ਆਮ ਕਿਹਾ ਜਾਂਦਾ ਹੈ ਕਿ
ਕੈਨੇਡਾ ਵਿਚ ਤਿੰਨ ਵਾਇਆਂ ਵਾਲੇ ਅੰਗਰੇਜੀ ਅੱਖਰ ਵੈਦਰ( ਮੌਸਮ), ਵਿਮਿਨ (ਔਰਤ) ਅਤੇ ਵਰਕ (
ਕੰਮ ਜਾਂ ਨੌਕਰੀ) ਨੂੰ ਕਦੇ ਵੀ ਪੱਕੀ ਨਾ ਸਮਝੋ। ਕੈਨੇਡਾ ਵਿਚ ਹਰ ਨਵੇਂ ਆਏ ਬੰਦੇ ਨੂੰ ਸਭ
ਤੋਂ ਪਹਿਲਾਂ ਇਸ ਲਤੀਫੇ ਨਾਲ ਸਾਹਮਣਾ ਪੈਂਦਾ ਹੈ ਅਤੇ ਫਿਰ ਇਸ ਲਤੀਫੇ ਦੀ ਅਸਲੀਅੱਤ ਨਾਲ।
ਪਹਿਲੀ ਅਤੇ ਆਖਰੀ ਚੀਜ਼ ਦੀ ਅਸਲੀਅੱਤ ਨਾਲ ਤਾਂ ਮੇਰਾ ਵਾਸਤਾ ਪੈ ਚੁੱਕਾ ਹੈ ਅਤੇ ਦੂਜੀ ਚੀਜ਼
ਮੇਰੇ ਲਈ ਦੂਜੀ ਹੀ ਰਹੀ ਹੈ।
ਕੈਨੇਡਾ ਦੇ ਮੌਸਮ ਨੂੰ ਇਥੋਂ ਦੇ ਹਰ ਕੈਨੇਡਾਵਾਸੀ ਨੂੰ ਪੂਰੀ ਤਰ੍ਹਾਂ ਸਮਝਾਣ ਲਈ ਕਰੋੜਾਂ
ਡਾਲਰ ਖਰਚ ਕੀਤੇ ਜਾਂਦੇ ਹਨ ਅਤੇ ਹਜ਼ਾਰਾਂ ਬੰਦੇ ਦਿਨ ਰਾਤ ਇਸ ਕੰਮ ਵਿਚ ਲਗੇ ਹੋਏ ਹਨ। ਕਈ
ਟੀਵੀ ਅਤੇ ਰੇਡੀਓ ਚੈਨਲ ਤਾਂ ਹਰ ਪੰਜਾਂ ਮਿੰਟਾ ਬਾਅਦ ਮੌਸਮ ਦੀ ਖਬਰ ਬਰਾਡਕਾਸਟ ਕਰਦੇ ਹਨ।
ਜੇਕਰ ਇਥੇ ਮੌਸਮ ਭਾਰਤ ਵਾਂਗ ਕਈ ਕਈ ਮਹੀਨੇ ਇਕੋ ਜਿਹਾ ਰਹਿੰਦਾ ਤਾਂ ਕਈ ਮੌਸਮੀ ਟੀਵੀ ਅਤੇ
ਰੇਡੀਓ ਚੈਨਲ ਬੰਦ ਹੋ ਜਾਣੇ ਸਨ ਅਤੇ ਹ਼ਜਾਰਾਂ ਬੰਦਿਆਂ ਦੀ ਨੌਕਰੀ ਜਾਂਦੀ ਲਗਣੀ ਸੀ।
“ਅੱਜ ਦਿਨ ਦਾ ਵੱਧ ਤੋਂ ਵੱਧ ਟੈਂਪਰੇਚਰ 39 ਦਰਜੇ ਸੈਂਟੀਗਰੇਟ ਹੈ ਅਤੇ ਘੱਟ ਤੋਂ ਘੱਟ 30
ਸੈਂਟੀਗਰੇਟ, ਹਵਾ ਦੀ ਗਤੀ 20 ਕਿਲੋਮੀਟਰ ਹੈ ਅਤੇ ਨਮੀ ਵੀ 20% , ਕੋਈ ਬੱਦਲ ਨਹੀਂ ਅਤੇ
ਬਾਰਸ ਹੋਣ ਦੀ ਕੋਈ ਆਸ ਨਹੀਂ” ਮੌਸਮ ਦੀ ਇਸੇ ਖਬਰ ਨੂੰ ਜੇਕਰ ਹਰ 5 ਮਿਟਾਂ ਬਾਅਦ, ਸੱਠ
ਰੇਡੀਓ ਅਤੇ ਟੀਵੀ ਚੈਨਲ, 60 ਦਿਨ ਲਗਾਤਾਰ ਦਿੰਦੇ ਰਹਿਣ ਤਾਂ ਤੁਹਾਡੇ ਵਿਚੋਂ ਬਹੁਤੇ ਇਹਨਾਂ
ਸਾਰਿਆਂ ਰੇਡੀਓ ਜਾ ਟੀਵੀ ਚੈਨਲਾਂ ਨੂੰ ਅੱਗ ਲਾਉਣ ਜਾਂ ਘਟੋ ਘੱਟ ਆਪਣੇ ਟੀਵੀ ਸੈੱਟਾਂ ਨੂੰ
ਭੰਨਣ ਤੀਕ ਜਾਣਗੇ। ਭਾਵੇਂ ਟੀਵੀ ਵਾਲੇ ਅਜੇਹੀਆਂ ਵਾਰ ਵਾਰ ਦੁਹਰਾਈਆਂ ਜਾਣ ਵਾਲੀਆਂ ਖਬਰਾਂ
ਪੜਣ ਲਈ ਜਿੰਨੀਆਂ ਵੀ ਮਰਜੀ ਸੁਹਣੀਆਂ ਕੁੜੀਆਂ ਰਖ ਲੈਣ ਜਿਹੜੀਆਂ ਹਰ ਪੰਜਾਂ ਮਿੰਟਾਂ ਬਾਅਦ
ਉਸੇ ਖਬਰ ਨੂੰ ਨਵਾਂ ਲਿਬਾਸ ਪਹਿਨ ਕੇ ਪੜਦੀਆਂ ਹੋਣ ਫਿਰ ਵੀ ਕਿਸੇ ਇੱਕੇ ਚੀਜ਼ ਨੂੰ ਵਾਰ
ਵਾਰ ਸੁਨਣ ਅਤੇ ਬਰਦਾਸ਼ਤ ਕਰਨ ਦੀ ਵੀ ਤੇ ਆਖ਼ਰ ਕੋਈ ਹੱਦ ਹੁੰਦੀ ਆ। ਇਸ ਉਪਰੋਂ ਜੇਕਰ
ਕੈਨੇਡਾ ਵਿਚ ਭਾਰਤ ਵਰਗਾ ਬੱਦਲ, ਵਰਖਾ ਅਤੇ ਬਰਫ਼ ਤੋਂ ਸੱਖਣਾ ਕੋਲੇ ਵਾਂਗ ਭੱਖ਼ਦਾ ਸੂਰਜ
ਵਾਲਾ ਆਸਮਾਨ ਹੋਵੇ ਤਾਂ ਇਸਦੀ ਕਿਤਨੀ ਕੁ ਸੋਹਣੀ ਤਸਵੀਰ ਬਣਾਈ ਜਾ ਸਕਦੀ ਹੈ ਕਿ ਤੁਸੀਂ ਇਸ
ਨੂੰ ਹਰ ਪੰਜ ਮਿੰਟ ਬਾਅਦ ਦੋ ਮਹੀਨੇ ਤੀਕ ਲਗਾਤਾਰ ਦਿਖਾ ਸਕੋ। ਪਰ ਭਾਰਤ ਮੌਸਮ ਬਾਰੇ ਇਹ
ਗੱਲ ਕੈਨੇਡਾ ਉੱਤੇ ਜ਼ਰਾ ਨਹੀਂ ਢੁਕਦੀ।
ਜਿੱਥੇ ਭਾਰਤ ਵਿਚ ਤਿੰਨ ਤਿੰਨ ਮਹੀਨੇ ਉਹੀ ਮੌਸਮ ਰਹਿੰਦਾ ਹੈ, ਲਗਭਗ ਉਹੀ ਟੈਂਪਰੇਚਰ ਅਤੇ
ਉਹੀ ਹੁੰਮਸ ਉੱਥੇ ਕੈਨੇਡਾ ਵਿਚ ਇਕੇ ਦਿਨ ਵਿਚ ਤਿੰਨ ਤਿੰਨ ਮੌਸਮ ਬਦਲਦੇ ਵੇਖੇ ਜਾ ਸਕਦੇ ਹਨ।
ਅਜੇ ਕੁਝ ਦਿਨ ਪਹਿਲਾਂ ਦੀ ਗਲ ਹੈ ਕਿ ਸਵੇਰੇ ਜਦ ਮੈਂ ਬੇਸਮੈਂਟ ਦੀ ਖਿੜਕੀ ਤੋਂ ਬਾਹਰ
ਝਾਕਿਆ ਤਾਂ ਵੇਖਿਆ ਕਿ ਧੀਮੀ ਜਿਹੀ ਬਰਫ ਪੈ ਰਹੀ ਹੈ। ਚਾਹ ਅਤੇ ਰੋਟੀ ਖਾ ਕੇ ਦਫਤਰ ਲਈ
ਤਿਆਰ ਹੋ ਕੇ ਬਾਹਰ ਨਿਕਲਿਆਂ ਤਾਂ ਸਖ਼ਤ ਧੁੱਪ ਸੀ ਅਤੇ ਇਸ ਤਰ੍ਹਾਂ ਲਗਦਾ ਸੀ ਕਿ ਇਤਨੀ
ਚਿਲਕਦੀ ਧੁੱਪ ਵਿਚ ਗਲੀਆਂ ਅਤੇ ਸੜਕਾਂ ਦੇ ਆਸ ਪਾਸ ਪਈ ਬਰਫ ਤਾਂ ਕੀ ਲੋਹਾ ਵੀ ਪਿਘਲ ਜਾਵੇਗਾ।
ਘਰ ਦਾ ਬੂਹਾ ਬੰਦ ਕਰਕੇ ਖੁੱ਼ਲੀ ਹਵਾ ਵਿਚ ਪੈਰ ਪਾਉਣ ਦੀ ਦੇਰ ਹੀ ਸੀ ਕਿ ਅੰਤ ਦੀ ਸਰਦੀ ਨੇ
ਹੱਥ ਸੁੰਨ ਕਰ ਦਿੱਤੇ। ਮੈਂ ਤਾਂ ਦਸਤਾਨੇ ਵੀ ਅੰਦਰ ਹੀ ਛੱਡ ਆਇਆਂ ਸਾਂ ਕਿ ਇਹਨਾਂ ਦੀ
ਜ਼ਰੂਰਤ ਨਹੀਂ ਪਵੇਗੀ ਪਰ ਇੱਥੇ ਤਾਂ...। ਇਸੇ ਤਰ੍ਹਾਂ ਸ਼ਾਮ ਨੂੰ ਦਫਤਰੋਂ ਬਾਹਰ ਨਿਕਦਿਆਂ
ਹੀ ਵੇਖਿਆ ਕਿ ਜ਼ੋਰ ਦਾ ਮੀਂਹ ਪੈ ਰਿਹਾ ਹੈ ਅਤੇ ਹਨੇਰੀ ਵੀ ਚੱਲ ਰਹੀ ਹੈ। ਬੱਸ ਵਿਚ
ਬੈਠਦਿਆਂ ਸਾਰ ਫਿਰ ਅਸਤ ਹੋ ਰਹੇ ਸੂਰਜ ਦੀ ਰੌਸ਼ਨੀ ਕਹਿ ਰਹੀ ਸੀ ਮੇਰੇ ਵੱਲ ਜ਼ਰਾ ਅੱਖ
ਪੁੱਟ ਕੇ ਵੇਖੋ ਤਾਂ ਸਹੀ।
ਕੈਨੇਡਾ ਵਿਚ ਇਸੇ ਲਈ ਲੋਕ ਧੁੱਪ ਅਤੇ ਬਾਰਸ਼ ਤੋਂ ਬਚਣ ਲਈ ਛੱਤਰੀ ਅਤੇ ਐਨਕਾਂ, ਠੰਢ ਤੋਂ
ਬਚਣ ਲਈ ਓਵਰਕੋਟ ਅਤੇ ਗਰਮੀ ਤੋਂ ਬਚਣ ਲਈ ਹੇਠਾਂ ਪਹਿਨੀ ਅੱਧੀਆਂ ਬਾਹਾਂ ਵਾਲੀ ਕਮੀਜ਼ ਲੈ
ਕੇ ਚਲਦੇ ਹਨ। ਹੁਣ ਜਦ ਦਾ ਜਲਵਾਯੂ ਪ੍ਰੀਵਰਤਣ ਦਾ ਚੱਕਰ ਚਲਿਆ ਹੈ ਤਦ ਤੋਂ ਕਈ ਸ਼ੁਕੀਨ ਲੋਕ
ਜਦ ਤਫ਼ਰੀਹ ਲਈ ਬਾਹਰ ਨਿਕਲਦੇ ਹਨ ਤਾਂ ਆਪਣੀ ਇਕ ਕਾਰ ਮੂਹਰੇ ਬਰਫ਼ ਹਟਾਉਣ ਵਾਲਾ ਜੰਤਰ ਲਾ
ਕੇ ਰਖਦੇ ਹਨ ਅਤੇ ਪਿੱਛਲੇ ਪਾਸੇ ਬੇੜੀ ਵਾਲਾ ਟਰੇਲਰ। ਘਰੋਂ ਗਰਮੀ ਦੇ ਮਾਰੇ ਖਾਣ ਲਈ ਕੁਲਫੀ
ਜਾਂਦੇ ਹਨ ਅਤੇ ਅਚਾਨਕ ਹੀ ਸ਼ੁਰੂ ਹੋ ਗਈ ਬਰਫ ਦੇ ਮੱਦੇਨਜ਼ਰ ਜਾ ਬੈਠਦੇ ਹਨ ਗਰਮੋਂ ਗਰਮ
ਕਾਫੀ ਪੀਣ ਟਿੰਮ ਹੌਰਟਨ ਵਿਚ। ਫੈਸਲਾ ਕੀਤਾ ਹੁੰਦਾ ਹੈ ਕਿ ਝੀਲ ਕੰਢੇ ਬੈਠਾਂਗੇ ਪਰ ਆਪਣੀ
ਤਫ਼ਰੀਹ ਦਾ ਅਰੰਭ ਅਤੇ ਅੰਤ ਕਰਨਾ ਪੈਂਦਾ ਹੈ ਗਰਮ ਪਾਣੀ ਦੇ ਹਮਾਮ ਵਿਚ ਨ੍ਹਹਾ ਕੇ। ਅੱਜਕਲ
ਤਾਂ ਵਾਲ ਮਾਰਟ ਅਤੇ ਸੀਅਰਜ਼ ਵਾਗੇ ਸਟੋਰਾਂ ਵਾਲੇ ਵੀ ਇਸ ਸ਼ਸ਼ੋਪੰਜ ਵਿਚ ਰਹਿਣ ਲਗ ਪਏ ਹਨ
ਕਿ ਉਹ ਕਦ ਗਰਮੀਆਂ ਦਾ ਆਫ਼ ਸੀਜ਼ਨ ਡਿਸਕਾਊਂਟ ਦੇਣ ਜਾ ਸੇਲ ਲਾਉਣ ਅਤੇ ਕਦੋਂ ਸਰਦੀਆਂ ਦਾ।
ਸ਼ਾਇਦ ਅੰਗਰੇਜ਼ ਲੋਕਾਂ ਦੇ ਸਰਦੀਆਂ ਵਿਚ ਵੀ ਆਈਸਕਰੀਮ ਖਾਣ ਦੀ ਰਿਵਾਇਤ ਪਿੱਛੇ ਵੀ ਸ਼ੁਰੂ
ਵਿਚ ਇਹ ਹੀ ਕਾਰਣ ਰਿਹਾ ਹੋਵੇਗਾ ਕਿ ਜਦ ਉਹ ਕਿਸੇ ਪਲਾਜ਼ੇ ਵਿਚ ਸਰਦੀ ਦੇ ਕਹਿਰ ਤੋਂ ਬਚਣ
ਲਈ ਕਾਫੀ ਪੀਣ ਅਤੇ ਰਮ ਦਾ ਪੈੱਗ ਲਾਉਣ ਲਈ ਵਿਚ ਬੜਦੇ ਹੋਣਗੇ ਤਾਂ ਆਰਡਰ ਦੇਣ ਲਗਿਆਂ ਹੀ
ਮੌਸਮ ਇਤਨਾ ਗਰਮ ਹੋ ਜਾਂਦਾ ਹੋਵੇਗਾ ਇਸ ਵਿਚੋਂ ਨਿਕਲਦੇ ਹੋਣਗੇ ਗਰਮੀ ਨੂੰ ਮਾਰਨ ਲਈ ਆਈਸ
ਕਰੀਮ ਖਾਣ ਅਤੇ ਠੰਢੀ ਬੀਅਰ ਪੀ ਕੇ। ਸਕੂਲ ਵਾਲਿਆਂ ਨੂੰ ਪਤਾ ਨਹੀਂ ਲਗਦਾ ਕਿ ਉਹ ਇਤਨੇ ਜਲਦੀ
ਬਦਲਦੇ ਬਦਲਦੇ ਮੌਸਮ ਨੂੰ ਵੇਖ ਕੇ ਗਰਮੀਆਂ ਦੀਆਂ ਛੁੱਟੀਆਂ ਸਿਆਲ ਨੂੰ ਕਰਨ ਜਾਂ ਸਿਆਲ ਦੀਆਂ
ਛੁੱਟੀਆਂ ਗਰਮੀਆਂ ਨੂੰ। ਕਦੇ ਕਦੇ ਪੰਛੀ ਵੀ ਭੁਲੇਖਾ ਖਾ ਜਾਂਦੇ ਹਨ। ਉਹ ਭਰ ਸਿਆਲ ਹੀ ਗਰਮੀ
ਹੋ ਗਈ ਸਮਝ ਕੇ ਅਮਰੀਕਾ ਤੋਂ ਇੱਧਰ ਉੱਡ ਆਉਂਦੇ ਹਨ ਅਤੇ ਫਿਰ ਅਸਲ ਵਿਚ ਸਿਆਲ ਹੀ ਵੇਖ ਕੇ
ਵਾਪਿਸ ਉੱਡ ਜਾਂਦੇ ਹਨ। ਇਸ ਵਾਰ ਵਾੲ੍ਹੀਟ ਕਰਿਸਮਸ ਨਾ ਹੋਣ ਕਰਕੇ ਕਈ ਕੈਨੇਡੀਅਨਾਂ ਨੂੰ ਉਹ
ਅਨੰਦ ਹੀ ਨਹੀਂ ਆਇਆ ਜਿਹੜਾ ਉਹਨਾਂ ਨੂੰ ਬਰਫ਼ ਨਾਲ ਲੱਦੇ ਚਰਚਾਂ ਵਿਚ ਪ੍ਰਾਥਨਾ ਕਰ ਕੇ
ਆਉਂਦਾ ਸੀ।
ਮੰਨ ਲਵੋ ਕਿ ਕੈਨੇਡਾ ਵਿਚ ਭਾਰਤ ਦੇ ਮੈਦਾਨਾਂ ਵਾਂਗ ਬਰਫ਼ ਪੈਣੀ ਬੰਦ ਹੋ ਜਾਵੇ, ਫਿਰ ਕੀ
ਹੋਵੇਗਾ? ਜੇਕਰ ਬਰਫ਼ ਨਾ ਪਵੇ ਤਾਂ ਇਸ ਨੂੰ ਰਾਤੋਂ ਰਾਤ ਸੜਕਾਂ ਅਤੇ ਗਲੀਆਂ ਤੋਂ ਹਟਾਉਣ ਲਈ
ਹਜ਼ਾਰਾਂ ਬੰਦਿਆਂ ਨੂੰ ਠੇਕੇ ਨਾ ਮਿਲਣ ਕਰਕੇ ਬਰਫ਼ ਹਟਾਉਣ ਵਾਲੀਆਂ ਮਸ਼ੀਨਾਂ ਬਨਾਉਣ ਵਾਲਿਆਂ
ਉਦਯੋਗਪਤੀਆਂ ਦੀਆਂ ਫੈਕਟਰੀਆਂ ਬੰਦ ਹੋ ਜਾਂਦੀਆਂ।
-0-
|