(ਜਰਨੈਲ ਸਿੰਘ ਪੰਜਾਬੀ ਦਾ ਬਹੁ-ਚਰਚਿਤ ਕਥਾਕਾਰ ਹੈ। ਖ਼ਾਸ ਤੌਰ ‘ਤੇ ਪਰਵਾਸੀ ਪੰਜਾਬੀ
ਕਹਾਣੀ ਵਿਚ ਨਵੇਂ ਆਯਾਮ ਜੋੜਨ ਕਰਕੇ ਉਹ ਪਿਛਲੇ ਕੁਝ ਸਾਲਾਂ ਵਿਚ ਸਭ ਤੋਂ ਵੱਧ ਚਰਚਿਤ
ਪਰਵਾਸੀ ਕਥਾਕਾਰ ਵਜੋਂ ਉੱਭਰਿਆ ਹੈ। ‘ਦੋ ਟਾਪੂ’, ‘ਟਾਵਰਜ਼’, ‘ਪਛਾਣ’, ‘ਪਾਣੀ’ ਉਸਦੀਆਂ
ਜਿ਼ਕਰਯੋਗ ਕਹਾਣੀਆਂ ਹਨ। ਜਰਨੈਲ ਸਿੰਘ ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ ਪਿਛਲੇ ਸਾਲ ਦਾ
‘ਸ਼੍ਰੋਮਣੀ ਪੰਜਾਬੀ ਸਾਹਿਤਕਾਰ-ਪਰਵਾਸੀ’ ਪੁਰਸਕਾਰ ਦਿੱਤਾ ਗਿਆ ਹੈ। ਅਦਾਰਾ ‘ਸੀਰਤ’ ਉਸਨੂੰ
ਮੁਬਾਰਕ ਦਿੰਦਾ ਹੈ। ਪੇਸ਼ ਹੈ ਉਸਦੀ ਕਹਾਣੀ ‘ਪਾਣੀ’ ਬਾਰੇ ਅਦਾਰਾ ‘ਸੀਰਤ’ ਵਲੋਂ ਇਕ
ਵਿਸ਼ਲੇਸ਼ਣ-ਸੰਪਾਦਕ)
1. ਪਰਵਾਸ ਧਾਰਨ ਕਰਨਾ ਤਾਂ ਸ਼ਾਇਦ ਪੰਜਾਬੀਆਂ ਦੇ ਖ਼ਮੀਰ ਵਿੱਚ ਹੈ। ਮੈਨੂੰ ਤਾਂ ਇਹ ਵੀ
ਲੱਗਦਾ ਹੈ ਕਿ ਸਦੀਆਂ ਤੋਂ ਹੌਲੀ ਹੌਲੀ ਦੂਜੀਆਂ ਧਰਤੀਆਂ ਤੋਂ ਹਮਲਾਵਰਾਂ ਦੀ ਸ਼ਕਲ ਵਿੱਚ
ਪੰਜਾਬ ਵਿੱਚ ਆਉਂਦੇ ਰਹੇ ਲੋਕ ਬਹੁਤ ਵੱਡੀ ਗਿਣਤੀ ਵਿੱਚ ਏਥੇ ਹੀ ਵੱਸ ਜਾਂਦੇ ਰਹੇ। ਇਥੋਂ
ਦੇ ਬਹੁਤਿਆਂ ਮੂਲ ਬਾਸ਼ਿੰਦਿਆਂ ਨੂੰ ਉਹਨਾਂ ਨੇ ਪੂਰਬ ਅਤੇ ਦੱਖਣ ਵੱਲ ਧੱਕ ਦਿੱਤਾ ਅਤੇ
ਜਿਹੜੇ ਪਿੱਛੇ ਬਚੇ ਰਹਿ ਗਏ ਉਹਨਾਂ ਦੀਆਂ ਔਰਤਾਂ ਨਾਲ ਵਿਆਹ-ਸੰਬੰਧਾਂ ਰਾਹੀਂ ਉਹ ‘ਪਰਵਾਸੀ’
ਹਮਲਾਵਰ ਹੌਲੀ ਹੌਲੀ ਇਥੇ ਹੀ ਘੁਲ-ਮਿਲ ਕੇ ਇਥੋਂ ਦਾ ਹੀ ਹਿੱਸਾ ਹੋ ਗਏ ਅਤੇ ਇਥੋਂ ਦੇ ਮਾਲਕ
ਬਣ ਗਏ। ਅਸੀਂ ਉਹਨਾਂ ‘ਪਰਵਾਸੀਆਂ’ ਦੀ ਹੀ ਆਲ-ਔਲਾਦ ਹਾਂ। ਸਾਡੇ ਪੰਜਾਬੀਆਂ ਵਿੱਚ ਪਤਾ
ਨਹੀਂ ਕਿੱਥੋਂ ਕਿੱਥੋਂ ਦੀਆਂ ਜਾਤੀਆਂ, ਕੌਮਾਂ ਜਾਂ ਨਸਲਾਂ ਦਾ ਲਹੂ ਮਿਲਿਆ ਹੋਇਆ ਹੈ। ਸਾਡੇ
ਧੁਰ ਅਵਚੇਤਨ ਵਿਚ, ਚੰਗੀ ਰੋਜ਼ੀ-ਰੋਟੀ ਦੀ ਤਲਾਸ਼ ਵਿੱਚ ਪੰਜਾਬ ਆ ਵੱਸੇ ਅਤੇ ਇਥੋਂ ਦੇ ਹੀ ਹੋ
ਗਏ ਪੁਰਖਿਆਂ ਦਾ ਸਦਾ ‘ਗਤੀਸ਼ੀਲ’ ਰਹਿਣ ਦਾ ਅਸਰ ਡੂੰਘੀਆਂ ਜੜ੍ਹਾਂ ਜਮਾਈ ਬੈਠਾ ਹੈ। ਸ਼ਾਇਦ
ਇਹ ਵੀ ਇੱਕ ਕਾਰਨ ਹੈ ਕਿ ਸਾਡੇ ਖ਼ਮੀਰ ਵਿੱਚ ਪਰਾਈਆਂ ਧਰਤੀਆਂ ਨੂੰ ਗਾਹੁਣ, ਅਪਨਾਉਣ ਦੀ
ਲਾਲਸਾ ਦੂਜੇ ਭਾਰਤੀ ਲੋਕਾਂ ਨਾਲੋਂ ਕੁੱਝ ਵਧੇਰੇ ਹੈ।
ਪਿਛਲੀ ਸਦੀ ਵਿੱਚ ਪੱਛਮੀ ਮੁਲਕਾਂ ਵਿੱਚ ਪੰਜਾਬੀ ਲੋਕ ਬੜੀ ਵੱਡੀ ਗਿਣਤੀ ਵਿੱਚ ਆਣ ਵੱਸੇ।
ਜਦੋਂ ਵੀ ਕੋਈ ਜਣਾ ਆਪਣੀ ਧਰਤੀ ਨੂੰ ਛੱਡ ਕੇ ਕਿਸੇ ਪਰਾਈ ਧਰਤੀ ਤੇ ਵਾਸ ਕਰਦਾ ਹੈ ਤਾਂ ਉਹ
ਆਪਣਾ ਸਭਿਆਚਾਰ, ਆਪਣੀਆਂ ਕਦਰਾਂ ਕੀਮਤਾਂ ਆਪਣੇ ਨਾਲ ਲੈ ਕੇ ਆਉਂਦਾ ਹੈ। ਪੱਛਮ ਦੇ ਭਾਰੂ
ਸਭਿਆਚਾਰ ਦੇ ਹਮਲੇ ਤੋਂ ਬਚੇ ਰਹਿਣ ਲਈ ਅਤੇ ਆਪਣੀ ਪਛਾਣ ਬਚਾ ਕੇ ਆਪਣੀਆਂ ਜੜ੍ਹਾਂ ਨਾਲ
ਜੁੜੇ ਰਹਿਣ ਲਈ ਤਰਲੋ-ਮੱਛੀ ਵੀ ਹੁੰਦਾ ਰਹਿੰਦਾ ਹੈ ਅਤੇ ਆਪਣੀ ਸਮਰੱਥਾ ਅਨੁਸਾਰ ‘ਸਮੁੰਦਰ
ਵਿੱਚ ਡੁੱਬਣੋਂ ਬਚਣ ਲਈ ਪਾਣੀ ‘ਚੋਂ ਸਿਰ ਬਾਹਰ ਕੱਢ ਕੇ ਸਾਹ ਲੈਣ ਦਾ’ ਯਤਨ ਵੀ ਕਰਦਾ
ਰਹਿੰਦਾ ਹੈ।
ਇਹੋ ਕਾਰਨ ਹੈ ਕਿ ਅਸੀਂ ਪਰਵਾਸ ਧਾਰਨ ਕਰਕੇ ਵੀ ਇੱਕ ‘ਬੰਦ ਸਭਿਆਚਾਰ’ ਵਿੱਚ ਵਿਚਰਦੇ ਹਾਂ।
ਸਾਡਾ ਮੁਢਲਾ ਅਤੇ ਬਹੁਤਾ ਪਰਵਾਸੀ ਸਾਹਿਤ ਇਸੇ ਬੰਦ ਸਭਿਆਚਾਰ ਦੀ ਕਹਾਣੀ ਕਹਿੰਦਾ ਸੀ। ਜਿਸ
ਵਿੱਚ ਪਿੱਛੇ ਦਾ ਹੇਰਵਾ, ਨਸਲੀ ਵਿਤਕਰਾ, ਪੀੜ੍ਹੀ-ਪਾੜਾ, ਸਭਿਆਚਾਰਕ ਤਣਾਓ ਅਤੇ ਸਭਿਆਚਾਰਕ
ਅਨੁਕੂਲਣ ਦੇ ਭਖ਼ਦੇ ਵਿਸ਼ੇ ਕੇਂਦਰ ਵਿੱਚ ਰਹੇ।
ਅਸੀਂ ਵਿਦੇਸ਼ਾਂ ਵਿੱਚ ਆ ਕੇ ਨਵੇਂ ਹਾਲਾਤ ਅਤੇ ਸਮਾਜ ਦੇ ਅਨੂਕੂਲ ਹੋਣ ਦੇ ਯਤਨ ਵਿੱਚ ਤਾਂ
ਹਾਂ ਪਰ ਆਪਣਾ ਪਿੱਛਾ ਭੁੱਲੇ ਨਹੀਂ। ਓਧਰਲਾ ਪੰਜਾਬ ਆਪਣੇ ਨਾਲ ਹੀ ਚੁੱਕ ਕੇ ਲੈ ਆਏ ਹਾਂ।
‘ਪੱਛਮੀ’ ਹੋ ਕੇ ਵੀ ‘ਪੰਜਾਬੀ’ ਬਣੇ ਰਹਿਣਾ ਚਾਹੁੰਦੇ ਹਾਂ। ਆਪਣੀ ਪਛਾਣ ਗਵਾਉਣਾ ਨਹੀਂ
ਚਾਹੁੰਦੇ। ਇਹੋ ਕਾਰਨ ਹੈ ਕਿ: ਪੰਜਾਬੀਆਂ ਦੀ ਬਹੁ-ਗਿਣਤੀ ਵਾਲੇ ਥਾਵਾਂ ਤੇ ਰਹਿਣਾ ਚਾਹੁੰਦੇ
ਹਾਂ ਕਿਉਂਕਿ ਆਪਣਿਆਂ ਵਿੱਚ ਵਾਸ ਸੁਰੱਖਿਆ ਦਾ ਅਹਿਸਾਸ ਦਿੰਦਾ ਹੈ। ਅਸੀਂ ਆਪਣੇ ਧਰਮ ਸਥਾਨ,
ਮਾਰਕੀਟ ਸੈਂਟਰ, ਸਕੂਲ ਉਸਾਰੇ ਹਨ। ਬੱਚਿਆਂ ਨੂੰ ਜ਼ਬਾਨ ਅਤੇ ਸਭਿਆਚਾਰ ਨਾਲ ਜੋੜਨ ਦਾ ਫ਼ਿਕਰ
ਰੱਖਦੇ ਹਾਂ। ਸਭਿਆਚਾਰਕ ਮੇਲੇ, ਘੋਲ-ਕਬੱਡੀ, ਸਾਹਿਤ ਰਚਨਾ, ਕਾਨਫ਼ਰੰਸਾਂ, ਨਾਟਕ ਤੇ
ਸੈਮੀਨਾਰ ਕਰਕੇ ਪਿੱਛੇ ਨਾਲ ਸੰਬੰਧਾਂ ਨੂੰ ਤਰੋ-ਤਾਜ਼ਾ ਰੱਖਣ ਦੀ ਕੋਸ਼ਿਸ਼ ਵਿੱਚ ਰਹਿੰਦੇ ਹਾਂ।
ਰੇਡੀਓ, ਅਖ਼ਬਾਰਾਂ, ਰਿਸਾਲੇ ਅਤੇ ਟੀ ਵੀ ਚੈਨਲ ਚਲਾਉਂਦੇ ਹਾਂ। ਇਥੋਂ ਦੀ ਸਿਆਸਤ ਵਿੱਚ ਵੀ
ਹਿੱਸਾ ਲੈਂਦੇ ਹਾਂ ਪਰ ਆਪਣੇ ਪੈਸੇ ਦੇ ਜ਼ੋਰ ਨਾਲ ਪੰਜਾਬ ਦੀ ਸਿਆਸਤ ਤੇ ਵੀ ਅਸਰ ਅੰਦਾਜ਼ ਹੋਣ
ਦੀ ਕੋਸ਼ਿਸ਼ ਕਰਦੇ ਹਾਂ। ਬੱਚਿਆਂ ਨੂੰ ਪਿੱਛੇ ਪੰਜਾਬ ਵਿੱਚ ਵਿਆਹੁਣਾ ਚਾਹੁੰਦੇ ਹਾਂ।
ਇਹੋ ਕਾਰਨ ਹੈ ਕਿ ਇਥੋਂ ਦੇ ਪੱਛਮੀ ਵਸਨੀਕਾਂ ਨਾਲ ਸਾਡੀ ਸਾਂਝ ਬਹੁਤੀ ਕਾਰੋਬਾਰੀ ਅਤੇ
ਚਲਾਵੀਂ ਕਿਸਮ ਦੀ ਹੀ ਰਹੀ ਹੈ। ਅਸੀਂ ਆਪਣੇ ਪੰਜਾਬੀਆਂ ਵਾਂਗ ਪੱਛਮੀ ਲੋਕਾਂ ਦੇ ਘਰਾਂ ਵਿੱਚ
ਨਹੀਂ ਆਉਂਦੇ ਜਾਂਦੇ, ਖਾਂਦੇ-ਪੀਂਦੇ ਅਤੇ ਵਿਚਰਦੇ। ਸਾਡੇ ਉਹਨਾਂ ਨਾਲ ਸੰਬੰਧ ਬਹੁਤੇ
ਅੰਤਰੰਗ ਨਹੀਂ ਬਣ ਸਕੇ। ਇਸੇ ਕਰਕੇ ਅਸੀਂ ਇਥੇ ਆਪਣਾ ਹੀ ਇੱਕ ‘ਪਰਦੇਸੀ ਪੰਜਾਬ’ ਵਸਾਇਆ
ਹੋਇਆ ਹੈ।
ਸਾਡੇ ਮਨਾਂ ਵਿੱਚ ਇਧਰ ਆ ਵੱਸਣ ਦੀ ਸੰਤੁਸ਼ਟੀ ਅਤੇ ਪਿੱਛਾ ਛੱਡ ਆਉਣ ਦੀ ਵਿਲਕਣੀ ਦਾ ਦਵੰਦ
ਹੈ। ਇਸੇ ਦਵੰਦ ਵਿੱਚ ਬਾਹਰ ਵੱਸਦਾ ਪੰਜਾਬੀ ਬੰਦਾ ਜਿਊਂਦਾ ਹੈ। ਸਾਡਾ ਸਾਹਿਤ ਵੀ
‘ਸੰਤੁਸ਼ਟੀ’ ਅਤੇ ‘ਵਿਲਕਣੀ’ ਦੇ ਇਹਨਾਂ ਦੋਹਾਂ ਸਿਰਿਆਂ ਵਿੱਚ ਲਮਕਦੀ ਰੱਸੀ ਉੱਤੇ ਤਣਾਓ
ਵਿੱਚ ਵਿਚਰਦੇ ਅਤੇ ਹਰ ਪਲ ਡਿੱਗ ਪੈਣ ਤੋਂ ਬਚਦੇ ਬੰਦੇ ਦੀ ਕਹਾਣੀ ਕਹਿੰਦਾ ਹੈ। ਜਿਉਂ ਜਿਉਂ
ਸਾਡੀ ਨਵੀਂ ਪੀੜ੍ਹੀ ਜਵਾਨ ਅਤੇ ਵੱਡੀ ਹੋ ਕੇ ਪੱਛਮੀ ਰਹਿਤਲ ਦਾ ਹਿੱਸਾ ਬਣਨ ਵੱਲ ਵਧ ਰਹੀ
ਹੈ ਤਿਉਂ ਤਿਉਂ ਸਾਡਾ ਪੱਛਮੀ ਲੋਕਾਂ ਨਾਲ ਕਾਰੋਬਾਰ ਅਤੇ ਸਹਿਚਾਰ ਵੀ ਵਧ ਰਿਹਾ ਹੈ। ਇਸ ਨਾਲ
ਕਈ ਕਿਸਮ ਦੀਆਂ ਸਮੱਸਿਆਵਾਂ ਅਤੇ ਸੰਕਟ ਵੀ ਵਧ ਰਹੇ ਹਨ। ਨਵੀਂ ਕਨੇਡੀਅਨ ਪੰਜਾਬੀ ਕਹਾਣੀ ਦੀ
ਵਿਸ਼ੇਸ਼ਤਾ ਇਹ ਹੈ ਕਿ ਹੁਣ ਇਸਨੇ ‘ਭੁਹੇਰਵੇ’ ਤੋਂ ਪਾਰ ਜਾ ਕੇ ਅੰਤਰ-ਸਭਿਆਚਾਰਕ ਸੰਬੰਧਾਂ
ਅਤੇ ਸਰੋਕਾਰਾਂ ਨੂੰ ਜ਼ਬਾਨ ਦੇਣੀ ਸ਼ੁਰੂ ਕੀਤੀ ਹੈ। ਇਹ ਕਹਾਣੀ ‘ਪਰਦੇਸੀ ਪੰਜਾਬ’ ਦੀ ਜਕੜ
ਵਿੱਚ ਫਸੇ ਮਨੁੱਖ ਦੇ ਕੱਸਾਓ ਅਤੇ ਤਣਾਓ ਨੂੰ ਬਿਆਨ ਵੀ ਕਰਦੀ ਹੈ ਪਰ ਇਸ ਕੱਸ ਵਿਚੋਂ ਨਿਕਲ
ਕੇ ਆਪਣੇ ਵਿਚਰਨ ਦਾ ਦਾਇਰਾ ਮੋਕਲਾ ਕਰਨ ਦੀ ਪ੍ਰੇਰਨਾ ਵੀ ਦਿੰਦੀ ਹੈ। ਇਹ ਕਹਾਣੀ ਪੰਜਾਬੀ
ਬੰਦੇ ਨੂੰ ਪੰਜਾਬ ਦੀ ਧਰਾਤਲ ਤੋਂ ਚੁੱਕ ਕੇ ਵਿਸ਼ਵ ਸਰੋਕਾਰਾਂ ਨਾਲ ਜੋੜਨ ਦੀ ਪਹਿਲਕਦਮੀ
ਕਰਦੀ ਹੈ। ਪੰਜਾਬੀ ਕਹਾਣੀ ਵਿੱਚ ਵਸਤੂ-ਚੋਣ ਦੇ ਪੱਖੋਂ ਇਹ ਨਵਾਂ ਵਰਤਾਰਾ ਹੈ।
ਪਰਵਾਸੀ ਕਹਾਣੀਕਾਰਾਂ ਵਿਚੋਂ ਜਰਨੈਲ ਸਿੰਘ ਦੀ ਤਾਂ ਸਗੋਂ ਇਹ ਵੀ ਵਿਸ਼ੇਸ਼ਤਾ ਹੈ ਕਿ ਉਸਨੇ
‘ਟਾਵਰਜ਼’ ਵਰਗੀ ਕਹਾਣੀ ਲਿਖ ਕੇ ਵਸਤੂ ਦੇ ਪੱਧਰ ਤੇ ਪੰਜਾਬੀ ਕਹਾਣੀ ਵਿੱਚ ਇੱਕ ਨਵਾਂ ਆਯਾਮ
ਜੋੜਨ ਦੀ ਕੋਸ਼ਿਸ਼ ਕੀਤੀ ਹੈ ਅਤੇ ਕਹਾਣੀ ਸਿਰਫ਼ ਪੰਜਾਬੀ ਮਨੁੱਖ ਦੀ ਨਾ ਹੋ ਕੇ ਸੰਸਾਰ ਦੇ
ਕਿਸੇ ਵੀ ਮਨੁੱਖ ਦੀ ਕਹਾਣੀ ਹੋ ਗਈ ਹੈ। ਪਰ ਇਸਦਾ ਮਤਲਬ ਹਰਗ਼ਿਜ਼ ਇਹ ਨਹੀਂ ਕਿ ਪਰਦੇਸੀ
ਪੰਜਾਬੀ ਸਰੋਕਾਰਾਂ ਵਾਲੀ ਕਹਾਣੀ ਇਸ ਨਾਲੋਂ ਘਟੀਆ ਜਾਂ ਪਿੱਛੇ ਰਹਿ ਗਈ ਹੈ। ਜਰਨੈਲ ਸਿੰਘ
ਦੀ ਕਹਾਣੀ ਦੀ ਵਿਸ਼ੇਸ਼ਤਾ ਇਸਦੇ ਵੱਖਰੇ ਵਸਤੂ-ਚੋਣ ਵਿੱਚ ਹੈ; ਕਿਸੇ ਤਰ੍ਹਾਂ ਵੀ ਚੰਗੇ ਜਾਂ
ਮਾੜੇ ਹੋਣ ਵਿੱਚ ਨਹੀਂ। ਚੰਗਾ ਜਾਂ ਮਾੜਾ ਉਸਨੂੰ ਕਹਾਣੀਕਾਰ ਦੀ ਮਸਲਿਆਂ ਨੂੰ ਜਾਨਣ ਅਤੇ
ਸਮਝਣ ਦੀ ਪ੍ਰਤਿਭਾ ਅਤੇ ਕਲਾ ਸੰਗਠਨ ਵਿੱਚ ਢਾਲ ਸਕਣ ਦੀ ਯੋਗਤਾ ਨੇ ਬਨਾਉਣਾ ਹੈ।
ਕਹਾਣੀ ਦਾ ਇੱਕ ਸੂਤਰ ਇਹ ਹੈ ਕਿ ਇਸਦੇ ਪਾਤਰ ਸਭਿਆਚਾਰੀਕਰਨ ਦੀ ਪ੍ਰਕਿਰਿਆ ਵਿੱਚ ਪਏ ਹੋਏ
ਹਨ। ਦੋ ਵਿਭਿੰਨ ਰਹਿਤਲ ਵਾਲੀਆਂ ਸਭਿਅਤਾਵਾਂ ਦੇ ਨਜ਼ਦੀਕ ਹੋਣ ਵਿੱਚ ਸਭ ਤੋਂ ਮਹੱਤਵਪੂਰਨ
ਭੂਮਿਕਾ ਅੰਤਰ-ਸਭਿਆਚਾਰਕ ਵਿਆਹ-ਸੰਬੰਧਾਂ ਨੇ ਨਿਭਾਉਣੀ ਹੁੰਦੀ ਹੈ।
‘ਪਾਣੀ’ ਵਿੱਚ ਰਾਜੂ ਅਤੇ ਸ਼ੈਰਨ ਦਾ ਆਪਸੀ ਵਿਆਹ ਦੋ ਸਭਿਅਤਾਵਾਂ ਜਾਂ ਸਭਿਆਚਾਰਾਂ
ਮਿਲਨ-ਬਿੰਦੂ ਬਣਦਾ ਹੈ, ਜਿਸ ਨਾਲ ??਼ੰਦਗੀ ਦੇ ਖਲੋਤੇ ਪਾਣੀਆਂ ਵਿੱਚ ਹਲਚਲ ਮੱਚਦੀ ਹੈ।
‘ਵਹਿੰਦੇ ਪਾਣੀਆਂ ਦੇ ਪਰਛਾਵੇਂ’ ਵਿੱਚ ਵਿਜਯ ਅਤੇ ਲਾਰਾ ਦਾ ਵਿਆਹ ਦੋ ਕੌਮਾਂ ਦਾ
ਸਹਿਚਾਰ-ਸੂਤਰ ਬਣਦਾ ਹੈ। ‘ਮੋਮ ਦੇ ਖੰਭ’ ਵਿੱਚ ਵੀ ਮੁੱਖ-ਪਾਤਰ ਸ਼ਿੰਦੀ ਦੀ ਧੀ ਦਾ ਸੰਬੰਧ
ਕਿਸੇ ਪੱਛਮੀ ਲੜਕੇ ਨਾਲ ਹੋਣ ਦੀ ਕਨਸੋਅ ਮਿਲਦੀ ਹੈ। ਇਸਤੋਂ ਇਲਾਵਾ ਇਸੇ ਕਹਾਣੀ ਵਿੱਚ
ਸ਼ਿੰਦੀ ਅਤੇ ਡੌਨਾ ਦਾ ਆਪਸੀ ਸਹਿਚਾਰ ਅਤੇ ‘ਵਹਿੰਦੇ ਪਾਣੀਆਂ ਦੇ ਪਰਛਾਵੇਂ’ ਵਿੱਚ ਐਂਜਲਾ
ਅਤੇ ਮੀਰਾ ਦੀ ਦੋਸਤੀ ਦੱਸਦੀ ਹੈ ਕਿ ਪੂਰਬ ਅਤੇ ਪੱਛਮ ਦੇ ਲੋਕ ਆਪਣੇ ਬੰਦ ਦਾਇਰਿਆਂ ਵਿਚੋਂ
ਨਿਕਲ ਕੇ ਇੱਕ ਦੂਜੇ ਨੂੰ ਮਿਲਣ ਲੱਗੇ ਹਨ। ਇਸ ਮਿਲਾਪ ਦੀਆਂ ਆਪਣੀਆਂ ਸਮੱਸਿਆਵਾਂ ਹਨ
ਜਿੰਨ੍ਹਾਂ ਦੀ ਨਿਸ਼ਾਨਦੇਹੀ ਲੇਖਕ ਆਪੋ ਆਪਣੀ ਪ੍ਰਤਿਭਾ ਅਤੇ ਸਮਰੱਥਾ ਅਨੁਸਾਰ ਕਰਦੇ ਹਨ।
ਜਦੋਂ ਦੋ ਸਭਿਅਤਾਵਾਂ ਜਾਂ ਸਭਿਆਚਾਰ ਇੱਕ ਦੂਜੇ ਨਾਲ ਟਕਰਾਉਂਦੇ ਹਨ ਤਾਂ ਦੋਹਾਂ ਧਿਰਾਂ ਨੂੰ
ਹੀ ਸਦਮਾ ਲਗਦਾ ਹੈ। ਉਹਨਾਂ ਨੂੰ ਆਪਣਾ ਵੱਖਰਾ ਰੰਗ ਘੁਲਦਾ-ਪਿਘਲਦਾ ਦਿਖਾਈ ਦਿੰਦਾ ਹੈ। ਇੰਜ
ਦੋਵੇਂ ਧਿਰਾਂ ਕਲਚਰਲ ਸਦਮੇ ਦੀ ਅਵਸਥਾ ਵਿਚੋਂ ਗੁਜ਼ਰਦੇ ਹਨ। ਹਰੇਕ ਧਿਰ ਨੂੰ ਆਪਣਾ ਸਭਿਆਚਾਰ
ਚੰਗਾ ਅਤੇ ਉੱਤਮ ਲੱਗਦਾ ਹੈ ਅਤੇ ਦੂਜੇ ਵਿੱਚ ਕੋਈ ਨਾ ਕੋਈ ਕਾਣ ਜਾਂ ਊਣ ਨਜ਼ਰ ਆਉਂਦੀ ਹੈ।
ਪਰ ਸਭਿਆਚਾਰਾਂ ਅਤੇ ਸਭਿਅਤਾਵਾਂ ਦਾ ਵੱਖਰਾਪਨ ਉਹਨਾਂ ਦੇ ਚੰਗੇ ਜਾਂ ਮਾੜੇ ਹੋਣ ਵਿੱਚ
ਨਹੀਂ, ਕੇਵਲ ‘ਵੱਖਰੇ’ ਹੋਣ ਵਿੱਚ ਹੈ। ਕਹਾਣੀਕਾਰਾਂ ਨੇ ਇਸ ਵੱਖਰੇਪਨ ਨੂੰ ਫੜ੍ਹਣ ਦੀ
ਕੋਸ਼ਿਸ਼ ਕੀਤੀ ਹੈ।
‘ਪਾਣੀ’ ਵਿੱਚ ਆਪਣੀ ਗੱਲ ਕਹਿਣ ਲਈ ਲੇਖਕ ਵਿਰੋਧੀ-ਜੁੱਟ ਉਸਾਰਦਾ ਹੈ।
ਸੁਖਜੀਤ ਕੌਰ ਅਤੇ ਰਾਜੂ ਤੇ ਸ਼ੈਰਨ ਜਾਂ ਪੱਛਮ ਅਤੇ ਪੰਜਾਬ।
ਸੁਖਜੀਤ ਕੌਰ ਪੂਰਬ ਦੀ ਸਭਿਅਤਾ ਦੀ ਪ੍ਰਤੀਨਿਧ ਹੈ ਅਤੇ ਸ਼ੈਰਨ ਤੇ ਰਾਜੂ ਪੱਛਮੀ ਸਤਾ ਦੇ।
ਇਸ ਵਿਰੋਧੀ ਜੁੱਟ ਦੇ ਆਪਸੀ ਤਣਾਓਸ਼ੀਲ ਰਿਸ਼ਤੇ ਰਾਹੀਂ ਲੇਖਕ ਵੱਖ ਵੱਖ ਧਿਰਾਂ ਦੇ ਪੈਂਤੜੇ
ਤੋਂ ਉਹਨਾਂ ਨੂੰ ਵੇਖਦਾ ਅਤੇ ਜ਼ਬਾਨ ਦਿੰਦਾ ਹੈ। ਸਥਿਤੀਆਂ ਪੇਸ਼ ਕਰਦਾ ਹੈ ਅਤੇ ਉਹਨਾਂ ਦੇ
ਗਾਲਪਿਕ ਅਰਥ ਸਿਰਜਦਾ ਹੈ।
ਹਰੇਕ ਸਭਿਅਤਾ ਜਾਂ ਸਭਿਆਚਾਰ ਦੀਆਂ ਆਪਣੀਆਂ ਵਿਸ਼ੇਸ਼ਤਾਵਾਂ ਹੁੰਦੀਆਂ ਹਨ। ਇੱਕ ਧਿਰ ਆਪਣੇ
ਪੈਂਤੜੇ ਤੋਂ ਖਲੋ ਕੇ ਤਾਂ ਉਹਨਾਂ ਨੂੰ ਚੰਗਾ ਜਾਂ ਮਾੜਾ ਕਹਿ ਸਕਦੀ ਹੈ ਪਰ ਹਕੀਕਤ ਵਿੱਚ
ਇੰਜ ਹੁੰਦਾ ਨਹੀਂ। ਹਰੇਕ ਧਿਰ ਦਾ ਆਪਣਾ ਸੱਚ ਹੁੰਦਾ ਹੈ ਅਤੇ ਲੇਖਕ ਨੂੰ ਹਰੇਕ ਧਿਰ ਨੂੰ
ਜ਼ਬਾਨ ਦੇਣੀ ਬਣਦੀ ਹੈ। ਜਰਨੈਲ ਸਿੰਘ ਨੇ ਇਹ ਜ਼ਬਾਨ ਦੇਣ ਦੀ ਕੋਸ਼ਿਸ਼ ਕੀਤੀ ਹੈ।
ਉਦਾਹਰਣ ਵਜੋਂ: ਸ਼ੈਰਨ ਸੁਖਜੀਤ ਨੂੰ ਇਸ ਕਰਕੇ ਬੁਰੀ ਲੱਗਦੀ ਹੈ
ਕਿ ਉਸਨੇ ਉਸ ਕੋਲੋਂ ਉਸਦਾ ਪੁੱਤ ਖੋਹ ਲਿਆ ਹੈ। ਬੱਚਿਆਂ ਦੇ ਨਾਂ ਖੋਹ ਲਏ ਹਨ। ਡੈਬੀ ਦਾ
ਪੂਰਾ ਨਾਂ ਹੀ ਅਤੇ ਪੋਤਰੇ ਦਾ ਅੱਧਾ (ਅੱਧਾ ਵੀ ‘ਲਾਲਚ’ ਵੱਸ ਛੱਡਿਆ ਹੈ)।
ਉਸਦਾ ਖਾਣ-ਪੀਣ (ਬੀਫ ਖਾਣਾ), ਪਹਿਨਣ ਪਚਰਨ ਵੱਖਰਾ ਹੈ (ਬਿਕਨੀ ਪਾਕੇ ਸੱਸ ਸਹੁਰੇ ਅੱਗੇ
ਝੀਲ ਵਿੱਚ ਨਹਾਉਣਾ)
ਕਿ ਉਹ ਕਿਸੇ ਹੋਰ ਨਸਲ ਦੀ ਹੈ ਅਤੇ ਪੰਜਾਬੀ ਸਭਿਆਚਾਰ ਵਿੱਚ ਘੁਲਣ ਦੀ ਕੋਸ਼ਿਸ਼ ਨਹੀਂ ਕਰਦੀ।
ਕਿ ਉਹ ਪੰਜਾਬੀ ਭਾਸ਼ਾ ਨਹੀਂ ਜਾਣਦੀ ਅਤੇ ਸਿੱਖਣਾ ਵੀ ਨਹੀਂ ਚਾਹੁੰਦੀ।
ਰਿਸ਼ਤੇਦਾਰਾਂ ਦੇ ਜਾਣ ਤੋਂ ਨਾਂਹ ਕਰਦੀ ਹੈ।
ਉਹਦੇ ਕਰਕੇ ਸੁਖਜੀਤ ਕੌਰ ਆਪਣੇ ਪੁੱਤ ਦਾ ਪੰਜਾਬੀ ਰੰਗ ਦਾ ਵਿਆਹ ਨਹੀਂ ਕਰ ਸਕੀ।
ਇਸੇ ਕਰਕੇ ਸੁਖਜੀਤ ਕੌਰ ਉਸ ਨਾਲ ਪੰਜਾਬੀ ਸੱਸ-ਨੂੰਹ ਵਾਂਗ ਮਿਲਕੇ ਕੰਮ ਕਰਨ ਅਤੇ ਦੁੱਖ ਸੁਖ
ਫੋਲਣ ਵਿੱਚ ਅਸਿੱਕਾ ਮਹਿਸੂਸ ਕਰਦੀ ਹੈ।
ਕਿ ਉਹ ਫ਼ਜ਼ੂਲ ਖ਼ਰਚ ਹੈ ਅਤੇ ਘਰੇਲੂ ਕਿਸਮ ਦੀ ਔਰਤ ਨਹੀਂ।
ਕਿ ਉਸਦੇ ਚਾਅ ਅਤੇ ਸ਼ੌਕ ਵੱਖਰੇ ਨੇ। (ਸਵਿਮਿੰਗ, ਚੰਗੇ ਮੌਸਮ ਵਿੱਚ ਬਾਹਰ ਦੌੜਨ ਚਲੇ ਜਾਣਾ,
ਘਰ ਦੀ ਥਾਂ ਬਾਹਰ ਦਾ ਖਾਣਾ, ਖਾਣਾ)
ਓਧਰ ਸ਼ੈਰਨ ਭਾਵੇਂ ਲੇਖਕ ਦੇ ਸਿੱਧੇ ਫੋਕਸ ਵਿੱਚ ਨਹੀਂ ਪਰ ਉਸਦੀਆਂ ਵੀ ਆਪਣੀਆਂ ਸਮੱਸਿਆਵਾਂ
ਹਨ।
ਉਹ ਨਿਰ੍ਹੇ ਪਰਿਵਾਰਕ ਖਲਜਗਣਾਂ ਤੋਂ ਉੱਪਰ ਉੱਠ ਕੇ ਕੁਦਰਤ ਨੁੰ ਮਾਨਣ ਵਾਲੀ ਕੌਮ ਦਾ ਅੰਗ
ਹੈ।
ਉਹ ਸੁਤੰਤਰ ਵਿਚਰਨ ਦੀ ਚਾਹਵਾਨ ਹੈ।
ਉਹ ਖਾਣ ਪੀਣ ਅਤੇ ਪਹਿਨਣ ਪਚਰਨ ਵਿੱਚ ਆਪਣੀ ਜੀਵਨ-ਸ਼ੈਲੀ ਅਨੁਸਾਰ ਵਿਚਰਨ ਦਾ ਓਨਾ ਹੀ ਹੱਕ
ਰੱਖਦੀ ਹੈ, ਜਿੰਨਾਂ ਸੁਖਜੀਤ ਕੌਰ।
ਆਪਣੇ ਕਲਚਰ ਮੁਤਾਬਕ ਬੱਚੇ ਦਾ ਨਾਂ ਰੱਖਣਾ ਉਸਦੀ ਵੀ ਓਨੀ ਹੀ ਉਚਿੱਤ ਤਾਂਘ ਹੈ ਜਿੰਨੀ
ਸੁਖਜੀਤ ਕੌਰ ਦੀ।
ਜਦੋਂ ਰਿਸ਼ਤੇਦਾਰਾਂ ਵਿੱਚ ਸ਼ੈਰਨ ਦੇ ਨਾ ਸਮਝ ਆਉਣ ਵਾਲੀ ਦੂਜੀ ਭਾਸ਼ਾ ਪੰਜਾਬੀ ਵਿੱਚ ਹੀ
ਗੱਲਾਂ ਹੋ ਰਹੀਆਂ ਹੋਣ ਅਤੇ ਉਹ ਓਥੇ ਅਣਗੌਲੀ ਬੈਠੀ ਰਹੇ ਤਾਂ ਉਹ ਓਥੇ ਜਾਵੇ ਵੀ ਕਿਉਂ?
ਇੰਜ ਕਲਚਰਲ ਧੱਕਾ ਜਾਂ ਸਦਮਾ ਸਿਰਫ਼ ਇੱਕ ਧਿਰ (ਸੁਖਜੀਤ) ਨੂੰ ਹੀ ਨਹੀਂ ਸ਼ੈਰਨ ਨੂੰ ਵੀ
ਲੱਗਦਾ ਹੈ। ਉਸਦੀ ਪੀੜ ਇਸਤੋਂ ਵੀ ਗਹਿਰੀ ਹੋ ਸਕਦੀ ਹੈ ਕਿਉਂਕਿ ਉਹ ਤਾਂ ਸਗੋਂ ਆਪਣਾ
ਘਰ-ਬਾਰ ਅਤੇ ਮਾਪੇ ਤਿਆਗ ਕੇ ਅਸਲੋਂ ਵੱਖਰੇ ਕਲਚਰ ਵਾਲੇ ਲੋਕਾਂ ਦੇ ਪਰਿਵਾਰਕ ਸਮੂਹ ਵਿੱਚ
ਰਹਿਣ ਆਈ ਹੈ।
ਇਹ ਠੀਕ ਹੈ ਕਿ ਹਰ ਇੱਕ ਦੀ ਆਪਣੀ ਪੀੜ ਹੈ ਅਤੇ ਹਰ ਇੱਕ ਨੂੰ ਆਪਣੀ ਪੀੜ ਲਈ ਆਪ ਹੂੰਗਣਾ
ਪੈਂਦਾ ਹੈ। ਸੁਖਜੀਤ ਦੀ ਪੀੜ ਉੱਤੇ, ਕੇਂਦਰੀ ਪਾਤਰ ਹੋਣ ਕਰਕੇ, ਲੇਖਕ ਦਾ ਫੋਕਸ ਵਧੇਰੇ ਹੈ
ਪਰ ਉਸਦੀ ਸਹਿਜ ਲਿਖਣ ਸ਼ੈਲੀ ਦਾ ਕਮਾਲ ਹੈ ਕਿ ਸ਼ੈਰਨ ਦਾ ਪੱਖ ਵੀ ਸਾਡੇ ਸਾਹਮਣੇ ਆ ਜਾਂਦਾ
ਹੈ।
ਕਲਚਰਲ ਧੱਕੇ ਨਾਲ ਹੁੰਦੀ ਮਾਨਸਿਕ ਪੀੜ ਨੂੰ ਸੁਖਜੀਤ ਰਾਹੀਂ ਪੇਸ਼ ਕੀਤਾ ਗਿਆ ਹੈ। ਸ਼ੈਰਨ ਦੇ
ਮਨ ਤੇ ਸਿੱਧਾ ਤਾਂ ਨਹੀਂ ਪਰ ਉਸਦੇ ਵਾਰਤਾਲਾਪਾਂ ਰਾਹੀਂ ਉਸਦੀ ਪੀੜਾ ਤੇ ਵੀ ਫੋਕਸ ਕੀਤਾ
ਗਿਆ ਹੈ, ਜਿਸਨੂੰ ਸੁਹਿਰਦ ਪਾਠਕ ‘ਅਣਕਿਹਾਂ’ ਵੀ ਮਹਿਸੂਸ ਕਰ ਲੈਂਦਾ ਹੈ।
ਸਭਿਆਚਾਰਕ ਅਨੁਕੂਲਣ: ਲੇਖਕ ਦੱਸਦਾ ਹੈ ਕਿ ਦੋਵਾਂ ਧਿਰਾਂ ਨੇ ਆਪਣੇ ਸਭਿਆਚਾਰ ਦੇ ਅਨੁਕੂਲ
ਜੀਣ ਦਾ ਯਤਨ ਵੀ ਕਰਨਾ ਹੈ ਅਤੇ ਆਪਣੀ ਪੀੜ ਨੂੰ ਹੋਠਾਂ ਹੇਠਾਂ ਦੱਬ ਕੇ ਦੂਜੇ ਕਲਚਰ ਦੇ
ਅਨੁਕੂਲ ਹੋਣ ਦਾ ਯਤਨ ਵੀ ਕਰਨਾ ਹੈ। ਇਹ ਤਾਂ ਹੀ ਸੰਭਵ ਹੈ ਜੇ ਦੂਜੇ ਕਲਚਰ ਦੀਆਂ ਚੰਗੀਆਂ
ਗੱਲਾਂ ਦਾ ਮੁੱਲ ਵੀ ਪਾਇਆ ਜਾਵੇ ਅਤੇ ਆਪਣੇ ਕਲਚਰ ਦੀਆਂ ਮਾੜੀਆਂ ਗੱਲਾਂ ਦੀ ਨਿਸ਼ਾਨਦੇਹੀ
ਕਰਕੇ ਅਤੇ ਉਹਨਾਂ ਨੂੰ ਤਿਆਗਣ ਦੀ ਕੋਸ਼ਿਸ਼ ਵੀ ਕੀਤੀ ਜਾਵੇ। ਤਦ ਹੀ ਛੋਟੇ ਪੱਧਰ ‘ਤੇ ਪਰਿਵਾਰ
ਅਤੇ ਵੱਡੇ ਪੱਧਰ ਤੇ ਮੁਲਕ ਆਪਸੀ ਸਹਿਹੋਂਦ ਅਤੇ ਪਰਸਪਰ ਭਾਈਚਾਰੇ ਨਾਲ ਜੀ ਅਤੇ ਰਹਿ ਸਕਣਗੇ।
ਰਚਨਾ-ਦ੍ਰਿਸ਼ਟੀ: ਇਸ ਕਹਾਣੀ ਵਿੱਚ ਵੀ ਅਜਿਹਾ ਹੋਇਆ ਹੈ। ਦੋਵਾਂ ਸਭਿਆਚਾਰਾਂ ਦੇ ਪ੍ਰਤੀਨਿਧ
ਦੂਜੀ ਧਿਰ ਦੇ ਸਭਿਆਚਾਰ ਵੱਲ ਕੇਵਲ ‘ਨਾਂਹ-ਮੁਖੀ’ ਹੀ ਨਹੀਂ; ‘ਹਾਂ-ਮੁਖੀ’ ਪਹੁੰਚ ਵੀ
ਰੱਖਦੇ ਹਨ: ‘ਹਾਂ-ਮੁਖ’ ਪਹੁੰਚ ਵੱਲ ਧਿਆਨ ਦਿਵਾਉਣ ਪਿੱਛੇ ਲੇਖਕ ਦੀ ਰਚਨਾ-ਦ੍ਰਿਸ਼ਟੀ
ਕਾਰਜਸ਼ੀਲ ਹੁੰਦੀ ਹੈ। ਉਲਾਰ ਰਚਨਾ ਦ੍ਰਿਸ਼ਟੀ ਵਾਲਾ ਲੇਖਕ ਕੇਵਲ ਇੱਕ ਧਿਰ ਦੇ ਦੁੱਖਾਂ ਅਤੇ
ਸੰਕਟਾਂ ਨੂੰ ਹੀ ਉਭਾਰ ਕੇ ਪੇਸ਼ ਕਰੇਗਾ ਅਤੇ ਦੂਜੀ ਧਿਰ ਉੱਤੇ ਉਹਨਾਂ ਦੁੱਖਾਂ ਦਾ
ਦੋਸ਼-ਆਰੋਪਣ ਕਰੇਗਾ।
ਪਰ ਜਰਨੈਲ ਸਿੰਘ ਦੀ ਦ੍ਰਿਸ਼ਟੀ ਵਿੱਚ ਅਜਿਹਾ ਕਿਸੇ ਕਿਸਮ ਦਾ ਵੀ ਉਲਾਰ ਨਹੀਂ। ਸ਼ੈਰਨ ਤੇ
ਰਾਜੂ ਨੇ ਘਰ ਦੇ ਪਿੱਛੇ ਫੁੱਲਾਂ ਦਾ ਬਗੀਚਾ ਲਾਇਆ ਹੈ ਜਿੱਥੇ ਚਿੱਟੇ, ਨੀਲੇ ਪੀਲੇ, ਲਾਲ,
ਗੁਲਾਬੀ ਅਤੇ ਬਦਾਮੀ; ਵੰਨ ਸਵੰਨੇ ਫੁੱਲ ਸੁਖਜੀਤ ਦੀ ਆਤਮਾ ਨੂੰ ਸਕੂਨ ਦਿੰਦੇ ਹਨ। (ਸੰਕੇਤ
ਵੱਖ ਵੱਖ ਨਸਲਾਂ ਦੀ ਨੇੜਲੀ ਸਾਂਝ ਅਤੇ ਵਿਭਿੰਨਤਾ ਵਿੱਚ ਪਈ ਤਰਤੀਬ ਅਤੇ ਖੂਬਸੂਰਤੀ ਵੱਲ ਵੀ
ਹੋ ਸਕਦਾ ਹੈ)
ਸ਼ੈਰਨ ਨੇ ਵਿਆਹ ਪਿੱਛੋਂ ਘਰ ਦੀ ਜਿਸ ਤਰੀਕੇ ਨਾਲ ਵੀਂ ਨੁਹਾਰ ਅਤੇ ਸੈਟਿੰਗ ਬਦਲੀ; ਉਸਦੀ
ਸੁਖਜੀਤ ਵੀ ਪਰਸੰਸਾ ਕਰਦੀ ਹੈ।
ਸ਼ੈਰਨ ਨੇ ਆਪਣੇ ਹੋਣ ਵਾਲੇ ਬੱਚੇ ਬਾਰੇ ਜਿਵੇਂ ਪਹਿਲਾਂ ਹੀ ਕਿਤਾਬਾਂ ਪੜ੍ਹ ਕੇ ਉਹਦੇ ਪਾਲਣ
ਪੋਸਣ ਵੱਲ ਧਿਆਨ ਦਿੱਤਾ, ਇਸਤੇ ਵੀ ਸੁਖਜੀਤ ਕੌਰ ਨੂੰ ਮਾਣ ਹੈ।
ਦੂਜੇ ਪਾਸੇ ਸ਼ੈਰਨ ਸੁਖਜੀਤ ਕੌਰ ਦੀਆਂ ਰੁਚੀਆਂ ਦਾ ਖ਼ਿਆਲ ਰੱਖਣ ਦੀ ਵੀ ਕੋਸ਼ਿਸ਼ ਕਰਦੀ ਹੈ,
ਉਸਨੂੰ ਉਦਾਸ ਵੇਖ ਕੇ ਅਪਣੱਤ ਨਾਲ ਹਾਲ ਚਾਲ ਪੁੱਛਦੀ ਰਹਿੰਦੀ ਹੈ, ਸੁਖਜੀਤ ਕੌਰ ਦੀਆਂ
ਤਿੱਖੀਆਂ ਟਿੱਪਣੀਆਂ ‘ਤੇ ਆਪਣੀ ਰਾਇ ਤਾਂ ਦਿੰਦੀ ਹੈ ਪਰ ਤਿੱਖਾ ਵਿਰੋਧ ਨਹੀਂ ਕਰਦੀ। ਉਸਨੂੰ
ਇੰਡੀਅਨ ਰੈਸਟੋਰੈਂਟ ਵਿੱਚ ਖਾਣਾ ਖੁਆਉਣ ਦਾ ਸੱਦਾ ਦਿੰਦੀ ਹੈ।
ਇਸਤੋਂ ਇਲਾਵਾ ਸ਼ੈਰਨ ਨੇ ਸਮਰੱਥਾ ਅਨੁਸਾਰ ਪੰਜਾਬੀ ਸਿੱਖਣ ਦੀ ਕੋਸ਼ਿਸ਼ ਵੀ ਕੀਤੀ ਹੈ।
ਦੂਜੇ ਪਾਸੇ ਸਭ ਤੋਂ ਵੱਧ ਪ੍ਰਤੀਰੋਧ ਵਾਲੀ ਧਿਰ, ਸੁਖਜੀਤ, ਵੀ ਸਭਿਆਚਾਰਕ-ਅਨੁਕੂਲਣ ਦੀ
ਪ੍ਰਕਿਰਿਆ ਵਿੱਚ ਪਈ ਹੋਈ ਹੈ ਅਤੇ ਉਸਨੇ ਆਪਣੇ ਪੁੱਤ ਰਾਜੂ ਦੇ ਸ਼ੈਰਨ ਨਾਲ ਵਿਆਹ ਨੂੰ ਅੰਤਿਮ
ਰੂਪ ਵਿੱਚ ਪ੍ਰਵਾਨਗੀ ਦੇ ਹੀ ਦਿੱਤੀ ਸੀ।
ਉਸਦੇ ਵਿਆਹ ਵਾਲੇ ਦਿਨ ਉਹ ਉਸਨੂੰ ਬੇਸ਼ੱਕ ‘ਪੰਜਾਬੀ’ ਨਹੀਂ ਲੱਗਦਾ, ਪਰ ਫਿਰ ਉਸਨੂੰ ਉਸਤੇ
ਮੋਹ ਵੀ ਆਉਂਦਾ ਹੈ। ਉਹ ਜਦੋਂ ਇਹ ਸੋਚਦੀ ਹੈ ਕਿ ਕਾਸ਼! ਉਹਦੀ ਨੂੰਹ ਅਤੇ ਉਹ ਦੋਵੇਂ
‘ਸਰ੍ਹੋਂ, ਪਾਲਕ ਅਤੇ ਬਰੌਕਲੀ’ ਛਿੱਲ ਕੇ ਸਾਗ ਬਣਾ ਰਹੀਆ ਹੁੰਦੀਆਂ ਅਤੇ ਆਪਸ ਵਿੱਚ ਅੰਤਰੰਗ
ਵਾਰਤਾਲਾਪ ਕਰ ਰਹੀਆਂ ਹੁੰਦੀਆਂ ਤਾਂ ਲੇਖਕ ਬੜਾ ਬਾਰੀਕ ਸੰਕੇਤ ਕਰ ਰਿਹਾ ਹੈ। ‘ਸਰ੍ਹੋਂ ਅਤੇ
ਪਾਲਕ’ ਇੱਕ ਸਭਿਆਚਾਰ ਅਤੇ ‘ਬਰੌਕਲੀ’ ਦੂਜੇ ਸਭਿਆਚਾਰ ਦੀਆਂ ਪ੍ਰਤੀਕ ਹੋ ਨਿੱਬੜਦੀਆਂ ਹਨ।
ਅਨੁਪਾਤਕ ਪੱਧਰ ਤੇ ਭਾਵੇਂ ‘ਸਾਗ’ ਵਿੱਚ ‘ਬਰੌਕਲੀ’ (ਪੱਛਮ) ਦੀ ਸ਼ਮੂਲੀਅਤ ਘੱਟ ਹੈ ਅਤੇ
ਸਰ੍ਹੋਂ ਅਤੇ ਪਾਲਕ (ਪੰਜਾਬ) ਦੀ ਵਧੇਰੇ ਹੈ ਤਦ ਵੀ ਸਾਗ ਵਿੱਚ ਬਰੌਕਲੀ ਦੀ ਸ਼ਮੂਲੀਅਤ ਰਾਹੀਂ
ਸੁਖਜੀਤ ਕੌਰ ਦੀ ਅਨੁਕੂਲਣ ਬਿਰਤੀ ਵੱਲ ਸਹਿਜ ਸੰਕੇਤ ਚਲਾ ਜਾਂਦਾ ਹੈ। ਸਾਗ ਸਿਰਫ਼ ਖਾਣ ਦੀ
ਵਸਤ ਨਹੀਂ ਰਹਿ ਜਾਂਦਾ ਸਗੋਂ ਦੋ ਸਭਿਆਚਾਰਾਂ ਦੀ ਵਧ ਰਹੀ ਸਾਂਝ ਦਾ ਚਿਹਨ ਵੀ ਹੋ ਨਿੱਬੜਦਾ
ਹੈ।
ਜ਼ਾਹਿਰ ਹੈ ਕਿ ਲੇਖਕ ਦੋਹਾਂ ਧਿਰਾਂ ਦੀਆਂ ਵਧੀਆਂ ਹੋਈਆਂ ਨੁੱਕਰਾਂ ਦੇ ਹੌਲੀ ???ਲੀ ਘਸਦੇ
ਜਾਣ ਅਤੇ ਇੱਕ ਦੂਜੇ ਦੇ ਅਨੁਕੂਲ ਹੋ ਜਾਣ ਵੱਲ ਹਕੀਕੀ ਸੰਕੇਤ ਕਰ ਰਿਹਾ ਹੈ।
ਸਵੈ-ਆਲੋਚਨਾ: ਲੇਖਕ ਦੀ ਦ੍ਰਿਸ਼ਟੀ ਦਾ ਸੰਤੁਲਨ ‘ਆਪਣੀਆਂ ਬੁਰਾਈਆਂ’ ਵੱਲ ਵੀ ਸੰਕੇਤ ਕਰਦਾ
ਹੈ ਅਤੇ ਦੱਸਦਾ ਹੈ ਕਿ ਸਾਡੀ ਆਪਣੀ ਸਭਿਅਤਾ ਵਿੱਚ ਵੀ ਸਾਰਾ ਕੁੱਝ ‘ਮਾਣ ਕਰਨ ਯੋਗ’ ਨਹੀਂ
ਹੈ।
ਸੁਖਜੀਤ ਦੇਸੀ ਨੂੰਹਾਂ ਦੀਆਂ ਕਰਤੂਤਾਂ ਵੀ ਜਾਣਦੀ ਹੈ, ਜਿੰਨ੍ਹਾਂ ਦੀਆਂ ਸ਼ਕਾਇਤਾਂ ਫ਼ੈਕਟਰੀ
ਵਿੱਚ ਕੰਮ ਕਰਨ ਵਾਲੀਆਂ ਬੁੱਢੀਆਂ ਅਕਸਰ ਕਰਦੀਆਂ ਰਹਿੰਦੀਆਂ ਹਨ। ਬਲਦੇਵ ਸਿੰਘ ਦੇ ਚਾਚੇ ਦੇ
ਪੁੱਤ ਮੁਖਤਿਆਰ ਸਿੰਘ ਦੀ ਪੰਜਾਬੀ ਨੂੰਹ ਨਿੱਤ ਉਹਨਾਂ ਦੀ ਕੁੱਤੇ ਖਾਣੀ ਕਰਦੀ ਸੀ। ਉਹਨਾਂ
ਦੀ ਨਿਸਬਤ ਸ਼ੈਰਨ ਦਾ ਵਿਹਾਰ ਕਿਵੇਂ ਵੀ ਆਪੱਤੀਜਨਕ ਨਹੀਂ ਲੱਗਦਾ।
ਸੋ ਹਕੀਕਤ ਇਹ ਹੈ ਕਿ ਜ਼ਿੰਦਗੀ ਸਭਿਆਚਾਰਕ ਅਨੁਕੂਲਣ ਦੇ ਰਾਹ ਪਈ ਹੋਈ ਹੈ ਅਤੇ ਹੌਲੀ ਹੌਲੀ
ਪੰਜਾਬ ਦੇ ਸਭਿਆਚਾਰ ਨੇ ਵੱਖ ਵੱਖ ਨਦੀਆਂ ਨਾਲਿਆਂ ਦੇ ਪਾਣੀ ਦੇ ਸਮੁੰਦਰ ਵਿੱਚ ਡਿੱਗ ਪੈਣ
ਵਾਂਗ ਪੱਛਮੀ ਸਭਿਆਚਾਰ ਵਿੱਚ ਘੁਲ-ਮਿਲ ਜਾਣਾ ਹੈ। ਲੇਖਕ ਦਾ ਨਜ਼ਰੀਆ ਇਸਦੀ ਪੁਸ਼ਟੀ ਕਰਦਾ ਹੈ।
ਸਭਿਆਚਾਰਕ ਅਨੁਕੂਲਣ ਦੇ ਰਸਤੇ ਤੇ ਬਲਦੇਵ ਦਾ ਪਰਿਵਾਰ ਤਾਂ ਚਿਰਾਂ ਤੋਂ ਪਿਆ ਹੋਇਆ ਹੈ।
ਉਹਨਾਂ ਦੇ ਮਾਪੇ ਅੱਡ ਅਤੇ ਇਕੱਲੇ ਰਹਿ ਕੇ ਖੁਸ਼ ਹਨ, ਭਾਵੇਂ ਪੋਤਰਿਆਂ ਨੂੰ ਮਿਲਣ ਦੀ ਤਾਂਘ
ਉਹਨਾਂ ਨੂੰ ਵੀ ਹੈ। ਉਹਨਾਂ ਨੇ ਆਪਣੇ ਬੱਚਿਆਂ ਨੂੰ ਵਿਆਹ ਮਰਜ਼ੀ ਨਾਲ ਕਰਨ ਦੀ ਖੁੱਲ੍ਹ
ਦਿੱਤੀ ਸੀ। ਉਹਨਾਂ ਦਾ ਅਸਰ ਹੀ ਹੋਵੇਗਾ ਜੋ ਬਲਦੇਵ ਆਪਣੇ ਬੱਚਿਆਂ ਦੀ ਸਵਿਮਿੰਗਪੂਲ ਦੀ ਮੰਗ
ਨੂੰ ਵਧੇਰੇ ਹਮਦਰਦੀ ਨਾਲ ਵੇਖਦਾ ਹੈ ਅਤੇ ਉਸਦਾ ਵਿਹਾਰ ਲੇਖਕੀ ਨਜ਼ਰੀਏ ਦੀ ਤਰਜਮਾਨੀ ਵੀ
ਕਰਦਾ ਨਜ਼ਰ ਆਉਂਦਾ ਹੈ।
ਕਹਾਣੀਕਾਰ ‘ਪਾਣੀ’ ਦੇ ਰੂਪਕ ਰਾਹੀਂ ਕਈ ਦਿਸ਼ਾਵਾਂ ਵਿੱਚ ਅਰਥ ਸਿਰਜਣ ਦੀ ਕੋਸ਼ਿਸ਼ ਵਿੱਚ ਹੈ।
ਪਹਿਲੀ ਵਾਰ ਸੁਖਜੀਤ ਕੌਰ ਨੂੰ ਰਾਜੂ ਦਾ ਵਿਆਹ ਇਸ ਤਰ੍ਹਾਂ ਲੱਗਦਾ ਹੈ, ਜਿਵੇਂ ਉਸ ਨੇ
ਸ਼ੀਸ਼ਿਆਂ ਵਰਗਾ ਪਾਣੀ ਲਿਆ ਕੇ ਕੰਧਾਂ ਤੇ ਚੜ੍ਹਾ ਦਿੱਤਾ ਹੋਵੇ, ਜਿਹੜੇ ਸ਼ੀਸ਼ੇ ਬੰਦੇ ਦੇ
ਚਿਹਰੇ ਅਤੇ ਕੱਦ ਬੁੱਤ ਨੂੰ ਵਿੰਗਾ ਟੇਢਾ ਅਤੇ ਕਾਣਸੂਤਾ ਜਿਹਾ ਬਣਾ ਕੇ ਬੇਪਛਾਣ ਕਰ ਦਿੰਦੇ
ਹਨ। ਇਹ ਰੂਪਕ ਦੋ ਸੱਭਿਆਚਾਰਾਂ ਦੇ ਆਪਸੀ ਟਕਰਾਓ ਵਿੱਚੋਂ ਸੁਖਜੀਤ ਕੌਰ ਨੂੰ ਆਪਣੀ ਅਤੇ
ਆਪਣੇ ਮੁੰਡੇ ਦੇ ਪਰਿਵਾਰ ਅਤੇ ਪੋਤੇ ਪੋਤੀਆਂ ਦੀ ਮੂਲ ਪਛਾਣ ਦੇ ਖੰਡਿਤ ਹੋ ਜਾਣ ਦੇ ਭੈ ਵੱਲ
ਸੰਕੇਤ ਹੈ। ਰਿਸ਼ਤੇ ਅਤੇ ਚਿਹਰੇ ਕਾਣਸੂਤੇ ਅਤੇ ਵਿੰਗੇ ਟੇਢੇ ਹੋ ਰਹੇ ਹਨ। ਉਸਦਾ ਪੁੱਤ
ਪੰਜਾਬੀ ਪਛਾਣ ਤੋਂ ਬੇਮੁਖ ਹੋਈ ਜਾ ਰਿਹਾ ਹੈ। ਉਸਦੀ ਪੋਤੀ ਡੈਬੀ ਪੱਛਮੀ ਸੱਭਿਅਤਾ ਵਿੱਚ
ਖਪਤ ਹੋਣ ਵੱਲ ਵਧ ਰਹੀ ਜਾਪਦੀ ਹੈ ਅਤੇ ਉਸਨੇ ਇਸ ਸਭਿਅਤਾ ਦੇ ਕੁਛੜ ਚੜ੍ਹਣ ਲਈ ਬਾਹਵਾਂ
ਅੱਡੀਆਂ ਹੋਈਆਂ ਹਨ (ਮੋਟਰ ਬੋਟ ‘ਤੇ ਡੈਬੀ ਦਾ ਬਾਹਵਾਂ ਅੱਡ ਕੇ ਚੜ੍ਹਣ ਦਾ ਪ੍ਰਤੀਕਾਤਮਕ
ਦ੍ਰਿਸ਼) ਅਤੇ ਭਵਿੱਖ ਵਿੱਚ ਇਸ ‘ਮੋਟਰ ਬੋਟ’ ‘ਤੇ ਮਾਪਿਆਂ ਨੂੰ ਬਿਨਾ ਸੂਚਿਤ ਕੀਤੇ ਸ਼ਾਇਦ
ਚੜ੍ਹ ਵੀ ਜਾਣਾ ਹੈ।
ਦੂਜੀ ਵਾਰ ਪਾਣੀ ਦਾ ਮੈਟਾਫ਼ਰ ਵੱਖ-ਵੱਖ ਨਦੀਆਂ ਨਾਲਿਆਂ ਦੇ ਸਮੁੰਦਰ ਜਿੱਡੀ ਝੀਲ ਵਿੱਚ
ਡਿੱਗਣ ਰਾਹੀਂ ਵੱਖ-ਵੱਖ ਨਸਲਾਂ, ਲੋਕਾਂ ਅਤੇ ਮੁਲਕਾਂ ਦੇ ਲੋਕਾਂ ਵੱਲੋਂ ਇੱਕ ਦੂਜੇ ਵਿੱਚ
ਘੁਲ ਮਿਲ ਜਾਣ ਦੇ ਸੰਕੇਤਕ ਅਰਥ ਦਿੰਦਾ ਹੈ। ਸੁਖਜੀਤ ਕੌਰ ਦੀ ਬੁੜਬੁੜਾਹਟ ਵਿਚੋਂ ਨਦੀਆਂ,
ਨਾਲਿਆਂ ਦਾ ਸਮੁੰਦਰ ਵਰਗੀ ਝੀਲ ਵਿੱਚ ਡਿੱਗਣਾ ਕੈਨੇਡਾ ਦੇ ਬਹੁ-ਸੱਭਿਆਚਾਰਕ ਮੁਲਕ ਵਿੱਚ
ਵੱਖ-ਵੱਖ ਮੁਲਕਾਂ ਅਤੇ ਸੱਭਿਆਚਾਰਾਂ ਦੇ ਸੰਮਲਿਤ ਹੋ ਰਹੇ ਜੀਵਨ ਵੱਲ ਇਸ਼ਾਰਾ ਹੈ।
ਇੱਥੇ ਲੇਖਕ ਇੱਕ ਹੋਰ ਵਿਰੋਧੀ ਜੁੱਟ ਉਸਾਰਦਾ ਹੈ। ਸੁਖਜੀਤ ਕੌਰ ਦੇ ਪਿੰਡ ਦੀ ਮੋਟਰ ਵਿਚਲਾ
ਚਲ੍ਹਾ ਅਤੇ ਸਮੁੰਦਰ ਵਰਗੀ ਇਹ ਝੀਲ। ਚਲ੍ਹਾ ਇੱਕ ਬੰਦ ਸੱਭਿਆਚਾਰ ਦਾ ਸੰਕੇਤ ਵੀ ਹੈ ਅਤੇ
ਸਮੁੰਦਰ ਵਰਗੀ ਝੀਲ ਵੱਖ-ਵੱਖ ਸੱਭਿਆਚਾਰਾਂ ਦੇ ਮਿਲਾਪ ਅਤੇ ਮਿਲਵਰਤਨ ਦੀ। ਲੇਖਕ ਚਲ੍ਹੇ
‘ਚੋਂ ਨਿਕਲ ਕੇ ਜਾਂ ਬੰਦ ਸੱਭਿਆਚਾਰਾਂ ‘ਚੋਂ ਨਿਕਲ ਕੇ ਵਿਸ਼ਾਲ ਸੱਭਿਆਚਾਰਾਂ ਦੇ ਰੰਗ-ਮੇਲੇ
ਵਿੱਚ ਸ਼ਾਮਿਲ ਹੋਣ ਲਈ ਇਸ਼ਾਰਾ ਕਰਦਾ ਵੀ ਪ੍ਰਤੀਤ ਹੁੰਦਾ ਹੈ।
ਤੀਜੀ ਵਾਰ ਸ਼ੈਰਨ ਦੇ ਬੋਲਾਂ ਵਿੱਚ ਪਾਣੀ ਦਾ ਰੂਪਕ ਇਹ ਅਰਥ ਦਿੰਦਾ ਹੈ ਕਿ ਮਨੁੱਖ ਨੂੰ
ਕਿਨਾਰੇ ਤੇ ਬਹਿਣਾ ਨਹੀਂ, ਸਗੋਂ ਪਾਣੀ ਵਿੱਚ ਕੁੱਦਣਾ ਚਾਹੀਦਾ ਹੈ; ਭਾਵ: ਇੱਕ ਬੰਦ
ਸੱਭਿਆਚਾਰ ਨਾਲ ਜਾਂ ਇੱਕ ਪਿੰਡ ਨਾਲ ਜੁੜੇ ਰਹਿਣ ਦੀ ਥਾਂ ਇੱਕ ਗਲੋਬਲ ਸੱਭਿਆਚਾਰ ਨਾਲ
ਜੁੜਨਾ ਤੇ ਉਸ ਵਿੱਚ ਰਹਿਣ ਦਾ ਯਤਨ ਕਰਨਾ ਚਾਹੀਦਾ ਹੈ। ਇੰਜ ਲੇਖਕ ਇੱਕ ਗਲੋਬਲ ਪ੍ਰਵਚਨ
ਉਸਾਰਦਾ ਦਿਖਾਈ ਦਿੰਦਾ ਹੈ।
‘ਪਾਣੀ’ ਪੰਜਾਬੀ ਸੱਭਿਆਚਾਰ ਵਿਚਲੇ ਮੋਹ ਮੁਹੱਬਤ ਦੀ ਬਹੁਲਤਾ ਅਤੇ ਪੱਛਮੀ ਸੱਭਿਆਚਾਰ ਵਿਚਲੀ
ਰਿਸ਼ਤਿਆਂ ਦੀ ਰੇਤਲੀ ਖ਼ੁਸ਼ਕੀ ਦੇ ਵਿਰੋਧੀ ਜੁੱਟ ਨੂੰ ਵੀ ਪੇਸ਼ ਕਰਦਾ ਹੈ। ਸੁਖਜੀਤ ਕੌਰ ਦਾ
ਚਾਚਾ ਪੰਜਾਬ ਸਿੰਘ ਪੰਜਾਬ ਦੀ ਉਸ ਸੁੱਚੀ ਆਤਮਾ ਦਾ ਪ੍ਰਤੀਕ ਹੈ, ਜੋ ਮੋਹ ਮੁਹੱਬਤ ਅਤੇ
ਰਿਸ਼ਤਿਆਂ ਦੀ ਕਦਰਦਾਨੀ ਵਿੱਚ ਵਿਸ਼ਵਾਸ ਰੱਖਦਾ ਹੈ। ਜਦ ਕਿ ਪੱਛਮੀ ਸੱਭਿਅਤਾ ਨੂੰ ਖ਼ੁਸ਼ਕ ਅਤੇ
ਮੋਹ ਮੁਹੱਬਤ ਦੀ ਘਾਟ ਵਾਲੀ ਸੱਭਿਅਤਾ ਆਖਿਆ ਗਿਆ ਹੈ। ਪਰ ਹਕੀਕਤ ਇਹ ਹੈ ਕਿ ਪੰਜਾਬ ਵਿੱਚ
ਵੀ ਜ਼ਿੰਦਗੀ ਬਦਲ ਰਹੀ ਹੈ, ਕਦਰਾਂ ਬਦਲ ਰਹੀਆਂ ਹਨ। ਉਸਦੇ ਚਾਚੇ ਦਾ ਪੁੱਤ ਭੁੱਪੀ ਵੀ ਰਿਸ਼ਤੇ
ਨਾਲੋਂ ਪੈਸੇ ਨੂੰ ਵੱਧ ਮਹੱਤਵ ਦੇਣ ਲੱਗ ਪਿਆ ਹੈ। ਪੰਜਾਬ ਵਿੱਚ ਵੀ ‘ਧਰਤੀ ਹੇਠੋਂ ਪਾਣੀ
ਸੁੱਕ ਰਿਹਾ ਹੈ।’ ਪੰਜਾਬੀ ਬੰਦਾ ਵੀ ਪੈਸਾ-ਕੀਮਤਾਂ ਦੀ ਗ੍ਰਿਫ਼ਤ ਵਿੱਚ ਆ ਗਿਆ ਹੈ।
ਲੇਖਕ ਦਾ ਸੁਨੇਹਾਂ ਨਜ਼ਰ ਦੀ ਤਾਜ਼ਗੀ ਨਾਲ ਵਾਪਰ ਰਹੀਆਂ ਤਬਦੀਲੀਆਂ ਨੂੰ ਵੇਖਣ, ਵਾਚਣ ਅਤੇ ਉਸ
ਅਨੁਸਾਰ ਸਹਿਜੇ ਸਹਿਜੇ ਢਲ ਜਾਣ ਦੀ ‘ਸਲਾਹ’ ਅਤੇ ਪ੍ਰਵਾਨਗੀ ਦਿੰਦਾ ਹੈ।
-0- |