇਰਾ ਆਉਣਾ ਸਫਲ ਏ।”
“ਨਹੀਂ ਜੈਕੀ, ਆਪਾਂ ਨੂੰ ਹੱਦ ਵਿਚ ਰਹਿਣਾ ਚਾਹੀਦਾ, ਓਸ ਦਿਨ ਵੀ ਬਹੁਤ ਵੱਡੀ ਗਲਤੀ ਹੋ ਗਈ।”
“ਕੋਈ ਗਲਤੀ ਨਹੀਂ ਸਿੰਘ, ਮੈਂ ਤੈਨੂੰ ਬਹੁਤ ਪਿਆਰ ਕਰਨ ਲਗੀ ਆਂ, ਮੈਨੂੰ ਪਤਾ ਏ ਕਿ ਤੂੰ
ਬੱਚਿਆਂ ਵਾਲਾ ਏਂ, ਮੇਰੇ ਤੋਂ ਉਮਰ ਵਿਚ ਵੀ ਬਹੁਤ ਵੱਡਾ ਏਂ ਪਰ ਮੈਂ ਤੈਨੂੰ ਤਹਿ ਦਿਲ ਤੋਂ
ਪਿਆਰ ਕਰਦੀ ਆਂ।”
ਆਖਦੀ ਹੋਈ ਉਹ ਮੇਰੇ ਨੇੜੇ ਆਉਣ ਲਗਦੀ ਹੈ। ਕੁਝ ਦੇਰ ਤਕ ਤਾਂ ਮੈਂ ਆਪਣੇ ਆਪ ਨੂੰ ਰੋਕਦਾ
ਹਾਂ ਪਰ ਬਹੁਤ ਦੇਰ ਤਕ ਨਹੀਂ ਖੁਦ ਨੂੰ ਸਾਂਭਿਆ ਜਾਂਦਾ।
ਜੈਕਲੀਨ ਚਲੇ ਜਾਂਦੀ ਹੈ ਪਰ ਮੈਂ ਸੋਚਾਂ ਵਿਚ ਪੈ ਜਾਂਦਾ ਹਾਂ। ਸੋਚਦਿਆਂ ਸੋਚਦਿਆਂ ਮੇਰੇ
ਅੰਦਰ ਇਕ ਤਾਰ ਜਿਹੀ ਫਿਰਨ ਲਗਦੀ ਹੈ। ਜੇ ਮੇਰੀ ਪਤਨੀ ਨੂੰ ਪਤਾ ਚਲੇਗਾ, ਰੋਜ਼ਮਰੀ ਨੂੰ ਤਕ
ਗੱਲ ਪੁੱਜੇਗੀ ਤਾਂ ਕੀ ਬਣੇਗਾ! ਮੇਰੀ ਇੱਜ਼ਤ ਦਾ ਕੀ ਰਹਿ ਜਾਵੇਗਾ! ਮੈਂ ਇਕ ਵਾਰ ਫਿਰ ਖੁਦ
ਨਾਲ ਵਾਅਦਾ ਕਰਦਾ ਹਾਂ ਕਿ ਮੁੜ ਕੇ ਜੈਕਲੀਨ ਵਲ ਉਲਾਰ ਨਹੀਂ ਹੋਵਾਂਗਾ।
ਅਗਲੀ ਸ਼ਾਮ ਰੋਜ਼ਮਰੀ ਮਿਲਦੀ ਹੈ। ਉਸ ਦੇ ਚਿਹਰੇ ਤੇ ਹਲਕੀ ਜਿਹੀ ਉਦਾਸੀ ਹੈ। ਉਸ ਦੀਆਂ ਅੱਖਾਂ
ਵੀ ਜਿਵੇਂ ਬਦਲੀਆਂ ਹੋਈਆਂ ਹੋਣ। ਮੈਂ ਡਰ ਜਾਂਦਾ ਹਾਂ ਕਿ ਸ਼ਾਇਦ ਉਸ ਨੂੰ ਪਤਾ ਚੱਲ ਗਿਆ
ਹੈ। ਮੈਂ ਉਸ ਨੂੰ ਹੈਲੋ ਕਹਿੰਦਾ ਹਾਂ, ੳਹ ਮੱਧਮ ਜਿਹਾ ਜਵਾਬ ਦੇ ਕੇ ਲੰਘ ਜਾਂਦੀ ਹੈ। ਮੇਰਾ
ਮਨ ਘਬਰਾਉਣ ਲਗਦਾ ਹੈ।
ਹੁਣ ਮੈਂ ਰੋਜ਼ਮਰੀ ਤੋਂ ਅੱਖ ਚੁਰਾਉਣ ਲਗਦਾ ਹਾਂ। ਉਹ ਵੀ ਪਹਿਲਾਂ ਵਾਂਗ ਗੱਲਾਂ ਨਹੀਂ ਕਰਦੀ।
ਜੇ ਮਿਲ ਵੀ ਪਵੇ ਤਾਂ ਕੁਝ ਘੁੱਟੀ ਘੁੱਟੀ ਰਹਿੰਦੀ ਹੈ। ਮੈਂ ਉਸ ਤੋਂ ਬਚਣ ਦੀ ਕੋਸਿ਼ਸ਼ ਕਰਦਾ
ਰਹਿੰਦਾ ਹਾਂ।
ਮੈਂ ਜੈਕਲੀਨ ਨੂੰ ਮਿਲਣ ਤੋਂ ਵੀ ਬਚਦਾ ਫਿਰਦਾ ਹਾਂ। ਪਾਰਕ ਵੀ ਨਹੀਂ ਜਾਂਦਾ ਕਿ ਕਿਧਰੇ
ਜੈਕਲੀਨ ਹੀ ਨਾ ਮਿਲ ਪਵੇ। ਕੰਮ ਉਪਰ ਗਿਆ ਯਤਨ ਕਰਦਾ ਹਾਂ ਕਿ ਅਜਿਹੇ ਸਮੇਂ ਘਰ ਪੁੱਜਾਂ ਕਿ
ਪਤਨੀ ਵੀ ਕੰਮ ਤੋਂ ਮੁੜ ਆਈ ਹੋਵੇ। ਮੈਂ ਅਜੀਬ ਜਿਹੀ ਸਥਿਤੀ ਵਿਚ ਫਸ ਜਾਂਦਾ ਹਾਂ। ਇਵੇਂ
ਮੇਰੇ ਨਾਲ ਪਹਿਲਾਂ ਕਦੇ ਨਹੀਂ ਹੋਇਆ।...
ਛੁੱਟੀ ਦਾ ਦਿਨ ਹੈ। ਮੈਂ ਗਾਰਡਨ ਵਿਚ ਬੱਚਿਆਂ ਨਾਲ ਖੇਡ ਰਿਹਾ ਹਾਂ। ਜੈਕਲੀਨ ਮੈਨੂੰ ਦੇਖ
ਕੇ ਬਾਹਰ ਆ ਜਾਂਦੀ ਹੈ ਤੇ ਮੈਨੂੰ ਆਖਦੀ ਹੈ,
“ਸਿੰਘ, ਮੈਂ ਤੈਨੂੰ ਮਿਲਣਾ ਏਂ ਬਹੁਤ ਜ਼ਰੂਰੀ ਕੰਮ ਏਂ।”
“ਜੈਕੀ, ਆਪਾਂ ਨੂੰ ਹੁਣ ਇਹ ਗੇਮ ਬੰਦ ਕਰ ਦੇਣੀ ਚਾਹੀਦੀ ਏ।”
“ਅਸੀਂ ਕੀ ਬੁਰਾ ਕਰ ਰਹੇ ਆਂ! ਆਖਰ ਅਸੀਂ ਇਕ ਦੂਜੇ ਨੂੰ ਪਿਆਰ ਕਰਦੇ ਆਂ!”
“ਇਹ ਪਿਆਰ ਨਹੀਂ, ਹਵਸ ਏ, ਤੂੰ ਕੋਈ ਹਾਣ ਦਾ ਮੁੰਡਾ ਲੱਭ ਤੇ ਦੋਸਤ ਬਣਾ ਲੈ।”
“ਸਿੰਘ, ਮੈਂ ਤੈਨੂੰ ਚਾਹੁੰਦੀ ਆਂ।”
“ਦੇਖ ਜੈਕੀ, ਤੂੰ ਬਹੁਤ ਚੰਗੀ ਕੁੜੀ ਏਂ ਪਰ ਮੈਂ ਤੇਰੇ ਨਾਲ ਹੋਰ ਅਗੇ ਨਹੀਂ ਤੁਰ ਸਕਦਾ,
ਦੇਖ ਮੇਰਾ ਘਰ, ਮੇਰੇ ਬੱਚੇ!”
“ਸਿੰਘ, ਮੈਂ ਸਭ ਸਮਝਦੀ ਆਂ, ਤੂੰ ਇਕ ਵਾਰ ਮਿਲ ਤਾਂ ਸਹੀ, ਮੇਰੇ ਨਾਲ ਖੁਲ੍ਹ ਕੇ ਗੱਲਾਂ
ਤਾਂ ਕਰ, ਤੈਨੂੰ ਪਤਾ ਚੱਲ ਜਾਵੇਗਾ ਕਿ ਮੈਂ ਤੈਨੂੰ ਕਿੰਨਾ ਚਾਹੁੰਨੀ ਆਂ।”
ਜਦ ਤਕ ਮੇਰੀ ਪਤਨੀ ਬਾਹਰ ਆ ਜਾਂਦੀ। ਜੈਕਲੀਨ ਪੈਰ ਮਲ਼ਦੀ ਤੁਰ ਪੈਂਦੀ ਹੈ।...
ਮੈਂ ਵੈਸਟ ਰੋਡ ਤੋਂ ਮੇਨ ਰੋਡ ਵਲ ਮੁੜਦਾ ਹਾਂ ਤਾਂ ਸਾਹਮਣੇ ਜੈਕਲੀਨ ਆਉਂਦੀ ਦਿਸ ਪੈਂਦੀ
ਹੈ। ਉਹ ਮੈਨੂੰ ਹੱਥ ਦਿੰਦੀ ਹੈ। ਮੈਂ ਵੈਨ ਰੋਕ ਲੈਂਦਾ ਹਾਂ। ਉਹ ਦਰਵਾਜ਼ਾ ਖੋਹਲ ਕੇ ਵੈਨ
ਵਿਚ ਆ ਬੈਠਦੀ ਹੈ ਤੇ ਕਹਿਣ ਲਗਦੀ ਹੈ,
“ਮੈਂ ਤੇਰੀ ਵੈਨ ਨੂੰ ਦੂਰੋਂ ਹੀ ਪੱਛਾਣ ਲਿਆ ਸੀ, ਮੇਰਾ ਦਿਲ ਕਰਦਾ ਸੀ ਤੇਰੇ ਨਾਲ ਗੱਲਾਂ
ਕਰਨੇ ਨੂੰ।”
“ਜੈਕਲੀਨ, ਜੇ ਕਿਸੇ ਨੇ ਤੈਨੂੰ ਮੇਰੇ ਨਾਲ ਵੈਨ ਵਿਚ ਬੈਠੇ ਦੇਖ ਲਿਆ ਤਾਂ ਕੀ ਸੋਚੇਗਾ?”
“ਮੈਨੂੰ ਕੋਈ ਪ੍ਰਵਾਹ ਨਹੀਂ, ਮੈਂ ਤਾਂ ਤੇਰੇ ਨਾਲ ਕੁਝ ਗੱਲਾਂ ਕਰਨ ਕਰਕੇ ਹੀ ਬੈਠੀ ਆਂ।”
“ਮੈਂ ਦੱਖਣੀ ਲੰਡਨ ਜਾ ਰਿਹਾਂ, ਚੱਲੇਂਗੀ ਮੇਰੇ ਨਾਲ? ਘੰਟੇ ਕੁ ਦਾ ਕੰਮ ਏਂ।”
“ਕਿਉਂ ਨਹੀਂ, ਟਰੈਵਲਰ ਦੀ ਧੀ ਹਾਂ, ਮੈਨੂੰ ਘੁੰਮਣਾ ਚੰਗਾ ਨਹੀਂ ਲਗੇਗਾ ਤਾਂ ਹੋਰ ਕੀ ਚੰਗਾ
ਲਗੇਗਾ!”
ਉਹ ਠੀਕ ਹੋ ਬੈਠਦੀ ਕਹਿੰਦੀ ਹੈ। ਮੈਂ ਗੈਸ ਪੈਡਲ ‘ਤੇ ਜ਼ੋਰ ਪਾਉਂਦਾ ਬੋਲਦਾ ਹਾਂ,
“ਦੱਸ ਜੈਕੀ, ਤੂੰ ਕੀ ਕਹਿਣਾ ਚਾਹੁੰਨੀ ਏਂ।”
“ਮੈਂ ਤਾਂ ਸਿਰਫ ਇਹ ਕਹਿਣਾ ਏਂ ਕਿ ਤੂੰ ਮੇਰੇ ਤੋਂ ਦੂਰ ਕਿਉਂ ਭੱਜ ਰਿਹਾ ਏਂ, ਮੈਂ ਕੋਈ
ਖਤਰਨਾਕ ਕੁੜੀ ਨਹੀਂ ਆਂ। ਮੈਂ ਤਾਂ ਬਹੁਤ ਹੀ ਸਾਦੀ ਜਿਹੀ ਆਂ।”
“ਮੈਂ ਤੇਰੇ ਤੋਂ ਦੂਰ ਏਸ ਲਈ ਨਹੀਂ ਭੱਜ ਰਿਹਾ ਕਿ ਮੈਂ ਤੈਨੂੰ ਪਸੰਦ ਨਹੀਂ ਕਰਦਾ, ਤੂੰ ਤੇ
ਵਾਕਿਆ ਹੀ ਬਹੁਤ ਚੰਗੀ ਕੁੜੀ ਏਂ। ...ਮੈਂ ਦੂਰ ਏਸ ਕਰਕੇ ਭੱਜ ਰਿਹਾਂ ਕਿ ਮੈਂ ਆਪਣੀ ਮੈਰੀਡ
ਲਾਈਫ ਬਚਾ ਕੇ ਰੱਖਣੀ ਚਾਹੁੰਦਾ ਹਾਂ, ਪਹਿਲਾਂ ਵੀ ਮੇਰਾ ਇਕ ਵਾਰ ਤਲਾਕ ਹੋ ਚੁੱਕਿਆ ਏ, ਮੈਂ
ਦੁਬਾਰਾ ਏਸ ਮੁਸੀਬਤ ਵਿਚ ਨਹੀਂ ਪੈਣਾ ਚਾਹੁੰਦਾ।”
“ਸਿੰਘ, ਮੈਂ ਸਮਝਦੀ ਆਂ ਕਿ ਮੈਰੀਡ ਲਾਈਫ ਕਿੰਨੀ ਇੰਪੌਰਟੈਂਟ ਹੁੰਦੀ ਏ, ਮੈਂ ਆਪਣੀ ਮੰਮੀ
ਦੀ ਇਕੱਲਤਾ ਦੇਖੀ ਏ ਪਰ ਮੈਂ ਤਾਂ ਤੇਰਾ ਥੋੜਾ ਜਿਹਾ ਵਕਤ ਹੀ ਚਾਹੁੰਦੀ ਆਂ।”
ਮੈਂ ਕੁਝ ਸਮਾਨ ਡਿਲਿਵਰ ਕਰਨਾ ਹੈ। ਜੈਕਲੀਨ ਮੇਰੀ ਪੂਰੀ ਮੱਦਦ ਕਰਾਉਂਦੀ ਹੈ। ਵਾਪਸ ਮੁੜਦਿਆਂ
ਪੁੱਛਦੀ ਹੈ,
“ਇੰਡੀਆ ਬਹੁਤ ਵੱਡਾ ਮੁਲਕ ਐ?”
-0-
|